ਸੀ. ਪੀ. ਆਈ. (ਐੱਮ) ਦਾ ਆਤਮ-ਮੰਥਨ ਮਾਰਕਸਵਾਦੀ ਸ਼ਬਦਾਵਲੀ ਦੇ ਲਬਾਦੇ ‘ਚ ਸੋਧਵਾਦੀ ਕਿਰਦਾਰ ਢਕਣ ਦੀ ਕੋਸ਼ਿਸ਼ —ਨੀਰਜ

cpm2

ਪੀ.ਡੀ.ਐਫ਼ ਡਾਊਨਲੋਡ ਕਰੋ

ਭਾਰਤ ਦੇ ਲੁਟੇਰੇ ਹਾਕਮਾਂ ਦੀ ਦੂਸਰੀ ਸੁਰੱਖਿਆ ਪੰਕਤੀ ਦੇ ਰੂਪ ਵਿੱਚ ਪਿਛਲੇ ਲਗਭਗ ਚਾਰ ਦਹਾਕਿਆਂ ਤੋਂ ਭਾਰਤ ਦੇ ਸਿਆਸੀ ਰੰਗਮੰਚ ‘ਤੇ ਛਾਈ ਰਹੀ ਦੇਸ਼ ਦੀ ਸਭ ਤੋਂ ਵੱਡੀ ਸੋਧਵਾਦੀ ਪਾਰਟੀ ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਨੂੰ ਲਗਾਤਾਰ ਖੋਰਾ ਲੱਗ ਰਿਹਾ ਹੈ। ਇਸ ਦੇ ਸਭ ਤੋਂ ਮਜਬੂਤ ਗੜ੍ਹ ਪੱਛਮੀ ਬੰਗਾਲ ਵਿੱਚੋਂ ਵੀ ਜਿੱਥੇ ਇਹ ਪਿਛਲੇ ਚਾਰ ਦਹਾਕਿਆਂ ਤੋਂ ਲਗਾਤਾਰ ਹਕੂਮਤ ਕਰਦੀ ਰਹੀ ਹੈ, ਇਸ ਦੇ ਪੈਰ ਉੱਖੜਦੇ ਜਾ ਰਹੇ ਹਨ। ਪੱਛਮੀ ਬੰਗਾਲ ‘ਚ ਮਮਤਾ ਬੈਨਰਜੀ ਦੀ ਨੰਗੀ ਚਿੱਟੀ ਬੁਰਜੂਆ ਸਿਆਸਤ ਅੱਗੇ ਇਸਦਾ ਟਿਕ ਪਾਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਪਾਰਟੀ ਨੂੰ ਲੱਗ ਰਹੀਆਂ ਪਛਾੜਾਂ ਕਾਰਨ ਸੀ. ਪੀ. ਆਈ. (ਐੱਮ) ਅੰਦਰ ਇਕ ”ਗੰਭੀਰ” ਆਤਮ-ਮੰਥਨ ਸ਼ੁਰੂ ਹੋ ਗਿਆ ਹੈ। ਪਿਛਲੇ ਦਿਨੀਂ ਇਸ ਦੀ ਕੇਂਦਰੀ ਕਮੇਟੀ ਨੇ ਪਾਰਟੀ ਅੰਦਰ ਉੱਪਰੋਂ ਲੈ ਕੇ ਹੇਠਾਂ ਤੱਕ ਆਏ ਨਿਘਾਰ ਦੀ ਨਿਸ਼ਾਨਦੇਹੀ ਕੀਤੀ ਹੈ ਅਤੇ ਇਕ ਸੁਧਾਈ ਮੁਹਿੰਮ ਰਾਹੀਂ ਇਹਨਾਂ ਕਾਰਨਾਂ ਨੂੰ ਦੂਰ ਕਰਨ ਦਾ ਤਹੱਈਆ ਕੀਤਾ ਹੈ ਤਾਂ ਕਿ ਭਾਰਤ ਦੀਆਂ ਹਾਕਮ ਜਮਾਤਾਂ ਦੇ ਇਕ ਭਰੋਸੇਮੰਦ ਸੇਫਟੀ ਵਾਲਵ ਦੇ ਰੂਪ ਵਿੱਚ ਆਪਣੀ ਹੈਸੀਅਤ ਬਰਕਰਾਰ ਰੱਖੀ ਜਾ ਸਕੇ। ਪਾਰਟੀ ਦੇ ਕੇਂਦਰੀ ਕਮੇਟੀ ਵੱਲੋਂ ਇਸ ਸਬੰਧੀ ਤਿਆਰ ਕੀਤੇ ਮਤੇ ਵਿੱਚ ਆਪਣਾ ਅਸਲ ਕਿਰਦਾਰ ਢੱਕਣ ਲਈ ਮਾਰਕਸਵਾਦੀ ਸ਼ਬਦਾਵਲੀ ਦਾ ਭਰਪੂਰ ਸਹਾਰਾ ਲਿਆ ਗਿਆ ਹੈ। ਸੀ. ਪੀ. ਆਈ. (ਐੱਮ) ਦੀ ਕੇਂਦਰੀ ਕਮੇਟੀ ਦੇ ਇਸ ਮਤੇ ਦੇ ਸੰਪਾਦਤ ਅੰਸ਼ ਇਸ ਦੇ ਅੰਗਰੇਜ਼ੀ ਤਰਜ਼ਮਾਨ ‘ਦਾ ਮਾਰਕਸਿਸਟ’  ਦੇ ਮਾਰਚ-ਅਪ੍ਰੈਲ 2010 ਦੇ ਅੰਕ ਵਿੱਚ ਛਪੇ ਹਨ। ਪਰ ਇਹਨਾਂ ਸੰਪਾਦਤ ਅੰਸ਼ਾਂ ਵਿੱਚ ਹੀ ਸੀ. ਪੀ. ਆਈ. (ਐੱਮ) ਅੰਦਰ ਉੱਪਰ ਤੋਂ ਹੇਠਾਂ ਤੱਕ ਪਸਰੇ ਨਿਘਾਰ ਦੇ ਦੀਦਾਰ ਕੀਤੇ ਜਾ ਸਕਦੇ ਹਨ। ਇਸ ਨਿਘਾਰ ਸਬੰਧੀ ਕੇਂਦਰੀ ਕਮੇਟੀ ਦੇ ਇਸ ਮਤੇ ਦੇ ਮੁੱਖ ਨੁਕਤੇ ਇਹ ਹਨ:

– ਪਾਰਟੀ ਅੰਦਰ ਪਰਾਏ ਬੁਰਜੂਆ ਪ੍ਰਭਾਵਾਂ ਦਾ ਪ੍ਰਗਟਾਵਾ ਪਾਰਲੀਮਾਨੀ ਮੌਕਾਪ੍ਰਸਤੀ ਦੇ ਰੂਪ ਵਿੱਚ ਹੋ ਰਿਹਾ ਹੈ। ਸੰਸਦਵਾਦ ਦਾ ਵਾਧਾ ਬੇਹਤਰ ਜੀਵਨ ਢੰਗ ਅਤੇ ਵਧੇਰੇ ਭੌਤਿਕ ਲਾਭ ਲੈਣ ਦੀ ਇੱਛਾ ਨਾਲ਼ ਜੁੜਿਆ ਹੋਇਆ ਹੈ। ਪਾਰਟੀ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਤਨਖਾਹ ਅਤੇ ਭੱਤੇ ਆਮ ਪਾਰਟੀ ਮੈਂਬਰਾਂ ਨਾਲੋਂ ਬਹੁਤ ਜ਼ਿਆਦਾ ਹਨ। ਕਈ ਰਾਜਾਂ ਵਿੱਚ ਉਹਨਾਂ ਦੇ ਤਨਖਾਹਾਂ ਭੱਤਿਆਂ ਦਾ ਵੱਡਾ ਹਿੱਸਾ ਪਾਰਟੀ ਵੱਲੋਂ ਨਹੀਂ ਲਿਆ ਜਾਂਦਾ। ਇਸ ਤੋਂ ਇਲਾਵਾ ਕਈ ਰਾਜਾਂ ਵਿੱਚ ਪਾਰਟੀ ਵਿਧਾਇਕ ਆਪਣੀ ਲੇਵੀ ਵੀ ਨਹੀਂ ਦਿੰਦੇ।

– ਨਵਾਂ ਵਰਤਾਰਾ ਚੋਣਾਂ  ਵਿੱਚ ਪਾਰਟੀ ਕਮੇਟੀਆਂ ਅਤੇ ਉਮੀਦਵਾਰਾਂ ਵੱਲੋਂ ਬੁਰਜੂਆ ਪਾਰਟੀਆਂ ਵਾਲੇ ਤੌਰ ਤਰੀਕੇ ਵਰਤਣਾ ਹੈ। ਪੈਸੇ ਅਤੇ ਸ਼ਰਾਬ ਦੀ ਵਰਤੋਂ ਅਤੇ ਹੋਰ ਭ੍ਰਿਸ਼ਟ ਕਾਰਵਾਈਆਂ ‘ਚ ਵਾਧਾ ਹੋਇਆ ਹੈ। ਆਂਧਰਾ ਪ੍ਰਦੇਸ਼, ਤਾਮਿਲਨਾਡੂ ਵਰਗੇ ਸੂਬਿਆਂ ‘ਚ ਤਾਂ ਧਨ ਦੀ ਵਰਤੋਂ ਬੇਤਹਾਸ਼ਾ ਵਧੀ ਹੈ ਅਤੇ ਲਗਾਤਾਰ ਵਧ ਰਹੀ ਹੈ।

– ਪਾਰਟੀ ਧੜੇਬੰਦੀ ਦੀ ਸ਼ਿਕਾਰ ਹੈ। ਵੱਖ-ਵੱਖ ਧੜੇ ਪਾਰਟੀ ਕਨਫਰੰਸਾਂ ਅੰਦਰ ਚੋਣ ਦੌਰਾਨ ਲੀਡਰਸ਼ਿਪ ਹਾਸਲ ਕਰਨ ਲਈ ਅਨੈਤਿਕ ਤੌਰ ਤਰੀਕੇ ਵਰਤਦੇ ਹਨ।

– ਪਾਰਟੀ ਦੀਆਂ ਆਗੂ ਕਮੇਟੀਆਂ ਅੰਦਰ ਹੋਣ ਵਾਲੀ ਵਿਚਾਰ ਚਰਚਾ ਨੂੰ ਬੁਰਜੂਆ ਮੀਡੀਆ ‘ਚ ਲੀਕ ਕਰਨ ਦੀ ਸਮੱਸਿਆ ‘ਚ ਵਾਧਾ ਹੋਇਆ ਹੈ।

– ਪਾਰਟੀ ਅੰਦਰ ਬੁਰਜੂਆ ਅਤੇ ਨਿੱਕ-ਬੁਰਜੂਆ ਕਦਰਾਂ-ਕੀਮਤਾਂ ਦੀ ਘੁਸਪੈਠ ਦਾ ਪ੍ਰਗਟਾਵਾ ਪਾਰਟੀ ਆਗੂ ਦੇ ਸ਼ਾਹ ਖਰਚ ਵਾਲੇ ਜੀਵਨ ਢੰਗ, ਸ਼ਾਨਦਾਰ ਘਰ ਬਣਾਉਣ, ਬੱਚਿਆਂ ਦੇ ਵਿਆਹ ‘ਤੇ ਪੈਸਾ ਪਾਣੀ ਵਾਂਗ ਵਹਾਉਣ, ਸ਼ਾਹ ਖਰਚੀ ਵਾਲੇ ਜਸ਼ਨ ਮਨਾਉਣ ਆਦਿ ਦੇ ਰੂਪ ਵਿੱਚ ਪ੍ਰਗਟ ਹੋ ਰਿਹਾ ਹੈ। ਇਸ ਸਭ ਬਾਰੇ ਪਾਰਟੀ ‘ਚ ਕੋਈ ਸਵਾਲ ਵੀ ਨਹੀਂ ਕੀਤਾ ਜਾਂਦਾ।

– ਪਾਰਟੀ ਦੇ ਕਈ ਆਗੂਆਂ ਨੇ ਬਹੁਤ ਜ਼ਿਆਦਾ ਸੰਪਤੀ ਇਕੱਠੀ ਕਰ ਲਈ ਹੈ ਅਤੇ ਉਹਨਾਂ ਨੇ ਆਮਦਨ ਦੇ ਜ਼ਾਹਿਰ ਸ੍ਰੋਤਾਂ ਤੋਂ ਜ਼ਿਆਦਾ ਖਰਚ ਕੀਤਾ ਹੈ।

– ਕਈ ਪਾਰਟੀ ਆਗੂ ਕਾਰੋਬਾਰੀਆਂ, ਕੰਪਨੀਆਂ, ਵੱਡੇ ਵਪਾਰੀਆਂ ਅਤੇ ਠੇਕੇਦਾਰਾਂ ਤੋਂ ਤੋਹਫੇ ਅਤੇ ਉਹਨਾਂ ਦੀ ਮਹਿਮਾਨ ਨਵਾਜ਼ੀ ਕਬੂਲ ਕਰਦੇ ਹਨ।

– ਜਿਹੜੀ ਨਵੀਂ ਸਮੱਸਿਆ ਨੇ ਪਾਰਟੀ ਅੰਦਰ ਸਿਰ ਚੁੱਕਿਆ ਹੈ ਉਹ ਹੈ ਪਾਰਟੀ ਲੀਡਰਾਂ ਅਤੇ ਕਾਡਰਾਂ ਵੱਲੋਂ ਗੈਰ-ਸਰਕਾਰੀ ਜਥੇਬੰਦੀਆਂ (ਐਨ. ਜੀ. ਓ.) ਚਲਾਉਣਾ। ਇਹ ਨਾਂ ਐਨ. ਜੀ. ਓਜ਼. ਦੇ ਫੰਡਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ।

– ਜਿੱਥੇ ਪਾਰਟੀ ਮਜਬੂਤ ਹੈ ਉੱਥੇ ਇਸ ਦਾ ਫਾਇਦਾ ਲੈਣ ਲਈ, ਰੀਅਲ ਅਸਟੇਟ ਕਾਰੋਬਾਰੀ, ਠੇਕੇਦਾਰ ਅਤੇ ਸ਼ਰਾਬ ਦੇ ਠੇਕੇਦਾਰ ਪਾਰਟੀ ਲੀਡਰਾਂ ਨਾਲ ਗੰਢ-ਤੁਪ ਕਰਨ ਦੀ ਕੋਸ਼ਿਸ਼ ਕਰਦੇ ਹਨ।

– ਬੰਗਾਲ ਅਤੇ ਕੇਰਲ ਵਰਗੇ ਸੂਬਿਆਂ ਵਿੱਚ ਜਿੱਥੇ ਪਾਰਟੀ ਸੱਤ੍ਹਾ ‘ਚ ਹੈ ਉੱਥੇ ਪਾਰਟੀ ਲੀਡਰ ਰਿਸ਼ਵਤ ਲੈਂਦੇ ਹਨ।

– ਪਾਰਟੀ ਅੰਦਰ ਭ੍ਰਿਸ਼ਟਾਚਾਰ ਅਤੇ ਆਵਦੀ ਪੋਜ਼ੀਸ਼ਨ ਦਾ ਗਲਤ ਇਸਤੇਮਾਲ ਕਰਕੇ ਖੁਦ ਨੂੰ ਅਮੀਰ ਬਣਾਉਣ ਦੇ ਮਾਮਲੇ ਵੀ ਸਾਹਮਣੇ ਆਏ ਹਨ। ਪਾਰਟੀ ਦੀਆਂ ਟ੍ਰੇਡ ਯੂਨੀਅਨਾਂ ਠੇਕੇਦਾਰਾਂ ਅਤੇ ਮਜ਼ਦੂਰਾਂ ਤੋਂ ਗੈਰ-ਕਾਨੂੰਨੀ ਤੌਰ ‘ਤੇ ਫੰਡ ਇਕੱਠਾ ਕਰਦੀਆਂ ਹਨ। ਉਹ ਮਜ਼ਦੂਰਾਂ ਨੂੰ ਕੰਮ ਦਿਵਾਉਣ ‘ਚੋਂ ਵੀ ਪੈਸਾ ਹਾਸਲ ਕਰਦੀਆਂ ਹਨ।

ਇਹ ਹੈ ਸੀ. ਪੀ. ਆਈ. (ਐੱਮ) ਦੇ ਨਿਘਾਰ ਦੀ ਇਕ ਛੋਟੀ ਜੇਹੀ ਝਲਕ। ਇਹ ਸਭ ਤੱਥ ਪਹਿਲਾਂ ਹੀ ਜੱਗ ਜ਼ਾਹਿਰ ਹਨ। ਇਹਨਾਂ ਵਿੱਚ ਕੁਝ ਵੀ ਨਵਾਂ ਨਹੀਂ ਹੈ। ਦਰਅਸਲ ਸੀ. ਪੀ. ਆਈ. (ਐੱਮ) ਦਾ ਆਤਮ-ਆਲੋਚਨਾ ਦਾ ਇਹ ਖੇਖਣ, ਪਾਰਟੀ ਸੁਧਾਈ ਮੁਹਿੰਮ ਦਾ ਇਹ ਢਕਵੰਜ਼ ਪਾਰਟੀ ਸਫਾਂ ਅਤੇ ਦੇਸ਼ ਦੇ ਕਿਰਤੀ ਲੋਕਾਂ (ਜਿਹਨਾਂ ਅੰਦਰ ਅਜੇ ਵੀ ਇਹ ਪਾਰਟੀ ਉਹਨਾਂ ਦੀ ਮੁਕਤੀ ਦਾ ਭਰਮ ਸਿਰਜ ਰਹੀ ਹੈ) ਦੇ ਅੱਖੀਂ ਘੱਟਾ ਪਾਉਣ ਦਾ ਇਕ ਉਪਾਰਲਾ ਹੈ।

ਇਸੇ ਮਤੇ ‘ਚ ਸੀ. ਪੀ. ਐੱਮ ਦਾ ਦਾਅਵਾ ਹੈ ਕਿ ਉਸਦੀ 75 ਫੀਸਦੀ ਮੈਂਬਰਸ਼ਿਪ ਮਜ਼ਦੂਰਾਂ, ਗਰੀਬ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਿਚੋਂ ਆਉਂਦੀ ਹੈ। ਸੀ. ਪੀ. ਐੱਮ. ਦੀਆਂ ਇਹਨਾਂ ਸਫਾਂ ਅਤੇ ਇਸ ਦੀਆਂ ਟ੍ਰੇਡ ਯੂਨੀਅਨਾਂ ਅਤੇ ਹੋਰ ਜਨਤਕ ਜਥੇਬੰਦੀਆਂ ਦੇ ਪ੍ਰਭਾਵ ਅਧੀਨ ਕਿਰਤੀ ਲੋਕਾਂ ਵਿੱਚ ਸੀ. ਪੀ. ਐੱਮ. ਦਾ ਨਿਘਾਰ ਲੁਕਿਆ ਹੋਇਆ ਨਹੀਂ ਹੈ। ਆਤਮ-ਆਲੋਚਨਾ ਅਤੇ ਸੁਧਾਈ ਮੁਹਿੰਮਾਂ ਰਾਹੀਂ ਇਹ ਆਪਣੀਆਂ ਸਫਾਂ ਅਤੇ ਹੋਰ ਕਿਰਤੀ ਲੋਕਾਂ ਵਿੱਚ ਇਸ ਭਰਮ ਨੂੰ ਮਜਬੂਤ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੇਖੋ ਪਾਰਟੀ ਦੀ ਲੀਡਰਸ਼ਿਪ ਪਾਰਟੀ ਦੀਆਂ ਕਮਜ਼ੋਰੀਆਂ ਪ੍ਰਤੀ ਕਿੰਨੀ ਸੁਚੇਤ ਹੈ ਅਤੇ ਇਹਨਾਂ ਨੂੰ ਦੂਰ ਕਰਨ ਲਈ ਕਿੰਨੀ ਗੰਭੀਰ ਹੈ। 

ਜਮਾਤਾਂ ਵਿੱਚ ਵੰਡੇ ਹੋਏ ਸਮਾਜ ਵਿੱਚ ਵਿਚਰਦਿਆਂ ਇਕ ਇਨਕਲਾਬੀ ਕਮਿਊਨਿਸਟ ਪਾਰਟੀ ਵਿੱਚ ਲਗਾਤਾਰ ਬੁਰਜੂਆ, ਨਿੱਕ-ਬੁਰਜੂਆ ਵਿਚਾਰਾਂ, ਕਦਰਾਂ-ਕੀਮਤਾਂ ਦੀਆਂ ਘੁਸਪੈਠ ਹੁੰਦੀ ਰਹਿੰਦੀ ਹੈ। ਨਤੀਜੇ ਵਜੋਂ ਇਸ ਦੇ ਕੁਝ ਅੰਗ ਭ੍ਰਿਸ਼ਟ ਹੁੰਦੇ ਰਹਿੰਦੇ ਹਨ। ਪਰ ਇਕ ਸੱਚੀ ਇਨਕਲਾਬੀ ਪਾਰਟੀ ਲਗਾਤਾਰ ਆਵਦੀ ਸੁਧਾਈ ਕਰਦੇ ਹੋਏ ਅਤੇ ਜਮਾਤੀ ਘੋਲਾਂ ਨੂੰ ਤੇਜ਼ ਕਰਦੇ ਹੋਏ ਆਵਦਾ ਇਨਕਲਾਬੀ ਕਿਰਦਾਰ ਬਚਾਈ ਰੱਖਦੀ ਹੈ, ਪਰ ਜਿਸ ਤਰ੍ਹਾਂ ਦਾ ਨਿਘਾਰ ਸੀ. ਪੀ. ਐੱਮ. ਵਿੱਚ ਵੇਖਣ ਨੂੰ ਮਿਲ ਰਿਹਾ ਹੈ, ਉਸ ਤਰ੍ਹਾਂ ਦਾ ਨਿਘਾਰ ਸਿਰਫ ਉਸੇ ਪਾਰਟੀ ਵਿੱਚ ਹੋ ਸਕਦਾ ਹੈ ਜੋ ਆਵਦੇ ਉਲਟ ਵਿੱਚ ਬਦਲ ਚੁੱਕੀ ਹੋਵੇ, ਜੋ ਇਨਕਲਾਬ ਦਾ ਰਾਹ ਤਿਆਗ ਕੇ ਹਾਕਮ ਜਮਾਤਾਂ ਦੀ ਝੋਲੀ ਚੁੱਕ ਬਣ ਚੁੱਕੀ ਹੋਵੇ। ਅਤੇ ਇਹੋ ਸੀ. ਪੀ. ਐੱਮ. ਬਾਰੇ ਸੱਚ ਹੈ। ਇਹ ਪਾਰਟੀ ਤਾਂ ਆਵਦੇ ਜਨਮ ਤੋਂ ਹੀ ਹਾਕਮ ਜਮਾਤਾਂ ਦੀ ਝੋਲ਼ੀ ਚੁੱਕ ਰਹੀ ਹੈ।

ਉਪਰੋਕਤ ਮਤਾ ਇਸ ਸਤਰ ਨਾਲ ਸ਼ੁਰੂ ਹੁੰਦਾ ਹੈ, ”ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਕੋਲ਼ ਜਮਾਤੀ ਅਤੇ ਜਨਤਕ ਸੰਘਰਸ਼ਾਂ ਦਾ ਸ਼ਾਨਾਮੱਤਾ ਰਿਕਾਰਡ ਹੈ।” ਸੀ. ਪੀ. ਐੱਮ. ਦਾ ਜਨਮ 1964 ਵਿੱਚ ਹੋਇਆ ਸੀ। ਜਦੋਂ ਇਸ ਦੇ ਆਗੂ ਇਨਕਲਾਬੀ ਕਾਡਰਾਂ ਨੂੰ ਭਰਮਾਉਣ ਲਈ ਗਰਮਾ ਗਰਮ ਲੱਫ਼ਾਜ਼ੀ ਵਰਤਦੇ ਹੋਏ, ਸੀ. ਪੀ. ਆਈ. ਤੋਂ ਕਾਡਰਾਂ ਦਾ ਵੱਡਾ ਹਿੱਸਾ ਲੈ ਕੇ ਅਲੱਗ ਹੋਏ ਸਨ। ਉਦੋਂ ਤੋਂ ਹੀ ਇਸ ਪਾਰਟੀ ਦਾ ਇਤਿਹਾਸ ਜਮਾਤੀ ਸੰਘਰਸ਼ਾਂ ਦਾ ਨਹੀਂ ਸਗੋਂ ਜਮਾਤੀ ਸਾਂਝ ਭਿਆਲੀ ਦਾ ਇਤਿਹਾਸ ਰਿਹਾ ਹੈ। ਜਿਹੜੇ ਸੂਬਿਆਂ ‘ਚ ਇਸ ਦੀ ਹਕੂਮਤ ਰਹੀ ਹੈ, ਉੱਥੇ ਜਮਾਤੀ ਸੰਘਰਸ਼ਾਂ ਨੂੰ ਖੂਨ ਦੀਆਂ ਨਦੀਆਂ ‘ਚ ਡੁਬੋਣ ਦਾ ਇਤਿਹਾਸ ਰਿਹਾ ਹੈ। ਇਸ ਦੇ ”ਜਮਾਤੀ ਸੰਘਰਸ਼ਾਂ” ਦੀ ਇਕ ਵੰਨਗੀ ਇਹ ਰਹੀ ਹੈ ਕਿ ਇਸ ਪਾਰਟੀ ਦੇ ਉੱਘੇ ਆਗੂ ਮਰਹੂਮ ਜਯੋਤੀ ਬਾਸੂ ਟ੍ਰੇਡ ਯੂਨੀਅਨ ਸਰਗਰਮੀਆਂ ਨੂੰ ਗੁੰਡਾਗਰਦੀ ਦੀ ਸੰਗਿਆ ਦੇ ਚੁੱਕੇ ਹਨ। ਇਸ ਦੇ ਇਕ ਉੱਘੇ ਆਗੂ, ਵਰਤਮਾਨ ਸਮੇਂ ਪੱਛਮੀ ਬੰਗਾਲ ਦੇ ਵਰਤਮਾਨ ਮੁੱਖ ਮੰਤਰੀ ਸ਼੍ਰੀ ਬੁੱਧਦੇਵ ਭੱਟਾਚਾਰੀਆ ਟ੍ਰੇਡ ਯੂਨੀਅਨਿਸਟਾਂ ਦੀ ਇਕ ਮੀਟਿੰਗ ਵਿੱਚ ਕਹਿ ਚੁੱਕੇ ਹਨ ਕਿ ਕਮਿਊਨਿਸਟਾਂ ਨੂੰ ਬਦਲੀਆਂ ਹਾਲਤਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਮਾਲਕਾਂ ਨਾਲ਼ ਸਹਿਯੋਗ ਕਰਨਾ ਚਾਹੀਦਾ ਹੈ। ਜਮਾਤੀ ਸੰਘਰਸ਼ ਦਾ ਦੌਰ ਹੁਣ ਬੀਤ ਚੁੱਕਾ ਹੈ। ਅੱਜ ਕਿਰਤ ਨੂੰ ਪੂੰਜੀ ਨਾਲ ਵਿਕਾਸ ਲਈ ਉਸਦੀਆਂ ਸ਼ਰਤਾਂ ਤੇ ਸਹਿਯੋਗ ਕਰਨਾ ਚਾਹੀਦਾ ਹੈ।

ਅਜਿਹਾ ਹੀ ਰਿਹਾ ਹੈ ਸੀ. ਪੀ. ਐੱਮ. ਦੇ ”ਜਮਾਤੀ ਸੰਘਰਸ਼ਾਂ” ਦਾ ”ਸ਼ਾਨਾਮੱਤਾ” ਇਤਿਹਾਸ। ਜਿਸ ਨਿਘਾਰ ਨੂੰ ਦੂਰ ਕਰਨ ਲਈ ਸੀ. ਪੀ. ਐੱਮ. ਹੁਣ ਸੁਧਾਈ ਮੁਹਿੰਮ ਚਲਾਉਣ ਜਾ ਰਹੀ ਹੈ, ਉਸੇ ਨਿਘਾਰ ਦੀ ਨਿਸ਼ਾਨਦੇਹੀ ਇਸ ਪਾਰਟੀ ਦੀ ਕੇਂਦਰੀ ਕਮੇਟੀ ਨੇ 1996 ਵਿੱਚ ਵੀ ਕੀਤੀ ਸੀ ਅਤੇ 1997 ਵਿੱਚ ਇੱਕ ਸੁਧਾਈ ਮੁਹਿੰਮ ਚਲਾਈ ਸੀ। ਪਰ ਨਿਘਾਰ ਬਰਕਰਾਰ ਰਿਹਾ। 2010 ਵਿੱਚ ਵੀ ਬਰਕਰਾਰ ਹੈ। ਸੁਧਾਈ ਮੁਹਿੰਮਾਂ ਦੇ ਖੇਖਣ ਨਾਲ ਇਹ ਦੂਰ ਨਹੀਂ ਹੋਵੇਗਾ, ਕਿਉਂਕਿ ਇਸ ਹਮਾਮ ਵਿੱਚ ਸੀ. ਪੀ. ਐੱਮ. ਦੇ ਸਾਰੇ ਲੀਡਰ ਨੰਗੇ ਹਨ। ਕੋਈ ਇਸ ਨਿਘਾਰ ਨੂੰ ਦੂਰ ਕਰਨਾ ਨਹੀਂ ਚਾਹੁੰਦਾ। ਅਤੇ ਕਿਸੇ ਦੇ ਚਾਹੁਣ ਨਾਲ ਇਹ ਦੂਰ ਹੋਣਾ ਵੀ ਨਹੀਂ। ਕਿਸੇ ਦੇ ਚਾਹੁਣ ਨਾਲ ਇੱਕ ਸੋਧਵਾਦੀ ਪਾਰਟੀ ਨੂੰ ਕਮਿਊਨਿਸਟ ਇਨਕਲਾਬੀ ਪਾਰਟੀ ‘ਚ ਨਹੀਂ ਬਦਲਿਆ ਜਾ ਸਕਦਾ।   

 

“ਪ੍ਰਤੀਬੱਧ”, ਅੰਕ 13,  ਜੁਲਾਈ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s