ਚੀਨ ਦੀ ਕਮਿਊਨਿਸਟ ਪਾਰਟੀ ਦੀ ਦਸਵੀਂ ਕੌਮੀ ਕਾਂਗਰਸ ਸਮੇਂ ਦਿੱਤਾ ਗਿਆ ਭਾਸ਼ਣ •ਵੈਂਗ ਹੁੰਗ-ਵੇਨ

4

ਪੀ.ਡੀ.ਐਫ਼ ਡਾਊਨਲੋਡ ਕਰੋ

ਪਾਰਟੀ ਸੰਵਿਧਾਨ ਵਿੱਚ ਸੋਧ ਬਾਰੇ ਰਿਪੋਰਟ – 28 ਅਗਸਤ, 1973 ਨੂੰ ਪਰ੍ਵਾਨਿਤ

ਸਾਥੀਓ,

ਪਾਰਟੀ ਦੀ ਕੇਂਦਰੀ ਕਮੇਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਅਨੁਸਾਰ, ਮੈਂ ਹੁਣ ਪਾਰਟੀ ਦੇ ਸੰਵਿਧਾਨ ਵਿੱਚ ਸੋਧ ਬਾਰੇ ਸੰਖੇਪ ਵਿਆਖਿਆ ਪੇਸ਼ ਕਰਾਂਗਾ।

ਪਾਰਟੀ ਦੇ ਸੰਵਿਧਾਨ ਵਿੱਚ ਸੋਧ ਕਰਨ ਸਬੰਧੀ ਚੇਅਰਮੈਨ ਮਾਓ ਅਤੇ ਪਾਰਟੀ ਦੀ ਕੇਂਦਰੀ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੰਘੇ ਮਈ ਮਹੀਨੇ ਵਿੱਚ ਕੇਂਦਰੀ ਕਮੇਟੀ ਦੇ ਇੱਕ ਕੰਮਕਾਜੂ ਇਜਲਾਸ ਨੇ ਨੌਵੀਂ ਕੌਮੀ ਕਾਂਗਰਸ ਵੱਲੋਂ ਪਾਸ ਕੀਤੇ ਪਾਰਟੀ ਸੰਵਿਧਾਨ ਵਿੱਚ ਸੋਧ ਕਰਨ ਦੇ ਸਵਾਲ ਨੂੰ ਵਿਚਾਰਿਆ। ਉਸ ਇਜਲਾਸ ਤੋਂ ਬਾਅਦ, ਸੂਬਿਆਂ ਦੀਆਂ ਪਾਰਟੀ ਕਮੇਟੀਆਂ, ਸਿੱਧੀਆਂ ਕੇਂਦਰੀ ਅਗਵਾਈ ਥੱਲੇ ਕੰਮ ਕਰਦੀਆਂ ਮਿਉਂਸਪਲਟੀਆਂ, ਅਤੇ ਖੁਦਮੁਖਤਿਆਰ ਖਿੱਤਿਆਂ, ਵੱਡੀਆਂ ਫੌਜੀ ਕਮਾਂਡਾਂ ਦੀਆਂ ਪਾਰਟੀ ਕਮੇਟੀਆਂ ਅਤੇ ਸਿੱਧੀਆਂ ਕੇਂਦਰੀ ਕਮੇਟੀ ਥੱਲੇ ਕੰਮ ਕਰਦੀਆਂ ਪਾਰਟੀ ਜਥੇਬੰਦੀਆਂ ਨੇ ਪਾਰਟੀ ਸੰਵਿਧਾਨ ਵਿੱਚ ਸੋਧ ਲਈ ਗਰੁੱਪ ਕਾਇਮ ਕੀਤੇ, ਪਾਰਟੀ ਦਾਇਰੇ ਦੇ ਅੰਦਰ ਤੇ ਬਾਹਰ ਦੇ ਲੋਕਾਂ ਨਾਲ਼ ਸੰਘਣਾ ਸਲਾਹ-ਮਸ਼ਵਰਾ ਕੀਤਾ ਅਤੇ ਰਸਮੀ ਤੌਰ ‘ਤੇ ਕੇਂਦਰੀ ਕਮੇਟੀ ਅੱਗੇ 40 ਖਰੜੇ ਪੇਸ਼ ਕੀਤੇ। ਉਸੇ ਸਮੇਂ ਹੀ, ਵੱਖ-ਵੱਖ ਥਾਵਾਂ ਤੋਂ ਪਾਰਟੀ ਦਾਇਰੇ ਦੇ ਅੰਦਰ ਤੇ ਬਾਹਰ ਦੇ ਲੋਕਾਂ ਨੇ ਸੋਧ ਲਈ ਬਹੁਤ ਸਾਰੇ ਸੁਝਾਅ ਡਾਕ ਰਾਹੀਂ ਭੇਜੇ। ਕਾਂਗਰਸ ਅੱਗੇ ਵਿਚਾਰ ਲਈ ਹੁਣ ਪੇਸ਼ ਕੀਤਾ ਗਿਆ ਸੋਧੇ ਹੋਏ ਸੰਵਿਧਾਨ ਦਾ ਖਰੜਾ ਸੋਧਾਂ ਲਈ ਚੇਅਰਮੈਨ ਮਾਓ ਦੇ ਖਾਸ ਪ੍ਰਸਤਾਵਾਂ ਅਤੇ ਪ੍ਰਾਪਤ ਹੋਏ ਸਾਰੇ ਖਰੜਿਆਂ ਤੇ ਸੁਝਾਵਾਂ ਦੇ ਗੰਭੀਰ ਅਧਿਐਨ ਦੇ ਅਧਾਰ ਉੱਤੇ ਤਿਆਰ ਕੀਤਾ ਗਿਆ ਹੈ।

ਸੋਧ ਬਾਰੇ ਵਿਚਾਰ ਦੌਰਾਨ, ਸਾਰੇ ਪਾਰਟੀ ਸਾਥੀਆਂ ਦੀ ਇਹ ਸਮਝ ਸੀ ਕਿ ਪਾਰਟੀ ਦੀ ਨੌਵੀਂ ਕੌਮੀ ਕਾਂਗਰਸ ਤੋਂ ਬਾਅਦ, ਸਮੁੱਚੀ ਪਾਰਟੀ, ਫੌਜ ਤੇ ਲੋਕਾਈ ਨੇ ਉਕਤ ਕਾਂਗਰਸ ਵੱਲੋਂ ਦਿੱਤੀ ਗਈ ਸੇਧ ਮੁਤਾਬਕ ਜਿਹੜੀ ਕਿ ਚੇਅਰਮੈਨ ਮਾਓ ਦੀ ਨਿੱਜੀ ਦੇਖ-ਰੇਖ ਅਧੀਨ ਸੂਤਰਬੱਧ ਕੀਤੀ ਗਈ ਸੀ, ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੌਰਾਨ ਸੰਘਰਸ਼-ਅਲੋਚਨਾ-ਤਬਦੀਲੀ ਦੇ ਕੰਮ ਨੂੰ ਡੂੰਘੀ ਸੰਜੀਦਗੀ ਕੀਤਾ ਹੈ, ਲਿਨ ਪਿਆਓ ਪਾਰਟੀ-ਵਿਰੋਧੀ ਗੁੱਟ ਨੂੰ ਤਹਿਸ-ਨਹਿਸ ਕਰ ਦਿੱਤਾ ਹੈ ਅਤੇ ਘਰੇਲੂ ਤੇ ਕੌਮਾਂਤਰੀ ਸੰਘਰਸ਼ਾਂ ਦੇ ਸਾਰੇ ਪੱਖਾਂ ਵਿੱਚ ਮਹਾਨ ਜਿੱਤਾਂ ਦਰਜ ਕੀਤੀਆਂ ਹਨ। ਪਿਛਲੇ ਚਾਰ ਸਾਲ ਤੋਂ ਕੁਝ ਕੁ ਵੱਧ ਸਾਲਾਂ ਦੇ ਅਭਿਆਸ ਨੇ ਇਹ ਸਿੱਧ ਕੀਤਾ ਹੈ ਕਿ ਨੌਵੀਂ ਪਾਰਟੀ ਕਾਂਗਰਸ ਦੀ ਸਿਆਸੀ ਤੇ ਜਥੇਬੰਦਕ, ਦੋਵਾਂ ਦੀ ਲੀਹ ਸਹੀ ਸੀ। ਨੌਵੀ ਕਾਂਗਰਸ ਦੁਆਰਾ ਪਾਸ ਕੀਤਾ ਗਿਆ ਸੰਵਿਧਾਨ ਸਾਡੀ ਪਾਰਟੀ ਦੇ ਇਕਸਾਰ ਤੇ ਬੁਨਿਆਦੀ ਸਿਧਾਂਤਾਂ ਦੀ ਪੁਸ਼ਟੀ ਕਰਦਾ ਹੈ, ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਨਵੇਂ ਤਜ਼ਰਬੇ ਨੂੰ ਪ੍ਰਗਟ ਕਰਦਾ ਹੈ ਅਤੇ ਇਸਨੇ ਸਮੁੱਚੀ ਪਾਰਟੀ, ਫੌਜ ਤੇ ਲੋਕਾਈ ਦੇ ਸਿਆਸੀ ਜੀਵਨ ਵਿੱਚ ਹਾਂਦਰੂ ਭੂਮਿਕਾ ਨਿਭਾਈ ਹੈ। ਸਾਡੀ ਪਾਰਟੀ ਦੇ ਖਾਸੇ, ਰਾਹ-ਦਰਸਾਵੀ ਵਿਚਾਰਧਾਰਾ, ਬੁਨਿਆਦੀ ਪ੍ਰੋਗਰਾਮ ਤੇ ਬੁਨਿਆਦੀ ਲੀਹ ਬਾਰੇ ਨੌਵੀਂ ਕਾਂਗਰਸ ਦੁਆਰਾ ਪ੍ਰਵਾਨ ਕੀਤੇ ਗਏ ਅਨੁਬੰਧਾਂ ਨੂੰ ਮੌਜੂਦਾ ਖਰੜੇ ਦੇ ਆਮ ਪ੍ਰੋਗਰਾਮ ਵਿੱਚ ਉਵੇਂ-ਜਿਵੇਂ ਰੱਖਿਆ ਗਿਆ ਹੈ। ਰੂਪ ਤੇ ਤੱਤ ਵਿੱਚ ਕੁਝ ਹੇਰ-ਫੇਰ ਕੀਤੇ ਗਏ ਹਨ। ਧਾਰਾਵਾਂ ਵਿੱਚ ਬਹੁਤੇ ਬਦਲਾਅ ਨਹੀਂ ਕੀਤੇ ਗਏ ਹਨ। ਸ਼ਬਦਾਂ ਦੀ ਗਿਣਤੀ ਕੁਝ ਘਟਾ ਦਿੱਤੀ ਗਈ ਹੈ। ਨੌਵੀਂ ਕਾਂਗਰਸ ਦੁਆਰਾ ਪ੍ਰਵਾਨਿਤ ਸੰਵਿਧਾਨ ਦੇ ਆਮ ਪ੍ਰੋਗਰਾਮ ਵਿੱਚ ਲਿਨ ਪਿਆਓ ਬਾਰੇ ਦਰਜ ਪੈਰੇ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਇਹ ਸਮੁੱਚੀ ਪਾਰਟੀ, ਫੌਜ ਤੇ ਲੋਕਾਂ ਦੀ ਸਰਬ-ਸੰਮਤ ਮੰਗ ਸੀ। ਇਹ ਲਿਨ ਪਿਆਓ ਦੁਆਰਾ ਪਾਰਟੀ ਤੇ ਦੇਸ਼ ਨਾਲ਼ ਗੱਦਾਰੀ ਅਤੇ ਉਸ ਦੁਆਰਾ ਖੁਦ ਹੀ ਅੰਤਿਮ ਰੂਪ ਵਿੱਚ ਪਾਰਟੀ ਤੇ ਦੇਸ਼ ਨੂੰ ਤਿਆਗ ਦੇਣ ਦਾ ਅਟੱਲ ਸਿੱਟਾ ਸੀ।

ਨੌਵੀਂ ਕਾਂਗਰਸ ਦੁਆਰਾ ਪ੍ਰਵਾਨਿਤ ਪਾਰਟੀ ਸੰਵਿਧਾਨ ਦੀ ਤੁਲਨਾ ਵਿੱਚ ਮੌਜੂਦਾ ਖਰੜਾ ਮੁੱਖ ਰੂਪ ਵਿੱਚ ਇਸ ਗੱਲੋਂ ਬਿਹਤਰ ਹੈ ਕਿ ਇਸ ਵਿੱਚ ਦੋ ਲੀਹਾਂ ਦੇ ਸੰਘਰਸ਼ ਦਾ ਤਜ਼ਰਬਾ ਸ਼ਾਮਿਲ ਕੀਤਾ ਗਿਆ ਹੈ। ਇਹ ਪ੍ਰਾਪਤ ਹੋਏ ਸਾਰੇ ਖਰੜਿਆਂ ਦਾ ਸਾਂਝਾ ਲੱਛਣ ਹੈ। ਚੇਅਰਮੈਨ ਮਾਓ ਦੀ ਅਗਵਾਈ ਅਧੀਨ, ਦੋ ਲੀਹਾਂ ਵਿਚਾਲੇ ਚੱਲੇ ਦਸ ਵੱਡੇ ਸੰਘਰਸ਼ਾਂ ਵਿੱਚ ਸਾਡੀ ਪਾਰਟੀ ਜੇਤੂ ਰਹੀ ਹੈ ਅਤੇ ਸੱਜੀਆਂ ਤੇ “ਖੱਬੀਆਂ” ਲੀਹਾਂ ਨੂੰ ਹਰਾਉਣ ਦਾ ਤਜ਼ਰਬਾ ਹਾਸਲ ਕੀਤਾ ਹੈ ਜਿਹੜਾ ਪਾਰਟੀ ਲਈ ਸਭ ਤੋਂ ਮੁੱਲਵਾਨ ਹੈ। ਚੇਅਰਮੈਨ ਮਾਓ ਕਹਿੰਦੇ ਹਨ, “ਇਨਕਲਾਬ ਨੂੰ ਜਿੱਤ ਤੱਕ ਲਿਜਾਣ ਲਈ, ਇੱਕ ਪਾਰਟੀ ਨੂੰ ਆਪਣੀ ਸਿਆਸੀ ਲੀਹ ਦੇ ਸਹੀ ਹੋਣ ਅਤੇ ਆਪਣੀ ਜਥੇਬੰਦੀ ਦੀ ਪਕਿਆਈ ਉੱਤੇ ਨਿਰਭਰ ਕਰਨਾ ਚਾਹੀਦਾ ਹੈ।” ਸਾਡੀ ਪਾਰਟੀ ਦੇ ਸਾਰੇ ਸਾਥੀਆਂ ਨੂੰ ਲੀਹ ਦੇ ਸਵਾਲ ਉੱਤੇ ਨੇੜਿਓਂ ਧਿਆਨ ਦੇਣਾ ਚਾਹੀਦਾ ਹੈ, ਪ੍ਰੋਲੇਤਾਰੀ ਦੀ ਤਾਨਾਸ਼ਾਹੀ ਅਧੀਨ ਇਨਕਲਾਬ ਨੂੰ ਜਾਰੀ ਰੱਖਣਾ ਚਾਹੀਦਾ ਹੈ, ਸਾਡੀ ਪਾਰਟੀ ਉਸਾਰੀ ਨੂੰ ਮਜਬੂਤ ਕਰਨਾ ਚਾਹੀਦਾ ਹੈ ਅਤੇ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਮਾਜਵਾਦ ਦੇ ਇਤਿਹਾਸਕ ਦੌਰ ਦੌਰਾਨ ਪਾਰਟੀ ਦੀ ਬੁਨਿਆਦੀ ਲੀਹ ਲਾਗੂ ਹੋਵੇ।

ਇਸ ਪੱਖੋਂ ਖਰੜੇ ਵਿੱਚ ਕੀ ਵਾਧਾ ਕੀਤਾ ਗਿਆ ਹੈ?

ਪਹਿਲਾ. ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਸਬੰਧੀ। ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਸਮਾਜਵਾਦ ਦੀਆਂ ਹਾਲਤਾਂ ਵਿੱਚ ਪ੍ਰੋਲੇਤਾਰੀ ਦੁਆਰਾ ਬੁਰਜੂਆਜ਼ੀ ਤੇ ਹੋਰ ਸਾਰੀਆਂ ਲੋਟੂ ਜਮਾਤਾਂ ਖਿਲਾਫ਼ ਕੀਤਾ ਗਿਆ ਇੱਕ ਮਹਾਨ ਸਿਆਸੀ ਇਨਕਲਾਬ ਹੈ, ਅਤੇ ਇਹ ਇੱਕ ਡੂੰਘੀ ਪਾਰਟੀ ਮਜਬੂਤੀਕਰਨ ਦੀ ਲਹਿਰ ਵੀ ਹੈ। ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੌਰਾਨ ਸਮੁੱਚੀ ਪਾਰਟੀ, ਫੌਜ ਤੇ ਲੋਕਾਂ ਨੇ ਚੇਅਰਮੈਨ ਮਾਓ ਦੀ ਅਗਵਾਈ ਥੱਲੇ ਦੋ ਬੁਰਜੂਆ ਹੈੱਡਕੁਆਰਟਰਾਂ, ਪਹਿਲਾ ਲਿਓ ਸ਼ਾਓ-ਚੀ ਦੀ ਅਗਵਾਈ ਵਾਲ਼ਾ ਤੇ ਦੂਜਾ ਲਿਨ ਪਿਆਓ ਦੀ ਅਗਵਾਈ ਵਾਲ਼ਾ, ਨੂੰ ਤਹਿਸ-ਨਹਿਸ ਕਰ ਦਿੱਤਾ, ਇਸ ਤਰ੍ਹਾਂ ਸਾਰੀਆਂ ਘਰੇਲੂ ਤੇ ਕੌਮਾਂਤਰੀ ਪਿਛਾਖੜੀ ਤਾਕਤਾਂ ਨੂੰ ਤਕੜੀ ਭਾਂਜ ਦਿੱਤੀ ਹੈ। ਮੌਜੂਦਾ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਪੱਕੇ ਪੈਰੀ ਕਰਨ ਲਈ, ਸਰਮਾਏਦਾਰਾ ਮੁੜ-ਬਹਾਲੀ ਨੂੰ ਰੋਕਣ ਲਈ ਅਤੇ ਸਮਾਜਵਾਦ ਦੀ ਉਸਾਰੀ ਲਈ ਮੂਲੋਂ ਜਰੂਰੀ ਹੈ ਤੇ ਬਿਲਕੁਲ ਸਹੀ ਸਮੇਂ ਉੱਤੇ ਹੈ। ਖਰੜਾ ਇਸ ਇਨਕਲਾਬ ਦੀਆਂ ਮਹਾਨ ਜਿੱਤਾਂ ਤੇ ਵਡੇਰੇ ਮਹੱਤਵ ਦੀ ਪੁਸ਼ਟੀ ਕਰਦਾ ਹੈ ਅਤੇ ਇਸ ਵਿੱਚ ਦੋ-ਟੁੱਕ ਸ਼ਬਦਾਂ ਵਿੱਚ ਇਹ ਦਰਜ ਕਰਦਾ ਹੈ: “ਅਜਿਹੇ ਇਨਕਲਾਬ ਭਵਿੱਖ ਵਿੱਚ ਕਈ ਵਾਰੀ ਕਰਨੇ ਪੈਣਗੇ।” ਇਤਿਹਾਸਕ ਤਜ਼ਰਬਾ ਸਾਨੁੰ ਦੱਸਦਾ ਹੈ ਕਿ ਨਾ ਸਿਰਫ਼ ਘਰੋਗੀ ਸਮਾਜ ਵਿੱਚ ਮੌਜੂਦ ਦੋ ਜਮਾਤਾਂ ਤੇ ਦੋ ਰਸਤਿਆਂ ਵਿਚਾਲੇ ਸੰਘਰਸ਼ ਸਾਡੀ ਪਾਰਟੀ ਅੰਦਰ ਅਟੱਲ ਰੂਪ ਵਿੱਚ ਪ੍ਰਗਟਾਵਾ ਹਾਸਲ ਕਰੇਗਾ, ਸਗੋਂ ਵਿਦੇਸ਼ ਵਿੱਚ ਮੌਜੂਦ ਸਾਮਰਾਜਵਾਦ ਤੇ ਸਮਾਜਿਕ-ਸਾਮਰਾਜਵਾਦ ਸਾਡੇ ਖਿਲਾਫ਼ ਹਮਲਾ ਤੇ ਸਾਬੋਤਾਜ ਕਰਨ ਲਈ ਲਾਜਮੀ ਹੀ ਸਾਡੀ ਪਾਰਟੀ ਅੰਦਰ ਆਪਣੇ ਏਜੰਟ ਭਰਤੀ ਕਰੇਗਾ। 1966 ਵਿੱਚ ਜਦੋਂ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਅਜੇ ਉੱਭਰ ਹੀ ਰਿਹਾ ਸੀ, ਚੇਅਰਮੈਨ ਮਾਓ ਨੇ ਧਿਆਨ ਦਿਵਾਇਆ, “ਧਰਤੀ ਉੱਤੇ ਮਹਾਨ ਖਲਬਲੀ ਫਿਰ ਮਹਾਨ ਵਿਵਸਥਾ ਕਾਇਮ ਕਰਦੀ ਹੈ। ਅਤੇ ਇਸ ਲਈ ਹਰ ਸੱਤ-ਅੱਠ ਸਾਲ ਬਾਅਦ ਪ੍ਰੇਤ ਤੇ ਸ਼ੈਤਾਨ ਖੁਦ-ਬ-ਖੁਦ ਖੁੱਡਾਂ ਵਿੱਚੋਂ ਬਾਹਰ ਨਿਕਲਣਗੇ। ਆਪਣੇ ਜਮਾਤੀ ਖਾਸੇ ਕਰਕੇ, ਉਹਨਾਂ ਦਾ ਬਾਹਰ ਨਿਕਲਣਾ ਤੈਅ ਹੈ।” ਜਮਾਤੀ ਸੰਘਰਸ਼ ਦਾ ਜੀਵੰਤ ਯਥਾਰਥ ਇਸ ਬਾਹਰਮੁਖੀ ਨਿਯਮ ਦੀ ਹੀ ਪੁਸ਼ਟੀ ਕਰਦਾ ਹੈ ਅਤੇ ਕਰਦਾ ਰਹੇਗਾ ਜਿਵੇਂ ਕਿ ਚੇਅਰਮੈਨ ਮਾਓ ਨੇ ਦਿਖਾਇਆ ਹੈ। ਸਾਨੂੰ ਆਪਣੀ ਚੌਕਸੀ ਵਧਾਉਣੀ ਹੋਵੇਗੀ ਹੈ ਅਤੇ ਇਸ ਸੰਘਰਸ਼ ਦੇ ਲਮਕਵੇਂ ਤੇ ਗੁੰਝਲਦਾਰ ਖਾਸੇ ਨੂੰ ਸਮਝਣਾ ਹੋਵੇਗਾ। ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਲਗਾਤਾਰ ਵਧੇਰੇ ਪੱਕੇ ਪੈਰੀਂ ਕਰਦੇ ਜਾਣ ਅਤੇ ਸਮਾਜਵਾਦੀ ਕਾਜ਼ ਲਈ ਨਵੀਆਂ ਜਿੱਤਾਂ ਹਾਸਲ ਕਰਨ ਲਈ ਇਹ ਲਾਜਮੀ ਹੈ ਕਿ ਸਮਾਜਵਾਦੀ ਇਨਕਲਾਬ ਨੂੰ ਵਿਚਾਰਧਾਰਕ, ਸਿਆਸੀ ਤੇ ਆਰਥਿਕ ਖੇਤਰ ਵਿੱਚ ਹੋਰ ਡੂੰਘਿਆਂ ਕੀਤਾ ਜਾਵੇ, ਉੱਚ-ਉਸਾਰ ਦੇ ਉਹਨਾਂ ਸਾਰੇ ਹਿੱਸਿਆਂ ਨੂੰ ਬਦਲਿਆ ਜਾਵੇ ਜਿੰਨ੍ਹਾਂ ਦਾ ਸਮਾਜਵਾਦੀ ਆਰਥਿਕ ਅਧਾਰ ਨਾਲ਼ ਮੇਲ ਨਹੀਂ ਬੈਠਦਾ ਅਤੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਜਿਹੇ ਕਈ ਮਹਾਨ ਸਿਆਸੀ ਇਨਕਲਾਬ ਕਰੀਏ।

ਦੂਸਰਾ. ਅਸੂਲਾਂ ਉੱਤੇ ਡਟੇ ਰਹਿਣਾ। “ਮਾਰਕਸਵਾਦ ਨੂੰ ਲਾਗੂ ਕਰੋ, ਨਾ ਕਿ ਸੋਧਵਾਦ ਨੂੰ; ਇਕਮੁੱਠ ਹੋਵੇ, ਨਾ ਕਿ ਪਾਟੋਧਾੜ ਹੋਵੇ; ਖੁੱਲ੍ਹੇ ਮਨ ਵਾਲ਼ੇ ਤੇ ਸਪੱਸਟਵਾਦੀ ਬਣੋ, ਨਾ ਕਿ ਭੜਕਾਊ ਤੇ ਸਾਜ਼ਿਸੀ।” “ਤਿੰਨ ਚੀਜ਼ਾਂ ਕਰੋ, ਤਿੰਨ ਚੀਜ਼ਾਂ ਨਾ ਕਰੋ” ਦੇ ਇਹਨਾਂ ਤਿੰਨ ਸਿਧਾਂਤਾਂ ਵਿੱਚੋਂ ਮਾਰਕਸਵਾਦ ਨੂੰ, ਨਾ ਕਿ ਸੋਧਵਾਦ ਨੂੰ, ਲਾਗੂ ਕਰਨ ਦਾ ਸਿਧਾਂਤ ਸਭ ਤੋਂ ਬੁਨਿਆਦੀ ਸਿਧਾਂਤ ਹੈ। ਜੇ ਕੋਈ ਮਾਰਕਸਵਾਦ ਨੂੰ ਲਾਗੂ ਕਰਦਾ ਹੈ ਅਤੇ ਪੂਰੇ ਦਿਲ ਨਾਲ਼ ਚੀਨ ਤੇ ਸੰਸਾਰ ਦੇ ਲੋਕਾਂ ਦੀ ਵਿਸ਼ਾਲ ਬਹੁਗਿਣਤੀ ਦੇ ਹਿਤਾਂ ਦੀ ਸੇਵਾ ਕਰਦਾ ਹੈ ਤਾਂ ਉਹ ਖੁਦ-ਬ-ਖੁਦ ਏਕਤਾ ਲਈ ਕੰਮ ਕਰੇਗਾ ਅਤੇ ਉਹ ਖੁੱਲ੍ਹੇ ਮਨ ਵਾਲ਼ਾ, ਨਾ ਕਿ ਸਾਜ਼ਿਸੀ, ਬਣੇਗਾ; ਜੇ ਕੋਈ ਸੋਧਵਾਦ ਨੂੰ ਲਾਗੂ ਕਰਦਾ ਹੈ ਅਤੇ ਪੂਰੀ ਤਰ੍ਹਾਂ ਨਾਲ਼ ਲੋਟੂ ਜਮਾਤਾਂ ਦੇ ਮੁੱਠੀਭਰ ਤੱਤਾਂ ਦੀ ਸੇਵਾ ਨੂੰ ਸਮਰਪਤ ਹੈ ਤਾਂ ਉਹ ਲਾਜਮੀ ਹੀ ਫੁੱਟਾਂ, ਭੜਕਾਹਟ ਤੇ ਸਾਜਿਸ਼ਾਂ ਲਈ ਕੰਮ ਕਰੇਗਾ। ਸੋਧਵਾਦ ਇੱਕ ਕੌਮਾਂਤਰੀ ਬੁਰਜੂਆ ਵਿਚਾਰਧਾਰਕ ਰੁਝਾਨ ਹੈ। ਸੋਧਵਾਦੀ ਉਹ ਏਜੰਟ ਹਨ ਜਿਹਨਾਂ ਨੂੰ ਬੁਰਜੂਆਜ਼ੀ ਤੇ ਸਾਮਰਾਜਵਾਦ, ਸੋਧਵਾਦ ਤੇ ਪਿਛਾਖੜੀ ਸਾਡੀ ਪਾਰਟੀ ਵਿੱਚ ਬਾਹਰੋਂ ਭੇਜਦੇ ਹਨ ਜਾਂ ਸਾਡੀ ਪਾਰਟੀ ਦੇ ਅੰਦਰੋਂ ਹੀ ਭਰਤੀ ਕਰਦੇ ਹਨ। ਲਿਉ ਸ਼ਾਓ-ਚੀ, ਲਿਨ ਪਿਆਓ ਤੇ ਉਹਨਾਂ ਜਿਹੇ ਹੀ ਹੋਰ ਕੈਰੀਅਰਵਾਦੀ, ਸਾਜਿਸ਼ੀ, ਦੋਗਲੇ ਤੇ ਉੱਕਾ ਹੀ ਨਾ ਪਛਤਾਉਣ ਵਾਲ਼ੇ ਸਰਮਾਏਦਾਰਾ ਰਾਹੀਏ ਤੱਤ ਰੂਪ ਵਿੱਚ ਇੱਕੋ ਸਨ ਭਾਵੇਂ ਉਹਨਾਂ ਨੇ ਖੁਦ ਨੂੰ ਵੱਖ-ਵੱਖ ਢੰਗਾਂ ਨਾਲ਼ ਪ੍ਰਗਟ ਕੀਤਾ; ਉਹ ਸਾਰੇ ਸੋਧਵਾਦ ਨੂੰ ਲਾਗੂ ਕਰਨ ਵਾਲ਼ਿਆਂ ਦੇ ਮੁਖੀ ਸਨ ਅਤੇ ਵਿਚਾਰਧਾਰਕ, ਸਿਆਸੀ ਤੇ ਜੀਵਨ-ਢੰਗ ਪੱਖੋਂ ਪੂਰੀ ਤਰ੍ਹਾਂ ਨਾਲ਼ ਬੁਰਜੂਆ ਬਣ ਚੁੱਕੇ ਸਨ। ਉਹ ਧੁਰ ਅੰਦਰ ਤੱਕ ਗਲ਼-ਸੜ ਚੁੱਕੇ ਸਨ ਚੇਅਰਮੈਨ ਮਾਓ ਨੇ ਕਿਹਾ ਹੈ, “ਸੋਧਵਾਦ ਦਾ ਸੱਤ੍ਹਾ ਵਿੱਚ ਆ ਜਾਣ ਦਾ ਮਤਲਬ ਹੈ ਬੁਰਜੂਆਜ਼ੀ ਦਾ ਸੱਤ੍ਹਾ ਵਿੱਚ ਆ ਜਾਣਾ।” ਇਹ ਪੂਰੀ ਤਰ੍ਹਾਂ ਸਹੀ ਹੈ। “ਤਿੰਨ ਚੀਜ਼ਾਂ ਕਰੋ ਅਤੇ ਤਿੰਨ ਚੀਜ਼ਾਂ ਨਾ ਕਰੋ” ਦੇ ਸਿਧਾਂਤਾਂ ਨੂੰ ਪ੍ਰਾਪਤ ਹੋਏ ਸੁਝਾਵਾਂ ਦੇ ਅਨੁਸਾਰ ਖਰੜੇ ਦੇ ਆਮ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਪੀਕਿੰਗ ਮਿਉਂਸਪਲ ਪਾਰਟੀ ਕਮੇਟੀ ਵੱਲੋਂ ਆਯੋਜਿਤ ਫੋਰਮ ਵਿੱਚ ਮਜਦੂਰਾਂ, ਕਿਸਾਨਾਂ ਤੇ ਫੌਜੀਆਂ ਵੱਲੋਂ ਪ੍ਰਗਟ ਕੀਤੇ ਗਏ ਵਿਚਾਰਾਂ ਅਤੇ ਨਾਲ਼ ਹੀ ਹੋਰਨਾਂ ਥਾਂਵਾਂ ਤੋਂ ਵੀ ਆਏ ਹੋਏ ਸੁਝਾਵਾਂ ਦੇ ਮੱਦੇਨਜ਼ਰ ਪਾਰਟੀ ਮੈਂਬਰ ਲਈ ਸ਼ਰਤਾਂ ਬਾਰੇ ਧਾਰਾ 3 ਦੇ ਬਿੰਦੂ (1) ਵਿੱਚ ਅਤੇ ਬੁਨਿਆਦੀ ਪਾਰਟੀ ਜਥੇਬੰਦੀਆਂ ਦੇ ਕਾਰਜਾਂ ਬਾਰੇ ਧਾਰਾ 12 ਦੇ ਬਿੰਦੂ (1) ਵਿੱਚ “ਸੋਧਵਾਦ ਦੀ ਅਲੋਚਨਾ ਕਰੋ” ਦੇ ਸ਼ਬਦ ਜੋੜ ਦਿੱਤੇ ਗਏ ਹਨ। ਸੋਧਵਾਦ ਅੱਜ ਮੁੱਖ ਖਤਰਾ ਬਣਿਆ ਹੋਇਆ ਹੈ। ਸਾਡੀ ਪਾਰਟੀ ਦੀ ਵਿਚਾਰਧਾਰਕ ਉਸਾਰੀ ਨੂੰ ਮਜਬੂਤ ਬਣਾਉਣ ਲਈ ਮਾਰਕਸਵਾਦ ਦਾ ਅਧਿਐਨ ਕਰਨਾ ਅਤੇ ਸੋਧਵਾਦ ਦੀ ਅਲੋਚਨਾ ਕਰਨੀ ਸਾਡਾ ਲੰਬੇ-ਦਾਅ ਦਾ ਕਾਰਜ ਹੈ।

ਤੀਜਾ. ਸਾਡੇ ਅੰਦਰ ਧਾਰਾ ਦੇ ਉਲਟ ਤੈਰਨ ਦਾ ਜ਼ੇਰਾ ਕਰਨ ਦੀ ਇਨਕਲਾਬੀ ਸਪਿਰਟ ਹੋਣੀ ਚਾਹੀਦੀ ਹੈ। ਚੇਅਰਮੈਨ ਮਾਓ ਨੇ ਕਿਹਾ ਹੈ: ਧਾਰਾ ਦੇ ਉਲਟ ਤੈਰਨਾ ਇੱਕ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤ ਹੈ। ਪਾਰਟੀ ਸੰਵਿਧਾਨ ਵਿੱਚ ਸੋਧ ਉੱਤੇ ਵਿਚਾਰ-ਚਰਚਾ ਦੌਰਾਨ, ਕਈ ਸਾਥੀਆਂ ਨੇ ਪਾਰਟੀ ਦੇ ਇਤਿਹਾਸ ਤੇ ਇਸਦੇ ਤਜ਼ਰਬੇ ਨੂੰ ਮੁੜ-ਦੇਖਦੇ ਹੋਏ ਇਹ ਮੰਨਿਆ ਕਿ ਪਾਰਟੀ ਅੰਦਰ ਦੋ ਲੀਹਾਂ ਦੇ ਸੰਘਰਸ਼ ਦੌਰਾਨ ਇਹ ਸਭ ਤੋਂ ਅਹਿਮ ਹੈ। ਜਮਹੂਰੀ ਇਨਕਲਾਬ ਦੇ ਅਰੰਭਕ ਦੌਰ ਵਿੱਚ ਅਜਿਹੇ ਕਈ ਮੌਕੇ ਆਏ ਜਦੋਂ ਗਲਤ ਲੀਹ ਪਾਰਟੀ ਅੰਦਰ ਭਾਰੂ ਰਹੀ। ਜਮਹੂਰੀ ਇਨਕਲਾਬ ਦੇ ਪਿਛਲੇ ਸਮੇਂ ਅਤੇ ਸਮਾਜਵਾਦੀ ਇਨਕਲਾਬ ਦੇ ਦੌਰ ਵਿੱਚ ਵੀ, ਜਦੋਂ ਚੇਅਰਮੈਨ ਮਾਓ ਵੱਲੋਂ ਦਰਸਾਈ ਗਈ ਸਹੀ ਲੀਹ ਭਾਰੂ ਰਹੀ ਹੈ, ਅਜਿਹੇ ਸਬਕ ਮਿਲੇ ਹਨ ਜਦੋਂ ਵਿਸ਼ੇਸ਼ ਗਲਤ ਲੀਹ ਜਾਂ ਗਲਤ ਵਿਚਾਰਾਂ ਨੂੰ ਇੱਕ ਸਮੇਂ ਕਈ ਲੋਕਾਂ ਦੁਆਰਾ ਸਹੀ ਸਮਝ ਲਿਆ ਗਿਆ ਅਤੇ ਉਹਨਾਂ ਦੀ ਹਮਾਇਤ ਕੀਤੀ ਗਈ। ਚੇਅਰਮੈਨ ਮਾਓ ਦੀ ਸਹੀ ਲੀਹ ਨੇ ਇਹਨਾਂ ਗਲਤੀਆਂ ਖਿਲਾਫ਼ ਸਮਝੌਤਾਰਹਿਤ ਸੰਘਰਸ਼ ਚਲਾਇਆ ਅਤੇ ਜਿੱਤ ਹਾਸਲ ਕੀਤੀ। ਜਦੋਂ ਲੀਹ ਅਤੇ ਸਮੁੱਚੀਆਂ ਹਾਲਤਾਂ ਨਾਲ਼ ਜੁੜੇ ਮਸਲਿਆਂ ਦਾ ਸਾਹਮਣਾ ਹੋਵੇ ਤਾਂ ਸੱਚੇ ਕਮਿਊਨਿਸਟ ਨੂੰ ਬਿਨਾਂ ਕਿਸੇ ਖੁਦਗਰਜ਼ੀ ਦੇ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਆਪਣੇ ਅਹੁਦੇ ਤੋਂ ਲਾਹ ਦਿੱਤੇ ਜਾਣ, ਪਾਰਟੀ ਵਿੱਚੋਂ ਕੱਢੇ ਜਾਣ, ਜੇਲ੍ਹ, ਤੋੜ-ਵਿਛੋੜੇ ਜਾਂ ਫਾਂਸੀਆਂ ਦੀ ਪ੍ਰਵਾਹ ਕੀਤੇ ਬਿਨਾਂ ਧਾਰਾ ਦੇ ਉਲਟ ਤੈਰਨ ਦਾ ਜ਼ੇਰਾ ਕਰਨਾ ਚਾਹੀਦਾ ਹੈ।

ਬਿਨਾਂ ਸ਼ੱਕ, ਗਲਤ ਰੁਝਾਨ ਦਾ ਸਾਹਮਣ ਹੋਣ ਉੱਤੇ ਨਾ ਸਿਰਫ਼ ਇਹ ਸਵਾਲ ਹੁੰਦਾ ਹੈ ਕਿ ਤੁਸੀਂ ਧਾਰਾ ਦੇ ਉਲਟ ਜਾਂਦੇ ਹੋ ਜਾਂ ਨਹੀਂ, ਸਗੋਂ ਇਹ ਸਵਾਲ ਵੀ ਹੁੰਦਾ ਹੈ ਕਿ ਤੁਸੀਂ ਉਸਨੂੰ ਵੱਖਰਾ ਕਰਨ ਵਿੱਚ ਸਫ਼ਲ ਰਹਿੰਦੇ ਹੋ ਜਾਂ ਨਹੀਂ। ਸਮਾਜਵਾਦ ਦੇ ਇਤਿਹਾਸਕ ਅਰਸੇ ਵਿੱਚ ਜਮਾਤੀ ਸੰਘਰਸ਼ ਅਤੇ ਦੋ ਲੀਹਾਂ ਦਾ ਸੰਘਰਸ਼ ਬੇਹੱਦ ਗੁੰਝਲਦਾਰ ਹੁੰਦਾ ਹੈ। ਜਦੋਂ ਇੱਕ ਪ੍ਰਵਿਰਤੀ ਦੂਜੀ ਦੁਆਰਾ ਢਕੀ ਹੁੰਦੀ ਹੈ ਤਾਂ ਕਈ ਸਾਥੀ ਇਸਨੂੰ ਦੇਖਣ ਵਿੱਚ ਟਪਲਾ ਖਾ ਜਾਂਦੇ ਹਨ। ਇਸ ਤੋਂ ਵੀ ਵੱਧ, ਉਹ ਜਿਹੜੇ ਭੜਕਾਹਟ ਤੇ ਸਾਜਿਸ਼ ਕਰਦੇ ਹਨ, ਜਾਣਬੁੱਝ ਕੇ ਝੂਠੇ ਮੋਰਚੇ ਖੜੇ ਕਰਦੇ ਹਨ ਜਿਹੜਾ ਉਹਨਾਂ ਦੀ ਪਛਾਣ ਕਰਨ ਨੂੰ ਹੋਰ ਔਖਿਆਂ ਕਰ ਦਿੰਦਾ ਹੈ। ਬਹਿਸ ਦੌਰਾਨ ਕਈ ਸਾਥੀ ਇਹ ਸਮਝਣ ਵਿੱਚ ਕਾਮਯਾਬ ਹੋਏ ਹਨ ਕਿ ਦਵੰਦਵਾਦੀ ਪਦਾਰਥਵਾਦੀ ਨਜ਼ਰੀਏ ਦੇ ਅਨੁਸਾਰ, ਸਾਰੀਆਂ ਬਾਹਰਮੁਖੀ ਚੀਜ਼ਾਂ ਨੂੰ ਜਾਣਿਆ ਜਾ ਸਕਦਾ ਹੈ। “ਨੰਗੀ ਅੱਖ ਕਾਫੀ ਨਹੀਂ ਹੈ, ਸਾਨੂੰ ਦੂਰਬੀਨ ਅਤੇ ਖੁਰਦਬੀਨ ਦੀ ਮਦਦ ਲੈਣੀ ਚਾਹੀਦੀ ਹੈ। ਸਿਆਸੀ ਅਤੇ ਫੌਜੀ ਮਾਮਲਿਆਂ ਵਿੱਚ ਮਾਰਕਸਵਾਦੀ ਤਰੀਕਾਕਾਰ ਸਾਡੀ ਦੂਰਬੀਨ ਅਤੇ ਖੁਰਦਬੀਨ ਹੈ।” ਜਿੰਨਾ ਚਿਰ ਕੋਈ ਮਾਰਕਸ, ਏਂਗਲਜ, ਲੈਨਿਨ ਤੇ ਸਤਾਲਿਨ ਅਤੇ ਚੇਅਰਮੈਨ ਮਾਓ ਦੀਆਂ ਲਿਖਤਾਂ ਨੂੰ ਧਿਆਨਪੂਰਵਕ ਪੜ੍ਹਦਾ ਹੈ ਅਤੇ ਅਸਲੀ ਸੰਘਰਸ਼ ਵਿੱਚ ਹਿੱਸਾ ਲੈਂਦਾ ਹੈ ਅਤੇ ਆਪਣਾ ਸੰਸਾਰ ਨਜ਼ਰੀਆ ਮੁੜ-ਢਾਲਣ ਲਈ ਸਖਤ ਮਿਹਨਤ ਕਰਦਾ ਹੈ, ਉਹ ਝੂਠੇ ਮਾਰਕਸਵਾਦ ਤੋਂ ਖਰੇ ਮਾਰਕਸਵਾਦ ਨੂੰ ਵਖਰਿਆਉਣ ਅਤੇ ਸਹੀ ਤੇ ਗਲਤ ਲੀਹਾਂ ਤੇ ਵਿਚਾਰਾਂ ਨੂੰ ਅਲੱਗ-ਅਲੱਗ ਪਛਾਣਨ ਦੀ ਯੋਗਤਾ ਨੂੰ ਹੋਰ ਵਿਕਸਤ ਕਰਦਾ ਜਾਂਦਾ ਹੈ।

ਸੰਘਰਸ਼ ਕਰਦੇ ਹੋਏ, ਸਾਨੂੰ ਚੇਅਰਮੈਨ ਮਾਓ ਦੇ ਦੋ ਲੀਹਾਂ ਵਿਚਾਲੇ ਸੰਘਰਸ਼ ਬਾਰੇ ਸਿਧਾਂਤ ਨੂੰ ਪੜ੍ਹਨਾ ਚਾਹੀਦਾ ਹੈ ਅਤੇ ਉਹਨਾਂ ਦੇ ਅਭਿਆਸ ਤੋਂ ਚੰਗੀ ਤਰ੍ਹਾਂ ਸਿੱਖਣਾ ਚਾਹੀਦਾ ਹੈ; ਸਾਨੂੰ ਨਾ ਸਿਰਫ਼ ਸਿਧਾਂਤ ਵਿੱਚ ਅਡਿੱਗ ਹੋਣਾ ਚਾਹੀਦਾ ਹੈ, ਸਗੋਂ ਸਹੀ ਨੀਤੀਆਂ ਵੀ ਲਾਗੂ ਕਰਨੀਆਂ ਚਾਹੀਦੀਆਂ ਹਨ, ਵੱਖ-ਵੱਖ ਸੁਭਾਅ ਦੀਆਂ ਵਿਰੋਧਤਾਈਆਂ ਦੀਆਂ ਦੋ ਵੰਨਗੀਆਂ ਵਿਚਾਲੇ ਸਪੱਸ਼ਟ ਨਿਖੇੜਾ ਕਰਨਾ ਚਾਹੀਦਾ ਹੈ, ਵਿਸ਼ਾਲ ਬਹੁਗਿਣਤੀ ਨੂੰ ਇੱਕਮੁੱਠ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ ਅਤੇ ਪਾਰਟੀ ਜਾਬਤੇ ਨੂੰ ਮੰਨਣਾ ਚਾਹੀਦਾ ਹੈ।

ਚੌਥਾ. ਜਮਾਤੀ ਸੰਘਰਸ਼ਾਂ ਦੇ ਸਿਲਸਿਲੇ ਦੌਰਾਨ ਸਾਨੂੰ ਪ੍ਰੋਲੇਤਾਰੀ ਇਨਕਲਾਬ ਦੇ ਕਾਜ਼ ਲਈ ਲੱਖਾਂ ਉੱਤਰਾਧਿਕਾਰੀਆਂ ਨੂੰ ਸਿਖਲਾਈ ਦੇਣੀ ਚਾਹੀਦੀ ਹੈ। ਚੇਅਰਮੈਨ ਨੇ ਕਿਹਾ ਹੈ, “ਇਹ ਗਰੰਟੀ ਕਰਨ ਲਈ ਕਿ ਸਾਡੀ ਪਾਰਟੀ ਅਤੇ ਦੇਸ਼ ਰੰਗ ਨਹੀਂ ਬਦਲਣਗੇ, ਸਾਡੇ ਕੋਲ਼ ਨਾ ਸਿਰਫ਼ ਸਹੀ ਲੀਹ ਅਤੇ ਸਹੀ ਨੀਤੀਆਂ ਹੀ ਨਹੀਂ ਹੋਣੀਆਂ ਚਾਹੀਦੀਆਂ ਸਗੋਂ ਪ੍ਰੋਲੇਤਾਰੀ ਇਨਕਲਾਬ ਦੇ ਕਾਜ਼ ਲਈ ਲੱਖਾਂ ਉੱਤਰਾਧਿਕਾਰੀਆਂ ਨੂੰ ਵੀ ਸਿਖਲਾਈ ਦੇਣੀ ਤੇ ਵਿਕਸਤ ਕਰਨਾ ਚਾਹੀਦਾ ਹੈ।” ਜਿਵੇਂ ਕਿ ਉੱਪਰ ਕਿਹਾ ਗਿਆ ਹੈ, ਜਿਹਨਾਂ ਨੂੰ ਸਿਖਲਾਈ ਦਿੱਤੀ ਜਾਣੀ ਹੈ, ਉਹ ਕੋਈ ਇੱਕ-ਦੁੱਕਾ ਵਿਅਕਤੀ ਨਹੀਂ, ਸਗੋਂ ਲੱਖਾਂ ਹਨ। ਅਜਿਹਾ ਕਾਰਜ ਓਨਾ ਚਿਰ ਪੂਰਾ ਨਹੀਂ ਹੋ ਸਕਦਾ ਜਦੋਂ ਤੱਕ ਸਮੁੱਚੀ ਪਾਰਟੀ ਇਸਦੀ ਅਹਿਮੀਅਤ ਨਹੀਂ ਸਮਝ ਲੈਂਦੀ। ਪਾਰਟੀ ਸੰਵਿਧਾਨ ਵਿੱਚ ਸੋਧ ਬਾਰੇ ਵਿਚਾਰ-ਚਰਚਾ ਕਰਦੇ ਹੋਏ ਕਈ ਪੁਰਾਣੇ ਸਾਥੀਆਂ ਨੇ ਇਹ ਤਕੜੀ ਇੱਛਾ ਜ਼ਾਹਰ ਕੀਤੀ ਹੈ ਕਿ ਉੱਤਰਧਿਕਾਰੀਆਂ ਨੂੰ ਸਿੱਖਿਅਤ ਕਰਨ ਦੇ ਕੰਮ ਨੂੰ ਹੋਰ ਬਿਹਤਰ ਬਣਾਉਣਾ ਪਵੇਗਾ ਤਾਂ ਕਿ ਚੇਅਰਮੈਨ ਮਾਓ ਦੀ ਅਗਵਾਈ ਵਿੱਚ ਸਾਡੀ ਪਾਰਟੀ ਵੱਲੋਂ ਸ਼ੁਰੂ ਕੀਤੇ ਗਏ ਸਾਡੇ ਪ੍ਰੋਲੇਤਾਰੀ ਇਨਕਲਾਬ ਦੇ ਕਾਜ਼ ਨੂੰ ਵਾਰਸਾਂ ਦੇ ਅਮੁੱਕ ਵਹਾਅ ਸਦਕਾ ਅੱਗੇ ਵਧਾਇਆ ਜਾਵੇਗਾ। ਬਹੁਤ ਸਾਰੇ ਨਵੇਂ ਸਾਥੀਆਂ ਨੇ ਆਪਣੇ ਤਾਈਂ ਪੁਰਾਣੇ ਸਾਥੀਆਂ ਜਿਹੜੇ ਇਨਕਲਾਬੀ ਯੁੱਧ ਤੇ ਇਨਕਲਾਬੀ ਸੰਘਰਸ਼ ਦੇ ਲੰਮੇ ਅਰਸੇ ਵਿੱਚ ਢਲੇ-ਤਪੇ ਹਨ ਤੇ ਅਮੀਰ ਤਜ਼ਰਬਾ ਰੱਖਦੇ ਹਨ, ਦੇ ਮਜਬੂਤ ਪਹਿਲੂਆਂ ਤੋਂ ਨਿਮਰਤਾ ਨਾਲ਼ ਸਿੱਖਣ, ਆਪਣੇ ਆਪ ਨਾਲ਼ ਸਖਤਾਈ ਵਰਤਣ ਅਤੇ ਇਨਕਲਾਬ ਨੂੰ ਅੱਗੇ ਵਧਾਉਣ ਲਈ ਪੂਰਾ ਤਾਣ ਲਗਾ ਦੇਣ ਦਾ ਨਿੱਘਾ ਅਹਿਦ ਲਿਆ। ਪੁਰਾਣੇ ਅਤੇ ਨਵੇਂ ਸਾਥੀਆਂ, ਦੋਵਾਂ ਨੇ ਇੱਕ-ਦੂਜੇ ਦੇ ਮਜਬੂਤ ਪਹਿਲੂਆਂ ਤੋਂ ਸਿੱਖਣ ਅਤੇ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਦੇ ਆਪਣੇ ਇਰਾਦੇ ਦਾ ਇਜਹਾਰ ਕੀਤਾ। ਪ੍ਰਗਟ ਹੋਈਆਂ ਇਹਨਾਂ ਰਾਵਾਂ ਦੇ ਮੱਦੇਨਜ਼ਰ ਵਾਰਸਾਂ ਨੂੰ ਸਿੱਖਿਅਤ ਕਰਨ ਦੀ ਜਰੂਰਤ ਸਬੰਧੀ ਇੱਕ ਵਾਕ ਖਰੜੇ ਦੇ ਆਮ ਪ੍ਰੋਗਰਾਮ ਵਿੱਚ ਜੋੜਿਆ ਗਿਆ ਹੈ, ਅਤੇ ਸਾਰੇ ਪੱਧਰਾਂ ਦੀਆਂ ਆਗੂ ਟੋਲੀਆਂ ਵਿੱਚ  ਪੁਰਾਣੇ, ਦਰਮਿਆਨੇ ਅਤੇ ਨਵਿਆਂ ਨੂੰ ਮਿਲਾਉਣ ਦੇ ਸਿਧਾਂਤ ਨੂੰ ਲਾਗੂ ਕਰਨ ਸਬੰਧੀ ਵੀ ਇੱਕ ਹੋਰ ਵਾਕ ਧਾਰਾਵਾਂ ਵਿੱਚ ਜੋੜਿਆ ਗਿਆ ਹੈ। ਪ੍ਰੋਲੇਤਾਰੀ ਇਨਕਲਾਬ ਦੇ ਕਾਜ਼ ਦੇ ਵਾਰਸਾਂ ਲਈ ਚੇਅਰਮੈਨ ਮਾਓ ਵੱਲੋਂ ਰੱਖੀਆਂ ਸ਼ਰਤਾਂ ਦੇ ਅਨੁਸਾਰ ਸਾਨੂੰ ਮਜਦੂਰਾਂ ਅਤੇ ਗਰੀਬ ਤੇ ਨਿਮਨ-ਮੱਧਵਰਗੀ ਕਿਸਾਨਾਂ ਵਿੱਚੋਂ ਸਿਰਕੱਢਵੇਂ ਵਿਅਕਤੀਆਂ ਨੂੰ ਚੁਣਨ ਅਤੇ ਸਾਰੇ ਪੱਧਰਾਂ ਦੀਆਂ ਆਗੂ ਪੋਜ਼ੀਸ਼ਨਾਂ ਉੱਤੇ ਲਗਾਉਣ ਉੱਤੇ ਜ਼ੋਰ ਦੇਣਾ ਪਵੇਗਾ। ਸਾਨੂੰ ਔਰਤ ਕਾਡਰਾਂ ਅਤੇ ਘੱਟਗਿਣਤੀ ਕੌਮੀਅਤਾਂ ਦੇ ਕਾਡਰਾਂ ਨੂੰ ਸਿੱਖਿਅਤ ਕਰਨ ਵੱਲ ਵੀ ਧਿਆਨ ਦੇਣਾ ਹੋਵੇਗਾ।

ਪੰਜਵਾਂ. ਸਾਨੂੰ ਪਾਰਟੀ ਦੀ ਕੇਂਦਰੀਕ੍ਰਿਤ ਅਗਵਾਈ ਨੂੰ ਮਜਬੂਤ ਕਰਨਾ ਹੋਵੇਗਾ ਅਤੇ ਪਾਰਟੀ ਦੇ ਰਵਾਇਤੀ ਕੰਮ-ਢੰਗ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਸਿਆਸੀ ਪਾਰਟੀ ਪ੍ਰੋਲੇਤਾਰੀ ਦੀ ਜਥੇਬੰਦੀ ਦਾ ਸਭ ਤੋਂ ਉਚੇਰਾ ਰੂਪ ਹੈ ਅਤੇ ਪਾਰਟੀ ਨੂੰ ਹਰ ਚੀਜ ਵਿੱਚ ਅਗਵਾਈ ਕਰਨੀ ਚਾਹੀਦੀ ਹੈ; ਇਹ ਇੱਕ ਮਹੱਤਵਪੂਰਨ ਮਾਰਕਸਵਾਦੀ ਸਿਧਾਂਤ ਹੈ। ਅਲੱਗ-ਅਲੱਗ ਇਕਾਈਆਂ ਵੱਲੋਂ ਪਾਰਟੀ ਦੀ ਕੇਂਦਰੀਕ੍ਰਿਤ ਅਗਵਾਈ ਨੂੰ ਮਜਬੂਤ ਕਰਨ ਦੇ ਸੁਝਾਵਾਂ ਨੂੰ ਵੀ ਖਰੜੇ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਕਿਹਾ ਗਿਆ ਹੈ ਕਿ ਸੱਤ੍ਹਾ ਦੇ ਅੰਗ, ਲੋਕ-ਮੁਕਤੀ ਫੌਜ ਅਤੇ ਇਨਕਲਾਬੀ ਜਨਤਕ ਜਥੇਬੰਦੀਆਂ ਨੂੰ “ਲਾਜਮੀ ਹੀ ਪਾਰਟੀ ਦੀ ਕੇਂਦਰੀਕ੍ਰਿਤ ਅਗਵਾਈ ਨੂੰ ਮੰਨਣਾ ਚਾਹੀਦਾ ਹੈ।” ਜਥੇਬੰਦਕ ਪੱਖੋਂ, ਪਾਰਟੀ ਦੀ ਕੇਂਦਰੀਕ੍ਰਿਤ ਅਗਵਾਈ ਦੋ ਤਰੀਕਿਆਂ ਨਾਲ਼ ਪ੍ਰਗਟ ਹੋਣੀ ਚਾਹੀਦੀ ਹੈ: ਪਹਿਲਾ, ਜਿੱਥੋਂ ਤੱਕ ਸੱਤ ਖੇਤਰਾਂ – ਸਨਅਤ, ਖੇਤੀ, ਵਪਾਰ, ਸੱਭਿਆਚਾਰ ਤੇ ਸਿੱਖਿਆ, ਫੌਜ, ਸਰਕਾਰ ਅਤੇ ਪਾਰਟੀ – ਦੀਆਂ ਇੱਕੋ ਪੱਧਰ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਪਸੀ ਸਬੰਧਾਂ ਦਾ ਸਵਾਲ ਹੈ, ਇਹ ਪਾਰਟੀ ਹੈ ਜਿਹੜੀ ਸਮੁੱਚ ਵਿੱਚ ਅਗਵਾਈ ਸਾਂਭਦੀ ਹੈ; ਪਾਰਟੀ ਬਾਕੀ ਸਭ ਦੇ ਬਰਾਬਰ ਨਹੀਂ ਹੈ ਅਤੇ ਕਿਸੇ ਹੋਰ ਦੀ ਅਗਵਾਈ ਥੱਲੇ ਤਾਂ ਇਹ ਬਿਲਕੁਲ ਵੀ ਨਹੀਂ ਹੈ। ਦੂਸਰਾ, ਜਿੱਥੋਂ ਤੱਕ ਉਚੇਰੇ ਅਤੇ ਹੇਠਲੇ ਪੱਧਰਾਂ ਵਿਚਾਲੇ ਸਬੰਧਾਂ ਦਾ ਸਵਾਲ ਹੈ, ਹੇਠਲਾ ਉਚੇਰੇ ਦੇ ਅਧੀਨ ਹੁੰਦਾ ਹੈ ਅਤੇ ਪਾਰਟੀ ਕੇਂਦਰੀ ਕਮੇਟੀ ਦੇ ਅਧੀਨ ਹੁੰਦੀ ਹੈ। ਇਹ ਲੰਮੇ ਸਮੇਂ ਤੋਂ ਸਾਡੀ ਪਾਰਟੀ ਦਾ ਅਸੂਲ ਰਿਹਾ ਹੈ ਅਤੇ ਇਸਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਸਾਨੂੰ ਪਾਰਟੀ ਦੀ ਕੇਂਦਰੀਕ੍ਰਿਤ ਅਗਵਾਈ ਨੂੰ ਮਜਬੂਤ ਕਰਨਾ ਚਾਹੀਦਾ ਹੈ ਅਤੇ ਇੱਕ ਪਾਰਟੀ ਕਮੇਟੀ ਦੀ ਅਗਵਾਈ ਨੂੰ ਵੱਖ-ਵੱਖ ਖੇਤਰਾਂ ਦੀ “ਸਾਂਝੀ ਕਾਨਫਰੰਸ” ਨਹੀਂ ਬਣਾ ਦੇਣਾ ਚਾਹੀਦਾ। ਪ੍ਰੰਤੂ ਉਸੇ ਸਮੇਂ ਹੀ, ਇਨਕਲਾਬੀ ਕਮੇਟੀਆਂ, ਦੂਜੇ ਖੇਤਰਾਂ ਤੇ ਜਥੇਬੰਦੀਆਂ ਦੇ ਸਾਰੇ ਪੱਧਰਾਂ ਨੂੰ ਆਪਣੀ ਬਣਦੀ ਭੂਮਿਕਾ ਨੂੰ ਪੂਰੀ ਤਰ੍ਹਾਂ ਨਿਭਾਉਣ ਦੇਣਾ ਵੀ ਲਾਜਮੀ ਹੈ। ਪਾਰਟੀ ਕਮੇਟੀ ਨੂੰ ਜਮਹੂਰੀ ਕੇਂਦਰਵਾਦ ਲਾਗੂ ਕਰਨਾ ਚਾਹੀਦਾ ਹੈ ਅਤੇ ਆਪਣੀ ਸਮੂਹਿਕ ਅਗਵਾਈ ਨੂੰ ਮਜਬੂਤ ਕਰਨਾ ਚਾਹੀਦਾ ਹੈ। ਇਸਨੂੰ “ਦੇਸ਼ ਦੇ ਸਾਰੇ ਕੋਨਿਆਂ ਤੋਂ” ਲੋਕਾਂ ਨੂੰ ਇੱਕਮੁੱਠ ਕਰਨਾ ਚਾਹੀਦਾ ਹੈ ਅਤੇ ਪਹਾੜਾਂ ਵਿੱਚ ਹੀ ਮਜਬੂਤ ਹੋਣ ਦੇ ਖੇਤਰਵਾਦ ਨੂੰ ਨਹੀਂ ਅਪਣਾਉਣਾ ਚਾਹੀਦਾ। ਇਸਨੂੰ “ਸਭ ਲੋਕਾਂ ਨੂੰ ਆਪਣੀ ਗੱਲ ਰੱਖਣ ਦੇਣਾ ਚਾਹੀਦਾ ਹੈ” ਅਤੇ ਨਾ ਕਿ “ਇੱਕ ਵਿਅਕਤੀ ਨੂੰ ਬੋਲਣ ਦੇਣ ਦੇਣਾ ਚਾਹੀਦਾ ਹੈ।” ਪਾਰਟੀ ਦੀ ਕੇਂਦਰੀਕ੍ਰਿਤ ਅਗਵਾਈ ਦਾ ਸਭ ਤੋਂ ਲਾਜਮੀ ਤੱਤ ਸਹੀ ਵਿਚਾਰਧਾਰਕ ਅਤੇ ਸਿਆਸੀ ਲੀਹ ਰਾਹੀਂ ਅਗਵਾਈ ਹੈ। ਚੇਅਰਮੈਨ ਮਾਓ ਦੀ ਇਨਕਲਾਬੀ ਲੀਹ ਦੇ ਅਧਾਰ ਉੱਤੇ ਸਾਰੇ ਪੱਧਰਾਂ ਦੀਆਂ ਪਾਰਟੀ ਕਮੇਟੀਆਂ ਨੂੰ ਸੋਚ, ਨੀਤੀ, ਯੋਜਨਾ, ਕਮਾਂਡ ਤੇ ਕਾਰਵਾਈ ਵਿੱਚ ਏਕਤਾ ਹਾਸਲ ਕਰਨੀ ਚਾਹੀਦੀ ਹੈ।

ਸਿਧਾਂਤ ਨੂੰ ਅਭਿਆਸ ਨਾਲ਼ ਜੋੜਨ, ਲੋਕਾਈ ਨਾਲ਼ ਨਜਦੀਕੀ ਰਿਸ਼ਤੇ ਬਣਾ ਕੇ ਰੱਖਣ ਅਤੇ ਅਲੋਚਨਾ ਆਤਮ-ਅਲੋਚਨਾ ਨੂੰ ਲਾਗੂ ਕਰਨ ਦੇ ਕੰਮ-ਢੰਗ ਨੂੰ ਆਮ ਪ੍ਰੋਗਰਾਮ ਦੇ ਖਰੜੇ ਵਿੱਚ ਦਰਜ ਕੀਤਾ ਗਿਆ ਹੈ। ਚੇਅਰਮੈਨ ਮਾਓ ਵੱਲੋਂ ਪਾਈ ਗਈ ਸਾਡੀ ਪਾਰਟੀ ਦੀ ਇਸ ਪਿਰਤ ਤੋਂ ਪੁਰਾਣੀ ਪੀੜ੍ਹੀ ਦੇ ਕਮਿਊਨਿਸਟ ਚੰਗੀ ਤਰ੍ਹਾਂ ਜਾਣੂ ਹਨ; ਪ੍ਰੰਤੂ ਉਹ ਅਜੇ ਵੀ ਇਸ ਸਵਾਲ ਦਾ ਸਾਹਮਣਾ ਕਰਦੇ ਹਨ ਕਿ ਨਵੀਆਂ ਇਤਿਹਾਸਕ ਹਾਲਤਾਂ ਵਿੱਚ ਇਸ ਨੂੰ ਕਿਵੇਂ ਅੱਗੇ ਤੋਰਿਆ ਜਾਵੇ, ਉੱਥੇ ਹੀ ਬਹੁਤ ਸਾਰੇ ਨਵੇਂ ਬਣੇ ਪਾਰਟੀ ਮੈਂਬਰਾਂ ਲਈ ਇਹ ਸਿੱਖਣ, ਆਤਮਸਾਤ ਕਰਨ ਅਤੇ ਅੱਗੇ ਵਧਾਉਣ ਦਾ ਸਵਾਲ ਹੈ। ਚੇਅਰਮੈਨ ਮਾਓ ਅਕਸਰ ਸਾਨੂੰ ਤਿੱਖੇ ਸੰਘਰਸ਼ ਦੇ ਸਾਲਾਂ ਦੌਰਾਨ ਦੀਆਂ ਪਾਰਟੀ ਸਰਗਰਮੀਆਂ ਦੇ ਵਰਣਨ ਕਰਕੇ ਸਿੱਖਿਅਤ ਕਰਦੇ ਹਨ, ਸਾਨੂੰ ਵੀ ਅਜਿਹੇ ਹੀ ਵਿਸਥਾਰਾਂ ਨੂੰ, ਚਾਹੇ ਉਹ ਕੌੜੇ ਹੋਣ ਜਾਂ ਮਿੱਠੇ, ਵਿਆਪਕ ਲੋਕਾਈ ਨਾਲ਼ ਸਾਂਝਾ ਕਰਨ ਲਈ ਆਖਦੇ ਹਨ। ਸਾਨੂੰ ਬੁਰਜੂਆ ਵਿਚਾਰਧਾਰਾ ਵੱਲੋਂ ਲਾਈਆਂ ਜਾਂਦੀਆਂ ਸੰਨ੍ਹਾਂ ਅਤੇ ਖੰਡ-ਲਪੇਟੀਆਂ ਗੋਲ਼ੀਆਂ ਦੇ ਹਮਲਿਆਂ ਤੋਂ ਚੌਕਸ ਰਹਿਣਾ ਚਾਹੀਦਾ ਹੈ; ਸਾਨੂੰ ਨਿਮਰ ਤੇ ਸਾਦਾ, ਸਖਤ ਮਿਹਨਤ ਵਾਲ਼ਾ ਤੇ ਸਿੱਧਾ-ਸਾਦਾ ਜੀਵਨ ਜਿਉਣਾ ਚਾਹੀਦਾ ਹੈ, ਵਿਸ਼ੇਸ਼ਧਿਕਾਰਾਂ ਦਾ ਵਿਰੋਧ ਅਤੇ  “ਪਿਛਲੇ ਦਰਵਾਜ਼ੇ ਰਾਹੀਂ ਅੰਦਰ ਆਉਣ” ਜਿਹੀਆਂ ਪ੍ਰਵਿਰਤੀਆਂ ਨੂੰ ਸਖਤੀ ਨਾਲ਼ ਕਾਬੂ ਕਰਨਾ ਚਾਹੀਦਾ ਹੈ।

ਹੁਣ, ਮੈਂ ਲੋਕਾਂ ਤੋਂ ਅਲੋਚਨਾ ਸੁਣਨ ਅਤੇ ਲੋਕਾਂ ਦੀ ਨਿਗਰਾਨੀ ਕਬੂਲਣ ਦੇ ਸਵਾਲ ਉੱਤੇ ਉਚੇਚੇ ਤੌਰ ‘ਤੇ ਜ਼ੋਰ ਦੇ ਕੇ ਚਰਚਾ ਕਰਾਂਗਾ। ਸਾਡਾ ਦੇਸ਼ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਵਾਲ਼ਾ ਸਮਾਜਵਾਦੀ ਦੇਸ਼ ਹੈ। ਮਜਦੂਰ ਜਮਾਤ, ਗਰੀਬ ਤੇ ਨਿਮਨ-ਮੱਧਵਰਗੀ ਕਿਸਾਨ ਅਤੇ ਹੋਰ ਕਿਰਤੀ ਲੋਕ ਸਾਡੇ ਦੇਸ਼ ਦੇ ਮਾਲਕ ਹਨ। ਸਾਡੀ ਪਾਰਟੀ ਅਤੇ ਸੱਤ੍ਹਾ ਦੇ ਅੰਗਾਂ ਦੇ ਸਾਰੇ ਪੱਧਰਾਂ ਦੇ ਕਾਡਰਾਂ ਉੱਤੇ ਇਨਕਲਾਬੀ ਨਿਗਰਾਨੀ ਰੱਖਣ ਦਾ ਉਹਨਾਂ ਨੂੰ ਹੱਕ ਹਾਸਲ ਹੈ। ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਸਦਕਾ ਇਸ ਸੰਕਲਪ ਨੇ ਸਾਡੀ ਪਾਰਟੀ ਅੰਦਰ ਜੜ੍ਹਾਂ ਹੋਰ ਡੂੰਘੀਆਂ ਕੀਤੀਆਂ ਹਨ। ਪ੍ਰੰਤੂ ਅਜੇ ਕੁਝ ਵੀ ਥੋੜੀ ਗਿਣਤੀ ‘ਚ ਅਜਿਹੇ ਕਾਡਰ ਹਨ, ਖਾਸ ਕਰਕੇ ਆਗੂ ਭੂਮਿਕਾ ਵਾਲ਼ੇ ਕਾਡਰ, ਜਿਹੜੇ ਪਾਰਟੀ ਦੇ ਅੰਦਰ ਜਾਂ ਬਾਹਰ ਨਜ਼ਰੀਆਂ ਦੀ ਭਿੰਨਤਾ ਨੂੰ ਬਰਦਾਸ਼ਤ ਨਹੀਂ ਕਰਦੇ। ਇੱਥੋਂ ਤੱਕ ਕਿ ਉਹ ਅਲੋਚਨਾ ਨੂੰ ਦਬਾਉਂਦੇ ਅਤੇ ਜਵਾਬੀ ਹਮਲਾ ਕਰਦੇ ਹਨ, ਅਤੇ ਇਹ ਮਸਲਾ ਕੁਝ ਵਿਅਕਤੀਆਂ ਦੇ ਮਾਮਲੇ ਵਿੱਚ ਬਹੁਤ ਗੰਭੀਰ ਹੈ। ਲੋਕਾਂ ਵਿੱਚ ਸਮੱਸਿਆਵਾਂ ਨੂੰ ਨਜਿੱਠਦੇ ਹੋਏ ਅਜਿਹੇ ਤੌਰ-ਤਰੀਕੇ ਜਿਵੇਂ “ਜੇ ਮੰਨਦਾ ਨਹੀਂ ਤਾਂ ਦਬਾਉ, ਜੇ ਦੱਬਦਾ ਨਹੀਂ ਤਾਂ ਗ੍ਰਿਫਤਾਰ ਕਰ ਲਵੋ”, ਅਪਣਾਉਣ ਦੀ ਪਾਰਟੀ ਜ਼ਾਬਤਾ ਇਕਦਮ ਮਨਾਹੀ ਕਰਦਾ ਹੈ। ਖਰੜੇ ਵਿੱਚ ਇਹ ਵਾਕ ਵਧਾਇਆ ਗਿਆ ਕਿ “ਅਲੋਚਨਾ ਨੂੰ ਦਬਾਉਣ ਤੇ ਜਵਾਬੀ ਹਮਲਾ ਕਰਣ ਦੀ ਪੂਰੀ ਤਰ੍ਹਾਂ ਮਨਾਹੀ ਹੈ।” ਸਾਨੂੰ ਇਸ ਸਵਾਲ ਨੂੰ ਸਮਝਣ ਲਈ ਇਸ ਸਵਾਲ ਨੂੰ ਦੋ ਲੀਹਾਂ ਦੇ ਸੰਘਰਸ਼ ਦੇ ਧਰਾਤਲ ਤੋਂ ਖੜੇ ਹੋ ਕੇ ਵਾਚਣਾ ਚਾਹੀਦਾ ਹੈ, ਅਤੇ ਪਾਰਟੀ ਜ਼ਾਬਤੇ ਦੀਆਂ ਅਜਿਹੀਆਂ ਉਲੰਘਣਾਵਾਂ ਖਿਲਾਫ਼ ਦ੍ਰਿੜ੍ਹਤਾ ਨਾਲ਼ ਲੜਨਾ ਚਾਹੀਦਾ ਹੈ। ਸਾਨੂੰ ਲਾਜਮੀ ਹੀ ਲੋਕਾਂ ਵਿੱਚ ਭਰੋਸਾ ਰੱਖਣਾ ਚਾਹੀਦਾ ਹੈ, ਉਹਨਾਂ ਉੱਤੇ ਹੀ ਟੇਕ ਰੱਖਣੀ ਚਾਹੀਦੀ ਹੈ, ਵੱਡ-ਅੱਖਰੀ ਪੋਸਟਰ ਲਿਖਣੇ ਚਾਹੀਦੇ ਹਨ ਤੇ ਵੱਡੀਆਂ ਬਹਿਸਾਂ ਕਰਾਉਣੀਆਂ ਚਾਹੀਦੀਆਂ ਹਨ ਅਤੇ ਜਤਨ ਕਰਨੇ ਚਾਹੀਦੇ ਹਨ ਕਿ “ਅਜਿਹੇ ਸਿਆਸੀ ਹਾਲਾਤ ਪੈਦਾ ਹੋਣ ਜਿੱਥੇ ਕੇਂਦਰਵਾਦ ਅਤੇ ਜਮਹੂਰੀਅਤ ਦੋਵੇਂ ਹੋਣ, ਜ਼ਾਬਤਾ ਤੇ ਅਜ਼ਾਦੀ, ਇੱਛਾ ਸ਼ਕਤੀ ਦੀ ਏਕਤਾ ਅਤੇ ਮਨ ਤੇ ਜ਼ਿੰਦਗੀ ਦਾ ਵਿਅਕਤੀਗਤ ਸਕੂਨ ਦੋਵੇਂ ਹੋਣ ਤਾਂ ਕਿ ਸਾਡੇ ਸਮਾਜਵਾਦੀ ਇਨਕਲਾਬ ਅਤੇ ਸਮਾਜਵਾਦੀ ਉਸਾਰੀ ਨੂੰ ਹੁਲਾਰਾ ਮਿਲੇ, ਮੁਸ਼ਕਿਲਾਂ ਉੱਤੇ ਕਾਬੂ ਪਾਉਣਾ ਆਸਾਨ ਹੋਵੇ, ਸਾਡੇ ਦੇਸ਼ ਨੂੰ ਲੋੜੀਂਦੀ ਤੇਜ਼ੀ ਨਾਲ਼ ਆਧੁਨਿਕ ਸਨਅਤ ਤੇ ਆਧੁਨਿਕ ਖੇਤੀ ਉਸਾਰਨ ਵਿੱਚ ਮਦਦ ਮਿਲੇ, ਸਾਡੀ ਪਾਰਟੀ ਤੇ ਰਾਜ ਨੂੰ ਮਜਬੂਤੀ ਮਿਲੇ ਤੇ ਉਹ ਤੂਫ਼ਾਨਾਂ ਤੇ ਔਕੜਾਂ ਨੂੰ ਝੱਲਣ ਲਈ ਵਧੇਰੇ ਯੋਗ ਬਣੇ।”

ਛੇਵਾਂ.  ਪ੍ਰੋਲੇਤਾਰੀ ਕੌਮਾਂਤਰੀਵਾਦ ਨੂੰ ਬੁਲੰਦ ਕਰਨਾ ਸਾਡੀ ਪਾਰਟੀ ਦਾ ਪੱਕਾ ਅਸੂਲ ਰਿਹਾ ਹੈ। ਇਸ ਵਾਰੀ ਹੋਰ ਅੱਗੇ ਜਾਂਦੇ ਹੋਏ ਅਸੀਂ “ਮਹਾਂਸ਼ਕਤੀ ਸ਼ਾਵਨਵਾਦ ਦਾ ਵਿਰੋਧ ਕਰੋ” ਨੂੰ ਖਰੜੇ ਵਿੱਚ ਸ਼ਾਮਲ ਕੀਤਾ ਹੈ। ਸਾਮਰਾਜਵਾਦ, ਆਧੁਨਿਕ ਸੋਧਵਾਦ ਅਤੇ ਸਭਨਾਂ ਪਿਛਾਖੜੀਆਂ ਦਾ ਵਿਰੋਧ ਕਰਨ ਲਈ, ਅਤੇ ਅੱਜ ਖਾਸ ਤੌਰ ਉੱਤੇ ਦੋ ਮਹਾਂਸ਼ਕਤੀਆਂ – ਅਮਰੀਕਾ ਅਤੇ ਸੋਵੀਅਤ ਯੂਨੀਅਨ – ਦੇ ਗਲਬੇ ਦਾ ਵਿਰੋਧ ਕਰਨ ਵਿੱਚ ਅਸੀਂ ਹਮੇਸ਼ਾਂ ਸੰਸਾਰ ਭਰ ਦੇ ਪ੍ਰੋਲੇਤਾਰੀ ਤੇ ਇਨਕਲਾਬੀ ਲੋਕਾਂ ਦੇ ਨਾਲ਼ ਖੜਾਂਗੇ। ਨਵੀਂ ਸੰਸਾਰ ਜੰਗ ਦਾ ਖਤਰਾ ਅਜੇ ਵੀ ਬਣਿਆ ਹੋਇਆ ਹੈ। ਸਾਨੂੰ ਬਿਨਾਂ ਕਿਸੇ ਚੂਕ ਦੇ ਕਿਸੇ ਵੀ ਹਮਲਾਵਰ ਯੁੱਧ ਦਾ ਸਾਹਮਣਾ ਕਰਨ ਲਈ ਤਿਆਰੀ ਰੱਖਣੀ ਹੋਵੇਗੀ ਅਤੇ ਸਾਮਰਾਜਵਾਦ ਅਤੇ ਸਮਾਜਕ ਸਾਮਰਾਜਵਾਦ ਵੱਲੋਂ ਕਿਸੇ ਅਚਾਨਕ ਹਮਲੇ ਪ੍ਰਤੀ ਚੌਕਸ ਰਹਿਣਾ ਹੋਵੇਗਾ।

ਚੇਅਰਮੈਨ ਮਾਓ ਕਹਿੰਦੇ ਹਨ, “ਆਪਣੇ ਕੌਮਾਂਤਰੀ ਸਬੰਧਾਂ ਵਿੱਚ, ਸਾਨੂੰ ਚੀਨੀ ਲੋਕਾਂ ਨੂੰ ਮਹਾਂਸ਼ਕਤੀ ਸ਼ਾਵਨਵਾਦ ਤੋਂ ਦ੍ਰਿੜ੍ਹਤਾ ਨਾਲ਼, ਗਹਿਰਾਈ ਵਿੱਚ ਜਾ ਕੇ ਅਤੇ ਮੁਕੰਮਲ ਰੂਪ ਵਿੱਚ ਖਹਿੜਾ ਛੁਡਾਉਣਾ ਚਾਹੀਦਾ ਹੈ।” ਸਾਡੇ ਕੋਲ ਵਿਸ਼ਾਲ ਵਸੋਂ, ਵਿਸ਼ਾਲ ਭੂ-ਖਿੱਤਾ ਅਤੇ ਵੱਡੀ ਮਾਤਰਾ ਵਿੱਚ ਸ੍ਰੋਤ ਹਨ। ਸਾਨੂੰ ਸਾਡੇ ਦੇਸ਼ ਨੂੰ ਖੁਸ਼ਹਾਲ ਅਤੇ ਤਾਕਤਵਰ ਬਣਾਉਣਾ ਚਾਹੀਦਾ ਹੈ ਅਤੇ ਅਜਿਹਾ ਕਰਨ ਦੇ ਅਸੀਂ ਪੂਰੀ ਤਰ੍ਹਾਂ ਕਾਬਲ ਹਾਂ। ਪ੍ਰੰਤੂ ਸਾਨੂੰ “ਕਦੇ ਵੀ ਗਲਬਾ ਕਾਇਮ ਕਰਨ ਦਾ ਜਤਨ ਨਾ ਕਰੋ” ਦੇ ਅਸੂਲ ਨੂੰ ਬਣਾਏ ਰੱਖਣਾ ਹੋਵੇਗਾ ਅਤੇ ਕਿਸੇ ਵੀ ਸੂਰਤ ਵਿੱਚ ਮਹਾਂਸ਼ਕਤੀ ਨਹੀਂ ਬਣਨਾ ਚਾਹੀਦਾ। ਸਾਰੇ ਪਾਰਟੀ ਕਾਮਰੇਡਾਂ ਨੂੰ ਚੇਅਰਮੈਨ ਮਾਓ ਦੀਆਂ ਸਿੱਖਿਆਵਾਂ ਨੂੰ ਮਨ ਵਿੱਚ ਬਿਠਾ ਲੈਣਾ ਚਾਹੀਦਾ ਹੈ ਕਿ ਸਾਨੂੰ ਕਦੇ ਵੀ, ਸੌ ਸਾਲਾਂ ਬਾਅਦ ਵੀ, ਘੁਮੰਡੀ ਨਹੀਂ ਹੋਣਾ ਚਾਹੀਦਾ ਅਤੇ ਕਦੇ ਵੀ, 21ਵੀਂ ਸਦੀ ਗੁਜ਼ਰ ਜਾਣ ਤੋਂ ਬਾਅਦ ਵੀ, ਹੈਂਕੜਬਾਜ਼ ਨਹੀਂ ਬਣਨਾ ਚਾਹੀਦਾ। ਘਰ ਵਿੱਚ ਵੀ ਸਾਨੂੰ “ਮਹਾਂਸ਼ਕਤੀ” ਸ਼ਾਵਨਵਾਦ ਦੇ ਕਿਸੇ ਵੀ ਪ੍ਰਗਟਾਵੇ ਦਾ ਵਿਰੋਧ ਕਰਨਾ ਕਰਨਾ ਚਾਹੀਦਾ ਹੈ, ਅਤੇ ਸਾਡੇ ਸਮਾਜਵਾਦੀ ਇਨਕਲਾਬ ਤੇ ਸਮਾਜਵਾਦੀ ਉਸਾਰੀ ਨੂੰ ਤੇਜ ਕਰਨ ਤੇ ਆਪਣੀਆਂ ਕੌਮਾਂਤਰੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਸਾਨੂੰ ਸਮੁੱਚੀ ਪਾਰਟੀ, ਸਮੁੱਚੀ ਫੌਜ ਅਤੇ ਦੇਸ਼ ਦੀਆਂ ਸਾਰੀਆਂ ਕੌਮੀਅਤਾਂ ਦੇ ਲੋਕਾਂ ਦੀ ਏਕਤਾ ਨੂੰ ਹੋਰ ਮਜਬੂਤ ਕਰਨਾ ਕਰਨਾ ਚਾਹੀਦਾ ਹੈ।

ਸਾਥੀਓ! ਸਾਡੀ ਪਾਰਟੀ ਮਹਾਨ, ਸ਼ਾਨਦਾਰ ਅਤੇ ਸਹੀ ਪਾਰਟੀ ਹੈ। ਸਾਨੂੰ ਇਹ ਯਕੀਨ ਹੈ ਕਿ ਸਮੁੱਚੀ ਪਾਰਟੀ ਦਸਵੀਂ ਕਾਂਗਰਸ ਵੱਲੋਂ ਤੈਅ ਕੀਤੀ ਗਈ ਸਿਆਸੀ ਲੀਹ ਅਤੇ ਇਸ ਵੱਲੋਂ ਅਪਣਾਏ ਗਏ ਸਾਡੇ ਨਵੇਂ ਪਾਰਟੀ ਸੰਵਿਧਾਨ ਅਨੁਸਾਰ ਚੱਲਦੇ ਹੋਏ ਸਾਡੀ ਪਾਰਟੀ ਨੂੰ ਹੋਰ ਮਜਬੂਤ ਤੇ ਹੋਰ ਵਧੇਰੇ ਤਾਕਤਵਰ ਬਣਾ ਸਕਦੀ ਹੈ। ਆਓ ਅਸੀਂ ਚੇਅਰਮੈਨ ਮਾਓ ਦੀ ਅਗਵਾਈ ਵਾਲ਼ੀ ਪਾਰਟੀ ਦੀ ਕੇਂਦਰੀ ਕਮੇਟੀ ਦੀ ਅਗਵਾਈ ਥੱਲੇ ਹੋਰ ਮਹਾਨ ਜਿੱਤਾਂ ਹਾਸਲ ਕਰਨ ਲਈ ਇੱਕਮੁੱਠ ਹੋ ਜਾਈਏ!

ਸੋਰ੍ਤ: ਚੀਨ ਦੀ ਕਮਿਊਨਿਸਟ ਪਾਰਟੀ ਦੀ ਦਸਵੀਂ ਕੌਮੀ ਕਾਂਗਰਸ (ਦਸਤਾਵੇਜ), ਵਿਦੇਸ਼ੀ ਭਾਸ਼ਾ ਪੈਰ੍ਸ, ਪੀਕਿੰਗ, 1973

“ਪਰ੍ਤੀਬੱਧ”, ਅੰਕ 24, ਜਨਵਰੀ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s