ਚੀਨ ਦੀ ਕਮਿਊਨਿਸਟ ਪਾਰਟੀ ਦੀ ਅੱਠਵੀਂ ਕੇਂਦਰੀ ਕਮੇਟੀ ਦੇ ਗਿਆਰਵੇਂ ਪਲੈਨਰੀ ਸੈਸ਼ਨ ਦਾ ਐਲਾਨ -(12 ਅਗਸਤ, 1966)

culture

(ਪੀ.ਡੀ.ਐਫ਼ ਡਾਊਨਲੋਡ ਕਰੋ)

ਚੀਨ ਦੀ ਕਮਿਊਨਿਸਟ ਪਾਰਟੀ ਦੀ ਅੱਠਵੀਂ ਕੇਂਦਰੀ ਕਮੇਟੀ ਦਾ ਗਿਆਰਵਾਂ ਪਲੈਨਰੀ ਸੈਸ਼ਨ, 1-12 ਅਗਸਤ, 1966 ਨੂੰ ਪੀਕਿੰਗ ਵਿੱਚ ਹੋਇਆ।

ਗਿਆਰਵੇਂ ਪਲੈਨਰੀ ਸੈਸ਼ਨ ਦੀ ਪ੍ਰਧਾਨਗੀ ਚੇਅਰਮੈਨ ਮਾਓ ਜ਼ੇ-ਤੁੰਗ ਨੇ ਕੀਤੀ। ਕੇਂਦਰੀ ਕਮੇਟੀ ਦੇ ਮੈਂਬਰ ਅਤੇ ਬਦਲਵੇਂ ਮੈਂਬਰ ਹਾਜਰ ਸਨ। ਇਸ ਤੋਂ ਇਲਾਵਾ, ਕੇਂਦਰੀ ਕਮੇਟੀ ਦੇ ਖੇਤਰੀ ਬਿਊਰੋਆਂ ਅਤੇ ਸੂਬਾਈ, ਮਿਊਂਸੀਪਲ ਤੇ ਖੁਦਮੁਖਤਿਆਰ ਖੇਤਰਾਂ ਦੀਆਂ ਪਾਰਟੀ ਕਮੇਟੀਆਂ ਦੇ ਕਾਮਰੇਡ; ਕੇਂਦਰੀ ਕਮੇਟੀ ਦੇ ਸੱਭਿਆਚਾਰਕ ਇਨਕਲਾਬ ਗਰੁੱਪ ਦੇ ਮੈਂਬਰ; ਕੇਂਦਰੀ ਕਮੇਟੀ ਤੇ ਸਰਕਾਰ ਦੇ ਸਬੰਧਿਤ ਵਿਭਾਗਾਂ ਵਿੱਚੋਂ ਨੁਮਾਇੰਦੇ; ਅਤੇ ਪੀਕਿੰਗ ਦੀਆਂ ਉੱਚ-ਸਿੱਖਿਆ ਸੰਸਥਾਵਾਂ ਦੇ ਇਨਕਲਾਬੀ ਵਿਦਿਆਰਥੀ ਤੇ ਅਧਿਆਪਕਾਂ ਦੇ ਨੁਮਾਇੰਦੇ ਵੀ ਸ਼ਾਮਿਲ ਹੋਏ। ਬਹਿਸ ਤੋਂ ਬਾਅਦ, ਗਿਆਰਵਾਂ ਪਲੈਨਰੀ ਸੈਸ਼ਨ ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਮਹਾਨ ਸੱਭਿਆਚਾਰਕ ਇਨਕਲਾਬ ਸਬੰਧੀ ਕੀਤੇ ਫੈਸਲੇ ਨੂੰ ਪ੍ਰਵਾਨਗੀ ਦਿੰਦਾ ਹੈ।

ਅੱਠਵੀਂ ਕੇਂਦਰੀ ਕਮੇਟੀ ਦੇ ਸਤੰਬਰ, 1962 ਦੇ ਦਸਵੇਂ ਪਲੈਨਰੀ ਸੈਸ਼ਨ ਤੋਂ ਬਾਅਦ ਕੇਂਦਰੀ ਕਮੇਟੀ ਦੇ ਪੋਲਿਟ ਬਿਊਰੋ ਵੱਲੋਂ ਘਰੇਲੂ ਤੇ ਕੌਮਾਂਤਰੀ ਮਸਲਿਆਂ ਬਾਰੇ ਲਏ ਗਏ ਅਹਿਮ ਫੈਸਲਿਆਂ ਤੇ ਚੁੱਕੇ ਗਏ ਕਦਮਾਂ ਨੂੰ ਵੀ ਪਲੈਨਰੀ ਸੈਸ਼ਨ ਨੇ ਬਹਿਸ ਤੋਂ ਬਾਅਦ ਪ੍ਰਵਾਨਗੀ ਦਿੱਤੀ ਹੈ।

ਘਰੇਲੂ ਹਾਲਾਤ

ਅੱਠਵੀ ਕੇਂਦਰੀ ਕਮੇਟੀ ਦੇ ਦਸਵੇਂ ਪਲੈਨਰੀ ਸੈਸ਼ਨ ਵਿੱਚ ਕਾਮਰੇਡ ਮਾਓ ਜ਼ੇ-ਤੁੰਗ ਨੇ ਉਸ ਸਮੇਂ ਦੀਆਂ ਹਾਲਤਾਂ ਦਾ ਸਹੀ ਵਿਸ਼ਲੇਸ਼ਣ ਕੀਤਾ ਅਤੇ ਇੱਕ ਵਾਰ ਫਿਰ ਸਮਾਜਵਾਦੀ ਸਮਾਜ ਅੰਦਰ ਵਿਰੋਧਤਾਈਆਂ, ਜਮਾਤਾਂ ਤੇ ਜਮਾਤੀ ਘੋਲ਼ ਦੇ ਸਿਧਾਂਤ ਉੱਤੇ ਜ਼ੋਰ ਦਿੱਤਾ। ਸਾਡੇ ਦੇਸ਼ ਵਿੱਚ ਸਮਾਜਵਾਦੀ ਇਨਕਲਾਬ ਤੇ ਸਮਾਜਵਾਦੀ ਉਸਾਰੀ ਲਈ ਇਹ ਮਾਰਗਦਰਸ਼ਕ ਹੈ। ਚੇਅਰਮੈਨ ਮਾਓ ਜ਼ੇ-ਤੁੰਗ ਦੀ ਪ੍ਰਧਾਨਗੀ ਵਾਲ਼ੀ ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ ਥੱਲੇ ਅਤੇ ਸਮਾਜਵਾਦ ਦੀ ਉਸਾਰੀ ਵਿੱਚ ਪੂਰਾ ਤਾਣ ਲਾ ਦੇਣ, ਉੱਚੇ ਟੀਚੇ ਮਿੱਥਣ ਤੇ ਵਧੇਰੇ ਵੱਡੇ, ਵਧੇਰੇ ਤੇਜ਼ੀ ਨਾਲ਼, ਵਧੇਰੇ ਚੰਗੇ ਤੇ ਵਧੇਰੇ ਕਿਫਾਇਤੀ ਨਤੀਜੇ ਹਾਸਲ ਕਰਨ ਦੀ ਪਾਰਟੀ ਦੀ ਆਮ ਲੀਹ ਦੀ ਅਗਵਾਈ ਥੱਲੇ, ਸਾਡੇ ਦੇਸ਼ ਦੇ ਲੋਕਾਂ ਨੇ ਪਿਛਲੇ ਚਾਰ ਸਾਲਾਂ ਵਿੱਚ ਜਮਾਤੀ ਘੋਲ਼, ਪੈਦਾਵਾਰ ਤੇ ਵਿਗਿਆਨਕ ਪ੍ਰਯੋਗਾਂ ਦੀਆਂ ਤਿੰਨ ਮਹਾਨ ਇਨਕਲਾਬੀ ਲਹਿਰਾਂ ਖੜੀਆਂ ਕੀਤੀਆਂ, ਅਤੇ ਮਹਾਨ ਜਿੱਤਾਂ ਦਰਜ ਕੀਤੀਆਂ। ਲੋਕ ਕਮਿਊਨ ਹੋਰ ਵਧੇਰੇ ਪੱਕੇ ਪੈਰੀਂ ਤੇ ਵਿਕਸਤ ਹੋਏ ਹਨ। ਪੂਰੇ ਦੇਸ਼ ਵਿੱਚ ਜਬਰਦਸਤ ਇਨਕਲਾਬੀ ਊਰਜਾ ਭਰਿਆ ਮਾਹੌਲ ਬਣਿਆ ਹੈ ਅਤੇ ਇੱਕ ਨਵੀਂ ਸਰਵਪੱਖੀ ਪੁਲਾਂਘ ਲਈ ਹਾਲਤਾਂ ਸਾਹਮਣੇ ਆ ਰਹੀਆਂ ਹਨ।

ਸਾਡੇ ਦੇਸ਼ ਦੀ ਕੌਮੀ ਆਰਥਿਕਤਾ ਬਿਨਾਂ ਰੁਕੇ ਤੇ ਪੱਕੇ ਪੈਰੀਂ ਹੋ ਕੇ ਵਿਕਾਸ ਕਰ ਰਹੀ ਹੈ। ਪਾਰਟੀ ਦੀ ਕੇਂਦਰੀ ਕਮੇਟੀ ਵੱਲੋਂ ਪੇਸ਼ ਕੀਤੀ ਗਈ ਮੁੜ-ਤਰਤੀਬੀ, ਪੱਕੇ ਪੈਰੀਂ ਕਰਨ, ਪੂਰਾ ਜ਼ੋਰ ਲਗਾ ਦੇਣ ਅਤੇ ਪੱਧਰ ਨੂੰ ਉੱਚਾ ਚੁੱਕਣ ਦੀ ਨੀਤੀ ਨੂੰ ਪਹਿਲਾਂ ਹੀ ਕਾਮਯਾਬੀ ਨਾਲ਼ ਲਾਗੂ ਕੀਤਾ ਜਾ ਚੁੱਕਾ ਹੈ। ਇਸ ਸਾਲ ਤੀਜੀ ਪੰਜ-ਸਾਲਾ ਯੋਜਨਾ ਸ਼ੁਰੂ ਕੀਤੀ ਗਈ ਹੈ। ਸਨਅੱਤੀ ਮੋਰਚੇ ‘ਤੇ, ਨਾ ਸਿਰਫ ਪੈਦਾਵਾਰ ਤੇ ਚੀਜ਼ਾਂ ਦੀ ਵਿਭਿੰਨਤਾ ਵਿੱਚ ਵੱਡਾ ਵਾਧਾ ਹੋਇਆ ਹੈ ਸਗੋਂ ਗੁਣਵੱਤਾ ਵਿੱਚ ਵੀ ਵੱਡੇ ਸੁਧਾਰ ਹੋਏ ਹਨ। ਖੇਤੀਬਾੜੀ ਵਾਲ਼ੇ ਪਾਸੇ, ਪਿਛਲੇ ਚਾਰ ਸਾਲਾਂ ਵਿੱਚ ਲਗਾਤਾਰ ਚੰਗੀ ਫਸਲ ਹੋਈ ਹੈ। ਮੰਡੀ ਵਧ-ਫੁੱਲ ਰਹੀ ਹੈ ਅਤੇ ਕੀਮਤਾਂ ਸਥਿਰ ਹਨ। ਤਿੰਨ ਪਰਮਾਣੂ ਪਰਖਾਂ ਦੀ ਸਫਲਤਾ ਵਿਗਿਆਨ, ਤਕਨੀਕ ਤੇ ਸਨਅੱਤ ਦੇ ਖੇਤਰਾਂ ਵਿੱਚ ਚੀਨ ਵੱਲੋਂ ਕੀਤੇ ਗਏ ਵਿਕਾਸ ਦਾ ਸੰਘਣਾ ਪ੍ਰਗਟਾਵਾ ਹੈ।

ਪਿਛਲੇ ਕੁਝ ਸਾਲਾਂ ਵਿੱਚ, ਪੇਂਡੂ ਇਲਾਕਿਆਂ, ਸ਼ਹਿਰਾਂ ਤੇ ਫੌਜ ਵਿੱਚ ਸਮਾਜਵਾਦੀ ਸਿੱਖਿਆ ਦੀ ਵਿਆਪਕ ਲਹਿਰ ਚੱਲੀ ਹੈ। ਫਿਲਹਾਲ, ਇਤਿਹਾਸ ਵਿੱਚ ਪਹਿਲਾਂ ਕਦੇ ਨਾ ਦੇਖਿਆ ਗਿਆ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇਸ਼ ਵਿੱਚ ਜੜ੍ਹ ਫੜ੍ਹ ਰਿਹਾ ਹੈ। ਲੋਕ ਲਹਿਰ ਜਿਸ ਵਿੱਚ ਮਜਦੂਰ, ਕਿਸਾਨ, ਸਿਪਾਹੀ, ਇਨਕਲਾਬੀ ਬੁੱਧੀਜੀਵੀ ਤੇ ਕਾਡਰ ਚੇਅਰਮੈਨ ਮਾਓ ਜ਼ੇ-ਤੁੰਗ ਦੀਆਂ ਲਿਖਤਾਂ ਦਾ ਅਧਿਐਨ ਕਰਦੇ ਤੇ ਲਾਗੂ ਕਰਦੇ ਹਨ, ਨੇ ਕਿਰਤੀ ਲੋਕਾਂ ਦੁਆਰਾ ਖੁਦ ਮਾਰਕਸਵਾਦ-ਲੈਨਿਨਵਾਦ ਦੀ ਮੁਹਾਰਤ ਹਾਸਲ ਕਰਨ ਤੇ ਲਾਗੂ ਕਰਨ ਦੇ ਨਵੇਂ ਯੁੱਗ ਦਾ ਰਸਤਾ ਖੋਲਿਆ ਹੈ।

ਪਲੈਨਰੀ ਸੈਸ਼ਨ 20 ਮਈ, 1963 ਨੂੰ ਚੀਨੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਵੱਲੋਂ ਪੇਂਡੂ ਖੇਤਰਾਂ ‘ਚ ਮੌਜੂਦਾ ਕੰਮ ਵਿੱਚ ਕੁਝ ਸਮੱਸਿਆਵਾਂ (ਖਰੜਾ) ਬਾਰੇ ਲਏ ਗਏ ਫੈਸਲੇ ਨੂੰ ਪੂਰੀ ਤਰ੍ਹਾਂ ਪ੍ਰਵਾਨਗੀ ਦਿੰਦਾ ਹੈ। ਇਹ ਚੀਨੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਪੋਲਿਟ ਬਿਊਰੋ ਵੱਲੋਂ 14 ਜਨਵਰੀ, 1965 ਨੂੰ ਬੁਲਾਈ ਗਈ ਕੌਮੀ ਵਰਕਿੰਗ ਕਾਨਫਰੰਸ ਵਿੱਚ ਹੋਈ ਬਹਿਸ ਦੀ ਸੰਖੇਪ ਕਾਰਵਾਈ ਰਪਟ: 

ਪੇਂਡੂ ਖੇਤਰਾਂ ਵਿੱਚ ਸਮਾਜਵਾਦੀ ਸਿੱਖਿਆ ਲਹਿਰ ਦੌਰਾਨ ਪੈਦਾ ਹੋਈਆਂ ਕੁਝ ਤਾਜ਼ਾ ਸਮੱਸਿਆਵਾਂ, ਭਾਵ ਕਿ, 23-ਸੂਤਰੀ ਦਸਤਾਵੇਜ ਨੂੰ ਪੂਰੀ ਤਰ੍ਹਾਂ ਪ੍ਰਵਾਨਗੀ ਦਿੰਦਾ ਹੈ। ਇਹ ਦੋ ਦਸਤਾਵੇਜ ਚੇਅਰਮੈਨ ਮਾਓ ਜ਼ੇ-ਤੁੰਗ ਦੀ ਵਿਅਕਤੀਗਤ ਅਗਵਾਈ ਥੱਲੇ ਤਿਆਰ ਕੀਤੇ ਗਏ ਹਨ ਅਤੇ ਸਮਾਜਵਾਦੀ ਇਨਕਲਾਬ ਦੌਰਾਨ ਸਾਡੇ ਲੋਕਾਂ ਦੇ ਹੱਥਾਂ ਵਿੱਚ ਤਾਕਤਵਰ ਵਿਚਾਰਧਾਰਕ ਹਥਿਆਰ ਹਨ। ਸਾਨੂੰ ਇਹਨਾਂ ਦਸਤਾਵੇਜਾਂ ਦੀ ਰੋਸ਼ਨੀ ਵਿੱਚ ਕੰਮ ਕਰਦੇ ਜਾਰੀ ਰੱਖਣਾ ਚਾਹੀਦਾ ਹੈ, ਅਤੇ ਮਹਾਨ ਸੱਭਿਆਚਾਰਕ ਇਨਕਲਾਬ ਨਾਲ਼ ਜੁੜ ਕੇ, ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ “ਚਾਰ ਸਫਾਈ” ਮੁਹਿੰਮਾਂ ਭਾਵ ਸਿਆਸਤ, ਵਿਚਾਰਧਾਰਾ, ਜਥੇਬੰਦੀ ਤੇ ਅਰਥਚਾਰਾ ਦੀ ਸਫਾਈ ਲਈ ਸਮਾਜਵਾਦੀ ਸਿੱਖਿਆ ਲਹਿਰ ਨੂੰ ਨੇਪਰੇ ਚਾੜਨਾ ਚਾਹੀਦਾ ਹੈ।

ਪਿਛਲੇ ਚਾਰ ਸਾਲਾਂ ਦੌਰਾਨ ਕਾਮਰੇਡ ਮਾਓ ਜ਼ੇ-ਤੁੰਗ ਵੱਲੋਂ ਪੇਸ਼ ਕੀਤੀ ਗਈ ਫੈਸਲਾਕੁੰਨ ਤੇ ਬੁਨਿਆਦੀ ਅਹਿਮੀਅਤ ਦੀਆਂ ਸ਼ਾਨਦਾਰ ਨੀਤੀਆਂ ਦੀ ਲੜੀ ਨੂੰ ਪਲੈਨਰੀ ਸੈਸ਼ਨ ਪੂਰੀ ਤਰ੍ਹਾਂ ਪ੍ਰਵਾਨਗੀ ਦਿੰਦਾ ਹੈ। ਇਹਨਾਂ ਨੀਤੀਆਂ ਵਿੱਚ ਮੁੱਖ ਤੌਰ ‘ਤੇ ਇਹ ਕੁਝ ਸ਼ਾਮਲ ਹੈ:

ਜਮਹੂਰੀ ਕੇਂਦਰਵਾਦ ਦੇ ਸਿਧਾਂਤ ਨੂੰ ਲਾਗੂ ਕਰਨ ਅਤੇ ਜਨਤਕ ਲੀਹ ਦੀ ਇਨਕਲਾਬੀ ਰਵਾਇਤ ਨੂੰ ਅੱਗੇ ਵਧਾਉਣ ਤੇ ਵਿਕਸਤ ਕਰਨ ਦੇ ਸਵਾਲ ਬਾਰੇ;
ਪ੍ਰੋਲੇਤਾਰੀ ਇਨਕਲਾਬ ਦੇ ਕਾਜ਼ ਲਈ ਉੱਤਰਾਧਿਕਾਰੀ ਪੈਦਾ ਕਰਨ ਤੇ ਸਿੱਖਿਅਤ ਕਰਨ ਦੇ ਸਵਾਲ ਬਾਰੇ;

ਸਨਅੱਤੀ ਉੱਦਮਾਂ ਨੂੰ ਤੈਚਿੰਗ ਤੇਲ ਖੇਤਰ ਤੋਂ ਸਿੱਖਣ, ਖੇਤੀਬਾੜੀ ਇਕਾਈਆਂ ਨੂੰ ਤੈਚਾਈ ਪੈਦਾਵਾਰੀ ਬ੍ਰਿਗੇਡ ਤੋਂ ਸਿੱਖਣ, ਸਾਰੇ ਦੇਸ਼ ਨੂੰ ਲੋਕ-ਮੁਕਤੀ ਫੌਜ ਤੋਂ ਸਿੱਖਣ, ਅਤੇ ਸਿਆਸੀ ਤੇ ਵਿਚਾਰਧਾਰਕ ਕੰਮ ਨੂੰ ਮਜਬੂਤ ਕਰਨ ਲਈ ਸੱਦਾ ਦੇਣ ਬਾਰੇ;

ਜੰਗ ਖਿਲਾਫ ਤਿਆਰ ਰਹਿਣ, ਕੁਦਰਤੀ ਆਫਤਾਂ ਖਿਲਾਫ ਤਿਆਰ ਰਹਿਣ ਅਤੇ ਲੋਕਾਂ ਲਈ ਸਭ ਕੁਝ ਲਗਾ ਦੇਣ ਦੇ ਯੁੱਧਨੀਤਕ ਸਿਧਾਂਤ ਬਾਰੇ;

ਸਨਅੱਤੀ ਵਿਕਾਸ ਲਈ ਵਿਦੇਸ਼ੀ ਰਵਾਇਤਾਂ ਨੂੰ ਤੋੜ ਦੇਣ ਅਤੇ ਆਪਣਾ ਖੁਦ ਦਾ ਰਾਹ ਅਖਤਿਆਰ ਕਰਨ ਦੇ ਸਵਾਲ ਬਾਰੇ;

ਆਰਥਕ ਉਸਾਰੀ ਤੇ ਕੌਮੀ ਸੁਰੱਖਿਆ ਦੀ ਉਸਾਰੀ ਵਿੱਚ ਵਿਉਂਤਬੰਦੀ ਤੇ ਕਤਾਰਬੰਦੀ ਦੇ ਸਵਾਲ ਬਾਰੇ;

ਪੂਰੀ ਪਾਰਟੀ ਨੂੰ ਫੌਜੀ ਮਾਮਲਿਆਂ ਨੂੰ ਸਮਝਣ ਅਤੇ ਹਰ ਕਿਸੇ ਨੂੰ ਸਿਪਾਹੀ ਬਣ ਜਾਣ ਦਾ ਸੱਦਾ ਦੇਣ ਬਾਰੇ;

ਖੇਤੀ ਦਾ ਲੜੀਵਾਰ ਮਸ਼ੀਨੀਕਰਨ ਕਰਨ ਲਈ ਯੋਜਨਾਬੰਦੀ ਕਰਨ ਤੇ ਸਾਧਨ ਜੁਟਾਉਣ ਦੇ ਸਵਾਲ ਬਾਰੇ;

ਲੋਕ-ਮੁਕਤੀ ਫੌਜ ਅਤੇ ਸਾਰੀਆਂ ਫੈਕਟਰੀਆਂ, ਪਿੰਡਾਂ, ਸਕੂਲਾਂ, ਵਪਾਰਕ ਅਦਾਰਿਆਂ, ਸੇਵਾ ਖੇਤਰਾਂ ਅਤੇ ਪਾਰਟੀ ਤੇ ਸਰਕਾਰੀ ਜਥੇਬੰਦੀਆਂ ਨੂੰ ਇਨਕਲਾਬ ਦੇ ਮਹਾਨ ਸਕੂਲ ਬਣ ਜਾਣ ਦਾ ਸੱਦਾ ਦੇਣ ਬਾਰੇ।

ਪਲੈਨਰੀ ਸੈਸ਼ਨ ਇਹ ਜ਼ੋਰ ਦੇਕੇ ਕਹਿੰਦਾ ਹੈ ਕਿ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਸਬੰਧ ਵਿੱਚ ਚੇਅਰਮੈਨ ਮਾਓ ਜ਼ੇ-ਤੁੰਗ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ ਸਾਡੇ ਦੇਸ਼ ਵਿੱਚ ਚੱਲ ਰਹੇ ਸੱਭਿਆਚਾਰਕ ਇਨਕਲਾਬ ਦੌਰਾਨ ਕੰਮ ਲਈ ਮਾਰਗਦਰਸ਼ਕ ਸੇਧ ਹਨ; ਉਹ ਮਾਰਕਸਵਾਦ-ਲੈਨਿਨਵਾਦ ਵਿੱਚ ਇੱਕ ਅਹਿਮ ਇਜ਼ਾਫਾ ਹਨ।

ਪਲੈਨਰੀ ਸੈਸ਼ਨ ਦਾ ਇਹ ਮੰਨਣਾ ਹੈ ਕਿ ਸੱਭਿਆਚਾਰਕ ਇਨਕਲਾਬ ਦੀ ਕਾਮਯਾਬੀ ਲੋਕਾਈ ਵਿੱਚ ਯਕੀਨ ਹੋਣ, ਉਹਨਾਂ ਤੇ ਭਰੋਸਾ ਕਰਨ, ਉਹਨਾਂ ਨੂੰ ਦਲੇਰੀ ਨਾਲ਼ ਜਥੇਬੰਦ ਕਰਨ ਅਤੇ ਉਹਨਾਂ ਦੀ ਪਹਿਲਕਦਮੀ ਦਾ ਆਦਰ ਕਰਨ ਉੱਤੇ ਨਿਰਭਰ ਕਰਦੀ ਹੈ। ਇਸ ਲਈ ਇਹ ਬੇਹੱਦ ਜਰੂਰੀ ਹੈ ਕਿ “ਲੋਕਾਂ ਤੋਂ, ਲੋਕਾਂ ਵੱਲ” ਦੀ ਸੇਧ ਨੂੰ ਬਣਾਈ ਰੱਖਿਆ ਜਾਵੇ। ਲੋਕਾਈ ਦਾ ਅਧਿਆਪਕ ਬਣਨ ਤੋਂ ਪਹਿਲਾਂ ਉਸਦੇ ਵਿਦਿਆਰਥੀ ਬਣੋ। ਇਨਕਲਾਬ ਕਰਨ ਅਤੇ ਇਨਕਲਾਬ ਕਰਨ ਵਿੱਚ ਉੱਤਮ ਸਾਬਤ ਹੋਣ ਦੀ ਦਲੇਰੀ ਕਰੋ। ਗੜਬੜਾਂ ਤੋਂ ਨਾ ਡਰੋ। ਬੁਰਜੂਆ ਪੈਂਤੜਾ ਮੱਲਣ, ਸੱਜਿਆਂ ਨੂੰ ਬਚਾਉਣ, ਖੱਬਿਆਂ ‘ਤੇ ਹਮਲਾ ਕਰਨ ਅਤੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਨੂੰ ਦਬਾਉਣ ਦੇ ਖਿਲਾਫ ਨਿੱਤਰੋ। ਲੋਕਾਈ ਦੇ ਹੱਥ ਬੰਨ੍ਹਣ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰੋ। ਲੋਕਾਂ ਤੋਂ ਉੱਪਰ ਖੜ੍ਹੇ ਹੋਣ ਜਾਂ ਅਫਸਰੀ ਕਰਦੇ ਹੋਏ ਅੰਨ੍ਹੇਵਾਹ ਇਹ ਜਾਂ ਉਹ ਹੁਕਮ ਦੇਣ ਵਾਲ਼ੇ ਨਾ ਬਣੋ।

ਇਨਕਲਾਬੀ ਖੱਬਿਆਂ ਨੂੰ ਉਤਸ਼ਾਹ ਭਰੀ ਹਮਾਇਤ ਦੇਵੋ, ਉਹਨਾਂ ਸਾਰਿਆਂ ਦੀ ਜਿਹਨਾਂ ਨੂੰ ਇਕੱਠੇ ਕੀਤਾ ਜਾ ਸਕਦਾ ਹੈ, ਏਕਤਾ ਬਣਾਉਣ ਲਈ ਕਦਮ ਚੁੱਕੋ ਅਤੇ ਮੁੱਠੀਭਰ ਪਾਰਟੀ-ਵਿਰੋਧੀ, ਸਮਾਜਵਾਦ-ਵਿਰੋਧੀ ਬੁਰਜੂਆ ਸੱਜਿਆਂ ਉੱਤੇ ਹਮਲੇ ਲਈ ਆਪਣੀਆਂ ਤਾਕਤਾਂ ਨੂੰ ਕੇਂਦਰਤ ਕਰੋ।

ਪਲੈਨਰੀ ਸੈਸ਼ਨ ਦਾ ਇਹ ਵੀ ਮੰਨਣਾ ਹੈ ਕਿ ਪਿਛਲੇ ਚਾਰ ਸਾਲਾਂ ਦੌਰਾਨ ਕਾਮਰੇਡ ਮਾਓ ਜ਼ੇ-ਤੁੰਗ ਵੱਲੋਂ ਉਠਾਏ ਸਮਾਜਵਾਦੀ ਇਨਕਲਾਬ ਤੇ ਸਮਾਜਵਾਦੀ ਉਸਾਰੀ ਨਾਲ਼ ਜੁੜੇ ਕਈ ਸਾਰੇ ਸਵਾਲਾਂ ਨੇ ਸਾਡੇ ਦੇਸ਼ ਵਿੱਚ ਸਮਾਜਵਾਦੀ ਕਾਜ਼ ਦੇ ਵਿਕਾਸ ਤੇ ਕਾਮਯਾਬੀ ਨੂੰ ਵੱਡੀ ਤੇਜ਼ੀ ਦਿੱਤੀ ਹੈ। ਸਾਡੇ ਦੇਸ਼ ਵਿੱਚ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਤੇ ਸਮਾਜਵਾਦੀ ਢਾਂਚੇ ਨੂੰ ਹੋਰ ਪਕੇਰਿਆਂ ਕਰਨ ਲਈ, ਪਾਰਟੀ ਤੇ ਸਰਕਾਰ ਦੀ ਅਗਵਾਈ ਸੋਧਵਾਦੀਆਂ ਵੱਲੋਂ ਹਥਿਆਉਣ ਤੋਂ ਰੋਕਣ ਲਈ, ਸਰਮਾਏਦਾਰੀ ਦੀ ਮੁੜ-ਬਹਾਲੀ ਰੋਕਣ ਲਈ, ਇਹ ਲਾਜਮੀ ਬਣਾਉਣ ਲਈ ਕਿ ਸਾਡਾ ਦੇਸ਼ ਪ੍ਰੋਲੇਤਾਰੀ ਕੌਮਾਂਤਰੀਵਾਦ ਦਾ ਪੱਲਾ ਫੜੀ ਰੱਖੇ ਤੇ ਸੰਸਾਰ ਵਿੱਚ ਲੋਕਾਂ ਦੇ ਇਨਕਲਾਬੀ ਘੋਲ਼ਾਂ ਨੂੰ ਸਰਗਰਮ ਹਮਾਇਤ ਦਿੰਦਾ ਰਹੇ, ਅਤੇ ਭਵਿੱਖ ਵਿੱਚ ਸਾਡੇ ਦੇਸ਼ ਦੀ ਕਮਿਊਨਿਜਮ ਵੱਲ ਕ੍ਰਮਿਕ ਸੰਕਰਮਣ ਨੂੰ ਯਕੀਨੀ ਬਣਾਉਣ ਲਈ ਇਹ ਸਵਾਲ ਬਹੁਤ ਡੂੰਘੀ ਤੇ ਦੂਰਗਾਮੀ ਅਹਿਮੀਅਤ ਵਾਲ਼ੇ ਹਨ।

ਕੌਮਾਂਤਰੀ ਹਾਲਾਤ

ਅੱਠਵੀਂ ਕੇਂਦਰੀ ਕਮੇਟੀ ਦਾ ਗਿਆਰਵਾਂ ਪਲੈਨਰੀ ਸੈਸ਼ਨ ਇਹ ਮੰਨਦਾ ਹੈ ਕਿ ਜਿੱਥੋਂ ਤੱਕ ਪੂਰੇ ਸੰਸਾਰ ਵਿੱਚ ਸਾਮਰਾਜਵਾਦ, ਪਿਛਾਖੜ ਤੇ ਆਧੁਨਿਕ ਸੋਧਵਾਦ ਖਿਲਾਫ ਮਾਰਕਸਵਾਦੀਆਂ-ਲੈਨਿਨਵਾਦੀਆਂ ਤੇ ਇਨਕਲਾਬੀ ਲੋਕਾਂ ਦੇ ਘੋਲ਼ਾਂ ਦਾ ਸਵਾਲ ਹੈ, ਹਾਲਤਾਂ ਬਹੁਤ ਸ਼ਾਨਦਾਰ ਬਣੀਆਂ ਹੋਈਆਂ ਹਨ। ਅਸੀਂ ਹੁਣ ਇੱਕ ਸੰਸਾਰ ਇਨਕਲਾਬ ਦੇ ਯੁੱਗ ਵਿੱਚ ਖੜੇ ਹਾਂ। ਸਾਰੀਆਂ ਸਿਆਸੀ ਤਾਕਤਾਂ ਇੱਕ ਵੱਡੀ ਉਥਲ-ਪੁਥਲ, ਵੱਡੀ ਕਤਾਰਬੰਦੀ ਅਤੇ ਵੱਡੇ ਮੁੜ-ਜਥੇਬੰਦਕ ਅਮਲ ਵਿੱਚੋਂ ਗੁਜਰ ਰਹੀਆਂ ਹਨ। ਸਾਰੇ ਦੇਸ਼ਾਂ ਵਿੱਚ, ਤੇ ਖਾਸ ਕਰਕੇ ਏਸ਼ੀਆ, ਅਫਰੀਕਾ ਤੇ ਲਾਤੀਨੀ ਅਮਰੀਕਾ ਵਿੱਚ ਲੋਕਾਂ ਦੀ ਇਨਕਲਾਬੀ ਲਹਿਰ ਪੂਰੇ ਜ਼ੋਰ ਨਾਲ਼ ਅੱਗੇ ਵਧ ਰਹੀ ਹੈ। ਕੌਮਾਂਤਰੀ ਹਾਲਤਾਂ ਦੇ ਵਿਕਾਸ ਵਿੱਚ ਆਉਂਦੇ ਲਾਜਮੀ ਮੋੜਾਂ-ਘੋੜਾਂ ਤੇ ਪਿਛਲਮੋੜਿਆਂ ਦੇ ਬਾਵਜੂਦ, ਸਾਮਰਾਜਵਾਦ ਦੇ ਪੂਰਨ ਖਾਤਮੇ ਤੇ ਸਮਾਜਵਾਦ ਦੁਆਰਾ ਪੂਰੇ ਸੰਸਾਰ ਅੰਦਰ ਜਿੱਤ ਹਾਸਲ ਕਰਨ ਦਾ ਆਮ ਰੁਝਾਨ ਅਬਦਲ ਬਣਿਆ ਹੋਇਆ ਹੈ। ਅਮਰੀਕੀ ਸਾਮਰਾਜ ਤੇ ਹੋਰਨਾਂ ਦੇਸ਼ਾਂ ਵਿੱਚ ਉਸਦੇ ਪਿੱਠੂ ਲੋਕਾਂ ਦੇ ਇਨਕਲਾਬੀ ਘੋਲ਼ਾਂ ਨੂੰ ਬੇਰਹਿਮੀ ਨਾਲ਼ ਦਬਾ ਕੇ ਤੇ ਉਹਨਾਂ ‘ਤੇ ਭਿਅੰਕਰ ਹਿੰਸਕ ਹਮਲੇ ਕਰਕੇ, ਜਾਂ ਫਿਰ ਉਹਨਾਂ ਨੂੰ ਰਿਸ਼ਵਤਾਂ ਦੇਕੇ ਤੇ ਧੋਖਾਧੜੀ ਕਰਕੇ ਆਪਣੀ ਹਾਰ ਨੂੰ ਰੋਕ ਨਹੀਂ ਸਕਦੇ। ਇਸਦੇ ਉਲਟ, ਇਸ ਨਾਲ਼ ਸਗੋਂ ਸਾਰੇ ਲੋਕਾਂ ਵਿੱਚ ਇਨਕਲਾਬੀ ਜਾਗ੍ਰਿਤੀ ਫੈਲਣ ਨੂੰ ਉਗਾਸਾ ਹੀ ਮਿਲਦਾ ਹੈ। ਅਮਰੀਕੀ ਸਾਮਰਾਜ ਤੇ ਉਸਦੇ ਟੁੱਕੜਖੋਰਾਂ ਵੱਲੋਂ ਵੱਖ-ਵੱਖ ਦੇਸ਼ਾਂ ਵਿੱਚ ਲੋਕਾਂ ਅਤੇ ਇਨਕਲਾਬ ਖਿਲਾਫ ਕੀਤੀਆਂ ਜਾ ਰਹੀਆਂ ਕਾਰਵਾਈਆਂ ਸਾਰੇ ਲੋਕਾਂ ਦੀਆਂ ਇਨਕਲਾਬੀ ਸਰਗਰਮੀਆਂ ਨੂੰ ਹੋਰ ਪ੍ਰਚੰਡ ਬਣਾ ਰਹੀਆਂ ਹਨ। ਅਮਰੀਕੀ ਸਾਮਰਾਜ ਅਤੇ ਵੱਖ-ਵੱਖ ਦੇਸ਼ਾਂ ਵਿਚਲੇ ਇਸਦੇ ਟੁੱਕੜਖੋਰ ਭਾਵੇਂ ਤਾਕਤਵਰ ਦਿਖਾਈ ਦੇ ਰਹੇ ਹਨ ਪਰ ਅਸਲ ਵਿੱਚ ਉਹ ਬਹੁਤ ਕਮਜ਼ੋਰ ਹਨ। ਲੰਬੀ ਸੋਚਿਆਂ, ਉਹ ਸਾਰੇ ਕਾਗਜ਼ੀ ਸ਼ੇਰ ਹਨ।

ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ ਨਵੇਂ ਗਰੁੱਪ ਨੇ ਖਰੁਸ਼ਚੇਵ ਦਾ ਚੋਗਾ ਪਹਿਨ ਲਿਆ ਹੈ ਅਤੇ ਉਹ ਖਰੁਸ਼ਚੇਵ ਤੋਂ ਬਿਨਾਂ ਖਰੁਸ਼ਚੇਵੀ ਸੋਧਵਾਦ ਹੀ ਲਾਗੂ ਕਰ ਰਹੇ ਹਨ। ਉਹਨਾਂ ਦੀ ਲਾਈਨ ਸਰਮਾਏਦਾਰੀ ਸੰਸਾਰ ਅੰਦਰ ਸਾਮਰਾਜੀ ਤੇ ਸਰਮਾਏਦਾਰਾ ਚੌਧਰ ਦੀ ਰੱਖਿਆ ਕਰਨ ਅਤੇ ਸਮਾਜਵਾਦੀ ਸੰਸਾਰ ਵਿੱਚ ਸਰਮਾਏਦਾਰਾ ਮੁੜ-ਬਹਾਲੀ ਕਰਨ ਦੀ ਹੈ। ਸੋ.ਯੂ.ਕ.ਪਾ. ਦਾ ਆਗੂ ਗਰੁੱਪ ਮਾਰਕਸਵਾਦ-ਲੈਨਿਨਵਾਦ ਨਾਲ਼, ਮਹਾਨ ਲੈਨਿਨ ਨਾਲ਼, ਮਹਾਨ ਅਕਤੂਬਰ ਇਨਕਲਾਬ ਦੇ ਰਾਹ ਨਾਲ਼, ਪ੍ਰੋਲੇਤਾਰੀ ਕੌਮਾਂਤਰੀਵਾਦ ਨਾਲ਼, ਕੌਮਾਂਤਰੀ ਪ੍ਰੋਲੇਤਾਰੀ, ਦੱਬੇ-ਕੁਚਲੇ ਲੋਕਾਂ ਤੇ ਦੱਬੇ-ਕੁਚਲੇ ਦੇਸ਼ਾਂ ਦੇ ਇਨਕਲਾਬੀ ਕਾਜ਼ ਨਾਲ਼, ਅਤੇ ਸੋਵੀਅਤ ਯੂਨੀਅਨ ਦੇ ਲੋਕਾਂ ਤੇ ਸਮਾਜਵਾਦੀ ਦੇਸ਼ਾਂ ਦੇ ਲੋਕਾਂ ਨਾਲ਼ ਗੱਦਾਰੀ ਕਰ ਚੁੱਕਾ ਹੈ। ਉਹ ਚੀਨ ਦੀ ਕਮਿਊਨਿਸਟ ਪਾਰਟੀ ਨੂੰ “ਕਠਮੁੱਲਾਵਾਦੀ,” “ਫੁੱਟਪਾਊ,” ਅਤੇ “ਖੱਬੀ ਮਾਅਰਕੇਬਾਜ” ਗਰਦਾਨਦੇ ਹਨ। ਅਸਲ ਵਿੱਚ, ਉਹ ਮਾਰਕਸਵਾਦ-ਲੈਨਿਨਵਾਦ ਉੱਤੇ ਹੀ ਹਮਲਾ ਕਰ ਰਹੇ ਹਨ। ਉਹ ਅਮਰੀਕੀ ਸਾਮਰਾਜ ਦੇ ਝੰਡੇ ਥੱਲੇ ਜੁੜੇ ਸਾਮਰਾਜਵਾਦ ਅਤੇ ਅੱਡ-ਅੱਡ ਦੇਸ਼ਾਂ ਦੇ ਪਿਛਾਖੜੀਆਂ ਨੂੰ ਇਕੱਠਿਆਂ ਕਰ ਰਹੇ ਹਨ, ਅਤੇ ਕਮਿਊਨਿਜਮ, ਲੋਕਾਂ, ਇਨਕਲਾਬ ਤੇ ਚੀਨ ਖਿਲਾਫ ਇੱਕ ਨਵਾਂ “ਪਵਿੱਤਰ ਗੱਠਜੋੜ” ਖੜਾ ਕਰ ਰਹੇ ਹਨ। ਪ੍ਰੰਤੂ ਇਸ ਉਲਟ-ਇਨਕਲਾਬੀ “ਪਵਿੱਤਰ ਗੱਠਜੋੜ” ਦਾ ਦਿਵਾਲ਼ਾ ਨਿੱਕਲ਼ਣਾ ਤੈਅ ਹੈ ਅਤੇ ਪਹਿਲਾਂ ਹੀ ਟੁੱਟ-ਫੁੱਟ ਦੇ ਅਮਲ ਵਿੱਚ ਹੈ।

ਪਲੈਨਰੀ ਸੈਸ਼ਨ ਦਾ ਮੰਨਣਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਸਾਡੀ ਪਾਰਟੀ ਦੀਆਂ ਖਰੁਸ਼ਚੇਵੀ ਸੋਧਵਾਦ ਦੀਆਂ ਕੀਤੀਆਂ ਗਈਆਂ ਵਿਸਤ੍ਰਿਤ ਜਨਤਕ ਅਲੋਚਨਾਵਾਂ ਪੂਰੀ ਤਰ੍ਹਾਂ ਸਹੀ ਅਤੇ ਲਾਜਮੀ ਹਨ। ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਵੱਲੋਂ 14 ਜੂਨ, 1963 ਨੂੰ ਪੇਸ਼ ਕੀਤਾ ਗਿਆ ਕੌਮਾਂਤਰੀ ਕਮਿਊਨਿਸਟ ਲਹਿਰ ਦੀ ਆਮ ਦਿਸ਼ਾ ਸੰਬਧੀ ਸੁਝਾਅ ਇੱਕ ਪ੍ਰੋਗਰਾਮ ਸਬੰਧੀ ਦਸਤਾਵੇਜ ਹੈ। ਚੇਅਰਮੈਨ ਮਾਓ ਜ਼ੇ-ਤੁੰਗ ਦੀ ਵਿਅਕਤੀਗਤ ਅਗਵਾਈ ਥੱਲੇ ਤਿਆਰ ਕੀਤੇ ਗਏ ਇਹ ਦਸਤਾਵੇਜ ਅਤੇ ਸੋ.ਯੂ.ਕ.ਪਾ. ਦੀ ਕੇਂਦਰੀ ਕਮੇਟੀ ਦੇ ਖੁੱਲੇ ਪੱਤਰ ਉੱਤੇ ਰੇਨਮੀਨ ਤੇ ਹੌਂਗਈ ਦੇ ਸੰਪਾਦਕੀ ਬੋਰਡ ਵੱਲੋਂ ਕੀਤੀਆਂ ਗਈਆਂ ਨੌਂ ਟਿੱਪਣੀਆਂ, “ਮਾਰਚ ਦੀ ਮਾਸਕੋ ਮੀਟਿੰਗ ਉੱਤੇ ਇੱਕ ਟਿੱਪਣੀ” ਨਾਮਕ ਲੇਖ, ਕਾਮਰੇਡ ਲਿਨ ਪਿਆਓ ਦਾ ਲੇਖ “ਲੋਕ-ਯੁੱਧ ਦੀ ਜਿੱਤ ਅਮਰ ਰਹੇ” ਆਦਿ ਸਾਡੇ ਸਮੇਂ ਦੇ ਸੰਸਾਰ ਇਨਕਲਾਬ ਨਾਲ਼ ਜੁੜੇ ਅਹਿਮ ਸਵਾਲਾਂ ਦੀ ਲੜੀ ਦਾ ਵਿਗਿਆਨਕ ਮਾਰਕਸਵਾਦੀ-ਲੈਨਿਨਵਾਦੀ ਵਿਸ਼ਲੇਸ਼ਣ ਪੇਸ਼ ਕਰਦੇ ਹਨ ਅਤੇ ਸਾਮਰਾਜਵਾਦ ਤੇ ਸੋਧਵਾਦ ਖਿਲਾਫ ਘੋਲ਼ ਵਿੱਚ ਤਾਕਤਵਰ ਵਿਚਾਰਧਾਰਕ ਹਥਿਆਰ ਹਨ।

ਪਲੈਨਰੀ ਸੈਸ਼ਨ ਇਸ ‘ਤੇ ਜ਼ੋਰ ਦਿੰਦਾ ਹੈ ਕਿ ਸਾਮਰਾਜਵਾਦ ਦਾ ਵਿਰੋਧ ਕਰਨ ਲਈ ਆਧੁਨਿਕ ਸੋਧਵਾਦ ਦਾ ਵਿਰੋਧ ਕਰਨਾ ਬੇਹੱਦ ਲਾਜਮੀ ਹੈ। ਮਾਰਕਸਵਾਦ-ਲੈਨਿਨਵਾਦ ਤੇ ਆਧੁਨਿਕ ਸੋਧਵਾਦ ਵਿਚਾਲ਼ੇ ਘੋਲ਼ ਵਿੱਚ ਕੋਈ ਵਿਚਕਾਰਲਾ ਰਸਤਾ ਨਹੀਂ ਹੈ। ਆਧੁਨਿਕ ਸੋਧਵਾਦੀ ਧੜਿਆਂ ਜਿੰਨ੍ਹਾਂ ਦਾ ਕੇਂਦਰ ਸੋ.ਯੂ.ਕ.ਪਾ. ਦੀ ਲੀਡਰਸ਼ਿਪ ਹੈ, ਦੇ ਸਬੰਧ ਵਿੱਚ ਵਖਰੇਵੇਂ ਦੀ ਬਿਲਕੁਲ ਸਪਸਟ ਵੰਡ-ਰੇਖਾ ਖਿੱਚ ਲੈਣ ਦੀ ਲੋੜ ਹੈ, ਅਤੇ ਉਹਨਾਂ ਦੇ ਨੀਚ ਤੇ ਕਮੀਨੇ ਹੋਣ ਦੇ ਸਾਰੇ ਲੱਛਣਾਂ ਦਾ ਪਰਦਾਚਾਕ ਕਰਨਾ ਬੇਹੱਦ ਜ਼ਰੂਰੀ ਹੈ। ਉਹਨਾਂ ਨਾਲ਼ ਮਿਲ਼ ਕੇ ਕੋਈ “ਸਾਂਝੀ ਕਾਰਵਾਈ” ਕਰਨੀ ਨਾ-ਮੁਮਕਿਨ ਹੈ।

ਪਲੈਨਰੀ ਸੈਸ਼ਨ ਨੇ ਇਸ ਗੱਲ ਵੱਲ ਧਿਆਨ ਦਵਾਇਆ ਕਿ ਪ੍ਰੋਲੇਤਾਰੀ ਕੌਮਾਂਤਰੀਵਾਦ ਚੀਨ ਦੀ ਵਿਦੇਸ਼ ਨੀਤੀ ਦਾ ਸਭ ਤੋਂ ਬੁਨਿਆਦੀ ਮਾਰਗਦਰਸ਼ਕ ਸਿਧਾਂਤ ਹੈ। ਅਮਰੀਕਾ ਤੇ ਉਸਦੇ ਟੁੱਕੜਖੋਰਾਂ ਦੀ ਅਗਵਾਈ ਵਾਲ਼ੇ ਸਾਮਰਾਜ ਖਿਲਾਫ ਏਸ਼ੀਆਈ, ਅਫਰੀਕੀ ਤੇ ਲਾਤੀਨੀ ਅਮਰੀਕੀ ਲੋਕਾਂ ਦੇ ਹੱਕੀ ਘੋਲ਼ ਦੀ ਅਤੇ ਨਾਲ਼ ਹੀ ਸਭ ਦੇਸ਼ਾਂ ਦੇ ਲੋਕਾਂ ਦੇ ਇਨਕਲਾਬੀ ਘੋਲ਼ਾਂ ਦੀ ਸੈਸ਼ਨ ਉਤਸ਼ਾਹੀ ਹਮਾਇਤ ਕਰਦਾ ਹੈ।

ਅਮਰੀਕੀ ਸਾਮਰਾਜ ਦੁਆਰਾ ਵੀਅਤਨਾਮ ਖਿਲਾਫ ਸ਼ੁਰੂ ਕੀਤੀ ਗਈ ਹਮਲਾਵਰ ਜੰਗ ਵਿੱਚ ਆਪਣੇ ਜੁਰਮਾਂ ਦਾ ਘੇਰਾ ਹੋਰ ਵਡੇਰਾ ਕਰਨ ਦੀ ਪਲੈਨਰੀ ਸੈਸ਼ਨ ਤਿੱਖੀ ਨਿਖੇਧੀ ਕਰਦਾ ਹੈ। ਵੀਅਤਨਾਮ ਦੇ ਜਮਹੂਰੀ ਗਣਰਾਜ ਦੇ ਪ੍ਰਧਾਨ ਕਾਮਰੇਡ ਹੋ ਚੀ ਮਿਨ੍ਹ ਵੱਲੋਂ ਜਾਰੀ ਕੀਤੀ ਸਮੁੱਚੇ ਦੇਸ਼ ਦੇ ਲੋਕਾਂ ਨਾਂ ਅਪੀਲ ਦੀ ਸੈਸ਼ਨ ਗਰਮਜੋਸ਼ੀ ਤੇ ਦ੍ਰਿੜ੍ਹਤਾ ਨਾਲ਼ ਹਮਾਇਤ ਕਰਦਾ ਹੈ, ਅਤੇ ਵੀਅਤਨਾਮੀ ਲੋਕਾਂ ਦੀ ਅਮਰੀਕੀ ਹਮਲਾਵਰ ਜੰਗ ਖਿਲਾਫ ਤੇ ਕੌਮੀ ਮੁਕਤੀ ਲਈ ਲੜਾਈ ਵਿੱਚ ਅੰਤ ਤੱਕ ਜਦ ਤੱਕ ਕਿ ਜਿੱਤ ਹਾਸਿਲ ਨਹੀਂ ਹੋ ਜਾਂਦੀ, ਦ੍ਰਿੜਤਾ ਨਾਲ਼ ਹਮਾਇਤ ਕਰਦਾ ਹੈ। ਅਮਰੀਕੀ ਹਮਲੇ ਦਾ ਟਾਕਰਾ ਕਰਨ ਲਈ ਵੀਅਤਨਾਮ ਨੂੰ ਦਿੱਤੀ ਜਾਣ ਵਾਲ਼ੀ ਮਦਦ ਲਈ ਪਾਰਟੀ ਦੀ ਕੇਂਦਰੀ ਕਮੇਟੀ ਤੇ ਸਰਕਾਰ ਵੱਲੋਂ ਵੀਅਤਨਾਮ ਨਾਲ਼ ਸਲਾਹ-ਮਸ਼ਵਰੇ ਤੋਂ ਬਾਅਦ ਹੁਣ ਤੱਕ ਚੁੱਕੇ ਗਏ ਸਾਰੇ ਕਦਮਾਂ ਤੇ ਅੱਗਿਓਂ ਚੁੱਕੇ ਜਾਣ ਵਾਲ਼ੇ ਸਾਰੇ ਕਦਮਾਂ ਨਾਲ਼ ਪਲੈਨਰੀ ਸੈਸ਼ਨ ਪੂਰੀ ਤਰ੍ਹਾਂ ਸਹਿਮਤੀ ਪ੍ਰਗਟਾਉਂਦਾ ਹੈ।

ਅਮਰੀਕੀ ਹਮਲੇ ਖਿਲਾਫ ਵੀਅਤਨਾਮੀ ਟਾਕਰੇ ਦੇ ਸਵਾਲ ਉੱਤੇ ਸੋਵੀਅਤ ਸੋਧਵਾਦੀ ਜੁੰਡਲੀ ਵੱਲੋਂ ਅਪਣਾਈ ਗਈ ਦਿਖਾਵੇ ਦੀ ਹਮਾਇਤ ਪਰ ਅਸਲ ਵਿੱਚ ਗੱਦਾਰੀ ਦੀ ਦੋਗਲੀ ਉਲਟ-ਇਨਕਲਾਬੀ ਨੀਤੀ ਦੀ ਪਲੈਨਰੀ ਸੈਸ਼ਨ ਪੁਰਜ਼ੋਰ ਨਿਖੇਧੀ ਕਰਦਾ ਹੈ।

ਪਲੈਨਰੀ ਸੈਸ਼ਨ ਦਾ ਮੰਨਣਾ ਹੈ ਕਿ ਅਮਰੀਕੀ ਸਾਮਰਾਜ ਪੂਰੀ ਦੁਨੀਆਂ ਦੇ ਲੋਕਾਂ ਦਾ ਸਭ ਤੋਂ ਭੈੜਾ ਦੁਸ਼ਮਣ ਹੈ। ਅਮਰੀਕੀ ਸਾਮਰਾਜ ਨੂੰ ਵੱਧ ਤੋਂ ਵੱਧ ਅਲੱਗ-ਥਲੱਗ ਕਰਨ ਲਈ ਤੇ ਇਸ ਨੂੰ ਹਾਰ ਦੇਣ ਲਈ ਅਮਰੀਕੀ ਸਾਮਰਾਜ ਤੇ ਉਸਦੇ ਪਿੱਠੂਆਂ ਖਿਲਾਫ ਵਿਆਪਕ ਤੋਂ ਵਿਆਪਕ ਸੰਭਵ ਕੌਮਾਂਤਰੀ ਸਾਂਝਾ ਮੋਰਚਾ ਕਾਇਮ ਕਰਨਾ ਚਾਹੀਦਾ ਹੈ। ਸੋਵੀਅਤ ਸੋਧਵਾਦੀ ਆਗੂ ਜੁੰਡਲੀ ਸੰਸਾਰ ਉੱਤੇ ਚੌਧਰ ਲਈ ਸੋਵੀਅਤ-ਅਮਰੀਕੀ ਸਾਂਝ-ਭਿਆਲੀ ਦੀ ਨੀਤੀ ਉੱਤੇ ਚੱਲ ਰਹੀ ਹੈ ਅਤੇ ਅਮਰੀਕੀ ਸਾਮਰਾਜ ਦੀ ਹਿਤਪੂਰਤੀ ਲਈ ਕੌਮਾਂਤਰੀ ਕਮਿਊਨਿਸਟ ਲਹਿਰ ਤੇ ਕੌਮੀ-ਮੁਕਤੀ ਲਹਿਰ ਵਿੱਚ ਫੁੱਟਪਾਊ, ਸਾਬੋਤਾਜ ਤੇ ਭੰਨਤੋੜ ਦੀਆਂ ਕਾਰਵਾਈਆਂ ਨੂੰ ਸਰਗਰਮੀ ਨਾਲ਼ ਅੰਜ਼ਾਮ ਦੇ ਰਹੀ ਹੈ। ਇਸ ਲਈ ਇਹਨਾਂ ਨੂੰ ਸਾਂਝੇ ਮੋਰਚੇ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਸਕਦਾ।

ਸਾਨੂੰ ਸੰਸਾਰ ਦੇ ਉਹਨਾਂ ਸਭਨਾਂ ਲੋਕਾਂ ਨਾਲ਼ ਏਕਤਾ ਕਾਇਮ ਕਰਨੀ ਚਾਹੀਦੀ ਹੈ ਜਿਹੜੇ ਸਾਮਰਾਜਵਾਦ ਤੇ ਬਸਤੀਵਾਦ ਖਿਲਾਫ ਹਨ, ਅਤੇ ਅਮਰੀਕੀ ਸਾਮਰਾਜ ਤੇ ਉਸਦੇ ਪਿੱਠੂਆਂ ਖਿਲਾਫ ਘੋਲ਼ ਨੂੰ ਅਖੀਰ ਤੱਕ ਲੜਨਾ ਚਾਹੀਦਾ ਹੈ।

ਸੰਸਾਰ ਦੇ ਸਾਰੇ ਮਾਰਕਸਵਾਦੀਆਂ-ਲੈਨਿਨਵਾਦੀਆਂ ਦੇ ਨਾਲ਼ ਇੱਕਜੁੱਟ ਹੋ ਕੇ, ਸਾਨੂੰ ਆਧੁਨਿਕ ਸੋਧਵਾਦ ਵਿਰੁੱਧ ਘੋਲ਼ ਨੂੰ ਅੰਤ ਤੱਕ ਚਲਾਉਣਾ ਹੋਵੇਗਾ ਅਤੇ ਕੌਮਾਂਤਰੀ ਪ੍ਰੋਲੇਤਾਰੀ ਤੇ ਸੰਸਾਰ ਦੇ ਲੋਕਾਂ ਦੇ ਇਨਕਲਾਬੀ ਕਾਜ਼ ਨੂੰ ਅੱਗੇ ਵਧਾਉਣਾ ਹੋਵੇਗਾ।

ਮਾਓ-ਜ਼ੇ-ਤੁੰਗ ਵਿਚਾਰਧਾਰਾ ਦੇ ਮਹਾਨ ਲਾਲ ਬੈਨਰ ਨੂੰ 
ਉੱਚਾ ਚੁੱਕੀ ਰੱਖੋ

ਅੱਠਵੀ ਕੇਂਦਰੀ ਕਮੇਟੀ ਦਾ ਗਿਆਰਵਾਂ ਪਲੈਨਰੀ ਸੈਸ਼ਨ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਕਾਮਰੇਡ ਮਾਓ ਜ਼ੇ-ਤੁੰਗ ਦੀਆਂ ਲਿਖਤਾਂ ਦੀ ਪੂਰੀ ਪਾਰਟੀ ਤੇ ਪੂਰੇ ਦੇਸ਼ ਦੁਆਰਾ ਡੂੰਘੀ ਪੜ੍ਹਾਈ ਇੱਕ ਇਤਿਹਾਸਿਕ ਅਹਿਮੀਅਤ ਰੱਖਦੀ ਹੈ। ਕਾਮਰੇਡ ਮਾਓ ਜ਼ੇ-ਤੁੰਗ ਸਾਡੇ ਸਮਿਆਂ ਦਾ ਸਭ ਤੋਂ ਮਹਾਨ ਮਾਰਕਸਵਾਦੀ-ਲੈਨਿਨਵਾਦੀ ਹੈ। ਕਾਮਰੇਡ ਮਾਓ ਜ਼ੇ-ਤੁੰਗ ਨੇ ਮਾਰਕਸਵਾਦ-ਲੈਨਿਨਵਾਦ ਦੀ ਵੱਡੀ ਸੂਝ ਨਾਲ਼ ਤੇ ਸਿਰਜਣਾਤਮਕ ਢੰਗ ਨਾਲ਼ ਵਿਰਾਸਤ ਹਾਸਲ ਕੀਤੀ, ਇਸਦੀ ਰੱਖਿਆ ਕੀਤੀ ਅਤੇ ਵਿਕਸਤ ਕੀਤਾ, ਅਤੇ ਇਸਨੂੰ ਵਿਕਾਸ ਦੇ ਇੱਕ ਨਵੇਂ ਪੜਾਅ ਤੱਕ ਉੱਚਾ ਚੁੱਕਆਿ। ਮਾਓ ਜ਼ੇ-ਤੁੰਗ ਵਿਚਾਰਧਾਰਾ ਉਸ ਯੁੱਗ ਦਾ ਮਾਰਕਸਵਾਦ-ਲੈਨਿਨਵਾਦ ਹੈ ਜਿਸ ਵਿੱਚ ਸਾਮਰਾਜਵਾਦ ਮੁਕੰਮਲ ਹਾਰ ਵੱਲ ਅਤੇ ਸਮਾਜਵਾਦ ਸੰਸਾਰ ਭਰ ‘ਚ ਪੂਰਨ ਜਿੱਤ ਵੱਲ ਵਧ ਰਿਹਾ ਹੈ। ਸਾਡੇ ਦੇਸ਼ ਤੇ ਪਾਰਟੀ ਵਿੱਚ ਇਹ ਸਾਡੇ ਸਭਨਾਂ ਕੰਮਾਂ ਲਈ ਮਾਰਗਦਰਸ਼ਕ ਸਿਧਾਂਤ ਹੈ। ਪਲੈਨਰੀ ਸੈਸ਼ਨ ਦਾ ਇਹ ਮੰਨਣਾ ਹੈ ਕਿ ਕਾਮਰੇਡ ਲਿਨ ਪਿਆਓ ਦਾ ਲੋਕ-ਮੁਕਤੀ ਫੌਜ ਨੂੰ ਕਾਮਰੇਡ ਮਾਓ ਜ਼ੇ-ਤੁੰਗ ਦੀਆਂ ਲਿਖਤਾਂ ਪੜ੍ਹਨ ਲਈ ਇੱਕ ਵੱਡੀ ਮੁਹਿੰਮ ਚਲਾਉਣ ਲਈ ਦਿੱਤਾ ਗਿਆ ਸੱਦਾ ਪੂਰੀ ਪਾਰਟੀ ਤੇ ਪੂਰੇ ਦੇਸ਼ ਅੱਗੇ ਇੱਕ ਉਦਾਹਰਨ ਪੇਸ਼ ਕਰਦਾ ਹੈ। ਸੋਧਵਾਦ ਤੇ ਸਰਮਾਏਦਾਰੀ ਮੁੜ-ਬਹਾਲੀ ਖਿਲਾਫ ਅਤੇ ਸਾਡੇ ਸਮਾਜਵਾਦੀ ਤੇ ਕਮਿਊਨਿਸਟ ਕਾਜ਼ ਦੀ ਜਿੱਤ ਲਈ ਸਭ ਤੋਂ ਭਰੋਸੇਯੋਗ ਤੇ ਬੁਨਿਆਦੀ ਗਰੰਟੀ ਮਜਦੂਰਾਂ, ਕਿਸਾਨਾਂ, ਸਿਪਾਹੀਆਂ, ਇਨਕਲਾਬੀ ਬੁੱਧੀਜੀਵੀਆਂ ਤੇ ਕਾਡਰਾਂ ਨੂੰ ਮਾਓ ਜ਼ੇ-ਤੁੰਗ ਵਿਚਾਰਧਾਰਾ ਨਾਲ਼ ਲੈਸ ਕਰਨਾ ਅਤੇ ਲੋਕਾਂ ਦੀ ਵਿਚਾਰਧਾਰਾ ਦੇ ਇਨਕਲਾਬੀਕਰਨ ਨੂੰ ਉਤਸ਼ਾਹਿਤ ਕਰਨਾ ਹੀ ਹੈ। ਸਮੱਸਿਆਵਾਂ ਨੂੰ ਦਿਮਾਗ ਵਿੱਚ ਰੱਖ ਕੇ ਕਾਮਰੇਡ ਮਾਓ ਜ਼ੇ-ਤੁੰਗ ਦੀਆਂ ਲਿਖਤਾਂ ਦੀ ਪੜ੍ਹਾਈ ਕਰਨ ਦਾ ਤਰੀਕਾ, ਪੜ੍ਹਾਈ ਨੂੰ ਅਭਿਆਸ ਨਾਲ਼ ਜੋੜਦੇ ਹੋਏ ਸਿਰਜਣਾਤਮਕ ਢੰਗ ਨਾਲ਼ ਉਹਨਾਂ ਦੀਆਂ ਲਿਖਤਾਂ ਦੀ ਪੜ੍ਹਾਈ ਤੇ ਲਾਗੂ ਕਰਨਾ, ਜਲਦੀ ਨਤੀਜੇ ਹਾਸਲ ਕਰਨ ਲਈ ਸਭ ਤੋਂ ਪਹਿਲਾਂ ਉਹ ਪੜ੍ਹਨਾ ਜੋ ਤੁਰੰਤ ਜਰੂਰੀ ਹੈ, ਅਤੇ ਜੋ ਵੀ ਕੁਝ ਪੜ੍ਹਿਆ ਜਾਂਦਾ ਹੈ ਉਸਨੂੰ ਲਾਗੂ ਕਰਨ ਲਈ ਪੂਰੇ ਜ਼ੋਰ ਨਾਲ਼ ਕੋਸ਼ਿਸ਼ਾਂ ਕਰਨੀਆਂ ਸਭ ਥਾਵਾਂ ‘ਤੇ ਅਸਰਦਾਰ ਤੇ ਸਹੀ ਸਾਬਤ ਹੋਇਆ ਹੈ ਅਤੇ ਇਸਨੂੰ ਪਾਰਟੀ ਤੇ ਦੇਸ਼ ਵਿੱਚ ਹੋਰ ਵਧੇਰੇ ਹਰਮਨਪਿਆਰਾ ਬਣਾਇਆ ਜਾਣਾ ਚਾਹੀਦਾ ਹੈ।

ਚੀਨ ਦੀ ਕਮਿਊਨਿਸਟ ਪਾਰਟੀ ਮਹਾਨ, ਸ਼ਾਨਦਾਰ ਅਤੇ ਸਹੀ ਪਾਰਟੀ ਹੈ। ਕਾਮਰੇਡ ਮਾਓ ਜ਼ੇ-ਤੁੰਗ ਦੁਆਰਾ ਕਾਇਮ ਕੀਤੀ ਤੇ ਅੱਗੇ ਵਧਾਈ ਗਈ, ਸਾਡੀ ਪਾਰਟੀ ਮਾਰਕਸਵਾਦ-ਲੈਨਿਨਵਾਦ, ਮਾਓ ਜ਼ੇ-ਤੁੰਗ ਵਿਚਾਰਧਾਰਾ ਨਾਲ਼ ਲੈਸ ਹੈ। ਸਾਡੀ ਪਾਰਟੀ ਉਹ ਪ੍ਰੋਲੇਤਾਰੀ ਆਗੂ ਦਸਤਾ ਹੈ ਜਿਹੜਾ ਸਿਧਾਂਤ ਨੂੰ ਅਭਿਆਸ ਨਾਲ਼ ਜੋੜਦਾ ਹੈ, ਲੋਕਾਈ ਨਾਲ਼ ਨੇੜਿਓਂ ਜੁੜਿਆ ਹੋਇਆ ਹੈ ਅਤੇ ਇਮਾਨਦਾਰੀ ਨਾਲ਼ ਆਪਾ-ਪੜਚੋਲ ਦੀ ਭਾਵਨਾ ਰੱਖਦਾ ਹੈ। ਇਹ ਇੱਕ ਪ੍ਰੋਲੇਤਾਰੀ ਇਨਕਲਾਬੀ ਪਾਰਟੀ ਹੈ ਜਿਹੜੀ ਇਤਿਹਾਸ ਦੇ ਸਭ ਤੋਂ ਭਿਅੰਕਰ, ਸਭ ਤੋਂ ਔਖੇ, ਸਭ ਤੋਂ ਲੰਬੇ ਤੇ ਸਭ ਤੋਂ ਗੁੰਝਲਦਾਰ ਘੋਲ਼ਾਂ ਵਿੱਚੋਂ ਲੰਘੀ ਹੈ। ਸਾਡੇ ਲੋਕ ਮਹਾਨ ਲੋਕ ਹਨ। ਸਾਡਾ ਦੇਸ਼ ਮਹਾਨ ਦੇਸ਼ ਹੈ। ਸਾਡੀ ਫੌਜ ਮਹਾਨ ਫੌਜ ਹੈ। ਸਾਡਾ ਇਹ ਪੱਕਾ ਵਿਸ਼ਵਾਸ ਹੈ ਕਿ ਸਾਡੇ ਮਹਾਨ ਆਗੂ ਕਾਮਰੇਡ ਮਾਓ ਜ਼ੇ-ਤੁੰਗ ਦੀ ਅਗਵਾਈ ਥੱਲੇ ਚੀਨ ਦੀ ਕਮਿਊਨਿਸਟ ਪਾਰਟੀ, ਸਮੁੱਚੇ ਦੇਸ਼ ਦੇ ਫੌਜੀ ਤੇ ਸ਼ਹਿਰੀ ਆਪਣੀਆਂ ਖੁਦ ਦੀਆਂ ਕੋਸ਼ਿਸ਼ਾਂ ਉੱਤੇ ਨਿਰਭਰਤਾ ਬਣਾਈ ਰੱਖਦੇ ਹੋਏ ਅਤੇ ਪੂਰੀ ਊਰਜਾ ਨਾਲ਼ ਕੰਮ ਕਰਦੇ ਹੋਏ ਸਾਰੀਆਂ ਔਖਿਆਈਆਂ ਤੇ ਰੁਕਾਵਟਾਂ ਨੂੰ ਸਰ ਕਰ ਲੈਣ ਅਤੇ ਇਤਿਹਾਸ ਦੁਆਰਾ ਜ਼ਿੰਮੇ ਲਾਏ ਫਰਜ਼ ਨੂੰ ਪੂਰਾ ਕਰਨ ‘ਚ ਕਾਮਯਾਬ ਰਹਿਣਗੇ, ਅਤੇ ਸੰਸਾਰ ਦੇ ਇਨਕਲਾਬੀ ਲੋਕਾਂ ਦੀਆਂ ਆਸਾਂ-ਉਮੀਦਾਂ ਨੂੰ ਬਿਲਕੁਲ ਨਹੀਂ ਤੋੜਨਗੇ।

ਅੱਠਵੀ ਕੇਂਦਰੀ ਕਮੇਟੀ ਦਾ ਗਿਆਰਵਾਂ ਪਲੈਨਰੀ ਸੈਸ਼ਨ ਸਾਰੇ ਮਜਦੂਰਾਂ, ਲੋਕ ਕਮਿਊਨਾਂ ਦੇ ਮੈਂਬਰਾਂ, ਲੋਕ-ਮੁਕਤੀ ਫੌਜ ਦੇ ਕਮਾਂਡਰਾਂ ਤੇ ਲੜਾਕਿਆਂ, ਇਨਕਲਾਬੀ ਕਾਡਰਾਂ, ਇਨਕਲਾਬੀ ਬੁੱਧਜੀਵੀਆਂ, ਇਨਕਲਾਬੀ ਅਧਿਆਪਕਾਂ ਤੇ ਵਿਦਿਆਰਥੀਆਂ ਅਤੇ ਦੇਸ਼ ਦੇ ਵਿਗਿਆਨਕ ਤੇ ਤਕਨੀਕੀ ਅਮਲੇ ਨੂੰ ਮਾਓ ਜ਼ੇ-ਤੁੰਗ ਵਿਚਾਰਧਾਰਾ ਦੇ ਮਹਾਨ ਲਾਲ ਬੈਨਰ ਨੂੰ ਹੋਰ ਉੱਚਾ ਚੁੱਕਣ, ਉਹਨਾਂ ਸਭਨਾਂ ਦੀ ਏਕਤਾ ਬਣਾਉਣ ਜਿਹਨਾਂ ਦੀ ਏਕਤਾ ਬਣ ਸਕਦੀ ਹੈ, ਵੱਖੋ-ਵੱਖਰੇ ਪਾਸਿਆਂ ਦੁਆਰਾ, ਉਲਟ-ਇਨਕਲਾਬੀ ਸੋਧਵਾਦੀਆਂ ਦੁਆਰਾ ਤੇ “ਖੱਬੇ” ਤੇ ਸੱਜੇ ਮੌਕਾਪ੍ਰਸਤਾਂ ਦੁਆਰਾ ਹੋ ਰਹੇ ਵਿਰੋਧ ਦੇ ਅੜਿੱਕਿਆਂ ਨੂੰ ਸਰ ਕਰਨ, ਔਖਿਆਈਆਂ, ਕਮਜ਼ੋਰੀਆਂ ਤੇ ਗਲਤੀਆਂ ਨੂੰ ਪਾਰ ਕਰਨ, ਪਾਰਟੀ ਤੇ ਸਮਾਜ ਦੇ ਕਾਲ਼ੇ ਧੱਬਿਆਂ ਨੂੰ ਸਾਫ ਕਰਨ, ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਨੂੰ ਅਖੀਰ ਤੱਕ ਲੈ ਕੇ ਜਾਣ, ਅਤੇ ਤੀਜੀ ਪੰਜ-ਸਾਲਾ ਯੋਜਨਾ ਨੂੰ ਨੇਪਰੇ ਚਾੜਨ ਅਤੇ ਚੀਨ ਨੂੰ ਇੱਕ ਤਾਕਤਵਰ ਸਮਾਜਵਾਦੀ ਦੇਸ਼ ਬਣਾਉਣ ਲਈ ਲੱਕ ਬੰਨ੍ਹ ਲੈਣ ਦਾ ਸੱਦਾ ਦਿੰਦਾ ਹੈ।

ਅਸੀਂ ਸਭ ਮਹਾਨ, ਉੱਚੇ ਪ੍ਰੋਲੇਤਾਰੀ ਆਸ਼ਿਆਂ ਨਾਲ਼ ਭਰੇ ਹੋਣੇ ਚਾਹੀਦੇ ਹਾਂ ਅਤੇ ਲੋਕਾਂ ਵੱਲੋਂ ਪਹਿਲਾਂ ਕਦੇ ਵੀ ਨਾ-ਗਾਹੇ ਗਏ ਰਸਤਿਆਂ ‘ਤੇ ਤੁਰਨ ਅਤੇ ਪਹਿਲਾਂ ਕਦੇ ਵੀ ਨਾ-ਹਾਸਲ ਕੀਤੀਆਂ ਗਈਆਂ ਉਚਾਈਆਂ ਨੂੰ ਪ੍ਰਾਪਤ ਕਰਨ ਦੀ ਦਲੇਰੀ ਵਿਖਾਉਣੀ ਚਾਹੀਦੀ ਹੈ। ਸਾਨੂੰ ਇੱਕ ਸਮਾਜਵਾਦੀ ਚੀਨ ਦੀ ਉਸਾਰੀ ਕਰਨ ਦਾ ਮਹਾਨ ਕੰਮ ਕਰਨਾ ਹੀ ਹੈ, ਜਿਹੜਾ ਸੰਸਾਰ ਦੀ ਚੌਥਾ ਹਿੱਸਾ ਅਬਾਦੀ ਦਾ ਘਰ ਹੈ, ਅਤੇ ਪ੍ਰੋਲੇਤਾਰੀ ਦਾ ਇੱਕ ਅਜਿਹਾ ਅਡੋਲ ਰਾਜ ਬਣਾਉਣਾ ਹੀ ਹੈ ਜਿਹੜਾ ਕਦੇ ਰੰਗ ਨਹੀਂ ਬਦਲੇਗਾ। ਸਾਨੂੰ ਜਰੂਰ ਹੀ ਤਾਈਵਾਨ ਨੂੰ ਅਜ਼ਾਦ ਕਰਵਾਉਣਾ ਚਾਹੀਦਾ ਹੈ। ਸਾਨੂੰ ਅਮਰੀਕੀ ਸਾਮਰਾਜ ਤੇ ਉਸਦੇ ਇਤਿਹਾਦੀਆਂ ਦੇ ਅਚਾਨਕ ਹਮਲੇ ਖਿਲਾਫ ਸਾਡੀ ਚੌਕਸੀ ਤੇ ਸੁਰੱਖਿਆ ਨੂੰ ਸੌ ਗੁਣਾ ਵਧਾਉਣਾ ਚਾਹੀਦਾ ਹੈ। ਜੇ ਉਹਨਾਂ ਨੇ ਸਾਡੇ ਉੱਤੇ ਜੰਗ ਥੋਪਣ ਦੀ ਜੁਅਰੱਤ ਕੀਤੀ ਤਾਂ 70 ਕਰੋੜ ਚੀਨੀ ਲੋਕ ਕਾਮਰੇਡ ਮਾਓ ਜ਼ੇ-ਤੁੰਗ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਦੀ ਅਗਵਾਈ ਥੱਲੇ ਲਾਜਮੀ ਹੀ ਉਸਦੀ ਰੀੜ੍ਹ ਤੋੜ ਦੇਣਗੇ ਅਤੇ ਉਸਨੂੰ ਪੂਰੀ ਦ੍ਰਿੜਤਾ ਨਾਲ਼, ਵਿਆਪਕਤਾ, ਸਮੁੱਚਤਾ ਤੇ ਪੂਰਨ ਰੂਪ ਵਿੱਚ ਮਿਟਾ ਦੇਣਗੇ।

ਸ੍ਰੋਤ: ਚੀਨ ਦੀ ਕਮਿਊਨਿਸਟ ਪਾਰਟੀ ਦੀ ਅੱਠਵੀਂ ਕੇਂਦਰੀ ਕਮੇਟੀ ਦੇ ਗਿਆਰਵੇਂ ਪਲੈਨਰੀ ਸੈਸ਼ਨ ਦਾ ਐਲਾਨ, ਵਿਦੇਸ਼ੀ ਭਾਸ਼ਾਵਾਂ ਦੀ ਪ੍ਰੈੱਸ, ਪੀਕਿੰਗ, 1966

“ਪ੍ਰਤੀਬੱਧ”, ਅੰਕ 20, ਸਤੰਬਰ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s