ਅਰਵਿੰਦ ਮੈਮੋਰੀਅਲ ਟਰੱਸਟ ਅਤੇ ਅਰਵਿੰਦ ਇੰਸਟੀਚਿਊਟ ਆਫ਼ ਮਾਰਕਸਿਸਟ ਸਟੱਡੀਜ਼ -ਇੱਕ ਜਾਣ-ਪਛਾਣ

sathi arvind

ਪੀ.ਡੀ.ਐਫ਼ ਡਾਊਨਲੋਡ ਕਰੋ

‘ਅਰਵਿੰਦ ਮੈਮੋਰੀਅਲ ਟਰੱਸਟ’ ਅਤੇ ਉਸ ਵੱਲੋਂ ਸੰਚਾਲਿਤ ‘ਅਰਵਿੰਦ ਇੰਸਟੀਚਿਊਟ ਆਫ਼ ਮਾਰਕਸਿਸਟ ਸਟੱਡੀਜ਼’ ਦੀ ਸਥਾਪਨਾ ਮਰਹੂਮ ਕਾਮਰੇਡ ਅਰਵਿੰਦ ਦੀ ਯਾਦ ‘ਚ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ 44 ਵਰ੍ਹਿਆਂ ਦੀ ਛੋਟੀ ਉਮਰ ‘ਚ ਬੀਤੀ 24 ਜੁਲਾਈ, 2008 ਨੂੰ ਮਹਿਜ਼ ਕੁੱਝ ਦਿਨਾਂ ਦੀ ਬਿਮਾਰੀ ਮਗਰੋਂ ਅਚਾਨਕ ਮੌਤ ਹੋ ਗਈ।

ਕਾਮਰੇਡ ਅਰਵਿੰਦ ਸੱਚੇ ਅਰਥਾਂ ‘ਚ ਲੋਕਾਂ ਦੇ ਆਦਮੀ ਸਨ। 20 ਵਰ੍ਹਿਆਂ ਦੀ ਛੋਟੀ ਜਿਹੀ ਉਮਰ ‘ਚ ਉਹਨਾਂ ਨੇ ਇਨਕਲਾਬੀ ਖੱਬੇਪੱਖੀ ਸਿਆਸਤ ਦੀ ਸ਼ੁਰੂਆਤ ਕਾਸ਼ੀ ਹਿੰਦੂ ਯੂਨੀਵਰਸਿਟੀ, ਵਾਰਾਨਸੀ ‘ਚ ਵਿਦਿਆਰਥੀ ਸਿਆਸਤ ਤੋਂ ਕੀਤੀ ਸੀ। ਇਸ ਮਗਰੋਂ ਵਰ੍ਹਿਆਂ ਤੱਕ ਉਹ ਪੂਰਬੀ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਪੇਂਡੂ ਇਲਾਕਿਆਂ ‘ਚ ਨੌਜਵਾਨਾਂ ਨੂੰ ਜੱਥੇਬੰਦ ਕਰਦੇ ਰਹੇ। ਕੁਝ ਦਿਨਾਂ ਤੱਕ ਉਹਨਾਂ ਨੇ ਗੋਰਖਪੁਰ ਅਤੇ ਲਖਨਊ ‘ਚ ਵੀ ਵਿਦਿਆਰਥੀ ਮੋਰਚੇ ‘ਤੇ ਕੰਮ ਕੀਤਾ। ਮਊ ਜ਼ਿਲ੍ਹੇ ‘ਚ ਪੇਂਡੂ ਮਜ਼ਦੂਰਾਂ ਨੂੰ ਜੱਥੇਬੰਦ ਕਰਨ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣ ਮਗਰੋਂ ਉਹ ਲੰਮੇਂ ਸਮੇਂ ਤੱਕ ਦਿੱਲੀ-ਨੋਇਡਾ ‘ਚ ਸਨਅਤੀ ਮਜ਼ਦੂਰਾਂ ਦਰਮਿਆਨ ਕੰਮ ਕਰਦੇ ਰਹੇ। ਜ਼ਿੰਦਗੀ ਦੇ ਅੰਤਮ ਵਰ੍ਹਿਆਂ ‘ਚ ਉਹ ਗੋਰਖਪੁਰ ਦੇ ਮਜ਼ਦੂਰਾਂ ਅਤੇ ਸਫ਼ਾਈ-ਕਾਮਿਆਂ ਨੂੰ ਜੱਥੇਬੰਦ ਕਰਦੇ ਹੋਏ ਇਨਕਲਾਬੀ ਵਿਦਿਆਰਥੀਆਂ ਨੌਜਵਾਨਾਂ ‘ਚ ਸਰਗਰਮ ਨੌਜਵਾਨਾਂ ਦੀ ਨਵੀਂ ਪੀੜ੍ਹੀ ਲਈ ਰਹਿਨੁਮਾ ਦੀ ਭੂਮਿਕਾ ਨਿਭਾ ਰਹੇ ਸਨ। 

ਇੱਕ ਕੁਸ਼ਲ ਆਰਗੇਨਾਈਜ਼ਰ ਹੋਣ ਦੇ ਨਾਲ਼ ਹੀ ਸਾਥੀ ਅਰਵਿੰਦ ਦੀ ਸਿਧਾਂਤਕ ਖੇਤਰ ਵਿੱਚ ਵੀ ਡੂੰਘੀ ਪਕੜ ਸੀ। ਇੱਕ ਮਾਹਿਰ ਸਿਆਸੀ ਪੱਤਰਕਾਰ, ਲੇਖਕ ਅਤੇ ਅਨੁਵਾਦਕ ਦੇ ਰੂਪ ‘ਚ ਪੂਰਾ ਹਿੰਦੀ ਜਗਤ ਉਹਨਾਂ ਦੀਆਂ ਸਮਰਥਾਵਾਂ ਤੋਂ ਜਾਣੂ ਸੀ। ਸਮਾਜਵਾਦ ਦੀਆਂ ਸਮੱਸਿਆਵਾਂ, ਪੂੰਜੀਵਾਦੀ ਮੁੜਬਹਾਲੀ ਦੇ ਕਾਰਨਾਂ ਅਤੇ ਸੱਭਿਆਚਾਰਕ ਇਨਕਲਾਬ ਬਾਰੇ ਉਹਨਾਂ ਨੇ ਡੂੰਘਾ ਖੋਜ-ਅਧਿਐਨ ਕੀਤਾ ਸੀ। ਮਜ਼ਦੂਰ ਲਹਿਰ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ‘ਤੇ ਵੀ ਉਹਨਾਂ ਦਾ ਅਧਿਐਨ ਡੂੰਘਾ ਸੀ ਅਤੇ ਸਮਝ ਵਿਆਪਕ ਸੀ। ‘ਨੌਜਵਾਨ’, ‘ਆਹਵਾਨ’, ‘ਦਾਯਿਤਵਬੋਧ’, ‘ਬਿਗੁਲ’, ਆਦਿ ਕਈ ਅਖ਼ਬਾਰਾਂ-ਮੈਗਜ਼ੀਨਾਂ ‘ਚ ਨਾ ਸਿਰਫ਼ ਉਹ ਨਿਯਮਿਤ ਲਿਖਦੇ ਰਹੇ, ਸਗੋਂ ਇਹਨਾਂ ਦੇ ਸੰਪਾਦਨ ਨਾਲ਼ ਵੀ ਜੁੜੇ ਰਹੇ। ਕਈ ਨੌਜਵਾਨ ਸਾਥੀਆਂ ਨੂੰ ਉਹਨਾਂ ਨੇ ਆਪਣੇ ਹੱਥਾਂ ਨਾਲ਼ ਘੜਕੇ ਜੱਥੇਬੰਦਕ ਬਣਾਇਆ ਅਤੇ ਕਈਆਂ ਨੂੰ ਲਿਖਣਾ ਸਿਖਾਇਆ। ਸਮੇਂ ਸਮੇਂ ‘ਤੇ ਮੁਲਕ ਦੇ ਵੱਖ-ਵੱਖ ਹਿੱਸਿਆਂ ‘ਚ ਜਾ ਕੇ ਇਨਕਲਾਬੀ ਖੱਬੀ ਧਾਰਾ ਦੇ ਹਮਸਫ਼ਰਾਂ ਨਾਲ਼ ਮਿਲਣ ਅਤੇ ਖੱਬੀ ਏਕਤਾ ਲਈ ਵਿਚਾਰਧਾਰਾ ਅਤੇ ਲਾਈਨ ਦੇ ਸੁਆਲ ‘ਤੇ ਬਹਿਸ ਚਲਾਉਣ ਦਾ ਕੰਮ ਵੀ ਉਹ ਕਰਦੇ ਰਹੇ। ਜਿਹੜਾ ਉਹਨਾਂ ਨੂੰ ਇੱਕ ਵਾਰੀ ਵੀ ਮਿਲਿਆ, ਉਹ ਉਹਨਾਂ ਨੂੰ ਕਦੇ ਨਹੀਂ ਭੁਲਾ ਸਕਿਆ।

ਉਹ ਇੱਕ ਸੱਚੇ ਕਮਿਊਨਿਸਟ ਵਾਂਗ ਸਹਿਜ-ਸਰਲ ਖੁਸ਼ਮਿਜਾਜ, ਜ਼ਿੰਦਾਦਿਲ ਅਤੇ ਪਾਰਦਰਸ਼ੀ ਸਖ਼ਸ਼ੀਅਤ ਵਾਲੇ ਵਿਅਕਤੀ ਸਨ, ਪਰ ਅਸੂਲਾਂ ਦੇ ਮਾਮਲੇ ‘ਚ ਉਹ ਕਦੇ ਵੀ ਕੋਈ ਸਮਝੌਤਾ ਨਹੀਂ ਕਰਦੇ ਸਨ। ਇੱਕ ਬੇਰਹਿਮ, ਠੰਡੇ ਅਤੇ ਦੁਨੀਆਂਦਾਰੀ ਭਰੇ ਸਮੇਂ ‘ਚ ਉਹ ਅਡੋਲ ਆਪਣੀ ਰਾਹ ‘ਤੇ ਚਲਦੇ ਰਹੇ ਅਤੇ ਇੱਕ ਸੱਚੇ ਪ੍ਰੋਲੇਤਾਰੀ ਇਨਕਲਾਬੀ ਵਾਂਗ ਜੀਵੇ ਅਤੇ ਮਰੇ। ਅਸੀਂ ਉਹਨਾਂ ਨੂੰ ਕਦੇ ਨਹੀਂ ਭੁਲਾ ਸਕਾਂਗੇ।

‘ਅਰਵਿੰਦ ਮੈਮੋਰੀਅਲ ਟਰੱਸਟ’ ਅਤੇ ‘ਅਰਵਿੰਦ ਇੰਸਟੀਚਿਊਟ ਆਫ਼ ਮਾਰਕਸਿਸਟ ਸਟੱਡੀਜ਼’ ਬਾਰੇ

ਕਾਮਰੇਡ ਅਰਵਿੰਦ ਦਾ ਜੀਵਨ ਕਿਰਤੀ ਲੋਕਾਂ ਦੀ ਮੁਕਤੀ ਦੇ ਜਿਸ ਵਿਆਪਕ ਟੀਚੇ ਲਈ ਸਮਰਪਿਤ ਸੀ, ਉਸਨੂੰ ਅਗਾਂਹ ਵਧਾਉਣ ਲਈ ‘ਅਰਵਿੰਦ ਮੈਮੋਰੀਅਲ ਟਰੱਸਟ’ ਸਮਰਪਿਤ ਹੈ।

ਟਰੱਸਟ ਦਾ ਸਭ ਤੋਂ ਪਹਿਲਾ ਕੰਮ ‘ਅਰਵਿੰਦ ਇੰਸਟੀਚਿਊਟ ਆਫ਼ ਮਾਰਕਸਿਸਟ ਸਟੱਡੀਜ਼’ ਦੀ ਸਥਾਪਨਾ ਅਤੇ ਸੰਚਾਲਨ ਹੈ।

ਸਾਡਾ ਇਹ ਸਪੱਸ਼ਟ ਅਤੇ ਦ੍ਰਿੜ ਮਤ ਹੈ ਕਿ ਮਾਰਕਸਵਾਦ ਦੀ ਇੱਕੋ ਇੱਕ ਸਾਰਥਕਤਾ ਸਮਾਜਿਕ ਅਭਿਆਸ ਦੀ ਰਹਿਨੁਮਾਈ ਕਰਨ ‘ਚ ਹੈ। ਦੁਨੀਆਂ ਦੀਆਂ ਸਾਰੀਆਂ ਵਿਆਖਿਆਵਾਂ ਦਾ ਅੰਤਮ ਟੀਚਾ ਦੁਨੀਆਂ ਨੂੰ ਬਦਲਣਾ ਹੀ ਹੋ ਸਕਦਾ ਹੈ। ਜਿਵੇਂ ਕਿ ਪਲੈਖ਼ਾਨੋਵ ਨੇ ਕਿਹਾ ਸੀ, ਜ਼ਿੰਦਾ ਲੋਕ ਜ਼ਿੰਦਾ ਸਵਾਲਾਂ ‘ਤੇ ਸੋਚਦੇ ਹਨ। ਜਾਹਰ ਹੈ ਕਿ ”ਖੋਜ ਕਾਰਜ ਲਈ ਖੋਜ ਕਾਰਜ” ਸਾਡਾ ਉਦੇਸ਼ ਨਹੀਂ ਹੋ ਸਕਦਾ। ‘ਅਰਵਿੰਦ ਇੰਸਟੀਚਿਊਟ ਆਫ਼ ਮਾਰਕਸਿਸਟ ਸਟੱਡੀਜ਼’ ਦੇ ਖੋਜ-ਅਧਿਐਨ ਨਾਲ਼ ਸਬੰਧਿਤ ਸਾਰੇ ਅਦਾਰਿਆਂ ਦਾ ਟੀਚਾ ਉਹਨਾਂ ਸਿਧਾਂਤਕ ਸਵਾਲਾਂ ਦਾ ਹੱਲ ਲੱਭਣ ਦੀਆਂ ਕੋਸ਼ਿਸ਼ਾਂ ‘ਚ ਹੱਥ ਵੰਡਾਉਣਾ ਹੈ, ਜਿਹੜੀਆਂ ਅੱਜ ਸੰਸਾਰ ਕਮਿਊਨਿਸਟ ਲਹਿਰ ਮੂਹਰੇ ਭੱਖਦੇ ਸਵਾਲ ਦੇ ਰੂਪ ‘ਚ ਮੌਜੂਦ ਹਨ। ਇਹਨਾਂ ‘ਚ ਕੁੱਝ ਸਵਾਲ ਵੀਹਵੀਂ ਸਦੀ ਦੇ ਮਜ਼ਦੂਰ ਇਨਕਲਾਬਾਂ ਦੀਆਂ ਜਿੱਤਾਂ ਹਾਰਾਂ ਦੇ ਵਿਸ਼ਲੇਸ਼ਣ ਨਿਚੋੜ ਨਾਲ਼ ਜੁੜੇ ਹੋਏ ਹਨ। ਨਵੇਂ ਮਜ਼ਦੂਰ ਇਨਕਲਾਬਾਂ ਦੀ ਪਿੱਠਭੂਮੀ ਤਿਆਰ ਕਰਨ ਲਈ ਸਮਾਜਵਾਦ ਦੀਆਂ ਸਮੱਸਿਆਵਾਂ ਅਤੇ ਪੂੰਜੀਵਾਦ ਦੀ ਮੁੜਬਹਾਲੀ ਦੇ ਕਾਰਨਾਂ ‘ਤੇ ਡੂੰਘੇ ਅਤੇ ਵਿਆਪਕ ਖੋਜ-ਅਧਿਐਨ ਦੀ ਲੋੜ ਹੈ। ਇਹ ਲੋੜ ਇਸ ਲਈ ਹੋਰ ਵੀ ਵੱਧ ਹੈ ਕਿ ਵਿਹਲੜ ਅਕਾਦਮਿਕ ਮਾਰਕਸਵਾਦੀਆਂ ਨੇ ਇਸ ਵਿਸ਼ੇ ‘ਤੇ ਥੋਕ ‘ਚ ਲਿਖ ਕੇ ਕਾਫ਼ੀ ਭਰਮ ਫੈਲਾ ਰੱਖਿਆ ਹੈ ਅਤੇ ਜ਼ਿਆਦਾਤਰ ਨੌਜਵਾਨ ਖੱਬੇਪੱਖੀ ਬੁੱਧੀਜੀਵੀ ਇਨਕਲਾਬਾਂ ਦੇ ਬੁਨਿਆਦੀ ਦਸਤਾਵੇਜਾਂ ਤੇ ਬਹਿਸਾਂ ਅਤੇ ਸਿਧਾਂਤਕ ਲੇਖਣੀ ਦੀ ਬੁਨਿਆਦੀ ਸੰਦਰਭ-ਸਮੱਗਰੀ ਦੀ ਬਜਾਏ ਅਕਾਦਮਿਕ ਖੱਬੇਪੱਖੀ, ‘ਫਰੈਂਕਫਰਟ ਸਕੂਲ’ ਅਤੇ ‘ਨਿਊ ਲੇਫਟ’ ਦੀਆਂ ਵੱਖ-ਵੱਖ ਧਾਰਾਵਾਂ ਦੇ ਬੁੱਧੀਜੀਵੀਆਂ ਨੂੰ ਹੀ ਪੜ੍ਹ ਕੇ ਬੌਂਦਲੇ ਰਹਿੰਦੇ ਹਨ।
ਦੂਜਾ ਸਵਾਲ, ਵਿਸ਼ਵੀਕਰਨ ਦੇ ਦੌਰ ‘ਚ ਸੰਸਾਰ ਪੂੰਜੀਵਾਦ ਦੀ ਸੰਰਚਨਾ, ਉਤਪਾਦਨ ਅਤੇ ਵਟਾਂਦਰੇ ਦੀ ਪ੍ਰਕ੍ਰਿਆ ਅਤੇ ਉਸਦੇ ਸਿਆਸੀ ਤੇ ਸੱਭਿਆਚਾਰਕ-ਵਿਚਾਰਕ ਉੱਚ-ਉਸਾਰ ਤੰਤਰ ਨੂੰ ਸਮੁੱਚਤਾ ‘ਚ ਸਮਝਣ ਦਾ ਹੈ। ਇਸ ਨੂੰ ਸਮਝਣਾ ਮਜ਼ਦੂਰ ਟਾਕਰੇ ਦੇ ਨਵੇਂ ਰੂਪਾਂ ਅਤੇ ਸੰਸਾਰ ਮਜ਼ਦੂਰ ਇਨਕਲਾਬਾਂ ਦੀ ਨਵੀਂ ਲਾਈਨ ਦੇ ਵਿਕਾਸ ਲਈ ਜ਼ਰੂਰੀ ਹੈ।

ਤੀਜਾ ਸਵਾਲ, ਜਿਹੜਾ ਦੂਜੇ ਨਾਲ਼ ਹੀ ਜੁੜਿਆ ਹੋਇਆ ਹੈ, ਉਹ ਹੈ ਭਾਰਤ ਅਤੇ ਸਾਰੇ ਹੋਰ ਉੱਤਰ-ਬਸਤੀਵਾਦੀ, ਖੇਤੀ ਪ੍ਰਧਾਨ ਮੁਲਕਾਂ ਦੇ ਸਮਾਜਿਕ-ਆਰਥਿਕ ਵਿਕਾਸ ਦੀ ਗਤੀ ਦੀ ਭਰਵੀਂ ਸਮਝ ਹਾਸਲ ਕਰਨਾ – ਇਹਨਾਂ ਦੇਸ਼ਾਂ ਦੇ ਸਨਅਤੀ ਵਿਕਾਸ ਅਤੇ ਭੂਮੀ-ਸਬੰਧਾਂ ਦੇ ਪੂੰਜੀਵਾਦੀ ਰੂਪਾਂਤਰਣ ਦਾ ਅਧਿਐਨ ਕਰਨਾ, ਸਿਆਸੀ-ਸੱਭਿਆਚਾਰਕ-ਸਮਾਜਿਕ ਤਬਦੀਲੀਆਂ ਦਾ ਅਧਿਐਨ ਕਰਨਾ ਅਤੇ ਸਾਮਰਾਜਵਾਦ ਅਤੇ ਦੇਸੀ ਪੂੰਜੀ ਦਰਮਿਆਨ ਸਬੰਧਾਂ ਦੇ ਖਾਸੇ ਦਾ ਅਧਿਐਨ ਕਰਨਾ।

ਚੌਥਾ ਸਵਾਲ, ਭਾਰਤੀ ਦੀ ਸਨਅਤੀ ਅਤੇ ਪੇਂਡੂ ਮਜ਼ਦੂਰ ਲਹਿਰ ਨੂੰ ਨਵੀਆਂ ਹਾਲਤਾਂ ‘ਚ ਜੱਥੇਬੰਦ ਕਰਨ ਨਾਲ਼, ਉਸਦੀ ਦਿਸ਼ਾ ਅਤੇ ਰਾਹ ਤੈਅ ਕਰਨ ਨਾਲ਼ ਅਤੇ ਭਾਰਤ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਤੇ ਉਸਦੀ ਮੁੜ-ਉਸਾਰੀ ਦੀਆਂ ਚਣੌਤੀਆਂ ਤੇ ਕਾਰਜਾਂ ਦੇ ਅਧਿਐਨ ਨਾਲ਼ ਜੁੜਿਆ ਹੋਇਆ ਹੈ।

ਪੰਜ, ਭਾਰਤ ਵਿੱਚ ਮਜ਼ਦੂਰ ਜਮਾਤੀ ਸੱਭਿਆਚਾਰਕ ਲਹਿਰ ਨਵੇਂ ਸਿਰਿਓਂ ਖੜ੍ਹੀ ਕਰਨ ਦੀਆਂ ਚੁਣੌਤੀਆਂ ਅਤੇ ਕਾਰਜਾਂ ਦੇ ਸੰਦਰਭ ਵਿੱਚ ਸੱਭਿਆਚਾਰਕ ਲਹਿਰ ਦੇ ਇਤਿਹਾਸ ਅਤੇ ਸਿਧਾਂਤਕ ਸਵਾਲਾਂ ਉੱਪਰ ਖੋਜ ਅਧਿਐਨ ਵੀ ਇੰਸਟੀਚਿਊਟ ਦਾ ਇੱਕ ਅਹਿਮ ਕਾਰਜ ਹੋਵੇਗਾ।

ਇੰਸਟੀਚਿਊਟ ਦੇ ਖੋਜ ਅਧਿਐਨਾਂ ਦਾ ਛੇਵਾਂ ਦਾਇਰਾ ਮਾਰਕਸਵਾਦੀ ਨਜ਼ਰੀਏ ਤੋਂ ਸੰਚਾਰ-ਮਾਧਿਅਮਾਂ ਦਾ ਅਧਿਐਨ (ਮੀਡੀਆ ਸਟੱਡੀਜ਼) ਹੋਵੇਗਾ। ਟੀ. ਵੀ., ਕੰਪਿਊਟਰ, ਇੰਟਰਨੈੱਟ ਅਤੇ ਡਿਜ਼ੀਟਲ ਤਕਨੀਕ ਨੇ ਲੋਕਾਂ ਤੱਕ ਮੀਡੀਆ ਦੀ ਪਹੁੰਚ ਦੇ ਦਾਇਰੇ ਨੂੰ ਨਾ ਕੇਵਲ ਬਹੁਤ ਵਧਾ ਦਿੱਤਾ ਹੈ, ਸਗੋਂ ਇਲੈਕਟਰੋਨਿਕ ਮੀਡੀਆ ਨੂੰ ਹਾਕਮ ਜਮਾਤ ਦੇ ਵਿਚਾਰਕ-ਸੱਭਿਆਚਾਰਕ ਗਲਬੇ ਦਾ ਸਭ ਤੋਂ ਵੱਧ ਕਾਰਗਰ ਸਾਧਨ ਬਣਾ ਦਿੱਤਾ ਹੈ। ਅੱਜ ਦੁਨੀਆਂ ‘ਚ ਮੀਡੀਆ ਦਾ ਮਾਰਕਸਵਾਦੀ ਅਧਿਐਨ ਇੱਕ ਭਖਵਾਂ ਵਿਸ਼ਾ ਬਣਿਆ ਹੋਇਆ ਹੈ ਅਤੇ ਅਸੀਂ ਵੀ ਇਸਨੂੰ ਜ਼ਰੂਰੀ ਸਮਝਦੇ ਹਾਂ। ਸਵਾਲ ਕੇਵਲ ਬੁਰਜੂਆ ਮੀਡੀਆ ਅਤੇ ”ਸੱਭਿਆਚਾਰਕ ਸਨਅਤ” ਦੇ ਅਧਿਐਨ-ਵਿਸ਼ਲੇਸ਼ਣ ਦਾ ਹੀ ਨਹੀਂ ਹੈ, ਸਗੋਂ ਬਦਲਵੇਂ ਮੀਡੀਆ ਅਤੇ ਬਦਲਵੇ ਸੱਭਿਆਚਾਰਕ ਮਾਧਿਅਮਾਂ ਦੇ ਵਿਕਾਸ ਦਾ ਵੀ ਹੈ।

ਖੋਜ-ਅਧਿਐਨ ਦਾ ਸੱਤਵਾਂ ਏਜੰਡਾ ਦਾਰਸ਼ਨਿਕ-ਸਿਧਾਂਤਕ ਦਾਇਰਾ ਹੋਵੇਗਾ। ਸਮਾਜਿਕ ਜੀਵਨ, ਸਮਾਜਿਕ ਚੇਤਨਾ ਅਤੇ ਕੁਦਰਤੀ-ਵਿਗਿਆਨ ਦੇ ਲਗਾਤਾਰ ਵਿਕਾਸ ਨਾਲ਼ ਫਲਸਫੇ ਦੇ ਬੁਨਿਆਦੀ ਸਵਾਲਾਂ ‘ਤੇ ਬਹਿਸ ਅਤੇ ਚਿੰਤਨ ਵੀ ਡੂੰਘਾਈ ‘ਚ ਉਤਰਦਾ ਜਾਂਦਾ ਹੈ ਅਤੇ ਵਿਆਪਕ ਹੁੰਦਾ ਜਾਂਦਾ ਹੈ। ਦਵੰਦਾਤਮਕ ਭੌਤਿਕਵਾਦ ਦੀ ਪੇਸ਼ਕਾਰੀ ਅਤੇ ਵਿਆਖਿਆ ਨੂੰ ਲੈ ਕੇ ਬਹਿਸ ਅੱਜ ਵੀ ਜਾਰੀ ਹੈ। ਇਤਿਹਾਸਕ ਭੌਤਿਕਵਾਦ ਦੇ ਕਈ ਸੰਕਲਪਾਂ ਦੀਆਂ ਵੱਖ-ਵੱਖ ਵਿਆਖਿਆਵਾਂ ਕੀਤੀਆਂ ਜਾਂਦੀਆਂ ਹਨ। ਕਵਾਂਟਮ ਭੌਤਿਕੀ ਅਤੇ ਸਾਪੇਖਿਕਤਾ ਦੇ ਆਮ ਸਿਧਾਂਤ ਦੇ ਏਕੀਕਰਨ ਲਈ ਜਾਰੀ ਸਿਧਾਂਤਕ ਕਾਰਜ ਅਤੇ ਵਾਦ-ਵਿਵਾਦ ਦਾ ਦਵੰਦਾਤਮਕ ਭੌਤਿਕਵਾਦ ਦੇ ਵਿਕਾਸ ਨਾਲ਼ ਸਿੱਧਾ ਰਿਸ਼ਤਾ ਹੈ ਅਤੇ ਇਸ ਨਾਲ਼ ਜੁੜੇ ਸਵਾਲਾਂ ‘ਤੇ ਚਿੰਤਕ-ਵਿਗਿਆਨਕ ਕਾਫ਼ੀ ਕੰਮ ਕਰ ਰਹੇ ਹਨ। ਇੱਕ ਸਿਧਾਂਤਕ ਮੁੱਦਾ ਉੱਤਰ-ਆਧੁਨਿਕਤਾਵਾਦ ਅਤੇ ਉਸਦੀਆਂ ਸੰਗੀ ਬੁਰਜੂਆ ਵਿਚਾਰ-ਧਾਰਾਵਾਂ ਦੀ ਮਾਰਕਸਵਾਦੀ ਸਮਾਲੋਚਨਾ ‘ਚ ਯੋਗਦਾਨ ਦਾ ਵੀ ਹੈ। ਜ਼ਿਜ਼ੇਕ ਅਤੇ ਐਲੇਨ ਬੇਦਿਯੂ ਜਿਹੇ ਮਾਰਕਸਵਾਦੀ ਬੁੱਧੀਜੀਵੀ ਅਤੇ ਕਈ ”ਮੁਕਤ ਚਿੰਤਕ” ਬਣ ਚੁੱਕੀਆਂ ਮਾਰਕਸਵਾਦੀ-ਲੈਨਿਨਵਾਦੀ ਜੱਥੇਬੰਦੀਆਂ ਵੀ ਮਾਰਕਸਵਾਦੀ ਫ਼ਲਸਫ਼ੇ, ਸਮਾਜਵਾਦੀ ਪ੍ਰਯੋਗਾਂ, ਪਾਰਟੀ, ਰਾਜ-ਸੱਤਾ, ਜਮਾਤ ਦੇ ਅੰਤਰ ਸਬੰਧਾਂ, ਜਮਾਤ ਅਤੇ ਜੇਂਡਰ ਦੇ ਅੰਤਰ-ਸਬੰਧਾਂ ਆਦਿ ਅਜਿਹੇ ਸਵਾਲਾਂ ‘ਤੇ ਕਾਫ਼ੀ ਕੁੱਝ ਲਿਖ ਰਹੀਆਂ ਹਨ, ਜਿਨ੍ਹਾਂ ‘ਤੇ ਇਨਕਲਾਬੀ ਮਾਰਕਸਵਾਦੀ ਪੋਜ਼ੀਸ਼ਨ ਪੇਸ਼ ਕਰਨੀ ਅਤੇ ‘ਪਾਲਿਮਿਕਸ’ ‘ਚ ਉਤਰਨਾ ਬੇਹੱਦ ਜ਼ਰੂਰੀ ਹੈ।

ਅਜਿਹੇ ਸਾਰੇ ਮੁੱਦਿਆਂ ਨੂੰ ਪਹਿਲਾਂ ਤੋਂ ਸੂਚੀਬੱਧ ਨਹੀਂ ਕੀਤਾ ਜਾ ਸਕਦਾ, ਅਸੀਂ ਸਿਰਫ਼ ਵਿਸ਼ੇ-ਵਸਤੂ ਦੇ ਦਾਇਰੇ ਦੀ ਗੱਲ ਕਰ ਸਕਦੇ ਹਾਂ।

‘ਅਰਵਿੰਦ ਇੰਸਟੀਚਿਊਟ ਆਫ਼ ਮਾਰਕਸਿਸਟ ਸਟੱਡੀਜ਼’ ਉਪਰੋਕਤ ਵਿਸ਼ਿਆਂ ‘ਤੇ ਸਮੂਹਿਕ ਅਤੇ ਵਿਅਕਤੀਗਤ ਪੱਧਰ ‘ਤੇ ਖੋਜ-ਅਧਿਐਨ ਕਰਨ ਵਾਲੇ ਸਾਥੀਆਂ ਨੂੰ ਆਪਣੀਆਂ ਲਾਈਬ੍ਰੇਰੀਆਂ ਅਤੇ ‘ਡਕੁਮੈਂਟੇਂਸ਼ਨ ਸੈਂਟਰ’ ਤੋਂ (ਜਿਨ੍ਹਾਂ ਦੀ ਸਥਾਪਨਾ ਦੀ ਤਿਆਰੀ ਕੀਤੀ ਜਾ ਰਹੀ ਹੈ) ਲੋੜੀਂਦੀ ਸਮੱਗਰੀ ਦੀ ਮੱਦਦ ਉਪਲੱਬਧ ਕਰਵਾਏਗਾ। ਕਿਉਂਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਸਰਕਾਰੀ ਜਾਂ ਸੰਸਥਾਗਤ ਫੰਡ ਨਹੀਂ ਲਵਾਂਗੇ, ਸਿਰਫ਼ ਟੀਚੇ ਨਾਲ਼ ਸਹਿਮਤ ਨਾਗਰਿਕਾਂ ਦੇ ਵਿਅਕਤੀਗਤ ਫੰਡ ਹੀ ਸਾਡਾ ਮੁੱਖ ਸਰੋਤ ਹੋਣਗੇ, ਇਸ ਲਈ ਖੋਜ-ਅਧਿਐਨ ਕਰਨ ਵਾਲੇ ਸਾਥੀਆਂ ਨੂੰ ਖੋਜ ਕਾਰਜ ਲਈ ਵਜ਼ੀਫਾ ਦੇ ਸਕਣਾ ਸਾਡੇ ਲਈ ਸੰਭਵ ਨਹੀਂ ਹੋਵੇਗਾ, ਪਰ ਪ੍ਰਵਾਨਤ ਖੋਜ-ਅਧਿਐਨ ਪ੍ਰਾਜੈਕਟਾਂ ‘ਚ ਲੱਗੇ ਸਾਥੀਆਂ ਨੂੰ ਲਾਈਬ੍ਰੇਰੀ, ਡਾਕੁਮੈਂਟੇਸ਼ਨ ਸੈਂਟਰ, ਇੰਟਰਨੈੱਟ ਆਦਿ ਦੀ ਮੁਫ਼ਤ ਸੁਵਿਧਾ ਤੋਂ ਇਲਾਵਾ ਇੰਸਟੀਚਿਊਟ ਦੇ ਕੰਪਲੈਕਸ ‘ਚ ਤੈਅ ਵਕਫ਼ੇ ਲਈ ਮੁਫ਼ਤ ਰਿਹਾਇਸ਼ ਅਤੇ ‘ਨਾ ਲਾਭ ਨਾ ਹਾਨੀ’ ਦੇ ਅਧਾਰ ‘ਤੇ ਸੰਚਾਲਿਤ ਮੈੱਸ ਦੀ ਸੁਵਿਧਾ ਉਪਲੱਬਧ ਕਰਵਾਈ ਜਾਵੇਗੀ। ਇੰਸਟੀਚਿਊਟ ਦੀ ਸਕਰੀਨਿੰਗ ਕਮੇਟੀ ਦੀ ਮਾਨਤਾ ਮਗਰੋਂ, ਖੋਜ ਸਮੱਗਰੀ ਨੂੰ ਇੰਸਟੀਚਿਊਟ ਪ੍ਰਕਾਸ਼ਿਤ ਕਰਨ ਦੀ ਜ਼ਿੰਮੇਵਾਰੀ ਲੈ ਸਕਦਾ ਹੈ।

ਇੰਸਟੀਚਿਊਟ ਦੇ ਕੰਪਲੈਕਸ ‘ਚ ਸਾਰਾ ਸਾਲ ਵੱਖ-ਵੱਖ ਵਿਸ਼ਿਆਂ ‘ਤੇ ਸੈਮੀਨਾਰ, ਵਿਚਾਰ ਗੋਸ਼ਟੀ (ਸਿੰਪੋਜ਼ਿਅਮ), ਵਾਰਤਾਲਾਪ (ਕੋਲੋਕਿਅਮ) ਅਤੇ ਵਰਕਸ਼ਾਪਾਂ ਦਾ ਪ੍ਰਬੰਧ ਕੀਤਾ ਜਾਵੇਗਾ, ਜਿਨ੍ਹਾਂ ‘ਚ ਪੜ੍ਹੇ ਗਏ ਪੱਤਰਾਂ/ ਖੋਜ-ਪੱਤਰਾਂ ਦੇ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਜਾਣਗੇ।

ਇੰਸਟੀਚਿਊਟ ਆਪਣੀ ਇੱਕ ਵੇਬਸਾਈਟ ਚਲਾਏਗਾ, ਜਿਸ ‘ਤੇ ਮਾਰਕਸਵਾਦ ਅਤੇ ਕਮਿਊਨਿਸਟ ਲਹਿਰ ਦੇ ਸਿਧਾਂਤਕ ਵਿਵਹਾਰਕ ਸਵਾਲਾਂ ‘ਤੇ ਸਮੱਗਰੀ ਪੇਸ਼ ਕੀਤੀ ਜਾਵਗੀ। ਮੀਡੀਆ ਅਤੇ ਸਮਾਜ ‘ਤੇ ਕੇਂਦਰਿਤ ਇੱਕ ਈ-ਜਰਨਲ ਵੀ ਕੱਢਣਾ ਸਾਡੀ ਦੂਰਰਸ ਯੋਜਨਾ ‘ਚ ਸ਼ਾਮਲ ਹੈ।

ਮਾਰਕਸਵਾਦ ਦੇ ਇੱਕ ਸਿਧਾਂਤਕ ਮੈਗਜ਼ੀਨ ਦਾ ਪ੍ਰਕਾਸ਼ਨ ਇਸ ਵਰ੍ਹੇ ਤੋਂ ਸ਼ੁਰੂ ਹੋ ਜਾਵੇਗਾ। ਸਾਹਿਤ-ਸੱਭਿਆਚਾਰ ‘ਤੇ ਕੇਂਦਰਿਤ ਮੈਗਜ਼ੀਨ ‘ਸਿਰਜਨ ਪ੍ਰਿਪ੍ਰੇਸ਼’ (ਹਿੰਦੀ) ਦਾ ਮੁੜ ਪ੍ਰਕਾਸ਼ਨ ਵੀ ਸੰਭਵ ਤੌਰ ‘ਤੇ ਅਗਲੇ ਵਰ੍ਹੇ ਤੋਂ ਸ਼ੁਰੂ ਹੋ ਜਾਵੇਗਾ। ਹੁਣ ਇਸ ਦਾ ਪ੍ਰਕਾਸ਼ਨ ਇੰਸਟੀਚਿਊਟ ਵੱਲੋਂ ਹੀ ਹੋਵੇਗਾ।

ਇੰਸਟੀਚਿਊਟ ਫਿਲਹਾਲ ਲਖਨਊ ਸਥਿਤ ਇੱਕ ਭਵਨ ਤੋਂ ਆਪਣਾ ਕੰਮ ਸ਼ੁਰੂ ਕਰੇਗਾ। ਸਾਡੀ ਕੋਸ਼ਿਸ਼ ਹੈ ਕਿ ਜਲਦੀ ਹੀ ਲਖਨਊ ਮਹਾਂਨਗਰ ਨੇੜੇ ਕਿਤੇ ਅਸੀਂ ਮਨੋਹਰ ਕੁਦਰਤੀ ਮਾਹੌਲ ਵਾਲਾ ਇੱਕ ਕੰਪਲੈਕਸ ਵਿਕਸਿਤ ਕਰ ਲਈਏ, ਪਰ ਇਸ ‘ਚ ਕੁਝ ਵਰ੍ਹਿਆਂ ਦਾ ਸਮਾਂ ਤਾਂ ਲੱਗ ਹੀ ਜਾਵੇਗਾ।

ਅਸੀਂ ਦੇਸ਼ ਭਰ ਦੇ ਹਮਸਫ਼ਰ ਸਾਥੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਤਾਬਾਂ-ਮੈਗਜ਼ੀਨਾਂ ਦੇ ਆਪਣੇ ਵਿਅਕਤੀਗਤ ਸੰਗ੍ਰਹਿ, ਕਮਿਊਨਿਸਟ ਲਹਿਰ, ਸੱਭਿਆਚਾਰਕ ਲਹਿਰ ਅਤੇ ਹੋਰ ਸਮਾਜਿਕ ਲਹਿਰਾਂ ਨਾਲ਼ ਸਬੰਧਤ ਦਸਤਾਵੇਜ਼, ਕਮਿਊਨਿਸਟ ਕਾਰਕੁੰਨਾਂ, ਸੱਭਿਆਚਾਰਕ ਕਾਰਕੁੰਨਾਂ ਅਤੇ ਲੇਖਕਾਂ ਦੇ ਨਿੱਜੀ ਦਸਤਾਵੇਜ ਅਤੇ ਪੱਤਰ-ਵਿਹਾਰ ਇੰਸਟੀਚਿਊਟ ਦੀ ਲਾਈਬ੍ਰੇਰੀ ਅਤੇ ‘ਡਕੁਮੈਂਟੇਸ਼ਨ ਸੈਂਟਰ’ ਨੂੰ ਭੇਟ ਵਜੋਂ ਪ੍ਰਦਾਨ ਕਰਨ। ਅਸੀਂ ਅਜਿਹੀ ਹਰ ਇਤਿਹਾਸਕ ਵਿਰਾਸਤ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਤੇ ਰਾਖਵਾਂ ਕਰਨ ਦਾ ਵਚਨ ਦਿੰਦੇ ਹਾਂ।

ਅਰਵਿੰਦ ਮੈਮੋਰੀਅਲ ਟਰੱਸਟ ਦੇ ਹੋਰ ਕਾਰਜ

‘ਅਰਵਿੰਦ ਮੈਮੋਰੀਅਲ ਟਰੱਸਟ’ ਮਜ਼ਦੂਰਾਂ ਦੇ ਜੀਵਨ, ਆਮ ਲੋਕਾਂ ਦੇ ਜੀਵਨ, ਵੱਖ-ਵੱਖ ਲਹਿਰਾਂ ਅਤੇ ਸਮਾਜਿਕ ਮੁੱਦਿਆਂ ‘ਤੇ ਫਿਲਮਾਂ ਬਣਾਉਣ ਲਈ ਇਸ ਕਲਾ ‘ਚ ਟਰੇਂਡ ਸਾਥੀ ਦੀ ਅਗਵਾਈ ‘ਚ ਇੱਕ ਟੀਮ ਜੱਥੇਬੰਦ ਕਰੇਗਾ। ਵਿਸ਼ੇਸ਼ ਤੌਰ ‘ਤੇ ਮਜ਼ਦੂਰ ਬਸਤੀਆਂ ‘ਚ ਅਤੇ ਫਿਰ ਬੁੱਧੀਜੀਵੀਆਂ, ਵਿਦਿਆਰਥੀਆਂ-ਨੌਜਵਾਨਾਂ ਦਰਮਿਆਨ ਇਹਨਾਂ ਦੇ ਪ੍ਰਦਰਸ਼ਨ ਦੇ ਨਿਯਮਿਤ ਪ੍ਰਬੰਧ ਕੀਤੇ ਜਾਣਗੇ।

ਟਰੱਸਟ ਸੰਸਾਰ-ਪ੍ਰਸਿੱਧ ਇਨਕਲਾਬੀ ਪ੍ਰਗਤੀਸ਼ੀਲ ਫਿਲਮਾਂ ਦਾ ਸੰਗ੍ਰਹਿ ਤਿਆਰ ਕਰੇਗਾ (ਇਸ ਦਿਸ਼ਾ ‘ਚ ਅਸੀਂ ਕਾਫ਼ੀ ਕੰਮ ਕਰ ਚੁੱਕੇ ਹਾਂ), ਉਹਨਾਂ ਦੀ ਹਿੰਦੀ ‘ਚ ਸਬ-ਟਾਇਟਲਿੰਗ ਅਤੇ ਡਬਿੰਗ ਦਾ ਪ੍ਰਬੰਧ ਕਰੇਗਾ ਅਤੇ ਵੱਖ-ਵੱਖ ਸ਼ਹਿਰਾਂ ‘ਚ ਇਹਨਾਂ ਦਾ ਨਿਯਮਿਤ ਪ੍ਰਦਰਸ਼ਨ ਅਤੇ ਇਹਨਾਂ ਉੱਪਰ ਚਰਚਾ ਲਈ ਫਿਲਮ ਸੋਸਾਇਟੀਆਂ ਦਾ ਗਠਨ ਕਰੇਗਾ।

ਟਰੱਸਟ ਮਜ਼ਦੂਰ ਬਸਤੀਆਂ ‘ਚ ਲਾਈਬ੍ਰੇਰੀਆਂ, ਲੈਕਚਰ ਰੂਮਾਂ, ਇਸਤਰੀ ਸਿੱਖਿਆ ਕੇਂਦਰ, ਬਾਲ ਸਿੱਖਿਆ ਕੇਂਦਰ ਆਦਿ ਖੋਲ੍ਹਣ ਦੇ ਨਾਲ਼ ਹੀ ਸਹਿਯੋਗੀ ਡਾਕਟਰ ਸਾਥੀਆਂ ਦੇ ਸਹਿਯੋਗ ਨਾਲ਼ ਮਜ਼ਦੂਰ ਕਲੀਨਿਕ ਅਤੇ ਮਜ਼ਦੂਰ ਬਸਤੀਆਂ ਲਈ ਮੋਬਾਇਲ ਕਲੀਨਿਕ ਵੀ ਚਲਾਉਣ ਦਾ ਯਤਨ ਕਰੇਗਾ।

‘ਅਰਵਿੰਦ ਮੈਮੋਰੀਅਲ ਟਰੱਸਟ’ ਦਾ ਰਜਿਸ਼ਟਰਡ ਦਫ਼ਤਰ ਦਿੱਲੀ ‘ਚ ਹੋਵੇਗਾ। ਪਰ ਇਸ ਦਾ ਕਾਰਜਕਾਰੀ ਮੁੱਖ-ਦਫ਼ਤਰ ਲਖਨਊ ‘ਚ ਹੋਵੇਗਾ। ਇਸਦਾ ਇੱਕ ਖੇਤਰੀ ਦਫ਼ਤਰ ਗੋਰਖਪੁਰ ‘ਚ ਹੋਵੇਗਾ। ਸਮਾਂ ਪਾ ਕੇ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ‘ਚ ਵੀ ਕਾਰਜ-ਵਿਸਥਾਰ ਅਨੁਸਾਰ ਇਸਦੇ ਖੇਤਰੀ ਦਫ਼ਤਰ ਖੋਲ੍ਹੇ ਜਾਣਗੇ।

ਸਾਡੀ ਵਿੱਤੀ ਨੀਤੀ ਇਕਦਮ ਸਪੱਸ਼ਟ ਹੈ। ਅਸੀਂ ਕੋਈ ਵੀ ਸੰਸਥਾਗਤ ਵਿੱਤੀ ਫੰਡ (ਸਰਕਾਰ ਜਾਂ ਸਰਕਾਰੀ ਵਿਭਾਗਾਂ ਤੋਂ, ਬਹੁ-ਕੌਮੀ ਕੰਪਨੀਆਂ ਅਤੇ ਪੂੰਜੀਪਤੀ ਘਰਾਣਿਆਂ ਅਤੇ ਉਹਨਾਂ ਦੇ ਟਰੱਸਟਾਂ ਤੋਂ, ਵੋਟ ਪਾਰਟੀਆਂ ਤੋਂ ਅਤੇ ਵਿਦੇਸ਼ੀ ਫੰਡਿੰਗ ਏਜੰਸੀਆਂ ਤੋਂ) ਨਹੀਂ ਲਵਾਂਗੇ। ਸਿਰਫ਼ ਟੀਚਿਆਂ ਨਾਲ਼ ਸਹਿਮਤੀ ਦੇ ਅਧਾਰ ‘ਤੇ ਵਿਅਕਤੀਗਤ ਫੰਡ ਹੀ ਲਏ ਜਾਣਗੇ।

ਟਰੱਸਟ ਅਤੇ ਅਧਿਐਨ ਇੰਸਟੀਚਿਊਟ ਸਮਾਨ ਟੀਚੇ ਵਾਲੀਆਂ ਇੰਸਟੀਚਿਊਟਾਂ ਨਾਲ਼ ਸਹਿਯੋਗ-ਸਹਿਕਾਰ ਦੀ ਨੀਤੀ ‘ਤੇ ਕੰਮ ਕਰਨਗੇ।

ਅਸੀਂ ਦੇਸ਼ ਭਰ ਦੇ ਲੋਕ-ਪੱਖੀ ਬੁੱਧੀਜੀਵੀਆਂ ਅਤੇ ਪ੍ਰਬੁੱਧ ਤਬਦੀਲੀ-ਪਸੰਦ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ‘ਅਰਵਿੰਦ ਮੈਮੋਰੀਅਲ ਟਰੱਸਟ’ ਅਤੇ ‘ਅਰਵਿੰਦ ਇੰਸਟੀਚਿਊਟ ਆਫ਼ ਮਾਰਕਸਿਸਟ ਸਟੱਡੀਜ਼’ ਦੀ ਹਰ ਸੰਭਵ ਮੱਦਦ ਕਰਨ। ਜੇਕਰ ਤੁਸੀਂ ਇਹਨਾਂ ਟੀਚਿਆਂ ਨਾਲ਼ ਸਹਿਮਤ ਹੋ ਤਾਂ ਤੁਹਾਨੂੰ ਨਿਸ਼ਚੇ ਹੀ ਸਾਡੇ ਨਾਲ਼ ਹੋਣਾ ਚਾਹੀਦਾ ਹੈ।

ਇਨਕਲਾਬੀ ਸਲਾਮ ਸਹਿਤ,
ਮੀਨਾਕਸ਼ੀ
ਪ੍ਰਬੰਧਕ ਟਰੱਸਟੀ (ਮੈਨੇਜਿੰਗ ਟਰੱਸਟੀ)
ਅਰਵਿੰਦ ਮੈਮੋਰੀਅਲ ਟਰੱਸਟ

“ਪ੍ਰਤੀਬੱਧ”, ਅੰਕ 14, ਅਕਤੂਬਰ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s