‘ਕਮਿਊਨਿਜ਼ਮ’ ਦਾ ਵਿਚਾਰ ਜਾਂ ਰੈਡੀਕਲ ਤਬਦੀਲੀਵਾਦ ਦੇ ਨਾਂ ‘ਤੇ ਤਬਦੀਲੀ ਦੀ ਹਰ ਯੋਜਨਾ ਨੂੰ ਤਿਲਾਂਜਲੀ ਦੇਣ ਦੀ ਸਿਧਾਂਤਕੀ : ਐਲਨ ਬੈਜਿਯੂ ਦੀ ਕਿਤਾਬ ‘ਦਿ ਕਮਿਊਨਿਸਟ ਹਾਈਪੋਥਿਸਸ’ ‘ਤੇ -ਸ਼ਿਵਾਨੀ

1

ਵਿਚਾਰ
ਜਦ ਸਿਰਫ਼ ਵਿਚਾਰ ਹੁੰਦੇ ਹਨ
ਅਸਪੱਸ਼ਟ ਹੁੰਦੇ ਹਨ
ਸ਼ਲਾਘਾਯੋਗ ਹੁੰਦੇ ਹਨ।
ਵਿਚਾਰ ਜਦ
ਵਿਸ਼ਾਲਤਾ ਹਾਸਲ ਕਰਦੇ ਹਨ
ਯੋਜਨਾਵਾਂ ਵਿੱਚ ਢਲ਼ਦੇ ਹਨ,
ਯੋਜਨਾਵਾਂ ਜਦ
ਗਤੀਸ਼ੀਲ ਹੁੰਦੀਆਂ ਹਨ
ਇਤਰਾਜ਼ ਸਿਰ ਚੁੱਕਦੇ ਹਨ।
  — ਬ੍ਰੈਖ਼ਤ

“ਮਾਰਕਸਵਾਦ, ਮਜ਼ਦੂਰ ਲਹਿਰ, ਸਮੂਹਿਕ ਜਮਹੂਰੀਅਤ, ਲੈਨਿਨਵਾਦ, ਮਜ਼ਦੂਰ ਜਮਾਤ ਦੀ ਪਾਰਟੀ, ਸਮਾਜਵਾਦੀ ਰਾਜ, ਇਹ ਸਾਰੀਆਂ ਜੋ ਵੀਹਵੀਂ ਸਦੀ ਦੀਆਂ ਕਾਢਾਂ ਹਨ ਇਹ ਸਾਡੇ ਲਈ ਆਪਣੀ ਉਪਯੋਗਤਾ ਗਵਾ ਚੁੱਕੀਆਂ ਹਨ। ਸਿਧਾਂਤਕ ਧਰਾਤਲ ‘ਤੇ ਇਹ ਜ਼ਰੂਰ ਅਧਿਐਨ ਤੇ ਸਮੀਖਿਆ ਦੀ ਮੰਗ ਕਰਦੇ ਹਨ ਪਰ ਅਮਲੀ ਸਿਆਸਤ ਵਿੱਚ ਹੁਣ ਇਹ ਕਿਸੇ ਕੰਮ ਦੇ ਨਹੀਂ ਰਹਿ ਗਏ ਹਨ।”
— ਐਲਨ ਬੈਜਿਯੂ, 2008

ਐਲਨ ਬੈਜਿਯੂ ਦੀ 2010 ਵਿੱਚ ਪ੍ਰਕਾਸ਼ਿਤ ਕਿਤਾਬ ‘ਦਿ ਕਮਿਊਨਿਸਟ ਹਾਇਪੋਥਿਸਸ’ ਪਿਛਲੇ ਕੁਝ ਸਮੇਂ ਤੋਂ ਆਮ ਬੌਧਿਕ-ਅਕਾਦਮਿਕ ਹਲਕਿਆਂ ਵਿੱਚ ਹੀ ਨਹੀਂ ਸਗੋਂ ਖੱਬੇਪੱਖੀ ਘੇਰਿਆਂ ਵਿੱਚ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੁਝ ਇਸਨੂੰ ‘ਕਮਿਊਨਿਜ਼ਮ ਦੀ ਵਾਪਸੀ’ ਦਾ ਐਲਾਨ ਕਰਨ ਵਾਲ਼ੀ ਰਾਹ-ਦਿਖਾਊ ਰਚਨਾ ਕਹਿ ਰਹੇ ਹਨ ਤਾਂ ਕੁਝ ਬੈਜਿਯੂ ਨੂੰ ਇਸ ਦੌਰ ਦਾ ਸਭ ਤੋਂ ਵੱਡਾ ‘ਕਮਿਊਨਿਸਟ’ ਫ਼ਿਲਾਸਫ਼ਰ ਕਹਿ ਰਹੇ ਹਨ।

ਵੈਸੇ ‘ਦਿ ਕਮਿਊਨਿਸਟ ਹਾਈਪੋਥਿਸਸ’ ਵੱਖਰੇ ਤੌਰ ‘ਤੇ ਲਿਖੀ ਗਈ ਕੋਈ ਕਿਤਾਬ ਨਹੀਂ ਹੈ ਸਗੋਂ ਬੈਜਿਯੂ ਦੁਆਰਾ ਵੱਖ-ਵੱਖ ਸਮਿਆਂ ‘ਤੇ ਲਿਖੇ ਗਏ ਲੇਖਾਂ ਜਾਂ ਦਿੱਤੇ ਗਏ ਭਾਸ਼ਣਾਂ ਦਾ ਸੰਗ੍ਰਹਿ ਹੈ। ਇਸ ਕਿਤਾਬ ਦਾ ਮੁੱਖ ਸੋਮਾ 2008 ਵਿੱਚ ਉਸ ਦੁਆਰਾ ‘ਨਿਊ ਲੈਫਟ ਰੀਵਿਊ’ ਲਈ ਇਸੇ ਨਾਂ ਨਾਲ਼ ਲਿਖਿਆ ਗਿਆ ਲੇਖ ਹੈ ਜਿਸ ਵਿੱਚ ਬੈਜਿਯੂ 2007 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਨਿਕੋਲਸ ਸਰਕੋਜ਼ੀ ਦੀ ਇਤਿਹਾਸਕ ਜਿੱਤ ਦੇ ਇਤਿਹਾਸਕ ਮਹੱਤਵ ਦੀ ਪੜਤਾਲ ਕਰਦੇ ਹਨ ਅਤੇ ਇਹ ਸਿੱਟਾ ਕੱਢਦੇ ਹਨ ਕਿ ਸਰਕੋਜ਼ੀ ਦੀ ਜਿੱਤ ਨਾਲ਼ ਸੰਪੂਰਨ ਫਰਾਂਸੀਸੀ ਸਿਆਸੀ ਜੀਵਨ ਦੀ ਬਣਤਰ ਨੂੰ ਧੱਕਾ ਲੱਗਿਆ ਹੈ ਅਤੇ ਉਸਦੀ ਦਸ਼ਾ-ਦਿਸ਼ਾ ਗੜਬੜਾ ਗਈ ਹੈ। ਇਸੇ ਲੇਖ ਵਿੱਚ ਉਹ ‘ਕਮਿਊਨਿਸਟ ਹਾਇਪੋਥੀਸਿਸ (ਪਰਿਕਲਪਨਾ)’ ਦਾ ਸੰਕਲਪ ਪੇਸ਼ ਕਰਦੇ ਹਨ। ਇਸ ਤੋਂ ਬਿਨਾਂ, ਮਾਰਚ 2009 ਵਿੱਚ ਲੰਦਨ ਵਿੱਚ ‘ਕਮਿਊਨਿਜ਼ਮ ਦਾ ਵਿਚਾਰ’ (ਦਿ ਆਈਡਿਆ ਆਫ਼ ਕਮਿਊਨਿਜ਼ਮ’) ਨਾਂ ਨਾਲ਼ ਅਯੋਜਿਤ ਇੱਕ ਕਾਨਫਰੰਸ ਵਿੱਚ ਬੈਜਿਯੂ ਦੁਆਰਾ ਪੇਸ਼ ਕੀਤਾ ਗਿਆ ਭਾਸ਼ਣ ਵੀ ਇਸ ਕਿਤਾਬ ਦਾ ਸੋਮਾ ਹੈ। ਇੱਥੇ ਦੱਸਦੇ ਚੱਲੀਏ ਕਿ ਇਸ ਸੰਮੇਲਨ ਵਿੱਚ ਬੈਜਿਯੂ ਤੋਂ ਬਿਨਾਂ ਸਲਾਵੋਏ ਜ਼ਿਜ਼ੇਕ, ਜੁਡਿਤ ਬਾਲਸੋ, ਬ੍ਰੋਨੋ ਬੋਸਤੀਲਸ, ਟੈਰੀ ਈਗਲਟਨ, ਪੀਟਰ ਹਾਲਵਰਡ, ਮਾਈਕਲ ਹਾਰਟ, ਐਂਤੋਨਿਓ ਨੇਗ੍ਰੀ, ਜਾਕ ਰੈਨਿਸ਼ਯੇ, ਅਲੈਗਸਾਂਦਰੋ ਰੂਸੋ, ਅਲਬਰਟ ਟਸਕਾਨੋ, ਜਿਯਾਨੀ ਵਾਤਿਮੋ ਵਰਗੇ ਸਾਰੇ ਮਾਰਕਸਵਾਦੀ, ਨਵ-ਮਾਰਕਸਵਾਦੀ ਅਤੇ ਉੱਤਰ-ਮਾਰਕਸਵਾਦੀ ਹਾਜ਼ਰ ਹੋਏ ਸਨ।

ਫ਼ਿਲਾਸਫ਼ਰਾਂ ਨੇ
ਸੰਸਾਰ ਦੀ ਤਰ੍ਹਾਂ-ਤਰ੍ਹਾਂ ਵਿਆਖਿਆ ਕੀਤੀ ਹੈ
ਪਰ ਸਵਾਲ ਉਸਨੂੰ ਬਦਲਣ ਦਾ ਹੈ।
ਪਰ ਅਸੀਂ ਖੁਦ ਸੋਚਾਂਗੇ
ਸਾਰੇ ਸਵਾਲਾਂ ‘ਤੇ ਫਿਰ ਤੋਂ,
ਨਵੇਂ ਢੰਗ ਨਾਲ਼।
ਹਰ ਪੁਰਾਣੀ ਚੀਜ਼ ‘ਤੇ
ਸਵਾਲ ਉਠਾਉਣਾ ਹੈ ਅਸੀਂ
ਜਿਵੇਂ ਕਿ ਇਸ ਕਥਨ ‘ਤੇ ਵੀ
ਕਿ ਫ਼ਿਲਾਸਫ਼ਰਾਂ ਨੇ…
 — ਕਾਤਿਆਨੀ  (ਸੰਸਾਰ ਬਦਲਣ ਬਾਰੇ ਕੁਝ ਵਿਦਵਾਨਾਂ ਦੇ ਵੰਨ-ਸੁਵੰਨੇ ਵਿਚਾਰ-6)

‘ਦਿ ਕਮਿਊਨਿਸਟ ਹਾਈਪੋਥੀਸਿਸ’ ਦੀ ਵਿਸਤ੍ਰਿਤ ਸਮੀਖਿਆ ਵਿੱਚ ਜਾਣ ਤੋਂ ਪਹਿਲਾਂ ਕੁਝ ਗੱਲਾਂ ਸਪੱਸ਼ਟ ਕਰਨਾ ਲਾਜ਼ਮੀ ਹੈ। ਪਹਿਲੀ ਗੱਲ ਇਹ ਕਿ ਬੈਜਿਯੂ ਦਾ ਕਮਿਊਨਿਜ਼ਮ ਦਾ ਵਿਚਾਰ ਜਾਂ ਸਿਧਾਂਤ ਇੱਕ ਗ਼ੈਰ-ਮਾਰਕਸਵਾਦੀ ਕਮਿਊਨਿਜ਼ਮ ਦੀ ਗੱਲ ਕਰਦਾ ਹੈ ਅਤੇ ਮਾਰਕਸਵਾਦੀ ਵਿਚਾਰਧਾਰਾ ਨੂੰ ਭਵਿੱਖ ਦੀ ਖ਼ਲਾਸੀ ਵਾਲ਼ੀ ਸਿਆਸਤ (Emancipatory politics) ਲਈ ਨਾਕਾਫ਼ੀ, ਅਪ੍ਰਸੰਗਕ ਅਤੇ ਗ਼ੈਰ-ਜ਼ਰੂਰੀ ਮੰਨਦਾ ਹੈ। ਦੂਜੀ ਗੱਲ ਇਹ ਕਿ ਬੈਜਿਯੂ ਦਾ ਕਮਿਊਨਿਜ਼ਮ ਦਾ ਵਿਚਾਰ ਅਣ-ਇਤਿਹਾਸਕ ਹੈ। ਬੈਜਿਯੂ ਅਨੁਸਾਰ ਕਮਿਊਨਿਜ਼ਮ ਦਾ ਇਹ ਵਿਚਾਰ ਅਨਾਦ-ਅਨੰਤ ਹੈ। ਇਹ ਮਨੁੱਖਤਾ ਦੀ ਉੱਤਪਤੀ ਦੇ ਨਾਲ਼ ਹੀ ਜਨਮ ਲੈ ਚੁੱਕਿਆ ਸੀ। ਉਸਦੇ ਲਈ ਪਲੈਟੋ ਦਾ ਦਿ ਰਿਪਬਲਿਕ, ਰੂਸੋ ਦਾ ਸੋਸ਼ਲ ਕੰਟਰੈਕਟ, ਫਰਾਂਸੀਸੀ ਇਨਕਲਾਬ ਅਤੇ ਜੈਕੋਬਿਨ ਦਹਿਸ਼ਤੀ-ਰਾਜ, ਪੈਰਿਸ ਕਮਿਊਨ ਅਤੇ ਮਾਰਕਸਵਾਦੀ ਕਮਿਊਨਿਜ਼ਮ (ਜੋ 1917 ਦੇ ਬਾਲਸ਼ਵਿਕ ਇਨਕਲਾਬ ਨਾਲ਼ ਸ਼ੁਰੂ ਹੁੰਦਾ ਹੈ ਅਤੇ ਮਹਾਨ ਮਜ਼ਦੂਰ ਜਮਾਤ ਦੇ ਸੱਭਿਆਚਾਰਕ ਇਨਕਲਾਬ ਨਾਲ਼ ਖ਼ਤਮ ਹੁੰਦਾ ਹੈ) ਕਮਿਊਨਿਜ਼ਮ ਦੇ ਸਦੀਵੀ ਵਿਚਾਰ (eternal idea) ਦੀ ਯਾਤਰਾ ਦੇ ਵੱਖ-ਵੱਖ ਪਲ, ਪੜਾਅ ਤੇ ਮੀਲ ਪੱਥਰ ਹਨ। ਤੀਜੀ ਗੱਲ ਕਿ ਬੈਜਿਯੂ ਅਨੁਸਾਰ 20ਵੀਂ ਸਦੀ ਦੇ ਸਮਾਜਵਾਦੀ ਪ੍ਰਯੋਗ ਦੁਰਗਤੀ/ਬਿਪਤਾ ਵਿੱਚ ਖ਼ਤਮ ਹੋਏ। ਉਹਦਾ ਮੰਨਣਾ ਹੈ ਕਿ ਸੋਵੀਅਤ ਸੰਘ ਅਤੇ ਚੀਨ ਵਿੱਚ ਇਨਕਲਾਬਾਂ ਦੀ ਮੁਕਤੀਦਾਈ ਦੀ ਸੰਭਾਵਨਾ-ਸੰਪੰਨਤਾ ਨੂੰ ਪਾਰਟੀ-ਰਾਜ ਦੇ ਚੌਖ਼ਟੇ, ਹਰਾਵਲ-ਪਾਰਟੀ ਦੀ ਸੰਸਥਾਬੱਧ ਅਗਵਾਈ ਅਤੇ ਸਮਾਜਵਾਦੀ ਰਾਜਸੱਤ੍ਹਾ ਨੇ ਪਹਿਲਾਂ ਬੰਧੇਜਿਤ ਕੀਤਾ ਅਤੇ ਫਿਰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ। ਚੌਥੀ ਗੱਲ ਇਹ ਕਿ ਇਸ ਸਾਰੇ “ਵਿਸ਼ਲੇਸ਼ਣ” ਤੋਂ ਬੈਜਿਯੂ ਇਸ ਨਤੀਜੇ ‘ਤੇ ਪਹੁੰਚਦਾ ਹੈ ਕਿ ਕਮਿਊਨਿਜ਼ਮ ਦੇ ਵਿਚਾਰ ਅਤੇ ਮੁਕਤੀ ਦੀ ਸਿਆਸਤ ਨੂੰ ਇਨਕਲਾਬ ਦੇ ‘ਪੈਰਾਡਾਇਮ’ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਪਾਰਟੀ-ਰਾਜ ਦੇ ਚੌਖ਼ਟੇ ਦਾ ਕੈਦੀ ਬਣਾਇਆ ਜਾ ਸਕਦਾ ਹੈ। ਇਹ ਵੀ ਕਿ “ਇਨਕਲਾਬਾਂ ਦਾ ਜੁੱਗ” ਬੀਤ ਚੁੱਕਾ ਹੈ। ਆਪਣੀ ਕਿਤਾਬ ‘ਦਿ ਕਮਿਊਨਿਸਟ ਹਾਇਪੋਥੀਸਿਸ’ ਵਿੱਚ ਬੈਜਿਯੂ ਇਸ ਸਿੱਟੇ ‘ਤੇ ਪਹੁੰਚਦੇ ਹਨ। ਇਸ ਕਿਤਾਬ ਦੀ ਆਪਣੀ ਸਮੀਖਿਆ ਵਿੱਚ ਅਸੀਂ ਬੈਜਿਯੂ ਦੇ ਸਿਆਸੀ ਫ਼ਲਸਫ਼ੇ ਨਾਲ਼ ਜੁੜੇ ਸਿਧਾਂਤਕੀਕਰਨਾਂ ਦੀ ਪੜਤਾਲ ਕਰਾਂਗੇ। ਉਸਦੀ ਦਾਰਸ਼ਨਿਕ ਅਲੋਚਨਾ ਇਸ ਸਮੀਖਿਆ ਦਾ ਵਿਸ਼ਾ-ਵਸਤੂ ਨਹੀਂ ਹੈ ਅਤੇ ਬੈਜਿਯੂ ਦੀ ਸਿਆਸੀ-ਵਿਚਾਰਧਾਰਕ ਅਲੋਚਨਾ ਲਈ ਸਾਨੂੰ ਜਿੱਥੇ ਉਸਦੀਆਂ ਦਾਰਸ਼ਨਿਕ ਬੁਨਿਆਦਾਂ ‘ਤੇ ਜਾਣਾ ਪਿਆ ਸਿਰਫ਼ ਉੱਥੇ ਹੀ ਅਸੀਂ ਉਸਦੇ ਫ਼ਲਸਫ਼ੇ ਦੀ ਚਰਚਾ ਕਰਾਂਗੇ। ਵੈਸੇ ਸਿਆਸੀ-ਵਿਚਾਰਧਾਰਕ ਅਲੋਚਨਾ ਆਪਣੇ ਆਪ ਵਿੱਚ ਬੈਜਿਯੂ ਦੇ ਫ਼ਲਸਫ਼ੇ ਬਾਰੇ ਬਹੁਤ ਕੁਝ ਦੱਸਦੀ ਹੈ।

‘ਦਿ ਕਮਿਊਨਿਸਟ ਹਾਇਪੋਥੀਸਿਸ’ ਚਾਰ ਪਾਠਾਂ ਵਿੱਚ ਵੰਡੀ ਹੋਈ ਕਿਤਾਬ ਹੈ, ਪਰ ਚਾਰਾਂ ਪਾਠਾਂ ਵਿੱਚ ਕਿਸੇ ਤਰ੍ਹਾਂ ਦੀ ਲਗਾਤਾਰਤਾ ਜਾਂ ਰਵਾਨਗੀ ਮੌਜੂਦ ਨਹੀਂ ਹੈ। ਇੰਨਾ ਜ਼ਰੂਰ ਹੈ ਕਿ ਇਹਨਾਂ ਚਾਰਾਂ ਹੀ ਪਾਠਾਂ ਵਿੱਚ ਬੈਜਿਯੂ ਵੱਖ-ਵੱਖ ਢੰਗ ਨਾਲ਼ ‘ਕਮਿਊਨਿਜ਼ਮ’ ਦੇ ਵਿਚਾਰ ‘ਤੇ “ਵਿਚਾਰ” ਕਰਦਾ ਹੋਇਆ 20ਵੀਂ ਸਦੀ ਦੇ ਸਮਾਜਵਾਦੀ ਪ੍ਰਯੋਗਾਂ ਦੀ ‘ਅਸਫ਼ਲਤਾ’ ਦਾ ਭਾਂਡਾ ਪਾਰਟੀ-ਰਾਜ ਦੇ ਪੂਰੇ ਚੌਖ਼ਟੇ ‘ਤੇ ਭੰਨਦਾ ਨਜ਼ਰੀਂ ਪੈਂਦਾ ਹੈ। ਪਹਿਲੇ ਤਿੰਨ ਪਾਠਾਂ ਵਿੱਚ ਬੈਜਿਯੂ ਲੜੀਵਾਰ ਮਈ 1968 ਵਿੱਚ ਫਰਾਂਸ ਦੇ ਵਿਦਿਆਰਥੀਆਂ ਦੀਆਂ ਲਹਿਰਾਂ ਅਤੇ ਮਜ਼ਦੂਰ ਲਹਿਰਾਂ, ਚੀਨ ਦਾ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਅਤੇ ਪੈਰਿਸ ਕਮਿਊਨ ਦੀ ਚਰਚਾ ਕਰਦੇ ਹਨ। ਚੌਥਾ ਪਾਠ 2009 ਲੰਦਨ ਸੰਮੇਲਨ ਵਿੱਚ ਉਹਦੇ ਦੁਆਰਾ ਪੜ੍ਹੇ ਗਏ “ਕਮਿਊਨਿਜ਼ਮ ਦਾ ਵਿਚਾਰ” ਨਾਮੀ ਖੋਜ-ਪੱਤਰ ਦਾ ਪਾਠ ਹੈ। ਇਹਨਾਂ ਚਾਰਾਂ ਪਾਠਾਂ ਤੋਂ ਇਲਾਵਾ ਇਸ ਕਿਤਾਬ ਵਿੱਚ ਇੱਕ ਮੁੱਖ-ਬੰਧ ਅਤੇ ਅੰਤਕਾ ਦੇ ਰੂਪ ਵਿੱਚ ਬੈਜਿਯੂ ਦੁਆਰਾ ਸਲਾਵੋਏ ਜ਼ਿਜ਼ੇਕ ਦੇ ਨਾਂ ਲਿਖੀ ਇੱਕ ਚਿੱਠੀ ਵੀ ਹੈ। ਆਪਣੀ ਸਮੀਖਿਆ ਦੀ ਸ਼ੁਰੂਆਤ ਅਸੀਂ ਇਸ ਕਿਤਾਬ ਦੇ ਮੁੱਖਬੰਧ ਤੋਂ ਹੀ ਕਰਾਂਗੇ। ਮੁੱਖਬੰਧ ਦਾ ਨਾਂ ਹੈ “ਅਸਫ਼ਲਤਾ ਕਿਸਨੂੰ ਕਹਿੰਦੇ ਹਨ?”…

ਪੂਰਾ ਪਡ਼ਨ ਲਈ ਪੀ.ਡੀ.ਐਫ਼ ਡਾਊਨਲੋਡ ਕਰੋ

“ਪਰ੍ਤੀਬੱਧ”, ਅੰਕ 23, ਸਤੰਬਰ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s