ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਦਸਤਾਵੇਜ਼ ਅਤੇ ਲੇਖ—2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਬਾਰੇ 
ਚੀਨੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਫੈਸਲਾ
(8 ਅਗਸਤ, 1966 ਨੂੰ ਪ੍ਰਵਾਨ)*

1. ਸਮਾਜਵਾਦੀ ਇਨਕਲਾਬ ਦਾ ਇੱਕ ਨਵਾਂ ਪੜਾਅ

ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ, ਜਿਸ ਦਾ ਅੱਜ ਕੱਲ•ਵਿਕਾਸ ਹੋ ਰਿਹਾ ਹੈ, ਇੱਕ ਵੱਡਾ ਇਨਕਲਾਬ ਹੈ, ਜੋ ਲੋਕਾਂ ਦੀ ਸੰਪੂਰਨ ਚੇਤਨਾ ਨੂੰ ਟੁੰਬਦਾ ਹੈ ਅਤੇ ਸਾਡੇ ਦੇਸ਼ ‘ਚ ਸਮਾਜਵਾਦੀ ਇਨਕਲਾਬ ਦੇ ਇੱਕ ਨਵੇਂ ਪੜਾਅ ਦਾ, ਪਹਿਲਾਂ ਤੋਂ ਜ਼ਿਆਦਾ ਡੂੰਘੇ ਅਤੇ ਜ਼ਿਆਦਾ ਵਿਆਪਕ ਪੜਾਅ ਦਾ ਸੂਚਕ ਹੈ।

ਪਾਰਟੀ ਦੀ ਅੱਠਵੀਂ ਕੇਂਦਰੀ ਕਮੇਟੀ ਦੇ ਦਸਵੇਂ ਸੰਪੂਰਨ ਪਲੈਨਰੀ ਸੈਸ਼ਨ ਵਿੱਚ ਕਾਮਰੇਡ ਮਾਓ-ਜ਼ੇ-ਤੁੰਗ ਨੇ ਕਿਹਾ ਸੀ: ਕਿਸੇ ਵੀ ਰਾਜ ਸੱਤ੍ਹਾ ਨੂੰ ਉਖਾੜ ਸੁੱਟਣ ਲਈ ਹਮੇਸ਼ਾ ਹੀ ਸਭ ਤੋਂ ਪਹਿਲਾਂ ਇਸ ਗੱਲ ਦੀ ਲੋੜ ਹੁੰਦੀ ਹੈ ਕਿ ਲੋਕ ਰਾਏ ਤਿਆਰ ਕੀਤੀ ਜਾਵੇ, ਵਿਚਾਰਧਾਰਕ ਖੇਤਰ ‘ਚ ਕੰਮ ਕੀਤਾ ਜਾਵੇ। ਇਹ ਗੱਲ ਜਿੱਥੇ ਇਨਕਲਾਬੀ ਜਮਾਤ ‘ਤੇ ਲਾਗੂ ਹੁੰਦੀ ਹੈ ਉੱਥੇ ਹੀ ਉਲਟ-ਇਨਕਲਾਬੀ ਜਮਾਤ ‘ਤੇ ਵੀ ਲਾਗੂ ਹੁੰਦੀ ਹੈ। ਕਾਮਰੇਡ ਮਾਓ-ਜ਼ੇ-ਤੁੰਗ ਦਾ ਇਹ ਕਥਨ ਅਮਲ ‘ਚ ਬਿਲਕੁਲ ਸਹੀ ਸਾਬਤ ਹੋ ਚੁੱਕਾ ਹੈ।

ਭਾਵੇਂ ਸਰਮਾਏਦਾਰ ਜਮਾਤ ਦਾ ਤਖਤਾ ਉਲਟਾਇਆ ਜਾ ਚੁੱਕਿਆ ਹੈ, ਪਰ ਉਹ ਅੱਜ ਵੀ ਲੋਟੂ ਜਮਾਤਾਂ ਦੇ ਪੁਰਾਣੇ ਵਿਚਾਰਾਂ, ਪੁਰਾਣੇ ਸੱਭਿਆਚਾਰ, ਪੁਰਾਣੇ ਰਿਵਾਜਾਂ ਅਤੇ ਪੁਰਾਣੀਆਂ ਆਦਤਾਂ ਦੀ ਵਰਤੋਂ ਕਰਕੇ ਆਮ ਲੋਕਾਂ ਦਾ ਆਚਰਣ ਭ੍ਰਿਸ਼ਟ ਕਰਨ, ਉਹਨਾਂ ਦੇ ਦਿਮਾਗ ਨੂੰ ਆਪਣੇ ਕਾਬੂ ‘ਚ ਕਰਨ ਅਤੇ ਸੱਤ੍ਹਾ ਫਿਰ ਤੋਂ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਜ਼ਦੂਰ ਜਮਾਤ ਨੂੰ ਇਸ ਤੋਂ ਬਿਲਕੁਲ ਉਲਟ ਕਾਰਵਾਈ ਕਰਨੀ ਚਾਹੀਦੀ ਹੈ: ਉਸ ਨੂੰ ਵਿਚਾਰਧਾਰਕ ਖੇਤਰ ‘ਚ ਸਰਮਾਏਦਾਰ ਜਮਾਤ ਦੀ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਮਜ਼ਦੂਰ ਜਮਾਤ ਦੇ ਨਵੇਂ ਵਿਚਾਰਾਂ, ਨਵੇਂ ਸੱਭਿਆਚਾਰ, ਨਵੇਂ ਰਿਵਾਜਾਂ ਅਤੇ ਨਵੀਆਂ ਆਦਤਾਂ ਦੀ ਵਰਤੋਂ ਕਰਕੇ ਸਮੁੱਚੇ ਸਮਾਜ ਦੀ ਮਾਨਸਿਕ ਬਣਤਰ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਸਮੇਂ ਸਾਡਾ ਮਕਸਦ ਹੈ ਉਹਨਾਂ ਕਰਤਾ-ਧਰਤਾ ਲੋਕਾਂ ਦੇ ਵਿਰੁੱਧ ਸੰਘਰਸ਼ ਕਰਨਾ ਅਤੇ ਉਹਨਾਂ ਨੂੰ ਮਲੀਆਮੇਟ ਕਰ ਦੇਣਾ, ਜੋ ਸਰਮਾਏਦਾਰ ਰਾਹ ਅਪਣਾ ਰਹੇ ਹਨ, ਵਿੱਦਿਆ-ਅਧਿਐਨ ਦੇ ਖੇਤਰ ‘ਚ ਕੰਮ ਕਰਨ ਵਾਲੇ ਪਿਛਖੜੀ ਸਰਮਾਏਦਾਰ ”ਧੁਰੰਧਰ ਵਿਦਵਾਨਾਂ” ਅਤੇ ਸਰਮਾਏਦਾਰ ਜਮਾਤ ਅਤੇ ਸਾਰੀਆਂ ਲੋਟੂ-ਜਮਾਤਾਂ ਦੀ ਵਿਚਾਰਧਾਰਾ ਦੀ ਅਲੋਚਨਾ ਕਰਨਾ ਅਤੇ ਉਹਨਾਂ ਨੂੰ ਰੱਦ ਕਰਨਾ ਅਤੇ ਸਿੱਖਿਆ, ਸਾਹਿਤ ਅਤੇ ਕਲਾ ਅਤੇ ਉਸਾਰ ਢਾਂਚੇ ਦੇ ਉਹਨਾਂ ਸਾਰੇ ਅੰਗਾਂ ਦੀ ਰੂਪ ਬਦਲੀ ਕਰਨਾ ਜੋ ਸਮਾਜਵਾਦੀ ਆਰਥਕ ਅਧਾਰ ਦੇ ਅਨੁਰੂਪ ਨਹੀਂ ਹਨ, ਤਾਂ ਕਿ ਸਮਾਜਵਾਦੀ ਪ੍ਰਬੰਧ ਨੂੰ ਮਜਬੂਤ ਅਤੇ ਵਿਕਸਤ ਕੀਤਾ ਜਾ ਸਕੇ।

2. ਮੁੱਖ ਧਾਰਾ ਅਤੇ ਵਿੰਗੇ-ਟੇਢੇ ਰਾਹ

 ਮਜ਼ਦੂਰ, ਕਿਸਾਨ, ਫੌਜੀ, ਇਨਕਲਾਬੀ ਬੁੱਧੀਜੀਵੀ ਅਤੇ ਇਨਕਲਾਬੀ ਕਾਰਕੁਨ ਇਸ ਮਹਾਨ ਸੱਭਿਆਚਾਰਕ ਇਨਕਲਾਬ ਦੀ ਮੁੱਖ ਤਾਕਤ ਹਨ। ਇਨਕਲਾਬੀ ਨੌਜਵਾਨਾਂ ਦੀ ਬਹੁਤ ਵੱਡੀ ਗਿਣਤੀ, ਜਿਸ ਨੂੰ ਪਹਿਲਾਂ ਕੋਈ ਜਾਣਦਾ ਵੀ ਨਹੀਂ ਸੀ, ਹੌਂਸਲੇ ਅਤੇ ਹਿੰਮਤ ਨਾਲ਼ ਨਵੇਂ ਰਾਹ ਖੋਜ ਰਹੀ ਹੈ। ਉਹ ਭਰਪੂਰ ਤਾਕਤ ਨਾਲ਼ ਕੰਮ ਕਰਦੇ ਹਨ ਅਤੇ ਬੁੱਧੀਮਾਨ ਹਨ। ਵੱਡੇ ਅੱਖਰਾਂ ਵਾਲ਼ੇ ਪੋਸਟਰ ਅਤੇ ਵੱਡੇ-ਵੱਡੇ ਵਾਦ-ਵਿਵਾਦਾਂ ਦੇ ਜ਼ਰੀਏ ਉਹ ਲੋਕ ਬਹਿਸ ਛੇੜਦੇ ਹਨ। ਸਰਮਾਏਦਾਰਾ ਰਾਹੀਆਂ ਨੂੰ ਪੂਰੀ ਤਰ੍ਹਾਂ ਬੇਨਕਾਬ ਕਰਦੇ ਹਨ, ਅਲੋਚਨਾ ਕਰਦੇ ਹਨ ਅਤੇ ਸਰਮਾਏਦਾਰ ਜਮਾਤ ਦੇ ਖੁੱਲੇ ਅਤੇ ਲੁਕੇ ਹੋਏ ਨੁਮਾਇੰਦਿਆਂ ‘ਤੇ ਬੜੀ ਦ੍ਰਿੜਤਾ ਨਾਲ਼ ਹਮਲਾ ਕਰਦੇ ਹਨ। ਇਸ ਤਰ੍ਹਾਂ ਦੀ ਮਹਾਨ ਇਨਕਲਾਬੀ ਲਹਿਰ ‘ਚ ਉਹਨਾਂ ਦੁਆਰਾ ਕਿਸੇ ਵੀ ਤਰਾਂ ਦੀ ਕੋਈ ਕਮੀ ਜ਼ਾਹਰ ਨਾ ਹੋਣ ਦੇਣਾ ਨਾਮੁਮਕਿਨ ਹੈ, ਪਰ ਉਹਨਾਂ ਦੀ ਮੁੱਖ ਇਨਕਲਾਬੀ ਦਿਸ਼ਾ ਸ਼ੁਰੂ ਤੋਂ ਹੀ ਠੀਕ ਰਹੀ ਹੈ। ਇਹ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀ ਮੁੱਖ ਧਾਰਾ ਹੈ। ਇਹ ਉਹ ਮੁੱਖ ਦਿਸ਼ਾ ਹੈ ਜਿਸ ਵੱਲ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਲਗਾਤਾਰ ਅੱਗੇ ਵੱਧਦਾ ਜਾ ਰਿਹਾ ਹੈ।

ਕਿਉਂਕਿ ਸੱਭਿਆਚਾਰਕ ਇਨਕਲਾਬ ਇੱਕ ਇਨਕਲਾਬ ਹੈ, ਇਸ ਲਈ ਪ੍ਰਤੀਰੋਧ ਦਾ ਸਾਹਮਣਾ ਕਰਨਾ ਇਸ ਦੇ ਲਈ ਲਾਜ਼ਮੀ ਹੋ ਜਾਂਦਾ ਹੈ। ਇਹ ਪ੍ਰਤੀਰੋਧ ਮੁੱਖ ਤੌਰ ‘ਤੇ ਅਜਿਹੇ ਕਰਤਾ-ਧਰਤਾ ਲੋਕ ਪੈਦਾ ਕਰਦੇ ਹਨ, ਜੋ ਮੌਕਾ ਪਾ ਕੇ ਪਾਰਟੀ ‘ਚ ਆ ਵੜੇ ਹਨ ਅਤੇ ਸਰਮਾਏਦਾਰਾ ਰਾਹ ਅਪਣਾ ਰਹੇ ਹਨ। ਇਸ ਪ੍ਰਤੀਰੋਧ ਦਾ ਜਨਮ ਸਮਾਜ ਦੀਆਂ ਪੁਰਾਣੀਆਂ ਪੱਕੀਆਂ ਹੋਈਆਂ ਆਦਤਾਂ ‘ਚੋਂ ਵੀ ਪੈਦਾ ਹੁੰਦਾ ਹੈ। ਇਸ ਸਮੇਂ ਇਹ ਪ੍ਰਤੀਰੋਧ ਮੁਕਾਬਲਤਨ ਵਧੇਰੇ ਸਖ਼ਤ ਅਤੇ ਹਠਧਰਮੀ ਭਰਿਆ ਹੈ, ਪਰ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਆਖਰ ਇੱਕ ਨਾ ਦਬਾਈ ਜਾ ਸਕਣ ਵਾਲੀ ਵਿਆਪਕ ਧਾਰਾ ਹੈ। ਇਸ ਗੱਲ ਦੇ ਕਾਫੀ ਪ੍ਰਮਾਣ ਮੌਜੂਦ ਹਨ ਕਿ ਜਿੱਥੇ ਇੱਕ ਵਾਰੀ ਆਮ ਜਨਤਾ ਪੂਰੀ ਤਰ੍ਹਾਂ ਜਾਗ੍ਰਿਤ ਹੋ ਗਈ, ਉੱਥੇ ਇਸ ਤਰ੍ਹਾਂ ਦਾ ਪ੍ਰਤੀਰੋਧ ਬੜੀ ਜਲਦੀ ਖਤਮ ਹੋ ਜਾਵੇਗਾ।

ਕਿਉਂਕਿ ਇਹ ਪ੍ਰਤੀਰੋਧ ਮੁਕਾਬਲਤਨ ਸਖਤ ਹੈ, ਇਸ ਲਈ ਇਸ ਸੰਘਰਸ਼ ‘ਚ ਪਛਾੜਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਇੱਥੋਂ ਤੱਕ ਕਿ ਵਾਰ-ਵਾਰ ਪਛਾੜਾਂ ਦਾ ਸਾਹਮਣਾ ਕਰਨਾ ਕਰਨਾ ਪਵੇਗਾ। ਇਸ ‘ਚ ਕੋਈ ਨੁਕਸਾਨ ਨਹੀਂ ਹੈ। ਇਸ ਨਾਲ਼ ਮਜ਼ਦੂਰ ਜਮਾਤ ਅਤੇ ਹੋਰ ਕਿਰਤੀ ਲੋਕ, ਖਾਸ ਤੌਰ ‘ਤੇ ਨੌਜਵਾਨ ਲੋਕ ਤਪ ਕੇ ਫੌਲਾਦ ਬਣਦੇ ਹਨ, ਉਹਨਾਂ ਨੂੰ ਸਿੱਖਿਆ ਮਿਲਦੀ ਹੈ ਅਤੇ ਤਜ਼ਰਬਾ ਹਾਸਲ ਹੁੰਦਾ ਹੈ ਅਤੇ ਉਹਨਾਂ ਨੂੰ ਇਹ ਸਮਝਣ ‘ਚ ਮਦਦ ਮਿਲਦੀ ਹੈ ਕਿ ਇਨਕਲਾਬ ਦਾ ਰਾਹ ਵਿੰਗਾ-ਟੇਢਾ ਰਾਹ ਹੈ, ਕੋਈ ਆਸਾਨ ਸਿੱਧਾ ਰਾਹ ਨਹੀਂ।

3. ਹਿੰਮਤ ਨੂੰ ਸਰਵਉੱਚ ਰੱਖੋ ਅਤੇ ਨਿਡਰਤਾ ਦੇ 
   ਨਾਲ਼ ਆਮ ਲੋਕਾਂ ਨੂੰ ਜਾਗ੍ਰਿਤ ਕਰੋ

ਇਸ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਨਤੀਜੇ ਦਾ ਫੈਸਲਾ ਇਸ ਗੱਲ ਤੋਂ ਹੋਵੇਗਾ ਕਿ ਪਾਰਟੀ-ਲੀਡਰਸ਼ਿਪ ਨਿਡਰਤਾ ਦੇ ਨਾਲ਼ ਆਮ ਜਨਤਾ ਨੂੰ ਜਾਗ੍ਰਿਤ ਕਰਨ ਦੀ ਹਿੰਮਤ ਰੱਖਦੀ ਹੈ ਜਾਂ ਨਹੀਂ।

ਇਸ ਸਮੇਂ ਵੱਖ ਵੱਖ ਪੱਧਰ ਦੀਆਂ ਪਾਰਟੀ ਜਥੇਬੰਦੀਆਂ ਦੁਆਰਾ ਸੱਭਿਆਚਾਰਕ ਇਨਕਲਾਬੀ ਲਹਿਰ ਨੂੰ ਦਿੱਤੀ ਜਾਣ ਵਾਲੀ ਅਗਵਾਈ ਦੇ ਖੇਤਰ ‘ਚ ਚਾਰ ਵੱਖ ਵੱਖ ਹਾਲਤਾਂ ਮੌਜੂਦ ਹਨ:

1. ਇੱਕ ਹਾਲਤ ਅਜਿਹੀ ਹੈ, ਜਿਸ ‘ਚ ਪਾਰਟੀ ਜਥੇਬੰਦੀਆਂ ਦੇ ਕਰਤਾ-ਧਰਤਾ ਲੋਕ ਲਹਿਰ ਦੇ ਹਰਾਵਲ ਦਸਤੇ ‘ਚ ਖੜਦੇ ਹਨ ਅਤੇ ਬੜੀ ਨਿਡਰਤਾ ਦੇ ਨਾਲ਼ ਆਮ ਜਨਤਾ ਨੂੰ ਜਾਗ੍ਰਿਤ ਕਰਦੇ ਹਨ। ਉਹ ਹਿੰਮਤ ਨੂੰ ਸਰਵਉੱਚ ਰੱਖਦੇ ਹਨ, ਉਹ ਨਿਡਰ ਕਮਿਊਨਿਸਟ ਸੂਰਮੇ ਹਨ ਅਤੇ ਪ੍ਰਧਾਨ ਮਾਓ ਦੇ ਚੰਗੇ ਵਿਦਿਆਰਥੀ ਹਨ। ਉਹ ਵੱਡੇ ਅੱਖਰਾਂ ਵਾਲੇ ਪੋਸਟਰ ਅਤੇ ਵੱਡੇ ਵਾਦ-ਵਿਵਾਦਾਂ ਦਾ ਪੱਖ ਲੈਂਦੇ ਹਨ। ਉਹ ਆਮ ਲੋਕਾਂ ਨੂੰ ਪ੍ਰੇਰਣਾ ਦਿੰਦੇ ਹਨ ਕਿ ਉਹ ਹਰ ਕਿਸਮ ਦੇ ਦੈਂਤਾਂ ਅਤੇ ਰਾਖਸ਼ਾਂ ਨੂੰ ਬੇਨਕਾਬ ਕਰ ਸੁੱਟਣ ਅਤੇ ਕਰਤਾ-ਧਰਤਾ ਲੋਕਾਂ ਦੇ ਕੰਮ ਦੀਆਂ ਕਮੀਆਂ ਅਤੇ ਗਲਤੀਆਂ ਦੀ ਅਲੋਚਨਾ ਕਰਨ। ਇਹ ਸਹੀ ਕਿਸਮ ਦੀ ਅਗਵਾਈ ਕਾਇਮ ਕਰਨ, ਮਜ਼ਦੂਰ ਜਮਾਤ ਦੀ ਸਿਆਸਤ ਨੂੰ ਸਰਵਉੱਚ ਰੱਖਣ ਅਤੇ ਮਾਓ-ਜ਼ੇ-ਤੁੰਗ ਦੇ ਵਿਚਾਰਾਂ ਨੂੰ ਪ੍ਰਮੁੱਖ ਥਾਂ ਦੇਣ ਦਾ ਸਿੱਟਾ ਹੈ।

2. ਬਹੁਤ ਸਾਰੀਆਂ ਇਕਾਈਆਂ ਵਿੱਚ ਕਰਤਾ-ਧਰਤਾ ਲੋਕ ਇਸ ਮਹਾਨ ਸੰਘਰਸ਼ ਦੀ ਅਗਵਾਈ ਦੇ ਕਾਰਜ ਦੀ ਬਹੁਤ ਘੱਟ ਸਮਝ ਰੱਖਦੇ ਹਨ, ਉਹਨਾਂ ਦੀ ਅਗਵਾਈ ਲਗਨ ਨਾਲ਼ ਕੰਮ ਕਰਨ ਵਾਲੀ ਅਤੇ ਕਾਰਗਰ ਅਗਵਾਈ ਬਿਲਕੁਲ ਨਹੀਂ ਹੁੰਦੀ ਅਤੇ ਫਲਸਰੂਪ ਉਹ ਖੁਦ ਨੂੰ ਅਸਮਰੱਥਤਾ ਅਤੇ ਕਮਜ਼ੋਰ ਹਾਲਤ ‘ਚ ਪਾਉਂਦੇ ਹਨ। ਉਹ ਡਰ ਨੂੰ ਸਰਵਉੱਚ ਰੱਖਦੇ ਹਨ, ਪੁਰਾਣੇ ਤੌਰ ਤੌਰ-ਤਰੀਕਿਆਂ ਅਤੇ ਨੇਮਾਂ ਨਾਲ਼ ਚਿੰਬੜੇ ਰਹਿੰਦੇ ਹਨ ਅਤੇ ਘਿਸੀ-ਪਿਟੀ ਲੀਕ ਨੂੰ ਛੱਡਣ ਅਤੇ ਅੱਗੇ ਵਧਣ ਨੂੰ ਤਿਆਰ ਨਹੀਂ ਹੁੰਦੇ। ਉਹ ਲੋਕ ਨਵੀਆਂ ਹਾਲਤਾਂ ਤੋਂ, ਆਮ ਲੋਕਾਂ ਦੀ ਇਨਕਲਾਬੀ ਹਾਲਤ ਤੋਂ ਬਿਲਕੁਲ ਬੇਖਬਰ ਹਨ। ਨਤੀਜਾ ਇਹ ਹੋਇਆ ਕਿ ਉਹਨਾਂ ਦੀ ਅਗਵਾਈ ਅਸਲ ਹਾਲਤ ਤੋਂ ਪੱਛੜ ਗਈ ਹੈ, ਆਮ ਲੋਕਾਂ ਤੋਂ ਪੱਛੜ ਗਈ ਹੈ।

3. ਕੁਝ ਇਕਾਈਆਂ ਵਿੱਚ ਅਜਿਹੇ ਕਰਤਾ-ਧਰਤਾ ਲੋਕਾਂ ਦੁਆਰਾ, ਜੋ ਬੀਤੇ ਸਮੇਂ ‘ਚ ਕਿਸੇ ਨਾ ਕਿਸੇ ਕਿਸਮ ਦੀ ਗਲਤੀ ਕਰ ਚੁੱਕੇ ਹਨ, ਡਰ-ਭੈਅ ਨੂੰ ਸਰਵਉੱਚ ਰੱਖੇ ਜਾਣ ਦੀ ਵਧੇਰੇ ਸੰਭਾਵਨਾ ਹੈ ਕਿਉਂਕਿ ਉਹ ਇਸ ਗੱਲ ਤੋਂ ਡਰਦੇ ਹਨ ਕਿ ਕਿਤੇ ਆਮ ਲੋਕਾਂ ਉਨ੍ਹਾਂ ਨੂੰ ਧੌਣ ਤੋਂ ਫੜ ਕੇ ਬਾਹਰ ਨਾ ਖਿੱਚ ਲਵੇ। ਅਸਲ ‘ਚ ਜੇ ਉਹ ਗੰਭੀਰਤਾ ਨਾਲ਼ ਆਪਣੀ ਆਤਮਲੋਚਨਾ ਕਰਨ ਅਤੇ ਆਮ ਲੋਕਾਂ ਦੁਆਰਾ ਕੀਤੀ ਗਈ ਅਲੋਚਨਾ ਨੂੰ ਸਵੀਕਾਰ ਕਰ ਲੈਣ, ਤਾਂ ਪਾਰਟੀ ਅਤੇ ਆਮ ਲੋਕ ਉਹਨਾਂ ਦੀਆਂ ਗਲਤੀਆਂ ਦੇ ਪ੍ਰਤੀ ਨਰਮ ਰੁੱਖ ਅਪਨਾਉਣਗੇ। ਪਰ ਜੇ ਉਪਰੋਕਤ ਕਰਤਾ-ਧਰਤਾ ਲੋਕ ਅਜਿਹਾ ਨਹੀਂ ਕਰਨਗੇ ਤਾਂ ਉਹ ਗਲਤੀਆਂ ਕਰਨਾ ਜਾਰੀ ਰੱਖਣਗੇ ਅਤੇ ਉਹ ਲੋਕ ਲਹਿਰ ਦੇ ਰਾਹ ‘ਚ ਰੋੜਾ ਬਣ ਜਾਣਗੇ।

4. ਕੁਝ ਇਕਾਈਆਂ ਅਜਿਹੇ ਲੋਕਾਂ ਦੇ ਕੰਟਰੋਲ ਵਿੱਚ ਹਨ ਜੋ ਮੌਕਾ ਪਾ ਕੇ ਪਾਰਟੀ ਦੇ ਅੰਦਰ ਆ ਵੜੇ ਹਨ ਅਤੇ ਸਰਮਾਏਦਾਰਾ ਰਾਹ ਅਪਣਾ ਰਹੇ ਹਨ। ਅਜਿਹੇ ਕਰਤਾ-ਧਰਤਾ ਇਸ ਗੱਲ ਤੋਂ ਬੇਹੱਦ ਡਰਦੇ ਹਨ ਕਿ ਕਿਤੇ ਆਮ ਜਨਤਾ ਉਹਨਾਂ ਦੀ ਪੋਲ੍ਹ ਨਾ ਖੋਲ੍ਹ ਦੇਵੇ ਅਤੇ ਇਸੇ ਲਈ ਉਹ ਲੋਕ ਲਹਿਰ ‘ਤੇ ਜਬਰ ਕਰਨ ਲਈ ਹਰ ਸੰਭਵ ਬਹਾਨਾ ਲੱਭਦੇ ਰਹਿੰਦੇ ਹਨ। ਉਹ ਆਪਣੇ ਹਮਲੇ ਦੇ ਨਿਸ਼ਾਨਿਆਂ ਨੂੰ ਬਦਲ ਦੇਣ ਅਤੇ ਕਾਲੇ ਨੂੰ ਚਿੱਟਾ ਬਣਾ ਦੇਣ ਵਾਲੀਆਂ ਚਲਾਕੀਆਂ ਦਾ ਸਹਾਰਾ ਲੈ ਕੇ ਲੋਕ ਲਹਿਰ ਨੂੰ ਉਸ ਦੇ ਰਾਹ ਤੋਂ ਭਟਕਾ ਦੇਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਉਹ ਇਹ ਦੇਖਦੇ ਹਨ ਕਿ ਉਹ ਬਿਲਕੁਲ ਨਿਖੇੜੇ ਦੀ ਹਾਲਤ ‘ਚ ਜਾ ਡਿੱਗੇ ਹਨ ਅਤੇ ਪਹਿਲਾਂ ਦੀ ਤਰ੍ਹਾਂ ਕਾਰਜਸ਼ੀਲ ਨਹੀਂ ਰਹਿ ਸਕਦੇ ਤਾਂ ਹੋਰ ਵੀ ਜ਼ਿਆਦਾ ਸਾਜ਼ਿਸ਼ਾਂ ਰਚਣ ਲੱਗਦੇ ਹਨ, ਲੋਕਾਂ ਦੀ ਪਿੱਠ ਪਿੱਛੇ ਵਾਰ ਕਰਦੇ ਹਨ, ਅਫਵਾਹਾਂ ਫੈਲਾਉਂਦੇ ਹਨ, ਅਤੇ ਇਨਕਲਾਬੀਆਂ ‘ਤੇ ਹਮਲਾ ਕਰਨ ਦੇ ਮਕਸਦ ਲਈ ਉਹ ਇਨਕਲਾਬ ਅਤੇ ਉਲਟ-ਇਨਕਲਾਬ ਦੇ ਫਰਕ ਨੂੰ ਜਿੱਥੋਂ ਤੱਕ ਹੋ ਸਕੇ ਧੁੰਦਲਾ ਕਰਨ ਦੀ ਕੋਸ਼ਿਸ਼ ਕਰਦੇ ਹਨ।

ਪਾਰਟੀ ਦੀ ਕੇਂਦਰੀ ਕਮੇਟੀ ਵੱਖ ਵੱਖ ਪੱਧਰ ਦੀਆਂ ਪਾਰਟੀ-ਕਮੇਟੀਆਂ ਤੋਂ ਇਹ ਮੰਗ ਕਰਦੀ ਹੈ ਕਿ ਉਹ ਲਗਾਤਾਰ ਸਹੀ ਢੰਗ ਨਾਲ਼ ਅਗਵਾਈ ਕਰਨ, ਹਿੰਮਤ ਨੂੰ ਸਰਵਉੱਚ ਰੱਖਣ, ਨਿਡਰ ਹੋ ਕੇ ਆਮ ਲੋਕਾਂ ਨੂੰ ਜਾਗ੍ਰਿਤ ਕਰਨ, ਜਿੱਥੇ ਕਿਤੇ ਵੀ ਕਮਜ਼ੋਰੀ ਅਤੇ ਅਯੋਗਤਾ ਨਜ਼ਰ ਆਵੇ ਉਸ ਨੂੰ ਦੂਰ ਕਰਨ, ਉਹਨਾਂ ਸਾਥੀਆਂ ਨੂੰ ਜਿਹਨਾਂ ਨੇ ਗਲਤੀਆਂ ਵੀ ਕੀਤੀਆਂ ਹਨ, ਪਰ ਜੋ ਉਹਨਾਂ ਨੂੰ ਸੁਧਾਰਨ ਲਈ ਤਿਆਰ ਹਨ, ਇਸ ਗੱਲ ਲਈ ਹੌਂਸਲਾ ਦੇਣ ਕਿ ਉਹ ਆਪਣੇ ਮਾਨਸਿਕ ਬੋਝ ਨੂੰ ਲਾਹ ਦੇਣ ਤੇ ਸੰਘਰਸ਼ ‘ਚ ਸ਼ਾਮਿਲ ਹੋ ਜਾਣ ਅਤੇ ਅਜਿਹੇ ਸਾਰੇ ਕਰਤਾ-ਧਰਤਾ ਲੋਕਾਂ ਨੂੰ ਆਗੂ ਅਹੁਦਿਆਂ ਤੋਂ ਹਟਾ ਦੇਣ, ਜਿਹੜੇ ਸਰਮਾਏਦਾਰਾ ਰਾਹ ਅਪਣਾਉਂਦੇ ਹਨ, ਤਾਂ ਕਿ ਪ੍ਰੋਲੇਤਾਰੀ ਇਨਕਲਾਬੀਆਂ ਲਈ ਅਗਵਾਈ ਫਿਰ ਤੋਂ ਹਾਸਲ ਕਰਨਾ ਸੰਭਵ ਹੋ ਜਾਵੇ।

4. ਲਹਿਰ ਦੌਰਾਨ ਆਮ ਲੋਕਾਂ ਨੂੰ ਖੁਦ ਸਿੱਖਿਅਤ ਹੋਣ ਦਿਓ

 ਇਸ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੌਰਾਨ ਲੋਕਾਂ ਲਈ ਕੰਮ ਕਰਨ ਦਾ ਇੱਕੋ-ਇੱਕ ਤਰੀਕਾ ਇਹ ਹੈ ਕਿ ਉਹ ਆਪਣੇ ਆਪ ਨੂੰ ਖੁਦ ਮੁਕਤ ਕਰਾਉਣ, ਅਤੇ ਆਮ ਲੋਕਾਂ ਦੀ ਥਾਂ ਕਿਸੇ ਹੋਰ ਵੱਲੋਂ ਇਹ ਕੰਮ ਕਰਨ ਦਾ ਤਰੀਕਾ ਨਾ ਅਪਣਾਇਆ ਜਾਵੇ।

ਆਮ ਲੋਕਾਂ ‘ਤੇ ਭਰੋਸਾ ਕਰੋ, ਉਹਨਾਂ ‘ਤੇ ਨਿਰਭਰਤਾ ਰੱਖੋ ਅਤੇ ਉਹਨਾਂ ਦੀ ਪਹਿਲ ਕਦਮੀ ਦੀ ਕਦਰ ਕਰੋ। ਡਰ ਤੇ ਭੈਅ ਨੂੰ ਕੱਢ ਸੁੱਟੋ। ਅਫਰਾ-ਤਫਰੀ ਤੋਂ ਨਾ ਡਰੋ। ਚੇਅਰਮੈਨ ਮਾਓ ਨੇ ਸਾਨੂੰ ਅਕਸਰ ਦੱਸਿਆ ਹੈ ਕਿ ਇਨਕਲਾਬ ਕੋਈ ਨਫੀਸ, ਸ਼ਿਸ਼ਟ ਜਾਂ ਨਿਮਰ, ਦਿਆਲੂ, ਸਾਊ, ਸੰਜਮੀ ਅਤੇ ਉਦਾਰ ਚੀਜ਼ ਨਹੀਂ ਹੋ ਸਕਦਾ। ਇਸ ਮਹਾਨ ਇਨਕਲਾਬੀ ਲਹਿਰ ‘ਚ ਆਮ ਲੋਕਾਂ ਨੂੰ ਆਪਣੇ ਆਪ ਨੂੰ ਸਿੱਖਿਅਤ ਕਰਨ ਦਿਓ ਅਤੇ ਸਹੀ ਤੇ ਗਲਤ ਗੱਲ ਵਿੱਚ ਅਤੇ ਸਹੀ ਤੇ ਗਲਤ ਢੰਗ ਵਿੱਚ ਫਰਕ ਕਰਨ ਦਿਓ।

ਵੱਡੇ ਅੱਖਰਾਂ ਵਾਲੇ ਪੋਸਟਰਾਂ ਅਤੇ ਵੱਡੀਆਂ ਬਹਿਸਾਂ ਦੀ ਪੂਰੀ ਵਰਤੋਂ ਕਰਦੇ ਹੋਏ ਚੀਜ਼ਾਂ ਨੂੰ ਸਮਝਣ ਲਈ ਦਲੀਲਬਾਜ਼ੀ ਹੋਣ ਦਿਓ, ਤਾਂ ਕਿ ਆਮ ਲੋਕ ਸਹੀ ਵਿਚਾਰਾਂ ਬਾਰੇ ਸਪੱਸ਼ਟ ਹੋ ਸਕਣ, ਗਲਤ ਵਿਚਾਰਾਂ ਦੀ ਅਲੋਚਨਾ ਕਰ ਸਕਣ ਅਤੇ ਸਾਰੇ ਦੈਂਤਾਂ ਤੇ ਰਾਖਸ਼ਾਂ ਦਾ ਪਰਦਾਫਾਸ਼ ਕਰ ਸਕਣ। ਇਸ ਤਰ੍ਹਾਂ ਆਮ ਲੋਕ ਸੰਘਰਸ਼ ਦੇ ਦੌਰਾਨ ਆਪਣੀ ਸਿਆਸੀ ਚੇਤਨਾ ਦਾ ਪੱਧਰ ਉੱਚਾ ਚੁੱਕ ਸਕਣਗੇ, ਆਪਣੀ ਯੋਗਤਾ ਤੇ ਪ੍ਰਤਿਭਾ ‘ਚ ਵਾਧਾ ਕਰ ਸਕਣਗੇ, ਸਹੀ ਤੇ ਗਲਤ ਵਿੱਚ ਫਰਕ ਕਰ ਸਕਣਗੇ ਅਤੇ ਦੁਸ਼ਮਣ ਤੇ ਸਾਡੇ ਵਿੱਚ ਸਪੱਸ਼ਟ ਨਿਖੇੜੇ ਦੀ ਲੀਹ ਖਿੱਚ ਸਕਣਗੇ।

5. ਪਾਰਟੀ ਦੀ ਜਮਾਤੀ ਲੀਹ ਨੂੰ ਦ੍ਰਿੜ•ਤਾ ਨਾਲ਼ ਲਾਗੂ ਕਰੋ

ਸਾਡੇ ਦੁਸ਼ਮਣ ਕੌਣ ਹਨ? ਸਾਡੇ ਦੋਸਤ ਕੌਣ ਹਨ? ਇਹ ਇਨਕਲਾਬ ਦੇ ਲਈ ਸਭ ਤੋਂ ਅਹਿਮ ਸਵਾਲ ਹੈ ਅਤੇ ਇਹ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਲਈ ਵੀ ਸਭ ਤੋਂ ਜ਼ਿਆਦਾ ਅਹਿਮੀਅਤ ਵਾਲ਼ਾ ਸਵਾਲ ਹੈ। ਪਾਰਟੀ ਲੀਡਰਸ਼ਿਪ ਨੂੰ ਖੱਬੇ-ਪੱਖੀਆਂ ਦਾ ਪਤਾ ਲਾਉਣ ਤੇ ਖੱਬੇ-ਪੱਖੀਆਂ ਦੀਆਂ ਸਫ਼ਾਂ ਨੂੰ ਵਿਕਸਤ ਕਰਨ ਤੇ ਮਜ਼ਬੂਤ ਬਣਾਉਣ ‘ਚ ਨਿਪੁੰਨ ਹੋਣਾ ਚਾਹੀਦਾ ਹੈ, ਅਤੇ ਇਨਕਲਾਬੀ ਖੱਬੇ ਪੱਖੀਆਂ ‘ਤੇ ਦ੍ਰਿੜਤਾ ਨਾਲ਼ ਨਿਰਭਰ ਰਹਿਣਾ ਚਾਹੀਦਾ ਹੈ। ਲਹਿਰ ਦੌਰਾਨ ਕੇਵਲ ਇਸ ਤਰ੍ਹਾਂ ਹੀ ਘੋਰ-ਪਿਛਾਖੜੀ ਸੱਜੇ ਪੱਖੀਆਂ ਨੂੰ ਨਿਖੇੜੇ ਦੀ ਹਾਲਤ ‘ਚ ਸੁੱਟਿਆ ਜਾ ਸਕਦਾ ਹੈ, ਅੱਧ-ਵਿਚਾਲੇ ਖੜਿਆਂ ਨੂੰ ਆਪਣੇ ਪੱਖ ‘ਚ ਕੀਤਾ ਜਾ ਸਕਦਾ ਹੈ ਅਤੇ ਵੱਡੀ ਬਹੁਗਿਣਤੀ ਦੇ ਨਾਲ਼ ਏਕਤਾ ਕਾਇਮ ਕੀਤੀ ਜਾ ਸਕਦੀ ਹੈ, ਤਾਂ ਕਿ ਲਹਿਰ ਖਤਮ ਹੋਣ ‘ਤੇ ਅਸੀਂ 95 ਪ੍ਰਤੀਸ਼ਤ ਤੋਂ ਵਧੇਰੇ ਕਾਰਕੁੰਨਾਂ ਤੇ 95 ਪ੍ਰਤੀਸ਼ਤ ਤੋਂ ਵਧੇਰੇ ਆਮ ਲੋਕਾਂ ਵਿੱਚ ਏਕਤਾ ਕਾਇਮ ਕਰ ਸਕੀਏ।

ਮੁੱਠੀਭਰ ਘੋਰ-ਪਿਛਾਖੜੀ ਬੁਰਜੂਆ ਸੱਜੇ ਪੱਖੀਆਂ ਅਤੇ ਉਲਟ-ਇਨਕਲਾਬੀ ਸੋਧਵਾਦੀਆਂ ‘ਤੇ ਹਮਲਾ ਕਰਨ ਲਈ ਪੂਰੀ ਤਾਕਤ ਲਾ ਦਿਓ ਅਤੇ ਪਾਰਟੀ ਵਿਰੁੱਧ, ਸਮਾਜਵਾਦ ਵਿਰੁੱਧ ਅਤੇ ਮਾਓ-ਜ਼ੇ-ਤੁੰਗ ਦੇ ਵਿਚਾਰਾਂ ਵਿਰੁੱਧ ਉਹਨਾਂ ਦੁਆਰਾ ਕੀਤੇ ਜੁਰਮਾਂ ਦਾ ਪਰਦਾਫਾਸ਼ ਕਰ ਦਿਓ ਅਤੇ ਉਹਨਾਂ ਦੀ ਭਰਪੂਰ ਅਲੋਚਨਾ ਕਰੋ, ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਨਿਖੇੜੇ ਦੀ ਹਾਲਤ ‘ਚ ਸੁੱਟਿਆ ਜਾ ਸਕੇ।

ਵਰਤਮਾਨ ਲਹਿਰ ਦਾ ਮੁੱਖ ਨਿਸ਼ਾਨਾ ਪਾਰਟੀ ਦੇ ਅੰਦਰ ਮੌਜੂਦ ਉਹ ਲੋਕ ਹਨ ਜਿਹੜੇ ਕਰਤਾ-ਧਰਤਾ ਹਨ ਅਤੇ  ਸਰਮਾਏਦਾਰਾ ਰਾਹ ਅਪਣਾ ਰਹੇ ਹਨ।

ਪਾਰਟੀ-ਵਿਰੋਧੀ ਅਤੇ ਸਮਾਜਵਾਦ-ਵਿਰੋਧੀ ਸੱਜੇ-ਪੱਖੀਆਂ ਅਤੇ ਉਹਨਾਂ ਲੋਕਾਂ ਵਿਚਾਲੇ ਫ਼ਰਕ ਕਰਨ ‘ਚ ਬੇਹੱਦ ਸਾਵਧਾਨੀ ਵਰਤਣੀ ਚਾਹੀਦੀ ਹੈ, ਜੋ ਪਾਰਟੀ ਅਤੇ ਸਮਾਜਵਾਦ ਦੀ ਤਾਂ ਹਮਾਇਤ ਕਰਦੇ ਹਨ, ਪਰ ਜਿਹਨਾਂ ਨੇ ਕੁਝ ਗਲਤ ਗੱਲਾਂ ਕਹੀਆਂ ਹਨ, ਕੁਝ ਗਲਤ ਕੰਮ ਕੀਤੇ ਹਨ ਜਾਂ ਫਿਰ ਕੁਝ ਬੁਰੇ ਲੇਖ ਜਾਂ ਬੁਰੀਆਂ ਰਚਨਾਵਾਂ ਲਿਖੀਆਂ ਹਨ।

ਪਿਛਾਖੜੀ ਬੁਰਜੂਆ ਆਪਹੁਦਰੇ ਵਿਦਵਾਨਾਂ ਤੇ ”ਧੁਰੰਧਰ ਵਿਦਵਾਨਾਂ” ਅਤੇ ਉਹਨਾਂ ਲੋਕਾਂ ‘ਚ ਫਰਕ ਕਰਨ ‘ਚ ਬੇਹੱਦ ਸਾਵਧਾਨੀ ਵਰਤਣੀ ਚਾਹੀਦੀ ਹੈ, ਜਿਹੜੇ ਬੱਸ ਆਮ ਬੁਰਜੂਆ ਅਕਾਦਮਿਕ ਵਿਚਾਰ ਰੱਖਦੇ ਹਨ।

6. ਲੋਕਾਂ ਦਰਮਿਆਨ ਵਿਰੋਧਤਾਈਆਂ
   ਨੂੰ ਸਹੀ ਢੰਗ ਨਾਲ਼ ਹੱਲ ਕਰਨਾ

ਇਨ੍ਹਾਂ ਦੋ ਵੱਖ ਵੱਖ ਤਰ੍ਹਾਂ ਦੀਆਂ ਵਿਰੋਧਤਾਈਆਂ ਦੇ ਵਿੱਚ ਬਿਲਕੁਲ ਸਪੱਸ਼ਟ ਰੂਪ ‘ਚ ਫਰਕ ਕਰਨਾ ਚਾਹੀਦਾ ਹੈ: ਲੋਕਾਂ ਦਰਮਿਆਨ ਵਿਰੋਧਤਾਈਆਂ ਅਤੇ ਸਾਡੇ ਤੇ ਦੁਸ਼ਮਣ ਦਰਮਿਆਨ ਵਿਰੋਧਤਾਈਆਂ। ਲੋਕਾਂ ਦਰਮਿਆਨ ਵਿਰੋਧਤਾਈਆਂ ਨੂੰ ਸਾਡੇ ਅਤੇ ਦੁਸ਼ਮਣ ਦਰਮਿਆਨ ਵਿਰੋਧਤਾਈਆਂ ਨਹੀਂ ਬਣਾ ਦੇਣਾ ਚਾਹੀਦਾ ਅਤੇ ਨਾ ਹੀ ਸਾਡੇ ਤੇ ਦੁਸ਼ਮਣ ਦਰਮਿਆਨ ਵਿਰੋਧਤਾਈਆਂ ਨੂੰ ਲੋਕਾਂ ਦਰਮਿਆਨ ਵਿਰੋਧਤਾਈਆਂ ਸਮਝਣਾ ਚਾਹੀਦਾ ਹੈ।

ਵੱਖ ਵੱਖ ਰਾਵਾਂ ਰੱਖਣਾ ਆਮ ਲੋਕਾਂ ਲਈ ਸੁਭਾਵਕ ਗੱਲ ਹੈ। ਵੱਖ ਵੱਖ ਤਰ੍ਹਾਂ ਦੇ ਵਿਚਾਰਾਂ ਵਿੱਚ ਮੁਕਾਬਲਾ ਹੋਣਾ ਲਾਜ਼ਮੀ, ਜ਼ਰੂਰੀ ਅਤੇ ਲਾਭਦਾਇਕ ਹੈ। ਆਮ ਅਤੇ ਮੁਕੰਮਲ ਵਾਦ-ਵਿਵਾਦ ਦੇ ਦੌਰਾਨ ਜੋ ਕੁਝ ਸਹੀ ਹੈ, ਆਮ ਜਨਤਾ ਉਸ ਦੀ ਪੁਸ਼ਟੀ ਕਰੇਗੀ, ਜੋ ਕੁਝ ਗਲਤ ਹੈ – ਉਸ ਨੂੰ ਠੀਕ ਕਰ ਲਵੇਗੀ ਅਤੇ ਕਦਮ-ਬ-ਕਦਮ ਇੱਕਮਤ ਹੋ ਜਾਵੇਗੀ।

ਵਾਦ-ਵਿਵਾਦ ‘ਚ ਜੋ ਤਰੀਕਾ ਅਪਣਾਇਆ ਜਾਣਾ ਚਾਹੀਦਾ ਹੈ ਉਹ ਹੈ ਤੱਥਾਂ ਨੂੰ ਪੇਸ਼ ਕਰਨਾ, ਤਰਕ ਦੁਆਰਾ ਆਪਣੀ ਗੱਲ ਸਿੱਧ ਕਰਨਾ ਅਤੇ ਤਰਕ ਦੁਆਰਾ ਸਮਝਾਉਣਾ-ਬੁਝਾਉਣਾ। ਕਿਸੇ ਵੀ ਅਜਿਹੇ ਤਰੀਕੇ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਜਿਸ ‘ਚ ਕਿ ਵੱਖ ਵੱਖ ਰਾਏ ਰੱਖਣ ਵਾਲੀ ਘੱਟ ਗਿਣਤੀ ਨੂੰ ਬਹੁਗਿਣਤੀ ਨਾਲ਼ ਸਹਿਮਤ ਹੋਣ ਲਈ ਮਜ਼ਬੂਰ ਕੀਤਾ ਜਾਏ। ਘੱਟਗਿਣਤੀ ਦੀ ਹਿਫਾਜ਼ਤ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਕਦੇ ਕਦੇ ਸੱਚ ਘੱਟਗਿਣਤੀ ਦੇ ਨਾਲ਼ ਹੁੰਦਾ ਹੈ। ਜੇ ਘੱਟਗਿਣਤੀ ਵਾਲੇ ਗਲਤ ਵੀ ਹੋਣ, ਤਾਂ ਵੀ ਆਪਣੀ ਗੱਲ ਰੱਖਣ ਦਾ ਉਹਨਾਂ ਨੂੰ ਪੂਰਾ ਮੌਕਾ ਮਿਲਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਆਪਣੀ ਰਾਏ ਦਰਜ ਕਰਾਉਣ ਦੇਣਾ ਚਾਹੀਦਾ ਹੈ।

ਜਦੋਂ ਕਦੇ ਵਾਦ-ਵਿਵਾਦ ਹੋਵੇ ਤਾਂ ਉਸ ਦਾ ਸੰਚਾਲਨ ਤਰਕ ਦੁਆਰਾ ਹੋਣਾ ਚਾਹੀਦਾ ਹੈ, ਜ਼ੋਰ-ਜ਼ਬਰਦਸਤੀ ਜਾਂ ਤਾਕਤ ਦੇ ਨਾਲ਼ ਨਹੀਂ।

ਵਾਦ-ਵਿਵਾਦ ਦੌਰਾਨ ਹਰ ਇਨਕਲਾਬੀ ਨੂੰ ਆਪਣੇ ਆਪ ਸੋਚ ਸਕਣ ‘ਚ ਨਿਪੁੰਨ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਆਪਣੇ ਅੰਦਰ ਹਿੰਮਤ ਨਾਲ਼ ਸੋਚਣ, ਹਿੰਮਤ ਨਾਲ਼ ਬੋਲਣ ਅਤੇ ਹਿੰਮਤ ਨਾਲ਼ ਕੰਮ ਕਰਨ ਦੀ ਕਮਿਊਨਿਸਟ ਭਾਵਨਾ ਨੂੰ ਵਿਕਸਤ ਕਰਨਾ ਚਾਹੀਦਾ ਹੈ। ਇਸ ਗੱਲ ਨੂੰ ਸਾਹਮਣੇ ਰੱਖਦੇ ਹੋਏ ਕਿ ਉਨ੍ਹਾਂ ਦੀ ਮੁੱਖ ਦਿਸ਼ਾ ਇੱਕ ਹੀ ਹੈ, ਇਨਕਲਾਬੀ ਸਾਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਏਕਤਾ ਨੂੰ ਮਜ਼ਬੂਤ ਬਣਾਉਣ ਲਈ ਗੌਣ ਵਿਸ਼ਿਆਂ ਨੂੰ ਲੈ ਕੇ ਅੰਤਹੀਣ ਵਾਦ-ਵਿਵਾਦ ‘ਚ ਨਾ ਫਸਣ।

7. ਉਨਾਂ ਲੋਕਾਂ ਤੋਂ ਸਾਵਧਾਨ ਰਹੋ ਜੋ ਇਨਕਲਾਬੀ
   ਲੋਕਾਈ ਨੂੰ ”ਉਲਟ-ਇਨਕਲਾਬੀ” ਗਰਦਾਨਦੇ ਹਨ

ਕੁਝ ਸਕੂਲਾਂ, ਇਕਾਈਆਂ ਅਤੇ ਸੱਭਿਆਚਾਰਕ ਇਨਕਲਾਬ ਦੇ ਕਾਰਜ-ਦਲਾਂ ਵਿੱਚ ਉੱਥੋਂ ਦੇ ਕੁਝ ਕਰਤੇ-ਧਰਤਿਆਂ ਨੇ ਆਮ ਲੋਕਾਂ ਖਿਲਾਫ਼ ਜਵਾਬੀ ਹਮਲਾ ਕਰਨ ਵਾਲੀਆਂ ਕਾਰਵਾਈਆਂ ਜਥੇਬੰਦ ਕੀਤੀਆਂ ਹਨ, ਜਿਹਨਾਂ ਨੇ ਵੱਡੇ ਅੱਖਰਾਂ ਵਾਲੇ ਪੋਸਟਰ ਲਾ ਕੇ ਉਹਨਾਂ ਦੀ ਆਲੋਚਨਾ ਕੀਤੀ ਸੀ। ਉਹਨਾਂ ਨੇ ਇਸ ਤਰ੍ਹਾਂ ਦੇ ਨਾਅਰੇ ਵੀ ਲਾਏ ਹਨ: ”ਕਿਸੇ ਇਕਾਈ ਜਾਂ ਕਾਰਜ-ਦਲ ਦੇ ਨੇਤਾਵਾਂ ਦਾ ਵਿਰੋਧ ਕਰਨ ਦਾ ਮਤਲਬ ਹੈ ਪਾਰਟੀ ਦੀ ਕੇਂਦਰੀ ਕਮੇਟੀ ਦਾ ਵਿਰੋਧ ਕਰਨਾ, ਪਾਰਟੀ ਦਾ ਤੇ ਸਮਾਜਵਾਦ ਦਾ ਵਿਰੋਧ ਕਰਨਾ ਭਾਵ ਕਿ ਉਲਟ-ਇਨਕਲਾਬ।” ਇਸ ਤਰ੍ਹਾਂ ਲਾਜ਼ਮੀ ਰੂਪ ‘ਚ ਕੁਝ ਸੱਚੇ ਇਨਕਲਾਬੀ ਸਰਗਰਮ ਕਾਰਕੁੰਨ ਉਹਨਾਂ ਦੇ ਹਮਲੇ ਦਾ ਸ਼ਿਕਾਰ ਬਣ ਜਾਣਗੇ। ਇਹ ਗਲਤੀ ਲੀਹ ਤੈਅ ਕਰਨ ਸਬੰਧੀ ਗਲਤੀ ਹੈ, ਕਾਰਜ-ਦਿਸ਼ਾ ਸਬੰਧੀ ਗਲਤੀ ਹੈ ਅਤੇ ਇਸ ਦੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਕੁਝ ਅਜਿਹੇ ਲੋਕ ਜਿਹਨਾਂ ਦੇ ਵਿਚਾਰ ਵਿਚਾਰਧਾਰਾ ਪੱਖੋਂ ਗੰਭੀਰ ਰੂਪ ‘ਚ ਗਲਤ ਹਨ ਅਤੇ ਖਾਸ ਤੌਰ ‘ਤੇ ਕੁਝ ਪਾਰਟੀ-ਵਿਰੋਧੀ ਤੇ ਸਮਾਜਵਾਦ-ਵਿਰੋਧੀ ਸੱਜੇਪੱਖੀ ਲੋਕ, ਲੋਕ-ਲਹਿਰ ਦੀਆਂ ਕੁਝ ਕਮੀਆਂ ਤੇ ਗਲਤੀਆਂ ਦਾ ਫਾਇਦਾ ਉਠਾ ਕੇ ਅਫਵਾਹਾਂ ਤੇ ਝੂਠੀਆਂ ਗੱਲਾਂ ਫੈਲਾ ਰਹੇ ਹਨ ਤੇ ਲੋਕਾਂ ਨੂੰ ਭੜਕਾ ਰਹੇ ਹਨ ਅਤੇ ਜਾਣ-ਬੁੱਝ ਕੇ ਆਮ ਲੋਕਾਂ ‘ਚੋਂ ਕੁਝ ਨੂੰ ”ਉਲਟ-ਇਨਕਲਾਬੀ” ਕਹਿ ਕੇ ਕਲੰਕਿਤ ਕਰ ਰਹੇ ਹਨ। ਇਹ ਜ਼ਰੂਰੀ ਹੈ ਕਿ ਅਜਿਹੇ ”ਜੇਬ•-ਕਤਰਿਆਂ” ਤੋਂ ਸਾਵਧਾਨ ਰਿਹਾ ਜਾਵੇ ਅਤੇ ਉਹਨਾਂ ਦੀਆਂ ਚਾਲਬਾਜ਼ੀਆਂ ਨੂੰ ਸਹੀ ਸਮੇਂ ‘ਤੇ ਨੰਗਾ ਕੀਤਾ ਜਾਵੇ।

ਲਹਿਰ ਜਾਰੀ ਰਹਿਣ ਦੇ ਸਮੇਂ ਉਹਨਾਂ ਸਰਗਰਮ ਉਲਟ-ਇਨਕਲਾਬੀਆਂ ਦੇ ਮਾਮਲਿਆਂ ਨੂੰ ਛੱਡ ਕੇ ਜਿੱਥੇ ਇਸ ਤਰ੍ਹਾਂ ਦੇ ਜੁਰਮਾਂ ਦਾ ਸਪੱਸ਼ਟ ਸਬੂਤ ਮਿਲਦਾ ਹੈ – ਜਿਵੇਂ ਕਤਲ ਕਰਨਾ, ਅੱਗ ਲਾਉਣਾ, ਜ਼ਹਿਰ ਦੇਣਾ, ਤੋੜ-ਫੋੜ ਕਰਨਾ ਜਾਂ ਗੁਪਤ ਸਰਕਾਰੀ ਸੂਚਨਾਵਾਂ ਦੀ ਚੋਰੀ ਕਰਨਾ ਅਤੇ ਜਿਹਨਾ ਨੂੰ ਕਾਨੂੰਨ ਮੁਤਾਬਕ ਨਿਪਟਿਆ ਜਾਣਾ ਚਾਹੀਦਾ ਹੈ: ਯੂਨੀਵਰਸਿਟੀਆਂ, ਕਾਲਜਾਂ, ਮਿਡਲ ਸਕੂਲਾਂ ਅਤੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਵਿਰੁੱਧ ਲਹਿਰ ਦੌਰਾਨ ਉੱਠਣ ਵਾਲੀਆਂ ਸਮੱਸਿਆਵਾਂ ਦੀ ਵਜ੍ਹਾ ਕਰਕੇ ਕੋਈ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ। ਸੰਘਰਸ਼ ਕਿਤੇ ਆਪਣੇ ਮੁੱਖ ਮਕਸਦ ਤੋਂ ਭਟਕ ਨਾ ਜਾਵੇ, ਇਸ ਕਰਕੇ ਚਾਹੇ ਕੋਈ ਵੀ ਬਹਾਨਾ ਕਿਉਂ ਨਾ ਹੋਵੇ, ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਆਮ ਲੋਕਾਂ ਨੂੰ ਇੱਕ-ਦੂਜੇ ਦੇ ਖਿਲਾਫ਼ ਸੰਘਰਸ਼ ਲਈ ਭੜਕਾਇਆ ਜਾਵੇ ਜਾਂ ਵਿਦਿਆਰਥੀਆਂ ਨੂੰ ਵੀ ਇਸੇ ਤਰ੍ਹਾਂ ਦੇ ਸੰਘਰਸ਼ ਲਈ ਭੜਕਾਇਆ ਜਾਵੇ। ਅਜਿਹੇ ਸੱਜੇ-ਪੱਖੀਆਂ ਦੇ ਮਾਮਲੇ ਨੂੰ ਜਿਹਨਾਂ ਦਾ ਜ਼ੁਰਮ ਸਾਬਿਤ ਹੋ ਚੁੱਕਾ ਹੈ, ਹਰ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਲਹਿਰ ਦੇ ਬਾਅਦ ਦੇ ਦੌਰ ‘ਚ ਨਿਪਟਾਇਆ ਜਾਣਾ ਚਾਹੀਦਾ ਹੈ।

8. ਕਾਰਕੁੰਨ ਦਾ ਸਵਾਲ

ਕਾਰਕੁੰਨਾਂ ਨੂੰ ਮੋਟੇ ਤੌਰ ‘ਤੇ ਹੇਠ ਲਿਖੀਆਂ ਚਾਰ ਸ਼੍ਰੇਣੀਆਂ ‘ਚ ਰੱਖਿਆ ਜਾ ਸਕਦਾ ਹੈ:

1) ਚੰਗੇ
2) ਮੁਕਾਬਲਤਨ ਚੰਗੇ
3) ਅਜਿਹੇ ਕਾਰਕੁੰਨ ਜਿਨ੍ਹਾਂ ਨੇ ਗੰਭੀਰ ਗਲਤੀਆਂ ਤਾਂ ਕੀਤੀਆਂ ਹਨ, ਪਰ ਫਿਰ ਵੀ ਉਹ ਪਾਰਟੀ-ਵਿਰੋਧੀ ਤੇ ਸਮਾਜਵਾਦ-ਵਿਰੋਧੀ ਸੱਜੇ-ਪੱਖੀ ਨਹੀਂ ਬਣੇ।
4) ਮੁੱਠੀ-ਭਰ ਅਜਿਹੇ ਕਾਰਕੁੰਨ, ਜੋ ਪਾਰਟੀ-ਵਿਰੋਧੀ ਤੇ ਸਮਾਜਵਾਦ ਵਿਰੋਧੀ ਸੱਜੇ-ਪੱਖੀ ਹਨ

ਪਹਿਲੀਆਂ ਦੋ ਸ਼੍ਰੇਣੀਆਂ (ਚੰਗੇ ਤੇ ਮੁਕਾਬਲਤਨ ਚੰਗੇ) ਦੇ ਕਾਰਕੁੰਨ ਆਮ ਤੌਰ ‘ਤੇ ਭਾਰੀ ਬਹੁਗਿਣਤੀ ‘ਚ ਹਨ।

ਪਾਰਟੀ-ਵਿਰੋਧੀ ਤੇ ਸਮਾਜਵਾਦ-ਵਿਰੋਧੀ ਸੱਜੇ-ਪੱਖੀਆਂ ਦਾ ਪੂਰੀ ਤਰ੍ਹਾਂ ਪਰਦਾਫਾਸ਼ ਕਰ ਦੇਣਾ ਚਾਹੀਦਾ ਹੈ, ਉਹਨਾਂ ‘ਤੇ ਤਿੱਖਾ ਹਮਲਾ ਕਰਨਾ ਚਾਹੀਦਾ ਹੈ, ਉਹਨਾਂ ਨੂੰ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ ਅਤੇ ਉਹਨਾਂ ਦੀ ਸਾਖ਼ ਪੂਰੀ ਤਰ੍ਹਾਂ ਮਿੱਟੀ ‘ਚ ਮਿਲਾ ਦੇਣੀ ਚਾਹੀਦੀ ਹੈ ਅਤੇ ਉਹਨਾਂ ਦੇ ਅਸਰ ਨੂੰ ਤਬਾਹ ਕਰ ਦੇਣਾ ਚਾਹੀਦਾ ਹੈ, ਨਾਲ਼ ਹੀ ਉਹਨਾਂ ਨੂੰ ਸੁਧਰਨ ਦਾ ਮੌਕਾ ਵੀ ਦੇਣਾ ਚਾਹੀਦਾ ਹੈ, ਤਾਂ ਕਿ ਉਹ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਣ।

9. ਸੱਭਿਆਚਾਰਕ ਇਨਕਲਾਬੀ ਗਰੁੱਪ,
   ਕਮੇਟੀਆਂ ਅਤੇ ਪ੍ਰਤੀਨਿਧ-ਸਭਾਵਾਂ 

ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਲਹਿਰ ‘ਚ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ ਹਨ। ਸੱਭਿਆਚਾਰਕ ਇਨਕਲਾਬੀ ਗਰੁੱਪ, ਸੱਭਿਆਚਾਰਕ ਇਨਕਲਾਬੀ ਕਮੇਟੀਆਂ ਅਤੇ ਸੱਭਿਆਚਾਰਕ ਇਨਕਲਾਬ ਦੇ ਹੋਰ ਜਥੇਬੰਦਕ ਰੂਪ, ਜਿਨ੍ਹਾਂ ਨੂੰ ਆਮ ਲੋਕਾਂ ਨੇ ਬਹੁਤ ਸਾਰੇ ਸਕੂਲਾਂ ਅਤੇ ਇਕਾਈਆਂ ‘ਚ ਕਾਇਮ ਕੀਤਾ ਹੈ, ਇੱਕ ਨਵੀਂ ਚੀਜ਼ ਹੈ ਅਤੇ ਇਨ੍ਹਾਂ ਦਾ ਵਡੇਰਾ ਇਤਿਹਾਸਕ ਮਹੱਤਵ ਹੈ।

ਇਹ ਸੱਭਿਆਚਾਰਕ ਇਨਕਲਾਬੀ ਗਰੁੱਪ, ਕਮੇਟੀਆਂ ਅਤੇ ਪ੍ਰਤੀਨਿਧ-ਸਭਾਵਾਂ ਸ਼ਾਨਦਾਰ ਨਵੇਂ ਜਥੇਬੰਦਕ ਰੂਪ ਹਨ ਜਿਨ੍ਹਾਂ ਦੇ ਮਾਧਿਅਮ ਰਾਹੀਂ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਆਮ ਲੋਕ ਆਪਣੇ ਆਪ ਨੂੰ ਸਿੱਖਿਅਤ ਕਰ ਰਹੇ ਹਨ। ਇਹ ਜਥੇਬੰਦੀਆਂ ਸਾਡੀ ਪਾਰਟੀ ਦਾ ਆਮ ਲੋਕਾਂ ਨਾਲ਼ ਗੂੜ੍ਹਾ ਸੰਪਰਕ ਕਾਇਮ ਕਰਨ ਵਾਲੇ ਸ਼ਾਨਦਾਰ ਪੁਲ ਹਨ। ਇਹ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀਆਂ ਸੱਤਾਧਾਰੀ ਜਥੇਬੰਦੀਆਂ ਹਨ।

ਹਜ਼ਾਰਾਂ ਸਾਲਾਂ ਤੋਂ ਸਾਰੀਆਂ ਲੋਟੂ ਜਮਾਤਾਂ ਦੁਆਰਾ ਛੱਡੇ ਗਏ ਪੁਰਾਣੇ ਵਿਚਾਰਾਂ, ਪੁਰਾਣੇ ਸੱਭਿਆਚਾਰ, ਪੁਰਾਣੇ ਰਿਵਾਜਾਂ ਅਤੇ ਪੁਰਾਣੀਆਂ ਆਦਤਾਂ ਦੇ ਵਿਰੁੱਧ ਮਜ਼ਦੂਰ ਜਮਾਤ ਨੂੰ ਆਪਣਾ ਸੰਘਰਸ਼ ਲਾਜ਼ਮੀ ਰੂਪ ‘ਚ ਬਹੁਤ ਵਧੇਰੇ ਲੰਬੇ ਸਮੇਂ ਤੱਕ ਜਾਰੀ ਰੱਖਣਾ ਹੋਵੇਗਾ। ਇਸ ਲਈ ਸੱਭਿਆਚਾਰਕ ਇਨਕਲਾਬੀ ਗਰੁੱਪਾਂ, ਕਮੇਟੀਆਂ ਅਤੇ ਪ੍ਰਤੀਨਿਧ-ਸਭਾਵਾਂ ਨੂੰ ਅਸਥਾਈ ਜਥੇਬੰਦੀਆਂ ਨਹੀਂ ਸਗੋਂ ਮਜ਼ਬੂਤ, ਸਥਾਈ ਜਨਤਕ-ਜਥੇਬੰਦੀਆਂ ਬਣ ਜਾਣਾ ਚਾਹੀਦਾ ਹੈ। ਇਹ ਜਥੇਬੰਦੀਆਂ ਨਾ ਸਿਰਫ ਕਾਲਜਾਂ, ਸਕੂਲਾਂ ਅਤੇ ਸਰਕਾਰੀ ਵਿਭਾਗਾਂ ਤੇ ਹੋਰ ਸੰਸਥਾਵਾਂ ਦੇ ਲਈ ਜ਼ਰੂਰੀ ਹਨ, ਸਗੋਂ ਆਮ ਤੌਰ ‘ਤੇ ਕਾਰਖਾਨਿਆਂ, ਖਾਣਾਂ, ਹੋਰ ਕਾਰੋਬਾਰਾਂ, ਸ਼ਹਿਰੀ ਬਸਤੀਆਂ ਅਤੇ ਪਿੰਡਾਂ ਲਈ ਵੀ ਜ਼ਰੂਰੀ ਹਨ।

ਇਹ ਲਾਜ਼ਮੀ ਹੈ ਕਿ ਸੱਭਿਆਚਾਰਕ ਇਨਕਲਾਬੀ ਗਰੁੱਪਾਂ ਤੇ ਕਮੇਟੀਆਂ ਦੇ ਮੈਂਬਰਾਂ ਅਤੇ ਸੱਭਿਆਚਾਰਕ ਇਨਕਲਾਬੀ ਪ੍ਰਤੀਨਿਧ-ਸਭਾਵਾਂ ਦੇ ਪ੍ਰਤੀਨਿਧੀਆਂ ਦੀ ਚੋਣ ਕਰਨ ਦੇ ਲਈ ਪੈਰਿਸ ਕਮਿਊਨ ਵਰਗੀਆਂ ਹੀ ਆਮ ਚੋਣਾਂ ਦਾ ਪ੍ਰਬੰਧ ਕਾਇਮ ਕੀਤਾ ਜਾਵੇ। ਉਮੀਦਵਾਰਾਂ ਦੀ ਸੂਚੀ ਇਨਕਲਾਬੀ ਆਮ ਲੋਕਾਈ ਦੁਆਰਾ ਪੂਰਨ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਪੇਸ਼ ਕੀਤੀ ਜਾਣੀ ਚਾਹੀਦੀ ਹੈ ਅਤੇ ਚੋਣਾਂ ਉਦੋਂ ਹੀ ਹੋਣੀਆਂ ਚਾਹੀਦੀਆਂ ਹਨ, ਜਦੋਂ ਆਮ ਲੋਕ ਉਸ ਸੂਚੀ ਬਾਰੇ ਵਾਰ ਵਾਰ ਵਿਚਾਰ ਵਟਾਂਦਰਾ ਕਰ ਚੁੱਕੇ ਹੋਣ।

ਆਮ ਲੋਕਾਂ ਨੂੰ ਇਹ ਹੱਕ ਹਾਸਲ ਹੋਵੇਗਾ ਕਿ ਉਹ ਕਿਸੇ ਵੀ ਸਮੇਂ ਸੱਭਿਆਚਾਰਕ ਇਨਕਲਾਬੀ ਗਰੁੱਪਾਂ ਤੇ ਕਮੇਟੀਆਂ ਦੇ ਮੈਂਬਰਾਂ ਅਤੇ ਸੱਭਿਆਚਾਰਕ ਇਨਕਲਾਬੀ ਪ੍ਰਤੀਨਿਧ-ਸਭਾਵਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਦੀ ਆਲੋਚਨਾ ਕਰਨ। ਜੇ ਉਹ ਮੈਂਬਰ ਜਾਂ ਪ੍ਰਤੀਨਿਧੀ ਅਯੋਗ ਸਾਬਿਤ ਹੋਣ, ਤਾਂ ਆਮ ਲੋਕ ਵਿਚਾਰ-ਵਟਾਂਦਰਾ ਕਰਨ ਦੇ ਬਾਅਦ ਚੋਣਾਂ ਦੇ ਜ਼ਰੀਏ ਉਹਨਾਂ ਨੂੰ ਬਦਲ ਸਕਣਗੇ ਜਾਂ ਵਾਪਸ ਬੁਲਾ ਸਕਣਗੇ।

ਕਾਲਜਾਂ ਤੇ ਸਕੂਲਾਂ ‘ਚ ਸੱਭਿਆਚਾਰਕ ਇਨਕਲਾਬੀ ਗਰੁੱਪਾਂ, ਕਮੇਟੀਆਂ ਤੇ ਪ੍ਰਤੀਨਿਧੀ ਸਭਾਵਾਂ ਦੇ ਅੰਦਰ ਮੁੱਖ ਤੌਰ ‘ਤੇ ਇਨਕਲਾਬੀ ਵਿਦਿਆਰਥੀਆਂ ਦੇ ਪ੍ਰਤੀਨਿਧੀ ਹੋਣੇ ਚਾਹੀਦੇ ਹਨ, ਨਾਲ ਹੀ ਉਹਨਾਂ ‘ਚ ਕੁਝ ਪ੍ਰਤੀਨਿਧੀ ਇਨਕਲਾਬੀ ਅਧਿਆਪਕਾਂ ਤੇ ਕਰਮਚਾਰੀਆਂ ਦੇ ਵੀ ਹੋਣੇ ਚਾਹੀਦੇ ਹਨ।

10. ਵਿੱਦਿਅਕ ਢਾਂਚੇ ‘ਚ ਸੁਧਾਰ

ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦਾ ਇੱਕ ਬੇਹੱਦ ਮਹੱਤਵਪੂਰਨ ਕਾਰਜ ਪੁਰਾਣੇ ਵਿੱਦਿਅਕ ਢਾਂਚੇ ਅਤੇ ਪੜ੍ਹਾਉਣ ਦੇ ਪੁਰਾਣੇ ਸਿਧਾਂਤਾਂ ਤੇ ਪੁਰਾਣੇ ਤੌਰ-ਤਰੀਕਿਆਂ ਨੂੰ ਬਦਲ ਸੁੱਟਣਾ ਹੈ।

ਇਸ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ‘ਚ ਇਹ ਬੇਹੱਦ ਜ਼ਰੂਰੀ ਹੈ ਕਿ ਅਸੀਂ ਆਪਣੇ ਸਕੂਲਾਂ ‘ਤੇ ਬੁਰਜੂਆ ਬੁੱਧੀਜੀਵੀਆਂ ਦੀ ਸਰਦਾਰੀ ਵਾਲੀ ਹਾਲਤ ਨੂੰ ਪੂਰੀ ਤਰ੍ਹਾਂ ਬਦਲ ਦਈਏ।

ਹਰ ਕਿਸਮ ਦੇ ਸਕੂਲ ‘ਚ ਸਾਨੂੰ ਕਾਮਰੇਡ ਮਾਓ ਜ਼ੇ-ਤੁੰਗ ਦੁਆਰਾ ਖੋਜੀ ਨੀਤੀ ਕਿ ਸਿੱਖਿਆ ਮਜ਼ਦੂਰ ਜਮਾਤੀ ਸਿਆਸਤ ਦੀ ਸੇਵਾ ਕਰੇ ਅਤੇ ਸਿੱਖਿਆ ਉਤਪਾਦਕ ਕਿਰਤ ਦੇ ਨਾਲ਼ ਜੁੜੀ ਹੋਵੇ, ਨੂੰ ਮੁਕੰਮਲ ਤੌਰ ‘ਤੇ ਲਾਗੂ ਕਰਨਾ ਚਾਹੀਦਾ ਹੈ ਤਾਂ ਕਿ ਜੋ ਲੋਕ ਸਿੱਖਿਆ ਪ੍ਰਾਪਤ ਕਰ ਰਹੇ ਹਨ ਉਹ ਨੈਤਿਕ, ਮਾਨਸਿਕ ਤੇ ਸਰੀਰਕ ਪੱਖੋਂ ਵਿਕਾਸ ਕਰ ਸਕਣ ਅਤੇ ਸਮਾਜਵਾਦੀ ਚੇਤਨਾ ਤੇ ਸੱਭਿਆਚਾਰ ਨਾਲ਼ ਲੈਸ ਕਿਰਤੀ ਬਣ ਸਕਣ।

ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਸਮੇਂ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ। ਪਾਠਕ੍ਰਮ ਮੁਕਾਬਲਤਨ ਥੋੜੇ ਤੇ ਬਿਹਤਰ ਹੋਣੇ ਚਾਹੀਦੇ ਹਨ। ਪਾਠ-ਸਮੱਗਰੀ ਨੂੰ ਸਰਲ ਬਣਾ ਕੇ ਇਸ ਕਾਰਜ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਭਾਵੇਂ ਵਿਦਿਆਰਥੀਆਂ ਦੀ ਮੁੱਖ ਜ਼ਿੰਮੇਵਾਰੀ ਅਧਿਐਨ ਕਰਨਾ ਹੈ, ਪਰ ਉਹਨਾਂ ਨੂੰ ਹੋਰ ਚੀਜ਼ਾਂ ਵੀ ਸਿੱਖਣੀਆਂ ਚਾਹੀਦੀਆਂ ਹਨ, ਭਾਵ ਆਪਣੀ ਪੜ੍ਹਾਈ ਤੋਂ ਇਲਾਵਾ ਉਹਨਾਂ ਨੂੰ ਸਨਅਤੀ ਕੰਮਾਂ, ਖੇਤੀਬਾੜੀ ਅਤੇ ਫੌਜੀ ਮਸਲਿਆਂ ਬਾਰੇ ਸਿੱਖਣਾ ਚਾਹੀਦਾ ਹੈ ਅਤੇ ਜਿਵੇਂ ਜਿਵੇਂ ਉਹ ਬੁਰਜੂਆਜ਼ੀ ਦੀ ਆਲੋਚਨਾ ਕਰਨਾ ਸਿੱਖਦੇ ਜਾਣ, ਉਹਨਾਂ ਨੂੰ ਸੱਭਿਆਚਾਰਕ ਇਨਕਲਾਬ ਦੇ ਸੰਘਰਸ਼ਾਂ ‘ਚ ਵੀ ਹਿੱਸਾ ਲੈਣਾ ਚਾਹੀਦਾ ਹੈ।

11. ਅਖ਼ਬਾਰਾਂ ‘ਚ ਨਾਮ ਲੈ ਕੇ ਆਲੋਚਨਾ ਕਰਨ ਦਾ ਸਵਾਲ

ਸੱਭਿਆਚਾਰਕ ਇਨਕਲਾਬ ਦੀ ਲੋਕ ਲਹਿਰ ਦੌਰਾਨ, ਬੁਰਜੂਆ ਅਤੇ ਜਗੀਰੂ ਵਿਚਾਰਧਾਰਾ ਦੀ ਅਲੋਚਨਾ ਕਰਨ ਦੇ ਨਾਲ਼ ਨਾਲ਼ ਮਜ਼ਦੂਰ ਜਮਾਤ ਦੇ ਸੰਸਾਰ ਨਜ਼ਰੀਏ ਦਾ ਅਤੇ ਮਾਰਕਸਵਾਦ-ਲੈਨਿਨਵਾਦ, ਮਾਓ-ਜ਼ੇ-ਤੁੰਗ ਦੇ ਵਿਚਾਰਾਂ ਦਾ ਪ੍ਰਚਾਰ-ਪ੍ਰਸਾਰ ਵੀ ਚੰਗੀ ਤਰ੍ਹਾਂ ਕਰਨਾ ਚਾਹੀਦਾ ਹੈ।

ਬੁਰਜੂਆਜ਼ੀ ਦੇ ਉਹਨਾਂ ਨੁਮਾਇੰਦਿਆਂ ਦੀ, ਜੋ ਮੌਕਾ ਪਾ ਕੇ ਪਾਰਟੀ ਅੰਦਰ ਦਾਖਲ ਹੋ ਗਏ ਹਨ ਅਤੇ ਵਿੱਦਿਅਕ ਅਧਿਐਨ ਦੇ ਖੇਤਰ ‘ਚ ਕੰਮ ਕਰਨ ਵਾਲੇ ਵਸ਼ਿਸ਼ਟ ਪਿਛਾਖੜੀ ਬੁਰਜੂਆ ”ਧੁਰੰਧਰ ਵਿਦਵਾਨਾਂ” ਦੀ ਆਲੋਚਨਾ ਜਥੇਬੰਦ ਕਰਨੀ ਚਾਹੀਦੀ ਹੈ, ਜਿਸ ਵਿੱਚ ਫਲਸਫ਼ਾ, ਇਤਿਹਾਸ, ਸਿਆਸੀ ਆਰਥਕਤਾ ਤੇ ਸਿੱਖਿਆ ਦੇ ਖੇਤਰ ‘ਚ, ਸਾਹਿਤ ਤੇ ਕਲਾ ਦੀਆਂ ਰਚਨਾਵਾਂ ਅਤੇ ਸਿਧਾਂਤਾਂ ਦੇ ਖੇਤਰ ‘ਚ, ਕੁਦਰਤੀ ਵਿਗਿਆਨ ਦੇ ਸਿਧਾਂਤਾਂ ਦੇ ਖੇਤਰ ‘ਚ ਅਤੇ ਹੋਰ ਖੇਤਰਾਂ ‘ਚ ਮੌਜੂਦ ਵੱਖ-ਵੱਖ ਕਿਸਮ ਦੇ ਪਿਛਾਖੜੀ ਵਿਚਾਰਾਂ ਦੀ ਆਲੋਚਨਾ ਵੀ ਸ਼ਾਮਿਲ ਹੈ।

ਜੇ ਕਿਸੇ ਦਾ ਨਾਮ ਲੈ ਕੇ ਅਖਬਾਰਾਂ ‘ਚ ਆਲੋਚਨਾ ਕਰਨੀ ਹੋਵੇ ਤਾਂ ਪਹਿਲਾਂ ਉਸੇ ਪੱਧਰ ਦੀ ਪਾਰਟੀ-ਕਮੇਟੀ ‘ਚ ਵਿਚਾਰ-ਵਟਾਂਦਰਾ ਕਰਕੇ ਇਸ ਗੱਲ ਦਾ ਫੈਸਲਾ ਕਰ ਲੈਣਾ ਚਾਹੀਦਾ ਹੈ ਅਤੇ ਕੁਝ ਹਾਲਤਾਂ ‘ਚ ਉੱਪਰਲੀ ਪਾਰਟੀ-ਕਮੇਟੀ ਦੇ ਕੋਲ ਭੇਜ ਕੇ ਉਸ ਦੀ ਮਨਜ਼ੂਰੀ ਹਾਸਲ ਕਰ ਲੈਣੀ ਚਾਹੀਦੀ ਹੈ।

12. ਵਿਗਿਆਨੀਆਂ, ਤਕਨੀਸ਼ੀਅਨਾਂ ਅਤੇ
     ਸਟਾਫ ਦੇ ਆਮ ਕਰਮਚਾਰੀਆਂ ਪ੍ਰਤੀ ਨੀਤੀ

ਜਿੱਥੋਂ ਤੱਕ ਵਿਗਿਆਨੀਆਂ, ਤਕਨੀਸ਼ੀਅਨਾਂ ਅਤੇ ਸਟਾਫ ਦੇ ਆਮ ਕਰਮਚਾਰੀਆਂ ਦਾ ਸਵਾਲ ਹੈ, ਜਦੋਂ ਤੱਕ ਉਹ ਦੇਸ਼-ਭਗਤੀ ਦੀ ਭਾਵਨਾ ਰੱਖਣ, ਸਰਗਰਮੀ ਨਾਲ਼ ਕੰਮ ਕਰਦੇ ਰਹਿਣ, ਪਾਰਟੀ ਤੇ ਸਮਾਜਵਾਦ ਦਾ ਵਿਰੋਧ ਨਾ ਕਰਨ ਅਤੇ ਕਿਸੇ ਹੋਰ ਦੇਸ਼ ਨਾਲ਼ ਨਾਜਾਇਜ਼ ਸਬੰਧ ਨਾ ਰੱਖਣ, ਤਦ ਤੱਕ ਉਨ੍ਹਾਂ ਦੇ ਪ੍ਰਤੀ ਸਾਨੂੰ ਆਪਣੀ ਵਰਤਮਾਨ ਲਹਿਰ ‘ਚ ”ਏਕਤਾ, ਆਲੋਚਨਾ, ਏਕਤਾ” ਦੀ ਨੀਤੀ ਜਾਰੀ ਰੱਖਣੀ ਚਾਹੀਦੀ ਹੈ। ਉਨ੍ਹਾਂ ਵਿਗਿਆਨੀਆਂ ਤੇ ਤਕਨੀਕੀ ਕਰਮਚਾਰੀਆਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਕਾਰਜ-ਖੇਤਰ ‘ਚ ਯੋਗਦਾਨ ਪਾਇਆ ਹੈ। ਸਾਨੂੰ ਉਨ੍ਹਾਂ ਦੇ ਸੰਸਾਰ ਨਜ਼ਰੀਏ ਅਤੇ ਕਾਰਜਸ਼ੈਲੀ ਦਾ ਕਦਮ-ਬ-ਕਦਮ ਰੂਪਾਂਤਰਣ ਕਰਨ ਦੇ ਕਾਰਜ ‘ਚ ਉਨ੍ਹਾਂ ਨੂੰ ਆਪਣੀ ਮਦਦ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

13. ਸ਼ਹਿਰਾਂ ਅਤੇ ਪਿੰਡਾਂ ‘ਚ ਇਸ ਇਨਕਲਾਬ ਨੂੰ ਸਮਾਜਵਾਦੀ-ਸਿੱਖਿਆ ਲਹਿਰ ਦੇ ਨਾਲ਼ ਮਿਲਾਉਣ ਦੇ ਪ੍ਰਬੰਧ ਦਾ ਸਵਾਲ

ਵੱਡੇ ਅਤੇ ਦਰਮਿਆਨੇ ਸ਼ਹਿਰਾਂ ਦੀਆਂ ਸੱਭਿਆਚਾਰਕ ਤੇ ਸਿੱਖਿਆ ਖੇਤਰ ਦੀਆਂ ਇਕਾਈਆਂ ਅਤੇ ਪਾਰਟੀ ਤੇ ਸਰਕਾਰ ਦੀਆਂ ਆਗੂ ਜਥੇਬੰਦੀਆਂ ਵਰਤਮਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਪ੍ਰਮੁੱਖ ਕੇਂਦਰ ਹਨ।

ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਨੇ ਸ਼ਹਿਰਾਂ ਅਤੇ ਪਿੰਡਾਂ ਦੋਹਾਂ ‘ਚ ਸਮਾਜਵਾਦੀ-ਸਿੱਖਿਆ ਲਹਿਰ ਨੂੰ ਅਮੀਰ ਕੀਤਾ ਹੈ ਅਤੇ ਉਸ ਨੂੰ ਪਹਿਲਾਂ ਤੋਂ ਉੱਚੇ ਪੱਧਰ ‘ਤੇ ਪਹੁੰਚਾ ਦਿੱਤਾ ਹੈ। ਇਸ ਗੱਲ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਇਨ੍ਹਾਂ ਦੋਹਾਂ ਲਹਿਰਾਂ ‘ਚ ਡੂੰਘਾ ਸਹਿਯੋਗ ਕਾਇਮ ਕੀਤਾ ਜਾ ਸਕੇ। ਇਸ ਸਬੰਧੀ ਵੱਖ ਵੱਖ ਪ੍ਰਦੇਸ਼ਾਂ ਅਤੇ ਵਿਭਾਗਾਂ ਨੂੰ ਆਪਣੀਆਂ ਠੋਸ ਹਾਲਤਾਂ ਨੂੰ ਵੇਖ ਕੇ ਪ੍ਰਬੰਧ ਕਰਨਾ ਚਾਹੀਦਾ ਹੈ।

ਪੇਂਡੂ ਅਤੇ ਸ਼ਹਿਰੀ ਸਨਅਤੀ-ਧੰਦਿਆਂ ‘ਚ ਚਲਦੀ ਸਮਾਜਵਾਦੀ ਸਿੱਖਿਆ ਲਹਿਰ ਦੌਰਾਨ ਉਨ੍ਹਾਂ ਥਾਂਵਾਂ ‘ਚ ਫੇਰਬਦਲ ਨਹੀਂ ਕਰਨਾ ਚਾਹੀਦਾ, ਜਿੱਥੇ ਪਹਿਲਾਂ ਹੀ ਠੀਕ ਪ੍ਰਬੰਧ ਚੱਲ ਰਿਹਾ ਹੈ ਅਤੇ ਲਹਿਰ ਵਧੀਆ ਢੰਗ ਨਾਲ਼ ਅੱਗੇ ਵਧ ਰਹੀ ਹੈ ਤੇ ਇਸ ਨੂੰ ਪਹਿਲਾਂ ਵਾਂਗ ਹੀ ਚੱਲ ਰਹੇ ਪ੍ਰਬੰਧ ਅਨੁਸਾਰ ਚੱਲਣ ਦੇਣਾ ਚਾਹੀਦਾ ਹੈ। ਪਰ ਜੋ ਸਵਾਲ ਮੌਜੂਦਾ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਦੌਰਾਨ ਉੱਠ ਰਹੇ ਹਨ ਉਨ੍ਹਾਂ ਨੂੰ ਸਹੀ ਸਮਾਂ ਆਉਣ ‘ਤੇ ਆਮ ਲੋਕਾਂ ਦੇ ਸਾਹਮਣੇ ਵਾਦ-ਵਿਵਾਦ ਦੇ ਲਈ ਪੇਸ਼ ਕਰਨਾ ਚਾਹੀਦਾ ਹੈ, ਤਾਂ ਇਕ ਮਜ਼ਦੂਰ ਜਮਾਤ ਦੀ ਵਿਚਾਰਧਾਰਾ ਨੂੰ ਜ਼ੋਰ-ਸ਼ੋਰ ਨਾਲ ਫੈਲਾਇਆ ਜਾ ਸਕੇ ਅਤੇ ਬੁਰਜੂਆ ਵਿਚਾਰਧਾਰਾ ਨੂੰ ਤਹਿਸ-ਨਹਿਸ ਕੀਤਾ ਜਾ ਸਕੇ।

ਕੁਝ ਥਾਵਾਂ ‘ਤੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਨੂੰ ਸਮਾਜਵਾਦੀ ਸਿੱਖਿਆ ਲਹਿਰ ਨੂੰ ਉਤਸ਼ਾਹ ਦੇਣ ਅਤੇ ਸਿਆਸਤ, ਵਿਚਾਰਧਾਰਾ, ਜਥੇਬੰਦੀ ਤੇ ਆਰਥਕਤਾ ਦੇ ਖੇਤਰ ‘ਚ ਸਫ਼ਾਈ ਕਰਨ ਲਈ ਕੇਂਦਰਬਿੰਦੂ ਦੇ ਰੂਪ ‘ਚ ਇਸਤੇਮਾਲ ਕੀਤਾ ਜਾ ਰਿਹਾ ਹੈ। ਅਜਿਹਾ ਉਨ੍ਹਾਂ ਥਾਵਾਂ ‘ਤੇ ਕੀਤਾ ਜਾ ਸਕਦਾ ਹੈ ਜਿੱਥੋਂ ਦੀ ਸਥਾਨਕ ਪਾਰਟੀ ਕਮੇਟੀ ਇਸ ਨੂੰ ਠੀਕ ਸਮਝੇ।

14. ਇਨਕਲਾਬ ਨੂੰ ਦ੍ਰਿੜਤਾ ਨਾਲ਼ ਚਲਾਉ ਅਤੇ 
     ਪੈਦਾਵਾਰ ਦੇ ਕੰਮ ਨੂੰ ਹੱਲਾਸ਼ੇਰੀ ਦਿਓ

ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦਾ ਮਕਸਦ ਹੈ ਲੋਕਾਂ ਦੀ ਵਿਚਾਰਧਾਰਾ ਦਾ ਇਨਕਲਾਬੀ ਰੂਪਾਂਤਰਣ ਕਰਨਾ ਅਤੇ ਇਸ ਦੇ ਫਲ਼ਸਰੂਪ ਕੰਮ ਦੇ ਹਰ ਖੇਤਰ ‘ਚ ਜ਼ਿਆਦਾ ਤੋਂ ਜ਼ਿਆਦਾ, ਜਲਦੀ ਤੋਂ ਜਲਦੀ, ਵਧੀਆ ਤੋਂ ਵਧੀਆ ਅਤੇ ਘੱਟ ਤੋਂ ਘੱਟ ਖਰਚ ‘ਚ ਨਤੀਜੇ ਹਾਸਲ ਕਰਨਾ। ਜੇ ਆਮ ਜਨਤਾ ਨੂੰ ਪੂਰੀ ਤਰ੍ਹਾਂ ਜਾਗ੍ਰਿਤ ਕਰ ਦਿੱਤਾ ਜਾਵੇ ਅਤੇ ਉਚਿੱਤ ਪ੍ਰਬੰਧ ਕਰ ਲਿਆ ਜਾਵੇ, ਤਾਂ ਸੱਭਿਆਚਾਰਕ ਇਨਕਲਾਬ ਅਤੇ ਪੈਦਾਵਾਰੀ ਕਾਰਜ ਦੋਹਾਂ ਨੂੰ ਹੀ, ਇੱਕ ਦੂਜੇ ਨੂੰ ਨੁਕਸਾਨ ਪਹੁੰਚਾਏ ਬਗੈਰ ਚਲਾਇਆ ਜਾ ਸਕਦਾ ਹੈ ਅਤੇ ਨਾਲ਼ ਹੀ ਆਪਣੇ ਪੂਰੇ ਕੰਮ ‘ਚ ਉੱਚੇ ਗੁਣ ਦੀ ਗਰੰਟੀ ਦਿੱਤੀ ਜਾ ਸਕਦੀ ਹੈ। 

ਇਹ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਸਾਡੇ ਦੇਸ਼ ਦੀਆਂ ਸਮਾਜਕ ਪੈਦਾਵਾਰੀ ਤਾਕਤਾਂ ਨੂੰ ਵਿਕਸਤ ਵਾਲ਼ੀ ਜ਼ਬਰਦਸਤ ਪ੍ਰੇਰਕ ਤਾਕਤ ਹੈ। ਇਸ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਨੂੰ ਪੈਦਾਵਾਰ ਦੇ ਵਿਕਾਸ ਦੇ ਵਿਰੋਧ ‘ਚ ਲਿਆ ਖੜਾ ਕਰਨ ਵਾਲੇ ਸਾਰੇ ਵਿਚਾਰ ਗਲਤ ਹਨ।

15. ਹਥਿਆਰਬੰਦ ਫੌਜਾਂ

ਹਥਿਆਰਬੰਦ ਫੌਜਾਂ ‘ਚ ਸੱਭਿਆਚਾਰਕ ਇਨਕਲਾਬ ਅਤੇ ਸਮਾਜਵਾਦੀ ਸਿੱਖਿਆ ਲਹਿਰ ਨੂੰ ਕੇਂਦਰੀ ਕਮੇਟੀ ਦੇ ਫੌਜੀ ਕਮਿਸ਼ਨ ਅਤੇ ਲੋਕ-ਮੁਕਤੀ ਫੌਜ ਦੇ ਸਿਆਸੀ ਵਿਭਾਗ ਦੇ ਨਿਰਦੇਸ਼ਾਂ ਦੇ ਅਨੁਸਾਰ ਚਲਾਇਆ ਜਾਣਾ ਚਾਹੀਦਾ ਹੈ।

16. ਮਾਓ-ਜ਼ੇ-ਤੁੰਗ ਦੇ ਵਿਚਾਰ ਮਹਾਨ ਪ੍ਰੋਲੇਤਾਰੀ
     ਸੱਭਿਆਚਾਰਕ ਇਨਕਲਾਬ ‘ਚ ਸਾਡੇ ਰਾਹ ਦਰਸਾਵੇ ਹਨ

ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ‘ਚ ਇਹ ਲਾਜ਼ਮੀ ਹੈ ਕਿ ਮਾਓ ਜ਼ੇ-ਤੁੰਗ ਦੇ ਵਿਚਾਰਾਂ ਦਾ ਮਹਾਨ ਲਾਲ ਝੰਡਾ ਬੁਲੰਦ ਰੱਖਿਆ ਜਾਵੇ ਅਤੇ ਮਜ਼ਦੂਰ ਜਮਾਤ ਦੀ ਸਿਆਸਤ ਨੂੰ ਸਰਵਉੱਚ ਰੱਖਿਆ ਜਾਵੇ। ਚੇਅਰਮੈਨ ਮਾਓ ਜ਼ੇ-ਤੁੰਗ ਦੀਆਂ ਰਚਨਾਵਾਂ ਨੂੰ ਸਿਰਜਣਾਤਮਕ ਢੰਗ ਨਾਲ਼ ਲਾਗੂ ਕਰਨ ਦੀ ਲਹਿਰ ਨੂੰ ਮਜ਼ਦੂਰਾਂ, ਕਿਸਾਨਾਂ, ਫੌਜੀਆਂ, ਕਾਰਕੁੰਨਾਂ ਅਤੇ ਬੁੱਧੀਜੀਵੀਆਂ ਦੇ ਲੋਕ-ਸਮੂਹਾਂ ਵਿੱਚ ਫੈਲਾਉਣਾ ਚਾਹੀਦਾ ਹੈ ਅਤੇ ਮਾਓ ਜ਼ੇ-ਤੁੰਗ ਦੇ ਵਿਚਾਰਾਂ ਨੂੰ ਸੱਭਿਆਚਾਰਕ ਇਨਕਲਾਬ ਦਾ ਰਹਿਨੁਮਾ ਸਮਝਿਆ ਜਾਣਾ ਚਾਹੀਦਾ ਹੈ।

ਇਸ ਗੁੰਝਲਦਾਰ ਅਤੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ‘ਚ, ਸਾਰੇ ਪੱਧਰਾਂ ਦੀਆਂ ਪਾਰਟੀ-ਕਮੇਟੀਆਂ ਨੂੰ ਚਾਹੀਦਾ ਹੈ ਕਿ ਉਹ ਚੇਅਰਮੈਨ ਮਾਓ ਦੀਆਂ ਰਚਨਾਵਾਂ ਦਾ ਵੱਧ ਤੋਂ ਵੱਧ ਲਗਨ ਨਾਲ਼ ਅਤੇ ਸਿਰਜਣਾਤਮਕ ਢੰਗ ਨਾਲ਼ ਅਧਿਐਨ ਕਰਨ ਅਤੇ ਉਹਨਾਂ ਨੂੰ ਲਾਗੂ ਕਰਨ। ਖਾਸ ਕਰ ਉਹ ਚੇਅਰਮੈਨ ਮਾਓ ਦੁਆਰਾ ਸੱਭਿਆਚਾਰਕ ਲਹਿਰ ਬਾਰੇ ਅਤੇ ਅਗਵਾਈ ਕਰਨ ਦੇ ਪਾਰਟੀ ਦੇ ਤਰੀਕਿਆਂ ਬਾਰੇ ਲਿਖੀਆਂ ਗਈਆਂ ਰਚਨਾਵਾਂ ਦਾ ਵਾਰ ਵਾਰ ਅਧਿਐਨ ਕਰਨ, ਜਿਵੇਂ ”ਨਵ-ਜਮਹੂਰੀਅਤ ਬਾਰੇ”, ”ਯੇਨਾਨ ਦੀ ਕਲਾ-ਸਾਹਿਤ ਗੋਸ਼ਟੀ ‘ਚ ਭਾਸ਼ਣ”, ”ਲੋਕਾਂ ਵਿੱਚ ਵਿਰੋਧਤਾਈਆਂ ਨੂੰ ਸਹੀ ਢੰਗ ਨਾਲ਼ ਹੱਲ ਕਰਨ ਬਾਰੇ”, ”ਚੀਨੀ ਕਮਿਊਨਿਸਟ ਪਾਰਟੀ ਦੇ ਪ੍ਰਚਾਰ-ਕਾਰਜ ਸਬੰਧੀ ਕੌਮੀ ਸੰਮੇਲਨ ‘ਚ ਭਾਸ਼ਣ”, ”ਅਗਵਾਈ ਦੇ ਤਰੀਕਿਆਂ ਨਾਲ਼ ਸਬੰਧਤ ਕੁਝ ਸਵਾਲ” ਤੇ ”ਪਾਰਟੀ ਕਮੇਟੀ ਦੇ ਕੰਮ ਦੇ ਤਰੀਕੇ” ਆਦਿ।

ਸਾਰੇ ਪੱਧਰ ਦੀਆਂ ਪਾਰਟੀ-ਕਮੇਟੀਆਂ ਨੂੰ ਚਾਹੀਦਾ ਹੈ ਕਿ ਉਹ ਚੇਅਰਮੈਨ ਮਾਓ ਦੁਆਰਾ ਪਿਛਲੇ ਕਈ ਸਾਲਾਂ ਤੋਂ ਦਿੱਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਨ, ਮਿਸਾਲ ਦੇ ਤੌਰ ‘ਤੇ ਉਹ ”ਲੋਕਾਂ ਤੋਂ ਲੈ ਕੇ ਲੋਕਾਂ ਨੂੰ ਹੀ ਮੋੜਨਾ” ਦੀ ਜਨਤਕ ਲੀਹ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਅਤੇ ਅਧਿਆਪਕ ਬਣਨ ਤੋਂ ਪਹਿਲਾਂ ਵਿਦਿਆਰਥੀ ਬਣਨ। ਉਨ੍ਹਾਂ ਨੂੰ ਕਿਸੇ ਵੀ ਮਸਲੇ ‘ਤੇ ਮਹਿਜ਼ ਇੱਕਪਾਸੜ ਤੌਰ ‘ਤੇ ਵਿਚਾਰ ਕਰਨ ਜਾਂ ਤੰਗਨਜ਼ਰੀਆ ਅਪਣਾਉਣ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਨੂੰ ਪਦਾਰਥਵਾਦੀ ਦਵੰਦਾਤਮਕਤਾ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਅਧਿਆਤਮਕ ਤੇ ਪੰਡਤਾਊ ਵਿਖਾਵੇ ਦਾ ਵਿਰੋਧ ਕਰਨਾ ਚਾਹੀਦਾ ਹੈ।

ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਪਾਰਟੀ ਦੀ ਕੇਂਦਰੀ ਕਮੇਟੀ ਦੀ ਅਗਵਾਈ ਵਿੱਚ, ਜਿਸ ਦੀ ਰਾਹਨੁਮਾਈ ਕਾਮਰੇਡ ਮਾਓ ਜ਼ੇ-ਤੁੰਗ ਕਰਦੇ ਹਨ, ਲਾਜ਼ਮੀ ਰੂਪ ‘ਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ।

“ਪ੍ਰਤੀਬੱਧ”, ਅੰਕ 19,  ਜੂਨ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s