ਚੇਰਨੇਸ਼ਵਸਕੀ: ਇੱਕ ਮਹਾਨ ਇਨਕਲਾਬੀ ਵਿਚਾਰਕ ਦਾ ਜੀਵਨ ਅਤੇ ਕਾਰਜ —ਕਾਤਿਆਇਨੀ, ਸਤਿੱਅਮ

Nikolai Chernyshevsky

(ਪੀ.ਡੀ.ਐਫ਼ ਡਾਊਨਲੋਡ ਕਰੋ)

ਜਨਮ ਦਿਨ (24 ਜੁਲਾਈ) ‘ਤੇ ਵਿਸ਼ੇਸ਼

ਉਨੀਵੀਂ ਸਦੀ ਦੇ ਰੂਸ ਨੂੰ ਜਿੰਨਾ ਗੋਗੋਲ, ਲਰਮਨਤੋਵ, ਤਾਲਸਤਾਏ, ਦੋਸਤੋਵਸਕੀ, ਸਲਿਤਕੋਵ-ਸ਼ਚੇਦ੍ਰਿਨ ਆਦਿ ਕਾਲਜਈ ਅਲੋਚਨਾਤਮਕ ਯਥਾਰਥਵਾਦੀ ਰਚਨਾਕਾਰਾਂ ਦੇ ਨਾਂ ਨਾਲ਼ ਜਾਣਿਆਂ ਜਾਂਦਾ ਹੈ, ਉਨਾ ਹੀ ਬਲਿੰਸਕੀ, ਹਰਜਨ, ਚੇਰਨੇਸ਼ਵਸਕੀ ਅਤੇ ਦੋਬ੍ਰੋਲਯੁਬੋਵ ਜਿਹੇ ਮਹਾਨ ਇਨਕਲਾਬੀ ਜਮਹੂਰੀ ਵਿਚਾਰਕਾਂ ਦੇ ਲਈ ਵੀ ਮਹੱਤਵ ਦਿੱਤਾ ਜਾਂਦਾ ਹੈ। ਬਾਲਜ਼ਾਕ, ਸਤੇਂਦਾਲ ਅਤੇ ਡਿਕਨਜ਼ ਆਦਿ ਸਿਖਰ-ਪੁਰਸ਼ਾਂ ਨੇ ਯਥਾਰਥਵਾਦ ਦੀ ਜਿਸ ਧਾਰਾ ਦਾ ਮੁੱਢ ਬੰਨ੍ਹਿਆ, ਉਹ ਰੂਸ ਵਿੱਚ ਅਜਿਹੀ ਨਵੀਂ ਊਰਜਾ ਅਤੇ ਪ੍ਰਯੋਗਸ਼ੀਲਤਾ ਨਾਲ਼ ਤੇ ਇੰਨੇ ਵੱਖ-ਵੱਖ ਰੂਪਾਂ ਨਾਲ਼ ਵਿਕਸਤ ਹੋਈ ਕਿ ਵਿਕਸਤ ਯੂਰਪ ਛੇਤੀ ਹੀ ਪਿੱਛੇ ਰਹਿ ਗਿਆ। ਠੀਕ ਇਸੇ ਦੌਰਾਨ ਫਲਸਫੇ ਅਤੇ ਸਮਾਜਿਕ ਵਿਚਾਰਾਂ ਦੇ ਦੁਮੇਲ ‘ਤੇ ਬਲਿੰਸਕੀ(1811-1848), ਹਰਜ਼ਨ(1812-1870), ਚੇਰਨੇਸ਼ਵਸਕੀ (1828-1889) ਅਤੇ ਦ੍ਰੋਬੋਲਯੁਬੋਵ(1836-1861) ਦੇ ਰੂਪ ਵਿੱਚ ਇੱਕ ਪੂਰੇ ਤਾਰਾ-ਮੰਡਲ ਦਾ ਜਨਮ ਹੋਇਆ ਜੋ ਸਹੀ ਅਰਥਾਂ ਵਿੱਚ ਦਿਦਰੋ, ਵਾਲਟੇਅਰ ਅਤੇ ਰੂਸੋ ਜਿਹੇ ਪ੍ਰਬੋਧਨਕਾਲੀਨ ਫਰਾਂਸੀਸੀ ਫਲਾਸਫਰਾਂ ਦੇ ਰੂਸੀ ਵਾਰਸ ਸਨ ਤੇ ਨਾਲ਼ ਹੀ, ਸਾਂ-ਸੀਮੋ, ਸ਼ਾਰਲ ਫੂਰੀਏ ਅਤੇ ਰਾਬਰਟ ਓਵੇਨ ਜਿਹੇ ਯੁਟੋਪੀਆਈ ਸਮਾਜਵਾਦੀਆਂ ਦੇ ਨਾਲ਼ ਵੀ ਉਨਾਂ ਦਾ ਬਹੁਤ ਕੁੱਝ ਸਾਂਝਾ ਸੀ। 

ਪੱਛਮੀ ਯੂਰਪ ਵਿੱਚ ਉਸ ਸਮੇਂ ਬੁਰਜੂਆ ਜਮਹੂਰੀਅਤ ਦੀ ਲੜਾਈ ਦਾ ਅੰਤ ਹੋ ਰਿਹਾ ਸੀ। ਬੁਰਜੂਆਜੀ ਨੇ ਸੁਤੰਤਰਤਾ-ਸਮਾਨਤਾ-ਭਾਈਚਾਰੇ ਦਾ ਲਾਲ ਝੰਡਾ ਮਿੱਟੀ ਵਿੱਚ ਸੁੱਟ ਦਿੱਤਾ ਸੀ। ਸਮਾਜਿਕ ਰਾਜਨੀਤਕ ਰੰਗਮੰਚ ‘ਤੇ ਪ੍ਰੋਲੇਤਾਰੀ ਜਮਾਤ ਦੀ ਇਨਕਲਾਬੀ ਸਰਗਰਮੀ ਦੀ ਸ਼ੁਰੂਆਤ ਹੋ ਚੁੱਕੀ ਸੀ ਤੇ ਬੁੱਢੇ ਯੂਰਪ ਨੂੰ ਕਮਿਊਨਿਜ਼ਮ ਦਾ ਹਊਆ ਬੁਰੀ ਤਰਾਂ ਸਤਾ ਰਿਹਾ ਸੀ। ਉਨ੍ਹੀਵੀਂ ਸਦੀ ਦੇ ਅੱਧ ਤੋਂ ਲੈ ਕੇ ਅੰਤ ਤੱਕ ਦਾ ਸਮਾਂ ਵਿਗਿਆਨਕ ਸਮਾਜਵਾਦ ਦੇ ਜਨਮ ਤੇ ਵਿਕਾਸ ਦਾ ਤੇ ਮਜ਼ਦੂਰ ਲਹਿਰ ਵਿੱਚ ਉਸਦੇ ਪ੍ਰਭਾਵ-ਵਿਸਤਾਰ ਦਾ ਸਮਾਂ ਸੀ। ਮੁੱਖ ਤੌਰ ‘ਤੇ ਕਿਸਾਨੀ ਸਮਾਜ ਵਾਲ਼ੇ ਪੱਛੜੇ ਹੋਏ ਰੂਸ ਦੀ ਸਥਿਤੀ ਇਸ ਤੋਂ ਵੱਖਰੀ ਤੇ ਇੱਕ ਹੱਦ ਤੱਕ ਅਜੀਬ ਵੀ ਸੀ। ਉਹ ਪੁਨਰਜਾਗਰਣ-ਪ੍ਰਬੋਧਨ-ਇਨਕਲਾਬ ਦੀ ਇਤਿਹਾਸ ਯਾਤਰਾ ਵਿੱਚ ਪੱਛਮੀ ਯੂਰਪੀ ਦੇਸ਼ਾਂ ਨਾਲ਼ੋਂ ਪਿੱਛੇ ਰਹਿ ਗਿਆ ਸੀ। ਇਤਿਹਾਸਕ ਬਦਲਾਅ ਉਥੇ ਜਾਰੀ ਸੀ ਪਰ ਅਤਿਅੰਤ ਧੀਮੀ ਗਤੀ ਅਤੇ ਪੀੜਾਦਾਇਕ ਢੰਗ ਨਾਲ਼। ਨਗਰ-ਨਿਵਾਸੀ ਜਗੀਰੂ ਕੁਲੀਨਾਂ ਦਾ ਯੂਰਪ ਨਾਲ਼, ਖਾਸ ਕਰਕੇ ਫਰਾਂਸ ਨਾਲ਼ ਘਣਾ ਸੰਪਰਕ ਰਹਿੰਦਾ ਸੀ ਅਤੇ ਅਜਿਹੇ ਹੀ ਪਰਿਵਾਰਾਂ ਦੇ ਕੁੱਝ ਵਿਦਰੋਹੀ ਨੌਜਵਾਨਾਂ ਅਤੇ ਕੁੱਝ ਮੱਧਵਰਗੀ ਸਿੱਖਿਅਤ ਨੌਜਵਾਨਾਂ ਜ਼ਰੀਏ ਯੂਰਪ ਵਿੱਚ ਜਾਰੀ ਜਮਾਤੀ ਘੋਲ਼ ਦੀ ਭੱਠੀ ਵਿੱਚ ਤਪੇ-ਢਲ਼ੇ ਵਿਚਾਰਾਂ ਨੂੰ ਰੂਸੀ ਸਮਾਜ ਵਿੱਚ ਫੈਲਾਉਣ ਦਾ ਕੰਮ ਜਾਰੀ ਸੀ। ਨਿਰੰਕੁਸ਼ ਜ਼ਾਰਸ਼ਾਹੀ ਦੇ ਵਿਰੁੱਧ ਕਿਸਾਨਾਂ ਦੇ ਘੋਲ਼ਾਂ ਦੇ ਨਾਲ਼ ਹੀ ਮੱਧਵਰਗੀ ਨੌਜਵਾਨਾਂ ਦੇ ਘੋਲ਼ਾਂ ਦਾ ਸਿਲਸਿਲਾ ਉਨ੍ਹੀਵੀਂ ਸਦੀ ਦੇ ਅੱਧ ਤੱਕ ਜ਼ੋਰ ਫੜ ਚੁੱਕਿਆ ਸੀ। ਇਨ੍ਹਾਂ ਦੇ ਦਬਾਅ ਹੇਠ ਜਾਰਸ਼ਾਹੀ 1860 ਵਿੱਚ ਭੂਮੀ ਸੁਧਾਰਾਂ ਲਈ ਮਜ਼ਬੂਰ ਹੋ ਗਈ, ਜਿਸਦੇ ਸਿੱਟੇ ਵਜੋਂ ਜਿਵੇਂ ਕਿ ਉਸੇ ਸਮੇਂ ਕਾਰਲ ਮਾਰਕਸ ਨੇ ਕਿਹਾ ਸੀ, ਰੂਸ ਵਿੱਚ ਪੂੰਜੀਵਾਦੀ ਵਿਕਾਸ ਦਾ ਰਾਹ ਖੁੱਲ੍ਹ ਗਿਆ ਸੀ। ਰੂਸ ਵਿੱਚ ਧੀਮੀ ਗਤੀ ਨਾਲ਼ ਸਨਅਤੀ ਵਿਕਾਸ ਤਾਂ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਸੀ, 1860 ਦੇ ਸੁਧਾਰਾਂ ਤੋਂ ਬਾਅਦ ਇਹ ਪ੍ਰਕਿਰਿਆ ਕੁੱਝ ਹੋਰ ਤੇਜ ਹੋ ਚੁੱਕੀ ਸੀ। ਜ਼ਰਈ ਇਨਕਲਾਬ ਅਤੇ ਜਮਹੂਰੀਅਤ ਲਈ ਘੋਲ਼ ਦੇ ਕਾਰਜ ਹੀ ਅਜੇ ਇਤਿਹਾਸ ਦੇ ਏਜੰਡੇ ‘ਤੇ ਮੁੱਖ ਸਨ, ਪਰ ਸਨਅਤੀ ਪ੍ਰੋਲੇਤਾਰੀ ਜਮਾਤ ਵੀ ਹੁਣ ਮੰਚ ‘ਤੇ ਆ ਚੁੱਕੀ ਸੀ, ਬਲਿੰਸਿਕੀ ਦੀ ਮੌਤ ਤਾਂ 1848 ਵਿੱਚ ਹੋ ਚੁੱਕੀ ਸੀ, ਪਰ ਹਰਜ਼ਨ, ਚੇਰਨੇਸ਼ਵਸਕੀ ਅਤੇ ਦੋਬ੍ਰੋਲਯੁਬੋਵ ਇਸ ਗੁੰਝਲਦਾਰ ਪ੍ਰਕਿਰਿਆ ਦੇ ਗਵਾਹ ਬਣੇ ਅਤੇ ਇਸੇ ਵਾਤਾਵਰਣ ਦੀ ਪਿੱਠਭੂਮੀ ਵਿੱਚ ਉਨਾਂ ਦ ੇਵਿਚਾਰਾਂ ਦਾ ਨਿਰਮਾਣ ਹੋਇਆ। ਬਲਿੰਸਿਕੀ ਨੇ ਸਾਹਿਤ-ਸਿਧਾਂਤ ਦੇ ਖੇਤਰ ਵਿੱਚ ਪਦਾਰਥਵਾਦੀ ਸੰਸਾਰ-ਨਜ਼ਰੀਆ ਅਪਣਾਉਂਦੇ ਹੋਏ ਯਥਾਰਥਵਾਦ ਦੇ ਪੱਖ ਵਿੱਚ ਲਿਖਿਆ ਅਤੇ ਰਾਜਨੀਤਕ-ਸਮਾਜਿਕ ਵਿਚਾਰਾਂ ਦੇ ਖੇਤਰ ਵਿੱਚ ਇਨਕਲਾਬੀ ਜਮਹੂਰੀਅਤ ਦੀ ਪੇਸ਼ਕਾਰੀ ਕੀਤੀ। ਭਾਵੇਂ ਉਨ੍ਹਾਂ ਨੇ ਯੂਰਪ ਵਿੱਚ ਬੁਰਜੂਆ ਜਮਹੂਰੀ ਇਨਕਲਾਬ ਦੇ ਆਦਰਸ਼ਾਂ ਨਾਲ਼ ਵਿਸਾਹਘਾਤ ਕਰਨ ਲਈ ਬੁਰਜੂਆਜ਼ੀ ਦੀ ਅਲੋਚਨਾ ਕੀਤੀ, ਪਰ ਸਮਾਜਵਾਦੀ ਵਿਚਾਰਾਂ ਤੱਕ ਉਹ ਨਹੀਂ ਪਹੁੰਚੇ ਸਨ। ਇਹ ਸੰਭਵ ਵੀ ਨਹੀਂ ਸੀ। ਹਰਜ਼ਨ ਨੇ ਅਟੱਲ ਸਮਾਜਿਕ ਇਨਕਲਾਬ ਦਾ ਵਿਚਾਰਧਾਰਾਕ ਅਧਾਰ ਖੋਜਦੇ ਹੋਏ ਇਸਤੋਂ ਅੱਗੇ ਦੀ ਯਾਤਰਾ ਤੈਅ ਕੀਤੀ। ਉਨ੍ਹਾਂ ਨੇ ਫਰਾਂਸੀਸੀ ਯੁਟੋਪੀਆਈ ਸਮਾਜਵਾਦ, ਮੁੜਬਹਾਲੀ ਦੌਰ ਦੇ ਰੁਮਾਂਚਵਾਦੀ ਇਤਿਹਾਸ-ਲੇਖਨ ਅਤੇ ਜਰਮਨ ਕਲਾਸਿਕੀ ਫਲਸਫੇ ਦਾ ਅਲੋਚਨਾਤਮਕ ਅਧਿਐਨ ਕੀਤਾ ਅਤੇ ਉਹ ਦਵੰਦਵਾਦੀ ਪਦਾਰਥਵਾਦ ਦੀ ਸਰਦਲ ਤੱਕ ਜਾ ਪਹੁੰਚੇ ਸਨ। ਪਰ ਕਈ ਪੱਛਮੀ ਦੇਸ਼ਾਂ ਵਿੱਚ 1848-49 ਦੇ ਇਨਕਲਾਬਾਂ ਦੀ ਹਾਰ ਨੇ ਉਨ੍ਹਾਂ ਨੂੰ ਪੱਛਮ ਵਿੱਚ ਸਮਾਜਿਕ ਇਨਕਲਾਬ ਦੀਆਂ ਸੰਭਾਵਨਾਵਾਂ ਬਾਰੇ ਨਿਰਾਸ਼ਾਵਾਦੀ ਬਣਾ ਦਿੱਤਾ। ਯੂਰਪੀ ਮਜ਼ਦੂਰ ਲਹਿਰ ਵਿੱਚ ਅਰਾਜਕਤਾਵਾਦੀ ਬਾਕੁਨਿਨ ਦਾ ਸਹਿਯੋਗੀ ਬਣਕੇ ਨਾਕਾਰਾਤਮਕ ਭੂਮਿਕਾ ਨਿਭਾਉਣਾ ਉਨ੍ਹਾਂ ਦੇ ਇਸੇ ਨਿਰਾਸ਼ਾਵਾਦ ਦਾ ਇੱਕ ਨਤੀਜਾ ਸੀ। ਦੂਜੇ ਪਾਸੇ, ਰੂਸੀ ਕਿਸਾਨ-ਸਮਾਜਵਾਦ ਦਾ ਹਰਜਨੀ ਸਿਧਾਂਤ, ਜੋ ਰੂਸੀ ਕਿਸਾਨ ਸਮੁਦਾਇ ਵਿੱਚ ਸਮਾਜਵਾਦੀ ਭਵਿੱਖ ਦੇ ਬੀਜ ਦੇਖਦਾ ਸੀ, ਇਸ ਨਿਰਾਸ਼ਾਵਾਦ ‘ਤੇ ਕਾਬੂ ਪਾਉਣ ਦਾ ਇੱਕ ਯਤਨ ਵੀ ਸੀ। 

ਜਿਸ ਤਰਾਂ ਜੀਵਨ ਕਾਲ ਦੇ ਕ੍ਰਮ ਵਿੱਚ ਬਲਿੰਸਿਕੀ ਅਤੇ ਹਰਜਨ ਤੋਂ ਬਾਅਦ ਚੇਰਨੇਸ਼ਵਸਕੀ ਦਾ ਸਥਾਨ ਆਉਂਦਾ ਹੈ, ਉਸੇ ਤਰਾਂ ਰੂਸ ਵਿੱਚ ਇਨਕਲਾਬੀ ਜਮਹੂਰੀ ਚਿੰਤਨ-ਪੰ੍ਰਪਰਾ ਨੂੰ ਅੱਗੇ ਲੈ ਜਾਣ ਦੇ ਮਾਮਲੇ ਵਿੱਚ ਵੀ ਉਹ ਹਰਜਨ ਦੀ ਉਤਰਵਰਤੀ ਕੜੀ ਸਨ। ਚੇਰਨੇਸ਼ੇਵਸਕੀ ਦਾ ਸੰਸਾਰ-ਨਜ਼ਰੀਆ ਬਲਿੰਸਿਕੀ ਅਤੇ ਹਰਜਨ ਦੀਆਂ ਕਿਰਤਾਂ, ਕਲਾਸਿਕੀ ਜਰਮਨ ਫਲਸਫਾ, ਵਿਸ਼ੇਸ਼ ਕਰਕੇ ਫਿਉਰਬਾਖ਼ ਦੀਆਂ ਕਿਰਤਾਂ ਅਤੇ ਯੁਟੋਪੀਆਈ ਸਮਾਜਵਾਦੀ ਸ਼ਾਰਲ ਫੂਰੀਏ ਦੇ ਵਿਚਾਰਾਂ ਦੇ ਪ੍ਰਭਾਵ ਹੇਠ ਬਣਿਆ ਸੀ। ਫਲਸਫੇ ਦੇ ਖੇਤਰ ਵਿੱਚ ਉਹ ਇੱਕ ਉਤਮ ਪਦਾਰਥਵਾਦੀ ਸਨ। ਫਿਉਰਬਾਖ਼ ਦੇ ਉਲਟ ਉਨਾਂ ਨੇ ਦਵੰਦਵਾਦ ਨੂੰ ਪਦਾਰਥਵਾਦੀ ਭਾਵਨਾ ਦੇ ਅਨੁਕੂਲ ਢਾਲਣ ਦਾ ਯਤਨ ਕੀਤਾ ਅਤੇ ਕਈ ਮਾਮਲਿਆਂ ਵਿੱਚ ਉਹ ਸਮਾਜਕ ਜੀਵਨ ਦੀ ਇਤਿਹਾਸਕ ਪਦਾਰਥਵਾਦੀ ਵਿਆਖਿਆ ਦੇ ਨੇੜੇ ਪਹੁੰਚ ਚੁੱਕੇ ਸਨ। ਚੇਰਨੇਸ਼ੇਵਸਕੀ ਸਮਾਜਵਾਦ ਦੇ ਪੂਰੀ ਤਰਾਂ ਕਾਇਲ ਹੋ ਚੁੱਕੇ ਸਨ ਪਰ ਪ੍ਰੋਲੇਤਾਰੀ ਜਮਾਤ ਦੀ ਇਤਿਹਾਸਕ ਭੂਮਿਕਾ ਤੋਂ ਅਣਜਾਣ ਉਹ ਪੁਰਾਣੇ ਕਿਸਾਨ ਸਮੁਦਾਇ ਦੇ ਪੰਚਾਇਤੀ ਢਾਂਚੇ ਨੂੰ ਸਮਾਜਵਾਦ ਵੱਲ ਵਧਣ ਦਾ ਰਾਹ ਮੰਨਦੇ ਸਨ। ਹਰਜਨ ਦੇ ਨਾਲ਼ ਹੀ ਉਨਾਂ ਨੂੰ ਵੀ ਨਰੋਦਵਾਦ ਦਾ ਸੰਸਥਾਪਕ ਮੰਨਿਆ ਜਾਂਦਾ ਹੈ, ਪਰ ਉਹ ਮਜ਼ਦੂਰ ਲਹਿਰ ਵਿੱਚ ਬਾਕੂਨਿਨ ਜਿਹੇ ਅਰਾਜਕਤਾਵਾਦੀ ਦੇ ਸਹਿਯੋਗੀ ਨਹੀਂ ਰਹੇ। ਨਾਲ਼ ਹੀ ਚੇਰਨੇਸ਼ੇਵਸਕੀ ਸਾਰੇ ਯੁਟੋਪੀਆਈ ਸਮਾਜਵਾਦੀਆਂ ਦੇ ਮੁਕਾਬਲੇ ਵਿਗਿਆਨਕ ਸਮਾਜਵਾਦ ਦੇ ਸਭ ਤੋਂ ਨੇੜੇ ਸਨ। ਉਹ ਸਮਾਜਿਕ ਇਨਕਲਾਬ ਨੂੰ ਸਮਾਜਵਾਦ ਦੀ ਸਥਾਪਨਾ ਲਈ ਜ਼ਰੂਰੀ ਮੰਨਦੇ ਸਨ ਅਤੇ ਉਨਾਂ ਦੇ ਇਨਕਲਾਬੀ ਜਮਹੂਰੀ ਵਿਚਾਰ ਉਨਾਂ ਦੇ ਯੁਟੋਪੀਆਈ ਸਮਾਜਵਾਦੀ ਵਿਚਾਰਾਂ ਨਾਲ਼ ਜੁੜੇ ਹੋਏ ਸਨ। ਉਨਾਂ ਦਾ ਮੰਨਣਾ ਸੀ ਕਿ ਕੇਵਲ ਵਿਕਸਿਤ ਟੈਕਨਾਲੋਜੀ ਦੇ ਅਧਾਰ ‘ਤੇ ਹੀ ਸਮਾਜਵਾਦ ਦਾ ਨਿਰਮਾਣ ਹੋ ਸਕਦਾ ਹੈ ਅਤੇ ਸਿਰਫ ਖੁਦ ਆਮ ਲੋਕ ਹੀ ਉਸਦੀ ਸਿਰਜਣਾ ਕਰ ਸਕਦੇ ਹਨ। 

ਬਲਿੰਸਿਕੀ, ਹਰਜਨ, ਚੇਰਨੇਸ਼ੇਵਸਕੀ ਅਤੇ ਦੋਬ੍ਰੋਲਯੁਬੋਵ ਦੀਆਂ ਕਿਰਤਾਂ ਨੇ ਰਾਜਨੀਕਤ ਖੇਤਰ ਵਿੱਚ ਇਨਕਲਾਬੀਆਂ ਦੀਆਂ ਦੋ ਪੀੜ੍ਹੀਆਂ ‘ਤੇ ਡੂੰਘਾ ਪ੍ਰਭਾਵ ਪਾਇਆ ਅਤੇ ਦੂਜੇ ਪਾਸੇ ਸਾਹਤਿ-ਕਲਾ ਦੇ ਖੇਤਰ ਵਿੱਚ ਯਥਾਰਥਵਾਦ ਦੇ ਸਿਧਾਂਤ ਨੂੰ ਨਵੀਂ ਵਿਸ਼ਾਲਤਾ ਤੇ ਨਵੀਂ ਗਹਿਰਾਈ ਪ੍ਰਦਾਨ ਕੀਤੀ। ਪਰ ਫਲਸਫਾ, ਰਾਜਨੀਤੀ ਅਤੇ ਸਾਹਿਤ-ਇਨ੍ਹਾਂ ਤਿੰਨਾਂ ਹੀ ਖੇਤਰਾਂ ਵਿੱਚ ਚੇਰਨੇਸ਼ੇਵਸਕੀ ਦਾ ਪ੍ਰਭਾਵ ਹੋਰਾਂ ਤਿੰਨਾਂ ਦੇ ਮੁਕਾਬਲੇ ਵੀ ਜ਼ਿਆਦਾ ਸੀ। ਚੇਰਨੇਸ਼ੇਵਸਕੀ ਦੇ ਦਾਰਸ਼ਨਿਕ ਤੇ ਸਹੁਜ ਸ਼ਾਸਤਰੀ ਵਿਚਾਰਾਂ ਦਾ ਰੂਸ ਵਿੱਚ ਮਾਰਕਸਵਾਦ ਦੇ ਪਹਿਲੇ ਪ੍ਰਚਾਰਕ ਅਤੇ ਫਿਲਾਸਫਰ ਪਲੇਖਾਨੋਵ ਨੇ ਬਹੁਤ ਉਚਾ ਮੁਲਾਂਕਣ ਕੀਤਾ ਅਤੇ ਉਸ ਬਾਰੇ ਵਿਸਥਾਰ ਨਾਲ਼ ਲਿਖਿਆ। ਗੌਰਤਲਬ ਹੈ ਕਿ ਬਾਕੁਨਿਨ ਨਾਲ਼ ਸਹਿਯੋਗ ਅਤੇ ਯੂਰਪੀ ਮਜ਼ਦੂਰ ਲਹਿਰ ਵਿੱਚ ਤਬਾਹਕੁਨ ਭੂਮਿਕਾ ਕਰਕੇ ਮਾਰਕਸ ਅਤੇ ਏਂਗਲਜ਼ ਹਰਜਨ ਦੇ ਸਖਤ ਅਲੋਚਕ ਸਨ, ਪਰ ਚੇਰਨੇਸ਼ੇਵਸਕੀ ਬਾਰੇ ਉਨ੍ਹਾਂ ਦੀ ਰਾਏ ਬਹੁਤ ਉਚੀ ਸੀ। ਉਸਨੂੰ ਮਾਰਕਸ ਨੇ ”ਸਮਾਜਵਾਦੀ ਲੇਸਿੰਗ” ਦਾ ਨਾਮ ਦਿੱਤਾ ਸੀ ਅਤੇ ਰੂਸੀ ਪੇਂਡੂ ਲੋਕਾਂ ਬਾਰੇ ਉਨਾਂ ਦੇ ਲੇਖਨ ਤੋਂ ਮਿਲੀ ਜਾਣਕਾਰੀ ਨੂੰ ਬਹੁਮੁੱਲੀ ਦੱਸਿਆ ਸੀ। ਮਾਰਕਸ ਰਾਜਨੀਤਕ ਅਰਥਸ਼ਾਸਤਰ ਦੇ ਖੇਤਰ ਵਿੱਚ ਵੀ ਚੇਰਨੇਸ਼ੇਵਸਕੀ ਦੇ ਚਿੰਤਨ ਨੂੰ ਬਹੁਤ ਮਹੱਤਵ ਦਿੰਦੇ ਸਨ। ਚੇਰਨੇਸ਼ੇਵਸਕੀ ਦੇ ”ਕਿਰਤੀਆਂ ਦੇ ਰਾਜਨੀਤਕ ਅਰਥਸ਼ਾਸਤਰ ਦਾ ਮੁੱਖ ਵਿਚਾਰ ਸੀ, ”ਇੱਕ ਹੀ ਵਿਅਕਤੀ ਵਿੱਚ ਮਾਲਕ ਅਤੇ ਮਜ਼ਦੂਰ ਨੂੰ ਪੂਰੀ ਤਰਾਂ ਮਿਲਾ ਦੇਣਾ।” ਉਨਾਂ ਦਾ ਸਪੱਸ਼ਟ ਵਿਚਾਰ ਸੀ ਕਿ ਕਿਰਤ ਨੂੰ ”ਵਿੱਕਰੀ ਦਾ ਮਾਲ” ਨਹੀਂ ਰਹਿਣਾ ਚਾਹੀਦਾ। ਕੀ ਕਰਨਾ ਲੋੜੀਏ ਇਸ ਮਾਇਨੇ ਵਿੱਚ ਵੀ ਇੱਕ ਅਨੂਠਾ ਪ੍ਰਯੋਗਾਤਮਕ ਵਿਚਾਰਕ ਨਾਵਲ ਸੀ ਕਿ ਇਸ ਵਿੱਚ ਚੇਰਨੇਸ਼ੇਵਸਕੀ ਨੇ ਆਪਣੇ ਦਾਰਸ਼ਨਿਕ-ਸਮਾਜਿਕ ਅਤੇ ਸਹੁਜਸ਼ਾਸਤਰੀ ਵਿਚਾਰਾਂ ਦੇ ਨਾਲ਼ ਹੀ ਰਾਜਨੀਤਕ  ਅਰਥ-ਸ਼ਾਸਤਰੀ ਵਿਚਾਰਾਂ ਨੂੰ ਵੀ ਮੂਰਤ ਰੂਪ ਦੇਣ ਦਾ ਯਤਨ ਕੀਤਾ ਸੀ। 

ਚੇਰਨੇਸ਼ੇਵਸਕੀ ਇੱਕ ਅਜਿਹੇ ਮਹਾਨ ਵਿਚਾਰਕ ਲੇਖਕ ਸਨ ਜਿਨ੍ਹਾਂ ਦੀਆਂ ਰਚਨਾਵਾਂ ਨੇ ਕਈ ਇਤਿਹਾਸ-ਨਿਰਮਾਤਾਵਾਂ ਨੂੰ ਪ੍ਰਭਾਵਿਤ ਕੀਤਾ। ਕੇਵਲ ਮਾਰਕਸ-ਏਂਗਲਜ਼ ਅਤੇ ਪਲੇਖਾਨੋਵ ਹੀ ਨਹੀਂ, ਲੈਨਿਨ ਵੀ ਚੇਰਨੇਸ਼ੇਵਸਕੀ ਤੋਂ ਬਹੁਤ ਪ੍ਰਭਾਵਿਤ ਸਨ। ਕੇਵਲ ਲੈਨਿਨ ‘ਤੇ ਹੀ ਨਹੀਂ, ਰੂਸ ਦੇ ਇਨਕਲਾਬੀਆਂ ਦੀ ਉਸ ਪੂਰੀ ਪੀੜ੍ਹੀ ‘ਤੇ ਚੇਰਨੇਸ਼ੇਵਸਕੀ ਦਾ ਗਹਿਰਾ ਪ੍ਰਭਾਵ ਸੀ। ਕਰੁਪਸਕਾਇਆ ਨੇ ‘ਕਮਿਉਨਿਸਟ ਨੈਤਿਕਤਾ ਦੇ ਸਬੰਧ ਵਿੱਚ ਲੈਨਿਨ ਦੇ ਵਿਚਾਰ’ ਸਿਰਲੇਖ ਵਾਲ਼ੇ ਲੇਖ ਵਿੱਚ ਲਿਖਿਆ ਸੀ: ”ਲੈਨਿਨ ਦਾ ਸਬੰਧ ਉਸ ਪੀੜ੍ਹੀ ਨਾਲ਼ ਸੀ ਜੋ ਪਿਸਾਰੋਵ, ਸ਼ਚੇਦਰਿਨ, ਨੇਕਰਾਸੋਵ, ਦੋਬ੍ਰੋਲਯੁਬੋਵ ਅਤੇ ਚੇਰਨੇਸ਼ੇਵਸਕੀ ਦੇ ਪ੍ਰਭਾਵ ਵਿੱਚ, ਉਨੀਵੀਂ ਸਦੀ ਦੇ ਸੱਤਵੇਂ ਦਹਾਕੇ ਦੇ ਇਨਕਲਾਬੀ ਜਮਹੂਰੀ ਕਵੀਆਂ ਦੇ ਪ੍ਰਭਾਵ ਵਿੱਚ ਪਲ਼ੀ-ਵਧੀ ਸੀ।” ਲੈਨਿਨ ਦੇ ਸ਼ੁਰੂਆਤੀ ਰਾਜਨੀਤਕ ਵਿਕਾਸ ‘ਤੇ ਵੱਡੇ ਭਾਈ ਅਲੈਕਸਾਂਦਰ ਉਲੀਆਨੋਵ ਅਤੇ ਕਾਰਲ ਮਾਰਕਸ ਤੋਂ ਬਿਨਾਂ ਜਿਸ ਤੀਜੇ ਵਿਅਕਤੀ ਦਾ ਸਭ ਤੋਂ ਵੱਧ ਪ੍ਰਭਾਵ ਸੀ ਉਹ ਸਨ ਚੇਰਨੇਸ਼ੇਵਸਕੀ। ਸਤਾਰਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਪਹਿਲੀਵਾਰ ‘ਕੀ ਕਰਨਾ ਲੋੜੀਏ’ ਨਾਵਲ ਪੜ੍ਹਿਆ ਸੀ। ਲੈਨਿਨ ਇਸਨੂੰ ਇੱਕ ਅਜਿਹੀ ਨਾਵਲੀ ਕਿਰਤ ਮੰਨਦੇ ਸਨ ਜੋ ਸਾਹਿਤ ਦੀ ਭੂਮਿਕਾ ਨੂੰ ਸੱਚੇ ਤੌਰ ‘ਤੇ ਸਾਕਾਰ ਕਰਦੀ ਹੈ। ਉਨਾਂ ਨੇ ਲਿਖਿਆ ਸੀ: ”ਇਹ ਸੱਚਾ ਸਾਹਿਤ ਹੈ ਜੋ ਸਿੱਖਿਅਤ ਕਰਦਾ ਹੈ, ਰਾਹ ਦਰਸਾਉਂਦਾ ਹੈ ਅਤੇ ਪ੍ਰੇਰਨਾ ਦਿੰਦਾ ਹੈ। ਇੱਕ ਗਰਮੀ ਦੌਰਾਨ ਮੈਂ ‘ਕੀ ਕਰਨਾ ਲੋੜੀਏ’ ਨਾਵਲ ਪੰਜ ਵਾਰ ਪੜ੍ਹਿਆ ਅਤੇ ਹਰ ਵਾਰ ਇਸ ਰਚਨਾ ਵਿੱਚ ਮੈਂ ਵਿਚਾਰ ਉਤੇਜਕ ਨਵੇਂ ਵਿਚਾਰ ਪਾਏ।” ਲੈਨਿਨ ਦਾ ਮੰਨਣਾ ਸੀ ਕਿ ਹਰਜਨ ਦੀ ਤੁਲਨਾ ਵਿੱਚ ਚੇਰਨੇਸ਼ੇਵਸਕੀ ਜ਼ਿਆਦਾ ਸੁਸੰਗਤ ਅਤੇ ਜੁਝਾਰੂ ਪਦਾਰਥਵਾਦੀ ਸਨ ਅਤੇ ਉਨਾਂ ਦਾ ਲੇਖਣ ਜਮਾਤੀ ਘੋਲ਼ ਦੀ ਭਾਵਨਾ ਨਾਲ਼ ਗੁੰਦਿਆ ਹੋਇਆ ਸੀ। ਪਛੜੇ ਹੋਏ ਰੂਸੀ ਸਮਾਜ ਦੇ ਮਹੌਲ ਕਾਰਨ ਉਹ ਮਾਰਕਸ ਏਂਗਲਜ਼ ਦੇ ਦਵੰਦਵਾਦੀ ਪਦਾਰਥਵਾਦ ਤੱਕ ਨਹੀਂ ਪਹੁੰਚ ਸਕੇ, ਲੈਨਿਨ ਉਨਾਂ ਨੂੰ ਇੱਕੋ-ਇੱਕ ਅਜਿਹਾ ਮਹਾਨ ਰੂਸੀ ਲੇਖਕ ਮੰਨਦੇ ਸਨ, ਜਿਸਨੇ ਛੇਵੇਂ ਦਹਾਕੇ ਤੋਂ ਲੈ ਕੇ ਨੌਵੇਂ ਦਹਾਕੇ ਤੱਕ ਆਪਣੇ ਸੁਸੰਗਤ ਦਾਰਸ਼ਨਿਕ ਪਦਾਰਥਵਾਦ ਦੇ ਪੱਧਰ ਨੂੰ ਲਗਾਤਾਰ ਕਾਇਮ ਰੱਖਿਆ ਸੀ।

ਨਿਕੋਲਾਈ ਗਾਵ੍ਰਿਲੋਵਿਚ ਚੇਰਨੇਸ਼ੇਵਸਕੀ ਦਾ ਜਨਮ 24 ਜੁਲਾਈ 1828 ਨੂੰ ਸਰਾਤੋਵ ਨਗਰ ਵਿੱਚ ਇੱਕ ਗਰੀਬ ਪਾਦਰੀ ਦੇ ਘਰ ਵਿੱਚ ਹੋਇਆ ਸੀ। ਸਰਾਤੋਵ ਮਹਾਂਨਦੀ ਵੋਲਗਾ ਦੇ ਪ੍ਰਮੁੱਖ ਤੱਟੀ ਨਗਰਾਂ ਵਿੱਚੋਂ ਇੱਕ ਹੈ। 

ਬਚਪਨ ਤੋਂ ਹੀ ਚੇਰਨੇਸ਼ੇਵਸਕੀ ਨੂੰ ਜਗੀਰਦਾਰਾਂ ਦੀ ਕਰੂਰਤਾ ਅਤੇ ਭੂ-ਦਾਸਾਂ ਦੇ ਨਰਕੀ ਜੀਵਨ ਦਾ ਗਵਾਹ ਹੋਣ ਦਾ ਮੌਕਾ ਮਿਲਿਆ। ਇਥੋਂ ਹੀ ਉਸਦੇ ਮਨ ਵਿੱਚ ਡੂੰਘੇ ਮਨੁੱਖੀ ਸਰੋਕਾਰਾਂ ਅਤੇ ਅਨਿਆਂ ਵਿਰੁੱਧ ਵਿਦਰੋਹ ਦੀ ਅਮਿੱਟ ਭਾਵਨਾ ਦੇ ਬੀਜ ਬੀਜੇ ਗਏ। 1842 ਤੋਂ 1845 ਤੱਕ ਚੇਰਨੇਸ਼ੇਵਸਕੀ ਦੀ ਸਿੱਖਿਆ ਸਰਾਤੋਵ ਦੇ ਧਾਰਮਿਕ ਸਕੂਲ ਵਿੱਚ ਹੋਈ। 1846 ਤੋਂ 1850 ਤੱਕ ਉਸਨੇ ਸੇਂਟ ਪੀਟਰਜ਼ਬਰਗ ਦੇ ਇਤਿਹਾਸ ਤੇ ਫਲਸਫਾ ਵਿਭਾਗ ਵਿੱਚ ਅਧਿਐਨ ਕੀਤਾ ਅਤੇ ਗਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਚੇਰਨੇਸ਼ੇਵਸਕੀ ਦਾ ਸੰਸਾਰ ਦ੍ਰਿਸ਼ਟੀਕੋਣ ਮੁੱਖ ਤੌਰ ‘ਤੇ ਵਿਦਿਆਰਥੀ ਜੀਵਨ ਦੇ ਇਨ੍ਹਾਂ ਦਿਨਾਂ ਵਿੱਚ ਬਣਿਆਂ। ਇਸ ਵਿੱਚ ਇਤਿਹਾਸ ਤੇ ਫਲਸਫੇ ਦੇ ਅਧਿਐਨ ਦੇ ਨਾਲ਼ ਹੀ ਰੂਸ ਵਿੱਚ ਭੂ-ਦਾਸ ਪ੍ਰਥਾ ਦੀਆਂ ਪ੍ਰਸਥਿਤੀਆਂ ਦੀ ਅਤੇ 1848-49 ਦੇ ਦੌਰਾਨ ਯੂਰਪ ਦੀਆਂ ਇਨਕਲਾਬੀ ਘਟਨਾਵਾਂ ਦੇ ਪ੍ਰਭਾਵ ਦਾ ਮਹੱਤਵਪੂਰਨ ਯੋਗਦਾਨ ਸੀ। ਇਨ੍ਹੀ ਦਿਨੀਂ ਉਸਨੇ ਆਪਣੀ ਡਾਇਰੀ ਵਿੱਚ ਲਿਖਿਆ: ”…..ਆਪਣੀਆਂ ਮਾਨਤਾਵਾਂ ਲਈ ਜੇ ਮੈਨੂੰ ਆਪਣੀ ਜਾਨ ਵੀ ਦੇਣੀ ਪਵੇ ਤਾਂ ਮੈਂ ਝਿਜਕਾਂਗਾ ਨਹੀਂ।” ਚੇਰਨੇਸ਼ੇਵਸਕੀ ਨੇ ਵਿਦਿਆਰਥੀ ਜੀਵਨ ਦੇ ਦੌਰਾਨ ਕਲਾਸਿਕੀ ਜਰਮਨ ਫਲਸਫਾ, ਬ੍ਰਿਟਿਸ਼ ਰਾਜਨੀਤਕ ਅਰਥਸ਼ਾਸਤਰ ਅਤੇ ਫਰਾਂਸੀਸੀ ਯੁਟੋਪੀਆਈ ਸਮਾਜਵਾਦੀ ਵਿਚਾਰਾਂ ਦਾ— ਵਿਸ਼ੇਸ਼ ਕਰਕੇ ਹੀਗਲ, ਫਿਉਰਬਾਖ਼, ਰਿਕਾਰਡੋ, ਅਤੇ ਫੂਰੀਏ ਦੀਆਂ ਰਚਨਾਵਾਂ ਦਾ ਗਹਿਰਾ ਅਧਿਐਨ ਕੀਤਾ। ਨਾਲ਼ ਹੀ ਉਹ ਬੇਲਿੰਸਕੀ ਅਤੇ ਹਰਜਨ ਦੀਆਂ ਰਚਨਾਵਾਂ ਤੋਂ ਵੀ ਜਾਣੂ ਹੋਇਆ। ਯੁਨੀਵਰਸਿਟੀ ਛੱਡਣ ਸਮੇਂ ਤੱਕ ਨੌਜਵਾਨ ਚੇਰਨੇਸ਼ੇਵਸਕੀ ਇੱਕ ਪਦਾਰਥਵਾਦੀ, ਇਨਕਲਾਬੀ ਜਮਹੂਰੀ ਅਤੇ ਸਮਾਜਵਾਦੀ ਬਣ ਚੁੱਕਿਆ ਸੀ। 

1851 ਤੋਂ 1853 ਤੱਕ ਚੇਰਨੇਸ਼ੇਵਸਕੀ ਨੇ ਸਰਾਤੋਵ ਜਿਮਨੇਜ਼ੀਅਮ ਵਿੱਚ ਰੂਸੀ ਭਾਸ਼ਾ ਅਤੇ ਸਾਹਿਤ ਦੇ ਅਧਿਆਪਕ ਦੇ ਰੂਪ ਵਿੱਚ ਨੌਕਰੀ ਕੀਤੀ। ਪਰ ਉਨਾਂ ਦਾ ਵਿਦਰੋਹੀ ਮਨ ਵਿਆਪਕ ਵਿਚਾਰਕ-ਰਾਜਨੀਤਕ ਸਰਗਰਮੀ ਲਈ ਬੇਚੈਨ ਸੀ। ਸਰਾਤੋਵ ਵਿੱਚ ਉਨਾਂ ਨੇ ਵਿਦਿਆਰਥੀਆਂ ਵਿੱਚ ਖੁੱਲ੍ਹ ਕੇ ਪ੍ਰਚਾਰ ਕੀਤਾ। ਉਨਾਂ ਵਿੱਚੋਂ ਅੱਗੇ ਚੱਲਕੇ ਕਈ ਵਿਦਿਆਰਥੀ ਇਨਕਲਾਬੀ ਬਣੇ। 1853 ਵਿੱਚ ਚੇਰਨੇਸ਼ੇਵਸਕੀ ਸੇਂਟ ਪੀਟਰਜ਼ਬਰਗ ਆ ਗਏ ਅਤੇ ਨਿਯਮਤ ਤੌਰ ‘ਤੇ ਓਤਚੇਸਤੰਵੇਨਿਏ ਜਾਪਿਸਕੀ ਅਤੇ ਸੋਵ੍ਰੇਮੇਨਿਕ ਪੱਤਰਕਾਵਾਂ ਲਈ ਲਿਖਣ ਲੱਗੇ। ਜਲਦੀ ਹੀ ਉਹ ਸੋਵ੍ਰੇਮੇਨਿਕ ਦੇ ਸੰਪਾਦਕ ਬਣ ਗਏ। 

ਚੇਰਨੇਸ਼ੇਵਸਕੀ ਦੇ ਸੰਸਾਰ-ਦ੍ਰਿਸ਼ਟੀਕੋਣ ਦਾ ਬੁਨਿਆਦੀ ਸਿਧਾਂਤ ਨਰਵਿਗਿਆਨਵਾਦੀ(Anthropologist) ਸੀ। ਮਨੁੱਖੀ ਸੁਭਾਅ ਬਾਰੇ ਆਮ ਵਿਚਾਰਾਂ ਅਤੇ ਆਪਣੇ ਹਿੱਤ ਵਿੱਚ ਕੰਮ ਕਰਨ ਦੀ ਮਨੁੱਖ ਦੀ ਆਮ ਪ੍ਰਵਿਰਤੀ ਤੋਂ ਸ਼ੁਰੂ ਕਰਦੇ ਹੋਏ ਉਨਾਂ ਨੇ ਸਮਾਜਿਕ ਸਬੰਧਾਂ ਅਤੇ ਮਾਲਕੀ ਦੇ ਰੂਪਾਂ ਨੂੰ ਬਦਲਣ ਦੀ ਲੋੜ ਬਾਰੇ ਇਨਕਲਾਬੀ ਪ੍ਰਸਥਾਪਨਾਵਾਂ ਪੇਸ਼ ਕੀਤੀਆਂ। ਉਨਾਂ ਦਾ ਵਿਚਾਰ ਸੀ ਕਿ ਨਰਵਿਗਿਆਨ ਦੇ ਸਿਧਾਂਤ ਸੁਸੰਗਤ ਰੂਪ ਨਾਲ਼ ਸਮਾਜਵਾਦ ਦੇ ਸਿਧਾਂਤਾਂ ਦੇ ਅਨੁਰੂਪ ਹਨ। ਨਰਵਿਗਿਆਨਵਾਦੀ ਪਦਾਰਥਵਾਦ ਨੂੰ ਅਪਣਾਉਂਦੇ ਹੋਏ ਚੇਰਨੇਸ਼ੇਵਸਕੀ ਨੇ ਆਪਣੇ ਆਪਨੂੰ ਫਿਊਰਬਾਖ਼ ਦਾ ਅਨੁਯਾਈ ਦੱਸਿਆ, ਜਿਸਨੂੰ ਉਹ ਆਧੁਨਿਕ ਫਲਸਫੇ ਦਾ ਜਨਮਦਾਤਾ ਮੰਨਦੇ ਸਨ। ਉਨ੍ਹਾਂ ਦੇ ਵਿਚਾਰ ਅਨੁਸਾਰ ਫਿਊਰਬਾਖ਼ ਦੀਆਂ ਸਿੱਖਿਆਵਾਂ ਜਰਮਨ ਫਲਸਫੇ ਦੇ ਵਿਕਾਸ ਦਾ ਸਿਖਰ ਬਿੰਦੂ ਸਨ। ਇਸ ਮੁਕਾਮ ਤੱਕ ਪਹੁੰਚਕੇ ਜਰਮਨ ਫਲਸਫੇ ਨੇ ਪਹਿਲੀਵਾਰ ਭਰਮਪੂਰਨ(Sophistic) ਅਧਿਆਤਮਵਾਦੀ ਅੰਤਰਗਿਆਨਵਾਦ(Intuitionism) ਦਾ ਤਿਆਗ ਕਰਕੇ ਆਪਣੇ ਨਤੀਜਿਆਂ ਨੂੰ ਕੁਦਰਤੀ ਵਿਗਿਆਨ ਦੀਆਂ ਖੋਜਾਂ ਦੇ ਅਨੁਰੂਪ ਦੱਸਿਆ ਅਤੇ ਸਮਾਜਿਕ ਸਮੱਸਿਆਵਾਂ ਦੇ ਠੋਸ, ਸਾਕਾਰਤਮਕ ਹੱਲ ਪੇਸ਼ ਕਰਨ ਦੀ ਯੋਗਤਾ ਪ੍ਰਾਪਤ ਕੀਤੀ। ਫਾਇਰਬਾਖ਼ ਦੇ ਵਿਚਾਰਾਂ ਦੀ ਵਿਆਖਿਆ ਕਰਦੇ ਹੋਏ ਚੇਰਨੇਸ਼ੇਵਸਕੀ ਨੇ ਸਰਵਉਚ ਤੌਰ ‘ਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੱਚ ਦੀ ਪਰਖ ਸਿਰਫ ਵਿਵਹਾਰ ਰਾਹੀਂ ਹੀ ਹੋ ਸਕਦੀ ਹੈ ਅਤੇ ਇਹੀ ਸਾਰੇ ਸਿਧਾਂਤਾਂ ਦੀ ਕਸੌਟੀ ਹੋ ਸਕਦਾ ਹੈ। ਉਨ੍ਹਾਂ ਨੇ ਅਮੂਰਤ ਅਧਿਆਤਮਵਾਦੀ ਚਿੰਤਨ ਦੇ ਬਰਕਸ ਦਵੰਦਵਾਦੀ ਪੱਧਤੀ ਨੂੰ ਸਥਾਪਤ ਕੀਤਾ ਤੇ ਰਾਜਨੀਤਕ ਸਿਧਾਂਤਾਂ ਤੇ ਫਿਲਾਸਫੀਕਲ ਸਿੱਖਿਆਵਾਂ ਜਮਾਤੀ ਖਾਸੇ ਨੂੰ ਮੌਲਿਕ ਤੇ ਪ੍ਰਭਾਸ਼ਾਲੀ ਢੰਗ ਨਾਲ਼ ਉਦਘਾਟਿਤ ਕੀਤਾ।

1855 ਵਿੱਚ ਚੇਰਨੇਸ਼ੇਵਸਕੀ ਨੇ ਪੋਸਟ ਗਰੈਜੂਏਸ਼ਨ ਲਈ ‘ਕਲਾ ਦਾ ਯਥਾਰਥ ਦੇ ਨਾਲ਼ ਸਹੁਜਸ਼ਾਸਤਰੀ ਸਬੰਧ’ ਸਿਰਲੇਖ ਤਹਿਤ ਆਪਣਾ ਪ੍ਰਸਿੱਧ ਥੀਸਿਸ ਪੇਸ਼ ਕੀਤਾ। ਇਸਨੂੰ ਬਿਨਾਂ ਕਿਸੇ ਵਿਵਾਦ ਦੇ ਰੂਸ ਵਿੱਚ ਪਦਾਰਥਵਾਦੀ ਸਹੁਜਸ਼ਾਸਤਰ ਦੇ ਵਿਕਾਸ ਦੇ ਅਧਾਰ ਦਾ ਨਿਰਮਾਣ ਕਰਨ ਵਾਲ਼ੀ ਇਤਿਹਾਸਕ ਰਚਨਾ ਮੰਨਿਆਂ ਜਾਂਦਾ ਹੈ। ਇਸ ਵਿੱਚ ਮੁੱਖ ਤੌਰ ‘ਤੇ ਹੀਗਲ ਦੇ ਸਹੁਜਸ਼ਾਸਤਰ ਦੀ ਅਲੋਚਨਾ ਕਰਦੇ ਹੋਏ ਚੇਰਨੇਸ਼ੇਵਸਕੀ ਨੇ ਸਹੁਜਾਤਮਕ-ਭਾਵਨਾਵਾਂ ਦੇ ਸਮਾਜਿਕ ਅਧਾਰ ‘ਤੇ ਜ਼ੋਰ ਦਿੱਤਾ ਅਤੇ ਇਹ ਸਥਾਪਨਾ ਦਿੱਤੀ ਕਿ ”ਸੁੰਦਰਤਾ ਜੀਵਨ ਹੈ” ਨਾਲ਼ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਲਾ ਦਾ ਦਾਇਰਾ ਸਿਰਫ ਸੁੰਦਰਤਾ ਤੱਕ ਹੀ ਸੀਮਤ ਨਹੀਂ ਹੈ। ”ਜੀਵਨ ਵਿੱਚ ਜੋ ਕੁੱਝ ਵੀ ਆਮ ਹਿੱਤ ਲਈ ਹੈ, ਕਲਾ ਦਾ ਤੱਤ ਹੈ।” ਜੀਵਨ ਦਾ ਮੁੜ ਨਿਰਮਾਣ ਕਰਨਾ, ਉਸਦੀ ਵਿਆਖਿਆ ਕਰਨਾ ਅਤੇ ਉਸਦੇ ਪ੍ਰਗਟਾਵਿਆਂ ‘ਤੇ ਫੈਸਲਾ ਦੇਣਾ ਹੀ ਕਲਾ ਦਾ ਮੁੱਖ ਉਦੇਸ਼ ਹੈ। ਕਲਾ ਨੂੰ ”ਜੀਵਨ ਦੀ ਪਾਠਪੁਸਤਕ” ਹੋਣਾ ਚਾਹੀਦਾ ਹੈ। ਇਨ੍ਹਾਂ ਸਹੁਜਸ਼ਾਸਤਰੀ ਸਵਾਲਾਂ ਨੂੰ ਚੇਰਨੇਸ਼ੇਵਸਕੀ ਨੇ ਸਿਰਫ ”ਲੜਾਈ ਦਾ ਮੈਦਾਨ” ਹੀ ਮੰਨਿਆਂ ਜਿੱਥੇ ਅਸਲੀ ਮੁੱਦਾ ਸਮਾਜਿਕ ਹਿੱਤਾਂ ਦੇ ਟਕਰਾਅ ਦਾ ਹੁੰਦਾ ਹੈ। ਇਸ ਤਰਾਂ ਚੇਰਨੇਸ਼ੇਵਸਕੀ ਨੇ ਆਪਣੇ ਇਸ ਥੀਸਸ ਵਿੱਚ ”ਕਲਾ ਕਲਾ ਲਈ” ਦੇ ਸਿਧਾਂਤ ‘ਤੇ ਸੱਟ ਮਾਰਦੇ ਹੋਏ ਬਲਿੰਸਕੀ ਦੁਆਰਾ ਪੇਸ਼ ਯਥਾਰਥਵਾਦੀ ਅਤੇ ਜਮਹੂਰੀ ਸਾਹਿਤ ਦੇ ਸਿਧਾਂਤ ਨੂੰ ਵਿਆਪਕ ਤੇ ਸੁਸੰਗਤ ਪਦਾਰਥਵਾਦੀ ਦਾਰਸ਼ਨਿਕ ਅਧਾਰ ਪ੍ਰਦਾਨ ਕੀਤਾ। ਇਹ ਇੱਕ ਨਵੀਂ ਇਨਕਲਾਬੀ ਪ੍ਰਵਿਰਤੀ ਦੇ ਜਨਮ ਦਾ ਐਲਾਨਨਾਮਾ ਸੀ। ਚੇਰਨੇਸ਼ੇਵਸਕੀ ਦੀਆਂ ਇਨ੍ਹਾਂ ਪ੍ਰਸਥਾਪਨਾਵਾਂ ਵਿੱਚ ਉਨ੍ਹਾਂ ਤੱਥਾਂ ਦੀ ਪਹਿਚਾਣ ਔਖੀ ਨਹੀਂ ਹੈ ਜੋ ਅੱਗੇ ਚੱਲਕੇ ਮਾਰਕਸਵਾਦੀ ਸੁਹਜਸ਼ਾਸਤਰ ਦੇ ਅੰਗ ਬਣੇ। 

ਸਾਹਿਤ-ਕਲਾ ਨਾਲ਼ ਸਬੰਧਤ ਲੇਖਣ ਦੇ ਨਾਲ਼-ਨਾਲ਼ ਇੱਕ ਪੱਤਰਕਾਰ ਦੇ ਰੂਪ ਵਿੱਚ ਵੀ ਚੇਰਨੇਸ਼ਵਸਕੀ ਰਾਜਨੀਤਕ-ਸਮਾਜਿਕ ਵਿਸ਼ਿਆਂ ‘ਤੇ ਲਗਾਤਾਰ ਲਿਖ ਰਹੇ ਸਨ। ਉਨਾਂ ਦਾ ਅਜਿਹਾ ਲੇਖਣ ਮੁੱਖ ਤੌਰ ‘ਤੇ ਜ਼ਾਰਸ਼ਾਹੀ ਅਤੇ ਭੂ-ਗੁਲਾਮੀ ਦੇ ਵਿਰੋਧ ‘ਤੇ ਕੇਂਦਰਿਤ ਹੁੰਦਾ ਸੀ। ਆਪਣੇ ਅਜਿਹੇ ਲੇਖਾਂ ਵਿੱਚ ਦਮਘੋਟੂ ਸੈਂਸਰਸ਼ਿੱਪ ਦੀਆਂ ਸਾਰੀਆਂ ਰੁਕਾਵਟਾਂ ਸੀਮਾਵਾਂ ਦੇ ਬਾਵਜੂਦ, ਚੇਰਨੇਸ਼ੇਵਸਕੀ ਲੋਕ ਘੋਲ਼ਾਂ ਦੁਆਰਾ ਸੱਤ੍ਹਾ-ਪਰਿਵਰਤਨ ਅਤੇ ਕਿਸਾਨ ਇਨਕਲਾਬ ਦੇ ਵਿਚਾਰ ਦਾ ਪ੍ਰਭਾਵਸ਼ਾਲੀ ਢੰਗ ਨਾਲ਼ ਪ੍ਰਚਾਰ ਕਰਦੇ ਰਹਿੰਦੇ ਸਨ। ਪਰ ਅਜਿਹੇ ਰਾਜਨੀਤਕ ਲੇਖਣ ਦੀ ਲਗਾਤਾਰਤਾ ਦੇ ਬਾਵਜੂਦ, 1855 ਤੋਂ 1857 ਦੇ ਵਿਚਕਾਰ ਚੇਰਨੇਸ਼ੇਵਸਕੀ ਨੇ ਸਾਹਿਤਕ ਇਤਿਹਾਸ ਅਤੇ ਅਲੋਚਨਾ ਵਿਸ਼ੇ ਨਾਲ਼ ਸਬੰਧਤ ਹੀ ਜ਼ਿਆਦਾ ਲਿਖਿਆ। ਜਿਸ ਵਿੱਚ ਉਨਾਂ ਨੇ ਯਥਾਰਥਵਾਦੀ ਧਾਰਾ ਦਾ ਪੱਖ ਲੈਂਦੇ ਹੋਏ ਲਗਾਤਾਰ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਹਿਤ ਦਾ ਇਕੋ ਇੱਕ ਉਦੇਸ਼ ਲੋਕਾਂ ਦੇ ਹਿੱਤਾਂ ਦੀ ਸੇਵਾ ਹੀ ਹੋ ਸਕਦਾ ਹੈ। ਉਨੀਵੀਂ ਸਦੀ ਦੇ ਤੀਜੇ ਦਹਾਕੇ ਤੋਂ ਲੈ ਕੇ ਪੰਜਵੇਂ ਦਹਾਕੇ ਤੱਕ ਹੀ ਰੂਸੀ ਪੱਤਰਕਾਰਤਾ ਅਤੇ ਜਨਮਤ ਦੇ ਅਧਿਐਨ ਦੇ ਅਧਾਰ ‘ਤੇ ਉਨਾਂ ਨੇ 1855-56 ਵਿੱਚ ‘ਰੂਸੀ ਸਾਹਿਤ ਦੇ ਗੋਗੋਲ ਯੁੱਗ ‘ਤੇ ਲੇਖ-ਲੜੀ’ ਲਿਖੀ ਅਤੇ ਬੇਲੰਸਿਕੀ ਦੀ ਜਮਹੂਰੀ ਅਲੋਚਨਾ ਦੀ ਪ੍ਰੰਪਰਾ ਨੂੰ ਅੱਗੇ ਵਿਸਤਾਰ ਦਿੱਤਾ। 1857 ਵਿੱਚ ਰੂਸ ਦੀਆਂ ਹਾਲਤਾਂ ਨੂੰ ਸੰਦਰਭਤ ਕਰਦੇ ਹੋਏ ਉਨਾਂ ਨੇ ਜਰਮਨੀ ਵਿੱਚ ਪ੍ਰਬੋਧਨ ਕਾਲੀਨ ਸਾਹਿਤ ਦੀ ਵਿਵੇਚਨਾ ‘ਲੇਸਿੰਗ: ਉਨਾਂ ਦਾ ਸਮਾਂ, ਜੀਵਨ ਅਤੇ ਕਾਰਜ’ ਨਾਮਕ ਪ੍ਰਸਿੱਧ ਲੇਖ ਲਿਖਕੇ ਪੇਸ਼ ਕੀਤੀ। ਚੇਰਨੇਸ਼ੇਵਸਕੀ ਨੇ ਇਸ ਦੌਰਾਨ ਦੇ ਆਪਣੇ ਸਾਹਿਤਕ ਲੇਖਣ ਵਿੱਚ ਮੁੱਖ ਤੌਰ ‘ਤੇ ਉਨਾਂ ਵਿਸ਼ੇਸ਼ ਇਤਿਹਾਸਕ ਹਾਲਤਾਂ ਦੀ ਪੜਤਾਲ਼ ਕੀਤੀ ਜਿਸ ਵਿੱਚ ”ਸਾਹਿਤ ਇਤਿਹਾਸਕ ਵਿਕਾਸ ਦੀ ਮੂਲ ਕਾਰਕ ਸ਼ਕਤੀ ਦੀ ਭੂਮਿਕਾ ਨਿਭਾਉਣ ਲਗਦਾ ਹੈ।” ਇਸ ਸੰਦਰਭ ਵਿੱਚ ਪੁਸ਼ਕਿਨ ਅਤੇ ਗੋਗੋਲ ਬਾਰੇ ਉਨ੍ਹਾਂ ਦੀ ਰਾਏ ਬਹੁਤ ਉਚੀ ਸੀ ਅਤੇ ਨੇਕਰਾਸੋਵ ਨੂੰ ਉਹ ਸਰਵਉਤਮ ਸਮਕਾਲੀ ਕਵੀ ਮੰਨਦੇ ਸਨ। 

1857 ਤੋਂ ਇੱਕੀ ਸਾਲਾ ਦੋਬ੍ਰੋਲਯੁਬੋਵ ‘ਸੋਵ੍ਰੇਮੇਨਿਕ’ ਦੇ ਪੁਸਤਕ-ਸਮੀਖਿਆ ਵਿਭਾਗ ਵਿੱਚ ਸੰਪਾਦਕ ਦੇ ਰੂਪ ਵਿੱਚ ਕੰਮ ਕਰਨ ਲੱਗੇ ਸਨ। ਇਸ ਪ੍ਰਤੀਭਾਸ਼ਾਲੀ ਨੌਜਵਾਨ ਵਿੱਚ ਚੇਰਨੇਸ਼ੇਵਸਕੀ ਨੇ ਅਸੀਮ ਸੰਭਾਵਨਾਵਾਂ ਅਤੇ ਪ੍ਰਚੰਡ ਇਨਕਲਾਬੀ ਊਰਜਾ ਦੇਖੀ। ਦੋਨਾਂ ਦੇ ਦਾਰਸ਼ਨਿਕ-ਸੁਹਜਸ਼ਾਸਤਰੀ ਅਤੇ ਰਾਜਨੀਤਕ ਵਿਚਾਰਾਂ ਵਿੱਚ ਵੀ ਅਦਭੁਤ ਸਮਾਨਤਾ ਸੀ। ਦੋਬ੍ਰੋਲਯੁਬੋਵ ਆਪਣੇ ਇਸ ਵਿਸ਼ੇਸ਼ ਸਹਿਕਰਮੀ ਨੂੰ ਛੇਤੀ ਹੀ ਗੁਰੂਸਮਾਨ ਮੰਨਣ ਲੱਗੇ ਅਤੇ ਚੇਰਨੇਸ਼ੇਵਸਕੀ ਵੀ ਉਸਨੂੰ ਵਿਦਿਆਰਥੀ ਜਿਹਾ ਸਨੇਹ ਦੇਣ ਲੱਗੇ। 1857 ਵਿੱਚ ਉਨਾਂ ਨੇ ਸਾਹਿਤਕ ਅਲੋਚਨਾਤਮਕ ਲੇਖਣ ਦਾ ਮਹਿਕਮਾ ਦੋਬ੍ਰੋਲਯੁਬੋਵ ਨੂੰ ਸੰਭਾਲ ਦਿੱਤਾ ਅਤੇ ਆਪਣੇ ਆਪ ਨੂੰ ਪੂਰੀ ਤਰਾਂ ਆਰਥਿਕ-ਰਾਜਨੀਤਕ ਸਮੱਸਿਆਵਾਂ ‘ਤੇ ਕੇਂਦਰਤ ਕੀਤਾ। ਉਸ ਸਮੇਂ ਰੂਸ ਦੀਆਂ ਲੱਗਭਗ ਸਾਰੀਆਂ ਪੱਤਰ-ਪੱਤ੍ਰਿਕਾਵਾਂ ਵਿੱਚ ਅਟੱਲ ਭੂਮੀ ਸੁਧਾਰਾਂ ਬਾਰੇ ਧੂੰਆਂਧਾਰ ਬਹਿਸ ਚੱਲ ਰਹੀ ਸੀ। 1858-59  ਦੌਰਾਨ ਦਰਜਣਾਂ ਲੇਖ ਲਿਖਕੇ ਚੇਰਨੇਸ਼ੇਵਸਕੀ ਨੇ ਉਦਾਰਵਾਦੀ ਕੁਲੀਨਾਂ ਦੁਆਰਾ ਪ੍ਰਸਤਾਵਿਤ ਸੁਧਾਰ ਯੋਜਨਾ ਦੀ ਤੀਬਰ ਅਲੋਚਨਾ ਕੀਤੀ ਅਤੇ ਕਿਸਾਨ ਸਵਾਲ ਦੇ ਇਨਕਲਾਬੀ ਜਮਹੂਰੀ ਹੱਲ ਦਾ ਬਦਲਵਾਂ ਪ੍ਰਸਤਾਵ ਰੱਖਿਆ। ਉਨਾਂ ਨੇ ਜਗੀਰਦਾਰਾਂ ਨੂੰ ਕੋਈ ਨੁਕਸਾਨਪੂਰਤੀ ਭੁਗਤਾਨ ਕੀਤੇ ਬਿਨਾਂ ਜਗੀਰੂ ਭੂ-ਮਾਲਕੀ ਢਾਂਚੇ ਦੇ ਖਾਤਮੇ ਦੀ ਮੰਗ ਕੀਤੀ। ਦਸੰਬਰ, 1858 ਤੱਕ ਚੇਰਨੇਸ਼ੇਵਸਕੀ ਦੀ ਇਹ ਵਿਸ਼ਵਾਸ਼ ਪੁਖਤਾ ਹੋ ਚੁੱਕਾ ਸੀ ਕਿ ਸਰਕਾਰ ਕਿਸਾਨ ਸਵਾਲ ਦਾ ਤਸੱਲੀਬਖਸ਼ ਹੱਲ ਕਰ ਹੀ ਨਹੀਂ ਸਕਦੀ। ਉਨਾਂ ਨੇ ਕਿਸਾਨ ਸਮੁਦਾਇ ਦੀ ਅਭੂਤਪੂਰਵ ਬਦਹਾਲੀ ਤਬਾਹੀ ਦੇ ਵਿਰੁੱਧ ਚਿਤਾਵਨੀ ਦਿੰਦੇ ਹੋਏ ਸਰਕਾਰੀ ਸੁਧਾਰਾਂ ਨੂੰ ਇਨਕਲਾਬੀ ਘੋਲ਼ ਦੁਆਰਾ ਨਾਕਾਮ ਕਰਨ ਦਾ ਸੱਦਾ ਦਿੱਤਾ। 

ਇਸ ਸਮੇਂ ਤੱਕ ਚੇਰਨੇਸ਼ੇਵਸਕੀ ਨਰਵਿਗਿਆਨਵਾਦ ਦੀਆਂ ਸੀਮਾਵਾਂ ਨੂੰ ਉਲੰਘ ਕੇ ਇਤਿਹਾਸ ਦੀ ਪਦਾਰਥਵਾਦੀ ਵਿਆਖਿਆ ਦੇ ਨੇੜੇ ਪਹੁੰਚਣ ਲੱਗੇ ਸਨ। ਆਪਣੀ ਇਸ ਪ੍ਰਸਥਾਪਨਾ ਨੂੰ ਵੱਖਰੇ-ਵੱਖਰੇ ਢੰਗ ਨਾਲ਼ ਉਨਾਂ ਨੇ ਕਈ ਲੇਖਾਂ ਵਿੱਚ ਪੇਸ਼ ਕੀਤਾ ਕਿ, ”ਰਾਜਨੀਤਕ ਖੇਤਰ ਸਾਹਿਤ ਜੀਵਨ ਦੇ ਸਾਰੇ ਖੇਤਰਾਂ ਵਿੱਚ ਵਿਕਾਸ ਦੀ ਹੀ ਤਰਾਂ, ਬੌਧਿਕ ਵਿਕਾਸ ਵੀ ਆਰਥਿਕ ਪ੍ਰਸਥਿਤੀਆਂ ‘ਤੇ ਨਿਰਭਰ ਹੁੰਦਾ ਹੈ।” ਆਪਣੇ ਰਾਜਨੀਤਕ ਪ੍ਰੋਗਰਾਮ ਨੂੰ ਤਾਰਕਿਕ ਨਜ਼ਰੀਏ ਤੋਂ ਇੱਕਸਾਰ ਬਣਾਉਣ ਲਈ ਆਰਥਿਕ ਸਿਧਾਂਤ ਦਾ ਡੂੰਘਾ ਅਧਿਐਨ ਕੀਤਾ ਅਤੇ ਜਿਵੇਂ ਕਾਰਲ ਮਾਰਕਸ ਨੇ ਲਿਖਿਆ ਸੀ, ”ਉਨਾਂ ਦੇ ਤੇਜ਼ ਦਿਮਾਗ ਦੀ ਰੌਸ਼ਨੀ ਨੇ ਬੁਰਜੂਆ ਅਰਥਸ਼ਾਸਤਰ ਦੇ ਦਿਵਾਲੀਏਪਣ ਨੂੰ ਉਜਾਗਰ ਕਰ ਦਿੱਤਾ।” ਬੁਰਜੂਆ ਰਾਜਨੀਤਕ ਅਰਥਸ਼ਾਸਤਰ ਦੀਆਂ ਵਿਸੰਗਤੀਆਂ ਨੂੰ ਉਦਘਾਟਿਤ ਕਰਦੇ ਹੋਏ ਚੇਰਨੇਸ਼ੇਵਸਕੀ ਨੇ ਉਸਦੇ ਸਮਾਂਤਰ ਆਪਣਾ ਕਿਰਤੀਆਂ ਦਾ ਆਰਥਿਕ ਸਿਧਾਂਤ ਪੇਸ਼ ਕੀਤਾ ਜਿਸ ਵਿੱਚ ”ਵਰਤਮਾਨ ਆਰਥਿਕ ਢਾਂਚੇ ਦੀ ਥਾਂ ਇੱਕ ਕਮਿਉਨਿਸਟ ਅਰਥਚਾਰਾ ਕਾਇਮ ਕਰਨ ਦੀ ਲੋੜ” ‘ਤੇ ਜ਼ੋਰ ਦਿੱਤਾ ਗਿਆ। 

ਚੇਰਨੇਸ਼ੇਵਸਕੀ ਦਾ ਆਰਥਿਕ ਸਿਧਾਂਤ ਮਾਰਕਸ ਤੋਂ ਪਹਿਲਾਂ ਦੇ ਆਰਥਿਕ ਚਿੰਤਨ ਦੇ ਸਭ ਤੋਂ ਉਨਤ ਰੂਪ ਦੀ ਅਗਵਾਈ ਕਰਦਾ ਹੈ। ਉਨਾਂ ਨੇ ਸ਼ੋਸ਼ਣ ਦੀ ਅਟੱਲਤਾ ਨੂੰ ਖਾਰਿਜ ਕਰਦੇ ਹੋਏ ਦਾਸ-ਪ੍ਰਥਾ, ਜਗੀਰਦਾਰੀ ਅਤੇ ਪੂੰਜੀਵਾਦ ਦੇ ਆਰਥਿਕ ਰੂਪਾਂ ਨੂੰ ਬਦਲਣਯੋਗ ਜਾਂ ਸੰਕਰਮਣਸ਼ੀਲ ਦੱਸਿਆ। ਉਨਾਂ ਦੀ ਮਾਨਤਾ ਅਨੁਸਾਰ, ਇੱਕ ਆਰਥਿਕ ਰੂਪ ਦੀ ਦੂਸਰੇ ‘ਤੇ ਸ੍ਰੇਸ਼ਠਤਾ ਦਾ ਪੈਮਾਨਾ ਇਹ ਹੈ ਕਿ ਉਹ ਸਮਾਜਿਕ ਕਿਰਤ ਦੀ ਉਤਪਾਦਕਤਾ ਵਿੱਚ ਵਾਧਾ ਬਿਹਤਰ ਢੰਗ ਨਾਲ਼ ਸੁਨਿਸ਼ਚਿਤ ਕਰਦਾ ਹੈ ਜਾਂ ਨਹੀਂ। ਇਸ ਅਧਾਰ ‘ਤੇ ਉਹਨਾਂ ਨੇ ਭੂ-ਗੁਲਾਮ ਪ੍ਰਥਾ ਦੀ ਗੰਭੀਰ ਤਰਕ ਭਰਪੂਰ ਅਲੋਚਨਾ ਪੇਸ਼ ਕੀਤੀ। ਪੂੰਜੀਵਾਦ ਦੀ ਸਾਪੇਖਿਕ ਪ੍ਰਗਤੀਸ਼ੀਲਤਾ ਨੂੰ ਸਵੀਕਾਰ ਕਰਦੇ ਹੋਏ ਚੇਰਨੇਸ਼ੇਵਸਕੀ ਨੇ ਪੂੰਜੀਵਾਦੀ ਉਤਪਾਦਨ ਦੀ ਅਰਾਜਕਤਾ ਦੀ, ਇਸ ਵਿੱਚ ਨਿਹਿਤ ਮੁਕਾਬਲੇ ਅਤੇ ਇਸਦੇ ਸੰਕਟਾਂ ਦੀ ਸਾਰਭਰਭੂਰ ਅਲੋਚਨਾ ਕੀਤੀ। ਪੂੰਜੀਵਾਦ ਤਹਿਤ ਮਜ਼ਦੂਰਾਂ ਦੇ ਸ਼ੋਸ਼ਣ ਦੀ ਅਲੋਚਨਾ ਕਰਦੇ ਹੋਏ ਉਨਾਂ ਨੇ ਸਮਾਜਿਕ ਕਿਰਤ ਦੀ ਉਤਪਾਦਕਤਾ ਨੂੰ ਇੱਕ ਸੀਮਾਂ ਤੋਂ ਅੱਗੇ ਵਧਾਉਣ ਵਿੱਚ ਇਸਦੀ ਅਯੋਗਤਾ ਦਾ ਵਿਸ਼ਲੇਸ਼ਣ ਕੀਤਾ ਅਤੇ ਇਹ ਸਥਾਪਨਾ ਦਿੱਤੀ ਕਿ ਪੂੰਜੀਵਾਦ ਤੋਂ ਸਮਾਜਵਾਦ ਵਿੱਚ ਸੰਕਰਮਣ ਇੱਕ ਅਜਿਹੀ ਇਤਿਹਾਸਕ ਲੋੜ ਹੈ ਜੋ ਮਨੁੱਖ ਜਾਤੀ ਦੇ ਸਮੁੱਚੇ ਵਿਕਾਸ ਦੁਆਰਾ ਤੈਅ ਹੁੰਦੀ ਹੈ। ਚੇਰਨੇਸ਼ੇਵਸਕੀ ਦਾ ਯੁਟੋਪੀਆਈ ਸਮਾਜਵਾਦ ਵਿਗਿਆਨਕ ਤਾਰਕਿਕ ਅਧਾਰ ਦੀ ਦ੍ਰਿਸ਼ਟੀ ਨਾਲ ਵਿਗਿਆਨਕ ਸਮਾਜਵਾਦ ਦੀ ਮਾਰਕਸਵਾਦੀ ਧਾਰਨਾ ਦੇ ਸਭ ਤੋਂ ਨੇੜੇ ਪ੍ਰਤੀਤ ਹੁੰਦਾ ਹੈ। ਇਹ ਅਨੁਮਾਨ ਆਪਣੇ ਆਪ ਵਿੱਚ ਦਿਲਚਸਪ ਲਗਦਾ ਹੈ ਕਿ ਜੇ ਚੇਰਨੇਸ਼ੇਵਸਕੀ ਨੇ ਸੈਂ ਸੀਮੋਂ, ਫੂਰੀਏ, ਮਿਲ, ਰਿਕਾਰਡੋ ਆਦਿ ਦੇ ਨਾਲ਼ ਹੀ ਆਪਣੇ ਸਮਕਾਲੀਨ ਕਾਰਲ ਮਾਰਕਸ ਅਤੇ ਫ੍ਰੈਡਰਿਕ ਏਂਗਲਜ਼ ਦੀਆਂ ਰਚਨਾਵਾਂ ਦਾ ਅਧਿਐਨ ਕੀਤਾ ਹੁੰਦਾ ਤਾਂ ਇਸਦਾ ਉਨਾਂ ਦੀ ਚਿੰਤਨ ਪ੍ਰਕਿਰਿਆ ‘ਤੇ ਕੀ ਪ੍ਰਭਾਵ ਪਿਆ ਹੁੰਦਾ। ਕੋਈ ਹੈਰਾਨੀ ਨਹੀਂ ਕਿ ਅਜਿਹੀ ਸਥਿਤੀ ਵਿੱਚ ਪਲੈਖਾਨੋਵ ਦੀ ਬਜਾਇ ਸ਼ਾਇਦ ਚੇਰਨੇਸ਼ੇਵਸਕੀ ਨੂੰ ਹੀ ਇਤਿਹਾਸ ਵਿੱਚ ਪਹਿਲੇ ਰੂਸੀ ਮਾਰਕਸਵਾਦੀ ਚਿੰਤਕ ਦਾ ਸਥਾਨ ਪ੍ਰਾਪਤ ਹੁੰਦਾ। ਭਾਵੇਂ, ਸਖ਼ਤ ਸੈਂਸਰਸ਼ਿਪ ਅਤੇ ਜੀਵਨ ਦਾ ਲਗਭਗ ਪੂਰਾ ਅਖਰੀ ਪੜਾਅ ਨਜਰਬੰਦੀ ਵਿੱਚ ਅਤੇ ਜੇਲ੍ਹਾਂ ਵਿੱਚ ਕੱਟਣ ਦੇ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਪਰ ਇੰਨਾ ਤੈਅ ਹੈ ਕਿ ਚੇਰਨੇਸ਼ੇਵਸਕੀ ਵਿਗਿਆਨਕ ਅਤੇ ਇਤਿਹਾਸਕ ਪਦਾਰਥਵਾਦੀ ਸੰਸਾਰ-ਨਜ਼ਰੀਏ ਦੇ ਸਭ ਤੋਂ ਨੇੜੇ ਪਹੁੰਚ ਚੁੱਕੇ ਸਨ ਅਤੇ ਰੂਸ ਦੀ ਕਮਿਉਨਿਸਟ ਲਹਿਰ ਦੇ ਜਥੇਬੰਦਕਾਂ ਨੂੰ ਉਹਨਾਂ ਜਿੰਨਾ ਕਿਸੇ ਵੀ ਹੋਰ ਇਨਕਲਾਬੀ ਜਮਹੂਰੀ ਰੂਸੀ ਚਿੰਤਕ ਨੇ ਪ੍ਰਭਾਵਿਤ ਨਹੀਂ ਕੀਤਾ। ਚੇਰਨੇਸ਼ੇਵਸਕੀ ਦੇ ਸਮਾਜਵਾਦ ਦੀ ਬੁਨਿਆਦੀ ਵਿਰੋਧਤਾਈ ਇਹ ਸੀ ਕਿ ਰੂਸੀ ਅਰਥਵਿਵਸਥਾ ‘ਤੇ ਪੂੰਜੀਵਾਦ ਦੇ ਨਿਯਮਾਂ ਦੇ ਵਧਦੇ ਪ੍ਰਭਾਵ ਨੂੰ ਸਵੀਕਾਰ ਕਰਦੇ ਹੋਏ ਵੀ ਇਹ ਸੋਚਦੇ ਸਨ ਕਿ ਰੂਸ ਪੂੰਜੀਵਾਦ ਦੇ ਪੜਾਅ ਚੋਂ ਗੁਜਰੇ ਬਿਨਾਂ ਅੱਗੇ ਜਾ ਸਕਦਾ ਹੈ ਅਤੇ ਪ੍ਰੰਪਰਾਗਤ ਕਿਸਾਨ ਕਮਿਉਨਾਂ ਦੀ ਸਮੁਦਾਇਕਤਾ ਦੇ ਅਧਾਰ ‘ਤੇ ਸਮਾਜਵਾਦ ਦਾ ਨਿਰਮਾਣ ਕਰ ਸਕਦਾ ਹੈ। ਮਜ਼ਦੂਰਾਂ ਦੇ ਪੂੰਜੀਵਾਦੀ ਸ਼ੋਸ਼ਣ ਦੀ ਅਲੋਚਨਾ ਕਰਦੇ ਹੋਏ ਵੀ ਉਹ ਮਜ਼ਦੂਰ ਇਨਕਲਾਬਾਂ ਨੂੰ ਵਿਕਸਿਤ ਯੂਰਪ ਦੀ ਵਿਸ਼ੇਸ਼ਤਾ ਮੰਨਦੇ ਸਨ, ਮਜ਼ਦੂਰ ਜਮਾਤ ਦੀ ਇਤਿਹਾਸਕ ਇਨਕਲਾਬੀ ਭੂਮਿਕਾ ਨੂੰ ਸਰਬਵਿਆਪੀ ਨਹੀਂ ਮੰਨਦੇ ਸਨ ਅਤੇ ਰੂਸ ਵਿੱਚ ਕਿਸਾਨ ਇਨਕਲਾਬਾਂ ਦੁਆਰਾ ਸਮਾਜਵਾਦ ਦੇ ਨਿਰਮਾਣ ਵਿੱਚ ਵਿਸ਼ਵਾਸ਼ ਰੱਖਦੇ ਸਨ। ਹਰਜਨ ਦੇ ਨਾਲ਼ ਹੀ ਚੇਰਨੇਸ਼ੇਵਸਕੀ ਨੂੰ ਵੀ ਰੂਸੀ ਨਰੋਦਵਾਦ ਦਾ ਆਦਿ ਸਿਧਾਂਤਕਾਰ ਮੰਨਿਆਂ ਜਾਂਦਾ ਹੈ, ਪਰ ਹਰਜਨ ਦੇ ਉਲਟ ਉਹਨਾਂ ਦਾ ਮੰਨਣਾ ਸੀ ਕਿ ਰੂਸ ਵਿੱਚ ਕਿਸਾਨ ਕਮਿਉਨਾਂ ਦੇ ਅਧਾਰ ‘ਤੇ ਸਮਾਜਵਾਦ ਦੇ ਨਿਰਮਾਣ ਲਈ ਉਦਯੋਗਿਕ ਤੌਰ ‘ਤੇ ਵਿਕਸਿਤ ਦੇਸ਼ਾਂ ਦੀ ਸਹਾਇਤਾ ਜ਼ਰੂਰੀ ਹੋਵੇਗੀ। ਇਸ ਅਰਥ ਵਿੱਚ ਰੂਸੀ ਸਮਾਜ ਦੇ ਇਤਿਹਾਸਕ ਵਿਕਾਸ ਦੀ ਵਿਸ਼ੇਸ਼ਤਾ ਬਾਰੇ ਆਪਣੀ ਵਿਸ਼ੇਸ਼ ਸੋਚ ਦੇ ਬਾਵਜੂਦ ਚੇਰਨੇਸ਼ੇਵਸਕੀ ਤਤਕਾਲੀਨ ਰੂਸ ਵਿੱਚ ਪ੍ਰਚੱਲਿਤ ਉਸ ‘ਸਲਾਵੋਫਿਲ’ ਸੋਚ ਨਾਲੋਂ ਬਿਲਕੁਲ ਅਲੱਗ ਖੜ੍ਹੇ ਸਨ, ਜਿਸਦਾ ਇਹ ਮੰਨਣਾ ਸੀ ਕਿ ਰੂਸ ‘ਪੁਰਾਣੀ ਦੁਨੀਆਂ’ ਨੂੰ ਸਮਾਜਿਕ ਵਿਕਾਸ ਦੇ ਮੌਲਿਕ ਅਤੇ ਮੂਲੋਂ ਹੀ ਨਵੇਂ ਰੂਪਾਂ ਤੋਂ ਜਾਣੂ ਕਰਵਾਏਗਾ। 

1859 ਤੱਕ ਚੇਰਨੇਸ਼ੇਵਸਕੀ ਨੂੰ ਰੂਸ ਵਿੱਚ ਆਮ ਤੌਰ ‘ਤੇ ਇਨਕਲਾਬੀ ਜਮਹੂਰੀਅਤ ਦਾ ਆਗੂ ਅਤੇ ਪੱਤ੍ਰਿਕਾ ‘ਸੋਵ੍ਰੇਮੇਨਿਕ’ ਨੂੰ ਉਸਦਾ ਜੁਝਾਰੂ ਮੁੱਖ ਪੱਤਰ ਮੰਨਿਆਂ ਜਾਣ ਲੱਗਿਆ ਸੀ। ਚੇਰਨੇਸ਼ੇਵਸਕੀ ਨੂੰ ਇੱਕ ਵਿਆਪਕ ਇਨਕਲਾਬੀ ਲੋਕ-ਉਭਾਰ ਦੀ ਅਟੱਲਤਾ ਦਾ ਵਿਸ਼ਵਾਸ਼ ਸੀ ਅਤੇ ਇੱਕ ਕਿਸਾਨ ਇਨਕਲਾਬ ਦੇ ਰਾਜਨੀਤਕ ਪ੍ਰੋਗਰਾਮ ਦੇ ਵਿਕਾਸ ਵਿੱਚ ਹੀ ਉਹ ਆਪਣੀ ਸਾਰੀ ਊਰਜਾ ਲਾ ਰਹੇ ਸਨ। ਫ੍ਰਾਂਸੀਸੀ ਇਤਿਹਾਸ ਨਾਲ਼ ਸਬੰਧਤ ਲੇਖਾਂ ਦੀ ਇੱਕ ਲੜੀ ਵਿੱਚ ਇਨਕਲਾਬੀ ਘਟਨਾਵਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਉਨਾਂ ਨੇ ਲੋਕਾਂ ਦੀ ਆਗੂ ਭੂਮਿਕਾ ਨੂੰ ਅਤੇ ਬੁਨਿਆਦੀ ਆਰਥਿਕ ਤਬਦੀਲੀਆਂ ਵਿੱਚ ਉਨ੍ਹਾਂ ਦੀ ਦਿਲਚਸਪੀ ਨੂੰ ਵਿਸ਼ੇਸ਼ ਤੌਰ ‘ਤੇ ਰੇਖਾਂਕਿਤ ਕੀਤਾ। ਤੁਰਗੇਨੇਵ ਦੇ ਨਾਵਲਿਟ ‘ਆਸੀਆ’ ਬਾਰੇ 1858 ਵਿੱਚ ਲਿਖੇ ਗਏ ਆਪਣੇ ਲੇਖ ਵਿੱਚ ਉਹਨਾਂ ਨੇ ਰੂਸੀ ਉਦਾਰਵਾਦ ਦੀ ਨਿਪੁੰਸਕਤਾ ਨੂੰ ਪ੍ਰਭਾਵੀ ਢੰਗ ਨਾਲ਼ ਉਦਘਾਟਿਤ ਕੀਤਾ। 1859 ਤੋਂ 1862 ਤੱਕ ਨਿਯਮਤ ਲਿਖੇ ਗਏ ਕੌਮਾਂਤਰੀ ਘਟਨਾਵਾਂ ਦੇ ਆਪਣੇ ਮਾਸਿਕ ਸਰਵੇਖਣ ਵਿੱਚ ਪੱਛਮੀ ਯੂਰਪ ਦੇ ਇਤਿਹਾਸਕ ਤਜਰਬਿਆਂ ਦੇ ਹਵਾਲੇ ਨਾਲ਼ ਚੇਰਨੇਸ਼ੇਵਸਕੀ ਰੂਸ ਦੀਆਂ ਭਖਦੀਆਂ ਸਮੱਸਿਆਵਾਂ ਅਤੇ ਉਸਦੇ ਸੰਭਾਵਿਤ ਹੱਲਾਂ ਬਾਰੇ ਲਗਾਤਾਰ ਕੁੱਝ ਨਾ ਕੁੱਝ ਲਿਖਦੇ ਰਹੇ। 1861 ਤੱਕ ਚੇਰਨੇਸ਼ੇਵਸਕੀ ਨੂੰ ਇਹ ਵਿਸ਼ਵਾਸ ਹੋ ਗਿਆ ਸੀ ਕਿ ਨਿਰੰਕੁਸ਼ ਜ਼ਾਰਸ਼ਾਹੀ ਦੇ ਰਹਿੰਦੇ ਨਾ ਤਾਂ ਜਗੀਰੂ ਸੰਸਥਾਵਾਂ ਖਤਮ ਹੋ ਸਕਦੀਆਂ ਹਨ, ਨਾ ਹੀ ਲੋਕਾਂ ਨੂੰ ਰਾਜਨੀਤਕ ਅਜ਼ਾਦੀ ਹਾਸਿਲ ਹੋ ਸਕਦੀ ਹੈ। ਆਪਣੇ ਲੇਖਾਂ ਵਿੱਚ ਹੁਣ ਉਹ ਨਿਰੰਕੁਸ਼ ਸੱਤ੍ਹਾ ਦੇ ਵਿਰੁੱਧ ਇਨਕਲਾਬ ਦਾ ਪ੍ਰਤੱਖ ਸੱਦਾ ਦੇਣ ਲੱਗੇ ਸਨ। ਅਬਾਦੀ ਦੇ ਵੱਖ-ਵੱਖ ਹਿੱਸਿਆਂ ਦੇ ਨਾਮ ਅਪੀਲਾਂ ਜਾਰੀ ਕਰਨ ਲਈ ਉਹਨਾਂ ਨੇ ਇੱਕੋ ਵਿਚਾਰ ਵਾਲ਼ੇ ਕੁੱਝ ਲੋਕਾਂ ਨੂੰ ਨਾਲ਼ ਲੈ ਕੇ ਇੱਕ ਐਸੋਸੀਏਸ਼ਨ ਵੀ ਬਣਾਈ। ਚੇਰਨੇਸ਼ੇਵਸਕੀ ਦੁਆਰਾ ਕਿਸਾਨਾਂ ਦੇ ਨਾਮ ਜਾਰੀ ਇੱਕ ਅਪੀਲ ਇੱਕ ਗੈਰਕਾਨੂੰਨੀ ਪ੍ਰੈਸ ‘ਤੇ ਛਾਪੇ ਦੌਰਾਨ ਪੁਲਿਸ ਨੇ ਜ਼ਬਤ ਕਰ ਲਈ। ਸਤੰਬਰ, 1861 ਤੋਂ ਉਹਨਾਂ ਨੂੰ ਖੁਫੀਆ ਪੁਲਿਸ ਦੀ ਨਿਗਰਾਨੀ ਵਿੱਚ ਰੱਖਣ ਦਾ ਆਦੇਸ਼ ਜਾਰੀ ਹੋ ਗਿਆ। ਪਰ ਇਸ ਨਾਲ਼ ਉਨਾਂ ਦੇ ਲੇਖਣ ਅਤੇ ਸਰਗਰਮੀ ਵਿੱਚ ਕੋਈ ਕਮੀ ਨਹੀਂ ਆਈ। ‘ਜ਼ਮੀਨ ਅਤੇ ਆਜ਼ਾਦੀ’ ਨਾਮਕ ਇਨਕਲਾਬੀ ਜਥੇਬੰਦੀ ਲਈ ਤਾਂ ਉਨਾਂ ਦੀ ਭੂਮਿਕਾ ਨਾ ਸਿਰਫ ਵਿਚਾਰਧਾਰਕ ਪ੍ਰੇਰਕ ਦੀ ਸਗੋਂ ਇੱਕ ਨਿਯਮਤ ਸਲਾਹਕਾਰ ਦੀ ਵੀ ਸੀ। ਉਨਾਂ ਦੇ ਲੇਖਾਂ ਅਤੇ ਅਪੀਲਾਂ ਦੀ ਜ਼ਬਤੀ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ ਸੀ। 

ਹੁਣ, ਅਖੀਰ ਵਿੱਚ ਜ਼ਾਰਸ਼ਾਹੀ ਨੇ ਚੇਰਨੇਸ਼ੇਵਸਕੀ ਦੀ ਸਰਗਰਮੀ ਜ਼ਬਰਦਸਤੀ ਠੱਪ ਕਰਨ ਦੀ ਧਾਰ ਲਈ। 7 ਜੁਲਾਈ, 1862 ਨੂੰ ਉਨਾਂ ਨੂੰ ਗ੍ਰਿਫਤਾਰ ਕਰਕੇ ਪੀਟਰ ਅਤੇ ਪਾਲ ਦੇ ਕਿਲ੍ਹੇ ਵਿੱਚ ਬੰਦ ਕਰ ਦਿੱਤਾ ਗਿਆ। ‘ਸੋਵ੍ਰੇਮੇਨਿਕ’ ‘ਤੇ ਅੱਠ ਮਹੀਨਿਆਂ ਲਈ ਰੋਕ ਲਾ ਦਿੱਤੀ ਗਈ। ਕੈਦ ਤਨਹਾਈ ਦੇ ਦੌਰਾਨ ਰਾਜਨੀਤਕ ਅਤੇ ਅਖਬਾਰੀ ਗਤੀਵਿਧੀਆਂ ਇੱਕਦਮ ਅਸੰਭਵ ਸਨ। ਪਰ ਲੇਖਣੀ ਦੇ ਯੋਧੇ ਨੂੰ ਹਾਰ ਜਾਂ ਗੈਰ-ਸਰਗਰਮੀ ਵੀ ਸਵੀਕਾਰ ਨਹੀਂ ਸੀ। ਚੇਰਨੇਸ਼ੇਵਸਕੀ ਸਿਰਜਣਾਤਮਕ ਲੇਖਣ ਵੱਲ ਮੁੜੇ। ਆਪਣੇ ਸਿਧਾਂਤ ਅਤੇ ਆਦਰਸ਼ਾਂ ਨੂੰ ਉਹਨਾਂ ਨੇ ਨਾਵਲ ਜ਼ਰੀਏ ਲੋਕਾਂ ਤੱਕ ਪਹੁੰਚਾਉਣ ਵਿੱਚ ਨਵੇਂ ਵਿਚਾਰਵਾਨ ਨੌਜਵਾਨਾਂ ਦੀ ਇਨਕਲਾਬ-ਦੀਕਸ਼ਾ ਲਈ ਸਾਹਿਤ ਦੀ ਪ੍ਰਭਾਵੀ ਵਰਤੋਂ ਕਰਨ ਦਾ ਫੈਸਲਾ ਕੀਤਾ। ਇਸ ਫੈਸਲੇ ਦਾ ਸਿੱਟਾ ਸੀ 1862-63 ਦੇ ਦੋ ਸਾਲਾਂ ਦੌਰਾਨ ਲਿਖਿਆ ਗਿਆ ਉਨਾਂ ਦਾ ਇਤਿਹਾਸ ਪ੍ਰਸਿੱਧ ਨਾਵਲ ‘ਕੀ ਕਰਨਾ ਲੋੜੀਏ?’ ਜੋ ਲੈਨਿਨ ਅਤੇ ਉਸਦੀ ਪੀੜ੍ਹੀ ਦੇ ਜ਼ਿਆਦਾਤਰ ਰੂਸੀ ਇਨਕਲਾਬੀਆਂ ਦੀ ਪਿਆਰੀ ਰਚਨਾ ਸੀ।  

ਇਤਿਹਾਸ ਦੀ ਸਮੇਂ ਅਨੁਸਾਰੀ ਮੰਗ ਨੂੰ ਸਹੀ ਸਟੀਕ ਢੰਗ ਨਾਲ਼ ਪ੍ਰਗਟ ਕਰਨ ਦੀ ਸਥਿਤੀ ਵਿੱਚ ਕੋਈ ਇੱਕ ਕਲਾਕਿਰਤ, ਕਿਸੇ ਸਮਾਜ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕਰ ਸਕਦੀ ਹੈ ਅਤੇ ਇਤਿਹਾਸ ਨਿਰਮਾਤਾਵਾਂ ਦੀ ਇੱਕ ਪੂਰੀ ਪੀੜੀ ਨੂੰ ਸਿੱਖਿਅਤ—ਦੀਕਸ਼ਿਤ ਕਰਨ ਵਿੱਚ ਕਿੰਨੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਇਸਨੂੰ ਜਾਨਣ ਲਈ ਉਨੀਵੀਂ ਸਦੀ ਦੇ ਆਖਰੀ ਚਾਰ ਦਹਾਕਿਆਂ (ਅਤੇ ਉਨੀਵੀਂ ਸਦੀ ਦੇ ਪਹਿਲੇ ਦਹਾਕੇ) ਦੌਰਾਨ ਰੂਸੀ ਸਮਾਜ ਅਤੇ ਵਿਸ਼ੇਸ਼ ਕਰਕੇ ਨੌਜਵਾਨ ਵਰਗ ‘ਤੇ, ‘ਕੀ ਕਰਨਾ ਲੋੜੀਏ?’ ਦੇ ਪ੍ਰਭਾਵ ਦਾ ਅਧਿਐਨ ਕੀਤਾ ਜਾ ਸਕਦਾ ਹੈ। 

ਇਹ ਨਾਵਲ ਚੇਰਨੇਸ਼ੇਵਸਕੀ ਦੇ ਸਮਾਜਿਕ, ਰਾਜਨੀਤਕ, ਆਰਥਿਕ, ਦਾਰਸ਼ਨਿਕ ਅਤੇ ਨੈਤਿਕ ਵਿਚਾਰਾਂ ਦਾ ਅਨੋਖਾ ਸੁਮੇਲ ਆਪਣੀ ਕਥਾਵਸਤੂ ਦੀ ਬਣਤਰ ਜ਼ਰੀਏ ਪੇਸ਼ ਕਰਦਾ ਹੈ। ਨਾਲ਼ ਹੀ, ਆਪਣੇ ਸਮੇਂ ਦੇ ਪ੍ਰਗਤੀਸ਼ੀਲ ਨੌਜਵਾਨਾਂ ਸਾਹਮਣੇ ਇਹ ਵਿਵਹਾਰਕ ਕਾਰਵਾਈ ਦੀ ਇੱਕ ਠੋਸ ਯੋਜਨਾ ਵੀ ਪੇਸ਼ ਕਰਦਾ ਹੈ। 1860 ਵਿੱਚ ਇੱਕ ਲੇਖ ਵਿੱਚ ਆਪਣੇ ਦਾਰਸ਼ਨਿਕ ਵਿਚਾਰਾਂ ਨੂੰ ਸਹੀ ਢੰਗ ਨਾਲ਼ ਪੇਸ਼ ਕਰਦੇ ਹੋਏ ਚੇਰਨੇਸ਼ੇਵਸਕੀ ਨੇ ”ਤਾਰਕਿਕ ਅਹੰਵਾਦ” ਦਾ ਆਪਣਾ ਨੈਤਿਕ ਤੇ ਆਚਾਰ ਸ਼ਾਸਤਰੀ ਸਿਧਾਂਤ ਪੇਸ਼ ਕੀਤਾ ਸੀ। ਚੇਰਨੇਸ਼ੇਵਸਕੀ ਦਾ ਆਚਾਰ ਸ਼ਾਸਤਰ ਵਿਅਕਤੀ ਦੇ ਹਿੱਤ ਨੂੰ ਸਮਾਜ ਤੋਂ ਹਟਾ ਕੇ ਨਹੀਂ ਦੇਖਦਾ ਸੀ। ਉਨਾਂ ਦਾ ਇਹ ਮੰਨਣਾ ਸੀ ਕਿ ਵਿਅਕਤਿਕਤਾ ਵੀ ਆਮ ਸਮਾਜਿਕ ਹਿੱਤਾਂ ਬਾਰੇ ਸਰੋਕਾਰਾਂ ਦੁਆਰਾ ਹੀ ਮੁਖਰ ਹੁੰਦੀ ਹੈ ਅਤੇ ਨਿੱਖਰਦੀ ਹੈ। ”ਤਾਰਕਿਕ ਅਹੰਵਾਦ” ਤੋਂ ਚੇਰਨੇਸ਼ੇਵਸਕੀ ਦਾ ਭਾਵ ਸੀ ਵਿਅਕਤੀਗਤ ਲਾਭ ਨੂੰ ਸਵੈ ਇੱਛਾ ਨਾਲ਼ ਆਮ ਹਿੱਤਾਂ ਦੇ ਅਧੀਨ ਕਰ ਦੇਣਾ ਅਤੇ ਅਖੀਰ ਵਿੱਚ ਇਹ ਵਿਅਕਤੀ ਦੇ ਵਿਕਾਸ ਦੇ ਨਜ਼ਰੀਏ ਤੋਂ ਵੀ ਹਿਤਕਾਰੀ ਸਿੱਧ ਹੁੰਦਾ ਹੈ। ”ਤਾਰਕਿਕ ਅਹੰਵਾਦ” ਦੇ ਇਸੇ ਨੈਤਿਕ ਸੂਤਰ ਨਾਲ਼ ਕਥਾ-ਬੰਧ ਦਾ ਨਿਰਮਾਣ ਕਰਦੇ ਹੋਏ ਚੋਰਨੇਸ਼ੇਵਸਕੀ ਨੇ ‘ਕੀ ਕਰਨਾ ਲੋੜੀਏ?’ ਨਾਵਲ ਵਿੱਚ ਇੱਕਦਮ ਨਵੀਂ ਕਿਸਮ ਦੇ ਲੋਕਾਂ ਦੇ ਜੀਵਨ ਦੀ ਕਹਾਣੀ ਪੇਸ਼ ਕੀਤੀ, ਜਿਨ੍ਹਾਂ ਦੇ ਮੂਲੋਂ ਹੀ ਨਵੀਂ ਕਿਸਮ ਦੇ ਨੈਤਿਕ ਅਤੇ ਸਮਾਜਿਕ ਵਿਚਾਰ ਸਨ, ਨਵੀਂ ਕਿਸਮ ਦਾ ਪਰਿਵਾਰਕ ਜੀਵਨ ਸੀ। ਉਹ ਆਪਣੀ ਕਿਰਤ ਦੇ ਸਹਾਰੇ ਜੀਵਨ ਬਤੀਤ ਕਰਨ ਵਾਲ਼ੇ ਲੋਕ ਸਨ ਜੋ ਆਪਣੇ ਵਿਵਹਾਰਕ ਜੀਵਨ ਦੀਆਂ ਉਦਾਹਰਣਾਂ ਨਾਲ਼ ਲੋਕਾਂ ਨੂੰ ਸਮਾਜਵਾਦ ਦੇ ਵਿਚਾਰਾਂ ਦਾ ਕਾਇਲ ਬਣਾਉਣ ਦਾ ਕੰਮ ਕਰਦੇ ਸਨ। 1860 ਦੇ ਦਹਾਕੇ ਦੇ ਰੂਸ ਵਿੱਚ ਪੇਸ਼ ਇਹ ਚਰਿੱਤਰ ਨਿਰਸੰਦੇਹ ਭਵਿੱਖ ਦੇ ਨਾਗਰਿਕ ਸਨ। ਪਰ ਇਨਾਂ ਚਰਿੱਤਰਾਂ ਦਾ ਭੌਤਿਕ ਆਤਮਿਕ ਜੀਵਨ ਰੂਸ ਦੇ ਪ੍ਰਗਤੀਸ਼ੀਲ ਨੌਜਵਾਨਾਂ ਦੇ ਸੁਪਨਿਆਂ ਅਕਾਂਖਿਆਵਾਂ ਦਾ ਇੰਨੇ ਘਣੇ, ਸਟੀਕ ਅਤੇ ਵਿਸ਼ਵਾਸ਼ ਯੋਗ ਰੂਪ ਵਿੱਚ ਪ੍ਰਤੀਨਿਧਤਾ ਕਰਦਾ ਸੀ ਕਿ ਉਹ ਪਲ ਭਰ ‘ਚ ਹੀ ਉਹਨਾਂ ‘ਚ ਆਪਣਾ ਅਕਸ ਦੇਖ ਲੈਂਦੇ ਸਨ। ਇੱਕ ਕਲਪਿਤ ਸਮਾਜ ਦੇ ਸਮਾਜਵਾਦੀ ਵਾਤਾਵਰਣ ਵਿੱਚ ਚੇਰਨੇਸ਼ੇਵਸਕੀ ਨੇ ਕਿਰਤ ਸੰਘਾਂ ਵਿੱਚ ਜਥੇਬੰਦ ਸਮੁਦਾਇਕ ਉਤਪਾਦਨ ਪ੍ਰਕਿਰਿਆ ਅਤੇ ਉਸ ‘ਤੇ ਅਧਾਰਤ ਸਮਾਜਿਕ ਜੀਵਨ ਦੀ ਕਹਾਣੀ ਪੇਸ਼ ਕਰਦੇ ਹੋਏ ਚੇਰਨੇਸ਼ੇਵਸਕੀ ਨੇ ਭਵਿੱਖੀ ਸਮਾਜ ਦਾ ਇੱਕ ਕਲਪਨਾ ਚਿੱਤਰ (ਪਰ ਯਥਾਰਥਵਾਦੀ ਕਲਪਨਾ-ਚਿੱਤਰ) ਪੇਸ਼ ਕਰਨ ਦੇ ਨਾਲ਼ ਹੀ ਇਸ ਨਾਵਲ  ਨੇ ਨਾਰੀ-ਮੁਕਤੀ ਦੇ ਵਿਚਾਰਾਂ ਨੂੰ ਵੀ ਆਪਣੇ ਸਮੇਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ਼ ਪੇਸ਼ ਕੀਤਾ ਅਤੇ ਲੋਕਪ੍ਰਿਯ ਬਣਾਉਣ ਦਾ ਕੰਮ ਕੀਤਾ। 

ਜੇਲ੍ਹ ਦੀ ਕੋਠੜੀ ਵਿੱਚ ਮੁਕੱਦਮੇ ਦਾ ਇੰਤਜ਼ਾਰ ਕਰਦੇ ਹੋਏ ਚੇਰਨੇਸ਼ੇਵਸਕੀ ਨੇ ਇਸ ਨਾਵਲ ਦੇ ਲੇਖਣ ਵਿੱਚ ਚਾਰ ਮਹੀਨੇ ਦਾ ਸਮਾਂ ਲਾਇਆ। ਇਸ ਨਾਵਲ ਦੀ ਹੋਣੀ ਵਿੱਚ ਕਾਫੀ ਕੁੱਝ ਅਸਹਿਜ ਅਤੇ ਅਣਕਿਆਸਿਆ ਸੀ ਅਤੇ ਇਸਨੂੰ ਇੱਕ ਲੰਬਾ ਤੇ ਚਰਚਿਤ ਜੀਵਨ ਮਿਲਣਾ ਸੀ। ਇਸਦਾ ਸਾਹਿਤਕ ਅਭਿਆਨ ਤਾਂ ਉਥੋਂ ਹੀ ਸ਼ੁਰੂ ਹੋ ਗਿਆ, ਜਦੋਂ ਪੀਟਰ ਅਤੇ ਪਾਲ ਕਿਲੇ ਵਿੱਚ ਚੋਰਨੇਸ਼ੇਵਸਕੀ ਨਾਲ਼ ਮਿਲਕੇ ਜਾ ਰਹੇ ਕਵੀ-ਮਿੱਤਰ ਨੇਕ੍ਰਾਸੋਵ ਤੋਂ ਇਸਦਾ ਖਰੜਾ ਰਸਤੇ ਵਿੱਚ ਹੀ ਕਿਤੇ ਗੁੰਮ ਹੋ ਗਿਆ ਅਤੇ ਕਈ ਘੰਟੇ ਖੋਜਣ ਤੋਂ ਬਾਅਦ ਵੀ ਨਹੀਂ ਮਿਲਿਆ। ਚੰਗੇ ਭਾਗੀਂ, ਇਹ ਉਸੇ ਰਸਤੇ ਤੋਂ ਲੰਘ ਰਹੇ ਕਿਸੇ ਅਣਜਾਣ ਵਿਅਕਤੀ ਨੂੰ ਮਿਲ਼ ਗਿਆ ਅਤੇ ਉਹ ਵਿਅਕਤੀ ਇੰਨਾ ਜ਼ਿੰਮੇਦਾਰ ਅਤੇ ਸਮਝਦਾਰ ਨਿੱਕਲਿਆ ਕਿ ਇਸ ਖਰੜੇ ਨੂੰ ‘ਸੇਵ੍ਰੇਮੇਨਿਕ’ ਦੇ ਦਫਤਰ ਵਿੱਚ ਦੇ ਆਇਆ। ਸੈਂਸਰ ਨੂੰ ਸਫਲਤਾ ਪੂਰਬਕ ਚਕਮਾ ਦੇ ਕੇ, ਨੇਕ੍ਰਾਸੋਵ ਨੇ ਇਸ ਨੂੰ 1863 ਵਿੱਚ, ਬਿਨਾਂ ਲੇਖਕ ਦੇ ਨਾਮ ਦੇ ਪ੍ਰਕਾਸ਼ਤ ਕੀਤਾ। ਪਲੇਖਾਨੋਵ ਨੇ 1890 ਵਿੱਚ ਚੇਰਨੇਸ਼ੇਵਸਕੀ ‘ਤੇ ਲਿਖੀ ਗਈ ਆਪਣੀ ਪੁਸਤਕ ਵਿੱਚ ਲਿਖਿਆ: ”ਰੂਸ ਵਿੱਚ ਟਾਈਪਿੰਗ ਪ੍ਰੈਸ ਦੇ ਚੱਲਣ ਤੋਂ ਲੈ ਕੇ ਹੁਣ ਤੱਕ, ਕਿਸੇ ਵੀ ਛਪੀ ਰਚਨਾ ਨੂੰ ‘ਕੀ ਕਰਨਾ ਲੋੜੀਏ?’ ਜਿੰਨੀ ਸਫਲਤਾ ਨਹੀਂ ਮਿਲੀ। ਤਾਂ ਭਲਾ ਕੋਈ ਲੇਖਕ ਦੇ ਮਿਥਿਅਭਿਮਾਨ ਦੀਆਂ ਗੱਲਾਂ ਇਸ ਤੱਥ ‘ਤੇ ਜ਼ੋਰ ਦੇਣ ਲਈ ਕਿਵੇਂ ਕਰ ਸਕਦਾ ਹੈ ਕਿ ਉਹ ਇੱਕ ਕਲਾਕਾਰ ਨਹੀਂ ਹੈ!”

ਨਿਰਸੰਦੇਹ, ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ‘ਕੀ ਕਰਨਾ ਲੋੜੀਏ?’ ਸਾਹਿਤਕ ਦ੍ਰਿਸ਼ਟੀ ਤੋਂ ਕੋਈ ਮਾਂਜੀ ਹੋਈ ਕਲਾਤਮਕ ਰਚਨਾ ਨਹੀਂ ਹੈ। ਸਗੋਂ ਇਸਨੂੰ ਕਿਸੇ ਹੱਦ ਤੱਕ ਅਨਘੜ ਵੀ ਕਿਹਾ ਜਾ ਸਕਦਾ ਹੈ। ਇਸ ਤੱਥ ਨੂੰ ਚੇਰਨੇਸ਼ੇਵਸਕੀ ਨੇ ਆਪ ਵੀ ਮੰਨਿਆ ਹੈ। ਪਰ ਉਨਾਂ ਦਾ ਵਿਸ਼ਵਾਸ ਸੀ ਕਿ ਇਸ ਨਾਵਲ ਦੇ ਸਿਰਜਕ ਵਿੱਚ ਸਾਹਿਤਕ ਪ੍ਰਤਿਭਾ ਦੀ ਘਾਟ ਦੀ ਪੂਰਤੀ ਇਸ ਤੱਥ ਨਾਲ਼ ਹੋ ਜਾਂਦੀ ਹੈ ਕਿ ਕੁੱਝ ਚੀਜ਼ਾਂ ਬਾਰੇ ਉਸਦੀ ਜਾਣਕਾਰੀ ਅਤੇ ਸਮਝਦਾਰੀ ਕਿਸੇ ਵੀ ਦੂਜੇ ਦੇ ਮੁਕਾਬਲੇ ਜ਼ਿਆਦਾ ਸਹੀ-ਸਟੀਕ ਹੈ। ਕਰੁਪਸਕਾਇਆ ਨੇ ਵੀ ਆਪਣੀਆਂ ਯਾਦਾਂ ਵਿੱਚ ਲਿਖਿਆ ਹੈ ਕਿ ਲੈਨਿਨ ਇਸ ਨਾਵਲ ਦੀ ‘ਅਕਲਾਤਮਕ ਅਤੇ ਸਰਲ-ਸਹਿਜ ਸ਼ੈਲੀ ਦੇ ਬਾਵਜੂਦ” ਇਸਨੂੰ ਬੇਹੱਦ ਪਸੰਦ ਕਰਦੇ ਸਨ। ਚੇਰਨੇਸ਼ੇਵਸਕੀ ਰਚਨਾਤਮਕ ਲੇਖਣ ਦੇ ਉਸਤਾਦ ਨਹੀਂ ਸਨ। ਉਨਾਂ ਦੀਆਂ ਮੂਲ ਚਿੰਤਾਵਾਂ ਦਾਰਸ਼ਨਿਕ ਅਤੇ ਸਮਾਜਿਕ-ਰਾਜਨੀਤਕ ਸਨ ਅਤੇ ਜੇਲ੍ਹ ਤੇ ਸੈਂਸਰ ਦੀਆਂ ਹਾਲਤਾਂ ਨੇ ਉਹਨਾਂ ਨੂੰ ਮਜ਼ਬੂਰ ਕੀਤਾ ਕਿ ਉਹ ਆਪਣੇ ਸਰੋਕਾਰਾਂ ਨੂੰ ਨਾਵਲ ਦੇ ਜ਼ਰੀਏ ਸਮਾਜ ਦੇ ਉਨਾਂ ਸਜਗ-ਸੁਚੇਤ, ਹਿਰਾਵਲ ਤੱਤਾਂ ਤੱਕ ਪਹੁੰਚਾਏ ਜੋ ਆਮ ਲੋਕਾਂ ਨੂੰ ਭਾਵੀ ਇਨਕਲਾਬ ਲਈ ਜਾਗ੍ਰਿਤ ਅਤੇ ਜਥੇਬੰਦ ਕਰ ਸਕਦੇ ਹਨ। ਨਿਰਸੰਦੇਹ, ਚੇਰਨੇਸ਼ੇਵਸਕੀ ਅਲੋਚਨਾ ਅਤੇ ਸੁਹਜਸ਼ਾਸਤਰ ਦੇ ਇੱਕ ਮਹਾਨ ਸਿਧਾਂਤਕਾਰ ਵੀ ਸਨ, ਪਰ ਆਪਣੀਆਂ ਸੁਹਜਸ਼ਾਸਤਰੀ ਪ੍ਰਸਥਾਪਨਾਵਾਂ ਨੂੰ ਮੂਰਤ ਰੂਪ ਦੇਣ ਲਈ ਉਹਨਾਂ ਨੇ ਰਚਨਾਤਮਕ ਲੇਖਣ ਬਾਰੇ ਕਦੇ ਨਹੀਂ ਸੋਚਿਆ ਸੀ। ਪ੍ਰਬੋਧਨਕਾਲੀਨ ਫ੍ਰਾਂਸੀਸੀ ਫਿਲਾਸਫਰਾਂ ਦੀ ਹੀ ਤਰਾਂ ਉਨਾਂ ਦੀਆਂ ਮੂਲ ਚਿੰਤਾਵਾਂ ਦਾਰਸ਼ਨਿਕ-ਸਮਾਜਿਕ ਸਨ ਉਨਾਂ ਨੇ ਕਥਾ ਸਾਹਿਤ ਦੀ ਸਿਰਜਣਾ ਉਦੋਂ ਕੀਤੀ ਜਦੋਂ ਆਪਣੇ ਇਨਕਲਾਬੀ ਵਿਚਾਰਾਂ ਤੇ ਆਦਰਸ਼ਾਂ ਦੇ ਪ੍ਰਚਾਰ ਲਈ ਉਨਾਂ ਕੋਲ਼ ਇਹੋ ਇੱਕੋ-ਇੱਕ ਸੰਭਵ ਰਾਹ ਰਹਿ ਗਿਆ ਸੀ। 

‘ਕੀ ਕਰਨਾ ਲੋੜੀਏ?’ ਦੀ ਬੇਮਿਸਾਲ ਸਾਹਿਤਕ ਸਫਲਤਾ ਅਤੇ ਅਭੂਤਪੂਰਵ ਲੋਕ-ਪ੍ਰਿਯਤਾ ਦਾ ਰਹੱਸ ਇਸ ਤੱਥ ਵਿੱਚ ਨਿਹਿਤ ਹੈ ਕਿ ਚੇਰਨੇਸ਼ੇਵਸਕੀ ਨੇ ਇੱਕਦਮ ਬੇਬਾਕੀ ਨਾਲ਼ ਅਤੇ ਜ਼ੋਰ ਦੇ ਕੇ ਉਨਾਂ ਮਹੱਤਵਪੂਰਨ ਸਵਾਲਾਂ ਨੂੰ ਆਪਣੀ ਇਸ ਰਚਨਾ ਵਿੱਚ ਉਠਾਇਆ ਜੋ ਉਸ ਸਮੇਂ ਨੌਜਵਾਨ ਰੂਸੀ ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਦੇ ਦਿਮਾਗ ਵਿੱਚ ਉਮੜ-ਘੁਮੜ ਰਹੇ ਸਨ। ਇਸ ਨਾਵਲ ਦਾ ਨਾਮ ਹੀ ਮੰਨੋ ਇਸ ਸਵਾਲ ਨੂੰ ਧੁਨੀਬੱਧ ਕਰ ਰਿਹਾ ਸੀ ਕਿ ਨੌਜਵਾਨ ਚਿੰਤਨਸ਼ੀਲ ਲੋਕਾਂ ਨੂੰ ਕਿਹੋ ਜਿਹਾ ਜੀਵਨ ਬਿਤਾਉਣਾ ਚਾਹੀਦਾ ਹੈ। ਕੀ ਸੁਪਨੇ ਦੇਖਣੇ ਚਾਹੀਦੇ ਹਨ ਅਤੇ ਉਨਾਂ ਨੂੰ ਸਾਕਾਰ ਕਰਨ ਲਈ ਕੀ ਕਰਨਾ ਚਾਹੀਦਾ ਹੈ! ਇਸਦਾ ਜ਼ਿਕਰ ਕਰਦੇ ਹੋਏ ਗੋਰਕੀ ਨੇ ਇੱਕ ਜਗ੍ਹਾ ਲਿਖਿਆ ਸੀ ਕਿ ਉਸ ਦੌਰ ਦਾ ਰੂਸੀ ਸਾਹਿਤ ਸਵਾਲਾਂ ਦਾ ਸਾਹਿਤ ਸੀ। ‘ਕੀ ਕਰਨਾ ਲੋੜੀਏ?’ ਤੋਂ ਪਹਿਲਾਂ ਨੌਜਵਾਨ ਹਰਜਨ ਨੇ ਵੀ ਇੱਕ ਪ੍ਰਸਿੱਧ ਨਾਵਲ ਲਿਖਿਆ ਸੀ ਉਸਦਾ ਨਾਮ ਸੀ: ‘ਦੋਸ਼ੀ ਕੌਣ?” 

ਇਹ ਗੱਲ ਆਪਣੇ ਆਪ ਵਿੱਚ ਅਜੀਬ ਲੱਗ ਸਕਦੀ ਹੈ ਕਿ ‘ਕੀ ਕਰਨਾ ਲੋੜੀਏ?’ ਨਾਵਲ ਪਿਆਰ ਬਾਰੇ ਹੈ। ਇਸਦਾ ਸਥਾਪਨ ਉਸੇ ਪੁਰਾਤਨ ਥੀਮ ਦੇ ਨੇੜੇ-ਤੇੜੇ ਉਸਾਰਿਆ ਗਿਆ ਹੈ ਜੋ ਮਨੁੱਖੀ ਸੱਭਿਅਤਾ ਦੇ ਇਤਿਹਾਸ ਜਿੰਨਾ ਪੁਰਾਣਾ ਹੈ—ਜਾਣੀ ਇੱਕ ਔਰਤ ਅਤੇ ਦੋ ਪੁਰਸ਼ਾਂ ਦਾ ਅਮਰ ਪ੍ਰੇਮ-ਤ੍ਰਿਕੋਣ। ਪਹਿਲਾਂ ਉਹ ਇੱਕ ਨੂੰ ਪਿਆਰ ਕਰਦੀ ਹੈ, ਫਿਰ ਦੂਜੇ ਨਾਲ਼ ਚਲੀ ਜਾਂਦੀ ਹੈ ਅਤੇ ਫਿਰ ਦੇਖਦੀ ਹੈ ਕਿ ਉਸੇ ਨਾਲ਼ ਉਸਨੂੰ ਅਸਲੀ ਖੁਸ਼ੀ ਮਿਲਦੀ ਹੈ ਅਤੇ ਜੀਵਨ ਦੀ ਸਾਰਥਕਤਾ ਦਾ ਬੋਧ ਹੁੰਦਾ ਹੈ। ਜੇ ਸਿਰਫ ਇੰਨਾ ਹੀ ਹੁੰਦਾ ਤਾਂ ਇਹ ਨਾਵਲ ਨਿਹਾਇਤ ਮਾਮੂਲੀ ਹੀ ਹੁੰਦਾ। ਪਰ ਇਸ ਵਿੱਚ ਇਸਤੋਂ ਵਧੇਰੇ ਬਹੁਤ ਕੁੱਝ ਹੈ। ਪ੍ਰੇਮ ਤ੍ਰਿਕੋਣ ਕਥਾ ਤਾਂ ਨਾਵਲ ਦਾ ਸਿਰਫ ਢਾਂਚਾ ਹੀ ਹੈ। ਇਸਦੇ ਆਲ਼ੇ-ਦੁਆਲ਼ੇ ਨਵੇਂ ਮਨੁੱਖਾਂ, ਨਵੇਂ ਜੀਵਨ, ਨਵੇਂ ਸਬੰਧਾਂ, ਨਵੀਆਂ ਕਦਰਾਂ, ਨਵੀਂ ਨੈਤਿਕਤਾ ਅਤੇ ਨਵੇਂ ਸੁਪਨਿਆਂ ਦੀ ਇੱਕ ਸ਼ਕਤੀਸ਼ਾਲੀ ਅਤੇ ਆਕਰਸ਼ਕ ਕਹਾਣੀ ਪੇਸ਼ ਕੀਤੀ  ਗਈ ਹੈ। ਇਹ ਕਹਾਣੀ ਆਪ ਇੰਨੀ ਸ਼ਕਤੀਸ਼ਾਲੀ ਹੈ ਕਿ ਰੂਪ ਵਿੱਚ ਕਲਾਤਮਿਕਤਾ ਦੀ ਘਾਟ ਉਸਦੀ ਕਮਜ਼ੋਰੀ ਬਣ ਹੀ ਨਹੀਂ ਪਾਉਂਦੀ। ਇਸ ਨਾਵਲ ਦੇ ਪਾਤਰ ਸੱਚੇ, ਮੁਕਤ ਅਤੇ ਇਮਾਨਦਾਰ ਲੋਕ ਹਨ। ਇੱਕ ਗੱਲ, ਜੋ ਇੱਥੇ ਵਿਸ਼ੇਸ਼ ਤੋਰ ‘ਤੇ ਵਰਨਣਯੋਗ ਹੈ, ਇਹ ਹੈ ਕਿ ਇਸ ਨਾਵਲ ਦਾ ਮੁੱਖ ਪਾਤਰ ਰਹਮੇਤੋਵ ਰੂਸੀ ਸਾਹਿਤ ਦਾ ਪਹਿਲਾ ਪੇਸ਼ੇਵਰ ਇਨਕਲਾਬੀ, ਪਹਿਲਾ ਕੁੱਲ ਵਕਤੀ ਇਨਕਲਾਬੀ ਕਾਰਕੁਨ ਹੈ। ਨਾਇਕਾ ਵੇਰਾ ਪਾਵਲੋਵਨਾ ਇੱਕ ਅਜਿਹੀ ਔਰਤ ਹੈ, ਜਿਸਦੀ ਆਪਣੀ ਸੁਤੰਤਰ ਹੋਂਦ ਹੈ, ਉਸਦਾ ਵਿਅਕਤੀਤਵ ਪੁਰਸ਼ ਪਾਤਰਾਂ ਦੀ ਤਰਾਂ ਹੀ ਅਜ਼ਾਦ ਹੈ, ਉਹ ਆਪਣੇ ਬਾਰੇ ਫੈਸਲਾ ਲੈਣ ਦੀ ਯੋਗਤਾ ਰੱਖਦੀ ਹੈ ਅਤੇ ਪਰਿਵਾਰਕ ਆਲ੍ਹਣੇ ਵਿੱਚ ਸੁਰੱਖਿਅਤ ਜੀਵਨ ਜਿਉਣ ਦੀ ਦਾਸ ਬਿਰਤੀ ਦੀ ਬਜਾਇ ਸਮਾਜਿਕ ਸਰੋਕਾਰਾਂ ਅਤੇ ਸਰਗਰਮੀਆਂ ਵਾਲ਼ੀ ਔਰਤ ਹੈ। ਰੂਸੀ ਸਾਹਿਤ ਦੇ ਪਾਠਕਾਂ ਨੂੰ ਇਹ ਨਵੇਂ ਕਿਸਮ ਦੀ ਔਰਤ-ਚਰਿੱਤਰ ਦਹਾਕਿਆਂ ਤੱਕ ਹੈਰਾਨ ਅਤੇ ਆਕਰਸ਼ਿਤ ਕਰਦੀ ਰਹੀ। 

ਜੀਵਨ ਅਤੇ ਚਿੰਤਨ ਦੇ ਨਜ਼ਰੀਏ ਤੋਂ ਵੇਰਾ ਪਾਵਲੋਵਨਾ ਦਾ ਪ੍ਰੋਟੋਟਾਈਪ ਉਨੀਵੀਂ ਸਦੀ ਦੀ ਪ੍ਰਸਿੱਧ ਫ੍ਰਾਂਸੀਸੀ ਨਾਰੀਵਾਦੀ ਲੇਖਿਕਾ ਜਾਰਜ ਸਾਂਦ ਵਿੱਚ ਖੋਜਿਆ ਜਾ ਸਕਦਾ ਹੈ ਅਤੇ ਨਾਵਲ ਦੇ ਸਮਾਜਵਾਦੀ ਯੁਟੋਪੀਆ ਵਿੱਚ ਸ਼ਾਰਲ ਫੂਰੀਏ ਦੀ ਸਪਿਰਟ ਧੜਕਦੀ ਹੋਈ ਮਹਿਸੂਸ ਕੀਤੀ ਜਾ ਸਕਦੀ ਹੈ। ਇਹ ਦੋਵੇਂ ਹੀ ਉਨੀਵੀਂ ਸਦੀ ਦੇ ਪੰਜਵੇਂ-ਛੇਵੇਂ ਦਹਾਕੇ ਵਿੱਚ ਕਾਫੀ ਹਰਮਨਪਿਆਰੇ ਸਨ। ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਚੇਰਨੇਸ਼ੇਵਸਕੀ ‘ਤੇ ਸਮਾਜਵਾਦੀ ਵਿਚਾਰਾਂ ਦੇ ਨਾਲ਼ ਹੀ ਫ੍ਰਾਂਸੀਸੀ ਸਾਹਿਤ ਦਾ ਵੀ ਗਹਿਰਾ ਪ੍ਰਭਾਵ ਸੀ। ਪਰ ਇਸਦਾ ਇਹ ਮਤਲਬ ਬਿਲਕੁਲ ਨਹੀਂ ਕੱਢਿਆ ਜਾ ਸਕਦਾ ਕਿ ‘ਕੀ ਕਰਨਾ ਲੋੜੀਏ?’ ਜਾਰਜ ਸਾਂਦ ਅਤੇ ਫੂਰੀਏ ਦੇ ਵਿਚਾਰਾਂ ਦੀ ਸਿਰਫ ਪ੍ਰਭਾਵ-ਛਾਇਆ ਹੀ ਹੈ। ਇਹ ਇੱਕ ਮੂਲੋਂ ਹੀ ਮੌਲਿਕ ਰਚਨਾ ਹੈ ਜੋ ਸਭ ਤੋਂ ਪਹਿਲਾਂ, ਰੂਸੀ ਸਮਾਜ ਵਿੱਚ ਫੁੱਟ ਰਹੇ ਅਤੇ ਭਵਿੱਖ ਦੀ ਕੁੱਖ ਵਿੱਚ ਪਲ਼ ਰਹੇ ਉਨਾਂ ਸਵਾਲਾਂ ਨੂੰ ਤਿੱਖੇ ਰੂਪ ‘ਚ ਉਠਾਉਂਦੀ ਹੈ, ਜਿਨਾਂ ਨੂੰ 1845-50 ਤੱਕ ਫ੍ਰਾਂਸੀਸੀ ਸਮਾਜਿਕ ਰਾਜਨੀਤਕ ਚਿੰਤਨ ਮੂਲਤੌਰ ‘ਤੇ ਅਤੇ ਮੁੱਖ ਤੌਰ ‘ਤੇ ਹੱਲ ਕਰ ਚੁੱਕਿਆ ਸੀ। 

ਚੇਰਨੇਸ਼ੇਵਸਕੀ ਨਿੱਜੀ ਲਾਭ ਦੇ ਉਦੇਸ਼ ਨਾਲ਼ ਸੰਚਾਲਤ ਪੂੰਜੀਵਾਦੀ ਉਪਕ੍ਰਮ ਦੇ ਸਮਾਨੰਤਰ ਇਸ ਨਾਵਲ ਵਿੱਚ ਉਸਦੇ ਬਦਲ ਦੇ ਤੌਰ ‘ਤੇ ਪਰ ਇੱਕ ਅਜ਼ਾਦ ਸਮੁਦਾਇਕ ਕਿਰਤ-ਉਪਕ੍ਰਮ ਨੂੰ, ਇੱਕ ਸਹਿਕਾਰੀ ਉਤਪਾਦਨ ਸੰਘ ਨੂੰ ਖੜ੍ਹਾ ਕਰਦੇ ਹਨ, ਜਿੱਥੇ ਕੋਈ ਪੂੰਜੀਪਤੀ ਨਹੀਂ ਹੈ ਅਤੇ ਲੋਕ ਖੁਦ ਲਈ ਕੰਮ ਕਰਦੇ ਹਨ। ਨਾਵਲ ਪ੍ਰਭਾਵੀ ਢੰਗ ਨਾਲ਼ ਇਨਾਂ ਦੇ ਫਰਕ ਨੂੰ ਉਜਾਗਰ ਕਰਦਾ ਹੈ। ਵੇਰਾ ਪਾਵਲੋਵਨਾ ਦੁਆਰਾ ਜਥੇਬੰਦ ਸਿਲਾਈ ਵਰਕਸ਼ਾਪ ਵਿੱਚ ਕੰਮ ਕਰਨ ਵਾਲ਼ੀਆਂ ਦਰਜਣਾ ਇੱਕ ਕਮਿਊਨ ਵਿੱਚ ਇੱਕਠੀਆਂ ਰਹਿੰਦੀਆਂ ਹਨ। ਇਕੱਠੇ ਰਹਿਣ ਅਤੇ ਕੰਮ ਕਰਨ ਦੇ ਨਾਲ਼ ਹੀ ਉਹ ਛੁੱਟੀਆਂ ਵੀ ਇਕੱਠੀਆਂ ਬਿਤਾਉਂਦੀਆਂ ਹਨ, ਇਕੱਠੀਆਂ ਅਧਿਐਨ ਕਰਦੀਆਂ ਹਨ ਅਤੇ ਮਨੋਰੰਜਨ ਕਰਦੀਆਂ ਹਨ। ਉਨਾਂ ਦੇ ਰਹਿਣ ਅਤੇ ਭੋਜਨ ਦੀ ਵਿਵਸਥਾ ਵੀ ਤਰਕਸ਼ੀਲ ਢੰਗ ਨਾਲ਼ ਕੀਤੀ ਗਈ ਹੈ। ਇਸ ਤਰਾਂ ਕੰਮ ਖੁਦ ਇੱਕ ਜੀਵੰਤ ਕੁਦਰਤੀ ਲੋੜ ਅਤੇ ਮਨੁੱਖੀ ਗੁਣ ਬਣ ਜਾਂਦਾ ਹੈ। ਪਰ ਇਹੀ ਕਾਫੀ ਨਹੀਂ ਹੈ। ਲੇਖਕ ਚੇਰਨੇਸ਼ੇਵਸਕੀ ਫਿਰ ਅਰਥਸ਼ਾਸਤਰੀ ਬਣ ਜਾਂਦੇ ਹਨ ਅਤੇ ਪਾਠਕਾਂ ਦੇ ਸਾਹਮਣੇ ਵਰਕਸ਼ਾਪ ਦਾ ‘ਵਿੱਤੀ ਲੇਖਾ’ ਪੇਸ਼ ਕਰਦੇ ਹੋਏ ਸਪੱਸ਼ਟ ਕਰਦੇ ਹਨ ਕਿ ਦਰਜਣਾਂ ਦੀ ਉਚ ਉਤਪਾਦਕਤਾ, ਕੀਮਤਾਂ ਵਿੱਚ ਕਮੀ ਅਤੇ ਪਰਜੀਵੀ ਪੂੰਜੀਪਤੀਆਂ ਦੀ ਮੌਜੂਦਗੀ ਕਰਕੇ, ਆਮ ਵਰਕਸ਼ਾਪ ਦੀ ਤੁਲਨਾ ਵਿੱਚ ਵੇਰਾ ਪਾਵਲੋਵਨਾ ਦੀ ਵਰਕਸ਼ਾਪ ਦੀਆਂ ਦਰਜਨਾਂ ਦੀ ਤਨਖਾਹ ਦੁੱਗਣੀ ਹੈ। ਇਸਤੋਂ ਇਲਾਵਾ, ਉਪਭੋਗ ਦੀ ਤਰਕਸੰਗਤ ਜਥਬੰਦੀ ਕਰਕੇ ਦੁੱਗਣੀ ਬੱਚਤ ਹੁੰਦੀ ਹੈ। ਨਤੀਜੇ ਦੇ ਤੌਰ ‘ਤੇ, ਕਿਸੇ ਮਾਲਿਕ ਦੇ ਲਈ ਕੰਮ ਕਰਨ ਦੀ ਤੁਲਨਾ ਵਿੱਚ ਉਨਾਂ ਔਰਤਾਂ ਦੀ ਅਸਲੀ ਆਮਦਨ ਚੌਗੁਣੀ ਹੋ ਜਾਂਦੀ ਹੈ। 

ਫੂਰੀਏ ਦੀ ਹੀ ਤਰਾਂ, ਚੇਰਨੇਸ਼ੇਵਸਕੀ ਆਪਣੇ ਕਮਿਊਨ ਨੂੰ ਨਿੱਜੀ ਪੂੰਜੀਵਾਦੀ ਸੈਟਿੰਗ ਵਿੱਚ ਰੱਖਦੇ ਹਨ। ਪਰ ਸਪੱਸ਼ਟ ਦੇਖਦੇ ਹਨ ਕਿ ਅਜਿਹੇ ਕਿਰਤ ਸਹਿਕਾਰਾਂ ਦੇ ਵਿਸਤਾਰ ਨਾਲ਼ ਸਮਾਜ ਦੀ ਸ਼ਾਂਤੀ ਪੂਰਨ ਤਬਦੀਲੀ ਸੰਭਵ ਨਹੀਂ ਹੈ। ਵੇਰਾ ਪਾਵਲੋਵਨਾ ਮਹਿਸੂਸ ਕਰਦੀ ਹੈ ਕਿ ਅਜਿਹੀਆਂ ਸਿਲਾਈ ਵਰਕਸ਼ਾਪਾਂ ਦੇ ਵਿਕਾਸ ਦੀ ਸੰਭਾਵਨਾ ਨਹੀਂ ਹੈ। ਸਪੱਸ਼ਟ ਹੈ ਕਿ ਇਸਦੇ ਮੁਕਾਬਲੇਬਾਜ਼(Competitor) ਅਤੇ ਸੱਤ੍ਹਾ ਇਸਦੀ ਇਜਾਜ਼ਤ ਨਹੀਂ ਦੇਵੇਗੀ। ਵੇਰਾ ਪਾਵਲੋਵਨਾ ਦੇ ਪ੍ਰਸਿੱਧ ‘ਸੁਪਨੇ’ ਭਵਿੱਖੀ ਸਮਾਜ ਦਾ ਇੱਕ ਯੁਟੋਪੀਆਈ ਚਿੱਤਰ ਪੇਸ਼ ਕਰਦੇ ਹਨ। ਨਿੱਜੀ ਸੰਪਤੀ ਦਾ ਖਾਤਮਾ ਹੋ ਜਾਂਦਾ ਹੈ। ਕਿਰਤ ਦੀ ਪ੍ਰਕਿਰਿਆ ਅਤੇ ਸਿੱਟਿਆਂ ਨਾਲ਼ ਵਿਅਕਤੀ ਦੀ ਅਲਿਹਦਗੀ (Alienation) ਖਤਮ ਹੋ ਜਾਂਦੀ ਹੈ। ਲੋੜ ਅਨੁਸਾਰ ਵੰਡ ਦੀ ਦਿਸ਼ਾ ਵਿੱਚ ਮਹੱਤਵ ਪੂਰਨ ਕਦਮ ਚੁੱਕੇ ਜਾਂਦੇ ਹਨ। ਰੋਜਮੱਰਾ ਦੇ ਜੀਵਨ ਲਈ ਜ਼ਰੂਰੀ ਸਮਾਨ, ਔਸਤ ਉਪਭੋਗ ਦੀਆਂ ਚੀਜ਼ਾਂ ਬਿਨਾਂ ਕੀਮਤ ਅਦਾ ਕੀਤੇ ਮਿਲਦੀਆਂ ਹਨ, ਪਰ ਵਿਸ਼ੇਸ਼ ਜਾਂ ਫੈਂਸੀ ਚੀਜ਼ਾਂ ਲਈ ਭੁਗਤਾਨ ਕਰਨਾ ਹੁੰਦਾ ਹੈ। ਅਜ਼ਾਦ ਕਿਰਤ ਦੀ ਸਰਵਜਨਕ ਸ਼ਕਤੀ ਦੇ ਸਹਾਰੇ ਲੋਕ ਕੁਦਰਤੀ ਜਗਤ ਵਿੱਚ ਵੀ ਬਦਲਾਅ ਲਿਆਉਂਦੇ ਹਨ ਅਤੇ ਰੇਗਿਸਤਾਨ ਨੂੰ ਨਵੀਂ ਉਪਜਾਊ ਭੂਮੀ ਬਣਾ ਦਿੰਦੇ ਹਨ। ਕੰਮ ਦੇ ਖਾਸੇ ਵਿੱਚ ਤਬਦੀਲੀ ਦੇ ਨਾਲ਼ ਹੀ ਚੇਰਨੇਸ਼ਵਸਕੀ ਨੇ ਮਨੋਰੰਜਨ, ਆਨੰਦ ਜਿਹੀਆਂ ਮਨੁੱਖੀ ਗਤੀਵਿਧੀਆਂ ਅਤੇ ਸਮਾਜਿਕ ਕ੍ਰਿਆਕਲਾਪਾਂ ਵਿੱਚ ਹੋਣ ਵਾਲ਼ੀਆਂ ਤਬਦੀਲੀਆਂ ਦਾ ਵੀ ਹੈਰਾਨੀਜਨਕ ਪੂਰਵ ਅਨੁਮਾਨ ਵੇਰਾ ਦੇ ਸੁਪਨੇ ਦੇ ਜ਼ਰੀਏ ਪੇਸ਼ ਕੀਤਾ ਹੈ। 

ਵੀਹਵੀਂ ਸਦੀ ਦੇ ਰੂਸ ਵਿੱਚ ਸਮਾਜਵਾਦੀ ਨਿਰਮਾਣ ਦੇ ਮਹਾਨ ਪ੍ਰਯੋਗਾਂ ਬਾਰੇ ਜਦੋਂ ਅਸੀਂ ਪੜਦੇ ਹਾਂ, ਵਿਲਿਅਮ ਹਿੰਟਨ ਦੀ ‘ਫਾਨਸ਼ੇਨ’ ਅਤੇ ‘ਸ਼ੇਨਫਾਨ’ ਜਿਹੀਆਂ ਰਚਨਾਵਾਂ ਤੋਂ ਸਾਨੂੰ ਜਦੋਂ ਚੀਨ ਦੇ ਕਮਿਊਨਾਂ ਦੇ ਜੀਵਨ ਦੀ ਜਾਣਕਾਰੀ ਮਿਲਦੀ ਹੈ, ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਚੇਰਨੇਸ਼ੇਵਸਕੀ ਦਾ ਯੁਟੋਪੀਆ ਕਿੰਨਾ ਯਥਾਰਥਵਾਦੀ ਸੀ! ਇਹ ਸਹੀ ਹੈ ਕਿ ਪੂੰਜੀ ਦੀ ਸੱਤ੍ਹਾ ਅੱਜ ਮਹਾਨ ਸਮਾਜਵਾਦੀ ਪ੍ਰਯੋਗਾਂ ਨੂੰ ਫਿਲਹਾਲ ਅਸਫਲ ਬਣਾ ਚੁੱਕੀ ਹੈ, ਪਰ ਉਨਾਂ ਦਾ ਅੰਤ ਸਥਾਈ ਨਹੀਂ ਹੈ। ਮਾਨਵਤਾ ਦੇ ਮਨੁੱਖੀ ਸੁਪਨੇ ਵੀ ਸੁਭਾਵਿਕ ਹਨ। ਉਸਦਾ ਵਰਤਮਾਨ ਅਸੁਭਾਵਿਕ ਹੈ ਅਤੇ ਇਸ ਅਸੁਭਾਵਿਕਤਾ ‘ਤੇ ਸੁਭਾਵਿਕਤਾ ਦੀ ਜਿੱਤ ਹੀ ਅੰਤਮ ਇਤਿਹਾਸਕ ਸੱਚ ਹੈ। 

‘ਕੀ ਕਰਨਾ ਲੋੜੀਏ?’ ਇੱਕ ਫਨਤਾਸੀ ਅਤੇ ਇੱਕ ਯੁਟੋਪੀਆ ਹੈ, ਪਰ ਇਹ ਭਵਿੱਖ ਦਾ ਉਦਾਤ ਮਾਨਵੀ ਸੁਪਨਾ ਹੈ। ਮਾਨਵਤਾ ਨੇ ਇਸ ਸੁਪਨੇ ਨੂੰ ਯਥਾਰਥ ਵਿੱਚ ਬਦਲਣ ਦੇ ਉਦੇਸ਼ ਦੀ ਦਿਸ਼ਾ ਵਿੱਚ ਅੱਗੇ ਵਧਣਾ ਹੈ। ਇਹੀ ਚੇਰਨੇਸ਼ੇਵਸਕੀ ਦੇ ਸੁਪਨੇ ਦੀ ਪ੍ਰਸੰਗਿਕਤਾ ਹੈ ਜੋ ਇੱਕੀਵੀਂ ਸਦੀ ਵਿੱਚ ਵੀ ਬਣੀ ਹੋਈ ਹੈ। ਚੇਰਨੇਸ਼ੇਵਸਕੀ ਸ਼ਾਰਲ ਫੂਰੀਏ ਦੀ ਤਰਾਂ ਇੱਕ ਸੁਪਨਦਰਸ਼ੀ ਹੋਣ ਦੇ ਨਾਲ਼ ਹੀ ਡੂੰਘੇ ਯਥਾਰਥਵਾਦੀ ਵੀ ਸਨ। ਉਹ ਅਜਿਹੀ ਕਿਸੇ ਫੈਂਟੇਸੀ ਦੇ ਪੱਖ ਵਿੱਚ ਨਹੀਂ ਸਨ, ਜੋ ਹਵਾਈ ਉਡਾਰੀ ਦੀ ਤਰਾਂ ਹੀ ਹੋਵੇ। ਉਨਾਂ ਦੇ ਸੁਪਨੇ ਯਥਾਰਥਵਾਦੀ ਸਨ, ਵੀਹਵੀਂ ਸਦੀ ਨੇ ਇਸਨੂੰ ਇੱਕ ਵਾਰ ਸਿੱਧ ਕਰਕੇ ਦਿਖਾਇਆ ਸੀ ਅਤੇ ਆਉਣ ਵਾਲ਼ਾ ਸਮਾਂ ਇਸਨੂੰ ਫਿਰ ਸਿੱਧ ਕਰੇਗਾ, ਇਸਦੇ ਪੂਰਵ ਸੰਕੇਤ ਅੱਜ ਦੇ ਰੂਸ ਤੋਂ ਵੀ ਮਿਲ ਰਹੇ ਹਨ ਅਤੇ ਦੁਨੀਆਂ ਭਰ ਦੇ ਦੂਜੇ ਕਈ ਦੇਸ਼ਾਂ ਤੋਂ ਵੀ। 

ਭਾਰਤ ਦੇ ਪ੍ਰਬੁੱਧ ਚਿੰਤਨਸ਼ੀਲ, ਪ੍ਰਗਤੀਕਾਮੀ ਨੌਜਵਾਨ ਪਾਠਕਾਂ ਲਈ ਇਹ ਨਾਵਲ ਅੱਜ ਵੀ ਉਨਾਂ ਹੀ ਵਿਚਾਰ ਉਤੇਜਕ ਹੈ, ਜਿੰਨਾ ਉਨੀਵੀਂ ਸਦੀ ਦੇ ਇਨਕਲਾਬੀ ਨੌਜਵਾਨਾਂ ਲਈ ਸਿੱਧ ਹੋਇਆ ਸੀ। 

ਪੀਟਰ ਅਤੇ ਪਾਲ ਦੇ ਕਿਲੇ ਵਿੱਚ ਵਿਚਾਰ ਅਧੀਨ ਕੈਦੀ ਦੇ ਰੂਪ ਵਿੱਚ ਦਿਨ ਬਿਤਉਂਦੇ ਹੋਏ ਚੇਰਨੇਸ਼ੇਵਸਕੀ ਨੇ 1863 ਵਿੱਚ ਇੱਕ ਹੋਰ ਨਾਵਲਿਟ ‘ਅਲਫੇਰੇਵ’(Alfer’ev) ਵੀ ਲਿਖਿਆ। ਨਾਲ਼ ਹੀ, 1863-64 ਦੇ ਦੌਰਾਨ ਉਹਨਾਂ ਨੇ ਕਈ ਕਹਾਣੀਆਂ ਲਿਖੀਆਂ ਜੋ ‘ਕਹਾਣੀ ਦੇ ਅੰਦਰ ਦੀ ਕਹਾਣੀ’ ਅਤੇ ‘ਸੰਖੇਪ ਕਹਾਣੀਆਂ’ ਨਾਮਕ ਸੰਗ੍ਰਹਿਆਂ ਵਿੱਚ ਪ੍ਰਕਾਸ਼ਤ ਹੋਈਆਂ। 

ਸਬੂਤਾਂ ਦੀ ਘਾਟ ਅਤੇ ਖੁਦ ਦੁਆਰਾ ਸ਼ਾਨਦਾਰ ਬਚਾਅ ਦੇ ਬਾਵਜੂਦ, ਝੂਠੀਆਂ ਗਵਾਹੀਆਂ ਦੇ ਸਹਾਰੇ ਚੇਰਨੇਸ਼ੇਵਸਕੀ ਨੂੰ ਦੋਸ਼ੀ ਠਹਿਰਾਕੇ 1864 ਵਿੱਚ ਸੱਤ ਸਾਲ ਬਾਮੁਸ਼ੱਕਤ ਅਤੇ ਪੂਰੀ ਜ਼ਿੰਦਗੀ ਸਾਇਬੇਰੀਆ ਵਿੱਚ ਰਹਿਣ ਦੀ ਸਜ਼ਾ ਸੁਣਾਈ ਗਈ। ਨੇਚਰਿੰਸਕ ਦੇ ਕਿਰਤ ਕੈਂਪ ਵਿੱਚ ਸੱਤ ਸਾਲ ਬਿਤਾਉਣ ਤੋਂ ਬਾਅਦ ਉਨਾਂ ਨੂੰ 1871 ਵਿੱਚ ਵਿਲਯੁਨਕ ਜੇਲ੍ਹ ਭੇਜ ਦਿੱਤਾ ਗਿਆ। 

ਕਿਰਤ ਕੈਂਪ ਵਿੱਚ ਸਜਾ ਕਟਦੇ ਹੋਏ ਚੇਰਨੇਸ਼ੇਵਸਕੀ ਨੇ ਆਪਣਾ ਅਧੂਰਾ ਆਤਮਕਥਾਤਮਕ ਨਾਵਲ ‘ਪ੍ਰਾਕਕਥਨ’ 1867-69 ਦੇ ਦੌਰਾਨ ਲਿਖਿਆ ਜੋ 1879 ਵਿੱਚ ਵਿਦੇਸ਼ ਵਿੱਚ ਪ੍ਰਕਾਸ਼ਤ ਹੋਇਆ ਇਸ ਨਾਵਲ ਵਿੱਚ ਕਿਸਾਨ ਸੁਧਾਰ ਤੋਂ ਠੀਕ ਪਹਿਲਾਂ ਦੇ ਸਾਲਾਂ ਦੌਰਾਨ ਰੂਸ ਵਿੱਚ ਜਾਰੀ ਸਮਾਜਿਕ ਘੋਲ਼ ਦਾ ਜੀਵੰਤ ਚਿੱਤਰ ਪੇਸ਼ ਕੀਤਾ ਗਿਆ ਸੀ। 

ਸਾਇਬੇਰੀਆ ਵਿੱਚ ਰਹਿਣ ਦੌਰਾਨ ਵੀ ਚੇਰਨੇਸ਼ੇਵਸਕੀ ਲਗਾਤਾਰ ਰਚਨਾਤਮਕ ਲੇਖਣ ਵਿੱਚ ਲੱਗੇ ਰਹੇ, ਪਰ ਉਸਦਾ ਕਾਫੀ ਹਿੱਸਾ ਨਸ਼ਟ ਹੋ ਗਿਆ ਜਾਂ ਗੁੰਮ ਗਿਆ। ਸਿਰਫ ‘ਪਰਵਰਤਿਤ ਦੀਪਤੀ’ ਨਾਮਕ ਨਾਵਲ ਦਾ ਇੱਕ ਹਿੱਸਾ, ‘ਇੱਕ ਲੜਕੀ ਦੀ ਕਹਾਣੀ’ ਨਾਮਕ ਨਾਵਲਿਟ ਅਤੇ ‘ਮੈਡਮ ਮਾਸਟਰ ਟ੍ਰਬਲਮੇਕਰ’ ਨਾਮਕ ਨਾਟਕ ਹੀ ਨਸ਼ਟ ਹੋਣ ਤੋਂ ਬਚ ਸਕੇ। ਇਨਾਂ ਰਚਨਾਵਾਂ ਵਿੱਚ ਚੇਰਨੇਸ਼ੇਵਸਕੀ ਨੇ ਸੈਂਸਰ ਤੋਂ ਬਚਣ ਲਈ ਆਪਣੇ ਇਨਕਲਾਬੀ ਵਿਚਾਰਾਂ ਨੂੰ ਅਜਿਹੇ ਸੰਵਾਦਾਂ ਜ਼ਰੀਏ ਪੇਸ਼ ਕੀਤਾ, ਜੋ ਓਪਰੀ ਨਜ਼ਰੇ ‘ਤੇ ਇੱਧਰ-ਉਧਰ ਦੇ ਆਮ ਵਿਸ਼ਿਆਂ ‘ਤੇ ਕੇਂਦਰਤ ਪ੍ਰਤੀਤ ਹੁੰਦੇ ਸਨ। 

ਰੂਸ ਦੇ ਇਨਕਲਾਬੀਆਂ ਨੇ ਚੇਰਨੇਸ਼ਵਸਕੀ ਨੂੰ ਸਾਇਬੇਰੀਆ ਜਲਾਵਤਨੀ ਤੋਂ ਵਾਪਸ ਲਿਆਉਣ ਲਈ ਕਈ ਕੋਸ਼ਿਸ਼ਾਂ ਕੀਤੀਆਂ। 1871 ਵਿੱਚ ਲੋਪਾਤਿਨ ਨੇ ਅਤੇ 1875 ਵਿੱਚ ਮਿਸ਼ਿਕਨ ਨੇ ਅਜਿਹੇ ਦੋ ਮਹੱਤਵਪੂਰਨ ਯਤਨ ਕੀਤੇ ਜੋ ਅਸਫਲ ਰਹੇ। 1881 ਵਿੱਚ ‘ਲੋਕ ਅਕਾਂਕਸ਼ਾ’ ਦੀ ਕਾਰਜਕਾਰੀ ਸਮਿਤੀ ਨਾਮਕ ਇਨਕਲਾਬੀ ਜਥੇਬੰਦੀ ਨੇ ‘ਸਿਵੇਸ਼ਚੇਨਾਇਕਾ ਦਰੁਜਿਨਾ’ ਨਾਲ਼ ਗੱਲਬਾਤ ਦੌਰਾਨ ਇਹ ਸ਼ਰਤ ਰੱਖੀ ਕਿ ਜੇ ਚੇਰਨੇਸ਼ੇਵਸਕੀ ਨੂੰ ਮੁਕਤ ਕਰ ਦਿੱਤਾ ਜਾਂਦਾ ਹੈ ਤਾਂ ਉਪ ਆਪਣੀਆਂ ਦਹਿਸ਼ਤਵਾਦੀ ਕਾਰਵਾਈਆਂ ਬੰਦ ਕਰ ਦੇਵੇਗਾ। 1883 ਵਿੱਚ ਚੇਰਨੇਸ਼ੇਵਸਕੀ ਨੂੰ ਅਸਤਰਾਖਾਨ ਵਿੱਚ ਪੁਲਿਸ ਨਿਗਰਾਨੀ ਵਿੱਚ ਰਹਿਣ ਲਈ ਭੇਜ ਦਿੱਤਾ ਗਿਆ। ਅੰਤ ਨੂੰ ਜੂਨ 1889 ਵਿੱਚ ਉਨਾਂ ਨੂੰ ਆਪਣੇ ਗ੍ਰਹਿਨਗਰ ਸਰਾਤੋਵ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ। ਅਸਤ੍ਰਾਖਾਨ ਅਤੇ ਸਰਾਤੋਵ ਵਿੱਚ ਰਹਿੰਦੇ ਹੋਏ ਚੇਰਨੇਸ਼ੇਵਸਕੀ ਨੇ ਆਪਣੀ ਪ੍ਰਸਿੱਧ ਦਾਰਸ਼ਨਿਕ ਰਚਨਾ ‘ਮਨੁੱਖੀ ਗਿਆਨ ਦਾ ਖਾਸਾ’ ਦਾ ਲੇਖਣ ਪੂਰਾ ਕੀਤਾ। ਇਸਦੇ ਨਾਲ਼ ਹੀ ਉਨਾਂ ਨੇ ਵੇਬਰ ਦੇ ਸੰਸਾਰ ਇਤਿਹਾਸ ਦੇ ਗਿਆਰਾਂ ਖੰਡਾਂ ਦਾ ਅਨੁਵਾਦ ਕੀਤਾ ਅਤੇ ਉਸਦੀ ਪੂਰਕ ਸਮੱਗਰੀ ਦੇ ਰੂਪ ਵਿੱਚ ਦਰਜਨਾਂ ਲੇਖ ਤੇ ਟਿੱਪਣੀਆਂ ਲਿਖੀਆਂ। ਇਸੇ ਦੌਰਾਨ ਉਹਨਾਂ ਨੇ ਦੋਬ੍ਰੋਲਯੁਬੋਵ ਦੀ ਜੀਵਨੀ ਲਈ ਸਮੱਗਰੀ ਵੀ ਤਿਆਰ ਕੀਤੀ (ਜੋ 1890 ਵਿੱਚ ਪ੍ਰਕਾਸ਼ਿਤ ਹੋਈ) ਅਤੇ ਨੇਕ੍ਰਾਸੋਵ ਅਤੇ ਦੋਬ੍ਰੋਲਯੁਵੋਬ ਬਾਰੇ ਕਈ ਯਾਦਾਂ ਲਿਖੀਆਂ। 

 ਨਜ਼ਰਬੰਦੀ, ਜੇਲ੍ਹ ਅਤੇ ਸਾਇਬੇਰੀਆ ਵਿੱਚ ਕਾਲ਼ੇ ਪਾਣੀ ਦੇ ਲਗਭਗ ਤਿੰਨ ਦਹਾਕਿਆਂ ਨੇ ਚੇਰਨੇਸ਼ੇਵਸਕੀ ਦੇ ਸਰੀਰ ਨੂੰ ਜਰਜਰ ਕਰ ਦਿੱਤਾ ਸੀ, ਪਰ ਉਸਦੀ ਨੌਜਵਾਨ ਆਤਮਾ ਆਖਰੀ ਸਾਹ ਤੱਕ ਜੇਤੂ ਰਹੀ। ਆਪਣੇ ਵਿਚਾਰਾਂ ਲਈ ਉਹਨਾਂ ਨੇ ਹਰ ਕੀਮਤ ਚੁਕਾਈ ਪਰ ਉਹਨਾਂ ਦੀ ਪ੍ਰਤੀਬੱਧਤਾ ਅਟੁੱਟ ਬਣੀ ਰਹੀ। 17 ਅਕਤੂਬਰ 1889 ਨੂੰ ਆਪਣੀ ਪਿਆਰੀ ਜਨਮਭੂਮੀ ਸਰਾਤੋਵ ਵਿੱਚ ਆਖਰੀ ਸਾਹ ਲਿਆ। ਸਮਾਜਵਾਦ ਦਾ ਸੁਪਨਾ ਦੇਖਣ ਵਾਲ਼ੇ ਇਸ ਮਹਾਨ ਇਨਕਲਾਬੀ ਜਮਹੂਰੀ ਚਿੰਤਕ ਦਾ ਜੀਵਨ ਵੀ ਉਸਦੇ ਕਾਰਜ ਤੋਂ ਘੱਟ ਪ੍ਰੇਰਨਾਦਾਈ ਨਹੀਂ ਰਿਹਾ। ਉਹ ਸੱਚੇ ਅਰਥਾਂ ਵਿੱਚ ਵਿਚਾਰ-ਯੁੱਧ ਦਾ ਉਤਕਟ ਯੋਧਾ ਸੀ। ਬਹੁਤ ਘੱਟ ਅਜਿਹੇ ਇਤਿਹਾਸ ਪੁਰਸ਼ ਹੁੰਦੇ ਹਨ ਜੋ ਆਪਣੇ ਲੋਕਾਂ ਨੂੰ ਇਸ ਕਦਰ ਪਿਆਰ ਕਰਦੇ ਹੋਣ ਅਤੇ ਉਨ੍ਹਾਂ ਦੀ ਮੁਕਤੀ ਦੀ ਅਕਾਂਖਿਆ ਜਿਨਾਂ ਦੇ ਦਿਲ ਵਿੱਚ ਇੰਨੀ ਪ੍ਰਚੰਡਤਾ ਨਾਲ਼ ਸਾਰੀ ਉਮਰ ਧੜਕਦੀ ਰਹੀ ਹੋਵੇ। ਇਸ ਇਤਿਹਾਸ ਨਿਰਮਾਤਾ ਨੇ ਇਤਿਹਾਸ ਨਿਰਮਾਤਾਵਾਂ ਦੀਆਂ ਕਈ ਪੀੜ੍ਹੀਆਂ ਨੂੰ ਪ੍ਰੇਰਿਤ-ਪ੍ਰਭਾਵਿਤ ਕੀਤਾ, ਕਿਉਂਕਿ ਉਸਦਾ ਜੀਵਨ ਹਰ ਜੀਉਂਦੇ ਦਿਲ ਨੂੰ ਹੁਲਾਰਾ ਦਿੰਦਾ ਹੈ ਅਤੇ ਇਹ ਸੰਕਲਪ ਦਿੰਦਾ ਹੈ: ‘ਇਸ ਤਰਾਂ ਦਾ ਜੀਵਨ ਜੀਓ।’

“ਪ੍ਰਤੀਬੱਧ”, ਅੰਕ 07, ਜੁਲਾਈ-ਦਸੰਬਰ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s