ਇਨਕਲਾਬੀ ਚੀਨ ਨੇ ਪ੍ਰਦੂਸ਼ਣ ਦਾ ਮੁਕਾਬਲਾ ਕਿਵੇਂ ਕੀਤਾ —ਲੀ ਓਨੈਸਟੋ

maoo

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸ਼ਹਿਰ ਤੋਂ ਪੰਜ ਮੀਲ ਬਾਹਰ, ਖੇਤਾਂ ਵਿੱਚ ਇੱਕ ਨਵੀਂ ਫੈਕਟਰੀ ਖੜ੍ਹੀ ਹੈ। ਇਹ ਸਮੁੱਚਾ ਖੇਤਰ ਛੋਟੇ ਕਾਰਖਾਨਿਆਂ, ਘਰਾਂ, ਖੁੱਲ੍ਹੇ ਖੇਤਾਂ ਅਤੇ ਸਨਅਤ ਅਤੇ ਖੇਤੀ ਸਮਾਨਾਂ ਨਾਲ਼ ਭਰੇ ਇੱਥੇ ਉੱਥੇ ਖਿੱਲਰੇ ਗੋਦਾਮਾਂ ਦੇ ਇੱਕ ਮਿਸ਼ਰਣ ਜਿਹਾ ਬਣ ਗਿਆ ਹੈ। ਇਸ ਛੋਟੇ ਜਿਹੇ ਭਾਈਚਾਰੇ ਦੇ ਲੋਕ ਵਾਤਾਵਰਨ ਦੇ ਸਵਾਲਾਂ ‘ਤੇ ਆਪਣੇ ਰੋਜ਼ਮੱਰਾ ਜੀਵਨ ਦੇ ਇੱਕ ਅੰਗ ਦੇ ਰੂਪ ਵਿੱਚ ਧਿਆਨ ਦਿੰਦੇ ਹਨ। ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਟੀਮਾਂ ਫਲਸਫੇ ਅਤੇ ਵਿਗਿਆਨ ਦੇ ਸਵਾਲਾਂ ਦਾ ਅਧਿਐਨ ਕਰਨ ਲਈ ਵਿਗਿਆਨੀਆਂ, ਤਕਨੀਸ਼ੀਅਨਾਂ ਅਤੇ ਵਿਦਿਆਰਥੀਆਂ ਨਾਲ਼ ਮੁਲਾਕਾਤ ਕਰਦੀਆਂ ਹਨ। ਇਹਨਾਂ ਨਾਲ਼ ਮਿਲ਼ ਕੇ ਉਹ ਜ਼ਹਿਰੀਲੇ ਰੱਦੀ ਪਦਾਰਥਾਂ ਨੂੰ, ਜੋ ਪਹਿਲਾਂ ਨਦੀਆਂ ਵਿੱਚ ਸੁੱਟ ਦਿੱਤੇ ਜਾਂਦੇ ਸਨ ਜਾਂ ਜ਼ਮੀਨ ਅੰਦਰ ਦੱਬ ਦਿੱਤੇ ਜਾਂਦੇ ਸਨ, ਉਪਯੋਗੀ ਪਦਾਰਥਾਂ ਵਿੱਚ ਬਦਲਣ ਦੇ ਤਰੀਕੇ ਲੱਭਦੇ ਹਨ। ਇੱਥੇ ਗਿਆਨ ਨੂੰ ਘਮੰਡ ਨਾਲ਼ ਆਕੜੇ ਹੋਏ ਮੁੱਠੀ ਭਰ ਕੁਲੀਨਾਂ ਦੀ ਨਿੱਜੀ ਸੰਪਤੀ ਦੇ ਰੂਪ ਵਿੱਚ ਨਹੀਂ ਦੇਖਿਆ ਜਾਂਦਾ। ਇਸ ਦੀ ਥਾਂ ‘ਤੇ ਇੱਥੇ ਕਿਸਾਨ ਵਿਗਿਆਨਿਕਾਂ ਨਾਲ਼ ਮਿਲ਼ਕੇ ਨੁਕਸਾਨਦੇਹ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੇ ਬਦਲ ਲੱਭਣ ਦਾ ਕੰਮ ਕਰਦੇ ਹਨ।

ਜੋ ਲੋਕ ਪਹਿਲਾਂ ਅਨਪੜ੍ਹ ਸਨ ਅਤੇ ਜਗੀਰਦਾਰਾਂ ਅਤੇ ਸਰਕਾਰੀ ਕਰਮਚਾਰੀਆਂ ਦੁਆਰਾ ਸਤਾਏ ਹੋਏ ਸਨ, ਹੁਣ ਉਨ੍ਹਾਂ ਦੇ ਹੱਥਾਂ ‘ਚ ਸੱਤ੍ਹਾ ਦੀ ਵਾਗਡੋਰ ਹੈ। ਚੀਜ਼ਾਂ ਦੇ ਸੰਚਾਲਨ ਵਿੱਚ ਇੱਕ ਸਮੇਂ ਜਿਨ੍ਹਾਂ ਦਾ ਕੋਈ ਦਖ਼ਲ ਨਹੀਂ ਸੀ, ਅੱਜ ਨਾ ਸਿਰਫ਼ ਆਪਣੇ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਗੋਂ ਦੇਸ਼ਵਿਆਪੀ ਮਹੱਤਵ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਉਹਨਾਂ ਦੇ ਵਿਚਾਰਾਂ, ਸੁਝਾਅ-ਸਲਾਹ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਅਤੇ ਆਮ ਲੋਕਾਂ ਨੂੰ, ਪਹਿਲਾਂ ਜਿਹਨਾਂ ਦਾ ਭਵਿੱਖ ਲੱਕ ਤੋੜ ਮਿਹਨਤ ਅਤੇ ਬੇਅੰਤ ਗਰੀਬੀ ਬਿਨਾਂ ਹੋਰ ਕੁੱਝ ਨਹੀਂ ਸੀ, ਹੁਣ ਉਹਨਾਂ ਨੂੰ ਪ੍ਰਦੂਸ਼ਣ ਨਾਲ਼ ਨਿਪਟਣ ਲਈ ਚਲਾਈਆਂ ਜਾਣ ਵਾਲ਼ੀਆਂ ਲੋਕ ਮੁਹਿੰਮਾਂ ਵਿੱਚ ਸ਼ਮੂਲੀਅਤ ਕਰਨ ਲਈ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਇੱਕ ਜ਼ਮਾਨਾ ਸੀ ਜਦੋਂ ਬੁੱਢੇ ਲੋਕ ”ਫਾਲਤੂ” ਚੀਜ਼ ਸਮਝੇ ਜਾਂਦੇ ਸਨ। ਔਰਤਾਂ ਦੀ ਜ਼ਿੰਦਗੀ ਪਤੀਆਂ ਅਤੇ ਬੱਚਿਆਂ ਦੀ ਸੇਵਾ ਕਰਨ ਤੋਂ ਇਲਾਵਾ ਕੁੱਝ ਵੀ ਨਹੀਂ ਸੀ। ਸਰੀਰਿਕ ਅਤੇ ਮਾਨਸਿਕ ਪੱਖੋਂ ਅਪਾਹਜ ਵੱਖ ਵੱਖ ਸੰਸਥਾਵਾਂ ਦੇ ਕੈਦ-ਖਾਨਿਆਂ ਵਿੱਚ ਬੰਦ ਰਹਿੰਦੇ ਸਨ ਅਤੇ ਸਮਾਜ ‘ਚੋਂ ਬਾਹਰ ਕੱਢੇ ਹੋਏ ਸਨ। ਪਰ ਅੱਜ ਇਹ ਸਭ ਲੋਕ ਸਮਾਜ ਦਾ ਸੰਚਾਲਨ ਕਰ ਰਹੇ ਹਨ।

ਸਰਕਾਰ ਲੋਕਾਂ ਦੀ ਸਿਹਤ ਅਤੇ ਕਲਿਆਣ ਨੂੰ ਮੁਨਾਫੇ ਦੇ ਉੱਪਰ ਰੱਖਦੀ ਹੈ। ਕਾਰਖਾਨਿਆਂ ਵਿੱਚ ਪ੍ਰਦੂਸ਼ਣ ਨੂੰ ਰੋਕਣ ਦੇ ਉਪਾਅ ਕੀਤੇ ਜਾਂਦੇ ਹਨ ਅਤੇ ਸਨਅਤੀ ਕੂੜੇ ਦਾ ਉੱਚਿਤ ਨਿਪਟਾਰਾ ਕੀਤਾ ਜਾਂਦਾ ਹੈ, ਭਾਵੇਂ ਇਸ ਨਾਲ਼ ਪੈਸੇ ਦਾ ਨੁਕਸਾਨ ਹੀ ਕਿਉਂ ਨਾ ਹੋਵੇ। ਜਿੱਥੇ ਇਸ ਦੇ ਬਾਵਜੂਦ ਭ੍ਰਿਸ਼ਟ ਕਰਮਚਾਰੀ ਅਤੇ ਮੈਨੇਜਰ ਹਾਨੀਕਾਰਕ ਨੀਤੀਆਂ ਲਾਗੂ ਕਰਦੇ ਹਨ, ਲੋਕਾਂ ਨੂੰ ਇਸਦੀ ਆਲੋਚਨਾ ਲਈ ਲਾਮਬੰਦ ਕੀਤਾ ਜਾਂਦਾ ਹੈ ਅਤੇ ਹਾਲਤ ਨੂੰ ਬਦਲਣ ਲਈ ਉਹ ਮਾਮਲਿਆਂ ਨੂੰ ਆਪਣੇ ਹੱਥ ਵਿੱਚ ਲੈ ਲੈਂਦੇ ਹਨ।

ਕੀ ਇਹ ਕੋਈ ਕਾਲਪਨਿਕ ਸਮਾਜ ਹੈ ਜਿਸ ਦਾ ਅਸੀਂ ਸਿਰਫ਼ ਸੁਪਨਾ ਦੇਖ ਸਕਦੇ ਹਾਂ, ਪਰ ਅਸਲੀਅਤ ਵਿੱਚ ਨਹੀਂ ਲਿਆ ਸਕਦੇ? ਇਹ ਨੇੜਲੇ ਅਤੀਤ ਦੀ ਇੱਕ ਤਸਵੀਰ ਹੈ। ਇਹ ਮਾਓ-ਜ਼ੇ-ਤੁੰਗ ਦੀ ਲੀਡਰਸ਼ਿਪ ਦੇ ਤਹਿਤ ਇਨਕਲਾਬੀ ਚੀਨ ਦਾ ਇੱਕ ਯਥਾਰਥ ਸੀ। 1949 ਵਿੱਚ ਚੀਨ ਵਿੱਚ ਮਜ਼ਦੂਰ ਜਮਾਤ ਨੇ ਸਾਮਰਾਜਵਾਦੀ ਹਾਕਮਾਂ ਨੂੰ ਉਖਾੜ ਕੇ ਸੱਤ੍ਹਾ ‘ਤੇ ਕਬਜ਼ਾ ਕਰ ਲਿਆ ਅਤੇ ਲੁੱਟ ਅਤੇ ਦਾਬੇ ਤੋਂ ਮੁਕਤ ਇੱਕ ਨਵੇਂ ਸਮਾਜ ਦੀ ਸਿਰਜਣਾ ਦੀ ਦਿਸ਼ਾ ਵਿੱਚ ਕਦਮ ਵਧਾਇਆ। ਇਹ ਇੱਕ ਇਤਿਹਾਸ ਹੈ ਜਿਸ ਨੂੰ ਦਬਾਇਆ ਅਤੇ ਲੁਕਾਇਆ ਗਿਆ ਹੈ। ਪਰ ਜ਼ਰੂਰ ਹੀ ਇਸ ਇਤਿਹਾਸ ਨੂੰ ਸਾਹਮਣੇ ਲਿਆਉਣਾ ਹੋਵੇਗਾ ਅਤੇ ਹਰਮਨ-ਪਿਆਰਾ ਬਣਾਉਣਾ ਹੋਵੇਗਾ ਕਿਉਂਕਿ ਪੂਰੀ ਦੁਨੀਆ ਵਿੱਚ ਸੰਘਰਸ਼ਸ਼ੀਲ ਲੋਕਾਂ ਲਈ ਇਸ ਦੀ ਬਹੁਤ ਵੱਡੀ ਇਨਕਲਾਬੀ ਪ੍ਰਸੰਗਿਕਤਾ ਅਤੇ ਅਰਥਵੱਤਾ ਹੈ। 

ਚੀਨ ਇੱਕ ਗਰੀਬ, ਪੱਛੜਿਆ ਦੇਸ਼ ਸੀ, ਜਿਸ ‘ਤੇ ਸੈਂਕੜੇ ਸਾਲਾਂ ਦੇ ਵਿਦੇਸ਼ੀ ਸੱਤ੍ਹਾ ਦੇ ਦਾਬੇ ਦੇ ਨਿਸ਼ਾਨ ਸਨ। ਪਰ ਕਿਰਤੀ ਜਮਾਤ ਦੁਆਰਾ ਸੱਤ੍ਹਾ ‘ਤੇ ਕਬਜ਼ਾ ਕਰ ਲੈਣ ਤੋਂ ਬਾਅਦ ਸਮਾਜ ਦੇ ਸਾਰੇ ਖੇਤਰਾਂ ਦੇ ਇਨਕਲਾਬੀ ਰੂਪਾਂਤਰਣ ਲਈ ਲੱਖਾਂ ਲੋਕਾਂ ਨੂੰ ਲਾਮਬੰਦ ਕੀਤਾ ਗਿਆ। ਅਤਿਅੰਤ ਤੇਜ਼ ਰਫ਼ਤਾਰ ਨਾਲ਼ ਸਨਅਤਾਂ ਦੀ ਉਸਾਰੀ ਕੀਤੀ ਗਈ। ਪਰ ਜ਼ਹਿਰੀਲੇ ਕੂੜੇ ਦੀ ਸਮੱਸਿਆ ‘ਤੇ ਵੀ ਸੁਚੇਤ ਰੂਪ ਨਾਲ਼ ਧਿਆਨ ਦਿੱਤਾ ਗਿਆ। ਸਨਅਤੀ ਪ੍ਰਦੂਸ਼ਣ ਦੀ ਸਮੱਸਿਆ ਨਾਲ਼ ਵੱਡੇ ਪੱਧਰ ‘ਤੇ ਨਿਪਟਣ ਲਈ ਉੱਨਤ ਉਪਾਵਾਂ ਨੂੰ ਵਿਕਸਤ ਕਰਨ ਲਈ ਵਿਗਿਆਨ ਨੂੰ ਲੋਕਾਂ ਦੇ ਹੱਥ ਵਿੱਚ ਸੌਪ ਦਿੱਤਾ ਗਿਆ ਅਤੇ ਇਸ ਦੇ ਚਮਤਕਾਰੀ ਨਤੀਜੇ ਸਾਹਮਣੇ ਆਏ। ਹਾਨੀਕਾਰਕ ਰਸਾਇਣਕ ਕੀਟਨਾਸ਼ਕਾਂ ਦੇ ਬਦਲ ਵਿਕਸਤ ਕਰਨ ਦੀ ਦਿਸ਼ਾ ਵਿੱਚ ਅਤਿਅੰਤ ਮਹੱਤਵਪੂਰਨ ਵਿਕਾਸ ਹੋਇਆ, ਜਿਵੇਂ ਫਸਲਾਂ ਨੂੰ ਖਾ ਜਾਣ ਵਾਲ਼ੇ ਕੀੜਿਆਂ ਨੂੰ ਖ਼ਤਮ ਕਰਨ ਲਈ ਪਰਜੀਵੀ ਮਧੂਮੱਖੀਆਂ ਦੀ ਖੋਜ ਕਰਨਾ।

ਅਜਿਹਾ ਨਹੀਂ ਹੈ ਕਿ ਇਨਕਲਾਬੀ ਚੀਨ ਵਿੱਚ ਪ੍ਰਦੂਸ਼ਣ ਅਤੇ ਵਾਤਾਵਰਣ ਸੁਰੱਖਿਆ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਲਿਆ ਗਿਆ ਸੀ।  ਉਦਾਹਰਣ ਲਈ, ਉਲਟ-ਇਨਕਲਾਬੀਆਂ ਰਾਹੀਂ ਸਮਾਜ ਵਿਕਾਸ ਦੀ ਦਿਸ਼ਾ ਉਲਟਾ ਦੇਣ ਤੋਂ ਪਹਿਲਾਂ ਤੱਕ ਵੱਡੇ ਪੱਧਰ ‘ਤੇ ਕੋਲੇ ਦੇ ਬਲਣ ਤੋਂ ਹੋਣ ਵਾਲ਼ੇ ਪ੍ਰਦੂਸ਼ਣ ਦੀ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਸਕਿਆ ਸੀ। ਪਰ ਮਹੱਤਵਪੂਰਨ ਗੱਲ ਇਹ ਹੈ ਕਿ ਲੋਕ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਇਨਕਲਾਬੀ ਰਾਹ ਅਤੇ ਪਹੁੰਚ ਦਾ ਖਾਕਾ ਬਣਾਉਣ ਲੱਗੇ ਸਨ। ਅਤੇ ਇਹ ਜਮਾਤੀ ਸੰਘਰਸ਼ ਅਤੇ ਸਮਾਜਵਾਦ ਦੀ ਉਸਾਰੀ ਦੇ ਇੱਕ ਅੰਗ ਦੇ ਰੂਪ ਵਿੱਚ ਸਮਾਜ ਵਿੱਚ ਮੌਜੂਦ ਉਨ੍ਹਾਂ ਤਾਕਤਾਂ ਨਾਲ਼ ਜੂਝਦੇ ਹੋਏ ਕੀਤਾ ਗਿਆ ਜੋ ਚੀਨ ਨੂੰ ਪੂੰਜੀਵਾਦੀ ਰਸਤੇ ‘ਤੇ ਧੱਕਣਾ ਚਾਹੁੰਦੀਆਂ ਸੀ। ਇਸ ਨੇ ਵਿਖਾ ਦਿੱਤਾ ਕਿ ਪ੍ਰਦੂਸ਼ਣ ਅਤੇ ਵਾਤਾਵਰਣ ਦੇ ਵਿਨਾਸ਼ ਦਾ ਕਾਰਣ ਪੂੰਜੀਵਾਦੀ ਸਨਅਤ ਹੈ ਨਾ ਕਿ ਆਪਣੇ ਆਪ ਵਿੱਚ ਸਨਅਤ। ਇਸ ਨੇ ਇਹ ਵਿਖਾ ਦਿੱਤਾ ਕਿ ਜੇਕਰ ਲੋਕਾਂ ਦੇ ਹੱਥਾਂ ਵਿੱਚ ਸੱਤ੍ਹਾ ਹੋਵੇ ਅਤੇ ਇਨਕਲਾਬੀ ਰਾਜਨੀਤੀ ਕਮਾਨ ਵਿੱਚ ਹੋਵੇ ਤਾਂ ਕੀ ਕੁੱਝ ਨਹੀਂ ਹਾਸਲ ਕੀਤਾ ਜਾ ਸਕਦਾ।

1976 ਵਿੱਚ ਮਾਓ-ਜ਼ੇ-ਤੁੰਗ ਦੀ ਮੌਤ ਤੋਂ ਬਾਅਦ ਪੂੰਜੀਵਾਦੀ ਸੋਚ ਵਾਲ਼ੇ ਉੱਚ ਸਰਕਾਰੀ ਅਧਿਕਾਰੀਆਂ ਨੇ ਹਥਿਆਰਬੰਦ ਰਾਜਪਲਟੇ ਰਾਹੀਂ ਲੋਕਾਂ ਦੇ ਹੱਥਾਂ ਤੋਂ ਸੱਤ੍ਹਾ ਖੋਹ ਲਈ। ਪੂੰਜੀਵਾਦੀ ਮੁੜ-ਬਹਾਲੀ ਨੇ ਅੱਜ ਮੁੜ ਚੀਨ ਵਿੱਚ ਵਿਆਪਕ ਪੱਧਰ ‘ਤੇ ਬੇਕਾਬੂ ਸਨਅਤੀ ਪ੍ਰਦੂਸ਼ਣ ਨੂੰ ਜਨਮ ਦਿੱਤਾ ਹੈ। ਪਰ ਚੀਨੀ ਇਨਕਲਾਬ ਦੀਆਂ ਸਿੱਖਿਆਵਾਂ ਨੂੰ ਕਦੇ ਵੀ ਦੁਨੀਆਂ ਦੇ ਲੋਕਾਂ ਤੋਂ ਖੋਹਿਆ ਨਹੀਂ ਜਾ ਸਕਦਾ।

ਹੱਥਲਾ ਲੇਖ ਇਸ ਗੱਲ ‘ਤੇ ਰੌਸ਼ਨੀ ਪਾਉਂਦਾ ਹੈ ਕਿ ਚੀਨੀ ਲੋਕਾਂ ਨੇ ਕਿਵੇਂ ਪ੍ਰਦੂਸ਼ਣ ਅਤੇ ਸਨਅਤੀ ਕੂੜੇ ਦਾ ਸਫ਼ਲਤਾਪੂਰਵਕ ਮੁਕਾਬਲਾ ਕੀਤਾ। ਪਰ ਇਸ ਤੋਂ ਵੀ ਮਹੱਤਵਪੂਰਨ ਇਹ ਕਿ ਇਹ ਕਹਾਣੀ ਇਹ ਦੱਸਦੀ ਹੈ ਕਿ ਸਮਾਜ ਦੀ ਸਿਰਜਣਾ ਦੇ ਇੱਕ ਅੰਗ ਦੇ ਰੂਪ ਵਿੱਚ ਕੀਤਾ ਜਿਸ ਦਾ ਟੀਚਾ ਹਰ ਤਰ੍ਹਾਂ ਦੀਆਂ ਜਮਾਤੀ ਅਸਮਾਨਤਾਵਾਂ, ਜ਼ਬਰ ਦੇ ਸਬੰਧਾਂ ਅਤੇ ਵਿਚਾਰਾਂ ਤੋਂ ਛੁਟਕਾਰਾ ਪਾਉਣਾ ਸੀ।

1960 ਦੇ ਦਹਾਕੇ ਦਾ ਇਨਕਲਾਬੀ ਚੀਨ: ਤਿਸਤਿਸਹਾਰ 10 ਲੱਖ ਆਬਾਦੀ ਵਾਲ਼ਾ ਇੱਕ ਸ਼ਹਿਰ ਸੀ। ਨਨਚਿਯਾਂਗ ਨਦੀ ਤੋਂ ਪ੍ਰਾਪਤ ਹੋਣ ਵਾਲ਼ੀ ਮੱਛੀ ਪੂਰੇ ਪ੍ਰਾਂਤ ਦੀ ਪੈਦਾਵਾਰ ਦੇ ਅੱਧੇ ਦੇ ਬਰਾਬਰ ਸੀ। ਪਰ ਨਦੀ ਵਿੱਚ ਪਾਈਆਂ ਜਾਣ ਵਾਲ਼ੀਆਂ ਮੱਛੀਆਂ ਦੀ ਸੰਖਿਆ ਦਿਨ-ਬ-ਦਿਨ ਕਾਫ਼ੀ ਘੱਟ ਹੁੰਦੀ ਜਾ ਰਹੀ ਸੀ। ਸਿਆਲ਼ਾਂ ਵਿੱਚ ਜਦੋਂ ਨਦੀ ਜੰਮ ਜਾਂਦੀ ਸੀ ਤਾਂ ਵੱਡੀ ਸੰਖਿਆ ਵਿੱਚ ਮੱਛੀਆਂ ਮਰ ਜਾਂਦੀਆਂ ਸਨ ਅਤੇ ਸਾਲ 1960 ਦੇ ਮੁਕਾਬਲੇ ਵਿੱਚ ਹੁਣ ਹਰ ਸਾਲ ਸਿਰਫ਼ 12 ਪ੍ਰਤੀਸ਼ਤ ਮੱਛੀਆਂ ਫੜੀਆਂ ਜਾਣ ਲੱਗੀਆਂ। ਇਹ ਮੱਛੀਆਂ ਇਸ ਲਈ ਮਰਦੀਆਂ ਜਾ ਰਹੀਆਂ ਸਨ ਕਿਉਂਕਿ ਉਦਯੋਗ ਹਰ ਦਿਨ ਰਸਾਇਣਾਂ ਨਾਲ਼ ਭਰੇ 2,50,000 ਟਨ ਦੂਸ਼ਿਤ ਪਦਾਰਥ ਨਦੀ ਵਿੱਚ ਵਹਾ ਰਹੇ ਸਨ। 1968 ਵਿੱਚ ਤਿਸਤਿਸਹਾਰ ਪਾਰਟੀ ਕਮੇਟੀ ਅਤੇ ਸ਼ਹਿਰ ਦੀ ਇਨਕਲਾਬੀ ਕਮੇਟੀ ਨੇ ਇਸ ਸਮੱਸਿਆ ਨੂੰ ਹੱਲ ਕਰਨ ਦਾ ਫੈਸਲਾ ਕੀਤਾ। ਚੌਦਾਂ ਖੋਜ ਸੰਸਥਾਵਾਂ ਤੋਂ ਚਾਲੀ ਤੋਂ ਵੱਧ ਵਿਗਿਆਨਿਕਾਂ ਅਤੇ ਤਕਨੀਸ਼ੀਅਨਾਂ ਨੂੰ ਤਿਸਤਿਸਹਾਰ ਆਉਣ ਅਤੇ ਲੋਕਲ ਮਜ਼ਦੂਰਾਂ, ਮਛੇਰਿਆਂ ਅਤੇ ਤਕਨੀਸ਼ੀਅਨਾਂ ਨਾਲ਼ ਮਿਲ਼ ਕੇ ਕੰਮ ਕਰਨ ਅਤੇ ਨਦੀ ਦਾ ਸਰਵੇਖਣ ਕਰਨ ਲਈ ਲਾਮਬੰਦ ਕੀਤਾ ਗਿਆ। ਉਨ੍ਹਾਂ ਨੇ ਦੇਖਿਆ ਕਿ ਦਸੰਬਰ ਤੋਂ ਅਪ੍ਰੈਲ ਦੇ ਮੱਧ ਤੱਕ ਨਦੀ ਜੰਮੀ ਰਹਿੰਦੀ ਸੀ, ਨਦੀ ਦੇ ਤਲ ਵਿੱਚ ਇੱਕ ਪੀਲਾ ਚਿਪਚਿਪਾ ਪਦਾਰਥ ਜੰਮ ਜਾਂਦਾ ਸੀ, ਜਿਸ ਨਾਲ਼ ਪਾਣੀ ‘ਚੋਂ ਇੱਕ ਭਿਆਨਕ ਬਦਬੂ ਨਿਕਲਦੀ ਸੀ। ਨਦੀ ਵਿੱਚ ਇੱਕ ਪ੍ਰਕਾਰ ਦੀ ਉੱਲੀ ਅਤੇ ਕੁੱਝ ਕਾਰਬਨਿਕ ਪਦਾਰਥ ਜਮ੍ਹਾਂ ਹੁੰਦੇ ਜਾ ਰਹੇ ਸਨ, ਕਿਉਂਕਿ ਉਸ ਵਿੱਚ ਵੱਡੀ ਮਾਤਰਾ ਵਿੱਚ ਗੰਦਾ ਪਾਣੀ ਅਤੇ ਰਸਾਇਣ ਸੁੱਟੇ ਜਾਂਦੇ ਸਨ। ਇਨ੍ਹਾਂ ਰਸਾਇਣਕ ਪਦਰਾਥਾਂ ਨਾਲ਼ ਭਰਿਆ ਪਾਣੀ ਆਮ ਪਾਣੀ ਦੀ ਤੁਲਨਾ ਵਿੱਚ 22.5 ਗੁਣਾ ਵੱਧ ਆਕਸੀਜਨ ਸੋਖ ਲੈਂਦਾ ਸੀ ਅਤੇ ਇਹੀ ਕਾਰਣ ਸੀ ਜਿਸ ਨਾਲ਼ ਮੱਛੀਆਂ ਮਰ ਰਹੀਆਂ ਸਨ।

ਮਜ਼ਦੂਰਾਂ, ਪਾਰਟੀ ਦੀਆਂ ਸਫ਼ਾ ਅਤੇ ਵਿਗਿਆਨਿਕਾਂ ਦੀ ਇੱਕ ਟੀਮ ਨੂੰ ਇਸ ਸਮੱਸਿਆ ਨਾਲ਼ ਨਿਪਟਣ ਦੇ ਕੰਮ ਵਿੱਚ ਲਗਾਇਆ ਗਿਆ। ਉਨ੍ਹਾਂ ਨੇ ਜੋ ਪਹਿਲਾ ਕੰਮ ਕੀਤਾ ਉਹ ਇਹ ਕਿ ਉਹ ਆਮ ਲੋਕਾਂ ਵਿੱਚ ਗਏ, ਉਨ੍ਹਾਂ ਦੇ ਵਿਚਾਰਾਂ ਨੂੰ ਜਾਣਿਆ ਅਤੇ ਇਹ ਵੀ ਜਾਣਕਾਰੀ ਲਈ ਕਿ ਸਮੱਸਿਆ ਨਾਲ਼ ਨਿਪਟਣ ਬਾਰੇ ਉਹ ਕੀ ਸੋਚਦੇ ਹਨ। ਇਨ੍ਹਾਂ ਵਿਚਾਰਾਂ ਨੇ ਸਮੱਸਿਆ ਦੇ ਹੱਲ ਲਈ ਸਪੱਸ਼ਟ ਦਿਸ਼ਾ ਨਿਰਦੇਸ਼ਾਂ ਦਾ ਖਾਕਾ ਤਿਆਰ ਕਰਨ ਵਿੱਚ ਮਦਦ ਕੀਤੀ।

1. ਲੋਕਾਂ ਦੀ ਭਲਾਈ ਸ਼ੁਰੂਆਤੀ ਨੁਕਤਾ ਹੋਣਾ ਚਾਹੀਦਾ ਹੈ।

2. ਭਾਵੀ ਪੀੜ੍ਹੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ— ਸਮੱਸਿਆ ਦਾ ਦੂਰਰਸ ਹੱਲ ਕੱਢਣਾ ਚਾਹੀਦਾ ਹੈ ਨਾ ਕਿ ਸਿਰਫ਼ ਫੌਰੀ ਹੱਲ। 

3. ਸਮੱਸਿਆ ‘ਤੇ ਸਾਰੇ ਪੱਖਾਂ ਤੋਂ ਵਿਚਾਰ ਕਰਨਾ ਚਾਹੀਦਾ ਹੈ ਤਾਂ ਕਿ ਇੱਕ ਮੁਸੀਬਤ ਨੂੰ ਦੂਰ ਕਰਨ ਨਾਲ਼ ਕੋਈ ਦੂਸਰੀ ਮੁਸੀਬਤ ਨਾ ਪੈਦਾ ਹੋ ਜਾਵੇ।

ਆਤਮਨਿਰਭਰਤਾ ‘ਤੇ ਜ਼ੋਰ ਦਿੰਦੇ ਹੋਏ ਟੀਮ ਨੇ ਆਰਥਿਕ ਜ਼ਰੂਰਤਾਂ ਲਈ ਉੱਪਰ ਦੇ ਹੁਕਮਾਂ ਦਾ ਇੰਤਜ਼ਾਰ ਨਹੀਂ ਕੀਤਾ। ਉਹਨਾਂ ਨੇ ਇੱਕ ਮਤਾ ਤਿਆਰ ਕੀਤਾ ਅਤੇ ਲੋਕਾਂ ਨਾਲ਼ ਵਿਚਾਰ ਵਟਾਂਦਰਾ ਕਰਕੇ ਆਖਰੀ ਯੋਜਨਾ ਤਿਆਰ ਕਰ ਲਈ। ਕਾਰਖਾਨੇ ਹੁਣ ਆਪਣੇ ਹਾਨੀਕਾਰਕ ਕੂੜੇ ਲਈ ਜਾਇਜ਼ ਪ੍ਰਬੰਧ ਕਰਨ ਅਤੇ ਉਨ੍ਹਾਂ ਨੂੰ ਉਪਯੋਗੀ ਬਣਾਉਣ ਦੇ ਰਸਤੇ ਕੱਢਣ ਲਈ ਖੁਦ ਜਵਾਬਦੇਹੀ ਹੋਣਗੇ। ਰਸਾਇਣਾਂ ਨਾਲ਼ ਭਰਿਆ ਗੰਦਾ ਅਤੇ ਫਾਲਤੂ ਪਾਣੀ ਹੁਣ ਪਾਣੀ ਭੰਡਾਰ ਵਿੱਚ ਇਕੱਠਾ ਕੀਤਾ ਜਾਵੇਗਾ ਅਤੇ ਉਹਨੂੰ ਸਾਫ਼ ਕਰਕੇ ਸਿੰਚਾਈ ਵਿੱਚ ਵਰਤਿਆ ਜਾਵੇਗਾ।

ਤਿਸਤਿਸਹਾਰ ਸ਼ੂਗਰ ਰਿਫਾਇਨਰੀ ਵਿੱਚ ਸਨਅਤੀ ਕੂੜੇ ਨੂੰ ਉਪਯੋਗੀ ਚੀਜ਼ਾਂ ਵਿੱਚ ਬਦਲਣ ਲਈ ਨਵੀਆਂ ਸ਼ਾਪ ਸਥਾਪਿਤ ਕੀਤੀਆਂ ਗਈਆਂ। ਅਵਸ਼ਿਸ਼ਟ ਪਦਾਰਥਾਂ ਤੋਂ ਹਰ ਸਾਲ 1400 ਟਨ ਘੱਟ ਲਾਗਤ ਦਾ ਵਧੀਆ ਸੀਮਿੰਟ ਪੈਦਾ ਕੀਤਾ ਜਾਂਦਾ ਸੀ। ਬਲ਼ੇ ਹੋਏ ਕੋਲੇ ਤੋਂ ਹਰ ਸਾਲ 20 ਲੱਖ ਇੱਟਾਂ ਤਿਆਰ ਕੀਤੀਆਂ ਜਾਂਦੀਆਂ ਸਨ ਜਿਨ੍ਹਾਂ ਦੀ ਵਰਤੋਂ ਹੋਰ ਨਵੀਆਂ ਸ਼ਾਪ ਤਿਆਰ ਕਰਨ ਵਿੱਚ ਕੀਤੀ ਜਾਂਦੀ ਸੀ। ਇਹ ਸ਼ਾਪ ਗੰਨਿਆਂ ਦੀਆਂ ਜੜ੍ਹਾਂ ਤੋਂ ਅਲਕੋਹਲਿਕ ਸਿਪਰਿਟ ਤਿਆਰ ਕਰਦੀਆਂ ਸਨ, ਰੱਦੀ ਸ਼ਹਿਦ ਤੋਂ ਹਰ ਦਿਨ 2 ਟਨ ਡਿਸਿਟਲਡ ਅਲਕੋਹਲ ਤਿਆਰ ਕਰਦੀਆਂ ਸਨ ਅਤੇ ਇੱਕ ਪੇਪਰ ਮਿੱਲ ਦੇ ਨੇੜਲੇ ਟੋਏ ਤੋਂ ਹਰ ਸਾਲ ਲਗਭਗ 150 ਟਨ ਗੁੱਦਾ ਇਕੱਠਾ ਕਰਕੇ ਉਹਨਾਂ ਤੋਂ ਪੈਕੇਜਿੰਗ ਪੇਪਰ ਬਣਾਉਂਦੀਆਂ ਸਨ।

ਜੂਨ 1970 ਵਿੱਚ, ਮਜ਼ਦੂਰਾਂ, ਕਿਸਾਨਾਂ, ਫ਼ੌਜੀਆਂ, ਵਿਦਿਆਰਥੀਆਂ ਅਤੇ ਸਥਾਨਕ ਨਿਵਾਸੀਆਂ ਨੇ ਮਿਲ਼ ਕੇ ਗੰਦੇ ਪਾਣੀ ਨੂੰ ਸਿੰਚਾਈ ਲਈ ਵਰਤਣ ਲਈ ਇੱਕ ਯੋਜਨਾ ਵਿੱਚ ਕੰਮ ਕੀਤਾ। ਹਰ ਰੋਜ਼ 5000 ਤੋਂ ਵੱਧ ਲੋਕ ਕੰਮ  ਵਾਲ਼ੀਆਂ ਜਗ੍ਹਾ ‘ਤੇ ਆਉਂਦੇ ਸਨ ਅਤੇ ਛੇ ਮਹੀਨਿਆਂ ਦੇ ਅੰਦਰ ਹੀ ਇੱਕ ਵੱਡੇ ਤਲਾਅ ਅਤੇ ਬੰਨ੍ਹ ਦੀ ਉਸਾਰੀ ਕਰ ਦਿੱਤੀ।

ਜਨਵਰੀ 1971 ਵਿੱਚ, ਨਨਚਿਯਾਂਗ ਦੇ ਪਾਣੀ ਵਿੱਚ ਆਕਸੀਜਨ ਦੀ ਮਾਤਰਾ ਨਾਪਣ ਲਈ ਹੋਏ ਪ੍ਰੇਖਣ ਤੋਂ ਇਹ ਪਤਾ ਚੱਲਿਆ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ ਹੁਣ ਪੰਜ ਤੋਂ ਦਸ ਗੁਣਾ ਵੱਧ ਆਕਸੀਜਨ ਮੌਜੂਦ ਹੈ। ਪੀਲ਼ਾ ਪਦਾਰਥ ਅਤੇ ਬਦਬੂ ਦੋਵੇਂ ਅਲੋਪ ਹੋ ਗਏ ਸਨ ਅਤੇ ਨਦੀ ਵਿੱਚ ਮੱਛੀਆਂ ਦੀ ਸੰਖਿਆ ਵਧਣ ਲੱਗੀ ਸੀ।

ਤਿਸਤਿਸਹਾਰ ਦੇ ਲੋਕਾਂ ਵਾਂਗ ਹੀ ਪੂਰੇ ਚੀਨ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਨਾਲ਼ ਨਿਪਟਣ ਲਈ ਲੱਖਾਂ ਲੋਕਾਂ ਨੂੰ ਲਾਮਬੰਦ ਕੀਤਾ ਗਿਆ। ਪਰ ਇਹ ਬਿਨਾਂ ਜਮਾਤੀ ਘੋਲ਼ ਦੇ ਨਹੀਂ ਹੋਇਆ। ਇਸ ਸਵਾਲ ‘ਤੇ ਜ਼ਬਰਦਸਤ ਘੋਲ਼ ਹੋਇਆ ਕਿ ਇਹ ਸਭ ”ਕਿਸ ਦੇ ਲਈ” ਅਤੇ ”ਕਿਉਂ”?

ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੌਰਾਨ ਮਜ਼ਦੂਰਾਂ ਦਰਮਿਆਨ ਬਹਿਸ ਛੇੜ ਦਿੱਤੀ ਗਈ। ਕੀ ਕਿਸੇ ਕਾਰਖਾਨੇ ਨੂੰ ਸਿਰਫ਼ ਖੁਦ ਦੀ ਅਤੇ ਆਪਣੀ ਪੈਦਾਵਾਰ ਦੀ ਪਰਵਾਹ ਕਰਨੀ ਚਾਹੀਦੀ ਹੈ ਜਾਂ ਪੂਰੇ ਲੋਕਾਂ ਦੀ? ਕੀ ਉਹ ”ਮੁਨਾਫੇ ਨੂੰ ਕਮਾਨ ਵਿੱਚ ਰੱਖਣ” ਦੇ ਰਸਤੇ ‘ਤੇ ਜਾ ਰਹੇ ਜਾਂ ਕਾਰਖਾਨੇ ਨੂੰ ਸੰਚਾਲਿਤ ਕਰਨ ਸਬੰਧੀ ਸਾਰੇ ਫੈਸਲੇ ਜਿਵੇਂ ਕਿ ਮਾਓ ਨੇ ਕਿਹਾ ਸੀ, ”ਸੱਚੇ ਦਿਲ ਨਾਲ਼ ਲੋਕਾਂ ਦੀ ਸੇਵਾ ਕਰਨ” ਅਤੇ ਮਜ਼ਦੂਰਾਂ-ਕਿਸਾਨਾਂ ਦੀ ਸਿਹਤ ਅਤੇ ਗੁਜ਼ਾਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਲੈਣੇ ਚਾਹੀਦੇ ਹਨ।

ਸ਼ੰਘਾਈ ਇਲੈਕਟ੍ਰੋਕੈਮਿਕਲ ਵਰਕਸ ਵਿੱਚ ਲਗਭਗ 2300 ਮਜ਼ਦੂਰ ਕੰਮ ਕਰਦੇ ਸਨ। ਕਾਰਖਾਨੇ ਤੋਂ ਨਿਕਲਣ ਵਾਲਾ ਦ੍ਰਵ ਕੂੜਾ ਅਤੇ ਠੋਸ ਅਵਸ਼ਿਸ਼ਟ ਪਦਾਰਥ ਜਿਵੇਂ ਸਲਫਿਊਰਿਕ ਐਸਿਡ ਅਤੇ ਕੈਲਸ਼ੀਅਮ ਸਲਫੇਟ ਨਦੀਆਂ ਨੂੰ ਪ੍ਰਦੂਸ਼ਿਤ ਕਰ ਰਹੇ ਸਨ ਅਤੇ ਨੇੜੇ-ਤੇੜੇ ਦੀਆਂ ਫਸਲਾਂ ਨੂੰ ਹਾਨੀ ਪਹੁੰਚਾ ਰਹੇ ਸਨ। ਅਕਸਰ ਮਜ਼ਦੂਰਾਂ ਨੂੰ ਸੁਰੱਖਿਆ ਲਈ ਮਖੌਟਾ ਪਾਉਣਾ ਪੈਂਦਾ ਸੀ ਅਤੇ ਹਾਨੀਗ੍ਰਸਤ ਫਸਲਾਂ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਪੈਂਦਾ ਸੀ। ਕਾਰਖਾਨਿਆਂ ਨੂੰ ਚਲਾਉਣ ਪਿੱਛੇ ਇਹ ਨਜ਼ਰੀਆ ਕੰਮ ਕਰ ਰਿਹਾ ਸੀ ਕਿ ਪੈਦਾਵਾਰ ਹੀ ਕਾਰਖਾਨੇ ਦਾ ਇੱਕੋ ਇੱਕ ਟੀਚਾ ਹੈ। ਇਸ ਨਜ਼ਰੀਏ ਨੂੰ ਖ਼ਤਮ ਕੀਤੇ ਬਿਨਾਂ ਪ੍ਰਦੂਸ਼ਣ ਦੀ ਸਮੱਸਿਆ ਨੂੰ ਨਹੀਂ ਹੱਲ ਕੀਤਾ ਜਾ ਸਕਦਾ ਸੀ।

1972 ਵਿੱਚ ਮਜ਼ਦੂਰਾਂ ਨੇ ਪੱਛਮੀ ਦੇਸ਼ਾਂ ਦੇ ਪੱਤਰਕਾਰਾਂ ਨੂੰ ਦੱਸਿਆ ”ਪਹਿਲੇ ਕਦਮ ਦੇ ਬਤੌਰ ਸਾਨੂੰ ਮਜ਼ਦੂਰਾਂ ਨੂੰ ਖੇਤਾਂ ਦਾ ਨਿਰੀਖਣ ਕਰਨ ਭੇਜਿਆ। ਖੇਤਾਂ ਨੂੰ ਹੋਏ ਨੁਕਸਾਨ ਅਤੇ ਇਸ ਦੇ ਰੂਪ ਵਿੱਚ ਮਜ਼ਦੂਰ-ਕਿਸਾਨ ਗੱਠਜੋੜ ‘ਤੇ ਪੈਣ ਵਾਲ਼ੇ ਇਸ ਦੇ ਪ੍ਰਭਾਵ ਨੂੰ ਦੇਖ ਕੇ ਉਹਨਾਂ ਦੇ ਰੌਂਗਟੇ ਖ਼ੜ੍ਹੇ ਹੋ ਗਏ। ਅਸੀਂ ਮੁੱਖ ਰੂਪ ਵਿੱਚ ਪੁਰਾਣੇ ਤਜ਼ਰਬੇਕਾਰ ਮਜ਼ਦੂਰਾਂ ਦੇ ਗਿਆਨ ਅਤੇ ਪਹਿਲਕਦਮੀ ‘ਤੇ ਨਿਰਭਰ ਰਹਿੰਦੇ ਹੋਏ ਕੰਮ ਦੀ ਸ਼ੁਰੂਆਤ ਕੀਤੀ। ਤਿੰਨ ਮਹੀਨਿਆਂ ਅੰਦਰ ਹੀ ਅਤੇ ਸਿਰਫ਼ 10,000 ਯੁਆਨ ਖਰਚ ਕਰਕੇ ਅਸੀਂ ਇਹ ਖੋਜ ਲਿਆ ਕਿ ਕਿਵੇਂ ਕਿਸੇ ਬੁਰੀ ਚੀਜ਼ ਨੂੰ ਇੱਕ ਚੰਗੀ ਚੀਜ਼ ਵਿੱਚ ਬਦਲਿਆ ਜਾ ਸਕਦਾ ਹੈ।” 

ਇਸ ਦੇ ਬੇਹੱਦ ਉਤਸ਼ਾਹਜਨਕ ਨਤੀਜੇ ਨਿਕਲ਼ੇ। ਹਰ ਮਹੀਨੇ ਪੈਦਾ ਹੋਣ ਵਾਲ਼ੇ 92,000 ਘਣ ਮੀਟਰ ਰੱਦੀ ਗੈਸ ਦੇ 85 ਫੀਸਦੀ ਦਾ ਮੁੜ  ਰੀਪ੍ਰੋਸੈਸ ਕੀਤਾ ਜਾਣ ਲੱਗਿਆ। ਇਸੇ ਤਰ੍ਹਾਂ ਹਰ ਮਹੀਨੇ ਪੈਦਾ ਹੋਣ ਵਾਲ਼ੇ 29,000 ਟਨ ਦ੍ਰਵ ਕੂੜੇ ਦੇ 75 ਪ੍ਰਤੀਸ਼ਤ ਦੀ ਵੀ ਰੀਪ੍ਰੋਸੈਸਿੰਗ ਹੋਣ ਲੱਗੀ ਅਤੇ 1972 ਵਿੱਚ ਕਾਰਖਾਨੇ ਨੇ 3,000 ਟਨ ਨਵੇਂ ਰਸਾਇਣਿਕ ਕੱਚੇ ਮਾਲਾਂ ਨੂੰ ਫਿਰ ਤੋਂ ਹਾਸਲ ਕਰ ਲਿਆ ਅਤੇ ਇਸ ਦਾ ਇਸਤੇਮਾਲ 30 ਵੱਖਰੇ ਵੱਖਰੇ ਪ੍ਰੈਜੈਕਟਾਂ ਵਿੱਚ ਉਪਯੋਗੀ ਸਮਾਨਾਂ ਦੀ ਪੈਦਾਵਾਰ ਕਰਨ ਵਿੱਚ ਕੀਤਾ ਗਿਆ। 

ਕਾਰਖਾਨੇ ਤੋਂ ਪੈਦਾ ਹੋਣ ਵਾਲਾ ਹਾਈਡ੍ਰੋਫਲੋਰਿਕ ਐਸਿਡ ਅਤੇ ਧੂੰਆਂ ਬੇਹੱਦ ਜ਼ਹਿਰੀਲਾ ਹੁੰਦਾ ਸੀ। ਪਰ ਖੋਜਾਂ ਤੋਂ ਇਹ ਪਤਾ ਲੱਗਿਆ ਕਿ ਗੈਸ ਨੂੰ ਕ੍ਰਾਯੋਲਾਈਟ ਨਾਮਕ ਇੱਕ ਸੋਡੀਅਮ-ਐਲੂਮੀਨੀਅਮ ਫਲੋਰਾਈਡ ਵਿੱਚ ਤਬਦੀਲ ਕੀਤਾ ਜਾਂਦਾ ਹੈ। ਅਜਿਹਾ ਕਰਨ ‘ਤੇ ਔਸਤ ਲਾਗਤ 4,000 ਯੁਆਨ ਪ੍ਰਤੀ ਟਨ ਆਉਂਦੀ ਸੀ। ਪਰ ਕ੍ਰਾਯੋਲਾਈਟ ਦਾ ਬਾਜ਼ਾਰ ਮੁੱਲ ਸਿਰਫ਼ 1,400 ਯੁਆਨ ਪ੍ਰਤੀ ਟਨ ਸੀ। ਇਸ ਦਾ ਮਤਲਬ ਇਹ ਹੋਇਆ ਕਿ ਹਰੇਕ ਟਨ ਕ੍ਰਾਯੋਲਾਈਟ ਪੈਦਾ ਕਰਨ ਵਿੱਚ ਕਾਰਖਾਨੇ ਨੂੰ 2,600 ਯੁਆਨ ਵੱਧ ਕੀਮਤ ਦੇਣੀ ਪੈਂਦੀ। ਸ਼ੁੱਧ ਆਰਥਿਕ ਨਜ਼ਰੀਏ ਤੋਂ ਜ਼ਰੂਰ ਹੀ ਇਹ ”ਲਾਭਦਾਇਕ” ਨਹੀਂ ਸੀ। ਅਤੇ ਅਸਲ ਵਿੱਚ 1972 ਵਿੱਚ ਕਾਰਖਾਨੇ ਨੂੰ 39 ਟਨ ਕ੍ਰਾਯੋਲਾਈਟ ਪੈਦਾ ਕਰਨ ਲਈ 1,00,000 ਯੁਆਨ ਦਾ ਘਾਟਾ ਸਹਿਣਾ ਪਿਆ। ਇਹ ਕਿਸਾਨਾਂ ਨੂੰ ਚੰਗੀਆਂ ਹਾਨੀਗ੍ਰਸਤ ਫਸਲਾਂ ਨੂੰ ਦਿੱਤੇ ਗਏ ਮੁਆਵਜ਼ਿਆਂ ਨਾਲੋਂ ਦਸ ਗੁਣਾ ਵੱਧ ਸੀ। ਪਰ ਜਿਵੇਂ ਕਿ ”ਚਾਈਨਾ ਰਿਕਾਨਸਟੂਕਟੂਸ” ਦੇ ਫਰਵਰੀ 1973 ਦੇ ਅੰਕ ਵਿੱਚ ਇਸ ਸਬੰਧ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਕਿਹਾ ਗਿਆ।

”ਅੰਤ  ਵਿੱਚ ਲੋਕਾਂ ਲਈ ਅਤੇ ਪੂਰੇ ਦੇਸ਼ ਲਈ ਕੀ ਫਾਇਦੇਮੰਦ ਹੈ, ਹਰ ਕੰਮ ਨੂੰ ਕਰਨ ਵਿੱਚ ਇਸ ਚੀਜ਼ ‘ਤੇ ਪਹਿਲਾਂ ਗੌਰ ਕੀਤਾ ਜਾਂਦਾ ਹੈ। ਇਸ ਲਈ ਕੁੱਝ ਇਲਾਕੇ ਅਤੇ ਉੱਦਮ ਗੰਦੇ ਪਾਣੀ ਅਤੇ ਹੋਰ ਰੱਦੀ ਪਦਾਰਥਾਂ ਨਾਲ਼ ਨਿਪਟਣ ਲਈ ਉਪਲੱਬਧ ਪੈਸੇ ਦਾ ਇੱਕ ਨਿਸ਼ਚਿਤ ਹਿੱਸਾ ਖਰਚ ਕਰਦੇ ਹਨ। ਇਸ ਨਾਲ਼ ਹੋ ਸਕਦਾ ਹੈ ਕਿ ਬਹੁਤ ਥੋੜਾ ਜਾਂ ਬਿਲਕੁੱਲ ਹੀ ਮੁਨਾਫਾ ਨਾ ਹੋਵੇ, ਪਰ ਹਵਾ, ਪਾਣੀ ਅਤੇ ਨਦੀਆਂ ਦੇ ਪ੍ਰਦੂਸ਼ਣ ਨੂੰ ਰੋਕਣ, ਪਾਣੀ ਵਿੱਚ ਰਹਿਣ ਵਾਲ਼ੇ ਪ੍ਰਾਣੀਆਂ ਦੀ ਸੁਰੱਖਿਆ ਅਤੇ ਖੇਤੀ ਸਹਾਰਾ ਦੇਣ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਸੱਚਮੁੱਚ ਇਸ ਤੋਂ ਬਹੁਤ ਝਾਤ ਹੈ।”

ਸਿਰਫ਼ ਇੱਕ ਸਮਾਜਵਾਦੀ ਅਰਥਚਾਰੇ ਦੇ ਤਹਿਤ ਜਿੱਥੇ ਮੁਨਾਫਾ ਕਮਾਨ ਵਿੱਚ ਨਹੀਂ ਹੁੰਦਾ, ਸਨਅਤੀ ਕੂੜੇ ਦੀ ਸਮੱਸਿਆ ਨਾਲ਼ ਇੰਙ ਨਿਪਟਿਆ ਜਾ ਸਕਦਾ ਹੈ ਅਤੇ ਸਿਰਫ਼ ਇੱਕ ਸਮਾਜਵਾਦੀ ਸਮਾਜ ਵਿੱਚ ਹੀ, ਜੋ ਲੋਕਾਂ ਦੇ ਹਿੱਤਾਂ ਵਿੱਚ ਸੰਚਾਲਤ ਹੁੰਦਾ ਹੈ ਨਾ ਕਿ ਵੱਡੇ ਪੂੰਜੀਪਤੀਆਂ ਦੇ ਹਿੱਤਾਂ ਵਿੱਚ, ਪ੍ਰਦੂਸ਼ਣ ਵਿਰੋਧੀ ਉਪਾਵਾਂ ਦੇ ਅਮਲ ਲਈ ਇੱਕ ਸੁਚੱਜੀ ਨੀਤੀ ਤਿਆਰ ਕੀਤੀ ਜਾ ਸਕਦੀ ਹੈ, ਉਹ ਨੀਤੀਆਂ ਭਾਵੇਂ ਮੁਨਾਫਾ-ਵਿਰੋਧੀ ਹੀ ਕਿਉਂ ਨਾ ਹੋਣ।

ਹਾਨੀਕਾਰਕ ਚੀਜ਼ਾਂ ਨੂੰ ਲਾਭਦਾਇਕ ਚੀਜ਼ਾਂ ਵਿੱਚ ਬਦਲਣਾ

ਸਮੁੱਚੇ ਚੀਨ ਵਿੱਚ ”ਤਿੰਨ ਕਿਸਮ ਦੇ ਰੱਦੀ ਪਦਾਰਥਾਂ-ਰੱਦੀ ਦ੍ਰਵ ਪਦਾਰਥ, ਰੱਦੀ ਗੈਸਾਂ ਅਤੇ ਧਾਤੂ-ਕੂੜੇ ਖਿਲਾਫ਼ ਲੋਕ ਮੁਹਿੰਮ ਸ਼ੁਰੂ ਕੀਤੀ ਗਈ। ਇਹ ਨਾਅਰਾ ਦਿੱਤਾ ਗਿਆ ਕਿ ”ਹਾਨੀਕਾਰਕ ਚੀਜ਼ਾਂ ਨੂੰ ਲਾਭਦਾਇਕ ਚੀਜ਼ਾਂ ਵਿੱਚ ਬਦਲ ਦਿਓ।” ਮੁੜ ਇਸ ਗੱਲ ‘ਤੇ ਘੋਲ਼ ਹੋਇਆ ਕਿ ”ਰੱਦੀ ਪਦਾਰਥਾਂ” ਦੇ ਸਵਾਲ ‘ਤੇ ਕਿਵੇਂ ਵਿਚਾਰ ਕੀਤਾ ਜਾਵੇ। ਕੀ ਇਹ ਸਨਅਤੀ ਸਮਾਜ ਦੀ ਇੱਕ ਅਟੱਲ ”ਬੁਰਾਈ” ਹੈ ਜਿਸ ਦੇ ਨਾਲ਼ ਰਹਿਣਾ ਲੋਕਾਂ ਦੀ ਹੋਣੀ ਹੈ? ਕੀ ਹਰ ਤਰ੍ਹਾਂ ਦੇ ਰੱਦੀ ਪਦਾਰਥਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਕਿਸੇ ਹੋਰ ਜਗ੍ਹਾ ਸੁੱਟ ਦੇਣ ‘ਤੇ ਹੀ ਇਸ ਸਮੱਸਿਆ ਨਾਲ਼ ਨਿਪਟਿਆ ਜਾ ਸਕਦਾ ਹੈ? ਕੀ ਇਹ ਇੱਕ ਅਜਿਹੀ ਸਮੱਸਿਆ ਹੈ ਜਿਸ ਨਾਲ਼ ਹਰ ਵਿਅਕਤੀ ਅਤੇ ਹਰ ਕਾਰਖਾਨੇ ਨੂੰ ਸਰੋਕਾਰ ਰੱਖਣਾ ਚਾਹੀਦਾ ਹੈ?

ਕਿਸੇ ਚੀਜ਼ ਨੂੰ ਪੈਦਾ ਕਰਨ ਵਿੱਚ ਸਾਧਨਾਂ ਦਾ ਕੁੱਝ ਹਿੱਸਾ ਨਵੀਆਂ ਜਿਣਸਾਂ ਵਿੱਚ ਰੂਪਾਂਤ੍ਰਿਤ ਹੋ ਜਾਂਦਾ ਹੈ ਅਤੇ ਬਾਕੀ ”ਰੱਦੀ” ਹੋ ਜਾਂਦਾ ਹੈ। ਪਰ ਸਵਾਲ ਇਹ ਸੀ ਕਿ ਇਸ ”ਰੱਦੀ ਪਦਾਰਥ” ਨੂੰ ਕਿਵੇਂ ਦੇਖਿਆ ਜਾਵੇ? ਕਿਸ ਨਜ਼ਰੀਏ ਤੋਂ ਅਤੇ ਕਿਸ ਵਤੀਰੇ ਤੋਂ? ਮਜ਼ਦੂਰਾਂ ਦੇ ਵੱਡੇਰੇ ਸਮੂਹ ਨੂੰ ਮਾਓ ਦੀਆਂ ਫਲਸਫਾਨਾ ਲਿਖਤਾਂ ਦਾ ਅਧਿਐਨ ਕਰਨ ਲਈ ਲਾਮਬੰਦ ਕੀਤਾ ਗਿਆ, ਖਾਸ ਕਰਕੇ ਵਿਰੋਧਤਾਈਆਂ ਦੇ ਨਿਯਮ ਦਾ ਅਧਿਐਨ ਕਰਨ ਲਈ ਜੋ ਹਰ ਚੀਜ਼ ਨੂੰ ਦੋ ਵਿੱਚ ਵੰਡਦਾ ਹੈ। ਉਹਨਾਂ ਨੇ ਇਹ ਵਤੀਰਾ ਅਪਣਾ ਲਿਆ ਕਿ ”ਬਾਹਰਮੁੱਖੀ ਸੰਸਾਰ ਨੂੰ ਜਾਨਣ ਅਤੇ ਉਸ ਨੂੰ ਬਦਲਣ ਦੀ ਲੋਕਾਂ ਦੀ ਯੋਗਤਾ ਦੀ ਕੋਈ ਸੀਮਾ ਨਹੀਂ ਹੈ।”

ਵਿਚਾਰਵਾਦੀ ਨਜ਼ਰੀਏ ਨਾਲ਼ ਰੱਦੀ ਪਦਾਰਥਾਂ ਨੂੰ ਉਪਯੋਗੀ ਨਹੀਂ ਕੀਤਾ ਜਾ ਸਕਦਾ। ਪਰ ਇਨਕਲਾਬੀ, ਪਦਾਰਥਵਾਦੀ ਅਤੇ ਦਵੰਦਾਤਮਕ ਨਜ਼ਰ ਇਹ ਦੱਸਦੀ ਹੈ ਕਿ ਕਿਸੇ ਇੱਕ ਹਾਲਤ ਵਿੱਚ ”ਰੱਦੀ ਪਦਾਰਥ” ਵੱਖਰੀਆਂ ਹਾਲਤਾਂ ਤਹਿਤ ਕੀਮਤੀ ਹੋ ਸਕਦਾ ਹੈ। ਅਤੇ ਇੰਙ ”ਰੱਦੀ ਪਦਾਰਥ” ਨੂੰ ਉਪਯੋਗੀ ਪਦਾਰਥ ਵਿੱਚ ਬਦਲਿਆ ਜਾ ਸਕਦਾ ਹੈ। ਜੇਕਰ ਵੈਸੇ ਹੀ ਛੱਡ ਦਿੱਤਾ ਜਾਵੇ ਤਾਂ ਸਨਅਤੀ ਰੱਦੀ ਪਦਾਰਥ ਵਾਤਾਵਰਨ ਨੂੰ ਜ਼ਹਿਰੀਲਾ ਬਣਾਉਂਦਾ ਹੈ ਅਤੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਪਰ ਜਦੋਂ ਇਨ੍ਹਾਂ ਰੱਦੀ ਪਦਾਰਥਾਂ ਦੀ ਬਣਤਰ (ਕੰਪੋਜੀਸ਼ਨ) ਦਾ ਅਧਿਐਨ ਕੀਤਾ ਗਿਆ ਅਤੇ ਉਹਨਾਂ ਵਿੱਚ ਬਦਲਾਅ ਕੀਤਾ ਗਿਆ ਤਾਂ ਇਹ ਦੇਖਿਆ ਗਿਆ ਕਿ ਉਹਨਾਂ ਨੂੰ ਉਪਯੋਗੀ ਕੱਚੇ ਮਾਲ ਅਤੇ ਜਿਣਸਾਂ ਵਿੱਚ ਬਦਲਿਆ ਜਾ ਸਕਦਾ ਹੈ। ਇਸ ਪ੍ਰਕਾਰ ਇਸ ਨੂੰ ਇੱਕ ”ਨਿਪਟਾਰੇ ਦੀ ਸਮੱਸਿਆ” ਦੇ ਰੂਪ ਵਿੱਚ ਦੇਖਣ ਦੀ ਬਜਾਏ ਲੋਕਾਂ ਨੇ ਇਸ ਨੂੰ ”ਉਪਯੋਗ ਦੀ ਸਮੱਸਿਆ” ਦੇ ਰੂਪ ਵਿੱਚ ਦੇਖੇ ਜਾਣ ਲਈ ਘੋਲ਼ ਕੀਤਾ।

ਇੱਕ ਉਦਾਹਰਣ: ਇੱਕ ਸੂਤੀ ਮਿੱਲ ਵਿੱਚ ਕਪਾਹ ਦੇ ਬੀਜਾਂ ਦੇ ਖੋਲ਼ ਤੋਂ ਛੁਟਕਾਰਾ ਪਾਉਣ ਲਈ ਉਸ ਨੂੰ ਜਲਾ ਦਿੱਤਾ ਜਾਂਦਾ ਸੀ। ਮਜ਼ਦੂਰਾਂ ਨੇ ਖੋਲ਼ ਦਾ ਵਿਸ਼ਲੇਸ਼ਣ ਕਰਨ ‘ਤੇ ਦੇਖਿਆ ਕਿ ਉਸ ਵਿੱਚ ਮੌਜੂਦ ਪਦਾਰਥਾਂ ਦੀ ਪ੍ਰੋਸੇਸਿੰਗ ਕਰਕੇ ਫਰਫਯੂਰਤਲਨ ਨਾਮਕ ਇੱਕ ਕਾਰਬਨਿਕ ਯੌਗਿਕ ਬਣਾਇਆ ਜਾ ਸਕਦਾ ਹੈ। ਇਸ ਦੇ ਇਲਾਵਾ ਮਜ਼ਦੂਰਾਂ ਨੇ ਇਹ ਵੀ ਖੋਜ ਕੀਤੀ ਕਿ ਫਾਲਤੂ ਗੈਸਾਂ ਨਾਲ਼ ਏਸੀਟੋਨ ਬਣਾਇਆ ਜਾ ਸਕਦਾ ਹੈ ਅਤੇ ਫਰਫਯੂਰਤਲਨ ਦੀ ਪੈਦਾਵਾਰ ਦੌਰਾਨ ਬਚੇ ਅਵਸ਼ਿਸਟ ਪਦਾਰਥਾਂ ਤੋਂ ਗਲੂਕੋਜ਼ ਬਣਾਇਆ ਜਾ ਸਕਦਾ ਹੈ। ਗਲੂਕੋਜ਼ ਬਣਾਉਣ ਦੌਰਾਨ ਬਚੇ ਅਵਸ਼ਿਸ਼ਟ ਪਦਾਰਥਾਂ ਤੋਂ ਗਲਿਸਰੀਨ, ਅਲਕੋਹਲ ਅਤੇ ਬਣਾਵਟੀ ਸੇਂਟ ਬਣਾਇਆ ਜਾ ਸਕਦਾ ਹੈ।

ਮਜ਼ਦੂਰਾਂ ਨੇ ਇਹ ਵੀ ਦੇਖਿਆ ਕਿ ਕੁੱਝ ਪਦਾਰਥਾਂ ਵਿੱਚ ਨਾਂਹ ਪੱਖੀ ”ਫਾਲਤੂ” ਗੁਣਧਰਮ ਕਾਫ਼ੀ ਪ੍ਰਭਾਵੀ ਸਨ ਉਹ ਇਨ੍ਹਾਂ ਨੂੰ ਕਿਸੇ ਹਾਨੀਰਹਿਤ ਉਪਯੋਗੀ ਪਦਾਰਥਾਂ ਵਿੱਚ ਬਦਲਣ ਦੇ ਰਸਤੇ ਨਹੀਂ ਕੱਢ ਸਕੇ। ਪਰ ਉਹ ਇਸ ਤੋਂ ਉਦਾਸ ਨਹੀਂ ਹੋਏ। ਲੋਕਾਂ ਨੂੰ ਭਰੋਸਾ ਸੀ ਕਿ ਅੰਤਿਮ ਰੂਪ ਵਿੱਚ ਫਾਲਤੂ ”ਵਿਰੋਧਤਾਈਆਂ” ਨੂੰ ਸਹੀ ਢੰਗ ਨਾਲ਼ ਹੱਲ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਨੇ ਇਸ ‘ਤੇ ਕੰਮ ਕਰਨਾ ਜਾਰੀ ਰੱਖਿਆ ਕਿਉਂਕਿ ਉਹ ਇਹ ਸਮਝਦੇ ਸਨ ਕਿ ਸਨਅਤੀ ਪ੍ਰਦੂਸ਼ਣ ਦਾ ਚੀਨ ਦੀਆਂ ਸਨਅਤਾਂ ਦੇ ਮੂਲ ਉਦੇਸ਼ਾਂ-ਅਜਿਹੀਆਂ ਚੀਜ਼ਾਂ ਨੂੰ ਪੈਦਾ ਕਰਨਾ ਜੋ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ— ਨਾਲ਼ ਸਿੱਧੀ ਵਿਰੋਧਤਾਈ ਹੈ।

ਬਹੁਉਦੇਸ਼ੀ ਉਪਯੋਗ ਦਾ ਇਨਕਲਾਬੀ ਸਿਧਾਂਤ

ਪ੍ਰਧਾਨ ਮਾਓ ਨੇ 1956 ਵਿੱਚ ਹੀ ਬਹੁਉਦੇਸ਼ੀ ਉਪਯੋਗ ਦਾ ਸਿਧਾਂਤ ਪੇਸ਼ ਕੀਤਾ ਸੀ। ”ਤਿੰਨ ਰੱਦੀ ਪਦਾਰਥਾਂ” ਨਾਲ਼ ਨਿਪਟਣ ਦੇ ਮਾਮਲੇ ਵਿੱਚ ਇਹ ਬਹੁਤ ਮਹੱਤਵਪੂਰਨ ਸਾਬਿਤ ਹੋਇਆ ਅਤੇ ਇਸਨੇ ਚੀਨੀ ਅਰਥਚਾਰੇ ਦੇ ਵਿਕਾਸ ਨੂੰ ਵੀ ਗਤੀ ਪ੍ਰਦਾਨ ਕੀਤੀ। ਜਿੱਥੇ ਕਿਤੇ ਵੀ ਸੰਭਵ ਹੋਇਆ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੇ ਆਧਾਰ ‘ਤੇ ਬਦਲਾਅ ਕੀਤੇ ਗਏ:

1. ਇੱਕ ਕਾਰਖਾਨਾ ਕਈ ਹਿੱਸਿਆ ਵਿੱਚ ਵੰਡਿਆ ਹੋਇਆ ਹੈ। 

2. ਇੱਕ ਕੱਚੇ ਮਾਲ ਨੂੰ ਕਈ ਤਰੀਕਿਆਂ ਨਾਲ਼ ਵਰਤੋਂ ਵਿੱਚ ਲਿਆਇਆ ਜਾਂਦਾ ਹੈ।

3. ਇੱਕ ਮਸ਼ੀਨਰੀ ਕਈ ਉੱਦੇਸ਼ਾ ਲਈ ਉਪਯੋਗ ਵਿੱਚ ਲਿਆਂਦੀ ਜਾਂਦੀ ਹੈ।

4. ਇੱਕ ਮਜ਼ਦੂਰ ਖਾਸ ਮੁਹਾਰਤ ਵਾਲ਼ੇ ਕੰਮ ਤੋਂ ਇਲਾਵਾ ਕਈ ਪ੍ਰਕਾਰ ਦਾ ਕੰਮ ਕਰਨ ਵਿੱਚ ਸਮਰੱਥ ਹੁੰਦਾ ਹੈ।

5. ਇੱਕ ਕਾਰਖਾਨਾ ਮੁੱਖ ਰੂਪ ਵਿੱਚ ਇੱਕ ਚੀਜ਼ ਦੀ ਪੈਦਾਵਾਰ ਕਰਨ ਦੇ ਨਾਲ਼ ਨਾਲ਼ ਕਈ ਹੋਰ ਚੀਜ਼ਾਂ ਵੀ ਪੈਦਾ ਕਰ ਸਕਦਾ ਹੈ।

ਇਨ੍ਹਾਂ ਸਿਧਾਂਤਾਂ ਨੇ ਵੱਖ ਵੱਖ ਉਦਯੋਗਾਂ ਦਰਮਿਆਨ ਵੱਖ ਵੱਖ ਕਾਰਖਾਨਿਆਂ ਦਰਮਿਆਨ, ਵੱਖ ਵੱਖ ਵਿਭਾਗਾਂ ਦਰਮਿਆਨ ਅਤੇ ਵੱਖ ਵੱਖ ਪ੍ਰਕਾਰ ਦੇ ਮਜ਼ਦੂਰਾਂ ਦਰਮਿਆਨ ਵੰਡ ਅਤੇ ਅਸਮਾਨਤਾਵਾਂ ਨੂੰ ਦੂਰ ਕਰਨ ਵਿੱਚ ਮਦਦ ਕੀਤੀ। ਇਹ ਸਿਧਾਂਤ ਅਤਿ ਵਿਸ਼ੇਸ਼ੀਕਰਨ ਦੇ ਖਿਲਾਫ਼ ਸੀ, ਇਹ ਵੱਖ ਵੱਖ ਪ੍ਰਕਾਰ ਦੇ ਹੁਨਰ ਵਾਲ਼ੇ ਮਜ਼ਦੂਰਾਂ ਦਰਮਿਆਨ ਵੰਡ ‘ਤੇ ਘੱਟ ਜ਼ੋਰ ਦਿੰਦਾ ਸੀ ਅਤੇ ਛੋਟੇ ਅਤੇ ਵੱਡੇ ਕਾਰਖਾਨਿਆਂ ਦਰਮਿਆਨ ਪਾੜੇ ਨੂੰ ਪੂਰਨ ਦੇ ਕੰਮ ਵਿੱਚ ਮਦਦ ਕਰਦਾ ਸੀ।

”ਰੱਦੀ ਪਦਾਰਥਾਂ” ਨੂੰ ਫਿਰ ਤੋਂ ਵਰਤੋਂ ਯੋਗ ਬਣਾਉਣ ਵਾਲ਼ੇ ਸਥਾਨਕ ਛੋਟੇ ਉਦਯੋਗਾਂ ਦੇ ਵਿਕਾਸ ਨੂੰ ਕਈ ਖੇਤਰਾਂ ਵਿੱਚ ਹੱਲਾਸ਼ੇਰੀ ਦਿੱਤੀ ਗਈ ਜੋ ਰੈਗੂਲਰ ਕਿਰਤ ਸ਼ਕਤੀ ਦੇ ਅੰਗ ਨਹੀਂ ਸਨ ਜਿਵੇਂ ਛੁੱਟੀ ਮਿਲ਼ੇ ਮਜ਼ਦੂਰ, ਘਰੇਲੂ ਔਰਤਾਂ ਅਤੇ ਸਰੀਰਿਕ ਰੂਪ ਤੋਂ ਅਪਾਹਜ ਲੋਕ। ਸਕੂਲਾਂ, ਕਾਉਂਟੀਆਂ, ਸ਼ਹਿਰਾਂ ਜਾਂ ਪੈਦਾਵਾਰੀ ਟੀਮਾਂ ਰਾਹੀਂ ਚਲਾਏ ਜਾਣ ਵਾਲ਼ੇ ਛੋਟੇ ਕਾਰਖਾਨਿਆਂ ਨੂੰ ਸਥਾਪਿਤ ਕੀਤਾ ਗਿਆ ਅਤੇ ਕਈ ਮਾਮਲਿਆਂ ਵਿੱਚ ਤਾਂ ਇਨ੍ਹਾਂ ਆਤਮਨਿਰਭਰ ਟੀਮਾਂ ਨੇ ਹੈਰਾਨੀਜਨਕ ਸਿੱਟੇ ਪ੍ਰਾਪਤ ਕੀਤੇ।

ਉਦਾਹਰਣ ਲਈ, ਲੋਕਾਂ ਨੇ ਤਿਯੋਨਤਿਸਨ ਦੇ ਤਾਂਗਕ ਜ਼ਿਲ੍ਹੇ ਵਿੱਚ ਗੁਆਂਢ ਦੇ ਵੱਡੇ ਕਾਰਖਾਨੇ ਤੋਂ ”ਤਿੰਨ ਰੱਦੀ ਪਦਾਰਥਾਂ” ਦੇ ਉਪਯੋਗ ਨਾਲ਼ ਵੀਹ ਪ੍ਰਕਾਰ ਦੇ ਉਪਯੋਗੀ ਰਸਾਇਣ ਬਣਾਉਣ ਵਾਲ਼ੇ ਦਰਜਨਾਂ ਛੋਟੇ ਰਸਾਇਣ ਕਾਰਖਾਨਿਆਂ ਦੀ ਸਥਾਪਨਾ ਕੀਤੀ। ਤਿਯੇਨਤਿਸਨ ਸੋਡਾ ਕਾਰਖਾਨੇ ਤੋਂ ਨਿਕਲਣ ਵਾਲ਼ੇ ਮਟਮੈਲੇ ਪਾਣੀ ਦਾ ਉਪਯੋਗ ਇੱਕ ਛੋਟਾ ਕਾਰਖਾਨਾ ਕੈਲਸ਼ੀਅਮ ਕਲੋਰਾਈਡ ਬਣਾਉਣ ਲਈ ਕਰਦਾ ਸੀ। ਕੈਲਸ਼ੀਅਮ ਕਲੋਰਾਈਡ ਬਣਾਉਣ ਦੌਰਾਨ ਨਿਕਲੀ ਰੱਦੀ ਤੋਂ ਇੱਕ ਹੋਰ ਛੋਟਾ ਕਾਰਖਾਨਾ ਸਨਅਤੀ ਵਰਤੋਂ ਲਈ ਲੂਣ ਦੀ ਪੈਦਾਵਾਰ ਕਰਦਾ ਸੀ। ਅਤੇ ਮੁੜ ਇਸ ਪ੍ਰਕਿਰਿਆ ਵਿੱਚ ਬਚੇ ਅਵਸ਼ਿਸ਼ਟ ਪਦਾਰਥ ਦਾ ਉਪਯੋਗ ਇੱਕ ਮਿਡਲ ਸਕੂਲ ਦੁਆਰਾ ਚਲਾਇਆ ਗਿਆ ਛੋਟਾ ਕਾਰਖਾਨਾ ਸੋਡੀਅਮ ਕਲੋਰਾਈਡ ਦੀ ਪੈਦਾਵਾਰ ਲਈ ਕਰਦਾ ਸੀ ਜਿਸ ਦੀ ਵਰਤੋਂ ਵੱਖ ਵੱਖ ਰਸਾਇਣਕ ਪ੍ਰਕਿਰਿਆਵਾਂ ਵਿੱਚ ਕੀਤੀ ਜਾਂਦੀ ਹੈ।

ਲੋਕ ਸਭ ਤੋਂ ਕੀਮਤੀ ਸਾਧਨ ਹਨ

ਜਿਵੇਂ ਕਿ ਮਾਓ ਨੇ ਕਿਹਾ ਸੀ, ”ਲੋਕਾਂ ਕੋਲ ਅਸੀਮਤ ਸਿਰਜਣਾਤਮਕ ਸ਼ਕਤੀ ਹੁੰਦੀ ਹੈ।” ਅਤੇ ”ਤਿੰਨ ਰੱਦੀ ਪਦਾਰਥਾਂ” ਵਿਰੁੱਧ ਮੁਹਿੰਮ ਦੀ ਸਫਲਤਾ ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕਰਨ ਲਈ ਤੌਰ ਤਰੀਕਿਆਂ ਅਤੇ ਵਿਧੀਆਂ ਵਿਕਸਿਤ ਕਰਨ ਲਈ ਲੋਕਾਂ ਨੂੰ ਵਿਚਾਰ ਵਟਾਂਦਰਾ ਕਰਨ, ਘੋਲ਼ ਕਰਨ ਅਤੇ ਪਹਿਲਕਦਮੀ ਲੈਣ ਦੀ ਦਿਸ਼ਾ ਵਿੱਚ ਚੇਤੰਨ ਕਰਨ ‘ਤੇ ਨਿਰਭਰ ਸੀ।

ਪੂੰਜੀਵਾਦ ਦੇ ਤਹਿਤ ਵਾਤਾਵਰਨ ਪ੍ਰਦੂਸ਼ਣ ਲੋਕਾਂ ਦੇ ਜੀਵਨ ਅਤੇ ਪ੍ਰਕਿਰਤੀ ਲਈ ਗੰਭੀਰ ਖਤਰਾ ਹੈ। ਪਰ ਇਸ ਸਮੱਸਿਆ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਾ ਪੂੰਜੀਪਤੀਆਂ ਦੇ ਹਿੱਤ ਵਿੱਚ ਨਹੀਂ ਹੈ ਅਤੇ ਪ੍ਰਦੂਸ਼ਣ ਨਾਲ਼ ਨਿਪਟਣਾ ਉਹਨਾਂ ਲਈ ਲਾਭਦਾਇਕ ਵੀ ਨਹੀਂ ਹੈ। ਪਰ ਇਨਕਲਾਬੀ ਚੀਨ ਵਿੱਚ, ਪੈਦਾਵਾਰ ਦਾ ਵਿਕਾਸ ਲੋਕਾਂ ਦੇ ਹਿੱਤ ਵਿੱਚ ਕੀਤਾ ਗਿਆ ਅਤੇ ਇਸ ਲਈ ਪ੍ਰਦੂਸ਼ਣ ਦੀ ਮਾਤਰਾ ਨੂੰ ਉਜਾਗਰ ਕਰਨ ਅਤੇ ਉਸ ਨੂੰ ਪ੍ਰਚਾਰਿਤ ਕਰਨ ਨੂੰ ਚੰਗੀ ਚੀਜ਼ ਸਮਝਿਆ ਗਿਆ ਕਿਉਂਕਿ ਸਿਰਫ਼ ਇਸ ਤਰੀਕੇ ਨਾਲ਼ ਇਸ ਸਮੱਸਿਆ ਨੂੰ ਹੱਲ ਕਰਨ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾ ਸਕਦਾ ਹੈ।

ਪੂੰਜੀਵਾਦੀ ਸਮਾਜ ਵਿੱਚ ਇਸ ਵਿਚਾਰ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਲੋਕ ਸਮੱਸਿਆ ਹਨ ਜਾਂ ਵਾਤਾਵਰਨ ਦੀ ਤਬਾਹੀ ਆਬਾਦੀ ਦੇ ਵਾਧੇ ਦਾ ਇੱਕ ਅਟੱਲ ਨਤੀਜਾ ਹੈ ਪਰ ਇਨਕਲਾਬੀ ਚੀਨ ਵਿੱਚ ਲੋਕ ਸਭ ਤੋਂ ਵੱਧ ਕੀਮਤੀ ਸਾਧਨ ਦੇ ਰੂਪ ਵਿੱਚ ਸਮਝੇ ਜਾਂਦੇ ਸਨ। ਪ੍ਰਦੂਸ਼ਣ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਦੀ ਚਾਬੀ ਸੀ ਇੱਕ ਨਵੇਂ ਸਮਾਜਵਾਦੀ ਸਮਾਜ ਦੀ ਉਸਾਰੀ ਲਈ ਲੋਕਾਂ ਦੀ ਰਾਜਨੀਤਕ ਚੇਤਨਾ ਅਤੇ ਉਤਸ਼ਾਹ। ਜਿਵੇਂ ਕਿ ”ਪੀਕਿੰਗ ਰੀਵਿਊ” ਦੇ ਇੱਕ ਲੇਖ ਵਿੱਚ ਕਿਹਾ ਗਿਆ ਸੀ ਲੋਕ ਹੀ ਨਾਇਕ ਹੁੰਦੇ ਹਨ ਅਤੇ ਅਮਲ ਸੱਚ ਨੂੰ ਉਘਾੜਦਾ ਹੈ। ਪੈਦਾਵਾਰ ਦੀਆਂ ਮੂਹਰਲੀਆਂ ਸਫ਼ਾਂ ਵਿੱਚ ਸ਼ਾਮਿਲ ਮਜ਼ਦੂਰ ਅਤੇ ਕਰਮਚਾਰੀ ਪ੍ਰਦੂਸ਼ਣ ਨੂੰ ਦੂਰ ਕਰਨ ਅਤੇ ਵਾਤਾਵਰਨ ਨੂੰ ਸੁਧਾਰਨ ਲਈ ਜੀਅ-ਜਾਨ ਨਾਲ਼ ਤਿਆਰ ਸਨ ਅਤੇ ਪ੍ਰਦੂਸ਼ਣ ਨੂੰ ਕਾਬੂ ਕਰਨ ਦੇ ਮਾਮਲੇ ਵਿੱਚ ਉਨ੍ਹਾਂ ਨੇ ਅਸੀਮ ਬੌਧਿਕ ਯੋਗਤਾ ਦਾ ਸਬੂਤ ਦਿੱਤਾ। ਇੱਕ ਵਾਰ ਜਦੋਂ ਸਮਾਜਵਾਦ ਲਈ ਉਤਸ਼ਾਹ ਹੁਲਾਰੇ ਮਾਰਨ ਲੱਗਿਆ ਤਾਂ ”ਤਿੰਨ ਰੱਦੀ ਪਦਾਰਥਾਂ” ਤੋਂ ਛੁਟਕਾਰਾ ਪਾਉਣ ਵਿੱਚ ਆਉਣ ਵਾਲ਼ੀਆਂ ਮੁਸ਼ਕਿਲਾਂ ਨੂੰ ਆਸਾਨੀ ਨਾਲ਼ ਅਤੇ ਤੇਜ਼ੀ ਨਾਲ਼ ਹੱਲ ਕਰ ਲਿਆ ਗਿਆ।”

ਇੱਕ ਤੇਲ ਸੋਧਕ ਕਾਰਖਾਨੇ ਵਿੱਚ, ਇੱਕ ਗਲਤ ਸੋਧਵਾਦੀ ਲੀਹ ਕਮਾਨ ਵਿੱਚ ਸੀ। ਸ਼ੁਰੂਆਤ ਵਿੱਚ ਜ਼ਹਿਰੀਲੇ ਰੱਦੀ ਪਦਾਰਥ ਤੋਂ ਛੁਟਕਾਰਾ ਪਾਉਣ ਦੇ ਕੰਮ ਵਿੱਚ ਸਿਰਫ਼ ਮੁੱਠੀਭਰ ਲੋਕਾਂ ਦੀ ਮਦਦ ਲਈ ਗਈ। ਅੱਠ ਸਾਲਾਂ ਤੱਕ ਇਹ ਲੋਕ ਬੰਦ ਦਰਵਾਜਿਆਂ ਅੰਦਰ ਕੰਮ ਕਰਦੇ ਰਹੇ ਅਤੇ ਉਨ੍ਹਾਂ ਨੇ ”ਵੱਡੀਆਂ ਗੱਲਾਂ ਸੋਚਣ”, ਵਿਦੇਸ਼ੀ ਵਿਧੀਆਂ ਦੀ ਨਕਲ ਕਰਨ ਅਤੇ ਖਰਚੀਲੀਆਂ ਯੋਜਨਾਵਾਂ ਨੂੰ ਅਪਨਾਉਣ ਦੀ ਪਹੁੰਚ ਅਪਣਾਈ। ਪਰ ਇਸ ਢੰਗ ਨਾਲ਼ ਕੁੱਝ ਵੀ ਨਹੀਂ ਕੀਤਾ ਜਾ ਸਕਿਆ। ਸੱਭਿਆਚਾਰਕ ਇਨਕਲਬ ਦੌਰਾਨ ਇਸ ਕੰਮ ਦੀ ਲੀਹ ਦੀ ਅਲੋਚਨਾ ਕੀਤੀ ਗਈ ਅਤੇ ਇੱਕ ਨਵੀਂ ਪਹੁੰਚ ਅਪਣਾਈ ਗਈ। ਲੋਕਾਂ ‘ਤੇ ਭਰੋਸਾ ਅਤੇ ਟੇਕ। ਲੋਕਾਂ ਨੂੰ ਸਰਗਰਮ ਕੀਤਾ ਗਿਆ ਅਤੇ ਮਜ਼ਦੂਰਾਂ, ਤਕਨੀਸ਼ੀਅਨਾਂ ਅਤੇ ਮੂਹਰਲੀਆਂ ਪਾਰਟੀ ਸਫ਼ਾਂ ਨੂੰ ਮਿਲ਼ਾ ਕੇ ”ਥ੍ਰੀ-ਇਨ-ਵਨ” ਟੀਮਾਂ ਬਣਾਈਆਂ ਗਈਆਂ। ਇਹ ”ਥ੍ਰੀ-ਇਨ-ਵਨ” ਸਮੂਹ ਇਸ ਚੀਜ਼ ਨੂੰ ਸਥਾਪਿਤ ਕਰਨ ਲਈ ਸਥਾਪਿਤ ਕੀਤੇ ਗਏ ਕਿ ਸਾਧਾਰਨ ਲੋਕਾਂ ਦੀ ਸਮਝਦਾਰੀ, ਪਹਿਲਕਦਮੀ ਅਤੇ ਸਿਰਜਣਾਤਮਕਤਾ ਨੂੰ ਧਿਆਨ ਵਿੱਚ ਰੱਖਿਆ ਜਾਵੇ ਅਤੇ ਲੀਡਰਸ਼ਿਪ ”ਮੁਹਾਰਤ ਨੂੰ ਕਮਾਨ ਵਿੱਚ ਰੱਖਣ” ਦੀ ਲੀਹ ‘ਤੇ ਅਮਲ ਨਾ ਕਰ ਸਕੇ। ਨਵੀਂ ਟੀਮ ਨੇ, ਜੋ ਕੁੱਝ ਵੀ ਉਨ੍ਹਾਂ ਕੋਲ ਮੌਜੂਦ ਸੀ, ਉਸਦੀ ਵਰਤੋਂ ਕੀਤੀ ਅਤੇ ਚੀਨ ਵਿੱਚ ਵਿਕਸਤ ਵਿਧੀਆਂ ਦੇ ਨਾਲ਼ ਨਾਲ਼ ਦੂਸਰੇ ਦੇਸ਼ਾਂ ਦੇ ਅਨੁਭਵਾਂ ਨੂੰ ਵੀ ਮਿਲਾਇਆ। ਰਾਜ ਤੋਂ ਬਿਨਾਂ ਆਰਥਿਕ ਮਦਦ ਮੰਗੇ ਉਨ੍ਹਾਂ ਨੇ ਪ੍ਰਦੂਸ਼ਣ ਦੂਰ ਕਰਨ ਵਾਲ਼ੀ ਮਸ਼ੀਨ ਬਣਾ ਲਈ ਅਤੇ ਹਰ ਸਾਲ 30 ਲੱਖ ਯੁਆਨ ਤੋਂ ਵੱਧ ਮੁੱਲ ਵਾਲ਼ੇ ਦ੍ਰਵ ਟੰਗਸਿਟਕ ਏਸਿਡ ਨੂੰ ਦੁਬਾਰਾ ਹਾਸਲ ਕਰਨ ਲੱਗੇ।

ਸ਼ਾਂਤੁਰਾ ਦੇ ਤਿੰਸਗੋਟਾ ਵਿੱਚ ਇੱਕ ਰਸਾਣਿਕ ਕਾਰਖਾਨੇ ਦੇ ਕੋਲ ਦਰਪਣਾਂ ਤੋਂ ਚਾਂਦੀ ਕੱਢਣ ਦੀ ਕੋਸ਼ਿਸ਼ ਕਰਨ ਦਾ ਫੈਸਲਾ ਲਿਆ। ਲਗਭਗ 200 ਪ੍ਰਯੋਗਾਂ ਦੇ ਬਾਅਦ ਸਨਅਤੀ ਰੱਦੀ ਪਾਣੀ ਅਤੇ ਸੁੱਟ ਦਿੱਤੇ ਗਏ ਦਰਪਣਾਂ ਤੋਂ ਫਿਲਮਾਂ ਲਈ ਚਾਂਦੀ ਕੱਢਣ ਦੀ ਤਕਨੀਕ ਵਿਕਸਿਤ ਕਰ ਲਈ ਗਈ। ਚਾਰ ਸਾਲਾਂ ਵਿੱਚ ਖੁਦ ਦੁਆਰਾ ਵਿਕਸਿਤ ਕੀਤੀਆਂ ਗਈਆਂ ਵਿਧੀਆਂ ਤੋਂ ਉਨ੍ਹਾਂ ਨੇ ਰੱਦੀ ਪਾਣੀ ਤੋਂ 1250 ਟਨ ਚਾਂਦੀ ਕੱਢੀ ਅਤੇ ਨਾਲ਼ ਹੀ ਨਾਲ਼ ਹੋਰ ਚੀਜ਼ਾਂ, ਜਿਵੇਂ ਸੋਨਾ, ਫਟਕੜੀ ਅਤੇ ਮੈਗਨੀਸ਼ੀਅਮ ਸਲਫੇਟ, ਨੂੰ ਵੀ ਪ੍ਰਾਪਤ ਕੀਤਾ।

ਵੱਡੇ ਸ਼ਹਿਰਾਂ ਦੀ ਗੰਦਗੀ ਦੇ ਸਾਮਰਾਜ ਨੂੰ ਖ਼ਤਮ ਕਰਨਾ

ਉੱਨ੍ਹੀਵੀਂ ਸਦੀ ਦੇ ਬਾਅਦ ਯੂਰਪ, ਜਾਪਾਨ ਅਤੇ ਅਮਰੀਕਾ ਦੀਆਂ ਸਾਮਰਾਜਵਾਦੀ ਸ਼ਕਤੀਆਂ ਨੇ ਚੀਨ ਵਿੱਚ ਪੂੰਜੀ ਦਾ ਨਿਰਯਾਤ ਕੀਤਾ ਅਤੇ ਸਸਤੀ ਕਿਰਤ ਦੀ ਲੁੱਟ ਕਰਨ ਅਤੇ ਅਸੁਰੱਖਿਅਤ ਕੁਦਰਤੀ ਸਾਧਨਾਂ ਦਾ ਲਾਭ ਲੈਣ ਲਈ ਉਦਯੋਗਾਂ ਦਾ ਵਿਕਾਸ ਕੀਤਾ। ਕਾਰਖਾਨਿਆਂ ਨੂੰ ਖਾਸ ਤੌਰ ‘ਤੇ ਵੱਡੇ ਸਮੁੰਦਰੀ ਤੱਟਾਂ ਦੇ ਸ਼ਹਿਰਾਂ ਵਿੱਚ ਸਥਾਪਿਤ ਕੀਤਾ ਗਿਆ, ਜਿੱਥੇ ਮਜ਼ਦੂਰਾਂ ਦੀ ਬਹੁਤਾਤ ਸੀ ਜਿੱਥੋਂ ਵਿਦੇਸ਼ੀ ਬਾਜ਼ਾਰਾਂ ਲਈ ਜਿਣਸਾਂ ਨੂੰ ਢੋਅ ਕੇ ਲੈ ਜਾਣਾ ਆਸਾਨ ਸੀ। ਜਿਵੇਂ ਜਿਵੇਂ ਕਾਰਖਾਨੇ ਜ਼ਹਿਰੀਲਾ ਹੋਇਆ ਧੂੰਆਂ ਛੱਡਦੇ ਗਏ ਅਤੇ ਜ਼ਹਿਰੀਲਾ ਕੂੜਾ ਜਮ੍ਹਾਂ ਹੁੰਦਾ ਗਿਆ ਇਹ ਵੱਡੇ ਸ਼ਹਿਰ ਪ੍ਰਦੂਸ਼ਣ ਦੇ ਕੇਂਦਰ ਬਣਦੇ ਗਏ।

ਪੂੰਜੀਵਾਦੀ ਮਾਹਿਰਾਂ ਨੇ ਮਾਓ ‘ਤੇ ਇਹ ਦੋਸ਼ ਲਗਾਇਆ ਕਿ ਉਹ ਇੱਕ ਯੂਟੋਪੀਆਈ ਰੋਮਾਨੀ ਵਿਅਕਤੀ ਹਨ ਅਤੇ ਆਧੁਨਿਕੀਕਰਨ ਦੇ ਵਿਰੋਧੀ ਹਨ। ਪਰ ਤੱਥ ਇਹ ਹੈ ਕਿ ਉਹਨਾਂ ਨੇ ਪੂੰਜੀਵਾਦੀ ਸ਼ਹਿਰਾਂ ਦੀ ਉੱਘੀ ਅੰਤਰ-ਦ੍ਰਿਸ਼ਟੀ ਸੰਪੰਨ ਅਲੋਚਨਾ ਕੀਤੀ-ਅਤੇ 1949 ਵਿੱਚ ਚੀਨ ਦੇ ਆਜ਼ਾਦ ਹੋ ਜਾਣ ਦੇ ਬਾਅਦ ਨਵੀਂ ਸਮਾਜਵਾਦੀ ਸਰਕਾਰ ਨੇ ਚੀਨੀ ਸ਼ਹਿਰਾਂ ਦੇ ਮੁੱਢਲੇ ਰੂਪਾਂਤਰਣ ਦੀ ਦਿਸ਼ਾ ਵਿੱਚ ਕਦਮ ਵਧਾਏ। ਸ਼ੰਘਾਈ ਵਿੱਚ ਪਹਿਲੇ ਪੜਾਅ ਵਿੱਚ ਖੁੱਲੀਆਂ ਸੀਵਰੇਜ ਲਾਈਨਾਂ ਨੂੰ ਢਕਣ ਅਤੇ ਉਨ੍ਹਾਂ ‘ਤੇ ਸੜਕਾਂ ਦੀ ਉਸਾਰੀ ਕਰਨ ਦਾ ਕੰਮ ਹੱਥ ਵਿੱਚ ਲਿਆ ਗਿਆ। ਤਿੰਨ ਸੌ ਤਰਸਯੋਗ ਝੁੱਗੀਆਂ ਝੌਂਪੜੀਆਂ ਵਾਲ਼ੇ ਇਲਾਕਿਆਂ ਨੂੰ ਸਾਫ਼ ਕੀਤਾ ਗਿਆ ਅਤੇ ਉਹਨਾਂ ਦੀ ਥਾਂ ਨਵੇਂ ”ਮਜ਼ਦੂਰਾਂ ਦੇ ਪਿੰਡ” ਨਾਮਕ ਆਵਾਸੀ ਯੋਜਨਾ ਨੂੰ ਕਿਰਿਆਸ਼ੀਲ ਕੀਤਾ ਗਿਆ ਅਤੇ ਇੰਙ ਦਸ ਲੱਖ ਤੋਂ ਵੱਧ ਲੋਕਾਂ ਨੂੰ ਘਰ ਮੁਹੱਈਆ ਕਰਾਏ ਗਏ। ਇਸ ਦੇ ਬਾਅਦ ਉਦਯੋਗਾਂ ਦੀ ਵੰਡ ਵਿੱਚ ਵਿਸ਼ਾਲ ਅਸੰਤੁਲਨ ਨੂੰ ਦੂਰ ਕੀਤਾ ਗਿਆ। ਰਿਹਾਇਸ਼ੀ ਇਲਾਕਿਆਂ ਨੇੜੇ ਸਥਾਪਿਤ ਲਗਭਗ 1,000 ਕਾਰਖਾਨਿਆਂ ਨੂੰ ਖਾਸ ਤੌਰ ‘ਤੇ ਹਾਨੀਕਾਰਕ ਪਾਇਆ ਗਿਆ। ਇਸ ਲਈ 1953 ਤੋਂ 1957 ਦਰਮਿਆਨ ਸਰਕਾਰ ਨੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਕਾਰਖਾਨਿਆਂ ਨੂੰ ਸ਼ਹਿਰਾਂ ਤੋਂ ਬਾਹਰ ਸਥਾਪਿਤ ਕਰਨਾ ਸ਼ੁਰੂ ਕੀਤਾ। ਪ੍ਰਦੂਸ਼ਣ ਨੂੰ ਘੱਟ ਕਰਨ, ਕੰਮ ਦੀਆਂ ਹਾਲਤਾਂ ਨੂੰ ਸੁਧਾਰਨ ਅਤੇ ਉਤਪਾਦਨ ਨੂੰ ਵਧਾਉਣ ਲਈ ਇਨ੍ਹਾਂ ਕਾਰਖਾਨਿਆਂ ਦਾ ਮੁੜ ਉੱਦਾਰ ਕੀਤਾ ਗਿਆ। ਨਵੇਂ ਸਨਅਤੀ ਇਕਾਈਆਂ ਮੁੱਖ ਰੂਪ ਵਿੱਚ ਸ਼ਹਿਰਾਂ ਤੋਂ ਬਾਹਰ ਸਥਾਪਿਤ ਕੀਤੀਆਂ ਗਈਆਂ। ਨਵੇਂ ਕਾਰਖਾਨਿਆਂ ਤੋਂ ਇਹ ਉਮੀਦ ਕੀਤੀ ਜਾਂਦੀ ਸੀ ਕਿ ਉਹਨਾਂ ਕੋਲ ਪ੍ਰਦੂਸ਼ਣ ਦੀ ਰੋਕਥਾਮ ਦੀਆਂ ਅਤੇ ਉਸ ਨਾਲ਼ ਨਿਪਟਣ ਦੀਆਂ ਯੋਜਨਾਵਾਂ ਹੋਣ।

ਇਨਕਲਾਬੀ ਚੀਨ ਵਿੱਚ ਨੀਤੀ ਇਹ ਸੀ ਕਿ ਵੱਡੇ ਸ਼ਹਿਰਾਂ ਵਿੱਚ ਸਨਅਤਾਂ ਅਤੇ ਆਬਾਦੀ ਦੇ ਸੰਕੇਂਦਰਨ ਲਈ ਛੋਟੇ-ਛੋਟੇ ਸਨਅਤੀ ਨਗਰ ਵਸਾਏ ਜਾਣ—ਪਿੰਡਾਂ ਦੀ ਕੀਮਤ ‘ਤੇ ਸ਼ਹਿਰਾਂ ਦੀ ਉਸਾਰੀ ਨਾ ਕੀਤੀ ਜਾਵੇ, ਪੇਂਡੂ ਲੋਕਾਂ ਦੀ ਕੀਮਤ ‘ਤੇ ਸ਼ਹਿਰੀ ਆਬਾਦੀ ਦਾ ਹਿੱਤ ਪੋਸ਼ਣ ਨਾ ਕੀਤਾ ਜਾਵੇ, ਸ਼ਹਿਰ ਅਤੇ ਪਿੰਡ ਦੀਆਂ ਵਿਰੋਧਤਾਈ ਨੂੰ ਵਧਾਉਣ ਦੀ ਬਜਾਏ ਉਸ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇ। ਇਨ੍ਹਾਂ ਸਭ ਉਪਾਵਾਂ ਦਾ ਅਰਥ ਇਹ ਸੀ ਕਿ ਸਨਅਤੀ ਰੱਦੀ ਪਦਾਰਥ ਅਤੇ ਕੂੜਾ ਕਿਸੇ ਇੱਕ ਥਾਂ ‘ਤੇ ਘੱਟ ਤੋਂ ਘੱਟ ਜਮ੍ਹਾ ਹੋਣ ਅਤੇ ਇਨ੍ਹਾਂ ਛੋਟੇ ਛੋਟੇ ਸਮੂਹਾਂ ਦੇ ਲੋਕਾਂ ਨੂੰ ਜੀਣ ਲਈ ਜ਼ਿਆਦਾ ਸਿਹਤਮੰਦ ਵਾਤਾਵਰਨ ਪ੍ਰਦਾਨ ਕੀਤਾ।

ਸ਼ਹਿਰਾਂ ਦੇ ਬਾਹਰ ਛੋਟੇ ਸ਼ਹਿਰਾਂ ਨੂੰ ਆਤਮਨਿਰਭਰ ਹੋਣ ਲਈ ਹੱਲਾਸ਼ੇਰੀ ਦਿੱਤੀ ਗਈ। ਵੱਡੇ ਉਦਯੋਗ ਮੁੱਖ ਰੂਪ ਵਿੱਚ ਉਨ੍ਹਾਂ ਥਾਂਵਾਂ ‘ਤੇ ਕੇਂਦਰਿਤ ਸਨ ਜਿੱਥੇ ਕੱਚੇ ਮਾਲ ਦੇ ਭੰਡਾਰ ਕਾਫ਼ੀ ਮਾਤਰਾ ਵਿੱਚ ਸਨ। ਇੰਙ ਛੋਟੇ ਉਦਯੋਗਾਂ ਦਾ ਵਿਕਾਸ ਇੱਕ ਉਪਾਅ ਸੀ ਜਿਸ ਨਾਲ਼ ਇੱਧਰ-ਉੱਧਰ ਖਿੱਲਰੇ ਮਾਲ ਦਾ ਪੂਰਾ ਉਪਯੋਗ ਕੀਤਾ ਜਾ ਸਕੇ। ਇਹ ਛੋਟੇ ਉਦਯੋਗਾਂ ਵੱਖ ਵੱਖ ਪ੍ਰਕਾਰ ਦੀਆਂ ਸਥਾਨਕ ਲੋੜਾਂ ਜਿਵੇਂ ਕਿ ਕੱਪੜਿਆਂ ਅਤੇ ਖੇਤੀ ਦੇ ਔਜਾਰਾਂ ਆਦਿ ਨੂੰ ਪੂਰਾ ਕਰ ਸਕਦੇ ਸਨ। ਰੱਦੀ ਮਾਲ ਨੂੰ ਉਪਯੋਗ ਲਾਇਕ ਬਣਾਉਣ ਲਈ ਪਿੰਡ ਅਤੇ ਨੇੜੇ-ਤੇੜੇ ਦੇ ਇਲਾਕੇ ਛੋਟੇ-ਛੋਟੇ ਉਦਯੋਗਾਂ ਦੀ ਸਥਾਪਨਾ ਕਰਨ ਵਿੱਚ ਸਮਰੱਥ ਸਨ।

ਪਰ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਉਦਯੋਗਾਂ ਦੇ ਵਿਕੇਂਦਰੀਕਰਨ ਨੇ ਉਦਯੋਗ ਅਤੇ ਖੇਤੀ ਨੂੰ ਸਮੇਕਿਤ ਕਰਨ, ਸ਼ਹਿਰ ਅਤੇ ਪਿੰਡਾਂ ਦੇ ਫ਼ਰਕ ਨੂੰ ਖਤਮ ਕਰਨ ਅਤੇ ਉਨ੍ਹਾਂ ਦਰਮਿਆਨ ਅਸਮਾਨਤਾਵਾਂ ਨੂੰ ਦੂਰ ਕਰਨ ਸੰਭਵ ਬਣਾਇਆ। ਇਹ ਸਮਾਜ ਵਿੱਚ ”ਮੌਜੂਦ ਤਿੰਨ ਫਰਕਾਂ” ਸਨਅਤੀ ਅਤੇ ਖੇਤੀ ਵਿਕਾਸ ਦਰਮਿਆਨ, ਪੇਂਡੂ ਜੀਵਨ ਅਤੇ ਸ਼ਹਿਰੀ ਜੀਵਨ ਦਰਮਿਆਨ ਅਤੇ ਮਾਨਸਿਕ ਅਤੇ ਸਰੀਰਿਕ ਕਿਰਤ ਦਰਮਿਆਨ ਫਰਕਾਂ ਦਾ ਖਾਤਮਾ ਕਰਨ ਦੀ ਦਿਸ਼ਾ ਵਿੱਚ ਹੋਣ ਵਾਲ਼ੇ ਕੰਮਾਂ ਦਾ ਅੰਗ ਸੀ।

ਹੋਪੇਈ ਪ੍ਰਾਂਤ ਦੇ ਇੱਕ ਇਲਾਕੇ ਵਿੱਚ ਪਾਰਟੀ ਸਫ਼ਾਂ, ਕਿਸਾਨਾਂ ਅਤੇ ਤਕਨੀਸ਼ੀਅਨਾਂ ਨੇ ਸਨਅਤੀ ਰੱਦੀ ਪਾਣੀ ਨੂੰ ਉਪਯੋਗ ਲਾਇਕ ਬਣਾਉਣ ਦੀਆਂ ਵਿਧੀਆਂ ਨੂੰ ਖੋਜਣ ਲਈ ਦਸ ਸਾਲਾਂ ਤੱਕ ਇਕੱਠੇ ਮਿਲ ਕੇ ਪ੍ਰਯੋਗ ਕੀਤੇ। 1970 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਸ਼ਹਿਰ ਤੋਂ ਹਰ ਦਿਨ ਨਿਕਲਣ ਵਾਲ਼ੇ 4,00,000 ਟਨ ਗੰਦੇ ਪਾਣੀ ਦੁਆਰਾ 12,930 ਹੈਕਟੇਅਰ ਖੇਤਾਂ ਵਿੱਚ ਖ਼ਾਦ ਅਤੇ ਸਿੰਚਾਈ ਦਾ ਪ੍ਰਬੰਧ ਕੀਤਾ ਜਾਣ ਲੱਗਾ ਅਤੇ ਉਨ੍ਹਾਂ ਕਮਿਊਨਾਂ ਨੇ, ਜਿੱਥੇ ਪਹਿਲਾਂ ਕਾਫ਼ੀ ਪਾਣੀ ਅਤੇ ਖਾਦ ਮੌਜੂਦ ਨਹੀਂ ਸਨ, ਆਪਣੀ ਚੌਲ ਪੈਦਾਵਾਰ ਦੀ ਮਾਤਰਾ ਦੁੱਗਣੀ ਕਰ ਦਿੱਤੀ। ਉਦਯੋਗ ਵੀ ਰੱਦੀ ਪਦਾਰਥਾਂ ਦਾ ਨਿਪਟਾਰਾ ਕਰਨ ਵਿੱਚ ਲੱਗਣ ਵਾਲ਼ੀ ਕੀਮਤ ਵਿੱਚੋਂ ਹਰ ਸਾਲ ਦਸ ਲੱਖ ਯੁਆਨ ਦੀ ਬੱਚਤ ਕਰ ਰਹੇ ਸਨ ਅਤੇ ਇਸੇ ਦੇ ਨਾਲ਼ ਨਾਲ਼ ਖੇਤੀ ਤੋਂ ਨਿਕਲਣ ਵਾਲ਼ੇ ਰੱਦੀ ਪਦਾਰਥ ਜਿਵੇਂ ਕਪਾਹ ਦੇ ਬੀਜਾਂ ਦੇ ਖ਼ੋਲ, ਮੱਕੀ ਦੇ ਗੁੱਲ ਅਤੇ ਖੰਡ ਬਣਾਉਣ ਬਾਅਦ ਬਚੀ ਰਹਿੰਦ-ਖੁੰਹਦ ਨੂੰ ਉਪਯੋਗ ਲਾਇਕ ਬਣਾਉਣ ਲਈ ਕਮਿਊਨਾਂ ਦੀ ਮਾਲਕੀ ਵਾਲ਼ੇ ਉਦਯੋਗਾਂ ਦੀ ਸਥਾਪਨਾ ਵੀ ਕੀਤੀ ਗਈ।

ਇਸ ਤਰੀਕੇ ਨਾਲ਼, ਉਦਯੋਗਾਂ ਤੋਂ ਨਿਕਲਣ ਵਾਲ਼ੇ ਰੱਦੀ ਪਦਾਰਥਾਂ ਨੂੰ ਖੇਤੀ ਦੇ ਵਿਕਾਸ ਨੂੰ ਵਧਾਉਣ ਵਿੱਚ ਵਰਤਿਆ ਗਿਆ ਅਤੇ ਖੇਤੀ ਤੋਂ ਨਿਕਲਣ ਵਾਲੇ ਰੱਦੀ ਪਦਾਰਥਾਂ ਦਾ ਉਪਯੋਗ ਛੋਟੇ ਉਦਯੋਗਾਂ ਦੇ ਵਿਸਥਾਰ ਲਈ ਕੀਤਾ ਗਿਆ।

ਪੂੰਜੀਵਾਦ ਦੇ ਤਹਿਤ ਜਿੱਥੇ ਪੂੰਜੀਵਾਦੀ ਵਪਾਰ ਅਤੇ ਉਦਯੋਗਾਂ ਦੇ ਵਿਕਾਸ ਲਈ ਸ਼ਹਿਰ ਦੀ ਉਸਾਰੀ ਕੀਤੀ ਜਾਂਦੀ ਹੈ, ਇੰਙ ਦੀ ਨੀਤੀ ਨੂੰ ਅਮਲ ਵਿੱਚ ਲਿਆਉਣਾ ਅਸੰਭਵ ਹੈ। ਇੱਕ ਪੂੰਜੀਵਾਦੀ ਸਮਾਜ ਵਿੱਚ ਜਿੱਥੇ ਪਿੰਡਾਂ ਦੀ ਕੀਮਤ ‘ਤੇ ਸ਼ਹਿਰਾਂ ਨੂੰ ਵਧਾਇਆ ਜਾਂਦਾ ਹੈ ਅਤੇ ਸ਼ਹਿਰ ਪਿੰਡਾਂ ‘ਤੇ ਹਕੂਮਤ ਕਰਦੇ ਹਨ ਅਤੇ ਉਹਨਾਂ ਨੂੰ ਭੁੱਖਮਰੀ ਦੀ ਹਾਲਤ ਵਿੱਚ ਪਹੁੰਚਾ ਦਿੰਦੇ ਹਨ, ਇਹ ਬਿਲਕੁੱਲ ਅਸੰਭਵ ਹੋਵੇਗਾ।

ਚੀਨ ਦੀ ਵਿਕੇਂਦਰੀਕਰਨ ਦੀ ਨੀਤੀ ਮਜ਼ਦੂਰ ਜਮਾਤ ਦੁਆਰਾ ਆਪਣੀ ਸੱਤ੍ਹਾ ਨੂੰ ਬਰਕਰਾਰ ਰੱਖਣ ਦਾ ਇੱਕ ਮਹੱਤਵਪੂਰਨ ਅੰਗ ਸੀ ਅਤੇ ਇਹ ਭਵਿੱਖ ਦੇ ਸਮਾਜਵਾਦੀ ਸਮਾਜ ਲਈ ਵੀ ਸਹੀ ਹੋਵੇਗਾ। ਜਿਵੇਂ ਕਿ ਆਰ. ਸੀ. ਪੀ., ਯੂ. ਐੱਸ. ਏ. ਦੇ ਪ੍ਰਧਾਨ ਬਾਬ ਅਬਕੀਅਨ ਨੇ ”ਆਈ ਆਨ ਦਿ ਪ੍ਰਾਇਜ਼” ਵਿੱਚ ਕਿਹਾ ਹੈ, ”ਮਾਓ ਨੇ ਇਸ ਗੱਲ ਨੂੰ ਸਮਝਿਆ ਸੀ ਕਿ ਜੇਕਰ ਖੁਦ ਸ਼ਹਿਰਾਂ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਜਾਣ ਦੀ ਇਜਾਜ਼ਤ ਦੇ ਦਿੱਤੀ ਅਤੇ ਹਰ ਚੀਜ਼ ਲਈ ਲਗਾਤਾਰ ਸ਼ਹਿਰਾਂ ‘ਤੇ ਨਿਰਭਰ ਹੁੰਦੇ ਗਏ ਤਾਂ ਤੁਸੀਂ ਲਗਾਤਾਰ ਸਾਮਰਾਜਵਾਦੀ ਹਮਲਿਆਂ ਭਾਵ ਖੁੱਲ੍ਹੇ ਫੌਜੀ ਹਮਲਿਆਂ ਰਾਹੀਂ ਆਸਾਨੀ ਨਾਲ਼ ਨੁਕਸਾਨ ਪਹੁੰਚਾਏ ਜਾਣ ਦੀ ਹਾਲਤ ਵਿੱਚ ਪਹੁੰਚ ਜਾਓਗੇ। ਇਸ ਪ੍ਰਕਾਰ ਦੇ ਹਮਲਿਆਂ ਵਿਰੁੱਧ ਇਨਕਲਾਬੀ ਜੰਗ ਛੇੜਣ ਦੀ ਤੁਹਾਡੀ ਯੋਗਤਾ ਨੂੰ ਗੰਭੀਰ ਨੁਕਸਾਨ ਪਹੁੰਚੇਗਾ। ਸਾਮਰਾਜਵਾਦੀਆਂ ਦੇ ਐਟਮੀ ਹਥਿਆਰਾਂ ਅਤੇ ਵੱਡੇ ਪੱਧਰ ‘ਤੇ ਲੋਕਾਂ ਦੇ ਕਤਲੇਆਮ ਦੇ ਕਈ ਹੋਰ ਹਥਿਆਰ ਤੁਹਾਡੇ ਵਿਰੁੱਧ ਹੋਰ ਵੀ ਵੱਧ ਸ਼ਕਤੀਸ਼ਾਲੀ ਹੋ ਜਾਣਗੇ। ਜੇਕਰ ਤੁਸੀਂ ਖੁਦ ਪਿੰਡਾਂ ਦੀ ਕੀਮਤ ‘ਤੇ ਸ਼ਹਿਰਾਂ ਦਾ ਹਿੱਤ ਪੂਰਨ ਦੀ ਦਿਸ਼ਾ ਵਿੱਚ ਹੋਰ ਅੱਗੇ ਵਧੇ ਅਤੇ ਲੋਕਾਂ ਸਮੇਤ ਆਪਣੇ ਸਾਰੇ ਅਤਿ ਮਹੱਤਵਪੂਰਨ ਸਾਧਨਾਂ ਨੂੰ ਸ਼ਹਿਰਾਂ ਵਿੱਚ ਕੇਂਦਰਿਤ ਹੋ ਜਾਣ ਦੀ ਇਜ਼ਾਜਤ ਦਿੱਤੀ।”

ਸੱਤ੍ਹਾ ਦਾ ਸਵਾਲ 

ਪ੍ਰਦੂਸ਼ਣ ਦੀ ਸਮੱਸਿਆ ਨਾਲ਼ ਨਿਪਟਣ ਲਈ ਚੀਨ ਵਿੱਚ ਚਲਾਈਆਂ ਗਈਆਂ ਲੋਕ ਮੁਹਿੰਮਾਂ ਨੇ ਇਹ ਦਿਖਾਇਆ ਕਿ ਸਮਾਜੀ ਢਾਂਚੇ ਅਤੇ ਅਪਣਾਈ ਗਈ ਰਾਜਨੀਤਿਕ ਲੀਹ ਹੀ ਇਹ ਤੈਅ ਕਰਦੀ ਹੈ ਕਿ ਆਰਥਿਕ ਵਿਕਾਸ ਲੋਕਾਂ ਨੂੰ ਨੁਕਸਾਨ ਪਹੁੰਚਾਏਗਾ ਜਾਂ ਨਹੀਂ ਅਤੇ ਵਾਤਾਵਰਨ ਨੂੰ ਨਸ਼ਟ ਕਰੇਗਾ ਜਾਂ ਨਹੀਂ। ਪੂੰਜੀਵਾਦ ਦੇ ਤਹਿਤ, ਜਿੱਥੇ ਮੁਨਾਫੇ ਲਈ ਅਫ਼ਰਾ-ਤਫ਼ਰੀ ਮਚੀ ਰਹਿੰਦੀ ਹੈ ਅਤੇ ਪੈਦਾਵਾਰ ਦੇ ਖੇਤਰ ਵਿੱਚ ਜ਼ਬਰਦਸਤ ਭੇੜ ਅਤੇ ਅਰਾਜਕਤਾ ਫੈਲੀ ਰਹਿੰਦੀ ਹੈ, ਪ੍ਰਦੂਸ਼ਣ ਅਟੱਲ ਹੈ। ਪੂੰਜੀਵਾਦੀ ਪ੍ਰਣਾਲੀ ਦਾ ਅਰਥ ਹੈ ਕਿ ਮੁਨਾਫਾ ਇਹ ਤੈਅ ਕਰਦਾ ਹੈ ਕਿ ਕੀ ਪੈਦਾ ਕੀਤਾ ਜਾਵੇ, ਕਿਹੜੀ ਤਕਨੀਕ ਚੁਣੀ ਜਾਵੇ, ਉਦਯੋਗ ਕਿੱਥੇ ਸਥਾਪਿਤ ਕੀਤੇ ਜਾਣ ਅਤੇ ਨਾਲ਼ ਹੀ ਵੰਡ ਕਿਸ ਤਰ੍ਹਾਂ ਕੀਤੀ ਜਾਵੇ। ਅਤੇ ਇਹ ਸਭ ਲੋਕਾਂ ਦੇ ਆਪਸੀ ਸਬੰਧਾਂ ਅਤੇ ਵਾਤਾਵਰਨ ਨਾਲ਼ ਲੋਕਾਂ ਦੇ ਸਬੰਧਾਂ ਨੂੰ ਤੈਅ ਕਰਦਾ ਹੈ। ਪੂੰਜੀਵਾਦੀ ਢਾਂਚੇ ਦੇ ਤਹਿਤ ਇਸ ਦਾ ਸਿਰਫ਼ ਇਹੀ ਅਰਥ ਹੁੰਦਾ ਹੈ — ਜ਼ਬਰਦਸਤ ਪ੍ਰਦੂਸ਼ਣ, ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣਾ ਅਤੇ ਹਜ਼ਾਰਾਂ ਵੱਖਰੇ ਤਰੀਕਿਆਂ ਨਾਲ਼ ਲਗਾਤਾਰ ਇਸ ਗ੍ਰਹਿ ਦਾ ਵਿਨਾਸ਼ ਕਰਦੇ ਜਾਣਾ। ਪੂੰਜੀਵਾਦੀ ਢਾਂਚੇ ਦੁਆਰਾ ਲਗਾਤਾਰ ਕੀਤੇ ਜਾ ਰਹੇ ਪ੍ਰਦੂਸ਼ਣ ਦੇ ਅਪਰਾਧਾਂ ਨਾਲ਼ ਨਿਪਟਣ ਲਈ ਅੱਜ ਇਨਕਲਾਬ ਦੀ ਜ਼ਰੂਰਤ ਹੈ। ਸਿਰਫ਼ ਸੱਤ੍ਹਾ ‘ਤੇ ਕਬਜ਼ਾ ਕਰਕੇ ਹੀ ਲੋਕ ਇਸ ਸਮੱਸਿਆ ਨਾਲ਼ ਨਿਪਟ ਸਕਦੇ ਹਨ।

ਉਦਯੋਗ, ਮਸ਼ੀਨਰੀ ਅਤੇ ਜ਼ਮੀਨ ਦੇ ਹਥਿਆਰਬੰਦ ਕੰਟਰੋਲ ਦੇ ਬਿਨਾਂ ਪੂੰਜੀਵਾਦ ਦੀ ਪਾਗਲਪਨ ਭਰੀ ਅਰਾਜਕਤਾ ਨੂੰ ਖਤਮ ਕਰਨਾ ਅਤੇ ਕੰਪਨੀਆਂ ਦੁਆਰਾ ਪ੍ਰਦੂਸ਼ਣ ਫੈਲਾਉਣ ਅਤੇ ਹਾਨੀਕਾਰਕ ਅਤੇ ਫਾਲਤੂ ਵਸਤੂਆਂ ਨੂੰ ਰੋਕਣਾ ਅਸੰਭਵ ਹੈ।

ਬਿਨਾਂ ਇੱਕ ਇਨਕਲਾਬੀ ਸਰਕਾਰ ਦੇ, ਜੋ ਸਮਾਜ ਲੋਕਾਂ ਦੀ ਸਰਵਪੱਖੀ ਤਾਨਾਸ਼ਾਹੀ ਕਾਇਮ ਕਰਨ ਵਿੱਚ ਲੀਡਰਸ਼ਿਪ ਪ੍ਰਦਾਨ ਕਰੇ, ਲੁੱਟ ਤੋਂ ਮੁਕਤ ਇੱਕ ਨਵੇਂ ਸਮਾਜ ਦੀ ਉਸਾਰੀ ਲਈ ਲੋਕਾਂ ਦੇ ਉਤਸ਼ਾਹ ਨੂੰ ਹੱਲਾਸ਼ੇਰੀ ਦੇਣਾ ਕਦੇ ਵੀ ਸੰਭਵ ਨਹੀਂ ਹੈ ਅਤੇ ਲੋਕ ਪ੍ਰਦੂਸ਼ਣ ਦੀ ਸਮੱਸਿਆ ਦਾ ਮੁਕਾਬਲਾ ਕਰਨ ਅਤੇ ਉਸ ਦਾ ਹੱਲ ਕਰਨ ਵਿੱਚ ਯੋਗ ਨਹੀਂ ਹੋ ਸਕਣਗੇ।

ਲੁੱਟ ਅਤੇ ਮੁਨਾਫੇ ‘ਤੇ ਆਧਾਰਿਤ ਪੂੰਜੀਵਾਦੀ ਢਾਂਚੇ ਦੇ ਵਿਨਾਸ਼ ਬਿਨਾਂ, ਇਹ ਅਸੰਭਵ ਹੈ ਕਿ ਉੱਨਤ ਤਕਨਾਲੋਜੀ ਨੂੰ ਮੁਨਾਫੇ ਲਈ ਨਹੀਂ ਸਗੋਂ ਲੋਕਾਂ ਦੀ ਭਲਾਈ ਲਈ ਵਰਤਿਆ ਜਾਵੇ।

ਅਖ਼ਬਾਰਾਂ, ਰੇਡੀਓ ਅਤੇ ਟੈਲੀਵਿਜ਼ਨ ‘ਤੇ ਲੋਕਾਂ ਦੇ ਕੰਟਰੋਲ ਬਗੈਰ ਵਾਤਾਵਰਨ ਦੇ ਵਿਨਾਸ਼ ਦੀ ਸਮੱਸਿਆ ਨੂੰ ਉਜਾਗਰ ਕਰਨਾ ਅਤੇ ਉਸਦੇ ਵੱਲ ਲੋਕਾਂ ਦਾ ਧਿਆਨ ਖਿੱਚਣਾ, ਇਸ ਸਮੱਸਿਆ ਦੇ ਸਫ਼ਲਤਾਪੂਰਵਕ ਹੱਲ ਲਈ ਲੋਕ ਮੁਹਿੰਮਾਂ ਨੂੰ ਸੰਚਾਲਿਤ ਕਰਨ ਦੀ ਲੋੜ ਨੂੰ ਪ੍ਰਚਾਰਨਾ ਅਤੇ ਇਸ ਸਮੱਸਿਆ ਦਾ ਮੁਕਾਬਲਾ ਕਰਨ ਲਈ ਲੋਕਾਂ ਨੂੰ ਚੇਤੰਨ ਕਰਨਾ ਅਸੰਭਵ ਹੈ।

ਰਾਜਨੀਤਕ ਰੂਪ ਤੋਂ ਸੁਚੇਤ ਲੋਕਾਂ ਦੇ ਨਿਰੀਖਣ ਦੇ ਬਿਨਾਂ ਭ੍ਰਿਸ਼ਟ ਕਰਮਚਾਰੀਆਂ ਅਤੇ ਉਦਯੋਗਾਂ ਦੇ ਮੁਖੀਆਂ ਰਾਹੀਂ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਦੀ ਪੂਰੀ ਤਰ੍ਹਾਂ ਅਣਦੇਖੀ ਕਰਕੇ ਚੀਜ਼ਾਂ ਦੇ ਸੰਚਾਲਣ ਨੂੰ ਰੋਕਣਾ ਅਸੰਭਵ ਹੈ।

ਸਮਾਜ ‘ਤੇ ਇਨਕਲਾਬੀ ਕੰਟਰੋਲ ਬਿਨਾਂ ਗਿਆਨ ਨੂੰ ਸਮਾਜ ਦੇ ਕੁਲੀਨ ਵਰਗ ਦੀ ਨਿੱਜੀ ਸੰਪਤੀ ਸਮਝਣ ਖ਼ਿਲਾਫ਼ ਘੋਲ਼ ਕਰਨਾ ਅਸੰਭਵ ਹੈ। ਬਿਨਾਂ ਸੱਤ੍ਹਾ ਦੇ, ਗਿਆਨ ਅਤੇ ਹੁਨਰ ‘ਤੇ ਤਕਨੀਸ਼ੀਅਨਾਂ ਅਤੇ ਸੁਪਰਵਾਈਜ਼ਰਾਂ ਦੀ ਇਜ਼ਾਰੇਦਾਰੀ ਨੂੰ ਖਤਮ ਕਰਨਾ, ਲੋਕਾਂ ਨੂੰ ਰਾਜਨੀਤਕ, ਦਾਰਸ਼ਨਿਕ ਅਤੇ ਵਿਗਿਆਨਿਕ ਸਵਾਲਾਂ ਨਾਲ਼ ਜੂਝਣ ਲਈ ਸਿੱਖਿਅਤ-ਟਰੇਂਡ ਕਰਨਾ, ਵਿਗਿਆਨਿਕਾਂ, ਬੁੱਧੀਜੀਵੀਆਂ ਅਤੇ ਮਾਹਿਰਾਂ ਨਾਲ਼ ਲੋਕਾਂ ਦੀ ਲੀਡਰਸ਼ਿਪ ਅਤੇ ਸਿਰਜਣਾਤਮਕਤਾ ਨੂੰ ਇੱਕ ਜੁੱਟ ਕਰਨਾ ਅਤੇ ਪ੍ਰਦੂਸ਼ਣ ਅਤੇ ਵਾਤਾਵਰਨ ਦੇ ਵਿਨਾਸ਼ ਦੀ ਸਮੱਸਿਆ ਹੱਲ ਕਰਨ ਲਈ ਇਕੱਠੇ ਮਿਲ਼ ਕੇ ਕੰਮ ਕਰਨਾ ਅਸੰਭਵ ਹੈ।

ਵਿਗਿਆਨਿਕ ਖੋਜ ਨੂੰ ਪੂੰਜੀਵਾਦੀ ਸਰਕਾਰ ਅਤੇ ਨਿਗਮਾਂ ਦੇ ਕੰਟਰੋਲ ਤੋਂ ਮੁਕਤ ਕੀਤੇ ਬਿਨਾਂ ਰੱਦੀ ਪਦਾਰਥਾਂ ਦੀ ਸਮੱਸਿਆ ਅਤੇ ਉਦਯੋਗਾਂ ਦੁਆਰਾ ਵਾਤਾਵਰਣ ਦੇ ਵਿਨਾਸ਼ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਵੀਆਂ ਤਕਨਾਲੋਜੀਆਂ ਦਾ ਵਿਕਾਸ ਕਰਨਾ ਅਸੰਭਵ ਹੈ। 

ਪ੍ਰੋਲੇਤਾਰੀ ਕੌਮਾਂਤਰੀਵਾਦ ਪ੍ਰਤੀ ਪ੍ਰਤੀਬੱਧ ਇੱਕ ਇਨਕਲਾਬੀ ਸਰਕਾਰ ਬਿਨਾਂ ਸੰਸਾਰ ਪੱਧਰ ‘ਤੇ ਹੋ ਰਹੇ ਪ੍ਰਦੂਸ਼ਣ ਅਤੇ ਵਾਤਾਵਰਨ ਦੇ ਵਿਨਾਸ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਅਤੇ ਉਸ ਦਾ ਹੱਲ ਕੱਢਣਾ ਅਸੰਭਵ ਹੈ।

ਸਿਰਫ਼ ਸੱਤ੍ਹਾ ‘ਤੇ ਕਬਜ਼ਾ ਕਰਕੇ ਅਤੇ ਪ੍ਰੋਲੇਤਾਰੀ ਇਨਕਲਾਬ ਦੁਆਰਾ ਹੀ ਲੋਕ ਪ੍ਰਦੂਸ਼ਣ ਅਤੇ ਵਾਤਾਵਰਨ ਦੇ ਵਿਨਾਸ਼ ਦੀ ਸਮੱਸਿਆ ਨੂੰ ਸਮਝ ਸਕਦੇ ਹਨ ਅਤੇ ਹੱਲ ਕਰ ਸਕਦੇ ਹਨ।

(‘ਰੈਵੋਲਿਊਸ਼ਨਰੀ ਵਰਕਰ’ ਤੋਂ ਧੰਨਵਾਦ ਸਹਿਤ)

“ਪ੍ਰਤੀਬੱਧ”, ਅੰਕ 12, ਜਨਵਰੀ-ਮਾਰਚ 2010 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s