ਚੀਨ ਦੀ ਕਮਿਊਨਿਸਟ ਪਾਰਟੀ ਦੀ ਅੱਠਵੀਂ ਕੇਂਦਰੀ ਕਮੇਟੀ ਦੇ ਵਿਸਥਾਰਤ ਬਾਰਵੇਂ ਪਲੈਨਰੀ ਸੈਸ਼ਨ ਦਾ ਐਲਾਨ 31ਅਕਤੂਬਰ, 1968

china cul. revo.

(ਪੀ.ਡੀ.ਐਫ਼ ਡਾਊਨਲੋਡ ਕਰੋ)

ਚੀਨ ਦੀ ਕਮਿਊਨਿਸਟ ਪਾਰਟੀ ਦੀ ਅੱਠਵੀ ਕੇਂਦਰੀ ਕਮੇਟੀ ਦਾ ਵਿਸਥਾਰਤ ਬਾਰਵਾਂ ਪਲੈਨਰੀ ਸੈਸ਼ਨ 13 ਅਕਤੂਬਰ, 1968 ਨੂੰ ਪੀਕਿੰਗ ਵਿੱਚ ਸ਼ੁਰੂ ਹੋਇਆ ਅਤੇ 31 ਅਕਤੂਬਰ ਨੂੰ ਕਾਮਯਾਬੀ ਨਾਲ਼ ਖਤਮ ਹੋਇਆ।  

ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਚੇਅਰਮੈਨ, ਕਾਮਰੇਡ ਮਾਓ ਜ਼ੇ-ਤੁੰਗ ਨੇ ਮਹਾਨ ਇਤਿਹਾਸਕ ਮਹੱਤਤਾ ਰੱਖਦੇ ਇਸ ਸੈਸ਼ਨ ਦੀ ਪ੍ਰਧਾਨਗੀ ਕੀਤੀ ਅਤੇ ਅਗਸਤ, 1966 ਵਿੱਚ ਹੋਏ ਚੀਨ ਦੀ ਕਮਿਊਨਿਸਟ ਪਾਰਟੀ ਦੀ ਅੱਠਵੀਂ ਕੇਂਦਰੀ ਕਮੇਟੀ ਦੇ ਗਿਆਰਵੇਂ ਪਲੈਨਰੀ ਸੈਸ਼ਨ ਤੋਂ ਬਾਅਦ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਉੱਤੇ ਸਭ ਤੋਂ ਅਹਿਮ ਤਕਰੀਰ ਕੀਤੀ।

ਚੇਅਰਮੈਨ ਮਾਓ ਜ਼ੇ-ਤੁੰਗ ਦੇ ਨੇੜੇ ਦੇ ਸਾਥੀ, ਉਪ-ਚੇਅਰਮੈਨ ਲਿਨ ਪਿਆਓ ਵੀ ਸੈਸ਼ਨ ਵਿੱਚ ਸ਼ਾਮਲ ਸਨ ਅਤੇ ਇੱਕ ਮਹੱਤਵਪੂਰਨ ਭਾਸ਼ਣ ਦਿੱਤਾ।

ਸੈਸ਼ਨ ਵਿੱਚ ਸ਼ਾਮਲ ਹੋਣ ਵਾਲ਼ਿਆਂ ਵਿੱਚ ਕੇਂਦਰੀ ਕਮੇਟੀ ਦੇ ਮੈਂਬਰ ਅਤੇ ਬਦਲਵੇਂ ਮੈਂਬਰ ਸਨ।

ਕੇਂਦਰੀ ਕਮੇਟੀ ਥੱਲੇ ਕੰਮ ਕਰਦੇ ਸੱਭਿਆਚਾਰਕ ਇਨਕਲਾਬ ਸਮੂਹ ਦੇ ਸਾਰੇ ਮੈਂਬਰ ਵੀ ਸੈਸ਼ਨ ਵਿੱਚ ਸ਼ਾਮਲ ਹੋਏ।

ਸੂਬਿਆਂ, ਨਗਰਪਾਲਿਕਾਵਾਂ ਅਤੇ ਖੁਦਮੁਖਤਿਆਰ ਖਿੱਤਿਆਂ ਦੀਆਂ ਇਨਕਲਾਬੀ ਕਮੇਟੀਆਂ ਦੇ ਮੁੱਖ ਜ਼ਿੰਮੇਵਾਰ ਸਾਥੀ ਵੀ ਸੈਸ਼ਨ ਵਿੱਚ ਹਾਜ਼ਰ ਸਨ।

ਚੀਨ ਦੀ ਲੋਕ ਮੁਕਤੀ ਫੌਜ ਦੇ ਮੁੱਖ ਜ਼ਿੰਮੇਵਾਰ ਸਾਥੀ ਵੀ ਸੈਸ਼ਨ ਵਿੱਚ ਸ਼ਾਮਲ ਹੋਏ।

ਅੱਠਵੀਂ ਕੇਂਦਰੀ ਕਮੇਟੀ ਦਾ ਵਿਸਥਾਰਤ ਬਾਰਵਾਂ ਪਲੈਨਰੀ ਸੈਸ਼ਨ ਸਰਬਸੰਮਤੀ ਨਾਲ਼ ਇਹ ਮੰਨਦਾ ਹੈ ਕਿ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ, ਜਿਸਦੀ ਕਿ ਸਾਡੇ ਮਹਾਨ ਆਗੂ ਚੇਅਰਮੈਨ ਮਾਓ ਜ਼ੇ-ਤੁੰਗ ਨੇ ਵਿਅਕਤੀਗਤ ਤੌਰ ‘ਤੇ ਸ਼ੁਰੂਆਤ ਕੀਤੀ ਤੇ ਅਗਵਾਈ ਕੀਤੀ, ਸਾਡੇ ਦੇਸ਼ ਵਿੱਚ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੀਆਂ ਹਾਲਤਾਂ ਅਧੀਨ ਬੁਰਜੂਆਜ਼ੀ ਅਤੇ ਦੂਜੀਆਂ ਸਾਰੀਆਂ ਲੁਟੇਰੀਆਂ ਜਮਾਤਾਂ ਵਿਰੁੱਧ ਪ੍ਰੋਲੇਤਾਰੀ ਵੱਲੋਂ ਕੀਤਾ ਗਿਆ ਇੱਕ ਮਹਾਨ ਸਿਆਸੀ ਇਨਕਲਾਬ ਹੈ।

ਪਲੈਨਰੀ ਸੈਸ਼ਨ ਦਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਅੱਠਵੀਂ ਕੇਂਦਰੀ ਕਮੇਟੀ ਦੇ ਗਿਆਰਵੇਂ ਪਲੈਨਰੀ ਸੈਸ਼ਨ ਵੇਲ਼ੇ ਜਾਰੀ ਕੀਤੇ ਗਏ ਆਪਣੇ ਮਹਾਨ ਇਨਕਲਾਬੀ ਦਸਤਾਵੇਜ਼ ‘ਹੈੱਡਕੁਆਟਰ ਨੂੰ ਉਡਾ ਦਿਓ’ ਵਿੱਚ ਚੇਅਰਮੈਨ ਮਾਓ ਨੇ ਮੌਜੂਦਾ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀ ਜਿੱਤ ਦਾ ਰਸਤਾ ਦਰਸਾਇਆ ਸੀ।

ਪਲੈਨਰੀ ਸ਼ੈਸ਼ਨ ਦਾ ਮੰਨਣਾ ਹੈ ਕਿ ਅੱਠਵੀਂ ਕੇਂਦਰੀ ਕਮੇਟੀ ਦੇ ਗਿਆਰਵੇਂ ਪਲੈਨਰੀ ਸੈਸ਼ਨ ਵੇਲ਼ੇ ਚੇਅਰਮੈਨ ਮਾਓ ਦੀ ਨਿੱਜੀ ਦੇਖ-ਰੇਖ ਹੇਠ ਤਿਆਰ ਕੀਤਾ ਗਿਆ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਸਬੰਧੀ ਫੈਸਲਾ ਅਤੇ ਗਿਆਰਵੇਂ ਪਲੈਨਰੀ ਸੈਸ਼ਨ ਦਾ ਐਲਾਨ ਬਿਲਕੁਲ ਸਹੀ ਹਨ।

ਪਲੈਨਰੀ ਸੈਸ਼ਨ ਮੰਨਦਾ ਹੈ ਕਿ ਚੇਅਰਮੈਨ ਮਾਓ ਦੀ ਪ੍ਰੋਲੇਤਾਰੀ ਇਨਕਲਾਬੀ ਲੀਹ, ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀ ਯੁੱਧਨੀਤਕ ਯੋਜਨਾ ਅਤੇ ਇਸ ਇਨਕਲਾਬ ਦੇ ਅਲੱਗ-ਅਲੱਗ ਪੜਾਵਾਂ ਉੱਤੇ ਉਹਨਾਂ ਵੱਲੋਂ ਦਿੱਤੀਆਂ ਗਈਆਂ ਲੜੀਵਾਰ ਸੇਧਾਂ, ਅਤੇ ਉਪ-ਚੇਅਰਮੈਨ ਲਿਨ ਦੀਆਂ ਕਈ ਸਾਰੀਆਂ ਤਕਰੀਰਾਂ ਸਹੀ ਹਨ। ਕੇਂਦਰੀ ਕਮੇਟੀ ਥੱਲੇ ਕੰਮ ਕਰਦੇ ਸੱਭਿਆਚਾਰਕ ਇਨਕਲਾਬ ਗਰੁੱਪ ਨੇ ਚੇਅਰਮੈਨ ਮਾਓ ਦੀ ਪ੍ਰੋਲੇਤਾਰੀ ਇਨਕਲਾਬੀ ਲੀਹ ਨੂੰ ਲਾਗੂ ਕਰਨ ਦੇ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੌਰਾਨ ਦਾ ਅਭਿਆਸ, ਜਿਵੇਂ ਕਿ ਕਾਮਰੇਡ ਮਾਓ ਜ਼ੇ-ਤੁੰਗ ਨੇ ਕਿਹਾ ਹੈ, ਸਿੱਧ ਕਰਦਾ ਹੈ ਕਿ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਪੱਕਿਆਂ ਕਰਨ ਲਈ, ਸਰਮਾਏਦਾਰਾ ਮੁੜ-ਬਹਾਲੀ ਨੂੰ ਰੋਕਣ ਲਈ ਅਤੇ ਸਮਾਜਵਾਦ ਦੀ ਉਸਾਰੀ ਲਈ ਮੌਜੂਦਾ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਇੱਕਦਮ ਜ਼ਰੂਰੀ ਹੈ ਅਤੇ ਸਭ ਤੋਂ ਵੇਲ਼ੇ-ਸਿਰ ਹੈ। ਚੇਅਰਮੈਨ ਮਾਓ ਦੀ ਪ੍ਰੋਲੇਤਾਰੀ ਇਨਕਲਾਬੀ ਲੀਹ ਦੀ ਦੇਖ-ਰੇਖ ਅਤੇ ਪ੍ਰੋਲੇਤਾਰੀ ਆਗੂ-ਕੇਂਦਰ ਜਿਸਦੇ ਮੁੱਖ ਆਗੂ ਚੇਅਰਮੈਨ ਮਾਓ ਹਨ ਤੇ ਉਪ-ਆਗੂ, ਉਪ-ਚੇਅਰਮੈਨ ਲਿਨ ਹਨ, ਦੀ ਅਗਵਾਈ ਥੱਲੇ ਅਤੇ ਪਿਛਲੇ ਦੋ ਸਾਲਾਂ ਦੇ ਬਹੁਤ ਗੁੰਝਲ਼ਦਾਰ ਅਤੇ ਤਿੱਖੇ ਜਮਾਤੀ ਘੋਲ਼ ਦੌਰਾਨ, ਪਹਿਲਾਂ ਕਦੇ ਵੀ ਅਣਸੁਣੇ ਵਿਆਪਕ ਪੈਮਾਨੇ ਉੱਤੇ ਕਰੋੜਾਂ ਲੋਕਾਂ ਨੂੰ ਲਾਮਬੰਦ ਕੀਤਾ ਗਿਆ ਅਤੇ, ਚੀਨ ਦੀ ਲੋਕ-ਮੁਕਤੀ ਫੌਜ ਦੀ ਹਮਾਇਤ ਨਾਲ਼ ਅਤੇ ਜਮਾਤੀ ਤਾਕਤ ਦੇ ਵਾਰ-ਵਾਰ ਹਮਲਿਆਂ ਨਾਲ਼ ਆਖਰ ਨੂੰ ਵੱਖ-ਵੱਖ ਥਾਵਾਂ ਉੱਤੇ ਲਿਓ ਸ਼ਾਓ-ਚੀ ਵੱਲੋਂ ਆਪਣੇ ਏਜੰਟਾਂ ਸਮੇਤ ਕਾਇਮ ਕੀਤੇ ਗਏ ਬੁਰਜੂਆ ਹੈੱਡਕੁਆਟਰਾਂ ਨੂੰ ਤਹਿਸ-ਨਹਿਸ ਕਰ ਦਿੱਤਾ ਗਿਆ ਹੈ ਜਿਹੜੇ ਪਾਰਟੀ, ਸਰਕਾਰ ਤੇ ਫੌਜ ਦੀ ਅਗਵਾਈ ਹਥਿਆਉਣ ਵਿੱਚ ਕਾਮਯਾਬ ਨਾ ਹੋ ਸਕੇ ਅਤੇ ਉਹਨਾਂ ਵੱਲੋਂ ਸੱਤ੍ਹਾ ਦੇ ਜਿਸ ਹਿੱਸੇ ਉੱਤੇ ਕਬਜ਼ਾ ਕਰ ਲਿਆ ਗਿਆ ਸੀ, ਉਸਨੂੰ ਵੀ ਦੁਬਾਰਾ ਤੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਤਾਈਵਾਨ ਨੂੰ ਛੱਡ ਕੇ ਦੇਸ਼ ਦੇ ਉਨੱਤੀ ਸੂਬਿਆਂ, ਨਗਰਪਾਲਿਕਾਵਾਂ ਅਤੇ ਖੁਦਮੁਖਤਿਆਰ ਖਿੱਤਿਆਂ ਵਿੱਚ ਇਨਕਲਾਬੀ ਕਮੇਟੀਆਂ ਕਾਇਮ ਕੀਤੀਆਂ ਗਈਆਂ ਹਨ। ਅੱਜ ਇਸ ਗਤੀਮਾਨ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਨੇ ਮਹਾਨ ਅਤੇ ਫੈਸਲਾਕੁੰਨ ਜਿੱਤ ਹਾਸਲ ਕੀਤੀ ਹੈ।

ਪਲੈਨਰੀ ਸ਼ੈਸ਼ਨ ਇਹ ਮੰਨਦਾ ਹੈ ਕਿ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀਆਂ ਜਿੱਤਾਂ ਇਸ ਗੱਲ ਦਾ ਇੱਕ ਹੋਰ ਪ੍ਰਮਾਣ ਹਨ ਕਿ ਕਾਮਰੇਡ ਮਾਓ ਜ਼ੇ-ਤੁੰਗ ਦੀ ਅਗਵਾਈ ਵਾਲ਼ੀ ਚੀਨ ਦੀ ਕਮਿਊਨਿਸਟ ਪਾਰਟੀ ਇੱਕ ਮਹਾਨ, ਸ਼ਾਨਦਾਰ ਅਤੇ ਖਰੀ ਪਾਰਟੀ ਹੈ। ਪਲੈਨਰੀ ਸ਼ੈਸ਼ਨ ਦਾ ਇਹ ਦ੍ਰਿੜ੍ਹ ਵਿਸ਼ਵਾਸ ਹੈ ਕਿ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਤੂਫਾਨਾਂ ਦੁਆਰਾ ਪਾਰਟੀ ਦੀ ਨੌਵੀਂ ਕੌਮੀ ਕਾਂਗਰਸ ਬੁਲਾਉਣ ਲਈ ਚੋਖੀਆਂ ਵਿਚਾਰਧਾਰਕ, ਸਿਆਸੀ ਅਤੇ ਜਥੇਬੰਦਕ ਹਾਲਤਾਂ ਤਿਆਰ ਹੋ ਚੁੱਕੀਆਂ ਹਨ। ਪਲੈਨਰੀ ਸ਼ੈਸ਼ਨ ਨੇ ਇਹ ਫੈਸਲਾ ਕੀਤਾ ਹੈ ਕਿ ਚੀਨ ਦੀ ਕਮਿਊਨਿਸਟ ਪਾਰਟੀ ਦੀ ਨੌਵੀਂ ਕੌਮੀ ਕਾਂਗਰਸ ਸਹੀ ਸਮਾਂ ਆਉਣ ‘ਤੇ ਬੁਲਾਈ ਜਾਵੇ।

ਪਲੈਨਰੀ ਸ਼ੈਸ਼ਨ ਨੇ ਲਿਓ ਸ਼ਾਓ-ਚੀ ਦੇ ਮਾਮਲੇ ਨੂੰ ਦੇਖਣ ਲਈ ਪਾਰਟੀ ਦੀ ਕੇਂਦਰੀ ਕਮੇਟੀ ਥੱਲੇ ਨਿਯੁਕਤ ਖਾਸ ਗਰੁੱਪ ਵੱਲੋਂ ਰੱਖੀ ਗਈ “ਭਗੌੜੇ, ਲੁਕੇ ਹੋਏ ਗੱਦਾਰ ਅਤੇ ਫੁੱਟ-ਪਾਊ ਲਿਓ ਸ਼ਾਓ-ਚੀ ਦੇ ਜੁਰਮਾਂ ਦੀ ਪੜਤਾਲ਼ੀਆ ਰਪਟ” ਦੀ ਪੁਸ਼ਟੀ ਕੀਤੀ। ਰਪਟ ਪੂਰੇ ਸਬੂਤਾਂ ਨਾਲ਼ ਇਹ ਸਿੱਧ ਕਰਦੀ ਹੈ ਕਿ ਲਿਓ ਸ਼ਾਓ-ਚੀ ਜੋ ਕਿ ਪਾਰਟੀ ਵਿੱਚ ਸਰਮਾਏਦਾਰਾ ਰਾਹ ਫੜਨ ਵਾਲ਼ਿਆਂ ਵਿੱਚੋਂ ਸਭ ਤੋਂ ਮੋਹਰੀ ਹੈ, ਇੱਕ ਭਗੌੜਾ, ਲੁਕਿਆ ਗੱਦਾਰ ਤੇ ਫੁੱਟ-ਪਾਊ ਤੱਤ ਹੈ ਜਿਸਨੇ ਖੁਦ ਨੂੰ ਪਾਰਟੀ ਵਿੱਚ ਲੁਕੋ ਰੱਖਿਆ ਸੀ ਅਤੇ ਉਹ ਸਾਮਰਾਜਵਾਦ, ਆਧੁਨਿਕ ਸੋਧਵਾਦ ਅਤੇ ਕੌਮਿਨਤਾਂਗ ਦਾ ਗੁਨਾਹੀਂ-ਭਿੱਜਿਆ ਜੁੱਤੀਚੱਟ ਹੈ। ਪਲੈਨਰੀ ਸ਼ੈਸ਼ਨ ਦਾ ਮੰਨਣਾ ਹੈ ਕਿ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੌਰਾਨ ਪਾਰਟੀ ਅਤੇ ਵਿਆਪਕ ਲੋਕਾਈ ਦੁਆਰਾ ਲਿਓ ਸ਼ਾਓ-ਚੀ ਦੇ ਉਲਟ-ਇਨਕਲਾਬੀ ਲੱਛਣਾਂ ਦਾ ਪਰਦਾਫਾਸ਼ ਕਰਨਾ ਮਾਓ ਜ਼ੇ-ਤੁੰਗ ਵਿਚਾਰਧਾਰਾ ਅਤੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਲਈ ਵੱਡੀ ਜਿੱਤ ਹੈ। ਪਲੈਨਰੀ ਸ਼ੈਸ਼ਨ ਨੇ ਲਿਓ ਸ਼ਾਓ-ਚੀ ਦੇ ਉਲਟ-ਇਨਕਲਾਬੀ ਜੁਰਮਾਂ ਉੱਤੇ ਡੂੰਘਾ ਇਨਕਲਾਬੀ ਰੋਸ ਜ਼ਾਹਰ ਕੀਤਾ ਅਤੇ ਲਿਓ ਸ਼ਾਓ-ਚੀ ਨੂੰ ਹਮੇਸ਼ਾਂ-ਹਮੇਸ਼ਾਂ ਲਈ ਪਾਰਟੀ ਵਿੱਚੋਂ ਬਾਹਰ ਕੱਢ ਦੇਣ, ਪਾਰਟੀ ਦੇ ਅੰਦਰ ਅਤੇ ਬਾਹਰ ਸਾਰੇ ਅਹੁਦਿਆਂ ਤੋਂ ਬਰਖ਼ਾਸਤ ਕਰਨ ਅਤੇ ਪਾਰਟੀ ਤੇ ਦੇਸ਼ ਨੂੰ ਧੋਖਾ ਦੇਣ ਲੱਗਿਆਂ ਕੀਤੇ ਗਏ ਉਸ ਤੇ ਉਸਦੇ ਸਾਥੀਆਂ ਦੇ ਜੁਰਮਾਂ ਦਾ ਉਹਨਾਂ ਤੋਂ ਹਿਸਾਬ ਲੈਣਾ ਜਾਰੀ ਰੱਖਣ ਲਈ ਸਰਬਸੰਮਤੀ ਨਾਲ਼ ਮਤਾ ਪਾਸ ਕੀਤਾ। ਪਲੈਨਰੀ ਸ਼ੈਸ਼ਨ ਪਾਰਟੀ ਦੇ ਸਾਰੇ ਕਾਮਰੇਡਾਂ ਅਤੇ ਪੂਰੇ ਦੇਸ਼ ਦੇ ਲੋਕਾਂ ਨੂੰ ਲਿਓ ਸ਼ਾਓ-ਚੀ ਅਤੇ ਸਰਮਾਏਦਾਰਾ ਰਾਹ ਫੜਨ ਵਾਲ਼ੇ ਪਾਰਟੀ ‘ਚ ਉੱਚੇ ਅਹੁਦਿਆਂ ‘ਤੇ ਬੈਠੇ ਕੁੱਝ ਮੁੱਠੀਭਰ ਹੋਰਨਾਂ ਲੋਕਾਂ ਦੇ ਉਲਟ-ਇਨਕਲਾਬੀ ਸੋਧਵਾਦੀ ਵਿਚਾਰਾਂ ਦੀ ਡੂੰਘੀ ਇਨਕਲਾਬੀ ਅਲੋਚਨਾ, ਖੰਡਨ ਕਰਨ ਤੇ ਖਤਮ ਕਰਨ ਦਾ ਸੱਦਾ ਦਿੰਦਾ ਹੈ। 

ਪਲੈਨਰੀ ਸ਼ੈਸ਼ਨ ਧਿਆਨ ਦਵਾਉਂਦਾ ਹੈ ਕਿ ਦੋ ਜਮਾਤਾਂ, ਦੋ ਰਸਤਿਆਂ ਅਤੇ ਦੋ ਲੀਹਾਂ ਦਾ ਬਹੁਤ ਤਿੱਖਾ ਸੰਘਰਸ਼ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਪਿਛਲੇ ਦੋ ਸਾਲਾਂ ਤੇ ਕੁੱਝ ਵੱਧ ਦੇ ਇਤਿਹਾਸ ਦੇ ਅਰਸੇ ਵਿੱਚ ਲਗਾਤਾਰ ਮੌਜੂਦ ਰਿਹਾ ਹੈ। ਸੰਘਰਸ਼ ਸਿਆਸੀ ਸੱਤ੍ਹਾ ਦੇ ਸਵਾਲ ਉੱਤੇ, ਪ੍ਰੋਲੇਤਾਰੀ ਤੇ ਬੁਰਜੂਆਜੀ ਵਿਚਾਲ਼ੇ ਅਗਵਾਈ ਸਾਂਭਣ ਦੀ ਲੜਾਈ ਦੇ ਸਵਾਲ ਉੱਤੇ, ਇਸ ਸਵਾਲ ਉੱਤੇ ਕਿ ਪਾਰਟੀ ਤੇ ਰਾਜ ਦੀ ਅਗਵਾਈ ਮਾਰਕਸਵਾਦੀਆਂ ਦੇ ਜਾਂ ਸੋਧਵਾਦੀਆਂ ਦੇ ਹੱਥਾਂ ਵਿੱਚ ਹੋਵੇ, ਕੇਂਦਰਤ ਹੈ। ਆਪਣੀ ਹਾਰ ਨੂੰ ਮੰਨਣ ਤੋਂ ਇਨਕਾਰੀ ਲੁਟੇਰੀਆਂ ਜਮਾਤਾਂ ਅਤੇ ਉਹਨਾਂ ਦੇ ਏਜੰਟਾਂ ਨੇ ਜਮਾਤੀ ਨਿਖੇੜ-ਰੇਖਾਵਾਂ ਨੂੰ ਧੁੰਦਲ਼ਾ ਕਰਨ, ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਨੂੰ ਸਾਬੋਤਾਜ ਕਰਨ ਅਤੇ ਪ੍ਰੋਲੇਤਾਰੀ ਤੋਂ ਸੱਤ੍ਹਾ ਖੋਹ ਲੈਣ ਦੀਆਂ ਆਖਰੀ ਕੋਸ਼ਿਸ਼ਾਂ ਵਜੋਂ ਸੱਜੇ ਤੇ ਅੱਤ ਦੇ “ਖੱਬੇ” ਭਾਵ ਰੂਪ ਵਿੱਚ ਖੱਬੇ ਪਰ ਤੱਤ ਵਿੱਚ ਸੱਜੇ ਪਾਸਿਆਂ ਤੋਂ ਸਭ ਤਰ੍ਹਾਂ ਦੇ ਸਿਆਸੀ ਤੇ ਆਰਥਿਕ ਹੀਲੇ ਵਰਤੇ। ਪ੍ਰੰਤੂ ਉਹਨਾਂ ਦੀਆਂ ਸਾਰੀਆਂ ਵਿਉਂਤਾਂ ਨੂੰ ਇਨਕਲਾਬੀ ਲੋਕਾਂ ਦੇ ਸਮੂਹਾਂ ਨੇ, ਜਿਹਨਾਂ ਨੇ ਮਾਓ ਜ਼ੇ-ਤੁੰਗ ਵਿਚਾਰਧਾਰਾ ਨੂੰ ਸਮਝ ਲਿਆ ਹੈ, ਇੱਕ ਤੋਂ ਬਾਅਦ ਇੱਕ ਕਰਕੇ ਬੇਨਕਾਬ ਕਰ ਦਿੱਤਾ। ਪਲੈਨਰੀ ਸ਼ੈਸ਼ਨ ਦਾ ਮੰਨਣਾ ਹੈ ਕਿ ਲੁਟੇਰੀਆਂ ਜਮਾਤਾਂ ਅਤੇ ਉਹਨਾਂ ਦੇ ਏਜੰਟਾਂ ਦੁਆਰਾ ਸਾਬੋਤਾਜ ਕਰਨ ਖਿਲਾਫ ਲਗਾਤਾਰ ਤਿੱਖੀ ਚੌਕਸੀ ਬਣਾਈ ਰੱਖਣੀ ਬੇਹੱਦ ਜ਼ਰੂਰੀ ਹੈ। 

  ਪਲੈਨਰੀ ਸ਼ੈਸ਼ਨ ਨੇ ਅੱਠਵੀ ਕੇਂਦਰੀ ਕਮੇਟੀ ਦੇ ਗਿਆਰਵੇਂ ਪਲੈਨਰੀ ਸੈਸ਼ਨ ਦੇ ਫੈਸਲੇ ਵਿਰੁੱਧ, ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਵਿਰੁੱਧ ਅਤੇ ਪ੍ਰੋਲੇਤਾਰੀ ਆਗੂ-ਕੇਂਦਰ ਵਿਰੁੱਧ, ਜਿਸਦੇ ਮੁੱਖ ਆਗੂ ਚੇਅਰਮੈਨ ਮਾਓ ਹਨ ਤੇ ਉਪ-ਆਗੂ, ਉਪ-ਚੇਅਰਮੈਨ ਲਿਨ ਹਨ, ਸੇਧਿਤ 1967 ਦੀ “ਉਲ਼ਟੀ ਫਰਵਰੀ ਲਹਿਰ” ਦਾ ਗੰਭੀਰਤਾ-ਸਹਿਤ ਖੰਡਨ ਕੀਤਾ ਅਤੇ ਰੱਦਿਆ। ਪਲੈਨਰੀ ਸੈਸ਼ਨ ਮੰਨਦਾ ਹੈ ਕਿ “ਉਲ਼ਟੀ ਫਰਵਰੀ ਲਹਿਰ” ਬਾਰੇ ਸਹੀ ਫੈਸਲੇ ਨੂੰ ਉਲ਼ਟਾਉਣ ਲਈ ਪਿਛਲੀ ਬਹਾਰ ਵਿੱਚ ਉੱਭਰੇ ਨਹਿਸ਼ ਰੁਝਾਨ ਦਾ ਤਹਿਸ-ਨਹਿਸ ਹੋਣਾ ਬੁਰਜੂਆ ਪਿਛਾਖੜੀ ਲੀਹ ਨੂੰ ਚੂਰ-ਚੂਰ ਕਰਨ ਵਿੱਚ ਚੇਅਰਮੈਨ ਮਾਓ ਦੀ ਪ੍ਰੋਲੇਤਾਰੀ ਇਨਕਲਾਬੀ ਲੀਹ ਦੀ ਇੱਕ ਅਹਿਮ ਜਿੱਤ ਹੈ।

ਪਲੈਨਰੀ ਸੈਸ਼ਨ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀਆਂ ਵੱਡੀਆਂ ਜਿੱਤਾਂ ਨੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਅਧੀਨ ਇਨਕਲਾਬ ਨੂੰ ਜਾਰੀ ਰੱਖਣ ਦੇ ਕਾਮਰੇਡ ਮਾਓ ਜ਼ੇ-ਤੁੰਗ ਦੇ ਸਿਧਾਂਤ ਦੀ ਅਥਾਹ ਅਤੇ ਲੰਮੇਰੀ ਮਹੱਤਤਾ ਨੂੰ ਇੱਕ ਵਾਰ ਫਿਰ ਸਿੱਧ ਕੀਤਾ ਹੈ। ਮਾਓ ਜ਼ੇ-ਤੁੰਗ ਵਿਚਾਰਧਾਰਾ ਉਸ ਯੁੱਗ ਦਾ ਮਾਰਕਸਵਾਦ-ਲੈਨਿਨਵਾਦ ਹੈ ਜਿਸ ਵਿੱਚ ਸਾਮਰਾਜਵਾਦ ਪੂਰੀ ਤਰ੍ਹਾਂ ਢਹਿਢੇਰੀ ਹੋਣ ਅਤੇ ਸਮਾਜਵਾਦ ਸੰਸਾਰ ਪੱਧਰ ਉੱਤੇ ਜਿੱਤ ਹਾਸਲ ਕਰਨ ਵੱਲ ਵਧ ਰਿਹਾ ਹੈ; ਇਹ ਪਾਰਟੀ, ਫੌਜ ਅਤੇ ਲੋਕਾਈ ਦੇ ਸਾਰੇ ਕੰਮਾਂ ਨੂੰ ਸੇਧ ਦੇਣ ਵਾਲ਼ੀ ਵਿਚਾਰਧਾਰਾ ਹੈ। ਇੱਕ ਵਾਰ ਜਦੋਂ ਮਾਓ ਜ਼ੇ-ਤੁੰਗ ਵਿਚਾਰਧਾਰਾ ਲੋਕਾਂ ਦੁਆਰਾ ਸਮਝ ਲਈ ਜਾਂਦੀ ਹੈ, ਤਾਂ ਇਹ ਇੱਕ ਅਸੀਮ ਪਦਾਰਥਕ ਤਾਕਤ ਪੈਦਾ ਕਰ ਦਿੰਦੀ ਹੈ। ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੌਰਾਨ, ਮਾਓ ਜ਼ੇ-ਤੁੰਗ ਵਿਚਾਰਧਾਰਾ ਤੇਜ਼ੀ ਨਾਲ਼ ਕਰੋੜਾਂ ਲੋਕਾਂ ਵਿੱਚ ਫੈਲ ਗਈ, ਉਹਨਾਂ ਦੇ ਦਿਲਾਂ ਵਿੱਚ ਉੱਤਰ ਗਈ; ਆਪਣੇ ਘੋਲ਼ਾਂ ਦੌਰਾਨ, ਮਜਦੂਰਾਂ, ਕਿਸਾਨਾਂ ਤੇ ਫੌਜੀਆਂ ਦੇ ਵਿਸ਼ਾਲ ਸਮੂਹਾਂ ਨੇ ਜੋਸ਼ ਨਾਲ਼ ਜੀਵੰਤ ਢੰਗ ਨਾਲ਼ ਮਾਓ ਜ਼ੇ-ਤੁੰਗ ਵਿਚਾਰਧਾਰਾ ਦਾ ਅਧਿਐਨ ਕੀਤਾ। ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਪੱਕਿਆਂ ਕਰਨ ਅਤੇ ਕਦੇ ਵੀ ਸਾਡੇ ਦੇਸ਼ ਦੇ ਸਿਆਸੀ ਰੰਗ ਨੂੰ ਬਦਲਣ ਤੋਂ ਰੋਕਣ ਲਈ ਇਹੀ ਬੁਨਿਆਦੀ ਗਰੰਟੀ ਹੈ। ਸਮੁੱਚੀ ਪਾਰਟੀ, ਸਮੁੱਚੀ ਫੌਜ ਅਤੇ ਸਾਰੇ ਪੱਧਰਾਂ ਉੱਤੇ ਇਨਕਲਾਬੀ ਕਮੇਟੀਆਂ ਨੂੰ ਮਾਓ ਜ਼ੇ-ਤੁੰਗ ਵਿਚਾਰਧਾਰਾ ਦਾ ਝੰਡਾ ਬੁਲੰਦ ਰੱਖਣਾ ਚਾਹੀਦਾ ਹੈ, ਪ੍ਰੋਲੇਤਾਰੀ ਆਗੂ-ਕੇਂਦਰ ਜਿਸਦੇ ਮੁੱਖ ਆਗੂ ਚੇਅਰਮੈਨ ਮਾਓ ਹਨ ਤੇ ਉਪ-ਆਗੂ ਉਪ-ਚੇਅਰਮੈਨ ਲਿਨ ਹਨ, ਦੇ ਦੁਆਲ਼ੇ ਪੂਰੀ ਏਕਤਾ ਬਣਾ ਕੇ ਲਾਮਬੰਦ ਹੋਣਾ ਚਾਹੀਦਾ ਹੈ, ਚੇਅਰਮੈਨ ਮਾਓ ਦੀ ਮਹਾਨ ਯੁੱਧਨੀਤਕ ਯੋਜਨਾ ਨਾਲ਼ ਨੇੜਿਓਂ ਜੁੜੇ ਰਹਿਣਾ ਚਾਹੀਦਾ ਹੈ, ਚੇਅਰਮੈਨ ਮਾਓ ਦੇ ਤਾਜ਼ੇ ਦਿਸ਼ਾ-ਨਿਰਦੇਸ਼ਾਂ ‘ਚੋਂ ਹਰ ਇੱਕ ਨੂੰ ਤਨਦੇਹੀ ਨਾਲ਼ ਲਾਗੂ ਕਰਨਾ ਚਾਹੀਦਾ ਹੈ, ਚੇਅਰਮੈਨ ਮਾਓ ਦੀਆਂ ਲਿਖਤਾਂ ਦੇ ਅਧਿਐਨ ਦੀ ਲੋਕ-ਲਹਿਰ ਨੂੰ ਅੱਗੇ ਵਧਾਉਣਾ ਚਾਹੀਦਾ ਹੈ, ਮਾਓ ਜ਼ੇ-ਤੁੰਗ ਵਿਚਾਰਧਾਰਾ ਦੀਆਂ ਅਧਿਐਨ ਕਲਾਸਾਂ ਨੂੰ ਚੰਗੀ ਤਰ੍ਹਾਂ ਚਲਾਉਣਾ ਚਾਹੀਦਾ ਹੈ, ਆਪਣੀ ਸੋਚ ਦੀ ਇੱਕਤਾ ਤੇ ਆਪਣੇ ਕਦਮਾਂ ਤੇ ਸਰਗਰਮੀਆਂ ‘ਚ ਇਕਸਾਰਤਾ ਲਿਆਉਣ ਅਤੇ “ਕਈ ਕੇਂਦਰਾਂ” ਵਾਲ਼ੇ ਬੁਰਜੂਆ ਸਿਧਾਂਤ ਦਾ ਖੰਡਨ ਕਰਨ ਤੇ ਰੱਦਣ ਲਈ ਮਾਓ ਜ਼ੇ-ਤੁੰਗ ਵਿਚਾਰਧਾਰਾ ਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ ਤਾਂ ਕਿ ਸਾਡੇ ਕੰਮ ਦੇ ਸਾਰੇ ਖੇਤਰਾਂ ਵਿੱਚ ਨਵੀਆਂ ਜਿੱਤਾਂ ਹਾਸਲ ਕੀਤੀਆਂ ਜਾਂਦੀਆਂ ਰਹਿਣ।

ਅੱਠਵੀ ਕੇਂਦਰੀ ਕਮੇਟੀ ਦਾ ਵਿਸਤਾਰਿਤ ਬਾਰਵਾਂ ਪਲੈਨਰੀ ਸੈਸ਼ਨ ਸਾਰੇ ਮਜਦੂਰਾਂ, ਗਰੀਬ ਤੇ ਦਰਮਿਆਨੇ ਕਿਸਾਨਾਂ, ਲੋਕ-ਮੁਕਤੀ ਫੌਜ ਦੇ ਸਾਰੇ ਕਮਾਂਡਰਾਂ ਤੇ ਲੜਾਕਿਆਂ, ਇਨਕਲਾਬੀ ਕਾਡਰਾਂ, ਇਨਕਲਾਬੀ ਲਾਲ ਗਾਰਡਾਂ ਅਤੇ ਇਨਕਲਾਬੀ ਬੁੱਧੀਜੀਵੀਆਂ ਅਤੇ ਦੇਸ਼ ਦੀਆਂ ਸਾਰੀਆਂ ਕੌਮੀਅਤਾਂ ਦੇ ਇਨਕਲਾਬੀ ਲੋਕਾਂ ਨੂੰ ਚੇਅਰਮੈਨ ਮਾਓ ਦੀ ਇਹ ਸਿੱਖਿਆ ਨੂੰ ਦ੍ਰਿੜ੍ਹਤਾ ਨਾਲ਼ ਨੇਪਰੇ ਚਾੜ੍ਹਨ ਦਾ ਸੱਦਾ ਦਿੰਦਾ ਹੈ ਕਿ ਸੱਭਿਆਚਾਰ ਦੇ ਸਭਨਾਂ ਵੱਖ-ਵੱਖ ਦਾਇਰਿਆਂ ਸਮੇਤ ਉੱਚ-ਉਸਾਰ ਵਿੱਚ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਕਾਇਮ ਕਰਨ ਲਈ, ਚੇਅਰਮੈਨ ਮਾਓ ਵੱਲੋਂ ਦਿਖਾਏ ਗਏ ਸੰਘਰਸ਼-ਅਲੋਚਨਾ-ਤਬਦੀਲੀ ਦੇ ਰਾਹ ਦੇ ਸਾਰੇ ਪੜਾਵਾਂ ਵਿਚਲੇ ਕਾਰਜਾਂ ਨੂੰ ਪੂਰਿਆਂ ਕਰਨ ਲਈ ਅਤੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਨੂੰ ਸਿਰੇ ਤੱਕ ਲੈ ਕੇ ਜਾਣ ਲਈ ਮਜਦੂਰ ਜਮਾਤ ਨੂੰ ਹਰ ਚੀਜ਼ ਵਿੱਚ ਅਗਵਾਈ ਸਾਂਭਣੀ ਚਾਹੀਦੀ ਹੈ।

ਸਾਨੂੰ ਚੇਅਰਮੈਨ ਮਾਓ ਦੇ ਇਨਕਲਾਬੀ ਵੱਡੇ ਗੱਠਜੋੜ ਦੇ ਮਹਾਨ ਸਿਧਾਂਤ ਅਤੇ ਇੱਕ-‘ਚ-ਤਿੰਨ ਦੀ ਇਨਕਲਾਬੀ ਜੁਗਤ ਨੂੰ ਲਗਾਤਾਰ ਲਾਗੂ ਕਰਦੇ ਰਹਿਣਾ ਚਾਹੀਦਾ ਹੈ ਅਤੇ ਇਨਕਲਾਬੀ ਜਨਤਕ ਅਲੋਚਨਾ ਤੇ ਖੰਡਨ ਜਥੇਬੰਦ ਕਰਨ ਬਾਰੇ, ਪ੍ਰਸ਼ਾਸ਼ਕੀ ਢਾਂਚੇ ਨੂੰ ਸਰਲ ਕਰਨ ਬਾਰੇ, ਕਾਡਰਾਂ ਦੁਆਰਾ ਸਰੀਰਕ ਕਿਰਤ ਕਰਨ ਲਈ ਲੋਕਾਂ ਵਿੱਚ ਜਾਣ ਬਾਰੇ ਤੇ ਗੈਰ-ਤਾਰਕਿਕ ਨੇਮਾਂ ਤੇ ਨਿਰਦੇਸ਼ਾਂ ਨੂੰ ਬਦਲਣ ਬਾਰੇ ਚੇਅਰਮੈਨ ਮਾਓ ਦੀਆਂ ਸੇਧਾਂ ਨੂੰ ਇਮਾਨਦਾਰੀ ਨਾਲ਼ ਲਾਗੂ ਕਰਨਾ ਚਾਹੀਦਾ ਹੈ ਤਾਂ ਕਿ ਨਵ-ਜਨਮੀਆਂ ਇਨਕਲਾਬੀ ਕਮੇਟੀਆਂ ਲੋਕਾਈ ਨਾਲ਼ ਨਜ਼ਦੀਕੀ ਰਿਸ਼ਤੇ ਬਣਾ ਸਕਣ, ਉਹਨਾਂ ਨੂੰ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ਕਾਰਜਾਂ ਨੂੰ ਹੋਰ ਵਧੇਰੇ ਚੰਗੀ ਤਰ੍ਹਾਂ ਪੂਰਿਆਂ ਕਰਨ ਲਈ ਲਗਾਤਾਰ ਪਕੇਰਿਆਂ, ਵਿਕਸਤ ਅਤੇ ਬਿਹਤਰ ਬਣਾਇਆ ਜਾ ਸਕੇ।

ਸਾਨੂੰ ਲਗਾਤਾਰ ਲੋਕਾਈ ਨੂੰ ਜਗਾਉਣ ਲਈ ਲੱਗੇ ਰਹਿਣਾ ਚਾਹੀਦਾ ਹੈ, ਫੈਕਟਰੀਆਂ, ਲੋਕ ਕਮਿਊਨਾਂ, ਪਾਰਟੀ ਅਤੇ ਸਰਕਾਰੀ ਸੰਸਥਾਵਾਂ, ਸਕੂਲਾਂ, ਸਾਰੇ ਉੱਦਮਾਂ ਤੇ ਕੰਮਾਂ-ਕਾਰਾਂ ਤੇ ਹੋਰ ਸੰਸਥਾਵਾਂ ਆਦਿ ਦੀ ਸ਼ੁਧਾਈ ਕਰਨ ਦੇ ਕੰਮ ਨੂੰ ਲਗਾਤਾਰ ਇਮਾਨਦਾਰੀ ਨਾਲ਼ ਕਰਦੇ ਰਹਿਣਾ ਚਾਹੀਦਾ ਹੈ ਅਤੇ ਲੋਕਾਈ ਵਿੱਚੋਂ ਮੁੱਠੀਭਰ ਉਲਟ-ਇਨਕਲਾਬੀਆਂ ਨੂੰ ਕੱਢ ਬਾਹਰ ਕਰਨ ਲਈ ਲੱਗੇ ਰਹਿਣਾ ਚਾਹੀਦਾ ਹੈ।

ਸਾਨੂੰ ਚੇਅਰਮੈਨ ਮਾਓ ਦੇ ਇਸ ਨਿਰਦੇਸ਼ ਨੂੰ ਨੇਪਰੇ ਚਾੜਨਾ ਚਾਹੀਦਾ ਹੈ ਕਿ ਪਾਰਟੀ ਜਥੇਬੰਦੀ ਵਿੱਚ ਪ੍ਰੋਲੇਤਾਰੀ ਦੇ ਸਭ ਤੋਂ ਵਿਕਸਤ ਤੱਤ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ; ਇਹ ਇੱਕ ਅਜਿਹੀ ਬਲਵਾਨ ਹਰਾਵਲ ਜਥੇਬੰਦੀ ਹੋਣੀ ਚਾਹੀਦੀ ਹੈ ਜਿਹੜੀ ਪ੍ਰੋਲੇਤਾਰੀ ਅਤੇ ਇਨਕਲਾਬੀ ਲੋਕਾਈ ਨੂੰ ਅਗਵਾਈ ਦੇ ਸਕੇ, ਚੇਅਰਮੈਨ ਮਾਓ ਦੀ “ਖੜੋਤ ਮਾਰਿਆਂ ਤੋਂ ਖਹਿੜਾ ਛੁਡਾਓ ਅਤੇ ਤਾਜ਼ਾਦਮ ਨੂੰ ਅੱਗੇ ਲਿਆਓ” ਦੀ ਸੇਧ ਨੂੰ ਲਾਗੂ ਕਰ ਸਕੇ, ਪਾਰਟੀ ਦੀਆਂ ਜੜ੍ਹਾਂ ਮਜ਼ਬੂਤ ਕਰਨ ਤੇ ਉਸਾਰਨ ਦੇ ਕੰਮ ਨੂੰ ਇਮਾਨਦਾਰੀ ਨਾਲ਼ ਲਾਗੂ ਕਰ ਸਕੇ, ਪ੍ਰਮਾਣਿਤ ਗੱਦਾਰਾਂ, ਦੁਸ਼ਮਣ ਏਜੰਟਾਂ, ਕੋਈ ਪਛਤਾਵਾ ਨਾ ਰੱਖਣ ਵਾਲ਼ੇ ਸਰਮਾਏਦਾਰਾ-ਰਾਹੀਆਂ, ਪਤਿਤ ਤੱਤਾਂ ਅਤੇ ਪਾਰਟੀ ਵਿੱਚ ਵੜ ਆਏ ਹੋਰ ਬੇਗਾਨੇ ਤੱਤਾਂ ਨੂੰ ਪਾਰਟੀ ਵਿੱਚੋਂ ਸਾਫ਼ ਕਰ ਸਕੇ, ਪਾਰਟੀ ਵਿੱਚ ਤਾਜ਼ਾ-ਦਮ ਲੋਕਾਂ ਨੂੰ ਤੇ ਸਭ ਤੋਂ ਉੱਤੇ ਸਨਅੱਤੀ ਮਜਦੂਰਾਂ ਵਿੱਚੋਂ ਕਮਿਊਨਿਸਟ ਚੇਤਨਾ ਨਾਲ਼ ਲੈਸ ਸਭ ਤੋਂ ਵਿਕਸਤ ਮਜਦੂਰਾਂ ਨੂੰ ਭਰਤੀ ਕਰ ਸਕੇ ਅਤੇ ਪਾਰਟੀ ਦੀਆਂ ਮੋਹਰੀ ਪੋਜ਼ੀਸ਼ਨਾਂ ਲਈ ਸ਼ਾਨਦਾਰ ਪਾਰਟੀ ਮੈਂਬਰਾਂ ਨੂੰ ਚੁਣ ਸਕੇ ਜਿਹੜੇ ਚੇਅਰਮੈਨ ਮਾਓ ਦੀ ਪ੍ਰੋਲੇਤਾਰੀ ਇਨਕਲਾਬੀ ਲੀਹ ਨੂੰ ਲਾਗੂ ਕਰਨ ਵਿੱਚ ਦ੍ਰਿੜ੍ਹਤਾ ਦਿਖਾਉਂਦੇ ਹੋਣ।

ਸਾਨੂੰ ਸਿੱਖਿਆ ਦੇ ਖੇਤਰ ਵਿੱਚ ਪ੍ਰੋਲੇਤਾਰੀ ਇਨਕਲਾਬ ਦੇ ਮਹਾਨ ਇਤਿਹਾਸਕ ਮਿਸ਼ਨ ਨੂੰ ਪੂਰਿਆਂ ਕਰਨਾ ਚਾਹੀਦਾ ਹੈ। ਜਿੱਥੋਂ ਤੱਕ ਬੁੱਧੀਜੀਵੀਆਂ ਦਾ ਸਵਾਲ ਹੈ, ਉਹਨਾਂ ਨੂੰ ਮਜ਼ਦੂਰਾਂ, ਕਿਸਾਨਾਂ ਤੇ ਫੌਜੀਆਂ ਦੁਆਰਾ ਮੁੜ-ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਹ ਖੁਦ ਨੂੰ ਮਜਦੂਰਾਂ ਅਤੇ ਕਿਸਾਨਾਂ ਨਾਲ਼ ਜੋੜ ਸਕਣ। ਮਜਦੂਰਾਂ ਦੀਆਂ ਪ੍ਰਾਪੇਗੰਡਾ ਟੀਮਾਂ ਨੂੰ ਲਗਾਤਾਰ ਸਕੂਲਾਂ ਤੇ ਕਾਲਜਾਂ ਵਿੱਚ ਰਹਿਣਾ ਚਾਹੀਦਾ ਹੈ, ਉੱਥੇ ਸੰਘਰਸ਼-ਅਲੋਚਨਾ-ਤਬਦੀਲੀ ਦੇ ਸਮੁੱਚੇ ਕਾਰਜਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਅਤੇ ਹਮੇਸ਼ਾਂ ਇਹਨਾਂ ਸੰਸਥਾਵਾਂ ਦੀ ਅਗਵਾਈ ਕਰਨੀ ਚਾਹੀਦੀ ਹੈ। ਪੇਂਡੂ ਇਲਾਕਿਆਂ ਵਿੱਚ, ਸਕੂਲਾਂ ਅਤੇ ਕਾਲਜਾਂ ਦਾ ਪ੍ਰਬੰਧ ਮਜਦੂਰ ਜਮਾਤ ਦੇ ਸਭ ਤੋਂ ਭਰੋਸੇਮੰਦ ਸੰਗੀਆਂ ਭਾਵ ਗਰੀਬ ਤੇ ਹੇਠਲੇ-ਮੱਧਵਰਗੀ ਕਿਸਾਨਾਂ ਦੁਆਰਾ ਚਲਾਇਆ ਜਾਣਾ ਚਾਹੀਦਾ ਹੈ। ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਨੂੰ ਪੂਰੀ ਤਰ੍ਹਾਂ ਸਿਰੇ ਚਾੜਨ ਲਈ ਇਹ ਕੁੰਜੀਵਤ ਅਹਿਮੀਅਤ ਦਾ ਸਵਾਲ ਹੈ। ਮਜਦੂਰਾਂ, ਗਰੀਬਾਂ ਤੇ ਹੇਠਲੇ-ਮੱਧਵਰਗੀ ਕਿਸਾਨਾਂ ਅਤੇ ਲੋਕ-ਮੁਕਤੀ ਫੌਜ ਦੇ ਕਮਾਂਡਰਾਂ ਤੇ ਲੜਾਕਿਆਂ ਨੂੰ ਜਿਹੜੇ ਇਸ ਸ਼ਾਨਦਾਰ ਕਾਰਜ ਨੂੰ ਨੇਪਰੇ ਚਾੜ੍ਹ ਰਹੇ ਹਨ, ਸੰਘਰਸ਼ ਦੇ ਦੌਰਾਨ ਆਪਣੀ ਸਿਆਸੀ ਚੇਤਨਾ ਨੂੰ ਉੱਪਰ ਚੁੱਕਣਾ ਚਾਹੀਦਾ ਹੈ।

ਸਾਨੂੰ ਇਨਕਲਾਬ ਉੱਤੇ ਪਕੜ ਬਣਾਈ ਰੱਖਣੀ ਚਾਹੀਦੀ ਹੈ ਅਤੇ ਪੈਦਾਵਾਰ ਅਤੇ ਜੰਗ ਵਿਰੁੱਧ ਹੋਰ ਕਾਰਜਾਂ ਤੇ ਤਿਆਰੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਸਮਾਜਵਾਦੀ ਸਨਅੱਤ, ਸਮਾਜਵਾਦੀ ਖੇਤੀ ਅਤੇ ਦੇਸ਼ ਅੰਦਰਲੇ ਹੋਰ ਸਾਰੇ ਸਮਾਜਵਾਦੀ ਉੱਦਮਾਂ ਦੀ ਉਸਾਰੀ ਹੋਰ ਬਿਹਤਰ ਢੰਗ ਨਾਲ਼ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਸਾਡੇ ਦੇਸ਼ ਵਿੱਚ ਸਮਾਜਵਾਦੀ ਪੈਦਾਵਾਰ ਦੇ ਵਿਕਾਸ ਲਈ ਇੱਕ ਲਾਮਿਸਾਲ ਪ੍ਰੇਰਣਾਸ੍ਰੋਤ ਹੈ। ਇਹ ਸਾਡੇ ਦੇਸ਼ ਵਿੱਚ ਸਮਾਜਵਾਦੀ ਉਸਾਰੀ ਲਈ ਇੱਕ ਨਵੀਂ ਛਲਾਂਗ ਨੂੰ ਉਤਸ਼ਾਹਿਤ ਕਰ ਰਿਹਾ ਹੈ ਅਤੇ ਅਜਿਹਾ ਕਰਦਾ ਰਹੇਗਾ।

ਸਾਨੂੰ ਲਗਾਤਾਰ ਮਹਾਨ ਚੀਨੀ ਲੋਕ-ਮੁਕਤੀ ਫੌਜ ਨੂੰ ਮਜਬੂਤ ਕਰਦੇ ਜਾਣਾ ਚਾਹੀਦਾ ਹੈ, ਕੌਮੀ ਸੁਰੱਖਿਆ ਨੂੰ ਹੋਰ ਪੱਕਿਆਂ ਕਰਨਾ ਚਾਹੀਦਾ ਹੈ ਅਤੇ ਫੌਜ ਨੂੰ ਹਮਾਇਤ ਦੇਣ ਅਤੇ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਚੰਗੇ ਕੰਮ ਨੂੰ ਕਰਦੇ ਰਹਿਣਾ ਚਾਹੀਦਾ ਹੈ। ਅਸੀਂ ਤਾਈਵਾਨ ਨੂੰ ਅਜ਼ਾਦ ਕਰਵਾਉਣ ਲਈ ਵਚਨਬੱਧ ਹਾਂ। ਲੁਟੇਰੇ ਅਮਰੀਕੀ ਸਾਮਰਾਜਵਾਦ ਅਤੇ ਸੋਵੀਅਤ ਆਧੁਨਿਕ ਸੋਧਵਾਦੀ ਗੱਦਾਰ ਚੌਕੜੀ ਖਿਲਾਫ ਸਾਨੂੰ ਆਪਣੀ ਚੌਕਸੀ ਨੂੰ ਸੈਂਕੜੇ ਗੁਣਾ ਵਧਾਉਣਾ ਚਾਹੀਦਾ ਹੈ। ਜੇ ਦੁਸ਼ਮਣ ਸਾਡੇ ਉੱਤੇ ਜੰਗ ਥੋਪਣ ਦਾ ਹੌਂਸਲਾ ਕਰਦਾ ਹੈ ਤਾਂ ਅਸੀਂ ਉਸਦਾ ਦ੍ਰਿੜ੍ਹਤਾ ਨਾਲ਼, ਸਮੁੱਚਤਾ ਵਿੱਚ ਤੇ ਪੂਰੀ ਤਰ੍ਹਾਂ ਸਫਾਇਆ ਕਰ ਦੇਵਾਂਗੇ।

ਪਲੈਨਰੀ ਸ਼ੈਸ਼ਨ ਦਾ ਇਹ ਮੰਨਣਾ ਹੈ ਕਿ, ਜਿਵੇਂ ਚੇਅਰਮੈਨ ਮਾਓ ਜ਼ੇ-ਤੁੰਗ ਨੇ ਧਿਆਨ ਦਵਾਇਆ ਹੈ, ਸੰਸਾਰ ਇਨਕਲਾਬ ਇੱਕ ਨਵੇਂ ਮਹਾਨ ਪੜਾਅ ਵਿੱਚ ਦਾਖਲ ਹੋ ਚੁੱਕਿਆ ਹੈ। ਸਾਰੇ ਦੇਸ਼ਾਂ ਵਿੱਚ ਲੋਕਾਂ ਦੀ ਇਨਕਲਾਬੀ ਲਹਿਰ ਸ਼ਾਨਦਾਰ ਢੰਗ ਨਾਲ਼ ਵਿਕਸਤ ਹੋ ਰਹੀ ਹੈ।

ਘਰ ਅਤੇ ਬਾਹਰ, ਦੋਵਾਂ ਥਾਵਾਂ ਉੱਤੇ ਵਿਰੋਧਤਾਈਆਂ ਨਾਲ਼ ਗ੍ਰਸੇ ਹੋਣ ਤੇ ਮੁਸ਼ਕਿਲਾਂ ਵਿੱਚ ਫਸੇ ਹੋਣ ਕਰਕੇ, ਅਮਰੀਕਾ ਦੀ ਅਗਵਾਈ ਵਿਚਲੇ ਸਾਮਰਾਜਵਾਦੀ ਅਤੇ ਸੋਵੀਅਤ ਸੋਧਵਾਦੀ ਗੱਦਾਰ ਚੌਕੜੀ ਦੀ ਅਗਵਾਈ ਹੇਠਲੇ ਆਧੁਨਿਕ ਸੋਧਵਾਦੀ ਖਿੰਡ-ਖੱਪਰ ਰਹੇ ਹਨ; ਉਹ ਆਪਣੀ ਹੱਦ ਨੂੰ ਢੁੱਕ ਚੁੱਕੇ ਹਨ ਅਤੇ ਪਹਿਲਾਂ ਨਾਲ਼ੋਂ ਸਦਾ ਵਧੇਰੇ ਅਲੱਗ-ਥਲੱਗ ਹੁੰਦੇ ਜਾ ਰਹੇ ਹਨ।

ਇੱਕ-ਦੂਜੇ ਨਾਲ਼ ਗੱਠਜੋੜ ਬਣਾਉਂਦੇ ਤੇ ਲੜਦੇ-ਘੁਲ਼ਦੇ ਹੋਏ, ਅਮਰੀਕੀ ਸਾਮਰਾਜੀਏ ਅਤੇ ਸੋਵੀਅਤ ਸੋਧਵਾਦੀਏ ਸੰਸਾਰ ਦੀ ਮੁੜ-ਵੰਡ ਲਈ ਸਿਰ-ਤੋੜ, ਪਰ ਅਸਫਲ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਵੀਅਤਨਾਮ ਵਿਰੁੱਧ ਆਪਣੇ ਹਮਲਾਵਰ ਯੁੱਧ ਵਿੱਚ, ਅਮਰੀਕੀ ਸਾਮਰਾਜੀਆਂ ਨੂੰ ਸੋਵੀਅਤ ਸੋਧਵਾਦੀਆਂ ਦੀ ਲੁਕਵੀਂ ਸਹਿਮਤੀ ਅਤੇ ਹਮਾਇਤ ਹਾਸਲ ਹੈ, ਬਦਲੇ ਵਿੱਚ ਸੋਵੀਅਤ ਸੋਧਵਾਦੀ ਗੱਦਾਰ ਚੌਕੜੀ ਨੂੰ ਚੈਕਸਲੋਵਾਕੀਆ ਉੱਤੇ ਕਬਜ਼ਾ ਕਰਨ ਖਾਤਰ ਖੁੱਲਮ-ਖੁੱਲ੍ਹਾ ਫੌਜਾਂ ਭੇਜਣ ਲਈ ਅਮਰੀਕੀ ਸਾਮਰਾਜੀਆਂ ਦੀ ਲੁਕਵੀਂ ਸਹਿਮਤੀ ਅਤੇ ਹਮਾਇਤ ਮਿਲ਼ੀ ਹੋਈ ਹੈ। ਉਹਨਾਂ ਦਾ ਇਹ ਗੰਦਾ ਸਿਆਸੀ ਸਮਝੌਤਾ ਸੰਸਾਰ ਦੇ ਲੋਕਾਂ ਸਾਹਮਣੇ ਨੰਗਾ ਹੋ ਚੁੱਕਾ ਹੈ। ਉਹਨਾਂ ਦੀਆਂ ਨੰਗੀਆਂ-ਚਿੱਟੀਆਂ ਹਮਲਾਵਰ ਹਰਕਤਾਂ ਨੇ ਸਾਮਰਾਜੀ ਅਤੇ ਸੋਧਵਾਦੀ ਗੁੱਟਾਂ ਅੰਦਰ ਦੀਆਂ ਵਿਰੋਧਤਾਈਆਂ ਨੂੰ ਹੋਰ ਡੂੰਘਾ ਕਰ ਦਿੱਤਾ ਹੈ ਅਤੇ ਅਮਰੀਕੀ ਸਾਮਰਾਜਵਾਦ ਅਤੇ ਸੋਵੀਅਤ ਸੋਧਵਾਦ ਦੇ ਘਰਾਂ ਵਿੱਚ ਰਹਿੰਦੇ ਦਾਬੇ ਦੇ ਸ਼ਿਕਾਰ ਲੋਕਾਂ ਦੀ ਸਿਆਸੀ ਚੇਤਨਾ ਨੂੰ ਉੱਚਿਆਂ ਚੁੱਕਣ ਵਿੱਚ ਮਦਦ ਕੀਤੀ ਹੈ ਅਤੇ ਨਾਲ਼ ਹੀ ਇਹ ਦੁਨੀਆਂ ਭਰ ਵਿੱਚ ਅਮਰੀਕੀ ਸਾਮਰਾਜਵਾਦ ਅਤੇ ਸੋਵੀਅਤ ਸੋਧਵਾਦ ਦੇ ਖਿਲਾਫ ਇੱਕ ਮਹਾਨ ਨਵੇਂ ਉਭਾਰ ਨੂੰ ਹੁਲਾਰਾ ਦੇ ਰਹੀਆਂ ਹਨ। ਚਾਹੇ ਸੰਘਰਸ਼ ਦਾ ਰਾਹ ਜਿੰਨਾ ਮਰਜ਼ੀ ਟੇਡਾ-ਮੇਢਾ ਹੋਵੇ, ਚਾਹੇ ਅਮਰੀਕੀ ਸਾਮਰਾਜਵਾਦ ਅਤੇ ਸੋਵੀਅਤ ਸੋਧਵਾਦ ਨੇ ਚੀਨ-ਵਿਰੋਧੀ ਤੇ ਉਲਟ-ਇਨਕਲਾਬੀ “ਪਵਿੱਤਰ ਗੱਠਜੋੜ” ਬਣਾਉਣ ਲਈ ਜਿੰਨਾ ਮਰਜ਼ੀ ਗੰਦ-ਮੰਦ ਇਕੱਠਾ ਕਰ ਲਿਆ ਹੋਵੇ, ਉਹ ਲਾਜਮੀ ਤੌਰ ‘ਤੇ “ਚੱਟਾਨ ਨੂੰ ਆਪਣੇ ਹੀ ਪੈਰਾਂ ਉੱਤੇ ਸੁੱਟਣ ਲਈ ਚੁੱਕ ਰਹੇ ਹਨ।” ਅਸੀਂ ਬਿਲਕੁਲ ਵੀ ਇਕੱਲੇ ਨਹੀਂ ਹਾਂ, ਕਿਉਂਕਿ ਦੁਨੀਆਂ ਦੇ 90 ਫੀਸਦੀ ਲੋਕ ਜਿਹੜੇ ਇਨਕਲਾਬ ਚਾਹੁੰਦੇ ਹਨ, ਸਾਡੇ ਮਿੱਤਰ ਹਨ। ਇਤਿਹਾਸ ਦੇ ਚੱਕੇ ਨੂੰ ਉਲਟਾ ਗੇੜਾ ਨਹੀਂ ਦਿੱਤਾ ਜਾ ਸਕਦਾ, ਸਾਮਰਾਜਵਾਦ, ਸੋਧਵਾਦ ਅਤੇ ਬਾਕੀ ਹੋਰ ਸਾਰੀਆਂ ਪਿਛਾਖੜੀ ਤਾਕਤਾਂ ਨੂੰ ਇਨਕਲਾਬੀ ਲੋਕਾਂ ਦੁਆਰਾ ਢਹਿਢੇਰੀ ਹੋਣਾ ਹੀ ਹੋਣਾ ਹੈ ਅਤੇ ਦੁਨੀਆਂ ਦੇ ਸਾਰੇ ਦੱਬੇ-ਕੁਚਲੇ ਲੋਕ ਤੇ ਦੱਬੇ-ਕੁਚਲੇ ਦੇਸ਼ ਸੰਘਰਸ਼ਾਂ ਰਾਹੀਂ ਲਾਜਮੀ ਹੀ ਮੁਕੰਮਲ ਅਜ਼ਾਦੀ ਹਾਸਲ ਕਰਨਗੇ।

ਚੇਅਰਮੈਨ ਮਾਓ ਜ਼ੇ-ਤੁੰਗ ਦੀ ਅਗਵਾਈ ਥੱਲੇ ਚੀਨੀ ਕਮਿਊਨਿਸਟ ਪਾਰਟੀ ਅਤੇ ਚੀਨ ਦੇ ਲੋਕ ਪ੍ਰੋਲੇਤਾਰੀ ਕੌਮਾਂਤਰੀਵਾਦ ਦੇ ਸਿਧਾਂਤਾਂ ਦਾ ਝੰਡਾ ਬੁਲੰਦ ਕਰਦੇ ਹਨ, ਸਾਰੇ ਦੇਸ਼ਾਂ ਦੇ ਖਰੇ ਮਾਰਕਸਵਾਦੀਆਂ-ਲੈਨਿਨਵਾਦੀਆਂ ਨਾਲ਼ ਇੱਕਮੁੱਠਤਾ ਪ੍ਰਗਟ ਕਰਦੇ ਹਨ, ਸਾਮਰਾਜਵਾਦ ਅਤੇ ਸੋਧਵਾਦ ਖਿਲਾਫ ਅਲਬਾਨੀਆ ਦੇ ਲੋਕਾਂ ਦੇ ਦਲੇਰਾਨਾ ਸੰਘਰਸ਼ ਦੀ ਦ੍ਰਿੜ੍ਹ ਹਮਾਇਤ ਕਰਦੇ ਹਨ, ਅਮਰੀਕੀ ਹਮਲੇ ਖਿਲਾਫ ਟਾਕਰੇ ਦਾ ਅਤੇ ਸੰਪੂਰਨ ਕੌਮੀ ਮੁਕਤੀ ਲਈ ਯੁੱਧ ਲੜ ਰਹੇ ਬਹਾਦਰ ਵੀਅਤਨਾਮੀ ਲੋਕਾਂ ਦੀ ਦ੍ਰਿੜ੍ਹ ਹਮਾਇਤ ਕਰਦੇ ਹਨ ਅਤੇ ਸਾਮਰਾਜਵਾਦ, ਸੋਧਵਾਦ ਅਤੇ ਹੋਰ ਸਾਰੀ ਪਿਛਾਖੜ ਖਿਲਾਫ ਸੰਸਾਰ ਦੇ ਲੋਕਾਂ ਦੇ ਹੱਕੀ ਸੰਘਰਸ਼ਾਂ ਦੀ ਦ੍ਰਿੜ੍ਹ ਹਮਾਇਤ ਕਰਦੇ ਹਨ। ਚੀਨ ਦੀ ਕਮਿਊਨਿਸਟ ਪਾਰਟੀ ਦਾ ਇਹ ਪੱਕਾ ਵਿਸ਼ਵਾਸ ਹੈ ਕਿ ਅਮਰੀਕੀ ਸਾਮਰਾਜਵਾਦ, ਸੋਵੀਅਤ ਸੋਧਵਾਦ ਅਤੇ ਉਹਨਾਂ ਦੇ ਪਿੱਠੂਆਂ ਦੇ ਦਾਬੇ ਦੇ ਸ਼ਿਕਾਰ ਲੋਕਾਂ ਨੂੰ ਅਮਰੀਕੀ ਸਾਮਰਾਜਵਾਦ ਅਤੇ ਸੋਵੀਅਤ ਸੋਧਵਾਦ ਦੁਆਰਾ ਸੰਸਾਰ ਉੱਤੇ ਚੌਧਰ ਸਥਾਪਤ ਕਰਨ ਦੀਆਂ ਸਿਰਤੋੜ ਵਿਉਂਤਾਂ ਨੂੰ ਤਹਿਸ-ਨਹਿਸ ਕਰਨ ਲਈ ਇੱਕ ਵਿਆਪਕ ਸਾਂਝਾ ਮੋਰਚਾ ਕਾਇਮ ਕਰਨਾ ਚਾਹੀਦਾ ਹੈ, ਤਾਂ ਕਿ ਵਧੇਰੇ ਜਲਦੀ ਜਿੱਤ ਅਤੇ ਮੁਕਤੀ ਹਾਸਲ ਕੀਤੀ ਜਾ ਸਕੇ।

ਪਲੈਨਰੀ ਸ਼ੈਸ਼ਨ ਇੱਕ ਸ਼ਾਨਦਾਰ ਘਰੇਲੂ ਅਤੇ ਕੌਮਾਂਤਰੀ ਹਾਲਤ ਵਿੱਚ ਕਰਵਾਇਆ ਗਿਆ। ਇਹ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਲਈ ਚੌਤਰਫੀ ਜਿੱਤ ਹਾਸਲ ਕਰਨ ਲਈ ਲਾਮਬੰਦੀ ਕਰਨ ਦਾ ਸ਼ੈਸ਼ਨ ਸੀ, ਇਹ ਪ੍ਰੋਲੇਤਾਰੀ ਆਗੂ-ਕੇਂਦਰ, ਜਿਸਦੇ ਮੁੱਖ ਆਗੂ ਚੇਅਰਮੈਨ ਮਾਓ ਹਨ ਤੇ ਉਪ-ਆਗੂ, ਉਪ-ਚੇਅਰਮੈਨ ਲਿਨ ਹਨ, ਦੀ ਅਗਵਾਈ ਥੱਲੇ ਸਮੁੱਚੀ ਪਾਰਟੀ ਦੀ ਬੇਮਿਸਾਲ ਏਕਤਾ ਦਾ ਸੈਸ਼ਨ ਸੀ, ਇਹ ਪ੍ਰੋਲੇਤਾਰੀ ਇਨਕਲਾਬੀ ਭਾਵਨਾ ਨਾਲ਼ ਭਰਿਆ ਸੈਸ਼ਨ ਸੀ। ਪਲੈਨਰੀ ਸੈਸ਼ਨ ਦਾ ਇਹ ਪੱਕਾ ਯਕੀਨ ਹੈ ਕਿ ਸਮੁੱਚੀ ਪਾਰਟੀ ਦੇ ਕਾਮਰੇਡ, ਪੂਰੇ ਦੇਸ਼ ਦੇ ਲੋਕ ਅਤੇ ਪੂਰੀ ਦੁਨੀਆਂ ਦੇ ਇਨਕਲਾਬੀ ਲੋਕ ਇਸ ਸੈਸ਼ਨ ਦੀ ਕਾਮਯਾਬੀ ਲਈ ਖੁਸ਼ ਹੋਣਗੇ ਅਤੇ ਇਹ ਕਿ ਜਿਹੜੇ ਇਸ ਸੈਸ਼ਨ ਤੋਂ ਡਰ ਰਹੇ ਹਨ, ਉਹ ਮੁੱਠੀਭਰ ਸਾਮਰਾਜੀਏ ਹਨ, ਜਿੰਨ੍ਹਾਂ ਦਾ ਆਗੂ ਅਮਰੀਕੀ ਸਾਮਰਾਜ ਹੈ, ਆਧੁਨਿਕ ਸੋਧਵਾਦੀਏ ਹਨ ਜਿੰਨ੍ਹਾਂ ਦੀ ਆਗੂ ਸੋਵੀਅਤ ਸੋਧਵਾਦੀ ਗੱਦਾਰ ਚੌਕੜੀ ਹੈ, ਅਤੇ ਹੋਰ ਘਰੇਲੂ ਤੇ ਵਿਦੇਸ਼ੀ ਪਿਛਾਖੜੀ ਹਨ।

ਆਓ ਅਸੀਂ ਸਾਡੇ ਮਹਾਨ ਆਗੂ ਚੇਅਰਮੈਨ ਮਾਓ ਜ਼ੇ-ਤੁੰਗ ਦੇ ਨਕਸ਼ੇ ਕਦਮਾਂ ਉੱਤੇ ਚੱਲੀਏ ਅਤੇ ਦਲੇਰੀ ਨਾਲ਼ ਅੱਗੇ ਵਧੀਏ! ਜਿੱਤ ਸਾਡੀ ਹੋਵੇਗੀ।

ਸ੍ਰੋਤ: ਚੀਨ ਵਿੱਚ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਬਾਰੇ ਅਹਿਮ ਦਸਤਾਵੇਜ, ਵਿਦੇਸ਼ੀ ਭਾਸ਼ਾ ਪ੍ਰੈੱਸ, ਪੀਕਿੰਗ, 1970

“ਪ੍ਰਤੀਬੱਧ”, ਅੰਕ 21, ਫਰਵਰੀ 2014 ਵਿਚ ਪ੍ਰਕਾਸ਼ਿ

ਇਸ਼ਤਿਹਾਰ

One comment on “ਚੀਨ ਦੀ ਕਮਿਊਨਿਸਟ ਪਾਰਟੀ ਦੀ ਅੱਠਵੀਂ ਕੇਂਦਰੀ ਕਮੇਟੀ ਦੇ ਵਿਸਥਾਰਤ ਬਾਰਵੇਂ ਪਲੈਨਰੀ ਸੈਸ਼ਨ ਦਾ ਐਲਾਨ 31ਅਕਤੂਬਰ, 1968

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s