ਚੀਨ ਦੀ ਕਮਿਊਨਿਸਟ ਪਾਰਟੀ ਦੀ ਨੌਂਵੀਂ ਕੇਂਦਰੀ ਕਮੇਟੀ ਦੇ ਦੂਜੇ ਪਲੈਨਰੀ ਸੈਸ਼ਨ ਦਾ ਐਲਾਨ 6 ਸਤੰਬਰ, 1970

imagesਪੀ.ਡੀ.ਐਫ਼ ਡਾਊਨਲੋਡ ਕਰੋ…

ਚੀਨ ਦੀ ਕਮਿਊਨਿਸਟ ਪਾਰਟੀ ਦੀ ਨੌਂਵੀਂ ਕੇਂਦਰੀ ਕਮੇਟੀ ਦਾ ਦੂਜਾ ਪਲੈਨਰੀ ਸੈਸ਼ਨ 23 ਅਗਸਤ, 1970 ਨੂੰ ਸ਼ੁਰੂ ਹੋਇਆ ਅਤੇ 6 ਸਤੰਬਰ ਨੂੰ ਜੇਤੂ ਹੋ ਕੇ ਖ਼ਤਮ ਹੋਇਆ।

ਸੈਸ਼ਨ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ 155 ਮੈਂਬਰ ਅਤੇ 100 ਬਦਲਵੇਂ ਮੈਂਬਰ, ਕੁੱਲ ਮਿਲ਼ਾ ਕੇ 255 ਮੈਂਬਰ ਹਾਜ਼ਰ ਸਨ।

ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਚੇਅਰਮੈਨ, ਕਾਮਰੇਡ ਮਾਓ ਜ਼ੇ-ਤੁੰਗ ਨੇ ਨਿੱਜੀ ਤੌਰ ‘ਤੇ ਸੈਸ਼ਨ ਦੀ ਪ੍ਰਧਾਨਗੀ ਕੀਤੀ।

ਚੇਅਰਮੈਨ ਮਾਓ ਜ਼ੇ-ਤੁੰਗ ਅਤੇ ਉਹਨਾਂ ਦੇ ਨਜਦੀਕੀ ਸਾਥੀ ਉਪ-ਚੇਅਰਮੈਨ ਲਿਨ ਪਿਆਓ ਨੇ ਸੈਸ਼ਨ ਵਿੱਚ ਤਕਰੀਰ ਕੀਤੀ। ਸੈਸ਼ਨ ਵਿੱਚ ਹਿੱਸਾ ਲੈ ਰਹੇ ਕੇਂਦਰੀ ਕਮੇਟੀ ਦੇ ਮੈਂਬਰਾਂ ਅਤੇ ਬਦਲਵੇਂ ਮੈਂਬਰਾਂ ਨੇ ਸੈਸ਼ਨ ਦੇ ਏਜੰਡੇ-ਅਧੀਨ ਮਸਲਿਆਂ ਉੱਤੇ ਉਤਸ਼ਾਹ ਨਾਲ਼ ਵਿਚਾਰ-ਚਰਚਾ ਕੀਤੀ।

ਨੌਂਵੀਂ ਕੇਂਦਰੀ ਦੇ ਦੂਜੇ ਪਲੈਨਰੀ ਸੈਸ਼ਨ ਨੇ ਇਹ ਐਲਾਨ ਕੀਤਾ ਹੈ: ਪਾਰਟੀ ਦੀ ਨੌਵੀਂ ਕੌਮੀ ਕਾਂਗਰਸ ਅਤੇ ਪਾਰਟੀ ਦੀ ਨੌਵੀਂ ਕੇਂਦਰੀ ਕਮੇਟੀ ਦੇ ਪਹਿਲੇ ਪਲੈਨਰੀ ਸੈਸ਼ਨ ਤੋਂ ਲੈ ਕੇ ਹੁਣ ਤੱਕ, ਸਾਡੇ ਮਹਾਨ ਆਗੂ ਚੇਅਰਮੈਨ ਮਾਓ ਦੇ ਮਹਾਨ ਸੱਦੇ- “ਹੋਰ ਵਧੇਰੇ ਮਹਾਨ ਜਿੱਤਾਂ ਪ੍ਰਾਪਤ ਕਰਨ ਲਈ ਇਕਜੁੱਟ ਹੋ ਜਾਓ” – ਉੱਤੇ ਅਤੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਅਧੀਨ ਇਨਕਲਾਬ ਨੂੰ ਜਾਰੀ ਰੱਖਣ ਦੇ ਚੇਅਰਮੈਨ ਮਾਓ ਦੇ ਸਿਧਾਂਤ ਦੀ ਰਹਿਨੁਮਾਈ ਥੱਲੇ ਸਮੁੱਚੀ ਪਾਰਟੀ, ਸਮੁੱਚੀ ਫ਼ੌਜ ਅਤੇ ਦੇਸ਼ ਦੀਆਂ ਸਾਰੀਆਂ ਕੌਮੀਅਤਾਂ ਦੇ ਲੋਕਾਂ ਨੇ ਨੌਵੀਂ ਪਾਰਟੀ ਕਾਂਗਰਸ ਵੱਲੋਂ ਹੱਥ ਵਿੱਚ ਲਏ ਗਏ ਕਾਰਜਾਂ ਨੂੰ ਨੇਪਰੇ ਚਾੜਿਆ ਹੈ ਅਤੇ ਮਹਾਨ ਜਿੱਤਾਂ ਹਾਸਲ ਕੀਤੀਆਂ ਹਨ। ਮਾਓ ਜ਼ੇ-ਤੁੰਗ ਵਿਚਾਰਧਾਰਾ ਦਾ ਜੀਵੰਤ ਅਧਿਐਨ ਅਤੇ ਅਭਿਆਸ ਵਿੱਚ ਲਾਗੂ ਕਰਨ ਦੀ ਸਮੁੱਚੇ ਦੇਸ਼ ਦੇ ਲੋਕਾਂ ਦੀ ਸਮੂਹਿਕ-ਲਹਿਰ ਲਗਾਤਾਰ ਡੂੰਘੀ ਵਿਕਸਤ ਹੋ ਰਹੀ ਹੈ। ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀ ਘੋਲ਼-ਅਲੋਚਨਾ-ਤਬਦੀਲੀ ਦੀ ਲਹਿਰ ਵਿੱਚ ਲਗਾਤਾਰ ਨਵੀਆਂ ਕਾਮਯਾਬੀਆਂ ਅਤੇ ਤਜ਼ਰਬੇ ਹਾਸਲ ਹੋ ਰਹੇ ਹਨ। ਉਲਟ-ਇਨਕਲਾਬੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਭ੍ਰਿਸ਼ਟਾਚਾਰ ਤੇ ਚੋਰੀ ਦਾ ਵਿਰੋਧ ਕਰਨ, ਸੱਟੇਬਾਜ਼ੀ, ਐਸ਼ਪ੍ਰਸਤੀ ਤੇ ਬਰਬਾਦੀ ਦਾ ਵਿਰੋਧ ਕਰਨ ਦੀ ਲਹਿਰ ਵਿਆਪਕ ਹੋ ਰਹੀ ਹੈ। ਜਨਤਕ ਇਨਕਲਾਬੀ ਅਲੋਚਨਾ ਭਗੌੜੇ, ਲੁਕੇ, ਗੱਦਾਰ ਅਤੇ ਫੁੱਟਪਾਊ ਤੱਤ ਲਿਓ ਸ਼ਾਓ-ਚੀ ਦੀ ਉਲਟ-ਇਨਕਲਾਬੀ ਸੋਧਵਾਦੀ ਲੀਹ ਦੇ ਬਚੇ-ਖੁਚੇ ਮਾਰੂ ਅਸਰ ਨੂੰ ਵੱਡੇ ਪੱਧਰ ਉੱਤੇ ਸਾਫ਼ ਕਰ ਰਹੀ ਹੈ; ਇਸ ਨੇ ਮਜਦੂਰ ਜਮਾਤ, ਗ਼ਰੀਬ ਅਤੇ ਨਿਮਨ-ਮੱਧਵਰਗੀ ਕਿਸਾਨਾਂ ਅਤੇ ਲੋਕਾਈ ਦੀ ਜਮਾਤੀ ਘੋਲ਼ ਅਤੇ ਦੋ ਲੀਹਾਂ ਦੇ ਘੋਲ਼ ਬਾਰੇ ਸਮਝ ਨੂੰ ਉੱਚਾ ਚੁੱਕਿਆ ਹੈ, ਕਿਰਤੀ ਲੋਕਾਂ ਦੇ ਵਿਸ਼ਾਲ ਸਮੂਹਾਂ ਦੇ ਇਨਕਲਾਬੀ ਉਤਸ਼ਾਹ ਤੇ ਸਿਰਜਣਾਤਮਕਤਾ ਨੂੰ ਪ੍ਰੇਰਿਆ ਹੈ ਅਤੇ ਇਨਕਲਾਬ ਤੇ ਪੈਦਾਵਾਰ ਨੂੰ ਇੱਕ ਤਾਕਤਵਰ ਉਗਾਸਾ ਦਿੱਤਾ ਹੈ। ਲਗਾਤਾਰ ਅੱਠ ਸਾਲਾਂ ਤੋਂ ਸਾਡੀ ਸਮਾਜਵਾਦੀ ਖੇਤੀ ਵਿੱਚ ਭਰਪੂਰ ਝਾੜ ਹਾਸਲ ਕੀਤਾ ਜਾ ਰਿਹਾ ਹੈ ਅਤੇ ਇਸ ਸਾਲ ਵੀ ਇਸਦੀ ਪੂਰੀ ਸੰਭਾਵਨਾ ਦਿਖ ਰਹੀ ਹੈ। ਤਕਨੀਕੀ ਖੋਜਾਂ ਦੀ ਸਮੂਹਕ ਲਹਿਰ ਵੱਡੇ ਕਦਮੀਂ ਅੱਗੇ ਵੱਧ ਰਹੀ ਹੈ। ਚੀਨ ਦੇ ਪਹਿਲੇ ਮਨੁੱਖ ਦੁਆਰਾ ਬਣਾਏ ਗਏ ਧਰਤੀ ਦੇ ਉਪਗ੍ਰਹਿ ਦਾ ਛੱਡਿਆ ਜਾਣਾ ਦਰਸਾਉਂਦਾ ਹੈ ਕਿ ਸਾਡਾ ਵਿਗਿਆਨ ਅਤੇ ਤਕਨੀਕ ਨਵੇਂ ਪੱਧਰ ਉੱਤੇ ਪਹੁੰਚ ਚੁੱਕੀ ਹੈ। ਪੂਰੇ ਦੇਸ਼ ਵਿੱਚ ਕੀਮਤਾਂ ਸਥਿਰ ਹਨ ਅਤੇ ਮੰਡੀ ਵਧ-ਫੁੱਲ ਰਹੀ ਹੈ। ਸਮੁੱਚੇ ਆਰਥਿਕ ਮੋਰਚੇ ਉੱਤੇ ਹਾਲਾਤ ਬਹੁਤ ਵਧੀਆ ਬਣੇ ਹੋਏ ਹਨ। “ਆਪਣੀ ਚੌਕਸੀ ਵਧਾਓ, ਮਾਤਭੂਮੀ ਦੀ ਰੱਖਿਆ ਕਰੋ” ਦੇ ਚੇਅਰਮੈਨ ਦੇ ਅਹਿਮ ਸੱਦੇ ਉੱਤੇ ਸਾਡੇ ਦੇਸ਼ ਉੱਤੇ ਸਾਮਰਾਜੀ ਅਤੇ ਸਮਾਜਿਕ-ਸਾਮਰਾਜੀ ਹਮਲੇ ਤੋਂ ਰੱਖਿਆ ਲਈ ਮਹਾਨ ਚੀਨੀ ਲੋਕ-ਮੁਕਤੀ ਫ਼ੌਜ, ਲੋਕ ਮਿਲੀਸ਼ੀਆ ਅਤੇ ਸਮੁੱਚੇ ਦੇਸ਼ ਦੇ ਲੋਕਾਂ ਨੇ ਜੰਗ ਖ਼ਿਲਾਫ਼ ਤਿਆਰੀਆਂ ਨੂੰ ਵਿਚਾਰਧਾਰਕ, ਪਦਾਰਥਕ ਅਤੇ ਜਥੇਬੰਦਕ ਪੱਖੋਂ ਹੋਰ ਤਿੱਖਾ ਕੀਤਾ ਹੈ। ਸਾਡੇ ਦੇਸ਼ ਵਿੱਚ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਪਹਿਲੇ ਕਿਸੇ ਵੀ ਸਮੇਂ ਨਾਲ਼ੋਂ ਕਿਤੇ ਵਧੇਰੇ ਮਜ਼ਬੂਤ ਹੈ। ਮਹਾਨ ਸਮਾਜਵਾਦੀ ਇਨਕਲਾਬ ਅਤੇ ਸਮਾਜਵਾਦੀ ਉਸਾਰੀ ਦੀ ਇੱਕ ਨਵੀਂ ਲਹਿਰ ਉੱਠ ਰਹੀ ਹੈ।

ਪਲੈਨਰੀ ਸੈਸ਼ਨ ਇਹ ਮੰਨਦਾ ਹੈ: 20 ਮਈ, 1970 ਨੂੰ ਚੇਅਰਮੈਨ ਮਾਓ ਜ਼ੇ-ਤੁੰਗ ਵੱਲੋਂ ਜਾਰੀ ਅਹਿਮ ਬਿਆਨ “ਸੰਸਾਰ ਦੇ ਲੋਕੋ ਇੱਕਜੁੱਟ ਹੋ ਜਾਓ ਅਤੇ ਅਮਰੀਕੀ ਹਮਲਾਵਰਾਂ ਤੇ ਉਹਨਾਂ ਦੇ ਸਾਰੇ ਹੱਥ-ਠੋਕਿਆਂ ਨੂੰ ਭਾਂਜ ਦਿਓ!” ਸੰਸਾਰ ਦੇ ਇਨਕਲਾਬੀ ਲੋਕਾਂ ਸਮੇਤ ਚੀਨ ਦੇ ਲੋਕਾਂ ਲਈ ਸਾਮਰਾਜਵਾਦ ਖ਼ਿਲਾਫ਼ ਘੋਲ਼ ਚਲਾਉਣ ਲਈ ਇੱਕ ਮਹਾਨ ਪ੍ਰੋਗਰਾਮ ਹੈ। ਜਿਵੇਂ ਕਿ ਚੇਅਰਮੈਨ ਮਾਓ ਨੇ ਧਿਆਨ ਦੁਆਇਆ ਹੈ, “ਇੱਕ ਨਵੀਂ ਸੰਸਾਰ ਜੰਗ ਦਾ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ ਅਤੇ ਸਾਰੇ ਦੇਸ਼ਾਂ ਨੂੰ ਤਿਆਰ ਹੋਣਾ ਚਾਹੀਦਾ ਹੈ। ਪ੍ਰੰਤੂ ਇਨਕਲਾਬ ਅੱਜ ਸੰਸਾਰ ਵਿੱਚ ਭਾਰੂ ਰੁਝਾਨ ਹੈ।” ਪਿਛਲੇ ਕੁਝ ਮਹੀਨਿਆਂ ਵਿੱਚ ਕੌਮਾਂਤਰੀ ਹਾਲਤਾਂ ਦੇ ਵਿਕਾਸ ਨੇ ਮਾਓ ਜ਼ੇ-ਤੁੰਗ ਦੇ ਇਸ ਵਿਗਿਆਨਕ ਵਿਸ਼ਲੇਸ਼ਣ ਨੂੰ ਪ੍ਰਮਾਣਿਤ ਕੀਤਾ ਹੈ। ਅਮਰੀਕੀ ਸਾਮਰਾਜ ਦੇ ਹਮਲੇ ਖ਼ਿਲਾਫ਼ ਅਤੇ ਕੌਮੀ ਮੁਕਤੀ ਲਈ ਯੁੱਧ ਵਿੱਚ ਤਿੰਨ ਦੇਸ਼ਾਂ ਵੀਅਤਨਾਮ, ਲਾਉਸ ਅਤੇ ਕੰਬੋਡੀਆ ਦੇ ਲੋਕ ਲਗਾਤਾਰ ਨਵੀਆਂ ਜਿੱਤਾਂ ਹਾਸਲ ਕਰ ਰਹੇ ਹਨ। ਅਮਰੀਕੀ ਸਾਮਰਾਜ ਅਤੇ ਜਾਪਾਨ ਵਿੱਚ ਅਮਰੀਕੀ ਸਾਮਰਾਜ ਦੁਆਰਾ ਜਪਾਨੀ ਫ਼ੌਜਵਾਦ ਤੇ ਜਾਪਾਨੀ ਪਿਛਾਖੜ ਨੂੰ ਮੁੜ-ਸੁਰਜੀਤ ਕਰਨ ਵਿਰੁੱਧ ਕੋਰੀਆ, ਜਾਪਾਨ, ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਅਤੇ ਹੋਰਨਾਂ ਏਸ਼ਿਆਈ ਦੇਸ਼ਾਂ ਵਿੱਚ ਘੋਲ਼ ਦੀਆਂ ਲਾਟਾਂ ਉੱਠ ਰਹੀਆਂ ਹਨ। ਕਿਸੇ ਵੀ ਧਮਕੀ ਦੀ ਪ੍ਰਵਾਹ ਨਾ ਕਰਦੇ ਹੋਏ ਅਤੇ ਧੋਖੇ ਵਿੱਚ ਆਏ ਬਗ਼ੈਰ, ਫਲਸਤੀਨ ਅਤੇ ਦੂਜੇ ਅਰਬ ਮੁਲਕਾਂ ਦੇ ਦੇਸ਼ ਲਗਾਤਾਰ ਸ਼ਾਨਾਮੱਤਾ ਹਥਿਆਰਬੰਦ ਘੋਲ਼ ਲੜ ਰਹੇ ਹਨ। ਏਸ਼ੀਆ, ਅਫ਼ਰੀਕਾ, ਲਾਤੀਨੀ ਅਮਰੀਕਾ ਤੋਂ ਲੈ ਕੇ ਉੱਤਰੀ ਅਮਰੀਕਾ, ਯੂਰਪ ਅਤੇ ਓਸ਼ੇਨਿਆ ਤੱਕ, ਵੱਖ-ਵੱਖ ਦੇਸ਼ਾਂ ਦੇ ਲੋਕਾਂ ਦੇ ਇਨਕਲਾਬੀ ਘੋਲ਼ ਮਜ਼ਬੂਤੀ ਨਾਲ਼ ਅੱਗੇ ਵਧ ਰਹੇ ਹਨ। ਅਲਬਾਨੀਆਈ ਲੇਬਰ ਪਾਰਟੀ ਅਤੇ ਸੰਸਾਰ ਦੀਆਂ ਦੂਜੀਆਂ ਖਰੀਆਂ ਮਾਰਕਸਵਾਦੀ-ਲੈਨਿਨਵਾਦੀ ਪਾਰਟੀਆਂ ਤੇ ਜਥੇਬੰਦੀਆਂ ਨੇ ਅਮਰੀਕਾ ਦੀ ਅਗਵਾਈ ਹੇਠਲੇ ਸਾਮਰਾਜਵਾਦ, ਆਧੁਨਿਕ ਸੋਧਵਾਦ ਜਿਸਦਾ ਕੇਂਦਰ ਸੋਵੀਅਤ ਸੋਧਵਾਦ ਹੈ ਅਤੇ ਵੱਖ-ਵੱਖ ਦੇਸ਼ਾਂ ਦੇ ਪਿਛਾਖੜੀਆਂ ਖ਼ਿਲਾਫ਼ ਘੋਲ਼ ਵਿੱਚ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਹਨ। ਘਰੇਲੂ ਤੇ ਵਿਦੇਸ਼ ਦੋਵਾਂ ਥਾਵਾਂ ਉੱਤੇ ਮੁਸ਼ਕਿਲਾਂ ਵਿੱਚ ਫਸੇ ਅਮਰੀਕੀ ਸਾਮਰਾਜਵਾਦ ਅਤੇ ਸਮਾਜਿਕ-ਸਾਮਰਾਜਵਾਦ ਵਧੇਰੇ ਤੋਂ ਵਧੇਰੇ ਨਿੱਖੜਦੇ ਜਾ ਰਹੇ ਹਨ ਅਤੇ ਸੰਸਾਰ ਦੇ ਇਨਕਲਾਬੀ ਲੋਕਾਂ ਦੇ ਘੇਰੇ ਵਿੱਚ ਹਨ। ਇਸ ਦੇ ਉਲਟ, ਚੀਨ ਦੇ ਵਿਦੇਸ਼ੀ ਰਿਸ਼ਤੇ ਰੋਜ਼ਾਨਾ ਵਿਕਸਿਤ ਹੋ ਰਹੇ ਹਨ। ਪੰਜ ਸਿਧਾਂਤਾਂ ਉੱਤੇ ਪਹਿਰਾ ਦੇਣ ਦੇ ਅਧਾਰ ਉੱਤੇ, ਅਸੀਂ ਅਲੱਗ-ਅਲੱਗ ਸਮਾਜਿਕ ਬਣਤਰਾਂ ਵਾਲ਼ੇ ਦੇਸ਼ਾਂ ਵਿੱਚ ਅਮਨ ਦੀ ਇੱਛਾ ਰੱਖਦੇ ਹਾਂ ਅਤੇ ਹਮਲੇ ਤੇ ਯੁੱਧ ਦੀਆਂ ਸਾਮਰਾਜੀ ਨੀਤੀਆਂ ਦਾ ਵਿਰੋਧ ਕਰਦੇ ਹਾਂ ਅਤੇ ਅਸੀਂ ਲਗਾਤਾਰ ਨਵੀਆਂ ਜਿੱਤਾਂ ਹਾਸਲ ਕੀਤੀਆਂ ਹਨ। ਸਾਰੇ ਸੰਸਾਰ ਵਿੱਚ ਸਾਡੇ ਮਿੱਤਰ ਮੌਜੂਦ ਹਨ।

ਪਲੈਨਰੀ ਸੈਸ਼ਨ ਦਾ ਮੰਨਣਾ ਹੈ ਕਿ ਘਰੇਲੂ ਅਤੇ ਵਿਦੇਸ਼ ਦੀ ਮੌਜੂਦਾ ਬੇਹੱਦ ਸਾਜ਼ਗਾਰ ਹਾਲਤ ਵਿੱਚ ਇਹ ਸਮੁੱਚੇ ਦੇਸ਼ ਦੀ ਲੋਕਾਂ ਦੀ ਜੋਸ਼ੀਲੀ ਇੱਛਾ ਹੈ ਕਿ ਚੌਥੀ ਕੌਮੀ ਲੋਕ ਕਾਂਗਰਸ ਬੁਲਾਈ ਜਾਵੇ।ਪਲੈਨਰੀ ਸੈਸ਼ਨ ਕੌਮੀ ਲੋਕ ਕਾਂਗਰਸ ਦੀ ਸਟੈਂਡਿੰਗ ਕਮੇਟੀ ਅੱਗੇ ਇਹ ਤਜਵੀਜ ਰੱਖਦਾ ਹੈ ਕਿ ਢੁੱਕਵੇਂ ਸਮੇਂ ਉੱਤੇ ਚੌਥੀ ਕੌਮੀ ਲੋਕ ਕਾਂਗਰਸ ਬੁਲਾਏ ਜਾਣ ਲਈ ਜਰੂਰੀ ਤਿਆਰੀਆਂ ਕੀਤੀਆਂ ਜਾਣ।

ਪਲੈਨਰੀ ਸੈਸ਼ਨ ਨੇ ਕੌਮੀ ਯੋਜਨਾ ਕਾਨਫਰੰਸ ਉੱਤੇ ਰਾਜਕੀ ਕੌਂਸਲ ਦੀ ਰਿਪੋਰਟ ਅਤੇ 1970 ਲਈ ਕੌਮੀ ਆਰਥਿਕ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ।

ਪਲੈਨਰੀ ਸੈਸ਼ਨ ਨੇ ਪਾਰਟੀ ਦੀ ਕੇਂਦਰੀ ਕਮੇਟੀ ਦੇ ਫ਼ੌਜੀ ਕਮਿਸ਼ਨ ਵੱਲੋਂ ਯੁੱਧ ਲਈ ਤਿਆਰੀ ਦੇ ਕੰਮ ਉੱਤੇ ਤਿਆਰ ਕੀਤੀ ਗਈ ਰਿਪੋਰਟ ਨੂੰ ਮਨਜ਼ੂਰੀ ਦਿੱਤੀ ਹੈ। 

ਪਲੈਨਰੀ ਸੈਸ਼ਨ ਸਮੁੱਚੀ ਪਾਰਟੀ, ਸਮੁੱਚੀ ਫ਼ੌਜ ਅਤੇ ਦੇਸ਼ ਦੀਆਂ ਸਾਰੀਆਂ ਕੌਮੀਅਤਾਂ ਦੇ ਲੋਕਾਂ ਨੂੰ ਮਾਓ ਜ਼ੇ-ਤੁੰਗ ਵਿਚਾਰਧਾਰਾ ਦੇ ਮਹਾਨ ਲਾਲ ਝੰਡੇ ਨੂੰ ਉੱਚਾ ਉਠਾਈ ਰੱਖਣ, ਚੇਅਰਮੈਨ ਮਾਓ ਦੀ ਪ੍ਰੋਲੇਤਾਰੀ ਇਨਕਲਾਬੀ ਲੀਹ ਤੇ ਨੀਤੀਆਂ ਨੂੰ ਦ੍ਰਿੜ੍ਹਤਾ ਨਾਲ਼ ਅੱਗੇ ਵਧਾਉਣ ਅਤੇ ਨੌਵੀਂ ਪਾਰਟੀ ਕਾਂਗਰਸ ਵੱਲੋਂ ਮਿਥੇ ਗਏ ਵੱਖ-ਵੱਖ ਸਾਹਸੀ ਕਾਰਜਾਂ ਨੂੰ ਲਗਾਤਾਰ ਪੂਰਿਆਂ ਕਰਦੇ ਜਾਣ ਦਾ ਸੱਦਾ ਦਿੰਦਾ ਹੈ।

ਮਾਓ ਜ਼ੇ-ਤੁੰਗ ਵਿਚਾਰਧਾਰਾ ਦਾ ਜੀਵੰਤ ਅਧਿਐਨ ਅਤੇ ਅਭਿਆਸ ਵਿੱਚ ਲਾਗੂ ਕਰਨ ਦੀ ਲੋਕਾਂ ਦੀ ਸਮੂਹਕ-ਲਹਿਰ ਨੂੰ ਲਗਾਤਾਰ ਡੂੰਘੀ ਕਰਦੇ ਜਾਣਾ ਅਤੇ ਮਾਰਕਸਵਾਦ-ਲੈਨਿਨਵਾਦ-ਮਾਓ ਜ਼ੇ-ਤੁੰਗ ਵਿਚਾਰਧਾਰਾ ਨੂੰ ਸਾਡੇ ਸੰਸਾਰ ਨਜ਼ਰੀਏ ਦੀ ਮੁੜ-ਢਲਾਈ ਲਈ, ਤਿੰਨ ਮਹਾਨ ਇਨਕਲਾਬੀ ਲਹਿਰਾਂ ਜਮਾਤੀ ਘੋਲ਼, ਪੈਦਾਵਾਰ ਤੇ ਵਿਗਿਆਨਕ ਅਮਲਾਂ ਲਈ ਘੋਲ਼ ਵਿੱਚ ਅਭਿਆਸ ਨਾਲ਼ ਨੇੜਿਓਂ ਜੁੜਨ ਲਈ ਸਚੇਤਨ ਰੂਪ ਵਿੱਚ ਵਰਤਣਾ ਬੇਹੱਦ ਜਰੂਰੀ ਹੈ। ਸਮੁੱਚੀ ਪਾਰਟੀ ਨੂੰ ਚੇਅਰਮੈਨ ਮਾਓ ਦੀਆਂ ਫਲਸਫਾਨਾਂ ਲਿਖਤਾਂ ਨੂੰ ਤਹਿ-ਦਿਲੀ ਨਾਲ਼ ਪੜ੍ਹਨਾ ਚਾਹੀਦਾ ਹੈ, ਦਵੰਦਵਾਦੀ ਪਦਾਰਥਵਾਦ ਅਤੇ ਇਤਿਹਾਸਕ ਪਦਾਰਥਵਾਦ ਦਾ ਝੰਡਾ ਉਠਾ ਕੇ ਰੱਖਣਾ ਚਾਹੀਦਾ ਹੈ ਅਤੇ ਵਿਚਾਰਵਾਦ ਤੇ ਅਧਿਆਤਮਵਾਦ ਦਾ ਵਿਰੋਧ ਕਰਨਾ ਚਾਹੀਦਾ ਹੈ।

“ਘੋਲ਼-ਅਲੋਚਨਾ-ਤਬਦੀਲੀ ਦੇ ਕਾਰਜਾਂ ਨੂੰ ਇਮਾਨਦਾਰੀ ਨਾਲ਼ ਪੂਰਿਆਂ ਕਰਦੇ ਰਹਿਣ” ਨੂੰ ਜਾਰੀ ਰੱਖਣਾ, ਇਨਕਲ਼ਾਬੀ ਜਨਤਕ ਅਲ਼ੋਚਨਾ ਨੂੰ ਡੂੰਘੇਰਾ ਕਰਨਾ ਅਤੇ ਲ਼ਿਓ ਸ਼ਾਓ-ਚੀ ਦੀ ਉਲ਼ਟ-ਇਨਕਲ਼ਾਬੀ ਸੋਧਵਾਦੀ ਲੀਹ ਦੇ ਬਚੇ-ਖੁਚੇ ਮਾਰੂ ਅਸਰ ਨੂੰ ਖ਼ਤਮ ਕਰਨਾ ਜਾਰੀ ਰੱਖਣਾ ਬੇਹੱਦ ਜਰੂਰੀ ਹੈ ਤਾਂ ਕਿ ਸਿਆਸੀ ਤੇ ਵਿਚਾਰਧਾਰਕ ਮੋਰਚੇ ‘ਤੇ, ਸੱਭਿਆਚਾਰ ਤੇ ਸਿੱਖਿਆ ਦੇ ਮੋਰਚੇ ‘ਤੇ, ਆਰਥਿਕ ਮੋਰਚੇ ‘ਤੇ ਅਤੇ ਉੱਚ-ਉਸਾਰ ਦੇ ਸਾਰੇ ਖੇਤਰਾਂ ਵਿੱਚ ਇਨਕਲ਼ਾਬ ਨੂੰ ਅਖ਼ੀਰ ਤੱਕ ਨੇਪਰੇ ਚਾੜ੍ਹਿਆ ਜਾ ਸਕੇ। ਉਲ਼ਟ ਇਨਕਲ਼ਾਬੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਭ੍ਰਿਸ਼ਟਾਚਾਰ ਤੇ ਚੋਰੀ ਦਾ ਵਿਰੋਧ ਕਰਨ, ਸੱਟੇਬਾਜ਼ੀ, ਐਸ਼ਪ੍ਰਸਤੀ ਤੇ ਬਰਬਾਦੀ ਦਾ ਵਿਰੋਧ ਕਰਨ ਦੀ ਲ਼ਹਿਰ ਉੱਤੇ ਪਕੜ ਬਣਾਉਣਾ ਅਤੇ ਉਹਨਾਂ ਮੁੱਠੀਭਰ ਉਲ਼ਟ-ਇਨਕਲ਼ਾਬੀਆਂ ‘ਤੇ- ਜਿਹੜੇ ਸਮਾਜਵਾਦੀ ਇਨਕਲ਼ਾਬ ਤੇ ਉਸਾਰੀ ਨੂੰ ਸਾਬੋਤਾਜ ਕਰਨ ਤੇ ਸਰਮਾਏਦਾਰਾ ਮੁੜ-ਬਹਾਲ਼ੀ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੇ ਹਨ- ਤਕੜੇ ਹਮਲ਼ੇ ਕਰਨੇ ਜਾਰੀ ਰੱਖਣਾ ਬਹੁਤ ਜਰੂਰੀ ਹੈ।

“ਇਨਕਲ਼ਾਬ ਉੱਤੇ ਪਕੜ ਬਣਾਓ, ਪੈਦਾਵਾਰ ਤੇ ਦੂਸਰੇ ਕੰਮਾਂ ਤੇ ਜੰਗ ਖਿਲ਼ਾਫ ਤਿਆਰੀਆਂ ਨੂੰ ਅੱਗੇ ਵਧਾਓ” ਦੀ ਨੀਤੀ ਨੂੰ ਚੌਤਰਫਾ ਲ਼ਾਗੂ ਕਰਨਾ ਜਾਰੀ ਰੱਖਣਾ ਅਤੇ ਦੋ ਜਮਾਤਾਂ, ਦੋ ਰਾਹਾਂ ਤੇ ਦੋ ਲੀਹਾਂ ਦੇ ਘੋਲ਼ ਨੂੰ ਕੇਂਦਰ ਵਿੱਚ ਰੱਖਦੇ ਹੋਏ ਜਾਨਤੋੜ ਮਿਹਨਤ ਕਰਨਾ, ਖੁਦ ਆਪਣੇ ਯਤਨਾਂ ‘ਤੇ ਟੇਕ ਰੱਖਣੀ, ਪੂਰਾ ਤਾਣ ਲ਼ਗਾ ਦੇਣਾ, ਸਮਾਜਵਾਦ ਦੀ ਉਸਾਰੀ ਲ਼ਈ ਉੱਚੇ ਟੀਚੇ ਮਿਥਣੇ ਤੇ ਵਧੇਰੇ, ਤੇਜ਼, ਬਿਹਤਰ ਤੇ ਵੱਡੇ ਆਰਥਿਕ ਸਿੱਟੇ ਹਾਸਲ਼ ਕਰਨਾ ਅਤੇ 1970 ਲਈ ਕੌਮੀ ਆਰਥਿਕ ਯੋਜਨਾ ਨੂੰ ਪੂਰਿਆਂ ਕਰਨਾ ਜਾਂ ਉਸਤੋਂ ਵੀ ਵੱਧ ਹਾਸਲ਼ ਕਰਨਾ, ਜੰਗ ਖਿਲ਼ਾਫ ਤਿਆਰੀ ਦੇ ਕੰਮ ਨੂੰ ਪਕੜ ਵਿੱਚ ਰੱਖਣਾ ਤੇ ਮਜ਼ਬੂਤ ਕਰਨਾ ਅਤੇ ਪ੍ਰੋਲ਼ੇਤਾਰੀ ਦੀ ਤਾਨਾਸ਼ਾਹੀ ਨੂੰ ਹੋਰ ਪੱਕੇ-ਪੈਰੀਂ ਕਰਨਾ ਤੇ ਮਜ਼ਬੂਤ ਕਰਦੇ ਜਾਣਾ ਬੇਹੱਦ ਜਰੂਰੀ ਹੈ। ਅਸੀਂ ਤਾਇਵਾਨ ਨੂੰ ਅਜ਼ਾਦ ਕਰਵਾਉਣ ਲ਼ਈ ਵਚਨਬੱਧ ਹਾਂ!

ਤਨਦੇਹੀ ਨਾਲ਼ ਪਾਰਟੀ ਨੂੰ ਮਜ਼ਬੂਤ ਕਰਨਾ ਤੇ ਉਸਾਰਨਾ ਅਤੇ ਪਾਰਟੀ ਉਸਾਰੀ ਨੂੰ ਵਿਚਾਰਧਾਰਕ ਤੇ ਜਥੇਬੰਦਕ ਪੱਖ ਤੋਂ ਮਜਬੂਤ ਕਰਨਾ ਬੇਹੱਦ ਜਰੂਰੀ ਹੈ। ਸਾਰੇ ਪੱਧਰਾਂ ਦੀਆਂ ਪਾਰਟੀ ਜਥੇਬੰਦੀਆਂ ਨੂੰ ਅਤੇ ਕਮਿਊਨਿਸਟ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਲ਼ੋਕਾਈ ਉੱਤੇ ਯਕੀਨ ਤੇ ਟੇਕ ਰੱਖਣਾ ਚਾਹੀਦਾ ਹੈ ਅਤੇ ਪ੍ਰੋਲ਼ੇਤਾਰੀ ਦੀ ਆਗੂ ਭੂਮਿਕਾ ਨੂੰ ਹੋਰ ਵਧੇਰੇ ਫੈਲ਼ਾਉਣਾ ਚਾਹੀਦਾ ਹੈ।  

ਮਹਾਨ ਆਗੂ ਚੇਅਰਮੈਨ ਮਾਓ ਸਾਨੂੰ ਸਿਖਾਉਂਦੇ ਹਨ: “ਸਾਡੇ ਦੇਸ਼ ਦੀ ਏਕਤਾ, ਸਾਡੇ ਲੋਕਾਂ ਦੀ ਏਕਤਾ ਅਤੇ ਵੱਖ-ਵੱਖ ਕੌਮੀਅਤਾਂ ਦੀ ਏਕਤਾ – ਇਹ ਸਾਡੇ ਉਦੇਸ਼ ਦੀ ਕਾਮਯਾਬੀ ਲਈ ਬੁਨਿਆਦੀ ਸ਼ਰਤਾਂ ਹਨ।” ਚੀਨ ਦੀ ਮਹਾਨ, ਸ਼ਾਨਦਾਰ ਤੇ ਖਰੀ ਕਮਿਊਨਿਸਟ ਪਾਰਟੀ ਸਮੁੱਚੇ ਦੇਸ਼ ਦੇ ਲੋਕਾਂ ਦੀ ਅਗਵਾਈ ਕਰਨ ਵਾਲ਼ੀ ਕੋਰ ਹੈ। ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀ ਬੁਨਿਆਦ ਉੱਤੇ ਹਾਸਲ ਕੀਤੀਆਂ ਗਈਆਂ ਮਹਾਨ ਜਿੱਤਾਂ ਅਤੇ ਨੌਵੀਂ ਪਾਰਟੀ ਕਾਂਗਰਸ ਰਾਹੀਂ, ਸਮੁੱਚੀ ਪਾਰਟੀ ਨੇ ਲਾਮਿਸਾਲ ਏਕਤਾ ਤੇ ਇੱਕਜੁੱਟਤਾ ਪ੍ਰਾਪਤ ਕੀਤੀ ਹੈ। ਸਾਨੂੰ ਮਾਓ ਜ਼ੇ-ਤੁੰਗ ਵਿਚਾਰਧਾਰਾ ਦੇ ਸਿਧਾਂਤਾਂ ਉੱਤੇ ਅਧਾਰਤ ਇਸ ਏਕਤਾ ਨੂੰ ਮਜ਼ਬੂਤ ਕਰਦੇ ਜਾਣਾ ਜਾਰੀ ਰੱਖਣਾ ਹੋਵੇਗਾ।

ਪਲੈਨਰੀ ਸੈਸ਼ਨ ਮਜ਼ਦੂਰ ਜਮਾਤ, ਗ਼ਰੀਬ ਤੇ ਨਿਮਨ-ਮੱਧਵਰਗੀ ਕਿਸਾਨਾਂ, ਲੋਕ-ਮੁਕਤੀ ਫ਼ੌਜ ਦੇ ਕਮਾਂਡਰਾਂ ਤੇ ਲੜਾਕਿਆਂ, ਇਨਕਲਾਬੀ ਕਾਡਰਾਂ, ਇਨਕਲਾਬੀ ਬੁੱਧੀਜੀਵੀਆਂ ਅਤੇ ਨਾਲ਼ ਹੀ ਪੂਰੇ ਦੇਸ਼ ਦੇ ਸਾਰੇ ਦੇਸ਼ਭਗਤ ਵਿਅਕਤੀਆਂ ਨੂੰ ਚੌਥੀ ਕੌਮੀ ਲੋਕ ਕਾਂਗਰਸ ਦੇ ਆਯੋਜਨ ਦਾ ਸਵਾਗਤ ਨਵੀਆਂ ਜਿੱਤਾਂ ਹਾਸਲ ਕਰਕੇ ਕਰਨ ਦਾ ਸੱਦਾ ਦਿੰਦਾ ਹੈ!

ਪਲੈਨਰੀ ਸੈਸ਼ਨ ਪੂਰੇ ਦੇਸ਼ ਦੇ ਲੋਕਾਂ ਨੂੰ ਅਲਬਾਨੀਆ, ਹਿੰਦ-ਚੀਨ ਦੇ ਤਿੰਨ ਦੇਸ਼ਾਂ, ਕੋਰੀਆ ਤੇ ਜਾਪਾਨ ਅਤੇ ਫਲਸਤੀਨੀ ਤੇ ਹੋਰ ਅਰਬ ਮੁਲਕਾਂ ਦੇ ਲੋਕਾਂ ਨਾਲ਼ ਫੌਜੀ ਸਬੰਧਾਂ ਨੂੰ ਅਮਲਾਂ ਵਿੱਚ ਹੋਰ ਮਜ਼ਬੂਤ ਕਰਨ, ਹੋਰਨਾਂ ਦੇਸ਼ਾਂ ਦੇ ਪ੍ਰੋਲੇਤਾਰੀ, ਦੱਬੇ-ਕੁਚਲੇ ਲੋਕਾਂ ਤੇ ਦਬਾਈਆਂ ਜਾ ਰਹੀਆਂ ਕੌਮਾਂ ਨਾਲ਼ ਫੌਜੀ ਏਕਤਾ ਨੂੰ ਹੋਰ ਪੱਕੇ ਪੈਰੀਂ ਕਰਨ ਅਤੇ ਸਾਮਰਾਜਵਾਦ, ਸਮਾਜਿਕ ਸਾਮਰਾਜਵਾਦ ਤੇ ਪਿਛਾਖੜੀਆਂ ਖ਼ਿਲਾਫ਼ ਘੋਲ਼ ਨੂੰ ਅੰਤ ਤੱਕ ਚਲਾਉਣ ਦਾ ਸੱਦਾ ਦਿੰਦਾ ਹੈ!

ਪਾਰਟੀ ਦੀ ਕੇਂਦਰੀ ਕਮੇਟੀ ਜਿਸਦੇ ਆਗੂ ਚੇਅਰਮੈਨ ਮਾਓ ਤੇ ਉਪ-ਆਗੂ ਲਿਨ ਪਿਆਓ ਹਨ, ਦੀ ਰਹਿਨੁਮਾਈ ਥੱਲੇ “ਹੋਰ ਮਹਾਨ ਜਿੱਤਾਂ ਹਾਸਲ ਕਰਨ ਲਈ ਇੱਕਜੁੱਟ ਹੋ ਜਾਓ!”

(ਸ੍ਰੋਤ: ਚੀਨ ਦੀ ਕਮਿਊਨਿਸਟ ਪਾਰਟੀ ਦੀ ਨੌਵੀਂ ਕੇਂਦਰੀ ਕਮੇਟੀ ਦੇ ਦੂਜੇ ਪਲੈਨਰੀ ਸੈਸ਼ਨ ਦਾ ਐਲਾਨ, ਵਿਦੇਸ਼ੀ ਭਾਸ਼ਾ ਪ੍ਰੈੱਸ, ਪੀਕਿੰਗ, 1970.)

“ਪਰ੍ਤੀਬੱਧ”, ਅੰਕ 22, ਜੂਨ 2014 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s