ਚੀਨ ਦੀ ਕਮਿਊਨਿਸਟ ਪਾਰਟੀ ਦਾ ਸੰਵਿਧਾਨ

ਪੀ.ਡੀ.ਐਫ਼ ਡਾਊਨਲੋਡ ਕਰੋ

ਚੀਨ ਦੀ ਕਮਿਊਨਿਸਟ ਪਾਰਟੀ ਦੀ ਦਸਵੀਂ ਕੌਮੀ ਕਾਂਗਰਸ ਦੁਆਰਾ ਪ੍ਰਵਾਨਿਤ
28 ਅਗਸਤ, 1973

ਭਾਗ 1
ਆਮ ਪ੍ਰੋਗਰਾਮ

ਚੀਨ ਦੀ ਕਮਿਊਨਿਸਟ ਪਾਰਟੀ ਪ੍ਰੋਲੇਤਾਰੀ ਦੀ ਸਿਆਸੀ ਪਾਰਟੀ, ਪ੍ਰੋਲੇਤਾਰੀ ਦਾ ਮੁਹਰੈਲ ਦਸਤਾ ਹੈ।

ਚੀਨ ਦੀ ਕਮਿਊਨਿਸਟ ਪਾਰਟੀ ਮਾਰਕਸਵਾਦ-ਲੈਨਿਨਵਾਦ-ਮਾਓ ਜ਼ੇ-ਤੁੰਗ ਵਿਚਾਰਧਾਰਾ ਨੂੰ ਆਪਣੀ ਸੋਚ ਦੀ ਸਿਧਾਂਤਕ ਬੁਨਿਆਦ ਮੰਨਦੀ ਹੈ।

ਚੀਨ ਦੀ ਕਮਿਊਨਿਸਟ ਪਾਰਟੀ ਦਾ ਬੁਨਿਆਦੀ ਪ੍ਰੋਗਰਾਮ ਬੁਰਜੂਆਜ਼ੀ ਤੇ ਹੋਰ ਲੁਟੇਰੀਆਂ ਜਮਾਤਾਂ ਦਾ ਪੂਰੀ ਤਰ੍ਹਾਂ ਤਖਤਾਪਲਟ ਕਰਨਾ, ਬੁਰਜੂਆਜ਼ੀ ਦੀ ਤਾਨਾਸ਼ਾਹੀ ਦੀ ਥਾਂ ‘ਤੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਕਾਇਮ ਕਰਨਾ ਅਤੇ ਸਰਮਾਏਦਾਰੀ ਉੱਤੇ ਸਮਾਜਵਾਦ ਨੂੰ ਜੇਤੂ ਬਣਾਉਣਾ ਹੈ। ਪਾਰਟੀ ਦਾ ਅੰਤਿਮ ਟੀਚਾ ਕਮਿਊਨਿਜ਼ਮ ਕਾਇਮ ਕਰਨਾ ਹੈ।

ਪੰਜਾਹ ਸਾਲਾਂ ਤੋਂ ਵੱਧ ਸਮੇਂ ਦੇ ਔਕੜਾਂ ਭਰੇ ਸੰਘਰਸ਼ ਦੌਰਾਨ, ਚੀਨ ਦੀ ਕਮਿਊਨਿਸਟ ਪਾਰਟੀ ਨੇ ਨਵ-ਜਮਹੂਰੀ ਇਨਕਲਾਬ ਦੀ ਮੁਕੰਮਲ ਜਿੱਤ, ਸਮਾਜਵਾਦੀ ਇਨਕਲਾਬ ਦੀਆਂ ਵੱਡੀਆਂ ਜਿੱਤਾਂ ਤੇ ਮਹਾਨ ਪ੍ਰੋਲਤਾਰੀ ਸੱਭਿਆਚਾਰਕ ਇਨਕਲਾਬ ਦੀਆਂ ਵੱਡੀਆਂ ਜਿੱਤਾਂ ਵਿੱਚ ਚੀਨੀ ਲੋਕਾਂ ਦੀ ਅਗਵਾਈ ਕੀਤੀ ਹੈ।

ਸਮਾਜਵਾਦੀ ਸਮਾਜ ਇੱਕ ਕਾਫੀ ਲੰਮੇ ਲਈ ਇਤਿਹਾਸਕ ਅਰਸੇ ਲਈ ਬਣਿਆ ਰਹਿੰਦਾ ਹੈ। ਇਸ ਪੂਰੇ ਅਰਸੇ ਦੌਰਾਨ ਜਮਾਤਾਂ, ਜਮਾਤੀ ਵਿਰੋਧਤਾਈਆਂ ਤੇ ਜਮਾਤੀ ਘੋਲ਼ ਦੀ ਹੋਂਦ ਬਣੀ ਰਹਿੰਦੀ ਹੈ, ਸਮਾਜਵਾਦੀ ਰਾਹ ਤੇ ਸਰਮਾਏਦਾਰਾ ਰਾਹ ਵਿਚਾਲੇ ਘੋਲ਼ ਚੱਲਦਾ ਰਹਿੰਦਾ ਹੈ, ਸਰਮਾਏਦਾਰਾ ਮੁੜ-ਬਹਾਲੀ ਦਾ ਖਤਰਾ ਰਹਿੰਦਾ ਹੈ ਅਤੇ ਸਾਮਰਾਜਵਾਦ ਤੇ ਸਮਾਜਕ-ਸਾਮਰਾਜਵਾਦ ਦੁਆਰਾ ਤਖਤਾਪਲਟ ਤੇ ਦਖਲਅੰਦਾਜੀ ਕਰਨ ਦਾ ਖਤਰਾ ਰਹਿੰਦਾ ਹੈ। ਇਹਨਾਂ ਵਿਰੋਧਤਾਈਆਂ ਨੂੰ ਸਿਰਫ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਅਧੀਨ ਲਗਾਤਾਰ ਇਨਕਲਾਬ ਦੇ ਸਿਧਾਂਤ ਅਤੇ ਇਸ ਦੇ ਮਾਰਗਦਰਸ਼ਨ ਵਿੱਚ ਅਭਿਆਸ ਉੱਤੇ ਟੇਕ ਰੱਖ ਕੇ ਹੀ ਹੱਲ ਕੀਤਾ ਜਾ ਸਕਦਾ ਹੈ।

ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਪੱਕੇ ਪੈਰੀਂ ਕਰਨ ਅਤੇ ਸਰਮਾਏਦਾਰਾ ਮੁੜ-ਬਹਾਲੀ ਨੂੰ ਰੋਕਣ ਲਈ ਸਮਾਜਵਾਦ ਦੀਆਂ ਹਾਲਤਾਂ ਅਧੀਨ ਪ੍ਰੋਲੇਤਾਰੀ ਦੁਆਰਾ ਬੁਰਜੂਆਜ਼ੀ ਤੇ ਹੋਰ ਸਾਰੀਆਂ ਲੁਟੇਰੀਆਂ ਜਮਾਤਾਂ ਖਿਲਾਫ ਕੀਤਾ ਜਾਣ ਵਾਲ਼ਾ ਚੀਨ ਦਾ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ, ਇੱਕ ਮਹਾਨ ਸਿਆਸੀ ਇਨਕਲਾਬ ਹੈ। ਭਵਿੱਖ ਵਿੱਚ ਇਹੋ ਜਿਹੇ ਇਨਕਲਾਬ ਕਈ ਵੇਰਾਂ ਕਰਨੇ ਪੈਣਗੇ।

ਪਾਰਟੀ ਨੂੰ ਮਜਦੂਰ ਜਮਾਤ ਉੱਤੇ ਟੇਕ ਰੱਖਣੀ ਚਾਹੀਦੀ ਹੈ, ਮਜਦੂਰ-ਕਿਸਾਨ ਗੱਠਜੋੜ ਨੂੰ ਮਜਬੂਤ ਕਰਨਾ ਚਾਹੀਦਾ ਹੈ ਅਤੇ ਸਾਡੇ ਦੇਸ਼ ਦੀਆਂ ਸਾਰੀਆਂ ਕੌਮੀਅਤਾਂ ਦੇ ਲੋਕਾਂ ਨੂੰ ਜਮਾਤੀ ਘੋਲ਼ ਦੀਆਂ ਤਿੰਨ ਮਹਾਨ ਇਨਕਲਾਬੀ ਲਹਿਰਾਂ, ਪੈਦਾਵਾਰ ਲਈ ਸੰਘਰਸ਼ ਅਤੇ ਵਿਗਿਆਨਕ ਤਜ਼ਰਬਿਆਂ ਵਿੱਚ ਅਗਵਾਈ ਦੇਣੀ ਚਾਹੀਦੀ ਹੈ; ਸਵੈ-ਨਿਰਭਰਤਾ, ਸਖਤ ਘੋਲ਼, ਸਿਰੜ, ਦ੍ਰਿੜ੍ਹਤਾ ਤੇ ਪੂਰਾ ਤਾਣ ਲਗਾ ਕੇ, ਉੱਚੇ ਟੀਚੇ ਤੇ ਵਧੇਰੇ, ਤੇਜ਼ੀ ਨਾਲ਼, ਬਿਹਤਰ ਤੇ ਵਧੇਰੇ ਕਿਫਾਇਤੀ ਨਤੀਜੇ ਹਾਸਲ ਕਰਨ ਰਾਹੀਂ ਅਜ਼ਾਦ ਰਹਿ ਕੇ ਅਤੇ ਪਹਿਲਕਦਮੀ ਆਪਣੇ ਹੱਥਾਂ ਵਿੱਚ ਸਮਾਜਵਾਦ ਦੀ ਉਸਾਰੀ ਕਰਨ ਵਿੱਚ ਲੋਕਾਂ ਦੀ ਅਗਵਾਈ ਦੇਣੀ ਚਾਹੀਦੀ ਹੈ; ਯੁੱਧ ਤੇ ਕੁਦਰਤੀ ਆਫਤਾਂ ਖਿਲਾਫ ਤਿਆਰੀਆਂ ਕਰਨ ਅਤੇ ਲੋਕਾਂ ਲਈ ਸਭ ਕੁਝ ਕਰਨ ਵਿੱਚ ਉਹਨਾਂ ਦੀ ਅਗਵਾਈ ਕਰਨੀ ਚਾਹੀਦੀ ਹੈ।

ਚੀਨ ਦੀ ਕਮਿਊਨਿਸਟ ਪਾਰਟੀ ਪ੍ਰੋਲੇਤਾਰੀ ਕੌਮਾਂਤਰੀਵਾਦ ਨੂੰ ਬੁਲੰਦ ਕਰਦੀ ਹੈ ਤੇ ਮਹਾਂਸ਼ਕਤੀ ਸ਼ਾਵਨਵਾਦ ਦਾ ਵਿਰੋਧ ਕਰਦੀ ਹੈ; ਇਹ ਸੰਸਾਰ ਭਰ ਦੀਆਂ ਖਰੀਆਂ ਮਾਰਕਸਵਾਦੀ-ਲੈਨਿਨਵਾਦੀ ਪਾਰਟੀਆਂ ਤੇ ਜਥੇਬੰਦੀਆਂ ਨਾਲ਼ ਇੱਕਮੁੱਠ ਹੈ, ਪੂਰੀ ਦੁਨੀਆਂ ਦੇ ਪ੍ਰੋਲੇਤਾਰੀ, ਦੱਬੇ-ਕੁਚਲੇ ਲੋਕਾਂ ਤੇ ਕੌਮਾਂ ਨਾਲ਼ ਇੱਕਮੁੱਠ ਹੈ ਅਤੇ ਉਹਨਾਂ ਨਾਲ਼ ਮਿਲ ਕੇ ਦੋ ਮਹਾਂਸ਼ਕਤੀਆਂ – ਸੰਯੁਕਤ ਰਾਜ ਅਮਰੀਕਾ ਤੇ ਸੋਵੀਅਤ ਯੂਨੀਅਨ – ਦੀ ਚੌਧਰ ਖਿਲਾਫ, ਸਾਮਰਾਜਵਾਦ, ਆਧੁਨਿਕ ਸੋਧਵਾਦ ਤੇ ਸਭ ਪਿਛਾਖੜੀਆਂ ਨੂੰ ਉਲਟਾਉਣ ਲਈ ਅਤੇ ਸਮੁੱਚੀ ਧਰਤੀ ਉੱਤੋਂ ਮਨੁੱਖ ਦੁਆਰਾ ਮਨੁੱਖ ਦੀ ਲੁੱਟ ਦੇ ਢਾਂਚੇ ਨੂੰ ਖਤਮ ਕਰਨ ਲਈ ਲੜਦੀ ਹੈ ਤਾਂ ਕਿ ਪੂਰੀ ਮਨੁੱਖਤਾ ਦੀ ਮੁਕਤੀ ਹੋ ਸਕੇ।

ਚੀਨ ਦੀ ਕਮਿਊਨਿਸਟ ਪਾਰਟੀ ਨੇ ਸੱਜੀਆਂ ਤੇ “ਖੱਬੀਆਂ” ਮੌਕਾਪ੍ਰਸਤ, ਦੋਵਾਂ ਲੀਹਾਂ ਖਿਲਾਫ ਘੋਲ਼ ਦੌਰਾਨ ਖੁਦ ਨੂੰ ਮਜਬੂਤ ਕੀਤਾ ਹੈ ਤੇ ਕੱਦ ਕੱਢਿਆ ਹੈ। ਪੂਰੀ ਪਾਰਟੀ ਦੇ ਕਾਮਰੇਡਾਂ ਨੂੰ ਧਾਰਾ ਦੇ ਖਿਲਾਫ ਤੈਰਨ ਦਾ ਇਨਕਲਾਬੀ ਜਜ਼ਬਾ ਦਿਖਾਉਣਾ ਚਾਹੀਦਾ ਹੈ, ਮਾਰਕਸਵਾਦ ਦੇ, ਨਾ ਕਿ ਸੋਧਵਾਦ ਦੇ, ਅਸੂਲਾਂ ਨੂੰ ਲਾਗੂ ਕਰਨ ਲਈ, ਏਕਤਾ ਕੰਮ ਕਰਨ ਲਈ ਨਾ ਕਿ ਫੁੱਟ ਪਾਉਣ ਲਈ, ਅਤੇ ਸਪੱਸਟ ਤੇ ਬੇਲਾਗ ਹੋਣ ਲਈ ਨਾ ਕਿ ਸਾਬੋਤਾਜ ਤੇ ਸਾਜਿਸ਼ਾਂ ਲਈ, ਪ੍ਰਤੀਬੱਧ ਹੋਣਾ ਚਾਹੀਦਾ ਹੈ, ਲੋਕਾਂ ਵਿਚਾਲੇ ਵਿਰੋਧਤਾਈਆਂ ਨੂੰ ਸਾਡੇ ਤੇ ਦੁਸ਼ਮਣ ਵਿਚਾਲੇ ਵਿਰੋਧਤਾਈਆਂ ਤੋਂ ਨਿਖੇੜਨ ਤੇ ਨਜਿੱਠਣ ਵਿੱਚ ਕੁਸ਼ਲ ਹੋਣਾ ਚਾਹੀਦਾ ਹੈ, ਸਿਧਾਂਤ ਨੂੰ ਅਭਿਆਸ ਜੋੜਨ ਵਾਲ਼ੇ, ਲੋਕਾਈ ਨਾਲ਼ ਨਜਦੀਕੀ ਰਿਸ਼ਤੇ ਕਾਇਮ ਕਰਨ ਤੇ ਆਲੋਚਨਾ ਆਤਮਆਲੋਚਨਾ ਲਾਗੂ ਕਰਨ ਵਾਲ਼ੇ ਕੰਮਢੰਗ ਨੂੰ ਵਿਕਸਤ ਕਰਨਾ ਚਾਹੀਦਾ ਹੈ, ਅਤੇ ਪ੍ਰੋਲੇਤਾਰੀ ਇਨਕਲਾਬ ਦੇ ਕਾਜ਼ ਲਈ ਕਰੋੜਾਂ ਉਤਰਾਧਿਕਾਰੀ ਸਿੱਖਿਅਤ ਕਰਨੇ ਚਾਹੀਦੇ ਹਨ ਤਾਂ ਕਿ ਪਾਰਟੀ ਦਾ ਕਾਜ਼ ਹਮੇਸ਼ਾਂ ਮਾਰਕਸਵਾਦੀ ਲੀਹ ਉੱਤੇ ਅੱਗੇ ਵਧਦਾ ਰਹੇ।

ਭਵਿੱਖ ਉੱਜਲਾ ਹੈ; ਪੰਧ ਬਿਖੜਾ ਹੈ। ਚੀਨ ਦੀ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਨੂੰ ਜਿਹੜੇ ਕਮਿਊਨਿਜ਼ਮ ਲਈ ਘੋਲ ਖਾਤਰ ਆਪਣੀਆਂ ਜ਼ਿੰਦਗੀਆਂ ਲਗਾਉਂਦੇ ਹਨ, ਦ੍ਰਿੜ੍ਹ ਹੋਣਾ ਚਾਹੀਦਾ ਹੈ, ਕਿਸੇ ਵੀ ਕੁਰਬਾਨੀ ਤੋਂ ਪਿਛਾਂਹ ਨਹੀਂ ਹਟਣਾ ਚਾਹੀਦਾ ਅਤੇ ਜਿੱਤ ਹਾਸਲ ਕਰਨ ਲਈ ਹਰ ਔਖਿਆਈ ਨੂੰ ਸਰ ਕਰਨਾ ਹੈ!

ਭਾਗ 2
ਮੈਂਬਰਸ਼ਿਪ

ਅਨੁਛੇਦ 1

ਕੋਈ ਵੀ ਚੀਨੀ ਮਜਦੂਰ, ਗਰੀਬ ਕਿਸਾਨ, ਨਿਮਨ-ਮੱਧਵਰਗੀ ਕਿਸਾਨ, ਇਨਕਲਾਬੀ ਫੌਜੀ ਜਾਂ ਕੋਈ ਹੋਰ ਇਨਕਲਾਬੀ ਤੱਤ ਜਿਹੜਾ ਅਠਾਰਾਂ ਸਾਲਾਂ ਦਾ ਹੋ ਚੁੱਕਿਆ ਹੋਵੇ ਅਤੇ ਜਿਹੜਾ ਪਾਰਟੀ ਦੇ ਸੰਵਿਧਾਨ ਨੂੰ ਮੰਨਦਾ ਹੋਵੇ, ਕਿਸੇ ਇੱਕ ਪਾਰਟੀ ਜਥੇਬੰਦੀ ਦਾ ਮੈਂਬਰ ਹੋਵੇ ਤੇ ਉਸ ਵਿੱਚ ਸਰਗਰਮੀ ਨਾਲ਼ ਕੰਮ ਕਰ ਰਿਹਾ ਹੋਵੇ, ਪਾਰਟੀ ਦੇ ਫੈਸਲਿਆਂ ਨੂੰ ਲਾਗੂ ਕਰਦਾ ਹੋਵੇ, ਪਾਰਟੀ ਜ਼ਾਬਤੇ ਵਿੱਚ ਰਹਿੰਦਾ ਹੋਵੇ ਤੇ ਮੈਂਬਰਸ਼ਿਪ ਫੀਸ ਦਿੰਦਾ ਹੋਵੇ, ਚੀਨ ਦੀ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਸਕਦਾ ਹੈ।

ਅਨੁਛੇਦ 2

ਪਾਰਟੀ ਦੀ ਮੈਂਬਰਸ਼ਿਪ ਲਈ ਬਿਨੈਕਾਰਾਂ ਨੂੰ ਦਾਖਲੇ ਦੀ ਪ੍ਰਕਿਰਿਆ ਵਿੱਚੋਂ ਵਿਅਕਤੀਗਤ ਰੂਪ ਵਿੱਚ ਗੁਜਰਨਾ ਹੋਵੇਗਾ। ਕਿਸੇ ਬਿਨੈਕਾਰ ਦੀ ਦੋ ਪਾਰਟੀ ਮੈਂਬਰਾਂ ਦੁਆਰਾ ਸਿਫਾਰਸ਼ ਕਰਨੀ ਲਾਜਮੀ ਹੈ, ਪਾਰਟੀ ਮੈਂਬਰਸ਼ਿਪ ਦਾ ਫਾਰਮ ਭਰਨਾ ਤੇ ਉਸਦੀ ਪਾਰਟੀ ਇਕਾਈ ਦੁਆਰਾ ਤਸਦੀਕੀ ਜਰੂਰੀ ਹੈ ਜਿਸ ਲਈ ਪਾਰਟੀ ਦੇ ਅੰਦਰ ਤੇ ਬਾਹਰ ਦੇ ਲੋਕਾਂ ਦੀ ਰਾਇ ਲੈਣੀ ਲਾਜਮੀ ਹੈ। ਅਰਜ਼ੀ ਦਾ ਮਨਜ਼ੂਰ ਹੋਣਾ ਪਾਰਟੀ ਇਕਾਈ ਦੇ ਮੈਂਬਰਾਂ ਦੀ ਆਮ ਮੀਟਿੰਗ ਉੱਤੇ ਨਿਰਭਰ ਹੈ ਅਤੇ ਉਸ ਤੋਂ ਉਚੇਰੀ ਪਾਰਟੀ ਕਮੇਟੀ ਨੇ ਪਾਸ ਕਰਨਾ ਹੈ।

ਅਨੁਛੇਦ 3

ਚੀਨ ਦੀ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਲਈ ਲਾਜਮੀ ਹੈ ਕਿ ਉਹ –

(1) ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦਾ ਤਨਦੇਹੀ ਨਾਲ਼ ਅਧਿਐਨ ਕਰਨ ਤੇ ਸੋਧਵਾਦ ਦੀ ਆਲੋਚਨਾ ਕਰਨ;

(2) ਚੀਨ ਤੇ ਪੂਰੀ ਦੁਨੀਆਂ ਦੇ ਵਿਸ਼ਾਲ ਬਹੁਗਿਣਤੀ ਲੋਕਾਂ ਦੇ ਹਿਤਾਂ ਲਈ ਕੰਮ ਕਰਨ;

(3) ਉਹ ਵੱਡੀ ਬਹੁਗਿਣਤੀ ਲੋਕਾਂ ਨਾਲ਼, ਉਹਨਾਂ ਨਾਲ਼ ਵੀ ਜਿੰਨ੍ਹਾਂ ਨੇ ਗਲਤੀ ਨਾਲ਼ ਉਹਨਾਂ ਦਾ ਵਿਰੋਧ ਕੀਤਾ ਹੋਵੇ ਪਰ ਹੁਣ ਗੰਭੀਰਤਾ ਨਾਲ਼ ਆਪਣੀਆਂ ਗਲਤੀਆਂ ਨੂੰ ਠੀਕ ਕਰ ਰਹੇ ਹੋਣ, ਇੱਕਮੁੱਠਤਾ ਕਾਇਮ ਕਰਨ ਦੇ ਕਾਬਲ ਹੋਣ; ਪ੍ਰੰਤੂ ਕੈਰੀਅਰਵਾਦੀਆਂ, ਸਾਜਿਸ਼ੀਆਂ ਤੇ ਦੋਮੂੰਹਿਆਂ ਖਿਲਾਫ ਵਿਸ਼ੇਸ਼ ਚੌਕਸੀ ਰੱਖੀ ਜਾਣੀ ਚਾਹੀਦੀ ਹੈ ਤਾਂ ਕਿ ਅਜਿਹੇ ਭੈੜੇ ਤੱਤ ਕਿਸੇ ਵੀ ਪੱਧਰ ਉੱਤੇ ਪਾਰਟੀ ਤੇ ਰਾਜ ਦੀ ਅਗਵਾਈ ਨਾ ਹਥਿਆ ਲੈਣ ਅਤੇ ਇਹ ਗਰੰਟੀ ਰਹੇ ਕਿ ਪਾਰਟੀ ਤੇ ਰਾਜ ਦੀ ਅਗਵਾਈ ਮਾਰਕਸਵਾਦੀ ਇਨਕਲਾਬੀਆਂ ਦੇ ਹੱਥਾਂ ਵਿੱਚ ਬਣੀ ਰਹੇ।

(4) ਜਦੋਂ ਮਸਲੇ ਖੜੇ ਹੋਣ ਤਾਂ ਲੋਕਾਂ ਨਾਲ਼ ਰਾਇ-ਮਸ਼ਵਰਾ ਕਰ ਸਕਣ;

(5) ਅਲੋਚਨਾ ਤੇ ਆਤਮ-ਅਲੋਚਨਾ ਕਰਨ ਲਈ ਦਲੇਰੀ ਰੱਖਦੇ ਹੋਣ।

ਅਨੁਛੇਦ 4

ਜਦੋਂ ਪਾਰਟੀ ਮੈਂਬਰ ਪਾਰਟੀ ਜ਼ਾਬਤੇ ਦੀ ਉਲੰਘਣਾ ਕਰੇ ਤਾਂ ਸਬੰਧਿਤ ਪੱਧਰ ਦੀਆਂ ਪਾਰਟੀ ਜਥੇਬੰਦੀਆਂ, ਆਪਣੇ ਅਧਿਕਾਰਾਂ ਦੇ ਦਾਇਰੇ ਵਿੱਚ ਰਹਿੰਦੇ ਹੋਏ ਅਤੇ ਹਰੇਕ ਮਾਮਲੇ ਦੇ ਵੱਖ-ਵੱਖ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਲੋੜੀਂਦੀ ਜ਼ਾਬਤਾ ਕਾਰਵਾਈ – ਚੇਤਾਵਨੀ, ਗੰਭੀਰ ਚੇਤਾਵਨੀ, ਪਾਰਟੀ ਅਹੁਦਿਆਂ ਤੋਂ ਬਰਖਾਸਤਗੀ, ਪਾਰਟੀ ਦੇ ਅੰਦਰ ਹੀ ਛੁੱਟੀ ਉੱਤੇ ਭੇਜਣਾ ਜਾਂ ਪਾਰਟੀ ਵਿੱਚੋਂ ਕੱਢਣਾ – ਕਰਨ।

ਕਿਸੇ ਪਾਰਟੀ ਮੈਂਬਰ ਨੂੰ ਛੁੱਟੀ ਉੱਤੇ ਭੇਜਣ ਦਾ ਸਮਾਂ ਦੋ ਸਾਲ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਇਸ ਸਮੇਂ ਦੌਰਾਨ ਉਸ ਨੂੰ ਵੋਟ ਦੇਣ, ਚੁਣਨ ਜਾਂ ਚੁਣੇ ਜਾਣ ਦਾ ਹੱਕ ਨਹੀਂ ਹੋਵੇਗਾ।

ਇੱਕ ਪਾਰਟੀ ਮੈਂਬਰ ਜਿਸਦੀ ਇਨਕਲਾਬੀ ਇੱਛਾ ਦਾ ਪਤਨ ਹੋ ਚੁੱਕਾ ਹੋਵੇ ਤੇ ਵਾਰ-ਵਾਰ ਸਮਝਾਉਣ ਦੇ ਬਾਵਜੂਦ ਖੁਦ ਨੂੰ ਬਦਲ ਨਾ ਰਿਹਾ ਹੋਵੇ, ਨੂੰ ਪਾਰਟੀ ਵਿੱਚੋਂ ਬਾਹਰ ਹੋਣ ਲਈ ਮਨਾਇਆ ਜਾ ਸਕਦਾ ਹੈ।

ਜਦੋਂ ਕੋਈ ਪਾਰਟੀ ਮੈਂਬਰ ਪਾਰਟੀ ਵਿੱਚੋਂ ਨਾਮ ਵਾਪਸ ਲੈਣ ਲਈ ਆਖਦਾ ਹੈ ਤਾਂ ਸੰਬਧਿਤ ਪਾਰਟੀ ਸ਼ਾਖਾ ਨੂੰ ਆਪਣੇ ਮੈਂਬਰਾਂ ਦੀ ਆਮ ਮੀਟਿੰਗ ਦੀ ਪ੍ਰਵਾਨਗੀ ਨਾਲ਼ ਉਸਦਾ ਨਾਮ ਪਾਰਟੀ ਸੂਚੀ ਵਿੱਚ ਕੱਢ ਦੇਣਾ ਚਾਹੀਦਾ ਹੈ ਤੇ ਆਪਣੇ ਤੋਂ ਉੱਪਰਲੀ ਪਾਰਟੀ ਕਮੇਟੀ ਨੂੰ ਪੂਰਾ ਮਸਲਾ ਰਿਪੋਰਟ ਕਰ ਦੇਣਾ ਚਾਹੀਦਾ ਹੈ।

ਸਿੱਧ ਹੋ ਚੁੱਕੇ ਗੱਦਾਰਾਂ, ਦੁਸ਼ਮਣ ਦੇ ਏਜੰਟਾਂ, ਸੱਤ੍ਹਾ ਵਿੱਚ ਬੈਠੇ ਪੂਰੀ ਤਰ੍ਹਾਂ ਢੀਠ ਸਰਮਾਏਦਾਰਾ ਰਾਹੀਆਂ, ਪਤਿਤ ਤੇ ਲੁੰਪਨ ਜਮਾਤੀ ਤੱਤਾਂ ਨੂੰ ਪਾਰਟੀ ਵਿੱਚੋਂ ਸਾਫ ਕਰ ਦੇਣਾ ਚਾਹੀਦਾ ਹੈ ਅਤੇ ਦੁਬਾਰਾ ਦਾਖਲ ਨਹੀਂ ਕਰਨਾ ਚਾਹੀਦਾ।

ਭਾਗ 3
ਪਾਰਟੀ ਦਾ ਜਥੇਬੰਦਕ ਸਿਧਾਂਤ

ਅਨੁਛੇਦ 5

ਪਾਰਟੀ ਦਾ ਜਥੇਬੰਦਕ ਸਿਧਾਂਤ ਜਮਹੂਰੀ ਕੇਂਦਰਵਾਦ ਹੈ।

ਸਾਰੇ ਪੱਧਰਾਂ ਉੱਤੇ ਪਾਰਟੀ ਦੀਆਂ ਆਗੂ ਸੰਸਥਾਵਾਂ ਦੀ ਚੋਣ ਪ੍ਰੋਲੇਤਾਰੀ ਇਨਕਲਾਬ ਦੇ ਕਾਜ਼ ਲਈ ਉਤਰਾਧਿਕਾਰੀਆਂ ਦੀ ਲੋੜ ਅਤੇ ਪੁਰਾਣੇ, ਵਿਚਕਾਰਲੀ ਉਮਰ ਤੇ ਨੌਜਵਾਨਾਂ ਨੂੰ ਜੋੜਨ ਦੇ ਸਿਧਾਂਤ ਅਨੁਸਾਰ ਜਮਹੂਰੀ ਰਾਇ-ਮਸ਼ਵਰੇ ਰਾਹੀਂ ਹੋਣੀ ਚਾਹੀਦੀ ਹੈ।

ਪੂਰੀ ਪਾਰਟੀ ਨੂੰ ਇੱਕਮੁੱਠ ਜ਼ਾਬਤਾ ਰੱਖਣਾ ਚਾਹੀਦਾ ਹੈ: ਵਿਅਕਤੀ ਜਥੇਬੰਦੀ ਅਧੀਨ, ਘੱਟਗਿਣਤੀ ਬਹੁਗਿਣਤੀ ਅਧੀਨ, ਹੇਠਲਾ ਪੱਧਰ ਉੱਪਰਲੇ ਪੱਧਰ ਅਧੀਨ, ਅਤੇ ਸਮੁੱਚੀ ਪਾਰਟੀ ਕੇਂਦਰੀ ਕਮੇਟੀ ਅਧੀਨ ਹੁੰਦੀ ਹੈ।

ਸਾਰੇ ਪੱਧਰਾਂ ਉੱਤੇ ਪਾਰਟੀ ਦੀਆਂ ਆਗੂ ਸੰਸਥਾਵਾਂ ਨੂੰ ਨਿਯਮਤ ਰੂਪ ਵਿੱਚ ਆਪਣੇ ਕੰਮਾਂ ਦੀ ਰਿਪੋਰਟ ਕਾਂਗਰਸਾਂ ਜਾਂ ਮੈਂਬਰਾਂ ਦੀਆਂ ਆਮ ਬੈਠਕਾਂ ਵਿੱਚ ਪੇਸ਼ ਕਰਨਾ ਚਾਹੀਦਾ ਹੈ, ਪਾਰਟੀ ਦੇ ਅੰਦਰ ਤੇ ਬਾਹਰ ਦੇ ਲੋਕਾਂ ਦੀਆਂ ਰਾਵਾਂ ਨੂੰ ਸੁਣਨਾ ਤੇ ਉਹਨਾਂ ਦੀ ਦੇਖਰੇਖ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਪਾਰਟੀ ਮੈਂਬਰਾਂ ਨੂੰ ਸਾਰੇ ਪੱਧਰਾਂ ਉੱਤੇ ਪਾਰਟੀ ਜਥੇਬੰਦੀਆਂ ਤੇ ਪਾਰਟੀ ਦੇ ਆਗੂ ਮੈਂਬਰਾਂ ਦੀ ਆਲੋਚਨਾ ਕਰਨ ਤੇ ਉਹਨਾਂ ਅੱਗੇ ਪ੍ਰਸਤਾਵ ਰੱਖਣ ਦਾ ਹੱਕ ਹੈ। ਜੇ ਕੋਈ ਪਾਰਟੀ ਮੈਂਬਰ ਪਾਰਟੀ ਜਥੇਬੰਦੀਆਂ ਦੇ ਫੈਸਲਿਆਂ ਜਾਂ ਨਿਰਦੇਸ਼ਾਂ ਤੋਂ ਵੱਖਰੇ ਵਿਚਾਰ ਰੱਖਦਾ ਹੈ ਤਾਂ ਉਹ ਆਪਣੀ ਅਸਹਿਮਤੀ ਦਰਜ ਕਰਵਾ ਸਕਦਾ ਹੈ ਅਤੇ ਉਸਨੂੰ ਉਸ ਪੱਧਰ ਦੀ ਅਗਵਾਨੂੰ ਟੀਮ ਨੂੰ ਉਲੰਘ ਕੇ ਉੱਪਰਲੇ ਪੱਧਰਾਂ, ਕੇਂਦਰੀ ਕਮੇਟੀ ਤੇ ਕੇਂਦਰੀ ਕਮੇਟੀ ਦੇ ਚੇਅਰਮੈਨ ਤੱਕ ਰਿਪੋਰਟ ਕਰਨ ਦਾ ਹੱਕ ਹੈ। ਆਲੋਚਨਾ ਨੂੰ ਦਬਾਉਣਾ ਤੇ ਜਵਾਬੀ ਕਾਰਵਾਈ ਕਰਨਾ ਉੱਕਾ ਹੀ ਆਗਿਆਯੋਗ ਨਹੀਂ ਹੈ। ਇੱਕ ਅਜਿਹੀ ਸਿਆਸੀ ਹਾਲਤ ਜਿਸ ਵਿੱਚ ਜਮਹੂਰੀਅਤ ਤੇ ਕੇਂਦਰਵਾਦ, ਜ਼ਾਬਤਾ ਤੇ ਅਜ਼ਾਦੀ, ਇੱਛਾ ਦੀ ਇੱਕਮੁੱਠਤਾ ਤੇ ਮਨ ਦੀ ਵਿਅਕਤੀਗਤ ਸ਼ਾਂਤੀ ਤੇ ਜ਼ਿੰਦਾਦਿਲੀ, ਦੋਵੇਂ ਬਣੇ ਰਹਿਣ, ਸਿਰਜਣੀ ਬੁਨਿਆਦੀ ਲੋੜ ਹੈ।

ਅਨੁਛੇਦ 6

ਪਾਰਟੀ ਦੀ ਸਭ ਤੋਂ ਉੱਚੀ ਆਗੂ ਸੰਸਥਾ ਕੌਮੀ ਪਾਰਟੀ ਕਾਂਗਰਸ ਹੈ ਅਤੇ ਜਦੋਂ ਉਸਦਾ ਸੈਸ਼ਨ ਨਾ ਚੱਲ ਰਿਹਾ ਹੋਵੇ, ਤਾਂ ਉਸ ਦੁਆਰਾ ਚੁਣੀ ਕੇਂਦਰੀ ਕਮੇਟੀ ਹੈ। ਸਥਾਨਕ ਪੱਧਰ ਉੱਤੇ, ਫੌਜੀ ਯੂਨਿਟਾਂ ਵਿੱਚ ਤੇ ਵੱਖ-ਵੱਖ ਵਿਭਾਗਾਂ ਵਿੱਚ ਆਗੂ ਸੰਸਥਾਵਾਂ ਉਹਨਾਂ ਦੇ ਪੱਧਰ ਉੱਤੇ ਪਾਰਟੀ ਕਾਂਗਰਸਾਂ ਜਾਂ ਮੈਂਬਰਾਂ ਦੀਆਂ ਆਮ ਬੈਠਕਾਂ ਤੇ ਉਹਨਾਂ ਦੁਆਰਾ ਚੁਣੀਆਂ ਪਾਰਟੀ ਕਮੇਟੀਆਂ ਹਨ। ਸਾਰੇ ਪੱਧਰਾਂ ਉੱਤੇ ਪਾਰਟੀ ਕਾਂਗਰਸਾਂ ਸੰਬਧਿਤ ਪੱਧਰਾਂ ਦੀਆਂ ਪਾਰਟੀ ਕਮੇਟੀਆਂ ਬੁਲਾਉਂਦੀਆਂ ਹਨ। ਸਥਾਨਕ ਪੱਧਰ ਉੱਤੇ, ਫੌਜੀ ਯੂਨਿਟਾਂ ਵਿੱਚ ਤੇ ਵੱਖ-ਵੱਖ ਵਿਭਾਗਾਂ ਦੀਆਂ ਪਾਰਟੀ ਕਾਂਗਰਸਾਂ ਬੁਲਾਉਣ ਲਈ ਉਚੇਰੀਆਂ ਪਾਰਟੀ ਜਥੇਬੰਦੀਆਂ ਦੀ ਪ੍ਰਵਾਨਗੀ ਜਰੂਰੀ ਹੈ।

ਸਾਰੇ ਪੱਧਰਾਂ ਉੱਤੇ ਪਾਰਟੀ ਕਮੇਟੀਆਂ ਲੋਕਾਂ ਨਾਲ਼ ਨਜਦੀਕੀ ਰਿਸ਼ਤੇ ਅਤੇ ਸਰਲ ਤੇ ਕੁਸ਼ਲ ਢਾਂਚੇ ਦੇ ਅਸੂਲਾਂ ਅਨੁਸਾਰ ਆਪਣੀਆਂ ਕਾਰਜਕਾਰੀ ਸੰਸਥਾਵਾਂ ਬਣਾਉਣਗੀਆਂ ਜਾਂ ਆਪਣੀਆਂ ਨੁਮਾਇੰਦਾ ਸੰਸਥਾਵਾਂ ਭੇਜਣਗੀਆਂ।

ਅਨੁਛੇਦ 7

ਰਾਜ ਦੀਆਂ ਸੰਸਥਾਵਾਂ, ਲੋਕ ਮੁਕਤੀ ਫੌਜ ਤੇ ਮਿਲਸ਼ਿਆ, ਲੇਬਰ ਯੂਨੀਅਨਾਂ, ਗਰੀਬ ਤੇ ਨਿਮਨ-ਮੱਧਵਰਗੀ ਕਿਸਾਨਾਂ ਦੀਆਂ ਸਭਾਵਾਂ, ਔਰਤਾਂ ਦੀਆਂ ਫੈਡਰੇਸ਼ਨਾਂ, ਨੌਜਵਾਨ ਕਮਿਊਨਿਸਟ ਲੀਗ, ਲਾਲ ਗਾਰਡ, ਛੋਟੇ ਲਾਲ ਗਾਰਡ ਤੇ ਹੋਰ ਇਨਕਲਾਬੀ ਜਨਤਕ ਜਥੇਬੰਦੀਆਂ, ਸਭ ਪਾਰਟੀ ਦੀ ਕੇਂਦਰੀਕ੍ਰਿਤ ਅਗਵਾਈ ਨੂੰ ਮੰਨਣਗੇ।

ਰਾਜ ਦੀਆਂ ਸੰਸਥਾਵਾਂ ਤੇ ਜਨਤਕ ਜਥੇਬੰਦੀਆਂ ਵਿੱਚ ਪਾਰਟੀ ਕਮੇਟੀਆਂ ਜਾਂ ਆਗੂ ਪਾਰਟੀ ਗਰੁੱਪ ਬਣਾਏ ਜਾ ਸਕਦੇ ਹਨ।

ਭਾਗ 4
ਪਾਰਟੀ ਦੀਆਂ ਕੇਂਦਰੀ ਸੰਸਥਾਵਾਂ

ਅਨੁਛੇਦ 8

ਕੌਮੀ ਪਾਰਟੀ ਕਾਂਗਰਸ ਹਰ ਪੰਜ ਸਾਲਾਂ ਬਾਅਦ ਬੁਲਾਈ ਜਾਵੇਗੀ। ਵਿਸ਼ੇਸ਼ ਹਾਲਤਾਂ ਵਿੱਚ ਇਹ ਸਮੇਂ ਤੋਂ ਪਹਿਲਾਂ ਵੀ ਬੁਲਾਈ ਜਾ ਸਕਦੀ ਹੈ ਜਾਂ ਅੱਗੇ ਵੀ ਪਾਈ ਜਾ ਸਕਦੀ ਹੈ।

ਅਨੁਛੇਦ 9

ਪਾਰਟੀ ਦੀ ਕੇਂਦਰੀ ਕਮੇਟੀ ਦਾ ਪਲੈਨਰੀ ਸੈਸ਼ਨ ਕੇਂਦਰੀ ਕਮੇਟੀ ਦਾ ਪੋਲਿਤ ਬਿਊਰੋ, ਕੇਂਦਰੀ ਕਮੇਟੀ ਦੇ ਪੋਲਿਤ ਬਿਊਰੋ ਦੀ ਸਟੈਂਡਿੰਗ ਕਮੇਟੀ ਅਤੇ ਕੇਂਦਰੀ ਕਮੇਟੀ ਦਾ ਚੇਅਰਮੈਨ ਤੇ ਉਪ-ਚੇਅਰਮੈਨ ਚੁਣਦਾ ਹੈ।

ਪਾਰਟੀ ਦੀ ਕੇਂਦਰੀ ਕਮੇਟੀ ਦਾ ਪਲੈਨਰੀ ਸੈਸ਼ਨ ਕੇਂਦਰੀ ਕਮੇਟੀ ਦੇ ਪੋਲਿਤ ਬਿਊਰੋ ਦੁਆਰਾ ਬੁਲਾਇਆ ਜਾਂਦਾ ਹੈ।

ਜਦੋਂ ਕੇਂਦਰੀ ਕਮੇਟੀ ਦਾ ਪਲੈਨਰੀ ਸੈਸ਼ਨ ਨਹੀਂ ਚੱਲ ਰਿਹਾ ਹੁੰਦਾ, ਉਸ ਸਮੇਂ ਕੇਂਦਰੀ ਕਮੇਟੀ ਦੇ ਸਾਰੇ ਕਾਰਜਾਂ ਦਾ ਜ਼ਿੰਮਾ ਤੇ ਤਾਕਤਾਂ ਕੇਂਦਰੀ ਕਮੇਟੀ ਦੇ ਪੋਲਿਤ ਬਿਊਰੋ ਤੇ ਇਸਦੀ ਸਟੈਂਡਿੰਗ ਕਮੇਟੀ ਕੋਲ ਹੁੰਦੀਆਂ ਹਨ।

ਚੇਅਰਮੈਨ, ਉਪ-ਚੇਅਰਮੈਨ ਅਤੇ ਕੇਂਦਰੀ ਕਮੇਟੀ ਦੇ ਪੋਲਿਤ ਬਿਊਰੋ ਦੀ ਸਟੈਂਡਿੰਗ ਕਮੇਟੀ ਦੀ ਅਗਵਾਈ ਹੇਠ ਪਾਰਟੀ, ਸਰਕਾਰ ਤੇ ਫੌਜ ਦੇ ਰੋਜਮਰ੍ਹਾ ਦੇ ਕੰਮਾਂ-ਕਾਰਾਂ ਨੂੰ ਦੇਖਣ ਲਈ ਕਈ ਜਰੂਰੀ ਕਾਰਜਕਾਰੀ ਅੰਗ ਜਿਹੜੇ ਛੋਟੇ ਤੇ ਕੁਸ਼ਲ ਹੋਣ, ਖੜੇ ਕੀਤੇ ਜਾਣਗੇ।

ਭਾਗ 5
ਸਥਾਨਕ ਪੱਧਰ ਉੱਤੇ ਅਤੇ ਫੌਜੀ ਯੂਨਿਟਾਂ
ਵਿੱਚ ਪਾਰਟੀ ਜਥੇਬੰਦੀਆਂ

ਅਨੁਛੇਦ 10

ਜ਼ਿਲ੍ਹਾ ਤੇ ਉਸ ਤੋਂ ਉੱਪਰਲੇ ਪੱਧਰ ਉੱਤੇ ਪਾਰਟੀ ਕਾਂਗਰਸਾਂ ਅਤੇ ਲੋਕ ਮੁਕਤੀ ਫੌਜ ਵਿੱਚ ਰੈਜੀਮੈਂਟ ਪੱਧਰ ਤੇ ਇਸ ਤੋਂ ਉੱਪਰਲੇ ਪੱਧਰ ਉੱਤੇ ਪਾਰਟੀ ਕਾਂਗਰਸਾਂ ਹਰ ਤਿੰਨ ਸਾਲਾਂ ਬਾਅਦ ਬੁਲਾਈਆਂ ਜਾਣਗੀਆਂ। ਵਿਸ਼ੇਸ਼ ਹਾਲਤਾਂ ਵਿੱਚ ਇਹ ਸਮੇਂ ਤੋਂ ਪਹਿਲਾਂ ਵੀ ਬੁਲਾਈਆਂ ਜਾ ਸਕਦੀਆਂ ਹਨ ਜਾਂ ਅੱਗੇ ਵੀ ਪਾਈਆਂ ਜਾ ਸਕਦੀਆਂ ਹਨ।

ਇਲਾਕਿਆਂ ਵਿੱਚ ਤੇ ਫੌਜੀ ਯੂਨਿਟਾਂ ਵਿੱਚ ਹਰ ਪੱਧਰ ਉੱਤੇ ਪਾਰਟੀ ਕਮੇਟੀਆਂ ਆਪੋ-ਆਪਣੀਆਂ ਸਟੈਂਡਿੰਗ ਕਮੇਟੀਆਂ, ਸੈਕਟਰੀ ਤੇ ਉਪ-ਸੈਕਟਰੀ ਚੁਣਦੀਆਂ ਹਨ।

ਭਾਗ 6
ਪਾਰਟੀ ਦੀਆਂ ਬੁਨਿਆਦੀ ਜਥੇਬੰਦੀਆਂ

ਅਨੁਛੇਦ 11

ਫੈਕਟਰੀਆਂ, ਖਾਣਾਂ ਤੇ ਦੂਜੇ ਉੱਦਮਾਂ, ਲੋਕ ਕਮਿਊਨਾਂ, ਦਫਤਰਾਂ, ਸਕੂਲਾਂ, ਦੁਕਾਨਾਂ, ਗਲੀ-ਮੁਹੱਲਿਆਂ, ਲੋਕ ਮੁਕਤੀ ਫੌਜ ਦੀਆਂ ਕੰਪਨੀਆਂ ਤੇ ਇਨਕਲਾਬੀ ਸੰਘਰਸ਼ ਦੀਆਂ ਲੋੜਾਂ ਤੇ ਪਾਰਟੀ ਮੈਂਬਰਸ਼ਿਪ ਦੇ ਅਕਾਰ ਅਨੁਸਾਰ ਬਣਾਈਆਂ ਗਈਆਂ ਹੋਰ ਇਕਾਈਆਂ ਵਿੱਚ ਪਾਰਟੀ ਸ਼ਾਖਾਵਾਂ, ਆਮ ਪਾਰਟੀ ਸ਼ਾਖਾਵਾਂ ਜਾਂ ਬੁਨਿਆਦੀ ਪਾਰਟੀ ਕਮੇਟੀਆਂ ਕਾਇਮ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਪਾਰਟੀ ਸ਼ਾਖਾਵਾਂ ਤੇ ਆਮ ਪਾਰਟੀ ਸ਼ਾਖਾਵਾਂ  ਨੂੰ ਹਰੇਕ ਸਾਲ ਅਤੇ ਬੁਨਿਆਦੀ ਪਾਰਟੀ ਕਮੇਟੀਆਂ ਨੂੰ ਹਰ ਦੋ ਸਾਲਾਂ ਬਾਅਦ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ।

ਵਿਸ਼ੇਸ਼ ਹਾਲਤਾਂ ਵਿੱਚ ਚੋਣ ਸਮੇਂ ਤੋਂ ਪਹਿਲਾਂ ਵੀ ਕਰਾਈ ਜਾ ਸਕਦੀ ਹੈ ਜਾਂ ਅੱਗੇ ਵੀ ਪਾਈ ਜਾ ਸਕਦੀ ਹੈ।

ਅਨੁਛੇਦ 12

ਪਾਰਟੀ ਦੀਆਂ ਬੁਨਿਆਦੀ ਜਥੇਬੰਦੀਆਂ ਦੇ ਮੁੱਖ ਕਾਰਜ ਹੇਠ ਲਿਖੇ ਹਨ:

(1) ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦੀ ਤਨਦੇਹੀ ਨਾਲ਼ ਪੜ੍ਹਾਈ ਤੇ ਸੋਧਵਾਦ ਦੀ ਅਲੋਚਨਾ ਕਰਨ ਵਿੱਚ ਪਾਰਟੀ ਮੈਂਬਰਾਂ ਤੇ ਗੈਰ-ਪਾਰਟੀ ਮੈਂਬਰਾਂ ਦੀ ਅਗਵਾਈ ਕਰਨੀ;

(2) ਵਿਚਾਰਧਾਰਕ ਤੇ ਸਿਆਸੀ ਲੀਹ ਬਾਰੇ ਪਾਰਟੀ ਮੈਂਬਰਾਂ ਤੇ ਗੈਰ-ਪਾਰਟੀ ਮੈਂਬਰਾਂ ਨੂੰ ਲਗਾਤਾਰ ਸਿੱਖਿਅਤ ਕਰਨਾ ਅਤੇ ਜਮਾਤੀ ਦੁਸ਼ਮਣ ਖਿਲਾਫ ਦ੍ਰਿੜ੍ਹ ਲੜਾਈ ਵਿੱਚ ਉਹਨਾਂ ਨੂੰ ਅਗਵਾਈ ਦੇਣਾ;

(3) ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਨਾ ਤੇ ਲਾਗੂ ਕਰਨਾ, ਇਸਦੇ ਫੈਸਲਿਆਂ ਨੂੰ ਲਾਗੂ ਕਰਨਾ ਅਤੇ ਪਾਰਟੀ ਤੇ ਰਾਜ ਦੁਆਰਾ ਜ਼ਿੰਮੇ ਲਾਏ ਕੰਮ ਨੂੰ ਨੇਪਰੇ ਚਾੜ੍ਹਨਾ;

(4) ਲੋਕਾਈ ਨਾਲ਼ ਨਜਦੀਕੀ ਰਿਸ਼ਤੇ ਬਣਾਈ ਰੱਖਣੇ, ਉਹਨਾਂ ਦੀਆਂ ਰਾਵਾਂ ਤੇ ਮੰਗਾਂ ਨੂੰ ਲਗਾਤਾਰ ਸੁਣਦੇ ਰਹਿਣਾ ਅਤੇ ਪਾਰਟੀ ਜੀਵਨ ਨੂੰ ਜੀਵੰਤ ਰੱਖਣ ਲਈ ਸਰਗਰਮ ਵਿਚਾਰਧਾਰਕ ਸੰਘਰਸ਼ ਚਲਾਉਣੇ;

(5) ਨਵੇਂ ਪਾਰਟੀ ਮੈਂਬਰ ਭਰਤੀ ਕਰਨੇ, ਪਾਰਟੀ ਜ਼ਾਬਤਾ ਲਾਗੂ ਕਰਨਾ ਅਤੇ ਪਾਰਟੀ ਜਥੇਬੰਦੀਆਂ ਦਾ ਲਗਾਤਾਰ ਮਜਬੂਤੀਕਰਨ ਕਰਨਾ, ਬੇਹੇ ਤੋਂ ਖਹਿੜਾ ਛੁਡਾਉਣਾ ਤੇ ਤਾਜ਼ਾਦਮ ਨੂੰ ਅੰਦਰ ਲੈਣਾ ਤਾਂ ਕਿ ਪਾਰਟੀ ਕਤਾਰਾਂ ਵਿੱਚ ਸਫਾਈ ਰਹੇ।  

ਸ੍ਰੋਤ: ਚੀਨ ਦੀ ਕਮਿਊਨਿਸਟ ਪਾਰਟੀ ਦੀ ਦਸਵੀਂ ਕੌਮੀ ਕਾਂਗਰਸ (ਦਸਤਾਵੇਜ਼), ਵਿਦੇਸ਼ੀ ਭਾਸ਼ਾ ਪ੍ਰੈੱਸ, ਪੀਕਿੰਗ, 1973

“ਪਰ੍ਤੀਬੱਧ”, ਅੰਕ 25, ਜੂਨ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s