ਚੀਨ ਦੀ ਕਮਿਊਨਿਸਟ ਪਾਰਟੀ ਦੀ ਦਸਵੀਂ ਕੌਮੀ ਕਾਂਗਰਸ ਦਾ ਪ੍ਰੈੱਸ ਨੋਟ •ਅਗਸਤ 29, 1973

7

ਪੀ.ਡੀ.ਐਫ਼ ਡਾਊਨਲੋਡ ਕਰੋ

ਚੀਨ ਦੀ ਕਮਿਊਨਿਸਟ ਪਾਰਟੀ ਦੀ ਦਸਵੀਂ ਕੌਮੀ ਕਾਂਗਰਸ ਪੀਕਿੰਗ ਵਿੱਚ 24 ਤੋਂ 28 ਅਗਸਤ ਦਰਮਿਆਨ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤੀ ਗਈ। ਇਹ ਏਕਤਾ ਦੀ ਕਾਂਗਰਸ, ਇੱਕ ਜਿੱਤ ਦੀ ਕਾਂਗਰਸ ਅਤੇ ਇੱਕ ਪੂਰੇ ਜੋਸ਼ ਭਰੀ ਕਾਂਗਰਸ ਸੀ।

ਸਾਡੀ ਪਾਰਟੀ ਦੇ ਮਹਾਨ ਆਗੂ ਕਾਮਰੇਡ ਮਾਓ ਜ਼ੇ-ਤੁੰਗ ਨੇ ਕਾਂਗਰਸ ਦੀ ਪ੍ਰਧਾਨਗੀ ਕੀਤੀ।

ਕਾਂਗਰਸ ਦਾ ਏਜੰਡਾ ਇਸ ਪ੍ਰਕਾਰ ਸੀ: 1। ਕਾਮਰੇਡ ਚਾਓ ਏਨ-ਲਾਈ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਵੱਲੋਂ ਸਿਆਸੀ ਰਿਪੋਰਟ ਪੇਸ਼ ਕੀਤੀ; 2। ਕਾਮਰੇਡ ਵਾਂਗ ਹੁੰਗ-ਵੇਨ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਵੱਲੋਂ ਪਾਰਟੀ ਸੰਵਿਧਾਨ ਦੀ ਸੁਧਾਈ ਬਾਰੇ ਰਿਪੋਰਟ ਪੇਸ਼ ਕੀਤੀ ਅਤੇ “ਚੀਨ ਦੀ ਕਮਿਊਨਿਸਟ ਪਾਰਟੀ ਦੇ ਸੰਵਿਧਾਨ ਦਾ ਖਰੜਾ” ਕਾਂਗਰਸ ਨੂੰ ਸੌਂਪਿਆ; 3। ਚੀਨ ਦੀ ਕਮਿਊਨਿਸਟ ਪਾਰਟੀ ਦੀ ਦਸਵੀਂ ਕੇਂਦਰੀ ਕਮੇਟੀ ਚੁਣੀ ਗਈ।
ਕਾਂਗਰਸ ਦਾ ਰਸਮੀ ਉਦਘਾਟਨ 24 ਅਗਸਤ ਨੂੰ ਹੋਇਆ।

ਜਦੋਂ ਚੇਅਰਮੈਨ ਮਾਓ ਮੰਚ ਉੱਤੇ ਆਏ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਡੈਲੀਗੇਟਾਂ ਨੇ ਲੰਮੇ ਸਮੇਂ ਤੱਕ ਉਤਸ਼ਾਹ ਭਰੀਆਂ ਤਾੜੀਆਂ ਨਾਲ ਉਹਨਾਂ ਦਾ ਸੁਆਗਤ ਕੀਤਾ ਅਤੇ “ਸਾਡਾ ਮਹਾਨ ਆਗੂ ਚੇਅਰਮੈਨ ਮਾਓ ਜ਼ਿੰਦਾਬਾਦ! ਚੇਅਰਮੈਨ ਦੀ ਲੰਮੀ ਉਮਰ ਹੋਵੇ!” ਦੇ ਨਾਹਰੇ ਲਗਾਏ। ਚੇਅਰਮੈਨ ਮਾਓ ਨੇ ਗਰਮਜੋਸ਼ੀ ਨਾਲ ਡੈਲੀਗੇਟਾਂ ਦਾ ਅਭਿਨੰਦਨ ਕੀਤਾ।

ਕਾਂਗਰਸ ਨੇ 148 ਡੈਲੀਗੇਟਾਂ ਦਾ ਇੱਕ ਪ੍ਰਧਾਨਗੀ ਮੰਡਲ ਚੁਣਿਆ।

ਕਾਂਗਰਸ ਨੇ ਚੇਅਰਮੈਨ ਮਾਓ ਜ਼ੇ-ਤੁੰਗ ਨੂੰ ਆਮ ਸਹਿਮਤੀ ਨਾਲ ਪ੍ਰਧਾਨਗੀ ਮੰਡਲ ਦਾ ਚੇਅਰਮੈਨ, ਕਾਮਰੇਡ ਚਾਓ ਏਨ-ਲਾਈ, ਵਾਂਗ ਹੁੰਗ-ਵੇਨ, ਕਾਂਗ ਸ਼ੇਂਗ, ਯੇਹ ਚੇਨ-ਯਿੰਗ ਤੇ ਲੀ ਤੇਹ-ਸ਼ੇਂਗ ਨੂੰ ਪ੍ਰਧਾਨਗੀ ਮੰਡਲ ਦਾ ਮੀਤ-ਪ੍ਰਧਾਨ ਅਤੇ ਕਾਮਰੇਡ ਚਾਂਗ ਚੁਨ-ਚਿਆਓ ਨੂੰ ਪ੍ਰਧਾਨਗੀ ਮੰਡਲ ਦਾ ਸਕੱਤਰ ਜਨਰਲ ਚੁਣਿਆ।

ਮੰਚ ਦੀ ਮੂਹਰਲੀ ਕਤਾਰ ਵਿੱਚ ਕਾਮਰੇਡ ਲਿਊ ਪੋ-ਚਾਂਗ, ਚਿਆਂਗ ਚਿੰਗ, ਸ਼ੁ ਸ਼ਿਹ-ਯੂ, ਚੇਨ ਸੀ-ਲਿਏਨ, ਲੀ ਸੀਏਨ-ਨੀਏਨ, ਯਾਓ ਵੇਨ-ਯੁਆਨ, ਤੁੰਗ ਪੀ-ਵੂ, ਚੀ ਤੇਂਗ-ਕੁਏਈ, ਵਾਂਗ ਤੁੰਗ-ਸਿੰਗ, ਹੁਆ ਕੁਓ-ਫੇਂਗ ਅਤੇ ਵੂ ਤੇਹ ਵੀ ਬੈਠੇ ਸਨ।

ਚੀਨ ਦੀ ਕਮਿਊਨਿਸਟ ਪਾਰਟੀ ਦੀ ਦਸਵੀਂ ਕੌਮੀ ਕਾਂਗਰਸ ਅਜਿਹੇ ਸਮੇਂ ਹੋਈ ਹੈ ਜਦੋਂ ਲਿਨ ਪਿਆਓ ਦਾ ਪਾਰਟੀ-ਵਿਰੋਧੀ ਗੁੱਟ ਖਦੇੜਿਆ ਜਾ ਚੁੱਕਾ ਹੈ, ਪਾਰਟੀ ਦੀ ਨੌਵੀ ਕਾਂਗਰਸ ਦੀ ਲੀਹ ਮਹਾਨ ਜਿੱਤਾਂ ਹਾਸਲ ਕਰ ਚੁੱਕੀ ਹੈ ਅਤੇ ਘਰੇਲੂ ਤੇ ਵਿਦੇਸ਼ੀ ਹਾਲਤਾਂ ਬਹੁਤ ਸ਼ਾਨਦਾਰ ਬਣੀਆਂ ਹੋਈਆਂ ਹਨ। ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਅਤੇ ਪਾਰਟੀ ਦੇ ਸਾਰੇ ਕਾਮਰੇਡਾਂ ਨੇ ਇਸ ਇਤਿਹਾਸਕ ਕਾਂਗਰਸ ਲਈ ਜੀ-ਜਾਨ ਨਾਲ ਤਿਆਰੀਆਂ ਕੀਤੀਆਂ। ਇੱਕ ਵਿਆਪਕ ਜਮਹੂਰੀ ਅਮਲ ਜਿਸ ਵਿੱਚ ਉਮੀਦਵਾਰਾਂ ਬਾਰੇ ਵਾਰ-ਵਾਰ ਕੀਤੀਆਂ ਗਈਆਂ ਸੋਚਾਂ-ਵਿਚਾਰਾਂ, ਬਹਿਸਾਂ ਤੇ ਸਲਾਹਾਂ ਅਤੇ ਉਹਨਾਂ ਇਲਾਕਿਆਂ ਜਾਂ ਜਥੇਬੰਦੀਆਂ ਜਿਹਨਾਂ ਨਾਲ ਉਮੀਦਵਾਰ ਸਬੰਧਿਤ ਹਨ, ਵਿੱਚ ਪਾਰਟੀ ਦੇ ਅੰਦਰਲੇ ਤੇ ਬਾਹਰਲੇ ਲੋਕਾਂ ਤੋਂ ਰਾਵਾਂ ਲੈ ਕੇ ਅੰਤ ਵਿੱਚ ਕਾਂਗਰਸ ਲਈ ਕੁਲ 1249 ਡੈਲੀਗੇਟ ਚੁਣੇ ਗਏ। ਕਾਂਗਰਸ ਦੇ ਰਸਮੀ ਉਦਘਾਟਨ ਤੋਂ ਪਹਿਲਾਂ, ਸਾਰੇ ਡੈਲੀਗੇਟਾਂ ਨੇ ਗੰਭੀਰਤਾ ਨਾਲ ਕਾਂਗਰਸ ਦੇ ਸਾਰੇ ਦਸਤਾਵੇਜ਼ਾਂ ਦੇ ਖਰੜਿਆਂ ਉੱਤੇ ਵਿਚਾਰ-ਵਟਾਂਦਰਾ ਕੀਤਾ। ਉਤਸ਼ਾਹ ਤੇ ਖੁਸ਼ੀ ਨਾਲ ਭਰੇ ਸਮੁੱਚੇ ਦੇਸ਼ ਦੇ ਲੋਕਾਂ ਨੇ ਦਸਵੀਂ ਕਾਂਗਰਸ ਦਾ ਠੋਸ ਕਾਰਜਾਂ ਨਾਲ ਸੁਆਗਤ ਕੀਤਾ।

ਕਾਂਗਰਸ ਦੇ ਰਸਮੀ ਉਦਘਾਟਨ ਵਾਲ਼ੇ ਦਿਨ ਸਾਡੀ ਮਹਾਨ ਸਮਾਜਵਾਦੀ ਮਾਤਭੂਮੀ ਦੇ ਚਹੁੰ ਕੋਨਿਆਂ ਤੋਂ ਆਏ ਡੈਲੀਗੇਟ ਰਾਜਕੀ ਸਭਾ ਹਾਲ ਵਿੱਚ ਖੁੱਲ੍ਹੀ ਰਾਹਦਾਰੀ ਰਾਹੀਂ ਦਾਖਲ ਹੋਏ ਜਿਸ ਵਿੱਚ ਦੀਵਾਰਾਂ ਉੱਤੇ ਮਾਰਕਸ, ਏਂਗਲਜ਼, ਲੈਨਿਨ ਤੇ ਸਤਾਲਿਨ ਦੇ ਵੱਡੇ ਚਿਤਰ ਲੱਗੇ ਹੋਏ ਸਨ। ਡੈਲੀਗੇਟਾਂ ਵਿੱਚ ਸਨਅਤੀ ਮਜਦੂਰਾਂ ਅਤੇ ਗਰੀਬ ਤੇ ਨਿਮਨ-ਮੱਧਵਰਗੀ ਕਿਸਾਨਾਂ ਵਿੱਚੋਂ ਆਏ ਪਾਰਟੀ ਮੈਂਬਰਾਂ ਦੇ ਚੁਣੇ ਡੈਲੀਗੇਟ, ਲੋਕ ਮੁਕਤੀ ਫ਼ੌਜ ਦੇ ਪਾਰਟੀ ਮੈਂਬਰਾਂ ਵਿੱਚੋਂ ਚੁਣੇ ਗਏ ਡੈਲੀਗੇਟ ਜਿਹੜੇ ਸਰਹੱਦੀ ਚੌਕੀਆਂ ਤੋਂ ਆਏ ਸਨ ਜਿੱਥੇ ਉਹ ਪੂਰੀ ਚੌਕਸੀ ਨਾਲ ਸਾਡੀ ਮਾਤਭੂਮੀ ਦੀ ਰੱਖਿਆ ਕਰਦੇ ਹਨ, ਅਤੇ ਇਨਕਲਾਬੀ ਕਾਡਰਾਂ, ਇਨਕਲਾਬੀ ਬੁੱਧੀਜੀਵੀਆਂ ਅਤੇ ਦੂਜੇ ਕਿਰਤੀ ਲੋਕਾਂ ਵਿੱਚੋਂ ਆਏ ਪਾਰਟੀ ਮੈਂਬਰਾਂ ਦੇ ਚੁਣੇ ਹੋਏ ਡੈਲੀਗੇਟ ਸ਼ਾਮਲ ਸਨ। ਮਜਦੂਰ, ਕਿਸਾਨ ਤੇ ਫੌਜੀਆਂ ਵਿੱਚੋਂ ਆਏ ਪਾਰਟੀ ਮੈਂਬਰਾਂ ਦੇ ਚੁਣੇ ਡੈਲੀਗੇਟ ਕੁਲ ਡੈਲੀਗੇਟਾਂ ਦਾ 67% ਸਨ। 20% ਤੋਂ ਉੱਪਰ ਡੈਲੀਗੇਟ ਪਾਰਟੀ ਦੀਆਂ ਔਰਤ ਮੈਂਬਰਾਂ ਵਿੱਚੋਂ ਸਨ। ਕੁਲ ਡੈਲੀਗੇਟਾਂ ਦਾ ਇੱਕ ਹਿੱਸਾ ਹਾਨ ਲੋਕਾਂ ਤੋਂ ਇਲਾਵਾ ਦੂਜੀਆਂ ਭਰਾਤਰੀ ਕੌਮੀਅਤਾਂ ਦੇ ਡੈਲੀਗੇਟਾਂ ਦਾ ਵੀ ਸੀ। ਸਾਡੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚਲੇ ਉਹਨਾਂ ਪਾਰਟੀ ਮੈਂਬਰਾਂ ਜਿਹੜੇ ਸਾਡੀ ਮਾਤਭੂਮੀ ਦੇ ਅਟੁੱਟ ਹਿੱਸੇ ਤਾਈਵਾਨ ਸੂਬੇ ਜਿਸਨੂੰ ਅਜੇ ਅਜ਼ਾਦ ਕਰਵਾਇਆ ਜਾਣਾ ਬਾਕੀ ਹੈ, ਦੇ ਵਸਨੀਕ ਹਨ, ਦੇ ਚੁਣੇ ਡੈਲੀਗੇਟਾਂ ਨੇ ਪਹਿਲੀ ਵਾਰ ਪਾਰਟੀ ਦੀ ਕੌਮੀ ਕਾਂਗਰਸ ਵਿੱਚ ਹਿੱਸਾ ਲਿਆ। ਸਮੁੱਚੇ ਦੇਸ਼ ਦੇ 2।8 ਕਰੋੜ ਪਾਰਟੀ ਮੈਂਬਰਾਂ ਦਾ ਭਰੋਸਾ ਹਾਸਲ ਕਰਕੇ ਅਤੇ ਸਾਰੀਆਂ ਕੌਮੀਅਤਾਂ ਦੇ ਕਰੋੜਾਂ ਲੋਕਾਂ ਦੀਆਂ ਆਸ਼ਾਵਾਂ-ਉਮੀਦਾਂ ਲੈ ਕੇ ਡੈਲੀਗੇਟਾਂ ਨੇ ਸਾਡੇ ਮਹਾਨ ਆਗੂ ਚੇਅਰਮੈਨ ਮਾਓ ਨਾਲ ਏਕੇ ਭਰੇ, ਚੁਸਤ-ਦਰੁਸਤ, ਸੰਜੀਦਾ ਤੇ ਜੀਵੰਤ ਮਾਹੌਲ ਵਿੱਚ ਮਿਲ ਕੇ ਕੰਮ ਕੀਤਾ।

28 ਅਗਸਤ ਨੂੰ ਗੰਭੀਰ ਤੇ ਜੀਵੰਤ ਬਹਿਸਾਂ ਤੋਂ ਬਾਅਦ ਕਾਂਗਰਸ ਨੇ ਕਾਮਰੇਡ ਚਾਓ ਏਨ-ਲਾਈ ਦੁਆਰਾ ਪੇਸ਼ ਸਿਆਸੀ ਰਿਪੋਰਟ, ਕਾਮਰੇਡ ਵਾਂਗ ਹੁੰਗ-ਵੇਨ ਦੁਆਰਾ ਪਾਰਟੀ ਸੰਵਿਧਾਨ ਦੀ ਸੁਧਾਈ ਬਾਰੇ ਰਿਪੋਰਟ ਅਤੇ ਇਸ ਤੋਂ ਇਲਾਵਾ ਚੀਨ ਦੀ ਕਮਿਊਨਿਸਟ ਪਾਰਟੀ ਦੇ ਸੰਵਿਧਾਨ ਨੂੰ ਸਰਬਸੰਮਤੀ ਨਾਲ ਪਾਸ ਕੀਤਾ। ਡੈਲੀਗੇਟਾਂ ਨੇ ਪ੍ਰਸੰਨਤਾ ਨਾਲ ਕਿਹਾ ਕਿ ਮਾਰਕਸਵਾਦ-ਲੈਨਿਨਵਾਦ-ਮਾਓ ਜ਼ੇ-ਤੁੰਗ ਵਿਚਾਰਧਾਰਾ ਤੋਂ ਸੇਧ ਲੈ ਕੇ ਲਿਖੇ ਇਹ ਦਸਤਾਵੇਜ਼ ਸ਼ਾਨਦਾਰ ਘਰੇਲੂ ਤੇ ਵਿਦੇਸ਼ੀ ਹਾਲਤਾਂ ਦਾ ਵਿਸ਼ਲੇਸ਼ਣ ਕਰਦੇ ਹਨ, ਨੌਵੀਂ ਕਾਂਗਰਸ ਦੀ ਲੀਹ ਦੇ ਮਾਰਗਦਰਸ਼ਨ ਵਿੱਚ ਹਾਸਲ ਹੋਈਆਂ ਜਿੱਤਾਂ ਦੀ ਪੂਰੀ ਤਰ੍ਹਾਂ ਪੁਸ਼ਟੀ ਕਰਦੇ ਹਨ, ਦੋ ਲੀਹਾਂ ਦੇ ਸੰਘਰਸ਼ ਖਾਸ ਕਰਕੇ ਲਿਨ ਪਿਆਓ ਦੇ ਪਾਰਟੀ-ਵਿਰੋਧੀ ਗੁੱਟ ਨੂੰ ਖਦੇੜਨ ਲਈ ਚੱਲੇ ਸੰਘਰਸ਼ ਦਾ ਨਿਚੋੜ ਪੇਸ਼ ਕਰਦੇ ਹਨ ਅਤੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦੇ ਅਧੀਨ ਇਨਕਲਾਬ ਨੂੰ ਹੋਰ ਅੱਗੇ ਜਾਰੀ ਰੱਖਣ ਦੀ ਦਿਸ਼ਾ ਤੇ ਕਾਰਜਾਂ ਨੂੰ ਪਰਿਭਾਸ਼ਤ ਕਰਦੇ ਹਨ, ਅਤੇ ਇਸ ਤਰ੍ਹਾਂ ਸਮੁੱਚੀ ਪਾਰਟੀ, ਫ਼ੌਜ ਤੇ ਲੋਕਾਂ ਲਈ ਲੜਾਕੂ ਪ੍ਰੋਗਰਾਮ ਬਣਦੇ ਹਨ।

ਕਈ ਵਾਰ ਦੇ ਵਿਚਾਰ-ਵਟਾਂਦਰਿਆਂ ਅਤੇ ਬਹਿਸਾਂ ਤੋਂ ਬਾਅਦ ਕਾਂਗਰਸ ਨੇ ਗੁਪਤ ਵੋਟ ਰਾਹੀਂ ਚੀਨ ਦੀ ਕਮਿਊਨਿਸਟ ਪਾਰਟੀ ਦੀ ਦਸਵੀਂ ਕੇਂਦਰੀ ਕਮੇਟੀ ਦੀ ਚੋਣ ਕੀਤੀ। ਜਦੋਂ ਚੋਣ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਤਾਂ ਇੱਕ ਵਾਰ ਫਿਰ ਹਾਲ ਉੱਚੇ ਤੇ ਉਤਸ਼ਾਹ ਨਾਲ ਭਰੇ ਨਾਹਰਿਆਂ ਤੇ ਤਾੜੀਆਂ ਨਾਲ ਗੂੰਜ ਉੱਠਿਆ।

ਕੇਂਦਰੀ ਕਮੇਟੀ ਲਈ ਚੁਣੇ ਗਏ 195 ਮੈਂਬਰਾਂ ਤੇ 124 ਬਦਲਵੇਂ ਮੈਂਬਰਾਂ ਵਿੱਚ ਪੁਰਾਣੇ, ਵਿਚਾਲੇ ਦੀ ਉਮਰ ਦੇ ਅਤੇ ਨੌਜਵਾਨ ਸ਼ਾਮਲ ਹਨ। ਕੁਝ ਪੁਰਾਣੀਆਂ ਪੀੜ੍ਹੀਆਂ ਦੇ ਪ੍ਰੋਲੇਤਾਰੀ ਇਨਕਲਾਬੀ ਹਨ ਜਿਹੜੇ ਪਹਿਲੀ ਤੇ ਦੂਜੀ ਇਨਕਲਾਬੀ ਜੰਗ ਵੇਲ਼ੇ ਪਾਰਟੀ ਦੇ ਮੁੱਢਲੇ ਸਾਲਾਂ ਤੋਂ ਨਾਲ ਹਨ, ਕੁਝ ਵੱਖ-ਵੱਖ ਮੋਰਚਿਆਂ ਦੇ ਆਗੂ ਕਾਡਰ ਹਨ ਜਿਹਨਾਂ ਨੇ ਜਾਪਾਨ ਖਿਲਾਫ਼ ਟਾਕਰੇ ਦੀ ਜੰਗ, ਮੁਕਤੀ ਦੀ ਜੰਗ ਅਤੇ ਅਮਰੀਕੀ ਹਮਲੇ ਨੂੰ ਰੋਕਣ ਤੇ ਕੋਰੀਆ ਦੀ ਮਦਦ ਲਈ ਜੰਗ ਸਮੇਂ ਵਰ੍ਹਦੀਆਂ ਗੋਲੀਆਂ ਦਾ ਸਾਹਮਣਾ ਕੀਤਾ, ਹੋਰ ਤਿੰਨ ਮਹਾਨ ਇਨਕਲਾਬੀ ਲਹਿਰਾਂ (ਭਾਵ ਕਿ ਜਮਾਤੀ ਸੰਘਰਸ਼, ਪੈਦਾਵਾਰ ਲਈ ਸੰਘਰਸ਼ ਅਤੇ ਵਿਗਿਆਨਕ ਪ੍ਰਯੋਗਾਂ) ਅਤੇ ਸਮਾਜਵਾਦੀ ਇਨਕਲਾਬ ਦੇ ਦੌਰ ਸਮੇਂ ਸਾਮਰਾਜਵਾਦ, ਸੋਧਵਾਦ ਤੇ ਪਿਛਾਖੜ ਖਿਲਾਫ਼ ਸੰਘਰਸ਼ ਦੇ ਮੋਹਰੀ ਯੋਧੇ ਹਨ ਅਤੇ ਕੁਝ ਹੋਰ ਉਹ ਨੌਜਵਾਨ ਕਾਮਰੇਡ ਹਨ ਜਿਹੜੇ ਮਹਾਨ ਪਰੋਲੇਤਾਰੀ ਸੱਭਿਆਚਾਰਕ ਇਨਕਲਾਬ ਸਮੇਂ ਪਾਰਟੀ ਵਿੱਚ ਸ਼ਾਮਲ ਹੋਏ ਹਨ। ਇਕੱਠੇ ਹੋਏ ਪੁਰਾਣੇ, ਵਿਚਲੀ ਉਮਰ ਦੇ ਤੇ ਨੌਜਵਾਨ ਸਾਥੀਆਂ ਨੇ ਮਿਲ ਕੇ ਅਧਿਐਨ ਕੀਤਾ ਅਤੇ ਇੱਕ ਦੂਜੇ ਨੂੰ ਹੱਲਾਸ਼ੇਰੀ ਦਿੱਤੀ। ਡੈਲੀਗੇਟਾਂ ਨੇ ਖੁਸ਼ੀ ਵਿੱਚ ਕਿਹਾ ਕਿ ਦਸਵੀਂ ਕੇਂਦਰੀ ਕਮੇਟੀ ਦੀ ਬਣਤਰ ਦਰਸਾਉਂਦੀ ਹੈ ਕਿ ਸਾਡੀ ਪਾਰਟੀ ਵਧ-ਫੁੱਲ ਰਹੀ ਹੈ ਤੇ ਉਸ ਕੋਲ ਉਤਰਾਧਿਕਾਰੀਆਂ ਦੀ ਕਮੀ ਨਹੀਂ ਹੈ ਅਤੇ ਇਹ ਮਾਰਕਸਵਾਦ-ਲੈਨਿਨਵਾਦ-ਮਾਓ ਜ਼ੇ-ਤੁੰਗ ਵਿਚਾਰਧਾਰਾ ਦੀ ਬੁਨਿਆਦ ਉੱਤੇ ਮਜਬੂਤੀ ਨਾਲ ਇੱਕਮੁੱਠ ਹੈ।

ਕਾਂਗਰਸ ਨੇ ਨਫ਼ਰਤ ਭਰੇ ਲਹਿਜ਼ੇ ਵਿੱਚ ਲਿਨ ਪਿਆਓ ਪਾਰਟੀ-ਵਿਰੋਧੀ ਗੁੱਟ ਵੱਲੋਂ ਕੀਤੇ ਜੁਰਮਾਂ ਦੀ ਨਿਖੇਧੀ ਕੀਤੀ। ਸਾਰੇ ਡੈਲੀਗੇਟਾਂ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਇਸ ਮਤੇ ਦੀ ਪੁਰਜ਼ੋਰ ਹਮਾਇਤ ਕੀਤੀ: ਬੁਰਜੂਆ ਕੈਰੀਅਰਵਾਦੀ, ਸਾਜਿਸ਼ੀ, ਉਲਟ-ਇਨਕਲਾਬੀ ਦੋਗਲੇ, ਧੋਖੇਬਾਜ਼ ਤੇ ਗੱਦਾਰ ਲਿਨ ਪਿਆਓ ਨੂੰ ਹਮੇਸ਼ਾ ਲਈ ਪਾਰਟੀ ਵਿੱਚੋਂ ਬਰਖਾਸਤ ਕੀਤਾ ਜਾਵੇ; ਲਿਨ ਪਿਆਓ ਪਾਰਟੀ-ਵਿਰੋਧੀ ਗੁੱਟ ਦੇ ਮੁੱਖ ਮੈਂਬਰ, ਕਮਿਊਨਿਸਟ-ਵਿਰੋਧੀ ਕੌਮਿਨਤਾਂਗ ਤੱਤ, ਤ੍ਰਾਤਸਕੀਵਾਦੀ, ਧੋਖੇਬਾਜ਼ ਤੇ ਸੋਧਵਾਦੀ ਚੇਨ ਪੋ-ਤਾ ਨੂੰ ਹਮੇਸ਼ਾ ਲਈ ਪਾਰਟੀ ਵਿੱਚ ਕੱਢ ਦਿੱਤਾ ਜਾਵੇ, ਅਤੇ ਉਸਨੂੰ ਪਾਰਟੀ ਦੇ ਅੰਦਰ ਤੇ ਬਾਹਰ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਜਾਵੇ। ਲਿਨ ਪਿਆਓ ਪਾਰਟੀ-ਵਿਰੋਧੀ ਗੁੱਟ ਦੇ ਹੋਰਨਾਂ ਪ੍ਰਮੁੱਖ ਮੈਂਬਰਾਂ ਸਬੰਧੀ ਚੀਨ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਵੱਲੋਂ ਕੀਤੇ ਗਏ ਸਾਰੇ ਫੈਸਲਿਆਂ ਤੇ ਉਹਨਾਂ ਅਨੁਸਾਰ ਚੁੱਕੇ ਗਏ ਕਦਮਾਂ ਦੀ ਡੈਲੀਗੇਟਾਂ ਨੇ ਸਰਬਸੰਮਤੀ ਨਾਲ ਹਮਾਇਤ ਕੀਤੀ।

ਚੀਨ ਦੀ ਕਮਿਊਨਿਸਟ ਪਾਰਟੀ ਦੀ ਦਸਵੀਂ ਕੌਮੀ ਕਾਂਗਰਸ ਨੇ ਸਾਰੀ ਪਾਰਟੀ, ਫ਼ੌਜ ਤੇ ਲੋਕਾਂ ਨੂੰ ਇਸਦੇ ਦਸਤਾਵੇਜ਼ਾਂ ਦਾ ਧਿਆਨਪੂਰਵਕ ਅਧਿਐਨ ਕਰਨ ਤੇ ਪੂਰੀ ਤਰ੍ਹਾਂ ਲਾਗੂ ਕਰਨ ਲਈ, ਪਰੋਲੇਤਾਰੀ ਦੀ ਤਾਨਾਸ਼ਾਹੀ ਅਧੀਨ ਇਨਕਲਾਬ ਨੂੰ ਜਾਰੀ ਰੱਖਣ, “ਮਾਰਕਸਵਾਦ ਲਾਗੂ ਕਰੋ, ਸੋਧਵਾਦ ਨਹੀਂ; ਏਕਤਾ ਬਣਾਓ ਨਾ ਫੁੱਟ ਪਾਓ; ਸਾਫ਼ਦਿਲ ਤੇ ਇਮਾਨਦਾਰ ਬਣੋ, ਅਤੇ ਭੜਕਾਹਟ ਤੇ ਸਾਜਿਸ਼ ਨਾ ਕਰੋ” ਦੇ ਬੁਨਿਆਦੀ ਸਿਧਾਂਤਾਂ ਦਾ ਲੜ ਫੜੀ ਰੱਖਣ ਅਤੇ ਹੋਰ ਮਹਾਨ ਜਿੱਤਾਂ ਹਾਸਲ ਕਰਨ ਏਕਤਾ ਬਣਾਉਣ ਦਾ ਸੱਦਾ ਦਿੱਤਾ।

ਕਾਂਗਰਸ ਨੇ ਇਹ ਧਿਆਨ ਦੁਆਇਆ: ਫ਼ਿਲਹਾਲ ਸਾਨੂੰ ਲਿਨ ਪਿਆਓ ਦੀ ਆਲੋਚਨਾ ਕਰਨ ਅਤੇ ਕੰਮ ਕਰਨ ਦੇ ਤੌਰ-ਤਰੀਕਿਆਂ ਵਿੱਚ ਸੁਧਾਰ ਕਰਨ ਦੇ ਕਾਰਜ ਨੂੰ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈ। ਸਮੁੱਚੀ ਪਾਰਟੀ, ਫ਼ੌਜ ਤੇ ਲੋਕਾਂ ਨੂੰ ਜਮਾਤੀ ਸੰਘਰਸ਼ ਤੇ ਦੋ ਲੀਹਾਂ ਦੇ ਸੰਘਰਸ਼ ਵਿੱਚ ਸਿੱਖਿਅਤ ਕਰਨ ਲਈ ਸਾਨੂੰ  ਲਿਨ ਪਿਆਓ ਪਾਰਟੀ-ਵਿਰੋਧੀ ਗੁੱਟ ਵੱਲੋਂ ਕਾਇਮ ਕੀਤੀ ਇਸ ਨਾਂ-ਪੱਖੀ ਮਿਸਾਲ ਦੇ ਅਧਿਆਪਕ ਦੀ ਪੂਰੀ ਵਰਤੋਂ ਕਰਨੀ ਚਾਹੀਦੀ ਹੈ, ਅਤੇ ਮਾਰਕਸਵਾਦ-ਲੈਨਿਨਵਾਦ-ਮਾਓ ਜ਼ੇ-ਤੁੰਗ ਵਿਚਾਰਧਾਰਾ ਦਾ ਅਧਿਐਨ ਕਰਨਾ ਚਾਹੀਦਾ ਹੈ ਤੇ ਸੋਧਵਾਦ ਤੇ ਬੁਰਜੂਆ ਸੰਸਾਰ ਨਜ਼ਰੀਏ ਦੀ ਆਲੋਚਨਾ ਕਰਨੀ ਚਾਹੀਦੀ ਹੈ। ਸਾਨੂੰ ਸੱਭਿਆਚਾਰ ਦੇ ਸਾਰੇ ਖੇਤਰਾਂ ਸਮੇਤ ਉੱਚ-ਉਸਾਰ ਵਿੱਚ ਸੰਘਰਸ਼-ਆਲੋਚਨਾ-ਤਬਦੀਲੀ ਦੇ ਕਾਰਜ ਨੂੰ ਚੰਗੀ ਤਰ੍ਹਾਂ ਕਰਨਾ ਜਾਰੀ ਰੱਖਣਾ ਚਾਹੀਦਾ ਹੈ, ਇਨਕਲਾਬ ਉੱਤੇ ਪਕੜ ਮਜਬੂਤ ਬਣਾਉਣਾ ਤੇ ਪੈਦਾਵਾਰ, ਜੰਗ ਖਿਲਾਫ਼ ਤਿਆਰੀ ਤੇ ਹੋਰ ਕੰਮਾਂ ਨੂੰ ਉਤਸ਼ਾਹਤ ਕਰਨਾ ਚਾਹੀਦਾ ਹੈ ਅਤੇ ਸਾਰੇ ਖੇਤਰਾਂ ਵਿੱਚ ਆਪਣੇ ਕੰਮ ਨੂੰ ਬਿਹਤਰ ਬਣਾਉਣਾ ਚਾਹੀਦਾ ਹੈ। ਸਾਨੂੰ ਦਸਵੀਂ ਕਾਂਗਰਸ ਦੁਆਰਾ ਤੈਅ ਕੀਤੀ ਗਈ ਸਿਆਸੀ ਲੀਹ ਅਤੇ ਪਾਰਟੀ ਦੇ ਨਵੇਂ ਸੰਵਿਧਾਨ ਅਨੁਸਾਰ ਕੰਮ ਕਰਨਾ ਚਾਹੀਦਾ ਹੈ, ਅਤੇ ਸਾਡੀ ਪਾਰਟੀ ਨੂੰ ਹੋਰ ਮਜਬੂਤ ਤੇ ਤਾਕਤਵਰ ਬਣਾਉਣਾ ਚਾਹੀਦਾ ਹੈ ਜਿਹੜੀ ਦੇਸ਼ ਦੀਆਂ ਸਾਰੀਆਂ ਕੌਮੀਅਤਾਂ ਦੇ ਲੋਕਾਂ ਦੀ ਅਗਵਾਈ ਕਰੇਗੀ ਅਤੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਹੋਰ ਵਧੇਰੇ ਪੱਕੇ-ਪੈਰੀਂ ਕਰਨ ਲਈ ਉਹਨਾਂ ਸਾਰੀਆਂ ਤਾਕਤਾਂ ਨਾਲ ਏਕਤਾ ਕਾਇਮ ਕਰੇਗੀ ਜਿਹਨਾਂ ਨਾਲ ਅਜਿਹਾ ਕਰਨਾ ਸੰਭਵ ਹੋਇਆ।

ਕਾਂਗਰਸ ਨੇ ਧਿਆਨ ਦੁਆਇਆ: ਮੌਜੂਦਾ ਕੌਮਾਂਤਰੀ ਸਥਿਤੀ ਧਰਤੀ ਉੱਤੇ ਵੱਡੀ ਹਲਚਲ ਵਾਲੀ ਬਣੀ ਹੋਈ ਹੈ। ਅਜਿਹੀ ਵੱਡੀ ਹਲਚਲ ਵਾਲੀ ਸਥਿਤੀ ਮਾੜੀ ਨਹੀਂ ਸਗੋਂ ਇੱਕ ਚੰਗੀ ਗੱਲ ਹੈ, ਅਤੇ ਇਹ ਸਾਰੇ ਦੇਸ਼ਾਂ ਦੇ ਲੋਕਾਂ ਲਈ ਵਧੇਰੇ ਸਾਜ਼ਗਾਰ ਅਤੇ ਸਾਮਰਾਜਵਾਦ, ਆਧੁਨਿਕ ਸੋਧਵਾਦ ਤੇ ਸਭਨਾਂ ਪਿਛਾਖੜੀਆਂ ਲਈ ਹੋਰ ਵਧੇਰੇ ਦੁਸ਼ਵਾਰ ਬਣਨ ਵੱਲ ਵਧ ਰਹੀ ਹੈ। ਸਾਨੂੰ ਪ੍ਰੋਲੇਤਾਰੀ ਕੌਮਾਂਤਰੀਵਾਦ ਦਾ ਝੰਡਾ ਬੁਲੰਦ ਕਰਨਾ ਚਾਹੀਦਾ ਹੈ, ਸਾਡੀ ਪਾਰਟੀ ਦੀਆਂ ਅਡੋਲ ਨੀਤੀਆਂ ਉੱਤੇ ਡਟੇ ਰਹਿਣਾ ਚਾਹੀਦਾ ਹੈ, ਸਮੁੱਚੇ ਸੰਸਾਰ ਦੇ ਪ੍ਰੋਲੇਤਾਰੀ, ਦੱਬੇ-ਕੁਚਲੇ ਲੋਕਾਂ ਤੇ ਕੌਮਾਂ ਨਾਲ ਆਪਣੀ ਏਕਤਾ ਕਾਇਮ ਕਰਨੀ ਚਾਹੀਦੀ ਹੈ, ਸਾਮਰਾਜੀ ਹਮਲੇ, ਸਾਬੋਤਾਜ, ਦਖ਼ਲਅੰਦਾਜ਼ੀ, ਕੰਟਰੋਲ ਤੇ ਦਾਬੇ ਦੇ ਸ਼ਿਕਾਰ ਸਭਨਾਂ ਦੇਸ਼ਾਂ ਨਾਲ ਏਕਤਾ ਮਜਬੂਤ ਕਰਨੀ ਚਾਹੀਦੀ ਹੈ ਅਤੇ ਸਾਮਰਾਜਵਾਦ, ਬਸਤੀਵਾਦ ਤੇ ਨਵ-ਬਸਤੀਵਾਦ ਅਤੇ ਖਾਸ ਕਰਕੇ ਦੋ ਮਹਾਂਸ਼ਕਤੀਆਂ – ਅਮਰੀਕਾ ਤੇ ਸੋਵੀਅਤ ਯੂਨੀਅਨ – ਦੀ ਚੌਧਰ ਖਿਲਾਫ਼ ਵਿਸ਼ਾਲਤਮ ਸਾਂਝਾ ਮੋਰਚਾ ਬਣਾਉਣਾ ਚਾਹੀਦਾ ਹੈ। ਸਾਨੂੰ ਦੁਨੀਆਂ ਭਰ ਦੀਆਂ ਖਰੀਆਂ ਮਾਰਕਸਵਾਦੀ-ਲੈਨਿਨਵਾਦੀ ਪਾਰਟੀਆਂ ਤੇ ਜਥੇਬੰਦੀਆਂ ਨਾਲ ਏਕਾ ਬਣਾਉਣਾ ਚਾਹੀਦਾ ਹੈ ਅਤੇ ਆਧੁਨਿਕ ਸੋਧਵਾਦ ਖਿਲਾਫ਼ ਅਖੀਰ ਤੱਕ ਸੰਘਰਸ਼ ਚਲਾਉਣਾ ਚਾਹੀਦਾ ਹੈ। ਕਾਂਗਰਸ ਨੇ ਮਜਦੂਰ ਜਮਾਤ, ਗਰੀਬ ਤੇ ਨਿਮਨ-ਮੱਧਵਰਗੀ ਕਿਸਾਨਾਂ, ਲੋਕ ਮੁਕਤੀ ਫ਼ੌਜ ਦੇ ਕਮਾਂਡਰਾਂ ਤੇ ਫੌਜੀਆਂ ਅਤੇ ਸਾਡੇ ਦੇਸ਼ ਦੀਆਂ ਸਾਰੀਆਂ ਕੌਮੀਅਤਾਂ ਦੇ ਲੋਕਾਂ ਨੂੰ ਜੰਗ ਖਿਲਾਫ਼ ਤਿਆਰੀਆਂ ਨੂੰ ਬਿਨਾਂ ਕਿਸੇ ਚੂਕ ਦੇ ਮਜਬੂਤ ਕਰਨ, ਇੱਕ ਸਾਮਰਾਜੀ ਸੰਸਾਰ ਜੰਗ ਦੇ ਛਿੜ ਜਾਣ ਪ੍ਰਤੀ ਚੌਕਸ ਰਹਿਣ ਅਤੇ ਖਾਸ ਕਰਕੇ ਸਮਾਜਕ-ਸਾਮਰਾਜੀਆਂ ਵੱਲੋਂ ਕੋਈ ਅਚਾਨਕ ਹਮਲਾ ਹੋ ਜਾਣ ਪ੍ਰਤੀ ਸਾਵਧਾਨ ਰਹਿਣ ਤੇ ਸਾਡੇ ਉੱਤੇ ਹਮਲਾ ਕਰਨ ਵਾਲੇ ਕਿਸੇ ਵੀ ਦੁਸ਼ਮਣ ਦਾ ਦ੍ਰਿੜ੍ਹਤਾ ਨਾਲ, ਪੂਰੀ ਤਰ੍ਹਾਂ ਤੇ ਮੂਲੋਂ ਨਾਸ਼ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ!

ਚੀਨ ਦੀ ਮਹਾਨ, ਸ਼ਾਨਦਾਰ ਤੇ ਖਰੀ ਕਮਿਊਨਿਸਟ ਪਾਰਟੀ ਜ਼ਿੰਦਾਬਾਦ!
ਏਕਤਾ ਤੇ ਜਿੱਤ ਦੀ ਕਾਂਗਰਸ, ਪਾਰਟੀ ਦੀ ਦਸਵੀਂ ਕੌਮੀ ਕਾਂਗਰਸ ਜ਼ਿੰਦਾਬਾਦ!
ਮਾਰਕਸਵਾਦ-ਲੈਨਿਨਵਾਦ-ਮਾਓ ਜ਼ੇ-ਤੁੰਗ ਵਿਚਾਰਧਾਰਾ ਜ਼ਿੰਦਾਬਾਦ!
ਸਾਡਾ ਮਹਾਨ ਆਗੂ ਚੇਅਰਮੈਨ ਮਾਓ ਜ਼ਿੰਦਾਬਾਦ! ਚੇਅਰਮੈਨ ਮਾਓ ਦੀ ਉਮਰ ਲੰਮੀ ਹੋਵੇ!

ਚੀਨ ਦੀ ਕਮਿਊਨਿਸਟ ਪਾਰਟੀ ਦੀ ਦਸਵੀਂ ਕਾਂਗਰਸ ਦੇ ਪ੍ਰਧਾਨਗੀ ਮੰਡਲ ਦੇ ਮੈਂਬਰਾਂ ਦੀ ਸੂਚੀ

(ਕੁਲ 148 ਮੈਂਬਰ)
ਚੇਅਰਮੈਨ: ਮਾਓ ਜ਼ੇ-ਤੁੰਗ
ਮੀਤ-ਪ੍ਰਧਾਨ: ਚਾਓ ਏਨ-ਲਾਈ, ਵਾਂਗ ਹੁੰਗ-ਵੇਨ, ਕਾਂਗ ਸ਼ੇਂਗ, ਯੇਹ ਚੀਏਨ-ਯਿੰਗ, ਲੀ ਤੇਹ-ਸ਼ੇਂਗ
ਸੈਕਟਰੀ ਜਨਰਲ: ਚਾਂਗ ਚੁਨ-ਚਿਆਓ

(ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਦੇ ਬਾਕੀ ਮੈਂਬਰਾਂ ਦੇ ਨਾਮਾਂ ਦੀ ਸੂਚੀ ਆਉਂਦੀ ਹੈ।)

(ਇਸ ਤੋਂ ਬਾਅਦ ਚੀਨ ਦੀ ਕਮਿਊਨਿਸਟ ਪਾਰਟੀ ਦੀ 10ਵੀਂ ਕੇਂਦਰੀ ਕਮੇਟੀ ਦੇ 319 ਮੈਂਬਰਾਂ ਅਤੇ ਬਦਲਵੇਂ ਮੈਬਰਾਂ ਦੀ ਸੂਚੀ ਆਉਂਦੀ ਹੈ। )

“ਪਰ੍ਤੀਬੱਧ”, ਅੰਕ 26, ਜਨਵਰੀ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ