ਵਰਤਮਾਨ ਸੰਦਰਭ ‘ਚ ਚੀਨ ਦੇ ਨਵਜਮਹੂਰੀ ਇਨਕਲਾਬ ਦੇ ਜ਼ਰੂਰੀ ਅਤੇ ਬੇਸ਼ਕੀਮਤੀ ਸਬਕ

china revo

(ਪੀ.ਡੀ.ਐਫ਼ ਡਾਊਨਲੋਡ ਕਰੋ)

 (ਚੀਨ ਦੇ ਨਵਜਮਹੂਰੀ ਇਨਕਲਾਬ (ਅਕਤੂਬਰ 1949) ਦੀ 57ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਸੰਦਰਭ)

ਚੀਨ ਦੇ ਨਵਜਮਹੂਰੀ ਇਨਕਲਾਬ ਦੀ ਇਸ ਸਾਲ ਅਕਤੂਬਰ ਦੇ ਮਹੀਨੇ ਵਿੱਚ 57ਵੀਂ ਵਰ੍ਹੇਗੰਢ ਹੈ। ਇਹ ਇਨਕਲਾਬ ਸਾਮਰਾਜਵਾਦੀ ਲੁਟੇਰਿਆਂ ਅਤੇ ਜਗੀਰੂ ਜ਼ਾਬਰਾਂ ‘ਤੇ ਚੀਨੀ ਕਿਰਤੀ ਲੋਕਾਂ ਦੀ ਕੇਵਲ ਇਤਿਹਾਸਕ ਜਿੱਤ ਹੀ ਨਹੀਂ ਸੀ, ਸਗੋਂ ਪੈਰਿਸ ਕਮਿਊਨ (1871) ਅਤੇ 1917 ਦੇ ਸੋਵੀਅਤ ਸਮਾਜਵਾਦੀ ਇਨਕਲਾਬ ਤੋਂ ਬਾਅਦ, ਸੰਸਾਰ ਪ੍ਰੋਲੇਤਾਰੀ ਇਨਕਲਾਬ ਦੀ ਇਤਿਹਾਸਕ ਵਿਕਾਸ ਯਾਤਰਾ ਦਾ ਅਗਲਾ ਅਹਿਮ ਪੜਾਅ ਸੀ।

ਇਹ ਸਮਾਂ ਸੀ ਜਦੋਂ ਅਮਰੀਕਾ ਅਤੇ ਯੂਰਪ ਦੇ ਸਾਮਰਾਜਵਾਦੀ ਦੂਜੀ ਸੰਸਾਰ ਜੰਗ ਵਿੱਚ ਫਾਸੀਵਾਦ ਨੂੰ ਹਰਾਉਣ ਵਿੱਚ ਸੋਵੀਅਤ ਲੋਕਾਂ ਦੀ ਲਾਮਿਸਾਲ ਕੁਰਬਾਨੀ ਅਤੇ ਤਬਾਹੀ ਦੀ ਰਾਖ ਤੋਂ ਫਿਨਿਕਸ ਪੰਛੀ ਦੀ ਤਰਾਂ ਉੱਠ ਖੜ੍ਹੇ ਹੋਣ ਦੀ ਤਾਕਤ ਤੋਂ ਡੌਰ-ਭੌਰ ਅਤੇ ਡਰੇ ਹੋਏ ਸਨ। ਢਾਈ ਕਰੋੜ ਲੋਕਾਂ ਦੀ ਕੁਰਬਾਨੀ ਤੋਂ ਬਾਅਦ ਲਾਲ ਸੈਨਾ ਨੇ ਜ਼ਾਬਰਾਂ ਨੂੰ ਮਾਸਕੋ ਦੇ ਨੇੜੇ ਤੋਂ ਪਿੱਛੇ ਧਕਦੇ ਹੋਏ ਬਰਲਿਨ ਵਿੱਚ ਲਿਜਾ ਕੇ ਮਿੱਟੀ ਵਿੱਚ ਮਿਲਾ ਦਿੱਤਾ ਅਤੇ ਇਸ ਪ੍ਰਕਿਰਿਆ ਦੌਰਾਨ ਪੂਰਾ ਪੂਰਬੀ ਯੂਰਪ ਲਾਲ ਹੋ ਚੁੱਕਿਆ ਸੀ। ਉੱਥੇ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਲੋਕ ਜਮਹੂਰੀ ਸੱਤ੍ਹਾਵਾਂ ਦੀ ਸਥਾਪਨਾ ਹੋ ਚੁੱਕੀ ਸੀ। 

ਇਤਿਹਾਸ ਦੇ ਇਸ ਦੌਰ ਵਿੱਚ, ਸੋਵੀਅਤ ਸੰਘ ਹੱਥੋਂ ਜਰਮਨ ਨਾਜ਼ੀਆਂ ਦੀ ਕਰਾਰੀ ਹਾਰ ਜਿੰਨਾ ਹੀ ਸੰਸਾਰ ਇਤਿਹਾਸਕ ਮਹੱਤਵ ਜੇ ਕਿਸੇ ਘਟਨਾ ਦਾ ਸੀ ਤਾਂ ਉਹ ਸੀ ਦੁਨੀਆਂ ਦੀ ਸਭ ਤੋਂ ਜਿਆਦਾ ਅਬਾਦੀ ਅਤੇ ਭਰਪੂਰ ਕੁਦਰਤੀ ਦੌਲਤ ਵਾਲੇ, ਸਦੀਆਂ ਤੋਂ ਸਾਮਰਾਜਵਾਦੀ ਲੁਟੇਰਿਆਂ ਦੀ ਬਾਂਦਰਵੰਡ ਅਤੇ ਲੁੱਟਮਾਰ ਦੇ ਸ਼ਿਕਾਰ, ਭੁੱਖਮਰੀ, ਪਛੜੇਪਨ ਅਤੇ ਜਹਾਲਤ ਦੇ ਹਨ੍ਹੇਰੇ ਵਿੱਚ ਫਸੇ ਚੀਨ ਵਿੱਚ, ਮਾਓ-ਜ਼ੇ-ਤੁੰਗ ਦੀ ਅਗਵਾਈ ਵਾਲੀ ਕਮਿਉਨਿਸਟ ਪਾਰਟੀ ਦੀ ਅਗਵਾਈ ਵਿੱਚ, ਜਮਹੂਰੀ ਇਨਕਲਾਬ ਦੀ ਘਟਨਾ, ਜਿਸਨੇ ਸਾਮਰਾਜਵਾਦ ਅਤੇ ਜਗੀਰਦਾਰੀ ਦੇ ਗਲਬੇ ਨੂੰ ਮਿੱਟੀ ਵਿੱਚ ਮਿਲਾ ਕੇ ਮਜ਼ਦੂਰ ਜਮਾਤ ਦੀ ਆਗੂ ਭੂਮਿਕਾ ਵਾਲ਼ੇ, ਲੋਕਾਂ ਦੀ ਜਮਹੂਰੀ ਤਾਨਾਸ਼ਾਹੀ ਦੀ ਸਥਾਪਨਾ ਕੀਤੀ ਅਤੇ ਫਿਰ ਛੇਤੀ ਹੀ ਸਮੁੱਚਾ ਦੇਸ਼ ਸਮਾਜਵਾਦੀ ਉਸਾਰੀ ਅਤੇ ਇਨਕਲਾਬ ਦੇ ਰਾਹ ‘ਤੇ ਲਗਾਤਾਰ ਨਵੇਂ-ਨਵੇਂ ਪ੍ਰਯੋਗ ਕਰਦਾ ਹੋਇਆ ਅੱਗੇ ਵਧਦਾ ਗਿਆ। ਇੰਨੀ ਵੱਡੀ ਬਸਤੀਵਾਦੀ ਮੰਡੀ ਦੇ ਇੱਕਦਮ ਹੱਥਾਂ ‘ਚੋਂ ਨਿੱਕਲ ਜਾਣ ਦੀ ਘਟਨਾ ਨੂੰ ਦੇਖਕੇ ਸਾਮਰਾਜਵਾਦੀਆਂ ਦੇ ਸੀਨੇ ‘ਤੇ ਸੱਪ ਲਿਟ ਗਿਆ। ਇਹੀ ਨਹੀਂ, ਇਤਿਹਾਸ ਦੀ ਉਪਰੀ ਸਤਹ ਨੂੰ ਦੇਖਕੇ ਨਤੀਜਾ ਕੱਢਣ ਵਾਲ਼ੇ ਰਾਜਨੀਤੀਵਾਨ ਅਤੇ ਇਤਿਹਾਸਕਾਰ ਵੀ ਚੀਨ ਵਿੱਚ ਕਮਿਉਨਿਸਟ ਪਾਰਟੀ ਦੀ ਅਗਵਾਈ ਅਤੇ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਹੋਏ ਇਸ ਅਨੂਠੇ ਇਨਕਲਾਬ ਦੀ ਸਫਲਤਾ ‘ਤੇ ਹੈਰਾਨ ਸਨ। ਚੀਨ ਇੱਕ ਕਿਸਾਨੀ ਅਤੇ ਬੇਹੱਦ ਪੱਛੜਿਆ ਹੋਇਆ ਦੇਸ਼ ਸੀ ਅਤੇ ਮਜ਼ਦੂਰ ਜਮਾਤ ਦੀ ਸੰਖਿਆ ਘੱਟ ਸੀ। ਅਜਿਹੀ ਸਥਿਤੀ ਵਿੱਚ, ਇੱਕ ਜਗੀਰੂ ਅਤੇ ਸਾਮਰਾਜਵਾਦ ਵਿਰੋਧੀ ਇਨਕਲਾਬ ਵਿੱਚ ਬੁਰਜ਼ੂਆਜ਼ੀ ਅਤੇ ਉਸਦੀ ਪਾਰਟੀ ਦੀ ਬਜਾਏ ਮਜ਼ਦੂਰ ਜਮਾਤ ਅਤੇ ਉਸਦੀ ਪਾਰਟੀ ਦੀ ਆਗੂ ਭੂਮਿਕਾ ਕਿਤਾਬੀ ਪੰਡਤਾਂ ਲਈ ਹੈਰਾਨੀ ਦਾ ਵਿਸ਼ਾ ਸੀ। ਉਸ ਸਮੇਂ ਨਾ ਕੇਵਲ ਚੀਨ ਦੇ ਲੋਕਾਂ ਦੀ ਤਰੱਕੀ ਦੇ ਸੰਦਰਭ ਵਿੱਚ, ਸਗੋਂ ਪੂਰੇ ਸੰਸਾਰ ਦੇ ਸ਼ਕਤੀ ਸੰਤੁਲਨ ਨੂੰ ਬਦਲਣ ਵਿੱਚ ਚੀਨੀ ਇਨਕਲਾਬ ਦੀ ਭੂਮਿਕਾ ਮਹਾਨ ਸੀ। ਵਰਨਣਯੋਗ ਹੈ ਕਿ ਚੀਨੀ ਇਨਕਲਾਬ ਨੇ ਹਮਲਾਵਰ ਜਪਾਨੀ ਸਾਮਰਾਜਵਾਦੀਆਂ ਨੂੰ ਲੰਬੀ ਜੰਗ ਵਿੱਚ ਉਲਝਾਕੇ ਅਤੇ ਉਸਦਾ ਲੱਕ ਤੋੜਕੇ ਸੰਸਾਰ ਜੰਗ ਦੌਰਾਨ ਵੀ ਅਹਿਮ ਭੂਮਿਕਾ ਨਿਭਾਈ ਸੀ। ਇਨਕਲਾਬ ਤੋਂ ਬਾਅਦ ਦੋ ਗੁਆਂਢੀ ਏਸ਼ੀਆਈ ਦੇਸ਼ਾਂ ਵਿੱਚ ਵੀਅਤਨਾਮ ਵਿੱਚ ਹੋ-ਚੀ-ਮਿਨ ਦੀ ਅਗਵਾਈ ਵਾਲੀ ਵੀਅਤਨਾਮੀ ਕਮਿਉਨਿਸਟ ਪਾਰਟੀ ਦੀ ਅਗਵਾਈ ਵਿੱਚ ਅਤੇ ਕੋਰੀਆ ਵਿੱਚ ਕਿਮ-ਇਲ-ਸੁੰਗ ਦੀ ਅਗਵਾਈ ਵਾਲ਼ੀ ਕੋਰੀਆਈ ਕਮਿਉਨਿਸਟ ਪਾਰਟੀ ਦੀ ਅਗਵਾਈ ਵਿੱਚ ਲੋਕਾਂ ਦੇ ਜੋ ਪ੍ਰਚੰਡ ਕੌਮੀ ਮੁਕਤੀ ਘੋਲ ਜਾਰੀ ਸਨ, ਉਹਨਾਂ ਨੂੰ ਸਫਲਤਾ ਤੱਕ ਪਹੁੰਚਾਉਣ ਵਿੱਚ ਚੀਨ ਦੇ ਲੋਕ ਗਣਰਾਜ ਦੀ ਸਹਾਇਤਾ ਨੇ ਇੱਕ ਅਹਿਮ ਭੂਮਿਕਾ ਨਿਭਾਈ ਸੀ। ਪਰ ਚੀਨ ਦੇ ਨਵਜਮਹੂਰੀ ਇਨਕਲਾਬ ਦੀ ਸੰਸਾਰ ਇਤਿਹਾਸਕ ਭੂਮਿਕਾ ਇਸਤੋਂ ਵੀ ਕਿਤੇ ਜਿਆਦਾ ਸੀ। ਵੀਹਵੀਂ ਸਦੀ ਦੇ ਛੇਵੇਂ-ਸੱਤਵੇਂ ਦਹਾਕੇ ਵਿੱਚ ਜਿਨਾਂ ਅਫਰੀਕੀ ਦੇਸ਼ਾਂ ਦੇ ਲੋਕਾਂ ਨੇ ਮੁਕਤੀ ਜੰਗਾਂ ਵਿੱਚ ਬਸਤੀਵਾਦੀਆਂ ਨੂੰ ਕਰਾਰੀ ਹਾਰ ਦੇ ਕੇ ਕੌਮੀ ਅਜ਼ਾਦੀ ਹਾਸਲ ਕੀਤੀ, ਉਹਨਾਂ ਸਾਰੀਆਂ ਮੁਕਤੀ ਜੰਗਾਂ ਵਿੱਚ ਮਾਓ-ਜ਼ੇ-ਤੁੰਗ ਦੁਆਰਾ ਖੋਜੇ ਛਾਪਾਮਾਰ ਜੰਗ ਦੀ ਯੁੱਧਨੀਤੀ ਦੀ ਵਰਤੋਂ ਕੀਤੀ ਗਈ ਸੀ। ਵੀਹਵੀਂ ਸਦੀ ਦੇ ਮਗਰਲੇ ਅੱਧ ਦੀਆਂ ਕੌਮੀ ਮੁਕਤੀ ਜੰਗਾਂ ਲਈ ਚੀਨੀ ਨਵਜਮਹੂਰੀ ਇਨਕਲਾਬ ਨੇ ਇੱਕ ਰਾਹ ਦਰਸਾਵੇ ਦੀ ਭੂਮਿਕਾ ਅਦਾ ਕੀਤੀ ਸੀ। 

ਉਸ ਸਮੇਂ ਤੋਂ ਲੈ ਕੇ ਅੱਜ ਤੱਕ, ਖਾਸ ਕਰਕੇ ਪਿਛਲੇ ਤਿੰਨ ਦਹਾਕਿਆਂ ਦੌਰਾਨ ਦੁਨੀਆਂ ਵਿੱਚ ਕਾਫੀ ਅਹਿਮ ਤਬਦੀਲੀਆਂ ਹੋਈਆਂ ਹਨ। ਬਸਤੀਵਾਦ ਅਤੇ ਨਵਬਸਤੀਵਾਦ ਦਾ ਦੌਰ ਬੀਤ ਚੁੱਕਿਆ ਹੈ। ਜਮਾਤੀ ਘੋਲ਼ ਦੇ ਦਬਾਅ ਅਤੇ ਆਪਣੀ ਅੰਦਰੂਨੀ ਗਤੀ ਕਾਰਨ ਸਾਮਰਾਜਵਾਦੀ ਲੁੱਟ ਦੇ ਤੌਰ ਤਰੀਕਿਆਂ ਵਿੱਚ ਕਾਫ਼ੀ ਮਹੱਤਵਪੂਰਨ ਬਦਲਾਅ ਆਏ ਹਨ। ਹੁਣ ਪ੍ਰਤੱਖ ਸ਼ਾਸਨ (ਬਸਤੀਵਾਦ) ਜਾਂ ਕਿਸੇ ਤਰਾਂ ਦੀ ਕਠਪੁਤਲੀ ਸੱਤ੍ਹਾ ਦੇ ਜ਼ਰੀਏ ਸ਼ਾਸਨ (ਨਵਬਸਤੀਵਾਦ) ਦੀ ਬਜਾਏ ਸਾਮਰਾਜਵਾਦੀ ਦੇਸ਼ ਆਪਣੀ ਪੂੰਜੀ ਦੀ ਆਰਥਕ ਤਾਕਤ, ਤਕਨਾਲੋਜ਼ੀ ਦੀ ਸ਼੍ਰੇਸ਼ਠਤਾ ਅਤੇ ਸੰਸਾਰ ਮੰਡੀ ‘ਤੇ ਆਪਣੇ ਸਥਾਪਤ ਗਲਬੇ ਦੇ ਸਹਾਰੇ ਏਸ਼ੀਆ-ਅਫਰੀਕਾ-ਲਾਤੀਨੀ ਅਮਰੀਕਾ ਦੇ ਸਾਬਕ ਬਸਤੀਵਾਦੀ-ਨਵਬਸਤੀਵਾਦੀ ਦੇਸ਼ਾਂ ਨੂੰ ਲੁੱਟ ਰਹੇ ਹਨ। ਇਨ੍ਹਾਂ ਦੇਸ਼ਾਂ ਦੇ ਪੂੰਜੀਪਤੀਆਂ ਦੇ ਜਿਸ ਹਿੱਸੇ ਨੇ ਬਸਤੀਵਾਦ ਅਤੇ ਨਵਬਸਤੀਵਾਦ ਦੇ ਵਿਰੁੱਧ ਲੋਕ ਮੁਕਤੀ ਘੋਲ਼ ਵਿੱਚ, ਅਲੱਗ-ਅਲੱਗ ਹੱਦਾਂ ਤੱਕ ਕੌਮੀ ਭੂਮਿਕਾ ਨਿਭਾਈ ਸੀ, ਉਹਨਾਂ ਵਿੱਚੋਂ ਜਿਆਦਾਤਰ ਅੱਜ ਕੌਮਵਾਦ  ਦਾ ਝੰਡਾ ਮਿੱਟੀ ਵਿੱਚ ਸੁੱਟ ਕੇ ਸਾਮਰਾਜਵਾਦੀਆਂ ਦੇ ‘ਜੂਨੀਅਰ ਪਾਰਟਨਰ’ ਬਣ ਗਏ ਹਨ। ਦਰਅਸਲ, ਹੋਣਾ ਵੀ ਇਹੀ ਸੀ। ਸਾਮਰਾਜਵਾਦੀ ਗਲਬੇ ਵਾਲ਼ੇ ਸੰਸਾਰ ਪੂੰਜੀਵਾਦੀ ਢਾਂਚੇ ਨਾਲੋਂ ਤੋੜ ਵਿਛੋੜਾ ਕੇਵਲ ਪ੍ਰੋਲੇਤਾਰੀ ਜਮਾਤ ਦੀ ਸੱਤ੍ਹਾ ਹੀ ਕਰ ਸਕਦੀ ਸੀ। ਇਨ੍ਹਾਂ ਦੇਸ਼ਾਂ ਵਿੱਚ ਬਸਤੀਵਾਦ ਅਤੇ ਨਵਬਸਤੀਵਾਦ ਦੇ ਖਾਤਮੇ ਤੋਂ ਬਾਅਦ ਦੇਸ਼ੀ ਬੁਰਜ਼ੂਆਜ਼ੀ ਦੀ ਸੱਤ੍ਹਾ ਕਾਇਮ ਹੋਈ, ਉੱਥੇ ਸਾਮਰਾਜਵਾਦੀਆਂ ਦੇ ਦਬਾਅ ਨਾਲ ਸਾਪੇਖਿਕ ਛੁਟਕਾਰੇ ਦੇ ਇੱਕ ਛੋਟੇ ਜਿਹੇ ਦੌਰ ਤੋਂ ਬਾਅਦ ਛੇਤੀ ਹੀ ਆਤਮ ਸਮਰਪਣ ਦਾ ਦੌਰ ਸ਼ੁਰੂ ਹੋ ਗਿਆ। ਪੱਛੜੇ ਦੇਸ਼ਾਂ ਦਾ ਪੂੰਜੀਵਾਦ ਸੰਸਾਰ ਪੂੰਜੀਵਾਦ ਤੋਂ ਅਜ਼ਾਦ ਆਪਣਾ ਅਲੱਗ ਰਸਤਾ ਚੁਣ ਹੀ ਨਹੀਂ ਸਕਦਾ ਸੀ। ਪੂੰਜੀ ਅਤੇ ਤਕਨਾਲੋਜ਼ੀ ਦੀ ਲੋੜ ਅਤੇ ਸੰਸਾਰ ਮੰਡੀ ਵਿੱਚ ਆਪਣੀ ਪਹੁੰਚ ਲਈ ਇਨ੍ਹਾਂ ਦੇਸ਼ਾਂ ਦੇ ਸ਼ਾਸਕ ਪੂੰਜੀਪਤੀਆਂ ਨੇ ਅੰਤ ‘ਚ ਸਾਮਰਾਜਵਾਦੀਆਂ ਦੇ ਸਾਹਮਣੇ ਗੋਡੇ ਟੇਕਣੇ ਹੀ ਸਨ। ਸੰਸਾਰੀਕਰਨ ਦੀ ਬੇਰੋਕ ਸੰਸਾਰ ਵਿਆਪੀ ਪ੍ਰਕਿਰਿਆ ਦੇ ਦੌਰ ਵਿੱਚ, ਇਹ ਖਾਸਾ ਅੱਜ ਪੂਰੀ ਦੁਨੀਆਂ ਦਾ ਮੁੱਖ ਖਾਸਾ ਬਣ ਚੁੱਕਿਆ ਹੈ। ਬੇਸ਼ੱਕ, ਪਛੜੇ ਦੇਸ਼ਾਂ ਦੇ ਪੂੰਜੀਪਤੀ ਸਾਮਰਾਜਵਾਦ ਦੇ ਦਲਾਲ ਜਿਹੀ ਭੂਮਿਕਾ ਵਿੱਚ ਨਹੀਂ ਆ ਗਏ ਹਨ। ਇਤਿਹਾਸ ਦਾ ਬਸਤੀਵਾਦ-ਨਵਬਸਤੀਵਾਦ ਵਾਲ਼ਾ ਦੌਰ ਹੁਣ ਮੁੜਕੇ ਵਾਪਸ ਨਹੀਂ ਆ ਸਕਦਾ। ਇਹ ਪੂੰਜੀਪਤੀ ਸਾਮਰਾਜਵਾਦੀਆਂ ਦੀਆਂ ਆਪਸੀ ਵਿਰੋਧਤਾਈਆਂ ਦਾ ਫਾਇਦਾ ਵੀ ਲੈਂਦੇ ਹਨ। ਪੂਰੀ ਦੁਨੀਆਂ ਦੇ ਪੈਮਾਨੇ ‘ਤੇ ਨਿਚੋੜੇ ਗਏ ਮੁਨਾਫੇ ਵਿੱਚ ਆਪਣਾ ਹਿੱਸਾ ਵਧਾਉਣ ਲਈ ਸਾਮਰਾਜਵਾਦੀ ਹਾਕਮਾਂ ‘ਤੇ ਹਰ ਸੰਭਵ ਦਬਾਅ ਬਣਾਉਣ ਅਤੇ ਲੜਨ-ਝਗੜਨ ਦਾ ਕੰਮ ਵੀ ਕਰਦੇ ਹਨ, ਪਰ ਇਹ ਝਗੜਾ ਛੋਟੇ-ਵੱਡੇ ਲੁਟੇਰਿਆਂ ਦਾ ਆਪਸੀ ਝਗੜਾ ਹੀ ਹੈ। ਏਸ਼ੀਆ-ਅਫਰੀਕਾ-ਲਾਤੀਨੀ ਅਮਰੀਕਾ ਦੇ ਲਗਭਗ ਸਾਰੇ ਮੋਹਰੀ ਅਤੇ ਮਹੱਤਵਪੂਰਨ ਦੇਸ਼ਾਂ ਵਿੱਚ ਸਮੁੱਚੀ ਦੇਸ਼ੀ ਬੁਰਜ਼ੂਆਜ਼ੀ ਅਤੇ ਸਾਰੀਆਂ ਕਿਸਮਾਂ ਦੇ ਪੂੰਜੀਪਤੀ ਫਾਰਮਰ ਅਤੇ ਭੂਮੀਪਤੀ ਹੁਣ ਕਿਸੇ ਵੀ ਸੰਭਾਵਿਤ ਇਨਕਲਾਬ ਵਿੱਚ ਲੋਕਾਂ ਦੇ ਮਿੱਤਰ ਦੀ ਭੂਮਿਕਾ ਨਹੀਂ ਨਿਭਾ ਸਕਦੇ। ਇਹਨਾਂ ਸਾਰੇ ਦੇਸ਼ਾਂ ਅੰਦਰ ਲਗਾਤਾਰ ਪੂੰਜੀਵਾਦੀ ਵਿਕਾਸ ਨੇ ਪੂਰਵ ਪੂੰਜੀਵਾਦੀ ਬੰਧਨਾਂ ਨੂੰ ਤੋੜਕੇ ਇੱਕ ਕੌਮੀ ਮੰਡੀ ਦੀ ਉਸਾਰੀ ਕੀਤੀ ਹੈ ਅਤੇ ਮੰਡੀ ਲਈ ਪੈਦਾਵਾਰ, ਅਰਥਚਾਰੇ ਦੀ ਮੁੱਖ ਪ੍ਰਵਿਰਤੀ ਬਣ ਚੁੱਕੀ ਹੈ।  ਜਗੀਰੂ ਬੰਧੂਆ ਕਿਰਤ ਦੀ ਥਾਂ ਹੁਣ ਉਜ਼ਰਤੀ ਗੁਲਾਮੀ ਨੇ ਲੈ ਲਈ ਹੈ। ਮਜ਼ਦੂਰ ਆਪਣੀ ਕਿਰਤ ਸ਼ਕਤੀ ਵੇਚਣ ਲਈ ਅਜ਼ਾਦ ਹੈ, ਪਰ ਖੂਨ ਨਿਚੋੜਨ ਵਾਲੀ ਕੀਮਤ ਅਤੇ ਸ਼ਰਤਾਂ ‘ਤੇ। ਜਮਾਤਾਂ ਦੇ ਧਰੂਵੀਕਰਨ ਅਤੇ ਮੱਧਵਰਗੀ ਅਬਾਦੀ ਦੇ ਪ੍ਰੋਲੇਤਾਰੀਕਰਨ ਦੀ ਪ੍ਰਕਿਰਿਆ ਸਭ ਥਾਂ ਜਾਰੀ ਹੈ ਅਤੇ ਪੂੰਜੀ ਤੇ ਕਿਰਤ ਵਿਚਲੀ ਵਿਰੋਧਤਾਈ, ਕੁੱਝ ਗਿਣਵੇਂ ਛੋਟੇ ਦੇਸ਼ਾਂ ਨੂੰ ਛੱਡ ਕੇ, ਤੀਜੀ ਦੁਨੀਆਂ ਦੇ ਸਾਰੇ ਦੇਸਾਂ ਵਿੱਚ, ਇੱਕਦਮ ਸਪਸ਼ਟ ਰੂਪ ਵਿੱਚ ਮੁੱਖ ਵਿਰੋਧਤਾਈ ਬਣ ਚੁੱਕੀ ਹੈ। ਅਜਿਹੇ ਸਾਰੇ ਪੱਛੜੇ ਪੂੰਜੀਵਾਦੀ ਦੇਸ਼ ਜਮਹੂਰੀ ਇਨਕਲਾਬ ਦੇ ਪੜਾਅ ਨੂੰ ਪਿੱਛੇ ਛੱਡਕੇ ਇੱਕ ਨਵੀਂ ਤਰਾਂ ਦੇ ਸਮਾਜਵਾਦੀ ਇਨਕਲਾਬ, ਸਾਮਰਾਜਵਾਦ-ਪੂੰਜੀਵਾਦ ਵਿਰੋਧੀ ਇਨਕਲਾਬ ਦੇ ਪੜਾਅ ਵਿੱਚ ਦਾਖਲ ਹੋ ਚੁੱਕੇ ਹਨ। ਇਨ੍ਹਾਂ ਦੇਸ਼ਾਂ ਦੀਆਂ ਪੂੰਜੀਵਾਦੀ ਰਾਜ ਸੱਤ੍ਹਾਵਾਂ ਆਧੁਨਿਕ ਸੈਨਾ ਪੁਲਸ ਅਤੇ ਜਸੂਸੀ ਦੇ ਢਾਂਚੇ ਨਾਲ ਲੈਸ ਹਨ ਅਤੇ ਉਹਨਾਂ ਦੀ ਦੇਸ਼ ਵਿਆਪੀ ਪਕੜ ਤੇ ਪਹੁੰਚ ਬਹੁਤ ਮਜ਼ਬੂਤ ਹੈ। ਦੂਰ-ਦੁਰਾਡੇ ਪਿੰਡਾਂ ਵਿੱਚ ਵੀ ਪੂੰਜੀਵਾਦੀ ਰਾਜਸੱਤ੍ਹਾ ਦੇ ਸਮਾਜਿਕ ਆਰਥਿਕ ਥੰਮ ਮੌਜੂਦ ਹਨ।

ਮਾਓ-ਜ਼ੇ-ਤੁੰਗ ਦੀ ਅਗਵਾਈ ਵਿੱਚ ਚੀਨੀ ਕਮਿਉਨਿਸਟ ਪਾਰਟੀ ਨੇ ਚੀਨ ਦੀ ਕਮਜ਼ੋਰ ਕੇਂਦਰੀ ਸੱਤ੍ਹਾ ਦੀ ਹੋਂਦ, ਦੇਸ਼ ਦੇ ਪੇਂਡੂ ਖੇਤਰਾਂ ਵਿੱਚ ਵੱਖ-ਵੱਖ ਜਗੀਰੂ ਭੂਮੀਪਤੀਆਂ ਦੀ ਖਿੰਡੀਆਂ ਹੋਈਆਂ ਸੱਤਾਵਾਂ ਦੀ ਮੌਜੂਦਗੀ ਅਤੇ ਪੂਰੇ ਦੇਸ਼ ਦੇ ਕਈ ਸਾਮਰਾਜਵਾਦੀ ਤਾਕਤਾਂ ਦੇ ਪ੍ਰੱਤਖ ਕੰਟਰੋਲ ਵਿੱਚ ਵੰਡੇ ਹੋਣ ਦੀ ਸਥਿਤੀ ਦਾ ਠੋਸ, ਬਾਹਰਮੁਖੀ ਅਧਿਐਨ ਕੀਤਾ ਸੀ ਅਤੇ ਗੁਰੀਲਾ ਜੰਗ ਤੋਂ ‘ਪੋਜੀਸ਼ਨਲ’ ਜੰਗ ਦੀ ਦਿਸ਼ਾ ਵਿੱਚ ਅੱਗੇ ਵਧਦੇ ਹੋਏ, ਗੁਰੀਲਾ ਇਲਾਕਿਆਂ ਨੂੰ ਮੁਕਤ ਖੇਤਰਾਂ, ਪਿੰਡਾਂ ਤੋਂ ਸ਼ਹਿਰਾਂ ਨੂੰ ਘੇਰਦੇ ਹੋਏ, ਦੁਸ਼ਮਣ ਦੀ ਤਾਕਤ ਨੂੰ ਖੰਡ-ਖੰਡ ਕਰਕੇ ਤੋੜਦੇ ਅਤੇ ਕਮਜ਼ੋਰ ਕਰਦੇ ਹੋਏ ਕੇਂਦਰ ‘ਤੇ ਨਿਰਣਾਇਕ ਹਮਲੇ ਦੀ ਯੁੱਧਨੀਤੀ ਦਾ ਪ੍ਰਯੋਗ ਕੀਤਾ ਸੀ ਅਤੇ ਇਨਕਲਾਬ ਨੂੰ ਸਫਲ ਬਣਾਇਆ ਸੀ। ਜਮਹੂਰੀ ਇਨਕਲਾਬ ਦੇ ਇਸ ਰਾਹ ਨੂੰ ਲਮਕਵੇਂ ਲੋਕ ਯੁੱਧ ਦੇ ਰਾਹ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ। ਅੱਜ ਦੀ ਹਾਲਤ ਵਿੱਚ, ਪੱਛੜੇ ਪੂੰਜੀਵਾਦੀ ਦੇਸ਼ਾਂ ਵਿੱਚ ਵੀ, ਸਾਮਰਾਜਵਾਦ-ਸਮਰਥਿਤ ਅਤੇ ਉੱਨਤ ਫੌਜੀ ਢਾਂਚੇ ਅਤੇ ਦੇਸ਼ ਵਿਆਪੀ ਤਾਣੇ ਬਾਣੇ ਨਾਲ ਲੈੱਸ ਪੂੰਜੀਵਾਦੀ ਰਾਜਸੱਤ੍ਹਾ ਵਿਰੁੱਧ ਇਹ ਰਾਹ ਕਦੇ ਵੀ ਲਾਗੂ ਨਹੀਂ ਹੋ ਸਕਦਾ। ਅੱਜ ਮਜ਼ਦੂਰ ਜਮਾਤ ਦੀ ਹਿਰਾਵਲ ਪਾਰਟੀ ਦੇ ਸਾਹਮਣੇ ਇੱਕੋ ਇੱਕ ਰਾਹ ਇਹੀ ਹੋ ਸਕਦਾ ਹੈ ਕਿ ਉਹ ਮਜ਼ਦੂਰ ਜਮਾਤ ਦੇ ਨਾਲ-ਨਾਲ ਲੋਕਾਂ ਦੀਆਂ ਸਾਰੀਆਂ ਜਮਾਤਾਂ ਲਈ ਮੰਗਾਂ ‘ਤੇ ਲੜਦੇ ਹੋਏ ਜਮਾਤੀ ਘੋਲ਼ ਨੂੰ ਅੱਗੇ ਵਧਾਵੇ, ਇਸ ਦੌਰਾਨ ਉਹ ਲੋਕਾਂ ਦੀ ਰਾਜਨੀਤਕ ਚੇਤਨਾ ਨੂੰ ਉੱਪਰ ਉਠਾਏ, ਇਨਕਲਾਬ ਦੇ ਸਾਂਝੇ ਮੋਰਚੇ ਨੂੰ ਮਜ਼ਬੂਤ ਤੋਂ ਮਜ਼ਬੂਤ ਬਣਾਏ, ਲੋਕਾਂ ਵਿੱਚ ਲਗਾਤਾਰ ਆਪਣੀਆਂ ਕਾਰਵਾਈਆਂ ਦੁਆਰਾ ਆਪਣਾ ਵਿਆਪਕ ਸਮਾਜਿਕ ਸਮਰਥਨ ਅਧਾਰ ਅਤੇ ਲੋਕਾਂ ਦੀ ਤਾਕਤ ਦੇ ਕਿਲੇ ਦੀ ਉਸਾਰੀ ਕਰੇ, ਸਮੁੱਚੇ ਕਿਰਤੀ ਲੋਕਾਂ ਦੇ ਵਿਸ਼ਾਲ ਹਿੱਸਿਆਂ ‘ਤੇ ਹਰ ਰੋਜ਼ ਦੀਆਂ ਜ਼ਮੀਨੀ ਸਰਗਰਮੀਆਂ, ਘੋਲ਼ਾਂ ਵਿੱਚ ਸਫ਼ਲ ਅਗਵਾਈ ਵਾਲ਼ੀ ਭੂਮਿਕਾ ਅਤੇ ਲਗਾਤਾਰ ਵਿਚਾਰਧਾਰਕ-ਰਾਜਨੀਤਿਕ ਪ੍ਰਚਾਰ ਜ਼ਰੀਏ ਆਪਣੀ ਵਿਚਾਰਧਾਰਕ ਸਰਦਾਰੀ (Hegemony) ਸਥਾਪਤ ਕਰੇ, ਵੱਖ-ਵੱਖ ਦੇਸ਼ ਵਿਆਪੀ ਹੜਤਾਲਾਂ ਅਤੇ ਲੋਕ ਘੋਲ਼ਾਂ ਦੌਰਾਨ ਆਪਣੀ ਤਾਕਤ ਨੂੰ ਭਲੀ ਭਾਂਤ ਤੋਲ ਲਵੇ, ਇਸ ਪ੍ਰਕਿਰਿਆ ਦੇ ਦੌਰਾਨ ਸਮੁਚਿਤ ਜੰਗੀ ਤਿਆਰੀ ਜਾਰੀ ਰੱਖੇ ਅਤੇ ਫਿਰ ਠੀਕ ਸਮੇਂ ਦੇ ਸਭ ਤੋਂ ਸਟੀਕ ਅਧਾਰ ‘ਤੇ ਦੇਸ਼ ਵਿਆਪੀ ਲੋਕ ਵਿਦਰੋਹ ਦੇ ਬਿਜਲਈ ਝਟਕੇ ਜਿਹੇ ਹਮਲੇ ਨਾਲ ਪੂੰਜੀਵਾਦੀ ਰਾਜਸੱਤ੍ਹਾ ਨੂੰ ਚਕਨਾਚੂਰ ਕਰ ਦੇਵੇ। ਲਮਕਵੇਂ ਲੋਕਯੁੱਧ ਦਾ ਰਾਹ ਜਿੱਥੇ ਨਵਜਮਹੂਰੀ ਇਨਕਲਾਬ ਦਾ ਰਾਹ ਹੁੰੰਦਾ ਹੈ, ਉੱਥੇ ਹੀ ਲੋਕ ਵਿਦਰੋਹ ਦਾ ਰਾਹ ਹੀ ਸਮਾਜਵਾਦੀ ਇਨਕਲਾਬ ਦਾ ਰਾਹ ਹੋ ਸਕਦਾ ਹੈ। 

ਅਸੀਂ ਕਹਿਣਾ ਇਹ ਚਾਹੁੰਦੇ ਹਾਂ ਕਿ ਚੀਨ ਦੇ ਮਹਾਨ ਨਵਜਮਹੂਰੀ ਇਨਕਲਾਬ ਦੀ ਵਿਸ਼ਾਲ ਇਤਿਹਾਸਕ ਭੂਮਿਕਾ ਹੋਣ ਦੇ ਬਾਵਜੂਦ, ਅਸੀਂ ਅੱਜ ਉਸਦੀ ਅੱਖਾਂ ਬੰਦ ਕਰਕੇ ਨਕਲ ਨਹੀਂ ਕਰ ਸਕਦੇ। ਅੱਜ ਭਾਰਤ ਹੀ ਨਹੀਂ, ਦੁਨੀਆਂ ਦੇ ਜਿਆਦਾਤਰ ਦੇਸ਼ਾਂ ਵਿੱਚ, ਪ੍ਰੋਲੇਤਾਰੀ ਇਨਕਲਾਬੀਆਂ ਦੇ ਬਹੁਤੇ ਗਰੁੱਪ ਅਤੇ ਜਥੇਬੰਦੀਆਂ ਮਾਓ-ਜ਼ੇ-ਤੁੰਗ ਅਤੇ ਚੀਨ ਦੀ ਕਮਿਉਨਿਸਟ ਪਾਰਟੀ ਤੋਂ ਸਿੱਖਣ ਦੇ ਨਾਂ ‘ਤੇ, ਹਾਲਾਤਾਂ ਵਿੱਚ ਆਈਆਂ ਤਬਦੀਲੀਆਂ ਦੀ ਅਣਦੇਖੀ ਕਰਦੇ ਹੋਏ, ਉਹਨਾਂ ਦੁਆਰਾ ਪਿਛਲੀ ਸਦੀ ਦੇ ਪਹਿਲੇ ਅੱਧ ਵਿੱਚ ਚੀਨ ਵਿੱਚ ਅਪਣਾਈ ਗਈ ਇਨਕਲਾਬੀ ਯੁੱਧਨੀਤੀ ਅਤੇ ਆਮ ਦਾਅਪੇਚਾਂ ਨੂੰ ਹੀ ਕੁੱਝ ਹੇਰ-ਫੇਰ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਿਉਂਕਿ ਹਾਲਾਤ ਇਸਦੀ ਇਜ਼ਾਜਤ ਨਹੀਂ ਦਿੰਦੇ, ਇਸ ਲਈ ਇਨ੍ਹਾਂ ਵਿੱਚੋਂ ਬਹੁਤੇ ਨਿੱਤ ਦੀ ਕਵਾਇਦ ਕਰਦੇ ਹੋਏ ਗੈਰਸਰਗਰਮ ਜਾਂ ਸੰਸਦਮਾਰਗੀ ਹੋ ਜਾਂਦੇ ਹਨ, ਤਾਂ ਕੁੱਝ ਦੂਰ-ਦੁਰਾਡੇ ਅਤੇ ਪੱਛੜੇ ਖੇਤਰਾਂ ਵਿੱਚ ਫੌਜੀ-ਮਾਅਰਕੇਬਾਜ ਕਾਰਵਾਈਆਂ ਤੱਕ ਸਿਮਟ ਜਾਂਦੇ ਹਨ। ਜਮਹੂਰੀ ਇਨਕਲਾਬ ਕਰਨ ਦੀ ਜਿੱਦ ਵਿੱਚ ਮਾਰਕਸਵਾਦ-ਲੈਨਿਨਵਾਦ-ਮਾਓ ਵਿਚਾਰਧਾਰਾ ਦਾ ਨਾਮ ਲੈਂਦੇ ਹੋਏ ਇਹ ਸਭ ਤਰਾਂ-ਤਰਾਂ ਦੇ ਨਰੋਦਵਾਦ ਦਾ ਵਿਗੜਿਆ ਭੱਦਾ ਰੂਪ ਪੇਸ਼ ਕਰਨ ਲਗਦੇ ਹਨ। ਇਹੀ ਅੱਜ ਇਨਕਲਾਬੀ ਪ੍ਰੋਲੇਤਾਰੀ ਲਹਿਰ ਦੇ ਖੜੋਤ ਅਤੇ ਸੰਕਟ ਦਾ ਬੁਨਿਆਦੀ ਕਾਰਨ ਹੈ। ਖੁਦ ਮਾਓ-ਜ਼ੇ-ਤੁੰਗ ਨੇ ਸਾਨੂੰ ਵਾਰ-ਵਾਰ ਇਹੀ ਸਿੱਖਿਆ ਦਿੱਤੀ ਹੈ ਕਿ ਪ੍ਰੋੋਲੇਤਾਰੀ ਇਨਕਲਾਬੀਆਂ ਨੂੰ ਬੀਤੇ ਦੇ ਇਨਕਲਾਬਾਂ ਦੀ ਅੱਖਾਂ ਬੰਦ ਕਰਕੇ ਨਕਲ ਦੀ ਬਚਕਾਨੀ ਕੋਸ਼ਿਸ਼ ਦੀ ਬਜਾਇ ਆਪਣੇ ਸਮੇਂ ਦੀਆਂ ਸੰਸਾਰ ਹਾਲਤਾਂ ਅਤੇ ਆਪਣੇ ਦੇਸ਼ ਸਮਾਜ ਦਾ ਠੋਸ ਬਾਹਰਮੁਖੀ ਅਧਿਐਨ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ ਅਤੇ ਇਨਕਲਾਬ ਦੇ ਖਾਸੇ ਅਤੇ ਰਾਹ ਨੂੰ ਤੈਅ ਕਰਨਾ ਚਾਹੀਦਾ ਹੈ। ਚੀਨ ਵਿੱਚ ਨਵਜਮਹੂਰੀ ਇਨਕਲਾਬ ਦੀ ਸਫਲਤਾ ਦਾ ਬੁਨਿਆਦੀ ਕਾਰਨ ਇਹ ਸੀ ਕਿ ਯੂਰਪ ਦੇ ਪ੍ਰੋਲੇਤਾਰੀ ਸੰਘਰਸ਼ਾਂ ਅਤੇ ਰੂਸੀ ਇਨਕਲਾਬ ਦੇ ਤਜਰਬਿਆਂ ਤੋਂ ਸਿਖਦੇ ਹੋਏ ਵੀ ਮਾਓ ਦੀ ਅਗਵਾਈ ਵਿੱਚ ਚੀਨ ਦੀ ਕਮਿਉਨਿਸਟ ਪਾਰਟੀ ਨੇ ਉਨ੍ਹਾਂ ਦੀ ਅੱਖਾਂ ਬੰਦ ਕਰਕੇ ਨਕਲ ਨਹੀਂ ਕੀਤੀ। ਉਸਨੇ ਚੀਨੀ ਸਮਾਜ ਦੇ ਜਮਾਤੀ ਸਬੰਧਾਂ ਅਤੇ ਹਾਲਤਾਂ ਦਾ ਠੋਸ ਅਧਿਐਨ ਕੀਤਾ ਅਤੇ ਜਮਹੂਰੀ ਇਨਕਲਾਬ ਅਤੇ ਲਮਕਵੇਂ ਲੋਕਯੁੱਧ ਦੇ ਰਾਹ ਦਾ ਨਤੀਜਾ ਕੱਢਿਆ। ਇਸ ਪ੍ਰਕਿਰਿਆ ਵਿੱਚ ਕਈ ਵਾਰ ਉਸਨੇ ਕੌਮਾਂਤਰੀ ਲੀਡਰਸ਼ਿਪ ਦੇ ਸੁਝਾਵਾਂ ਤੋਂ ਪਾਸੇ ਜਾ ਕੇ ਆਪਣੇ ਅਧਿਐਨ ਅਤੇ ਤਜਰਬਿਆਂ ‘ਤੇ ਭਰੋਸਾ ਕਰਨ ਦਾ ਸਾਹਸ ਕੀਤਾ। ਇਹੀ ਉਸਦੀ ਸਫਲਤਾ ਦਾ ਮੂਲ ਕਾਰਨ ਸੀ ਅਤੇ ਚੀਨੀ ਇਨਕਲਾਬ ਦੇ ਤਜਰਬਿਆਂ ਤੋਂ ਅੱਜ ਸਭ ਤੋਂ ਵੱਧ ਇਹੀ ਚੀਜ਼ ਸਿੱਖਣ ਦੀ ਲੋੜ ਹੈ।

ਚੀਨ ਦੇ ਨਵਜਮਹੂਰੀ ਇਨਕਲਾਬ ਦੇ ਇਤਿਹਾਸ ਦਾ ਡੂੰਘਾ ਅਧਿਐਨ ਇਸ ਲਈ ਵੀ ਜ਼ਰੂਰੀ ਹੈ ਕਿ ਅਸੀਂ ਇਹ ਦੇਖ ਸਕੀਏ ਕਿ ਉਸ ਸਮੇਂ ਦੇ ਚੀਨ ਨਾਲੋਂ ਅੱਜ ਦੇ ਭਾਰਤ ਅਤੇ ਤੀਜੀ ਦੁਨੀਆਂ ਦੇ ਜਿਆਦਾਤਰ ਦੇਸ਼ਾਂ ਦੇ ਹਾਲਾਤ ਕਿਸ ਤਰਾਂ ਵੱਖਰੇ ਹਨ ਅਤੇ ਕਿਸ ਤਰਾਂ ਇਨ੍ਹਾਂ ਦੇਸ਼ਾਂ ਵਿੱਚ ਅੱਜ ਨਵਜਮਹੂਰੀ ਇਨਕਲਾਬ ਦੀਆਂ ਹਾਲਤਾਂ ਮੌਜੂਦ ਹੀ ਨਹੀਂ ਹਨ। ਕੁੱਝ ਛੋਟੇ ਅਤੇ ਬੇਹੱਦ ਪੱਛੜੇ ਦੇਸ਼ਾਂ ਨੂੰ ਛੱਡ ਕੇ, ਤੀਜੀ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ ਨਵੇਂ ਸਮਾਜਵਾਦੀ ਇਨਕਲਾਬ ਦੀਆਂ ਬਾਹਰਮੁਖੀ ਹਾਲਤਾਂ ਮੌਜੂਦ ਹਨ। ਵੱਖ-ਵੱਖ ਹੱਦਾਂ ਤੱਕ ਪੂਰਵ-ਪੂੰਜੀਵਾਦੀ ਰਹਿੰਦ ਖੂੰਹਦ ਦੇ ਬਾਵਜੂਦ ਇਹ ਦੇਸ਼ ਪੱਛੜੇ ਪੂੰਜੀਵਾਦੀ ਦੇਸ਼ਾਂ ਦੀ ਸ਼੍ਰੇਣੀ ਵਿੱਚ ਆ ਚੁੱਕੇ ਹਨ। 

ਪਰ ਇਸਦਾ ਇਹ ਮਤਲਬ ਬਿਲਕੁਲ ਨਹੀਂ ਕੱਢਿਆ ਜਾ ਸਕਦਾ ਹੈ ਕਿ ਚੀਨ ਦੇ ਨਵਜਮਹੂਰੀ ਇਨਕਲਾਬ ਦੇ ਤਜਰਬੇ ਅੱਜ ਸਾਡੇ ਲਈ ਪੂਰੀ ਤਰਾਂ ਅਪ੍ਰਸੰਗਿਕ ਹੋ ਚੁੱਕੇ ਹਨ। ਲੋਕਾਂ ਵਿੱਚ ਪਾਰਟੀ ਦੇ ਕੰਮਾਂ, ਪਾਰਟੀ ਉਸਾਰੀ ਸਬੰਧੀ ਚੀਨੀ ਇਨਕਲਾਬ ਦੇ ਅਨੁਭਵ ਅਤੇ ਉਹਨਾਂ ਦੇ ਵਿਚਾਰਧਾਰਕ-ਰਾਜਨੀਤਕ ਕੰਮਾਂ ਦੇ ਤਜਰਬੇ, ਇਨਕਲਾਬ ਦਾ ਪੜਾਅ ਬਦਲ ਜਾਣ ਦੇ ਬਾਵਜੂਦ ਅੱਜ ਵੀ ਪੂਰੀ ਦੁਨੀਆਂ ਦੇ ਕਮਿਉਨਿਸਟ ਇਨਕਲਾਬੀਆਂ ਲਈ ਅਤਿਅੰਤ ਬਹੁਮੁੱਲੇ ਤੇ ਅਤਿਅੰਤ ਪ੍ਰਸੰਗਕ ਹਨ ਅਤੇ ਅੱਗੇ ਵੀ ਬਣੇ ਰਹਿਣਗੇ। ਅੱਗੇ ਅਸੀਂ ਸੰਖੇਪ ਵਿੱਚ ਇਨ੍ਹਾਂ ਦੀ ਚਰਚਾ ਕਰਾਂਗੇ।

(1) ਚੀਨ ਦੇ ਨਵਜਮਹੂਰੀ ਇਨਕਲਾਬ ਦਾ ਤਜਰਬਾ ਸਾਨੂੰ ਦਸਦਾ ਹੈ ਕਿ ਹਰੇਕ ਮਜ਼ਦੂਰ ਇਨਕਲਾਬ ਦੀ ਸਫ਼ਲਤਾ ਦੀ ਬੁਨਿਆਦੀ ਗਰੰਟੀ ਉਸਦੀ ਲਾਈਨ ਦੇ ਸਹੀ ਜਾਂ ਗਲਤ ਹੋਣ ‘ਤੇ ਨਿਰਭਰ ਹੁੰਦੀ ਹੈ। ਮਜ਼ਦੂਰ ਜਮਾਤ ਦੀ ਕੋਈ ਵੀ ਪਾਰਟੀ ਆਪਣੇ ਦੇਸ਼ ਦੀਆਂ ਠੋਸ ਹਾਲਤਾਂ ਦਾ ਅਧਿਐਨ ਕਰਕੇ ਇਨਕਲਾਬ ਦੀ ਠੋਸ ਲਾਈਨ ਤਾਂ ਹੀ ਤੈਅ ਕਰ ਸਕਦੀ ਹੈ ਜੇ ਮਾਰਕਸਵਾਦੀ ਵਿਗਿਆਨ ‘ਤੇ ਉਸਦੀ ਪਕੜ ਮਜ਼ਬੂਤ ਹੈ। ਇਹ ਕੇਵਲ ਕੁੱਝ ਕੁ ਨੇਤਾਵਾਂ ਦੀ ਪ੍ਰਤਿਭਾ ਅਤੇ ਵਿਦਵਤਾ ਨਾਲ ਹੀ ਸੰਭਵ ਨਹੀਂ ਹੋ ਸਕਦਾ। ਇਸ ਲਈ ਜ਼ਰੂਰੀ ਹੈ ਕਿ ਪੂਰੀ ਪਾਰਟੀ ਸਿੱਖਣ ਵਿੱਚ ਨਿਪੁੰਨ ਹੋਵੇ। ਉਹ ਅਤੀਤ ਦੇ ਸਾਰੇ ਇਨਕਲਾਬੀਆਂ ਦੀ ਵਿਚਾਰਕ ਵਿਰਾਸਤ ਅਤੇ ਵਿਵਹਾਰਕ ਤਜ਼ਰਬਿਆਂ ਤੋਂ ਸਿੱਖੇ, ਦੁਨੀਆਂ ਭਰ ਵਿੱਚ ਜ਼ਾਰੀ ਜਮਾਤੀ ਘੋਲ਼ਾਂ ਤੋਂ ਸਿੱਖੇ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੇ ਦੇਸ਼ ਦੇ ਲੋਕਾਂ ਵਿੱਚ ਕੰਮ ਕਰਦੇ ਹੋਏ ਉਹਨਾਂ ਤੋਂ ਸਿੱਖੇ। ਤਾਂ ਹੀ ਉਹ ਇੱਕ ਗਤੀਮਾਨ ਚਰਿੱਤਰ ਵਾਲ਼ੀ ਪਾਰਟੀ ਹੋਵੇਗੀ ਜੋ ਹਾਲਾਤਾਂ ਦੀ ਹਰ ਤਬਦੀਲੀ ਦੇ ਅਨੁਸਾਰ, ਆਪਣੀ ਯੁੱਧਨੀਤੀ ਅਤੇ ਦਾਅ-ਪੇਚਾਂ ਵਿੱਚ ਤਬਦੀਲੀ ਲਿਆਉਣ ਦੇ ਯੋਗ ਹੋ ਸਕੇਗੀ।

(2) ਚੀਨ ਦੇ ਨਵਜਮਹੂਰੀ ਇਨਕਲਾਬ ਦਾ ਅਨੁਭਵ ਸਾਨੂੰ ਦਸਦਾ ਹੈ ਕਿ ਇੱਕ ਏਕੀਕ੍ਰਿਤ ਅਤੇ ਵਿਚਾਰਧਾਰਕ ਪੱਖੋਂ ਮਜ਼ਬੂਤ ਪਾਰਟੀ ਹੀ ਕਿਸੇ ਮਜ਼ਦੂਰ ਇਨਕਲਾਬ ਨੂੰ ਜੇਤੂ ਬਣਾ ਸਕਦੀ ਹੈ ਅਤੇ ਫਿਰ ਉਸਨੂੰ ਅੱਗੇ ਵਿਕਸਿਤ ਕਰ ਸਕਦੀ ਹੈ।  ਇਹ ਵਿਚਾਰਧਾਰਕ ਮਜ਼ਬੂਤੀ ਪਾਰਟੀ ਦੇ ਅੰਦਰ ਹਰ ਪਰਾਈ ਪ੍ਰਵਿਰਤੀ ਅਤੇ ਰੁਝਾਨ ਵਿਰੁੱਧ ਸਮਝੌਤਾ ਰਹਿਤ ਸੰਘਰਸ਼ ਜ਼ਰੀਏ ਹੀ ਹਾਸਲ ਕੀਤੀ ਜਾ ਸਕਦੀ ਹੈ। ਚੀਨੀ ਕਮਿਊਨਿਸਟ ਪਾਰਟੀ ਦੀ ਪੰਜਾਹਵੀਂ ਵਰ੍ਹੇਗੰਢ ਦੇ ਮੌਕੇ ‘ਤੇ ਵੱਖ-ਵੱਖ ਪਾਰਟੀ ਮੁੱਖ ਪੱਤਰਾਂ ਦੇ ਸੰਪਾਦਕੀ ਵਿਭਾਗਾਂ ਦੁਆਰਾ ਜੁਲਾਈ 1971 ਨੂੰ ਸੰਯੁਕਤ ਰੂਪ ਵਿੱਚ ਲਿਖੇ ਗਏ ਲੇਖ ਵਿੱਚ ਕਿਹਾ ਗਿਆ ਸੀ : ”ਜੇ ਲਾਈਨ ਸਹੀ ਨਾ ਹੋਵੇ ਤਾਂ ਰਾਜਨੀਤਕ ਸੱਤ੍ਹਾ ‘ਤੇ ਕਬਜਾ ਕਰ ਲਏ ਜਾਣ ਤੋਂ ਬਾਅਦ ਵੀ ਉਹ ਹੱਥ ਚੋਂ ਨਿੱਕਲ ਸਕਦੀ ਹੈ। ਜੇ ਲਾਈਨ ਸਹੀ ਹੋਵੇ ਤਾਂ ਰਾਜਨੀਤਕ ਸੱਤ੍ਹਾ ਨਾ ਹੋਣ ‘ਤੇ ਵੀ ਉਸਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰ ਇੱਕ ਸਹੀ ਲਾਈਨ ਨਾ ਤਾਂ ਅਸਮਾਨ ਤੋਂ ਡਿਗਦੀ ਹੈ ਅਤੇ ਨਾ ਹੀ ਆਪਣੇ ਆਪ ਹੀ ਸ਼ਾਂਤੀਪੂਰਨ ਢੰਗ ਨਾਲ ਪੈਦਾ ਜਾਂ ਵਿਕਸਿਤ ਹੋ ਜਾਂਦੀ ਹੈ, ਸਗੋਂ ਉਹ ਗਲਤ ਲਾਈਨ ਦੀ ਤੁਲਨਾ ਵਿੱਚ ਮੌਜੂਦ ਰਹਿੰਦੀ ਹੈ ਅਤੇ ਉਸ ਨਾਲ ਸੰਘਰਸ਼ ਕਰਨ ਨਾਲ ਵਿਕਸਿਤ ਹੁੰਦੀ ਹੈ।” ਚੀਨੀ ਇਨਕਲਾਬ ਦੀ ਪੂਰੀ ਪ੍ਰਕਿਰਿਆ ਦੌਰਾਨ ਚੀਨ ਦੀ ਕਮਿਊਨਿਸਟ ਪਾਰਟੀ ਅੰਦਰ ਮਾਓ-ਜ਼ੇ-ਤੁੰਗ ਦੀ ਅਗਵਾਈ ਵਾਲ਼ੀ ਸਹੀ ਲਾਈਨ ਨੂੰ ਲਗਾਤਾਰ ਸੱਜੀਆਂ ਅਤੇ ਖੱਬੂ ਮਾਅਰਕੇਬਾਜ਼ ਮੌਕਾਪ੍ਰਸਤ ਲਾਈਨਾਂ ਵਿਰੁੱਧ ਸੰਘਰਸ਼ ਕਰਨਾ ਪਿਆ। ਸਹੀ ਲਾਈਨ ਸਾਹਮਣੇ ਕਦੇ ਸਨ-ਤੂ-ਸਿਊ ਦੀ ਲਾਈਨ ਤਾਂ ਕਦੇ ਲੀ-ਲੀ-ਸਨ ਦੀ ਖੱਬੂ ਮਾਅਰਕੇਬਾਜ਼ੀ ਲਾਈਨ ਸੀ, ਕਦੇ ਵਾਂਗਮਿੰਗ ਦੀ ਪਹਿਲਾਂ ਸੱਜੀ ਅਤੇ ਬਾਅਦ ਵਿੱਚ ਖੱਬੂ ਮਾਅਰਕੇਬਾਜ਼ ਲਾਈਨ ਸੀ ਤਾਂ ਕਦੇ ਚਾਂਗ ਕਵੋ-ਥਾਓ ਦੀ ਭੋਗਪਾਊ ਲਾਈਨ ਸੀ, ਕਦੇ ਫੰਗ-ਤ-ਹਵਾਏ, ਕਾਉ-ਕਾਂਗ ਆਦਿ ਦੀ ਸੱਜੀ ਲਾਈਨ ਸੀ ਤਾਂ ਕਦੇ ਲਿਊ-ਸ਼ਾਓ-ਚੀ ਦੀ ਸੱਜੀ ਸੋਧਵਾਦੀ ਲਾਈਨ ਸੀ। ਦੋ ਲਾਈਨਾਂ ਦੇ ਇਸ ਘੋਲ਼ ਵਿੱਚ ਮਾਓ-ਜ਼ੇ-ਤੁੰਗ ਦੀ ਸਹੀ ਲਾਈਨ ਵਾਲ਼ੀ ਧਾਰਾ ਨੇ ਲਗਾਤਾਰ ਸਮਝੌਤਾਹੀਣ ਘੋਲ ਚਲਾਕੇ ਉਸਨੂੰ ਕਰਾਰੀ ਹਾਰ ਦਿੱਤੀ ਅਤੇ ਇਸੇ ਕਾਰਨ ਉਹ ਨਵਜਮਹੂਰੀ ਇਨਕਲਾਬ ਨੂੰ ਮਹਾਨ ਸਫਲਤਾ ਤੱਕ ਪਹੁੰਚਾ ਸਕੀ। ਇਹੀ ਨਹੀਂ, 1949 ਦੇ ਨਵਜਮਹੂਰੀ ਇਨਕਲਾਬ ਤੋਂ ਬਾਅਦ ਵੀ ਚੀਨ ਦੀ ਪਾਰਟੀ ਵਿੱਚ ਦੋ ਲਾਈਨਾਂ ਦਾ ਇਹ ਘੋਲ਼ ਜ਼ਾਰੀ ਰਿਹਾ। ਮਾਓ ਦੀ ਅਗਵਾਈ ਵਿੱਚ ਸਮਾਜਵਾਦ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਸਹੀ ਲਾਈਨ ਨੇ ਸੋਧਵਾਦੀ ਲਾਈਨ ਵਿਰੁੱਧ ਲਗਾਤਾਰ ਘੋਲ਼ ਕੀਤਾ ਅਤੇ ਚੀਨੀ ਇਨਕਲਾਬ ਨੂੰ ਪਹਿਲਾਂ ਲਿਊ-ਸ਼ਾਓ-ਚੀ, ਡੇਂਗ ਸਿਆਓ ਪਿੰਗ ਅਤੇ ਫਿਰ ਲਿਨ ਪਿਆਓ ਦੀਆਂ ਗਲਤ ਲਾਈਨਾਂ ਨੂੰ ਧੂੜ ਚਟਾਉਂਦੇ ਹੋਏ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ (1966-76) ਦੌਰਾਨ ਸਮਾਜਵਾਦੀ ਸਮਾਜ ਵਿੱਚ ਜਮਾਤੀ ਘੋਲ਼ ਨੂੰ ਜ਼ਾਰੀ ਰੱਖਣ ਅਤੇ ਪੂੰਜੀਵਾਦੀ ਮੁੜਬਹਾਲੀ ਨੂੰ ਰੋਕਣ ਦਾ ਮਹਾਨ ਸਿਧਾਂਤ ਵਿਕਸਿਤ ਕਰਕੇ ਮਾਰਕਸਵਾਦੀ ਵਿਗਿਆਨ ਨੂੰ ਇੱਕ ਨਵੀਂ ਉਚਾਈ ਤੱਕ ਪਹੁੰਚਾ ਦਿੱਤਾ। ਪੂਰੀ ਦੁਨੀਆਂ ਵਿੱਚ ਪੱਛੜੇ ਹੋਏ ਚੀਨ ਵਿੱਚ ਅਨੁਕੂਲ ਜਮਾਤੀ ਤਾਕਤ-ਸੰਤੁਲਨ ਦਾ ਫਾਈਦਾ ਲੈ ਕੇ 1976 ਵਿੱਚ ਚੀਨ ਵਿੱਚ ਨਵੀਂ ਬੁਰਜ਼ੂਆਜ਼ੀ ਭਾਵੇਂ ਸੱਤ੍ਹਾ ‘ਤੇ ਕਾਬਜ ਹੋ ਗਈ  ਹੋਵੇ, ਪਰ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀਆਂ ਸਿੱਖਿਆਵਾਂ ਭਵਿੱਖੀ ਪ੍ਰੋਲੇਤਾਰੀ ਇਨਕਲਾਬਾਂ ਲਈ ਹਮੇਸ਼ਾਂ ਪ੍ਰਸੰਗਿਕ ਬਣੀਆਂ ਰਹਿਣਗੀਆਂ। ਚੀਨ ਦਾ ਇਨਕਲਾਬ ਇਸ ਮੁਕਾਮ ਤੱਕ ਪਹੁੰਚਣ ਵਿੱਚ ਕਾਮਯਾਬ ਰਿਹਾ ਕਿਉਂਕਿ ਉੱਥੋਂ ਦੀ ਪਾਰਟੀ ਨੇ ਪਰਾਈਆਂ ਲਾਈਨਾਂ ਦੇ ਵਿਰੁੱਧ ਕਦੇ ਵੀ ਸਮਝੌਤੇ ਦਾ ਰੂਪ ਨਹੀਂ ਅਪਨਾਇਆ। ਚੀਨੀ ਇਨਕਲਾਬ ਦੀ ਇਹ ਬੁਨਿਆਦੀ ਸਿੱਖਿਆ ਹੈ ਕਿ ਸੱਜੀਆਂ ਅਤੇ ਖੱਬੀਆਂ ਇਹਨਾਂ ਦੋਵਾਂ ਪ੍ਰਵਿਰਤੀਆਂ ਵਿਰੁੱਧ ਸਮਝੌਤਾਹੀਣ ਘੋਲ਼ ਕਰਨ ਵਾਲ਼ੀ ਕਮਿਊਨਿਸਟ ਪਾਰਟੀ ਹੀ ਮਜ਼ਦੂਰ ਇਨਕਲਾਬ ਨੂੰ ਜੇਤੂ ਬਣਾ ਸਕਦੀ ਹੈ। ਸਾਨੂੰ ਏਕਤਾ ਕਾਇਮ ਕਰਨ ਦੇ ਲਾਲਚ ਵਿੱਚ ਕਦੇ ਵੀ ਪਰਾਈਆਂ ਪ੍ਰਵਿਰਤੀਆਂ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਅਤੇ ਇਕਦਮ ਧਾਰਾ ਦੇ ਉਲਟ ਤੈਰਦੇ ਹੋਏ ਵੀ ਸਹੀ ਲਾਈਨ ‘ਤੇ ਅਡਿੱਗ ਰਹਿਣਾ ਚਾਹੀਦਾ ਹੈ। 

(3) ਮਾਓ ਨੇ ਵਾਰ-ਵਾਰ ਇਸ ਸੱਚਾਈ ‘ਤੇ ਜ਼ੋਰ ਦਿੱਤਾ ਸੀ ਕਿ ਮਾਰਕਸਵਾਦ-ਲੈਨਿਨਵਾਦ ਦੀ ਸਰਵਵਿਆਪੀ ਸੱਚਾਈ ਨੂੰ ਆਪਣੇ ਦੇਸ਼ ਦੀਆਂ ਠੋਸ ਹਾਲਤਾਂ ਅਤੇ ਜਮਾਤੀ ਘੋਲ਼ ਦੇ ਠੋਸ ਅਭਿਆਸ ਨਾਲ ਮਿਲਾਉਣ ਵਿੱਚ ਸਫਲਤਾ ਨਾਲ਼ ਚਲਕੇ ਹੀ ਚੀਨੀ ਪਾਰਟੀ ਇਨਕਲਾਬ ਕਰਨ ਵਿੱਚ ਸਫਲ ਹੋ ਸਕੀ। ਮਾਰਕਸਵਾਦ ਨੂੰ ਰਟਣ ਮੰਤਰ ਬਣਾਉਣ ਵਾਲ਼ੇ ਅਤੇ ਕਈ ਦੇਸ਼ਕਾਲ਼ ਦੇ ਸਫ਼ਲ ਇਨਕਲਾਬਾਂ ਦਾ ਵਿਚਾਰਧਾਰਾ ਤੋਂ ਸਿੱਖਣ ਦੀ ਬਜਾਏ ਉਹਨਾਂ ਦੇ ਕੰਮ ਨੂੰ ਵੀ ਭਗਤੀਭਾਵ ਨਾਲ ਅਪਨਾ ਲੈਣ ਵਾਲ਼ੇ ਵਿਵੇਕਹੀਣ ਇਮਾਨਦਾਰ ਅਤੇ ਬਹਾਦਰ ਲੋਕ ਵੀ ਇਨਕਲਾਬ ਨੂੰ ਅੱਗੇ ਨਹੀਂ ਲਿਜਾ ਸਕਦੇ। ਜਿਵੇਂ ਕਿ ਮਾਰਕਸ ਨੇ ਕਿਹਾ ਸੀ-ਅਗਿਆਨ ਨਾਲ ਕਿਸੇ ਦਾ ਭਲਾ ਨਹੀਂ ਹੋ ਸਕਦਾ।

(4) ਚੀਨ ਦੇ ਨਵਜਮਹੂਰੀ ਇਨਕਲਾਬ ਨੇ ਜਨਤਕ ਲੀਹ ਦੀ ਅਟੱਲਤਾ ਨੂੰ ਸਾਬਤ ਕਰਨ ਨਾਲ ਹੀ ਉਸਦੇ ਨਵੇ-ਨਵੇਂ ਅਯਾਮਾਂ ਨੂੰ ਵੀ ਉਦਘਾਟਿਤ ਕੀਤਾ। ਆਪ ਚੀਨੀ ਕਮਿਉਨਿਸਟ ਪਾਰਟੀ ਨੇ ਉੱਪਰ ਲਿਖੇ ਆਪਣੇ ਨਿਚੋੜ ਰੂਪੀ ਲੇਖ ਵਿੱਚ ਲਿਖਿਆ ਹੈ : ”ਜਨਤਕ ਲੀਹ ‘ਤੇ ਕਾਇਮ ਰਹਿਣਾ ਜ਼ਰੂਰੀ ਹੈ। ਲੋਕਾਂ ‘ਤੇ ਭਰੋਸਾ ਅਤੇ ਵਿਸ਼ਵਾਸ਼ ਰੱਖਣਾ ਅਤੇ ਉਸਨੂੰ ਪੂਰਨ ਤੌਰ ‘ਤੇ ਅੰਦੋਲਿਤ ਕਰਨਾ, ‘ਲੋਕਾਂ ਤੋਂ ਲੈ ਕੇ ਲੋਕਾਂ ਨੂੰ ਹੀ ਵਾਪਸ ਕਰ ਦੇਣਾ’, ‘ਲੋਕਾਂ ਦੇ ਵਿਚਾਰਾਂ ਨੂੰ ਇਕੱਠਾ ਕਰਕੇ ਉਹਨਾਂ ਦਾ ਨਿਚੋੜ ਕੱਢਣਾ’, ‘ਉਸਤੋਂ ਬਾਅਦ ਲੋਕਾਂ ਵਿੱਚ ਜਾਣਾ, ਉਹਨਾਂ ਵਿਚਾਰਾਂ ਨੂੰ ਲਾਗੂ ਕਰਨਾ’¸ਇਹ ਸਾਡੀ ਪਾਰਟੀ ਦੇ ਸਾਰੇ ਕੰਮਾਂ ਦੀ ਬੁਨਿਆਦੀ ਲੀਹ ਹੈ। ਅਸੀਂ ਅਜ਼ਾਦੀ , ਪਹਿਲਕਦਮੀ ਅਤੇ ਆਤਮਨਿਰਭਰਤਾ ਦੇ ਨਿਰਦੇਸ਼ਕ ਅਸੂਲਾਂ ‘ਤੇ ਇਸ ਲਈ ਡਟੇ ਰਹਿੰਦੇ ਹਾਂ ਕਿ ਅਸੀਂ ਇਸ ਗੱਲ ‘ਤੇ ਪੱਕਾ ਵਿਸ਼ਵਾਸ਼ ਰਖਦੇ ਹਾਂ ਕਿ ”ਲੋਕ ਅਤੇ ਕੇਵਲ ਲੋਕ ਹੀ ਦੁਨੀਆਂ ਦੇ ਇਤਿਹਾਸ ਦੀ ਉਸਾਰੀ ਕਰਨ ਵਾਲ਼ੀ ਪ੍ਰੇਰਕ ਸ਼ਕਤੀ ਹੁੰਦੀ ਹੈ।” 

(5) ਪੜਾਅ ਚਾਹੇ ਜਮਹੂਰੀ ਇਨਕਲਾਬ ਦਾ ਹੋਵੇ ਜਾਂ ਸਮਾਜਵਾਦੀ ਇਨਕਲਾਬ ਦਾ, ਉਹ ਤਾਂ ਹੀ ਸਫਲ ਹੋ ਸਕਦਾ ਹੈ ਜਦੋਂ ਉਸਨੂੰ ਅਗਵਾਈ ਦੇਣ ਵਾਲ਼ੀ ਕਮਿਊਨਿਸਟ ਪਾਰਟੀ ਜਮਹੂਰੀ ਕੇਂਦਰਵਾਦ ਦੇ ਸਿਧਾਂਤ ‘ਤੇ¸ਯਾਣੀ ਜਮਹੂਰੀਅਤ ‘ਤੇ ਅਧਾਰਤ ਕੇਂਦਰਵਾਦ, ਕੇਂਦਰਵਾਦ ਦੀ ਰਹਿਨੁਮਾਈ ਵਿੱਚ ਜਮਹੂਰੀਅਤ ਦੇ ਸਿਧਾਂਤ ‘ਤੇ ਅਟੱਲ ਹੋਵੇ। ਸੋਵੀਅਤ ਸਮਾਜਵਾਦੀ ਇਨਕਲਾਬ ਦੇ ਵਿਕਾਸ ਦੌਰਾਨ ਵਿਕਸਿਤ ਇਸ ਪਾਰਟੀ ਸਿਧਾਂਤ ਨੂੰ ਚੀਨ ਦੇ ਨਵਜਮਹੂਰੀ ਇਨਕਲਾਬ ਨੇ ਇੱਕਵਾਰ ਫਿਰ ਸਹੀ ਸਿੱਧ ਕੀਤਾ ਅਤੇ ਅੱਗੇ ਵਿਕਸਿਤ ਕੀਤਾ। ਉੱਪਰ ਲਿਖੇ ਚੀਨੀ ਪਾਰਟੀ ਦੇ ਲੇਖ ਵਿੱਚ ਇਹ ਸਪੱਸ਼ਟ ਦੱਸਿਆ ਗਿਆ ਹੈ ਕਿ : ”ਸਾਨੂੰ ਪਾਰਟੀ ਦੇ ਅੰਦਰ ਅਤੇ ਬਾਹਰ ਇੱਕ ਅਜਿਹੀ ਰਾਜਨੀਤਕ  ਹਾਲਤ ਪੈਦਾ ਕਰਨੀ ਚਾਹੀਦੀ ਹੈ ਜਿਸ ਵਿੱਚ ਕੇਂਦਰਵਾਦ ਦੇ ਨਾਲ ਜਮਹੂਰੀਅਤ ਹੋਵੇ, ਅਨੁਸ਼ਾਸ਼ਨ ਦੇ ਨਾਲ ਅਜ਼ਾਦੀ ਹੋਵੇ ਅਤੇ ਏਕੀਕ੍ਰਿਤ ਇਰਾਦੇ ਦੇ ਨਾਲ-ਨਾਲ ਵਿਅਕਤੀਗਤ ਜ਼ਿਹਨੀ ਸਕੂਨ ਅਤੇ ਸਜੀਵਤਾ ਤੇ ਸਫੂਰਤੀ ਹੋਵੇ। ਸਾਡੀ ਪਾਰਟੀ ਇੱਕ ਜੁਝਾਰੂ ਪਾਰਟੀ ਹੈ, ਬਿਨਾਂ ਕੇਂਦਰਵਾਦ, ਅਨੁਸ਼ਾਸ਼ਨ ਅਤੇ ਏਕੀਕ੍ਰਿਤ ਇਰਾਦੇ ਦੇ ਉਹ ਦੁਸ਼ਮਣ ਨੂੰ ਹਰਾ ਨਹੀਂ ਸਕਦੀ। ਤੋਂ ਬਿਨਾਂ ਸਹੀ ਕੇਂਦਰਵਾਦ ਨਹੀਂ ਹੋ ਸਕਦਾ। ਇਸ ਲਈ ਕਾਮਰੇਡ ਮਾਓ-ਜ਼ੇ-ਤੁੰਗ ਹਮੇਸ਼ਾਂ ”ਮੇਰੀ ਹੀ ਚਲਦੀ ਹੈ” ਵਾਲ਼ੇ ਤੌਰ ਤਰੀਕੇ ਦਾ ਵਿਰੋਧ ਕਰਦੇ ਹਨ ਅਤੇ ”ਸਭ ਲੋਕਾਂ ਨੂੰ ਬੋਲਣ ਦਿਓ” ਵਾਲ਼ੇ ਤੌਰ-ਤਰੀਕੇ ਦੀ ਹਮਾਇਤ ਕਰਦੇ ਹਨ ਅਤੇ ਝੂਠ ਬੋਲਣ ਦਾ ਵਿਰੋਧ ਕਰਦੇ ਹਨ ਅਤੇ ਸੱੱਚ ਕਹਿਣ ਦੀ ਹਮਾਇਤ ਕਰਦੇ ਹਨ। ਉਹ ਸਾਹਸ ਨਾਲ ਅਲੋਚਨਾ ਅਤੇ ਆਤਮਅਲੋਚਨਾ ਕਰਨ ਦੇ ਪ੍ਰੋਲੇਤਾਰੀ ਇਨਕਲਾਬੀ ਕਾਰਜ ਦੇ ਵਾਰਿਸਾਂ ਲਈ ਸ਼ਰਤਾਂ ਵਿੱਚੋਂ ਇੱਕ ਸਮਝਦੇ ਹਨ। ਸਾਨੂੰ ਚਾਹੀਦਾ ਹੈ ਕਿ ਪਾਰਟੀ ਦੀ ਪਰੰਪਰਾਗਤ ਜਮਹੂਰੀ ਕਾਰਜਸ਼ੈਲੀ ਦਾ ਵਿਕਾਸ ਕਰੀਏ। ਅਕਸਰ ਅਲੋਚਨਾ ਅਤੇ ਆਤਮਅਲੋਚਨਾ ਕਰੀਏ, ਸੱਚਾਈ ‘ਤੇ ਕਾਇਮ ਰਹੀਏ ਅਤੇ ਗਲਤੀਆਂ ਵਿੱਚ ਸੁਧਾਰ ਕਰੀਏ।” 

(6) ਚੀਨ ਦੇ ਨਵਜਮਹੂਰੀ ਇਨਕਲਾਬ ਦੀ ਇਹ ਸਿੱਖਿਆ ਅੱਜ ਵੀ ਪ੍ਰਸੰਗਿਕ ਹੈ ਕਿ ਲੋਕਾਂ ਦੀਆਂ ਸਾਰੀਆਂ ਜਮਾਤਾਂ ਦੇ ਇੱਕ ਸਾਝੇ ਮੋਰਚੇ ਦੀ ਉਸਾਰੀ ਤੋਂ ਬਿਨਾਂ ਇਨਕਲਾਬ ਕਦੇ ਵੀ ਸਫ਼ਲ ਨਹੀਂ ਹੋ ਸਕਦਾ। ਅੱਜ ਫਰਕ ਸਿਰਫ ਇਹ ਹੈ ਕਿ ਜਮਹੂਰੀ ਇਨਕਲਾਬ ਤੋਂ ਅਲੱਗ, ਸਮਾਜਵਾਦੀ ਇਨਕਲਾਬ ਦੇ ਪੜਾਅ ਵਿੱਚ ਪੂੰਜੀਪਤੀ ਫਾਰਮਰ ਸਾਂਝੇ ਮੋਰਚੇ ਦੇ ਹਿੱਸੇਦਾਰ ਨਾ ਹੋ ਕੇ ਇਨਕਲਾਬ ਦੇ ਦੁਸ਼ਮਣ ਹਨ। ਹੁਣ ਮੋਰਚਾ ਚਾਰ ਜਮਾਤਾਂ ਦਾ ਨਹੀਂ ਸਗੋਂ ਤਿੰਨ ਜਮਾਤਾਂ ਦਾ ਹੋਵੇਗਾ, ਜਿਸ ਵਿੱਚ ਮੱਧ ਵਰਗ ਅਤੇ ਦਰਮਿਆਨੇ ਕਿਸਾਨ ਡਾਵਾਂਡੋਲ ਸੰਗੀ ਦੇ ਰੂਪ ਵਿੱਚ ਸ਼ਾਮਿਲ ਹੋਣਗੇ। ਪਰ ਸਮਾਜਵਾਦੀ ਇਨਕਲਾਬ ਪੱਖੀ ਜਮਾਤਾਂ ਦੇ ਸਾਂਝੇ ਮੋਰਚੇ ਤੋਂ ਬਿਨਾਂ ਪ੍ਰੋਲੇਤਾਰੀ ਜਮਾਤ ਇਕੱਲੀ ਇਨਕਲਾਬ ਨਹੀਂ ਕਰ ਸਕਦੀ। 

(7) ਚੀਨ ਵਿੱਚ ਨਵਜਮਹੂਰੀ ਇਨਕਲਾਬ ਨੇ ਇਸ ਸਰਵਵਿਆਪੀ ਸੱਚਾਈ ਨੂੰ ਇੱਕ ਵਾਰ ਫਿਰ ਸਿੱਧ ਕੀਤਾ ਹੈ ਕਿ ਲੋਟੂ ਜਮਾਤ ਤੋਂ ਕੇਵਲ ਹਥਿਆਰਾਂ ਨਾਲ ਹੀ ਸੱਤ੍ਹਾ ਖੋਹੀ ਜਾ ਸਕਦੀ ਹੈ। ਸ਼ਾਂਤੀਪੂਰਨ ਤਬਦੀਲੀ ਦਾ ਦੌਰ ਕਦੇ ਵੀ ਸੰਭਵ ਨਹੀਂ। ਅਜਿਹੀਆਂ ਗੱਲਾਂ ਕਰਨ ਵਾਲ਼ੇ ਸਾਰੇ ਸੋਧਵਾਦੀ ਅਤੇ ਸੰਸਦ ਮਾਰਗੀ ਇਨਕਲਾਬ ਦੇ ਦੁਸ਼ਮਣ ਹਨ। ਸਾਨੂੰ ਸੋਧਵਾਦ ਦੀ ਹਰ ਕਿਸਮ ਦੇ ਵਿਰੁੱਧ ਲਗਾਤਾਰ ਸਮਝੌਤਾਹੀਣ ਘੋਲ਼ ਕਰਨਾ ਚਾਹੀਦਾ ਹੈ। ਸਾਨੂੰ ਸਦਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜਮਾਤੀ ਘੋਲ਼ ਦੇ ਨੀਵੇਰੇ ਰੂਪਾਂ ਨੂੰ ਵਿਕਸਿਤ ਹੁੰਦੇ ਹੋਏ ਨਿਰਣਾਇਕ ਹਥਿਆਰਬੰਦ ਘੋਲ਼ ਦੀ ਦਿਸ਼ਾ ਵਿੱਚ ਅੱਗੇ ਵਧਣਾ ਹੁੰਦਾ ਹੈ। ਮਜ਼ਦੂਰ ਜਮਾਤ ਦੀ ਇਨਕਲਾਬੀ ਪਾਰਟੀ ਇਸ ਗੱਲ ਦਾ ਸਦਾ ਧਿਆਨ ਰਖਦੀ ਹੈ ਕਿ ਕਿਰਤੀ ਲੋਕਾਂ ਨੂੰ, ਇਨਕਲਾਬੀ ਵਿਕਾਸ ਦੇ ਇੱਕ ਸੁਨਿਸ਼ਿਚਤ ਪੜਾਅ ‘ਤੇ ਪਹੁੰਚਾ ਕੇ ਹਥਿਆਰਬੰਦ ਕਰਨਾ ਹੁੰਦਾ ਹੈ। ਪਰ ਬਿਨਾਂ ਵਿਆਪਕ ਲੋਕਾਂ ਨੂੰ ਜਾਗ੍ਰਿਤ, ਲਾਮਬੰਦ ਅਤੇ ਜਥੇਬੰਦ ਕੀਤੇ ਬਿਨਾਂ, ਮੁੱਠੀਭਰ ਬਹਾਦਰ ਇਨਕਲਾਬੀਆਂ ਦੁਆਰਾ ਹਥਿਆਰਬੰਦ ਘੋਲ਼ ਛੇੜਨ ਦੀ ਹਰ ਕੋਸ਼ਿਸ਼ ”ਖੱਬੂ” ਮਾਅਰਕੇਬਾਜ਼ ਬਚਕਾਨੇਪਣ ਤੋਂ ਬਿਨਾਂ ਹੋਰ ਕੁੱਝ ਵੀ ਨਹੀਂ ਹੁੰਦੀ ਅਤੇ ਇਹ ਇਨਕਲਾਬ ਲਈ ਆਤਮਘਾਤੀ ਹੁੰਦੀ ਹੈ। ਜਨਤਕ ਲੀਹ ਨੂੰ ਤਿਲਾਂਜਲੀ ਦੇ ਕੇ ਇਨਕਲਾਬ ਦੀ ਸਫਲਤਾ ਦੀ ਇੱਛਾ ਹਵਾਈ ਉਡਾਨ ਤੋਂ ਵਧਕੇ ਕੁੱਝ ਵੀ ਨਹੀਂ ਹੁੰਦੀ। 

ਅਸੀਂ ਇਸ ਸੱਚਾਈ ਤੋਂ ਮੂੰਹ ਨਹੀਂ ਮੋੜ ਸਕਦੇ ਕਿ ਪਿਛਲੀਆਂ ਸਦੀਆਂ ਦੇ ਪ੍ਰੋਲੇਤਾਰੀ ਇਨਕਲਾਬਾਂ ਦੀਆਂ ਹਾਰਾਂ ਤੋਂ ਬਾਅਦ ਦੁਨੀਆਂ ਪਿਛਲੇ ਤਿੰਨ ਦਹਾਕਿਆਂ ਤੋਂ ਸੰਸਾਰ ਵਿਆਪੀ ਪਿਛਾਖੜ ਦੇ ਗਹਿਰੇ ਹਨ੍ਹੇਰੇ ਵਿੱਚ ਜਾ ਰਹੀ ਹੈ ਅਤੇ ਇਨਕਲਾਬ ਦੀ ਲਹਿਰ ‘ਤੇ ਉਲਟ ਇਨਕਲਾਬ ਦੀ ਲਹਿਰ ਪ੍ਰਚੰਡ ਰੂਪ ਨਾਲ ਹਾਵੀ ਬਣੀ ਹੋਈ ਹੈ। ਪਰ ਇਹ ਮਨੁੱਖੀ ਸੱਭਿਅਤਾ ਦੇ ਇਤਿਹਾਸ ਦਾ ਅੰਤ ਨਹੀਂ ਹੈ। ਪੂੰਜੀਵਾਦ ਅਜਰ ਅਮਰ ਨਹੀਂ ਹੈ। ਉਹ ਅੱਜ ਵੀ ਅੰਤਕਾਰੀ ਬਿਮਾਰੀਆਂ ਨਾਲ ਗ੍ਰਸਤ ਹੈ ਅਤੇ ਸਿਰਫ਼ ਜੜ੍ਹਤਾ ਦੀ ਤਾਕਤ ਨਾਲ ਜਿਉਂਦਾ ਹੈ। ਬੀਤੇ ਵਿੱਚ ਵੀ ਇਨਕਲਾਬ ਵਾਰ-ਵਾਰ ਹਾਰਕੇ ਧੂੜ ਰਾਖ ‘ਚੋਂ ਮੁੜ ਸੁਰਜੀਤ ਹੋ ਕੇ ਉੱਠ ਖੜ੍ਹੇ ਹੁੰਦੇ ਰਹੇ ਹਨ ਅਤੇ ਪੁਰਾਣੇ ਯੁੱਗ ਅਸਤ ਅਤੇ ਨਵੇਂ ਯੁੱਗ ਦਾ ਸੂਤਰਪਾਤ ਹੁੰਦਾ ਰਿਹਾ ਹੈ। ਇਹੀ ਸਮਾਜ ਵਿਕਾਸ ਦਾ ਬੁਨਿਆਦੀ ਨਿਯਮ ਹੈ। ਸੰਸਾਰ ਪੂੰਜੀਵਾਦ ਦੇ ਅਭੂਤਪੂਰਵ ਢਾਂਚਾਗਤ ਸੰਕਟ ਇਹ ਸੰਕੇਤ ਦੇ ਰਹੇ ਹਨ ਕਿ ਇਹ ਸਦੀ ਮਜ਼ਦੂਰ ਜਮਾਤ ਅਤੇ ਬੁਰਜ਼ੂਆਜ਼ੀ ਦਰਮਿਆਨ ਇਤਿਹਾਸਕ ਮਹਾਂਯੁੱਧ ਦੇ ਦੂਜੇ ਅਤੇ ਨਿਰਣਾਇਕ ਰਾਉਂਡ ਦੀ ਸਦੀ ਹੈ। ਇਹ ਪ੍ਰੋਲੇਤਾਰੀ ਇਨਕਲਾਬ ਦੀ ਨਿਰਣਾਇਕ ਜਿੱਤ ਦੀ ਸਦੀ ਹੈ।

ਪਰ ਇਸ ਲਈ ਜ਼ਰੂਰੀ ਹੈ ਕਿ ਦੁਨੀਆਂ ਭਰ ਵਿੱਚ ਖਿੰਡੀ ਹੋਈ, ਪ੍ਰੋਲੇਤਾਰੀ ਜਮਾਤ ਦੀਆਂ ਹਿਰਾਵਲ ਤਾਕਤਾਂ, ਚੀਨ  ਦੀ ਕਮਿਉਨਿਸਟ ਪਾਰਟੀ ਦੀ ਹੀ ਤਰਾਂ ਸਾਹਸ ਨਾਲ, ਆਪਣੇ ਦੇਸ਼ਕਾਲ਼ ਹਾਲਾਤਾਂ ਦਾ ਅਧਿਐਨ ਕਰਨ, ਬੀਤੇ ਦੇ ਇਨਕਲਾਬਾਂ ਦੇ ਪ੍ਰੋਗਰਾਮ ਅਤੇ ਨਾਹਰੇ ਉਧਾਰ ਲੈਣ ਜਾਂ ਲਕੀਰ ਕੁੱਟਣ ਦੀ ਬਜਾਇ ਉਹਨਾਂ ਦੇ ਵਿਚਾਰਧਾਰਕ-ਰਾਜਨੀਤਕ ਸਾਰਤੱਤ ਨੂੰ ਆਤਮਸਾਤ ਕਰਨ ਅਤੇ ਆਪਣੇ-ਆਪਣੇ ਦੇਸ਼ਾਂ ਵਿੱਚ ਇਨਕਲਾਬੀ ਕਮਿਉਨਿਸਟ ਪਾਰਟੀ ਦੀ ਮੁੜ ਉਸਾਰੀ ਅਤੇ ਮੁੜ ਗਠਨ ਦੀ ਦਿਸ਼ਾ ਵਿੱਚ ਦ੍ਰਿੜਤਾਪੂਰਵਕ ਅੱਗੇ ਵਧਣ। ਇਸ ਸੰਦਰਭ ਵਿੱਚ ਚੀਨੀ ਇਨਕਲਾਬ ਦੇ ਉਪਰੋਕਤ ਤਜਰਬਿਆਂ ਅਤੇ ਸਿੱਖਿਆਵਾਂ ਦਾ ਉਹਨਾਂ ਲਈ ਵਿਸ਼ੇਸ਼ ਅਤੇ ਜ਼ਰੂਰੀ ਮਹੱਤਵ ਹੈ।

“ਪ੍ਰਤੀਬੱਧ”, ਅੰਕ 04, ਅਕਤੂਬਰ-ਦਸੰਬਰ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s