ਸੋਧਵਾਦੀ ਚੀ.ਕ.ਪਾ. ਵੱਲੋਂ 18 ਵੀਂ ਪਾਰਟੀ ਕਾਂਗਰਸ ਵਿੱਚ ਭ੍ਰਿਸ਼ਟਾਚਾਰ ਵਿਰੋਧੀ ”ਜੰਗ” ਦਾ ਐਲਾਨ ਲੋਕਾਂ ਦੀ ਨਹੀਂ ਜੋਕਾਂ ਦੀ ਫਿਰਕਮੰਦੀ -ਲਖਵਿੰਦਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਚੀਨ ਦੀ ਕਮਿਊਨਿਸਟ ਪਾਰਟੀ ਜੋ ਕਿ ਇੱਕ ਸੋਧਵਾਦੀ ਪਾਰਟੀ ਹੈ, ਭਾਵ ਜੋ ਦਿਖਾਵਾ ਤਾਂ ਮਜ਼ਦੂਰ ਜਮਾਤ ਦੀ ਪਾਰਟੀ ਹੋਣ ਦਾ ਕਰਦੀ ਹੈ ਪਰ ਸੇਵਾ ਸਰਮਾਏਦਾਰ ਜਮਾਤ ਦੀ ਕਰਦੀ ਹੈ, ਦੀ 18ਵੀਂ ਕਾਂਗਰਸ 8 ਨਵੰਬਰ ਤੋਂ 14 ਨਵੰਬਰ 2012 ਤੱਕ ਬੀਜਿੰਗ ਵਿੱਚ ਹੋਈ। ਕਮਿਊਨਿਸਟ ਸ਼ਬਦਾਵਲੀ ਵਾਲ਼ੇ ਨਾਅਰੇ, ਬੈਨਰ, ਲਾਲ ਝੰਡੇ, ਮੰਚ, ਲਾਲੋ ਲਾਲ ਹੋਇਆ ਬੀਜ਼ਿੰਗ ਸ਼ਹਿਰ ਭਾਵ ਲੋਕਾਂ ਨੂੰ ਇਹ ਜਚਾਉਣ ਲਈ ਕਿ ਚੀ.ਕ.ਪਾ. ਸੱਚੀ ਕਮਿਊਨਿਸਟ ਪਾਰਟੀ ਹੈ ਸਭ ਤਰ੍ਹਾਂ ਦਾ ਵਿਖਾਵਾ ਕੀਤਾ ਗਿਆ। ਪਾਰਟੀ ਕਾਂਗਰਸ ਵਿੱਚ ਵਿੱਚ ਪੇਸ਼ ਰਿਪੋਰਟਾਂ, ਭਾਸ਼ਣਾਂ, ਦਸਤਾਵੇਜਾਂ, ਨਾਅਰਿਆਂ ਵਿੱਚ ਕਮਿਊਨਿਸਟਾਂ ਦੀ ਸ਼ਬਦਾਵਲੀ ਦਾ ਰੱਜ ਕੇ ਪ੍ਰਯੋਗ ਕੀਤਾ ਗਿਆ। ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਰੱਖਣ ਲਈ ਸੋਧਵਾਦੀਆਂ ਨੂੰ ਇਸ ਤਰ੍ਹਾਂ ਦੇ ਢੋਂਗ-ਵਿਖਾਵਿਆਂ ਦੀ ਜ਼ਰੂਰਤ ਪੈਂਦੀ ਹੀ ਹੈ। ਸੰਸਾਰ ਦੇ ਸਾਰੇ ਸੋਧਵਾਦੀ ਜੋ ਚੀ.ਕ.ਪਾ. ਨੂੰ ਹਿੱਕ ਠੋਕ ਕੇ ਸਹੀ ਕਹਿੰਦੇ ਹਨ ਜਿਵੇਂ ਕਿ ਭਾਰਤ ‘ਚ ਭਾਕਪਾ ਅਤੇ ਮਾਕਪਾ ਜਿਹੀਆਂ ਪਾਰਟੀਆਂ ਕਹਿੰਦੀਆਂ ਹਨ ਜਾਂ ਜੋ ਚੀ.ਕ.ਪਾ. ਬਾਰੇ ਕੁਝ ਵੀ ਕਹਿਣ ਨੂੰ ਜਲਦਬਾਜੀ ਕਰਾਰ ਦਿੰਦੇ ਹਨ ਅਤੇ ਚੀਨੀ ”ਕਮਿਊਨਿਸਟਾਂ” ਦੇ ਤਜ਼ਰਬੇ ਨੂੰ ਧਿਆਨ ਨਾਲ਼ ਵੇਖਦੇ ਰਹਿਣ ਦੀ ਸਲਾਹ ਦਿੰਦੇ ਹਨ (ਜਿਵੇਂ ਕਿ ਭਾਕਪਾ (ਮਾਲੇ) ਲਿਬਰੇਸ਼ਨ ਕਹਿੰਦੀ ਹੈ) ਲਈ ਚੀ.ਕ.ਪਾ. ਦਾ ਇਹ ਸਾਰਾ ਵਿਖਾਵਾ ਲੋਕਾਂ ਨੂੰ ਮੂਰਖ ਬਣਾਉਣ ਲਈ ਕਾਫੀ ਸਹਾਇਕ ਸਿੱਧ ਹੋਇਆ ਹੋਵੇਗਾ। ਚੀਨ ਵਿਚਲੇ ਹਾਲਾਤਾਂ ਬਾਰੇ ਚੀਨ ਸਮੇਤ ਦੁਨੀਆ ਭਰ ਦੇ ਸੋਧਵਾਦੀਆਂ ਦੁਆਰਾ ਲੋਕਾਂ ਵਿੱਚ ਬੋਲੇ ਜਾਂਦੇ ਝੂਠ ਦਾ ਪਰਦਾਫਾਸ਼ ਕਰਨਾ ਬੇਹੱਦ ਜ਼ਰੂਰੀ ਹੈ। ਇਹ ਜ਼ਰੂਰੀ ਹੈ ਕਿਉਂ ਕਿ ਚੀਨੀ ਸੋਧਵਾਦੀਆਂ ਦੀਆਂ ਬੁਰਜੂਆ ਨੀਤੀਆਂ ਅਤੇ ਕਾਲੇ ਕਾਰਨਾਮਿਆਂ ਦਾ ਸਹਾਰਾ ਲੈ ਕੇ ਸੰਸਾਰ ਸਰਮਾਏਦਾਰੀ, ਉਸਦੇ ਦੇ ਕਿਰਾਏ ਦੇ ਕਲਮਘਸੀਟ ਥਿੰਕਟੈਂਕ, ਵਿਸ਼ਾਲ ਬੁਰਜੂਆ ਮੀਡੀਆ ਕਮਿਊਨਿਸਟ ਵਿਚਾਰਧਾਰਾ ਨੂੰ ਹੀ ਗਲਤ ਕਰਾਰ ਦੇ ਰਹੇ ਹਨ। ਇਹ ਜਦੋਂ ਚੀਨ ਵਿਚਲੇ ਬੁਰੇ ਹਾਲਾਤਾਂ ਦੀ ਗੱਲ ਕਰਦੇ ਹਨ ਤਾਂ ਕਹਿੰਦੇ ਹਨ ਕਿ ਇਹ ਮਾਰਕਸਵਾਦੀ, ਲੈਨਿਨਵਾਦੀ, ਮਾਓਵਾਦੀ ਵਿਚਾਰਧਾਰਾ ਦੇ ਗਲਤ ਸਿੱਧ ਹੋਣ ਦਾ ਸਬੂਤ ਹੈ। ਚੀਨੀ ਸੋਧਵਾਦੀਆਂ ਦੇ ਕਾਲੇ ਕਾਰਨਾਮਿਆ ਦੀ ਗੱਲ ਕਰਦੇ ਹੋਏ ਇਹ ਅਸਲ ਵਿੱਚ ਮਾਰਕਸਵਾਦੀ ਵਿਚਾਰਧਾਰਾ, ਸੱਚੀਆਂ ਕਮਿਊਨਿਸਟ ਪਾਰਟੀਆਂ, ਆਗੂਆਂ, ਕਾਰਕੁੰਨਾਂ ਨੂੰ ਬਦਨਾਮ  ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਜਦ ਚੀ.ਕ.ਪਾ. ਦੁਆਰਾ ਸਰਮਾਏਦਾਰਾ ਨੀਤੀਆਂ ਲਾਗੂ ਕਰਦੇ ਹੋਏ ਤੇਜ਼ ਰਫ਼ਤਾਰ ਹੋ ਰਹੇ ”ਵਿਕਾਸ” ਦੀ ਗੱਲ ਕਰਦੇ ਹਨ ਤਾਂ ਇਹ ਬੁਰਜੂਆ ਵਿਚਾਰਧਾਰਾ ਅਤੇ ਨੀਤੀਆਂ ਦੀ ਉੱਤਮਤਾ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ”ਵਿਕਾਸ” ਦੀ ਗੱਲ ਕਰਦੇ ਹੋਏ ਉਹ ਕਹਿੰਦੇ ਹਨ ਕਿ ਵੇਖੋ ਚੀਨ ਦੇ ਕਮਿਊਨਿਸਟ ਹੁਣ ਸਮਝਦਾਰ ਹੁੰਦੇ ਜਾ ਰਹੇ ਹਨ ਤੇ ਸਮਾਜਵਾਦ ਫੇਲ ਹੋ ਜਾਣ ਤੋਂ ਬਾਅਦ ਹੁਣ ਬੁਰਜੂਆ ਨੀਤੀਆਂ ਲਾਗੂ ਕਰ ਰਹੇ ਹਨ। ਕੁਲ ਮਿਲਾ ਕੇ ਉਹ ਸੰਸਾਰ ਦੇ ਕਿਰਤੀ ਲੋਕਾਂ ਨੂੰ ਇਹ ਸੰਦੇਸ਼ ਦਿੰਦੇ ਹਨ ਕਿ ਗਰੀਬੀ, ਕੰਗਾਲੀ, ਬਦਹਾਲੀ ਤੋਂ ਮੁਕਤੀ ਦੇ ਸੁਫਨੇ ਨਾ ਲਵੋ, ਸਮਾਜਵਾਦੀ ਪ੍ਰਬੰਧ ਫੇਲ ਹੋ ਚੁੱਕਾ ਪ੍ਰਬੰਧ ਹੈ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰਹਿਤ ਸਮਾਜ ਦੀ-ਕਮਿਊਨਿਸਟ ਸਮਾਜ ਦੀ ਉਸਾਰੀ ਅਸੰਭਵ ਹੈ! ਉਹ ਬੁਰਜੂਆ ਪ੍ਰਬੰਧ ਨੂੰ ਸਰਵਉੱਤਮ ਪ੍ਰਬੰਧ ਕਹਿੰਦੇ ਹੋਏ ‘ਸੁਧਾਰਾਂ’ ਦੇ ਐਲਾਨਨਾਮੇ ਜਾਰੀ ਕਰਦੇ ਹਨ। ਇਹ ਜ਼ਰੂਰੀ ਹੈ ਕਿ ਸੱਚ ‘ਤੇ ਪਾਇਆ ਜਾ ਰਿਹਾ ਇਹ ਮਿੱਟੀ-ਘੱਟਾ ਹਟਾਇਆ ਜਾਵੇ।

ਚੀ.ਕ.ਪਾ. ਦੀ ਅਠਾਰ੍ਹਵੀਂ ਕਾਂਗਰਸ ਵਿੱਚ ਚੀਨ ਵਿੱਚ ਵੱਡੇ ਪੱਧਰ ‘ਤੇ ਫੈਲ ਚੁੱਕੇ ਭ੍ਰਿਸ਼ਟਾਚਾਰ ਦਾ ਮੁੱਦਾ ਛਾਇਆ ਰਿਹਾ। ਇਸਦੇ ਨਾਲ ਹੀ ਲੋਕਾਂ ਦੀ ਬੁਰੀ ਹਾਲਤ ਬਾਰੇ ”ਗੰਭੀਰ” ਚਰਚਾ ਵੀ ਹੋਈ। ਪਾਰਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਰਾਸ਼ਟਰਪਤੀ ਦੇ ਅਹੁਦੇ ਤੋਂ ਮਾਰਚ 2013 ਵਿੱਚ ਫਾਰਗ ਹੋਣ ਜਾ ਰਹੇ ਹੂ ਜਿੰਤਾਓ ਨੇ ਪਾਰਟੀ ਕਾਂਗਰਸ ਦੇ ਉਦਘਾਟਨੀ ਭਾਸ਼ਣ ਵਿੱਚ ਹੀ ਇਹ ਕਿਹਾ ਕਿ ਉਸਦੀ ਅਗਵਾਈ ਵਾਲ਼ੇ ਪਿਛਲੇ 10 ਸਾਲਾਂ ਵਿੱਚ ਭ੍ਰਿਸ਼ਟਾਚਾਰ ਚੀਨੀ ਸਮਾਜ ਵਿੱਚ ਵੱਡੇ ਪੱਧਰ ‘ਤੇ ਫੈਲ ਚੁੱਕਾ ਹੈ। ਉਸਨੇ ਮੰਨਿਆ ਕਿ ਲੋਕਾਂ ਨੂੰ ਸਿਹਤ, ਸਿੱਖਿਆ, ਰੁਜ਼ਗਾਰ, ਆਵਾਸ, ਸਮਾਜਿਕ ਸੁਰੱਖਿਆ ਦੀਆਂ ਸਮੱਸਿਆਵਾਂ ਦਾ ਵੱਡੇ ਪੱਧਰ ‘ਤੇ ਸਾਹਮਣਾ ਕਰਨਾ ਪੈ ਰਿਹਾ ਹੈ। ਉਸਨੇ ਕਿਹਾ ਕਿ ਪਾਰਟੀ ਕਾਂਗਰਸ ਵਿੱਚ ਨਵੀਂ ਚੁਣੀ ਜਾ ਰਹੀ ਪਾਰਟੀ ਲੀਡਰਸ਼ਿਪ ਨੂੰ ਭ੍ਰਿਸ਼ਟਾਚਾਰ ਨੂੰ ਚੀਨੀ ਲੋਕਾਂ ਦੇ ਮੁੱਖ ਦੁਸ਼ਮਣ ਦੀ ਤਰ੍ਹਾਂ ਨਜਿੱਠਣਾ ਪਵੇਗਾ। ਇਸ ਇਕਬਾਲੀਆ ਬਿਆਨ ਵਿੱਚ ਕੁੱਲ ਸੱਚਾਈ ਦਾ ਕੁਝ ਅੰਸ਼ ਹੀ ਹੈ। 

ਅਸਲ ਵਿੱਚ ਸੋਧਵਾਦੀ ਚੀ.ਕ.ਪਾ. ਰਿਸ਼ਵਤਖੋਰੀ, ਘਪਲੇ-ਘੋਟਾਲੇ, ਅਹੁਦੇ ਦੇ ਦੁਰਉਪਯੋਗ, ਭਾਈ ਭਤੀਜਾਵਾਦ ਆਦਿ ਰੂਪਾਂ ਵਿੱਚ ਚੀਨ ਵਿੱਚ ਵੱਡੇ ਪੱਧਰ ‘ਤੇ ਫੈਲੇ ਭ੍ਰਿਸ਼ਟਾਚਾਰ ਨੂੰ ਚੀਨੀ ਲੋਕਾਂ ਦਾ ਮੁੱਖ ਦੁਸ਼ਮਣ ਕਰਾਰ ਦਿੰਦੇ ਹੋਏ ਅਸਲ ਦੁਸ਼ਮਣ ਤੋਂ ਲੋਕਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਚੀ.ਕ.ਪਾ. ਅੱਜ ਵੀ ਪੂਰੀ ਬੇਸ਼ਰਮੀ ਨਾਲ਼ ਚੀਨ ਵਿੱਚ ਸਮਾਜਵਾਦ ਹੋਣ ਦਾ ਦਾਅਵਾ ਕਰਦੀ ਹੈ। ਉਸਦਾ ਕਹਿਣਾ ਹੈ ਕਿ ਚੀਨ ਵਿੱਚ ”ਚੀਨੀ ਵਿਸ਼ੇਸ਼ਤਾਈਆਂ ਵਾਲ਼ਾ ਸਮਾਜਵਾਦ” ਹੈ। ਇਸਨੂੰ ਚੀਨੀ ਸੋਧਵਾਦੀਏ ”ਮੰਡੀ ਸਮਾਜਵਾਦ” ਦੀ ਸੰਗਿਆ ਦਿੰਦੇ ਹਨ। ਪਰ ਸੱਚ ਇਹ ਹੈ ਕਿ ਚੀਨ ਵਿੱਚ ਸਮਾਜਵਾਦੀ ਪ੍ਰਬੰਧ ਨਹੀਂ ਰਿਹਾ ਅਤੇ ਉੱਥੇ ਸਰਮਾਏਦਾਰੀ ਪ੍ਰਬੰਧ ਦੀ ਮੁੜਬਹਾਲੀ ਹੋ ਚੁੱਕੀ ਹੈ। ਚੀਨ ਦੇ (ਕਿਰਤੀ) ਲੋਕਾਂ ਦਾ ਸਭ ਤੋਂ ਵੱਡਾ ਦੁਸ਼ਮਣ ਸਰਮਾਏਦਾਰੀ ਹੈ ਜਿਸਦੀ ਕਿ ਸੋਧਵਾਦੀ ਚੀ.ਕ.ਪਾ. ਨੁਮਾਇੰਦਗੀ ਕਰ ਰਹੀ ਹੈ। ਸਰਮਾਏਦਾਰਾ ਪ੍ਰਬੰਧ, ਜਿਸ ਵਿੱਚ ਕਿਰਤ ਸ਼ਕਤੀ ਲੁੱਟ ਰਾਹੀਂ ਪਰਜੀਵੀ ਸਰਮਾਏਦਾਰ ਜਮਾਤ ਅਥਾਹ ਮੁਨਾਫੇ ਹਾਸਲ ਕਰਕੇ ਆਪਣੇ ਲਈ ਖੁਸ਼ਹਾਲੀ ਦੇ ਟਾਪੂ ਅਤੇ ਕਿਰਤੀ ਲੋਕਾਂ ਲਈ ਗਰੀਬੀ ਦਾ ਮਹਾਂਸਾਗਰ ਤਿਆਰ ਕਰਦੀ ਹੈ, ਤਾਂ ਆਪਣੇ ਆਪ ਵਿੱਚ ਹੀ ਭ੍ਰਿਸ਼ਟਾਚਾਰ ਹੈ। ਕਿਰਤ ਸ਼ਕਤੀ ਦੀ ਲੁੱਟ ਰਾਹੀਂ ਮੁਨਾਫਾ ਕਮਾਉਣ ਨੂੰ ਸਰਮਾਏਦਾਰਾ ਪ੍ਰਬੰਧ ਵਿੱਚ ਕਨੂੰਨੀ ਮਾਨਤਾ ਹਾਸਿਲ ਹੁੰਦੀ ਹੈ। ਇਹ ਕਨੂੰਨੀ ਰੂਪ ਭ੍ਰਿਸ਼ਟਾਚਾਰ ਦਾ ਬੁਨਿਆਦੀ ਅਤੇ ਮੁੱਖ ਹਿੱਸਾ ਹੁੰਦਾ ਹੈ। ਰਿਸ਼ਵਤਖੋਰੀ, ਘਪਲੇ-ਘੋਟਾਲੇ ਆਦਿ ਕਦੇ ਵੀ ਭ੍ਰਿਸ਼ਟਾਚਾਰ ਦਾ ਮੁੱਖ ਹਿੱਸਾ ਨਹੀਂ ਹੁੰਦੇ ਅਤੇ ਇਹਨਾਂ ਦੀ ਜੜ੍ਹ ਕਿਰਤ ਸ਼ਕਤੀ ਦੀ ਲੁੱਟ ਵਿੱਚ ਹੁੰਦੀ ਹੈ ਭਾਵ ਕਨੂੰਨੀ ਭ੍ਰਿਸ਼ਟਾਚਾਰ ਵਿੱਚ ਹੁੰਦੀ ਹੈ। ਵੈਸੇ ਤਾਂ ਭ੍ਰਿਸ਼ਟਾਚਾਰ ਦੇ ਖਾਤਮੇ ਦਾ ਅਰਥ ਹੀ ਹੈ ਸਰਮਾਏਦਾਰਾ ਪ੍ਰਬੰਧ ਦਾ ਖਾਤਮਾ ਪਰ ਜੇ ਅਸੀਂ ਰਿਸ਼ਵਤਖੋਰੀ, ਘਪਲੇ-ਘੋਟਾਲੇ, ਭਾਈ-ਭਤੀਜਾਵਾਦ, ਆਦਿ ਰੂਪਾਂ ਵਾਲ਼ੇ ਭ੍ਰਿਸ਼ਟਾਚਾਰ ਦੀ ਵੀ ਗੱਲ ਕਰੀਏ ਤਾਂ ਇਸ ਤੋਂ ਵੀ ਸਰਮਾਏਦਾਰ ਪ੍ਰਬੰਧ ਕਦੇ ਮੁਕਤ ਨਹੀਂ ਹੋ ਸਕਦਾ। ਅਮਰੀਕਾ, ਇੰਗਲੈਂਡ, ਫਰਾਂਸ, ਜਰਮਨੀ ਜਿਹੇ ਵਿਕਸਤ ਸਰਮਾਏਦਾਰ ਦੇਸ਼ਾਂ ਤੋਂ ਲੈ ਕੇ ਭਾਰਤ ਜਿਹੇ ਪਿਛੜੇ ਸਰਮਾਏਦਾਰ ਦੇਸ਼ਾਂ ਸਭ ਵਿੱਚ ਭ੍ਰਿਸ਼ਟਾਚਾਰ ਦੇ ਇਹ ਰੂਪ ਪ੍ਰਬੰਧ ਦੀ ਪੋਰ ਪੋਰ ਵਿੱਚ ਸਮਾਏ ਹੋਏ ਹਨ। ਹਾਂ, ਸਭਨਾਂ ਦੇਸ਼ਾਂ ਦੇ ਸਰਮਾਏਦਾਰਾ ਸਮਾਜ ਵਿੱਚ ਵਿਰੋਧਤਾਈਆਂ ਦੇ ਪੱਧਰ, ਇਤਿਹਾਸਕ ਪਿਛੋਕੜ, ਲੋਕਾਂ ਦੀ ਜਮਹੂਰੀ ਚੇਤਨਾ ਦੇ ਪੱਧਰ ਆਦਿ ਕਾਰਨਾਂ ਵਜੋਂ ਭ੍ਰਿਸ਼ਟਾਚਾਰ ਦਾ ਇਹ ਗੈਰ ਕਨੂੰਨੀ ਰੂਪ ਵੱਖ ਵੱਖ ਪੱਧਰ ਅਤੇ ਢੰਗ ਨਾਲ਼ ਪ੍ਰਗਟ ਹੋ ਸਕਦਾ ਹੈ। ਪਰ ਸਮੁੱਚੇ ਰੂਪ ਵਿੱਚ ਸਰਮਾਏਦਾਰਾ ਪ੍ਰਬੰਧ ਗੈਰ ਕਨੂੰਨੀ ਭ੍ਰਿਸ਼ਟਾਚਾਰ ਤੋਂ ਮੁਕਤ ਨਹੀਂ ਹੋ ਸਕਦਾ। 

ਅਜਿਹਾ ਨਹੀਂ ਹੈ ਕਿ ਚੀਨੀ ਸੋਧਵਾਦੀ ਲੀਡਰ ਇਹ ਗੱਲਾਂ ਨਹੀਂ ਸਮਝਦੇ। ਉਹ ਇਹ ਸਭ ਕੁਝ ਚੰਗੀ ਤਰ੍ਹਾਂ ਸਮਝਦੇ ਹਨ। ਜਿਵੇਂ ਕਿ ਡੇਂਗ ਜ਼ਿਆਓਪਿੰਗ, ਜਿਸਦੀ ਅਗਵਾਈ ਵਿੱਚ ਚੀ.ਕ.ਪਾ. ਨੇ ਸਭ ਤੋਂ ਪਹਿਲਾਂ ਸੋਧਵਾਦ ਦਾ ਝੰਡਾ ਚੁੱਕਿਆ ਸੀ, ਦਾ ”ਮੰਡੀ ਸਮਾਜਵਾਦ” ਲਾਗੂ ਕਰਨ ਦੇ ਸਬੰਧ ਵਿੱਚ ਕਹਿਣਾ ਸੀ ਕਿ ਜਦੋਂ ਖਿੜਕੀ ਖੋਲੋਂਗੇ ਤਾਂ ਮੱਖੀਆਂ ਤਾਂ ਅੰਦਰ ਆਉਣਗੀਆਂ ਹੀ। ਚੀ.ਕ.ਪਾ. ਭ੍ਰਿਸ਼ਟਾਚਾਰ ਨੂੰ ਠੱਲ ਪਾਉਣ ਦੀਆਂ ਗੱਲਾਂ ਇਸ ਲਈ ਨਹੀਂ ਕਰ ਰਹੀ ਕਿ ਉਹ ਲੋਕਾਂ ਦਾ ਕੋਈ ਭਲਾ ਚਾਹੁੰਦੀ ਹੈ। ਚੀਨੀ ਸੋਧਵਾਦੀ ਭ੍ਰਿਸ਼ਟਾਚਾਰ (ਗੈਰ ਕਨੂੰਨੀ ਰੂਪਾਂ) ਨੂੰ ਮੁੱਖ ਦੁਸ਼ਮਣ ਐਲਾਨ ਕਰਦੇ ਹੋਏ ਇਸ ਖਿਲਾਫ਼ ਜੰਗ ਵਿੱਢਣ ਦੀਆਂ ਗੱਲਾਂ ਮੁੱਖ ਤੌਰ ‘ਤੇ ਲੋਕ ਰੋਹ ਦੇ ਦਬਾਅ ਵਜੋਂ ਕਰ ਰਹੇ ਹਨ। ਰਿਸ਼ਵਤਖੋਰੀ, ਘਪਲੇ-ਘੋਟਾਲੇ, ਭਾਈ-ਭਤੀਜਾਵਾਦ ਆਦਿ ਚੀਨ ਵਿੱਚ ਵੱਡੇ ਪੱਧਰ ‘ਤੇ ਫੈਲ ਚੁੱਕੇ ਹਨ। ਚੀ.ਕ.ਪਾ. ਉੱਪਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਨੱਕੋ ਨੱਕ ਭ੍ਰਿਸ਼ਟਾਚਾਰ ਵਿੱਚ ਡੁੱਬੀ ਹੋਈ ਹੈ। ਚੀਨ ਦੇ ਆਮ ਲੋਕ ਇਹ ਸੋਚਦੇ ਹਨ ਅਤੇ ਠੀਕ ਹੀ ਸੋਚਦੇ ਹਨ, ਕਿ ਚੀ.ਕ.ਪਾ. ਦੇ ਜਿਆਦਾਤਰ ਆਗੂ ਭ੍ਰਿਸ਼ਟ ਹਨ। ਭਾਂਵੇਂ ਕਿ 1976 ਤੋਂ ਪਹਿਲਾਂ ਵੀ ਪਾਰਟੀ ਵਿੱਚ  ਭ੍ਰਿਸ਼ਟ ਆਗੂ ਸਨ ਪਰ ਉਹਨਾਂ ਖਿਲਾਫ਼ ਕਾਮਰੇਡ ਮਾਓ-ਜੇ-ਤੁੰਗ ਅਤੇ ਪਾਰਟੀ ਦੀ ਅਗਵਾਈ ਵਿੱਚ ਚੀਨੀ ਕਿਰਤੀ ਲੋਕ ਬੇਕਿਰਕ ਲੜਾਈ ਲੜ ਰਹੇ ਸਨ। ਪਰ 1976 ਤੋਂ ਬਾਅਦ, ਖਾਸਕਰ 1980 ਤੋਂ ਬਾਅਦ ਜਦੋਂ ਤੋ ਬੁਰਜੂਆ ਸਿਆਸੀ-ਆਰਥਿਕ ਨੀਤੀਆਂ ਖੁੱਲ ਕੇ ਲਾਗੂ ਕੀਤੀਆਂ ਜਾਣ ਲੱਗੀਆਂ ਸਨ ਭ੍ਰਿਸ਼ਟਾਚਾਰ ਵੱਡੇ ਪੱਧਰ ‘ਤੇ ਫੈਲਿਆ ਅਤੇ ਮੌਜੂਦਾ ਸਥਿਤੀ ਤੱਕ ਪਹੁੰਚਿਆ ਹੈ। 

ਅਕਤੂਬਰ 1949 ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਹੋਏ ਮਹਾਨ ਨਵ-ਜਮਹੂਰੀ ਇਨਕਲਾਬ ਦੇ ਨਾਲ਼ ਚੀਨੀ ਸਮਾਜ ਦੀ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਰਹਿਤ ਸਮਾਜ ਵਿੱਚ ਕਾਇਆਕਲਪੀ ਦੇ ਸਫਰ ਦੀ ਸ਼ੁਰੂਆਤ ਹੋਈ ਸੀ। ਸਮਾਜਵਾਦੀ ਪ੍ਰਬੰਧ ਰਾਹੀਂ ਕਿਰਤੀ ਜਮਾਤਾਂ ਦਾ ਜੀਵਨ ਪੱਧਰ ਲਗਾਤਾਰ ਸੁਧਰਦਾ ਜਾ ਰਿਹਾ ਸੀ। ਸ਼ਰੀਰਕ ਕਿਰਤ ਅਤੇ ਮਾਨਸਿਕ ਕਿਰਤ, ਪਿੰਡ ਅਤੇ ਸ਼ਹਿਰ, ਖੇਤੀ ਅਤੇ ਉਦਯੋਗ ਵਿੱਚਲੇ ਫਰਕ ਲਗਾਤਾਰ ਮਿਟਾਏ ਜਾ ਰਹੇ ਸਨ। ਕਾਮਰੇਡ ਮਾਓ-ਜੇ-ਤੁੰਗ ਦੀ ਅਗਵਾਈ ਵਿੱਚ ਪਾਰਟੀ ਅਤੇ ਰਾਜਸੱਤਾ ਵਿੱਚ ਘੁਸੇ ਬੈਠੇ ਬੁਰਜੂਆ ਰਾਹੀਆਂ ਖਿਲਾਫ ਲਗਾਤਾਰ ਸੰਘਰਸ਼ ਚਲਾਇਆ ਜਾ ਰਿਹਾ ਸੀ। ਰਾਜਸੱਤਾ ਅਤੇ ਸਮਾਜ ਦੇ ਵੱਖ ਵੱਖ ਖੇਤਰਾਂ ਵਿੱਚਲੇ ਬੁਰਜੂਆ ਤੱਤਾਂ ਖਿਲਾਫ਼ ਲਗਾਤਾਰ ਸੰਘਰਸ਼ ਚਲਾਉਂਦੇ ਹੋਏ ਪੈਦਾਵਾਰੀ ਤਾਕਤਾਂ ਦਾ ਵਿਕਾਸ ਕੀਤਾ ਜਾ ਰਿਹਾ ਸੀ ਅਤੇ ਲੋਕਾਂ ਦੀਆਂ ਜ਼ਰੂਰਤਾਂ ਮੁਤਾਬਕ ਪੈਦਾਵਾਰ ਨੂੰ ਵੱਧ ਤੋਂ ਵੱਧ ਜੱਥੇਬੰਦ ਕੀਤਾ ਜਾ ਰਿਹਾ ਸੀ। ਸੰਨ 1976 ਵਿੱਚ ਕਾਮਰੇਡ ਮਾਓ-ਜੇ-ਤੁੰਗ ਦੀ ਮੌਤ ਤੋਂ ਬਾਅਦ ਸੋਧਵਾਦੀਆਂ ਦੇ ਹੱਥ ਵਿੱਚ ਰਾਜਸੱਤਾ ਆਉਣ ਤੋਂ ਬਾਅਦ ਚੀਨ ਵਿੱਚ ਚੱਲ ਰਹੀ ਸਮਾਜਵਾਦ ਦੀ ਪ੍ਰਕਿਰਿਆ ਪੁੱਠਾ ਗੇੜਾ ਖਾ ਗਈ। ਚੀਨ ਨੂੰ ਸਰਮਾਏਦਾਰਾ ਵਿਕਾਸ ਦੇ ਰਾਹ ‘ਤੇ ਧੱਕ ਦਿੱਤਾ। ਸਮਾਜਵਾਦ ਦੀਆਂ ਪ੍ਰਾਪਤੀਆਂ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਗਿਆ। ਬੁਰਜੂਆ ਰਾਜਪਲਟੇ ਤੋਂ ਬਾਅਦ ਚੀਨ ਵਿੱਚ ਮਜ਼ਦੂਰਾਂ, ਕਿਰਤੀ ਕਿਸਾਨਾਂ ਅਤੇ ਹੋਰ ਕਿਰਤੀ ਜਮਾਤਾਂ ਦੇ ਲੋਕਾਂ ਦੀ ਹਾਲਤ ਲਗਾਤਾਰ ਨਿੱਘਰਦੀ ਗਈ ਹੈ। ਸਮਾਜਵਾਦ ਦੌਰਾਨ ਸਰਕਾਰੀ ਉੱਦਮਾਂ ਦਾ ਸੰਚਾਲਨ ਵੱਧ ਤੋਂ ਵੱਧ ਹੱਦ ਤੱਕ ਸਮੂਹਿਕ ਕਰਨ ਦੀ ਦਿਸ਼ਾ ਅਖਤਿਆਰ ਕੀਤੀ ਗਈ ਸੀ ਪਰ ਸਰਮਾਏਦਾਰਾ ਰਾਜਪਲਟੇ ਤੋਂ ਤੁਰੰਤ ਬਾਅਦ ਇਹ ਦਿਸ਼ਾ ਬਦਲ ਦਿੱਤੀ ਗਈ। ਸਰਮਾਏਦਾਰਾ ਪੈਦਾਵਾਰੀ ਸਬੰਧ ਸਥਾਪਿਤ ਕਰ ਦਿੱਤੇ ਗਏ। ਸਰਕਾਰੀ ਉੱਦਮ ਹੁਣ ਕਿਰਤੀ ਲੋਕਾਂ ਦੀ ਸੰਪੱਤੀ ਨਾ ਹੋ ਕੇ ਮੁੱਠੀ ਭਰ ਪਾਰਟੀ ਆਗੂਆਂ, ਸਰਕਾਰੀ ਨੌਕਰਸ਼ਾਹਾਂ ਦੀ ਸੰਪੱਤੀ ਬਣ ਗਏ। ਸਾਂਝੇ ਫਾਰਮ (ਕਮਿਊਨ) ਤੋੜ ਦਿੱਤੇ ਗਏ। ਕਿਸਾਨਾਂ ਦੀਆਂ ਜਮੀਨਾਂ ਕੌਡੀਆਂ ਦੇ ਭਾਅ ਸਰਮਾਏਦਾਰਾਂ ਨੂੰ ਵੇਚੀਆਂ ਗਈਆਂ। ਇਸਦੇ ਨਤੀਜੇ ਵਜੋਂ ਕਰੋੜਾਂ ਕਿਸਾਨ-ਖੇਤ ਮਜ਼ਦੂਰ ਬੇਰੁਜ਼ਗਾਰ ਹੋ ਗਏ। 1990 ਤੋਂ ਬਾਅਦ ਸਰਕਾਰੀ ਉਦਯੋਗਾਂ ਦਾ ਵੱਡੇ ਪੱਧਰ ‘ਤੇ ਨਿੱਜੀਕਰਨ ਕੀਤਾ ਗਿਆ। ਛੋਟੇ ਅਤੇ ਵਿਚਕਾਰਲੇ ਪੱਧਰ ਦੇ ਉਦਯੋਗਾਂ ਨੂੰ ਅਤੇ ਕੁਝ ਵੱਡੇ ਉਦਯੋਗਾਂ ਨੂੰ ਕੌਡੀਆਂ ਦੇ ਭਾਅ ਸਰਮਾਏਦਾਰਾਂ ਕੋਲ ਵੇਚ ਦਿੱਤਾ ਗਿਆ। ਇਹਨਾਂ ਉਦਯੋਗਾਂ ਵਿੱਚ ਲੱਗੇ ਮਜ਼ਦੂਰਾਂ ਦੀ ਵੱਡੇ ਪੱਧਰ ‘ਤੇ ਛਾਂਟੀ ਕਰ ਦਿੱਤੀ ਗਈ ਅਤੇ ਬੇਰੁਜ਼ਗਾਰ ਕਰ ਦਿੱਤੇ ਗਏ। ਚੀਨ ਵਿੱਚ ਅੱਜ ਗੈਰ ਖੇਤੀ ਕਿਰਤ ਸ਼ਕਤੀ ਕੁਲ ਕਿਰਤ ਸ਼ਕਤੀ ਦਾ 60 ਪ੍ਰਤੀਸ਼ਤ ਹੋ ਚੁੱਕੀ ਹੈ ਜੋ ਕਿ ਸੰਨ 1980 ਵਿੱਚ 31 ਪ੍ਰਤੀਸ਼ਤ ਸੀ। ਇਸ ਗੈਰ ਖੇਤੀ ਕਿਰਤ ਸ਼ਕਤੀ ਦਾ 80 ਪ੍ਰਤੀਸ਼ਤ ਕਿਰਤ ਸ਼ਕਤੀ ਪ੍ਰੋਲੇਤਾਰੀ ਹੈ ਭਾਵ ਅਜਿਹੇ ਮਜ਼ਦੂਰ ਜੋ ਆਪਣੀ ਕਿਰਤ ਸ਼ਕਤੀ ਸਰਮਾਏਦਾਰਾਂ ਨੂੰ ਵੇਚਕੇ ਹੀ ਗੁਜਾਰਾ ਕਰਦੇ ਹਨ। ਸਰਕਾਰੀ ਉਦਯੋਗਾਂ ਦੇ ਨਿਜੀਕਰਨ ਦਾ ਅਤੇ ਵੱਡੇ ਪੱਧਰ ‘ਤੇ ਪੈਦਾ ਹੋਈ ਬੇਰੁਜ਼ਗਾਰੀ ਦੇ ਨਤੀਜੇ ਵਜੋਂ ਮੁਹੱਈਆ ਹੋਈ ਸਸਤੀ ਕਿਰਤ ਸ਼ਕਤੀ ਦਾ ਸਰਕਾਰੀ ਅਧਿਕਾਰੀਆਂ, ਸਾਬਕਾ ਸਰਕਾਰੀ ਉਦਯੋਗਾਂ ਦੇ ਮੈਨੇਜ਼ਰਾਂ, ਸਰਕਾਰ ਵਿੱਚ ਅਸਰ-ਰਸੂਖ ਵਾਲ਼ੇ ਨਿਜੀ ਸਰਮਾਏਦਾਰਾਂ ਅਤੇ ਬਹੁਕੌਮੀ ਕਾਰਪੋਰੇਸ਼ਨਾਂ ਨੂੰ ਭਰਪੂਰ ਫਾਇਦਾ ਹਾਸਿਲ ਹੋਇਆ। 

ਸਰਕਾਰੀ ਅਤੇ ਚੀ.ਕ.ਪਾ. ਦੇ ਅਧਿਕਾਰੀ/ਆਗੂਆਂ ਨੇ ਸਰਮਾਏਦਾਰੀ ਦੇ ਇਸ ਵਿਕਾਸ ਵਿੱਚ ਰਿਸ਼ਵਤਖੋਰੀ, ਘਪਲਿਆਂ-ਘੋਟਾਲਿਆਂ, ਰਿਸ਼ਤੇਦਾਰਾਂ ਨੂੰ ਫਾਇਦੇ ਪਹੁੰਚਾਉਣ ਆਦਿ ਰਾਹੀਂ ਖੂਬ ਮੱਖਣ-ਮਲਾਈ ਹਾਸਿਲ ਕੀਤੀ ਹੈ। 2006 ਵਿੱਚ ਲਗਭਗ 3200 ਵਿਅਕਤੀਆਂ ਦੀ ਨਿੱਜੀ ਸੰਪੱਤੀ 100 ਮਿਲੀਅਨ ਯੂਆਨ (ਲਗਭਗ 15 ਮਿਲੀਅਨ ਅਮਰੀਕੀ ਡਾਲਰ) ਸੀ। ਇਹਨਾਂ ਵਿੱਚੋਂ 90 ਪ੍ਰਤੀਸ਼ਤ (2900) ਸੀਨੀਅਰ ਸਰਕਾਰੀ ਅਤੇ ਪਾਰਟੀ ਅਧਿਕਾਰੀਆਂ ਦੀਆਂ ਔਲਾਦਾਂ ਸਨ। ਇਹਨਾਂ ਦੀ ਸੰਪੱਤੀ ਦਾ ਕੁਲ ਜੋੜ (ਲੱਗਭਗ 20 ਟ੍ਰਿਲੀਅਨ ਯੂਆਨ) ਚੀਨ ਦੇ 2006 ਦੇ ਕੁਲ ਘਰੇਲੂ ਉਤਪਾਦ ਦੇ ਲਗਭਗ ਬਰਾਬਰ ਸੀ। ਚੀਨ ਦਾ ਮੌਜੂਦਾ ਪ੍ਰਧਾਨ ਮੰਤਰੀ ਵੇਨ ਜਿਆਬਓ ਦੁਨੀਆਂ ਦੇ ਸਭ ਤੋਂ ਅਮੀਰ ਪ੍ਰਧਾਨ ਮੰਤਰੀਆਂ ਵਿੱਚ ਗਿਣਿਆ ਜਾਂਦਾ ਹੈ। ਉਸਦਾ ਪੁੱਤਰ ਚੀਨ ਦੀ ਸਭ ਤੋਂ ਵੱਡੀ ਨਿਜੀ ਇਕਵਿਟੀ ਫਰਮ ਦਾ ਮਾਲਕ ਹੈ। ਉਸਦੀ ਪਤਨੀ ਚੀਨ ਦੀ ਜਿਊਲਰੀ ਇੰਡਸਟਰੀ ਦੀ ਇੰਚਾਰਜ ਹੈ। ਵੇਨ ਪਰਿਵਾਰ ਕੋਲ ਇੱਕ ਅੰਦਾਜੇ ਮੁਤਾਬਿਕ ਲੱਗਭਗ 30 ਟ੍ਰਿਲੀਅਨ ਯੂਆਨ (ਲੱਗਭਗ 4.3 ਬਿਲੀਅਨ ਅਮਰੀਕੀ ਡਾਲਰ) ਦੀ ਸੰਪੱਤੀ ਹੈ। ਅਠਾਰ੍ਹਵੀਂ ਕਾਂਗਰਸ ਤੋਂ ਪਹਿਲਾਂ ਪਾਰਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜੇਮਿਨ ਕੋਲ ਅੰਦਾਜਨ 7 ਬਿਲੀਅਨ ਯੂਆਨ ਅਤੇ ਸਾਬਕਾ ਪ੍ਰਧਾਨ ਮੰਤਰੀ ਜ਼ੁ ਰੋਂਗਜੀ ਕੋਲ ਅੰਦਾਜਨ 5 ਬਿਲੀਅਨ ਯੂਆਨ ਦੀ ਸੰਪੱਤੀ ਹੈ। ਅਠਾਰ੍ਹਵੀਂ ਕਾਂਗਰਸ ਜਨਰਲ ਸਕੱਤਰ ਦੇ ਅਹੁਦੇ ਲਈ ਚੁਣੇ ਗਏ ਸ਼ੀ ਜਿਨਪਿੰਗ, ਜੋ ਮਾਰਚ ਵਿੱਚ ਰਾਸ਼ਟਰਪਤੀ ਵੀ ਬਣਨ ਜਾ ਰਿਹਾ ਹੈ ਦੇ ਪਰਿਵਾਰ ਕੋਲ 367 ਮਿਲੀਅਨ ਡਾਲਰ ਦੀ ਸੰਪੱਤੀ ਹੈ। ਚੀਨੀ ਸੋਧਵਾਦੀ ਆਗੂ ਅਕਸਰ ਆਪਣੇ ਨਾਂ ‘ਤੇ ਸੰਪੱਤੀ ਨਹੀਂ ਰੱਖਦੇ ਸਗੋਂ ਪਰਿਵਾਰਕ ਮੈਂਬਰਾਂ ਦੇ ਨਾਂ ‘ਤੇ ਜਾਂ ਝੂਠੇ ਨਾਵਾਂ ‘ਤੇ ਸੰਪੱਤੀ ਰੱਖਦੇ ਹਨ। ਡੇਂਗ ਜਿਆਓਪਿੰਗ ਨੇ ਅਖੌਤੀ ਮੰਡੀ ਸਮਾਜਵਾਦ ਦਾ ਮੁੱਢ ਬੱਝਦੇ ਹੋਏ ਪੂਰੀ ਬੇਸ਼ਰਮੀ ਨਾਲ਼ ਇਥੋਂ ਤੱਕ ਕਹਿ ਦਿੱਤਾ ਸੀ ਕਿ ਅਮੀਰ ਹੋਣਾ ਇੱਕ ਚੰਗੀ ਗੱਲ ਹੈ। ਚੀਨ ਦੇ ਵਰਤਮਾਨ ਸੋਧਵਾਦੀਏ ਉਸ ਦੇ ਪੂਰਨਿਆਂ ‘ਤੇ ਬਾਖੂਬੀ ਚੱਲ ਰਹੇ ਹਨ।                     

ਚੀਨ ਵਿੱਚ ਹੋਏ ਸਰਮਾਏਦਾਰਾ ਵਿਕਾਸ ਕਾਰਨ ਉੱਥੋਂ ਦੇ ਮਜ਼ਦੂਰਾਂ ਦੀ ਕੁੱਲ ਆਮਦਨ ਦਾ ਕੁੱਲ ਘਰੇਲੂ ਪੈਦਵਾਰ ਵਿੱਚ ਹਿੱਸਾ ਸੰਨ 1990 ਵਿੱਚ 50 ਪ੍ਰਤੀਸ਼ਤ ਸੀ ਜੋ 2005 ਵਿੱਚ ਤੱਕ ਆਉਂਦੇ ਆਉਂਦੇ 37 ਪ੍ਰਤੀਸ਼ਤ ਰਹਿ ਗਿਆ ਹੈ। ਵਰਲਡ ਵੈਲਥ ਰਿਪੋਰਟ, 2006 ਮੁਤਾਬਿਕ ਚੀਨ ਦੇ 0.4 ਪ੍ਰਤੀਸ਼ਤ ਸਭ ਤੋਂ ਵੱਧ ਅਮੀਰ ਪਰਿਵਾਰ ਦੇਸ਼ ਦੇ ਕੁਲ ਧਨ ਵਿੱਚੋਂ 70 ਪ੍ਰਤੀਸ਼ਤ ਦੇ ਮਾਲਕ ਹਨ। ਚੀਨ ਵਿੱਚ ਅਮੀਰੀ-ਗਰੀਬੀ ਦੇ ਭਿਆਨਕ ਰੂਪ ਵਿੱਚ ਵੱਧਦੇ ਗਏ ਪਾੜੇ ਨੂੰ ਸਪੱਸ਼ਟ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਜੋ ਚੀਨ 1976 ਤੋਂ ਪਹਿਲਾਂ ਸਭ ਤੋਂ ਵੱਧ ਬਰਾਬਰੀ ਵਾਲ਼ੇ ਦੇਸ਼ਾਂ ਵਿੱਚ ਗਿਣਿਆ ਜਾਂਦਾ ਸੀ ਅੱਜ ਓਹੀ ਚੀਨ ਸਭ ਤੋਂ ਵੱਧ ਗੈਰ ਬਰਾਬਰੀ ਵਾਲ਼ੇ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ। ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲ਼ੀਆਂ ਸਿੱਖਿਆ, ਸਿਹਤ, ਆਵਾਜਾਈ, ਬਿਜਲੀ, ਪਾਣੀ ਆਦਿ ਬੁਨਿਆਦੀ ਸਹੂਲਤਾਂ ਵੱਡੇ ਪੱਧਰ ‘ਤੇ ਖੋਹ ਲਈਆਂ ਗਈਆਂ ਹਨ। ਬੇਰੁਜ਼ਗਾਰਾਂ, ਬੇਘਰਿਆਂ, ਬੇਸਹਾਰਿਆਂ ਜਿਨ੍ਹਾਂ ਦੀ ਸਮਾਜਵਾਦੀ ਚੀਨ ਵਿੱਚ ਹੋਂਦ ਤੱਕ ਨਹੀਂ ਸੀ ਅੱਜ ਚੀਨ ਵਿੱਚ ਵੱਡੇ ਪੱਧਰ ‘ਤੇ ਹਨ। ਵੇਸ਼ਵਾਗਮਨੀ, ਪੈਸੇ ਖਾਤਰ ਆਪਣੀਆਂ ਲੜਕੀਆਂ ਵੇਚ ਦੇਣਾ, ਚੋਰੀਆਂ, ਡਕੈਤੀਆਂ ਵੱਡੇ ਪੱਧਰ ‘ਤੇ ਫਿਰ ਤੋਂ ਸ਼ੁਰੂ ਹੋ ਗਏ ਹਨ। ਚੀਨੀ ਲੋਕ ਇਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਚੀ.ਕ.ਪਾ ਦੇ ਆਗੂ ਘਰਾਣਿਆਂ ਸਮੇਤ ਸਾਰੀ ਸਰਮਾਏਦਾਰ ਜਮਾਤ ਕੋਲ ਜੋ ਧਨ-ਦੌਲਤ ਇਕੱਠੀ ਹੋਈ ਹੈ ਉਸ ‘ਤੇ ਕਿਰਤੀ ਲੋਕਾਂ ਦਾ ਹੱਕ ਹੈ। ਲੋਕ ਜਾਣਦੇ ਹਨ ਕਿ ਕਨੂੰਨੀ ਅਤੇ ਗੈਰ ਕਨੂੰਨੀ ਦੋਵਾਂ ਰੂਪਾਂ ਵਿੱਚ ਉਹਨਾਂ ਦੇ ਹੱਕ ‘ਤੇ ਡਾਕਾ ਮਾਰਿਆ ਗਿਆ ਹੈ। ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੌਰਾਨ ਕਾਮਰੇਡ ਮਾਓ ਜੇ ਤੁੰਗ ਨੇ ਇਹ ਕਿਹਾ ਸੀ ਕਿ ਜੇਕਰ ਸੋਧਵਾਦੀ ਚੀਨ ਦੀ ਰਾਜਸੱਤਾ ‘ਤੇ ਕਾਬਜ ਹੋਣ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਚੀਨ ਦੇ ਕਿਰਤੀ ਲੋਕ ਉਹਨਾਂ ਨੂੰ ਇੱਕ ਦਿਨ ਵੀ ਚੈਨ ਦੀ ਨੀਂਦ ਨਹੀਂ ਸੌਣ ਦੇਣਗੇ। ਕਾਮਰੇਡ ਮਾਓ ਜੇ ਤੁੰਗ ਦੀ ਇਹ ਭਵਿੱਖਬਾਣੀ ਪੂਰੀ ਤਰ੍ਹਾਂ ਸੱਚ ਸਾਬਤ ਹੋਈ ਹੈ। ਚੀਨ ਦੇ ਕਿਰਤੀ ਲੋਕ ਸੋਧਵਾਦੀ ਹਾਕਮਾਂ ਦੀਆਂ ਸਰਮਾਏਦਾਰਾ ਨੀਤੀਆਂ ਖਿਲਾਫ਼ ਜੁਝਾਰੂ ਸੰਘਰਸ਼ ਕਰਦੇ ਆਏ ਹਨ। ਚੀਨੀ ਸੋਧਵਾਦੀ ਹਾਕਮਾਂ ਦੀ ਨੀਤੀ ਲੋਕ ਸੰਘਰਸ਼ਾਂ ਨੂੰ ਬਰਬਰ ਜੁਲਮ ਰਾਹੀਂ ਕੁਚਲ ਦੇਣ ਦੀ ਰਹੀ ਹੈ (ਜੋ ਨੀਤੀ ਅੱਗੇ ਵੀ ਜ਼ਾਰੀ ਰਹੇਗੀ) । ਪਰ ਇਸ ਵਜੋਂ ਲੋਕ ਮਨਾਂ ਵਿੱਚ ਚੀ.ਕ.ਪਾ. ਪ੍ਰਤੀ ਨਫਰਤ ਹੋਰ ਵੱਧਦੀ ਜਾ ਰਹੀ ਹੈ। ਇਸ ਚੀ.ਕ.ਪਾ. ਲੋਕ ਰੋਹ ਨੂੰ ਠੱਲ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਚੀ.ਕ.ਪਾ. ਦੁਆਰਾ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਪਾਰਟੀ ਕਾਂਗਰਸ ਵਿੱਚ ਏਨੇ ਜ਼ੋਰ-ਸ਼ੋਰ ਨਾਲ਼ ਹੋਈ ਚਰਚਾ ਪਿੱਛੇ ਲੋਕ ਰੋਹ ਨੂੰ ਘੱਟ ਕਰਨ ਦੇ ਯਤਨ ਹੀ ਮੁੱਖ ਕਾਰਨ ਹੈ। ਭ੍ਰਿਸ਼ਟਾਚਾਰ (ਗੈਰ ਕਨੂੰਨੀ ਰੂਪਾਂ) ਨੂੰ ਮੁੱਖ ਦੁਸ਼ਮਣ ਕਹਿੰਦੇ ਹੋਏ ਚੀ.ਕ.ਪਾ. ਸਰਮਾਏਦਾਰੀ ਨਾਲ਼ ਕਿਰਤੀ ਲੋਕਾਂ ਦੀ ਮੁੱਖ ਵਿਰੋਧਤਾਈ ‘ਤੇ ਪਰਦਾ ਪਾਉਣ ਦਾ ਯਤਨ ਕਰ ਰਹੀ ਹੈ। ਅਜਿਹਾ ਸਾਰੇ ਸਰਮਾਏਦਾਰ ਦੇਸ਼ਾਂ ਦੇ ਹਾਕਮ ਕਰਦੇ ਹਨ। ਚੀ.ਕ.ਪਾ ਇਹ ਕਹਿਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਇਹ ”ਮੰਡੀ ਸਮਾਜਵਾਦ” ਭਾਵ ਇਹ ਸਰਮਾਏਦਾਰਾ ਨੀਤੀਆਂ ਨਹੀਂ ਹਨ ਜਿਨ੍ਹਾਂ ਕਰਕੇ ਲੋਕਾਂ ਦੀ ਹਾਲਤ ਬੁਰੀ ਹੋ ਰਹੀ ਹੈ ਅਤੇ ਲੋਕ ਰੋਹ ਪੈਦਾ ਹੋ ਰਿਹਾ ਹੈ ਸਗੋਂ ਇਹ ਤਾਂ ਵਿਕਾਸ ਦੇ ਸਾਈਡ ਇਫੈਟ ਰਿਸ਼ਵਤਖੋਰੀ, ਘਪਲੇ ਘੋਟਾਲੇ, ਭਾਈ ਭਤੀਜਾਵਾਦ ਆਦਿ ਕਿਸਮ ਦੇ ਭ੍ਰਿਸ਼ਟਾਚਾਰ ਕਰਕੇ ਹੋ ਰਿਹਾ ਹੈ। 

ਸਰਮਾਏਦਾਰਾਂ ਦੇ ਉਹ ਗੁੱਟ ਜਿਨ੍ਹਾਂ ਦਾ ਅਸਰ-ਰਸੂਖ ਦੂਜੇ ਗੁੱਟਾਂ ਦੀ ਮੁਕਾਬਲੇ ਘੱਟ ਹੈ ਬਹੁਪਾਰਟੀ ਢਾਂਚਾ ਲਾਗੂ ਕਰਨ ਲਈ ਜ਼ੋਰ ਪਾ ਰਹੇ ਹਨ। ਪਰ ਚੀਨੀ ਸਰਮਾਏਦਾਰੀ ਦਾ ਮੁੱਖ ਹਿੱਸਾ ਅਜੇ ਚੀਨ ਵਿੱਚ ਇੱਕ ਪਾਰਟੀ ਢਾਂਚਾ ਹੀ ਚਾਹੁੰਦਾ ਹੈ। ਇਸ ਦਾ ਇੱਕ ਕਾਰਨ ਤਾਂ ਇਹ ਹੈ ਕਿ ਚੀ.ਕ.ਪਾ. ਸਰਮਾਏਦਾਰਾ ਨੀਤੀਆਂ ਨੂੰ ਬਾਖੂਬੀ ਮਜ਼ਬੂਤੀ ਨਾਲ਼ ਅੱਗੇ ਵਧਾ ਰਹੀ ਹੈ। ਦੂਜਾ, ਬਹੁਪਾਰਟੀ ਢਾਂਚੇ ਵਿੱਚ ਵੱਖ ਵੱਖ ਪਾਰਟੀਆਂ ਵੱਲੋਂ ਆਪਣੇ ਵੋਟ ਬੈਂਕ ਮਜ਼ਬੂਤ ਕਰਨ ਲਈ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਕਾਰਨ ਸਰਮਾਏਦਾਰਾ ਨੀਤੀਆਂ ਲਾਗੂ ਕਰਨ ਵਿੱਚ ਦਿੱਕਤਾਂ ਪੇਸ਼ ਆਉਂਦੀਆਂ ਹਨ। ਪਰ ਜਿਉਂ ਜਿਉਂ ਚੀਨ ਵਿੱਚ ਸਰਮਾਏਦਾਰਾ ਵਿਕਾਸ ਅੱਗੇ ਵੱਧ ਰਿਹਾ ਹੈ ਬਹੁਪਾਰਟੀ ਢਾਂਚੇ ਦੀ ਮੰਗ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ। ਚੀ.ਕ.ਪਾ. ਇਨ੍ਹਾਂ ਗੁੱਟਾਂ ਦੇ ਦਬਾਅ ਅੱਗੇ ਵੀ ਹੁਣ ਕੁਝ ਕੁਝ ਝੁਕਣਾ ਸ਼ੁਰੂ ਹੋਈ ਹੈ। ਅਠਾਰ੍ਹਵੀਂ ਪਾਰਟੀ ਕਾਂਗਰਸ ਤੋਂ ਕੁਝ ਚਿਰ ਬਾਅਦ ਹੀ ਚੀ.ਕ.ਪਾ ਨੇ ਚੀਨ ਦੀਆਂ ਹੋਰਨਾਂ ਸਿਆਸੀ ਪਾਰਟੀਆਂ ਨੂੰ ਸੱਤਾ ਵਿੱਚ ਕੁਝ ਹਿੱਸੇਦਾਰੀ ਦੇਣ ਦੀ ਗੱਲ ਆਖੀ ਹੈ। ਅਸੰਤੁਸ਼ਟ ਸਰਮਾਏਦਾਰ ਗੁੱਟਾਂ ਨੂੰ ਵੀ ਚੀਨ ਦੇ ਵਰਤਮਾਨ ਢਾਂਚੇ ਵਿੱਚ ਵਿਕਾਸ ਦਾ ਮੌਕਾ ਮਿਲੇ ਅਤੇ ਉਹਨਾਂ ਦੀ ਅਸੰਤੁਸ਼ਟੀ ਦੂਰ ਹੋਵੇ ਇਸ ਵਾਸਤੇ ਵੀ ਚੀ.ਕ.ਪਾ. ਅਤੇ ਸਰਕਾਰੀ ਢਾਂਚੇ ਵਿੱਚ ਫੈਲੇ (ਗੈਰਕਨੂੰਨੀ) ਭ੍ਰਿਸ਼ਟਾਚਾਰ ਨੂੰ ਕਾਬੂ ਕਰਨ ਦੀ ਫੌਰੀ ਲੋੜ ਚੀਨੀ ਹਾਕਮ ਜਮਾਤ ਮਹਿਸੂਸ ਕਰ ਰਹੀ ਹੈ। ਚੀ.ਕ.ਪਾ. ਵਿਦੇਸ਼ੀ ਸਰਮਾਇਆ ਨਿਵੇਸ਼ ਨੂੰ ਹੋਰ ਵੱਧ ਹੁਲਾਰਾ ਦੇਣਾ ਚਾਹੁੰਦੀ ਹੈ। ਪਰ ਵਿਦੇਸ਼ੀ ਸਰਮਾਏਦਾਰੀ ਵੀ ਚੀਨ ਵਿੱਚ ਵੱਡੇ ਪੱਧਰ ‘ਤੇ ਫੈਲੇ ਇਸ ਭ੍ਰਿਸ਼ਟਾਚਾਰ ਕਾਰਨ ਦਿੱਕਤਾਂ ਮਹਿਸੂਸ ਕਰਦੀ ਹੈ। ਚੀ.ਕ.ਪਾ. ਭ੍ਰਿਸ਼ਟਾਚਾਰ ਰੋਕਣ ਲਈ ਕਦਮ ਚੁੱਕਣ ਲਈ ਇਸ ਵਜੋਂ ਵੀ ਮਜ਼ਬੂਰ ਹੋਈ ਹੈ। ਇਸ ਲਈ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਭ੍ਰਿਸ਼ਟਾਚਾਰ ਖਿਲਾਫ਼ ਮੁਹਿੰਮ ਵਿੱਢਣ ਪਿੱਛੇ ਕਾਰਨ ਇਹ ਨਹੀਂ ਹੈ ਕਿ ਚੀ.ਕ.ਪਾ. ਚੀਨੀ ਕਿਰਤੀ ਲੋਕਾਂ ਦਾ ਭਲਾ ਚਾਹੁੰਦੀ ਸਗੋਂ ਉਹ ਤਾਂ ਇਸ ਵਜੋਂ ਸਰਮਾਏਦਾਰਾ ਵਿਕਾਸ ਵਿੱਚ ਪੈਦਾ ਹੋ ਰਹੀਆਂ ਰੁਕਾਵਟਾਂ ਦੂਰ ਕਰਨਾ ਚਾਹੁੰਦੀ ਹੈ। 

ਪਾਰਟੀ ਕਾਂਗਰਸ ਤੋਂ ਕੁਝ ਚਿਰ ਪਹਿਲਾਂ ਚੋਂਗਚਿੰਗ ਸ਼ਹਿਰ ਦੇ ਪਾਰਟੀ ਪ੍ਰਮੁੱਖ ਬੋ ਸ਼ਿਲਾਈ ਨੂੰ ਗੰਭੀਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਉਸਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਉਸ ‘ਤੇ ਆਪਣੇ ਅਹੁਦੇ ਦਾ ਦੁਰਉਪਯੋਗ ਕਰਦੇ ਹੋਏ ਪਰਿਵਾਰ ਲਈ ਵੱਡੀ ਦੌਲਤ ਜਮ੍ਹਾਂ ਕਰਨ ਦੇ ਦੋਸ਼ ਲੱਗੇ। ਚੀ.ਕ.ਪਾ. ਨੇ ਇਹ ਪ੍ਰਚਾਰਿਆ ਕਿ ਉਹ ਭ੍ਰਿਸ਼ਟਾਚਾਰ ਨੂੰ ਬਿਲਕੁਲ ਵੀ ਸਹਿਣ ਨਹੀਂ ਕਰ ਸਕਦੀ ਭਾਂਵੇਂ ਭ੍ਰਿਸ਼ਟਾਚਾਰ ਕਰਨ ਵਾਲ਼ਾ ਆਗੂ ਕਿਸੇ ਵੀ ਪੱਧਰ ਦਾ ਕਿਉਂ ਨਾ ਹੋਵੇ। ਕੌਮਾਂਤਰੀ ਬੁਰਜੂਆ ਮੀਡੀਆ ਵਿੱਚ ਇਸ ਤਰ੍ਹਾਂ ਦਾ ਪ੍ਰਚਾਰ ਵੀ ਹੋਇਆ ਹੈ ਕਿ ਬੋ ਸ਼ਿਲਾਈ ਮਾਓਵਾਦੀ ਨੀਤੀਆਂ ਦਾ ਪੱਖ ਲੈਂਦਾ ਸੀ ਇਸ ਲਈ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਬਿਲਕੁਲ ਸਹੀ ਹੈ ਕਿ ਬੋ ਸ਼ਿਲਾਈ ਇੱਕ ਭ੍ਰਿਸ਼ਟ ਵਿਅਕਤੀ ਹੈ। ਪਰ ਉਸਨੂੰ ਪਾਰਟੀ ਚੋਂ ਕੱਢਣ ਦੀ ਵਜ੍ਹਾ ਭ੍ਰਿਸ਼ਟਾਚਾਰ ਨਹੀਂ ਹੈ। ਬੋ ਸ਼ਿਲਾਈ ਦਾ ਮਾਓਵਾਦੀ ਵਿਚਾਰਾਂ ਨਾਲ਼ ਵੀ ਦੂਰ ਦੂਰ ਤੱਕ ਦਾ ਕੋਈ ਰਿਸ਼ਤਾ ਨਹੀਂ ਹੈ। ਉਸਨੂੰ ਪਾਰਟੀ ਵਿੱਚੋਂ ਕੱਢੇ ਜਾਣ ਦਾ ਕਾਰਨ ਪਾਰਟੀ ਵਿਚਲੇ ਗੁਟਾਂ ਦਾ ਆਪਸੀ ਭੇੜ ਹੈ। ਚੀ.ਕ.ਪਾ. ਇਸ ਵਿੱਚ ਅੰਦਰਖਾਤੇ ਕਾਫ਼ੀ ਗੰਭੀਰ ਗੁੱਟਬਾਜ਼ੀ ਚੱਲ ਰਹੀ ਹੈ। ਇੱਕ ਗੁੱਟ ਯੰਗ ਕਮਿਉਨਿਸਟ ਲੀਗ ਦਾ ਹੈ ਜਿਸਦੀ ਅਗਵਾਈ ਰਾਸ਼ਟਰਪਤੀ ਹੂ ਜਿੰਤਾਓ ਅਤੇ ਪ੍ਰਧਾਨ ਮੰਤਰੀ ਵੇਨ ਜਿਆਬਾਓ ਕਰਦੇ ਹਨ। ਦੂਜਾ ਗੁੱਟ ”ਸ਼ਿਘਾਈ ਗੁੱਟ” ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ ਜਿਸਦਾ ਆਗੂ ਸਾਬਕਾ ਰਾਸ਼ਟਰਪਤੀ ਜਿਆਂਗ ਜੇਮਿਨ ਹੈ। ਬਾਕੀ ਹੋਰ ਛੋਟੇ ਗੁੱਟ ਹਨ ਜਿਨ੍ਹਾਂ ਵਿੱਚੋਂ ਇੱਕ ਗੁੱਟ ਦੀ ਨੁਮਾਇੰਦਗੀ ਬੋ ਸ਼ਿਲਾਈ ਕਰਦਾ ਸੀ। ਪਾਰਟੀ ਕਾਂਗਰਸ ਵਿੱਚ ਨਵੀਂ ਚੁਣੀ ਗਈ ਸਟੈਂਡਿੰਗ ਪੋਲਿਟ ਬਿਉਰੋ ਵਿੱਚ  ਘੁਸਣ ਵਿੱਚ ਕਾਮਯਾਬ ਰਹੇ ਜਾਂਗ ਡੇਜੀਆਂਗ ਨੂੰ ਇਸ ਅਹੁਦੇ ਲਈ ਬੋ ਸ਼ਿਲਾਈ ਤਕੜੀ ਟੱਕਰ ਦੇ ਰਿਹਾ ਸੀ। ਇਹਨਾਂ ਸਾਰੇ ਗੁੱਟਾਂ ਦਰਮਿਆਨ ਚੀਨ ਵਿੱਚ ਸਰਮਾਏਦਾਰਾ ਰਾਹ ਸਬੰਧੀ ਕੋਈ ਮਤਭੇਦ ਨਹੀਂ ਹੈ। ਮਤਭੇਦ ਬਸ ਦਾਅਪੇਚ ਦੇ ਹਨ। 2008 ਵਿੱਚ ਸ਼ੁਰੂ ਆਏ ਸੰਸਾਰ ਆਰਥਿਕ ਸੰਕਟ ਤੋਂ ਬਾਅਦ ਇਹ ਮਤਭੇਦ ਜਿਆਦਾ ਤਿੱਖੇ ਹੋ ਗਏ ਹਨ। ਅਮਰੀਕਾ ਵੱਲੋਂ ਚੀਨ ਪ੍ਰਤੀ ਕੌਮਾਂਤਰੀ ਪੱਧਰ ‘ਤੇ ਅਪਣਾਏ ਜਾ ਰਹੇ ਹਮਲਾਵਰ ਰੁਖ ਨਾਲ਼ ਕਿਵੇਂ ਨਜਿੱਠਿਆ ਜਾਵੇ ਇਹ ਵੀ ਮਤਭੇਦ ਦਾ ਵੱਡਾ ਮੁੱਦਾ ਹੈ।

”ਯੰਗ ਕਮਿਊਨਿਸਟ ਲੀਗ” ਗੁੱਟ ਪੱਛਮੀ ਵਿੱਤੀ ਸਰਮਾਏ ਦਾ ਤਕੜਾ ਸਮਰਥਕ ਹੈ। ਸਟੇਟ ਕਾਉਂਸਿਲ ਵੱਲੋਂ, ਜੋ ਪ੍ਰਧਾਨ ਮੰਤਰੀ ਦੇ ਤੌਰ ‘ਤੇ ਇਸ ਗੁੱਟ ਦਾ ਆਗੂ ਵੇਨ ਦੇ ਕੰਟਰੋਲ ਹੇਠ ਹੈ, ਚੀਨ ਦੇ ਵੱਡੇ ਬੁੱਧੀਜੀਵੀਆਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਦੇਸ਼ ਦੇ ਬਾਕੀ ਦੇ ਇੱਕ ਲੱਖ ਰਾਜਕੀ ਉੱਦਮਾਂ ਦੇ ਨਿੱਜੀਕਰਨ, ਅਰਥਚਾਰੇ ਦੇ ਮਹੱਤਵਪੂਰਣ ਖੇਤਰਾਂ ਨੂੰ ਵਿਦੇਸ਼ੀ ਮਾਲਕੀ/ਨਿਵੇਸ਼ ਲਈ ਖੋਲ੍ਹਣ ਅਤੇ ਅਰਥਚਾਰੇ ਦੇ ਵੱਖ ਵੱਖ ਖੇਤਰਾਂ ਚੋਂ ਸਰਕਾਰ ਦਾ ਕੰਟਰੋਲ ਖਤਮ ਕਰਨ ਆਦਿ ”ਸੁਧਾਰਾਂ” ਲਈ ਠੋਸ ਤਜ਼ਵੀਜਾਂ ਪੇਸ਼ ਕਰਨ। ”ਸ਼ਿੰਘਾਈ ਗੁੱਟ” ”ਯੰਗ ਕਮਿਊਨਿਸਟ ਲੀਗ” ਦੀਆਂ ਇਹਨਾਂ ਨੀਤੀਆਂ ਦਾ ਸਰਮਾਏਦਾਰਾ ਆਰਥਿਕ ਕੌਮਪ੍ਰਸਤੀ ਅਤੇ ਸੁਰੱਖਿਆਵਾਦ ਦੇ ਨਜ਼ਰੀਏ ਤੋਂ ਵਿਰੋਧ ਕਰਦਾ ਹੈ। ਇਹ ਗੁੱਟ ਚਾਹੁੰਦਾ ਹੈ ਕਿ ਦੇਸ਼ ਦੇ ਸਭ ਤੋਂ ਵੱਡੇ 120 ਰਾਜਕੀ ਉੱਦਮਾਂ ਨੂੰ ਮਜ਼ਦੂਰਾਂ ਦੀ ”ਕੌਮੀ ਚੈਂਪੀਅਨਾਂ” ਵਿੱਚ ਵਿਕਸਿਤ ਕੀਤਾ ਜਾਵੇ, ਜਿਸ ਨਾਲ਼ ਚੀਨੀ ਸਰਮਾਏਦਾਰੀ ਨੂੰ ਫਾਇਦਾ ਪਹੁੰਚੇ ਅਤੇ ਇਸ ਵਾਸਤੇ ਮਜ਼ਦੂਰਾਂ ਦੀ ਕਿਰਤ ਸ਼ਕਤੀ ਦੀ ਬਰਬਰ ਲੁੱਟ ਕੀਤੀ ਜਾਵੇ। ਬੋ ਸ਼ਿਲਾਈ ਗੁੱਟ ਦੀ ਸੋਚ ਵੀ ”ਸ਼ਿੰਘਾਈ ਗੁੱਟ” ਨਾਲ਼ ਮਿਲਦੀ ਹੈ। ਪਰ ਬੋ ਸ਼ਿਲਾਈ ਗੁੱਟ ਲੋਕ ਰੋਹ ਨੂੰ ਘੱਟ ਕਰਨ ਲਈ ਰਾਜ ਵੱਲੋਂ ”ਕਲਿਆਣਕਾਰੀ” ਯੋਜਨਾਵਾਂ ਚਲਾਉਣ ‘ਤੇ ਦੂਜੇ ਗੁੱਟਾਂ ਨਾਲ਼ੋਂ ਕਾਫੀ ਵੱਧ ਜ਼ੋਰ ਦੇ ਰਿਹਾ ਸੀ। ਬੋ ਸ਼ਿਲਾਈ ਵੱਲੋਂ ਦਾਅਪੇਚਕ ਤੌਰ ‘ਤੇ ”ਕਲਿਆਣਾਕਾਰੀ” ਕੰਮਾਂ ‘ਤੇ ਦਿੱਤੇ ਜਾ ਰਹੇ ਜ਼ੋਰ ਕਰਕੇ ਹੀ ਉਸ ਬਾਰੇ ਮਾਓਵਾਦੀ ਨੀਤੀਆਂ ਪੱਖੀ ਆਗੂ ਹੋਣ ਦੇ ਭਰਮ ਲੋਕਾਂ ਵਿੱਚ ਪੈਦਾ ਹੋਏ। ਪਾਰਟੀ ਵਿੱਚ ਉਸਦਾ ਸਮਰਥਨ ਵੀ ਵੱਧਦਾ ਜਾ ਰਿਹਾ ਸੀ। ਬੋ ਸ਼ਿਲਾਈ ਦੇ ਦਾਅਪੇਚ ਪਾਰਟੀ ਦੇ ਮੋਹਰੀ ਗੁੱਟਾਂ ਨੂੰ ਨੁਕਸਾਨਦਾਇਕ ਪ੍ਰਤੀਤ ਹੋ ਰਹੇ ਸਨ। ਇਹ ਗੁੱਟ ਇਸ ਤਰ੍ਹਾਂ ਦੇ ਦਾਅਪੇਚਾਂ ਰਾਹੀਂ ਫਿਰ ਤੋਂ ਸਰਕਾਰੀ ਖਜਾਨੇ ‘ਤੇ ”ਬੋਝ” ਨਹੀਂ ਵਧਾਉਣਾ ਚਾਹੁੰਦੇ ਅਤੇ ਬੇਕਿਰਕ ਰੂਪ ਵਿੱਚ ਉਦਾਰੀਕਰਨ-ਨਿੱਜੀਕਰਨ ਦੀਆਂ ਨੀਤੀਆਂ ਅੱਗੇ ਵਧਾਉਣਾ ਚਾਹੁੰਦੇ ਹਨ। ਬੋ ਸ਼ਿਲਾਈ ਵੱਲੋਂ ”ਕਲਿਆਣਕਾਰੀ” ਕੰਮਾਂ ‘ਤੇ ਦਿੱਤੇ ਜਾ ਰਹੇ ਜ਼ੋਰ ਕਾਰਨ ਲੋਕਾਂ ਦੀਆਂ ਇੱਛਾਵਾਂ ਨੂੰ ਵੀ ਬਲ ਮਿਲ ਰਿਹਾ ਸੀ। ਇਹਨਾਂ ਕਾਰਨਾਂ ਕਰਕੇ ਬੋ ਸ਼ਿਲਾਈ ਦੇ ਪਰ ਕੁਤਰਨੇ ਮੋਹਰੀ ਗੁੱਟਾਂ ਲਈ ਜ਼ਰੂਰੀ ਹੋ ਚੁੱਕੇ ਸਨ ਅਤੇ ਅਜਿਹਾ ਕਰ ਦਿੱਤਾ ਗਿਆ। ਭ੍ਰਿਸ਼ਟਾਚਾਰ ਤਾਂ ਸਿਰਫ ਇੱਕ ਬਹਾਨਾ ਸੀ। ਜਿਨ੍ਹਾਂ ਦੋਸ਼ਾਂ ਤਹਿਤ ਬੋ ਸ਼ਿਲਾਈ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ ਉਹਨਾਂ ਤਹਿਤ ਤਾਂ ਪ੍ਰਧਾਨ ਮੰਤਰੀ ਵੇਨ ਸਮੇਤ ਪਾਰਟੀ ਦੇ ਜਿਆਦਾਤਰ ਆਗੂਆਂ ਨੂੰ ਚੀ.ਕ.ਪਾ. ਵਿੱਚੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ!

ਚੀ.ਕ.ਪਾ. ਮਾਰਕਸਵਾਦ, ਲੈਨਿਨਵਾਦ, ਮਾਓ ਵਿਚਾਰਧਾਰਾ ਤੋਂ ਅਗਵਾਈ ਲੈਣ ਦੇ ਅਤੇ ਚੀਨ ਵਿੱਚ ”ਚੀਨੀ ਵਿਸ਼ੇਸ਼ਤਾਈਆਂ ਵਾਲ਼ੇ ਸਮਾਜਵਾਦ” ਉਸਾਰਨ ਦੇ ਭਾਂਵੇਂ ਜਿੰਨੇ ਮਰਜ਼ੀ ਦਾਅਵੇ ਕਰਦੀ ਰਹੇ ਪਰ ਇਸਦੇ ਸਰਮਾਏਦਾਰ ਜਮਾਤੀ ਚਿਹਰੇ ਤੋਂ ਪਰਦਾ ਉੱਠ ਚੁੱਕਾ ਹੈ। ਇਸਦੇ ਵੱਖ ਵੱਖ ਗੁੱਟਾਂ ਵਿਚਕਾਰ ਭੇੜ ਇਸਦੇ ਸਰਮਾਏਦਾਰਾ ਭ੍ਰਿਸ਼ਟ ਕਿਰਦਾਰ ਨੂੰ ਹੋਰ ਨੰਗਾ ਕਰਦਾ ਜਾ ਰਿਹਾ ਹੈ। ਚੀਨ ਵਿੱਚ ਜਿਵੇਂ ਜਿਵੇਂ ਸਰਮਾਏਦਾਰਾ ਵਿਕਾਸ ਹੋਰ ਅੱਗੇ ਵੱਧੇਗਾ ਚੀਨੀ ਸਰਮਾਏਦਾਰ ਜਮਾਤ ਦੇ ਅਤੇ ਪਾਰਟੀ ਵਿਚਲੇ ਵੱਖ ਵੱਖ ਗੁੱਟਾਂ ਵਿਚਕਾਰ ਟਕਰਾਅ ਹੋਰ ਵੀ ਤਿੱਖਾ ਹੁੰਦਾ ਜਾਏਗਾ। ਚੀਨ ਦੇ ਕਿਰਤੀ ਲੋਕਾਂ ਦਾ ਰੋਹ ਜੋ ਪਹਿਲਾਂ ਹੀ ਚੀ.ਕ.ਪਾ. ਵਿਰੁੱਧ ਕਾਫ਼ੀ ਵੱਧ ਚੁੱਕਾ ਹੈ ਆਉਣ ਵਾਲ਼ੇ ਸਮੇਂ ਵਿੱਚ ਹੋਰ ਵਧੇਗਾ। ਇਹ ਤੈਅ ਹੈ ਕਿ ਬਹੁਪਾਰਟੀ ਸੰਸਦੀ ਢਾਂਚੇ ਦੀ ਮੰਗ ਹੋਰ ਵੀ ਜ਼ੋਰ ਫੜੇਗੀ। ਚੀ.ਕ.ਪਾ. ਆਪਣੀ ਸੱਤਾ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਜਿੰਨਾਂ ਵੀ ਲਾ ਲਵੇ ਉਸਦੀ ਹੋਣੀ ਨੂੰ ਕੋਈ ਨਹੀਂ ਰੋਕ ਸਕਦਾ। ਲੋਕ ਲਹਿਰਾਂ ਨੂੰ ਬੇਕਿਰਕ ਢੰਗ ਨਾਲ਼ ਕੁਚਲਣ ਦੀ ਉਸਦੀ ਨੀਤੀ ਜਾਂ ਲੋਕ ਰੋਹ ਨੂੰ ਠੱਲ ਪਾਉਣ ਲਈ ਭ੍ਰਿਸ਼ਟਾਚਾਰ ਨਾਲ਼ ਲੜਨ ਦੇ ਉਸਦੇ ਦਾਅਵੇ ਜਾਂ ਹੋਰ ਕਲਾਬਾਜ਼ੀਆਂ ਉਸਦਾ ਬਹੁਤੀ ਦੇਰ ਤੱਕ ਸਾਥ ਨਹੀਂ ਦੇਣ ਵਾਲ਼ੇ। 

ਚੀਨ ਵਿੱਚ ਬਹੁਪਾਰਟੀ ਸੰਸਦੀ ਢਾਂਚਾ ਲਾਗੂ ਕਰਨ ਅਤੇ ਚੀ.ਕ.ਪਾ. ਦੀ ਤਾਨਾਸ਼ਾਹੀ ਖਤਮ ਹੋਣ ਨਾਲ਼ ਚੀਨ ਦੇ ਕਿਰਤੀ ਲੋਕਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆ ਜਾਵੇਗਾ ਜਿਹਾ ਕਿ ਚੀਨ ਦੀ ਸਰਮਾਏਦਾਰ ਜਮਾਤ ਦੇ ਕੁਝ ਧੜੇ ਉਹਨਾਂ ਨੂੰ ਕਹਿ ਰਹੇ ਹਨ। ਬੁਰਜੂਆ ਮੀਡੀਆ ਵੀ ਸੰਸਾਰ ਭਰ ਵਿੱਚ ਇਹੋ ਪ੍ਰਚਾਰ ਕਰ ਰਿਹਾ ਹੈ। ਇੱਕ ਪਾਰਟੀ ਢਾਂਚਾ ਹੋਵੇ ਜਾਂ ਦੋ ਪਾਰਟੀ/ਬਹੁਪਾਰਟੀ ਸੰਸਦੀ ”ਜਮਹੂਰੀ” ਢਾਂਚਾ, ਭਾਵ ਸਰਮਾਏਦਾਰਾ ਪ੍ਰਬੰਧ ਦਾ ਸਿਆਸੀ ਰੂਪ ਜਿਵੇਂ ਦਾ ਵੀ ਹੋਵੇ, ਇਸ ਵਿੱਚ ਕਿਰਤੀ ਲੋਕਾਂ ‘ਤੇ ਸਰਮਾਏਦਾਰੀ ਜਮਾਤ ਦੀ ਤਾਨਾਸ਼ਾਹੀ ਕਾਇਮ ਰਹਿੰਦੀ ਹੈ ਅਤੇ ਇਹ ਹਮੇਸ਼ਾਂ ਲੋਕ ਦੋਖੀ ਪ੍ਰਬੰਧ ਹੀ ਰਹਿੰਦਾ ਹੈ। ਸਰਮਾਏਦਾਰਾ ਵਿਕਾਸ ਦੇ ਨਤੀਜੇ ਚੀਨੀ ਲੋਕਾਂ ਦੇ ਸਾਹਮਣੇ ਹਨ। ਲੋਕਾਂ ਵਿੱਚ ਸਮਾਜਵਾਦ ਪੱਖੀ ਧਾਰਨਾਵਾਂ ਲਗਾਤਾਰ ਮਜ਼ਬੂਤ ਹੁੰਦੀਆਂ ਜਾ ਰਹੀਆਂ ਹਨ। ਖਾਸਕਰ ਉਹ ਚੀਨੀ ਲੋਕ ਜਿਨ੍ਹਾਂ ਨੇ ਸਮਾਜਵਾਦ ਜੀਵਿਆ ਹੈ ਮੁੜ ਤੋਂ ਸਮਾਜਵਾਦ ਦੀ ਸਥਾਪਨਾ ਚਾਹੁੰਦੇ ਹਨ। ਇਹ ਸਮਾਜਵਾਦ ਹੀ ਹੈ ਜਿਸਦੀ ਚੀਨ ਦੇ ਕਿਰਤੀ ਲੋਕਾਂ ਨੂੰ ਜ਼ਰੂਰਤ ਹੈ। ਚੀਨ ਦਾ 1949 ਤੋਂ ਲੈ ਕੇ 1976 ਤੱਕ ਦਾ ਸਮਾਜਵਾਦੀ ਦੌਰ ਅਤੇ ਉਸਤੋਂ ਬਾਅਦ ਦੇ ਸਰਮਾਏਦਾਰਾ ਦੌਰ ਵਿਚਲੇ ਫਰਕਾਂ ਨੂੰ ਦੇਖ-ਸਮਝ ਕੇ ਨਾ ਸਿਰਫ਼ ਚੀਨ ਦੇ ਲੋਕਾਂ ਨੂੰ ਹੀ ਸਮਾਜਵਾਦ ਦੇ ਪੱਖ ਵਿੱਚ ਫਿਰ ਤੋਂ ਖੜ੍ਹਨਾ ਚਾਹੀਦਾ ਹੈ ਸਗੋਂ ਸੰਸਾਰ ਦੇ ਮਜ਼ਦੂਰਾਂ-ਕਿਰਤੀਆਂ-ਇੱਕ ਬੇਹਤਰ ਸਮਾਜ ਸਿਰਜਣ ਦੀ ਇੱਛਾ ਰੱਖਣ ਵਾਲ਼ੇ ਸਭਨਾਂ ਲੋਕਾਂ ਨੂੰ ਚੀਨ ਸਮੇਤ ਦੁਨੀਆਂ ਭਰ ਦੇ ਸੋਧਵਾਦੀਆਂ ਵੱਲੋਂ ਮਜ਼ਦੂਰ ਜਮਾਤ ਨਾਲ਼ ਕੀਤੀ ਗੱਦਾਰੀ, ਉਹਨਾਂ ਦੇ ਕਾਲ਼ੇ ਕਾਰਨਾਮਿਆਂ, ਨੈਤਿਕ ਪਤਣ, ਝੂਠ-ਫ੍ਰੇਬ ਸਹਾਰੇ ਸਾਮਰਾਜਵਾਦ-ਪੂੰਜੀਵਾਦ ਦੁਆਰਾ ਮਾਰਕਸਵਾਦ, ਲੈਨਿਨਵਾਦ, ਮਾਓ ਵਿਚਾਰਧਾਰਾ/ਮਾਓਵਾਦ, ਸਮਾਜਵਾਦ/ਕਮਿਊਨਿਜਮ ਅਤੇ ਸੱਚੇ ਕਮਿਊਨਿਸਟਾਂ ਖਿਲਾਫ਼ ਪੈਦਾ ਕੀਤੇ ਭਰਮ-ਭੁਲੇਖਿਆਂ, ਭੰਬਲਭੂਸੇ, ਤੁਅੱਸਬਾਂ ਤੋਂ ਮੁਕਤ ਹੋ ਕੇ  ਸਮਾਜਵਾਦ ਦੇ ਹੱਕ ਵਿੱਚ ਡਟਕੇ ਖੜ੍ਹਨਾ ਚਾਹੀਦਾ ਹੈ।

“ਪ੍ਰਤੀਬੱਧ”, ਅੰਕ 18, ਫਰਵਰੀ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s