ਚੀਨੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਵੱਲੋਂ ਜਾਰੀ ਗਸ਼ਤੀ-ਚਿੱਠੀ -16 ਮਈ, 1966

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

 ਕੇਂਦਰੀ ਕਮੇਟੀ ਦੇ ਸਾਰੇ ਖੇਤਰੀ ਬਿਊਰੋਆਂ, ਸਾਰੀਆਂ ਸੂਬਾ, ਸ਼ਹਿਰੀ ਤੇ ਖੁਦਮੁਖਤਿਆਰ ਖਿੱਤਿਆਂ ਦੀਆਂ ਪਾਰਟੀ ਕਮੇਟੀਆਂ, ਕੇਂਦਰੀ ਕਮੇਟੀ ਅਧੀਨ ਸਾਰੇ ਵਿਭਾਗਾਂ ਤੇ ਕਮਿਸ਼ਨਾਂ, ਸਰਕਾਰੀ ਮਹਿਕਮਿਆਂ ਤੇ ਲੋਕ-ਜਥੇਬੰਦੀਆਂ ‘ਚ ਪਾਰਟੀ ਮੈਂਬਰਾਂ ਦੇ ਸਾਰੇ ਮੋਹਰੀ ਗਰੁੱਪਾਂ ਤੇ ਪਾਰਟੀ ਕਮੇਟੀਆਂ, ਅਤੇ ਲੋਕ-ਮੁਕਤੀ ਫੌਜ ਦੇ ਆਮ ਸਿਆਸੀ ਵਿਭਾਗ ਵੱਲ:

ਕੇਂਦਰੀ ਕਮੇਟੀ ਨੇ ਸੱਭਿਆਚਾਰਕ ਇਨਕਲਾਬ ਦੇ ਇੰਚਾਰਜ ਪੰਜ ਦੇ ਗਰੁੱਪ ਵੱਲੋਂ ਮੌਜੂਦਾ ਅਕਾਦਮਿਕ ਵਿਚਾਰ-ਚਰਚਾ ਉੱਤੇ ਤਿਆਰ ਕੀਤੀ ਉਸ ਮਸੌਦਾ ਰਿਪੋਰਟ ਨੂੰ ਮਨਸੂਖ ਕਰਨ ਜਿਹੜੀ 12 ਫ਼ਰਵਰੀ, 1966 ਨੂੰ ਵੰਡੀ ਜਾਣੀ ਸੀ, ”ਸੱਭਿਆਚਾਰਕ ਇਨਕਲਾਬ ਦੇ ਇੰਚਾਰਜ ਪੰਜ ਦੇ ਗਰੁੱਪ” ਤੇ ਇਸਦੇ ਦਫ਼ਤਰਾਂ ਨੂੰ ਭੰਗ ਕਰਨ, ਅਤੇ ਪੋਲਿਟ ਬਿਊਰੋ ਦੀ ਸਟੈਂਡਿੰਗ ਕਮੇਟੀ ਦੀ ਸਿੱਧੀ ਦੇਖ-ਰੇਖ ਹੇਠ ਨਵਾਂ ਸੱਭਿਆਚਾਰਕ ਇਨਕਲਾਬ ਗਰੁੱਪ ਕਾਇਮ ਕਰਨ ਦਾ ਫੈਸਲਾ ਲਿਆ ਹੈ। ਪੰਜ ਦੇ ਗਰੁੱਪ ਵੱਲੋਂ ਤਿਆਰ ਕੀਤੀ ਗਈ ਅਖੌਤੀ ਮਸੌਦਾ ਰਿਪੋਰਟ ਮੁੱਢੋਂ ਹੀ ਗਲਤ ਸੀ। ਇਹ ਕੇਂਦਰੀ ਕਮੇਟੀ ਤੇ ਕਾਮਰੇਡ ਮਾਓ ਜ਼ੇ-ਤੁੰਗ ਵੱਲੋਂ ਸਥਾਪਤ ਕੀਤੀ ਗਈ ਸਮਾਜਵਾਦੀ ਸੱਭਿਆਚਾਰਕ ਇਨਕਲਾਬ ਦੀ ਲੀਹ ਅਤੇ ਪਾਰਟੀ ਦੀ ਅੱਠਵੀਂ ਕੇਂਦਰੀ ਕਮੇਟੀ ਦੇ 1962 ਦੇ ਪਲੇਨਰੀ ਸੈਸ਼ਨ ਵੱਲੋਂ ਸਮਾਜਵਾਦੀ ਸਮਾਜ ਵਿੱਚ ਜਮਾਤਾਂ ਤੇ ਜਮਾਤੀ ਸੰਘਰਸ਼ ਸਵਾਲ ਬਾਰੇ ਤੈਅ ਕੀਤੇ ਗਏ ਰਾਹ-ਦਿਖਾਵੇ ਅਸੂਲਾਂ ਦੇ ਉਲਟ ਜਾਂਦੀ ਹੈ। ਉੱਪਰੋਂ ਸਹਿਮਤ ਹੋਣ ਦਾ ਦਿਖਾਵਾ ਕਰਦੇ ਹੋਏ, ਰਿਪੋਰਟ ਅਸਲ ਵਿੱਚ ਕਾਮਰੇਡ ਮਾਓ ਜ਼ੇ-ਤੁੰਗ ਦੁਆਰਾ ਸ਼ੁਰੂ ਕੀਤੇ ਗਏ ਤੇ ਉਹਨਾਂ ਦੀ ਅਗਵਾਈ ਹੇਠਲੇ ਮਹਾਨ ਸੱਭਿਆਚਾਰਕ ਇਨਕਲਾਬ, ਅਤੇ ਨਾਲ਼ ਹੀ ਸਤੰਬਰ ਤੇ ਅਕਤੂਬਰ, 1965 ਵਿੱਚ ਕੇਂਦਰੀ ਕਮੇਟੀ ਦੀ ਕੰਮਕਾਜੀ ਕਾਨਫਰੰਸ (ਭਾਵ ਕੇਂਦਰੀ ਕਮੇਟੀ ਦੇ ਪੋਲਿਟ ਬਿਊਰੋ ਦੀ ਸਟੈਂਡਿੰਗ ਕਮੇਟੀ ਦੀ ਉਹ ਬੈਠਕ ਜਿਸ ਵਿੱਚ ਕੇਂਦਰੀ ਕਮੇਟੀ ਦੇ ਖੇਤਰੀ ਬਿਊਰੋਆਂ ਦੇ ਸਾਰੇ ਮੋਹਰੀ ਕਾਮਰੇਡ ਹਾਜ਼ਰ ਸਨ) ਅੱਗੇ ਵੂ ਹਾਨ ਵੱਲੋਂ ਰੱਖੀ ਗਈ ਆਤਮ-ਅਲੋਚਨਾ ਨਾਲ਼ ਸਬੰਧਤ ਦਿਸ਼ਾ-ਨਿਰਦੇਸ਼ਾਂ ਦਾ ਵਿਰੋਧ ਤੇ ਢੀਠਤਾਈ ਨਾਲ਼ ਨਾ-ਫੁਰਮਾਨੀ ਕਰਦੀ ਹੈ।

”ਪੰਜ ਦੇ ਗਰੁੱਪ” ਦੀ ਇਹ ਅਖੌਤੀ ਰਿਪੋਰਟ ਅਸਲ ਵਿੱਚ ਪੇਂਗ ਚੇਨ ਦੀ ਇਕੱਲੇ ਦੀ ਰਿਪੋਰਟ ਹੈ। ”ਪੰਜ ਦੇ ਗਰੁੱਪ” ਦੀ ਮੈਂਬਰ ਕਾਮਰੇਡ ਕਾਂਗ ਸ਼ੇਂਗ ਤੇ ਇਸ ਦੇ ਦੂਸਰੇ ਕਾਮਰੇਡਾਂ ਦੀ ਆੜ ਹੇਠ ਉਸਨੇ ਆਪਣੇ ਖੁਦ ਦੇ ਵਿਚਾਰਾਂ ਦੇ ਅਧਾਰ ‘ਤੇ ਹੀ ਇਹ ਪੂਰੀ ਰਿਪੋਰਟ ਘੜੀ ਹੈ। ਸਮਾਜਵਾਦੀ ਇਨਕਲਾਬ ਨਾਲ਼ ਜੁੜੇ ਬਹੁਤ ਅਹਿਮ ਸਵਾਲਾਂ ਨਾਲ਼ ਸਬੰਧਤ ਇਸ ਦਸਤਾਵੇਜ਼ ਨੂੰ ਤਿਆਰ ਕਰਨ ਲੱਗਿਆਂ ਪੇਂਗ ਚੇਨ ਨੇ ”ਪੰਜ ਦੇ ਗਰੁੱਪ””ਅੰਦਰ ਕੋਈ ਬਹਿਸ ਜਾਂ ਵਿਚਾਰਾਂ ਦਾ ਅਦਾਨ-ਪ੍ਰਦਾਨ ਨਹੀਂ ਕੀਤਾ। ਉਸਨੇ ਕਿਸੇ ਸਥਾਨਕ ਕਮੇਟੀ ਨੂੰ ਉਸਦੀ ਰਾਇ ਨਹੀਂ ਪੁੱਛੀ, ਅਤੇ ਨਾ ਹੀ ਉਸਨੇ ਇਹ ਸਾਫ਼ ਕੀਤਾ ਕਿ ਮਸੌਦਾ ਰਿਪੋਰਟ ਨੂੰ ਇੱਕ ਅਧਿਕਾਰਤ ਦਸਤਾਵੇਜ਼ ਦੇ ਤੌਰ ‘ਤੇ ਕੇਂਦਰੀ ਕਮੇਟੀ ਕੋਲ ਨਿਰੀਖਣ ਲਈ ਭੇਜਿਆ ਜਾਵੇਗਾ, ਅਤੇ ਹੋਰ ਤਾਂ ਹੋਰ, ਉਸ ਨੇ ਇਸ ਬਾਰੇ ਕੇਂਦਰੀ ਕਮੇਟੀ ਦੇ ਚੇਅਰਮੈਨ ਕਾਮਰੇਡ ਮਾਓ ਜ਼ੇ-ਤੁੰਗ ਤੋਂ ਕੋਈ ਪ੍ਰਵਾਨਗੀ ਨਹੀਂ ਲਈ। ਸਭ ਤੋਂ ਘਟੀਆ ਢੰਗ-ਤਰੀਕੇ ਅਪਣਾਕੇ, ਉਸਨੇ ਤੱਤ-ਫੜੱਤ ਕੰਮ ਕਰਦੇ ਹੋਏ ਆਪਣੀਆਂ ਤਾਕਤਾਂ ਦੀ ਦੁਰਵਰਤੋਂ ਕੀਤੀ ਅਤੇ ਕੇਂਦਰੀ ਕਮੇਟੀ ਦੇ ਨਾਮ ਹੇਠ ਮਸੌਦਾ ਰਿਪੋਰਟ ਨੂੰ ਕਾਹਲੀ-ਕਾਹਲੀ ਸਾਰੀ ਪਾਰਟੀ ਵਿੱਚ ਭੇਜ ਦਿੱਤਾ।

ਮਸੌਦਾ ਰਿਪੋਰਟ ਦੀਆਂ ਮੁੱਖ ਗਲਤੀਆਂ ਇਸ ਪ੍ਰਕਾਰ ਹਨ:

1. ਬੁਰਜੂਆ ਪੋਜ਼ੀਸ਼ਨ ਤੇ ਬੁਰਜੂਆ ਸੰਸਾਰ ਨਜ਼ਰੀਏ ਤੋਂ ਪ੍ਰਸਥਾਨ ਕਰਦੇ ਹੋਏ, ਰਿਪੋਰਟ ਨੇ ਅਕਾਦਮਿਕ ਅਲੋਚਨਾ ਦੀ ਮੌਜੂਦਾ ਸਥਿਤੀ ਦੀ ਆਪਣੀ ਪੜਚੋਲ ਵਿੱਚ ਦੁਸ਼ਮਣ ਅਤੇ ਸਾਨੂੰ ਪੂਰੀ ਤਰ੍ਹਾਂ ਉਲਟਾਅ-ਪਲਟਾਅ, ਇੱਕ ਨੂੰ ਦੂਜੇ ਦੀ ਥਾਂ ਰੱਖ ਦਿੱਤਾ ਹੈ। ਸਾਡਾ ਦੇਸ਼ ਇਸ ਸਮੇਂ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਉਭਾਰ ਦੇ ਦੌਰ ‘ਚ ਹੈ ਜਿਹੜਾ ਬੁਰਜੂਆਜ਼ੀ ਅਤੇ ਜਗੀਰਦਾਰੀ ਦੀ ਰਹਿੰਦ-ਖੂੰਹਦ ਦੁਆਰਾ ਅਜੇ ਵੀ ਮੱਲ੍ਹੀਆਂ ਹੋਈਆਂ ਵਿਚਾਰਧਾਰਕ ਤੇ ਸੱਭਿਆਚਾਰਕ ਪੋਜ਼ੀਸ਼ਨਾਂ ‘ਤੇ ਤਾਬੜਤੋੜ ਹਮਲੇ ਕਰ ਰਿਹਾ ਹੈ। ਮਜ਼ਦੂਰਾਂ, ਕਿਸਾਨਾਂ ਤੇ ਫੌਜੀਆਂ ਦੇ ਲੋਕ-ਸਮੂਹਾਂ ਨੂੰ ਤੇ ਪ੍ਰੋਲੇਤਾਰੀ ਸੱਭਿਆਚਾਰ ਦੇ ਸਿਪਾਹੀਆਂ ਨੂੰ ਨਿਡਰਤਾ ਨਾਲ਼ ਲਾਮਬੰਦ ਕਰਨ ਲਈ ਪਾਰਟੀ ਨੂੰ ਸੱਦਾ ਦੇਣ ਦੀ ਥਾਂ ਤਾਂ ਕਿ ਉਹ ਦ੍ਰਿੜ੍ਹਤਾ ਨਾਲ਼ ਅੱਗੇ ਵਧ ਸਕਣ, ਇਹ ਰਿਪੋਰਟ ਲਹਿਰ ਨੂੰ ਸੱਜੇ ਪਾਸੇ ਲੈ ਕੇ ਜਾਣ ਦੀ ਜੀ-ਜਾਨ ਨਾਲ਼ ਕੋਸ਼ਿਸ਼ ਕਰਦੀ ਹੈ। ਉਲਝੀ ਹੋਈ, ਆਪਾਵਿਰੋਧੀ ਤੇ ਦੋਗਲੀ ਭਾਸ਼ਾ ਦਾ ਇਸਤੇਮਾਲ ਕਰਦੇ ਹੋਏ, ਇਹ ਉਸ ਤਿੱਖੇ ਜਮਾਤੀ ਸੰਘਰਸ਼ ‘ਤੇ ਪਰਦਾ ਪਾਉਂਦੀ ਹੈ ਜੋ ਸੱਭਿਆਚਾਰਕ ਤੇ ਵਿਚਾਰਧਾਰਕ ਮੋਰਚੇ ‘ਤੇ ਜਾਰੀ ਹੈ। ਖਾਸ ਤੌਰ ‘ਤੇ, ਇਹ ਜਮਾਤੀ ਸੰਘਰਸ਼ ਦੇ ਮਕਸਦ ਨੂੰ ਛੁਪਾਉਂਦੀ ਹੈ ਜਿਸ ਦਾ ਮੰਤਵ ਵੂ ਹਾਨ ਤੇ ਉਹੋ-ਜਿਹੇ ਹੋਰ ਬਹੁਤ ਸਾਰੇ ਪਾਰਟੀ-ਵਿਰੋਧੀ ਤੇ ਸਮਾਜਵਾਦ-ਵਿਰੋਧੀ ਬੁਰਜੂਆਜ਼ੀ ਦੇ ਨੁਮਾਇੰਦਿਆਂ (ਕੇਂਦਰੀ ਕਮੇਟੀ ਤੇ ਪਾਰਟੀ, ਕੇਂਦਰੀ ਤੇ ਸੂਬਾਈ, ਸ਼ਹਿਰੀ ਤੇ ਖੁਦਮੁਖਤਿਆਰ ਖਿੱਤਿਆਂ ਦੇ ਪੱਧਰ ‘ਤੇ ਸਰਕਾਰ ਤੇ ਦੂਸਰੇ ਵਿਭਾਗਾਂ ਵਿੱਚ ਇਹਨਾਂ ਦੀ ਅੱਛੀ-ਖਾਸੀ ਗਿਣਤੀ ਹੈ) ਦੀ ਅਲੋਚਨਾ ਤੇ ਮੱਕੂ ਠੱਪਣਾ ਹੈ। ਚੇਅਰਮੈਨ ਮਾਓ ਜ਼ੇ-ਤੁੰਗ ਵੱਲੋਂ ਵਾਰ-ਵਾਰ ਉਠਾਏ ਗਏ ਇਸ ਨੁਕਤੇ ਨੂੰ ਕਿ ਵੂ ਹਾਨ ਦਾ ਡਰਾਮਾ ਹਈ ਜੂਈ ਨੂੰ ਬਰਖਾਸਤ ਕੀਤਾ ਗਿਆ ਅਸਲ ਵਿੱਚ ਤਾਕਤ ਖੋਹ ਲੈਣ ਦਾ ਸਵਾਲ ਹੈ, ਦਾ ਉੱਕਾ ਹੀ ਜ਼ਿਕਰ ਨਾ ਕਰਕੇ ਰਿਪੋਰਟ ਸੰਘਰਸ਼ ਦੀ ਸਿਆਸੀ ਗੰਭੀਰਤਾ ਨੂੰ ਰਫ਼ਾ-ਦਫਾ ਕਰਦੀ ਹੈ।

2. ਇਹ ਰਿਪੋਰਟ ਇਸ ਬੁਨਿਆਦੀ ਮਾਰਕਸਵਾਦੀ ਸਿਧਾਂਤ ਦੀ ਉਲੰਘਣਾ ਕਰਦੀ ਹੈ ਕਿ ਸਾਰੇ ਜਮਾਤੀ ਸੰਘਰਸ਼ ਸਿਆਸੀ ਸੰਘਰਸ਼ ਹੁੰਦੇ ਹਨ। ਜਦੋਂ ਪ੍ਰੈੱਸ ਨੇ ਵੂ ਹਾਨ ਦੇ ਡਰਾਮੇ ਹਈ ਜੂਈ ਨੂੰ ਬਰਖਾਸਤ ਕੀਤਾ ਗਿਆ, ਨਾਲ਼ ਜੁੜੇ ਸਿਆਸੀ ਮੁੱਦਿਆਂ ਵੱਲ ਇਸ਼ਾਰਾ ਕਰਨਾ ਸ਼ੁਰੂ ਕੀਤਾ ਤਾਂ ਰਿਪੋਰਟ ਦੇ ਲੇਖਕ ਇਹ ਕਹਿਣ ਤੱਕ ਚਲੇ ਜਾਂਦੇ ਹਾਂ: ”ਪ੍ਰੈੱਸ ਵਿੱਚ ਜਾਰੀ ਬਹਿਸ ਨੂੰ ਸਿਰਫ਼ ਸਿਆਸੀ ਸਵਾਲਾਂ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਇਸ ਨਾਲ਼ ਜੁੜੇ ਸਾਰੇ ਅਕਾਦਮਿਕ ਤੇ ਸਿਧਾਂਤਿਕ ਸਵਾਲਾਂ ਦੀ ਡੂੰਘਾਈ ਵਿੱਚ ਜਾਣਾ ਚਾਹੀਦਾ ਹੈ।” ਵੂ ਹਾਨ ਦੀ ਅਲੋਚਨਾ ਬਾਰੇ, ਉਹਨਾਂ ਨੇ ਕਈ ਵਾਰੀ ਇਹ ਕਿਹਾ ਕਿ ਮੁੱਦੇ ਦੀ ਜੜ੍ਹ, ਭਾਵ 1959 ਦੀ ਲੂਸ਼ਾਨ ਬੈਠਕ ਦੌਰਾਨ ਸੱਜੇ ਮੌਕਾਪ੍ਰਸਤਾਂ ਦੀ ਬਰਖਾਸਤਗੀ ਤੇ ਵੂ ਹਾਨ ਤੇ ਹੋਰਨਾਂ ਵੱਲੋਂ ਪਾਰਟੀ ਤੇ ਸਮਾਜਵਾਦ ਦੀ ਵਿਰੋਧਤਾ ਬਾਰੇ ਗੱਲ ਕਰਨਾ ਗੈਰਵਾਜਿਬ ਹੋਵੇਗਾ। ਕਾਮਰੇਡ ਮਾਓ ਜ਼ੇ-ਤੁੰਗ ਨੇ ਸਾਨੂੰ ਅਕਸਰ ਦੱਸਿਆ ਹੈ ਕਿ ਬੁਰਜੂਆਜੀ ਖਿਲਾਫ਼ ਵਿਚਾਰਧਾਰਕ ਸੰਘਰਸ਼ ਇੱਕ ਲੰਮਾ ਲਮਕਵਾਂ ਜਮਾਤੀ ਸੰਘਰਸ਼ ਹੈ ਜਿਹੜਾ ਕਾਹਲੀ ਨਾਲ਼ ਕੱਢੇ ਗਏ ਸਿਆਸੀ ਸਿੱਟਿਆਂ ਨਾਲ਼ ਅੰਜ਼ਾਮ ‘ਤੇ ਨਹੀਂ ਪਹੁੰਚਾਇਆ ਜਾ ਸਕਦਾ ਹੈ। ਪਰ ਪੇਂਗ ਚੇਨ ਨੇ ਇਹ ਕਹਿ ਕੇ ਜਾਣਬੁੱਝ ਕੇ ਅਫ਼ਵਾਹਾਂ ਫੈਲਾਈਆਂ ਕਿ ਚੇਅਰਮੈਨ ਮਾਓ ਇਹ ਸਮਝਦੇ ਹਨ ਕਿ ਵੂ ਹਾਨ ਦੇ ਮਾਮਲੇ ਤੋਂ ਦੋ ਮਹੀਨੇ ਬਾਅਦ ਹੀ ਸਿਆਸੀ ਨਤੀਜੇ ਕੱਢੇ ਜਾ ਸਕਦੇ ਸਨ। ਪੇਂਗ ਚੇਨ ਨੇ ਇਹ ਵੀ ਕਿਹਾ ਕਿ ਸਿਆਸੀ ਮਾਮਲਿਆਂ ਨੂੰ ਦੋ ਮਹੀਨੇ ਬਾਅਦ ਹੀ ਵਿਚਾਰਿਆ ਜਾ ਸਕਦਾ ਹੈ। ਉਸ ਦਾ ਮਕਸਦ ਸੱਭਿਆਚਾਰ ਦੇ ਖੇਤਰ ‘ਚ ਜ਼ਾਰੀ ਸਿਆਸੀ ਸੰਘਰਸ਼ ਨੂੰ ਸ਼ੁੱਧ ਅਕਾਦਮਿਕ ਬਹਿਸ ਬਣਾ ਦੇਣਾ ਸੀ ਜਿਸ ਤਰ੍ਹਾਂ ਕਿ ਆਮ ਤੌਰ ‘ਤੇ ਬੁਰਜੂਆਜ਼ੀ ਕਰਦੀ ਹੈ। ਸਾਫ਼ ਤੌਰ ‘ਤੇ ਇਸਦਾ ਮਤਲਬ ਬੁਰਜੂਆ ਸਿਆਸਤ ਨੂੰ ਪ੍ਰਮੁੱਖਤਾ ਦੇਣੀ ਹੈ, ਜਦਕਿ ਪ੍ਰੋਲੇਤਾਰੀ ਸਿਆਸਤ ਦੀ ਪ੍ਰਮੁੱਖਤਾ ਦਾ ਵਿਰੋਧ ਕਰਨਾ ਹੈ।
3. ਰਿਪੋਰਟ ਆਪਣੇ ਉਸ ਨੁਕਤੇ ਜਿਸ ਨੂੰ ਇਹ“”ਵਧੇਰੇ ਖੁੱਲ੍ਹਾਂ ਦੇਣਾ””ਆਖਦੀ ਹੈ, ‘ਤੇ ਖਾਸ ਜ਼ੋਰ ਦਿੰਦੀ ਹੈ। ਪਰ ਇਹ ਚਾਲਬਾਜ਼ੀ ਕਰਕੇ, ਇਹ ਮਾਰਚ, 1957 ‘ਚ ਪ੍ਰਾਪੇਗੰਡਾ ਕੰਮ ਉੱਤੇ ਕੌਮੀ ਕਾਨਫਰੰਸ ਵਿੱਚ ਕਾਮਰੇਡ ਮਾਓ ਜ਼ੇ-ਤੁੰਗ ਵੱਲੋਂ ਪੇਸ਼ ਕੀਤੀ ਗਈ ‘ਵਧੇਰੇ ਖੁੱਲ੍ਹਾਂ ਦੇਣ’ ਦੀ ਨੀਤੀ ਨੂੰ ਤੋੜਦੀ-ਮਰੋੜਦੀ ਹੈ ਅਤੇ ”ਵਧੇਰੇ ਖੁੱਲ੍ਹਾਂ ਦੇਣ””ਦੇ ਜਮਾਤੀ ਤੱਤ ਨੂੰ ਅੱਖੋਂ ਪਰੋਖੇ ਕਰਦੀ ਹੈ। ਇਸ ਸਵਾਲ ਨੂੰ ਨਜਿੱਠਦੇ ਹੋਏ ਹੀ ਕਾਮਰੇਡ ਮਾਓ ਜ਼ੇ-ਤੁੰਗ ਨੇ ਕਿਹਾ ਸੀ:

ਸਾਨੂੰ ਅਜੇ ਵੀ ਬੁਰਜੂਆ ਤੇ ਨਿੱਕ-ਬੁਰਜੂਆ ਵਿਚਾਰਧਾਰਾ ਖਿਲਾਫ਼ ਲੰਮਾ ਲਮਕਵਾਂ ਸੰਘਰਸ਼ ਕਰਨਾ ਪਵੇਗਾ। ਇਸ ਗੱਲ ਨੂੰ ਨਾ ਸਮਝਣਾ ਭਾਰੀ ਗਲਤੀ ਤੇ ਜਮਾਤੀ ਸੰਘਰਸ਼ ਨੂੰ ਤਿਆਗ ਦੇਣਾ ਹੋਵੇਗਾ। ਸਾਰੇ ਗਲਤ ਵਿਚਾਰਾਂ, ਸਾਰੇ ਜ਼ਹਿਰੀਲੇ ਬੀਜਾਂ, ਅਤੇ ਸਾਰੀਆਂ ਬਦਰੂਹਾਂ ਤੇ ਦੁਸ਼ਟਾਂ ਨੂੰ ਅਲੋਚਨਾ ਅੱਗੇ ਖੜਾ ਕਰਨਾ ਚਾਹੀਦਾ ਹੈ; ਕਿਸੇ ਵੀ ਹਾਲਤ ‘ਚ ਉਹਨਾਂ ਨੂੰ ਬੇਰੋਕ-ਟੋਕ ਫੈਲਣ ਨਹੀਂ ਦੇਣਾ ਚਾਹੀਦਾ।

ਕਾਮਰੇਡ ਮਾਓ ਜ਼ੇ-ਤੁੰਗ ਨੇ ਇਹ ਵੀ ਕਿਹਾ, ‘ਵਧੇਰੇ ਖੁੱਲ੍ਹਾਂ ਦੇਣ’ ਦਾ ਮਤਲਬ ਸਾਰੇ ਲੋਕਾਂ ਨੂੰ ਆਪਣੀਆਂ ਰਾਵਾਂ ਅਜ਼ਾਦੀ ਨਾਲ਼ ਰੱਖਣ ਦੇਣਾ ਹੈ ਤਾਂ ਕਿ ਉਹ ਬੋਲਣ, ਅਲੋਚਨਾ ਕਰਨ ਅਤੇ ਬਹਿਸ ਕਰਨ ਦਾ ਜ਼ੇਰਾ ਕਰਨ… ਪਰ ਇਹ ਰਿਪੋਰਟ ”ਵਧੇਰੇ ਖੁੱਲ੍ਹਾਂ ਦੇਣ” ਨੂੰ ਪ੍ਰੋਲੇਤਾਰੀ ਦੁਆਰਾ ਬੁਰਜੂਆ ਪਿਛਾਖੜੀ ਪੋਜ਼ੀਸ਼ਨ ਦੇ ਪਰਦਾਫਾਸ਼ ਕਰਨ ਦੇ ਵਿਰੋਧ ‘ਚ ਖੜਾ ਕਰ ਦਿੰਦੀ ਹੈ। ਇਹ ”ਵਧੇਰੇ ਖੁੱਲ੍ਹਾਂ ਦੇਣ””ਨੂੰ ਬੁਰਜੂਆ ਉਦਾਰਵਾਦ ਬਣਾ ਦਿੰਦੀ ਹੈ ਜਿਸ ਅਧੀਨ ਬੁਰਜੂਆਜ਼ੀ ਨੂੰ ਤਾਂ“”ਵਧੇਰੇ ਖੁੱਲ੍ਹਾਂ” ਮਿਲਣਗੀਆ ਪਰ ਪ੍ਰੋਲੇਤਾਰੀ ਨੂੰ“”ਵਧੇਰੇ ਖੁੱਲ੍ਹਾਂ””ਨਹੀਂ ਮਿਲਣਗੀਆਂ ਤਾਂ ਕਿ ਉਹ ਬੁਰਜੂਆਜ਼ੀ ‘ਤੇ ਮੋੜਵਾਂ ਹਮਲਾ ਕਰ ਸਕੇ, ਦੂਜੇ ਸ਼ਬਦਾਂ ਵਿੱਚ, ਇਹ ਬੁਰਜੂਆਜ਼ੀ ਦੇ ਵੂ ਹਾਨ ਜਿਹੇ ਪਿਛਾਖੜੀ ਨੁਮਾਇੰਦਿਆਂ ਦੀ ਢਾਲ ਹੈ। ਇਸ ਰਿਪੋਰਟ ਦਾ“”ਵਧੇਰੇ ਖੁੱਲ੍ਹਾਂ ਦੇਣ” ਦਾ ਨੁਕਤਾ ਮਾਓ ਜ਼ੇ-ਤੁੰਗ ਵਿਚਾਰਧਾਰਾ ਦੇ ਉਲਟ ਹੈ ਅਤੇ ਬੁਰਜੂਆਜ਼ੀ ਦੀਆਂ ਜਰੂਰਤਾਂ ਨੂੰ ਪੂਰਿਆਂ ਕਰਦਾ ਹੈ।

4. ਬਿਲਕੁਲ ਉਸ ਸਮੇਂ ਜਦੋਂ ਅਸੀਂ ਬੁਰਜੂਆਜ਼ੀ ਦੇ ਤਿੱਖੇ ਹਮਲਿਆਂ ਖਿਲਾਫ਼ ਮੋੜਵਾਂ ਹੱਲਾ ਬੋਲਿਆ, ਰਿਪੋਰਟ ਦੇ ਲੇਖਕ ਇਹ ਨਾਹਰਾ ਦਿੰਦੇ ਹਨ: ”ਹਰ ਕੋਈ ਸੱਚ ਦੇ ਸਾਹਮਣੇ ਬਰਾਬਰ ਹੈ।””ਇਹ ਬੁਰਜੂਆ ਨਾਹਰਾ ਹੈ। ਸੱਚ ਦੇ ਜਮਾਤੀ ਖਾਸੇ ਨੂੰ ਪੂਰੀ ਤਰ੍ਹਾਂ ਅੱਖੋਂ ਉਹਲੇ ਕਰਕੇ ਉਹ ਇਸਨੂੰ ਬੁਰਜੂਆਜ਼ੀ ਦੀ ਰੱਖਿਆ ਕਰਨ ਲਈ ਕਰਦੇ ਹਨ ਅਤੇ ਪ੍ਰੋਲੇਤਾਰੀ ਦਾ, ਮਾਰਕਸਵਾਦ-ਲੈਨਿਨਵਾਦ ਤੇ ਮਾਓ ਵਿਚਾਰਧਾਰਾ ਦਾ ਵਿਰੋਧ ਕਰਦੇ ਹਨ। ਪ੍ਰੋਲੇਤਾਰੀ ਤੇ ਬੁਰਜੂਆਜ਼ੀ ਵਿਚਕਾਰ, ਮਾਰਕਸਵਾਦ ਦੇ ਸੱਚ ਤੇ ਬੁਰਜੂਆਜ਼ੀ ਤੇ ਬਾਕੀ ਸਾਰੀਆਂ ਲੋਟੂ ਜਮਾਤਾਂ ਦੀਆਂ ਘਾੜਤਾਂ ਵਿਚਕਾਰ ਸੰਘਰਸ਼ ਦੌਰਾਨ, ਜਾਂ ਤਾਂ ਪੂਰਬ ਦੀ ਹਵਾ ਪੱਛਮ ਦੀ ਹਵਾ ‘ਤੇ ਭਾਰੂ ਪੈਂਦੀ ਹੈ ਜਾਂ ਫਿਰ ਪੱਛਮ ਦੀ ਹਵਾ ਪੂਰਬ ਦੀ ਹਵਾ ਨੂੰ ਦੱਬ ਲੈਂਦੀ ਹੈ, ਬਰਾਬਰੀ ਜਿਹੀ ਕਿਸੇ ਚੀਜ਼ ਦੀ ਉੱਕਾ ਹੀ ਕੋਈ ਹੋਂਦ ਨਹੀਂ ਹੁੰਦੀ। ਕੀ ਪ੍ਰੋਲੇਤਾਰੀ ਦੇ ਬੁਰਜੂਆਜ਼ੀ ਖਿਲਾਫ਼ ਸੰਘਰਸ਼, ਸੱਭਿਆਚਾਰ ਦੇ ਭਿੰਨ-ਭਿੰਨ ਖੇਤਰਾਂ ਸਣੇ ਉੱਚ-ਉਸਾਰ ਵਿੱਚ ਪ੍ਰੋਲੇਤਾਰੀ ਦੀ ਤਾਨਾਸ਼ਾਹੀ, ਅਤੇ ਬੁਰਜੂਆਜ਼ੀ ਦੇ ਉਹਨਾਂ ਨੁਮਾਇੰਦਿਆਂ ਨੂੰ ਜਿਹੜੇ ਕਮਿਊਨਿਸਟ ਪਾਰਟੀ ‘ਚ ਘੁਸਪੈਠ ਕਰ ਚੁੱਕੇ ਹਨ ਤੇ ਲਾਲ ਝੰਡੇ ਨੂੰ ਹਰਾਉਣ ਲਈ ”ਲਾਲ ਝੰਡੇ””ਲਹਿਰਾਉਂਦੇ ਹਨ, ਕੱਢ ਬਾਹਰ ਕਰਨ ਲਈ ਪ੍ਰੋਲੇਤਾਰੀ ਦੀਆਂ ਲਗਾਤਾਰ ਕੋਸ਼ਿਸ਼ਾਂ ਜਿਹੇ ਬੁਨਿਆਦੀ ਮਾਮਲਿਆਂ ‘ਚ ਕਿਸੇ ਵੀ ਤਰ੍ਹਾਂ ਦੀ ਬਰਾਬਰੀ ਦਿੱਤੀ ਜਾ ਸਕਦੀ ਹੈ? ਪੁਰਾਣੇ ਸਮਾਜਿਕ-ਜਮਹੂਰੀਆਂ ਨੇ ਦਹਾਕਿਆਂ ਤੱਕ ਅਤੇ ਆਧੁਨਿਕ ਸੋਧਵਾਦੀਆਂ ਨੇ ਪਿਛਲੇ ਦਸ ਸਾਲਾਂ ਤੋਂ ਕਦੇ ਵੀ ਬੁਰਜੂਆਜ਼ੀ ਸਾਹਮਣੇ ਪ੍ਰੋਲੇਤਾਰੀ ਨੂੰ ਬਰਾਬਰੀ ਨਹੀਂ ਦਿੱਤੀ। ਉਹ ਬੁਰਜੂਆਜ਼ੀ ਖਿਲਾਫ਼ ਪ੍ਰੋਲੇਤਾਰੀ ਦੇ ਜਮਾਤੀ ਸੰਘਰਸ਼, ਪ੍ਰੋਲੇਤਾਰੀ ਇਨਕਲਾਬ ਅਤੇ ਬੁਰਜੂਆਜ਼ੀ ਉੱਤੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਪੂਰੀ ਤਰ੍ਹਾਂ ਨਕਾਰਦੇ ਹਨ। ਉਲਟਾ, ਉਹ ਬੁਰਜੂਆਜ਼ੀ ਤੇ ਸਾਮਰਾਜੀਆਂ ਦੇ ਵਫ਼ਾਦਾਰ ਚਾਪਲੂਸ ਹਨ। ਬੁਰਜੂਆਜ਼ੀ ਤੇ ਸਾਮਰਾਜੀਆਂ ਨਾਲ਼ ਗੰਢਤੁੱਪ ਕਰਕੇ ਉਹ ਪ੍ਰੋਲੇਤਾਰੀ ਦੀ ਲੁੱਟ ਤੇ ਦਾਬੇ ਦੀ ਬੁਰਜੂਆ ਵਿਚਾਰਧਾਰਾ ਤੇ ਸਰਮਾਏਦਾਰਾ ਢਾਂਚੇ ਨੂੰ ਚਿੰਬੜੇ ਰਹਿੰਦੇ ਹਨ, ਅਤੇ ਉਹ ਮਾਰਕਸਵਾਦ-ਲੈਨਿਨਵਾਦ ਦੀ ਵਿਚਾਰਧਾਰਾ ਤੇ ਸਮਾਜਵਾਦੀ ਢਾਂਚੇ ਦੀ ਵਿਰੋਧਤਾ ਕਰਦੇ ਹਨ। ਉਹ ਕਮਿਊਨਿਸਟ ਪਾਰਟੀ ਅਤੇ ਲੋਕਾਂ ਦੀ ਖਿਲਾਫ਼ਤ ਕਰ ਰਹੇ ਉਲਟ-ਇਨਕਲਾਬੀਆਂ ਦਾ ਗਰੋਹ ਹਨ। ਉਹਨਾਂ ਦਾ ਸਾਡੇ ਖਿਲਾਫ਼ ਸੰਘਰਸ਼ ਜ਼ਿੰਦਗੀ ਤੇ ਮੌਤ ਦਾ ਸੰਘਰਸ਼ ਹੈ ਅਤੇ ਇੱਥੇ ਬਰਾਬਰੀ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਲਈ, ਉਹਨਾਂ ਖਿਲਾਫ਼ ਸਾਡਾ ਸੰਘਰਸ਼ ਵੀ ਜ਼ਿੰਦਗੀ ਤੇ ਮੌਤ ਦਾ ਸੰਘਰਸ਼ ਹੀ ਹੋ ਸਕਦਾ ਹੈ, ਅਤੇ ਸਾਡਾ ਉਹਨਾਂ ਨਾਲ਼ ਸੰਬੰਧ ਬਰਾਬਰੀ ਵਾਲ਼ਾ ਸਬੰਧ ਕਿਸੇ ਵੀ ਪਾਸਿਓਂ ਬਰਾਬਰੀ ਵਾਲ਼ਾ ਹੋ ਹੀ ਨਹੀਂ ਸਕਦਾ। ਸਗੋਂ, ਇਹ ਅਜਿਹਾ ਸਬੰਧ ਹੈ ਜਿੱਥੇ ਇੱਕ ਜਮਾਤ ਦੂਜੀ ਜਮਾਤ ਨੂੰ ਦਬਾਉਂਦੀ ਹੈ, ਭਾਵ ਕਿ ਬੁਰਜੂਆਜ਼ੀ ਉੱਤੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਦਾ ਸਬੰਧ। ਹੋਰ ਕਿਸੇ ਵੀ ਤਰ੍ਹਾਂ ਦਾ ਸਬੰਧ, ਉਦਾਹਰਣ ਵਜੋਂ ਲੋਟੂ ਤੇ ਲੁਟੀਂਦੀਆਂ ਜਮਾਤਾਂ ਵਿਚਾਲੇ ਬਰਾਬਰੀ ਜਾਂ ਸ਼ਾਂਤੀਪੂਰਨ ਸਹਿਹੋਂਦ ਦਾ, ਜਾਂ ਫਿਰ ਦਿਆਲਤਾ ਭਰਿਆ ਜਾਂ ਫਰਾਖਦਿਲੀ ਵਾਲਾ ਸਬੰਧ ਸੰਭਵ ਨਹੀਂ ਹੋ ਸਕਦਾ।

5. ਰਿਪੋਰਟ ਕਹਿੰਦੀ ਹੈ,“”ਇਹ ਜ਼ਰੂਰੀ ਹੈ ਕਿ ਵਿਰੋਧੀ ਨੂੰ ਨਾ ਸਿਰਫ਼ ਸਿਆਸੀ ਤੌਰ ‘ਤੇ ਹਰਾਇਆ ਜਾਵੇ ਸਗੋਂ ਅਕਾਦਮਿਕ ਤੇ ਪੇਸ਼ਾਵਰ ਪੈਮਾਨਿਆਂ ਵਿੱਚ ਵੀ ਉਸਨੂੰ ਵੱਡੇ ਫ਼ਰਕ ਨਾਲ਼ ਪਿਛਾਂਹ ਛੱਡਿਆ ਜਾਵੇ ਤੇ ਹਰਾਇਆ ਜਾਵੇ।” ਇਹ ਸੰਕਲਪ ਵੀ ਜਿਹੜਾ ਅਕਾਦਮਿਕ ਮਾਮਲਿਆਂ ‘ਚ ਕਿਸੇ ਵੀ ਤਰ੍ਹਾਂ ਦਾ ਜਮਾਤੀ ਫ਼ਰਕ ਨਹੀਂ ਕਰਦਾ, ਬਹੁਤ ਜ਼ਿਆਦਾ ਗਲਤ ਹੈ। ਅਕਾਦਮਿਕ ਮਾਮਲਿਆਂ ‘ਚ, ਮਾਰਕਸਵਾਦ-ਲੈਨਿਨਵਾਦ, ਮਾਓ ਵਿਚਾਰਧਾਰਾ ਦਾ ਸੱਚ – ਜਿਸਨੂੰ ਪ੍ਰੋਲੇਤਾਰੀ ਨੇ ਚੰਗੀ ਤਰ੍ਹਾਂ ਗ੍ਰਹਿਣ ਕਰ ਲਿਆ ਹੈ – ਪਹਿਲਾਂ ਹੀ ਬੁਰਜੂਆਜ਼ੀ ਨੂੰ ਕਿਤੇ ਪਿਛਾਂਹ ਛੱਡ ਚੁੱਕਾ ਹੈ ਤੇ ਹਰਾ ਚੁੱਕਾ ਹੈ। ਰਿਪੋਰਟ ਵਿੱਚ ਇਹ ਪ੍ਰਸਤਾਵਨਾ ਦਰਸਾਉਂਦੀ ਹੈ ਕਿ ਲੇਖਕ ਅਖੌਤੀ ਬੁਰਜੂਆ ਅਕਾਦਮਿਕ ਹਸਤੀਆਂ ਦਾ ਗੁਣਗਾਨ ਕਰਦੇ ਹਨ ਤੇ ਉਹਨਾਂ ਦੀ ਸ਼ਾਨ ਵਧਾਉਣ ‘ਚ ਲੱਗੇ ਹੋਏ ਹਨ, ਅਤੇ ਉਹ ਅਕਾਦਮਿਕ ਖੇਤਰ ‘ਚ ਪ੍ਰੋਲੇਤਾਰੀ ਦੀਆਂ ਨੁਮਾਇੰਦਾ ਨਵੀਆਂ ਜੁਝਾਰੂ ਤਾਕਤਾਂ ਨੂੰ ਨਫ਼ਰਤ ਕਰਦੇ ਹਨ ਤੇ ਦਬਾਉਂਦੇ ਹਨ।

6. ਚੇਅਰਮੈਨ ਮਾਓ ਅਕਸਰ ਕਹਿੰਦੇ ਹਨ ਕਿ ਤਬਾਹੀ ਤੋਂ ਬਿਨਾਂ ਕੋਈ ਵੀ ਉਸਾਰੀ ਸੰਭਵ ਨਹੀਂ। ਤਬਾਹੀ ਤੋਂ ਭਾਵ ਹੈ ਅਲੋਚਨਾ ਤੇ ਤਿਆਗ ਕਰਨਾ, ਇਸਦਾ ਮਤਲਬ ਹੈ ਇਨਕਲਾਬ। ਇਸ ਵਿੱਚ ਸਮੱਸਿਆਵਾਂ ਨੂੰ ਹੱਲ ਕਰਨਾ ਸ਼ਾਮਿਲ ਹੈ, ਜੋ ਕਿ ਉਸਾਰੀ ਕਰਨਾ ਹੈ। ਤਬਾਹੀ ਨੂੰ ਸਭ ਤੋਂ ਪਹਿਲਾਂ ਅੱਗੇ ਰੱਖੋ, ਅਤੇ ਇਸੇ ਅਮਲ ਵਿੱਚ ਤੁਸੀਂ ਉਸਾਰੀ ਕਰਦੇ ਹੋ। ਮਾਰਕਸਵਾਦ-ਲੈਨਿਨਵਾਦ, ਮਾਓ ਜ਼ੇ-ਤੁੰਗ ਵਿਚਾਰਧਾਰਾ ਬੁਰਜੂਆ ਵਿਚਾਰਧਾਰਾ ਨੂੰ ਤਬਾਹ ਕਰਨ ਦੇ ਅਮਲ ‘ਚ ਹੀ ਲਗਾਤਾਰ ਵਿਕਸਤ ਹੁੰਦੀ ਆਈ ਹੈ। ਪਰ ਰਿਪੋਰਟ ਇਹ ਕਹਿੰਦੀ ਹੈ ਕਿ ”ਉਸਾਰੀ ਤੋਂ ਬਿਨਾਂ, ਕੋਈ ਵੀ ਅਸਲੀ ਤੇ ਵਿਆਪਕ ਤਬਾਹੀ ਨਹੀਂ ਹੋ ਸਕਦੀ।” ਇਸਦਾ ਮਤਲਬ ਬੁਰਜੂਆ ਵਿਚਾਰਧਾਰਾ ਦੀ ਤਬਾਹੀ ਨੂੰ ਰੋਕਣਾ ਹੈ ਅਤੇ ਪ੍ਰੋਲੇਤਾਰੀ ਵਿਚਾਰਧਾਰਾ ਦੀ ਉਸਾਰੀ ਨੂੰ ਰੋਕਣਾ ਹੈ। ਇਹ ਚੇਅਰਮੈਨ ਮਾਓ ਦੀ ਵਿਚਾਰਧਾਰਾ ਦੇ ਪੂਰੀ ਤਰ੍ਹਾਂ ਉਲਟ ਹੈ। ਇਹ ਸੱਭਿਆਚਾਰ ਦੇ ਮੋਰਚੇ ‘ਤੇ ਬੁਰਜੂਆ ਵਿਚਾਰਧਾਰਾ ਖਿਲਾਫ਼ ਸਾਡੇ ਦੁਆਰਾ ਵਿੱਢੇ ਹੋਏ ਵੱਡੇ ਇਨਕਲਾਬੀ ਸੰਘਰਸ਼ ਦੇ ਬਿਲਕੁਲ ਉਲਟ ਜਾਂਦਾ ਹੈ। ਅਤੇ ਇਸ ਦਾ ਨਿਚੋੜ ਪ੍ਰੋਲੇਤਾਰੀ ਨੂੰ ਇਨਕਲਾਬ ਕਰਨ ਤੋਂ ਰੋਕਣ ‘ਚ ਨਿਕਲਦਾ ਹੈ।

7. ਰਿਪੋਰਟ ਕਹਿੰਦੀ ਹੈ ਕਿ “ਸਾਨੂੰ ਅਕਾਦਮਿਕ-ਤਾਨਾਸ਼ਾਹਾਂ ਦੀ ਤਰ੍ਹਾਂ ਵਿਹਾਰ ਨਹੀਂ ਕਰਨਾ ਚਾਹੀਦਾ ਜਿਹੜੇ ਹਮੇਸ਼ਾ ਮਨਮਾਨੀ ਕਰਦੇ ਹਨ ਅਤੇ ਲੋਕਾਂ ਨੂੰ ਆਪਣੀ ਤਾਕਤ ਦੇ ਜ਼ੋਰ ਨਾਲ਼ ਦਬਾਉਣ ਦੀ ਕੋਸ਼ਿਸ਼ ਕਰਦੇ ਹਨ”ਅਤੇ ਇਹ ਕਿ “ਸਾਨੂੰ ਖੱਬੇਪੱਖੀ ਅਕਾਦਮਿਕ ਕਾਰਕੁੰਨਾਂ ਦੁਆਰਾ ਬੁਰਜੂਆ ਮਾਹਿਰਾਂ ਤੇ ਅਕਾਦਮਿਕ-ਤਾਨਾਸ਼ਾਹਾਂ ਵਾਲ਼ਾ ਰਸਤਾ ਅਖਤਿਆਰ ਕਰਨ ਦੀ ਪ੍ਰਵਿਰਤੀ ਪ੍ਰਤੀ ਲਗਾਤਾਰ ਚੁਕੰਨੇ ਰਹਿਣਾ ਚਾਹੀਦਾ ਹੈ।“”ਅਕਾਦਮਿਕ-ਤਾਨਾਸ਼ਾਹਾਂ” ਦਾ ਅਸਲ ਭਾਵ ਕੀ ਹੈ? ”ਅਕਾਦਮਿਕ-ਤਾਨਾਸ਼ਾਹ” ਕੌਣ ਹਨ? ਕੀ ਪ੍ਰੋਲੇਤਾਰੀ ਨੂੰ ਬੁਰਜੂਆਜ਼ੀ ਉੱਤੇ ਤਾਨਾਸ਼ਾਹੀ ਅਤੇ ਦਾਬਾ ਲਾਗੂ ਨਹੀਂ ਕਰਨਾ ਚਾਹੀਦਾ? ਕੀ ਪ੍ਰੋਲੇਤਾਰੀ ਦੇ ਅਕਾਦਮਿਕ ਕੰਮ ਨੂੰ ਬੁਰਜੂਆਜ਼ੀ ਦੇ ਅਕਾਦਮਿਕ ਕੰਮ ਨੂੰ ਹਰਾਉਣਾ ਤੇ ਮਿਟਾਉਣਾ ਨਹੀਂ ਚਾਹੀਦਾ? ਅਤੇ ਜੇ ਪ੍ਰੋਲੇਤਾਰੀ ਅਕਾਦਮਿਕ ਕੰਮ ਬੁਰਜੂਆਜ਼ੀ ਦੇ ਅਕਾਦਮਿਕ ਕੰਮ ਨੂੰ ਹਰਾ ਤੇ ਮਿਟਾ ਦਿੰਦਾ ਹੈ ਤਾਂ ਕੀ ਇਹ“”ਅਕਾਦਮਿਕ-ਤਾਨਾਸ਼ਾਹਾਂ””ਦਾ ਕੰਮ ਬਣ ਜਾਂਦਾ ਹੈ? ਰਿਪੋਰਟ ਆਪਣਾ ਨਿਸ਼ਾਨਾ ਪ੍ਰੋਲੇਤਾਰੀ ਖੱਬਿਆਂ ਨੂੰ ਬਣਾਉਂਦੀ ਹੈ। ਸਾਫ਼ ਤੌਰ ‘ਤੇ, ਇਸਦਾ ਮਕਸਦ ਮਾਰਕਸਵਾਦੀਆਂ-ਲੈਨਿਨਵਾਦੀਆਂ ਨੂੰ ”ਅਕਾਦਮਿਕ-ਤਾਨਾਸ਼ਾਹ” ਸਿੱਧ ਕਰਨਾ ਹੈ ਅਤੇ ਇਸ ਤਰ੍ਹਾਂ ਅਸਲੀ, ਬੁਰਜੂਆ ਅਕਾਦਮਿਕ-ਤਾਨਾਸ਼ਾਹ ਦੀ ਹਮਾਇਤ ਕਰਨਾ ਅਤੇ ਉਹਨਾਂ ਦੀ ਅਕਾਦਮਿਕ ਹਲਕਿਆਂ ‘ਚ ਟੁੱਟ ਰਹੀ ਅਜ਼ਾਰੇਦਾਰੀ ਨੂੰ ਬਹਾਲ ਕਰਨਾ ਹੈ। ਅਸਲ ਵਿੱਚ, ਤਾਕਤ ਵਾਲੇ ਅਹੁਦੇ ‘ਤੇ ਬੈਠੇ ਸਰਮਾਏਦਾਰਾ ਰਾਹ ਫੜਨ ਵਾਲੇ ਉਹ ਲੋਕ ਜਿਹੜੇ ਬੁਰਜੂਆ ਅਕਾਦਮਿਕ-ਤਾਨਾਸ਼ਾਹਾਂ ਦੀ ਹਮਾਇਤ ਕਰਦੇ ਹਨ ਅਤੇ ਉਹ ਬੁਰਜੂਆ ਨੁਮਾਇੰਦੇ ਜਿਹੜੇ ਪਾਰਟੀ ‘ਚ ਘੁਸ ਆਏ ਹਨ ਤੇ ਬੁਰਜੂਆ ਅਕਾਦਮਿਕ-ਤਾਨਾਸ਼ਾਹਾਂ ਦੀ ਪੁਸ਼ਤ-ਪਨਾਹੀ ਕਰਦੇ ਹਨ, ਹੀ ਵੱਡੇ ਪਾਰਟੀ ਤਾਨਾਸ਼ਾਹ ਹਨ ਜਿਹੜੇ ਪਾਰਟੀ ਦਾ ਨਾਂ ਵਰਤਦੇ ਹਨ। ਉਹ ਕਿਤਾਬਾਂ ਨਹੀਂ ਪੜ੍ਹਦੇ, ਉਹ ਰੋਜ਼ਾਨਾ ਛਪਦੇ ਅਖਬਾਰ ਨਹੀਂ ਪੜ੍ਹਦੇ, ਅਤੇ ਨਿਰੋਲ ਰੂਪ ‘ਚ “ਮਨਮਾਨੀ ਕਰਨ ਤੇ ਆਪਣੀ ਤਾਕਤ ਦੇ ਜ਼ੋਰ ਨਾਲ਼ ਲੋਕਾਂ ਨੂੰ ਦਬਾਉਣ”’ਤੇ ਨਿਰਭਰ ਹੋ ਚੱਲਦੇ ਹਨ।

8. ਆਪਣੇ ਲੁਕਵੇਂ ਮੰਤਵਾਂ ਨੂੰ ਮੂਹਰੇ ਰੱਖ ਕੇ, ਰਿਪੋਰਟ ਦੇ ਲੇਖਕ ਭੁਲੇਖਾ ਖੜਾ ਕਰਨ, ਜਮਾਤੀ ਸੰਘਰਸ਼ ਨੂੰ ਧੁੰਦਲਾ ਕਰਨ ਅਤੇ ਸੰਘਰਸ਼ ਦੇ ਨਿਸ਼ਾਨੇ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਸੋਚੀ-ਸਮਝੀ ਕੋਸ਼ਿਸ਼ ਤਹਿਤ ਦ੍ਰਿੜ੍ਹ-ਸੰਕਲਪ ਖੱਬਿਆਂ ਖਿਲਾਫ਼ ”ਸ਼ੁੱਧੀਕਰਣ ਮੁਹਿੰਮ””ਚਲਾਉਣ ਦੀ ਮੰਗ ਕਰਦੇ ਹਨ। ਇੰਨੀ ਕਾਹਲੀ ‘ਚ ਰਿਪੋਰਟ ਤਿਆਰ ਕਰਨ ਦਾ ਮੁੱਖ ਮਕਸਦ ਪ੍ਰੋਲੇਤਾਰੀ ਖੱਬਿਆਂ ‘ਤੇ ਹਮਲਾ ਕਰਨਾ ਸੀ। ਉਹ ਖੱਬਿਆਂ ਦੀਆਂ ਫਾਈਲਾਂ ਬਣਾਉਣ ਦੀ ਹੱਦ ਤੱਕ ਚਲੇ ਗਏ, ਉਹਨਾਂ ‘ਤੇ ਹਮਲਾ ਬੋਲਣ ਲਈ ਸਾਰੇ ਬਹਾਨੇ ਲੱਭਣ ਦੀ ਕੋਸ਼ਿਸ਼ ਕੀਤੀ, ਅਤੇ ਖੱਬਿਆਂ ਦੀਆਂ ਕਤਾਰਾਂ ਨੂੰ ਤਹਿਸ-ਨਹਿਸ ਕਰਨ ਦੀ ਝੂਠੀ ਉਮੀਦ ‘ਚ ਉਹਨਾਂ ਖਿਲਾਫ਼ ”ਸ਼ੁੱਧੀਕਰਣ ਮਹਿੰਮ””ਰਾਹੀਂ ਹਮਲਾ ਕਰਨ ਦੀ ਇੱਛਾ ਪਾਲ ਰਹੇ ਸਨ। ਚੇਅਰਮੈਨ ਮਾਓ ਦੁਆਰਾ ਖੱਬਿਆਂ ਦਾ ਰੱਖਿਆ ਕਰਨ ਤੇ ਹਮਾਇਤ ਕਰਨ ਅਤੇ ਉਹਨਾਂ ਦੀਆਂ ਸਫਾਂ ਨੂੰ ਖੜਾ ਕਰਨ ਤੇ ਫੈਲਾਉਣ ਦੀ ਪੇਸ਼ ਕੀਤੀ ਗਈ ਖਰੀ ਨੀਤੀ ਦਾ ਉਹਨਾਂ ਨੇ ਖੁੱਲ੍ਹੇਆਮ ਵਿਰੋਧ ਕੀਤਾ। ਦੂਜੇ ਪਾਸੇ, ਉਹਨਾਂ ਨੇ ਉਹਨਾਂ ਬੁਰਜੂਆ ਨੁਮਾਇੰਦਿਆਂ, ਸੋਧਵਾਦੀਆਂ ਤੇ ਗੱਦਾਰਾਂ ਨੂੰ ”ਦ੍ਰਿੜ੍ਹ ਸੰਕਲਪ ਖੱਬੇ” ਦਾ ਖਿਤਾਬ ਦਿੱਤਾ ਤੇ ਉਹਨਾਂ ਦੀ ਰੱਖਿਆ ਕਰ ਰਹੇ ਹਨ ਜਿਹੜੇ ਪਾਰਟੀ ‘ਚ ਖਿਸਕ ਆਏ ਹੋਛੇ ਲੋਕ ਸਨ। ਇਸ ਤਰ੍ਹਾਂ ਉਹ ਬੁਰਜੂਆ ਸੱਜ-ਪਿਛਾਖੜੀਆਂ ਦੇ ਹੌਂਸਲਾ ਵਧਾਉਂਦੇ ਹਨ ਅਤੇ ਪ੍ਰੋਲੇਤਾਰੀ ਖੱਬਿਆਂ ਦੀ ਸਪਿਰਿਟ ਨੂੰ ਢਾਹ ਲਾਉਂਦੇ ਹਨ। ਉਹ ਪ੍ਰੋਲੇਤਾਰੀ ਲਈ ਨਫ਼ਰਤ ਨਾਲ਼ ਭਰੇ ਹੋਏ ਹਨ ਅਤੇ ਬੁਰਜੂਆਜ਼ੀ ਨਾਲ਼ ਸਨੇਹ ਰੱਖਦੇ ਹਨ। ਅਜਿਹਾ ਹੈ ਬੁਰਜੂਆ ਭਾਈਚਾਰੇ ਦਾ ਸੰਕਲਪ ਜਿਹੜਾ ਰਿਪੋਰਟ ਦੇ ਲੇਖਕਾਂ ਦੇ ਮਨਾਂ ‘ਚ ਸਮੋਇਆ ਹੋਇਆ ਹੈ।

9. ਅਜਿਹੇ ਸਮੇਂ ਜਦੋਂ ਵਿਚਾਰਧਾਰਕ ਮੋਰਚੇ ਉੱਤੇ ਬੁਰਜੂਆ ਨੁਮਾਇੰਦਿਆਂ ਖਿਲਾਫ਼ ਪ੍ਰੋਲੇਤਾਰੀ ਦੇ ਨਵੇਂ ਤੇ ਜ਼ਿਆਦਾ ਵਿਸ਼ਾਲ ਸੰਘਰਸ਼ ਦੀ ਅਜੇ ਸ਼ੁਰੂਆਤ ਹੀ ਹੋਈ ਹੈ – ਜਿਸ ਦੇ ਬਹੁਤ ਸਾਰੇ ਨੁਕਤਿਆਂ ਤੇ ਥਾਵਾਂ ‘ਚ ਇਹ ਅਜੇ ਸ਼ੁਰੂ ਵੀ ਨਹੀਂ ਹੋਇਆ, ਅਤੇ ਜੇ ਸ਼ੁਰੂ ਹੋਇਆ ਵੀ ਹੈ ਤਾਂ ਬਹੁਤੀਆਂ ਸੰਬੰਧਿਤ ਪਾਰਟੀ ਕਮੇਟੀਆਂ ਇਸ ਮਹਾਨ ਸੰਘਰਸ਼ ਵਿੱਚ ਅਗਵਾਈ ਦੇ ਕਾਰਜ ਦੀ ਸਮਝਦਾਰੀ ਪੱਖੋਂ ਬਹੁਤ ਕਮਜ਼ੋਰ ਹਨ ਤੇ ਉਹਨਾਂ ਦੇ ਆਗੂ ਅਹਿਸਾਸ ਦੇ ਧਰਾਤਲ ਪੱਖੋਂ ਤੇ ਅਸਰਦਾਰੀ ਪੱਖੋਂ ਕਾਫ਼ੀ ਪਛੜੇ ਹੋਏ ਹਨ – ਇਹ ਰਿਪੋਰਟ ਵਾਰ-ਵਾਰ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਸੰਘਰਸ਼ ਨੂੰ“”ਅਗਵਾਈ ਥੱਲੇ”””ਸਮਝਦਾਰੀ ਨਾਲ਼”“”ਸਾਵਧਾਨੀ ਨਾਲ਼””ਅਤੇ ”ਅਗਵਾਈ ਕਰਨ ਵਾਲੀਆਂ ਜਥੇਬੰਦੀਆਂ ਦੀ ਸਵੀਕਾਰਤਾ ਨਾਲ਼””ਚਲਾਇਆ ਜਾਣਾ ਚਾਹੀਦਾ ਹੈ। ਇਹ ਸਾਰਾ ਕੁਝ ਪ੍ਰੋਲੇਤਾਰੀ ਖੱਬਿਆਂ ਉੱਤੇ ਰੋਕਾਂ ਲਾਉਣ, ਉਹਨਾਂ ‘ਤੇ ਜੜ੍ਹਤਾ ਤੇ ਹੁਕਮੀਅਤ ਲੱਦ ਕੇ ਉਹਨਾਂ ਦੇ ਹੱਥ ਬੰਨ੍ਹਣ, ਅਤੇ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਰਾਹ ‘ਚ ਹਰ ਤਰ੍ਹਾਂ ਦਾ ਅੜਿੱਕਾ ਡਾਹੁਣ ਦਾ ਕੰਮ ਕਰਦਾ ਹੈ। ਥੋੜੇ ਸ਼ਬਦਾਂ ‘ਚ ਕਿਹਾ ਜਾਵੇ ਕਿ ਰਿਪੋਰਟ ਦੇ ਲੇਖਕ ਬਰੇਕਾਂ ਲਗਾਉਣ ਅਤੇ ਬਦਲਾਲਊ ਮੋੜਵੇਂ ਹੱਲੇ ਲਈ ਦੌੜ-ਭੱਜ ਕਰ ਰਹੇ ਹਨ। ਪ੍ਰੋਲੇਤਾਰੀ ਖੱਬਿਆਂ ਵੱਲੋਂ ਪਿਛਾਖੜੀ ਬੁਰਜੂਆ ”ਅਧਿਕਾਰੀਆਂ” ਖਿਲਾਫ਼ ਪਹਿਲਾਂ ਹੀ ਪ੍ਰਕਾਸ਼ਿਤ ਲੇਖਾਂ ਦੇ ਮਾਮਲੇ ‘ਚ ਉਹ ਤਿੱਖੀ ਨਫ਼ਰਤ ਪਾਲੀ ਬੈਠੇ ਹਨ ਅਤੇ ਨਵੇਂ ਲੇਖਾਂ ਨੂੰ ਪ੍ਰਕਾਸ਼ਿਤ ਹੋਣ ਤੋਂ ਰੋਕ ਰਹੇ ਹਨ। ਦੂਜੇ ਹੱਥ, ਸਾਡੀ ਪ੍ਰੈੱਸ, ਰੇਡੀਓ, ਰਸਾਲਿਆਂ, ਕਿਤਾਬਾਂ, ਪਾਠ-ਪੁਸਤਕਾਂ ਤੇ ਹੋਰ ਮੰਚਾਂ, ਸਾਹਿਤਕ ਕਿਰਤਾਂ, ਸਿਨੇਮਾ, ਨਾਟਕ, ਨਾਚ, ਕਹਾਣੀਆਂ, ਕੋਮਲ ਕਲਾਵਾਂ, ਸੰਗੀਤ ਆਦਿ ਵਿੱਚ ਵਰ੍ਹਿਆਂ ਤੋਂ ਭਰੇ ਹੋਏ ਸਾਰੇ ਭਗੌੜਿਆਂ ਤੇ ਨੀਚਾਂ ਨੂੰ ਉਹ ਖੁੱਲ੍ਹੀ ਛੁੱਟੀ ਦਿੰਦੇ ਹਨ, ਅਤੇ ਇਸ ਕੰਮ ਵਿੱਚ ਉਹ ਕਦੇ ਵੀ ਪ੍ਰੋਲੇਤਾਰੀ ਅਗਵਾਈ ਜਾਂ ਕਿਸੇ ਕਿਸਮ ਦੀ ਸਵੀਕਾਰਤਾ ਦੀ ਲੋੜ ਹੋਣ ਦੀ ਗੱਲ ਕਦੇ ਨਹੀਂ ਕਰਦੇ। ਇਹ ਵਿਰੋਧਾਭਾਸ ਦਰਸਾਉਂਦਾ ਹੈ ਕਿ ਰਿਪੋਰਟ ਦੇ ਲੇਖਕ ਅਸਲ ‘ਚ ਕਿੱਥੇ ਖੜੇ ਹਨ।

10. ਮੌਜੂਦਾ ਸੰਘਰਸ਼ ਦਾ ਕੇਂਦਰ ਬਿੰਦੂ ਇਹ ਹੈ ਕਿ ਸੱਭਿਆਚਾਰਕ ਇਨਕਲਾਬ ਦੇ ਮੁੱਦੇ ‘ਤੇ ਚੇਅਰਮੈਨ ਮਾਓ ਜ਼ੇ-ਤੁੰਗ ਦੀ ਲਾਈਨ ਨੂੰ ਲਾਗੂ ਕਰਨਾ ਹੈ ਜਾਂ ਇਸਦਾ ਵਿਰੋਧ ਕਰਨਾ ਹੈ। ਫਿਰ ਵੀ ਇਹ ਰਿਪੋਰਟ ਕਹਿੰਦੀ ਹੈ: ”ਮਾਓ ਜ਼ੇ-ਤੁੰਗ ਦੀ ਵਿਚਾਰਧਾਰਾ ਦੀ ਰਹਿਨੁਮਾਈ ਥੱਲੇ, ਇਸ ਸੰਘਰਸ਼ ਰਾਹੀਂ ਸਾਨੂੰ ਸਮੱਸਿਆ ਦੇ ਹੱਲ (ਭਾਵ ਕਿ ਅਕਾਦਮਿਕ ਕੰਮਾਂ ਦੇ ਖੇਤਰ ‘ਚ ਬੁਰਜੂਆ ਵਿਚਾਰਾਂ ਦਾ ਖਾਤਮਾ) ਲਈ ਰਸਤਾ ਖੋਲ੍ਹਣਾ ਚਾਹੀਦਾ ਹੈ।” ਕਾਮਰੇਡ ਮਾਓ ਜ਼ੇ-ਤੁੰਗ ਸੱਭਿਆਚਾਰਕ ਤੇ ਵਿਚਾਰਧਾਰਕ ਮੋਰਚੇ ‘ਤੇ ਪ੍ਰੋਲੇਤਾਰੀ ਲਈ ਲੰਮਾ ਸਮਾਂ ਪਹਿਲਾਂ ਹੀ ਆਪਣੇ ਲੇਖਾਂ ਨਵ-ਜਮਹੂਰੀਅਤ ਬਾਰੇ, ਸਾਹਿਤ ਤੇ ਕਲਾ ਬਾਰੇ ਯੇਨਾਨ ਫੋਰਮ ਵਿੱਚ ਗੱਲਬਾਤ, ”ਲਿਆਂਗਸ਼ਾਨ ਪਹਾੜੀ ਦਸਤਿਆਂ ‘ਚ ਸ਼ਾਮਿਲ ਹੋਣ ਲਈ ਖਿੱਚਿਆ ਗਿਆ” ਦੇਖਣ ਤੋਂ ਬਾਅਦ ਪੀਕਿੰਗ ਓਪੇਰਾ ਨਾਟਘਰ ਨੂੰ ਇੱਕ ਖਤ, ਲੋਕਾਂ ਵਿੱਚ ਵਿਰੋਧਤਾਈਆਂ ਨੂੰ ਠੀਕ ਢੰਗ ਨਾਲ਼ ਨਜਿੱਠਣ ਬਾਰੇ, ਅਤੇ ਪ੍ਰਾਪੇਗੰਡਾ ਕੰਮ ਬਾਰੇ ਚੀਨੀ ਕਮਿਊਨਿਸਟ ਪਾਰਟੀ ਦੀ ਕੌਮੀ ਕਾਨਫਰੰਸ ਦੌਰਾਨ ਭਾਸ਼ਣ ਵਿੱਚ ਰਸਤਾ ਦਿਖਾ ਚੁੱਕੇ ਹਨ। ਇਸ ਦੇ ਬਾਵਜੂਦ ਰਿਪੋਰਟ ਇਹ ਕਹਿੰਦੀ ਹੈ ਕਿ ਮਾਓ ਜ਼ੇ-ਤੁੰਗ ਵਿਚਾਰਧਾਰਾ ਨੇ ਅਜੇ ਸਾਨੂੰ ਰਸਤਾ ਨਹੀਂ ਵਿਖਾਇਆ ਹੈ ਅਤੇ ਅਜਿਹਾ ਨਵੇਂ ਸਿਰੇ ਤੋਂ ਕਰਨਾ ਹੋਵੇਗਾ। ”ਮਾਓ ਜ਼ੇ-ਤੁੰਗ ਦੀ ਵਿਚਾਰਧਾਰਾ ਦੀ ਰਹਿਨੁਮਾਈ ਥੱਲੇ”,”ਦੇ ਬੈਨਰ ਪਿੱਛੇ ਲੁਕ ਕੇ ਰਿਪੋਰਟ ਅਸਲ ਵਿੱਚ ਮਾਓ ਜ਼ੇ-ਤੁੰਗ ਵਿਚਾਰਧਾਰਾ ਵੱਲੋਂ ਦਿਖਾਏ ਗਏ ਰਸਤੇ ਤੋਂ ਉਲਟੀ ਦਿਸ਼ਾ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕਰਦੀ ਹੈ, ਭਾਵ ਕਿ ਆਧੁਨਿਕ ਸੋਧਵਾਦ ਲਈ, ਸਰਮਾਏਦਾਰੀ ਦੀ ਮੁੜਬਹਾਲੀ ਲਈ ਰਸਤਾ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ।

ਸੰਖੇਪ ਵਿੱਚ, ਰਿਪੋਰਟ ਸਮਾਜਵਾਦੀ ਇਨਕਲਾਬ ਨੂੰ ਅੰਤ ਤੱਕ ਚਲਾਉਣ ਦਾ ਵਿਰੋਧ ਕਰਦੀ ਹੈ, ਕਾਮਰੇਡ ਮਾਓ ਜ਼ੇ-ਤੁੰਗ ਦੀ ਪ੍ਰਧਾਨਗੀ ਵਾਲ਼ੀ ਕੇਂਦਰੀ ਕਮੇਟੀ ਵੱਲੋਂ ਪ੍ਰੋਲੇਤਾਰੀ ਇਨਕਲਾਬ ਦੀ ਦਰਸਾਈ ਗਈ ਲਾਈਨ ਦਾ ਵਿਰੋਧ ਕਰਦੀ ਹੈ, ਪ੍ਰੋਲੇਤਾਰੀ ਖੱਬਿਆਂ ‘ਤੇ ਹਮਲਾ ਕਰਦੀ ਹੈ ਅਤੇ ਬੁਰਜੂਆ ਸੱਜ-ਪਿਛਾਖੜੀਆਂ ਦਾ ਬਚਾਓ ਕਰਦੀ ਹੈ, ਇਸ ਤਰ੍ਹਾਂ ਸਰਮਾਏਦਾਰੀ ਦੀ ਮੁੜਬਹਾਲੀ ਲਈ ਲੋਕ ਰਾਇ ਤਿਆਰ ਕਰਦੀ ਹੈ। ਇਹ ਪਾਰਟੀ ‘ਚ ਮੌਜੂਦ ਬੁਰਜੂਆ ਵਿਚਾਰਧਾਰਾ ਦਾ ਪ੍ਰਗਟਾਵਾ ਹੈ; ਇਹ ਸਿੱਧਮ-ਸਿੱਧਾ ਸੋਧਵਾਦ ਹੈ। ਇੱਕ ਕੋਈ ਛੋਟਾ-ਮੋਟਾ ਮੁੱਦਾ ਨਹੀਂ ਰਿਹਾ, ਇਸ ਸੋਧਵਾਦੀ ਲਾਈਨ ਖਿਲਾਫ ਸੰਘਰਸ਼ ਸਾਡੀ ਪਾਰਟੀ ਤੇ ਰਾਜ ਦੀ ਮੰਜ਼ਿਲ ਤੇ ਭਵਿੱਖ, ਸਾਡੀ ਪਾਰਟੀ ਤੇ ਰਾਜ ਦੇ ਭਵਿੱਖੀ ਖਾਸੇ ਅਤੇ ਸੰਸਾਰ ਇਨਕਲਾਬ ‘ਤੇ ਬਹੁਤ ਅਹਿਮ ਅਸਰ ਪਾਉਣ ਵਾਲ਼ਾ ਪ੍ਰਮੁੱਖਤਾ ਵਾਲ਼ਾ ਮੁੱਦਾ ਬਣ ਗਿਆ ਹੈ।

ਸਾਰੇ ਪੱਧਰਾਂ ਦੀਆਂ ਪਾਰਟੀ ਕਮੇਟੀਆਂ ਨੂੰ ਸੱਭਿਆਚਾਰਕ ਇਨਕਲਾਬ ਦੇ ਇੰਚਾਰਜ ‘ਪੰਜ ਦੇ ਗਰੁੱਪ’ ਵੱਲੋਂ ਮੌਜੂਦਾ ਅਕਾਦਮਿਕ ਵਿਚਾਰ-ਚਰਚਾ ਉੱਤੇ ਤਿਆਰ ਕੀਤੀ ਮਸੌਦਾ ਰਿਪੋਰਟ ਨੂੰ ਅਮਲ ਲਿਆਉਣਾ ਤੁਰੰਤ ਰੋਕ ਦੇਣਾ ਚਾਹੀਦਾ ਹੈ। ਸਾਰੀ ਪਾਰਟੀ ਨੂੰ ਕਾਮਰੇਡ ਮਾਓ ਜ਼ੇ-ਤੁੰਗ ਦੇ ਦਿਸ਼ਾ-ਨਿਰਦੇਸ਼ਾਂ ਨੂੰ ਮੰਨਣਾ ਚਾਹੀਦਾ ਹੈ, ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੇ ਮਹਾਨ ਝੰਡੇ ਨੂੰ ਉੱਚਾ ਉਠਾਈ ਰੱਖਣਾ ਚਾਹੀਦਾ ਹੈ, ਪਾਰਟੀ ਤੇ ਸਮਾਜਵਾਦ ਦਾ ਵਿਰੋਧ ਕਰਨ ਵਾਲੀਆਂ ਅਖੌਤੀ ਅਕਾਦਮਿਕ ਹਸਤੀਆਂ ਦੇ ਪਿਛਾਖੜੀ ਬੁਰਜੂਆ ਪੈਂਤੜੇ ਨੂੰ ਪੂਰੀ ਤਰ੍ਹਾਂ ਨੰਗਿਆਂ ਕਰਨਾ ਚਾਹੀਦਾ ਹੈ, ਅਕਾਦਮਿਕ ਕੰਮ, ਸਿੱਖਿਆ, ਪੱਤਰਕਾਰੀ, ਸਾਹਿਤ ਤੇ ਕਲਾ, ਪ੍ਰਕਾਸ਼ਨਾ ਦੇ ਖੇਤਰਾਂ ਵਿੱਚ ਪਿਛਾਖੜੀ ਬੁਰਜੂਆ ਵਿਚਾਰਾਂ ਦੀ ਚੰਗੀ ਤਰ੍ਹਾਂ ਅਲੋਚਨਾ ਕਰਨੀ ਤੇ ਰੱਦਣਾ ਚਾਹੀਦਾ ਹੈ, ਅਤੇ ਸੱਭਿਆਚਾਰ ਦੇ ਖੇਤਰਾਂ ਵਿੱਚ ਅਗਵਾਈ ਸਾਂਭਣੀ ਚਾਹੀਦੀ ਹੈ। ਇਹ ਹਾਸਿਲ ਕਰਨ ਲਈ, ਇਸੇ ਸਮੇਂ ਪਾਰਟੀ, ਸਰਕਾਰ, ਫੌਜ ਤੇ ਸੱਭਿਆਚਾਰ ਦੇ ਸਾਰੇ ਖੇਤਰਾਂ ‘ਚ ਖਿਸਕ ਆਏ ਬੁਰਜੂਆਜ਼ੀ ਦੇ ਨੁਮਾਇੰਦਿਆਂ ਦੀ ਅਲੋਚਨਾ ਕੀਤੀ ਜਾਵੇ ਤੇ ਉਹਨਾਂ ਦਾ ਖੰਡਨ ਕੀਤਾ ਜਾਵੇ, ਅਤੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਜਾਂ ਹੋਰਨਾਂ ਥਾਵਾਂ ‘ਤੇ ਬਦਲ ਦਿੱਤਾ ਜਾਵੇ। ਸਭ ਤੋਂ ਜ਼ਰੂਰੀ ਇਹ ਕਿ ਅਸੀਂ ਸੱਭਿਆਚਾਰਕ ਇਨਕਲਾਬ ਦੀ ਅਗਵਾਈ ਦੇ ਕਾਰਜ ਲਈ ਇਹਨਾਂ ਲੋਕਾਂ ‘ਤੇ ਭਰੋਸਾ ਨਾ ਕਰੀਏ। ਅਸਲ ਵਿੱਚ ਉਹਨਾਂ ‘ਚੋਂ ਬਹੁਤਿਆਂ ਨੇ ਅਜਿਹੇ ਕੰਮ (ਇਨਕਲਾਬ-ਵਿਰੋਧੀ – ਅਨੁ) ਕੀਤੇ ਹਨ ਤੇ ਹੁਣ ਵੀ ਅਜਿਹਾ ਹੀ ਕਰ ਰਹੇ ਹਨ, ਅਤੇ ਇਹ ਬਹੁਤ ਖਤਰਨਾਕ ਹੈ।

ਪਾਰਟੀ, ਸਰਕਾਰ, ਫੌਜ ਅਤੇ ਸੱਭਿਆਚਾਰ ਦੇ ਸਾਰੇ ਖੇਤਰਾਂ ‘ਚ ਖਿਸਕ ਆਏ ਇਹ ਨੀਚ ਤੱਤ ਜਿਹੜੇ ਬੁਰਜੂਆਜ਼ੀ ਦੇ ਨੁਮਾਇੰਦੇ ਹਨ, ਉਲਟ ਇਨਕਲਾਬੀਆਂ ਦਾ ਇੱਕ ਗਿਰੋਹ ਹਨ। ਇੱਕ ਵਾਰ ਜਦੋਂ ਹਾਲਤਾਂ ਪੱਕ ਗਈਆਂ ਤਾਂ ਉਹ ਸਿਆਸੀ ਤਾਕਤ ਹਥਿਆ ਲੈਣਗੇ ਅਤੇ ਪ੍ਰੋਲੇਤਾਰੀ ਦੀ ਤਾਨਾਸ਼ਾਹੀ ਨੂੰ ਬੁਰਜੂਆਜ਼ੀ ਦੀ ਤਾਨਾਸ਼ਾਹੀ ਵਿੱਚ ਬਦਲ ਦੇਣਗੇ। ਉਹਨਾਂ ਵਿੱਚੋਂ ਕੁਝ ਨੂੰ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ, ਕੁਝ ਹੋਰ ਅਜੇ ਸਾਡੇ ਸਾਹਮਣੇ ਨਹੀਂ ਆਏ। ਕੁਝ ਉੱਤੇ ਅਸੀਂ ਅਜੇ ਵੀ ਯਕੀਨ ਕਰਦੇ ਹਾਂ ਅਤੇ ਸਾਡੇ ਨਜ਼ਦੀਕ ਦੇ ਖਰੁਸ਼ਚੇਵ ਜਿਹੇ ਇਹਨਾਂ ਲੋਕਾਂ ਨੂੰ ਆਪਣੇ ਉਤਰਾਧਿਕਾਰੀਆਂ ਵਜੋਂ ਤਿਆਰ ਕਰ ਰਹੇ ਹਾਂ। ਸਾਰੇ ਪੱਧਰਾਂ ਦੀਆਂ ਪਾਰਟੀ ਕਮੇਟੀਆਂ ਵੱਲੋਂ ਇਸ ਮਾਮਲੇ ਵੱਲ ਪੂਰਾ ਧਿਆਨ ਦਿੱਤਾ ਜਾਵੇ।

ਇਹ ਸਰਕੂਲਰ, ਫ਼ਰਵਰੀ 12, 1996 ਦੇ ਕੇਂਦਰੀ ਕਮੇਟੀ ਵੱਲੋਂ ਜਾਰੀ ਕੀਤੇ ਗਏ ਗਲਤੀ ਭਰੇ ਦਸਤਾਵੇਜ਼ ਨੂੰ ਨਾਲ਼ ਨੱਥੀ ਕਰਕੇ, ਜ਼ਿਲ੍ਹਾ ਪੱਧਰ ਦੀਆਂ ਸਾਰੀਆਂ ਪਾਰਟੀ ਕਮੇਟੀਆਂ, ਸੱਭਿਆਚਾਰਕ ਜਥੇਬੰਦੀਆਂ ਦੀਆਂ ਪਾਰਟੀ ਕਮੇਟੀਆਂ ਅਤੇ ਫੌਜ ਦੀਆਂ ਰੈਜਮੈਂਟ ਪੱਧਰ ਦੀਆਂ ਪਾਰਟੀ ਕਮੇਟੀਆਂ ਨੂੰ ਭੇਜਿਆ ਜਾਂਦਾ ਹੈ। ਇਹਨਾਂ ਕਮੇਟੀਆਂ ਨੂੰ ਇਹ ਵਿਚਾਰ ਕਰਨ ਦਾ ਕਿ ਇਹਨਾਂ ਦੋ ਦਸਤਾਵੇਜ਼ਾਂ ਵਿੱਚੋਂ ਕਿਹੜਾ ਦਸਤਾਵੇਜ਼ ਗਲਤ ਹੈ ਤੇ ਕਿਹੜਾ ਸਹੀ, ਉਹਨਾਂ ਦੀ ਦੋਵਾਂ ਦਸਤਾਵੇਜ਼ਾਂ ਦੀ ਸਮਝਦਾਰੀ ਅਤੇ ਦੋਵਾਂ ਦਸਤਾਵੇਜ਼ਾਂ ਦੀਆਂ ਪ੍ਰਾਪਤੀਆਂ ਤੇ ਗਲਤੀਆਂ ਦੱਸਣ ਬਾਰੇ ਸੱਦਾ ਦਿੱਤਾ ਜਾਂਦਾ ਹੈ।

ਸ੍ਰੋਤ: ਮਈ 16, 1966 ਦਾ ਚੀਨੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦਾ ਸਰਕੂਲਰ – ਇੱਕ ਮਹਾਨ ਇਤਿਹਾਸਕ ਦਸਤਾਵੇਜ਼, ਵਿਦੇਸ਼ੀ ਭਾਸ਼ਾਈ ਪ੍ਰੈੱਸ, ਪੀਕਿੰਗ, 1967।

 

“ਪ੍ਰਤੀਬੱਧ”, ਅੰਕ 18, ਫਰਵਰੀ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s