ਬੁੱਧ ਧਰਮ ਅਤੇ ਬੁੱਧ ਦਰਸ਼ਨ ਦਾ ਇਤਿਹਾਸਕ ਮਹੱਤਵ •ਡਾ. ਸੁਖਦੇਵ ਹੁੰਦਲ

3

ਪੀ.ਡੀ.ਐਫ਼ ਡਾਊਨਲੋਡ ਕਰੋ

”ਮਹਾਨ ਇਤਹਾਸਕ ਮੋੜਾਂ ਦੇ ਨਾਲ਼ ਨਾਲ਼ ਧਾਰਮਿਕ ਤਬਦੀਲੀਆਂ ਦਾ ਆਉਣਾ, ਸਿਰਫ਼ ਤਿੰਨ ਸੰਸਾਰ ਧਰਮਾਂ ਦੇ ਨਾਲ਼ ਹੀ, ਜੋ ਹੁਣ ਤੱਕ ਚਲ ਰਹੇ ਹਨ, ਸੱਚ ਸਿੱਧ ਹੋਇਆ ਹੈ—ਬੁੱਧ ਧਰਮ, ਈਸਾਈ ਧਰਮ ਅਤੇ ਇਸਲਾਮ ਧਰਮ”—ਏਂਗਲਜ਼ (ਲੁਡਵਿਗ ਫਿਊਰਬਾਖ਼)

ਈਸਾ ਪੂਰਵ ਛੇਵੀਂ ਸਦੀ ਵਿੱਚ, ਬੁੱਧ ਧਰਮ ਪੈਦਾ ਹੁੰਦਾ ਹੈ। 567 ਈ. ਪੂਰਵ ਵਿੱਚ ਗੌਤਮ ਬੁੱਧ ਦਾ ਜਨਮ ਹੁੰਦਾ ਹੈ। ਬੁੱਧ ਧਰਮ ਸੰਸਾਰ ਦਾ ਪਹਿਲਾ ਜਥੇਬੰਦ ਧਰਮ ਹੈ ਜਿਸ ਦੇ ਮੱਠਾਂ ਦੇ ਰੂਪ ਵਿੱਚ ਧਾਰਮਿਕ ਕੇਂਦਰ ਸਨ। ਇਤਿਹਾਸਕ ਤੌਰ ‘ਤੇ ਭਾਰਤ ਵਿੱਚ ਇਹ ਗੁਲਾਮਦਾਰੀ ਪ੍ਰਬੰਧ ਦੇ ਅਧਾਰ ‘ਤੇ ਵੱਡੇ ਵੱਡੇ ਰਾਜਾਂ ਦੇ ਵਿਕਾਸ ਦਾ ਦੌਰ ਸੀ। ਕੇ. ਦਾਮੋਦਰਨ ਅਨੁਸਾਰ ਇਹ ਉਹ ਸਮਾਂ ਸੀ, ”ਜਦੋਂ ਦਾਸ ਪ੍ਰਥਾ ਵਾਲੇ ਵੱਡੇ-ਵੱਡੇ ਸਾਮਰਾਜਾਂ ਦਾ ਨਿਰਮਾਣ ਇੱਕ ਇਤਿਹਾਸਕ ਜ਼ਰੂਰਤ ਬਣ ਗਿਆ ਸੀ ਅਤੇ ਜਦੋਂ ਪੁਰੋਹਤ ਜਮਾਤ ਦੀ ਬੌਧਿਕ, ਸਮਾਜਕ ਅਤੇ ਆਰਥਿਕ ਸਰਦਾਰੀ, ਸਮਾਜ ਦੇ ਵਿਕਾਸ ਵਿੱਚ ਰੁਕਾਵਟਾਂ ਖ਼ੜੀਆਂ ਕਰਨ ਲੱਗ ਪਈ ਸੀ। ਬੁੱਧ ਧਰਮ ਆਪਣੇ ਨਜ਼ਰੀਏ ਤੋਂ ਪੁਰੋਹਤ-ਵਿਰੋਧੀ ਸੀ। ਉਹ ਕਰਮ ਕਾਂਡਾਂ ਦਾ ਵੀ ਵਿਰੋਧ ਕਰਦਾ ਸੀ। ਇਸ ਤਰ੍ਹਾਂ ਬ੍ਰਾਹਮਣਵਾਦ ਦੇ ਮੁਕਾਬਲੇ, ਇਸ ਦਾ ਜੋਰ ਮੁੱਖ ਤੌਰ ਤੇ ਵਰਣ-ਆਸ਼ਰਮ ਪ੍ਰਬੰਧ ਦੀ ਗੈਰ-ਬਰਾਬਰੀ ਅਤੇ ਪੁਰੋਹਤ ਵਰਗ ਦੀਆਂ ਸੁੱਖ ਸਹੂਲਤਾਂ ਬਣਾਈ ਰੱਖਣ ਤੇ ਸੀ। ਬੁੱਧ ਧਰਮ ਨਵੇਂ ਯੁਗ ਲਈ ਵੱਧ ਉਪਯੋਗੀ ਸੀ।”

ਇਹ ਉਹ ਸਮਾਂ ਸੀ ਜਦੋਂ ਭਾਰਤ ਵਿੱਚ, ਖੇਤੀ ਦਾ ਵਿਕਾਸ ਹੋ ਰਿਹਾ ਸੀ। ਦਸਤਕਾਰੀਆਂ ਅਤੇ ਵਪਾਰਕ ਸਰਗਰਮੀਆਂ ਦਾ ਘੇਰਾ ਵਿਸ਼ਾਲ ਹੋ ਰਿਹਾ ਸੀ। ਰਾਹੁਲ ਸਾਂਕ੍ਰਤਾਇਨ ਅਨੁਸਾਰ ਵੇਦਾਂ ਦੀ ਰਚਨਾ ਦਾ ਕਾਲ ਲਗਭਗ 1500-1000 ਈ. ਪੂਰਵ ਹੈ। ਇਹ ਦੌਰ ਜਿਸ ਨੂੰ ਵੈਦਿਕ ਕਾਲ ਵੀ ਕਿਹਾ ਜਾਂਦਾ ਹੈ, ਮੁੱਢਕਦੀਮੀ ਸਾਮਵਾਦੀ ਕਬਾਇਲੀ ਸਮਾਜ ਦੇ ਜਮਾਤੀ ਸਮਾਜ ਵਿੱਚ ਬਦਲਣ ਦਾ ਸਮਾਂ ਵੀ ਹੈ। ਧਰਮ ਅਤੇ ਦਰਸ਼ਨ ਵੀ, ਵਿਗਿਆਨ, ਕਲਾ ਸਾਹਿਤ ਵਾਂਗ ਮਨੁੱਖ ਦੀ ਸਮਾਜਕ ਚੇਤਨਾਂ ਦੇ ਹੀ ਰੂਪ ਹਨ। ਧਰਮ ਅਤੇ ਦਰਸ਼ਨ ਦਾ ਸਵਾਲ, ਸਾਡੇ ਇੱਥੇ ਕਾਫੀ ਉਲਝਿਆ ਰਿਹਾ ਹੈ। ਯੂਰਪ ਵਾਂਗ, ਸਾਡਾ ਸਮਾਜ ਕਿਸੇ ਤਰ੍ਹਾਂ ਦੇ ਪੁਨਰਜਾਗਰਣ ਅਤੇ ਪ੍ਰਬੋਧਨ ਦੇ ਦੌਰ ਵਿੱਚੋਂ ਨਹੀਂ ਗੁਜਰਿਆ। ਨਤੀਜੇ ਵਜੋਂ ਇਹਨਾਂ ਦੋਹਾਂ ਸ਼ਬਦਾਂ ਨੂੰ ਕਈ ਵਾਰ ਇੱਕ ਹੀ ਅਰਥ ਵਿੱਚ ਲੈਣ ਕਰਕੇ, ਬੌਧਿਕ ਚਿੰਤਨ ਦੇ ਖੇਤਰ ਵਿੱਚ ਹੋਏ ਸ਼ਾਨਦਾਰ ਪ੍ਰਯੋਗਾਂ ਦੇ ਧਾਰਮਿਕ ਦਾਰਸ਼ਨਿਕ ਪਹਿਲੂਆਂ ਵਿੱਚ ਨਿਖੇੜਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਫਰਕ ਨੂੰ ਸਮਝਣ ਲਈ, ਮੈਂ ਮਾਰਕਸ ਅਤੇ ਏਂਗਲਜ਼ ਦੇ ਕੁੱਝ ਲੰਮੇ ਹਵਾਲੇ ਦੇਣ ਲਈ, ਪਾਠਕਾਂ ਤੋਂ ਆਗਿਆ ਚਾਹਵਾਂਗਾ।

ਡੂਹਰਿੰਗ-ਵਿਰੁੱਧ ਵਿੱਚ ਏਂਗਲਜ਼ ਲਿਖਦੇ ਹਨ, ”ਕੁੱਝ ਧਰਮ ਮਨੁੱਖਾਂ ਦੇ ਮਨਾਂ ਵਿੱਚ ਉਹਨਾਂ ਬਾਹਰੀ ਸ਼ਕਤੀਆਂ ਦੇ ਅਣੋਖੇ ਪ੍ਰਤੀਬਿੰਬ ਤੋਂ ਬਿਨ੍ਹਾਂ ਕੁੱਝ ਨਹੀਂ ਜਿਹੜੀਆਂ ਉਹਨਾਂ ਦੇ ਦੈਨਿਕ ਜੀਵਨ ਨੂੰ ਕੰਟਰੋਲ ਕਰਦੀਆਂ ਹਨ, ਉਹ ਪ੍ਰਤੀਬਿੰਬ ਜੋ ਸੰਸਾਰਕ ਸ਼ਕਤੀਆਂ ਪਰਾ-ਪ੍ਰਾਕਿਰਤਕ ਸ਼ਕਤੀਆਂ ਦਾ ਰੂਪ ਧਾਰ ਲੈਂਦੀਆਂ ਹਨ। ਇਤਿਹਾਸ ਦੇ ਸ਼ੁਰੂ ਵਿੱਚ ਇਹ ਪ੍ਰਕ੍ਰਿਤੀ ਦੀਆਂ ਸ਼ਕਤੀਆਂ ਸਨ ਜਿਹੜੀਆਂ ਪਹਿਲਾਂ ਇਸ ਤਰ੍ਹਾਂ ਪ੍ਰਤੀਬਿੰਬਤ ਹੋਈਆਂ ਅਤੇ ਜਿਹੜੀਆਂ ਆਗਲੇਰੇ ਕ੍ਰਮ-ਵਿਕਾਸ ਦੌਰਾਨ, ਭਿੰਨ-ਭਿੰਨ ਜਾਤੀਆਂ ਵਿੱਚ ਅਤਿਅੰਤ ਬਹੁ-ਰੂਪੀ ਅਤੇ ਵੰਨ-ਸੁਵੰਨੇ ਮਾਨਵੀਕਰਨਾਂ ਵਿੱਚ ਵਟ ਗਈਆਂ। ਤੁਲਨਾਤਮਕ ਮਿਥਿਹਾਸ ਨੇ ਇਸ ਮੁੱਢਲੀ ਪ੍ਰਕ੍ਰਿਆ ਦਾ ਮੂਲ, ਘੱਟੋ-ਘੱਟ ਹਿੰਦ-ਯੂਰਪੀ ਜਾਤੀਆਂ ਦੇ ਮਾਮਲੇ ਵਿੱਚ, ਹਿੰਦੁਸਤਾਨ ਦੇ ਵੇਦਾਂ ਵਿੱਚ ਲੱਭਿਆ ਹੈ ਅਤੇ ਇਸ ਦੇ ਅਗਲੇਰੇ ਵਿਕਾਸ ਵਿੱਚ ਇਹ ਪ੍ਰਕ੍ਰਿਆ ਹਿੰਦੁਸਤਾਨੀਆਂ, ਫਾਰਸ ਵਾਸੀਆਂ, ਯੂਨਾਨੀਆਂ, ਰੋਮਨਾਂ, ਜਰਮਨਾਂ ਅਤੇ ਜਿੱਥੋਂ ਤੱਕ ਸਮੱਗਰੀ ਸੁਲਭ ਹੈ, ਕੈਲਫਾਂ, ਲਿਥੂਆਨੀਅਨਾਂ ਅਤੇ ਸਲਾਵਾਂ ਵਿੱਚ ਵੀ, ਵਿਸਥਾਰ ਨਾਲ਼ ਦਰਸਾਇਆ ਗਿਆ ਹੈ। ਪਰ ਥੋੜਾ ਹੀ ਸਮਾਂ ਬੀਤਣ ਤੋਂ ਮਗਰੋਂ, ਪ੍ਰਕ੍ਰਿਤੀ ਦੀਆਂ ਸ਼ਕਤੀਆਂ ਦੇ ਨਾਲ਼-ਨਾਲ਼, ਸਮਾਜਕ ਸ਼ਕਤੀਆਂ ਸਰਗਰਮ ਹੋਣਾ ਸ਼ੁਰੂ ਕਰਦੀਆਂ ਹਨ ਸ਼ਕਤੀਆਂ ਜਿਹੜੀਆਂ ਮਨੁੱਖ ਦੇ ਸਨਮੁਖ ਓਨੀਆਂ ਹੀ ਓਪਰੀਆਂ ਹਨ ਅਤੇ ਪਹਿਲਾਂ ਪਹਿਲ ਓਨੀਆਂ ਹੀ ਅਸਪਸ਼ਟ, ਉਸੇ ਹੀ ਪ੍ਰਤੱਖ ਪ੍ਰਾਕਿਰਤਕ ਲੋੜ ਦੇ ਰੂਪ ਵਿੱਚ ਉਸ ਉੱਤੇ ਪ੍ਰਬਲ ਜਿਵੇਂ ਖੁਦ ਪ੍ਰਕ੍ਰਿਤੀ ਦੀਆਂ ਸ਼ਕਤੀਆਂ ਸਨ। ਉਹ ਅਨੋਖੇ ਆਕਾਰ, ਜਿਹੜੇ ਪਹਿਲਾਂ ਪ੍ਰਕ੍ਰਿਤੀ ਦੀਆਂ ਰਹੱਸਮਈ ਸ਼ਕਤੀਆਂ ਦੇ ਪ੍ਰਤੀਬਿੰਬ ਸਨ, ਇਸ ਬਿੰਦੂ ਤੇ ਆ ਕੇ ਸਮਾਜਕ ਗੁਣ ਧਾਰਨ ਕਰ ਲੈਂਦੇ ਹਨ, ਇਤਿਹਾਸ ਦੀਆਂ ਸ਼ਕਤੀਆਂ ਦੇ ਪ੍ਰਤੀਨਿਧ ਹੋ ਨਿਬੜਦੇ ਹਨ।” (ਪੁਸਤਕ-ਧਰਮ ਸਫਾ 139-140)

ਅਗਿਆਨਤਾ ਅਤੇ ਭੈਅ ਵਿੱਚੋਂ ਪੈਦਾ ਹੋਈ ਅਸੁਰੱਖਿਆ ਦੀ ਭਾਵਨਾ ਨੇ ਪੁਰਾਤਨ ਮਨੁੱਖ ਦੇ ਮੁਢਲੇ ਵਿਸ਼ਵਾਸਾਂ ਨੂੰ ਘੜਨ ਵਿੱਚ ਹਿੱਸਾ ਪਾਇਆ। ਆਪਣੇ ਆਲੇ-ਦੁਆਲੇ ਅਤੇ ਕੁਦਰਤ ਨਾਲ਼ ਡੂੰਘੀ ਤਰ੍ਹਾਂ ਜੁੜਿਆ ਮਨੁੱਖ, ਜਿਉਂਦਾ ਰਹਿਣ ਲਈ, ਕੁਦਰਤ ਦੀਆਂ ਮਾਰੂ ਸ਼ਕਤੀਆਂ ਨਾਲ਼ ਸੰਘਰਸ਼ ਕਰਦਾ ਹੈ। ਝੁੰਡਾਂ ਵਿੱਚ ਰਹਿਣ ਵਾਲ਼ਾ ਸਾਡਾ ਵਡੇਰਾ, ਕਿਰਤ ਕਰਨ ਦੀ ਕ੍ਰਿਆ ਦੌਰਾਨ, ਪਸ਼ੂ ਜਗਤ ਨਾਲ਼ੋਂ ਅੱਡ ਹੁੰਦਾ ਹੈ। ਸੁਤੰਤਰ ਹੋਏ ਹੱਥਾਂ ਨਾਲ਼ ਮੁਢਲੇ ਅਨਘੜ ਸੰਦਾਂ ਦੀ ਵਰਤੋਂ ਕਰਦੇ ਹੋਏ, ਸੰਦਾਂ ਨੂੰ ਤਰਾਸ਼ਣ ਅਤੇ ਨਵੇਂ ਸੰਦ ਬਣਾਉਣ ਦੀ ਪੱਧਰ ਤੱਕ ਪਹੁੰਚਦਾ ਹੈ। ਲੱਖਾਂ ਸਾਲਾਂ ਵਿੱਚ, ਮਨੁੱਖ, ਆਦਮ ਸਾਮਵਾਦੀ ਕਬਾਇਲੀ ਸਮਾਜਕ ਬਣਤਰ ਤੱਕ ਪਹੁੰਚਦਾ ਹੈ। ਬਰਾਬਰੀ ਦੀ ਇਸ ਅਵਸਥਾ ਵਿੱਚ, ਕੁਦਰਤ ਨਾਲ਼ ਸੰਘਰਸ਼ ਦੌਰਾਨ, ਮਨੁੱਖ ਦੇ ਮੁਢਲੇ ਵਿਸ਼ਵਾਸ ਟੋਟਮ ਅਤੇ ਜਾਦੂ ਦੇ ਦੌਰ ਵਿਚੋਂ ਲੰਘਦੇ ਹੋਏ, ਧਾਰਮਿਕ ਚੇਤਨਾ ਤੱਕ ਪਹੁੰਚਦੇ ਹਨ। ਜਾਦੂ ਦਾ ਦੌਰ, ਜਿਸ ਵਿੱਚ ਮਨੁੱਖ ਆਪਣੇ ਭੈਅ ਤੇ ਕਾਬੂ ਪਾਉਣ ਲਈ, ਆਪਣੀ ਉਪਜੀਵਕਾ ਕਮਾਉਣ ਦੇ ਸੰਘਰਸ਼ ਵਿੱਚ, ਆਪਣੇ ਆਪ ਨੂੰ ਤਾਕਤਵਰ ਅਤੇ ਮਜ਼ਬੂਤ ਬਣਾਉਣ ਲਈ, ਇੱਕ ਪਾਸੇ ਕੁਦਰਤ ਨੂੰ ਹੁਕਮ ਦਿੰਦਾ ਹੈ ਅਤੇ ਦੂਜੇ ਪਾਸੇ ਨਵੇਂ ਸੰਕਲਪ ਬਣਾਉਂਦਾ ਹੋਇਆ, ਕੁਦਰਤ ਦੇ ਰਹੱਸਾਂ ਨੂੰ ਸਮਝਣ ਲਈ ਖੌਝਲਦਾ ਹੈ। ਇਸੇ ਜਾਦੂ ਦੀਆਂ ਕ੍ਰਿਆਵਾਂ ਵਿੱਚੋਂ ਹੀ, ਅੱਗੇ ਜਾ ਕੇ ਪੈਦਾ ਹੋਣ ਵਾਲ਼ੇ ਵਿਗਿਆਨ ਅਤੇ ਧਾਰਮਿਕ ਕਰਮ ਕਾਂਡਾਂ ਦੀਆਂ ਜੜ੍ਹਾਂ ਲੱਭਦੀਆਂ ਹਨ। ਪਰ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਨਾਲ਼, ਮੁੱਢਲੀ ਸਮਾਵਾਦੀ ਕਬਾਇਲੀ ਬਣਤਰ ਦਾ ਭੋਗ ਪੈਣ ਨਾਲ਼, ਜਮਾਤੀ ਸਮਾਜ ਹੋਂਦ ਵਿੱਚ ਆਉਂਦਾ ਹੈ। ਮਨੁੱਖ, ਮਨੁੱਖ ਦਾ ਗੁਲਾਮ ਬਣਨ ਦੇ ਪੀੜਾਦਾਇਕ ਦੌਰ ਵਿੱਚ ਦਾਖਲ ਹੁੰਦਾ ਹੈ। ਇੱਥੋਂ ਹੀ ਮਨੁੱਖੀ ਇਤਿਹਾਸ ਵਿੱਚ ਸੱਭਿਅਤਾ ਦਾ ਦੌਰ ਸ਼ੁਰੂ ਹੁੰਦਾ ਹੈ। ਸਮਾਜ ਦੇ ਵਿਕਾਸ ਦੇ ਨਜ਼ਰੀਏ ਤੋਂ ਇਹ ਅਗਾਂਹ ਵੱਲ਼ ਨੂੰ ਚੁੱਕੀ, ਇੱਕ ਵੱਡੀ ਛਾਲ ਸੀ। ਮਨੁੱਖ ਨੂੰ ਕੁਦਰਤ ਦੀ ਬੇਕਿਰਕ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ, ਮਨੁੱਖ ਹੱਥੋਂ ਮਨੁੱਖ ਦੀ ਗੁਲਾਮੀ ਦੇ ਰੂਪ ਵਿੱਚ, ਭਾਰੀ ਕੀਮਤ ਚੁਕਾਉਣੀ ਪਈ। ਧਾਰਮਿਕ ਅਤੇ ਦਾਰਸ਼ਨਿਕ ਚਿੰਤਨ ਲਈ ਅਧਾਰ ਤਿਆਰ ਹੋ ਗਿਆ। ਰਾਹੁਲ ਸਾਂਕ੍ਰਤਾਇਨ ਦਰਸ਼ਨ ਦਿਗ ਦਰਸ਼ਨ ਵਿੱਚ ਲਿਖਦੇ ਹਨ, ”ਕੁਦਰਤੀ ਮਨੁੱਖ ਜਦੋਂ ਆਪਣੇ ਅਗਿਆਨ ਅਤੇ ਭੈਅ ਦੇ ਕਾਰਣ ਅਤੇ ਸਹਾਰਾ ਲੱਭਣ ਲੱਗਾ, ਹਾਂ ਉਹ ਦੇਵਤਿਆਂ ਅਤੇ ਧਰਮ ਤੱਕ ਪਹੁੰਚਿਆ। ਜਦੋਂ ਸਿੱਧੇ ਸਾਦੇ ਧਰਮ-ਦੇਵਤਾ-ਸਬੰਧੀ ਵਿਸ਼ਵਾਸ ਉਸਦੀ ਵਿਕਸਤ ਬੁੱਧੀ ਨੂੰ ਸੰਤੁਸ਼ਟ ਕਰਨ ਵਿੱਚ ਅਸਫ਼ਲ ਹੋਣ ਲੱਗੇ, ਉਸ ਦੀ ਉਡਾਰੀ ਦਰਸ਼ਨ ਵੱਲ਼ ਹੋ ਗਈ। ਕੁਦਰਤੀ ਮਨੁੱਖ ਨੂੰ ਸਫ਼ਰ ਦੇ ਸ਼ੁਰੂ ਵਿੱਚ, ਧਰਮ ਤੱਕ ਪਹੁੰਚਣ ਲਈ ਲੱਖਾਂ ਸਾਲ ਲੱਗੇ, ਜਿਸ ਤੋਂ ਪਤਾ ਲੱਗਦਾ ਹੈ, ਮਨੁੱਖ ਦੀ ਸਹਿਜ ਬੁੱਧੀ ਕੁਦਰਤ ਦੇ ਨਾਲ਼ ਨਾਲ਼ ਰਹਿਣਾ ਵੱਧ ਪਸੰਦ ਕਰਦੀ ਹੈ। ਸ਼ਾਇਦ ਦਰਸ਼ਨ ਅਤੇ ਧਰਮ ਨੂੰ ਓਨੀ ਸਫ਼ਲਤਾ ਹਾਸਲ ਨਾ ਹੁੰਦੀ, ਜੇ ਮਨੁੱਖੀ ਸਮਾਜ ਆਪਣੇ ਸਵਾਰਥਾਂ ਦੇ ਕਾਰਨ ਜਮਾਤਾਂ ਵਿੱਚ ਨਾ ਵੰਡਿਆ ਹੁੰਦਾ। ਜਮਾਤੀ-ਸਵਾਰਥ ਨੂੰ, ਸੰਸਾਰ ਦੀ ਬਦਲਣ ਸ਼ੀਲਤਾ ਤੋਂ ਪੈਦਾ ਹੋਣ ਵਾਲ਼ੀ ਸਮਾਜਕ ਤਬਦੀਲੀ ਤੋਂ ਜਬਰਦਸਤ ਖਤਰਾ ਰਹਿੰਦਾ ਹੈ, ਇਸ ਲਈ ਉਸਦਾ ਯਤਨ ਹੁੰਦਾ ਹੈ ਕਿ ਬਦਲ ਰਹੇ ਸੰਸਾਰ ਵਿੱਚ ਆਪਣੇ ਆਪ ਨੂੰ ਬਚਾਈ ਰੱਖੇ। ਇਹਨਾਂ ਕਾਰਨਾਂ ਕਰਕੇ ਪਿੱਤਰੀ ਸੱਤਾ ਵਾਲ਼ੇ ਸਮਾਜ ਨੇ ਧਰਮ ਦੀ ਸਥਾਈ ਨੀਂਹ ਰੱਖੀ ਅਤੇ ਕੁਦਰਤੀ ਸ਼ਕਤੀਆਂ ਅਤੇ ਮਰੇ-ਜਿਉਂਦੇ ਪ੍ਰਾਣੀਆਂ ਦੀ ਦਹਿਸ਼ਤ ਤੋਂ ਉਸਨੂੰ ਵਿਅਕਤੀਗਤ ਦੇਵਤਿਆਂ ਅਤੇ ਭੂਤਾਂ ਦੇ ਰੂਪ ਵਿੱਚ ਬਦਲ ਦਿੱਤਾ। ਲੁਟੇਰੀ ਜਮਾਤ ਦੀ ਤਾਕਤ ਵਧਣ ਦੇ ਨਾਲ਼ ਆਪਣੇ ਸਮਾਜ ਦੇ ਨਮੂਨੇ ਤੇ ਉਸਨੇ ਦੇਵਤਿਆਂ ਦੀ ਪੰ੍ਰਪਰਾ ਅਤੇ ਸਮਾਜਕ ਸੰਸਥਾਵਾਂ ਦੀ ਕਲਪਨਾ ਕੀਤੀ। … ਪਰੰਤੂ ਜਦੋਂ ਅਸੀਂ ਦਰਸ਼ਨ ਦੀ ਉਸ ਤਰ੍ਹਾਂ ਦੀ ਸਵਾਰਥ ਪੂਰਣ ਵਰਤੋਂ ਦੇ ਬਾਰੇ ਸੋਚਦੇ ਹਾਂ, ਤਾਂ ਉਸ ਵੇਲੇ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਦਰਸ਼ਨ ਦੀ ਆੜ ਵਿੱਚ ਜਮਾਤੀ ਸਵਾਰਥ ਨੂੰ ਮਜ਼ਬੂਤ ਕਰਨ ਦੇ ਯਤਨ, ਸਾਰੇ ਹੀ ਦਰਸ਼ਨਿਕ ਜਾਣ ਬੁੱਝ ਕੇ ਕਰਦੇ ਹਨ, ਇਹ ਗੱਲ ਨਹੀਂ ਹੈ, ਬਹੁਤ ਸਾਰੇ ਚੰਗੀ ਨੀਤ ਦੇ ਹੁੰਦਿਆਂ ਵੀ, ਆਤਮ ਮੋਹ ਦੇ ਕਾਰਨ ਐਨਾ ਕਰ ਬੈਠਦੇ ਹਨ।” (ਸਫ਼ਾ 290 ਦਰਸ਼ਨ ਦਿਗ-ਦਰਸ਼ਨ)

ਭਾਰਤ ਵਿੱਚ ਵੇਦਾਂ ਦੀ ਰਚਨਾ ਦਾ ਕਾਲ ਜਮਾਤੀ ਸਮਾਜ ਦੇ ਪੈਦਾ ਹੋਣ ਦਾ ਸੰਗ੍ਰਾਂਦੀ ਕਾਲ ਵੀ ਹੈ। ਜਿਉਂ ਹੀ ਸਮਾਜ ਦੀ ਜਮਾਤੀ ਬਣਤਰ ਆਪਣੇ ਵਿਕਸਤ ਦੌਰ ਵਿੱਚ ਦਾਖਲ ਹੁੰਦੀ ਹੈ, ਧਰਮ ਦੇ ਖੇਤਰ ਵਿੱਚ ਵਰਣ ਵੰਡ ‘ਤੇ ਅਧਾਰਤ ਬ੍ਰਾਹਮਣਵਾਦ ਪੈਦਾ ਹੁੰਦਾ ਹੈ ਅਤੇ ਦਾਰਸ਼ਨਿਕ ਖੇਤਰ ਵਿੱਚ ਵਿਚਾਰਵਾਦ ਮਜ਼ਬੂਤੀ ਫੜ੍ਹਦਾ ਹੈ। ਉਪਨਿਸ਼ਦਾਂ, ਬ੍ਰਾਹਮਣਾਂ ਅਤੇ ਪੁਰਾਣਾਂ ਦੀ ਰਚਨਾ ਹੁੰਦੀ ਹੈ। ਬ੍ਰਾਹਮਣਵਾਦ ਦੇ ਦੌਰ ਵਿੱਚ, ਪੁਰੋਹਤ ਜਮਾਤ, ਹਾਕਮ ਜਮਾਤ ਦੇ ਰੂਪ ਵਿੱਚ ਮਜ਼ਬੂਤ ਹੁੰਦੀ ਹੈ। ਜਮਾਤੀ ਸਮਾਜ ਦੇ ਮੁਢਲੇ ਵਿਕਾਸ ਦੇ ਸਮੇਂ ਪੁਰੋਹਤਾਂ ਦੀ ਬ੍ਰਾਹਮਣ ਜਮਾਤ ਦੇ ਨਾਲ਼-ਨਾਲ਼, ਕਸ਼ੱਤਰੀ ਜਮਾਤ ਵੀ ਜੋਰ ਫੜਦੀ ਹੈ। ਬ੍ਰਾਹਮਣ ਤੇ ਕਸ਼ੱਤਰੀ ਦੋਵੇਂ ਹਾਕਮ ਗੱਠਜੋੜ ਦਾ ਹਿੱਸਾ ਸਨ ਜਦੋਂ ਕਿ ਕੰਮ ਕਰਨ ਵਾਲ਼ੇ ਲੋਕ ਵੈਸ਼ਾਂ ਅਤੇ ਸ਼ੂਦਰਾਂ ਦੇ ਵਰਗ ਵਿੱਚ ਆਉਂਦੇ ਸਨ। ਚਾਰ ਵਰਣਾਂ ਵਿੱਚ ਵੰਡੇ ਗਏ, ਭਾਰਤੀ ਸਮਾਜ ਦਾ ਵਿਕਾਸ, ਸਾਮਵਾਦੀ ਕਬਾਇਲੀ ਸਮਾਜ ਦੇ ਖੰਡਰਾਂ ‘ਤੇ ਹੋਇਆ ਸੀ। ਉਹ ਵੈਦਿਕ ਧਰਮ ਦਾ ਦੌਰ ਸੀ। ਰਾਹੁਲ ਸਾਂਕ੍ਰਤਾਇਨ ਅਨੁਸਾਰ ਉਹ ਜਾਇਦਾਦ ਵਾਲ਼ੀ ਜਮਾਤ ਦੀ ਰੱਖਿਆ ਅਤੇ ਕਿਰਤੀ-ਦਾਸ, ਕੰਮ ਕਰਨ ਵਾਲ਼ੇ ਵਰਗਾਂ ਨੂੰ ਕਾਬੂ ਵਿੱਚ ਰੱਖਣ ਲਈ, ਖੂਨੀ ਹੱਥਾਂ ਨਾਲ਼ ਲੋਕਾਂ ਨੂੰ ਕੁਚਲ ਕੇ ਸਥਾਪਤ ਹੋਏ ਰਾਜ ਦੀ ਮਦਦ ਕਰਨਾ ਚਾਹੁੰਦਾ ਸੀ। ਇਨਾਮ ਦੇ ਤੌਰ ਤੇ ਨਵੇਂ ਪੈਦਾ ਹੋ ਰਹੇ ਰਾਜ ਪ੍ਰਬੰਧ ਵਿੱਚ, ਧਾਰਮਿਕ ਨੇਤਾਵਾਂ ਅਤੇ ਪੁਰੋਹਤਾਂ ਨੂੰ ਲੁੱਟ ਵਿੱਚ ਹਿੱਸੇਦਾਰ ਬਣਾਇਆ ਗਿਆ। ਲੁੱਟੀ ਜਾ ਰਹੀ ਲੁਕਾਈ, ਆਪਣੇ ਅਜ਼ਾਦ-ਜਮਾਤ ਰਹਿਤ, ਆਰਥਿਕ ਗੁਲਾਮੀ ਤੋਂ ਮੁਕਤ, ਦਿਨਾਂ ਨੂੰ ਭੁੱਲ ਚੁੱਕੀ ਸੀ, ਧਰਮ ਦੇ ਪ੍ਰਪੰਚ ਵਿੱਚ ਪੈ ਕੇ, ਉਹ ਆਪਣੀ ਵਰਤਮਾਨ ਹਾਲਤ ਨੂੰ ਦੇਵਤਿਆਂ ਦਾ ਨਿਆਂ ਸਮਝ ਰਹੀ ਸੀ। ਐਸੀ ਗੱਲ ਨਹੀਂ ਸੀ ਕਿ ਵਿਰੋਧ ਬਿਲਕੁੱਲ ਗੈਰ ਹਾਜ਼ਰ ਸੀ। ਇਸ ਮੁਢਲੇ ਵੈਦਿਕ ਧਰਮ ਅਤੇ ਬ੍ਰਾਹਮਣਵਾਦੀ ਦਾਰਸ਼ਨਿਕ ਵਿਚਾਰਧਾਰਾ ਨੂੰ, ਲੋਕਾਇਤ ਦਰਸ਼ਨ ਦੇ ਪੈਰੋਕਾਰਾਂ ਵੱਲੋਂ ਜ਼ਬਰਦਸਤ ਚੁਣੌਤੀ ਦਾ ਸਾਮ੍ਹਣਾ ਕਰਨਾ ਪਿਆ। ਲੋਕਾਇਤ ਵਿਚਾਰਧਾਰਾ ਦੀ ਸ਼ਕਤੀ ਦਾ ਅੰਦਾਜਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਹਾਕਮ ਜਮਾਤਾਂ, ਵਿਚਾਰਵਾਦੀ ਦਾਰਸ਼ਿਨਕਾਂ ਅਤੇ ਧਰਮ ਦੇ ਗਠਜੋੜ ਨੇ, ਉਹਨਾਂ ਦੀਆਂ ਸਾਰੀਆਂ ਰਚਨਾਵਾਂ ਨੂੰ ਤਬਾਹ ਕਰ ਦਿੱਤਾ। ਉਹਨਾਂ ਦੇ ਖਿਲਾਫ ਲਗਾਤਾਰ ਮੁਹਿੰਮ ਚਲਾ ਦਿੱਤੀ ਜਿਸ ਦਾ ਸਬੂਤ ਇਹਨਾਂ ਦੇ ਗ੍ਰੰਥਾਂ ਵਿੱਚ ਮਿਲ਼ਦਾ ਹੈ। ਕੋਈ ਐਸਾ ਗ੍ਰੰਥ ਨਹੀਂ ਮਿਲ਼ਦਾ ਜਿਸ ਵਿੱਚ ਇਹ ਲੋਕਾਇਤ ਦਰਸ਼ਨ ਦਾ ਖੰਡਨ ਕਰਨ ਵਿੱਚ ਉੱਕੇ ਹੋਣ, ਇਹਨਾਂ ਦੇ ਸਾਰੇ ਦਾਰਸ਼ਨਿਕ ਅਤੇ ਧਾਰਮਿਕ ਗ੍ਰੰਥਾਂ ਵਿੱਚ, ਲੋਕਾਇਤ ਵਿਚਾਰਧਾਰਾ ਦੀ ਗੁੰਜ, ਸਾਫ਼ ਨਜ਼ਰ ਆਉਂਦੀ ਹੈ।

ਦੂਜੇ ਪਾਸੇ ਇਤਿਹਾਸਕ ਵਿਕਾਸ ਦੇ ਆਪਣੇ ਨਿਯਮ ਹਨ। ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਨਾਲ਼, ਪੁਰਾਣੇ ਬਰਾਬਰੀ ਵਾਲ਼ੇ, ਸਾਂਝੀਵਾਲਤਾ ਵਾਲ਼ੇ ਪ੍ਰਬੰਧ ਦਾ ਕਾਇਮ ਰਹਿਣਾ ਸੰਭਵ ਨਹੀਂ ਸੀ। ਮਨੁੱਖ ਹੱਥੋਂ ਮਨੁੱਖ ਦੀ ਗੁਲਾਮੀ ਦਾ ਦੌਰ ਸ਼ੁਰੂ ਹੋ ਗਿਆ। ਨਿੱਜੀ ਜਾਇਦਾਦ ਦੀ ਉਤਪਤੀ ਅਤੇ ਰਾਜ ਦੀ ਉਤਪਤੀ ਦੇ ਇਸ ਦੌਰ ਵਿੱਚ, ਬ੍ਰਾਹਮਣਵਾਦੀ ਵੈਦਿਕ ਧਰਮ ਨੇ, ਨਵੀਆਂ ਪੈਦਾ ਹੋ ਰਹੀਆਂ ਮਾਲਕ ਜਮਾਤਾਂ ਦਾ ਸਾਥ ਦਿੱਤਾ। ਜਿਸ ਸਮੇਂ ਬੁੱਧ ਪੈਦਾ ਹੋਏ, ਉਹ ਤੇਜ ਇਤਿਹਾਸਕ ਤਬਦੀਲੀਆਂ ਦਾ ਦੌਰ ਸੀ। ਖੇਤੀ ਦਾ ਵਿਸਥਾਰ ਹੋ ਰਿਹਾ ਸੀ। ਜਿੱਥੇ ਇੱਕ ਪਾਸੇ ਨਵੇਂ ਰਾਜ ਉੱਭਰ ਰਹੇ ਸਨ, ਦੂਜੇ ਪਾਸੇ ਦੇਸ਼ ਦਾ ਵਿਸ਼ਾਲ ਕਬਾਇਲੀ ਇਲਾਕਾ ਵੀ ਮੌਜੂਦ ਸੀ। ਦਸਤਕਾਰੀਆਂ ਅਤੇ ਵਪਾਰ ਦੇ ਵਾਧੇ ਨਾਲ਼ ਸੰਸਾਰ ਦੇ ਹੋਰ ਹਿੱਸਿਆਂ ਨਾਲ਼ ਵੀ ਸੰਪਰਕ ਵੱਧ ਰਿਹਾ ਸੀ। ਇਸ ਨਵੇਂ ਤੇਜੀ ਨਾਲ਼ ਬਦਲ ਰਹੇ ਯੁੱਗ ਵਿੱਚ, ਪੁਰਾਣਾ ਵੈਦਿਕ ਧਰਮ ਨਾਕਾਫੀ ਸਿੱਧ ਹੋ ਰਿਹਾ ਸੀ। ਵੈਦਿਕ ਧਰਮ ਵਿੱਚ ਭਾਵੇਂ ਬਾਅਦ ਵਾਲ਼ੇ ਧਰਮਾਂ ਵਾਂਗ, ਕੋਈ ਸਥਾਈ ਮੱਠ ਜਾਂ ਮੰਦਰ ਨਹੀਂ ਸਨ, ਪਰ ਕਰਮਕਾਂਡਾਂ ਦਾ ਕੁੱਝ ਜ਼ਿਆਦਾ ਹੀ ਬੋਲਬਾਲਾ ਸੀ। ਯੱਗਾਂ ਵਿੱਚ ਪਸ਼ੂ ਬਲੀ ਅਤੇ ਖਾਸ ਕਰਕੇ ਗਊਆਂ ਦੀ ਬਲੀ ਨਾਲ਼, ਖੇਤੀ ਪੈਦਾਵਾਰ ਲਈ, ਪਸ਼ੂਆਂ ਦੀ ਵਧ ਰਹੀ ਮੰਗ ਦੀ ਪੂਰਤੀ ਵਿੱਚ ਮੁਸ਼ਕਲ ਪੈਦਾ ਹੋ ਰਹੀ ਸੀ। ਬ੍ਰਾਹਮਣ ਅਤੇ ਕਸ਼ਤਰੀ ਦੋਵੇਂ ਹਾਕਮ ਜਮਾਤਾਂ ਵਿੱਚੋਂ, ਕਸ਼ੱਤਰੀ, ਇਸ ਠੋਸ ਦੁਨੀਆਂ ਦੀ ਹਕੀਕਤ ਨੂੰ ਵੱਧ ਸਮਝ ਰਹੇ ਸਨ। ਰਾਹੁਲ ਸਾਂਕ੍ਰਤਾਇਨ ਦੇ ਸ਼ਬਦਾਂ ਵਿੱਚ, ਉਹਨਾਂ ਨੇ ਇਸ ਖਤਰੇ ਨੂੰ ਸਮਝਿਆ ਅਤੇ ਧਰਮ ਦੇ ਫੰਦੇ ਨੂੰ ਮਜ਼ਬੂਤ ਕਰਨ ਲਈ, ਬ੍ਰਾਹਮਣਵਾਦ ਅਤੇ ਪੁਨਰ ਜਨਮ ਦੇ ਸਿਧਾਂਤ ਨੂੰ ਇਸ ਵਿੱਚ ਜੋੜਿਆ। ਉਪਨਿਸ਼ਦਾਂ ਦੀ ਰਚਨਾ ਹੋਈ ਜਿਸ ਵਿੱਚ ਇਹਨਾਂ ਨਵੇਂ ਵਿਚਾਰਾਂ ਦੀ ਪ੍ਰੋੜਤਾ ਕੀਤੀ ਗਈ। ਉਪਨਿਸ਼ਦਾਂ ਵਿੱਚ ਠੋਸ ਰੂਪ ਵਿੱਚ, ਵਿਚਾਰਵਾਦੀ ਦਰਸ਼ਨ ਦੀ ਨੀਂਹ ਰੱਖੀ ਗਈ। ਕਹਿਣ ਨੂੰ ਭਾਵੇਂ ਇਹ ਵੇਦਾਂ ਦੇ ਗਿਆਨ ਦੀ ਹੀ, ਵਿਆਖਿਆ ਕਰਨ ਦਾ ਦਾਅਵਾ ਕਰਦੇ ਸਨ, ਪਰ ਇਹਨਾਂ ਨੇ ਵੈਦਿਕ ਯੁਗ ਦੇ ਕਰਮਕਾਂਡੀ ਪਹਿਲੂ ਦੇ ਮੁਕਾਬਲੇ, ਬ੍ਰਹਮ ਗਿਆਨ ਦੇ ਵਿਚਾਰਧਾਰਕ ਪਹਿਲੂ ਤੇ ਵੱਧ ਜੋਰ ਦਿੱਤਾ। ਜਿੱਥੇ ਉਸ ਸਮੇਂ, ਨਵੇਂ ਰਾਜਾਂ ਦੇ ਵਿਸਥਾਰ ਅਤੇ ਪੁਰਾਣੇ ਕਬੀਲਿਆਂ ਦੀ ਟੁੱਟ ਭੱਜ ਨਾਲ਼, ਸਮਾਜ ਵਿੱਚ ਇੱਕ ਭਿਆਨਕ ਸੰਘਰਸ਼ ਚੱਲ ਰਿਹਾ ਸੀ। ਦੂਜੇ ਪਾਸੇ ਵਿਚਾਰਧਾਰਕ ਖੇਤਰ ਵਿੱਚ ਵੀ ਬਹਿਸਾਂ ਦੀ ਜੋਰਦਾਰ ਹਨੇਰੀ ਚੱਲ ਰਹੀ ਸੀ। ਉਪਨਿਸ਼ਦਾਂ ਦੀ ਵਿਚਾਰਧਾਰਾ ਦਾ ਜੋਰ ਇਸ ਗੱਲ ਤੇ ਸੀ, ਕਿ ਵੇਦ ਉਪਨਿਸ਼ਦ ਜਾਂ ਉਹਨਾਂ ਦੇ ਪਵਿੱਤਰ ਗ੍ਰੰਥ ਹੀ, ਪ੍ਰਮਾਣ ਹਨ। ਇਹਨਾਂ ਵਿੱਚ ਲਿਖਿਆ ਹੀ ਅੰਤਮ ਸੱਚ ਹੈ। ਜਿਹਨਾਂ ਦੀ ਵਿਆਖਿਆ ਉਹ ਆਪਣੇ ਹੀ ਨਜ਼ਰੀਏ ਤੋਂ, ਮਨਮਰਜੀ ਜਾਂ ਇਉਂ ਕਹਿ ਲਵੋ ਕਿ ਹਾਕਮ ਜਮਾਤਾਂ ਦੇ ਨਜ਼ਰੀਏ ਤੋਂ ਕਰਦੇ ਸਨ। ਉਹਨਾਂ ਨੇ ਵਰਣ ਵੰਡ ਨੂੰ ਸਦੀਵੀ ਘੋਸ਼ਤ ਕਰ ਦਿੱਤਾ। ਉਸੇ ਹੀ ਦੌਰ ਵਿੱਚ, ਲੋਕਾਇਤਾਂ ਤੋਂ ਬਿਨਾਂ ਵੀ, ਐਸੇ ਵਿਚਾਰਕ ਸਾਮ੍ਹਣੇ ਆਏ ਜੋ ਵੈਦਿਕ ਪੰ੍ਰਪਰਾ ਨੂੰ ਰੱਦ ਕਰਦੇ ਸਨ। ਗ੍ਰੰਥ ਨੂੰ ਪ੍ਰਮਾਣ ਮੰਨਣ ਤੋਂ ਇਨਕਾਰੀ ਸਨ। ਬ੍ਰਹਮਗਿਆਨ ਦੇ ਉਪਨਿਸ਼ਦਾਂ ਦੇ ਵਿਚਾਰ ਦਾ ਵਿਰੋਧ ਕਰਦੇ ਸਨ ਅਤੇ ਵਰਣ ਵੰਡ ਦਾ ਵੀ ਵਿਰੋਧ ਕਰਦੇ ਸਨ। ਇਹਨਾਂ ਵਿਚਾਰਕਾਂ ਨੂੰ ‘ਰਾਹੁਲ’ ਸੁਤੰਤਰ ਵਿਚਾਰਕ ਕਹਿੰਦੇ ਹਨ। ਇਹਨਾਂ ਸੁਤੰਤਰ ਵਿਚਾਰਕਾਂ ਦੀਆਂ ਵਿਚਾਰਧਾਰਾਵਾਂ ਦਾ ਉਸ ਸਮੇਂ ਬਹੁਤ ਅਸਰ ਸੀ। ਇਸੇ ਧਾਰਾ ਦੀ ਸਿਖਰ ਤੇ ਅਸੀਂ ‘ਬੁੱਧ’ ਨੂੰ ਵੇਖਦੇ ਹਾਂ। ਉਹ ਬਹੁਤ ਵੱਡੇ ਦਾਰਸ਼ਨਿਕ ਸਨ। ਉਹਨਾਂ ਨੇ ਤਰਕ ਸੰਗਤ ਤਰੀਕਿਆਂ ਨਾਲ਼, ਉਪਨਿਸ਼ਦਾਂ ਦੇ ਬ੍ਰਹਮਗਿਆਨ ਦੇ ਸਿਧਾਂਤਾਂ ਨੂੰ ਰੱਦ ਕੀਤਾ। ਉਹਨਾਂ ਨੇ ਕਿਹਾ ਕਿ ‘ਵਰਣ’ ਹਮੇਸ਼ਾਂ ਨਹੀਂ ਸਨ ਅਤੇ ਨਾ ਹੀ ਹਮੇਸ਼ਾਂ ਰਹਿਣਗੇ, ਇਤਿਹਾਸ ਦੇ ਇੱਕ ਖਾਸ ਦੌਰ ਵਿੱਚ ਇਹ ਪੈਦਾ ਹੋਏ ਹਨ। ਕਿਉਂਕਿ ਉਹ ਇੱਕ ਐਸਾ ਸਮਾਂ ਸੀ ਜਦੋਂ ਨਿੱਜੀ ਜਾਇਦਾਦ ਦੀ ਦੌੜ ਵਿੱਚ, ਸਮਾਜ ਵਿੱਚ ਬੇਕਿਰਕ ਤੇ ਮਾਰੂ ਸੰਘਰਸ਼ ਚੱਲ ਰਹੇ ਸਨ। ਲੋਕਾਂ ਤੇ ਦੁੱਖਾਂ ਦੇ ਪਹਾੜ ਟੁੱਟ ਪਏ ਸਨ। ਇਸ ਲਈ ਬੁੱਧ ਦੇ ਚਿੰਤਨ ਦਾ ਮੁੱਖ ਵਿਸ਼ਾ ‘ਦੁੱਖ’ ਹੀ ਸੀ। ਉਸ ਦੇ ਚਾਰ ਆਰੀਆ ਸੱਚ ਹਨ; ਦੁੱਖ, ਦੁੱਖ ਦਾ ਕਾਰਣ, ਦੁਖ ਵਿਨਾਸ਼ ਅਤੇ ਦੁੱਖ ਵਿਨਾਸ਼ ਦਾ ਮਾਰਗ। ਉਹਨਾਂ ਨੇ ਦੁੱਖ ਤੋਂ ਛੁਟਕਾਰੇ ਲਈ ਅਸ਼ਟਾਂਗ ਮਾਰਗ ਅਪਨਾਉਣ ਲਈ ਕਿਹਾ। ਬੁੱਦ ਦੇ ਚਿੰਤਨ ਦੇ ਬਹੁਤ ਪਹਿਲੂ ਹਨ ਜਿਹਨਾਂ ‘ਤੇ ਗੱਲ ਕਰਨੀ ਜ਼ਰੂਰੀ ਹੈ। ਬੁੱਧ ਦਰਸ਼ਨ ਰੱਬ ਦੀ ਹੋਂਦ ਬਾਰੇ ਚੁੱਪ ਹੈ, ਇਸ ਤਰ੍ਹਾਂ ਇਹ ਅਨੀਸ਼ਵਾਦੀ ਦਰਸ਼ਨ ਦੇ ਖੇਮੇ ਵਿੱਚ ਆਉਂਦਾ ਹੈ। ਬੁੱਧ ਦਰਸ਼ਨ ਆਤਮਾ ਦੇ ਸਿਧਾਂਤ ਨੂੰ ਰੱਦ ਕਰਦਾ ਹੈ। ਬੁੱਧ ਦਰਸ਼ਨ ਭਾਰਤ ਵਿੱਚ ਪੁਰਾਤਨ ਦਵੰਦਵਾਦ, ਜਿਸ ਅਨੁਸਾਰ ਕੋਈ ਵੀ ਵਰਤਾਰਾ ਸਦੀਵੀ ਨਹੀਂ। ਇਹ ਸੰਸਾਰ ਪਲ-ਪਲ ਬਦਲ ਰਿਹਾ ਹੈ, ਦਾ ਵਿਚਾਰ ਲੈ ਕੇ ਆਉਂਦਾ ਹੈ। ਇਸ ਤੋਂ ਬਿਨਾਂ ਇੱਕ ਸੱਚਾਈ ਇਹ ਵੀ ਹੈ। ਅੱਗੇ ਚੱਲ ਕੇ, ਬੁੱਧ ਦਰਸ਼ਨ ਹੀ, ਵਿਚਾਰਵਾਦੀ ਦਰਸ਼ਨ ਦੀ ਮਜ਼ਬੂਤ ਧਿਰ ਵੀ ਬਣਦਾ ਹੈ। ਇਹ ਸਾਰੇ ਪਹਿਲੂ ਗੰਭੀਰ ਅਧਿਐਨ ਦੀ ਮੰਗ ਕਰਦੇ ਹਨ।

ਜਿੱਥੋਂ ਤੱਕ ਧਰਮ ਦਾ ਸਵਾਲ ਹੈ, ਬੁੱਧ ਚਿੰਤਨ, ਸੰਸਾਰ ਦੇ ਪਹਿਲੇ, ਜਥੇਬੰਦ ਧਰਮ ਦਾ ਵੀ ਅਧਾਰ ਬਣਦਾ ਹੈ। ਸਾਰੇ ਪਾਸੇ ਦੁੱਖਾਂ ਦਾ ਬੋਲਬਾਲਾ ਹੈ। ਜਿਸ ਦਾ ਕਾਰਨ ਬੁੱਧ ਲੋਭ ਤੇ ਤ੍ਰਿਸ਼ਨਾ ਨੂੰ ਦੱਸਦੇ ਹਨ। ਡੀ ਪੀ ਚਟੋਪਾਧਿਆਏ ਦੇ ਵਿਚਾਰਾਂ ਮੁਤਾਬਕ, ਇਹਨਾਂ ਦੁੱਖਾਂ ਦਾ ਕੋਈ ਹੱਲ ਨਜ਼ਰ ਆਉਂਦਾ ਨਾ ਵੇਖਕੇ, ਲੋਕਾਂ ਦੀ ਪੀੜ ਘਟਾਉਣ ਲਈ, ਇਸ ਮਹਾਨ ਚਿੰਤਨ ਨੇ, ਮਰਹਮ ਦੇ ਤੌਰ ‘ਤੇ ਇੱਕ ਭਰਮ ਸਿਰਜਿਆ, ਇੱਕ ਯੁੱਗ ਭਰਮ। ਇਹੋ ਬੁੱਧ ਧਰਮ ਸੀ। ਉਹ ਕਹਿੰਦੇ ਹਨ ਕਿ ਜੇ ਤੁਸੀਂ ਸਾਰੇ ਸਮਾਜ ਵਿੱਚੋਂ ਕੰਡੇ ਨਹੀਂ ਚੁਗ ਸਕਦੇ ਤਾਂ ਜੁੱਤੀ ਪਾ ਕੇ ਆਪਣੇ ਪੈਰਾਂ ਨੂੰ ਤਾਂ ਬਚਾ ਸਕਦੇ ਹੋ। ਉਹਨਾਂ ਨੇ ਦੁੱਖਾਂ ਦਾ ਕਾਰਨ, ਸਮਾਜਕ ਬਣਤਰ ਵਿੱਚੋਂ ਲੱਭਣ ਦੀ ਬਜਾਏ ਵਿਅਕਤੀਆਂ ਵਿੱਚ ਲੱਭਣ ਦੀ ਕੋਸ਼ਿਸ਼ ਕੀਤੀ। ਸ਼ਾਇਦ ਸੱਭਿਅਤਾ ਦੇ ਸ਼ੁਰੂਆਤੀ ਦੌਰ ਵਿੱਚ ਇਸ ਦਾ ਸਮਾਜਕ ਕਾਰਨ ਲੱਭਣਾ, ਸੰਭਵ ਹੀ ਨਹੀਂ ਸੀ। ਬੁੱਧ, ਧਰਮ ਨੂੰ ਬੇੜੇ ਦੇ ਸਮਾਨ ਸਮਝਦੇ ਸਨ। ਉਹ ਕਹਿੰਦੇ ਹਨ ਕਿ ਬੇੜਾ ਨਦੀ ਪਾਰ ਕਰਨ ਲਈ ਹੈ, ਨਦੀ ਪਾਰ ਕਰਨ ਤੋਂ ਬਾਅਦ, ਉਸ ਨੂੰ ਮੋਢਿਆਂ ਤੇ ਚੁੱਕੀ ਰੱਖਣਾ ਅਕਲਮੰਦੀ ਨਹੀਂ। ਜਿੱਥੋਂ ਤੱਕ ਬੁੱਧ ਧਰਮ ਦਾ ਸਵਾਲ ਹੈ, ਉੱਥੋਂ ਤੱਕ ਇਹ ਲੋਕਾਂ ਦਾ ਦੁੱਖ ਘਟਾਉਣ ਲਈ ਮਰਹਮ ਦਾ ਕੰਮ ਕਰਦਾ ਹੈ। ਦੂਸਰੇ ਧਰਮਾਂ ਦੀਆਂ ਸਿੱਖਿਆਵਾਂ ਵਿੱਚ ਵੀ ਮੁਢਲੇ ਸਮੇਂ ਵਿੱਚ, ਲੋਕਾਂ ਦੀਆਂ ਤਕਲੀਫਾਂ ਘਟਾਉਣ ਦੇ ਸਰੋਕਾਰ ਮਿਲ਼ਦੇ ਹਨ। ਭਾਵੇਂ ਧਰਮ ਅਤੇ ਦਰਸ਼ਨ, ਦੋਵੇਂ ਸਮਾਜਕ ਚੇਤਨਾ ਦੇ ਰੂਪ ਹਨ ਜੋ ਜਮਾਤੀ ਸਮਾਜ ਦੀਆਂ ਜ਼ਰੂਰਤਾਂ ਵਿੱਚੋਂ ਪੈਦਾ ਹੁੰਦੇ ਹਨ। ਪਰੰਤੂ ਦਰਸ਼ਨ ਤਰਕ-ਵਿਤਰਕ ਨਾਲ਼ ਚੀਜ਼ਾਂ ਨੂੰ ਘੋਖਦਾ ਹੈ। ਦਰਸ਼ਨ ਦਾ ਸਵਾਲ, ਬਾਅਦ ਵਾਲ਼ੇ ਸਮੇਂ ਵਿੱਚ, ਬੌਧਿਕ ਸਰਗਰਮੀ ਨਾਲ਼ ਜੁੜੇ, ਸਮਾਜ ਦੇ ਇੱਕ ਹਿੱਸੇ ਤੱਕ ਸੀਮਤ ਹੋ ਜਾਂਦਾ ਹੈ। ਪਰ ਧਰਮ ਦਾ ਸਬੰਧ ਹਮੇਸ਼ਾਂ ਲੋਕਾਂ ਨਾਲ਼ ਸਿੱਧੇ ਤੌਰ ‘ਤੇ ਸਬੰਧਤ ਰਿਹਾ ਹੈ। ਭਾਵੇਂ ਹਰੇਕ ਧਰਮ ਜਾਂ ਧਾਰਮਿਕ ਸਰਗਰਮੀ ਪਿੱਛੇ ਵੀ ਕੋਈ ਨਾ ਕੋਈ ਦਾਰਸ਼ਨਿਕ ਨਜ਼ਰੀਆ ਕੰਮ ਕਰ ਰਿਹਾ ਹੁੰਦਾ ਹੈ। ਉਹੋ ਹੀ ਦਾਰਸ਼ਨਿਕ ਨਜ਼ਰੀਆ, ਲੋਕਾਂ ਦਾ ਧਰਮ ਦੀ ਸਹਾਇਤਾ ਨਾਲ਼ ਸੰਸਾਰ ਨਜ਼ਰਈਆ ਘੜਨ ਵਿੱਚ ਮਦਦ ਕਰਦਾ ਹੈ। ਇਸ ਲਈ ਧਰਮ ਤੇ ਦਰਸ਼ਨ ਸਮਾਜਕ ਚੇਤਨਾ ਦੇ ਦੋ ਵੱਖਰੇ ਰੂਪ ਹੋਣ ਦੇ ਬਾਵਜੂਦ ਇਹਨਾਂ ਵਿਚਲੇ ਸਬੰਧ ਨੂੰ ਸਮਝਣਾ ਜ਼ਰੂਰੀ ਹੈ। ਇਸ ਲਈ, ਅਸੀਂ ਬੁੱਧ ਧਰਮ ਦੀ ਗੱਲ ਕਰਦਿਆਂ ਵੀ, ਇਸ ਦੇ ਪਿੱਛੇ ਕੰਮ ਕਰ ਰਹੇ ਬੁੱਧ ਦੇ ਦਾਰਸ਼ਨਿਕ ਪਹਿਲੂ ਨੂੰ ਵੱਧ ਮਹੱਤਵਪੂਰਣ ਸਮਝਦੇ ਹਾਂ। ਬੁੱਧ ਧਰਮ ਮੱਧ ਵਰਗ ਦੀ ਵਕਾਲਤ ਕਰਦਾ ਹੈ। ਲੋਕਾਂ ਨੂੰ ਦੁੱਖਾਂ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦਾ ਹੈ। ਪਰੰਤੂ ਦੁੱਖਾਂ ਤੋਂ ਛੁਟਕਾਰੇ ਲਈ, ਉਸਨੂੰ ਪੈਦਾ ਕਰਨ ਵਾਲ਼ੇ ਸਮਾਜਕ ਪ੍ਰਬੰਧ ਨੂੰ ਦੋਸ਼ੀ ਠਹਿਰਾਉਣ ਦੀ ਬਜਾਏ, ਵਿਅਕਤੀ ਨੂੰ ਆਪਣੇ ਮਾਨਸਿਕ ਵਿਕਾਸ, ਤ੍ਰਿਸ਼ਣਾ ਘਟਾਉਣ ਅਤੇ ਉਸੇ ਪ੍ਰਬੰਧ ਵਿੱਚ ਹੀ ਉਸਦੀ ਪੀੜ ਘਟਾਉਣ ਦੇ ਤੌਰ ਤਰੀਕੇ ਦੱਸਦਾ ਹੈ। ਇਸ ਲਈ ਬੁੱਧ ਧਰਮ ਲੋਕਾਂ ਦੀ ਹਮਦਰਦੀ ਹਾਸਲ ਕਰਦਾ ਹੈ, ਦੂਜੇ ਪਾਸੇ ਸਮੇਂ ਦੀਆਂ ਹਾਕਮ ਜਮਾਤਾਂ ਵੀ, ਤੇਜੀ ਨਾਲ਼ ਲੋਕਾਂ ਦੀ ਹਮਦਰਦੀ ਹਾਸਲ ਕਰ ਰਹੇ ਇਸ ਧਰਮ ਦੇ ਮਹਤੱਵ ਨੂੰ ਸਮਝਦੇ ਹੋਏ, ਇਸ ਦੀ ਸਹਾਇਤਾ ਲਈ ਤਿਆਰ ਹੋ ਜਾਂਦੀਆਂ ਹਨ। ਖਾਸ ਕਰਕੇ ਨਵੀਂ ਉੱਭਰ ਰਹੀ ਵਪਾਰੀ ਜਮਾਤ। ਸਮਰਾਟ ਅਸ਼ੋਕ ਦੇ ਸਮੇਂ, ਬੁੱਧ ਧਰਮ ਰਾਜ ਧਰਮ ਬਣ ਜਾਂਦਾ ਹੈ। ਅਸਲ ਵਿੱਚ ਬੁੱਧ ਧਰਮ ਹਾਕਮ ਜਮਾਤਾਂ ਅਤੇ ਆਮ ਲੋਕਾਂ ਵਿੱਚ ਵਿਚੋਲਗੀ ਦਾ ਕੰਮ ਕਰਦਾ ਹੈ। ਤੇਜੀ ਨਾਲ਼ ਵਿਕਾਸ ਕਰ ਰਹੇ ਰਾਜਤੰਤਰਾਂ ਦੇ ਦੌਰ ਵਿੱਚ, ਅਨੰਤ ਦੁੱਖ ਤਕਲੀਫਾਂ ‘ਚ ਧੱਕੇ ਜਾ ਰਹੇ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਅਤੇ ਨਵੇਂ ਜਮਾਤੀ ਪ੍ਰਬੰਧ ਲਈ ਸਹਿਮਤੀ ਨਿਰਮਿਤ ਕਰਨ  ਦਾ ਸਾਧਨ ਬਣ ਜਾਂਦੀ ਹੈ। ਇਸ ਲਈ ਧਰਮ ਚਾਹੇ ਲੋਕਾਂ ਪ੍ਰਤੀ ਕਿੰਨੀ ਵੀ ਹਮਦਰਦੀ ਰੱਖਦਾ ਹੋਵੇ, ਹਮਦਰਦੀ ਭਾਵੇਂ ਮੱਠੀ ਵੀ ਹੋਵੇ, ਸੇਵਾ ਹਾਕਮ ਜਮਾਤਾਂ ਦੀ ਹੀ ਹੁੰਦੀ ਹੈ। ਭਾਰਤ ਵਿੱਚ ਇਸ ਤਰ੍ਹਾਂ ਦੀ ਵਿਚੋਲਗੀ ਕਰਕੇ, ਲੋਕਾਂ ਵਿੱਚ ਹਰਮਨ ਪਿਆਰਾ ਹੋਣ ਦੀ ਦੂਜੀ ਮਿਸਾਲ ਇੱਥੋਂ ਦਾ ਸੂਫੀ ਅੰਦੋਲਨ ਹੈ।

ਸੱਭਿਅਤਾ ਦੇ ਇਤਿਹਾਸ ਦੇ ਉਸ ਮੁਢਲੇ ਦੌਰ ਵਿੱਚ, ਜਮਾਤੀ ਸਮਾਜ ਦੀ ਉਤਪਤੀ, ਇਤਿਹਾਸਕ ਤੌਰ ਤੇ ਇੱਕ ਅਗਾਂਹਵਧੂ ਵਰਤਾਰਾ ਸੀ। ਅੱਗੇ ਵਧ ਰਹੇ ਇਤਿਹਾਸ ਦੇ ਇਸ ਪਹੀਏ ਨੂੰ, ਬੁੱਧ ਸਮੇਤ ਵੱਡੇ ਤੋਂ ਵੱਡੀ ਪ੍ਰਤਿਭਾ ਵੀ, ਪੁੱਠਾ ਗੇੜਾ ਨਹੀਂ ਦੇ ਸਕਦੀ ਸੀ। ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਨਾਲ਼, ਪੈਦਾਵਾਰੀ ਸਬੰਧਾਂ ਨੂੰ ਬਦਲਣਾ, ਸਮੇਂ ਦੀ ਜ਼ਰੂਰਤ ਸੀ। ਖੇਤੀ, ਦਸਤਕਾਰੀਆਂ ਅਤੇ ਵਪਾਰ ਦੇ ਵਿਕਾਸ ਨਾਲ਼, ਆਪਣੀਆਂ ਸੌੜੀਆਂ ਹੱਦਾਂ ਅੰਦਰ ਸੀਮਤ, ਵਰਣ ਵੰਡ ‘ਤੇ ਅਧਾਰਤ, ਪੁਰੋਹਿਤੀ-ਬ੍ਰਾਹਮਣਵਾਦੀ ਪ੍ਰਬੰਧ ਹੁਣ ਸਮੇਂ ਦੇ ਹਾਣ ਦਾ ਨਹੀਂ ਰਿਹਾ ਸੀ। ਬੁੱਧ ਤੋਂ ਪਹਿਲਾਂ ਦਾ ਵੈਦਿਕ ਦੌਰ, ਭਾਰਤ ਵਿੱਚ 6ਵੀਂ ਸਦੀ ਤੋਂ ਬਾਅਦ ਵਾਲ਼ਾ, ਜਗੀਰਦਾਰੀ ਦੇ ਵਿਕਾਸ ਦੇ ਦੌਰ ਵਾਲ਼ਾ ਵਿਚਾਰਵਾਦੀ ਅਦਵੈਤ ਵੇਦਾਂਤ ਵਾਲ਼ਾ ਫਲਸਫਾ ਅਤੇ ਧਰਮ, ਬਿਲਕੁੱਲ ਵੱਖਰੇ ਇਤਿਹਾਸਕ ਦੌਰ ਦਾ ਵਰਤਾਰਾ ਹੈ। ਜਿਸ ਨੇ ਵਰਣ-ਜਾਤ ਪ੍ਰਣਾਲੀ ਨੂੰ ਪੱਕਾ ਕਰਕੇ ਜਗੀਰਦਾਰੀ ਪ੍ਰਬੰਧ ਦੇ ਵਿਕਾਸ ਲਈ ਵਰਤਿਆ। ਭਾਵੇਂ ਕਿ ਉਸ ਨੇ, ਵਿਚਾਰਧਾਰਕ ਵਿਰਾਸਤ ਦੇ ਰੂਪ ਵਿੱਚ ਉਪਨਿਸ਼ਦਾਂ ਅਤੇ ਵੇਦਾਂ ਨੂੰ ਆਪਣਾ ਮਾਰਗ-ਦਰਸ਼ਨ ਦੱਸਿਆ। ਇੱਥੇ ਉਸ ਦੇ ਵਿਸਥਾਰ ਵਿੱਚ ਨਹੀਂ ਜਾਇਆ ਜਾ ਸਕਦਾ। ਉਹ ਇੱਕ ਵੱਖਰਾ ਵਿਸ਼ਾ ਹੈ।

ਬੁੱਧ ਦੇ ਸਮੇਂ, ਵੱਡੇ ਰਾਜਾਂ ਦੇ ਵਿਸਥਾਰ ਨਾਲ਼, ਅਬਾਦੀ ਦੇ ਵੱਖੋ ਵਖਰੇ ਸੱਭਿਆਚਾਰਾਂ ਵਾਲ਼ੇ ਲੋਕਾਂ ਦੇ ਕਬਾਇਲੀ ਇਲਾਕਿਆਂ ਦਾ ਅਤੇ ਬਾਹਰੋਂ ਆਉਣ ਵਾਲ਼ੀਆਂ ਜਾਤੀਆਂ ਦਾ ਮਿਸ਼ਰਣ ਹੋ ਰਿਹਾ ਸੀ। ਮੁੱਢ ਕਦੀਮ ਤੋਂ ਹੀ ਮਨੁੱਖ ਦਾ ਇੱਕ ਤੋਂ ਦੂਜੀ ਥਾਂ ਆਵਾਗਮਨ ਚਲਦਾ ਰਿਹਾ ਹੈ। ਹੁਣ ਵਾਲ਼ੀਆਂ ਹਦਬੰਦੀਆਂ, ਖਾਸ ਕਰਕੇ ਕੌਮੀ ਅਤੇ ਬਹੁਕੌਮੀ ਰਾਜਾਂ ਦਾ ਦੌਰ ਤਾਂ ਆਧੁਨਿਕ ਵਰਤਾਰਾ ਹੈ। ਕੌਮਵਾਦ ਦਾ ਸੰਕਲਪ ਸਰਮਾਏਦਾਰੀ ਪ੍ਰਬੰਧਾਂ ਦੇ ਆਉਣ ਨਾਲ਼ ਹੀ ਆਇਆ ਹੈ। ਵੱਖ ਵੱਖ ਸਭਿਆਚਾਰਾਂ ਵਾਲ਼ੇ ਲੋਕਾਂ ਦਾ ਮੇਲ ਮਿਲਾਪ, ਸਾਰੇ ਦੇਸ਼ਾਂ ਦੇ ਇਤਿਹਾਸ ਵਿੱਚ ਰਿਹਾ ਹੈ। ਇਸ ਤਰ੍ਹਾਂ ਦੇ ਮੇਲ ਮਿਲਾਪ ਲਈ ਬੁੱਧ ਧਰਮ ਬਹੁਤ ਉਪਯੋਗੀ ਸਾਬਤ ਹੋਇਆ। ਯੂਨਾਨੀਆਂ ਤੇ ਸ਼ਕਾਂ ਸਮੇਤ ਬਾਹਰੋਂ ਆਉਣ ਵਾਲ਼ੇ ਲੋਕਾਂ ਦਾ ਇੱਥੋਂ ਦੀ ਅਬਾਦੀ ਨਾਲ਼ ਸੰਵਾਦ ਬਣਿਆ ਅਤੇ ਜ਼ਿਆਦਾਤਰ ਸਾਡੇ ਦੇਸ਼ ਦੀ ਮੁੱਖ ਧਾਰਾ ਦਾ ਹਿੱਸਾ ਬਣ ਗਏ। ਸ਼ਕ ਤੇ ਯੂਨਾਨੀ ਰਾਜਿਆਂ ਦਾ ਬੁੱਧ ਧਰਮ ਅਪਣਾ ਲੈਣਾ ਇਸ ਦੀ ਮਿਸਾਲ ਹੈ। ਦੂਜੇ ਸ਼ਬਦਾਂ ਵਿੱਚ ਵੱਡੇ ਰਾਜਾਂ ਦੇ ਨਿਰਮਾਣ ਲਈ, ਬੁੱਧ ਨੇ ਦਾਰਸ਼ਨਿਕ ਅਧਾਰ ਤਿਆਰ ਕੀਤਾ। ਬੁੱਧ ਨੇ, ਬੌਧ ਸੰਘਾਂ ਦਾ ਨਿਰਮਾਣ ਕੀਤਾ। ਨਿੱਜੀ ਜਾਇਦਾਦ ਦੀ ਦੌੜ ਅਤੇ ਵੱਢ-ਟੁੱਕ ਵਿੱਚ ਲੱਗੇ ਸਮਾਜ ਵਿੱਚ ਜੋ ਲੋਕ ਸਮਾ ਨਹੀਂ ਸਕਦੇ ਸਨ, ਉਹ ਸੰਘ ਵਿੱਚ ਆ ਸਕਦੇ ਸਨ। ਸੰਘ ਵਿੱਚ ਜਾਤ ਪਾਤ, ਊਚ-ਨੀਚ ਦਾ ਕੋਈ ਵਿਤਕਰਾ ਨਹੀਂ ਸੀ। ਸਾਦਾ ਜੀਵਨ ਅਤੇ ਗ੍ਰਹਿਸਤੀਆਂ ਦੇ ਘਰੋਂ ਮੰਗ ਕੇ ਗੁਜਾਰਾ ਕਰਨ ਵਾਲ਼ੇ ਸੰਘ ਦੇ ਮੈਂਬਰ ਕਿਸੇ ਕਿਸਮ ਦੀ ਨਿੱਜੀ ਜਾਇਦਾਦ ਨਹੀਂ ਰੱਖ ਸਕਦੇ ਸਨ। ਇਸ ਲਈ ਸ਼ੁਰੂ ਵਿੱਚ ਕਰਜਾਈ, ਦਾਸ ਅਤੇ ਜੰਗ ਦਾ ਸਤਾਇਆ ਸੈਨਿਕ ਵੀ, ਸੰਘ ਦਾ ਮੈਂਬਰ ਬਣ ਸਕਦਾ ਸੀ। ਸ਼ੁਰੂ ਵਿੱਚ, ਬੁੱਧ ਦੇ ਸਮੇਂ ਹੀ ਜਦੋਂ ਵਪਾਰੀ ਤੇ ਦਾਸ-ਸਵਾਮੀ ਨਰਾਜ ਹੋਣ ਲੱਗੇ ਤਾਂ ਕਰਜਾਈ ਤੇ ਦਾਸਾਂ ਨੂੰ ਦੀਖਿਆ ਦੇਣੀ ਬੰਦ ਕਰ ਦਿੱਤੀ। ਬੁੱਧ ਦਾ ਪੈਰੋਕਾਰ ਰਾਜਾ ਬਿੰਧੀਸਾਰ ਦੇ ਸੈਨਿਕ, ਭੱਜ ਕੇ ਸੰਘ ਵਿੱਚ ਸ਼ਾਮਲ ਹੋਣ ਲੱਗ ਪਏ ਤਾਂ ਰਾਜੇ ਨੇ ਅਧਿਕਾਰੀਆਂ ਨੂੰ ਪੁੱਛਿਆ ਕਿ ਸੈਨਿਕਾਂ ਨੂੰ ਸਾਦੂ ਬਣਾਉਣ ਵਾਲ਼ਾ ਕਿਸ ਦੰਡ ਦਾ ਭਾਗੀ ਹੁੰਦਾ ਹੈ ਤਾਂ ਉਹਨਾਂ ਕਿਹਾ, ”ਦੇਵ! ਉਸ ਗੁਰੂ ਦਾ ਸਿਰ ਕੱਟ ਦੇਣਾ ਚਾਹੀਦਾ ਹੈ, ਅਨੁਸ਼ਾਸਕ (ਭਿਖਸ਼ੂ ਬਣਾਉਣ ਵੇਲ਼ੇ, ਵਿਧੀ ਵਾਕ ਪੜ੍ਹਾਉਣ ਵਾਲ਼ੇ) ਦੀ ਜੀਭ ਕੱਢ ਦੇਣੀ ਚਾਹੀਦੀ ਹੈ, ਅਤੇ ਰਾਣ (ਸੰਘ) ਦੀ ਪਸਲੀ ਤੋੜ ਦੇਣੀ ਚਾਹੀਦੀ ਹੈ।” ਰਾਜੇ ਨੇ ਜਦੋਂ ਬੁੱਧ ਕੋਲ ਸ਼ਿਕਾਇਤ ਕੀਤੀ ਤਾਂ ਉਸ ਨੇ ਭਿਖਸ਼ੂਆਂ ਨੂੰ, ਸੈਨਿਕਾਂ ਨੂੰ ਦੀਖਿਆ ਨਾ ਦੇਣ ਦਾ ਹੁਕਮ ਦਿੱਤਾ।

ਹਰੇਕ ਵਿਚਾਰਧਾਰਾਂ ਜਾਂ ਦਰਸ਼ਨ ਆਪਣੇ ਸਮੇਂ ਦੇ ਯਥਾਰਥ ਦਾ ਪ੍ਰਤੀਬਿੰਬਨ ਹੁੰਦੀ ਹੈ। ਬੁੱਦ ਦੇ ਸਾਹਮਣੇ ਦਾ ਸੰਸਾਰ ਬੜੀ ਤੇਜੀ ਨਾਲ਼ ਬਦਲ ਰਿਹਾ ਸੀ, ਉਸ ਨੇ ਪਲ-ਪਲ ਬਦਲਣ ਦਾ ਸਿਧਾਂਤ ਦਿੱਤਾ। ਹਰ ਚੀਜ਼ ਬਦਲਣਸ਼ੀਲ ਹੈ। ਉਸਦਾ ਖਿਣਵਾਦ, ਪੁਰਾਤਨ ਦਵੰਦਵਾਦ ਦਾ ਹੀ ਇੱਕ ਰੂਪ ਹੈ। ਪੁਰਾਤਨ ਭਾਰਤ ਵਿੱਚ, ਉਪਨਿਸ਼ਦਾਂ ਦੇ ਸਦੀਵੀ, ਨਾ ਬਦਲਣ ਵਾਲ਼ੀ ਆਤਮਾ ਦੇ ਸਿਧਾਂਤ ਨੂੰ, ਦੋ ਦ੍ਰਿਸ਼ਟੀਕੋਣਾਂ ਤੋਂ ਰੱਦ ਕੀਤਾ ਗਿਆ। ਲੋਕਾਇਤਾਂ ਨੇ, ਪਦਾਰਥਵਾਦੀ ਨਜ਼ਰੀਏ ਤੋਂ ਆਤਮਾ ਦੇ ਸਿਧਾਂਤ ਦਾ ਖੰਡਨ ਕੀਤਾ। ਬੁੱਧ ਨੇ ਦਵੰਦਵਾਦੀ ਨਜ਼ਰੀਏ ਤੋਂ ਆਤਮਾ ਦੇ ਸਿਧਾਂਤ ਨੂੰ ਰੱਦ ਕੀਤਾ। ਇਸ ਲਈ ਰਾਹੁਲ ਬੁੱਧ ਦਰਸ਼ਨ ਨੂੰ, ਅਨਾਤਮਵਾਦੀ, ਵਿਚਾਰਵਾਦੀ ਦਰਸ਼ਨ ਕਹਿੰਦੇ ਹਨ। ਬੁੱਧ ਕਿਸੇ ਸਦੀਵੀ ਆਤਮਾ ਅਤੇ ਰੱਬ ਨੂੰ ਨਹੀਂ ਮੰਨਦੇ। ਇਸ ਲਈ ਬੁੱਧ ਧਰਮ ਵੀ ਅਨੀਸ਼ਵਰਵਾਦੀ ਧਰਮ ਸੀ। ਉਹ ਮੌਤ ਤੋਂ ਬਾਅਦ ਦੇ ਕਿਸੇ ਸੰਸਾਰ ਵਿੱਚ ਨਹੀਂ, ਇਸੇ ਸੰਸਾਰ ਵਿੱਚ ਦੁੱਖਾਂ ਨੂੰ ਦੂਰ ਕਰਨ ਦਾ ਉਪਦੇਸ਼ ਦਿੰਦੇ ਹਨ। ਇਸ ਸੰਸਾਰ ਵਿੱਚ ਕੋਈ ਚੀਜ਼ ਸਥਿਰ ਨਹੀਂ, ਹਰੇਕ ਵਰਤਾਰਾ ਗਤੀ ਵਿੱਚ ਹੈ, ਪਰਵਾਹਮਾਨ ਹੈ। ਪਰੰਤੂ ਇਹ ਗਤੀ ਦਾ ਵਹਾਅ ਅਟੁੱਟ ਨਹੀਂ ਸਗੋਂ ਟੁੱਟਵਾਂ ਹੈ। ਗਤੀ ਦੇ ਇਸ ਟੁੱਟਵੇਂ ਵਹਾਅ ਵਿੱਚ ਇੱਕ ਚੀਜ਼ ਨਸ਼ਟ ਹੋ ਰਹੀ ਹੈ, ਦੂਜੀ ਪੈਦਾ ਹੁੰਦੀ ਹੈ। ਗਤੀ ਵਿੱਚ ਲਗਾਤਾਰਤਾ ਨਹੀਂ, ਟੁੱਟਵਾਂ ਵਹਾਅ, ਪਲ ਪਲ ਬਦਲਦੇ ਸੰਸਾਰ ਦਾ ਸੱਚਾ ਹੈ। ਇਸੇ ਆਧਾਰ ਤੇ ਉਹਨਾਂ ਨੇ ਕਾਰਜ ਕਾਰਣ ਸਬੰਧਾਂ ਬਾਰੇ ਆਪਣਾ ਪ੍ਰਸਿੱਧ ਸਿਧਾਂਤ ਪ੍ਰਤੀਤੀ-ਸੁਮੁੱਤਪਾਦ ਦਿੱਤਾ। ਇਸ ਅਨੁਸਾਰ ਇੱਕ ਚੀਜ਼ ਖਤਮ ਹੁੰਦੀ ਹੈ ਅਤੇ ਦੂਜੀ ਪੈਦਾ ਹੁੰਦੀ ਹੈ। ਇੱਕ ਵਰਤਾਰੇ ਦਾ ਨਸ਼ਟ ਹੋਣਾ, ਦੂਜੇ ਵਰਤਾਰੇ ਦੇ ਪੈਦਾ ਹੋਣ ਦਾ ਕਾਰਨ ਬਣਦਾ ਹੈ। ਬੁੱਧ ਦੀ ਇਹ ਸਦੀਵੀ ਗਤੀ ਲਗਾਤਾਰ ਗਤੀ ਨਹੀਂ, ਟੁਟਵੀਂ ਗਤੀ ਹੈ। ਉਹਨਾਂ ਅਨੁਸਾਰ, ਦੂਸਰਾ ਹੀ ਪੈਦਾ ਹੁੰਦਾ ਹੈ, ਦੂਸਰਾ ਹੀ ਖਤਮ ਹੁੰਦਾ ਹੈ।  ਉਹ ਆ ਰਿਹਾ ਹੈ, ਜਾਣ ਦੇ ਲਈ।

ਜ਼ਿਆਦਾ ਗੁੰਝਲਦਾਰ ਦਾਰਸ਼ਨਿਕ ਤਰਕ ਵਿੱਚ ਪਏ ਬਿਨਾਂ ਹੀ ਕਿਹਾ ਜਾ ਸਕਦਾ ਹੈ ਕਿ ਬੁੱਧ ਨੇ ਆਪਣੇ ਸਮੇਂ ਵਿੱਚ, ਦਰਸ਼ਨ ਜਾਂ ਬੌਧਿਕ ਚਿੰਤਨ ਦੀ ਬੜੀ ਉੱਚੀ ਉਡਾਰੀ ਮਾਰੀ। ਉਹਨਾਂ ਨੇ ਗ੍ਰੰਥਾਂ ਨੂੰ ਪੜੇ ਸਮਝੇ ਬਿਨ੍ਹਾਂ ਪ੍ਰਮਾਣ ਮੰਨਣ ਨੂੰ ਰੱਦ ਕਰ ਦਿੱਤਾ। ਇਸ ਦੀ ਬਜਾਏ ਵਿਚਾਰਾਂ ਦੀ ਸੁਤੰਤਰਤਾ ਦਾ ਪੱਖ ਲਿਆ। ਉਹਨਾਂ ਦਾ ਉਪਦੇਸ਼ ਹੈ, ਸਵਾਲ ”ਭੰਤੇ! ਕੋਈ ਕੋਈ ਸ਼੍ਰਮਣ (ਸਾਧੂ) ਬ੍ਰਾਹਮਣ ਕੇਸ਼ ਪੁੱਤਰ ਵਿੱਚ ਆਉਂਦੇ ਹਨ, ਆਪਣੇ ਹੀ ਵਾਦ (ਮਤ) ਨੂੰ ਪ੍ਰਕਾਸ਼ਿਤ.. ਕਰਦੇ ਹਨ, ਦੂਸਰੇ ਦੇ ਵਾਦ ਤੇ ਨਾਰਾਜ ਹੁੰਦੇ ਹਨ, ਨਿੰਦਿਆ ਕਰਦੇ ਹਨ।.. ਦੂਸਰੇ ਵੀ ਆਪਣੇ ਹੀ ਵਾਦ ਨੂੰ ਪ੍ਰਕਾਸ਼ਿਤ.. ਕਰਦੇ.. ਦੂਸਰੇ ਦੇ ਵਾਦ ਤੇ ਨਾਰਾਜ਼ ਹੁੰਦੇ ਹਨ। ਤਦ.. ਸਾਨੂੰ ਸ਼ੱਕ.. ਹੁੰਦਾ ਹੈ.. ਕੌਣ ਇਹਨਾਂ.. ਵਿੱਚ ਸੱਚ ਕਹਿੰਦਾ ਹੈ, ਕੌਣ ਝੂਠ?”

ਜਵਾਬ- ”ਕਾਲਾਮੋ! ਤੁਹਾਡਾ ਸ਼ੱਕ ਠੀਕ ਹੈ, ਸ਼ੱਕ ਦੇ ਥਾਂ ਤੇ ਹੀ ਤੁਹਾਨੂੰ ਸ਼ਕ ਹੋਇਆ ਹੈ।.. ਕਾਲਾਮੋ! ਮਤ ਤੁਸੀਂ ਸ਼ਰੁਤ (ਸੁਣੇ ਵਚਨਾਂ, ਵੇਦਾਂ) ਦੇ ਕਾਰਨ (ਕਿਸੇ ਹਾਲ ਨੂੰ ਮੰਨੋ) ਨਾ ਹੀ ਤਰਕ ਦੇ ਕਾਰਨ ਨਾਲ਼, ਨਾਹੀ ਨੈ-ਹੇਤੂ ਨਾਲ਼, ਨਾ ਹੀ (ਵਕਤਾ ਦੇ) ਦਰਸ਼ਨੀ ਸਰੂਪ ਕਰਕੇ, ਨਾ ਹੀ ‘ਸ਼੍ਰਮਣ ਸਾਡੇ ਗੁਰੂ ਹੈ’ ਦੇ ਕਾਰਣ। ਜਦੋਂ ਕਾਲਾਮੋ! ਤੁਸੀਂ ਖੁਦ ਹੀ ਜਾਣ ਜਾਓ ਕਿ ਇਹ ਧਰਮ (ਕੰਮ ਜਾਂ ਗਲ), ਚੰਗੇ, ਬਿਨ੍ਹਾਂ ਦੋਸ਼, ਵਿਚਾਰਾਂ ਨਾਲ਼ ਅਨਿੰਦਿਤ ਹੈ, ਉਸ ਨੂੰ ਲੈਣ, ਗ੍ਰਹਿਣ ਕਰਨਾ ਹਿਤ, ਸੁਖ ਲਈ ਹੁੰਦਾ ਹੈ, ਤਾਂ ਕਾਲਾਮੋ! ਤੁਸੀਂ ਉਹਨਾਂ ਨੂੰ ਸਵੀਕਾਰ ਕਰੋ।” (ਦਰਸ਼ਨ-ਦਿਗ-ਦਰਸ਼ਨ, ਰਾਹੁਲ ਸਾਂਕ੍ਰਤਾਇਨ, ਸਫਾ 411)

ਕਾਰਜ-ਕਾਰਣ ਸਿਧਾਂਤ ਨੂੰ ਸਮਾਪਤ ਕਰਨ ਵਾਲ਼ਾ ਪ੍ਰਤੀਤੀ-ਸਮੁੱਤਪਾਦ ਅਤੇ ਹਰੇਕ ਵਰਤਾਰੇ ਦੇ ਪਲ-ਪਲ ਬਦਲਣ ਦਾ ਗਤੀ ਦਾ ਸਿਧਾਂਤ, ਉਹਨਾਂ ਦੇ ਇਨਕਲਾਬੀ ਸਿਧਾਂਤ ਸਨ। ਇਸੇ ਅਨੁਸਾਰ ਹੀ ਉਹਨਾਂ ਨੇ ਵਰਣ ਵੰਡ ਦੇ ਦੈਵੀ ਸਿਧਾਂਤ ਨੂੰ ਗਲਤ ਦੱਸਿਆ। ਉਹਨਾਂ ਨੇ ਕਿਹਾ ਹਰ ਚੀਜ਼ ਵਾਂਗ, ਵਰਣ ਵੰਡ ਹਮੇਸ਼ਾਂ ਨਹੀਂ ਸੀ ਅਤੇ ਨਾ ਹੀ ਹਮੇਸ਼ਾਂ ਰਹੇਗੀ। ਪਰ ਬੁੱਧ ਦੇ ਦਰਸ਼ਨ ਵਿੱਚ ਹੀ, ਪੁਨਰ ਜਨਮ ਅਤੇ ਕਰਮ ਦਾ ਸਿਧਾਂਤ ਵੀ ਹੈ। ਉਹ ਰੱਬ ਅਤੇ ਆਤਮਾ ਨੂੰ ਭਾਵੇਂ ਨਹੀਂ ਮੰਨਦੇ ਪਰ ਮੌਤ ਅਤੇ ਫਿਰ ਜਨਮ ਨੂੰ ਪ੍ਰਤੀ-ਸੰਧੀ ਦੇ ਰੂਪ ਵਿੱਚ ਬਿਆਨਦੇ ਹਨ। ਨਸ਼ਟ ਹੋਣ ਅਤੇ ਪੈਦਾ ਹੋਣ ਦੀ ਸੰਧੀ। ਉਪਨਿਸ਼ਦਾਂ ਵਾਲ਼ੀ ਆਤਮਾ ਵਿੱਚ ਸੰਸਕਾਰਾਂ ਨੂੰ ਰੱਖਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਹ ਮਰਦੀ ਨਹੀਂ, ਸ਼ਰੀਰ ਬਦਲਦੀ ਹੈ। ਪਰ ਬੁੱਧ ਦਰਸਨ ਵਿੱਚ, ਜੋ ਨਸ਼ਟ ਹੁੰਦਾ ਹੈ ਉਹ ਹੋਰ ਹੈ, ਜੋ ਪਰ ਪੁਨਰ ਜਨਮ ਇਹਨਾਂ ਦੋਹਾਂ ਵਰਤਾਰਿਆਂ ਦੀ ਸੰਧੀ ਹੈ ਜਿਸ ਵਿੱਚ ਜੀਵਨ ਟੁੱਟਵੇਂ ਪ੍ਰਵਾਹ ਵਿੱਚ, ਇੱਕ ਤਰ੍ਹਾਂ ਦੀ ਏਕਤਾ ਬਣਾਈ ਰੱਖਦਾ ਹੈ, ਵਾਸਨਾਂ ਜਾਂ ਸੰਸਕਾਰ ਦੇ ਰੂਪ ਵਿੱਚ ਅੱਗੇ ਚਲਦਾ ਰਹਿੰਦਾ ਹੈ। ਇਸ ਲਈ ਆਦਮੀ ਦਾ ਗਰੀਬ-ਅਮੀਰ ਹੋਣਾ, ਉਸਦੇ ਪਿਛਲੇ ਕਰਮਾਂ ਦਾ ਫਲ ਹੈ। ਇਸ ਲਈ ਰਾਹੁਲ ਸਾਂਕ੍ਰਤਾਇਨ ਅਨੁਸਾਰ ਬੁੱਧ ਦੇ ਪ੍ਰਤੀਤੀ ਸਮੁੱਤਪਾਦ ਦੇ ਸਿਧਾਂਤ ਤੋਂ ਜਿੱਥੇ ਮਾਲਕ ਜਮਾਤਾਂ ਭੈ ਭੀਤ ਹੋ ਗਈਆਂ, ਉੱਥੇ ਪ੍ਰਤੀ-ਸੰਧੀ ਤੇ ਕਰਮ ਦੇ ਸਿਧਾਂਤ ਨੇ ਉਹਨਾਂ ਨੂੰ ਬਿਲਕੁੱਲ ਬੇਫਿਕਰ ਕਰ ਦਿੱਤਾ। ਸਮਾਜ ਵਿੱਚ ਆਰਥਿਕ ਗੈਰ-ਬਰਾਬਰੀ ਨੂੰ ਹਟਾਏ ਬਿਨ੍ਹਾਂ ਹੀ, ਬੁੱਦ ਨੇ ਵਰਣ ਵਿਵਸਥਾ ਅਤੇ ਜਾਤੀ ਭੇਦਭਾਵ ਦਾ ਵਿਰੋਧ ਕੀਤਾ। ਇਸ ਨਾਲ਼ ਅਸਲੀ ਅਮੀਰੀ ਗਰੀਬੀ ਵਿੱਚ ਤਾਂ ਕੋਈ ਫਰਕ ਨਹੀਂ ਪਿਆ, ਪਰ ਹੇਠਲੇ ਵਰਗਾਂ ਦੀ ਹਮਦਰਦੀ ਜ਼ਰੂਰ ਜਿੱਤੀ ਗਈ। ਹਰੇਕ ਵਿਚਾਰ ਜਾਂ ਦਾਰਸ਼ਨਿਕ ਆਪਣੇ ਸਮੇਂ ਦੇ ਯਥਾਰਥ ਤੋਂ ਅੱਗੇ ਨਹੀਂ ਨਿਕਲ ਸਕਦਾ। ਉਸ ਸਮੇਂ ਦੀ, ਸਮਾਜ ਦੇਵਿਕਾਸ ਦੀ ਦਿਸ਼ਾ ਦੀ ਹਕੀਕਤ, ਜਮਾਤੀ ਸਮਾਜ ਦੀ ਮਜ਼ਬੂਤੀ ਦੇ ਪੱਖ ਵਿੱਚ ਸੀ। ਉਸ ਤੇਜ਼ ਤਬਦੀਲੀਆਂ ਦੇ ਸਮੇਂ ਵਿੱਚ, ਲੋਕਾਂ ‘ਤੇ ਦੁੱਖਾਂ ਤੇ ਮੁਸੀਬਤਾਂ ਦੇ ਜੋ ਪਹਾੜ ਟੁੱਟ ਪਏ ਸਨ। ਵੱਡੇ ਤੋਂ ਵੱਡਾ ਸੰਵੇਦਨਸ਼ੀਲ ਤੇ ਮਹਾਨ ਵਿਦਵਾਨ ਵੀ, ਦੁੱਖਾਂ ਦੇ ਕਾਰਨਾਂ ਦੀ ਸਮਝ ਦੇ ਨੇੜੇ ਤੇੜੇ ਤਾਂ ਪਹੁੰਚ ਸਕਦਾ ਹੈ, ਪਰ ਹੱਲ ਨਹੀਂ ਕਰ ਸਕਦਾ ਸੀ। ਜਿਹੜੇ ਹੱਲਾਂ ਲਈ, ਇਤਿਹਾਸ ਨੇ ਅਜੇ ਰਾਹ ਹੀ ਨਹੀਂ ਦਿੱਤਾ, ਉਹ ਨਾਂ ਸੁਝਾਉਣ ਲਈ ਉਹਨਾਂ ਨੂੰ ਕਟਿਹਰੇ ਵਿੱਚ, ਖੜ੍ਹਾ ਨਹੀਂ ਕੀਤਾ ਜਾ ਸਕਦਾ। ਮਾਰਕਸ ਨੂੰ ਸਰਮਾਏਦਾਰੀ ਦੇ ਇਤਿਹਾਸ ਨੂੰ ਆਪਣੇ ਜਨਮ ਕਾਲ ਤੋਂ ਹੀ ਲਹੂ ਲਿੱਭੜਿਆ ਇਤਿਹਾਸ ਦੱਸਿਆ ਹੈ। ਅਸਲ ਵਿੱਚ ਜਮਾਤੀ ਸਮਜਾ ਦਾ ਇਤਿਹਾਸ, ਸ਼ੁਰੂ ਤੋਂ ਹੀ ਸਿਰ ਤੋਂ ਪੈਰਾਂ ਤੱਕ ਲਹੂ ਲਿੱਬੜਿਆ ਹੋਇਆ ਹੈ। ਪਰ ਸਾਰੇ ਦੌਰ ਵਿੱਚ, ਜ਼ੁਲਮ ਅਤੇ ਅਨਿਆਂ ਨੂੰ ਵੰਗਾਰਨ ਅਤੇ ਚੰਗੇ ਸਮਾਜ ਦਾ ਸੁਪਨਾ ਲੈਣਾ, ਕਦੀ ਵੀ ਬੰਦ ਨਹੀਂ ਹੋ ਸਕਿਆ। ਬੁੱਧ ਨੇ ਆਪਣੇ ਸਮੇਂ ਵਿੱਚ, ਮਨੁੱਖ ਦੇ ਦੁੱਖਾਂ ਦੇ ਕਾਰਨਾਂ ਨੂੰ ਸਮਝਣ ਦਾ ਵੀ ਸ਼ਾਨਦਾਰ ਯਤਨ ਕੀਤਾ। ਉਹਨਾਂ ਨੇ ਦੱਸਿਆ ਕਿ ਨਿੱਜੀ ਜਾਇਦਾਦ ਹੀ ਸਾਡੇ ਸਾਰੇ ਦੁੱਖਾਂ ਦਾ ਕਾਰਨ ਹੈ। ਉਹਨਾਂ ਨੇ ਲੋਕਤੰਤਰਾਂ ਅਤੇ ਸੁਤੰਤਰ ਵਿਚਾਰਾਂ ਦੀ ਪ੍ਰੋਢਤਾ ਕੀਤੀ। ਉਹਨਾਂ ਨੇ ਮਨੁੱਖ ਨੂੰ ਕਿਸੇ ਨੀਵੀਂ ਜਾਤ ਵਿੱਚ ਜਨਮ ਕਰਕੇ ਹੀ, ਅਪਮਾਨਿਤ ਕਰਨ ਦੀ ਨਿੰਦਿਆ ਕੀਤੀ।

ਅੱਗੇ ਜਾ ਕੇ ਬੁੱਧ ਮੱਤ ਆਪਣੇ ਉਲਟ ਵਿੱਚ ਬਦਲ ਗਿਆ। ਮਹਾਯਾਨ ਬੁੱਧ ਮੱਤ ਦਾ ਦੌਰ, ਵਿਚਾਰਧਾਰਕ ਤੌਰ ਤੇ ਪਿੱਛਲ ਮੋੜਾ ਸੀ। ਇਸ ਸਾਰੀ ਇਤਿਹਾਸਕ ਤਬਦੀਲੀ ਬਾਰੇ ਇੱਕ ਵੱਖਰੇ ਲੇਖ ਦੀ ਜ਼ਰੂਰਤ ਹੈ। ਪਰ ਬੁੱਧ ਦੇ ਵਿਚਾਰਾਂ ਦੇ, ਅਗਾਂਹਵਧੂ ਸਾਰ ਤੇ ਹਮਲਾ ਕਰ ਦਿੱਤਾ ਗਿਆ। ਸ਼ੂਨਯਵਾਦ ਅਤੇ ਵਿਗਿਆਨਵਾਦ ਦੇ ਰੂਪ ਵਿੱਚ, ਮਹਾਯਾਨ ਬੌਧ ਮੱਤ, ਭਾਰਤੀ ਦਰਸ਼ਨ ਦੇ ਇਤਿਹਾਸ ਵਿੱਚ, ਵਿਚਾਰਵਾਦੀ ਦਰਸ਼ਨ ਦਾ ਵੱਡਾ ਮੁਦੱਈ ਬਣ ਗਿਆ। ਉਸ ਨੇ ਉਪਨਿਸ਼ਦਾਂ ਦੇ ਵਿਚਾਰਵਾਦ ਨੂੰ, ਬੜੇ ਉੱਚੇ ਬੌਧਿਕ ਧਰਾਤਲ ਤੱਕ ਵਿਕਸਿਤ ਕਰਕੇ, ਵਿਚਾਰਵਾਦੀ ਦਰਸ਼ਨ ਦੀ ਸੇਵਾ ਕੀਤੀ। ਭਾਵੇਂ ਉਪਨਿਸ਼ਦਾਂ ਦੇ ਵਿਚਾਰਵਾਦੀ ਸਾਰ ਨੂੰ ਆਪਣਾਉਂਦੇ ਹੋਏ ਵੀ, ਧਾਰਮਿਕ ਫਿਰਕੇ ਦੇ ਤੌਰ ‘ਤੇ ਇਹਨਾਂ ਦੀ ਦੁਸ਼ਮਣੀ ਬਣੀ ਰਹੀ।

ਫਿਰ ਭਾਰਤ ਦੀ ਦਾਰਸ਼ਨਿਕ ਪ੍ਰੰਪਰਾ ਬਾਰੇ ਗੱਲ ਕਰਦਿਆਂ ਅਸੀਂ ਵੇਖਦੇ ਹਾਂ ਕਿ ਪਲ-ਪਲ ਬਦਲਣ ਦਾ ਸਿਧਾਂਤ ਆਦਿ ਦਵੰਦਵਾਦ ਦੇ ਪੁਰਾਤਨ ਸਿਧਾਂਤ ਦੇ ਰੂਪ ਵਿੱਚ, ਮੁਢਲੇ ਬੁੱਧ ਦਰਸ਼ਨ ਦੀ ਸਾਡੀ ਸ਼ਾਨਦਾਰ ਵਿਰਾਸਤ ਹੈ। ਇਸ ਤੋਂ ਬਿਨਾਂ, ਭਾਰਤ ਵਿੱਚ ਪਦਾਰਥਵਾਦੀ ਦਰਸ਼ਨ ਦੀ ਵੀ ਬਹੁਤ ਮਜ਼ਬੂਤ ਤੇ ਸ਼ਾਨਦਾਰ ਪੰ੍ਰਪਰਾ ਰਹੀ ਹੈ। ਅੱੱਜ ਦੇ ਸਮੇਂ, ਬੇਸ਼ੱਕ ਸਾਡੇ ਕੋਲ, ਦਵੰਦਵਾਦੀ ਜਾਂ ਵਿਰੋਧ-ਵਿਕਾਸੀ ਪਦਾਰਥਵਾਦ ਦੇ ਰੂਪ ਵਿੱਚ, ਨਾ ਸਿਰਫ਼ ਸਾਡੇ ਯੁੱਗ ਦੇ ਯਥਾਰਥ ਨੂੰ ਸਮਝਣ ਲਈ, ਸਗੋਂ ਇਸ ਨੂੰ ਬਦਲਣ ਲਈ ਵੀ, ਇੱਕ ਮਜ਼ਬੂਤ ਵਿਚਾਰਧਾਰਕ ਹਥਿਆਰ ਮਾਰਕਸਵਾਦੀ ਦਰਸ਼ਨ ਮੌਜੂਦ ਹੈ। ਡੀ. ਪੀ. ਚਟੋਪਾਧਿਆਏ ਨੇ ਲਿਖਿਆ ਹੈ ਕਿ ਬੁੱਧ ਨੇ, ਆਪਣੇ ਸਮੇਂ ਲੋਕਾਂ ਦੀ ਪੀੜ ਘਟਾਉਣ ਲਈ, ਮਰਹਮ ਦੇ ਰੂਪ ਵਿੱਚ, ਬੁੱਧ ਧਰਮ ਦੇ ਨਾਂ ਤੇ ਇੱਕ ਯੁੱਗ ਭਰਮ ਸਿਰਜਿਆ ਸੀ। ਕਿਸੇ ਨਾ ਕਿਸੇ ਰੂਪ ਵਿੱਚ, ਧਰਮ ਪੀੜਤ ਲੋਕਾਈ ਲਈ, ਪੀੜ ਦੀ ਦਵਾਈ ਦੇ ਤੌਰ ਤੇ ਲੰਬਾ ਸਮਾਂ ਇਸਤੇਮਾਲ ਹੁੰਦਾ ਰਿਹਾ ਹੈ। ਪਰ ਅੱਜ ਅਸੀਂ ਮਨੁੱਖੀ ਇਤਿਹਾਸ ਦੇ ਐਸੇ ਪੜਾਅ ਤੇ ਹਾਂ ਕਿ ਹੁਣ ਲੋਕਾਂ ਨੂੰ ਦੁੱਖਾਂ ਤੋਂ ਛੁਟਕਾਰਾ ਦਿਵਾਉਣ ਲਈ, ਮਨੁੱਖ ਜਾਤੀ ਨੂੰ ਹਰ ਤਰ੍ਹਾਂ ਭਰਮਾਂ ਤੋਂ ਮੁਕਤ ਕੀਤਾ ਜਾਵੇ। ਹੁਣ ਵਕਤੀ ਤਕਲੀਫ ਹਟਾਉਣ ਲਈ, ਕੋਈ ਵੀ ਮਰਹਮ ਕਾਰਗਰ ਨਹੀਂ ਰਹੀ। ਹੁਣ ਸਾਡਾ ਇਤਿਹਾਸ ਜਮਾਤੀ ਪ੍ਰਬੰਧਾਂ ਤੋਂ ਗੈਰ ਜਮਾਤੀ ਪ੍ਰਬੰਧਾਂ ਵਿੱਚ ਦਾਖਲ ਹੋਣ ਦੇ ਇਤਿਹਾਸਕ ਦੌਰ ਵਿੱਚ ਹੈ। ਬੜੇ ਔਖੇ ਸਮਿਆਂ ਵਿੱਚ ਵੀ, ਮਨੁੱਖ ਜਾਤੀ ਨੇ ਜਿਸ ਸੁਪਨੇ ਨੂੰ ਮਰਨ ਨਹੀਂ ਦਿੱਤਾ, ਉਸ ਦੇ ਸਾਕਾਰ ਹੋਣ ਦਾ ਸਮਾਂ ਹੈ।

– 22-03-2017

“ਪਰ੍ਤੀਬੱਧ”, ਅੰਕ  28, ਅਪੈਰ੍ਲ 2017 ਵਿਚ ਪਰ੍ਕਾਸ਼ਿ

ਇਸ਼ਤਿਹਾਰ