ਬੋਲੀ ਅਤੇ ਗੀਤ •ਜਾਰਜ ਥਾਮਸਨ

3

ਪੀ.ਡੀ.ਐਫ਼ ਡਾਊਨਲੋਡ ਕਰੋ

1. ਵਾਕ ਬਣਤਰ

ਇਸ ਪਾਠ ਵਿੱਚ ਇਹ ਦਰਸਾਇਆ ਜਾਵੇਗਾ ਕਿ ਬੋਲੀ ਅਤੇ ਸੰਗੀਤ ਦੇ ਬਣਤਰ-ਸਬੰਧੀ ਸਿਧਾਂਤਾਂ ਦੀ ਸਾਂਝੀ ਬੁਨਿਆਦ ਕਿਰਤ-ਪ੍ਰਕਿਰਿਆ ਵਿੱਚ ਹੈ।

ਸਪੱਸ਼ਟ ਉਚਾਰੀ ਬੋਲੀ ਵਿੱਚ ਸ਼ਬਦਾਂ ਨੂੰ ਵਾਕਾਂ ਵਿੱਚ ਬੰਨ੍ਹਿਆ ਜਾਂਦਾ ਹੈ ਤਾਂ ਕਿ ਭਾਈਚਾਰੇ ਦੇ ਵੱਖ-ਵੱਖ ਮੈਂਬਰਾਂ ਵਿਚਾਲ਼ੇ ਸੁਨੇਹਿਆਂ ਦਾ ਸੰਚਾਰ ਹੋ ਸਕੇ। ਭਾਈਚਾਰੇ ਵਿੱਚ ਉਹ ਸਾਰੇ ਵਿਅਕਤੀ ਸ਼ਾਮਲ ਹੁੰਦੇ ਹਨ ਜਿਹੜੇ ਇਸ ਢੰਗ ਨਾਲ਼, ਬੋਲੀ ਦੇ ਇੱਕ ਸਾਂਝੇ ਰੂਪ ਸਦਕਾ ਗੱਲਬਾਤ ਕਰ ਸਕਦੇ ਹਨ। ਮੁੱਢਲੀਆਂ ਹਾਲਤਾਂ ਵਿੱਚ, ਹਰੇਕ ਭਾਈਚਾਰੇ ਕੋਲ਼ ਭਾਵੇਂ ਉਹ ਕਿੰਨਾ ਵੀ ਛੋਟਾ ਕਿਉਂ ਨਾ ਹੋਵੇ, ਆਪਣੀ ਇੱਕ ਵੱਖਰੀ ਭਾਸ਼ਾ ਜਾਂ ਉੱਪ-ਭਾਸ਼ਾ ਹੁੰਦੀ ਹੈ ਜਿਹੜੀ ਖੁਦ ਭਾਈਚਾਰੇ ਦੇ ਵਿਗਸਣ ਦੌਰਾਨ ਹੌਲ਼ੀ-ਹੌਲ਼ੀ ਵਿਕਸਤ ਹੋਈ ਹੁੰਦੀ ਹੈ।

ਵਾਕ ਸਪੱਸ਼ਟ ਉਚਾਰਣ ਵਾਲ਼ੀ ਬੋਲੀ ਦੀ ਬੁਨਿਆਦੀ ਇਕਾਈ ਹੈ। ਵਾਕਾਂ ਦੀ ਬਣਤਰ ਦੇ ਨਿਯਮ ਵਿਆਕਰਣਿਕ ਵਿਗਿਆਨ ਬਣਾਉਂਦੇ ਹਨ। ਉਹਨਾਂ ਨੂੰ ਬੱਚਾ ਬੋਲਣਾ ਸਿੱਖਣ ਸਮੇਂ ਅਭਿਆਸ ਦੁਆਰਾ ਹਾਸਲ ਕਰਦਾ ਹੈ। ਇੱਕ ਬੱਚਾ ਵਿਆਕਰਨ ਦੇ ਨਿਯਮਾਂ ਬਾਰੇ ਕੁਝ ਵੀ ਜਾਣੇ ਬਗੈਰ ਬੋਲਣਾ ਸਿੱਖਦਾ ਹੈ, ਬਿਲਕੁਲ ਉਵੇਂ ਜਿਵੇਂ ਉਹ ਸੰਤੁਲਨ ਦੇ ਨਿਯਮਾਂ ਨੂੰ ਜਾਣੇ ਬਿਨਾਂ ਹੀ ਤੁਰਨਾ ਸਿੱਖਦਾ ਹੈ।

ਹਰੇਕ ਭਾਸ਼ਾ ਦਾ ਆਪਣਾ ਵਿਆਕਰਣ ਪ੍ਰਬੰਧ ਹੈ, ਪਰ ਕੁਝ ਬਣਤਰ-ਸਬੰਧੀ ਸਿਧਾਂਤ ਹਨ ਜਿਹੜੇ ਸਾਰੀਆਂ ਭਾਸ਼ਾਵਾਂ ਲਈ ਸਾਂਝੇ ਹਨ (ਮਾਰਕਸ, ਸਿਆਸੀ ਆਰਥਿਕਤਾ ਦੀ ਅਲੋਚਨਾ ਨੂੰ ਇੱਕ ਦੇਣ, ਸਫਾ 190)। ਇਹ ਸਿਧਾਂਤ ਤਰਕ ਦੇ ਸਿਧਾਂਤਾਂ ਨਾਲ਼ ਸਬੰਧਿਤ ਹਨ। ਵਿਆਕਰਣਿਕ ਵਾਕ ਇੱਕ ਤਰਕ-ਵਾਕ ਹੁੰਦਾ ਹੈ। ਬਿਨਾਂ ਸ਼ੱਕ, ਇਸਦਾ ਮਤਲਬ ਇਹ ਨਹੀਂ ਕਿ ਜਿਸ ਬੱਚੇ ਨੇ ਠੀਕ-ਠੀਕ ਬੋਲਣਾ ਸਿੱਖ ਲਿਆ ਹੈ, ਉਹ ਤਰਕ-ਸ਼ਾਸ਼ਤਰ ਦੇ ਨਿਯਮਾਂ ਦਾ ਮਾਹਰ ਵੀ ਹੋ ਗਿਆ ਹੈ, ਪ੍ਰੰਤੂ ਉਸਨੇ ਉਹ ਮਾਨਸਿਕ ਨਿਪੁੰਨਤਾ ਹਾਸਲ ਕਰ ਲਈ ਹੈ ਜਿਸ ਤੋਂ ਬਿਨਾਂ ਤਰਕਪੂਰਨ ਸੋਚਣਾ ਸੰਭਵ ਨਹੀਂ ਹੈ।

ਵਾਕ ਦੀ ਬਣਤਰ ਦਾ ਵਿਸ਼ਲੇਸ਼ਣ ਕਰਨ ਲਈ ‘ਨਾਂਵ’ ਅਤੇ ‘ਕਿਰਿਆ’ ਲਈ ਚੀਨੀ ਸ਼ਬਦਾਂ ਨੂੰ ਧਿਆਨ ਵਿੱਚ ਰੱਖਣਾ ਮਦਦਗਾਰ ਹੋਵੇਗਾ ਜਿਹੜੇ ਸਾਡੇ ਸ਼ਬਦਾਂ ਨਾਲ਼ੋਂ ਵਧੇਰੇ ਪ੍ਰਗਟਾਊ ਹਨ: ਨਾਂਵ ਨੂੰ ‘ਨਾਮ-ਸ਼ਬਦ’ ਅਤੇ ਕਿਰਿਆ ਨੂੰ ‘ਗਤੀ-ਸ਼ਬਦ’ ਕਿਹਾ ਜਾਂਦਾ ਹੈ। ਇਹ ਵੀ ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿ ‘ਨਾਂਵ’ ਇੱਥੇ ਹੋਂਦ-ਸੂਚਕ ਨਾਂਵ ਅਤੇ ਵਿਸ਼ੇਸ਼ਣ ਦੋਵਾਂ ਨੂੰ ਦਰਸਾਉਂਦਾ ਹੈ।

ਇੱਕ ਸਧਾਰਨ ਵਾਕ ਖੁਦ ਤਿੰਨ ਕਿਸਮਾਂ ਦੁਅਲ਼ੇ ਘੁੰਮਦਾ ਹੈ – ਦੋ ਇਸਤਲਾਹਾਂ (Terms) ਵਾਲ਼ਾ ਵਾਕ, ਜਿਹੜਾ ਅੱਗੋਂ ਦੋ ਕਿਸਮਾਂ ਦਾ ਹੁੰਦਾ ਹੈ ਅਤੇ ਤਿੰਨ ਇਸਤਲਾਹਾਂ ਵਾਲ਼ਾ ਵਾਕ, ਮਿਸਾਲ ਵਜੋਂ (1) ‘ਘਾਹ ਹਰਾ ਹੈ,’ (2) ‘ਭੇਡਾਂ ਖਾਂਦੀਆਂ ਹਨ,’ (3) ‘ਭੇਡਾਂ ਘਾਹ ਖਾਂਦੀਆਂ ਹਨ।’ ਪਹਿਲੇ ਵਾਕ ਵਿੱਚ ਦੋ ਨਾਂਵਾਂ ਨੂੰ ਵਿਰੋਧੀਆਂ ਦੇ ਏਕੇ ਦੇ ਰੂਪ ਵਿੱਚ ਜੋੜਿਆ ਗਿਆ ਹੈ। ਉਹਨਾਂ ਵਿਚਾਲ਼ੇ ਸਬੰਧ ਨੂੰ ਤਰਕਪੂਰਨ ਅਰਥਾਂ ਵਿੱਚ ਇਹ ਕਹਿ ਕੇ ਦਰਸਾਇਆ ਜਾ ਸਕਦਾ ਹੈ ਕਿ ਸੰਕਲਪ ‘ਘਾਹ’ ‘ਹਰੇ’ ਦੀ ਕੋਟੀ ਵਿੱਚ ਸ਼ਾਮਲ ਹੁੰਦਾ ਹੈ ਅਤੇ ਸੰਕਲਪ ‘ਹਰਾ’ ‘ਘਾਹ’ ਦੇ ਇੱਕ ਲੱਛਣ ਵਜੋਂ ਜਾਣਿਆ ਜਾਂਦਾ ਹੈ। ਯੋਜਕ ‘ਹੈ’ (ਮੂਲ ਅੰਗਰੇਜ਼ੀ ਵਿੱਚ ‘is’) ਨੂੰ ਛੱਡਿਆ ਜਾ ਸਕਦਾ ਹੈ, ਕਿਉਂਕਿ, ਇਹ ਪੰਜਾਬੀ (ਅੰਗਰੇਜ਼ੀ) ਭਾਸ਼ਾ ਵਿੱਚ ਜਰੂਰੀ ਹੈ, ਬਹੁਤ ਸਾਰੀਆਂ ਭਾਸ਼ਾਵਾਂ ਦਾ ਕੰਮ ਇਸਤੋਂ ਬਿਨਾਂ ਵੀ ਚੱਲਦਾ ਹੈ ਅਤੇ ਇਹ ਮੁੱਢਲਾ ਵੀ ਨਹੀਂ ਹੈ। ਇਸੇ ਤਰ੍ਹਾਂ ਸ਼ਬਦਾਂ ਦਾ ਕ੍ਰਮ ਵੀ ਹੈ, ਜਿਹੜਾ ਵੱਖ-ਵੱਖ ਭਾਸ਼ਾਵਾਂ ਬਦਲਦਾ ਰਹਿੰਦਾ ਹੈ।) ਦੂਜੇ ਵਾਕ ਵਿੱਚ, ਇੱਕ ਨਾਂਵ ਅਤੇ ਕਿਰਿਆ ਨੂੰ ਕਰਤਾ ਅਤੇ ਕਾਰਜ ਦੇ ਸਬੰਧ ਵਿੱਚ ਜੋੜਿਆ ਗਿਆ ਹੈ। ਦੋਵੇਂ ਇਸਤਲਾਹਾਂ ਸੰਕਲਪਾਂ ਨੂੰ ਦਰਸਾਉਂਦੀਆਂ ਹਨ, ਪ੍ਰੰਤੂ ਕਿਰਿਆ ਵਿੱਚ ਸੰਕਲਪ ਕਾਰਜ ਜਾਂ ਪ੍ਰਕਿਰਿਆ ਦੇ ਰੂਪ ਵਿੱਚ ਗਤੀਸ਼ੀਲ ਹੁੰਦਾ ਹੈ। ਕਿਰਿਆ ਦੀ ਇਸ ਵਿਸ਼ੇਸ਼ਤਾ ਨੂੰ ਤੀਜੇ ਵਾਕ ਵਿੱਚ ਹੋਰ ਵੀ ਵਧੇਰੇ ਸਪੱਸ਼ਟਤਾ ਨਾਲ਼ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਜੁੜਤ ਨੂੰ ਕਿਰਿਆ ਦੇ ਕਾਰਜ ਦੇ ਕਰਮ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ।

ਇਹਨਾਂ ਉਦਾਹਰਨਾਂ ਵਿੱਚ ਕਰਤਾ ਵਿਆਕਰਣਿਕ ਕਰਤੇ ਨਾਲ਼ ਮੇਲ਼ ਖਾਂਦਾ ਹੈ, ਅਤੇ ਕਾਰਜ ਦਾ ਕਰਮ ਵਿਆਕਰਣਿਕ ਕਰਮ ਨਾਲ਼ ਮੇਲ ਖਾਂਦਾ ਹੈ। ਪਰ ਜਿਵੇਂ ਕਿ ਅਸੀਂ ਬਿਨਾਂ ਸ਼ੱਕ ਜਾਣਦੇ ਹਾਂ, ਵਾਕ ਵਿੱਚ ਅਜਿਹਾ ਹੋਣਾ ਲਾਜ਼ਮੀ ਨਹੀਂ ਹੈ। ਇਹ ਸਬੰਧ ਉਲ਼ਟਾਇਆ ਜਾ ਸਕਦਾ ਹੈ: ‘ਘਾਹ ਭੇਡਾਂ ਦੁਆਰਾ ਖਾਧਾ ਜਾ ਰਿਹਾ ਹੈ।’ (ਇੱਥੇ ਕਾਰਜ ਦਾ ਕਰਮ ਵਿਆਕਰਣਿਕ ਕਰਤਾ ਦੀ ਥਾਂ ਉੱਤੇ ਹੈ।) ਇਸੇ ਤਰ੍ਹਾਂ, ਅਸੀਂ ਅਕਸਰ ਅਜਿਹੇ ਕਿਰਿਆਵਾਚਕ ਵਾਕ ਵਰਤਦੇ ਹਾਂ ਜਿਹਨਾਂ ਵਿੱਚ ਗਤੀ ਦੀ ਧਾਰਨਾ ਗਾਇਬ ਹੁੰਦੀ ਹੈ, ਜਿਵੇਂ ‘ਉਹ ਸ਼ਾਂਤੀ ਨਾਲ਼ ਅਰਾਮ ਕਰ ਰਿਹਾ ਹੈ’ (ਮੂਲ ਅੰਗਰੇਜ਼ੀ ਵਿੱਚ ਇਹ ‘He rests in peace’ ਹੈ ਜਿਹੜਾ ਮਰਨ ਤੋਂ ਬਾਅਦ ਦਫਨਾਏ ਵਿਅਕਤੀ ਲਈ ਵਰਤਿਆ ਜਾਂਦਾ ਹੈ -ਅਨੁ)। ਵਿਆਕਰਣਿਕ ਕੋਟੀਆਂ ਆਪਣੇ ਖਾਸੇ ਵਜੋਂ ਹੀ ਰਸਮੀ ਹਨ। ਕਿਉਂਕਿ ਉਹਨਾਂ ਦਾ ਠੋਸ ਅਰਥ ਨਹੀਂ ਹੁੰਦਾ, ਬਿਲਕੁਲ ਇਸੇ ਕਾਰਨ ਕਰਕੇ ਉਹ ਅਮੂਰਤ ਵਿਚਾਰ ਨੂੰ ਪ੍ਰਗਟ ਕਰ ਸਕਦੀਆਂ ਹਨ। ਪਰ ਇਸ ਵਿੱਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿ ਉਹਨਾਂ ਦਾ ਇੱਕ ਠੋਸ ਮੁੱਢ ਹੈ। ਮਨੋਵਿਗਿਆਨ ਅਤੇ ਭਾਸ਼ਾ-ਵਿਗਿਆਨ ਤੋਂ ਮਿਲਦੇ ਸਾਰੇ ਪ੍ਰਮਾਣ ਇਸੇ ਸਿੱਟੇ ਵੱਲ ਇਸ਼ਾਰਾ ਕਰਦੇ ਹਨ। ਬੱਚੇ ਦੇ ਮਾਨਸਿਕ ਵਿਕਾਸ ਦੀ ਪ੍ਰਕਿਰਿਆ ਦਾ ਮੂਲ ਤੱਤ ਸੋਚ ਦੇ ਠੋਸ ਤੋਂ ਅਮੂਰਤ ਰੂਪ ਵੱਲ ਵਿਕਾਸ ਵਿੱਚ ਪਿਆ ਹੈ। ਬਹੁਤ ਵਿਕਸਤ ਭਾਸ਼ਾਵਾਂ, ਜਿਸ ਤਰ੍ਹਾਂ ਕਿ ਸਾਡੀ ਆਪਣੀ ਭਾਸ਼ਾ ਹੈ, ਵਿੱਚ ਵੀ ਬਹੁਤ ਅਮੂਰਤ ਵਿਚਾਰ ਜਿਵੇਂ ਠਹਿਰਾਅ, ਨਿਰਭਰਤਾ, ਉਮੀਦ, ਆਗਿਆਕਾਰਤਾ, ਨੇਕੀ, ਦੁਸ਼ਟ, ਭਾਰਾ, ਗੋਲ਼ ਵੀ ਨੇੜਿਓਂ ਵਾਚਣ ਉੱਤੇ ਆਪਣੇ ਠੋਸ ਮੂਲ ਦੇ ਨਿਸ਼ਾਨ ਪ੍ਰਗਟ ਕਰਦੇ ਹਨ। ਠਹਿਰਾਅ ਗਤੀ ਦਾ ਵਿਰੋਧ ਹੈ, ਨਿਰਭਰਤਾ ਕਿਸੇ ਆਸਰੇ ਹੋਣਾ ਹੈ, ਉਮੀਦ ਕਰਨਾ ਭਾਲ਼ ਵਿੱਚ ਹੋਣਾ ਹੈ, ਆਗਿਆ ਮੰਨਣਾ ਸੁਣਨਾ ਹੈ, ਨੇਕੀ ਦਲੇਰੀ ਹੈ, ਦੁਸ਼ਟਤਾ ਫਰੇਬ ਹੈ, ਭਾਰਾ ਚੱਕਣ ‘ਚ ਮੁਸ਼ਕਿਲ ਹੋਣਾ ਹੈ, ਗੋਲ਼ ਪਹੀਏ-ਵਰਗਾ ਹੋਣਾ ਹੈ। ਜਦੋਂ ਅਸੀਂ ਮੁੱਢਲੀਆਂ ਭਾਸ਼ਾਵਾਂ ਵੱਲ ਰੁਖ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਅਮੂਰਤ ਵਿਚਾਰਾਂ ਨੂੰ ਪ੍ਰਗਟ ਕਰ ਸਕਣ ਦੀ ਸਮਰੱਥਾ ਨਾ ਹੋਣਾ ਹੀ ਉਹਨਾਂ ਦਾ ਸਭ ਤੋਂ ਵੱਡਾ ਨੁਕਸ ਹੈ। ਕੁਝ ਆਸਟ੍ਰੇਲਿਆਈ ਭਾਸ਼ਾਵਾਂ ਵਿੱਚ ‘ਗੋਲ਼’ ਜਾਂ ‘ਸਖ਼ਤ’ ਕੋਈ ਸ਼ਬਦ ਹੀ ਨਹੀਂ ਹੈ। ਇਹਨਾਂ ਵਿਚਾਰਾਂ ਨੂੰ ਠੋਸ ਚੀਜ਼ਾਂ ਦੇ ਹਵਾਲੇ ਨਾਲ਼ ਜਿਵੇਂ ‘ਚੰਨ ਜਿਹਾ’, ‘ਪੱਥਰ ਜਿਹਾ’ ਆਦਿ ਜਿਹੇ ਇਸ਼ਾਰਿਆਂ ਦੀ ਵਰਤੋਂ ਕਰਕੇ ਪ੍ਰਗਟ ਕੀਤਾ ਜਾਂਦਾ ਹੈ।

ਇਸ ਲਈ, ਇਹ ਪੂਰੇ ਯਕੀਨ ਨਾਲ਼ ਕਿਹਾ ਜਾ ਸਕਦਾ ਹੈ ਕਿ ਕਿਉਂਕਿ ਬੋਲੀ ਹੀ ਉਹ ਮਾਧਿਅਮ ਹੈ ਜਿਸ ਰਾਹੀਂ ਮਨੁੱਖ ਠੋਸ ਤੋਂ ਅਮੂਰਤ ਸੋਚ ਤੱਕ ਪੁੱਜਿਆ ਹੈ, ਬੋਲੀ ਦੀਆਂ ਕੋਟੀਆਂ ਜਿਹੜੀਆਂ ਕਿ ਅਸੀਂ ਜਾਣਦੇ ਹਾਂ, ਪੂਰੀ ਤਰ੍ਹਾਂ ਨਾਲ਼ ਰਸਮੀ ਅਤੇ ਅਮੂਰਤ ਹਨ, ਮੁੱਢਲੇ ਦੌਰ ਵਿੱਚ ਰੂਪਵਾਦੀ (ਫੰਕਸ਼ਨਲ) ਅਤੇ ਠੋਸ ਸਨ; ਅਤੇ ਅਜਿਹਾ ਹੋਣ ਕਰਕੇ, ਉਹਨਾਂ ਦਾ ਮੁੱਢ ਵੀ ਕਿਰਤ ਪ੍ਰਕਿਰਿਆ ਵਿੱਚ ਹੀ ਲੱਭਿਆ ਜਾਣਾ ਚਾਹੀਦਾ ਹੈ।

2. ਕਿਰਤ-ਪ੍ਰਕਿਰਿਆ ਦੀ ਬਣਤਰ

ਇੱਥੇ ਆਕੇ ਅਸੀਂ ਅੰਗਰੇਜ਼ੀ ਦੇ ਸ਼ਬਦ “ਸਬਜੈਕਟ” ਦੇ ਬਹੁਅਰਥੇਪਣ ਨੂੰ ਸਪੱਸ਼ਟ ਕਰਨ ਲਈ ਰੁਕਦੇ ਹਾਂ। ਸਧਾਰਨ ਵਾਕ ਦੇ ਹੁਣੇ-ਹੁਣੇ ਕੀਤੇ ਵਿਸ਼ਲੇਸ਼ਣ ਵਿੱਚ, ਅਸੀਂ ਸ਼ਬਦਾਂ ‘ਸਬਜੈਕਟ’ (ਕਰਤਾ) ਅਤੇ ‘ਅਬਜੈਕਟ’ (ਕਰਮ) ਨੂੰ ਕਿਰਿਆ ਦੁਆਰਾ ਦਰਸਾਈ ਜਾਣ ਵਾਲ਼ੀ ਸਰਗਰਮੀ ਨੂੰ ਚਲਾਉਣ ਵਾਲ਼ੇ ਅਤੇ ਉਸ ਚੀਜ਼, ਭਾਵ ਉਹ ਉਦੇਸ਼ ਜਿਸ ਵੱਲ ਕਿਰਿਆ ਦੁਆਰਾ ਦਰਸਾਈ ਸਰਗਰਮੀ ਸੇਧਿਤ ਹੁੰਦੀ ਹੈ, ਵਿਚਾਲ਼ੇ ਫਰਕ ਕਰਨ ਲਈ ਵਰਤਿਆ ਸੀ। ਬਿਲਕੁਲ ਇਹੀ ਅਰਥ ਮਾਰਕਸ ਦਾ ਹੁੰਦਾ ਹੈ ਜਦੋਂ ਉਹ ਕਹਿੰਦੇ ਹਨ ‘ਸਬਜੈਕਟ, ਮਨੁੱਖ ਅਤੇ ਅਬਜੈਕਟ, ਕੁਦਰਤ।’ ਪਰ ਹੋਰ ਕਈ ਜਗ੍ਹਾ, ਜਿਵੇਂ ਕਿ ਉਸ ਪੈਰੇ ਵਿੱਚ ਜਿਸਦਾ ਹਵਾਲਾ ਹੁਣੇ ਦਿੱਤਾ ਜਾਵੇਗਾ, ਉਹ ਕਿਰਤ ਕਰਨ ਵਾਲ਼ੇ ਦੀ ਸਰਗਰਮੀ ਦੇ ਅਬਜੈਕਟ ਨੂੰ ਭਾਵ ਉਸ ਚੀਜ਼ ਨੂੰ ਜਿਸ ਉੱਤੇ ਉਹ ਕੰਮ ਕਰਦਾ ਹੈ,  ਨੂੰ ਉਸਦੀ ਸਰਗਰਮੀ ਦੇ ਸਬਜੈਕਟ ਵਜੋਂ ਪੇਸ਼ ਕਰਦੇ ਹਨ, ਮਤਲਬ ਕਿ ਉਹ ਚੀਜ਼ ਜਿਸ ਉੱਤੇ ਉਸਦੀ ਕਿਰਤ ਲੱਗਦੀ ਹੈ। ਇਹ ਉਲ਼ਝਣ ਮੂਲ ਜਰਮਨ ਵਿੱਚ ਪੈਦਾ ਨਹੀਂ ਹੁੰਦੀ। ਇਸ ਲਈ ਜੋ ਅੱਗੇ ਲਿਖਿਆ ਆਵੇਗਾ, ਉਸ ਵਿੱਚ ‘ਕਿਰਤ ਦੇ ਸਬਜੈਕਟ’ ਨੂੰ ਕਿਰਤ-ਪ੍ਰਕਿਰਿਆ ਦਾ ਅਬਜੈਕਟ ਸਮਝਿਆ ਜਾਵੇ।

ਕਿਰਤ ਪ੍ਰਕਿਰਿਆ ਦੇ ਆਪਣੇ ਵਿਸ਼ਲੇਸ਼ਣ ਵਿੱਚ ਮਾਰਕਸ ਤਿੰਨ ਤੱਤਾਂ ਨੂੰ ਪੇਸ਼ ਕਰਦੇ ਹਨ:

ਕਿਰਤ ਪ੍ਰਕਿਰਿਆ ਦੇ ਬੁਨਿਆਦੀ ਤੱਤ ਇਹ ਹਨ: (1) ਮਨੁੱਖ ਦੀ ਨਿੱਜੀ ਸਰਗਰਮੀ, ਭਾਵ ਖੁਦ ਉਸਦਾ ਕੰਮ (2) ਉਸ ਕੰਮ ਦਾ ਸਬਜੈਕਟ (3) ਉਸਦੇ ਸੰਦ। (ਮਾਰਕਸ, ਸਰਮਾਇਆ, ਸੈਂਚੀ 1, ਸਫਾ 178)

 ਦੂਜੇ ਤੱਤ ਦਾ ਵਰਣਨ ਇਸ ਤਰ੍ਹਾਂ ਹੁੰਦਾ ਹੈ:

ਜ਼ਮੀਨ (ਆਰਥਿਕ ਪੱਖੋਂ, ਇਸ ਵਿੱਚ ਪਾਣੀ ਵੀ ਸ਼ਾਮਲ ਹੁੰਦਾ ਹੈ) ਆਪਣੇ ਅਣਛੋਹੇ ਰੂਪ ਵਿੱਚ, ਜਿਸ ਰੂਪ ਵਿੱਚ ਇਹ ਜ਼ਰੂਰਤ ਦੀਆਂ ਚੀਜ਼ਾਂ ਜਾਂ ਗੁਜ਼ਾਰੇ ਦੇ ਸਾਧਨ ਮੁਹੱਈਆ ਕਰਵਾਉਂਦੀ ਹੈ, ਮਨੁੱਖ ਤੋਂ ਅਜ਼ਾਦ ਹੋਂਦ ਰੱਖਦੀ ਹੈ ਅਤੇ ਮਨੁੱਖੀ ਕਿਰਤ ਦਾ ਸਰਵਵਿਆਪਕ ਸਬਜੈਕਟ ਹੈ। (ਮਾਰਕਸ, ਸਰਮਾਇਆ, ਸੈਂਚੀ 1, ਸਫਾ 178)

 ਅਤੇ ਤੀਜਾ ਤੱਤ:

ਕਿਰਤ ਦਾ ਸੰਦ ਇੱਕ ਚੀਜ਼ ਜਾਂ ਚੀਜ਼ਾਂ ਦਾ ਸਮੂਹ ਹੁੰਦਾ ਹੈ ਜਿਸਨੂੰ ਕਿਰਤ ਕਰਨ ਵਾਲ਼ਾ ਆਪਣੇ ਤੇ ਆਪਣੀ ਕਿਰਤ ਦੇ ਸਬਜੈਕਟ ਦੇ ਵਿਚਕਾਰ ਰੱਖਦਾ ਹੈ, ਅਤੇ ਜਿਹੜਾ ਉਸਦੀ ਸਰਗਰਮੀ ਦੇ ਵਾਹਕ ਦੇ ਰੂਪ ਵਿੱਚ ਕੰਮ ਕਰਦਾ ਹੈ। ਉਹ ਉਸਦੇ ਮਕਾਨਕੀ, ਭੌਤਿਕ ਤੇ ਰਸਾਇਣਿਕ ਗੁਣਾਂ ਦੀ ਵਰਤੋਂ ਦੂਜੀਆਂ ਚੀਜ਼ਾਂ ਨੂੰ ਆਪਣੇ ਉਦੇਸ਼ਾਂ ਅਨੁਸਾਰ ਢਾਲਣ ਲਈ ਕਰਦਾ ਹੈ। (ਮਾਰਕਸ, ਸਰਮਾਇਆ, ਸੈਂਚੀ 1, ਸਫਾ 179)

ਇਸ ਤਰ੍ਹਾਂ, ਸੰਦ ਉਹ ਚੀਜ਼ ਹੈ ਜਿਹੜੀ ਕਿਰਤੀ ਦੀ ਕਾਰਵਾਈ ਨੂੰ ਉਸ ਚੀਜ ਤੱਕ ਪਹੁੰਚਾਉਂਦੀ ਹੈ ਜਿਸ ਉੱਤੇ ਉਹ ਕੰਮ ਕਰ ਰਿਹਾ ਹੁੰਦਾ ਹੈ, ਇਸ ਤਰ੍ਹਾਂ ਉਸਨੂੰ ਪਹਿਲੋਂ-ਚਿਤਵੇ ਰੂਪ ਅਨੁਸਾਰ ਮੁੜ-ਅਕਾਰ ਦਿੰਦਾ ਹੈ:

ਕਿਰਤ-ਪ੍ਰਕਿਰਿਆ ਵਿੱਚ, ਮਨੁੱਖ ਦੀ ਸਰਗਰਮੀ ਪੈਦਾਵਾਰ ਦੇ ਸੰਦਾਂ ਦੀ ਮਦਦ ਨਾਲ਼, ਉਸ ਪਦਾਰਥ ਵਿੱਚ ਪਹਿਲੋਂ-ਚਿਤਵੀ ਇੱਕ ਤਬਦੀਲੀ ਲਿਆਉਂਦੀ ਹੈ ਜਿਸ ਉੱਤੇ ਕੰਮ ਕੀਤਾ ਜਾਂਦਾ ਹੈ। ਪ੍ਰਕਿਰਿਆ ਉਪਜ ਵਿੱਚ ਲੋਪ ਹੋ ਜਾਂਦੀ ਹੈ।

ਉਹ ਇੱਕ ਵਰਤੋਂ-ਕਦਰ ਹੈ, ਕੁਦਰਤ ਦੀ ਇੱਕ ਚੀਜ ਹੈ ਜਿਸਨੂੰ ਮਨੁੱਖ ਦੀਆਂ ਲੋੜਾਂ ਦੇ ਅਨੁਕੂਲ ਬਣਾਉਣ ਲਈ ਬਦਲਿਆ ਗਿਆ ਹੈ। ਕਿਰਤ ਨੇ ਆਪਣੇ-ਆਪ ਨੂੰ ਆਪਣੇ ਸਬਜੈਕਟ ਸਮੇਤ ਉਸ ਵਿੱਚ ਸਮੋ ਲਿਆ ਹੈ; ਪਹਿਲੀ ਨੇ ਇੱਕ ਪਦਾਰਥ ਦਾ ਰੂਪ ਲੈ ਲਿਆ ਹੈ, ਪਿਛਲੀ ਦਾ ਰੂਪ ਬਦਲ ਗਿਆ ਹੈ। ਜਿਹੜੀ ਚੀਜ਼ ਕਿਰਤ ਕਰਨ ਵਾਲ਼ੇ ਵਿੱਚ ਇੱਕ ਹਰਕਤ ਵਜੋਂ ਪ੍ਰਗਟ ਹੋਈ ਸੀ, ਉਹ ਹੁਣ ਇੱਕ ਸਥਿਰ ਬੇਹਰਕਤ ਗੁਣ-ਲੱਛਣ ਵਜੋਂ ਉਪਜ ਵਿੱਚ ਪ੍ਰਗਟ ਹੁੰਦੀ ਹੈ। ਲੁਹਾਰ ਲੋਹੇ ਦੀ ਢਲ਼ਾਈ ਕਰਦਾ ਹੈ, ਅਤੇ ਉਪਜ ਹੈ ਇੱਕ ਵਸਤੂ ਜੋ ਲੋਹ-ਢਲ਼ਾਈ ਤੋਂ ਬਾਅਦ ਮਿਲ਼ਦੀ ਹੈ। (ਮਾਰਕਸ, ਸਰਮਾਇਆ, ਸੈਂਚੀ 1, ਸਫਾ 180)

ਇਸੇ ਤਰ੍ਹਾਂ ਹੀ, ਕਿਰਤ-ਪ੍ਰਕਿਰਿਆ ਵਿੱਚ ਬੋਲੀ ਦੀ ਭੂਮਿਕਾ ਨੂੰ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਜਿਵੇਂ ਪੈਦਾਵਾਰ ਦੇ ਸੰਦ ਕਿਰਤ ਕਰਨ ਵਾਲ਼ਿਆਂ ਅਤੇ ਉਹਨਾਂ ਦੇ ਪਦਾਰਥਾਂ ਵਿਚਕਾਰ ਉਹਨਾਂ ਦੀ ਸਰਗਰਮੀ ਦੇ ਵਾਹਕਾਂ ਵਜੋਂ ਆਉਂਦੇ ਹਨ, ਉਸੇ ਤਰ੍ਹਾਂ ਬੋਲੀ ਖੁਦ ਕਿਰਤੀਆਂ ਦੇ ਵਿਚਕਾਰ ਇੱਕ ਮਾਧਿਅਮ ਵਜੋਂ ਆਉਂਦੀ ਹੈ ਜਿਸ ਰਾਹੀਂ ਉਹ ਆਪੋ-ਆਪਣੀ ਸਰਗਰਮੀ ਨੂੰ ਮੇਲ਼ਦੇ ਹਨ।

ਇਸ ਤਰ੍ਹਾਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ, ਸਮਾਜਿਕ ਪੈਦਾਵਾਰ ਦੀ ਪ੍ਰਕਿਰਿਆ ਦੌਰਾਨ ਵਿਗਸਤ ਹੋਇਆ ਵਿਆਕਰਣਿਕ ਵਾਕ ਜੋ ਕਿ ਉਚਾਰੀ ਜਾਂਦੀ ਬੋਲੀ ਦੀ ਇੱਕ ਮੁੱਢਲੀ ਇਕਾਈ ਹੈ, ਜਿਹੜਾ ਆਪਣੇ ਬੁਨਿਆਦੀ ਰੂਪਾਂ ਵਿੱਚ ਤਿੰਨ ਇਸਤਲਾਹਾਂ, ਜਿਹਨਾਂ ਵਿੱਚੋਂ ਤੀਜੀ ਇਸਤਲਾਹ ਪਹਿਲੀ ਦੀ ਦੂਜੀ ਉੱਤੇ ਸਰਗਰਮੀ ਨੂੰ ਦਰਸਾਉਂਦੀ ਹੈ, ਜਾਂ ਫਿਰ ਦੋ ਇਸਤਲਾਹਾਂ ਜਿਸ ਵਿੱਚ ਇੱਕ ਦੂਜੀ ਰਾਹੀਂ ਸਰਗਰਮ ਹੁੰਦੀ ਜਾਂ ਦੂਜੀ ਵਿੱਚ ਵਟਦੀ ਦਰਸਾਈ ਜਾਂਦੀ ਹੈ, ਤੋਂ ਮਿਲ਼ਕੇ ਬਣਦਾ ਹੈ,  ਕਿਰਤ-ਪ੍ਰਕਿਰਿਆ ਦੇ ਤਿੰਨ ਭਾਗਸਮ ਕਾਰਕਾਂ – ਕਰਤੇ (ਮਨੁੱਖ) ਦੀ ਸਰਗਰਮੀ, ਉਸਦੀ ਸਰਗਰਮੀ ਦੇ ਕਰਮ (ਕੁਦਰਤ) ਅਤੇ ਉਸਦੇ ਸੰਦਾਂ – ਨੂੰ ਪ੍ਰਗਟ ਕਰਦਾ ਹੈ।

3. ਗੀਤ ਦੀ ਬਣਤਰ

ਵਿਆਕਰਣ ਅਤੇ ਸੰਗੀਤਕ ਰੂਪ ਦੇ ਸਿਧਾਂਤ ਇੱਕ ਸਾਂਝੀ ਬੁਨਿਆਦ ਉੱਤੇ ਟਿਕੇ ਹੋਏ ਹਨ।

ਸਾਰੀਆਂ ਭਾਸ਼ਾਵਾਂ ਵਿੱਚ ਅਸੀਂ ਅਜਿਹੇ ਸ਼ਬਦਾਂ ਦੀ ਇੱਕ ਅਜਿਹੀ ਕੋਟੀ ਦੇਖਦੇ ਹਾਂ ਜਿੰਨ੍ਹਾਂ ਨੂੰ ਨਾਮਕਰਨ ਲਈ ‘ਅਨੁਕਰਣਾਤਮਕ ਜੋੜੇ’ ਕਿਹਾ ਜਾ ਸਕਦਾ ਹੈ: ਡਿੰਗ-ਡਾਂਗ (Ding-Dong), ਬੋ-ਵੋ (Bow-Wow), ਸੀ-ਸਾਅ (See-Saw), ਟਿਕ-ਟਾਕ (Tick-Tock), ਜ਼ਿਗ-ਜ਼ਾਗ (Zig-Zag), ਪਿੱਟਰ-ਪੱਟਰ (Pitter-Patter)। ਬਹੁਤੇ ਵਿਆਕਰਣ-ਮਾਹਿਰਾਂ ਦੁਆਰਾ ਬੇਧਿਆਨੇ ਛੱਡ ਦਿੱਤੇ ਜਾਂਦੇ ਇਹ ਸ਼ਬਦ ਬੋਲੀ ਦੇ ਰਵਾਇਤੀ ਹਿੱਸਿਆਂ ਵਿੱਚ ਚੰਗੀ ਤਰ੍ਹਾਂ ਨਾਲ਼ ਫਿੱਟ ਨਹੀਂ ਬੈਠਦੇ; ਪ੍ਰੰਤੂ ਉਹਨਾਂ ਦੇ ਬਹੁਤ ਸਾਰੇ ਚੰਗੀ ਤਰ੍ਹਾਂ ਪਰਿਭਾਸ਼ਿਤ ਕੀਤੇ ਜਾ ਸਕਣ ਵਾਲ਼ੇ ਲੱਛਣ ਹਨ। ਪਹਿਲਾ, ਉਹ ਧੁਨੀ-ਅਨੁਕਰਣਾਤਮਕ ਹੁੰਦੇ ਹਨ, ਭਾਵ ਕੁਦਰਤੀ ਅਵਾਜ਼ਾਂ ਦੀ ਨਕਲ ਹੁੰਦੇ ਹਨ। ਇਹ ਉਹਨਾਂ ਨੂੰ ਮਨੁੱਖੀ ਬਣਾਉਂਦਾ ਹੈ; ਕਿਉਂਕਿ ਏਪ ਕੁਦਰਤੀ ਅਵਾਜ਼ਾਂ ਦੀ ਨਕਲ ਨਹੀਂ ਕਰਦੇ। ਇਹ ਜਾਣਿਆ-ਪਛਾਣਿਆ ਤੱਥ ਹੈ ਕਿ ਧੁਨੀ-ਅਨੁਕਰਣਾਤਮਕਾ ਭਾਸ਼ਾ ਦੇ ਭੰਡਾਰ ਦਾ ਇੱਕ ਮੁੱਖ ਸ੍ਰੋਤ ਹੈ। ਦੂਸਰਾ, ਉਹਨਾਂ ਵਿੱਚ ਦੁਹਰਾਅ ਹੁੰਦਾ ਹੈ: ਭਾਵ ਕਿ, ਉਹਨਾਂ ਵਿੱਚ ਇੱਕ ਤੱਤ ਜਿਹੜਾ ਆਮ ਤੌਰ ‘ਤੇ ਇੱਕ-ਅੱਖਰੀ ਹੁੰਦਾ ਹੈ, ਨੂੰ ਕੁਝ ਕੁ ਧੁਨੀਆਤਮਕ ਵਖਰੇਵੇਂ ਨਾਲ਼ ਦੁਹਰਾਇਆ ਜਾਂਦਾ ਹੈ। ਇਹ ਸੁਰ ਦਾ ਇੱਕ ਮੁੱਢਲਾ ਅਨਘੜ ਰੂਪ ਹੈ। ਅਨੁਕਰਣਾਤਮਕ ਜੋੜੇ ਬੱਚਿਆਂ ਦੀ ਬੋਲੀ ਵਿੱਚ ਅਤੇ ਮੁੱਢਲੀਆਂ ਭਾਸ਼ਾਵਾਂ ਵਿੱਚ ਖਾਸ ਕਰਕੇ ਆਮ ਹੁੰਦੇ ਹਨ, ਅਤੇ ਸਾਡੀਆਂ ਭਾਸ਼ਾਵਾਂ ਦੀ ਵਿਆਕਰਣਿਕ ਬਣਤਰ ਵਿੱਚ ਵੀ ਉਹਨਾਂ ਨੇ ਆਪਣੇ ਕਈ ਨਿਸ਼ਾਨ ਛੱਡੇ ਹਨ।

ਸੰਗੀਤ ਵੱਲ ਆਉਂਦੇ ਹੋਏ, ਅਸੀਂ ਦੇਖਦੇ ਹਾਂ ਕਿ ਅਨੁਕਰਣਾਤਮਕ ਜੋੜੇ ਕਿਰਤ-ਗੀਤ ਦਾ ਅਟੁੱਟ ਹਿੱਸਾ ਹਨ, ਜਿਸ ਬਾਰੇ ਅਸੀਂ ਹੁਣ ਚਰਚਾ ਕਰਾਂਗੇ।

ਇੱਕ ਕਿਰਤ-ਗੀਤ ਜਾਂ ਕੰਮ ਸਮੇਂ ਦਾ ਗੀਤ ਸਮੂਹਕ ਜਾਂ ਵਿਅਕਤੀਗਤ ਸਰੀਰਕ ਕਿਰਤ ਦੇ ਇੱਕ ਜਾਂ ਦੂਜੀ ਕਿਸਮ ਜਿਵੇਂ ਕਿਸ਼ਤੀ ਚਲਾਉਣਾ, ਚੁੱਕਣਾ, ਖਿੱਚਣਾ, ਫਸਲ ਕੱਟਣਾ, ਕੱਤਣਾ ਆਦਿ ਦਾ ਆਦੇਸ਼ਾਤਮਕ ਸੰਗੀ ਹੈ। ਇਸਦੇ ਦੋ ਹਿੱਸੇ ਹੁੰਦੇ ਹਨ – ਟੇਕ ਅਤੇ ਰਚਿਆ ਹੋਇਆ।

ਟੇਕ ਜਾਂ ਕਿਰਤ-ਕੂਕ, ਜ਼ੋਰ ਲਗਾਉਣ ਦੀ ਹਰਕਤ ਵੇਲ਼ੇ ਦਾ ਇੱਕ ਗੈਰ-ਸ਼ਾਬਦਿਕ ਕੂਕ ਉਚਾਰਨ ਹੈ ਅਤੇ ਵਾਰ-ਵਾਰ ਆਉਂਦਾ ਹੈ। ਇਹ ਸਰੀਰਕ ਹਰਕਤਾਂ ਦੇ ਨਾਲ਼ ਜੁੜੀ ਕੰਠ ਦੀ ਸੁਤੇ-ਸਿੱਧ ਹਰਕਤ ਤੋਂ ਬਿਨਾਂ ਹੋਰ ਕੁਝ ਨਹੀਂ ਹੈ, ਪ੍ਰੰਤੂ ਇਸ ਵਿੱਚ ਸਰਗਰਮੀ ਨੂੰ ਇੱਕਸੁਰ ਕਰਨ ਦਾ ਸਚੇਤਨ ਉਦੇਸ਼ ਸ਼ਾਮਲ ਹੁੰਦਾ ਹੈ। ਆਪਣੇ ਸਰਲਤਮ ਰੂਪਾਂ ਵਿੱਚ, ਇਸ ਵਿੱਚ ਦੋ ਜਾਂ ਤਿੰਨ ਅੱਖਰ ਹੁੰਦੇ ਹਨ। ਕਿਸ਼ਤੀ ਚਲਾਉਣ ਵੇਲ਼ੇ ਦੀ ਕੂਕ ‘ਓ-ਪ’ ਦੋ-ਅੱਖਰੀ ਕਿਸਮ ਹੈ। ਪਹਿਲਾ ਅੱਖਰ ਤਿਆਰੀ ਦਾ ਸੰਕੇਤ ਹੈ, ਦੂਜਾ ਜ਼ੋਰ ਲਗਾਉਣ ਦੀ ਹਰਕਤ ਨੂੰ ਦਰਸਾਉਂਦਾ ਹੈ। ਤਿੰਨ-ਅੱਖਰੀ ਕਿਸਮ ਵਿੱਚ, ਤੀਜਾ ਅੱਖਰ ਜ਼ੋਰ ਲਗਾਉਣ ਤੋਂ ਬਾਅਦ ਅਰਾਮ ਨੂੰ ਦਰਸਾਉਂਦਾ ਹੈ, ਮਿਸਾਲ ਵਜੋਂ ਵੋਲਗਾ ਕਿਸ਼ਤੀ ਗੀਤ ਵਿੱਚ: ‘ਏ-ਚ-ਨੇਮ!’

ਕਿਰਤ-ਕੂਕਾਂ ਦੇ ਵਿਚਕਾਰ ਗਾਇਆ ਜਾਣ ਵਾਲ਼ਾ ਰਚਿਆ ਹੋਇਆ ਗੀਤ ਪੂਰੀ ਤਰ੍ਹਾਂ ਸ਼ਾਬਦਿਕ ਹੁੰਦਾ ਹੈ ਤੇ ਬਦਲਦਾ ਜਾਂਦਾ ਹੈ, ਕਾਮਿਆਂ ਦੇ ਆਪਣੇ ਕੰਮ ਪ੍ਰਤੀ ਨਜ਼ਰੀਏ ਨੂੰ ਪ੍ਰਗਟਾਉਂਦਾ ਹੈ, ਮਿਸਾਲ ਵਜੋਂ ਦੱਖਣੀ ਅਫਰੀਕਾ ਦੇ ਪੱਥਰ-ਤੋੜਨ ਵਾਲ਼ਿਆਂ ਦਾ ਇਹ ਗੀਤ:

ਉਹ ਸਾਡੇ ਨਾਲ਼ ਬੁਰਾ ਵਰਤਦੇ ਹਨ, ਏ-ਹੇ!
ਉਹ ਸਾਡੇ ਉੱਤੇ ਸਖਤੀ ਕਰਦੇ ਹਨ, ਏ-ਹੇ!
ਉਹ ਆਪ ਤਾਂ ਪੀਂਦੇ ਕੌਫੀ ਹਨ, ਏ-ਹੇ!
ਅਤੇ ਸਾਨੂੰ ਤਿਹਾਇਆ ਰੱਖਦੇ ਹਨ, ਏ-ਹੇ!

ਇਹ ਰਚਿਆ ਗੀਤ ਕਿਰਤ-ਕੂਕ ਨਾਲ਼ ਉਹੀ ਸਬੰਧ ਰੱਖਦਾ ਹੈ, ਜਿਹੜਾ ਕਿਰਤ-ਕੂਕ ਦਾ ਪਹਿਲਾ ਸ਼ਬਦ ਇਸਦੇ ਦੂਜੇ ਸ਼ਬਦ ਨਾਲ਼ ਰੱਖਦਾ ਹੈ। ਗੀਤ ਕੂਕ ਵਿੱਚੋਂ ਉਪਜਿਆ ਹੈ, ਬਿਲਕੁਲ ਉਵੇਂ ਜਿਵੇਂ ਕੂਕ ਖੁਦ ਕੰਮ ਵਿੱਚੋਂ ਉਪਜੀ ਹੈ।

ਪੂਰੀ ਤਰ੍ਹਾਂ ਵਿਕਸਤ ਹੋਇਆ ਗੀਤ ਕਿਰਤ-ਗੀਤ ਨਾਲ਼ੋਂ ਇਸ ਗੱਲੋਂ ਵੱਖਰਾ ਹੁੰਦਾ ਹੈ ਕਿ ਇਹ ਕਿਰਤ-ਪ੍ਰਕਿਰਿਆ ਨਾਲ਼ੋਂ ਟੁੱਟਾ ਹੁੰਦਾ ਹੈ। ਪ੍ਰੰਤੂ ਅਜੇ ਵੀ ਇਸਦੇ ਦੋ ਹਿੱਸੇ ਹੁੰਦੇ ਹਨ, ਗਾਇਆ ਜਾਣ ਵਾਲ਼ਾ ਤੇ ਹੱਥਾਂ ਨਾਲ਼ ਵਜਾਉਣ ਵਾਲ਼ਾ, ਸੰਦ ਦੀ ਥਾਂ ਸੰਗੀਤ ਯੰਤਰ ਲੈ ਲੈਂਦਾ ਹੈ, ਪ੍ਰੰਤੂ ਅਵਾਜ਼ ਹੁਣ ਪ੍ਰਧਾਨ ਹੋ ਜਾਂਦੀ ਹੈ ਅਤੇ ਸਿਰਫ ਇਕੱਲੇ ਤੌਰ ‘ਤੇ ਹੀ ਵਰਤੀ ਜਾ ਸਕਦੀ ਹੈ। ਇਹ ਗੱਲ ਕਿ ਰਚਿਆ-ਮਾਂਜਿਆ ਗੀਤ ਕਿਰਤ-ਗੀਤ ਵਿੱਚੋਂ ਹੀ ਵਿਕਸਤ ਹੋਇਆ ਹੈ, ਇਸਦੀ ਬਣਤਰ ਦੁਆਰਾ ਸਿੱਧ ਹੋ ਜਾਂਦੀ ਹੈ। ਵਿਕਾਸ ਦੇ ਦੋ ਰਸਤੇ ਹਨ।

ਪਹਿਲੇ ਵਿੱਚ ਰਚਿਆ ਗਿਆ ਗੀਤ ਤੁਕਬੰਦੀ ਵਾਲ਼ੇ ਜੋੜਿਆਂ ਵਿੱਚ ਬੰਨ੍ਹਿਆ ਜਾਂਦਾ ਹੈ, ਅਤੇ ਤੁਕਾਂਤ ਵੱਖ-ਵੱਖ ਹੁੰਦੇ ਹਨ ਅਤੇ ਆਪੋ ਵਿੱਚ ਜੁੜ ਜਾਂਦੇ ਹਨ, ਜਿਵੇਂ ਕਿ ਮਲਾਹਾਂ ਦੇ ਇਸ ਗੀਤ ਵਿੱਚ ਹੈ:

Now when a Black Baller is clear of he land,
   Tibby way-hay, blow the man down!
The bosun he gives out the word of command:
    ho, gimme some time to blow the man down!

(ਹੁਣ ਜਦੋਂ ਕਾਲ਼ਾ ਜਹਾਜ਼ ਤੱਟ ਛੱਡ ਚੁੱਕਾ ਹੈ,
ਓ ਭਰਾਵਾ ਓ, ਉਸ ਆਦਮੀ ਨੂੰ ਥੱਲੇ ਸੁੱਟ ਦੇ
ਉਹ ਭੂਰਾ ਸਾਨੂੰ ਹੁਕਮ ਸੁਣਾਂਦਾ ਹੈ:
ਓ, ਆਦਮੀ ਨੂੰ ਥੱਲੇ ਸੁੱਟ ਦੇਣ ਲਈ, ਮੈਨੂੰ ਵਕਤ ਦੇ!)

ਕਿਰਤ ਪ੍ਰਕਿਰਿਆ ਤੋਂ ਅਜ਼ਾਦ ਹੋ ਕੇ, ਤੁਕਾਂਤ (ਟੇਕ) ਸ਼ੁੱਧ ਰੂਪ ਵਿੱਚ ਰਸਮੀ ਬਣ ਜਾਂਦਾ ਹੈ ਅਤੇ ਲੈਅ ਹਾਸਲ ਕਰ ਲੈਂਦਾ ਹੈ:

Why does your brand sae drop wi’blude
Edward, Edward?
Why does your brand sae drop wi’blude
and why sae sad gang ye, O?
O, I hae kill’d my hawk sea gude,
Mither, mither,
O, i hae kill’d my hawk sea gude,
and i had nae mair but he, O.

(ਤੇਰੀ ਲੋਹੇ ਦੀ ਲੱਠ ‘ਚੋਂ ਕਿਉਂ ਡਿੱਗ ਰਿਹਾ ਇੰਨਾ ਖੂਨ
ਏਡਵਰਡ! ਏਡਵਰਡ!
ਤੇਰੀ ਲੋਹੇ ਦੀ ਲੱਠ ‘ਚੋਂ ਕਿਉਂ ਡਿੱਗ ਰਿਹਾ ਇੰਨਾ ਖੂਨ
ਹੇ, ਤੂੰ ਕਿਉਂ ਏਂ ਇੰਨਾ ਦੁਖੀ!
ਆਹ, ਮੈਂ ਇੰਨੇ ਵਧੀਆ ਘੋੜੇ ਨੂੰ ਮਾਰ ਦਿੱਤਾ
ਮਾਂ! ਮਾਂ!
ਆਹ, ਮੈਂ ਇੰਨੇ ਵਧੀਆ ਘੋੜੇ ਨੂੰ ਮਾਰ ਦਿੱਤਾ
ਮੇਰੇ ਕੋਲ਼ ਉਹ ਇੱਕੋ ਘੋੜਾ ਸੀ।)

ਇਸ ਤਰ੍ਹਾਂ ਸਾਨੂੰ ਸਭ ਤੋਂ ਵੱਧ ਜਾਣਿਆ-ਪਛਾਣਿਆ ਗੀਤ-ਰੂਪ, ਚੌ-ਪਦੀ, ਮਿਲ਼ਦਾ ਹੈ, ਜਿਹੜਾ ਦੋ ਤੁਕਮਈ ਦੋਹਿਆਂ ਤੋਂ ਮਿਲ਼ ਕੇ ਬਣਦਾ ਹੈ, ਅਤੇ ਜਿਸ ਵਿੱਚ ਤੁਕ ਦੇ ਤੁਕਾਂਤ ਕਿਰਤ-ਧੁਨੀ ਦੇ ਅਵਸ਼ੇਸ਼ ਹੁੰਦੇ ਹਨ:

Th There liv’d a lass in yonder dale,
and down in yonder glen O,
and Kathrine Jaffray was her name,
Well known by many men O.

(ਉਸ ਘਾਟੀ ਵਿੱਚ ਰਹਿੰਦੀ ਸੀ ਇੱਕ ਕੁੜੀ
ਉਸ ਉੱਪਰ ਵਾਲ਼ੀ ਘਾਟੀ ਵਿੱਚ
ਕੈਥਰੀਨ ਜੈਫਰੀ ਸੀ ਉਸਦਾ ਨਾਮ
ਉਹਨੂੰ ਜਾਣਦੇ ਸੀ ਬਹੁਤ ਲੋਕ)

ਚੀਨ ਤੋਂ ਇੱਕ ਦੂਸਰੀ ਉਦਾਹਰਨ (ਨੌਵੀਂ ਸਦੀ) ਪੇਸ਼ ਹੈ:

A thousand miles from home,
at court these twenty years,
One phrase from that old tune
draws forth your tears

(ਘਰਬਾਰ ਛੱਡ ਹਜ਼ਾਰਾਂ ਮੀਲ ਦੂਰ
ਵੀਹ ਸਾਲ ਹੋਏ ਦਰਬਾਰ ਵਿੱਚ ਰਹਿੰਦੇ
ਯਾਦ ਕਰਕੇ ਪੁਰਾਣੀ ਓਸ ਧੁਨ ਦਾ ਟੁਕੜਾ
ਨੈਣਾਂ ਮੇਰਿਆਂ ‘ਚੋਂ ਅੱਥਰੂ ਵਹਿੰਦੇ)

ਇਸ ਕਿਸਮ ਦੇ ਗੀਤ ਰੂਪ ਸਾਰੀ ਦੁਨੀਆਂ ਵਿੱਚ ਮਿਲ਼ਦੇ ਹਨ। ਜੇ ਅਸੀਂ ਸੰਗੀਤ ਦੇ ਰੂਪ ਵਿੱਚ ਵਿਸ਼ਲੇਸ਼ਣ ਕਰੀਏ ਤਾਂ ਦੇਖਾਂਗੇ ਕਿ ਚੌਪਦੀ ਇੱਕ ਸੰਗੀਤ ਵਾਕ ਹੁੰਦਾ ਹੈ ਜਿਹੜਾ ਦੋ ਵਾਕੰਸ਼ਾਂ ਵਿੱਚ ਵੰਡਿਆ ਹੁੰਦਾ ਹੈ ਅਤੇ ਜਿਸ ਵਿੱਚ ਹਰੇਕ ਵਿੱਚ ਦੋ ਅਲੰਕਾਰ ਹੁੰਦੇ ਹਨ। ਦੋਵੇਂ ਵਾਕੰਸ਼ ਇੱਕ ਦੂਜੇ ਨਾਲ਼ ਸੱਦੇ ਤੇ ਜਵਾਬੀ-ਉੱਤਰ ਦਾ ਸਬੰਧ ਰੱਖਦੇ ਹਨ, ਪਹਿਲਾ ਦੂਸਰੇ ਤੱਕ ਲੈ ਕੇ ਜਾਂਦਾ ਹੈ ਅਤੇ ਦੂਸਰਾ ਪਹਿਲੇ ਦੇ ਪਿੱਛੇ-ਪਿੱਛੇ ਆਉਂਦਾ ਹੈ। ਦੋਵੇਂ ਆਪਸ ਵਿੱਚ ਮਿਲ਼ ਕੇ ਇੱਕ ਰੂਪਗਤ ਏਕਤਾ ਕਾਇਮ ਕਰਦੇ ਹਨ ਜੋ ਕਿਰਤ-ਗੀਤ ਦੀ ਕਿਰਿਆਤਮਕ (ਫੰਕਸ਼ਨਲ) ਏਕਤਾ ਤੋਂ ਲਈ ਗਈ ਹੈ। ਇਸ ਨੂੰ ਹੀ ਸੰਗੀਤ ਦੇ ਵਿਦਵਾਨ ਦਵੈਪਦਾਤਮਕ ਰੂਪ 1-2 ਕਹਿੰਦੇ ਹਨ।

ਵਿਕਾਸ ਦੀ ਦੂਜੀ ਦਿਸ਼ਾ ਵਿੱਚ ਕਿਰਤ-ਧੁਨੀਆਂ ਤਿੰਨਾਂ ਦੇ ਸਮੂਹਾਂ ਵਿੱਚ ਰੱਖੀਆਂ ਜਾਂਦੀਆਂ ਹਨ ਅਤੇ ਪਹਿਲੀ ਤੇ ਦੂਸਰੀ ਤੁਕ ਤੋਂ ਬਾਅਦ ਬਾਕੀ ਪਦ ਜੋੜੇ ਜਾਂਦੇ ਹਨ।

1 Lowlands, lowlands, lowlands, lowlands low
2  Our captain was a bully man.
1  Lowlands, lowlands, lowlands, lowlands low
2  be gave us bread as hard as brass
1  Lowlands, lowlands, lowlands, lowlands low.

(1 ਦਲਦਲ, ਦਲਦਲ, ਦਲਦਲ ਓ ਦਲਦਲ
2 ਸਾਡਾ ਕਪਤਾਨ ਸੀ ਦੁਸ਼ਟ ਆਦਮੀ
1 ਦਲਦਲ, ਦਲਦਲ, ਦਲਦਲ ਓ ਦਲਦਲ
2 ਉਹ ਸਾਨੂੰ ਦਿੰਦਾ ਸੀ ਪਿੱਤਲ ਜਿਹੀਆਂ ਰੋਟੀਆਂ
1 ਦਲਦਲ, ਦਲਦਲ, ਦਲਦਲ ਓ ਦਲਦਲ)

ਜਹਾਜ਼ੀਆਂ ਦੇ ਇਸ ਗੀਤ ਵਿੱਚ ਅਸੀਂ ਦੋਪਦੀ ਗੀਤ ਤੋਂ ਤ੍ਰੈਪਦੀ ਗੀਤ ਰੂਪ ਦਾ ਵਿਕਾਸ ਹੁੰਦੇ ਦੇਖਦੇ ਹਾਂ ਅਤੇ ਅੰਤ ਵਿੱਚ, ਰਚੇ ਹੋਏ ਗੀਤ ਅਤੇ ਟੇਕ ਵਿਚਲਾ ਫਰਕ ਆਪਣੀ ਕਿਰਿਆਤਮਕ ਕਦਰ ਗਵਾ ਬਹਿੰਦਾ ਹੈ ਅਤੇ ਪੂਰੀ ਤਰ੍ਹਾਂ ਰਸਮੀ ਹੋ ਜਾਂਦਾ ਹੈ। ਫਿਰ ਸਾਡੇ ਸਾਹਮਣੇ ਪੂਰਨ-ਵਿਕਸਤ ਗੀਤ-ਰੂਪ ਆਉਂਦਾ ਹੈ (1-2-3)।

1 O charlie is my darling, my darling, my darling,
charlie is my darling, the young chevalier.
2 ‘“was on a sunday morning right early in the year
 that charlie came to our town, the young
 chevalier
3  O charlie is my darling, my darling, my darling,
    charlie is my darling, the young chevalier.

(1 ਚਾਰਲੀ ਹੈ ਮੇਰਾ ਪਿਆਰਾ, ਮੇਰਾ ਪਿਆਰਾ, ਮੇਰਾ ਪਿਆਰਾ
  ਚਾਰਲੀ ਹੈ ਮੇਰਾ ਪਿਆਰਾ, ਉਹ ਜਵਾਨ ਰਾਜਾ
2 ਐਤਵਾਰ ਦੀ ਇੱਕ ਸਵੇਰ ਸੀ ਉਹ
  ਇਸ ਸਾਲ ਦੇ ਸ਼ੁਰੂ ਵਿੱਚ
  ਜਦੋਂ ਚਾਰਲੀ ਸਾਡੇ ਕਸਬੇ ਆਇਆ
  ਉਹ ਜਵਾਨ ਰਾਜਾ
3 ਚਾਰਲੀ ਹੈ ਮੇਰਾ ਪਿਆਰਾ, ਮੇਰਾ ਪਿਆਰਾ, ਮੇਰਾ ਪਿਆਰਾ
  ਚਾਰਲੀ ਹੈ ਮੇਰਾ ਪਿਆਰਾ, ਉਹ ਜਵਾਨ ਰਾਜਾ)

ਇਸ ਤਰ੍ਹਾਂ ਦੋ ਪਦ ਅਤੇ ਤਿੰਨ ਪਦ ਵਾਲ਼ੀਆਂ ਦੋਵਾਂ ਕਿਸਮਾਂ ਦੇ ਵਿਆਕਰਨ ਸਬੰਧੀ ਪਦ ਸੰਗੀਤ ਵਾਕ ਦੇ ਦੋਪਦੀ ਤੇ ਤ੍ਰੈਪਦੀ ਨਾਲ਼ ਮੇਲ਼ ਖਾਂਦੇ ਹਨ ਅਤੇ ਵਿਆਕਰਨ ਤੇ ਸੰਗੀਤ, ਦੋਵੇਂ ਕਿਸਮਾਂ ਦੇ ਵਾਕ ਕਿਰਤ-ਪ੍ਰਕਿਰਿਆ ਦੇ ਦੋ ਪੱਖ, ਬਾਹਰਮੁਖੀ ਜਾਂ ਗਿਆਨਾਤਮਕ ਅਤੇ ਅੰਤਰਮੁਖੀ ਜਾਂ ਭਾਵਾਤਮਕ ਪੱਖ ਨਾਲ਼ ਮੇਲ ਖਾਂਦੇ ਹਨ। ਇਸ ਵਿੱਚ ਬਾਹਰਮੁਖੀ ਪੱਖ ਤਾਰਕਿਕ ਰੂਪ ਵਿੱਚ ਗਠਿਤ ਹੁੰਦਾ ਹੈ ਅਤੇ ਅੰਤਰਮੁਖੀ ਪੱਖ ਲੈਆਤਮਕ ਰੂਪ ਵਿੱਚ।

“ਪਰ੍ਤੀਬੱਧ”, ਅੰਕ 25, ਜੂਨ 2015 ਵਿਚ ਪਰ੍ਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s