ਭਾਰਤ ਦੀ ਕਮਿਊਨਿਸਟ ਲਹਿਰ ਵਿੱਚ ਸੋਧਵਾਦ (ਇਤਿਹਾਸ ਦੇ ਕੁੱਝ ਜ਼ਰੂਰੀ ਅਤੇ ਦਿਲਚਸਪ ਤੱਥ)

indian communist

(ਪੀ.ਡੀ.ਐਫ਼ ਡਾਊਨਲੋਡ ਕਰੋ)

ਅਜਿਹਾ ਨਹੀਂ ਕਿ ਭਾਰਤ ਦੀ ਕਮਿਊਨਿਸਟ ਪਾਰਟੀ ਦਾ ਖਾਸਾ ਸ਼ੁਰੂ ਤੋਂ ਹੀ ਸੋਧਵਾਦੀ ਰਿਹਾ ਹੋਵੇ। ਪਾਰਟੀ ਦੀਆਂ ਗੰਭੀਰ ਵਿਚਾਰਧਾਰਕ ਕਮਜ਼ੋਰੀਆਂ ਕਾਰਨ ਵਾਰ-ਵਾਰ ਹੋਣ ਵਾਲੀਆਂ ਸਿਆਸੀ ਗਲਤੀਆਂ ਅਤੇ ਉਹਨਾਂ ਕਰਕੇ ਕੌਮੀ ਲਹਿਰ ਉਪਰ ਆਪਣਾ ਅਧਿਕਾਰ ਕਾਇਮ ਨਾ ਕਰ ਸਕਣ ਦੇ ਬਾਵਜੂਦ, ਕਮਿਊਨਿਸਟ ਸਫਾਂ ਨੇ ਸਾਮਰਾਜਵਾਦ-ਜਗੀਰਦਾਰੀ  ਵਿਰੋਧੀ ਸੰਘਰਸ਼ਾਂ ਦੌਰਾਨ ਬੇਮਿਸਾਲ ਅਤੇ ਅਨੇਕਾਂ ਕੁਰਬਾਨੀਆਂ ਦਿੱਤੀਆਂ। ਕਮਿਊਨਿਸਟ ਪਾਰਟੀ ਉੱਪਰ ਮਜ਼ਦੂਰਾਂ ਅਤੇ ਕਿਸਾਨਾਂ ਦਾ ਪੂਰਾ ਭਰੋਸਾ ਸੀ। 

1951 ਵਿੱਚ ਤਿਲੰਗਾਨਾ ਕਿਸਾਨ ਲਹਿਰ ਦੀ ਹਾਰ ਦੇ ਬਾਅਦ ਦਾ ਸਮਾਂ ਉਹ ਇਤਿਹਾਸਿਕ ਮੁਕਾਮ ਸੀ, ਜਦੋਂ ਕਿਹਾ ਜਾ ਸਕਦਾ ਹੈ ਕੀ ਭਾਰਤ ਦੀ ਕਮਿਊਨਿਸਟ ਪਾਰਟੀ ਦਾ ਜਮਾਤੀ ਖਾਸਾ ਗੁਣਾਤਮਕ ਰੂਪ ‘ਚ ਬਦਲ ਗਿਆ ਅਤੇ ਮਜ਼ਦੂਰ ਜਮਾਤ ਦੀ ਪਾਰਟੀ ਹੋਣ ਦੀ ਬਜਾਏ ਉਹ ਬੁਰਜੂਆ ਢਾਂਚੇ ਦੀ ਦੂਸਰੀ ਸੁਰੱਖਿਆ ਪੰਕਤੀ ਬਣ ਗਈ। ਉਹ ਕਮਿਊਨਿਸਟ ਨਾਮਧਾਰੀ ਬੁਰਜੁਆ ਸੁਧਾਰਵਾਦੀ ਪਾਰਟੀ ਬਣ ਗਈ। ਪਰ ਅਜਿਹਾ ਰਾਤੋ-ਰਾਤ ਅਤੇ ਅਚਾਨਕ ਨਹੀਂ ਹੋਇਆ। ਪਾਰਟੀ ਆਪਣੇ ਜਨਮ ਸਮੇਂ ਤੋਂ ਹੀ ਵਿਚਾਰਧਾਰਕ ਪੱਖੋਂ ਕਮਜ਼ੋਰ ਸੀ ਅਤੇ ਕਦੇ ਸੱਜੇ ਪੱਖੀ ਤੇ ਕਦੇ ”ਖੱਬੇ ਪੱਖੀ” (ਜਿਆਦਾਤਰ ਸੱਜੇ ਪੱਖੀ) ਭਟਕਣਾਂ ਦਾ ਸ਼ਿਕਾਰ ਹੁੰਦੀ ਰਹੀ।

1920 ਵਿੱਚ ਤਾਸ਼ਕੰਦ ਵਿੱਚ ਐਮ. ਐਨ. ਰਾਏ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਕੁਝ ਹੋਰ ਭਾਰਤੀ ਕਮਿਊਨਿਸਟਾਂ ਦੀ ਪਹਿਲ ‘ਤੇ ਭਾਰਤ ਦੀ ਕਮਿਊਨੀਸਟ ਪਾਰਟੀ ਦੀ ਸਥਾਪਨਾ ਹੋਈ। ਪਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੰਮ ਕਰਨ ਵਾਲੇ ਕਮਿਊਨਿਸਟ ਗਰੁੱਪ ਮੁੱਖ ਤੌਰ ਤੇ ਅਲੱਗ-ਅਲੱਗ ਅਤੇ ਸੁਤੰਤਰ ਰੂਪ ਵਿੱਚ ਕੰਮ ਕਰਦੇ ਰਹੇ। ਮੁੜ 1925 ਵਿੱਚ ਸਤਿੱਆ ਭਗਤ ਦੀ ਪਹਿਲ ਤੇ ਕਾਨਪੁਰ ਵਿੱਚ ਕੁੱਲ ਭਾਰਤ ਕਮਿਊਨਿਸਟ ਕਾਨਫਰੰਸ ਵਿੱਚ ਪਾਰਟੀ ਦਾ ਐਲਾਨ ਹੋਇਆ, ਪਰ ਉਸ ਦੇ ਬਾਅਦ ਇੱਕ ਇੱਕਜੁੱਟ ਕੇਂਦਰੀ ਅਗਵਾਈ ਦੇ ਅਧੀਨ ਪਾਰਟੀ ਦਾ ਸੰਗਠਿਤ ਇਨਕਲਾਬੀ ਢਾਂਚਾ ਨਹੀ ਬਣ ਸਕਿਆ। ਕਾਨਪੁਰ ਕਾਨਫਰੰਸ ਤਾਂ ਲੈਨਿਨਵਾਦੀ ਅਰਥਾਂ ਵਿੱਚ ਇੱਕ ਪਾਰਟੀ ਕਾਂਗਰਸ ਸੀ ਹੀ ਨਹੀ। 20 ਸਦੀ ਦੇ ਦਹਾਕੇ ਵਿੱਚ, ਮਜ਼ਦੂਰਾਂ ਅਤੇ ਕਿਸਾਨਾਂ ਦੇ ਜੁਝਾਰੂ ਸੰਘਰਸ਼ਾਂ, ਉਨਾਂ ਵਿੱਚ ਕਮਿਊਨਿਸਟ ਪਾਰਟੀ ਦੀ ਵਿਆਪਕ ਮਾਨਤਾ ਅਤੇ ਆਧਾਰ, ਭਗਤ ਸਿੰਘ ਜੇਹੇ ਪ੍ਰਤਿਭਾਸ਼ਾਲੀ ਨੌਜਵਾਨ ਇਨਕਲਾਬੀਆਂ ਦੇ ਕਮਿਊਨਿਜਮ ਵੱਲ ਝੁਕਾਅ ਅਤੇ ਕਾਂਗਰਸ ਦੀ ਸਥਿਤੀ (ਅਸਿਹਯੋਗ ਅੰਦੋਲਨ ਦੀ ਵਾਪਸੀ ਦੇ ਬਾਅਦ ਅਤੇ ਸਵਰਾਜ ਪਾਰਟੀ ਦਾ ਦੌਰ) ਖਰਾਬ ਹੋਣ ਦੇ ਬਾਵਜੂਦ ਕਮਿਊਨਿਸਟ ਪਾਰਟੀ ਇਸ ਸਥਿਤੀ ਦਾ ਲਾਭ ਨਹੀ ਲੈ ਸਕੀ। ਇਹ ਅਲੱਗ ਤੋਂ ਵਿਸਥਾਰੀ ਚਰਚਾ ਦਾ ਵਿਸ਼ਾ ਹੈ। ਮੂਲ ਗੱਲ ਇਹ ਹੈ ਕਿ ਵਿਚਾਰਧਾਰਾ ਪੱਖੋ ਕਮਜ਼ੋਰ ਇੱਕ ਢਿੱਲੀ ਢਾਲੀ ਪਾਰਟੀ ਤੋਂ ਇਹ ਉਮੀਦ ਕੀਤੀ ਹੀ ਨਹੀਂ ਜਾ ਸਕਦੀ। 1933 ਵਿੱਚ ਪਹਿਲੀ ਵਾਰ, ਕਮਿਊਨਿਸਟ ਇੰਟਰਨੈਸ਼ਨਲ, ਬ੍ਰਿਟਿਸ਼ ਕਮਿਊਨਿਸਟ ਪਾਰਟੀ ਅਤੇ ਚੀਨੀ ਕਮਿਊਨਿਸਟ ਪਾਰਟੀ ਦੇ ਸੁਝਾਵਾਂ ਅਪੀਲਾਂ ਤੋਂ ਬਾਅਦ ਭਾਰਤ ਦੀ ਕਮਿਊਨਿਸਟ ਪਾਰਟੀ ਦਾ ਇੱਕ ਪ੍ਰਵਾਨਤ ਜਥੇਬੰਧਕ ਢਾਂਚਾ ਬਣਾਉਣ ਦੇ ਯਤਨਾਂ ਦੀ ਸ਼ੁਰੂਆਤ ਹੋਈ ਅਤੇ ਇੱਕ ਕੇਂਦਰੀ ਕਮੇਟੀ ਦਾ ਗਠਨ ਹੋਇਆ। ਪਰ ਅਸਲ ਵਿੱਚ ਉਸ ਦੇ ਬਾਅਦ ਵੀ ਪਾਰਟੀ ਦਾ ਢਾਂਚਾ ਢਿੱਲਾ-ਢਾਲਾ ਹੀ ਬਣਿਆ ਰਿਹਾ। ਪੀ. ਸੀ. ਜੋਸ਼ੀ ਦੇ ਸੈਕਟਰੀ ਹੋਣ ਦੋਰਾਨ ਪਾਰਟੀ ਆਮ ਰੂਪ ‘ਚ ਸੱਜੇ ਪੱਖੀ ਭਟਕਾਅ ਦੀ ਸ਼ਿਕਾਰ ਰਹੀ ਤੇ ਰਣਦੀਵੇ ਦਾ ਅਗਵਾਈ ਦੇ ਥੋੜੇ ਜਿਹੇ ਸਮੇਂ ਦੌਰਾਨ ਖੱਬੀ ਮਾਅਰਕੇਬਾਜ਼ੀ ਨਾਲ ਗ੍ਰਸਤ ਰਹੀ। ਪਾਰਟੀ ਦੀ ਵਿਚਾਰਧਾਰਕ ਕਮਜੌਰੀ ਦਾ ਆਲਮ ਇਹ ਸੀ ਕਿ 1951 ਤੱਕ ਪਾਰਟੀ ਕੋਲ ਇਨਕਲਾਬ ਦਾ ਕੋਈ ਪ੍ਰੋਗਰਾਮ ਨਹੀਂ ਸੀ। 1951 ਵਿੱਚ ਸੋਵੀਅਤ ਕੌਮਿਊਨਿਸਟ ਪਾਰਟੀ ਵੱਲੋਂ ਇਸ ਵਿਡੰਬਨਾ ਵੱਲ ਧਿਆਨ ਦਿਵਾਉਣ ਅਤੇ ਜ਼ਰੂਰੀ ਸੁਝਾਅ ਦੇਣ ਦੇ ਬਾਅਦ, ਭਾਰਤੀ ਪਾਰਟੀ ਦੇ ਡੈਲੀਗੇਸ਼ਨ ਨੇ ਇੱਕ ਪਾਲਿਸੀ ਬਿਆਨ ਜ਼ਾਰੀ ਕੀਤਾ ਅਤੇ ਫਿਰ ਉਸ ਆਧਾਰ ਉੱਤੇ ਇੱਕ ਪ੍ਰੋਗਰਾਮ ਤਿਆਰ ਕਰ ਲਿਆ ਗਿਆ। ਯਾਨੀ ਤੀਹ ਸਾਲਾਂ ਤੱਕ ਪਾਰਟੀ ਕੌਮਾਂਤਰੀ ਲੀਡਰਸ਼ਿਪ ਦੁਆਰਾ  ਪੇਸ਼  ਆਮ ਲੀਹ ਦੇ ਆਧਾਰ ‘ਤੇ ਕੌਮੀ ਜ਼ਮਹੂਰੀ ਇਨਕਲਾਬ ਦੀ ਇੱਕ ਮੋਟੀ ਸਮਝਦਾਰੀ ਦੇ ਆਧਾਰ ਤੇ ਹੀ ਕੰਮ ਕਰਦੀ ਰਹੀ। ਰੂਸ ਅਤੇ ਚੀਨ ਦੀਆਂ ਪਾਰਟੀਆਂ ਦੀ ਤਰਾਂ ਭਾਰਤ ਦੀ ਕਮਿਊਨਿਸਟ ਪਾਰਟੀ ਨੇ ਆਪਣੇ ਦੇਸ਼ ਦੀਆਂ ਠੋਸ-ਹਲਾਤਾਂ ਦਾ, ਪੈਦਾਵਾਰੀ ਸੰਬਧਾਂ ਅਤੇ ਆਧਾਰ ਦਾ ਠੋਸ ਅਧਿਐਨ-ਮੁਲਾਂਕਣ ਕਰਕੇ ਇਨਕਲਾਬ ਦਾ ਪ੍ਰੋਗਰਾਮ ਤੈਅ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੇ ਪਿੱਛੇ ਪਾਰਟੀ ਦੀ ਵਿਚਾਰਧਾਰਕ ਕਮਜ਼ੋਰੀ ਹੀ ਮੁੱਖ ਕਾਰਨ ਸੀ ਅਤੇ ਪ੍ਰੋਗਰਾਮ ਦੀ ਸਹੀ ਸਮਝ ਦੀ ਕਮੀ ਕਾਰਨ ਪੈਦਾ ਹੋਈ ਖੜੋਤ ਨੇ, ਫਿਰ ਆਪਣੇ ਸਮੇ ਵਿੱਚ, ਇਸ ਵਿਚਾਰਧਾਰਕ ਕਮਜ਼ੋਰੀ ਨੂੰ ਵਧਾਉਣ ਦਾ ਹੀ ਕੰਮ ਕੀਤਾ। 

ਤਿਲੰਗਾਨਾ ਕਿਸਾਨ ਲਹਿਰ ਦੀ ਹਾਰ ਦੇ ਬਾਅਦ ਪਾਰਟੀ ਲੀਡਰਸ਼ੀਪ ਨੇ ਪੂਰੀ ਤਰ੍ਹਾਂ ਨਾਲ ਬੁਰਜੁਆਜੀ ਦੀ ਸੱਤ੍ਹਾ ਪ੍ਰਤੀ ਗੋਡੇ ਟੇਕੂ ਰੁੱਖ ਅਪਣਾ ਲਿਆ। 1952 ਤੋਂ ਪਹਿਲਾਂ ਆਮ ਚੋਣਾਂ ਵਿੱਚ ਸ਼ਮੂਲੀਅਤ ਤੱਕ ਪਾਰਟੀ ਪੂਰੀ ਤਰ੍ਹਾਂ ਸੋਧਵਾਦੀ ਹੋ ਚੁੱਕੀ ਸੀ। ਸੰਸਦੀ ਚੋਣਾਂ ਵਿੱਚ ਸ਼ਮੂਲੀਅਤ ਅਤੇ ਆਰਥਿਕ ਢੰਗ ਨਾਲ ਮਜ਼ਦੂਰ-ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼- ਇਹੀ ਦੋ ਉਸ ਦੇ ਰੋਜ਼ਮਰਾ ਦੇ ਕੰਮ ਰਹਿ ਗਏ ਸਨ। ਪਾਰਟੀ ਦੇ ਬਚੇ-ਖੁਚੇ ਲੈਨਿਨਵਾਦੀ ਢਾਂਚੇ ਨੂੰ ਵੀ ਭੁਲਾ ਦਿੱਤਾ ਗਿਆ ਅਤੇ ਇਸ ਨੂੰ ਪੂਰੀ ਤਰ੍ਹਾਂ ਖੁੱਲੇ ਢਾਂਚੇ ਵਾਲੀ ਅਤੇ ਟ੍ਰੇਡ ਯੂਨੀਅਨਾਂ ਜਿਹੀ ਚੁਆਨੀ ਲੈ ਕੇ ਮੈਂਬਰੀ ਦੇਣ ਵਾਲੀ ਪਾਰਟੀ ਬਣਾ ਦਿੱਤਾ ਗਿਆ। ਸੋਵੀਅਤ ਸੰਘ ਵਿੱਚ ਖਰੁਸ਼ਚੇਵੀ ਸੋਧਵਾਦ ਦੇ ਭਾਰੂ ਹੋਣ ਅਤੇ 1956 ਦੀ 20ਵੀਂ ਕਾਂਗਰਸ ਤੋਂ ਬਾਅਦ ਭਾਰਤੀ ਕਮਿਊਨਿਸਟ ਪਾਰਟੀ ਦੇ ਸੋਧਵਾਦ ਨੂੰ ਕੌਮਾਂਤਰੀ ਮਾਨਤਾ ਵੀ ਮਿਲ ਗਈ। 1958 ਵਿੱਚ ਅਮ੍ਰਿਤਸਰ ਦੀ ਵਿਸ਼ੇਸ਼ ਕਾਂਗਰਸ ਵਿੱਚ ਪਾਰਟੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚੋਂ ਸਰਵਸੰਮਤੀ ਨਾਲ, ਇਨਕਲਾਬੀ ਹਿੰਸਾ ਦੀ ਧਾਰਾ ਕੱਢ ਦਿੱਤੀ ਗਈ। 

ਪਰ ਹੁਣ ਪਾਰਟੀ ਦੇ ਸੋਧਵਾਦੀ ਹੀ ਦੋ ਧੜਿਆਂ ਵਿੱਚ ਵੰਡੇ ਗਏ। ਡਾਂਗੇ-ਅਧਿਕਾਰੀ-ਰਾਜੇਸ਼ਵਰ ਰਾਓ ਆਦਿ ਦੀ ਅਗਵਾਈ ਵਾਲੇ ਧੜੇ ਦਾ ਕਹਿਣਾ ਸੀ ਕਿ ਕਾਂਗਰਸ ਦੇ ਅੰਦਰ ਅਤੇ ਬਾਹਰ ਦੀ ਰੂੜੀਵਾਦੀ ਬੁਰਜੁਆਜ਼ੀ ਦਾ ਵਿਰੋਧ ਕਰਦੇ ਨਹਿਰੂ ਦੀ ਅਗਵਾਈ ਵਿੱਚ ਪ੍ਰਗਤੀਸ਼ੀਲ ਕੌਮੀ ਬੁਰਜੁਆਜ਼ੀ ਦੇ ਸਿਆਸੀ ਨੁਮਾਇੰਦੇ ਜਮਹੂਰੀ ਇਨਕਲਾਬ ਦੀ ਕਰਤੱਵ ਪੂਰਤੀ ਕਰ ਰਹੇ ਹਨ ਅਤੇ ਕਮਿਊਨਿਸਟ ਪਾਰਟੀ ਨੂੰ ਉਹਨਾਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਇਸ ਕੰਮ ਦੇ ਪੂਰਾ ਹੋਣ ਤੋਂ ਬਾਅਦ ਉਸ ਦਾ ਫਰਜ਼ ਹੋਵੇਗਾ ਸੰਸਦ ਰਸਤੇ ਸੱਤ੍ਹਾ ਵਿੱਚ ਆਕੇ ਸਾਮਜਵਾਦੀ ਇਨਕਲਾਬ ਨੂੰ ਅੰਜਾਮ ਦੇਣਾ। ਇਹ ਕੌਮੀ ਜਮੂਹਰੀ ਇਨਕਲਾਬ ਦੀ ਗੱਲ ਕਰ ਰਹੇ ਸਨ, ਜਦੋਂ ਕਿ ਲੋਕ ਜਮਹੂਰੀ ਇਨਕਲਾਬਾਂ ਦੀ ਗੱਲ ਕਰਨ ਵਾਲਾ ਸੁੰਦਰੱਈਆ-ਗੋਪਾਲ- ਨੰਬੂਦਰੀਪਾਦ ਦੀ ਅਗਵਾਈ ਵਾਲਾ ਦੂਜਾ ਧੜਾ ਕਹਿ ਰਿਹਾ ਸੀ ਕਿ ਹੁਕਮਰਾਨ ਕਾਂਗਰਸ ਸਾਮਰਾਜਵਾਦ ਨਾਲ ਸਮਝੌਤੇ ਕਰ ਰਹੀ ਹੈ ਅਤੇ ਜਮੀਨੀ ਸੁਧਾਰਾਂ ਦੇ ਵਾਅਦੇ ਤੋਂ ਮੁਕਰ ਰਹੀ ਹੈ, ਇਸ ਲਈ ਜਮਹੂਰੀ ਇਨਕਲਾਬ ਦੇ ਕਰਤੱਵਾਂ ਨੂੰ ਪੂਰਾ ਕਰਨ ਲਈ ਸਾਨੂੰ ਬੁਰਜੂਆਜੀ ਦੇ ਰੈਡੀਕਲ ਹਿੱਸਿਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨਾ ਹੋਵੇਗਾ। ਦੋਵੇਂ ਹੀ ਧੜੇ ਜਮਹੂਰੀ ਇਨਕਲਾਬ ਦੀ ਗੱਲ ਕਰਦੇ ਹੋਏ, ਹਾਕਮ ਬੁਰਜ਼ੂਆਜ਼ੀ ਦੇ ਖਾਸੇ ਦਾ ਅਲੱਗ-ਅਲੱਗ ਮੁਲੰਕਣ ਕਰਦੇ ਹੋਏ, ਅਲੱਗ-ਅਲੱਗ ਕੰਮ ਢੰਗ ਦੇ ਨਤੀਜੇ ਕੱਢ ਰਹੇ ਸਨ ਪਰ ਦੋਵਾਂ ਦੇ ਜਮਾਤੀ ਖਾਸੇ ਵਿੱਚ ਕੋਈ ਫ਼ਰਕ ਨਹੀਂ ਸੀ। ਦੋਵੇ ਹੀ ਧੜੇ ਸੰਸਦੀ ਰਾਹ ਨੂੰ ਮੁੱਖ ਰਾਹ ਦੇ ਰੂਪ ਵਿੱਚ ਚੁਣ ਚੁੱਕੇ ਸਨ। ਦੋਵੇਂ ਬਾਲਸ਼ਵਿਕ ਜਥੇਬੰਦਕ ਅਸੂਲਾਂ ਅਤੇ ਢਾਂਚੇ ਦਾ ਤਿਆਗ ਕਰ ਚੁੱਕੇ ਸਨ ਅਤੇ ਕਾਉਟਸਕੀ, ਮਾਰਤੋਵ ਅਤੇ ਖਰੁਸ਼ਚੇਵ ਦਾ ਰਾਹ ਅਪਣਾ ਚੁੱਕੇ ਸਨ। ਫਰਕ ਸਿਰਫ ਇਹੀ ਸੀ ਇੱਕ ਧੜਾ ਸਿੱਧਾ ਛਾਲ ਮਾਰ ਕੇ ਬੁਰਜੁਆਜ਼ੀ ਦੀ ਬੁੱਕਲ ਵਿੱਚ ਬੈਠ ਜਾਣਾ ਚਾਹੁੰਦਾ ਸੀ, ਜਦੋਂ ਕਿ ਦੂਜਾ ਵਿਰੋਧੀ ਸੰਸਦੀ ਪਾਰਟੀ ਦਾ ਰੋਲ ਨਿਭਾਉਣਾ ਚਾਹੁੰਦਾ ਸੀ ਤਾਂ ਕਿ ਰੈਡੀਕਲ ਵਿਰੋਧ ਦਾ ਤੇਵਰ ਦਿਖਾ ਕੇ ਲੋਕਾਂ ਨੂੰ ਜਿਆਦਾ ਦਿਨਾਂ ਤੱਕ ਠੱਗਿਆ ਜਾ ਸਕੇ। ਇੱਕ ਧੜਾ ਅਰਥਵਾਦ ਦਾ ਪੈਰੋਕਾਰ ਸੀ ਤਾਂ ਦੂਸਰਾ ਉਸਦੇ ਮੁਕਾਬਲੇ ਜ਼ਿਆਦਾ ਜੁਝਾਰੂ ਅਰਥਵਾਦ ਦੀ ਵੰਨਗੀ ਪੇਸ਼ ਕਰ ਰਿਹਾ ਸੀ। ਦੇਸ਼ ਦੀਆਂ ਹਾਲਤਾਂ ਦੇ ਵਿਸ਼ਲੇਸ਼ਣ ਅਤੇ ਪ੍ਰੋਗਰਾਮ ਨਾਲ ਸੰਬੰਧਤ ਮੱਤਭੇਦਾਂ-ਝਗੜਿਆਂ ਦਾ ਤਾਂ ਵੈਸੇ ਵੀ ਕੋਈ ਮਤਲਬ ਨਹੀਂ ਸੀ, ਕਿਉਂਕਿ ਜੇਕਰ ਇਨਕਲਾਬ ਕਰਨਾ ਹੀ ਨਹੀਂ ਸੀ ਤਾਂ ਪ੍ਰੋਗਰਾਮ  ਤਾਂ ‘ਠੰਡੇ ਬਸਤੇ’ ਵਿੱਚ ਹੀ ਰੱਖਿਆ ਰਹਿਣਾ ਸੀ। 

1964 ਵਿੱਚ ਦੋਵੇਂ ਧੜੇ ਐਲਾਨੀਆ ਰੂਪ ਨਾਲ ਵੱਖ ਹੋ ਗਏ। ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਤੋਂ ਵੱਖ ਹੋਣ ਵਾਲੀ ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਆਗੂਆਂ ਨੇ ਭਾਕਪਾ ਨੂੰ ਸੋਧਵਾਦੀ ਦੱਸਿਆ ਅਤੇ ਸਫਾਂ ਦੀਆਂ ਨਜ਼ਰਾਂ ਵਿੱਚ ਖੁਦ ਨੂੰ ਇਨਕਲਾਬੀ ਸਿੱਧ ਕਰਨ ਲਈ ਜੰਮ ਕੇ ਗਰਮ-ਗਰਮ ਗੱਲਾਂ ਕੀਤੀਆਂ। ਪਰ ਸਚਾਈ ਇਹ ਸੀ ਕਿ ਮਾਕਪਾ ਵੀ ਇੱਕ ਸੋਧਵਾਦੀ ਪਾਰਟੀ ਹੀ ਸੀ ਅਤੇ ਜ਼ਿਆਦਾ ਢੀਠ ਅਤੇ ਕਪਟੀ ਸੋਧਵਾਦੀ ਪਾਰਟੀ ਸੀ। 

ਇਸ ਨਵੀਂ ਸੋਧਵਾਦੀ ਪਾਰਟੀ ਦੀ ਸੱਚਾਈ ਨੂੰ ਉਜਾਗਰ ਕਰਨ ਲਈ ਕੇਵਲ ਕੁਝ ਤੱਥ ਹੀ ਕਾਫੀ ਹੋਣਗੇ। 1964 ਵਿੱਚ ਬਣੀ ਇਸ ਨਵੀਂ ਪਾਰਟੀ ਨੇ ਅਮ੍ਰਿਤਸਰ ਕਾਂਗਰਸ ਦੁਆਰਾ ਪਾਰਟੀ ਸੰਵਿਧਾਨ ਵਿੱਚ ਕੀਤੀ ਗਈ ਤਬਦੀਲੀ ਨੂੰ ਠੀਕ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਸ਼ਾਂਤੀ ਪੂਰਵਕ ਤਬਦੀਲੀ ਦੀ ਥਾਂ ਇਨਕਲਾਬ ਦੇ ਮਾਰਗ ਦੇ ਖੁੱਲੇ ਐਲਾਨ ਅਤੇ ”ਸੰਸਦੀ ਅਤੇ ਗੈਰ ਸੰਸਦੀ ਰਾਹ” ਜਿਹੀ ਗੋਲ-ਮੋਲ ਭਾਸ਼ਾ ਦੀ ਆਪਣੇ ਪ੍ਰੋਗਰਾਮ ਵਿੱਚ ਵਰਤੋਂ ਕੀਤੀ ਜਿਸਦੀ ਜ਼ਰੂਰਤ ਅਨੁਸਾਰ ਮਨਮਰਜ਼ੀ ਦੀ ਵਿਆਖਿਆ ਕੀਤੀ ਜਾ ਸਕਦੀ ਸੀ। ਆਰਥਿਕ ਅਤੇ ਸਿਆਸੀ ਸੰਘਰਸ਼ਾਂ ਦੇ ਆਪਸੀ ਸੰਬੰਧਾਂ ਬਾਰੇ ਇਸਦੀ ਸੋਚ ਮੁੱਖ ਰੂਪ ਵਿੱਚ ਲੈਨਿਨਵਾਦੀ ਨਾ ਹੋਕੇ ਸੰਘ ਸਮਾਜਵਾਦੀਆਂ ਅਤੇ ਅਰਥਵਾਦੀਆਂ ਜਿਹੀ ਹੀ ਸੀ। ਫਰਕ ਇਹ ਸੀ ਕਿ ਇਸ ਦੇ ਅਰਥਵਾਦ ਦੇ ਤੇਵਰ ਭਾਕਪਾ ਦੇ ਅਰਥਵਾਦ ਦੇ ਮੁਕਾਬਲੇ ਜਿਆਦਾ ਜੁਝਾਰੂ ਸਨ। ਇਸ ਦੇ ਅਸਲੀ ਖਾਸੇ ਦਾ ਸਭ ਤੋਂ ਸਪੱਸ਼ਟ ਸੰਕੇਤ ਇਹ ਸੀ ਕਿ ਭਾਕਪਾ ਦੀ ਹੀ ਤਰ੍ਹਾਂ ਇਹ ਵੀ ਪੂਰੀ ਤਰ੍ਹਾਂ ਨਾਲ ਖੁੱਲੀ ਪਾਰਟੀ ਸੀ ਅਤੇ ਮੈਂਬਰਸ਼ਿੱਪ ਦੇ ਪੈਮਾਨੇ ਭਾਕਪਾ ਤੋਂ ਕੁਝ ਜ਼ਿਆਦਾ ਸਖ਼ਤ ਲੱਗਣ ਦੇ ਬਾਵਜੂਦ (ਹੁਣ ਤਾਂ ਉਹ ਵੀ ਨਹੀਂ ਹਨ) ਇਹ ਵੀ ਚੁਆਨੀ ਮੈਂਬਰੀ ਵਾਲੀ ‘ਮਾਸ ਪਾਰਟੀ’ ਹੀ ਸੀ। 

ਖੁਰਚੇਵੀ ਸੋਧਵਾਦ ਦੇ ਵਿਰੁੱਧ ਚੀਨ ਦੀ ਕਮਿਊਨਿਸਟ ਪਾਰਟੀ ਦਾ ਸੰਘਰਸ਼ 1957 ਤੋਂ ਹੀ ਜ਼ਾਰੀ ਸੀ। ਜੋ 1963 ਵਿੱਚ ‘ਮਹਾਨ ਬਹਿਸ’ ਨਾਮ ਨਾਲ ਪ੍ਰਸਿੱਧ ਖੁੱਲੀ ਬਹਿਸ ਦੇ ਰੂਪ ਵਿੱਚ ਫੁੱਟ ਪਿਆ ਅਤੇ ਕੌਮਾਂਤਰੀ ਕਮਿਊਨਿਸਟ ਲਹਿਰ ਰਸਮੀ ਤੌਰ ਤੇ ਦੋਫਾੜ ਹੋ ਗਈ। 

ਭਾਰਤ ਦੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਲੀਡਰਸ਼ਪ ਨੇ ਪਹਿਲਾਂ ਤਾਂ ਇਸ ਬਹਿਸ ਦੀ ਪਾਰਟੀ ਸਫਾਂ ਨੂੰ ਜਾਣਕਾਰੀ ਹੀ ਨਹੀਂ ਦਿੱਤੀ। ਇਸ ਮਾਮਲੇ ਵਿੱਚ ਭਾਕਪਾ ਆਗੂਆਂ ਦੀ ਪੋਜੀਸ਼ਨ ਸਾਫ ਸੀ। ਉਹ ਡੰਕੇ ਦੀ ਚੋਟ ਨਾਲ ਖਰੁਸ਼ਚੇਵੀ ਸੋਧਵਾਦ ਦੇ ਨਾਲ ਖੜੇ ਸਨ। ਮਹਾਨ ਬਹਿਸ ਦੀ ਜਾਣਕਾਰੀ ਅਤੇ ਦਸਤਾਵੇਜ਼ ਜਦ ਸਫਾਂ ਤੱਕ ਪਹੁੰਚਣ ਲੱਗੇ ਤਾਂ ਮਾਕਪਾ ਲੀਡਰਸ਼ਿਪ ਪੁਜੀਸ਼ਨ ਲੈਣ ਲਈ ਮਜ਼ਬੂਰ ਹੋਈ। ਪੋਜੀਸ਼ਨ ਵੀ ਉਸ ਨੇ ਅਜੀਬੋ-ਗਰੀਬ ਲਈ, ਉਸਦਾ ਕਹਿਣਾ ਸੀ ਕਿ ਸੋਵੀਅਤ ਪਾਰਟੀ ਦਾ ਖਾਸਾ ਸੋਧਵਾਦੀ ਹੈ ਪਰ ਰਾਜ ਅਤੇ ਸਮਾਜ ਦਾ ਖਾਸਾ ਸਮਾਜਵਾਦੀ ਹੈ। ਨਾਲ ਹੀ ਉਸਦਾ ਇਹ ਵੀ ਕਹਿਣਾ ਸੀ ਕਿ ਖਰੁਸ਼ਚੇਵੀ ਸੋਧਵਾਦ ਦਾ ਵਿਰੋਧ ਕਰਨ ਵਾਲੀ ਚੀਨੀ ਪਾਰਟੀ ”ਖੱਬੀ” ਤੰਗਨਜ਼ਰ ਅਤੇ ਮਾਅਰਕੇਬਾਜੀ ਦੀ ਸ਼ਿਕਾਰ ਹੈ। ਹੁਣ ਜੇਕਰ ਮੰਨ ਲਈਏ ਕਿ ਸੱਠ ਦੇ ਦਹਾਕੇ ਵਿੱਚ ਸੋਵੀਅਤ ਸਮਾਜ ਅਜੇ ਤੱਕ ਸਮਾਜਵਾਦੀ ਬਣਿਆਂ ਹੋਇਆ ਸੀ, ਤਾਂ ਵੀ, ਜੇਕਰ ਸੱਤ੍ਹਾ ਸੋਧਵਾਦੀ ਪਾਰਟੀ ਭਾਵ ਤੱਤ ਰੂਪ ‘ਚ ਪੂੰਜੀਵਾਦੀ ਪਾਰਟੀ ਦੇ ਹੱਥਾਂ ਵਿੱਚ ਸੀ ਤਾਂ ਰਾਜ ਅਤੇ ਸਮਾਜ ਦਾ ਸਮਾਜਵਾਦੀ ਖਾਸਾ ਕੁੱਝ ਕੁ ਸਾਲਾਂ ਤੋਂ ਜਿਆਦਾ ਸਮੇਂ ਤੱਕ ਬਣਿਆ ਹੀ ਨਹੀਂ ਰਹਿ ਸਕਦਾ ਸੀ। ਪਰ ਮਾਕਪਾ ਅਗਲੇ ਵੀਹ-ਪੱਚੀ ਸਾਲਾਂ ਤੱਕ (ਭਾਵ ਸੋਵੀਅਤ ਸੰਘ ਦੇ ਖਿੰਡਣ ਦੇ ਸਮੇਂ ਤੱਕ) ਨਾ ਸਿਰਫ ਸੋਵੀਅਤ ਸੰਘ ਨੂੰ ਸਮਾਜਵਾਦੀ ਦੇਸ਼ ਮੰਨਦੀ ਰਹੀ, ਸਗੋਂ ਦੂਜੇ ਪਾਸੇ ਹੌਲੀ-ਹੌਲੀ ਸੋਵੀਅਤ ਪਾਰਟੀ ਨੂੰ ਸੋਧਵਾਦੀ ਕਹਿਣਾ ਵੀ ਬੰਦ ਕਰ ਦਿੱਤਾ। ਇਸ ਦੇ ਉਲਟ, ਮਾਓ ਅਤੇ ਚੀਨੀ ਪਾਰਟੀ ਪ੍ਰਤੀ ਉਸ ਨੇ ਚੁੱਪ ਵੱਟੀ ਰੱਖੀ। ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀ ਜਾਂ ਤਾਂ ਉਸ ਨੇ ਦੱਬੀ ਜਬਾਨ ਨਾਲ ਅਲੋਚਨਾ ਕੀਤੀ, ਜਾਂ ਫਿਰ ਉਸ ਪ੍ਰਤੀ ਚੁੱਪ ਦਾ ਰੁੱਖ ਅਪਣਾਇਆ। ਚੀਨ ਵਿਚ ਮਾਓ ਦੀ ਮੌਤ ਤੋਂ ਬਾਅਦ ਤਾਂ ਜਿਵੇਂ ਇਸ ਪਾਰਟੀ ਦੀਆਂ ਵਾਛਾਂ ਖਿੜ ਗਈਆ। ਉੱਥੇ ਪੂੰਜੀਵਾਦੀ ਮੁੜ ਬਹਾਲੀ ਤੋਂ ਬਾਅਦ ਡੇਂਗ ਸਿਆਓ ਪਿੰਗ ਅਤੇ ਉਸਦੇ ਚੇਲੇ-ਚਾਟੜਿਆਂ ਨੇ ਸਮਾਜਵਾਦੀ ਤਬਦੀਲੀ ਸੰਬੰਧੀ ਮਾਓ ਦੀਆਂ ਨੀਤੀਆਂ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਦਿੱਤੀ ਅਤੇ ”ਚਾਰ ਨਵੀਨੀਕਰਨ” ਅਤੇ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਦੇ ਸਿਧਾਂਤ ਦੇ ਨਾਮ ‘ਤੇ ਜਮਾਤੀ ਭਿਆਲੀ ਦੀਆਂ ਨੀਤੀਆਂ ਦੀ ਸ਼ੁਰੂਆਤ ਕੀਤੀ। ਦੁਨੀਆਂ ਦੀ ਮਜ਼ਦੂਰ ਜ਼ਮਾਤ ਨੂੰ ਠੱਗਣ ਲਈ ਉਹਨਾਂ ਨੇ ਪੂੰਜੀਵਾਦੀ ਮੁੜ ਬਹਾਲੀ ਦੀਆਂ ਆਪਣੀਆਂ ਨੀਤੀਆਂ ਨੂੰ ”ਬਜ਼ਾਰ ਸਮਾਜਵਾਦ” ਦਾ ਨਾਂ ਦਿੱਤਾ। ਪਰ ਇਸ ਨਕਲੀ ਸਮਾਜਵਾਦ ਦਾ ਖਾਸਾ ਅੱਜ ਪੂਰੀ ਤਰਾਂ ਬੇਨਕਾਬ ਹੋ ਚੁੱਕਿਆ ਹੈ। ਚੀਨ ਵਿੱਚ ਸਮਾਜਵਾਦ ਦੀਆਂ ਸਾਰੀਆਂ ਪ੍ਰਾਪਤੀਆਂ ਖਤਮ ਹੋ ਚੁੱਕੀਆ ਹਨ। ਕਮਿਊਨ ਤੋੜੇ ਜਾ ਚੁੱਕੇ ਹਨ। ਖੇਤੀ ਅਤੇ ਸੱਨਅਤ ਵਿੱਚ ਸਮਾਜਵਾਦ ਦੇ ਰਾਜਕੀ ਪੂੰਜੀਵਾਦ ਵਿੱਚ ਰੂਪ ਬਦਲੀ ਦੇ ਬਾਅਦ ਹੁਣ ਨਿੱਜੀਕਰਨ ਅਤੇ ਉਦਾਰੀਕਰਨ ਦੀ ਮੁਹਿੰਮ ਬੇਲਗਾਮ ਜਾਰੀ ਹੈ। ਹੁਣ ਇਹ ਸਿਰਫ ਸਮੇਂ ਦੀ ਗੱਲ ਹੈ ਕਿ ਸਮਾਜਵਾਦ ਦਾ ਚੋਲਾ ਅਤੇ ਨਕਲੀ ਲਾਲ ਝੰਡਾ ਉੱਥੇ ਕਦੋਂ ਧੂੜ ਵਿੱਚ ਸੁੱਟ ਦਿੱਤਾ ਜਾਵੇਗਾ।

ਮਾਕਪਾ ਅਤੇ ਭਾਕਪਾ ਆਪਣੇ ਅਸਲੀ ਚਰਿੱਤਰ ਨੂੰ ਢਕਣ ਦੇ ਲਈ ਅੱਜ ਚੀਨ ਦੇ ਇਸੇ ”ਬਜ਼ਾਰ ਸਮਾਜਵਾਦ” ਦੇ ਗੁਣ ਗਾਉਂਦੀਆਂ ਹਨ। ਉਦਾਰੀਕਰਨ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਵਿਰੋਧ ਦਾ ਜ਼ੁਬਾਨੀ ਜਮਾਖਰਚ ਕਰਦੇ ਹੋਏ ਇਹ ਪਾਰਟੀਆਂ ਅਸਲ ਵਿੱਚ ਇਹਨਾਂ ਦੀਆਂ ਪੈਰੋਕਾਰ ਬਣੀਆਂ ਹੋਈਆ ਹਨ। ਬੰਗਾਲ, ਕੇਰਲਾ ਅਤੇ ਤ੍ਰਿਪੁਰਾ ਵਿੱਚ ਸੱਤਾਧਾਰੀ ਰਹਿੰਦੇ ਹੋਏ ਇਹ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਦੀਆਂ ਅਤੇ ਵਿਸ਼ਵੀਕਰਨ ਦੀ ਕਰੂਰਤਾ ਨੂੰ ਢੱਕਣ ਲਈ ਉਸ ਨੂੰ ਮੁਨੱਖੀ ਚਿਹਰਾ ਦੇਣ ਦੀ, ਉਸਦੀ ਅੰਧਾਧੁੰਦ ਰਫਤਾਰ ਨੂੰ ਘੱਟ ਕਰਨ ਦੇ ਵੱਲ ਨਹਿਰੂ ਸਮੇਂ ਪਬਲਿਕ ਸੈਕਟਰ ਦੇ ਢਾਂਚੇ ਨੂੰ ਬਣਾਈ ਰੱਖਣ ਦੀ ਪੈਰਵਾਈ ਕਰਦੀਆਂ ਹਨ। ਬੱਸ ਇਹ ਹੀ ਇਹਨਾਂ ਦਾ ”ਸਮਾਜਵਾਦ ” ਹੈ। ਇਹ ਪਾਰਟੀਆਂ ਕਮਿਊਨਿਜ਼ਮ ਦੇ ਨਾਂ ਤੇ ਮਜ਼ਦੂਰ ਜ਼ਮਾਤ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਉਹਨਾਂ ਨੂੰ ਜਮਾਤੀ ਸੰਘਰਸ਼ ਦੇ ਰਾਹ ਤੋਂ ਮੌੜਦੀਆਂ ਰਹੀਆਂ ਹਨ, ਉਹਨਾਂ ਨੂੰ ਸਿਰਫ ਕੁਝ ਰਿਆਇਤਾਂ ਦੀ ਮੰਗ ਕਰਨ ਅਤੇ ਆਰਥਿਕ ਸੰਘਰਸ਼ਾਂ ਤੱਕ ਸੀਮਤ ਰੱਖਦੀਆਂ ਹਨ, ਸੰਸਦੀ ਰਾਜਨੀਤੀ ਪ੍ਰਤੀ ਉਹਨਾਂ ਦੇ ਭਰਮਾਂ ਨੂੰ ਬਣਾਈ ਰੱਖਦੇ ਹੋਏ ਉਹਨਾਂ ਦੀ ਚੇਤਨਾ ਦੇ ਇਨਕਲਾਬੀਕਰਨ ਨੂੰ ਰੋਕਣ ਦਾ ਕੰਮ ਕਰਦੀਆਂ ਹਨ। ਅਤੇ ਉਨ੍ਹ੍ਹਾਂ ਦੇ ਗੁੱਸੇ ਦੇ ਸੁਭਾਅ ਨੂੰ ਘੱਟ ਕਰਨ ਵਾਲੇ ‘ਸੇਫਟੀਵਾਲਵ’ ਦਾ ਅਤੇ ਸਰਮਾਏਦਾਰਾ ਢਾਂਚੇ ਦੀ ਦੂਜੀ ਰੱਖਿਆ ਪੰਕਤੀ ਦਾ ਕੰਮ ਕਰਦੀਆਂ ਹਨ।

ਅੱਜ ਫਿਰਕੂ ਫਾਸ਼ੀਵਾਦ ਦਾ ਵਿਰੋਧ ਕਰਨ ਦਾ ਬਹਾਨਾ ਬਣਾ ਕੇ ਇਹ ਸੋਧਵਾਦੀ ਰੰਗੇ ਭੇੜੀਏ ਕਾਂਗਰਸ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਦੇ ਖੰਭੇ ਬਣੇ ਹੋਏ ਹਨ। ਇਹ ਸੰਸਦੀ ਗਲਾਧੜੀ ਯੋਧੇ ਭਲਾ ਹੋਰ ਕਰ ਵੀ ਕੀ ਸਕਦੇ ਹਨ? ਫਾਸੀਵਾਦ ਦਾ ਮੁਕਾਬਲਾ ਕਰਨ ਦੇ ਲਈ ਕਿਰਤੀ ਲੋਕਾਂ ਦੀ ਜੁਝਾਰੂ ਲਾਮਬੰਦੀ ਹੀ ਇੱਕੋ-ਇਕ ਰਸਤਾ ਹੋ ਸਕਦੀ ਹੈ, ਪਰ ਇਹ ਤਾਂ ਇਹਨਾਂ ਦੇ ਵੱਸ ਦੀ ਗੱਲ ਹੈ ਹੀ ਨਹੀਂ। ਇਹ ਤਾਂ ਬੱਸ ਸੰਸਦ ਵਿੱਚ ਗੱਤੇ ਦੀਆਂ ਤਲਵਾਰਾਂ ਚਲਾ ਸਕਦੇ ਹਨ, ਕਦੇ ਕਾਂਗਰਸ ਦੀ ਪੂਛ ਵਿੱਚ ਕੰਘੀ ਕਰ ਸਕਦੇ ਹਨ ਅਤੇ ਕਦੇ ਤੀਜੇ ਮੋਰਚੇ ਦਾ ਘਸਿਆ ਰਿਕਾਰਡ ਵਜਾ ਸਕਦੇ ਹਨ। 

ਸ਼ੇਰ ਦੀ ਖੱਲ ਪਹਿਨੇ ਇਹ ਨਕਲੀ ਖੱਬੇ ਪੱਖੀ ਗਿੱਦੜਾਂ ਦੀ ਜਮਾਤ ਵਿੱਚ ਭਾਕਪਾ ਅਤੇ ਮਾਕਪਾ ਇੱਕਲੇ ਨਹੀਂ ਹਨ। ਹੋਰ ਵੀ ਕਈ ਨਕਲੀ ਖੱਬੇ ਪੱਖੀ ਛੋਟੇ ਭਰਾ ਹਨ ਅਤੇ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਦੇ ਵਿੱਚੋਂ ਨਿਕਲ ਕੇ ਭਾਕਪਾ (ਮਾ-ਲੇ) ਲਿਬਰੇਸ਼ਨ ਨੂੰ ਵੀ ਇਸ ਜਮਾਤ ਵਿੱਚ ਸ਼ਾਮਿਲ ਹੋਏ ਪੱਚੀ ਸਾਲਾਂ ਤੋਂ ਵੀ ਕੁਝ ਜਿਆਦਾ ਸਮਾਂ ਬੀਤ ਚੁੱਕਿਆ ਹੈ। 

1967 ਵਿੱਚ ਨਕਸਲਬਾੜੀ ਕਿਸਾਨ ਉਭਾਰ ਨੇ ਮਾਕਪਾ ਦੇ ਅੰਦਰ ਮੌਜੂਦ ਇਨਕਲਾਬੀ ਸਫਾਂ ਵਿੱਚ ਜਬਰਦਸਤ ਉਮੀਦ ਦਾ ਸੰਚਾਰ ਕੀਤਾ ਸੀ। ਸੋਧਵਾਦ ਨਾਲ ਨਿਰਣਾਇਕ ਤੋੜ ਵਿਛੋੜੇ ਦੇ ਬਾਅਦ ਇਕ ਸ਼ਾਨਦਾਰ ਨਵੀਂ ਸ਼ੁਰੂਆਤ ਹੋਈ ਹੀ ਸੀ ਕਿ ਉਸ ਨੂੰ ”ਖੱਬੇ ਪੱਖੀ” ਮਾਅਰਕੇਬਾਜੀ ਦੇ ਰਾਹ ਨੇ ਜਕੜ ਲਿਆ। ਭਾਕਪਾ (ਮਾ-ਲੇ) ਇਸੇ ਭਟਕਾਅ ਦੇ ਰਸਤੇ ਤੇ ਅੱਗੇ ਵਧੀ ਅਤੇ ਟੁਕੜੇ-ਟੁਕੜੇ ਖਿੰਡਾਅ ਦੀ ਤਰਾਸਦੀ ਦਾ ਸ਼ਿਕਾਰ ਹੋਈ। ਕੁਝ ਇਨਕਲਾਬੀ ਜਥੇਬੰਦੀਆਂ ਨੇ ਇਨਕਲਾਬੀ ਜਨਤਕ ਲੀਹ ਦੀ ਪੋਜੀਸ਼ਨ ਤੇ ਖੜੇ ਹੋ ਕੇ ”ਖੱਬੇ ਪੱਖੀ” ਮਾਅਰਕੇਬਾਜੀ ਦਾ ਵਿਰੋਧ ਕੀਤਾ ਸੀ, ਉਹ ਵੀ ਭਾਰਤੀ ਸਮਾਜ ਦੇ ਖਾਸੇ ਅਤੇ ਇਨਕਲਾਬ ਦੇ ਪੜਾਅ ਬਾਰੇ ਵਿੱਚ ਆਪਣੀ ਗਲਤ ਸਮਝ ਕਾਰਨ ਲੋਕਾਂ ਦੀਆਂ ਵੱਖ ਵੱਖ ਜਮਾਤਾਂ ਦੀ ਸਹੀ ਇਨਕਲਾਬੀ ਲਾਮਬੰਦੀ ਕਰ ਸਕਣ ਅਤੇ ਜਮਾਤੀ ਸੰਘਰਸ਼ ਨੂੰ ਅੱਗੇ ਵਧਾ ਸਕਣ ਵਿੱਚ ਅਸਫਲ ਰਹੇ। ਸਿੱਟੇ ਵਜੋਂ ਖੜੋਤ ਦਾ ਸ਼ਿਕਾਰ ਹੋ ਕੇ ਸਮੇਂ ਦੇ ਨਾਲ ਉਹ ਵੀ ਖਿੰਡਾਅ ਅਤੇ ਸੋਧਵਾਦੀ ਥਿੜਕਣ ਦਾ ਸ਼ਿਕਾਰ ਹੋ ਗਏ। ਭਾਕਪਾ (ਮਾ-ਲੇ) (ਲਿਬਰੇਸ਼ਨ) ਪੱਚੀ ਸਾਲ ਪਹਿਲਾਂ ਤੱਕ ”ਖੱਬੇ ਪੱਖੀ” ਮਾਅਰਕੇਬਾਜੀ ਲੀਹ ਦੀ ਸ਼ਿਕਾਰ ਸੀ। ਪਰ ਉਸਦੇ ਪਿਟ ਜਾਣ ਤੋਂ ਬਾਅਦ ਹੌਲੀ-ਹੌਲੀ ਰੀਂਗਦੇ-ਰੀਂਗਦੇ ਅੱਜ ਸੱਜੇ ਪੱਖੀ ਭਟਕਾਅ ਦੇ ਦੂਜੇ ਸਿਰੇ ਤੱਕ ਜਾ ਪਹੁੰਚੀ ਹੈ ਅਤੇ ਅੱਜ ਸ਼ੁੱਧ ਸੰਸਦਵਾਦ ਦੀ ਵੰਨਗੀ ਪੇਸ਼ ਕਰ ਰਹੀ ਹੈ। 

ਭਾਕਪਾ (ਮਾਓਵਾਦੀ) ਅੱਜ ”ਖੱਬੇ ਪੱਖੀ” ਮਾਅਰਕੇਬਾਜ਼ੀ ਦੇ ਭਟਕਾਅ ਦੀ ਨੁਮਾਇੰਦਗੀ ਕਰ ਰਹੀ ਹੈ ਅਤੇ ਮਾਰਕਸਵਾਦ-ਲੈਨਿਨਵਾਦ ਦੇ ਇਨਕਲਾਬੀ ਤੱਤ ਨੂੰ ਬਦਨਾਮ ਕਰ ਰਹੀ ਹੈ। ਹੋਰ ਕਈ ਸਾਰੀਆਂ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਹਨ ਜੋ ਅਲੱਗ-ਅਲੱਗ ਹਿੱਸਿਆਂ ਵਿੱਚ ਸੋਧਵਾਦੀ ਭਟਕਾਵਾਂ-ਥਿੜਕਣਾਂ ਦੀਆਂ ਸ਼ਿਕਾਰ ਹਨ ਅਤੇ ਭਾਰਤੀ ਸਮਾਜ ਦੇ ਸਰਮਾਏਦਾਰਾ ਖਾਸੇ ਦੀ ਅਸਲੀਅਤ ਨੂੰ ਸਮਝਣ ਦੀ ਬਜਾਏ ਅੱਜ ਵੀ ਨਵ-ਜਮਹੂਰੀ ਇਨਕਲਾਬ ਦੇ ਚਰਖੇ ਉਪਰ ”ਮਾਰਕਸਵਾਦੀ” ਨਰੋਦਵਾਦ ਦਾ ਸੂਤ ਕੱਤੀ ਜਾ ਰਹੀਆਂ ਹਨ। ਕਮਿਊਨਿਸਟ ਇਨਕਲਾਬੀ ਖੇਮਾ ਅੱਜ ਲੰਬੀ ਖੜੋਤ ਦਾ ਸ਼ਿਕਾਰ ਹੋਕੇ ਟੁੱਟਣ ਖਿੰਡਣ ਦੀ ਮੰਜਿਲ ਤੱਕ ਜਾ ਪਹੁੰਚਿਆ ਹੈ। ਭਾਵੇਂ ਅੱਜ ਵੀ ਕਮਿਊਨਿਸਟ ਇਨਕਲਾਬੀ ਤੱਤਾਂ ਦੀ ਸਭ ਤੋਂ ਵੱਡੀ ਗਿਣਤੀ ਇਸੇ ਧਾਰਾ ਦੀਆਂ ਜਥੇਬੰਦੀਆਂ ਵਿੱਚ ਮੌਜੂਦ ਹੈ, ਪਰ ਇਹਨਾਂ ਜਥੇਬੰਦੀਆਂ ਨੂੰ ਇੱਕ ਜੁੱਟ ਕਰਕੇ ਅੱਜ ਇੱਕ ਸਰਵ-ਭਾਰਤੀ ਪਾਰਟੀ ਦਾ ਮੁੜਗਠਨ ਇੱਕ ਅਸੰਭਵ ਕੰਮ ਹੋ ਚੁੱਕਿਆ ਹੈ। ਹੁਣ ਨਵੇਂ ਸਿਰੇ ਤੋਂ ਮਾਰਸਕਵਾਦ-ਲੈਨਿਨਵਾਦ ਦੀ ਵਿਧੀਪੂਰਵਕ ਅਤੇ ਡੂੰਘੀ ਸਮਝ ਅਤੇ ਭਾਰਤੀ ਇਨਕਲਾਬ ਦੇ ਪ੍ਰੋਗਰਾਮ ਦੀ ਸਹੀ ਸਮਝ ਦੇ ਅਧਾਰ ਤੇ ਇਕ ਇਨਕਲਾਬੀ ਪਾਰਟੀ ਦੀ ਨਵੇਂ ਸਿਰੇ ਤੋਂ ਉਸਾਰੀ  ਕਰਕੇ ਹੀ ਭਾਰਤ ਵਿੱਚ ਪ੍ਰੋਲੇਤਾਰੀ ਇਨਕਲਾਬ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। 

ਇਸ ਲਈ ਸਾਨੂੰ ਇਨਕਲਾਬੀ ਸਫਾਂ ਵਿੱਚ ਨਵੀਂ ਭਰਤੀ ਕਰਨੀ ਹੋਵੇਗੀ, ਉਹਨਾਂ ਦੀ ਇਨਕਲਾਬੀ ਸਿੱਖਿਆ ਅਤੇ ਅਮਲੀ ਸਿਖਲਾਈ ਦੇ ਕੰਮ ਨੂੰ ਲਗਨ ਅਤੇ ਮਿਹਨਤ ਨਾਲ ਪੂਰਾ ਕਰਨਾ ਹੋਵੇਗਾ। ਕਮਿਊਨਿਸਟ ਇਨਕਲਾਬੀ ਕਾਰਕੁਨਾਂ ਨੂੰ ਸੋਧਵਾਦੀ ਅਤੇ ਮਾਰਕੇਬਾਜ਼ੀ ਲੱਕੜ ਸਿਰਿਆਂ ਦੀ ਪੂਛ ਬਣੇ ਰਹਿਣ ਤੋਂ ਅਜ਼ਾਦ ਹੋਣ ਦਾ ਸੱਦਾ ਦੇਣਾ ਹੋਵੇਗਾ ਅਤੇ ਇਸਦੇ ਲਈ ਉਨ੍ਹਾਂ ਦੇ ਸਾਹਮਣੇ ਇਨਕਲਾਬੀ ਜਨਤਕ ਲੀਹ ਦੀ ਅਸਲੀ ਮਿਸਾਲ ਪੇਸ਼ ਕਰਨੀ ਹੋਵੇਗੀ। ਪਰ ਇਸ ਕੰਮ ਨੂੰ ਸਾਰਥਕ ਢੰਗ ਨਾਲ ਉਦੋਂ ਹੀ ਅੰਜਾਮ ਦਿੱਤਾ ਜਾ ਸਕਦਾ ਹੈ ਜਦੋਂ ਕਮਿਊਨਿਸਟ ਲਹਿਰ ਦੇ ਇਤਿਹਾਸ ਤੋਂ ਸਬਕ ਲੈ ਕੇ ਅਸੀਂ ਆਪਣੀ ਵਿਚਾਰਧਾਰਕ ਕਮਜ਼ੋਰੀ ਨੂੰ ਦੂਰ ਕਰ ਸਕੀਏ ਅਤੇ ਬਾਲਸ਼ਵਿਕ ਸਾਂਚੇ ਵਿੱਚ ਤਪੀ-ਢਲੀ ਪਾਰਟੀ ਦਾ ਢਾਂਚਾ ਖੜਾ ਕਰ ਸਕੀਏ। ਸੋਧਵਾਦੀ ਗਦਾਰਾਂ ਵਿਰੁੱਧ ਲਗਾਤਾਰ ਸਮਝੌਤਾ ਰਹਿਤ ਸੰਘਰਸ਼ ਬਿਨਾਂ ਅਤੇ ਮਜ਼ਦੂਰ ਜਮਾਤ ਵਿੱਚ ਇਹਨਾਂ ਦੀ ਪਛਾਣ ਇਕਦਮ ਸਾਫ ਕੀਤੇ ਬਿਨਾਂ ਅਸੀ ਇਸ ਮਕਸਦ ਵਿੱਚ ਕਦੇ ਵੀ ਸਫਲ ਨਹੀਂ ਹੋ ਸਕਦੇ। ਬੇਸ਼ੱਕ ਸਾਨੂੰ ਖੱਬੇਪੱਖੀ ਮਾਰਕੇਬਾਜ ਭਟਕਾਅ ਦੇ ਵਿਰੁੱਧ ਵੀ ਲਗਾਤਾਰ ਸੰਘਰਸ਼ ਕਰਨਾ ਹੋਵੇਗਾ। ਪਰ ਅੱਜ ਵੀ ਸਾਡੀ ਮੁੱਖ ਲੜਾਈ ਸੋਧਵਾਦ ਨਾਲ ਹੀ ਹੈ। 

“ਪ੍ਰਤੀਬੱਧ”, ਅੰਕ 03, ਜੁਲਾਈ-ਸਤੰਬਰ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s