ਬੇਸਹਾਰਾ ਬੱਚੇ, ਜੁਰਮ ਅਤੇ ਬੁਰਜ਼ੂਆ ਸਮਾਜ: ਕੁੱਝ ਨੋਟਸ

bache

(ਪੀ.ਡੀ.ਐਫ਼ ਡਾਊਨਲੋਡ ਕਰੋ)

ਗਾਂਧੀਵਾਦੀ-ਸਮਾਜਵਾਦੀ ਖੱਬੇਪੱਖੀ ਟਾਈਪ ਮੇਰੇ ਇੱਕ ਮਿੱਤਰ ਹਨ। ਆਮ ਪ੍ਰੀਭਾਸ਼ਾ ਦੇ ਮੁਤਾਬਿਕ ਨੇਕ ਦਿਲ, ਸ਼ਾਕਾਹਾਰੀ, ਧਰਮ ਨਿਰਪੱਖ, ਪਰਉਪਕਾਰੀ। ਕੁੱਝ ਹੀ ਦਿਨ ਪਹਿਲਾਂ ਮਿਲੇ, ਦੁਖੀ ਸਨ, ਬੋਲੇ, ”ਇੱਕ ਨੌਕਰ ਸੀ, 14-15 ਸਾਲ ਦਾ। ਬੇਸਹਾਰਾ ਸੀ। ਬਚਪਨ ਤੋਂ ਹੀ ਮੇਰੇ ਘਰ ਵਿੱਚ ਹੀ ਪਲ਼ਿਆ-ਵੱਡਾ ਹੋਇਆ ਸੀ, ਬਿਲਕੁਲ ਆਪਣੇ ਬੱਚੇ ਦੀ ਤਰਾਂ। ਅਚਾਨਕ ਸੌ-ਡੇਢ ਸੌ ਰੁਪਏ ਅਤੇ ਕੁੱਝ ਸਮਾਨ ਲੈ ਕੇ ਭੱਜ ਗਿਆ। ਦੱਸੋ, ਬਿਲਕੁਲ ਬੱਚੇ ਦੀ ਤਰਾਂ ਪਾਲਿਆ ਸੀ…… ਠੀਕ ਹੈ, ਜਿਸ ਮਾਹੌਲ ਤੋਂ ਆਏ ਨੇ, ਉਸਦੀ ਮਾਨਸਿਕਤਾ ਬਹੁਤ ਸਮੇਂ ਤੱਕ ਨਹੀਂ ਛੱਡ ਪਾਉਣਗੇ ਇਹ ਲੋਕ।”

ਮੈਂ ਟਿੱਪਣੀ ਕੀਤੀ, ”ਕੀ ਤੁਹਾਡਾ ਨੌਕਰ ਗਰੀਬੀ ਦੇ ਜਿਸ ਮਹੌਲ ਤੋਂ ਆਂਉਦਾ ਹੈ, ਉੱਥੇ ਸਿਰਫ ਚੋਰੀ ਤੇ ਵਿਸ਼ਵਾਸਘਾਤ ਹੀ ਹੁੰਦਾ ਹੈ ਅਤੇ ਤੁਹਾਡੇ ਸਾਡੇ ਮਹੌਲ ਵਿੱਚ ਕੇਵਲ ਪਰਉਪਕਾਰ ਅਤੇ ਵਿਸ਼ਵਾਸ਼ ਹੁੰਦਾ ਹੈ?”

ਮਿੱਤਰ ਦੁਖੀ ਹੋਏ, ”ਤੁਸੀਂ ਤਾਂ ਆਮ ਗੱਲ ਬਾਤ ਵਿੱਚ ਵੀ ਤਰਕ ਕਰਨ ਲੱਗ ਜਾਂਦੇ ਹੋ।”

”ਆਮ ਗੱਲਾਂ ਕੀ ਤਰਕ ਹੀਣ ਹੋਣੀਆਂ ਚਾਹੀਦੀਆਂ ਹਨ?”

ਮਿੱਤਰ ਚੁੱਪ ਕਰ ਗਿਆ। ਉਹਨਾਂ ਨੂੰ ਇੱਕਦਮ ਨਿਰਾਸ਼ ਕਰ ਦੇਣਾ ਮੇਰਾ ਉਦੇਸ਼ ਬਿਲਕੁਲ ਨਹੀਂ ਸੀ, ਫਿਰ ਵੀ ਮੈਂ ਇਹ ਕਹਿਣ ਤੋਂ ਆਪਣੇ ਆਪ ਨੂੰ ਰੋਕ ਨਾ ਸਕਿਆ, ”ਅਤੇ ਜਿੱਥੋਂ ਤੱਕ ਨੌਕਰ ਨੂੰ ਆਪਣੇ ਬੱਚੇ ਦੀ ਤਰਾਂ ਪਾਲ਼ਣ ਦਾ ਸਵਾਲ ਹੈ, ਇਹ ਵੀ ਇੱਕ ਢੋਂਗ ਹੈ। ਬਿਹਤਰ ਤੋਂ ਬਿਹਤਰ ਢੰਗ ਨਾਲ ਪਲਣ ‘ਤੇ ਵੀ ਨੌਕਰ, ਨੌਕਰ ਹੀ ਹੁੰਦਾ ਹੈ ਅਤੇ ਆਪਣਾ ਲੜਕਾ ਆਪਣਾ ਹੀ ਹੁੰਦਾ ਹੈ। ਜਿਵੇਂ ਇਹ ਠੀਕ ਹੈ ਕਿ ਤੁਹਾਡਾ ਨੌਕਰ ਵਧੀਆ ਕੱਪੜੇ ਪਹਿਨਦਾ ਸੀ। ਉਸਦਾ ਆਪਣਾ ਕਮਰਾ ਸੀ। ਤੁਸੀਂ ਉਸਨੂੰ ਝਿੜਕਦੇ-ਮਾਰਦੇ ਨਹੀਂ ਸੀ। ਤੁਸੀਂ ਉਸਨੂੰ ਪੜ੍ਹਾਇਆ ਵੀ ਸੀ। ਪਰ ਤੁਹਾਡੇ ਲੜਕੇ ਦੇ ਕੱਪੜੇ ਨੌਕਰ ਤੋਂ ਬਿਹਤਰ ਅਤੇ ਵਧੇਰੇ ਸਨ। ਉਸਦਾ ਕਮਰਾ ਨੌਕਰ ਦੇ ਕਮਰੇ ਤੋਂ ਵਧੇਰੇ ਸਾਫ, ਸੁੰਦਰ ਅਤੇ ਵਧੇਰੇ ਕੀਮਤੀ ਸਮਾਨਾ ਨਾਲ ਸਜਿਆ ਹੋਇਆ ਸੀ। ਤੁਸੀਂ ਉਸਦੀ ਪੜ੍ਹਾਈ ਲਿਖਾਈ ਦੇ ਲਈ ਬੱਚਤ ਕੀਤੀ ਹੈ। ਤੁਸੀਂ ਆਪਣੀ ਜਇਦਾਦ ਦੇ ਮੁੱਖ ਭਾਗ ਦਾ ਮਾਲਕ ਵੀ ਉਸਨੂੰ ਹੀ ਬਣਾਉਗੇ। ਤੁਹਾਡਾ ਲੜਕਾ ਅਗਲੇ ਸਾਲ ਮਸੂਰੀ ਪੜ੍ਹਨ ਜਾ ਰਿਹਾ ਹੈ। ਨੌਕਰ ਘਰ ਚਿੱਠੀ ਲਿਖਣ ਦੇ ਯੋਗ ਸਿੱਖਿਅਤ ਹੋ ਗਿਆ ਪਰ ਰਹੇਗਾ ਉਹ ਨੌਕਰ ਹੀ। ਤੁਹਾਡਾ ਲੜਕਾ ਆਪਣੀ ਇੱਛਾ ਨਾਲ ਘਰ ਦਾ ਕੰਮ ਕਰ ਸਕਦਾ ਹੈ, ਪਰ ਇਹ  ਉਸ ‘ਤੇ ਬੰਧੇਜ ਨਹੀਂ ਹੈ। ਨੌਕਰ ਲਈ ਇਹ ਬੰਧੇਜ ਹੈ। ਜੇ ਉਹ ਤੁਹਾਡੇ ਲੜਕੇ ਦੀ ਤਰਾਂ ਘਰ ਦੇ ਕੰਮਾਂ ਦੇ ਬੰਧੇਜ ਤੋਂ ਅਜ਼ਾਦ ਹੋਵੇ ਤਾਂ ਤੁਸੀਂ ਉਸਨੂੰ ਘਰੋਂ ਕੱਢ ਦੇਵੋਗੇ। ਤੁਸੀਂ ਲੱਖ ਨਰਮੀ ਵਰਤੋ, ਨੌਕਰ ਜਾਣਦਾ ਹੈ ਕਿ ਉਹ ਨੌਕਰ ਹੈ। ਇੱਥੋਂ ਤੱਕ ਕਿ ਖੂਨ ਦੇ ਰਿਸ਼ਤਿਆਂ ਜਾਂ ਦੋਸਤੀ ਦੇ ਨੇੜਲੇ ਸੰਬਧਾਂ ਦੇ ਉਹਲੇ ਵਿੱਚ ਵੀ ਜੇ ਕਿਸੇ ਦੀ ਹੈਸੀਅਤ ਨੌਕਰ ਦੀ ਬਣਾ ਦਿੱਤੀ ਜਾਂਦੀ ਹੈ, ਤਾਂ ਇਹ ਅਸਲੀਅਤ ਬਹੁਤ ਦਿਨਾਂ ਤੱਕ ਛੁਪੀ ਨਹੀਂ ਰਹਿ ਪਾਓਦੀ। ਜੋ ਨੌਕਰ ਤੁਹਾਡੇ ਪਿਆਰ ਵਿੱਚ ਆਪਣੀ ਹੈਸੀਅਤ ਨੂੰ ਭੁੱਲ ਜਾਵੇ ਉਹ ਤਾਂ ਇੱਕ ਪਾਲਤੂ ਪਸ਼ੂ ਦੀ ਤਰਾਂ ਹੋਵੇਗਾ। ਜੇ ਉਹ ਤੁਹਾਨੂੰ ਮਾਲਕ ਸਮਝਦਾ ਹੈ, ਆਪਣੀ ਅਤੇ ਤੁਹਾਡੀ ਦੁਨੀਆਂ ਵਿੱਚ ਫਰਕ ਸਮਝਦਾ ਹੈ, ਤੁਹਾਡੇ ਸਮਾਨ ‘ਤੇ ਹੱਥ ਸਾਫ ਕਰ ਦਿੰਦਾ ਹੈ ਤਾਂ ਸਥੂਲ ਰੂਪ ਵਿੱਚ ਹੀ

ਸਹੀ, ਉਸ ਵਿੱਚ ਘੱਟੋ-ਘੱਟ, ਜਮਾਤੀ-ਚੇਤਨਾ ਤਾਂ ਮੌਜੂਦ ਹੈ।”
ਮਿੱਤਰ ਇੱਕਦਮ ਖਾਮੋਸ਼ ਸਨ। ਗੱਲ ਬਾਤ ਖਤਮ ਹੋ ਗਈ। 

ਇੱਕ ਮਾਰਕਸਵਾਦੀ ਮਿੱਤਰ ਨੇ ਇਕ ਦਿਨ ਦੱਸਿਆ ਕਿ ਪੂੰਜੀਵਾਦੀ ਸਮਾਜ ਖੁਦ ਆਮ ਗਰੀਬਾਂ ਨੂੰ ਅਪਰਾਧੀ ਬਣਾ ਰਿਹਾ ਹੈ। ਸਹਿਰਾਂ ਦੀਆਂ ਸੜਕਾਂ ਤੇ ਵਧਦੇ ਯਤੀਮ, ਬੇਸਹਾਰਾ ਕਿਸ਼ੋਰਾਂ-ਨੌਜੁਆਨਾਂ ਦੀ ਆਬਾਦੀ ਬੇਹੱਦ-ਨਿਰਾਸ਼ ਅਪਰਾਧੀ ਬਣਨ ਦਾ ਰਸਤਾ ਚੁਣ ਚੁੱਕੀ ਹੈ ਅਤੇ ਅਪਰਾਧ ਵਧ ਰਹੇ ਹਨ।  

ਮੈਨੂੰ ਲਗਦਾ ਹੈ ਅਜਿਹਾ ਨਹੀਂ ਹੈ। ਇਹ ਠੀਕ ਹੈ ਕਿ ਪੂੰਜੀਵਾਦੀ ਸੱਭਿਅਤਾ ਨਾਲ ਅਪਰਾਧ ਦੇ ਅਟੁੱਟ ਸਬੰਧ ਹਨ, ਪਰ ਕੇਵਲ ਗਰੀਬਾਂ ਦੇ ਬੱਚਿਆਂ ਨੂੰ ਅਪਰਾਧੀ ਬਣਾਉਂਦੀ ਹੋਵੇ, ਅਜਿਹਾ ਨਹੀਂ ਹੈ। ਬੇਸਹਾਰਾ ਯਤੀਮ ਬੱਚਿਆਂ, ਕਿਸ਼ੋਰਾਂ ਦਾ ਇਕ ਹਿੱਸਾ ਅਪਰਾਧੀ ਬਣਦਾ ਹੈ, ਉਹ ਇੱਕ ਬਹੁਤ ਛੋਟਾ ਹਿੱਸਾ ਹੀ ਹੋ ਸਕਦਾ ਹੈ ਕਿਉਂਕਿ ਅਜਿਹੇ ਬੱਚਿਆਂ, ਕਿਸ਼ੋਰਾਂ ਦੀ ਪਹਿਲੀ ਚਿੰਤਾ ਹੱਡ ਤੋੜ ਮਿਹਨਤ ਕਰਕੇ ਢਿੱਡ ਭਰਨ ਦੀ ਹੁੰਦੀ ਹੈ।

ਜੇ ਅਖ਼ਬਾਰਾਂ ਦੀਆਂ ਸੁਰਖੀਆਂ ਨੂੰ ਧਿਆਨ ਨਾਲ ਦੇਖੀਏ ਤਾਂ ਸਪੱਸ਼ਟ ਹੋ ਜਾਵੇਗਾ ਕਿ ਗਰੀਬ ਕਿਸ਼ੋਰਾਂ ਅਤੇ ਨੌਜੁਆਨਾਂ ਤੋਂ ਵੱਧ ਅਪਰਾਧ ਮਹਾਂਨਗਰਾਂ ਦੇ ਉਪਭੋਗਤਾ ਸੱਭਿਆਚਾਰ ਵਿੱਚ ਰੰਗੇ, ਮਾਰੂਤੀ-ਹੀਰੋ ਹੌਂਡਾ, ਮਾਈਕਲ ਜੈਕਸਨ-ਪੈਪਸੀ ਕੋਲਾ ਸੱਭਿਆਚਾਰ ਦੇ ਸ਼ਿਕਾਰ ਉੱਚ ਅਤੇ ਉੱਚ ਮੱਧਵਰਗਾਂ ਦੇ ਨੌਜੁਆਨ ਜਾਂ ਔਸਤ ਮੱਧਵਰਗ ਦੇ ਕੁੰਠਿਤ ਨੌਜੁਆਨ ਤਬਕੇ ਦੇ ਮੈਂਬਰਾਂ ਦੁਆਰਾ ਕੀਤੇ ਜਾ ਰਹੇ ਹਨ। ਆਪਣੀ ਇਸ ਸੋਚ ਦੇ ਪੱਖ ਵਿੱਚ ਹੁਣੇ ਹੀ ਮੈਨੂੰ ਕੁੱਝ ਤੱਥ ਵੀ ਮਿਲੇ। ਕਲਿਆਣ ਮਨਿਸਟਰੀ ਦੁਆਰਾ ਦੇਸ਼ ਦੇ ਅੱਠ ਮਹਾਂਨਗਰਾਂ ਵਿੱਚ ਕੀਤੇ ਗਏ ਨਮੂਨਾ ਸਰਵੇਖਣ ਤੋਂ ਇਹ ਆਮ ਧਾਰਨਾ ਗਲਤ ਸਾਬਿਤ ਹੋਈ ਹੈ ਕਿ ਜਿਆਦਾਤਰ ਬੇਸਹਾਰਾ ਬੱਚੇ ਚੋਰ ਹੁੰਦੇ ਹਨ। ਚੇਨਈ ਸ਼ਹਿਰ ਵਿੱਚ ਸਿਰਫ 6.6 ਪ੍ਰਤੀਸ਼ਤ ਯਤੀਮ ਬੱਚਿਆਂ ਵਿੱਚ ਚੋਰੀ ਦੀ ਆਦਤ ਪਾਈ ਗਈ ਅਤੇ ਇਸ ਵਿੱਚੋਂ ਵੀ 89 ਪ੍ਰਤੀਸ਼ਤ ਨੇ ਬੇਹੱਦ ਮਾਮੂਲੀ ਕਿਸਮ ਦੇ ਅਪਰਾਧ ਕੀਤੇ ਸਨ। ਮੁੰਬਈ, ਕਲੱਕਤਾ, ਦਿੱਲੀ, ਹੈਦਰਾਬਾਦ, ਬੰਗਲੋਰ, ਇੰਦੌਰ ਅਤੇ ਕਾਨ੍ਹਪੁਰ ਦੇ ਸਰਵੇਖਣ ਦੇ ਅੰਕੜੇ ਵੀ ਇਹੀ ਦਸਦੇ ਹਨ। ਉਪਰੋਕਤ ਅਧਿਐਨ ਦੇ ਮੁਤਾਬਿਕ ਇਨ੍ਹਾਂ ਬੇਸਹਾਰਾ ਬੱਚਿਆਂ ਦੀ ਮੁੱਖ ਸਮੱਸਿਆ ਅਵਾਰਾ ਗਰਦੀ ਜਾਂ ਚੋਰੀ ਕਰਨਾ ਨਹੀਂ ਸਗੋਂ ਰੋਟੀ ਕਮਾਉਣਾ ਹੈ। ਇਹ ਬੱਚੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜਾਰਾ ਚਲਾਉਣ ਲਈ ਆਮਦਨੀ ਦੀ ਤਲਾਸ਼ ਵਿੱਚ ਰਹਿੰਦੇ ਹਨ। ਮੁੰਬਈ ਵਿੱਚ 71ਪ੍ਰਤੀਸ਼ਤ ਬੱਚੇ (76 ਪ੍ਰਤੀਸ਼ਤ ਲੜਕੇ, 60 ਪ੍ਰਤੀਸ਼ਤ ਲੜਕੀਆਂ ਰੋਜੀ ਕਮਾਉਣ ਦਾ ਕੋਈ ਨਾ ਕੋਈ ਕਿੱਤਾ ਕਰ ਰਹੇ ਹਨ। ਅੱਧੇ ਤੋਂ ਵੱਧ ਬੱਚੇ ਰੱਦੀ ਇਕੱਠਾ ਕਰਨ ਜਾਂ ਵੱਖ-ਵੱਖ ਚੀਜ਼ਾ ਵੇਚਣ ਦਾ ਕੰਮ ਕਰਦੇ ਹਨ। 23 ਪ੍ਰਤੀਸ਼ਤ ਬੱਚੇ ਸਮਾਨ ਢੋਣ ਅਤੇ ਵਿਆਹ-ਸ਼ਾਦੀਆਂ ਵਿੱਚ ਸਫ਼ਾਈ ਆਦਿ ਕੰਮ ਕਰਕੇ ਪੈਸਾ ਕਮਾਉਂਦੇ ਹਨ। ਇਨ੍ਹਾਂ ਵਿੱਚੋਂ ਜਿਆਦਾਤਰ ਬੱਚੇ 10 ਤੋਂ 12 ਘੰਟੇ ਤੱਕ ਅਤੇ ਬਾਕੀ 7 ਤੋਂ 9 ਘੰਟੇ ਤੱਕ ਕੰਮ ਕਰਦੇ ਹਨ। ਮੁੰਬਈ ਦੇ ਨਮੂਨਾ ਸਰਵੇਖਣ ਤੋਂ ਪਤਾ ਲੱਗਿਆ ਕਿ ਇਨ੍ਹਾਂ ਬੱਚਿਆਂ ਦੇ ਦਿਮਾਗ ‘ਤੇ ਕੰਮ ਤੋਂ ਹਟਾ ਦਿੱਤੇ ਜਾਣ ਦਾ ਡਰ ਲਗਾਤਾਰ ਇਸ ਕਦਰ ਛਾਇਆ ਰਹਿੰਦਾ ਹੈ, ਕਿ ਉਹ ਬੇਹੱਦ ਥੋੜ੍ਹੀ ਅਤੇ ਬੇਨਿਯਮੀ ਮਜ਼ਦੂਰੀ ਦੀ ਸ਼ਿਕਾਇਤ ਨਹੀਂ ਕਰ ਪਾਉਂਦੇ ਅਤੇ ਅਣਮਨੁੱਖੀ ਵਤੀਰੇ ਦੇ ਬਾਅਦ ਵੀ ਕੰਮ ‘ਤੇ ਜੁਟੇ ਰਹਿੰਦੇ ਹਨ। 

ਇਨ੍ਹਾਂ ਅਧਿਐਨਾਂ ਅਨੁਸਾਰ ਸੜਕਾਂ ‘ਤੇ ਘੁੰਮਣ ਅਤੇ ਕੰਮ ਕਰਨ ਵਾਲ਼ੇ ਬੇਸਹਾਰਾ ਬੱਚਿਆਂ ਵਿੱਚ ਸਿਰਫ 19 ਪ੍ਰਤੀਸ਼ਤ ਗੁਸੈਲੇ ਸੁਭਾਅ ਦੇ ਪਾਏ ਗਏ। ਬਾਕੀ 81 ਪ੍ਰਤੀਸ਼ਤ ਬੱਚੇ ਇਕਦਮ ਸ਼ਾਂਤ ਸੁਭਾਅ ਦੇ ਸਨ। 

ਇੰਨ੍ਹਾਂ ਤੱਥਾਂ ਦੀ ਜਾਣਕਾਰੀ ਤੋਂ ਬਾਅਦ ਮੈਂ ਲਗਾਤਾਰ ਸੋਚਦਾ ਰਹਿੰਦਾ ਹਾ ਕਿ ਆਖਿਰ ਇੱਕ ਮੱਧ ਵਰਗ ਦਾ ਆਮ ਆਦਮੀ ਵੀ ਗਰੀਬ ਮਿਹਨਤਕਸ਼ ਦੇ ਬਾਰੇ ਇੰਨੇ ਸ਼ਾਂਤੀ ਪੂਰਨ ਢੰਗ ਨਾਲ, ਇੰਨੇ ਸ਼ੱਕ ਨਾਲ ਕਿਉਂ ਸੋਚਦਾ ਹੈ। ਸ਼ਾਇਦ ਇਸ ਲਈ ਕਿ ਮਿਹਨਤ ਕਰਨਾ ਹੀ ਉਸ ਦੀਆਂ ਨਜ਼ਰਾਂ ਵਿੱਚ ਇਕ ਅਪਮਾਨਜਨਕ ਪੇਸ਼ਾ ਹੈ ਅਤੇ ਸਿਸਟਮ ਦੀ ਮਾਰ ਝਲਦੇ ਹੋਏ ਵੀ ਪੈਦਾਵਾਰੀ ਮਿਹਨਤ ਕਰਨ ਵਾਲਿਆਂ ਦੀ ਦੁਨੀਆਂ ਨਾਲੋਂ ਵੱਖਰੇ ਉਹ ਖੁਦ ਨੂੰ ਸਫੈਦ ਪੋਸ਼ਾ ਦੀ ਦੁਨੀਆਂ ਦਾ ਮੈਂਬਰ ਸਮਝਦਾ ਹੈ ਭਾਵੇਂ ਹੀ ਉੱਚੇ ਸਫੈਦਪੋਸ਼ਾ ਦੇ ਵਿੱਚ ਲਗਾਤਾਰ ਖੁਦ ਨੂੰ ਕੁੰਠਿਤ ਮਹਿਸੂਸ ਕਰਦਾ ਹੈ। ਸ਼ਾਇਦ ਇਸ ਲਈ ਕਿ ਪੂੰਜੀਵਾਦੀ ਸਭਿਆਚਾਰ ਸਾਨੂੰ ਦਸਦਾ ਹੈ ਕਿ ਗਰੀਬ ਹੋਣਾ ਹੀ ਆਪਣੇ ਆਪ ਵਿੱਚ ਸਭ ਤੋਂ ਵੱਡਾ ਅਪਰਾਧ ਹੈ।………. ਅਤੇ ਇਸ ਹਾਲਤ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰਨਾ ਤਾਂ ਸ਼ਾਇਦ ਸਭ ਤੋਂ ਵੱਡਾ ਅਪਰਾਧ ਹੈ।

 ਹੁਣ ਗੱਲ ਚੱਲ ਹੀ ਪਈ, ਤਾਂ ਕੁੱਝ ਗੱਲਾਂ ਅਪਰਾਧ ਬਾਰੇ ਵੀ। ਅਪਰਾਧ ਬਾਰੇ ਇੰਨੇ ਨਿਰਪੱਖ ਨੈਤਿਕਤਾਵਾਦੀ ਢੰਗ ਨਾਲ ਸੋਚਣ ਦੀ ਵੀ ਲੋੜ ਨਹੀਂ ਹੈ ਅਤੇ ਫਿਰ ਬੁਰਜੂਆ ਸੱਭਿਆਤਾ ਅਤੇ ਅਪਰਾਧ ਦਾ ਤਾਂ ਗੂੜਾ ਸਾਥ ਹੈ। ਬੁਰਜ਼ੂਆ ਸੱਭਿਅਤਾ ਨੇ ਅਪਰਾਧਾਂ ਨੂੰ ਹੁਣ ਤੱਕ ਦੀਆਂ ਸਭ ਤੋਂ ਸਿਖਰਲੀਆਂ ਚੋਟੀਆਂ ਤੱਕ ਪਹੁੰਚਾਇਆ ਅਤੇ ਨਵੇਂ-ਨਵੇਂ ਅਪਰਾਧਾਂ ਨੂੰ ਜਨਮ ਦਿੱਤਾ। ਬੁਰਜੂਆ ਸੱਭਿਅਤਾ ਦੇ ਨਾਲ ਅਪਰਾਧਾਂ ਦੀ ਹੋਂਦ ਜੁੜੀ ਹੋਈ ਹੈ। ਨਾਲ ਹੀ, ਇਸਦਾ ਦੂਜਾ ਪੱਖ ਇਹ ਹੈ ਕਿ ਜੇ ਅਪਰਾਧ ਨਹੀਂ ਹੁੰਦੇ ਤਾਂ ਬੁਰਜ਼ੂਆ ਸੱਭਿਅਤਾ ਦਾ, ਬੁਰਜ਼ੂਆ ਸਮਾਜ ਢੇਰ ਉਸਾਰ ਢਾਚਿਆਂ ਦਾ ਵਿਕਾਸ ਹੀ ਨਾ ਹੋਇਆ ਹੁੰਦਾ ਜਿਨਾਂ ਦੇ ਵਿਚਾਰਕ ਨੈਤਿਕ-ਵਿਧਾਨ-ਸਹੁਜਸ਼ਾਸਤਰੀ ਵਿਚਾਰ-ਚਰਚਾ ‘ਤੇ ਅਨੇਕਾਂ ਪੁਸਤਕਾਂ ਲਿਖੀਆਂ ਜਾਂਦੀਆਂ ਰਹੀਆਂ ਹਨ। ਪੈਦਾਵਾਰੀ ਤਾਕਤਾਂ ਦੇ ਵਿਕਾਸ ‘ਤੇ ਬੁਰਜੁਆ ਪੈਦਾਵਾਰੀ ਪ੍ਰਣਾਲੀ ਦੇ ਹਰ ਪੱਖ ਅਤੇ ਅੰਗ-ਉਪਅੰਗ ਨੇ ਪ੍ਰਭਾਵ ਪਾਇਆ ਹੈ ਅਪਰਾਧਾਂ ਨੇ ਵੀ। ਘੱਟ ਤੋਂ ਘੱਟ ਬੁਰਜ਼ੂਆ ਸਮਾਜ ਦੇ ਨੈਤਿਕਾਵਾਦੀ ਪੈਰੋਕਾਰਾਂ ਨੂੰ ਤਾਂ ਅਪਰਾਧ ਬਾਰੇ ਨੱਕ ਮੂੰਹ ਨਹੀਂ ਚੜਾਉਣਾ ਚਾਹੀਦਾ, ਕਿਉਂਕਿ ਅਪਰਾਧਾਂ ਤੋਂ ਬਿਨਾਂ ਉਸ ਦੀ ਹੋਂਦ ਹੀ ਨਹੀਂ ਸੰਭਵ ਹੁੰਦੀ। ਕੇਵਲ ਜਮਾਤ ਰਹਿਤ ਸਮਾਜ ਦੇ ਪੈਰੋਕਾਰ ਹੀ ਅਪਰਾਧਾਂ ਬਾਰੇ ਬਾਹਰਮੁਖੀ ਢੰਗ ਨਾਲ ਗੱਲ ਕਰਦੇ ਹੋਏ, ਅਪਰਾਧ ਅਤੇ ਉਨਾਂ ਦੀ ਜਨਮਦਾਤੀ ਸੱਭਿਅਤਾ ਨਾਲ ਘਿਰਣਾ ਕਰਨ ਦਾ ਹੱਕ ਰਖਦੇ ਹਨ ਕਿਉਂਕਿ ਅਪਰਾਧ ਨਾ ਤਾਂ ਕਮਿਉਨਿਯਮ ਦੀ ਪੈਦਾਵਾਰ ਹੈ ਅਤੇ ਨਾ ਹੀ ਜਰੂਰਤ।

ਕਾਰਲ ਮਾਰਕਸ ਨੇ ਆਪਣੀ ਪੁਸਤਕ ‘ਵਾਫ਼ਰ ਕਦਰ ਦੇ ਸਿਧਾਂਤ’, ਵਿੱਚ ਬੁਰਜੁਆ ਸੱਭਿਅਤਾ ਅਤੇ ਅਪਰਾਧ ਦਾ ਹੀ ਸੁੰਦਰ-ਸੰਤੁਲਨ ਵਿਵੇਚਨ ਪੇਸ਼ ਕੀਤਾ ਹੈ। ਪਤਵੰਤਿਆਂ ਲਈ ਇਸਦਾ ਪ੍ਰਸੰਗਿਕ ਅੰਸ਼ ਅਸੀਂ ਹੋਠਾਂ ਹੂ-ਬ-ਹੂ ਦੇ ਰਹੇ ਹਾਂ: ”ਫਿਲਾਸਫਰ ਵਿਚਾਰਾਂ ਦਾ, ਕਵੀ ਕਵਿਤਾਵਾਂ ਦਾ, ਪਾਦਰੀ ਧਰਮ-ਉਪਦੇਸ਼ਾਂ ਦਾ, ਅਧਿਆਪਕ ਕਾਰਜ ਨਿਰਦੇਸ਼ਕ ਦੀ ਸਿਰਜਣਾ ਕਰਦਾ ਹੈ, ਆਦਿ। ਅਪਰਾਧੀ ਅਪਰਾਧਾਂ ਨੂੰ ਜਨਮ ਦਿੰਦਾ ਹੈ। ਜੇ ਅਸੀਂ ਪੈਦਾਵਾਰ ਦੀ ਇਸ ਬਾਅਦ ਵਾਲ਼ੀ ਸ਼ਾਖਾ ਅਤੇ ਸਮੁੱਚੇ ਰੂਪ ਵਿੱਚ ਸਮਾਜ ਦਰਮਿਆਨ ਸਬੰਧਾਂ ਨੂੰ ਬਰੀਕੀ ਨਾਲ ਦੇਖੀਏ ਤਾਂ ਅਸੀਂ ਖੁਦ ਨੂੰ ਬਹੁਤ ਸਾਰੇ ਤੁਅੱਸਬਾਂ ਤੋਂ ਛੁਟਕਾਰਾਂ ਦਿਵਾਂ ਲਵਾਂਗੇ। ਅਪਰਾਧੀ ਅਪਰਾਧਾਂ ਦਾ ਹੀ ਨਹੀਂ, ਸਗੋਂ ਦੰਡ ਕਾਨੂੰਨ ‘ਤੇ ਲੈਕਚਰ ਦਿੰਦਾ ਹੈ,ਅਤੇ ਉਸ ਤੋਂ ਇਲਾਵਾ ਉਸ ਅਟੱਲ ਕਾਰਜ ਨਿਰਦੇਸ਼ਕਾਂ ਦਾ ਵੀ ਨਿਰਮਾਣ ਕਰਦਾ ਹੈ, ਜਿਸ ਰਾਹੀਂ ਇਹੀ ਅਧਿਆਪਕ ਆਪਣੇ ਲੈਕਚਰਾਂ ਨੂੰ ”ਸਾਲ” ਦੇ ਰੂਪ ਵਿੱਚ ਆਮ ਮੰਡੀ ਵਿੱਚ ਝੋਕਦਾ ਹੈ। ਇਹ ਆਪਣੇ ਨਾਲ ਕੌਮੀ ਸੰਪਦਾ ਦਾ ਵਾਧ ਲਿਆਉਂਦਾ ਹੈ, ਉਸ ਵਿਅਕਤੀਗਤ ਆਨੰਦ ਦੀ ਭਾਵਨਾ ਤੋਂ ਬਿਲਕੁਲ ਅਲੱਗ ਜੋ-ਜਿਵੇਂ ਕਿ ਸੁਯੋਗ ਗਵਾਰ ਸ਼੍ਰੀ ਪ੍ਰੋਫੈਸਰ ਰੋਸ਼ੇਰ ਸਾਨੂੰ ਦਸਦੇ ਹਨ- ਕਾਰਜ-ਨਿਰਦੇਸ਼ਕਾਂ ਦੇ ਖਰੜੇ ਤੋਂ ਖੁਦ ਉਸਦੇ ਜਨਮਦਾਤਾ ਨੂੰ ਮਲਦੀ ਹੈ। ”ਇਹੀ ਨਹੀਂ ਅਪਰਾਧੀ ਪੁਲਸ ਅਤੇ ਦੰਡ-ਨਿਆਂ, ਪੁਲਿਸ ਸਿਪਾਹੀਆਂ, ਜੱਜਾਂ, ਜਲਾਦਾਂ, ਜੂਰੀਆਂ ਆਦਿ ਦੇ ਪੂਰੇ ਸਮੂਹ ਦਾ ਨਿਰਮਾਣ ਕਰਦਾ ਹੈ ਅਤੇ ਕਾਰੋਬਾਰ ਦੀਆਂ ਇਹ ਵੱਖ-ਵੱਖ ਸ਼ਾਖਾਵਾਂ, ਜਿੰਨਾਂ ਨੂੰ ਲੈ ਕੇ ਸਮਾਜਿਕ ਕਿਰਤ ਵੰਡ ਦੇ ਕਈ ਤਰਾਂ ਦੇ ਪ੍ਰਾਵਰਗ ਬਣਦੇ ਹਨ; ਮਨੁੱਖੀ ਆਤਮਾ ਦੀਆਂ ਕਈ ਤਰਾਂ ਦੀਆਂ ਯੋਗਤਾਵਾਂ ਦਾ ਵਿਕਾਸ ਕਰਦੀਆਂ ਹਨ; ਨਵੀਆਂ ਜ਼ਰੂਰਤਾਂ ਦਾ ਅਤੇ ਉਨ੍ਹਾਂ ਦੀ ਪੂਰਤੀ ਦੇ ਨਵੇਂ ਉਪਾਵਾਂ ਦਾ ਨਿਰਮਾਣ ਕਰਦੀਆਂ ਹਨ। ਇਕੱਲੇ ਤਸੀਹਿਆਂ ਨੇ ਸਭ ਤੋਂ ਵੱਧ ਵਿਲੱਖਣ ਮਸ਼ੀਨੀ ਖੋਜਾਂ ਨੂੰ ਜਨਮ ਦਿੱਤਾ ਹੈ ਅਤੇ ਇਨ੍ਹਾਂ ਸੰਦਾਂ ਦੀ ਪੈਦਾਵਾਰ ਵਿੱਚ ਅਨੇਕ ਇੱਜਤਦਾਰ ਕਾਰੀਗਰਾਂ ਦੀ ਵਰਤੋਂ ਕੀਤੀ ਗਈ ਹੈ। 

”ਅਪਰਾਧੀ ਭਾਵ ਪੈਦਾ ਕਰਦਾ ਹੈ, ਜੋ ਸਥਿਤੀ ਦੇ ਅਨੁਸਾਰ ਅੰਸ਼ਕ ਨੈਤਿਕ ਜਾਂ ਅੰਸ਼ਕ ਤਰਾਸਦੀ ਪੂਰਨ ਹੁੰਦਾ ਹੈ ਅਤੇ ਇਸ ਤਰਾਂ ਲੋਕਾਂ ਦੀਆਂ ਨੈਤਿਕ ਅਤੇ ਸਹੁਜਸ਼ਾਸਤਰੀ ਭਾਵਨਾਵਾਂ ਨੂੰ ਜਗਾਕੇ ‘ਸੇਵਾ’ ਕਰਦਾ ਹੈ। ਉਹ ਕੇਵਲ ਦੰਡ ਕਾਨੂੰਨ ਬਾਰੇ ਕਾਰਜ ਨਿਰਦੇਸ਼ਾਂ ਦਾ ਹੀ ਨਹੀਂ, ਕੇਵਲ ਦੰਡ ਕੋਡ ਦਾ ਹੀ ਨਹੀਂ ਅਤੇ ਉਸਦੇ ਨਾਲ ਇਸ ਖੇਤਰ ਵਿੱਚ ਵਿਧਾਇਕਾਂ ਦਾ ਹੀ ਸਿਰਜਣ ਨਹੀਂ ਕਰਦਾ, ਸਗੋਂ ਕਲਾ ਕੋਮਲ ਸਾਹਿਤ, ਨਾਵਲਾਂ, ਤ੍ਰਾਸਦੀ ਪ੍ਰਧਾਨ ਰਚਨਾਵਾਂ ਦਾ ਵੀ, ਸਯੁਲਨੇਰ ਦੇ ‘ਸ਼ੁਲਦ’ (ਦੋਸ਼) ਸਿਲਰ ਦੇ ‘ਰਾਜਬੇਰ’ (ਬਟਮਾਰ) ਨਾਟਕ ਦਾ ਹੀ ਨਹੀਂ, ਸਗੋਂ ਸੋਫੋਕਲੀਜ਼ ਦੇ ‘ਏਡਿਪਸ’ ਅਤੇ ਸੇਕਸਪੀਅਰ ਦੇ ‘ਰਿਚਰਡ ਤੀਜੇ’ ਨੂੰ ਵੀ ਜਨਮ ਦਿੱਤਾ ਹੈ। ਅਪਰਾਧੀ ਬੁਰਜ਼ੂਆ ਜੀਵਨ ਦੀ ਨੀਰਸਤਾ ਅਤੇ ਰੋਜ਼ਮੱਰਾ ਦੀ ਸੁਰੱਖਿਆ ਨੂੰ ਭੰਗ ਕਰਦਾ ਹੈ। ਇਸ ਤਰਾਂ ਉਹ ਉਸਨੂੰ ਖੜੋਤ ਤੋਂ ਦੂਰ ਰਖਦਾ ਹੈ ਅਤੇ ਉਸ ਦੁਖਦਾਈ ਤਣਾਅ ਅਤੇ ਫੁਰਤੀ ਨੂੰ ਜਨਮ ਦਿੰਦਾ ਹੈ, ਇਸਦੇ ਬਿਨਾਂ ਮੁਕਾਬਲੇ ਦੀ ਵੀ ਪ੍ਰੇਰਨਾ ਖੁੰਢੀ ਹੋ ਜਾਵੇਗੀ। ਇਸ ਤਰਾਂ ਉਹ ਪੈਦਾਵਾਰੀ ਤਾਕਤਾਂ ਨੂੰ ਪ੍ਰੇਰਤ ਕਰਦਾ ਹੈ। ਇੱਥੇ ਅਪਰਾਧ ਫਾਲਤੂ ਆਬਾਦੀ ਦੇ ਇੱਕ ਹਿੱਸੇ ਨੂੰ ਕਿਰਤ ਮੰਡੀ ਤੋਂ ਹਟਾ ਦਿੰਦਾ ਹੈ ਅਤੇ ਮਜ਼ਦੂਰਾਂ ਵਿੱਚ ਮੁਕਾਬਲੇ ਨੂੰ ਘੱਟ ਕਰਦਾ ਹੈ ਉਜਰਤ ਨੂੰ ਘੱਟੋ-ਘੱਟ ਸੀਮਾਂ ਤੋਂ ਹੇਠਾਂ ਡਿੱਗਣ ਤੋਂ ਕੁੱਝ ਹੱਦ ਤੱਕ ਰੋਕਦਾ ਹੈ¸ਉੱਥੇ ਅਪਰਾਧ ਵਿਰੁੱਧ ਸੰਘਰਸ਼ ਅਬਾਦੀ ਦੇ ਦੂਜੇ ਹਿੱਸੇ ਨੂੰ ਜਜ਼ਬ ਕਰ ਲੈਂਦਾ ਹੈ। ਇਸ ਤਰਾਂ ਅਪਰਾਧੀ ਉਨ੍ਹਾਂ ਸੁਭਾਵਿਕ ”ਪ੍ਰਤੀਭਾਰਾਂ” ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ, ਜੋ ਸਹੀ ਸੰਤੁਲਨ ਕਾਇਮ ਕਰਦੇ ਹਨ ਅਤੇ ”ਉਪਯੋਗੀ” ਕੰਮਾਂ ਕਾਰਾਂ ਦੀਆਂ ਸਾਰੀਆਂ ਸੰਭਾਵਨਾਵਾਂ ਦੇ ਦੁਆਰ ਖੋਲ੍ਹਦੇ ਹਨ। 

ਪੈਦਾਵਾਰੀ ਤਾਕਤਾਂ ਦੇ ਵਿਕਾਸ ‘ਤੇ ਅਪਰਾਧੀ ਦੇ ਅਸਰ ਨੂੰ ਤਫ਼ਸੀਲ ਨਾਲ ਦਿਖਾਇਆ ਜਾ ਸਕਦਾ ਹੈ ਜੇ ਚੋਰ ਨਾ ਹੁੰਦੇ ਤਾਂ ਕੀ ਤਾਲੇ ਆਪਣੇ ਵਰਤਮਾਨ ਸੁਧਰੇ ਹੋਏ ਪੱਧਰ ‘ਤੇ ਕਦੇ ਪਹੁੰਚ ਪਾਉਂਦੇ? ਜੇ ਜਾਲ਼ਸ਼ਾਜ ਨਾ ਹੁੰਦੇ, ਤਾਂ ਬੈਂਕ ਨੋਟ ਤਿਆਰ ਕਰਨ ਦਾ ਕੰਮ ਕਦੀ ਅੱਜ ਦਾ ਸੁਧਰਿਆ ਰੂਪ ਧਾਰਨ ਕਰ ਪਾਉਂਦਾ? ਜੇ ਵਪਾਰ ਦੀ ਧੋਖਾਧੜੀ ਨਾ ਹੁੰਦੀ ਤਾਂ ਮਾਈਕਰੋਸਕੋਪ ਕੀ ਕਦੀ ਸਧਾਰਨ ਵਪਾਰ ਦੇ ਖੇਤਰ ਵਿੱਚ ਪ੍ਰਵੇਸ਼ ਕਰ ਪਾਉਂਦਾ (ਦੇਖੋ, ਬੈਬੇਜ)? ਕੀ ਪ੍ਰਯੋਗਿਕ ਰਸਾਇਣ ਮਾਲਾਂ ਦੀ ਮਿਲਾਵਟ ਅਤੇ ਉਸਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਦਾ ਓਨਾ ਹੀ ਅਹਿਸਾਨਮੰਦ ਨਹੀਂ ਹੈ ਜਿੰਨਾ ਕਿ ਪੈਦਾਵਾਰ ਲਈ ਇਮਾਨਦਾਰੀ ਭਰੇ ਜੋਸ਼ ਦਾ? ਅਪਰਾਧ ਜਾਇਦਾਦ ‘ਤੇ ਆਪਣੀਆਂ ਲਗਾਤਾਰ ਨਵੀਆਂ ਵਿਧੀਆਂ ਦੁਆਰਾ ਬਚਾਅ ਹਮਲੇ ਜਰੀਏ ਬਚਾਅ ਦੀਆਂ ਲਗਾਤਾਰ ਨਵੀਂਆਂ ਵਿਧੀਆਂ ਦਾ ਤਕਾਜ਼ਾ ਕਰਦਾ ਹੈ ਅਤੇ ਇਸ ਲਈ ਉਹ ਓਨੀ ਹੀ ਪੈਦਾਵਾਰ ਹਨ, ਜਿਨੀਆਂ ਕਿ ਹੜਤਾਲਾਂ ਮਸ਼ੀਨਾਂ ਦੀ ਖੋਜ ਲਈ ਹੁੰੰਦੀਆਂ ਹਨ ਅਤੇ ਜੇ ਨਿੱਜੀ ਅਪਰਾਧ ਦੇ ਖੇਤਰ ਨੂੰ ਛੱਡ ਦਿੱਤਾ ਜਾਵੇ, ਤਾਂ ਸੰਸਾਰ ਮੰਡੀ ਦਾ ਕੀ ਕਦੀ ਕੌਮੀ ਅਪਰਾਧ ਤੋਂ ਬਿਨਾਂ ਜਨਮ ਹੋ ਪਾਉਂਦਾ? ਦਰਅਸਲ ਕੀ ਕੌਮਾਂ ਦਾ ਹੀ ਜਨਮ ਹੋ ਪਾਉਂਦਾ? ਕੀ ਆਦਮ ਦੇ ਜਮਾਨੇ ਤੋਂ ਹੀ ਪਾਪ ਰੁੱਖ ਦੇ ਨਾਲ ਹੀ ਗਿਆਨ ਰੁੱਖ ਨਹੀਂ ਰਿਹਾ ਹੈ? 

ਆਪਣੀ ਰਚਨਾ ‘ਫੇਬੁਲ ਆਫ ਦਾ ਬੀਜ਼’ (ਮਧੁ ਮੱਖੀਆਂ ਦੀ ਕਥਾ) (1705) ਵਿੱਚ ਮੈਂਡੇਵਿਲੇ ਦਿਖਾ ਚੁੱਕੇ ਹਨ ਕਿ ਹਰ ਸੰਭਵ ਪ੍ਰਕਾਰ ਦਾ ਕੰਮ ਧੰਦਾ ਉਤਪਾਦਕ ਹੁੰਦਾ ਹੈ ਅਤੇ ਉਹਨਾਂ ਨੇ ਇਸ ਪੂਰੇ ਤਰਕ ਨੂੰ ਅੱਗੇ ਦਿੱਤੇ ਗਏ ਸ਼ਬਦਾਂ ਵਿੱਚ ਪੇਸ਼ ਕੀਤਾ ਹੈ: ਜਿਸਨੂੰ ਅਸੀਂ ਇਸ ਸੰਸਾਰ ਵਿੱਚ ਨੈਤਿਕ ਅਤੇ ਨਾਲ ਹੀ ਕੁਦਰਤੀ ਬੁਰਾਈ ਕਹਿੰਦੇ ਹਾਂ, ਉਹ ਅਜਿਹਾ ਮਹਾਨ ਸਿਧਾਂਤ ਹੈ ਜੋ ਸਾਨੂੰ ਸਮਾਜਿਕ ਪ੍ਰਾਣੀ, ਬਿਨਾਂ ਕਿਸੇ ਛੋਟ ਦੇ ਸਾਰੇ ਧੰਦਿਆਂ ਜਾਂ ਰੁਜ਼ਗਾਰਾਂ ਦਾ ਠੋਸ ਆਧਾਰ, ਜੀਵਨ ਅਤੇ ਸਹਾਰਾ ਬਣਾਉਂਦਾ ਹੈ, ਉੱਥੇ ਸਾਨੂੰ ਸਾਰੀਆਂ ਕਲਾਵਾਂ ਜਾਂ ਵਿਗਿਆਨਾ ਦੇ ਮੂਲ ਦੀ ਤਲਾਸ਼ ਕਰਨੀ ਚਾਹੀਦੀ ਹੈ, ਜਿਸ ਪਲ ਬੁਰਾਈ ਖਤਮ ਹੋ ਜਾਂਦੀ ਹੈ, ਸਮਾਜ ਜੇ ਪੂਰੀ ਤਰਾਂ ਖਿੰਡਿਆ ਨਹੀਂ ਹੋਵੇਗਾ ਤਾਂ ਵਿਗੜ ਜ਼ਰੂਰ ਜਾਵੇਗਾ। 

”ਅੰਤਰ ਕੇਵਲ ਇਨਾ ਹੈ ਕਿ ਬੁਰਜ਼ੂਆ ਸਮਾਜ ਦੇ ਖੂਹ ਦੇ ਡੱਡੂ ਵਕੀਲਾਂ ਦੀ ਤੁਲਨਾ ਵਿੱਚ ਮੈਂਡੇਵਿਲੇ ਅਸੀਮ ਰੂਪ ਨਾਲ ਜਿਆਦਾ ਸਾਹਸੀ ਜਾਂ ਜਿਆਦਾ ਇਮਾਨਦਾਰ ਸਨ।” 

ਮਾਰਕਸ ਦੀ ਇਹ ਪ੍ਰਤਿਭਾਸ਼ਾਲੀ ਵਿਵੇਚਨਾ ਬੁਰਜ਼ੂਆ ਸੱਭਿਅਤਾ ਵਿੱਚ ਅਪਰਾਧ ਦੀ ਅਟੱਲ ਮਹੱਤਤਾ ਨੂੰ ਅਕੱਟ ਰੂਪ ਵਿੱਚ ਪੇਸ਼ ਕਰਦੀ ਹੈ। 

ਇਸ ਲਈ ਸੱਭਿਅਕ ਜਗਤ ਦੇ ਸੰਸਕਾਰਤ ਪਤਵੰਤਿਓ! ਅਪਰਾਧੀਆਂ ਨੂੰ ਇਨਾ ਨਾ ਕੋਸੋ। ਉਨਾਂ ਤੋਂ ਬਿਨਾਂ ਸ਼ਾਇਦ ਤੁਹਾਡੇ ਸਮਾਜ ਅਤੇ ਸੱਭਿਆਚਾਰ ਦੀ ਹੋਂਦ ਹੀ ਸੰਭਵ ਨਾ ਹੁੰਦੀ। ਅਪਰਾਧ ਦੀ ਦੁਨੀਆਂ ਉੱਝ ਹੀ ਤੁਹਾਡੀ ਲੋੜ ਹੈ ਜਿਵੇਂ ਮੁੰਬਈ ਦੀਆਂ ਅਸਮਾਨ ਛੂੰਹਦੀਆਂ ਇਮਾਰਤਾਂ ਦਾ ਜੀਵਨ ਝੋਪੜ ਪੱਟੀਆਂ ਤੋਂ ਬਿਨਾਂ ਠੱਪ ਹੋ ਜਾਵੇਗਾ। ਹੇ ਭੱਦਰ ਲੋਕੋ! ਤੁਸੀਂ ਅਪਰਾਧ ਦੀ ਸੰਤਾਨ ਹੋ, ਅਪਰਾਧ ‘ਤੇ ਟਿਕੇ ਹੋ ਅਤੇ ਹਰ ਰੋਜ਼ ਨਵੇਂ-ਨਵੇਂ ਕੌਮੀ-ਕੌਮਾਂਤਰੀ ਨਿੱਜੀ ਪੈਮਾਨੇ ਦੇ ਅਪਰਾਧਾਂ ਨੂੰ ਜਨਮ ਦਿੰਦੇ ਰਹਿੰਦੇ ਹੋ।

“ਪ੍ਰਤੀਬੱਧ”, ਅੰਕ 05, ਜਨਵਰੀ-ਮਾਰਚ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s