ਬੀਤੇ ਦਿਨਾਂ ਦੀਆਂ ਨਾਉਮੀਦਾਂ ਅਤੇ ਆਉਣ ਵਾਲ਼ੇ ਦਿਨਾਂ ਦੀਆਂ ਉਮੀਦਾਂ ਬਾਰੇ ਕੁੱਝ ਗੱਲਾਂ, ਸਮੱਸਿਆਵਾਂ, ਚੁਣੌਤੀਆਂ ਅਤੇ ਜਿੰਮੇਵਾਰੀਆਂ ਬਾਰੇ ਕੁੱਝ ਗੱਲਾਂ

umeed

(ਪੀ.ਡੀ.ਐਫ਼ ਡਾਊਨਲੋਡ ਕਰੋ)

ਇੱਕੀਵੀਂ ਸਦੀ ਦਾ ਇੱਕ ਹੋਰ ਸਾਲ ਬੀਤ ਚੁੱਕਾ ਹੈ ਅਤੇ ਨਵੇਂ ਸਾਲ 2007 ਦੇ ਵੀ ਤਿੰਨ ਮਹੀਨੇ ਬੀਤ ਚੁੱਕੇ ਹਨ। ਪਹਿਲਾਂ ਦੇ ਸਾਲਾਂ ਦੀ ਤਰਾਂ ਹੀ ਬੀਤਿਆ ਹੋਇਆ ਸਾਲ ਵੀ ਵਿਸ਼ਾਲ ਕਿਰਤੀ ਲੋਕਾਈ ਲਈ ਲਗਾਤਾਰ ਵਧਦੀ ਬੇਚੈਨੀ ਅਤੇ ਘੁਟਣ ਨਾਲ਼ ਭਰਿਆ ਹੋਇਆ ਇੱਕ ਹੋਰ ਸਾਲ ਰਿਹਾ ਹੈ। ਹਾਕਮ ਜਮਾਤਾਂ ਦੇ ਵੱਖਰੇ-ਵੱਖਰੇ ਧੜੇ ਲੋਕਾਂ ਤੋਂ ਨਿਚੋੜੇ ਗਏ ਮੁਨਾਫੇ ਦੀ ਵੰਡ ਲਈ ਆਪਸ ਵਿੱਚ ਲੜਦੇ ਰਹੇ ਹਨ, ਜਾਤ ਅਤੇ ਧਰਮ ਦੇ ਨਾਂ ‘ਤੇ ਵੰਡਣ ਲਈ ਬੁਰਜੂਆ ਰਾਜਨੀਤਕ ਪਾਰਟੀਆਂ ਨਵੇਂ-ਨਵੇਂ ਮੁੱਦੇ ਉਛਾਲ਼ਕੇ ਬਦਸਤੂਰ ਵੋਟ ਬੈਂਕ ਦੀ ਰਾਜਨੀਤੀ ਕਰਦੀਆਂ ਰਹੀਆਂ ਹਨ। ਸੰਸਦੀ ਸੂਰਵਾੜੇ ਵਿੱਚ ਪੂੰਜੀ ਦੇ ਵਫਾਦਾਰ ਚਾਕਰ ਫਾਲਤੂ ਦੀ ਬਹਿਸਬਾਜ਼ੀ ਕਰਦੇ ਰਹੇ ਹਨ ਜਾਂ ਸੁੱਤੇ ਹੋਏ ਊਂਘਦੇ ਰਹੇ ਹਨ ਅਤੇ ਸਮੁੱਚੀ ਹਾਕਮ ਜਮਾਤ ਅਤੇ ਉਨਾਂ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਆਮ ਸਹਿਮਤੀ ਨਾਲ਼ ਨਵਉਦਾਰਵਾਦੀ ਆਰਥਿਕ ਨੀਤੀਆਂ ਬੇਲਗਾਮ ਲਾਗੂ ਹੁੰਦੀਆਂ ਰਹੀਆਂ ਹਨ ਅਤੇ ਆਮ ਲੋਕਾਂ ‘ਤੇ ਕਹਿਰ ਢਾਹੁੰਦੀਆਂ ਰਹੀਆਂ ਹਨ। ਪਿੰਡਾਂ ਵਿੱਚ ਪੂੰਜੀ ਦੀ ਮਾਰ ਲਗਾਤਾਰ ਛੋਟੇ-ਦਰਮਿਆਨੇ ਕਿਸਾਨਾਂ ਨੂੰ ਉਨਾਂ ਦੀ ਜਗ੍ਹਾ-ਜਮੀਨ ਤੋਂ ਉਜਾੜਕੇ ਸੜਕਾਂ ‘ਤੇ ਧਕਦੀ ਰਹੀ ਹੈ ਅਤੇ ਉਜ਼ਰਤੀ ਗੁਲਾਮਾਂ ਦੀਆਂ ਸਫਾਂ ਵਿੱਚ ਇਜਾਫਾ ਕਰਦੀ ਰਹੀ ਹੈ ਅਤੇ ਕਿਸਾਨਾਂ ਦੀਆਂ ਆਤਮਹੱਤਿਆਵਾਂ ਦੇ ਅੰਕੜੇ ਲਗਾਤਾਰ ਵਧਦੇ ਰਹੇ ਹਨ। ਮਹਾਂਨਗਰਾਂ ਦੀਆਂ ਸੜਕਾਂ ‘ਤੇ ਘੁੰਮਦੇ ਪ੍ਰੋਲੇਤਾਰੀਆਂ ਦੇ ਹਜੂਮ ਨੂੰ ਕਾਬੂ ਵਿੱਚ ਰੱਖਣ ਅਤੇ ਬਾਹਰੀ ਇਲਾਕਿਆਂ ਵਿੱਚ ਧੱਕਣ ਲਈ ਪੂੰਜੀਵਾਦੀ ਸੱਤ੍ਹਾ ਬਰਬਰ ਹਮਲਾਵਰਾਂ ਦੀ ਤਰਾਂ ਉਨਾਂ ਦੀਆਂ ਝੁੱਗੀਆਂ-ਬਸਤੀਆਂ ਨੂੰ ਉਜਾੜਦੀ ਜਲ਼ਾਉਂਦੀ ਅਤੇ ਬੁਲਡੋਜਰਾਂ ਨਾਲ਼ ਮਿੱਟੀ ਵਿੱਚ ਮਿਲਾਉਂਦੀ ਰਹੀ ਹੈ। ਕਾਰਖਾਨਿਆਂ ਵਿੱਚ 50-60 ਰੁਪਏ ਦਿਹਾੜੀ ‘ਤੇ ਬਾਰਾਂ ਤੋਂ ਚੌਦਾਂ ਘੰਟਿਆਂ ਤੱਕ ਹੱਡ ਗਲ਼ਾਉਣ ਵਾਲ਼ੇ ਦਿਹਾੜੀਏ, ਅਸਥਾਈ ਅਤੇ ਠੇਕਾ ਮਜ਼ਦੂਰਾਂ ਦਾ ਜੀਵਨ ਹੋਰ ਜਿਆਦਾ ਨਰਕੀ ਹੁੰਦਾ ਗਿਆ ਹੈ। ਇੱਥੇ-ਉੱਥੇ ਉੱਠ ਖੜ੍ਹੇ ਹੋਣ ਵਾਲ਼ੇ ਮਜ਼ਦੂਰਾਂ ਦੇ ਆਪਮੁਹਾਰੇ ਘੋਲ਼ ਜਿਆਦਾਤਰ ਜਾਂ ਤਾਂ ਹਾਰਦੇ ਰਹੇ ਹਨ ਜਾਂ ਫਿਰ ਬਰਬਰ ਜ਼ਬਰ ਦਾ ਸ਼ਿਕਾਰ ਹੁੰਦੇ ਰਹੇ ਹਨ। ਸਰਕਾਰ ਅਤੇ ਬੁਰਜੂਆ ਆਗੂ ਲਗਾਤਾਰ ਗੁਆਂਢੀ ”ਦੁਸ਼ਮਣ” ਦੇਸ਼ ਅਤੇ ਅੱਤਵਾਦ ਵਿਰੁੱਧ ਜਨੂੰਨੀ ਅੰਧਰਾਸ਼ਟਰਵਾਦੀ ਨਾਹਰੇ ਦਿੰਦੇ ਰਹੇ ਹਨ ਅਤੇ ਹਥਿਆਰਾਂ ਅਤੇ ਕਾਨੂੰਨਾਂ ਦੇ ਸਹਾਰੇ ਅਸਲੀ ਲੜਾਈ, ਪਹਿਲਾਂ ਦੀ ਤਰਾਂ, ਦੇਸ਼ ਅੰਦਰ ਦੇਸ਼ ਦੀ ਜਨਤਾ ਦੇ ਵਿਰੁੱਧ ਲੜੀ ਜਾਂਦੀ ਰਹੀ ਹੈ। 

ਬੀਤੇ ਹੋਏ ਸਾਲਾਂ ਨੇ ਖਾਧੇ-ਪੀਤੇ, ਮੋਟੇ ਹੋ ਰਹੇ ਉੱਪਰਲੇ ਮੱਧ ਵਰਗ ਅਤੇ ਵਿਸ਼ੇਸ਼ ਸੁਵਿਧਾ-ਸੰਪੰਨ ਬੁੱਧੀਜੀਵੀ ਤਬਕੇ ਦੇ ਕਿਰਤੀ ਲੋਕਾਂ ਅਤੇ ਲੋਕ ਸਰੋਕਾਰਾਂ ਪ੍ਰਤੀ ਇਤਿਹਾਸਕ ਵਿਸ਼ਵਾਸ਼ਘਾਤ ਨੂੰ ਥੋੜ੍ਹਾ ਹੋਰ ਨੰਗਾ ਕਰ ਦਿੱਤਾ ਹੈ। ਦੂਜੇ ਪਾਸੇ, ਦਸ਼ਾ ਦਿਸ਼ਾ ਦੇ ਹਿਸਾਬ ਨਾਲ਼ ਨਿਮਨ ਮੱਧ ਵਰਗ ਪ੍ਰੋਲੇਤਾਰੀ ਜਮਾਤ ਦੇ ਜੀਵਨ ਅਤੇ ਸੁਪਨਿਆਂ-ਇੱਛਾਵਾਂ ਦੇ ਕੁੱਝ ਹੋਰ ਨੇੜੇ ਜਾ ਪਹੁੰਚਿਆ ਹੈ। ਸਿੱਖਿਆ ਅਤੇ ਸਿਹਤ ਨੂੰ ਸਰਕਾਰ ਦੀ ਜਿਮੇਵਾਰੀ ਦੀ ਬਜਾਇ ਬਜ਼ਾਰ ਦਾ ਵਿਕਾਊ ਮਾਲ ਬਣਾਉਣ ਲਈ ਮਨਮੋਹਨ ਸਿੰਘ ਦੀ ਸਰਕਾਰ ਨੇ 2006 ਵਿੱਚ ਕੁੱਝ ਹੋਰ ਮਹੱਤਵਪੂਰਨ ਪ੍ਰਭਾਵੀ ਕਦਮ ਚੁੱਕੇ, ਪਰ ਇਨਾਂ ਦਾ ਕੋਈ ਜਥੇਬੰਦਕ ਪ੍ਰਤੀਰੋਧ ਸਾਹਮਣੇ ਨਹੀਂ ਆਇਆ। ਜਿਸ ਸੰਯੁਕਤ ਪਗ੍ਰਤੀਸ਼ੀਲ ਗੱਠਜੋੜ ਦੀ ਸਰਕਾਰ ਨੇ ਉਦਾਰੀਕਰਨ-ਨਿੱਜੀਕਰਨ ਦੀਆਂ ਨੀਤੀਆਂ ਨੂੰ ਕੁਸ਼ਲ ਅਤੇ ਕੁਟਿਲ ਢੰਗ ਨਾਲ਼ ਲਾਗੂ ਕੀਤਾ ਹੈ, ਉਸ ਵਿੱਚ ਸੰਸਦੀ ਖੱਬੇਪੱਖੀ ਵੀ ਸ਼ਾਮਿਲ ਹਨ। ਪੂੰਜੀਵਾਦੀ ਢਾਂਚੇ ਦੀ ਇਸ ਦੂਜੀ ਸੁਰੱਖਿਆ ਲਾਈਨ ਦੀ ਅਜੇ ਵੀ ਲੋਟੂ ਜਮਾਤ ਨੂੰ ਲੋੜ ਹੈ। ਹੁਕਮਰਾਨਾਂ ਦੀਆਂ ਸੁੱਟੀਆਂ ਲਾਲ ਮਿਰਚਾਂ ਖਾ ਕੇ ਸੰਸਦੀ ਪਿੰਜਰੇ ਵਿੱਚ ਫੁਦਕ ਫੁਕਦ ਕੇ ਨਕਲੀ ਸਮਾਜਵਾਦ ਦਾ ਗੀਤ ਗਾਉਣ ਵਾਲ਼ੇ ਇਨਾਂ ਫਰੇਬੀ ਤੋਤਿਆਂ ਦੀ ਸਾਖ ਬਚਾਉਣ ਲਈ ਇਹ ਜ਼ਰੂਰੀ ਸੀ ਕਿ ਸਰਕਾਰ ਮਜ਼ਦੂਰਾਂ ਦੇ ਪੱਖ ਵਿੱਚ ਵੀ ਕੁੱਝ ਕਦਮ ਚੁੱਕਣ ਦਾ ਦਿਖਾਵਾ ਕਰੇ। ਪੇਂਡੂ ਰੁਜਗਾਰ ਯੋਜਨਾ ਦਾ ਗੁਬਾਰਾ ਇਸ ਲਈ ਫੁਲਾਇਆ ਗਿਆ ਸੀ। ਫਿਲਹਾਲ, ਦੋ ਸੌ ਜਿਲ੍ਹਿਆਂ ਵਿੱਚ ਹੀ ਇਸ ਨੂੰ ਲਾਗੂ ਕੀਤਾ ਗਿਆ, ਪਰ ਪਾਖੰਡ ਦੀ ਅਸਲੀਅਤ ਹੁਣੇ ਹੀ ਉਜਾਗਰ ਹੋ ਚੁੱਕੀ ਹੈ। ਪਿਛਲੇ ਸਾਲ ਅਸਗੰਠਿਤ ਮਜ਼ਦੂਰਾਂ ਨੂੰ ਬੁਨਿਆਦੀ ਸਮਾਜਿਕ ਸੁਰੱਖਿਆ (ਸਿਹਤ, ਦੁਰਘਟਨਾ, ਆਕਸਮਿਕ ਮੌਤ ਆਦਿ ਲਈ ਬੀਮਾ ਅਤੇ ਬੁਢਾਪਾ ਪੈਨਸ਼ਨ ਬਗੈਰਾ) ਦੇ ਨਾਂ ‘ਤੇ ਇੱਕ ਨਵਾਂ ਮੁੱਦਾ ਉਛਾਲ਼ਿਆ ਗਿਆ। ਇਸਦੇ ਲਈ ਇੱਕ ਕੌਮੀ ਕਮਿਸ਼ਨ ਬਣਾਇਆ ਗਿਆ, ਜਿਸ ਦੀਆਂ ਸਿਫਾਰਸ਼ਾਂ ਹੁਣ ਸਰਕਾਰ ਦੇ ਵਿਚਾਰ ਅਧੀਨ ਹਨ। ਸਰਕਾਰ ਇਨਾਂ ‘ਤੇ ਕਦੋਂ ਤੱਕ ਵਿਚਾਰ ਕਰੇਗੀ ਅਤੇ ਇਨਾਂ ਨੂੰ ਕਿਸ ਰੂਪ ਵਿੱਚ ਲਾਗੂ ਕਰੇਗੀ, ਇਹ ਕਿਹਾ ਨਹੀਂ ਜਾ ਸਕਦਾ। ਹੋ ਸਕਦਾ ਹੈ ਕਿ ਉਦੋਂ ਤੱਕ ਇਸ ਸਰਕਾਰ ਦਾ ਕੰਮ ਸਮਾਂ ਹੀ ਖਤਮ ਹੋ ਜਾਵੇ। ਇਸਤੋਂ ਵੀ ਅਹਿਮ ਸਵਾਲ ਇਹ ਹੈ ਕਿ ਉਕਤ ਆਯੋਗ ਦੀਆਂ ਸਿਫਾਰਸ਼ਾਂ ਦੇ ਅਧਾਰ ‘ਤੇ ਜੇ ਕੋਈ ਕਾਨੂੰਨ ਬਣੇਗਾ ਵੀ, ਤਾਂ ਸਰਕਾਰੀ ਏਜੰਸੀਆਂ ਉਸ ਨੂੰ ਕਿਸ ਹੱਦ ਤੱਕ ਲਾਗੂ ਕਰ ਸਕਣਗੀਆਂ! ਘੱਟ ਮਜ਼ਦੂਰੀ ਬਾਰੇ, ਕੰਮ ਦੀਆਂ ਹਾਲਤਾਂ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ, ਠੇਕਾ ਪ੍ਰਥਾ ਬਾਰੇ, ਕੰਮ ਦੇ ਘੰਟਿਆਂ ਬਾਰੇ, ਦੁਰਘਟਨਾ ਦੇ ਹਰਜਾਨੇ ਬਾਰੇ ਜੋ ਵੀ ਕਿਰਤ ਕਾਨੂੰਨ ਅੱਜ ਦੇਸ਼ ਵਿੱਚ ਮੌਜੂਦ ਹਨ, ਉਹ ਕਿਤੇ ਵੀ ਲਾਗੂ ਨਹੀਂ ਹੁੰਦੇ  ਅਤੇ ਉਨਾਂ ਨਾਲ਼ ਸਬੰਧਿਤ ਸ਼ਿਕਾਇਤਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੈ ¸ ਇਸ ਨੰਗੀ ਸਚਾਈ ਨੂੰ ਭਲਾ ਕੌਣ ਨਹੀਂ ਜਾਣਦਾ? ਅਸਲ ਗੱਲ ਇਹ ਹੈ ਕਿ ਇਹ ਸ਼ੋਸ਼ਾ ਮੁੱਖ ਰੂਪ ‘ਚ ਨਕਲੀ ਖੱਬੇਪੱਖੀਆਂ ਅਤੇ ਟ੍ਰੇਡ ਯੂਨੀਅਨਾਂ ਦੇ ਧੰਦੇਬਾਜਾਂ ਦੀ ਡਿਗਦੀ ਸਾਖ ਅਤੇ ਖਿਸਕਦੀ ਜ਼ਮੀਨ ਨੂੰ ਬਚਾਉਣ ਦੀ ਇੱਕ ਕੋਸ਼ਿਸ਼ ਹੈ। ਆਖਿਰ ਮਨਮੋਹਨ ਸਰਕਾਰ ਨੂੰ ਫਹੁੜੀ ਦਾ ਸਹਾਰਾ ਦੇਣ ਵਾਲ਼ੇ ਅਤੇ ਬੰਗਾਲ ਅਤੇ ਕੇਰਲ ਵਿੱਚ ਨਿਯਮਤ ਸ਼ਰਤਾਂ ‘ਤੇ ਮੁਨਾਫਾ ਕੁੱਟਣ ਲਈ ਦੇਸ਼ੀ-ਵਿਦੇਸ਼ੀ ਪੂੰਜੀਪਤੀਆਂ ਨੂੰ ਸੱਦੇ ਦੇਣ ਵਾਲ਼ੇ ਸੰਸਦੀ ਖੱਬੇਪੱਖੀਆਂ ਨੂੰ ਇੱਜਤ ਬਚਾਉਣ ਲਈ ਘੱਟ ਤੋਂ ਘੱਟ ਇੱਕ ਚੀਥੜਾ ਤਾਂ ਚਾਹੀਦਾ ਸੀ ਅਤੇ ਇੱਕ ਚੀਥੜਾ ਚਾਹੀਦਾ ਸੀ ਮਜ਼ਦੂਰਾਂ ਵਿੱਚ ਜਾ ਕੇ ਦਿਖਾਉਣ ਲਈ ਕਿ ਦੇਖੋ, ਅਸੀਂ ਤੁਹਾਡੇ ਲਈ ਇਹ ਮੰਗ ਕੇ ਲਿਆਏ ਹਾਂ ਅਤੇ ਜੇ ਤੁਸੀਂ ਹੰਗਾਮਾ ਖੜ੍ਹਾ ਕਰਨ ਦੀ ਬਜਾਇ ਸੁਸ਼ੀਲ ਅਤੇ ਆਗਿਆਕਾਰੀ ਬਣੇ ਰਹੋਗੇ ਤਾਂ ਇਸੇ ਤਰਾਂ ਅਸੀਂ ਇਹ ਮੰਗ-ਮੰਗਕੇ ਹੋਰ ਵੀ ਟੁਕੜੇ ਲਿਆਉਂਦੇ ਰਹਾਂਗੇ ਜਿਨਾਂ ਨੂੰ ਜੋੜ ਕੇ ਇੱਕ ਦਿਨ ਸਮਾਜਵਾਦ ਦਾ ਪੂਰਾ ਕੋਟ ਤਿਆਰ ਹੋ ਜਾਵੇਗਾ। ਪੂੰਜੀਵਾਦੀ ਢਾਂਚੇ ਨੂੰ ਅੱਜ ਵੀ ਜਮਾਤੀ ਘੋਲ਼ ਦੀ ਅੱਗ ‘ਤੇ  ਸੁਧਾਰ ਦੇ ਛਿੱਟੇ ਮਾਰਨ ਲਈ ਸੋਧਵਾਦੀ ਰਾਜਨੀਤੀ ਦੀ ਲੋੜ ਹੈ, ਪਰ ਅੱਜ ਦੇ ਪੂੰਜੀਵਾਦ ਦਾ ਖਾਸਾ ਇਹੀ ਹੈ ਕਿ ਸਮਾਜਵਾਦੀ ਮੁਖੌਟੇ ਦੀ ਅਸਲੀਅਤ ਛੁਪੀ ਨਹੀਂ ਰਹਿ ਸਕਦੀ। ਮਜ਼ਦੂਰ ਜਮਾਤ ਇਨਾਂ ਸੰਸਦੀ ਖੱਬੇਪੱਖੀਆਂ ਨੂੰ ਸੁਧਾਰਵਾਦੀ-ਉਦਾਰਵਾਦੀ ਬੁਰਜੂਆ ਪਾਰਟੀਆਂ ਤੋਂ ਵੱਧ ਕੁੱਝ ਨਹੀਂ ਸਮਝਦੀ। 

ਇਸ ਸਥਿਤੀ ਵਿੱਚ ਜਮਾਤੀ ਘੋਲ਼ ਦੀ ਅੱਗ ‘ਤੇ ਸੁਧਾਰ ਦੇ ਛਿੱਟੇ ਮਾਰਨ ਅਤੇ ਤਰਾਂ-ਤਰਾਂ ਦੇ  ਭਰਮ ਭਟਕਾਅ ਪੈਦਾ ਕਰਨ ਲਈ ਸੰਸਾਰ ਪੂੰਜੀਵਾਦ ਦੇ ਸੰਸਾਰ ਪ੍ਰਸਿੱਧ ਸਿਧਾਂਤਕਾਰਾਂ ਨੇ ਆਪਣੇ ਚਿੰਤਨ-ਚਲਾਕੀ ਨਾਲ਼ ਐੱਨ. ਜੀ. ਓ. ਰਾਜਨੀਤੀ ਦੇ ਰੂਪ ਵਿੱਚ ਪੂੰਜੀਵਾਦੀ ਢਾਂਚੇ ਦੀ ਇੱਕ ਹੋਰ ਨਵੀਂ ਸੁਰੱਖਿਆ ਪੰਕਤੀ ਤਿਆਰ ਕੀਤੀ ਹੈ। ਇਸ ਰਾਜਨੀਤੀ ਦਾ ਪ੍ਰਮੁੱਖ ਕਾਰਜਖੇਤਰ ਭਾਰਤ ਸਹਿਤ ਤੀਜੀ ਦੁਨੀਆਂ ਦੇ ਸਾਰੇ ਮੋਹਰੀ ਦੇਸ਼ ਹਨ ਜਿੱਥੇ ਕਿਰਤ ਸ਼ਕਤੀ ਅਤੇ ਕੁਦਰਤੀ ਸੰਪਦਾ ਨੂੰ ਨਿਚੋੜਨ ਦੀਆਂ ਅਨੇਕਾਂ ਸੰਭਾਵਨਾਵਾਂ ਹਨ, ਇੱਥੇ ਦੇਸ਼ੀ ਪੂੰਜੀ ਦੇ ਵਿਸਤਾਰ ਦੇ ਨਾਲ਼ ਹੀ ਸਾਮਰਾਜਵਾਦੀ ਵਿੱਤੀ ਪੂੰਜੀ ਵੀ ਵੱਡੇ ਪੱਧਰ ‘ਤੇ ਆ ਰਹੀ ਹੈ, ਇੱਥੇ ਤੇਜ਼ ਗਤੀ ਨਾਲ਼ ਸਮਾਜ ਦਾ ਪੂੰਜੀਵਾਦੀ  ਰੂਪਾਂਤਰਣ ਅਤੇ ਜਮਾਤੀ ਧਰੁਵੀਕਰਨ ਹੋ ਰਿਹਾ ਹੈ ਅਤੇ ਨਵੀਂ ਸਦੀ ਦੇ ਨਵੇਂ ਮਜ਼ਦੂਰ ਇਨਕਲਾਬਾਂ ਦੀ ਜ਼ਮੀਨ ਤੇਜੀ ਨਾਲ਼ ਪੱਕ ਰਹੀ ਹੈ। ਭਾਰਤ ਦੇ ਦੁਰੇਡੇ ਕੋਨਿਆਂ ਤੱਕ ਵਿਦੇਸ਼ੀ ਏਜੰਸੀਆਂ ਅਤੇ ਦੇਸ਼ੀ ਪੂੰਜੀਪਤੀਆਂ ਦੇ ਟਰੱਸਟਾਂ ਦੇ ਫੰਡਾਂ ਦੇ ਸਹਾਰੇ ਕੰਮ ਕਰਨ ਵਾਲ਼ੇ ਗੈਰ ਸਰਕਾਰੀ ਸੰਗਠਨ (ਐੱਨ. ਜੀ. ਓ.) ਅਨੇਕ ਰੂਪਾਂ ਵਿੱਚ ਸਰਗਰਮ ਹਨ। ਇਹ ਐੱਨ. ਜੀ. ਓ. ਤਰਾਂ ਤਰਾਂ ਦੇ ਸੁਧਾਰ ਦੀਆਂ ਕਾਰਵਾਈਆਂ ਕਰਦੇ ਹਨ, ਜਨਤਾ ਦੀ ਪਹਿਲ ਕਦਮੀ ‘ਤੇ ਸਿਹਤ ਸਿੱਖਿਆ ਆਦਿ ਦਾ ਢਾਂਚਾ ਜਥੇਬੰਦ ਕਰਨ ਦੀਆਂ ਬਹਾਨੇ ਸਰਕਾਰ ਨੂੰ ਉਸ ਦੀਆਂ ਜਿਮੇਵਾਰੀਆਂ ਤੋਂ ਪਿੱਛੇ ਹਟਣ ਦਾ ਮੌਕਾ ਦਿੰਦੇ ਹਨ, ਲੋਕਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਇਸ ਢਾਂਚੇ ਦੇ ਦਾਇਰੇ ਅੰਦਰ ਸੰਘਰਸ਼ ਜਥੇਬੰਦ ਕਰਦੇ ਹੋਏ ‘ਸੇਫਟੀਵਾਲਬ’ ਦੀ ਭੂਮਿਕਾ ਨਿਭਾਉਂਦੇ ਹਨ। ਲੋਕਾਂ ਦੇ ਵੱਖ-ਵੱਖ ਵਰਗਾਂ ਦੇ ਇੱਕਜੁੱਟ ਘੋਲ਼ ਦੀ ਧਾਰ ਵਿਵਸਥਾ  ਵਿਰੁੱਧ ਕੇਂਦਰਤ ਹੋਣ ਤੋਂ ਰੋਕਣ ਲਈ ਵੱਖ-ਵੱਖ ਲਹਿਰਾਂ ਦਾ ਸਾਂਝਾ ਮੰਚ ਬਣਾਉਂਦੇ ਹਨ, ਸੰਘਰਸ਼ ਦੀ ਬਜਾਇ ਗੱਲਬਾਤ ‘ਤੇ, ਜਮਾਤ ਦੀ ਬਜਾਇ ਕੌਮੀ, ਜਾਤੀ, ਭਾਸ਼ਾਈ, ਖੇਤਰੀ, ਘੱਟ ਗਿਣਤੀ, ਸਮੁਦਾਇਕ ਜਾਂ ਲਿੰਗੀ ਪਹਿਚਾਣ ਦੀ ਰਾਜਨੀਤੀ (ਅਸਿਮਤਾਵਾਦੀ ਰਾਜਨੀਤੀ) ‘ਤੇ ਜੋਰ ਦਿੰਦੇ ਹਨ ਅਤੇ ਇਨਾਂ ਅਸਿਮਤਾਵਾਂ ਦੀ ਸਮਾਜਿਕ ਜਮਾਤੀ ਸੰਰਚਨਾ ਵਿੱਚ ਨਿਹਿਤ ਅਧਾਰਾਂ ਨੂੰ ਅੱਖਂੋ ਪਰੋਖੇ ਜਾਂ ਖਾਰਜ ਕਰਨ ਲਈ ਤਰਾਂ-ਤਰਾਂ ਦੇ ਸਿਧਾਂਤ ਰਚਦੇ ਹਨ। ਇਸ ਵਿੱਚ ਹੈਰਾਨੀ ਨਹੀਂ ਕਿ ਮੁੰਬਈ ਵਿੱਚ ‘ਸੰਸਾਰ ਸਮਾਜਿਕ ਮੰਚ’ ਦੇ ਮੇਲੇ ਤੋਂ ਬਾਅਦ 2006 ਵਿੱਚ ਐੱਨ. ਜੀ. ਓ. ਦੇ ਧੰਦੇਬਾਜ਼ਾਂ ਨੇ ਇੱਕ ਵਾਰ ਫਿਰ ਦਿੱਲੀ ਵਿੱਚ ‘ਭਾਰਤੀ ਸਮਾਜਿਕ ਮੰਚ’ ਦਾ ਤਮਾਸ਼ਾ ਕੀਤਾ। ਇਹ ਵੀ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਭਾਰਤ ਦੇ ਪੁਰਾਣੇ ਬੁਰਜੂਆ ਸੁਧਾਰਵਾਦੀਆਂ ਤੇ ਸਮਾਜਿਕ ਜਮਹੂਰੀਆਂ-ਗਾਂਧੀਵਾਦੀਆਂ, ਸਰਵੋਦੇਵਾਦੀਆਂ ਜੈਪ੍ਰਕਾਸ਼ ਨਰਾਇਣ ਦੇ ਚੇਲੇ-ਚਪਟਿਆਂ ਤੇ ਭਾਪਕਾ-ਮਾਪਕਾ ਦੇ ਸੋਧਵਾਦੀਆਂ ਦੇ ਨਾਲ਼ ਹੀ ਰਿਟਾਇਰਡ ਤੇ ਪਤਿਤ ਇਨਕਲਾਬੀ ਖੱਬੇਪੱਖੀਆਂ ਦੀ ਇੱਕ ਵੱਡੀ ਸੰਖਿਆ ਵੀ ਐੱਨ. ਜੀ. ਓ. ਨੈਟਵਰਕ ਵਿੱਚ ਸ਼ਾਮਲ ਹੈ ਅਤੇ ਆਮ ਕਰਕੇ ਪਰਦੇ ਦੇ ਪਿੱਛੇ ਦੇ ਗੋਸ਼ਟੀ ਹਾਲਾਂ ਅਤੇ ਕਮਾਨ-ਦਫਤਰਾਂ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਹ ਐੱਨ. ਜੀ. ਓ. ਲੋਕਾਂ ਦੀ ਭਲਾਈ ਦੇ ਨਾਲ਼-ਨਾਲ਼ ਕੁੱਝ ਕਮਾਈ ਵੀ ਕਰ ਲੈਣ ਦਾ ਛਲਾਵਾ ਦਿੰਦੇ ਹੋਏ ਲੱਖਾਂ ਨੇਕ ਦਿਲ ਨੌਜਵਾਨਾਂ ਨੂੰ ਆਪਣੇ ਜਾਲ਼ ਵਿੱਚ ਫਸਾਉਂਦੇ ਹਨ ਅਤੇ ਉਨਾਂ ਨੂੰ ਬਹੁਤ ਘੱਟ ਤਨਖਾਹ ਦੇ ਕੇ ਸਿੱਖਿਆ ਅਤੇ ਸਿਹਤ ਆਦਿ ਦੇ ਉਪਕਰਮਾਂ ਵਿੱਚ ਲਗਾਕੇ ਲਗਾਤਾਰ ਪੂੰਜੀਵਾਦੀ ਸਰਕਾਰ ਦਾ ”ਬੋਝ” ਹਲਕਾ ਕਰਦੇ ਹਨ। ਇਹੀ ਨਹੀਂਂ, ਸਹਿਕਾਰਤਾ ਦੀ  ਓਟ ਵਿੱਚ ਵੱਖ-ਵੱਖ ਉਤਪਾਦਨ ਉਪਕ੍ਰਮ ਇਕੱਠੇ ਕਰਕੇ ਇਹ ਬਹੁਤ ਘੱਟ ਮਜ਼ਦੂਰੀ ‘ਤੇ ਕੰਮ ਕਰਵਾਕੇ ਸੁਪਰ ਮੁਨਾਫਾ ਵੀ ਨਿਚੋੜਦੇ ਹਨ ਅਤੇ ਪੂੰਜੀਵਾਦੀ ਉਤਪਾਦਨ ਢਾਂਚੇ ਦੇ ਇੱਕ ਪੁਰਜੇ ਦਾ ਕੰਮ ਕਰਦੇ ਹਨ। ਇਹ ਆਪਣੀਆਂ ਸਫਾਂ ਵਿੱਚ ਉਨਾਂ ਨੌਜਵਾਨਾਂ ਨੂੰ ਭਰਤੀ ਕਰਦੇ ਹਨ ਜੋ ਇਨਕਲਾਬੀ ਸਫਾਂ ਵਿੱਚ ਸ਼ਾਮਿਲ ਹੋ ਕੇ ਸਮਾਜ ਦਾ ਭਵਿੱਖ ਬਦਲ ਸਕਦੇ ਹਨ। ਇਹ ਜਿਆਦਾਤਰ ਉਨਾਂ ਗੈਰ-ਜਥੇਬੰਦ ਮਜ਼ਦੂਰਾਂ-ਗਰੀਬਾਂ ਵਿੱਚ ਕੰਮ ਕਰਦੇ ਹਨ, ਜਿਨਾਂ ਵਿੱਚ ਇਨਕਲਾਬੀ ਕਾਰਕੁਨਾਂ ਨੇ ਕੰਮ ਕਰਨਾ ਹੈ। ਇਸ ਤਰਾਂ, ਅੱਜ ਐੱਨ. ਜੀ. ਓ. ਜਥੇਬੰਦ ਪੂੰਜੀਵਾਦੀ ਢਾਂਚੇ ਦੀ ਦੂਜੀ ਸੁਰੱਖਿਆ-ਪੰਕਤੀ ਅਤੇ ਸੇਫਟੀਵਾਲਬ ਦੇ ਰੂਪ ਵਿੱਚ ਸਭ ਤੋਂ ਵੱਧ ਪ੍ਰਭਾਵੀ ਭੂਮਿਕਾ ਨਿਭਾ ਰਹੇ ਹਨ। ਭਾਰਤ ਵਿੱਚ ਇਨਾਂ ਦੀ ਸਰਗਰਮੀ ਦਾ ਦਾਇਰਾ ਅਤੇ ਪੈਮਾਨਾ ਲਗਾਤਾਰ ਵਧਿਆ ਹੈ ਅਤੇ ਇਹ ਸਿਲਸਿਲਾ ਵੀ ਲਗਾਤਾਰ ਜ਼ਾਰੀ ਹੈ।

ਪਿਛਾਖੜ ਦੀ ਸੰਸਾਰਵਿਆਪੀ ਲਹਿਰ ਦੇ ਬਾਹਰੀ ਅਤੇ ਅੰਦਰੂਨੀ ਕਾਰਨ ਅਤੇ ਇਸ ਖੜੋਤ ਤੋਂ ਉੱਭਰਨ ਦਾ ਰਾਹ

ਬੇਤੇ ਕਈ ਸਾਲਾਂ ਦੀ ਤਰਾਂ ਪਿਛਲੇ ਸਾਲ ਦੀ ਵੀ ਬੈਲੈਂਸਸ਼ੀਟ ਇਸੇ ਕੌੜੀ ਨੰਗੀ-ਸਚਾਈ ਦੀ ਤਸਦੀਕ ਕਰਦੀ ਹੈ ਕਿ ਲੁੱਟ ਅਤੇ ਜ਼ਬਰ ਦੀਆਂ ਤਾਕਤਾਂ ਪ੍ਰਤੀਰੋਧ ਦੀਆਂ ਤਾਕਤਾਂ ‘ਤੇ ਹਾਵੀ ਰਹੀਆਂ ਹਨ। ਪੂੰਜੀਵਾਦੀ ਲੁੱਟ-ਜ਼ਬਰ ਦਾ ਢਾਂਚਾ ਹੋਰ ਵਧੇਰੇ ਜਥੇਬੰਦ ਹੋਇਆ ਹੈ, ਜਦੋਂ ਕਿ ਪ੍ਰਤੀਰੋਧ ਅਜੇ ਵੀ ਅਸੰਗਠਤ ਹੈ, ਆਪ ਮੁਹਾਰਾ ਹੈ ਅਤੇ ਖਿੰਡਿਆ ਹੋਇਆ ਹੈ। ਖੜੋਤ ਅਤੇ ਨਿਰਾਸ਼ਾ ਦਾ ਮਹੌਲ ਹੈ। ਤਾਂ ਫਿਰ ਉਹ ਕੋਨੇ ਕਿੱਥੇ ਹਨ ਜਿੱਥੋਂ ਉਮੀਦ ਦੀਆਂ ਕਿਰਨਾਂ ਫੁਟਦੀਆਂ ਹਨ? ਉਹ ਉਚਾਈਆਂ ਕਿੱਥੇ ਹਨ ਜਿੱਥੋਂ ਨਵੇਂ ਇਨਕਲਾਬੀ ਭਵਿੱਖ ਦੇ ਦੁਮੇਲ ਦਿਖਦੇ ਹਨ? ਨਿਸ਼ਚੇ ਹੀ, ਇਹ ਇਤਿਹਾਸ ਦਾ ਅੰਤ ਨਹੀਂ ਹੈ। ਸੱਭਿਅਤਾ ਦੀ ਪੂਰੀ ਵਿਕਾਸ ਯਾਤਰਾ, ਦਹਿ ਸਦੀਆਂ ਤੋਂ ਜਾਰੀ ਜਮਾਤੀ ਘੋਲ਼ ਅਜੋਕੀ ਪੂੰਜੀਵਾਦੀ ਅਸੱਭਿਅਤਾ-ਅੱਤਿਆਚਾਰ ਵਿੱਚ ਹੀ ਖਤਮ ਹੋਣ ਨਹੀਂ ਜਾ ਰਹੀ ਹੈ। ਸੰਸਾਰ ਇਤਿਹਾਸਕ ਪੱਧਰ ‘ਤੇ ਪ੍ਰੋਲੇਤਾਰੀ ਜਮਾਤ ਅਤੇ ਸਮਾਜਵਾਦੀ ਇਨਕਲਾਬਾਂ ਦੀ ਹਾਰ ਤੋਂ ਬਾਅਦ, ਸੰਸਾਰ ਸ਼ਕਤੀ ਸੰਤੁਲਨ ਪਿਛਲੇ ਲੱਗਭੱਗ ਤੀਹ ਦਹਾਕਿਆਂ ਤੋਂ ਪੂੰਜੀਵਾਦ ਦੇ ਪੱਖ ਵਿੱਚ ਬਣਿਆ ਹੋਇਆ ਹੈ। ਇਨਕਲਾਬ ਦੀ ਲਹਿਰ ‘ਤੇ ਉਲ਼ਟ ਇਨਕਲਾਬ ਦੀ ਲਹਿਰ ਹਾਵੀ ਬਣੀ ਹੋਈ ਹੈ। ਪੂੰਜੀ ਅਤੇ ਕਿਰਤ ਵਿਚਲੀ ਵਿਰੋਧਤਾਈ ਵਿੱਚ ਪੂੰਜੀ ਦਾ ਪੱਖ ਪ੍ਰਧਾਨ ਬਣਿਆ ਹੋਇਆ ਹੈ ਅਤੇ ਸੰਸਾਰ ਪੂੰਜੀਵਾਦ ਦੀਆਂ ਤਮਾਮ ਅੰਦਰੂਨੀ ਅਸਾਧ ਵਿਰੋਧਤਾਈਆਂ ਅਤੇ ਢਾਂਚਾਗਤ ਸੰਕਟ ਦੇ ਬਾਵਜੂਦ, ਮਜ਼ਦੂਰ ਇਨਕਲਾਬ ਦੀਆਂ ਹਿਰਾਵਲ ਤਾਕਤਾਂ ਦੀ ਵਰਤਮਾਨ ਸਥਿਤੀ ਨੂੰ ਦੇਖਦੇ ਹੋਏ, ਇਹੀ ਕਿਹਾ ਜਾ ਸਕਦਾ ਹੈ ਕਿ ਪੂਰੀ ਦੁਨੀਆਂ ਵਿੱਚ ਇੱਥੇ-ਉੱਥੇ ਹੋ ਰਹੇ ਅਤੇ ਵਧਦੇ ਜਾ ਰਹੇ ਲੋਕ ਘੋਲ਼ਾਂ ਦੇ ਵਿਸਫੋਟਾਂ ਦੇ ਬਾਵਜੂਦ, ਹੁਣ ਇੱਕ ਲੰਬੇ ਸਮੇਂ ਤੱਕ ਸ਼ਾਇਦ ਇਹੀ ਸਥਿਤੀ ਬਣੀ ਰਹੇ, ਕਿਉਂਕਿ ਆਪਮੁਹਾਰੇ ਘੋਲ਼ ਯਥਾਸਥਿਤੀ ਨੂੰ ਨਹੀਂ ਬਦਲ ਸਕਦੇ। ਉਸਨੂੰ ਸਿਰਫ ਜਥੇਬੰਦਕ ਅਗਵਾਈ ਵਾਲ਼ੇ ਸੁਚੇਤਨ ਇਨਕਲਾਬ ਹੀ ਬਦਲ ਸਕਦੇ ਹਨ। ਸਾਮਰਾਜਵਾਦ ਦੇ ਅਜੋਕੇ ਦੌਰ ਵਿੱਚ, ਕਿਰਤ ਅਤੇ ਪੂੰਜੀ ਦੇ ਸਪੱਸ਼ਟਤਮ-ਤੀਬਰਤਮ ਧਰੁਵੀਕਰਨ ਦੇ ਵਰਤਮਾਨ ਦੌਰ ਵਿੱਚ, ਕੇਵਲ ਮਾਰਕਸਵਾਦੀ ਵਿਗਿਆਨ ਦੇ ਮਾਰਗਦਰਸ਼ਨ ਵਿੱਚ ਕੰਮ ਕਰਨ ਕਰਨ ਵਾਲ਼ੀ ਮਜ਼ਦੂਰ ਜਮਾਤ ਦੀ ਇਨਕਲਾਬੀ ਪਾਰਟੀ ਦੀ ਅਗਵਾਈ ਵਿੱਚ ਜਥੇਬੰਦ ਲੋਕ ਘੋਲ਼ ਹੀ ਸੰਸਾਰ ਪੈਮਾਨੇ ਦੀਆਂ ਵਿਰੋਧਤਾਈਆਂ ਦੇ ਪ੍ਰਧਾਨ ਪੱਖ ਨੂੰ ਫੈਸਲਾਕੁਨ ਢੰਗ ਨਾਲ਼ ਬਦਲ ਸਕਦੇ ਹਨ। ਬਾਹਰੀ ਸਥਿਤੀਆਂ ਦੇ ਨਜ਼ਰੀਏ ਤੋਂ, ਸਾਮਰਾਜਵਾਦ-ਪੂੰਜੀਵਾਦ ਵਿਰੋਧੀ ਨਵੇਂ ਮਜ਼ਦੂਰ ਇਨਕਲਾਬਾਂ ਦੀ ਸਭ ਤੋਂ ਵੱਧ ਉਪਜਾਊ ਅਤੇ ਸੰਭਾਵਨਾ ਸੰਪੰਨ ਜ਼ਮੀਨ ਏਸ਼ੀਆ, ਅਫਰੀਕਾ, ਲਾਤਿਨੀ ਅਮਰੀਕਾ ਦੇ ਉਨਾਂ ਪੱਛੜੇ ਪੂੰਜੀਵਾਦੀ ਦੇਸ਼ਾਂ ਵਿੱਚ ਹੈ ਜਿੱਥੇ ਪੂਰਵ ਪੂੰਜੀਵਾਦੀ ਪੈਦਾਵਾਰੀ ਸਬੰਧ ਮੂਲ ਤੌਰ ‘ਤੇ ਅਤੇ ਮੁੱਖ ਤੌਰ ‘ਤੇ ਟੁੱਟ ਚੁੱਕੇ ਹਨ ਅਤੇ ਕੇਵਲ ਰਹਿੰਦ-ਖੂੰਹਦ ਦੇ ਰੂਪ ਵਿੱਚ ਮੌਜੂਦ ਹਨ, ਜਿੱਥੇ ਪੂੰਜੀਵਾਦੀ ਪੈਦਾਵਾਰੀ ਸਬੰਧਾਂ ਦੀ ਹੋਂਦ ਸਥਾਪਤ ਹੋ ਚੁੱਕੀ ਹੈ, ਇੱਥੇ ਵੀ ਅਰਥਚਾਰਾ ਭਿੰਨਤਾ ਪੂਰਨ (Devrsified) ਹੈ, ਜਿੱਥੇ ਬੁਨਿਆਦੀ ਤੇ ਆਲ ਜੰਜ਼ਾਲ਼ (Intrastructural) ਉਦਯੋਗਾਂ ਸਹਿਤ ਸੱਨਅਤੀ ਉਤਪਾਦਨ ਦਾ ਵੱਡੀ ਪੱਧਰ ‘ਤੇ ਵਿਕਾਸ ਹੋਇਆ ਹੈ ਅਤੇ ਸੱਨਅਤੀ ਪ੍ਰੋਲੇਤਾਰੀ ਜਮਾਤ ਦੀ ਵੱਡੀ  ਅਬਾਦੀ ਹੋਂਦ ਵਿੱਚ ਆ ਚੁੱਕੀ ਹੈ, ਜਿੱਥੇ ਪਿੰਡਾਂ ਵਿੱਚ ਪੂੰਜੀ ਦੀ ਵਿਆਪਕ ਪੈਠ ਦੇ ਨਾਲ਼ ਹੀ ਪੇਂਡੂ ਪ੍ਰੋਲੇਤਾਰੀ-ਅਰਧਪ੍ਰੋਲੇਤਾਰੀ ਅਬਾਦੀ ਦੀ ਵੀ ਇੱਕ ਵੱਡੀ ਗਿਣਤੀ ਪੈਦਾ ਹੋ ਚੁੱਕੀ ਹੈ, ਜਿੱਥੇ ਪੂੰਜੀਵਾਦੀ ਸਮਾਜਿਕ-ਸੱਭਿਆਚਾਰਕ ਢਾਂਚੇ ਦੇ ਵਿਕਾਸ ਨਾਲ਼ ਹੀ ਮਜ਼ਦੂਰ ਇਨਕਲਾਬ ਦੇ ਸਹਿਯੋਗੀ ਸਿੱਖਿਅਤ ਹੇਠਲੇ ਮੱਧਵਰਗ ਅਤੇ ਇਨਕਲਾਬੀ ਬੁੱਧੀਜੀਵੀ ਵਰਗ ਦਾ ਕਾਫੀ ਵਿਕਾਸ ਹੋਇਆ ਹੈ ਅਤੇ ਇੱਥੇ ਕੁਸ਼ਲ ਮਜ਼ਦੂਰਾਂ ਤੇ ਤਕਨੀਸ਼ਨਾਂ-ਵਿਗਿਆਨਕਾਂ ਦੇ ਨਾਲ਼ ਹੀ ਵਿਗਿਆਨ ਟਕਨਾਲੋਜੀ ਦੇ ਸੁਤੰਤਰ ਵਿਕਾਸ ਲਈ ਜ਼ਰੂਰੀ ਮਨੁੱਖੀ ਫੈਕਟਰ ਮੌਜੂਦ ਹਨ। ਇਸੇ ਅਗਲੀ ਕਤਾਰ ਦੇ ਇਨਕਲਾਬੀ ਸੰਭਾਵਨਾ ਸੰਪੰਨ ਦੇਸ਼ਾਂ ਵਿੱਚ ਬ੍ਰਾਜੀਲ, ਅਰਜਨਟੀਨਾ, ਮੈਕਸੀਕੋ, ਚੀਲੇ, ਦੱਖਣੀ ਅਫਰੀਕਾ, ਨਾਈਜੀਰੀਆ, ਮਿਸਰ, ਇਰਾਨ, ਤੁਰਕੀ, ਇੰਡੋਨੇਸ਼ੀਆ, ਮਲੇਸ਼ੀਆ, ਫਿਲਪੀਨ ਆਦਿ ਵਿੱਚ ਭਾਰਤ ਵੀ ਸ਼ਾਮਲ ਹੈ (ਚੀਨ, ਸਾਬਕਾ ਸੋਵੀਅਤ ਸੰਘ ਦੇ ਅੰਗ ਰਹੇ ਦੇਸ਼ਾਂ ਅਤੇ ਕੁੱਝ ਪੂਰਬੀ ਯੂਰਪੀ ਦੇਸ਼ਾਂ ਵਿੱਚ ਵੀ ਨਵੇਂ ਇਨਕਲਾਬਾਂ ਦੀਆਂ ਹਾਲਤਾਂ ਤੇਜ਼ੀ ਨਾਲ਼ ਤਿਆਰ ਹੋ ਰਹੀਆਂ ਹਨ, ਇੱਥੋਂ ਦੇ ਲੋਕ ਕਦੇ ਸਮਾਜਵਾਦੀ ਇਨਕਲਾਬ ਦੇ ਪ੍ਰਯੋਗਾਂ, ਨਤੀਜਿਆਂ ਨੂੰ ਦੇਖ ਚੁੱਕੇ ਹਨ, ਪਰ ਇਨਾਂ ਦੇਸ਼ਾਂ ਦੀ ਹਾਲਤ ਕੁੱਝ ਵੱਖਰੀ ਹੈ ਜੋ ਅਲੱਗ ਤੋਂ ਚਰਚਾ ਦਾ ਵਿਸ਼ਾ ਹੈ)। 

ਸਮੱਸਿਆ ਇਹ ਹੈ ਕਿ ਤੀਜੀ ਦੁਨੀਆਂ ਦੇ ਜਿਨਾਂ ਦੇਸ਼ਾਂ ਵਿੱਚ ਸਾਮਰਾਜਵਾਦ-ਪੂੰਜੀਵਾਦ ਵਿਰੋਧੀ ਨਵੇਂ ਇਨਕਲਾਬਾਂ ਦੀ ਜ਼ਮੀਨ ਤਿਆਰ ਹੈ ਜਾਂ ਹੋ ਰਹੀ ਹੈ, ਉੱਥੇ ਇਨਕਲਾਬੀ ਕਮਿਊਨਿਸਟ ਤਾਕਤਾਂ ਖਿੰਡੀਆਂ ਹੋਈਆਂ ਹਨ। ਉਹ ਦੇਸ਼ ਪੱਧਰ ਦੀ ਇੱਕ ਪਾਰਟੀ ਦੇ ਰੂਪ  ਵਿੱਚ ਜਥੇਬੰਦ ਨਹੀਂ ਹਨ ਅਤੇ ਵਿਸ਼ਾਲ ਲੋਕਾਈ ਵਿੱਚ ਉਨਾਂ ਦਾ ਅਧਾਰ ਵੀ ਦੇਸ਼ ਵਿਆਪੀ ਨਹੀਂ ਹੈ। ਇਸਦਾ ਇੱਕ ਬਾਹਰਮੁਖੀ ਕਾਰਨ ਇਹ ਹੈ ਕਿ ਪ੍ਰੋਲੇਤਾਰੀ ਅਤੇ ਬੁਰਜੂਆਜ਼ੀ ਵਿੱਚ ਜਾਰੀ ਸੰਸਾਰ ਇਤਿਹਾਸਕ ਮਹਾਂਯੁੱਧ ਦੇ ਪਹਿਲੇ ਗੇੜ ਦੇ ਅੰਤ ਅਤੇ ਇਸਦੇ ਦੂਜੇ, ਨਿਰਣਾਇਕ ਗੇੜ ਦੀ ਸ਼ੁਰੂਆਤ ਵਿਚਲੇ ਅੰਤਰ ਵਿੱਚ, ਪਿਛਾਖੜ ਦੀਆਂ ਸਾਰੀਆਂ ਤਾਕਤਾਂ ਨੇ ਇਨਕਲਾਬੀ ਤਾਕਤਾਂ ਨੂੰ ਪਿੱਛੇ ਧੱਕਣ-ਕੁਚਲਣ ਲਈ ਆਪਣੀ ਸਾਰੀ ਤਾਕਤ ਝੋਕ ਦਿੱਤੀ ਹੈ। ਅਤੀਤ ਦੇ ਇਨਕਲਾਬਾਂ ਤੋਂ ਹਾਕਮ ਜਮਾਤਾਂ ਨੇ ਸਿੱਖਿਆ ਹੈ। ਹਰ ਦੇਸ਼ ਦੀ ਪੂੰਜੀਵਾਦੀ ਰਾਜਸੱਤ੍ਹਾ ਆਪਣੇ ਸਮਾਜਿਕ ਅਧਾਰਾਂ ਦੇ ਵਿਕਾਸ ਲਈ ਪਹਿਲਾਂ ਦੇ ਮੁਕਾਬਲੇ ਬਹੁਤ ਜਿਆਦਾ ਕੁਸ਼ਲਤਾ ਨਾਲ਼ ਕੰਮ ਕਰ ਰਹੀ ਹੈ ਅਤੇ ਇਸ ਵਿੱਚ ਸਾਮਰਾਜਵਾਦੀ ਦੇਸ਼ਾਂ ਅਤੇ ਕੌਮਾਂਤਰੀ ਏਜੰਸੀਆਂ ਤੋਂ ਵੀ ਭਰਪੂਰ ਸਹਾਇਤਾ ਮਿਲ ਰਹੀ ਹੈ। ਨਾਲ਼ ਹੀ, ਅੱਜ ਸਿਨੇਮਾ, ਟੀ. ਵੀ., ਅਤੇ ਪ੍ਰਿੰਟ ਮੀਡੀਆ ਸਹਿਤ ਸਾਰੇ ਸੰਚਾਰ ਸਾਧਨਾਂ ਦੀ ਅਭੂਤਪੂਰਵ ਪ੍ਰਭਾਵੀ ਵਰਤੋਂ, ਪੂੰਜੀਵਾਦੀ ਸੱਭਿਆਚਾਰ ਤੇ ਵਿਚਾਰਾਂ ਦੇ ਪ੍ਰਚਾਰ-ਪ੍ਰਸਾਰ ਲਈ, ਵਿਆਪਕ ਲੋਕਾਈ ਦੀ ਦਿਮਾਗੀ ਗੁਲਾਮੀ ਨੂੰ ਲਗਾਤਾਰ ਖਾਦ-ਪਾਣੀ ਦੇਣ ਲਈ ਅਤੇ ਕਮਿਊਨਿਜ਼ਮ, ਬੀਤੇ ਦੇ ਮਜ਼ਦੂਰ ਇਨਕਲਾਬਾਂ, ਉਨਾਂ ਦੇ ਆਗੂਆਂ ਅਤੇ ਸਮਾਜਵਾਦੀ ਪ੍ਰਯੋਗਾਂ ਬਾਰੇ ਤਰਾਂ-ਤਰਾਂ ਦੇ ਕੋਰੇ ਝੂਠਾਂ ਦਾ ਪ੍ਰਚਾਰ ਕਰਨ ਉਨਾਂ ਨੂੰ ਕਲੰਕਿਤ ਕਰਨ ਲਈ, ਸੰਸਾਰ ਪੱਧਰ ‘ਤੇ ਕੀਤੀ ਜਾ ਰਹੀ ਹੈ। ਇਸ ਇਤਿਹਾਸਕ ਅੰਤਰਾਲ ਦੀ ਬਾਹਰਮੁਖੀ ਸਥਿਤੀ ਦਾ ਇੱਕ ਅਹਿਮ ਪੱਖ ਵੀ ਹੈ ਕਿ ਇਸੇ ਦੌਰਾਨ ਸੰਸਾਰ ਪੂੰਜੀਵਾਦ ਦੇ ਢਾਂਚੇ ਤੇ ਕਾਰਜ-ਪ੍ਰਣਾਲ਼ੀ ਵਿੱਚ ਕੁੱਝ ਅਜਿਹੀਆਂ ਮਹੱਤਵਪੂਰਨ ਤਬਦੀਲੀਆਂ ਆਈਆਂ ਹਨ, ਜਿਨਾਂ ਨੂੰ ਸਮਝੇ ਬਿਨਾਂ ਇੱਕੀਵੀਂ ਸਦੀ ਦੇ ਨਵੇਂ ਮਜ਼ਦੂਰ ਇਨਕਲਾਬ ਦੀ ਯੁੱਧਨੀਤੀ ਤੇ ਆਮ ਦਾਅਪੇਚਾਂ ਦੀ ਕੋਈ ਸਮਝ ਬਣਾਈ ਹੀ ਨਹੀਂ ਜਾ ਸਕਦੀ। ਇਨਾਂ ਸੰਸਾਰਵਿਆਪੀ ਤਬਦੀਲੀਆਂ ਨੂੰ ਸਮਝਕੇ ਸੰਸਾਰ ਮਜ਼ਦੂਰ ਇਨਕਲਾਬ ਦੀ ਨਵੀਂ ਆਮ ਦਿਸ਼ਾ ਤੈਅ ਕਰਨ ਲਈ ਅੱਜ ਨਾ ਤਾਂ ਸੰਸਾਰ ਪ੍ਰੋਲੇਤਾਰੀ ਕੋਲ਼ ਮਾਰਕਸ-ਏਂਗਲਜ਼-ਲੈਨਿਨ-ਸਤਾਲਿਨ-ਮਾਓ ਜਿਹੀ ਕੋਈ ਯੋਗ ਲੀਡਰਸ਼ਿਪ ਹੈ, ਨਾ ਹੀ ਸੋਵੀਅਤ ਸੰਘ ਅਤੇ ਚੀਨ ਜਿਹਾ ਕੋਈ ਕੌਮਾਂਤਰੀ ਮੰਚ ਹੈ। ਅਜਿਹੀ ਸਥਿਤੀ ਵਿੱਚ ਸੰਸਾਰ ਪੂੰਜੀਵਾਦ ਦੀ ਕਾਰਜ ਪ੍ਰਣਾਲ਼ੀ ਵਿੱਚ ਅਤੇ ਨਾਲ਼ ਹੀ ਦੁਨੀਆਂ ਦੇ ਜਿਆਦਾਤਰ ਇਨਕਲਾਬੀ ਸੰਭਾਵਨਾਸੰਪੰਨ ਦੇਸ਼ਾਂ ਦੀਆਂ ਰਾਜਸੱਤ੍ਹਾਵਾਂ ਤੇ ਸਮਾਜਿਕ ਆਰਥਿਕ ਢਾਚਿਆਂ ਵਿੱਚ ਆਏ ਬਦਲਾਵਾਂ ਨੂੰ ਜਾਣ-ਸਮਝਕੇ ਇਨਕਲਾਬ ਦੇ ਪੜਾਅ ਅਤੇ ਰਾਹ ਨੂੰ ਜਾਨਣ ਸਮਝਣ ਦਾ ਕੰਮ ਇਨਾਂ ਦੇਸ਼ਾਂ ਦੇ ਛੋਟੇ-ਛੋਟੇ ਗਰੁੱਪਾਂ-ਜਥੇਬੰਦੀਆਂ ਵਿੱਚ ਵੰਡੀਆਂ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਨੇ ਹੀ ਕਰਨਾ ਹੈ। ਜੋ ਕਮਿਊਨਿਸਟ ਪਾਰਟੀਆਂ ਸੋਧਵਾਦੀ ਹੋ ਕੇ ਸੰਸਦੀ-ਰਾਹ ਦੀਆਂ ਰਾਹੀ ਬਣ ਚੁੱਕੀਆਂ ਹਨ, ਉਹ ਇਨਕਲਾਬੀ ਰਾਹ ‘ਤੇ ਕਦੇ ਵੀ ਵਾਪਸ ਨਹੀਂ ਮੁੜ ਸਕਦੀਆਂ। ਉਹ ਪਤਿਤ ਹੋ ਕੇ ਬੁਰਜੂਆ ਪਾਰਟੀਆਂ ਬਣ ਚੁੱਕੀਆਂ ਹਨ, ਜਿਨਾਂ ਦਾ ਕੰਮ ਸਮਾਜਵਾਦ ਦਾ ਮੁਖੌਟਾ ਲਾ ਕੇ ਕਿਰਤੀ ਲੋਕਾਂ ਨੂੰ ਧੋਖਾ ਦੇਣਾ ਹੈ ਅਤੇ ਪੂੰਜੀਵਾਦੀ ਢਾਂਚੇ ਦੀ ਦੂਜੀ ਸੁਰੱਖਿਆ ਪੰਕਤੀ ਦੀ ਭੂਮਿਕਾ ਨਿਭਾਉਣੀ ਹੈ। ਬਾਹਰਮੁਖੀ ਪ੍ਰਤੀਕੂਲ ਸਥਿਤੀਆਂ ਨਾਲ਼ ਜੂਝਕੇ ਅਕਤੂਬਰ ਇਨਕਲਾਬੀ ਤਾਕਤਾਂ ਹੀ ਕਰ ਸਕਦੀਆਂ ਹਨ ਜੋ ਸ਼ਾਂਤੀਪੂਰਨ ਸੰਕਰਮਣ ਦੇ ਹਰ ਸਿਧਾਂਤ ਦਾ ਅਤੇ ਸੋਧਵਾਦ ਦੇ ਹਰ ਰੂਪ ਦਾ ਵਿਰੋਧ ਕਰਦੀਆਂ ਹਨ, ਜੋ ਜਮਾਤੀ ਘੋਲ਼ ਅਤੇ ਪ੍ਰੋਲੇਤਾਰੀ ਤਾਨਾਸ਼ਾਹੀ ਦੇ ਸਿਧਾਂਤ ਨੂੰ, ਬੁਰਜੂਆ ਰਾਜਸੱਤ੍ਹਾ ਨੂੰ ਤਾਕਤ ਜ਼ਰੀਏ ਚਕਨਾਚੂਰ ਕਰਕੇ ਪ੍ਰੋਲੇਤਾਰੀ ਰਾਜਸੱਤ੍ਹਾ ਦੇ ਸਿਧਾਂਤ ਨੂੰ ਅਤੇ ਪੂੰਜੀਵਾਦੀ ਮੁੜਬਹਾਲੀ ਨੂੰ ਰੋਕਣ ਲਈ ਸਮਾਜਵਾਦੀ ਸਮਾਜ ਵਿੱਚ ਮਜ਼ਦੂਰ ਜਮਾਤ ਦੀ ਸਰਬਪੱਖੀ ਤਾਨਾਸ਼ਾਹੀ ਦੇ ਅਧੀਨ ਨਵੇਂ ਪੁਰਾਣੇ ਬੁਰਜੂਆ ਤੱਤਾਂ, ਬੁਰਜੂਆ ਅਧਿਕਾਰਾਂ ਅਤੇ ਬੁਰਜੂਆ ਵਿਚਾਰਾਂ ਦੇ ਵਿਰੁੱਧ ਲਗਾਤਾਰ ਜਮਾਤੀ ਘੋਲ਼ ਦੇ ਉਸ ਸਿਧਾਂਤ ਨੂੰ ਪ੍ਰਵਾਨ ਕਰਦੀਆਂ ਹਨ ਜੋ ਮਾਓ ਦੀ ਅਗਵਾਈ ਵਿੱਚ ਚੀਨ ਵਿੱਚ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ (1966-76) ਦੌਰਾਨ ਖੋਜਿਆ ਗਿਆ। ਪਰ ਕਮਿਊਨਿਜ਼ਮ ਦੇ ਇਨਾਂ ਇਨਕਲਾਬੀ ਸਿਧਾਤਾਂ ਨੂੰ ਸਵੀਕਾਰ ਕਰਨ ਵਾਲ਼ੀਆਂ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਆਪਣੀ ਤਮਾਮ ਇਮਾਨਦਾਰੀ, ਬਹਾਦਰੀ ਅਤੇ ਕੁਰਬਾਨੀ ਦੇ ਬਾਵਜੂਦ ਅਤੇ ਦੁਨੀਆਂ ਦੇ ਜਿਆਦਾਤਰ ਦੇਸ਼ਾਂ ਵਿੱਚ ਆਪਣੀ ਮੌਜੂਦਗੀ ਦੇ ਬਾਵਜੂਦ, ਫਿਲਹਾਲ ਵਿਚਾਰਧਾਰਕ ਪੱਖ ਤੋਂ ਕਾਫੀ ਕਮਜ਼ੋਰ ਹਨ। ਮਾਓ ਦੀਆਂ ਮਹਾਨ ਦੇਣਾ ਨੂੰ ਵਿਗਿਆਨਕ ਭਾਵ ਦੀ ਬਜਾਇ ਉਹ ਭਗਤੀ ਭਾਵ ਨਾਲ਼ ਪ੍ਰਵਾਨ ਕਰਦੀਆਂ ਹਨ। ਇਸ ਕਠਮੁੱਲਾਵਾਦ ਕਰਕੇ ਉਹ ਇਨਕਲਾਬ ਦੇ ਪ੍ਰੋਗਰਾਮ ਦੇ ਸਵਾਲ ਨੂੰ ਹੁਣ ਵੀ ਵਿਚਾਰਧਾਰਾ ਦਾ ਸਵਾਲ ਬਣਾ ਦਿੰਦੀਆਂ ਹਨ ਅਤੇ ਮਾਓ ਦੀਆਂ ਵਿਚਾਰਧਾਰਕ ਦੇਣਾ ਨੂੰ ਪ੍ਰਵਾਨ ਕਰਦੇ ਹੋਏ ਉਹ ਇਸ ਹੱਦ ਤੱਕ ਚਲੀਆਂ ਜਾਂਦੀਆਂ ਹਨ ਕਿ ਅਜਿਹਾ ਮੰਨਣ ਲਗਦੀਆਂ ਹਨ ਕਿ ਕਿਉਂਕਿ ਮਾਓ ਅਤੇ ਚੀਨ ਦੀ ਪਾਰਟੀ ਨੇ ਆਪਣੇ ਸਮੇਂ ਵਿੱਚ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਸਾਮਰਾਜਵਾਦ-ਜਗੀਰਦਾਰੀ ਵਿਰੋਧੀ ਨਵਜਮਹੂਰੀ ਇਨਕਲਾਬ ਦੀ ਗੱਲ ਕਹੀ ਸੀ, ਇਸ ਲਈ ਸਾਨੂੰ ਉਸੇ ਤਰਾਂ ਕਰਨਾ ਹੋਵੇਗਾ। ਇਸ ਤੋਂ ਵੱਖਰਾ ਸੋਚਣਾ ਹੀ ਉਹ ਮਾਰਕਸਵਾਦ ਨੂੰਤੋਂ ਭਟਕਾਅ ਮੰਨਦੇ ਹਨ। ਇਹ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਜੀਵਨ ਦੀਆਂ ਠੋਸ ਸੱਚਾਈਆਂ ਨੂੰ ਸਿਧਾਤਾਂ ਦੇ ਸਾਂਚੇ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। ਇਹੀ ਕਠਮੁੱਲਾਵਾਦ ਹੈ। ਇਸੇ ਕਠਮੁੱਲਾਵਾਦ ਕਰਕੇ, ਸਾਮਰਾਜਵਾਦ ਦੇ ਬੁਨਿਆਦੀ ਖਾਸੇ ਨੂੰ ਸਮਝਕੇ ਅੱਜ ਉਸਦੀ ਕਾਰਜਪ੍ਰਣਾਲ਼ੀ ਤੇ ਢਾਂਚੇ ਵਿੱਚ ਆਈਆਂ ਤਬਦੀਲੀਆਂ ਨੂੰ ਸਮਝਣ ਦੀ ਬਜਾਇ ਜਿਆਦਾਤਰ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਸਾਮਰਾਜਵਾਦ ਨੂੰ ਹੂ-ਬ-ਹੂ ਉਸੇ ਤਰਾਂ ਹੀ ਦੇਖਣਾ ਚਾਹੁੰਦੀਆਂ ਹਨ ਜਿਸ ਤਰਾਂ ਉਹ ਲੈਨਿਨ ਦੇ ਸਮੇਂ ਵਿੱਚ ਸੀ। ਉਹ ਕੌਮੀ-ਬਸਤੀਵਾਦੀ ਸਵਾਲ ਦੇ ਅੰਤ ਦੇ ਯਥਾਰਥ ਨੂੰ, ਪਰਜੀਵੀ, ਅਣਉਤਪਾਦਕ ਵਿੱਤੀ ਪੂੰਜੀ ਦੇ ਵੱਡੀ ਵਿਸਤਾਰ ਤੇ ਨਿਰਣਾਇਕ ਹੋਂਦ ਦੇ ਯਥਾਰਥ ਨੂੰ, ਕੌਮੀ ਨਿਗਮਾਂ ਦੇ ਬਦਲਦੇ ਚਰਿੱਤਰ ਤੇ ਕਾਰਜਪ੍ਰਣਾਲ਼ੀ ਅਤੇ ਵਿੱਤੀ ਪੂੰਜੀ ਦੇ ਸੰਸਾਰੀਕਰਨ ਦੇ ਯਥਾਰਥ ਨੂੰ, ਪੂੰਜੀਵਾਦੀ ਉਤਪਾਦਨ ਪੱਧਤੀ ਵਿੱਚ ਆਈਆਂ ਅਹਿਮ ਤਬਦੀਲੀਆਂ ਦੇ ਯਥਾਰਥ ਨੂੰ, ਸਾਬਕਾ ਬਸਤੀਆਂ ਵਿੱਚ ਪੂਰਵ ਪੂੰਜੀਵਾਦੀ ਸਬੰਧਾਂ ਦੀ ਥਾਂ ਪੂੰਜੀਵਾਦੀ ਪੈਦਾਵਾਰੀ ਸਬੰਧਾਂ ਦੀ ਪ੍ਰਧਾਨਤਾ ਅਤੇ ਇਨਕਲਾਬ ਦੇ ਯੁੱਧਨੀਤਕ ਗੱਠਜੋੜ (ਜਮਾਤਾਂ ਦੇ ਸਾਂਝੇ ਮੋਰਚੇ) ਵਿੱਚ ਤਬਦੀਲੀ ਦੇ ਯਥਾਰਥ ਨੂੰ ਸਮਝਣ ਦੀ ਕੋਸ਼ਿਸ਼ ਕਰਨ ਦੀ ਬਜਾਇ ਉਨਾਂ ਦੀ ਅਣਦੇਖੀ ਕਰਦੇ ਹਨ। ਇਸ ਕਰਕੇ ਉਨਾਂ ਦੇ ਇਨਕਲਾਬੀ ਸਮਾਜਿਕ ਪ੍ਰਯੋਗ ਮਜ਼ਦੂਰ ਜਮਾਤ ਅਤੇ ਪ੍ਰੋਲੇਤਾਰੀ ਇਨਕਲਾਬ ਦੀਆਂ ਕਈ ਮਿੱਤਰ ਜਮਾਤਾਂ ਨੂੰ ਲਾਮਬੰਦ ਕਰਨ ਦੀ ਬਜਾਇ ਹੁਣ ਲਕੀਰ ਦੀ ਫਕੀਰੀ ਅਤੇ ਰੁਟੀਨੀ ਕਵਾਇਦ ਬਣਕੇ ਰਹਿ ਜਾਂਦੇ ਹਨ ਅਤੇ ਕਦੇ ਕਦੇ ਤਾਂ ਹਾਕਮ ਜਮਾਤ ਦਾ ਕੋਈ ਹਿੱਸਾ ਆਪਣੇ ਆਪਸੀ ਘੋਲ਼ਾਂ ਵਿੱਚ ਉਨਾਂ ਦੀ ਵਰਤੋਂ ਵੀ ਕਰ ਲੈਂਦਾ ਹੈ। ਇਸ ਕਠਮੁੱਲਾਵਾਦ ਕਰਕੇ ਸਮਾਜਿਕ ਪ੍ਰਯੋਗਾਂ ਦੀ ਹਾਰ ਨੇ ਇੱਕ ਲੰਬੀ ਖੜੋਤ ਅਤੇ ਵਿਆਪਕ ਕਿਰਤੀ ਲੋਕਾਈ ਨਾਲ਼ ਅਲਹਿਦਗੀ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਇਸ ਸਥਿਤੀ ਵਿੱਚ, ਦੁਨੀਆਂ ਦੇ ਸਾਰੇ ਮੋਹਰੀ ਇਨਕਲਾਬੀ ਸੰਭਾਵਨਾਵਾਂ ਵਾਲ਼ੇ ਦੇਸ਼ਾਂ ਵਿੱਚ ਨਾ ਕੇਵਲ ਦੇਸ਼ ਪੱਧਰ ਦੀ ਏਕੀਕ੍ਰਿਤ ਕਮਿਊਨਿਸਟ ਪਾਰਟੀ ਦੇ ਗਠਨ ਦਾ ਕੰਮ ਹੀ ਲਮਕਇਆ ਹੋਇਆ ਹੈ, ਸਗੋਂ, ਕਠਮੁੱਲਾਵਾਦ ਅਤੇ ਖੜੋਤ ਦੀ ਲੰਬੀ ਮਿਆਦ ਸੱਜੀਆਂ ਅਤੇ ਖੱਬੀਆਂ ਮੌਕਾਪ੍ਰਸਤ ਵਿਚਾਰਧਾਰਕ ਥਿੜਕਣਾ ਨੂੰ ਜਨਮ ਦੇ ਰਹੀ ਹੈ। ਨੇਕਪਾ (ਮਾਓਵਾਦੀ) ਦੀ ਅਗਵਾਈ ਵਿੱਚ ਨੇਪਾਲ ਦੇ ਜਿੱਤ ਵੱਲ ਵਧ ਰਹੇ ਜਮਹੂਰੀ ਇਨਕਲਾਬ ਦੀ ਉਦਾਹਰਨ ਦਿੰਦੇ ਹੋਏ ਦੁਨੀਆਂ ਦੇ ਕਮਿਊਨਿਸਟ ਇਨਕਲਾਬੀ ਕੈਂਪ ਵਿੱਚ ਭਾਰੂ ਕਠਮੁੱਲਾਵਾਦੀ ਸੋਚ ਅਤੇ ਜੋਰ ਸ਼ੋਰ ਨਾਲ਼ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ਕਿ ਅਜੇ ਵੀ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਜਮਹੂਰੀ ਇਨਕਲਾਬ ਦੀ ਧਾਰਾ ਹੀ ਸੰਸਾਰ ਮਜ਼ਦੂਰ ਇਨਕਲਾਬ ਦੀ ਮੁੱਖ ਧਾਰਾ ਅਤੇ ਮੁੱਖ ਕੜੀ ਬਣੀ ਹੋਈ ਹੈ। ਅਸੀਂ ਨੇਪਾਲ ਦੇ ਮਾਓਵਾਦੀ ਇਨਕਲਾਬੀਆਂ ਨੂੰ (ਕੁੱਝ ਅਹਿਮ ਵਿਚਾਰਧਾਰਕ ਮੱਤਭੇਦਾਂ, ਇਤਰਾਜਾਂ ਤੇ ਸ਼ੰਕਿਆਂ ਦੇ ਬਾਵਜੂਦ) ਹਾਰਦਿਕ ਇਨਕਲਾਬੀ ਸਲਾਮੀ ਦਿੰਦੇ ਹਾਂ, ਪਰ ਨਾਲ਼ ਹੀ, ਨਿਮਰਤਾਪੂਰਵਕ ਇਹ ਕਹਿਣਾ ਚਾਹੁੰਦੇ ਹਨ ਕਿ ਨੇਪਾਲ ਦਾ ਜੇਤੂ ਇਨਕਲਾਬ ਇੱਕੀਵੀਂ ਸਦੀ ਵਿੱਚ ਹੋਣ ਵਾਲ਼ਾ ਵੀਹਵੀਂ ਸਦੀ ਦਾ ਇਨਕਲਾਬ ਹੈ। ਇਹ ਇਤਿਹਾਸ ਦਾ ਇੱਕ ‘ਬੈਕਲਾਗ’ ਹੈ। ਇਹ ਇੱਕੀਵੀਂ ਸਦੀ ਦਾ ਪ੍ਰਵਿਰਤੀ ਨਿਰਧਾਰਕ ਤੇ ਰਾਹ ਦਰਸਾਵਾ ਇਨਕਲਾਬ ਨਹੀਂ ਹੈ। ਨੇਪਾਲ ਦੁਨੀਆਂ ਦੇ ਉਨਾਂ ਥੋੜ੍ਹੇ ਜਿਹੇ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਬਹੁਤ ਘੱਟ ਉਦਯੋਗਿਕ ਵਿਕਾਸ ਹੋਇਆ ਹੈ ਅਤੇ ਜਿੱਥੇ ਪੂਰਵ ਪੂੰਜੀਵਾਦੀ ਭੂਮੀ ਸਬੰਧ ਮੁੱਖ ਰੂਪ ‘ਚ ਮੌਜੂਦ ਹਨ। ਭਾਰਤ, ਬ੍ਰਾਜੀਲ, ਅਰਜਨਟੀਨਾ, ਦੱਖਣੀ ਅਫਰੀਕਾ ਆਦਿ ਦੀ ਹੀ ਨਹੀਂ ਸਗੋਂ ਪਾਕਿਸਤਾਨ, ਸ਼੍ਰੀ ਲੰਕਾ ਅਤੇ ਬੰਗਲਾਦੇਸ਼ ਜਿਹੇ ਦੇਸ਼ਾਂ ਦੀ ਸਥਿਤੀ ਵੀ ਨੇਪਾਲ ਤੋਂ ਕਾਫੀ ਵੱਖਰੀ ਹੈ। ਅੱਜ ਤੀਜੀ ਦੁਨੀਆਂ ਦੇ ਜਿਆਦਾਤਰ ਦੇਸ਼ਾਂ ਵਿੱਚ ਪੂਰਵ ਪੂੰਜੀਵਾਦੀ ਭੂਮੀ ਸਬੰਧ ਮੂਲ ਤੌਰ ‘ਤੇ ਤੇ ਮੁੱਖ ਤੌਰ ‘ਤੇ ਨਸ਼ਟ ਹੋ ਚੁੱਕੇ ਹਨ। ਉੱਥੇ ਪੂੰਜੀਵਾਦੀ ਵਿਕਾਸ ਮੁੱਖ ਪ੍ਰਵਿਰਤੀ ਬਣ ਚੁੱਕੀ ਹੈ। ਇਨਾਂ ਦੇਸ਼ਾਂ ਦੀ ਬੁਰਜੂਆਜ਼ੀ ਸੱਤ੍ਹਾ ‘ਤੇ ਕਾਬਜ ਹੋਣ ਤੋਂ ਬਾਅਦ ਸਾਮਰਾਜਵਾਦੀ ਬੁਰਜੂਆਜ਼ੀ ਦੀ ਜੂਨੀਅਰ ਪਾਰਟਨਰ ਬਣ ਚੁੱਕੀ ਹੈ। ਇਨਾਂ ਦੇਸ਼ਾਂ ਦੀਆਂ ਬੁਰਜੂਆ ਸੱਤ੍ਹਾਵਾਂ ਦੇਸ਼ੀ ਬੁਰਜੂਆਜ਼ੀ ਨਾਲ਼ ਹੀ ਸਾਮਰਾਜਵਾਦੀ ਲੁੱਟ ਦਾ ਵੀ ਯੰਤਰ ਬਣੀਆਂ ਹੋਈਆਂ ਹਨ। ਇਨਾਂ ਦੇਸ਼ਾਂ ਵਿੱਚ ਸਾਮਰਾਜਵਾਦ-ਪੂੰਜੀਵਾਦ ਵਿਰੋਧੀ, ਨਵੇਂ ਸਮਾਜਵਾਦੀ ਇਨਕਲਾਬ ਦੀ ਸਥਿਤੀ ਪੈਦਾ ਹੋਈ ਹੈ ਅਤੇ ਅਜਿਹਾ ਸੰਸਾਰ ਪੂੰਜੀਵਾਦ ਦੇ ਇਤਿਹਾਸ ਦੇ ਨਵੇਂ ਦੌਰ ਦੀ ਇੱਕ ਨਵੀਂ ਵਿਸ਼ੇਸ਼ਤਾ ਹੈ। ਇਸ ਨਵੇਂ ਇਤਿਹਾਸਕ ਵਰਤਾਰੇ ਦੀ ਅਣਦੇਖੀ ਅੱਜ ਦੁਨੀਆਂ ਦੇ ਕਮਿਊਨਿਸਟ ਇਨਕਲਾਬੀ ਕੈਂਪਾਂ ਦੀ ਮੁੱਖ ਸਮੱਸਿਆ ਹੈ। ਜਦੋਂ ਤੱਕ ਇਹ ਸਮੱਸਿਆ ਹੱਲ ਨਹੀਂ ਹੋਵੇਗੀ। ਉਦੋਂ ਤੱਕ ਸੰਸਾਰ ਪ੍ਰੋਲੇਤਾਰੀ ਇਨਕਲਾਬ ਦੀ ਨਵੀਂ ਲਹਿਰ ਅੱਗੇ ਵੱਲ ਗਤੀਮਾਨ ਨਹੀਂ ਹੋ ਸਕਦੀ। 

ਭਾਰਤ ਵਿੱਚ ਕਮਿਊਨਿਸਟ ਇਨਕਲਾਬੀ ਖੇਮਾ-ਖੜੋਤ ਤੋਂ ਖਿੰਡਾਅ ਤੱਕ ਦੀ ਯਾਤਰਾ ਦੇ ਜ਼ਰੂਰੀ ਸਬਕ : ਲਹਿਰ ਦੀਆਂ ਵਿਚਾਰਧਾਰਕ-ਰਾਜਨੀਤੀ ਸਮੱਸਿਆਵਾਂ-ਕਮਜ਼ੋਰੀਆਂ ਦਾ ਇੱਕ ਸੰਖੇਪ ਵਿਸ਼ਲੇਸ਼ਣ ਤੇ ਨਿਚੋੜ ਨਵੇਂ ਸਮਾਜਵਾਦੀ ਇਨਕਲਾਬ ਦੇ ਪ੍ਰੋਗਰਾਮ ਅਤੇ ਪਾਰਟੀ ਨਿਰਮਾਣ ਦੇ ਕਾਰਜ ਬਾਰੇ ਕੁੱਝ ਬੁਨਿਆਦੀ ਗੱਲਾਂ

ਭਾਰਤ ਵਿੱਚ ਇਨਕਲਾਬੀ ਕਮਿਊਨਿਸਟ ਲਹਿਰ ਦੀ ਖੜੋਤ-ਖਿੰਡਾਅ ਦੀ ਵਰਤਮਾਨ ਸਥਿਤੀ ਨੂੰ ਵੀ ਇਸੇ ਸੰਸਾਰ ਪਰਿਪੇਖ ਵਿੱਚ ਦੇਖਣਾ ਸਮਝਣਾ ਹੋਵੇਗਾ। ਖੜੋਤ ਦੇ ਕਾਰਨਾਂ ਨੂੰ ਸਹੀ ਢੰਗ ਨਾਲ਼ ਸਮਝੇ ਬਿਨਾਂ ਉਸਨੂੰ ਤੋੜਿਆ ਨਹੀਂ ਜਾ ਸਕਦਾ।

ਨਕਸਲਬਾੜੀ ਦਾ ਇਤਿਹਾਸਕ ਕਿਸਾਨ ਉਭਾਰ ਭਾਰਤੀ ਕਮਿਊਨਿਸਟ ਲਹਿਰ ਦੇ ਇਤਿਹਾਸ ਦਾ ਮੋੜ ਨੁਕਤਾ ਸੀ। ਇਨਕਲਾਬੀ ਸਫਾਂ ਨੇ ਮਾਕਪਾ ਦੀ ਸੋਧਵਾਦੀ ਲੀਡਰਸ਼ਿਪ ਨਾਲ਼ ਨਿਰਣਾਇਕ ਤੋੜ ਵਿਛੋੜਾ ਕਰਕੇ ਇੱਕ ਨਵੀਂ ਸਰਵਭਾਰਤੀ ਇਨਕਲਾਬੀ ਪਾਰਟੀ ਦੇ ਗਠਨ ਦੀ ਦਿਸ਼ਾ ਵਿੱਚ ਅੱਗੇ ਕਦਮ ਵਧਾਏ। ਪਰ ਇਸ ਪ੍ਰਕਿਰਿਆ ਦੇ ਅੰਜਾਮ ਤੱਕ ਪਹੁੰਚਣ ਤੋਂ ਪਹਿਲਾਂ ਹੀ ਨਵੀਂ ਲੀਡਰਸ਼ਿਪ ਦੀ ਵਿਚਾਰਧਾਰਕ ਕਮਜ਼ੋਰੀ ਕਾਰਨ ਛੇਤੀ ਹੀ ਪੈਂਡੂਲਮ ਦੂਜੇ ਸਿਰੇ ‘ਤੇ ਜਾ ਪਹੁੰਚਿਆ ਅਤੇ ਨਵਜਨਮੀ ਕਮਿਊਨਿਸਟ ਇਨਕਲਾਬੀ ਲਹਿਰ ਦਾ ਪ੍ਰਮੁੱਖ ਹਿੱਸਾ ”ਖੱਬੂ” ਮਾਅਰਕੇਬਾਜ਼ੀ ਦੀ ਦਲਦਲ ਵਿੱਚ ਜਾ ਫਸਿਆ, 1970 ਵਿੱਚ ”ਖੱਬੂ” ਮਾਅਰਕੇਬਾਜ਼ੀ ਦੇ ਇਸੇ ਭਟਕਾਅ ਨਾਲ਼ ਭਾ. ਕ. ਪਾ (ਮਾ. ਲੇ.) ਦੀ ਲੀਡਰਸ਼ਿਪ ਨੇ ਆਪਣੇ ਦੇਸ਼ ਦੀਆਂ ਠੋਸ ਸਥਿਤੀਆਂ ਦੇ ਠੋਸ ਵਿਸ਼ਲੇਸ਼ਣ ਦੇ ਅਧਾਰ ‘ਤੇ 1947 ਤੋਂ ਬਾਅਦ ਭਾਰਤੀ ਸਮਾਜ ਦੇ ਵਿਕਾਸ ਦੀ ਦਿਸ਼ਾ, ਪੈਦਾਵਾਰੀ-ਸਬੰਧ ਅਤੇ ਭਾਰਤੀ ਹਾਕਮ ਜਮਾਤ ਤੇ ਰਾਜਸੱਤ੍ਹਾ ਦੇ ਚਰਿੱਤਰ ਦੇ ਸਹੀ-ਸਟੀਕ ਵਿਸ਼ਲੇਸ਼ਣ ਦੇ ਅਧਾਰ ‘ਤੇ ਭਾਰਤੀ ਇਨਕਲਾਬ ਦਾ ਪ੍ਰੋਗਰਾਮ ਤੈਅ ਕਰਨ ਦੀ ਬਜਾਇ ਚੀਨੀ ਇਨਕਲਾਬ ਦੇ ਪ੍ਰੋਗਰਾਮ  ਦੀ ਕਾਰਬਨ ਕਾਪੀ ਕਰ ਲੈਣ ਦਾ ਸੌਖਾ-ਸੁਵਿਧਾਜਨਕ ਰਾਹ ਚੁਣਿਆ। ਮਾ. ਲੇ. ਅੰਦੋਲਨ ਦੀ ਜਿਸ ਉਪਧਾਰਾ ਨੇ ”ਖੱਬੀ” ਮਾਅਰਕੇਬਾਜ਼ੀ ਦਾ ਵਿਰੋਧ ਕਰਦੇ ਹੋਏ ਜਨਤਕ ਲੀਹ ਪ੍ਰਤੀ ਆਪਣੀ ਪ੍ਰਤੀਬੱਧਤਾ ਜਾਹਿਰ ਕੀਤੀ, ਉਸਨੇ ਵੀ ਪ੍ਰੋਗਰਾਮ ਦੇ ਸਵਾਲ ‘ਤੇ ਕਠਮੁੱਲਾਵਾਦੀ ਰਵੱਈਆ ਅਪਣਾਇਆ ਅਤੇ ਭਾਰਤੀ ਸਮਾਜ ਵਿੱਚ ਪੂੰਜੀਵਾਦੀ ਵਿਕਾਸ ਦੀ ਸਚਾਈ ਦੀ ਅਣਦੇਖੀ ਕਰਦੇ ਹੋਏ ਨਵਜਮਹੂਰੀ ਇਨਕਲਾਬ ਦਾ ਹੀ ਪ੍ਰੋਗਰਾਮ ਅਪਣਾਇਆ। 

ਭਾ. ਕ. ਪਾ (ਮਾ. ਲੇ.) ਵਿੱਚ ਫੁੱਟ-ਦਰ-ਫੁੱਟ ਦੀ ਜੋ ਪ੍ਰਕਿਰਿਆ 1971 ਵਿੱਚ ਸ਼ੁਰੂ ਹੋਈ, ਉਹ ਅੱਜ ਤੱਕ ਜਾਰੀ ਹੈ। ਵਿੱਚ-ਵਿੱਚ ਏਕਤਾ ਯਤਨ ਵੀ ਹੁੰਦੇ ਰਹੇ ਅਤੇ ਹਰ ਏਕਤਾ ਕਈ ਫੁੱਟਾਂ ਨੂੰ ਜਨਮ ਦਿੰਦੀ ਰਹੀ ਹੈ। ਭਾ. ਕ. ਪਾ (ਮਾ. ਲੇ.) ਦੀ ”ਖੱਬੀ ਮਾਅਰਕੇਬਾਜੀ” ਦਾ ਵਿਰੋਧ ਕਰਨ ਵਾਲ਼ੀ ਧਾਰਾ ਵੀ ਪ੍ਰੋਗਰਾਮ ਦੀ ਗਲਤ ਸਮਝਦਾਰੀ ਕਰਕੇ ਖੜੋਤ ਦਾ ਸ਼ਿਕਾਰ ਹੋ ਗਈ ਅਤੇ ਫੁੱਟ-ਦਰ-ਫੁੱਟ ਤੇ ਖਿੰਡਾਅ ਦੀ ਪ੍ਰਕਿਰਿਆ ਤੋਂ ਆਪਣੇ ਆਪ ਨੂੰ ਬਚਾ ਨਹੀਂ ਸਕੀ। ਜਿਨਾਂ ਜਥੇਬੰਦੀਆਂ ਨੇ ਅੱਤਵਾਦੀ ਲੀਹ ਨਾਲ਼ੋਂ ਜੁਅੱਰਤਮੰਦ ਨਿਰਣਾਇਕ ਤੋੜ ਵਿਛੋੜੇ ਦੀ ਬਜਾਇ ਇੰਚ-ਇੰਚ ਕਰਕੇ ਮੌਕਾਪ੍ਰਸਤ ਢੰਗ ਨਾਲ਼ ਉਸਤੋਂ ਪਿੱਛਾ ਛੁਡਾਉਣ ਦੀ ਕੋਸ਼ਿਸ਼ ਕੀਤੀ, ਉਹ ਸਾਰੇ ਅੱਜ ਸੱਜੀ ਮੌਕਾਪ੍ਰਸਤੀ ਦੀ ਦਲਦਲ ਵਿੱਚ ਧਸੇ ਹੋਏ ਹਨ। ਉਦੋਂ ਤੋਂ ਲੈ ਕੇ ਅੱਜ ਤੱਕ ਛੱਤੀ ਸਾਲਾਂ ਦਾ ਸਮਾਂ ਬੀਤ ਚੁੱਕਾ ਹੈ। ਲੰਬੇ ਠਹਿਰਾਅ ਨੇ ਪੂਰੇ ਕਮਿਊਨਿਸਟ ਇਨਕਲਾਬੀ ਖੇਮੇ ਨੂੰ ਅੱਜ ਖਿੰਡਾਅ ਦੇ ਮੁਕਾਮ ਤੱਕ ਲਿਜਾ ਪਹੁੰਚਾਇਆ ਹੈ। ਕੁੱਝ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਸੰਸਦੀ ਰਾਹ ਦੀਆਂ ਰਾਹੀ ਬਣਕੇ ਸਾਬਕਾ ਕਮਿਊਨਿਸਟ ਬਣ ਚੁੱਕੀਆਂ ਹਨ। ਕੁੱਝ ਅਜਿਹੀਆਂ ਹਨ ਜੋ ਇਨਕਲਾਬ ਅਤੇ ਜਮਾਤੀ ਘੋਲ਼ ਦੀ ਦੁਹਾਈ ਦਿੰਦੇ ਹੋਏ ਰਾਜਨੀਤਕ-ਜਥੇਬੰਦਕ ਵਿਵਹਾਰ ਦੇ ਧਰਾਤਲ ‘ਤੇ ਗਲੀਜ਼ ਸਮਾਜਿਕ ਜ਼ਮਹੂਰੀ ਆਚਰਣ ਕਰ ਰਹੀਆਂ ਹਨ ਅਤੇ ਅਰਥਵਾਦ-ਟ੍ਰੇਡਯੂਨੀਅਨਵਾਦ ਦੀ ਗਟਰ-ਗੰਗਾ ਵਿੱਚ ਗੋਤੇ ਲਾ ਰਹੀਆਂ ਹਨ, ਆਪਣੇ ਆਪਨੂੰ ਮਾਓਵਾਦੀ ਕਹਿਣ ਵਾਲ਼ੇ ”ਖੱਬੂ” ਮਾਅਰਕੇਬਾਜ਼ ਆਪਣੀ ਰਾਹ ‘ਤੇ ਹੁਣ ਇੰਨਾਂ ਅੱਗੇ ਅਤੇ ਮਾਰਕਸਵਾਦ ਤੋਂ ਇਨੀ ਦੂਰ ਜਾ ਚੁੱਕੇ ਹਨ ਕਿ ਉਨਾਂ ਦੀ ਵਾਪਸੀ ਸੰਭਵ ਨਹੀਂ ਦਿਖਦੀ। 

ਕਮਿਊਨਿਸਟ ਇਨਕਲਾਬੀ ਲਹਿਰ ਜੇ ਵਿਚਾਰਧਾਰਾਕ ਕਮਜ਼ੋਰੀ ਅਤੇ ਅਧਕਚਰੇਪਨ ਦਾ ਸ਼ਿਕਾਰ ਨਹੀਂ ਹੁੰਦੀ ਤਾਂ ਭਾਰਤੀ ਸਮਾਜ ਦੇ ਪੂੰਜੀਵਾਦੀ ਰੂਪਾਂਤਰਣ ਦੀ ਪ੍ਰਕਿਰਿਆ ਨੂੰ ਪਿਛਲੀ ਸਦੀ ਦੇ ਸੱਤਵੇਂ ਅੱਠਵੇਂ ਦਹਾਕੇ ਵਿੱਚ ਹੀ ਸਮਝਕੇ ਸਮਾਜਵਾਦੀ ਇਨਕਲਾਬ ਦੇ ਪ੍ਰੋਗਰਾਮ ਦੇ ਨਤੀਜ਼ੇ ਤੱਕ ਪਹੁੰਚ ਸਕਦੀ ਸੀ ਅਤੇ ਹੁਣ ਤਾਂ ਭਾਰਤੀ ਸਮਾਜ ਦਾ ਪੂੰਜੀਵਾਦੀ ਚਰਿੱਤਰ ਇਨਾਂ ਸਪੱਸ਼ਟ ਹੋ ਚੁੱਕਾ ਹੈ ਕਿ ਕਠਮੁੱਲੇਪਨ ਤੋਂ ਮੁਕਤ ਕੋਈ ਨੌਸਿਖੂਆ ਮਾਰਕਸਵਾਦੀ ਵੀ ਇਸਨੂੰ ਦੇਖ-ਸਮਝ ਸਕਦਾ ਹੈ। ਪਿੰਡਾਂ ਦੇ ਛੋਟੇ ਅਤੇ ਦਰਮਿਆਨੇ ਕਿਸਾਨ ਅੱਜ ਆਪਣੀ ਜ਼ਮੀਨ ਦੇ ਮਾਲਕ ਖੁਦ ਹਨ ਅਤੇ ਜਗੀਰੂ ਲਗਾਨ ਅਤੇ ਦਾਬਾ ਨਹੀਂ, ਸਗੋਂ ਪੂੰਜੀ ਦੀ ਮਾਰ ਉਨਾਂ ਨੂੰ ਲਗਾਤਾਰ ਜਗ੍ਹਾ-ਜ਼ਮੀਨ ਤੋਂ ਉਜਾੜਕੇ ਦਰ-ਬ-ਦਰ ਕਰ ਰਹੀ ਹੈ। ਕਿਸਾਨ ਅਬਾਦੀ ਦੇ ਵਿਭੇਦੀਕਰਨ ਅਤੇ ਪ੍ਰੋਲੇਤਾਰੀਕਰਨ ਦੀ ਪ੍ਰਕਿਰਿਆ ਇੱਕਦਮ ਸਪੱਸ਼ਟ ਹੈ। ਸਲਾਨਾਂ ਲੱਖਾਂ ਛੋਟੇ ਅਤੇ ਹੇਠਲੇ ਦਰਮਿਆਨੇ ਕਿਸਾਨ ਉੱਜੜਕੇ ਪ੍ਰੋਲੇਤਾਰੀ ਦੀਆਂ ਕਤਾਰਾਂ ਵਿੱਚ ਸ਼ਾਮਿਲ ਹੋ ਰਹੇ ਹਨ। ਧਨੀ ਅਤੇ ਉੱਚ  ਮੱਧ ਵਰਗੀ ਕਿਸਾਨ ਮੰਡੀ ਲਈ ਪੈਦਾ ਕਰ ਰਹੇ ਹਨ ਅਤੇ ਖੇਤਾਂ ਵਿੱਚ ਭਾੜੇ ਦੇ ਮਜ਼ਦੂਰ ਲਾ ਕੇ ਵਾਧੂ ਕਦਰ ਨਿਚੋੜ ਰਹੇ ਹਨ। ਪਿੰਡਾਂ ਵਿੱਚ ਅਨੇਕਾਂ ਨਵੇਂ ਰਾਹਾਂ ਅਤੇ ਤਰੀਕਿਆਂ ਨਾਲ਼ ਵਿੱਤੀ ਪੂੰਜੀ ਦੀ ਪੈਠ ਵਧੀ ਹੈ ਅਤੇ ਦੇਸ਼ ਦੇ ਸੁਦੂਰਵਰਤੀ ਹਿੱਸੇ ਵੀ ਇੱਕ ਕੌਮੀ ਮੰਡੀ ਦੀ ਚੌਹਦੀ ਦੇ ਅੰਦਰ ਆ ਗਏ ਹਨ। ਪਿੰਡਾਂ ਦੇ ਧਨੀ ਅਤੇ ਖੁਸ਼ਹਾਲ ਦਰਮਿਆਨੇ ਕਿਸਾਨ ਅੱਜ ਇਨਕਲਾਬੀ ਭੂਮੀ ਸੁਧਾਰ ਲਈ ਨਹੀਂ ਸਗੋਂ ਨਿਚੋੜੀ ਜਾਣ ਵਾਲ਼ੀ ਵਾਧੂ ਕਦਰ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਨੂੰ ਲੈ ਕੇ ਅੰਦੋਲਨ ਕਰਦੇ ਹਨ। ਖੇਤੀ ਲਾਗਤ ਘੱਟ ਕਰਕੇ ਅਤੇ ਖੇਤੀ ਉਤਪਾਦਾਂ ਦੇ ਲਾਭਕਾਰੀ ਮੁੱਲਾਂ ਦੀ ਮੰਗ ਦਾ ਇਹੀ ਤੱਤ ਹੈ, ਇਸਨੂੰ ਮਾਰਕਸਵਾਦੀ ਰਾਜਨੀਤੀਕ ਅਰਥਸ਼ਾਸਤਰ ਦਾ ਇੱਕ ਆਮ ਵਿਦਿਆਰਥੀ ਵੀ ਸਮਝ ਸਕਦਾ ਹੈ। ਦੇਸ਼ ਦੇ ਪੁਰਾਣੇ ਸੱਨਅਤੀ ਕੇਂਦਰਾਂ ਨੂੰ ਪਿੱਛੇ ਛੱਡਦੇ ਹੋਏ ਅੱਜ ਦੁਰੇਡੇ ਕੋਨਿਆਂ ਤੱਕ ਲੱਖਾਂ ਦੀ ਅਬਾਦੀ ਵਾਲ਼ੇ ਨਵੇਂ-ਨਵੇਂ ਸੱਨਅਤੀ ਕੇਂਦਰ ਵਿਕਸਿਤ ਹੋ ਗਏ ਹਨ। ਆਵਾਜਾਈ-ਸੰਚਾਰ ਦੇ ਸਾਧਨਾਂ ਦਾ ਪਿਛਲੇ ਤੀਹ ਦਹਾਕਿਆਂ ਦੌਰਾਨ ਅਭੂਤਪੂਰਵ ਤੀਬਰ ਗਤੀ ਨਾਲ਼ ਵਿਕਾਸ ਹੋਇਆ ਹੈ। ਅੱਖਾਂ ਖੋਲ੍ਹਣ ਲਈ ਕੇਵਲ ਇੱਕ ਤੱਥ ਹੀ ਕਾਫੀ ਹੈ ਕਿ ਪੂਰੇ ਦੇਸ਼ ਦੇ ਸਗੰਠਤ-ਅਸਗੰਠਤ, ਪੇਂਡੂ ਤੇ ਸ਼ਹਿਰੀ ਪ੍ਰੋਲੇਤਾਰੀ ਦੀ ਅਬਾਦੀ ਅੱਜ ਪੰਜਾਹ ਕਰੋੜ ਦੇ ਨੇੜ-ਤੇੜੇ ਪਹੁੰਚ ਰਹੀ ਹੈ ਅਤੇ ਇਸ ਵਿੱਚ ਜੇ ਅਰਧਪ੍ਰੋਲੇਤਾਰੀਆਂ ਦੀ ਅਬਾਦੀ ਵੀ ਜੋੜ ਦਿੱਤੀ ਜਾਵੇ ਤਾਂ ਇਹ ਸੰਖਿਆ ਕੁੱਲ ਅਬਾਦੀ ਦੇ ਅੱਧ ਨੂੰ ਵੀ ਪਾਰ ਕਰ ਜਾਵੇਗੀ। ਇਹ ਕਿਸੇ ਕੁਦਰਤੀ ਅਰਥਵਿਵਸਥਾ ਜਾਂ ਅਰਧਜਗੀਰੂ ਪੈਦਾਵਾਰੀ ਸਬੰਧਾਂ ਦੇ ਦਾਇਰੇ ਵਿੱਚ ਕਦੇ ਵੀ ਸੰਭਵ ਨਹੀਂ ਹੋ ਸਕਦਾ ਸੀ। ਅੱਜ ਦਾ ਭਾਰਤ ਨਾ ਕੇਵਲ ਇਨਕਲਾਬ ਤੋਂ ਪਹਿਲਾਂ ਦੇ ਚੀਨ ਤੋਂ ਬਿਲਕੁਲ ਭਿੰਨ ਹੈ, ਸਗੋਂ ਇਹ 1917 ਦੇ ਰੂਸ ਨਾਲ਼ੋਂ ਵੀ ਕਈ ਗੁਣਾ ਜਿਆਦਾ ਪੂੰਜੀਵਾਦੀ ਹੈ। ਅੱਜ ਦੇ ਭਾਰਤ ਵਿੱਚ ਕੇਵਲ ਪੂੰਜੀਵਾਦ-ਵਿਰੋਧੀ ਸਮਾਜਵਾਦੀ ਇਨਕਲਾਬ ਦੀ ਗੱਲ ਹੀ ਸੋਚੀ ਜਾ ਸਕਦੀ ਹੈ। ਜਿੱਥੋਂ ਤੱਕ ਸਾਮਰਾਜਵਾਦ ਦਾ ਸਵਾਲ ਹੈ, ਭਾਰਤ ਵਰਗੇ ਸਾਰੇ ਉੱਤਰ  ਬਸਤੀਵਾਦੀ, ਪਿੱਛੜੇ ਪੂੰਜੀਵਾਦੀ  ਦੇਸ਼ ਸਾਮਰਾਜਵਾਦੀ ਲੁੱਟ ਦਾ ਸ਼ਿਕਾਰ ਹਨ। ਅੱਜ ਵੀ ਅਸੀਂ ਸਾਮਰਾਜਵਾਦ ਦੇ ਯੁੱਗ ਵਿੱਚ ਹੀ ਜਿਉਂ ਰਹੇ, ਪਰ ਸਾਮਰਾਜਵਾਦੀ ਲੁੱਟ ਦਾ ਖਾਸਾ ਅੱਜ ਬਸਤੀਆਂ ਅਤੇ ਨਵਬਸਤੀਆਂ ਦੇ ਦੌਰ ਤੋਂ ਬਿਲਕੁਲ ਭਿੰਨ ਹੈ। ਭਾਰਤੀ ਬੁਰਜੂਆਜ਼ੀ ਅੱਜ ਦੇਸ਼ੀ ਮੰਡੀ ਵਿੱਚ ਆਪਣੀ ਨਿਰਣਾਇਕ ਹੋਂਦ ਸਥਾਪਤ ਕਰਨ ਲਈ ਰਾਜ ਸੱਤ੍ਹਾ ‘ਤੇ ਕਬਜੇ ਦੀ ਲੜਾਈ ਨਹੀਂ ਲੜ ਰਹੀ ਹੈ। ਰਾਜ ਸੱਤ੍ਹਾ ‘ਤੇ ਤਾਂ ਉਹ 1947 ਤੋਂ ਹੀ ਕਾਬਜ ਹੈ। ਹੁਣ ਉਸਦੀ ਮੁੱਖ ਲੜਾਈ ਦੇਸ਼ ਦੀ ਕਿਰਤੀ ਅਬਾਦੀ ਅਤੇ ਆਮ ਲੋਕਾਂ ਵਿਰੁੱਧ ਹੈ। ਪਰ ਉਦਯੋਗਾਂ ਅਤੇ ਮੰਡੀ ਦੇ ਵਿਕਾਸ ਲਈ ਉਸਨੂੰ ਪੂੰਜੀ ਅਤੇ ਤਕਨਾਲੋਜੀ ਦੀ ਦਰਕਾਰ ਹੈ, ਇਸ ਲਈ ਜ਼ਰੂਰੀ ਹੈ ਕਿ ਉਹ ਸਾਮਰਾਜਵਾਦੀਆਂ ਨਾਲ਼ ਸਮਝੌਤਾ ਕਰੇ ਅਤੇ ਉਨਾਂ ਨੂੰ ਵੀ ਲੁੱਟਣ ਦਾ ਮੌਕਾ ਦੇਵੇ। ਨਾਲ਼ ਹੀ, ਉਸਨੂੰ ਆਪਣੇ ਉਤਪਾਦਤ ਮਾਲ ਲਈ ਅਤੇ ਤਕਨਾਲੋਜ਼ੀ, ਤੇਲ ਤੇ ਹੋਰ ਲੋੜਾਂ ਲਈ ਸੰਸਾਰ ਮੰਡੀ ਦੀ ਵੀ ਲੋੜ ਹੈ। ਇਹ ਲੋੜ ਵੀ ਉਸਨੂੰ ਸੰਸਾਰ ਮੰਡੀ ਦੇ ਸਰਦਾਰਾਂ ਅੱਗੇ ਝੁਕਣ ਲਈ ਮਜ਼ਬੂਰ ਕਰਦੀ ਹੈ। ਆਪਣੀਆਂ ਇਨਾਂ ਲੋੜਾਂ ਅਤੇ ਮਜ਼ਬੂਰੀਆਂ ਕਰਕੇ ਭਾਰਤੀ ਬੁਰਜੂਆਜ਼ੀ ਸਾਮਰਾਜਵਾਦ ਦੇ ਸਾਹਮਣੇ ਝੁਕ ਕੇ ਸਮਝੌਤੇ ਕਰਦੀ ਹੈ। ਅਜਿਹਾ ਕਰਦੇ ਹੋਏ ਉਹ ਸਾਮਰਾਜਵਾਦੀਆਂ ਤੋਂ ਨਿਚੋੜੀ ਗਈ ਕੁੱਲ ਵਾਫ਼ਰ ਕਦਰ ਵਿੱਚ ਹਿੱਸਾ ਪੱਤੀ ਵਧਾਉਣ ਨੂੰ ਲੈ ਕੇ ਮੁੱਲ ਤੋਲ ਵੀ ਕਰਦੀ ਹੈ ਅਤੇ ਦਬਾਅ ਵੀ ਬਣਾਉਂਦੀ ਹੈ, ਪਰ ਉਸਦੀ ਇਹ ਲੜਾਈ ਕੌਮੀ ਮੁਕਤੀ ਦੀ ਲੜਾਈ ਨਹੀਂ ਸਗੋਂ ਵੱਡੇ ਲੁਟੇਰਿਆਂ ਤੋਂ ਹਿੱਸਾ ਵਧਾਉਣ ਦੀ ਲੜਾਈ ਹੀ ਹੈ। ਆਪਣੀ ਇਸ ਲੜਾਈ ਵਿੱਚ ਭਾਰਤੀ ਬੁਰਜੂਆਜ਼ੀ ਸਾਮਰਾਜਵਾਦੀ ਲੁਟੇਰਿਆਂ ਦੇ ਆਪਸੀ ਭੇੜ ਦਾ ਵੀ ਜਿੰਨਾ ਵੀ ਹੋ ਸਕੇ ਫਾਇਦਾ ਲੈਣ ਦੀ ਕੋਸ਼ਿਸ਼ ਕਰਦੀ ਹੈ। ਅਜ਼ਾਦੀ ਤੋਂ ਬਾਅਦ ਦੇ ਤਿੰਨ ਦਹਾਕਿਆਂ ਤੱਕ, ਜਨਤਾ ਤੋਂ ਪਾਈ-ਪਾਈ ਨਿਚੋੜਕੇ, ਸਮਾਜਵਾਦ ਦੇ ਨਾਮ ‘ਤੇ ਰਾਜਕੀ ਪੂੰਜੀਵਾਦ ਦਾ ਢਾਂਚਾ ਖੜ੍ਹਾ ਕਰਕੇ ਉਸਨੇ ਸਾਮਰਾਜਵਾਦੀ ਦਬਾਅ ਦਾ ਇੱਕ ਹੱਦ ਤੱਕ ਮੁਕਾਬਲਾ ਕੀਤਾ। ਪਰ ਦੇਸ਼ੀ ਪੂੰਜੀ ਦੀ ਤਾਕਤ ਵਧਣ ਨਾਲ਼ ਹੀ, ਨਿੱਜੀਕਰਨ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੋਈ ਅਤੇ ਫਿਰ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿੱਚ ਵੱਖ-ਵੱਖ ਪੂੰਜੀਪਤੀਆਂ ਨੇ ਵਿਦੇਸ਼ੀ ਕੰਪਨੀਆਂ ਤੋਂ ਪੂੰਜੀ ਅਤੇ ਤਕਨਾਲੋਜ਼ੀ ਲੈਣ ਲਈ ਸਰਕਾਰ ‘ਤੇ ਦਬਾਅ ਬਣਾਉਣਾ ਸ਼ੁਰੂ ਕੀਤਾ। ਇਸ ਕਰਕੇ ਉਦਾਰੀਕਰਨ ਦੀ ਪ੍ਰਕਿਰਿਆ ਤੇਜ਼ ਹੋ ਗਈ। ਨਿੱਜੀਕਰਨ-ਉਦਾਰੀਕਰਨ ਦੇ ਇਸ ਨਵੇਂ ਦੌਰ ਵਿੱਚ ਭਾਰਤੀ ਆਰਥਿਕ ਢਾਂਚੇ ‘ਤੇ ਸਾਮਰਾਜਵਾਦੀ ਪੂੰਜੀ ਦਾ ਦਬਾਅ ਬਹੁਤ ਜਿਆਦਾ ਵਧਿਆ ਹੈ, ਪਰ ਇਸਦਾ ਮਤਲਬ ਇਹ ਬਿਲਕੁਲ ਨਹੀਂ ਕਿ ਬਸਤੀਵਾਦ ਦੀ ਵਾਪਸੀ ਹੋ ਰਹੀ ਹੈ। ਇਸ ਤਰਾਂ ਸੋਚਣਾ ਭਾਰਤੀ ਪੂੰਜੀਪਤੀ ਵਰਗ ਦੀ ਸਥਿਤੀ ਅਤੇ ਤਾਕਤ ਨੂੰ ਨਹੀਂ ਸਮਝ ਸਕਣ ਦਾ ਨਤੀਜਾ ਹੈ। ਭਾਰਤੀ ਬੁਰਜੂਆਜ਼ੀ ਦਾ ਕੋਈ ਵੀ ਹਿੱਸਾ ਲੋਕਾਂ ਦੀਆਂ ਹੋਰ ਜਮਾਤਾਂ ਦਾ ਯੁੱਧਨੀਤਕ ਸਹਿਯੋਗੀ ਨਹੀਂ ਬਣ ਸਕਦਾ। ਯਾਣੀ ਸਾਮਰਾਜਵਾਦ ਵਿਰੋਧ ਦਾ ਸਵਾਲ ਅੱਜ ਕੌਮੀ ਮੁਕਤੀ ਦਾ ਸਵਾਲ ਨਾ ਰਹਿ ਕੇ ਦੇਸ਼ੀ ਬੁਰਜੂਆਜ਼ੀ ਅਤੇ ਉਸਦੀ ਰਾਜਸੱਤ੍ਹਾ ਦੇ ਵਿਰੁੱਧ ਘੋਲ਼ ਦਾ ਹੀ ਇੱਕ ਜ਼ਰੂਰੀ ਅੰਗ ਬਣ ਗਿਆ ਹੈ। ਭਾਰਤ ਜਿਹੀਆਂ ਪੂਰਬ ਬਸਤੀਆਂ ਵਿੱਚ ਅੱਜ ਬਿਲਕੁਲ ਨਵੀਂ ਤਰਾਂ ਦੇ ਸਮਾਜਵਾਦੀ ਇਨਕਲਾਬ ਦੀ¸ ਸਾਮਰਾਜਵਾਦ-ਪੂੰਜੀਵਾਦ ਵਿਰੋਧੀ ਇਨਕਲਾਬ ਦੀ ਸਥਿਤੀ ਪੈਦਾ ਹੋਈ ਹੈ। ਇਸ ਨਵੀਂ ਸਥਿਤੀ ਨੂੰ ਸਮਝੇ ਬਿਨਾਂ ਭਾਰਤੀ ਲੋਕਾਂ ਦੀ ਮੁਕਤੀ ਦੇ ਕਾਰਜ ਨੂੰ ਇੱਕ ਕਦਮ ਵੀ ਅੱਗੇ ਨਹੀਂ ਵਧਾਇਆ ਜਾ ਸਕਦਾ।

ਪਰ ਅਜਿਹਾ ਕਰਨ ਦੀ ਬਜਾਇ, ਭਾਰਤ ਦੀਆਂ ਜਿਆਦਾਤਰ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਅੱਜ ਕਰ ਕੀ ਰਹੀਆਂ ਹਨ? ਕੁੱਝ ਤਾਂ ਅਜਿਹੀਆਂ ਛੋਟੀਆਂ ਛੋਟੀਆਂ ਜਥੇਬੰਦੀਆਂ ਹਨ ਜੋ ਕੋਈ ਵੀ ਵਿਵਰਾਹਕ ਕਾਰਵਾਈ ਕਰਨ ਦੀ ਬਜਾਇ ਸਾਲ ਭਰ ਮੁੱਖਪੱਤਰ ਦੇ ਇੱਕ ਦੋ ਅੰਕ ਕੱਢ ਕੇ ਤੇ ਕੁੱਝ ਗੋਸ਼ਠੀਆਂ-ਸੰਮੇਲਨ ਕਰਕੇ ਬਸ ਆਪਣੇ ਜਿਉਂਦੇ ਹੋਣ ਦਾ ਸਬੂਤ ਪੇਸ਼ ਕਰਦੀਆਂ ਹਨ। ਇਸਦੀ ਤਾਂ ਚਰਚਾ ਹੀ ਬੇਕਾਰ ਹੈ। ਕੁੱਝ ਅਜਿਹੇ ਹਨ ਜੋ ਦੇਸ਼ ਦੀ ਪੰਜਾਹ ਕਰੋੜ ਪ੍ਰੋਲੇਤਾਰੀ ਅਬਾਦੀ ਨੂੰ ਛੱਡ ਕੇ ਮਾਲਕ ਕਿਸਾਨਾਂ ਦਾ ਲਾਗਤ ਮੁੱਲ ਘੱਟ ਕਰਨ ਅਤੇ ਲਾਭਕਾਰੀ ਮੁੱਲ ਤੈਅ ਕਰਨ ਦੀ ਮੰਗ ਨੂੰ ਲੈ ਕੇ ਅੰਦੋਲਨਾਂ ਵਿੱਚ ਲੱਗੇ ਰਹਿੰਦੇ ਹਨ ਅਤੇ ਅਭਿਆਸ ਵਿੱਚ ਪ੍ਰੋਲੇਤਾਰੀ ਜਮਾਤ ਦੇ ਹੀ ਹਿੱਤਾਂ ‘ਤੇ ਸੱਟ ਮਾਰਦੇ ਹੋਏ, ਛੋਟੇ ਅਤੇ ਦਰਮਿਆਨੇ ਕਿਸਾਨਾਂ ਨੂੰ ਵੀ ਧਨੀ ਕਿਸਾਨਾਂ ਦੇ ਅੰਦੋਲਨਾਂ ਦੀ ਪੂਛ ਬਣਾਕੇ ਨਰੋਦਾਵਾਦ ਦੇ ਵਿਗੜੇ ਭਾਰਤੀ ਸੰਸਕਰਣ ਪੇਸ਼ ਕਰਦੇ ਰਹਿੰਦੇ। ਇਹ ਲੋਕ ਮੁੱਖ ਰੂਪ ਵਿੱਚ ਕਮਿਊਨਿਸਟ ਇਨਕਲਾਬੀ ਨਹੀਂ ਸਗੋਂ ”ਮਾਰਕਸਵਾਦੀ” ਨਰੋਦਾਵਾਦੀ ਹਨ। ਖੇਤੀ ਅਤੇ ਖੇਤੀ ਨਾਲ਼ ਜੁੜੀਆਂ ਸੱਨਅਤਾਂ ਦੀ ਵੱਡੀ ਪੇਂਡੂ ਪ੍ਰੋਲੇਤਾਰੀ ਅਬਾਦੀ ਨੂੰ ਜਥੇਬੰਦ ਕਰਨ ਅਤੇ ਸਿਆਸੀ ਪ੍ਰਚਾਰ ਤੇ ਅੰਦੋਲਨ ਦੁਆਰਾ ਪਿੰਡਾਂ ਦੇ ਗਰੀਬਾਂ ਤੇ ਛੋਟੇ ਕਿਸਾਨਾਂ ਨੂੰ ਸਮਾਜਵਾਦ ਦੇ ਝੰਡੇ ਹੇਠ ਜਥੇਬੰਦ ਕਰਨ ਦੀਆਂ ਕੋਸ਼ਿਸ਼ਾਂ ਕੋਈ ਜਥੇਬੰਦੀ ਨਹੀਂ ਕਰ ਰਹੀ। ਇਸਦੀ ਬਜਾਇ, ਇੱਥੇ-ਉੱਥੇ, ਸਰਵੋਦੇਵਾਦੀਆਂ ਦੀ ਤਰਾਂ, ਭੂਮੀਹੀਣਾਂ ਵਿੱਚ ਪਟੇ ਵੰਡਣ ਜਿਹੀਆਂ ਮੰਗਾਂ ਉਠਾਕੇ ਕੁੱਝ ਜਥੇਬੰਦੀਆਂ ਪੇਂਡੂ ਪ੍ਰੋਲੇਤਾਰੀ ਵਿੱਚ ਜ਼ਮੀਨ ਦੇ ਨਿੱਜੀ ਮਾਲਕਾਨੇ ਦੀ ਭੁੱਖ ਪੈਦਾ ਕਰਕੇ ਉਨਾਂ ਨੂੰ ਸਮਾਜਵਾਦ ਦੇ ਝੰਡੇ ਦੇ ਵਿਰੁੱਧ ਖੜੇ ਕਰਨ ਦਾ ਪਿਛਾਖੜੀ ਕੰਮ ਕਰ ਰਹੀਆਂ ਹਨ। ਸੱਨਅਤੀ  ਮਜ਼ਦੂਰ ਜਮਾਤ ਵਿੱਚ ਕੰਮ ਕਰਨ ਦੇ ਨਾਂ ‘ਤੇ ਸਿਰਫ ਮਜ਼ਦੂਰ ਜਮਾਤ ਦੇ ਕਾਰਖਾਨਾ-ਕਂੇਦਰਿਤ ਆਰਥਿਕ ਘੋਲ਼ਾਂ ਤੱਕ ਹੀ ਸੀਮਤ ਹਨ ਅਤੇ ਅਰਥਵਾਦ ਟ੍ਰੇਡਯੂਨੀਅਨਵਾਦ ਦੀ ਘਿਨੌਣੀ ਵੰਨਗੀ ਪੇਸ਼ ਕਰ ਰਹੇ ਹਨ। ਮਜ਼ਦੂਰ ਜਮਾਤ ਵਿੱਚ ਰਾਜਨੀਤਕ ਪ੍ਰਚਾਰ ਦਾ ਕੰਮ ਉਨਾਂ ਦੇ ਏਜੰਡੇ ‘ਤੇ ਹੈ ਹੀ ਨਹੀਂ। ਮਜ਼ਦੂਰ ਜਮਾਤ ਵਿੱਚ ਜਨਤਕ ਕੰਮ  ਅਤੇ ਪਾਰਟੀ ਨਾਲ਼ ਸਬੰਧਤ ਲੈਨਿਨ ਦੀਆਂ ਸਿੱਖਿਆਵਾਂ ਦੇ ਇੱਕਦਮ ਉਲ਼ਟ, ਇਹ ਜਥੇਬੰਦੀਆਂ ਮੈਨਸ਼ਵਿਕਾਂ ਤੋਂ ਵੀ ਕਈ ਗੁਣਾ ਵਧੇਰੇ ਘਟੀਆ ਸਮਾਜਿਕ ਜਮਹੂਰੀ ਆਚਰਣ ਕਰ ਰਹੀਆਂ ਹਨ। ਭਾਰਤੀ ਇਨਕਲਾਬ ਦੇ ਪ੍ਰੋਗਰਾਮ ਦੀ ਗਲਤ ਸਮਝ ਕਾਰਨ, ਭਾਰਤ ਦੀ ਕਮਿਊਨਿਸਟ ਇਨਕਲਾਬੀ ਲਹਿਰ ਹਾਕਮ ਜਮਾਤ ਨਾਲ਼ ਆਪਣੇ ਮੁੱਲ-ਤੋਲ ਵਿੱਚ ਧਨੀ ਕਿਸਾਨਾਂ ਦੁਆਰੇ ਵਰਤੇ ਜਾਂਦੇ ਹਨ। ਜਦੋਂ ਇਹ ਸਾਮਰਾਜਵਾਦ ਦਾ ਵਿਰੋਧ ਕਰਦੇ  ਹੋਏ ਕੌਮੀ ਮੁਕਤੀ ਦਾ ਨਾਅਰਾ ਦਿੰਦੇ ਹਨ ਤਾਂ ਸਾਮਰਾਜਵਾਦੀਆਂ ਅਤੇ ਭਾਰਤੀ ਬੁਰਜੂਆਜ਼ੀ ਦੇ ਆਪਸੀ ਵੰਡ-ਵੰਡੇਰੇ ਵਿੱਚ ਭਾਰਤੀ ਬੁਰਜੂਆਜ਼ੀ ਵੱਲੋਂ ਵਰਤੇ ਜਾਂਦੇ ਹਨ। 

ਕੁੱਝ ਜਥੇਬੰਦੀਆਂ ਕਿਤਾਬੀ ਫਾਰਮੂਲੇ ਦੀ ਤਰਾਂ ਸਮਾਜਵਾਦੀ ਇਨਕਲਾਬ ਦੇ ਪ੍ਰੋਗਰਾਮ ਨੂੰ ਪਰਵਾਨ ਕਰਦੀਆਂ ਹਨ, ਪਰ ਇਨਾਂ ਵਿੱਚੋਂ ਕੁੱਝ ਆਪਣੀ ਗੈਰ ਬਾਲਸ਼ਵਿਕ ਜਥੇਬੰਦਕ ਕਾਰਜਸ਼ੈਲੀ ਕਾਰਨ ਜਨਤਕ ਲੀਹ ਨੂੰ ਲਾਗੂ ਕਰ ਸਕਣ ਵਿੱਚ ਪੂਰੀ ਤਰਾਂ ਅਸਫਲ ਰਹੀਆਂ ਹਨ ਅਤੇ ਗੈਰ ਸਰਗਰਮ ਰੈਡੀਕਲਿਜ਼ਮ ਦਾ ਸ਼ਿਕਾਰ ਹੋ ਕੇ ਅੱਜ ਇੱਕ ਮੱਠ ਜਾਂ ਸੰਪਰਦਾਇ ਵਿੱਚ ਬਦਲ ਚੁੱਕੀਆਂ ਹਨ। ਦੂਜੀਆਂ ਕੁੱਝ ਅਜਿਹੀਆਂ ਹਨ ਜੋ ਮਜ਼ਦੂਰ ਜਮਾਤ ਵਿੱਚ ਕੰਮ ਕਰਨ ਦੇ ਨਾਂ ‘ਤੇ ਕੇਵਲ ਅਰਥਵਾਦੀ ਅਤੇ ਲੋਕਰੰਜਕਤਾਵਾਦੀ ਅੰਦੋਲਨਪੰਥੀ ਕਵਾਇਦ ਕਰਦੀਆਂ ਰਹਿੰਦੀਆਂ ਹਨ। ਭੂਮੀ-ਸਵਾਲ ‘ਤੇ ਇਨਾਂ ਦੀ ਸਮਝ ਦੇ ਦਿਵਾਲੀਏਪਣ ਦਾ ਆਲਮ ਇਹ ਹੈ ਕਿ ਖੇਤੀ ਦੇ ਲਾਗਤ ਮੁੱਲ ਨੂੰ ਘਟਾਉਣ ਦੀ ਮੰਗ ਨੂੰ ਇਹ ਸਮਾਜਵਾਦੀ ਇਨਕਲਾਬ ਦੇ ਪ੍ਰੋਗਰਾਮ ਦੀ ਇੱਕ ਯੁੱਧਨੀਤਕ ਮੰਗ ਮੰਨਦੇ ਹਨ। 

ਆਪਣੇ-ਆਪ ਨੂੰ ਮਾਓਵਾਦੀ ਕਹਿਣ ਵਾਲ਼ੇ ਜੋ ”ਖੱਬੂ” ਮਾਅਰਕੇਬਾਜ ਦੇਸ਼ ਦੇ ਦੂਰ-ਦੁਰਾਡੇ ਆਦਿਵਾਸੀ ਇਲਾਕਿਆਂ ਵਿੱਚ ਬਹੁਤ ਹੀ ਪੱਛੜੀ ਚੇਤਨਾ ਵਾਲ਼ੇ ਲੋਕਾਂ ਵਿੱਚ ”ਮੁਕਤਖੇਤਰ” ਬਣਾਉਣ ਦਾ ਦਾਅਵਾ ਕਰਦੇ  ਹਨ ਅਤੇ ਲਾਲ ਸੈਨਾ ਦੀ ਹਥਿਆਰਬੰਦ ਕਾਰਵਾਈ  ਦੇ ਨਾਂ ‘ਤੇ ਕੁੱਝ ਅੱਤਵਾਦੀ ਕਾਰਵਾਈਆਂ ਕਰਦੇ ਰਹਿੰਦੇ ਹਨ, ਉਹ ਵੀ ਦੇਸ਼ ਦੇ ਕਈ ਵਿਕਸਿਤ ਹਿੱਸਿਆਂ ਵਿੱਚ ਪੂਰੀ ਤਰਾਂ ”ਮਾਰਕਸਵਾਦੀ” ਨਰੋਦਵਾਦੀ ਆਚਰਣ ਕਰਦੇ ਹੋਏ ਮਾਲਕ ਕਿਸਾਨਾਂ ਦੀਆਂ ਲਾਗਤ ਮੁੱਲਾਂ-ਲਾਭਕਾਰੀ ਮੁੱਲਾਂ ਦੀਆਂ ਮੰਗਾਂ ‘ਤੇ ਛੋਟੇ-ਮੋਟੇ ਅੰਦੋਲਨ ਕਰਦੇ   ਰਹਿੰਦੇ ਹਨ ਅਤੇ ਇੱਥੇ-ਉੱਥੇ ਕੁੱਝ ਉਦਯੋਗਿਕ ਖੇਤਰਾਂ ਵਿੱਚ ਮਜ਼ਦੂਰਾਂ ਵਿੱਚ ਕੰਮ ਦੇ ਨਾਂ ‘ਤੇ ਜੁਝਾਰੂ ਅਰਥਵਾਦ ਦੀ ਭੱਦੀ ਵੰਨਗੀ ਪੇਸ਼ ਕਰਦੇ ਰਹਿੰਦੇ ਹਨ।

ਸਿੱਟੇ ਦੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਤਿੰਨ ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋਂ, ਇੱਕ ਗਲਤ ਪ੍ਰੋਗਰਾਮ ‘ਤੇ ਅਮਲ ਦੀਆਂ ਅੱਧੀਆਂ ਅਧੂਰੀਆਂ ਕੋਸ਼ਿਸਾਂ ਅਤੇ ਇੱਕ ਗੈਰ ਬਾਲਸ਼ਵਿਕ-ਜਥੇਬੰਦਕ ਕਾਰਜਸ਼ੈਲੀ ‘ਤੇ ਅਮਲ ਨੇ ਭਾਰਤ ਦੀਆਂ ਜਿਆਦਾਤਰ ਕਮਿਊਨਿਸਟ ਇਨਕਲਾਬੀ ਜਥੇਬੰਦੀਆਂ ਦੇ ਪਹਿਲਾਂ ਤੋਂ ਹੀ ਕਮਜ਼ੋਰ ਵਿਚਾਰਧਾਰਕ ਅਧਾਰ ਨੂੰ ਲਗਾਤਾਰ ਵੱਧ ਤੋਂ ਵੱਧ ਕਮਜ਼ੋਰ ਬਣਾਇਆ ਹੈ ਅਤੇ ਉਨਾਂ ਦੇ ਭਟਕਾਵਾਂ ਨੂੰ ਇਨਕਲਾਬੀ ਚਰਿੱਤਰ ਦੇ ਖੁਰਨ-ਖਿੰਡਣ ਦੇ ਮੁਕਾਮ ਤੱਕ ਲਿਆ ਪਹੁੰਚਾਇਆ ਹੈ। ਜਿਆਦਾਤਰ ਜਥੇਬੰਦੀਆਂ ਦੀ ਲੀਡਰਸ਼ਿਪ ਸਿਆਸੀ ਮੌਕਾਪ੍ਰਸਤੀ ਦਾ ਸ਼ਿਕਾਰ ਹੈ। ਉਹ ਸਰਵਭਾਰਤੀ ਪਾਰਟੀ ਉਸਾਰਨ ਦੇ ਸਵਾਲ ‘ਤੇ ਸੰਜੀਦਾ ਨਹੀਂ ਹਨ ਅਤੇ ਬੁੱਧ ਭਿਖਸ਼ੂਆਂ ਦੀ ਤਰਾਂ ਰੁਟੀਨੀ ਕੰਮਾਂ ਦਾ ਘੰਟਾ ਬਜਾਉਂਦੇ ਹੋਏ ਵਕਤ ਕੱਟ ਰਹੇ ਹਨ। ਜੇ ਅਜਿਹਾ ਨਾ ਹੁੰਦਾ ਤਾਂ ਜੁੱਤੇ ਦੇ ਹਿਸਾਬ ਨਾਲ਼ ਪੈਰ ਕੱਟਣ ਦੀ ਬਜਾਏ ਉਹ ਭਾਰਤੀ ਸਮਾਜ ਦੇ ਪੂੰਜਵਾਦੀ ਰੂਪਾਂਤਰਣ ਦਾ ਅਧਿਐਨ ਕਰਕੇ ਪ੍ਰੋਗਰਾਮ ਦੇ ਸਵਾਲ ‘ਤੇ ਸਹੀ ਨਤੀਜੇ ਤੱਕ ਪਹੁੰਚਣ ਦੀ ਕੋਸ਼ਿਸ਼ ਜ਼ਰੂਰ ਕਰਦੇ ਅਤੇ ਕਠਦਲੀਲੀ ਜਾਂ ਅਣਗੌਲ਼ਿਆ ਕਰਨ ਦਾ ਰਵੱਈਆ ਅਪਣਾਉਣ ਦੀ ਬਜਾਇ ਸਮਾਜਵਾਦੀ ਇਨਕਲਾਬ ਦੇ ਪੜਾਅ ਦੇ ਪੱਖ ਵਿੱਚ ਦਿੱਤੇ ਜਾਣ ਵਾਲ਼ੇ ਤਰਕਾਂ ‘ਤੇ ਸੰਜੀਦਗੀ ਨਾਲ਼ ਵਿਚਾਰ ਜ਼ਰੂਰ ਕਰਦੇ। ਭਾਵੇ, ਕੇਂਦਰੀ ਸਵਾਲ ਅੱਜ  ਪ੍ਰੋਗਰਾਮ ਦੇ ਸਵਾਲ ‘ਤੇ ਮੱਤਭੇਦ ਦਾ ਰਹਿ ਹੀ ਨਹੀਂ ਗਿਆ ਹੈ। ਹੁਣ ਬੁਨਿਆਦੀ ਸਵਾਲ ਵਿਚਾਰਧਾਰਾ ਦਾ ਬਣ ਗਿਆ ਹੈ। ਜਿਆਦਾਤਰ ਜਥੇਬੰਦੀਆਂ ਨੇ ਬਾਲਸ਼ਵਿਕ ਜਥੇਬੰਦਕ ਅਸੂਲਾਂ ਅਤੇ ਕਾਰਜਪ੍ਰਣਾਲ਼ੀ ਨੂੰ ਤਿਲਾਂਜਲੀ ਦੇ ਦਿੱਤੀ ਹੈ, ਉਸਦਾ ਆਚਰਣ ਇੱਕਦਮ ਖੁੱਲ੍ਹੀਆਂ ਸਮਾਜਿਕ ਜਮਹੂਰੀ ਪਾਰਟੀਆਂ ਜਿਹਾ ਹੀ ਹੈ ਅਤੇ ਪੇਸ਼ੇਵਰ ਇਨਕਲਾਬੀਆਂ ਜਾਂ ਪਾਰਟੀ ਮੈਂਬਰਸ਼ਿਪ ਦੇ ਉਹਨਾਂ ਦੇ ਪੈਮਾਨੇ ਬੇਹੱਦ ਢਿੱਲੇ-ਢਾਲੇ ਹਨ। ਜੇ ਕੋਈ ਜਥੇਬੰਦੀ ਵਿਚਾਰਧਾਰਕ ਕਮਜੋਰੀ ਕਾਰਨ ਲੰਬੇ ਸਮੇਂ ਤੱਕ ਪ੍ਰੋਲੇਤਾਰੀ ਜਮਾਤ ਵਿੱਚ ਕੰਮ ਨਹੀਂ ਕਰੇਗੀ, ਜਾਂ ਫਿਰ ਲੰਬੇ ਸਮੇਂ ਤੱਕ ਅਰਥਵਾਦੀ ਢੰਗ ਨਾਲ਼ ਕੰਮ ਕਰੇਗੀ ਤਾਂ ਭਵਿੱਖ ਵਿੱਚ ਥਿੜਕਣ ਭਟਕਾਅ ਦਾ ਅਤੇ ਫਿਰ ਭਟਕਾਅ ਵਿਚਾਰਧਾਰਾ ਨੂੰ ਤਿਲਾਂਜ਼ਲੀ ਦਾ ਰੂਪ ਲੈ ਹੀ ਲਵੇਗਾ ਅਤੇ ਉਹ ਜਥੇਬੰਦੀ ਲਾਜ਼ਮੀ ਹੀ ਸੋਧਵਾਦ ਦੇ ਟੋਏ ਵਿੱਚ ਜਾ ਡਿੱਗੇਗੀ। ਜੇ ਕੋਈ ਜਥੇਬੰਦੀ ਪ੍ਰੋਗਰਾਮ ਦੀ ਆਪਣੀ ਗਲਤ ਸਮਝ ਕਾਰਨ ਲੰਬੇ ਸਮੇਂ ਤੱਕ ਮਾਲਕ ਕਿਸਾਨਾਂ ਦੀਆਂ ਮੰਗਾਂ ਲਈ ਲੜਦੀ ਹੋਈ ਅਸਿੱਧੇ ਤੌਰ ‘ਤੇ ਮਜ਼ਦੂਰ ਜਮਾਤ ਦੇ ਹਿੱਤਾਂ ਦੇ ਵਿਰੁੱਧ ਖੜ੍ਹੀ ਹੁੰਦੀ ਰਹੇਗੀ ਤਾਂ ਭਵਿੱਖ ਵਿੱਚ ਉਹ ਇੱਕ ਅਜਿਹੀ ਨਰੋਦਵਾਦੀ ਜਥੇਬੰਦੀ ਬਣ ਜਾਵੇਗੀ, ਜਿਸ ‘ਤੇ ਕੇਵਲ ਮਾਰਕਸਵਾਦੀ ਦਾ ਲੇਬਲ ਹੀ ਚਿਪਕਿਆ ਹੋਵੇਗਾ। ਯਾਣੀ, ਵਿਚਾਰਧਾਰਾਕ ਕਮਜ਼ੋਰੀ ਕਰਕੇ ਭਾਰਤ ਦੇ ਕਮਿਊਨਿਸਟ ਇਨਕਲਾਬੀ ਭਾਰਤੀ ਇਨਕਲਾਬ ਦੇ ਪ੍ਰੋਗਰਾਮ ਦੀ ਸਹੀ ਸਮਝ ਤੱਕ ਨਹੀਂ ਪਹੁੰਚ ਸਕੇ ਅਤੇ ਹੁਣ, ਲੰਬੇ ਸਮੇਂ ਤੱਕ ਗਲਤ ਪ੍ਰੋਗਰਾਮ ਦੇ ਅਧਾਰ ‘ਤੇ ਰਾਜਨੀਤਕ ਅਭਿਆਸ ਨੇ ਉਨਾਂ ਨੂੰ  ਵਿਚਾਰਧਾਰਾ ਦਾ ਹੀ ਤਿਆਗ ਕਰਨ ਦੇ ਮੁਕਾਮ ਤੱਕ ਲਿਆ ਪਹੁੰਚਾਇਆ ਹੈ। ਕਿਸੇ ਵੀ ਯਥਾਰਥਵਾਦੀ ਵਿਅਕਤੀ ਨੂੰ ਹੁਣ ਇਸ ਖੋਖਲੀ ਆਸ ਦਾ ਤਿਆਗ ਕਰ ਦੇਣਾ ਚਾਹੀਦਾ ਹੈ ਕਿ ਮਾ. ਲੇ. ਕੈਂਪਾਂ ਦੀਆਂ ਹਿੱਸੇਦਾਰ ਜਥੇਬੰਦੀਆਂ ਵਿੱਚ ਰਾਜਨੀਤਕ ਵਾਦ ਵਿਵਾਦ ਅਤੇ ਤਜ਼ਰਬਿਆਂ ਦੇ ਆਦਾਨ-ਪ੍ਰਦਾਨ ਦੇ ਅਧਾਰ ‘ਤੇ ਏਕਤਾ ਕਾਇਮ ਹੋ ਜਾਵੇਗੀ ਅਤੇ ਪ੍ਰੋਲੇਤਾਰੀ ਜਮਾਤ ਦੀ ਇੱਕ ਸਰਵਭਾਰਤੀ ਇਨਕਲਾਬੀ ਪਾਰਟੀ ਹੋਂਦ ਵਿੱਚ ਆ ਜਾਵੇਗੀ। ਜੋ ਛੱਤੀ ਸਾਲਾਂ ਵਿੱਚ ਨਹੀਂ ਹੋ ਸਕਿਆ, ਉਹ ਹੁਣ ਨਹੀਂ ਹੋ ਸਕਦਾ। ਜੇ ਹੋਣਾ ਹੀ ਹੁੰਦਾ ਤਾਂ ਇਹ ਪਿਛਲੀ ਸਦੀ ਦੇ ਸੱਤਵੇਂ ਜਾਂ ਅੱਠਵੇਂ ਦਹਾਕੇ ਤੱਕ ਹੀ ਹੋ ਗਿਆ ਹੁੰਦਾ। ਹੁਣ ਕਮਿਊਨਿਸਟ ਇਨਕਲਾਬੀ ਕੈਂਪ ਦੇ ਇਨਾਂ ਢਾਂਚਿਆਂ ਨੂੰ ਜੇ ਕਿਸੇ ਚਮਤਕਾਰ ਨਾਲ਼ ਮਿਲਾ ਵੀ ਦਿੱਤਾ ਜਾਵੇ ਤਾਂ ਦੇਸ਼ ਪੱਧਰ ਦੀ ਇੱਕ ਬਾਲਸ਼ਵਿਕ ਪਾਰਟੀ ਦੀ ਢਾਂਚਾ ਨਹੀਂ ਸਗੋਂ ਇੱਕ ਢਿੱਲੀ-ਢਾਲੀ ਮੈਨਸ਼ਵਿਕ ਪਾਰਟੀ ਜਿਹਾ ਢਾਂਚਾ ਤਿਆਰ ਹੋਵੇਗਾ ਅਤੇ ਸਭ ਤੋਂ ਮੁੱਖ ਗੱਲ ਤਾਂ ਇਹ ਹੈ ਕਿ ਇਨਾਂ ਜਥੇਬੰਦੀਆਂ ਦੀ ਮੌਕਾਪ੍ਰਸਤ ਲੀਡਰਸ਼ਿਪ ਤੋਂ ਹੁਣ ਉਮੀਦ ਰੱਖਣੀ ਵਿਅਰਥ ਹੈ। ਜਿੱਥੋਂ ਤੱਕ ਜਨੂੰਨੀ ਅੱਤਵਾਦੀ ਧਾਰਾ ਦੀ ਗੱਲ ਹੈ ਤਾਂ ਉਨਾਂ ਦੀ ਮਾਅਰਕੇਬਾਜ਼ੀ ਵਾਲ਼ੀ ਯੁੱਧਨੀਤੀ  ਜੰਗਲਾਂ-ਪਹਾੜਾਂ ਅਤੇ ਬੇਹੱਦ ਪੱਛੜੇ ਖੇਤਰਾਂ ਦੇ ਬਾਹਰ ਲਾਗੂ ਹੀ ਨਹੀਂ ਹੋ ਸਕੇਗੀ ਅਤੇ ਹੋਰ ਖੇਤਰਾਂ ਵਿੱਚ ਉਹ ਕੁਲਕਾਂ ਦੀ ਮੰਗਾਂ ਉਠਾਉਂਦੇ ਹੋਏ ਨਰੋਦਵਾਦੀ ਅਮਲ ਕਰਦੇ ਰਹਿਣਗੇ, ਮਜ਼ਦੂਰਾਂ ਵਿੱਚ ਅਰਥਵਾਦ ਕਰਦੇ ਰਹਿਣਗੇ ਅਤੇ ਸ਼ਹਿਰਾਂ ਵਿੱਚ ਬੁੱਧੀਜੀਵੀਆਂ ਦਾ ਤੁਸ਼ਟੀਕਰਨ (Appeasement) ਕਰਦੇ ਹੋਏ ਉਨਾਂ ਦੀ ਪੂਛ ਬਣਕੇ ਸਮਾਜਿਕ ਜਮਹੂਰੀ ਆਚਰਣ ਕਰਦੇ ਰਹਿਣਗੇ। ਇਸ ਸਤਨਾਜੇ ਦੀ ਖਿਚੜੀ ਦੀ ਹਾਂਡੀ ਬਹੁਤਾ ਚਿਰ ਅੱਗ ‘ਤੇ ਚੜ੍ਹੀ ਨਹੀਂ ਰਹਿ ਸਕਦੀ। ਭਵਿੱਖ ਵਿੱਚ, ਇਸ ਧਾਰਾ ਦਾ ਖਿੰਡਾਅ ਅਟੱਲ ਹੈ। ਇਸ ਤੋਂ ਛਿਟਕੀਆਂ ਕੁੱਝ ਧਾਰਾਵਾਂ ਭਾ. ਕ. ਪਾ. (ਮਾ. ਲੇ.) (ਲਿਬਰੇਸ਼ਨ) ਦੀ ਹੀ ਤਰਾਂ ਸਿੱਧਾ ਸੋਧਵਾਦ ਦਾ ਰਾਹ ਫੜ ਸਕਦੀਆਂ ਹਨ ਅਤੇ ਸੰਭਵ ਹੈ ਕਿ ਕੋਈ ਇੱਕ ਜਾਂ ਕੁੱਝ ਧੜੇ ”ਖੱਬੇ ਪੱਖੀ” ਮਾਅਰਕੇਬਾਜ਼ ਦਾ ਝੰਡਾ ਚੁੱਕ ਕੇ ਇਸ ਜਾਂ ਉਸ ਦੁਰੇਡੇ ਕੋਨੇ ਵਿੱਚ ਆਪਣੀ ਹੋਂਦ ਬਣਾਈ ਰੱਖਣ ਜਾਂ ਫਿਰ ਸ਼ਹਿਰੀ ਅੱਤਵਾਦ ਦਾ ਰਾਹ ਫੜ ਲੈਣ। ਭਾਰਤ ਵਿੱਚ ਪੂੰਜੀਵਾਦੀ ਵਿਕਾਸ ਜਿਸ ਬਰਬਰਤਾ ਨਾਲ਼ ਮੱਧਵਰਗ ਦੇ ਹੇਠਲੇ ਹਿੱਸੇ ਨੂੰ ਵੀ ਪੀਸ ਅਤੇ ਨਿਚੋੜ ਰਿਹਾ ਹੈ, ਇਸੇ ਕਰਕੇ, ਖਾਸ ਕਰਕੇ ਹੇਠਲੇ ਮੱਧਵਰਗ ਚੋਂ, ਵਿਦਰੋਹੀ ਨੌਜਵਾਨਾਂ ਦਾ ਇੱਕ ਹਿੱਸਾ ਆਤਮਘਾਤੀ ਉਤਾਵਲੇਪਣ ਨਾਲ਼, ਵਿਆਪਕ ਕਿਰਤੀ ਲੋਕਾਈ ਨੂੰ ਚੇਤਨ ਤੇ ਲਾਮਬੱਧ ਕੀਤੇ ਬਿਨਾਂ, ਖੁਦ ਆਪਣੇ ਸਾਹਸ ਅਤੇ ਦਹਿਸ਼ਤ ਅਤੇ ਸ਼ਾਜਿਸ਼ਾਂ ਦੀ ਯੁੱਧਨੀਤੀ ਸਹਾਰੇ ਆਨਨ-ਫਾਨਨ ਵਿੱਚ ਇਨਕਲਾਬ ਕਰਨ ਲਈ ਮੈਦਾਨ ਵਿੱਚ ਉੱਤਰਦਾ ਰਹੇਗਾ। ਨਿੱਕ ਬੁਰਜੂਆ ਇਨਕਲਾਬਵਾਦ ਦੀ ਇਹ ਪ੍ਰਵਿਰਤੀ ਲਾਤਿਨ ਅਮਰੀਕਾ ਤੋਂ ਲੈ ਕੇ ਯੂਰਪ ਤੱਕ ਦੇ ਸਾਰੇ ਪੱਛੜੇ ਪੂੰਜੀਵਾਦੀ ਦੇਸ਼ਾਂ ਵਿੱਚ ਇੱਕ ਆਮ ਪ੍ਰਵਿਰਤੀ ਦੇ ਰੂਪ ਵਿੱਚ ਮੌਜੂਦ ਹੈ। ਸੰਸਾਰ ਪ੍ਰੋਲੇਤਾਰੀ ਲਹਿਰ ਦੇ ਜਨਮ ਤੋਂ ਲੈ ਕੇ ਜਵਾਨੀ ਤੱਕ, ਯੂਰਪ ਵਿੱਚ (ਅਤੇ ਰੂਸ ਵਿੱਚ ਵੀ) ਕਮਿਊਨਿਸਟ ਧਾਰਾ ਤੋਂ ਪਹਿਲੀ ਤੇ ਸਹਵਰਤੀ ਧਾਰਾ ਦੇ ਰੂਪ ਵਿੱਚ ਨਿੱਕ ਬੁਰਜੂਆ ਇਨਕਲਾਬਵਾਦ ਦੀ ਇਹ ਪ੍ਰਵਿਰਤੀ ਮੌਜੂਦ ਸੀ ਅਤੇ ਮਜ਼ਦੂਰਾਂ ਦੇ ਇੱਕ ਵੱਡੇ ਹਿੱਸੇ ‘ਤੇ ਇਨਾਂ ਦਾ ਵੀ ਪ੍ਰਭਾਵ ਮੌਜੂਦ ਸੀ। ਹੈਰਾਨੀ ਨਹੀਂ ਕਿ ਆਉਣ ਵਾਲ਼ੇ ਦਿਨਾਂ ਵਿੱਚ ਭਾਰਤ ਵਿੱਚ ਵੀ ਇਨਕਲਾਬੀ ਮਜ਼ਦੂਰ ਅੰਦੋਲਨ ਦੇ ਨਾਲ਼-ਨਾਲ਼ ਮੱਧਵਰਗੀ ਇਨਕਲਾਬਵਾਦ ਦੀਆਂ ਇੱਕ ਜਾਂ ਬਹੁਤੀਆਂ ਧਾਰਾਵਾਂ ਮੌਜੂਦ ਰਹਿਣ ਅਤੇ (ਕੋਲੰਬੀਆ ਜਾਂ ਹੋਰ ਕਈ ਲਾਤੀਨੀ ਅਮਰੀਕੀ ਦੇਸ਼ਾਂ ਦੇ ਹਥਿਆਰਬੰਦ ਗਰੁੱਪਾਂ ਦੀ ਤਰਾਂ) ਉਨਾਂ ਵਿੱਚੋਂ ਕਈ ਆਪਣੇ ਆਪ ਨੂੰ ਮਾਰਕਸਵਾਦੀ ਜਾਂ ਮਾਓਵਾਦੀ ਵੀ ਕਹਿੰਦੇ ਰਹਿਣ। ਪਰ ਸਮਾਂ ਲੰਘਦੇ ਹੀ ਮਾਰਕਸਵਾਦ ਨਾਲ਼ ਉਨਾਂ ਦਾ ਦੂਰ ਦਾ ਰਿਸ਼ਤਾ ਵੀ ਬਣਿਆਂ ਨਹੀਂ ਰਹਿ ਸਕੇਗਾ। 

ਜਿੱਥੋਂ ਤੱਕ ਸਫਾਂ ਦੀ ਗੱਲ ਹੈ, ਇਹ ਸਹੀ ਹੈ ਕਿ ਅੱਜ ਵੀ ਇਨਕਲਾਬੀ ਸਫਾਂ ਮੁੱਖ ਤੌਰ ‘ਤੇ ਮਾ. ਲੇ. ਜਥੇਬੰਦੀਆਂ ਅੰਦਰ ਹੀ ਜਥੇਬੰਦ ਹਨ। ਪਰ ਗੈਰ ਬਾਲਸ਼ਵਿਕ ਢਾਂਚਿਆਂ ਵਾਲ਼ੀਆਂ ਮਾ. ਲੇ. ਜਥੇਬੰਦੀਆਂ ਵਿੱਚ ਉਨਾਂ ਨੂੰ ਮਾਰਕਸਵਾਦੀ ਵਿਗਿਆਨ ਨਾਲ਼ ਸਿੱਖਿਅਤ ਨਹੀਂ ਕੀਤਾ ਗਿਆ ਹੈ ਅਤੇ ਅਜ਼ਾਦ ਪਹਿਲਕਦਮੀ ਦੇ ਸਾਹਸ ਤੇ ਫੈਸਲਾ ਲੈਣ ਦੀ ਯੋਗਤਾ ਦੀ ਵੀ ਉਨਾਂ ਵਿੱਚ ਘਾਟ ਹੈ। ਵੱਖ-ਵੱਖ ਜਥੇਬੰਦੀਆਂ ਵਿੱਚ ਸਮਾਂ ਕਟਦੇ ਹੋਏ ਉਨਾਂ ਦੀ ਕਾਰਜਸ਼ੈਲੀ  ਵੀ ਸਮਾਜਿਕ ਜਮਹੂਰੀ ਪ੍ਰਦੂਸ਼ਣ ਦਾ ਸ਼ਿਕਾਰ ਹੋ ਰਹੀ ਹੈ ਅਤੇ ਨਿਰਾਸ਼ਾ ਦਾ ਘੁਣ ਉਨਾਂ ਨੂੰ ਵੀ ਖਾ ਰਿਹਾ ਹੈ। ਉਨਾਂ ਦੇ ਰਾਜਨੀਤਕ ਜਥੇਬੰਦਕ ਜੀਵਨ ਦੇ ਅਭਿਆਸ ਨੇ ਉਨਾਂ ਨੂੰ ਅਜ਼ਾਦ ਤੇ ਫੈਸਲਾ ਲੈਣ ਦੀ ਯੋਗਤਾ ਨਾਲ਼ ਭਰਪੂਰ ਸਮਾਜਿਕ ਚੇਤਨਾ ਅਤੇ ਸਮਝ ਨਹੀਂ ਦਿੱਤੀ ਹੈ ਕਿ ਉਹ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀ ਸੱਚੀ ਮਾਓਵਾਦੀ ਸਪਿਰਟ ਵਿੱਚ ‘ਵਿਦਰੋਹ ਨਿਆਸੰਗਤ ਹੈ’ ਦੇ ਨਾਅਰੇ ‘ਤੇ ਅਮਲ ਕਰਦੇ ਹੋਏ ਮੌਕਾਪ੍ਰਸਤ ਲੀਡਰਸ਼ਿਪ ਵਿਰੁੱਧ ਵਿਦਰੋਹ ਕਰ ਦੇਣ ਅਤੇ ਆਪਣੀ ਪਹਿਲ ਕਦਮੀ ‘ਤੇ ਕੋਈ ਨਵੀਂ ਸ਼ੁਰੂਆਤ ਕਰ ਸਕਣ। ਪਰ ਜੋ ਸਫਾਂ ਸਿਧਾਂਤਕ ਮਤਭੇਦਾਂ ਅਤੇ ਵਿਵਾਦਾਂ ਦੀਆਂ ਗੁੰਝਲ਼ਾਂ ਨੂੰ ਸਮਝ ਨਹੀਂ ਸਕਦੀਆਂ ਹਨ, ਉਨਾਂ ਸਾਹਮਣੇ ਜੇ ਕੋਈ ਸਹੀ ਲਾਈਨ ਅਭਿਆਸ ਵਿੱਚ, ਲਗਾਤਾਰਤਾ, ਲਾਗੂ ਹੁੰਦੀ ਅਤੇ ਅੱਗੇ ਵਧਦੀ ਦਿਖਾਈ ਦਿੰਦੀ ਹੈ ਤਾਂ ਫਿਰ ਫੈਸਲੇ ਤੱਕ ਪਹੁੰਚਣ ਵਿੱਚ ਉਹ ਬਿਲਕੁਲ ਵੀ ਦੇਰ ਨਹੀਂ ਕਰਦੀਆਂ। ਅੱਗੇ ਵੀ ਅਜਿਹਾ ਹੀ ਹੋਵੇਗਾ। 

ਇਤਿਹਾਸ ਅਤੇ ਵਰਤਮਾਨ ਦੇ ਇਸੇ ਵਿਸ਼ਲੇਸ਼ਣ-ਆਕਲਨ (Assesment) ਦੇ ਅਧਾਰ ‘ਤੇ ਸਾਡਾ ਇਹ ਮੰਨਣਾ ਹੈ ਕਿ ਭਾਰਤ ਦੀ ਕਮਿਊਨਿਸਟ  ਲਹਿਰ ਦਾ ਜੋ ਪੜਾਅ ਨਕਸਲਬਾੜੀ ਤੋਂ ਸ਼ੁਰੂ ਹੋਇਆ ਸੀ, ਉਹ ਤਕਰੀਬਨ ਪਿਛਲੀ ਸਦੀ ਦੇ ਨੌਵੇਂ ਦਹਾਕੇ ਤੱਕ ਹੀ ਖਤਮ ਹੋ ਚੁੱਕਿਆ ਸੀ। ਸਾਨੂੰ ਅੱਜ ਦੇ ਸਮੇਂ ਨੂੰ ਉਸ ਦੌਰ ਦੀ ਲਗਾਤਾਰਤਾ ਦੇ ਰੂਪ ਵਿੱਚ ਨਹੀਂ , ਸਗੋਂ ਉਸਦੇ ਉਤਰਵਰਤੀ ਦੌਰ ਦੇ ਰੂਪ ਵਿੱਚ ਦੇਖਣਾ ਹੋਵੇਗਾ, ਯਾਣੀ ਲਗਾਤਾਰਤਾ ਅਤੇ ਤਬਦੀਲੀ ਦੇ ਇਤਿਹਾਸਕ ਦਵੰਦ ਵਿੱਚ ਅੱਜ ਸਾਡਾ ਜੋਰ ਤਬਦੀਲੀ ਦੇ ਪੱਖ ‘ਤੇ ਹੋਣਾ ਚਾਹੀਦਾ ਹੈ। ਬੇਸ਼ੱਕ ਨਕਸਲਬਾੜੀ ਅਤੇ ਕਮਿਊਨਿਸਟ ਇਨਕਲਾਬੀ ਲਹਿਰ ਦੀ ਵਿਰਾਸਤ ਨੂੰ ਅਸੀਂ ਪ੍ਰਵਾਨ ਕਰਦੇ ਹਾਂ ਅਤੇ ਉਸਦੇ ਨਾਲ਼ ਇੱਕ ਅਲੋਚਨਾਤਕਮ ਸਬੰਧ ਲਗਾਤਾਰ ਬਣਾਈ ਰਖਦੇ  ਹਾਂ, ਪਰ ਸਾਡੇ ਲਈ ਉਹ ਅਤੀਤ ਦੀ ਵਿਰਾਸਤ ਹੈ, ਸਾਡਾ ਵਰਤਮਾਨ ਨਹੀਂ। ਅੱਜ ਭਾਵੀ ਭਾਰਤੀ ਪ੍ਰੋਲੇਤਾਰੀ ਇਨਕਲਾਬ ਦਾ ਹਿਰਾਵਲ ਦਸਤਾ ਉਹਨਾਂ ਅਤੀਤ ਦੀਆਂ ਰਾਜਨੀਤਕ ਸੰਰਚਨਾਵਾਂ ਨੂੰ ਜੋੜ ਕੇ ਨਹੀਂ ਬਣ ਸਕਦਾ ਕਿਉਂਕਿ ਇਹ ਰਾਜਨੀਤਕ ਸੰਰਚਨਾਵਾਂ ਆਪਣੀ ਬਾਲਸ਼ਵਿਕ ਸਪਿਰਟ ਅਤੇ ਚਰਿੱਤਰ, ਮੁੱਖ ਤੌਰ ‘ਤੇ, ਜਿਆਦਾਤਰ ਮਾਮਲਿਆਂ ਵਿੱਚ ਖੋ ਚੁੱਕੀਆਂ ਹਨ। ਯਾਣੀ ਇੱਕ ਏਕੀਕ੍ਰਿਤ ਪਾਰਟੀ ਬਣਾਉਣ ਦੀ ਪ੍ਰਕਿਰਿਆ ਦਾ ਪ੍ਰਧਾਨ ਪੱਖ ਅੱਜ ਬਦਲ ਚੁੱਕਿਆ ਹੈ।  ਅੱਜ ਪ੍ਰੋਗਰਾਮ ਤੇ ਯੁੱਧਨੀਤੀ ਸਬੰਧੀ ਮੱਤਭੇਦਾਂ ਨੂੰ ਹੱਲ ਕਰਕੇ ਵੱਖ-ਵੱਖ ਇਨਕਲਾਬੀ ਕਮਿਊਨਿਸਟ ਜਥੇਬੰਦੀਆਂ ਦੇ ਢਾਂਚਿਆਂ ਨੂੰ ਇੱਕ ਏਕੀਕ੍ਰਿਤ ਪਾਰਟੀ ਦੇ ਢਾਂਚੇ ਵਿੱਚ ਮਿਲਾ ਦੇਣ ਦਾ ਸਵਾਲ ਹੀ ਨਹੀਂ ਰਹਿ ਗਿਆ ਹੈ, ਸਗੋਂ ਪ੍ਰਧਾਨ ਸਵਾਲ ਇਨਕਲਾਬੀ ਬਾਲਸ਼ਵਿਕ ਅਸੂਲਾਂ ਤੇ ਚਰਿਤਰ ਵਾਲ਼ੀਆਂ ਜਥੇਬੰਦੀਆਂ ਦਾ ਢਾਂਚਾ ਨਵੇਂ ਸਿਰੇ ਤੋਂ ਬਣਾਉਣ ਦਾ ਸਵਾਲ ਬਣ ਗਿਆ ਹੈ। ਯਾਣੀ ਕਲਾਸਿਕੀ ਲੈਨਿਨਵਾਦੀ ਸ਼ਬਦਾਵਲੀ ਵਿੱਚ ਕਹੀਏ ਤਾਂ, ਪ੍ਰਧਾਨ ਪੱਖ ਪਾਰਟੀ ਗਠਨ (Formation) ਦਾ ਨਹੀਂ ਸਗੋਂ ਪਾਰਟੀ ਨਿਰਮਾਣ ( Building) ਦਾ ਹੈ। ਜਿਸਨੂੰ ਹੁਣ ਤੱਕ ਕਮਿਊਨਿਸਟ ਇਨਕਲਾਬੀ ਕੈਂਪ ਕਿਹਾ ਜਾਂਦਾ ਰਿਹਾ ਹੈ, ਉਹ, ਮੂਲ ਤੌਰ ‘ਤੇ ਤੇ ਮੁੱਖ ਤੌਰ ‘ਤੇ ਖਿੰਡ ਚੁੱਕਿਆ ਹੈ। ਹੁਣ ਇਸ ਕੈਂਪ ਦੀ ਲੀਡਰਸਿਪ ਨਾਲ਼ ‘ਪਾਲਿਮਿਕਸ’ ਦੇ ਜ਼ਰੀਏ ਪਾਰਟੀ ਦੀ ਮੁੜ-ਜਥੇਬੰਦੀ ਦੀ ਆਸ ਨਹੀਂ ਕੀਤੀ ਜਾ ਸਕਦੀ। ਬੇਸ਼ੱਕ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲ਼ੇ ਕਿਸੇ ਵੀ ਵਿਚਾਰ ਦੀ ਅਲੋਚਨਾ ਅਤੇ ਉਸ ਨਾਲ਼ ਬਹਿਸ ਦਾ ਕੰਮ ਤਾਂ ਹੁੰਦਾ ਹੀ ਰਹਿੰਦਾ ਹੈ ਅਤੇ ਇਸ ਨਾਲ਼ ਇਨਕਲਾਬੀ ਸਫਾਂ ਦੀ ਵਿਚਾਰਕ-ਰਾਜਨੀਤਕ ਸਿੱਖਿਆ ਵੀ ਹੁੰਦੀ ਰਹਿੰਦੀ ਹੈ, ਪਰ ਅਜਿਹੀਆਂ ਰਾਜਨੀਤਕ ਬਹਿਸਾਂ ਦਾ ਅਰਥ  ਅੱਜ ਕਿਸੇ ਜਥੇਬੰਦੀ ਨਾਲ਼ ਏਕਤਾ ਕਰਨਾ ਨਹੀਂ ਹੋ ਸਕਦਾ। ਅਸੀਂ ਅੱਜ ਅਜਿਹੀ ਉਮੀਦ ਨਹੀਂ ਕਰ ਸਕਦੇ। 

ਸਿਆਸੀ ਜਥੇਬੰਦਕ ਕਾਰਜ ਯੋਜਨਾ ਦੀ ਆਮ ਦਿਸ਼ਾ ਤੇ ਸਾਡੇ ਕਾਰਜ 

ਸਾਨੂੰ, ਸਾਰੇ ਭਰਮਾਂ ਤੋਂ ਮੁਕਤ ਹੋ ਕੇ, ਪਾਰਟੀ ਨਿਰਮਾਣ ਦੇ ਕੰਮ ਨੂੰ ਸਾਹਸ ਨਾਲ਼ ਹੱਥ ਵਿੱਚ ਲੈਣਾ ਹੋਵੇਗਾ। ਸਾਨੂੰ ਨਵੇਂ ਸਮਾਜਵਾਦੀ ਇਨਕਲਾਬ ਦੇ ਝੰਡੇ ਨੂੰ ਚੁੱਕ ਕੇ, ਭਾਰਤੀ ਪ੍ਰੋਲੇਤਾਰੀ ਜਮਾਤ ਦੇ ਸਾਰੇ ਹਿੱਸਿਆਂ ਵਿੱਚ ਉਨਾਂ ਸਾਹਸੀ ਇਨਕਲਾਬੀਆਂ ਦੀ ਟੀਮ ਤੱਕ ਲੈ ਕੇ ਜਾਣਾ ਹੋਵੇਗਾ, ਜਿਨਾਂ ਨੇ ਹੁਣ ਤੱਕ ਧਾਰਾ ਵਿਰੁੱਧ ਤੈਰਦੇ ਹੋਏ ਆਪਣੇ ਬਾਲਸ਼ਵਿਕ ਸਾਹਸ ਨੂੰ ਖਰਾ ਸਿੱਧ ਕੀਤਾ ਹੈ। ਸਾਨੂੰ ਸਾਰੀਆਂ ਦਿਸ਼ਾਵਾਂ ਵਿੱਚ ਜਾਣਾ ਹੋਵੇਗਾ ਅਤੇ ਇਨਕਲਾਬੀ ਪ੍ਰਾਪੇਗੰਡਾ ਤੇ ਏਜੀਟੇਸ਼ਨ ਦੀ ਸੰਘਣੀ, ਜੁਝਾਰੂ  ਅਤੇ ਲਗਾਤਾਰ ਕਾਰਵਾਈ ਚਲਾਉਂਦੇ ਹੋਏ ਉੱਨਤ ਚੇਤਨਾ ਦੇ ਨੌਜਵਾਨਾਂ ਵਿੱਚੋਂ ਪੇਸ਼ੇਵਰ ਇਨਕਲਾਬੀ ਜਥੇਬੰਦਕਾਂ ਦੀ ਭਰਤੀ ‘ਤੇ ਵਿਸ਼ੇਸ਼ ਜ਼ੋਰ ਦੇਣਾ ਹੋਵੇਗਾ, ਕਿਉਂਕਿ ਕੁਸ਼ਲ ਜਥੇਬੰਦਕਾਂ ਦੀ ਬੇਹੱਦ ਕਮੀ ਹੈ ਅਤੇ ਦੇਸ਼ ਦੇ ਲੱਖਾਂ ਕਿਰਤੀਆਂ ਅਤੇ ਮੱਧਵਰਗੀ ਨੌਜਵਾਨਾਂ ਵਿੱਚ ਅੱਜ ਇਨਕਲਾਬੀ ਭਰਤੀ ਦੀਆਂ ਭਰਭੂਰ ਸੰਭਾਵਨਾਵਾਂ ਮੌਜੂਦ ਹਨ ਅਤੇ ਆਉਣ ਵਾਲ਼ੇ ਦਿਨਾਂ ਵਿੱਚ ਸੰਭਾਵਨਾਵਾਂ ਵਧਦੀਆਂ ਹੀ ਚਲੀਆਂ ਜਾਣਗੀਆਂ। 
 

ਸਾਨੂੰ ਸਮੁੱਚੀ ਮਜ਼ਦੂਰ ਜਮਾਤ ਨੂੰ ਹੀ ਜਥੇਬੰਦ ਕਰਨਾ ਹੋਵੇਗਾ, ਪਰ ਸ਼ੁਰੂਆਤੀ ਦੌਰ ਵਿੱਚ ਪੇਂਡੂ ਪ੍ਰੋਲੇਤਾਰੀ ਦੀ ਬਜਾਇ ਸਾਨੂੰ ਸੱਨਅਤੀ ਮਜ਼ਦੂਰ ਜਮਾਤ ‘ਤੇ ਕੇਂਦਰਿਤ ਕਰਨਾ ਹੋਵੇਗਾ ਅਤੇ ਉਸ ਵਿੱਚ ਵੀ ਪਹਿਲਾਂ ਸਾਨੂੰ, ਸਥਾਈ ਨੌਕਰੀ, ਬਿਹਤਰ ਤਨਖਾਹ ਅਤੇ ਬਿਹਤਰ ਜੀਵਨ ਵਾਲ਼ੇ ਮੁਕਾਬਲਤਨ ਸਫੇਦਪੋਸ਼  ਮਜ਼ਦੂਰਾਂ ਦੀ ਛੋਟੀ ਜਿਹੀ ਅਬਾਦੀ ਦੀ ਬਜਾਇ ਝੁੱਗੀਆਂ ਬਸਤੀਆਂ ਵਿੱਚ ਬਦਤਰ ਜੀਵਨ ਜਿਉਣ ਵਾਲ਼ੀ ਤੇ ਹੋਂਦ ਦੀ ਲੜਾਈ ਲੜਨ ਵਾਲ਼ੀ ਉਸ ਬਹੁਸੰਖਿਅਕ, ਅਸਗੰਠਤ ਪ੍ਰੋਲੇਤਾਰੀ ਅਬਾਦੀ ‘ਤੇ ਕੇਂਦਰਿਤ ਕਰਨਾ ਹੋਵੇਗਾ ਜੋ ਆਪਣੀ ਉੱਨਤ ਚੇਤਨਾ ਅਤੇ ਵੱਡੇ ਆਧੁਨਿਕ ਉਦਯੋਗਾਂ ਵਿੱਚ ਕੰਮ ਕਰਨ ਦੇ ਬਾਵਜੂਦ, ਦਿਹਾੜੀ, ‘ਤੇ ਦਸ-ਦਸ, ਬਾਰਾਂ-ਬਾਰਾਂ ਘੰਟੇ ਤੱਕ ਕੰਮ ਕਰਦੀ ਹੈ ਅਤੇ ਜਿਸਨੂੰ ਕੋਈ ਵੀ ਸੁਵਿਧਾ ਜਾ ਸਮਾਜਿਕ ਸੁਰੱਖਿਆ ਹਾਸਲ ਨਹੀਂ ਹੁੰਦੀ। ਇਹ ਅਬਾਦੀ ਕੁੱਲ ਉਦਯੋਗਿਕ ਪ੍ਰੋਲੇਤਾਰੀ ਅਬਾਦੀ ਦੇ 80 ਫੀਸਦੀ ਦੇ ਨੇੜੇ-ਤੇੜੇ ਹੈ। ਇਹ ਅਸਗੰਠਤ ਮਜ਼ਦੂਰ ਛੋਟੀਆਂ-ਛੋਟੀਆਂ ਵਰਕਸ਼ਾਪਾਂ ਵਿੱਚ ਉਨੀਵੀਂ ਸਦੀ ਵਿੱਚ ਕੰਮ ਕਰਨ ਵਾਲ਼ੇ ਯੂਰਪੀ ਮਜ਼ਦੂਰਾਂ ਦੀ ਤਰਾਂ ਅਸਗੰਠਿਤ ਨਹੀਂ ਹਨ। ਇਹ  ਆਮ ਕਰਕੇ ਉੱਨਤ ਟੈਕਨਾਲੋਜ਼ੀ ਵਾਲ਼ੇ ਆਧੁਨਿਕ ਕਾਰਖਾਨਿਆਂ ਵਿੱਚ ਕੰਮ ਕਰਦੇ ਹਨ ਅਤੇ ਉੱਨਤ ਪੂੰਜੀਵਾਦੀ ਉਤਪਾਦਨ-ਸਬੰਧਾਂ ਵਿੱਚ ਉਜ਼ਰਤੀ ਗੁਲਾਮ ਦੇ ਰੂਪ ਵਿੱਚ ਹਿੱਸੇਦਾਰੀ ਕਰਕੇ ਇਸਦੀ ਚੇਤਨਾ ਬਹੁਤ ਉੱਨਤ ਹੈ। ਇਸ ਅਸਗੰਠਿਤ ਕੇਵਲ ਇਸ ਲਈ ਹਨ ਕਿ ਇਨਾਂ ਦੀ ਨੌਕਰੀ ਸਥਾਈ ਨਹੀਂ ਹੁੰਦੀ ਅਤੇ ਇਹ ਸਫੈਦਪੋਸ਼ ਮਜ਼ਦੂਰਾਂ ਦੀ ਤਰਾਂ ਸੋਧਵਾਦੀ ਅਤੇ ਬੁਰਜੂਆ ਪਾਰਟੀਆਂ ਦੀ ਅਗਵਾਈ ਵਾਲ਼ੀਆਂ ਯੂਨੀਅਨਾਂ ਵਿੱਚ ਜਥੇਬੰਦ ਨਹੀਂ ਹਨ। ਇਨਾਂ ਵਿੱਚ ਕੰਮ ਕਰਨ ਦੀ ਸਭ ਤੋਂ ਵੱਡੀ ਸਮੱਸਿਆ ਹੈ, ਇਨਾਂ ਦੇ ਕੰਮ ਦੇ ਘੰਟੇ ਤੇ ਲਗਾਤਾਰ ਸਿਰ ‘ਤੇ ਟੰਗੀ ਰੁਜ਼ਗਾਰ ਅਸੁਰੱਖਿਆ ਦੀ ਤਲਵਾਰ। ਪਰ ਇਹ ਕੋਈ ਅਸਾਧ ਸਮੱਸਿਆ ਨਹੀਂ ਹੈ। ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਯੂਰਪ ਵਿੱਚ ਜਦੋਂ ਮਜ਼ਦੂਰਾਂ ‘ਚ ਉੱਨੀਵੀਂ ਸਦੀ ਵਿੱਚ ਟ੍ਰੇਡ ਯੂਨੀਅਨ ਕੰਮਾਂ ਅਤੇ ਰਾਜਨੀਤਕ ਕੰਮਾਂ ਦੀ ਸ਼ੁਰੂਆਤ ਹੋਈ ਸੀ ਤਾਂ ਉਹ ਲਗਭਗ ਅਜਿਹੀ ਹੀ ਸਥਿਤੀ ਵਿੱਚ ਜਿਉਂ ਰਹੇ ਸਨ। ਇਸ ਸਦੀ ਦਾ ਹਾਂ ਪੱਖੀ   ਪੱਖ  ਇਹ ਹੈ ਕਿ ਕਿਸੇ ਇੱਕ ਮਾਲਕ ਦੇ ਕਾਰਖਾਨੇ ਵਿੱਚ ਕੰਮ ਨਾ ਕਰਨ ਦੇ ਕਾਰਨ ਇਨਾਂ ਦੀ ਚੇਤਨਾ ਉਸ ਭਟਕਾਅ ਤੋਂ ਮੁਕਤ ਹੁੰਦੀ ਹੈ, ਜਿਸਨੂੰ ਲੈਨਿਨ ਨੇ ”ਪੇਸ਼ਾਗਤ ਸੰਕੁਚਿਤ ਬਿਰਤ” ਦਾ ਨਾਂ ਦਿੱਤਾ ਸੀ। ਕੰਮ ਦੇ ਘੰਟਿਆਂ ਨੂੰ ਘੱਟ ਕਰਕੇ, ਠੇਕਾ ਪ੍ਰਥਾ ਖਤਮ ਕਰਕੇ, ਰੁਜ਼ਗਾਰ ਗਰੰਟੀ ਤੇ ਹੋਰ ਸਮਾਜਿਕ ਸੁਰੱਖਿਆ ਦੀ ਮੰਗ ਹੀ ਇਨਾਂ ਦੀ ਬੁਨਿਆਦੀ ਮੰਗ ਹੈ। ਇਸ ਤਰਾਂ ਇਨਾਂ ਦੀ ਲੜਾਈ ਦਾ ਖਾਸਾ ਪਹਿਲੇ ਦਿਨ ਤੋਂ ਹੀ ਮੁੱਖ ਤੌਰ ‘ਤੇ ਰਾਜਨੀਤਕ ਹੋਵੇਗਾ। ਉਹ ਕਿਸੇ ਇੱਕ ਪੂੰਜੀਪਤੀ ਦੀ ਬਜਾਇ ਮੁੱਖ ਤੌਰ ‘ਤੇ ਸਮੁੱਚੀ ਪੂੰਜੀਪਤੀ ਜਮਾਤ ਅਤੇ ਉਸਦੀ ਰਾਜਸੱਤ੍ਹਾ ਵਿਰੁੱਧ ਕੇਂਦਰਤ ਹੋਵੇਗੀ, ਪਰ ਇੱਕ ਵਾਰ ਇਹ ਪ੍ਰਕਿਰਿਆ ਜੇ  ਅੱਗੇ ਵਧ ਗਈ ਤਾਂ ਮਜ਼ਦੂਰ ਅੰਦੋਲਨ ਵਿੱਚ ਅਰਥਵਾਦੀ ਭਟਕਾਅ ਦੀ ਜਮੀਨ ਵੀ ਕਾਫੀ ਕਮਜ਼ੋਰ ਹੋਵੇਗੀ ਅਤੇ ਰਾਜਨੀਤਕ ਘੋਲ਼ਾਂ ਵਿੱਚ ਮਜ਼ਦੂਰ ਜਮਾਤ ਦੀ ਲਾਮਬੰਦੀ ਦਾ ਰਾਹ ਵਧੇਰੇ ਸੌਖਾ ਹੋ ਜਾਵੇਗਾ। 

ਕਾਰਖਾਨਾਂ ਗੇਟਾਂ ਦੀਆਂ ਪ੍ਰਚਾਰ ਕਾਰਵਾਈਆਂ ਅਤੇ ਕਾਰਖਾਨਾ ਕੇਂਦਰਿਤ ਅੰਦੋਲਨਾਂ ਜ਼ਰੀਏ ਮਜ਼ਦੂਰ ਜਮਾਤ ਦੇ ਇਸ ਹਿੱਸੇ ਨਾਲ਼ ਗਹਿਰੀ ਏਕਤਾ ਕਾਇਮ ਕਰ ਸਕਣਾ ਸੰਭਵ ਨਹੀਂ ਹੋਵੇਗਾ। ਇਸ ਲਈ ਇਨਕਲਾਬੀ ਪ੍ਰਚਾਰਕਾਂ-ਜਥੇਬੰਦਕਾਂ ਨੂੰ ਮਜ਼ਦੂਰ ਬਸਤੀਆਂ ਵਿੱਚ ਧਸਣਾ ਹੋਵੇਗਾ, ਉੱਥੇ ਵੱਖ-ਵੱਖ ਤਰਾਂ ਦੀਆਂ ਸੰਸਥਾਵਾਂ ਅਤੇ ਅੱਡੇ ਵਿਕਸਿਤ ਕਰਨੇ ਹੋਣਗੇ ਅਤੇ ਵਿਆਪਕ ਮਜ਼ਦੂਰ ਅਬਾਦੀ ਵਿੱਚ ਵੱਖ-ਵੱਖ ਰਚਨਾਤਮਕ ਕੰਮ ਕਰਦੇ ਉਸਦੇ ਹੋਏ ਉਹਨਾਂ ਰੋਜਾਨਾ ਦੇ ਜੀਵਨ ਨਾਲ਼ ਜੁੜੇ ਸਵਾਲਾਂ, ਜਿਵੇਂ ਰਿਹਾਇਸ਼, ਪੀਣ ਦੇ ਪਾਣੀ, ਸਿਹਤ, ਸਿੱਖਿਆ ਆਦਿ ਸਵਾਲਾਂ ‘ਤੇ ਇਲਾਕਾ ਪੱਧਰ ‘ਤੇ ਲਹਿਰਾਂ ਖੜ੍ਹੀਆਂ ਕਰਨ ਦੀ ਦਿਸ਼ਾ ਵਿੱਚ ਕਦਮ-ਦਰ-ਕਦਮ ਅੱਗੇ ਵਧਣਾ ਹੋਵੇਗਾ। 

ਮਜ਼ਦੂਰ ਜਮਾਤ ਨੂੰ ਜਥੇਬੰਦ ਕਰਨ ਦਾ ਮਤਲਬ ਜੇ ਕੋਈ ਕੇਵਲ ਟ੍ਰੇਡ ਯੁਨੀਅਨ ਕੰਮ ਸਮਝਦਾ ਹੈ ਤਾਂ ਇਹ ਟ੍ਰੇਡ ਯੁਨੀਅਨਵਾਦੀ ਸਮਝ ਹੈ। ਬੇਸ਼ੱਕ, ਟ੍ਰੇਡ ਯੂਨੀਅਨ ਮਜ਼ਦੂਰ ਜਮਾਤ ਲਈ ਜਮਾਤੀ ਘੋਲ਼ ਦਾ ਮੁਢਲਾ ਸਕੂਲ ਹੁੰਦੀ ਹੈ, ਪਰ ਟ੍ਰੇਡ ਯੂਨੀਅਨ ਕਾਰਵਾਈਆਂ ਤੋਂ ਆਪਣੇ ਆਪ ਪਾਰਟੀ ਕੰਮ ਜਥੇਬੰਦ ਨਹੀਂ ਹੋ ਜਾਂਦੀ। ਮਜ਼ਦੂਰਾਂ ਨੂੰ ਟ੍ਰੇਡ ਯੂਨੀਅਨਾਂ ਵਿੱਚ ਜਥੇਬੰਦ ਕਰਨ ਅਤੇ ਉਨਾਂ ਦੇ ਰੋਜਾਨਾਂ ਦੇ ਘੋਲ਼ਾਂ ਨੂੰ ਜਥੇਬੰਦ ਕਰਨ ਦੇ ਯਤਨਾਂ ਦੇ ਨਾਲ਼-ਨਾਲ਼ ਸਾਨੂੰ ਉਨਾਂ ਵਿੱਚ ਰਾਜਨੀਤਕ ਪ੍ਰਚਾਰ ਦਾ ਕੰਮ-ਸਮਾਜਵਾਦ ਦੇ ਪ੍ਰਚਾਰ ਦਾ ਕੰਮ, ਮਜ਼ਦੂਰ ਜਮਾਤ ਦੇ ਇਤਿਹਾਸ ਮਿਸ਼ਨ ਦੇ ਪ੍ਰਚਾਰ ਦਾ ਕੰਮ, ਸ਼ੁਰੂ ਕਰਨਾ ਹੋਵੇਗਾ। ਮਜ਼ਦੂਰ ਲਹਿਰ ਵਿੱਚ ਵਿਗਿਆਨਕ ਸਮਾਜਵਾਦ ਦੀ ਵਿਚਾਰਧਾਰਾ  ਸਿਰਫ ਅਜਿਹੇ ਸੁਚੇਤਨ ਯਤਨਾਂ ਨਾਲ਼ ਹੀ ਕੀਤੀ ਜਾ ਸਕਦੀ ਹੈ। ਇਸ ਕੰਮ ਵਿੱਚ ਮਜ਼ਦੂਰ ਜਮਾਤ ਦੇ ਰਾਜਨੀਤਕ ਅਖ਼ਬਾਰ ਦੀ ਭੂਮਿਕਾ ਸਭ ਤੋਂ ਅਹਿਮ ਹੋਵੇਗੀ। ਅਜਿਹਾ ਅਖ਼ਬਾਰ ਰਾਜਨੀਤਕ ਪ੍ਰਚਾਰਕ-ਜਥੇਬੰਦਕ-ਅੰਦੋਲਨਕਾਰੀਆਂ ਦੇ ਹੱਥਾਂ ਵਿੱਚ ਪਹੁੰਚ ਆਪ ਇੱਕ ਪ੍ਰਚਾਰਕ-ਜਥੇਬੰਦਕ-ਅੰਦੋਲਨਕਾਰੀ ਬਣ ਜਾਵੇਗਾ ਅਤੇ ਮਜ਼ਦੂਰਾਂ ਵਿੱਚੋਂ ਪਾਰਟੀ ਭਰਤੀ ਅਤੇ ਮਜ਼ਦੂਰਾਂ ਦੀ ਇਨਕਲਾਬੀ ਰਾਜਨੀਤਕ ਸਿੱਖਿਆ ਦਾ ਪ੍ਰਮੁੱਖ ਸਾਧਨ ਬਣ ਜਾਵੇਗਾ। ਅਜਿਹੇ ਅਖ਼ਬਾਰ ਦੇ ਮਜ਼ਦੂਰ ਰਿਪਰੋਟਰਾਂ-ਏਜੰਟਾਂ-ਵਿਤਰਿਕਾਂ ਦਾ ਇੱਕ ਪੂਰਾ ਨੇਟਵਰਕ ਖੜ੍ਹਾ ਕੀਤਾ ਜਾ ਸਕਦਾ ਹੈ, ਉਸ ਲਈ ਮਜ਼ਦੂਰਾਂ ਤੋਂ ਨਿਯਮਤ ਸਹਿਯੋਗ ਜੁਟਾਉਣ ਵਾਲ਼ੀਆਂ ਟੀਮਾਂ ਬਣਾਈਆਂ ਜਾ ਸਕਦੀਆਂ ਹਨ ਅਤੇ ਅਖ਼ਬਾਰ ਦੇ ਨਿਯਮਤ ਜਾਗਰੂਕ ਪਾਠਕਾਂ ਨੂੰ ਅਤੇ ਮਜ਼ਦੂਰ ਰਿਪੋਰਟਰਾਂ-ਏਜੰਟਾਂ ਨੂੰ ਲੈ ਕੇ ਜਗ੍ਹਾ-ਜਗ੍ਹਾ ਮਜ਼ਦੂਰਾਂ ਦੇ ਮਾਰਕਸਵਾਦੀ ਅਧਿਐਨ-ਮੰਡਲ ਜਥੇਬੰਦ ਕੀਤੇ ਜਾ ਸਕਦੇ ਹਨ। ਇਸ ਪ੍ਰਕਿਰਿਆ ਵਿੱਚ ਮਜ਼ਦੂਰਾਂ ਵਿੱਚੋਂ ਪਾਰਟੀ ਭਰਤੀ ਅਤੇ ਰਾਜਨੀਤਕ ਸਿੱਖਿਆ ਦੇ ਕੰਮ ਨੂੰ ਅੱਗੇ ਵਧਾ ਕੇ ਸਾਨੂੰ ਪਾਰਟੀ ਨਿਰਮਾਣ ਦੇ ਕੰਮ ਨੂੰ ਅੱਗੇ ਵਧਾਉਣਾ ਹੋਵੇਗਾ। 

ਇਸ ਤਰਾਂ ਮਜ਼ਦੂਰਾਂ ਵਿੱਚੋਂ ਪਾਰਟੀ ਜਥੇਬੰਦਕਾਂ  ਅਤੇ ਕਾਰਕੁਨਾਂ ਦੀ ਭਰਤੀ ਅਤੇ ਤਿਆਰੀ ਤੋਂ ਬਾਅਦ ਹੀ ਟ੍ਰੇਡ ਯੂਨੀਅਨ ਕੰਮ  ਨੂੰ ਅਗਲੇਰੀ ਮੰਜਿਲ ਵੱਲ ਲਿਜਾਇਆ ਜਾ ਸਕਦਾ ਹੈ ਅਤੇ ਉਸਨੂੰ ਅਰਥਵਾਦ ਟ੍ਰੇਡ ਯੂਨੀਅਨਵਾਦ ਤੋਂ ਮੁਕਤ ਰਖਦੇ ਹੋਏ ਇਨਕਲਾਬੀ ਲਾਈਨ ‘ਤੇ ਕਾਇਮ ਰੱਖਣ ਦੀ ਇੱਕ ਬੁਨਿਆਦੀ ਗਰੰਟੀ ਹਾਸਿਲ ਕੀਤੀ ਜਾ ਸਕਦੀ ਹੈ। ਨਾਲ਼ ਹੀ, ਅਜਿਹਾ ਕਰਕੇ ਹੀ, ਕਿਸੇ ਕਮਿਊਨਿਸਟ ਇਨਕਲਾਬੀ ਪਾਰਟੀ ਦੇ ਕੰਪੋਜੀਸ਼ਨ ਵਿੱਚ ਮੱਧਵਰਗੀ ਪਿੱਠਭੂਮੀ ਵਿੱਚੋਂ ਆਏ ਪੇਸ਼ੇਵਰ ਇਨਕਲਾਬੀ ਤੇ ਏਕਟੀਵਿਸਟ ਸਾਥੀਆਂ ਦੇ ਮੁਕਾਬਲੇ ਮਜ਼ਦੂਰ ਪਿੱਠਭੂਮੀ ਦੇ ਸਾਥੀਆਂ ਦਾ ਅਨੁਪਾਤ ਲਗਾਤਾਰ ਜਿਆਦਾ ਤੋਂ ਜਿਆਦਾ ਵਧਾਇਆ ਜਾ ਸਕਦਾ ਹੈ, ਪਾਰਟੀ ਦੇ ਇਨਕਲਾਬੀ ਪ੍ਰੋਲੇਤਾਰੀ ਹਿਰਾਵਲ ਚਰਿੱਤਰ ਨੂੰ ਵੱਧ ਤੋਂ ਵੱਧ ਮਜ਼ਬੂਤ ਬਣਾਇਆ ਜਾ ਸਕਦਾ ਹੈ, ਪਾਰਟੀ ਅੰਦਰ ਬਿਗਾਨੇ ਤੱਤਾਂ ਅਤੇ ਲਾਈਨਾਂ ਵਿਰੁੱਧ ਹੇਠਾਂ ਤੋਂ ਨਿਗਰਾਨੀ ਦਾ ਮਹੌਲ ਤਿਆਰ ਕੀਤਾ ਜਾ ਸਕਦਾ ਹੈ ਅਤੇ ਇਨਾਂ ਦੀ ਜ਼ਮੀਨ ਕਮਜ਼ੋਰ ਕੀਤੀ ਜਾ ਸਕਦੀ ਹੈ। ਇਸਦੇ ਨਾਲ਼ ਹੀ ਕਮਿਊਨਿਸਟ ਜਥੇਬੰਦਕਾਂ ਨੂੰ ਵਿਆਪਕ ਮਜ਼ਦੂਰ ਅਬਾਦੀ ਵਿੱਚ ਤਰਾਂ-ਤਰਾਂ ਦੀਆਂ ਸੰਸਥਾਵਾਂ ਲੋਕ ਤਾਕਤ  ਦੇ ਥੰਮਾਂ ਦੇ ਰੂਪ ਵਿੱਚ ਖੜ੍ਹੀਆਂ ਕਰਨੀਆਂ ਹੋਣਗੀਆਂ ਅਤੇ ਵਿਆਪਕ ਸਰਵਜਨਕ ਮੰਚ ਸਥਾਪਤ ਕਰਨੇ ਹੋਣਗੇ। ਇਹ ਸੰਸਥਾਵਾਂ ਅਤੇ ਇਹ ਮੰਚ ਨਾ ਕੇਵਲ ਜਮਾਤ ਦੇ ਹਿਰਾਵਲ ਦਸਤੇ ਨੂੰ ਜਮਾਤ ਦੇ ਨਾਲ਼ ਮਜ਼ਬੂਤੀ ਨਾਲ਼ ਲੜਨ ਦਾ ਜੋੜਨ ਦਾ ਕੰਮ ਕਰਨਗੇ, ਸਗੋਂ ਇਨਾਂ ਦੀ ਅਗਵਾਈ ਅਤੇ ਸੰਚਾਲਨ ਜ਼ਰੀਏ ਆਮ ਕਿਰਤੀ ਰਾਜਕਾਜ ਅਤੇ ਸਮਾਜ ਦੇ ਢਾਂਚੇ ਨੂੰ ਚਲਾਉਣ ਦੀ ਟਰੇਨਿੰਗ ਵੀ ਲੈਣਗੇ ਅਤੇ ਅਭਿਆਸ ਵੀ ਕਰਨਗੇ। ਇਸਨੂੰ ਜਨਤਾ ਦੀ ਵਿਕਲਪਕ ਸੱਤ੍ਹਾ ਦੇ ਭਰੂਣ ਰੂਪ ਵਿੱਚ ਦੇਖਿਆ ਜਾ ਸਕਦਾ ਹੈ, ਜਿਨਾਂ ਨੂੰ ਸ਼ੁਰੂਆਤੀ ਦੌਰ ਤੋਂ ਹੀ ਸਾਨੂੰ ਸੁਚੇਤਨ ਤੌਰ ‘ਤੇ ਵਿਕਸਿਤ ਕਰਨਾ ਹੋਵੇਗਾ। ਭਵਿੱਖ ਵਿੱਚ ਇਨਾਂ ਦੇ ਅਸਲੀ ਰੂਪ ਕਿਸ ਰੂਪ ਵਿੱਚ ਸਾਹਮਣੇ ਆਉਣਗੇ, ਇਹ ਅਸੀਂ ਅੱਜ ਨਹੀਂ ਦੱਸ ਸਕਦੇ, ਪਰ ਇਨਕਲਾਬੀ ਲੋਕ ਸਵਰਾਜ ਪੰਚਾਇਤ  ਦੇ ਰੂਪ ਵਿੱਚ ਅਸੀਂ ਵਿਕਲਪਕ ਲੋਕ ਸੱਤ੍ਹਾ ਦੇ ਸੁਚੇਤਨ ਵਿਕਾਸ ਦੀ ਇਸੇ ਧਾਰਨਾ ਨੂੰ ਪੇਸ਼ ਕਰਨਾ ਚਾਹੁੰਦੇ ਹਾਂ। ਅਕਤੂਬਰ ਇਨਕਲਾਬ ਤੋਂ ਪਹਿਲਾਂ ਸੋਵੀਅਤਾਂ ਦਾ ਵਿਕਾਸ ਆਪ ਮੁਹਾਰੇ ਢੰਗ ਨਾਲ਼ ( ਸਭ ਤੋਂ ਪਹਿਲਾਂ 1905-07 ਦੇ ਇਨਕਲਾਬ ਦੌਰਾਨ) ਹੋਇਆ ਸੀ, ਜਿਸਨੂੰ ਬਾਲਸ਼ਵਿਕਾਂ ਨੇ ਪ੍ਰੋਲੇਤਾਰੀ ਸੱਤ੍ਹਾ ਦਾ ਕੇਂਦਰੀ ਆਰਗਨ ਬਣਾ ਦਿੱਤਾ। ਹੁਣ ਇੱਕੀਵੀਂ ਸਦੀ ਵਿੱਚ, ਭਾਰਤ ਦੇ ਪ੍ਰੋਲੇਤਾਰੀ ਇਨਕਲਾਬੀਆਂ ਨੂੰ ਨਵੇਂ ਸਮਾਜਵਾਦੀ ਇਨਕਲਾਬ ਦੀ ਤਿਆਰੀ ਕਰਦੇ ਹੋਏ ਕਿਰਤੀ ਜਮਾਤਾਂ ਦੀ ਵੈਕਲਪਿਕ ਇਨਕਲਾਬੀ ਸੱਤ੍ਹਾ ਨੂੰ ਸੁਚੇਤਨ ਰੂਪ ਨਾਲ਼ ਵਿਕਸਿਤ ਕਰਨਾ ਹੋਵੇਗਾ ਅਤੇ ਅਜਿਹਾ ਸ਼ੁਰੂਆਤੀ ਦੌਰ ਤੋਂ ਹੀ ਕਰਨਾ ਹੋਵੇਗਾ। ਇਹ ਇੱਕ ਲੰਬੀ ਚਰਚਾ ਦਾ ਵਿਸ਼ਾ ਹੈ, ਪਰ ਇੱਥੇ ਇਨਾਂ ਦੱਸ ਦੇਣਾ ਜ਼ਰੂਰੀ ਹੈ ਕਿ ਅੱਜ ਦੀ ਦੁਨੀਆਂ ਵਿੱਚ ਮਜ਼ਬੂਤ ਸਮਾਜਿਕ ਅਧਾਰਾਂ ਵਾਲ਼ੀ ਕਿਸੇ ਬੁਰਜੂਆ ਰਾਜਸੱਤ੍ਹਾ ਨੂੰ ਆਮ ਬਗਾਵਤ ਦੁਆਰਾ ਚਕਨਾਚੂਰ ਕਰਨ ਲਈ ”ਜਮਾਤਾਂ ਵਿੱਚ ਲੰਬਾ ਪੋਜ਼ੀਸ਼ਨਲ ਯੁੱਧ” ਜ਼ਰੂਰ ਹੋਵੇਗਾ ਅਤੇ ਇਸ ”ਯੁੱਧ” ਵਿੱਚ ਪ੍ਰੋਲੇਤਾਰੀ ਜਮਾਤ ਅਤੇ ਕਿਰਤੀ ਲੋਕਾਈ ਦੇ ਅਜਿਹੇ ਜਨਦੁਰਗਾਂ ਦੀ ਅਟੱਲ ਅਹਿਮ ਭੂਮਿਕਾ ਹੋਵੇਗੀ। ਨਾਲ਼ ਹੀ, ਲੋਕਾਂ ਦੀ ਵਿਕਲਪਿਕ ਸੱਤ੍ਹਾ ਦੇ ਨਿਰਮਾਣ ਦੀ ਪ੍ਰਕਿਰਿਆ ਨੂੰ ਸੁਚੇਤਨ ਢੰਗ ਨਾਲ਼ ਅੱਗੇ ਵਧਾ ਕੇ ਹੀ, ਇਨਕਲਾਬ ਤੋਂ ਬਾਅਦ  ਪ੍ਰੋਲੇਤਾਰੀ ਜਮਹੂਰੀਅਤ ਦੇ ਅਧਾਰ ਨੂੰ ਵਿਸ਼ਾਲ ਕੀਤਾ ਜਾ ਸਕਦਾ ਹੈ ਅਤੇ ਪੂੰਜੀਵਾਦੀ ਮੁੜਬਹਾਲੀ ਲਈ ਬੁਰਜੂਆ ਤੱਤਾਂ ਵਿਰੁੱਧ ਲਗਾਤਾਰ ਘੋਲ਼ ਜਿਆਦਾ ਪ੍ਰਭਾਵੀ, ਬੇਕਿਰਕ ਫੈਸਲਾਕੁਨ ਅਤੇ ਸਮਝੌਤਾਹੀਣ ਢੰਗ ਨਾਲ਼ ਚਲਾਇਆ ਜਾ ਸਕਦਾ ਹੈ। ਸਪੱਸ਼ਟ ਹੈ ਕਿ ਨਵੇਂ ਸਮਾਜਵਾਦੀ ਇਨਕਲਾਬ ਦੀ ਸੋਚ ਨਾਲ਼ ਜੁੜੀ ਵਿਕਲਪਿਕ ਸੱਤ੍ਹਾ ਦੀ ਸੁਚੇਤਨ ਉਸਾਰੀ ਦੀ ਧਾਰਨਾ ਪਿੱਛੇ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀਆਂ ਸਿੱਖਿਆਵਾਂ ਦੀ ਅਹਿਮ ਭੂਮਿਕਾ ਹੈ। 

ਜਿੱਥੋਂ ਤੱਕ ਸੱਨਅਤੀ ਮਜ਼ਦੂਰ ਜਮਾਤ ਵਿੱਚ ਟ੍ਰੇਡ ਯੂਨੀਅਨ ਕੰਮਾਂ ਦੀ ਗੱਲ ਹੈ, ਸਾਨੂੰ ਕਾਰਖਾਨਾ-ਕੇਂਦਰਿਤ ਯੂਨੀਅਨਾਂ ਵਿੱਚ ਕੰਮ ਕਰਨ ਅਤੇ  ਉਨਾਂ ‘ਤੇ ਆਪਣੀ ਰਾਜਨੀਤੀ ਦੀ ਹੋਂਦ ਸਥਾਪਤ ਕਰਨ ਦੇ ਹਰ ਅਨੁਕੂਲ ਮੌਕੇ ਦੀ ਵਰਤੋਂ ਕਰਨੀ ਚਾਹੀਦੀ ਹੈ, ਪਰ ਸਾਡਾ ਜੋਰ (ਅਸਗੰਠਤ ਮਜ਼ਦੂਰ ਅਬਾਦੀ ਨੂੰ ਮੁੱਖ ਲਕਸ਼ ਬਣਾਉਣ ਦੇ ਨਾਤੇ) ਮੁੱਖ ਤੌਰ ‘ਤੇ, ਜੇ ਤਾਕਤ ਜੁਟ ਜਾਵੇ ਤਾਂ, ਇਲਾਕਾ ਪੱਧਰ ‘ਤੇ ਮਜ਼ਦੂਰਾਂ ਦੀਆਂ ਯੂਨੀਅਨਾਂ ਜਥੇਬੰਦ ਕਰਨ ‘ਤੇ ਹੋਣਾ ਚਾਹੀਦਾ ਹੈ। ਅੱਜ ਇਸ ਲਈ ਬਾਹਰਮੁਖੀ ਹਾਲਾਤ, ਪਹਿਲਾਂ ਹਮੇਸ਼ਾਂ ਤੋਂ ਜਿਆਦਾ ਅਨੁਕੂਲ ਹਨ। 

ਅੱਜ ਦੇ ਪੜਾਅ ਵਿੱਚ, ਅੱਗੇ ਦੇ ਕੰਮਾਂ ਦੀ ਚਰਚਾ ਅਸੀਂ ਸੰਖੇਪ ਵਿੱਚ ਆਮ ਦਿਸ਼ਾ ਦੇ ਰੂਪ ਵਿੱਚ ਹੀ ਕਰ ਸਕਦੇ ਹਾਂ। ਆਪਣੇ ਵਿਕਾਸ ਦੇ ਅਗਲੇ ਪੜਾਅ ਵਿੱਚ, ਕੋਈ ਕਮਿਊਨਿਸਟ ਇਨਕਲਾਬੀ ਜਥੇਬੰਦੀ ਜਾਂ ਸਰਵਭਾਰਤੀ ਪਾਰਟੀ ਸੱਨਅਤੀ ਮਜ਼ਦੂਰ ਜਮਾਤ ਤੋਂ ਬਾਅਦ ਦੂਜੀ ਪ੍ਰਾਥਮਿਕਤਾ ਵਿੱਚ ਆਪਣਾ ਕੰਮ ਪਿੰਡਾਂ ਦੀ ਵਿਸ਼ਾਲ ਪ੍ਰੋਲੇਤਾਰੀ ਅਰਧਪ੍ਰੋਲੇਤਾਰੀ ਅਬਾਦੀ ‘ਤੇ ਕੇਂਦਰਿਤ ਕਰੇਗੀ। ਉਸਦਾ ਕੰਮ ਪਿੰਡਾਂ ਦੇ ਗਰੀਬਾਂ ਵਿੱਚ ਜ਼ਮੀਨ ਦੀ ਭੁੱਖ ਪੈਦਾ ਕਰਨਾ ਨਹੀਂ ਸਗੋਂ ਉਨਾਂ ਨੂੰ ਇਹ ਦੱਸਣਾ ਹੋਵੇਗਾ ਕਿ ਜਮੀਨ ਦੇ ਕਿਸੇ ਛੋਟੇ ਟੁਕੜੇ ਦਾ ਮਾਲਕਾਨਾ ਨਾ ਤਾਂ ਉਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੈ, ਨਾ ਹੀ ਪੂੰਜੀ ਦੀ ਮਾਰ ਤੋਂ ਉਹ ਉਸਨੂੰ ਬਚਾ ਹੀ ਸਕਦੇ ਹਨ। ਸਿਰਫ ਸਮਾਜਵਾਦ ਵਿੱਚ ਹੀ ਭੂਮੀ ਦੀ ਸਮੂਹਿਕ ਤੇ ਰਾਜਕੀ ਮਾਲਕੀ ਹੀ ਉਨਾਂ ਦੀ ਸਮੱਸਿਆ ਦਾ ਹੱਲ ਹੋ ਸਕਦੀ ਹੈ ਅਤੇ ਉਨਾਂ ਦੀ ਅਜ਼ਾਦੀ ਤੇ ਸਮਾਨਤਾ ਦੀ, ਉਨਾਂ ਦੇ ਜਮਹੂਰੀ ਅਧਿਕਾਰਾਂ ਦੀ ਇੱਕੋ ਇੱਕ ਗਰੰਟੀ ਹੋ ਸਕਦੀ ਹੈ। ਸਾਨੂੰ ਉਨਾਂ ਦੇ ਰਾਜਨੀਤਕ ਘੋਲ਼ਾਂ ਨੂੰ ਬੁਰਜੂਆ ਰਾਜਸੱਤ੍ਹਾ ਵਿਰੁੱਧ ਕੇਂਦਰਿਤ ਕਰਨਾ ਹੋਵੇਗਾ। ਪੂੰਜੀ ਦੀ ਮਾਰ ਨਾਲ਼ ਤ੍ਰਸਤ ਛੋਟੇ ਅਤੇ ਮੱਧਵਰਗੀ ਮਾਲਕ ਕਿਸਾਨਾਂ ਨੂੰ ਵੀ ਸਾਨੂੰ ਲਗਾਤਾਰ ਇਹ ਦੱਸਣਾ ਹੋਵੇਗਾ ਕਿ ਪੂੰਜੀਵਾਦੀ ਸਮਾਜ ਵਿੱਚ ਜਗ੍ਹਾ ਜ਼ਮੀਨ ਤੇਂ ਉੱਜੜਕੇ ਪ੍ਰੋਲੇਤਾਰੀ ਦੀਆਂ ਸਫਾਂ ਵਿੱਚ ਸ਼ਾਮਿਲ ਹੋਣਾ ਉਨਾਂ ਦੀ ਹੋਣੀ ਹੈ, ਕਿ ਲਾਗਤ ਮੁੱਲ ਅਤੇ ਲਾਭਕਾਰੀ ਮੁੱਲ ਦੀ ਲੜਾਈ ਨਾਲ਼ ਉਨਾਂ ਨੂੰ ਕੁੱਝ ਵੀ ਹਾਸਲ ਨਹੀਂ ਹੋਵੇਗਾ ਅਤੇ ਉਨਾਂ ਸਾਹਮਣੇ ਇੱਕੋ ਇੱਕ ਰਾਹ ਇਹੀ ਹੈ ਕਿ ਉਹ ਪ੍ਰੋਲੇਤਾਰੀ ਜਮਾਤ ਨਾਲ਼ ਮਿਲਕੇ ਸਾਮਰਾਜਵਾਦ, ਪੂੰਜੀਵਾਦ ਅਤੇ ਧਨੀ ਕਿਸਾਨਾਂ ਦੀ ਸੱਤ੍ਹਾ ਵਿਰੁੱਧ, ਸਮਾਜਵਾਦ ਲਈ ਘੋਲ਼ ਕਰਨ। ਇਸਦੇ ਉੱਪਰ ਦਰਮਿਆਨੇ ਕਿਸਾਨਾਂ ਦੀ ਜੋ ਦਰਮਿਆਨੀ ਤਹਿ ਹੈ, ਉਸਨੂੰ ਪੂੰਜੀ ਅਤੇ ਕਿਰਤ ਵਿਚਲੀ ਲੜਾਈ ਵਿੱਚ ਨਿਰਪੱਖ ਜਾਂ ਗੈਰ ਸਰਗਰਮ ਬਣਾਉਣ ਦੀ ਹਰ ਇੱਕ ਕੋਸ਼ਿਸ਼ ਕਰਨੀ ਹੋਵੇਗੀ, ਪੂੰਜੀਵਾਦੀ ਢਾਂਚੇ ਵਿਰੁੱਧ ਕੇਂਦਰਤ ਉਸਦੀਆਂ ਮੰਗਾਂ ਨੂੰ ਪੂਰਾ ਸਮਰਥਨ ਦੇਣਾ ਹੋਵੇਗਾ, ਅਜਿਹੀਆਂ ਮੰਗਾਂ ‘ਤੇ ਉਸਦੇ ਅੰਦੋਲਨ (ਲੋਕਾਂ ਦੀਆਂ ਹੋਰ ਜਮਾਤਾਂ ਨਾਲ਼ ਸਾਂਝਾ ਅੰਦੋਲਨ) ਜਥੇਬੰਦ ਕਰਨੇ ਹੋਣਗੇ ਅਤੇ ਵੱਡੇ ਮਾਲਕ ਕਿਸਾਨਾਂ ਦੇ ਅੰਦੋਲਨਾਂ ਤੋਂ ਉਨਾਂ ਨੂੰ ਅਲੱਗ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨੀ ਹੋਵੇਗੀ। 

ਇਸਤੋਂ ਬਾਅਦ ਕਮਿਊਨਿਸਟ ਇਨਕਲਾਬੀਆਂ ਦਾ ਅਗਲਾ ਨਿਸ਼ਾਨਾ ਸ਼ਹਿਰਾਂ ਵਿੱਚ ਸੇਵਾ ਖੇਤਰ ਅਤੇ ਵਪਾਰ ਨਾਲ਼ ਜੁੜੀ ਮਜ਼ਦੂਰ ਜਮਾਤ ਨੂੰ ਉਨਾਂ ਦੀਆਂ ਆਰਥਿਕ ਅਤੇ ਰਾਜਨੀਤਕ ਮੰਗਾਂ ਉੱਤੇ ਜਥੇਬੰਦ ਕਰਨਾ ਹੋਵੇਗਾ। ਸ਼ਹਿਰੀ ਮੱਧਵਰਗ ਦਾ ਇੱਕ ਛੋਟਾ ਜਿਹਾ ਉੱਪਰੀ ਹਿੱਸਾ ਅੱਜ ਖੁਸ਼ਹਾਲੀ ਅਤੇ ਵਿਲਾਸਤਾ ਦੇ ਸਿਖਰ ਉੱਤੇ ਬੈਠਾ ਹੋਇਆ ਹੈ ਅਤੇ ਪੂੰਜੀਵਾਦੀ ਢਾਂਚੇ ਦੇ ਸਭ ਤੋਂ ਵੱਧ ਵਿਸ਼ਵਾਸ਼ਯੋਗ ਥੰਮ ਦੀ ਭੂਮਿਕਾ ਨਿਭਾ ਰਿਹਾ ਹੈ। ਉਸਦੀ ਦਰਮਿਆਨੀ ਤਹਿ ਬਸ ਜਿਵੇਂ ਤਿਵੇਂ ਆਪਣੀ ਹੋਂਦ ਨੂੰ ਕਾਇਮ ਰੱਖ ਰਹੀ ਹੈ, ਖੁਸ਼ਹਾਲੀ  ਦੇ ਸੁਪਨੇ ਪਾਲ਼ੇ ਹੋਏ ਕਦੇ ਉਹ ਉਪਰ ਦੇਖਦੀ ਹੈ, ਤਾਂ ਕਦੇ ਮੋਹ ਭੰਗ ਦੀ ਸਥਿਤੀ ਵਿੱਚ ਢਾਂਚੇ-ਵਿਰੋਧੀ ਗੱਲਾਂ ਕਰਦੀ ਹੈ। ਬਾਕੀ ਨਿਮਨ ਮੱਧਵਰਗ ਦੀ ਇੱਕ ਵੱਡੀ ਅਬਾਦੀ ਹੈ ਜੋ ਪੂੰਜੀ ਦੀ ਮਾਰ ਤੋਂ ਪ੍ਰੇਸ਼ਾਨ ਹੈ ਅਤੇ ਰੋਜਾਨਾ ਦੀਆਂ ਲੋੜਾਂ ਨੂੰ ਮੁਸ਼ਕਲ ਨਾਲ਼ ਹੀ ਪੂਰਾ ਕਰਦੀ ਹੋਈ ਲਗਾਤਾਰ ਸਾਰੀਆਂ ਅਨਿਸ਼ਚਿਤਤਾਵਾਂ ਵਿੱਚ ਜਿਉਂ ਰਹੀ ਹੈ। ਇਸ ਤਬਕੇ ਦੇ ਨੌਜਵਾਨਾ ਸਾਹਮਣੇ ਬੇਰੁਜਗਾਰੀ ਦੀ ਵੱਡੀ ਸਮੱਸਿਆ ਮੂੰਹ ਅੱਡੀ ਖੜੀ ਹੈ। ਲਗਾਤਾਰ ਇਨਕਲਾਬੀ ਪ੍ਰਚਾਰ ਦੀ ਕਾਰਵਾਈ ਦੁਆਰਾ ਕਮਿਊਨਿਜ਼ਮ ਪ੍ਰਤੀ ਇਸਦੇ ਤੁਅੱਸਬਾਂ ਅਤੇ ਭਰਮਾਂ ਨੂੰ ਤੋੜ ਕੇ ਇਸਨੂੰ ਸਮਾਜਵਾਦ ਦੇ ਪੱਖ ਵਿੱਚ ਖੜ੍ਹਾ ਕੀਤਾ ਜਾ ਸਕਦਾ ਹੈ। ਰੁਜ਼ਗਾਰ ਅਤੇ ਬੁਨਿਆਦੀ ਨਾਗਰਿਕ ਮੰਗਾਂ ‘ਤੇ ਮੱਧਵਰਗ ਦੇ ਇਸ ਹਿੱਸੇ ਨੂੰ ਜਥੇਬੰਦ ਕਰਕੇ ਇਨਕਲਾਬੀ ਕਮਿਊਨਿਸਟ ਇਸਨੂੰ ਮਜ਼ਦੂਰ ਜਮਾਤ ਨਾਲ਼ ਮੋਰਚੇ ਵਿੱਚ ਖੜ੍ਹਾ ਕਰ ਸਕਦੇ ਹਨ। ਭਾਰਤੀ ਮਜ਼ਦੂਰ ਜਮਾਤ ਦਾ ਹਿਰਾਵਲ ਦਸਤਾ ਸ਼ਹਿਰਾਂ ਅਤੇ ਪਿੰਡਾਂ ਵਿਚਲੀ ਮਜ਼ਦੂਰ ਅਬਾਦੀ ਨੂੰ ਜਥੇਬੰਦ ਕਰਨ ਨਾਲ਼ ਹੀ ਤਿੰਨ ਜਮਾਤਾਂ ਦਾ ਰਾਜਨੀਤਕ ਸ਼ਾਂਝਾ ਮੋਰਚਾ (ਪਿੰਡਾਂ-ਸ਼ਹਿਰਾਂ ਦੀ ਮਜ਼ਦੂਰ ਅਬਾਦੀ, ਛੋਟੇ ਮਾਲਕ ਕਿਸਾਨਾਂ ਸਮੇਤ ਪਿਡਾਂ-ਸ਼ਹਿਰਾਂ ਦੀ ਅਰਧ ਪ੍ਰੋਲੇਤਾਰੀ ਅਬਾਦੀ ਅਤੇ ਉਹਨਾਂ ਦੇ ਢਿੱਲੇ-ਢਾਲੇ ਦੋਸਤ ਦੇ ਰੂਪ ਵਿੱਚ ਦਰਮਿਆਨੇ ਕਿਸਾਨ ਤੇ ਪਿਡਾਂ-ਸ਼ਹਿਰਾਂ ਦਾ ਮੱਧਵਰਗ) ਕਾਇਮ ਕਰਕੇ ਹੀ ਨਵੇਂ ਸਮਾਜਵਾਦੀ ਇਨਕਲਾਬ ਨੂੰ-  ਸਾਮਰਾਜਵਾਦ-ਪੂੰਜੀਵਾਦ ਵਿਰੋਧੀ ਇਨਕਲਾਬ ਨੂੰ ਸਫਲ ਬਣਾ ਸਕਦਾ ਹੈ। ਪੂੰਜੀਵਾਦੀ ਫਾਰਮਰ-ਕੁਲਕ ਅਤੇ ਸਾਰੇ ਛੋਟੇ-ਵੱਡੇ ਪੂੰਜੀਪਤੀ ਅੱਜ ਇਨਕਲਾਬ ਦੇ ਦੁਸ਼ਮਣਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ  ਕੇਵਲ ਨਵੇਂ ਸਮਾਜਵਾਦੀ ਇਨਕਲਾਬ ਦਾ ਰਾਹ ਹੀ ਭਾਰਤੀ ਲੋਕਾਂ ਦੀ ਮੁਕਤੀ ਦਾ ਰਾਹ ਹੋ ਸਕਦਾ ਹੈ। ਇਸਦੇ ਪ੍ਰੋਗਰਾਮ ਨੂੰ ਅਮਲ ਵਿੱਚ ਲਿਆਉਣ ਦੀ ਮਜ਼ਦੂਰ ਜਮਾਤ ਦੀ ਪਾਰਟੀ ਦੀ ਉਸਾਰੀ ਦੀ ਦਿਸ਼ਾ ਵਿੱਚ ਅੱਗੇ ਕਦਮ ਵਧਾ ਕੇ ਹੀ ਅੱਜ ਖੜੋਤ ਤੋੜੀ ਜਾ ਸਕਦੀ ਹੈ। ਦੂਜਾ ਕੋਈ ਵੀ ਰਾਹ ਨਹੀਂ ਹੈ। 

ਨਵੀਂ ਸ਼ੁਰੂਆਤ ਕਿੱਥੋਂ ਕਰੀਏ ਅਤੇ ਪ੍ਰਾਥਮਿਕਤਾਵਾਂ ਅਤੇ ਜੋਰ ਨੂੰ ਕਿਸ ਤਰਾਂ ਤੇ ਕਿਸ ਰੂਪ ਵਿੱਚ ਤੈਅ ਕਰੀਏ?

ਮਜ਼ਦੂਰ ਜਮਾਤ ਦੇ ਹਿਰਾਵਲ ਦਸਤੇ ਦੀ ਫਿਰ ਤੋਂ ਉਸਾਰੀ ਦੀ ਪ੍ਰਕਿਰਿਆ ਅੱਜ, ਅਜੇ ਸ਼ੁਰੂਆਤੀ ਹਾਲਤ ਵਿੱਚ ਹੈ, ਬਸ ਸ਼ੁਰੂਆਤ ਕਰਨ ਦੀ ਸਥਿਤੀ ਵਿੱਚ ਹੈ। ਇਸ ਤਰਾਂ ਦੀ ਸਥਿਤੀ ਵਿੱਚ ਸਾਰੇ ਮੋਰਚਿਆਂ ਉੱਤੇ ਸਾਰੇ ਕੰਮਾਂ ਨੂੰ ਇੱਕੋ ਸਮੇਂ ਹੱਥ ਵਿੱਚ ਕਦੇ ਵੀ ਨਹੀਂ ਲਿਆ ਜਾ ਸਕਦਾ। ਅੱਜ ਮਹੱਤਵਪੂਰਨ ਸਵਾਲ ਇਹ ਕਿ ਸ਼ੁਰੂਆਤ ਕਿੱਥੋਂ ਕਰੀਏ ਅਤੇ ਸਾਡੇ ਕੰਮਾਂ ਦੀ ਪ੍ਰਾਥਮਿਕਤਾ ਕੀ ਹੋਵੇ? 

ਪਾਰਟੀ ਉਸਾਰੀ ਦੇ ਕੰਮ ਨੂੰ ਅੱਜ ਮੁੱਖ ਕੰਮ ਮੰਨਦੇ ਹੋਏ, ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਕੁੱਝ ਚੁਣੇ ਹੋਏ ਸੱਨਅਤੀ ਕੇਂਦਰਾਂ ਵਿੱਚ ਸੱਨਅਤੀ ਮਜ਼ਦੂਰ ਜਮਾਤ ਵਿੱਚ ਆਪਣੀ ਮੁੱਖ ਅਤੇ ਸਭ ਤੋਂ ਵੱਧ ਤਾਕਤ ਕੇਂਦਰਤ ਕਰੀਏ। ਉੱਥੇ ਮਜ਼ਦੂਰਾਂ ਦੇ ਜੀਵਨ ਨਾਲ਼ ਇੱਕ ਰੂਪ ਹੋ ਕੇ ਜਥੇਬੰਦਕਾਂ ਨੂੰ ਠੋਸ ਹਾਲਤਾਂ ਦੇ ਹਰ ਪੱਖ ਦੀ ਜਾਂਚ-ਪੜਤਾਲ ਅਤੇ ਅਧਿਐਨ ਕਰਨਾ ਹੋਵੇਗਾ, ਮਜ਼ਦੂਰ ਅਬਾਦੀ ਵਿੱਚ ਤਰਾਂ-ਤਰਾਂ ਦੀਆਂ ਸੰਸਥਾਵਾਂ ਬਣਾਕੇ ਰਚਨਾਤਮਕ ਕੰਮ ਕਰਨੇ ਹੋਣਗੇ, ਤਾਕਤ ਤੇ ਅਨੁਕੂਲ ਮੌਕੇ ਦੇ ਹਿਸਾਬ ਨਾਲ਼ ਮਜ਼ਦੂਰਾਂ ਦੇ ਰੋਜਾਨਾ ਦੇ ਆਰਥਿਕ ਤੇ ਰਾਜਨੀਤਕ ਘੋਲ਼ਾਂ ਵਿੱਚ ਭਾਗ ਲੈਂਦੇ ਹੋਏ ਉਨਾਂ ਵਿੱਚ ਅਭਿਆਸ ਦੇ ਧਰਾਤਲ ‘ਤੇ ਇਨਕਲਾਬੀ ਖੱਬੀ ਰਾਜਨੀਤੀ ਦੀ ਅਥਾਰਿਟੀ ਸਥਾਪਤ ਕਰਨੀ ਹੋਵੇਗੀ ਅਤੇ ਇਸਦੇ ਨਾਲ਼-ਨਾਲ਼ ਰਾਜਨੀਤਕ ਸਿੱਖਿਆ ਤੇ ਪ੍ਰਚਾਰ ਦੀਆਂ ਕਾਰਵਾਈਆਂ ਨੂੰ ਵਿਸ਼ੇਸ਼ ਜ਼ੋਰ ਦੇ ਕੇ ਜਥੇਬੰਦ ਕਰਨਾ ਹੋਵੇਗਾ। ਇਹ ਜ਼ਰੂਰੀ ਹੈ ਕਿ ਮਜ਼ਦੂਰ ਜਮਾਤ ਵਿੱਚੋਂ ਪਾਰਟੀ ਭਰਤੀ ਅਤੇ ਉਸ ਨਵੀਂ ਭਰਤੀ ਦੀ ਰਾਜਨੀਤਕ ਸਿੱਖਿਆ ਤੇ ਜਥੇਬੰਦਕ-ਰਾਜਨੀਤਕ ਕੰਮਾਂ ਵਿੱਚ ਉਸਦਾ ਰਾਹ ਦਰਸਾਉਣ ਲਈ ਮਜ਼ਦੂਰ ਜਮਾਤ ਦਾ ਇੱਕ ਅਜਿਹਾ ਰਾਜਨੀਤਕ ਅਖ਼ਬਾਰ ਨਿਯਮਬੱਧ  ਢੰਗ ਨਾਲ਼ ਪ੍ਰਕਾਸ਼ਤ ਕੀਤਾ ਜਾਵੇ ਜੋ ਕਿ ਮਜ਼ਦੂਰ ਜਮਾਤ ਦੇ ਇਤਿਹਾਸਕ ਮਿਸ਼ਨ ਅਤੇ ਸਮਾਜਵਾਦ ਦਾ ਸਿੱਧਾ ਪ੍ਰਚਾਰ ਕਰਦੇ ਹੋਏ ਮਜ਼ਦੂਰਾਂ ਦੇ ਸਿੱਖਿਅਕ, ਪ੍ਰਚਾਰਕ ਅਤੇ ਜਥੇਬੰਦਕ ਦੀ ਭੂਮਿਕਾ ਨਿਭਾਏ। ਅਜਿਹਾ ਅਖ਼ਬਾਰ ਪਾਰਟੀ ਨਿਰਮਾਣ ਦੇ ਪ੍ਰਮੁੱਖ ਸੰਦ ਦੀ ਭੂਮਿਕਾ ਨਿਭਾਏਗਾ। 

ਪਰ ਇਨੇ ਕੰਮਾਂ ਨੂੰ ਅੰਜਾਮ ਦੇਣ ਲਈ ਅਤੇ ਇੱਕ ਛੋਟੇ ਜਿਹੀ ਪਾਰਟੀ ਜਥੇਬੰਦੀ ਦੇ ਜ਼ਰੂਰੀ ਬੁਨਿਆਦੀ ਪਾਰਟੀ ਕੰਮਾਂ ਨੂੰ ਕਰਨ ਲਈ ਵੀ ਅੱਜ ਯੋਗ ਜਥੇਬੰਦਕਾਂ ਦੀ ਭਾਰੀ ਕਮੀ ਹੈ। ਇਸ ਲਈ, ਅੱਜ ਦੀ ਫੌਰੀ ਜ਼ਰੂਰਤ ਇਹ ਹੈ ਕਿ ਅਸਰਦਾਰ ਢੰਗ ਨਾਲ਼ ਸ਼ੁਰੂਆਤ ਕਰਨ ਲਈ, ਛੇਤੀ ਤੋਂ ਛੇਤੀ ਕੁੱਝ ਯੋਗ ਪੇਸ਼ੇਵਰ ਇਨਕਲਾਬੀਆਂ ਦੀ ਭਰਤੀ ਹੋਵੇ, ਚਾਹੇ ਉਹ ਮੱਧਵਰਗ ਤੋਂ ਹੀ ਹੋਵੇ ਜਾਂ ਮਜ਼ਦੂਰ ਵਰਗ ਵਿੱਚੋਂ। ਇਸ ਫੌਰੀ ਜ਼ਰੂਰਤ ਲਈ ਠੀਕ ਤੇ ਵਿਵਹਾਰਕ ਇਹੀ ਹੋਵੇਗਾ ਕਿ ਮਜ਼ਦੂਰ ਜਮਾਤ ਵਿੱਚ ਪ੍ਰਚਾਰ, ਸਿੱਖਿਆ ਤੇ ਅੰਦੋਲਨ ਦੀ ਕਾਰਵਾਈ ਨੂੰ ‘ਲੋ ਪ੍ਰੋਫਾਈਲ’ ‘ਤੇ ਜ਼ਾਰੀ ਰਖਦੇ ਹੋਏ, ਸ਼ੁਰੂਆਤ ਦੇ ਕੁੱਝ ਸਾਲਾਂ ਦੌਰਾਨ ਮੱਧਵਰਗੀ ਸਿੱਖਿਅਤ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਮੋਰਚੇ ‘ਤੇ ਇਨਕਲਾਬੀ ਭਰਤੀ ਨੂੰ ਕਮਾਨ ਵਿੱਚ ਰੱਖਦੇ ਹੋਏ, ਕੰਮਾਂ ‘ਤੇ ਸਭ ਤੋਂ ਵਧੇਰੇ ਜ਼ੋਰ ਦਿੱਤਾ ਜਾਵੇ ਅਤੇ ਫਿਰ ਯੋਗ ਪੇਸ਼ੇਵਰ ਇਨਕਲਾਬੀ ਜਥੇਬੰਦਕਾਂ ਦੀ ਇੱਕ ਨਵੀਂ ਟੀਮ ਬਣਾ ਕੇ ਮਜ਼ਦੂਰਾਂ ਵਿੱਚ ਕੰਮਾਂ ‘ਤੇ ਜ਼ੋਰ ਨੂੰ ਵਧਾ ਦਿੱਤਾ ਜਾਵੇ। ਪੇਸ਼ੇਵਰ ਇਨਕਲਾਬੀਆਂ ਦੀ ਭਰਤੀ ਮਜ਼ਦੂਰਾਂ ਵਿੱਚੋਂ ਵੀ ਹੋਵੇਗੀ ਅਤੇ ਉਹੀ ਭਾਵੀ ਇਨਕਲਾਬੀ ਪਾਰਟੀ ਦੀ ਕੇਂਦਰੀ ਸ਼ਕਤੀ ਹੋਵੇਗੀ, ਪਰ ਭਾਰਤੀ ਮਜ਼ਦੂਰ ਜਮਾਤ ਦੀ ਅਜੋਕੀ ਸਥਿਤੀ ਨੂੰ ਦੇਖਦੇ ਹੋਏ, ਉਸ ਵਿੱਚ ਥੋੜ੍ਹਾ ਲੰਬਾ ਸਮਾਂ ਲੱਗੇਗਾ। ਇਸ ਲਈ, ਘੱਟ ਸਮੇਂ ਵਿੱਚ ਸ਼ੁਰੂਆਤੀ ਤਾਕਤ ਇਕੱਠੀ ਕਰਨ ਲਈ ਸ਼ੁਰੂਆਤ ਦੇ ਕੁੱਝ ਸਾਲਾਂ ਦੌਰਾਨ ਸਿੱਖਿਅਤ ਮੱਧਵਰਗ ਦੇ ਉੱਨਤ ਅਤੇ ਜੁਝਾਰੂ ਤੱਤਾਂ ਦੀ ਪਾਰਟੀ-ਭਰਤੀ ‘ਤੇ ਜਿਆਦਾ ਜੋਰ ਦੇਣਾ ਹੀ ਅੱਜ ਦੀਆਂ ਹਾਲਤਾਂ ਵਿੱਚ ਇੱਕ ਸਹੀ ਕਦਮ ਹੋਵੇਗਾ। ਫਿਰ ਤਾਕਤ ਵਧਦੇ ਜਾਣ ਨਾਲ਼ ਹੀ ਸਾਨੂੰ ਪਹਿਲ ਦੇ ਅਧਾਰ ‘ਤੇ ਉਨਾਂ ਜਮਾਤਾਂ ਵਿੱਚ ਅਤੇ ਉਨਾਂ ਮੋਰਚਿਆਂ ‘ਤੇ ਆਪਣੇ ਕੰਮਾਂ ਦਾ ਵਿਸਤਾਰ ਕਰਦੇ ਜਾਣਾ ਹੋਵੇਗਾ, ਜਿਸਦੀ ਚਰਚਾ ਅਸੀਂ ਉੱਪਰ ਕੀਤੀ ਹੈ। 

ਪਰ ਪਾਰਟੀ ਉਸਾਰੀ ਦੇ ਕੰਮ ਦੀ ਸ਼ੁਰੂਆਤੀ ਸਥਿਤੀ ਵਿੱਚ ਵੀ, ਬੁਨਿਆਦੀ ਵਿਚਾਰਧਾਰਕ ਕੰਮਾਂ ਨੂੰ ਅਣਗੌਲ਼ਿਆ ਨਹੀਂ ਕੀਤਾ ਜਾ ਸਕਦਾ ਜਾਂ ਉਨਾਂ ਨੂੰ ਟਾਲ਼ਿਆ ਨਹੀਂ ਜਾ ਸਕਦਾ। ਪਿੱਛਲਮੋੜੇ ਅਤੇ ਪੂੰਜੀਵਾਦੀ ਮੁੜਬਹਾਲੀ ਦੇ ਵਰਤਮਾਨ ਹਨੇਰਮਈ  ਦੌਰ ਵਿੱਚ ਪੂਰੀ ਦੁਨੀਆਂ ਦਾ ਬੁਰਜੂਆ ਮੀਡੀਆ ਤੇ ਬੁਰਜੂਆ ਰਾਜਨੀਤਕ ਸਾਹਿਤ ਨੇ ਸਮਾਜਵਾਦ ਬਾਰੇ ਤਰਾਂ-ਤਰਾਂ ਦਾ ਕੂੜ-ਪ੍ਰਚਾਰ ਕਰਕੇ ਪਿਛਲੇ ਪ੍ਰੋਲੇਤਾਰੀ ਇਨਕਲਾਬਾਂ ਦੀਆਂ ਸਾਰੀਆਂ ਹੈਰਾਨੀਜਨਕ ਪ੍ਰਾਪਤੀਆਂ ਨੂੰ ਕੂੜ ਦੇ ਢੇਰ ਹੇਠ ਢਕ ਦਿੱਤਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਪ੍ਰੋਲੇਤਾਰੀ ਇਨਕਲਾਬ ਦੇ ਵਿਗਿਆਨ ਅਤੇ ਪਿਛਲੇ ਮਜ਼ਦੂਰ ਇਨਕਲਾਬਾਂ ਦੀਆਂ ਅਸਲੀਅਤਾਂ ਤੋਂ ਅਣਜਾਣ ਹੈ। ਉਸ ਨੂੰ ਇਹ ਦੱਸਣ ਦੀ ਲੋੜ ਹੈ ਕਿ ਮਾਰਕਸਵਾਦ ਦੇ ਸਿਧਾਂਤ ਕੀ ਕਹਿੰਦੇ ਹਨ ਅਤੇ ਇਨਾਂ ਸਿਧਾਤਾਂ ਨੂੰ ਅਮਲ ਵਿੱਚ ਲਿਆਉਂਦੇ  ਹੋਏ ਵੀਹਵੀਂਂ ਸਦੀ ਦੇ ਮਜ਼ਦੂਰ ਇਨਕਲਾਬਾਂ ਨੇ ਕੀ ਪ੍ਰਾਪਤੀਆਂ ਕੀਤੀਆਂ ਹਨ। ਉਨਾਂ ਨੂੰ ਇਹ ਦੱਸਣਾ ਹੋਵੇਗਾ ਕਿ ਮਜ਼ਦੂਰ ਇਨਕਲਾਬਾਂ ਦੇ ਪਹਿਲੇ ਐਡੀਸ਼ਨਾਂ ਦੀ ਹਾਰ ਕੋਈ ਅਣਅਕਿਆਸੀ ਗੱਲ ਨਹੀਂ ਸੀ ਅਤੇ ਫਿਰ ਉਨਾਂ ਦੇ ਨਵੇਂ ਐਡੀਸ਼ਨਾਂ ਦੀ ਸਿਰਜਣਾ ਅਤੇ ਸੰਸਾਰ ਪੂੰਜੀਵਾਦ ਦੀ ਹਾਰ ਵੀ ਅਟੱਲ ਹੈ। ਉਨਾਂ ਨੂੰ ਇਹ ਦੱਸਣਾ ਹੋਵੇਗਾ ਕਿ ਪਿਛਲੇ ਇਨਕਲਾਬਾਂ ਨੇ ਹਾਰ ਦੇ ਬਾਵਜੂਦ, ਪੂੰਜੀਵਾਦੀ ਮੁੜਬਹਾਲੀ ਨੂੰ ਰੋਕਣ ਦਾ ਢੰਗ ਵੀ ਦੱਸਿਆ ਹੈ ਅਤੇ ਇਸ ਸੰਦਰਭ ਵਿੱਚ ਚੀਨ ਦੇ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀਆਂ ਸਿੱਖਿਆਵਾਂ ਦਾ ਯੁੱਗਪਲ਼ਟਾਊ ਮਹੱਤਵ ਹੈ। ਅੱਜ ਦੀ ਪ੍ਰੋਲੇਤਾਰੀ ਜਮਾਤ ਦੀ ਨਵੀਂ ਪੀੜ੍ਹੀ ਨੂੰ ਇਤਿਹਾਸ ਦੀਆਂ ਇਨਾਂ ਸਿੱਖਿਆਵਾਂ ਤੋਂ ਜਾਣੂ ਕਰਾਉਣ ਦੇ ਕੰਮ ਨੂੰ ਅਸੀਂ ਨਵੇਂ ਪ੍ਰੋਲੇਤਾਰੀ ਪੁਨਰਜਾਗਰਣ ਦਾ ਨਾਮ ਦਿੰਦੇ ਹਾਂ। ਪਰ ਇੱਕੀਵੀਂ ਸਦੀ ਦੇ ਪ੍ਰੋਲੇਤਾਰੀ ਇਨਕਲਾਬਾਂ ਨੂੰ ਹੂ-ਬ-ਹੂ ਵੀਹਵੀਂ ਸਦੀ ਦੇ ਪ੍ਰੋਲੇਤਾਰੀ ਇਨਕਲਾਬਾਂ ਦੇ ਨਕਸ਼ੇਕਦਮਾਂ ‘ਤੇ ਨਹੀਂ ਚੱਲਣਗੇ। ਇਹ ਆਪਣੇ ਮਹਾਨ ਪੂਰਵਜ ਇਨਕਲਾਬਾਂ ਤੋਂ ਜ਼ਰੂਰੀ ਬੁਨਿਆਦੀ ਸਿੱਖਿਆਵਾਂ ਲੈਣਗੇ ਅਤੇ ਫਿਰ ਇਸ ਵਿਰਾਸਤ ਨਾਲ਼, ਵਰਤਮਾਨ ਹਾਲਤਾਂ ਦਾ ਅਧਿਐਨ ਕਰਕੇ, ਪੂੰਜੀ ਦੀ ਸੱਤ੍ਹਾ ਨੂੰ ਨਿਰਣਾਇਕ ਹਾਰ ਦੇਣ ਦੀ ਯੁੱਧਨੀਤੀ ਤੇ ਆਮ ਦਾਅਪੇਚ ਵਿਕਸਿਤ ਕਰਨਗੇ। ਇਹ ਪ੍ਰਕਿਰਿਆ ਗਹਿਰੇ ਸਮਾਜਿਕ ਪ੍ਰਯੋਗ, ਉਨਾਂ ਦੇ ਸਿਧਾਂਤਕ ਨਿਚੋੜ, ਗੰਭੀਰ ਖੋਜ-ਅਧਿਐਨ, ਵਾਦ-ਵਿਵਾਦ, ਵਿਚਾਰ-ਚਰਚਾ ਅਤੇ ਫਿਰ ਨਵੇਂ ਮਜ਼ਦੂਰ ਇਨਕਲਾਬਾਂ ਦੇ ਖਾਸੇ, ਰੂਪ ਤੇ ਰਾਹ ਤੋਂ ਪ੍ਰੋਲੇਤਾਰੀ ਜਮਾਤ ਅਤੇ ਇਨਕਲਾਬੀ ਲੋਕਾਈ ਨੂੰ ਜਾਣੂ ਕਰਾਉਣ ਦੀ ਪ੍ਰਕਿਰਿਆ ਹੋਵੇਗੀ। ਇਨਾਂ ਕੰਮਾਂ ਨੂੰ ਅਸੀਂ ਨਵੇਂ ਪ੍ਰੋਲੇਤਾਰੀ ਪ੍ਰਬੋਧਨ ਦੇ ਕਾਰਜ ਦੇ ਰੂਪ ਵਿੱਚ ਪੇਸ਼ ਕਰਦੇ ਹਾਂ।  ਮਾਰਕਸਵਾਦੀ ਫਲਸਫੇ ਨੂੰ ਨਵੀਂ ਸਰਬਪੱਖੀ ਅਮੀਰੀ ਤਾਂ ਭਾਵੀ ਨਵੇਂ ਸਮਾਜਵਾਦੀ ਇਨਕਲਾਬ ਹੀ ਪ੍ਰਦਾਨ ਕਰਨਗੇ, ਪਰ ਇਹ ਪ੍ਰਕਿਰਿਆ ਨਵੇਂ ਪ੍ਰੋਲੇਤਾਰੀ ਪ੍ਰਬੋਧਨ ਦੇ ਕਾਰਜਾਂ ਨੂੰ ਅੰਜਾਮ ਦੇਣ ਨਾਲ਼ ਹੀ ਸ਼ੁਰੂ ਹੋ ਜਾਵੇਗੀ। ਨਵੇਂ ਪ੍ਰੋਲੇਤਾਰੀ ਪੁਨਰ ਜਾਗਰਣ ਅਤੇ ਨਵੇਂ ਪ੍ਰੋਲੇਤਾਰੀ ਪ੍ਰਬੋਧਨ ਦੇ ਕਾਰਜ ਸੰਸਾਰ ਇਤਿਹਾਸਕ ਪਿੱਛਲਮੋੜੇ ਦੇ ਅਜੋਕੇ ਦੌਰ ਵਿੱਚ ਅਤੇ ਸੰਸਾਰ ਪੂੰਜੀਵਾਦ ਦੇ ਖਾਸੇ ਤੇ ਕਾਰਜਪ੍ਰਣਾਲ਼ੀ ਦਾ ਅਧਿਐਨ ਕਰਕੇ ਕਿਰਤ ਅਤੇ ਪੂੰਜੀ ਵਿਚਲੇ ਸੰਸਾਰ ਇਤਿਹਾਸਕ ਮਹਾਂਯੁੱਧ ਦੇ ਅਗਲੇ ਗੇੜ ਵਿੱਚ ਪੂੰਜੀ ਦੀਆਂ ਤਾਕਤਾਂ ਦੀ ਅੰਤਮ ਰੂਪ ਨਾਲ਼ ਹਾਰ ਨੂੰ ਯਕੀਨੀ ਬਣਾਉਣ ਦੀਆਂ ਸਰਬਪੱਖੀ ਤਿਆਰੀਆਂ ਦੇ ਔਖੇ ਚੁਣੌਤੀ ਪੂਰਨ ਦੌਰ ਵਿੱਚ, ਪ੍ਰੋਲੇਤਾਰੀ ਜਮਾਤ ਦੇ ਜ਼ਰੂਰੀ ਕੰਮ ਹਨ ਜਿਨਾਂ ਨੂੰ ਪ੍ਰੋਲੇਤਾਰੀ ਦਾ ਹਿਰਾਵਲ ਦਸਤਾ ਆਪਣੀਆਂ ਸੁਚੇਤਨ ਕਾਰਵਾਈਆਂ ਦੁਆਰਾ ਅਗਵਾਈ ਦੇਵੇਗਾ। ਇਹ ਕੰਮ ਪਾਰਟੀ ਨਿਰਮਾਣ ਦੇ ਕੰਮਾਂ ਨਾਲ਼ ਅਟੁੱਟ ਰੂਪ ‘ਚ ਜੁੜੇ ਹੋਏ ਹਨ ਅਤੇ ਪਾਰਟੀ ਨਿਰਮਾਣ ਦੇ ਸ਼ੁਰੂਆਤੀ ਪੜਾਅ ਤੋਂ ਹੀ ਇਨਾਂ ਨੂੰ ਹੱਥ ਵਿੱਚ ਲੈਣਾ ਹੋਵੇਗਾ, ਚਾਹੇ ਸਾਡੇ ‘ਤੇ ਕਈ ਜ਼ਰੂਰੀ ਰਾਜਨੀਤਕ-ਜਥੇਬੰਦਕ ਕੰਮਾਂ ਦਾ ਬੋਝ ਕਿੰਨਾ ਵੀ ਜਿਆਦਾ ਕਿਉਂ ਨਾ ਹੋਵੇ! ਇਨਾਂ ਕੰਮਾਂ ਨੂੰ ਪੂਰਾ ਕਰਨ ਵਾਲ਼ੀ ਲੀਡਰਸ਼ਿਪ ਹੀ ਨਵੇਂ ਸਮਾਜਵਾਦੀ ਇਨਕਲਾਬ ਦੀ ਲਾਈਨ ਨੂੰ ਅੱਗੇ ਵਧਾਉਣ ਲਈ ਸਿਧਾਂਤਕ ਅਧਿਐਨ ਅਤੇ ਠੋਸ ਸਮਾਜਿਕ-ਆਰਥਿਕ-ਰਾਜਨੀਤਕ ਹਾਲਤਾਂ ਦੇ ਅਧਿਐਨ ਦੇ ਕੰਮਾਂ ਨੂੰ ਸਫਲਤਾਪੂਰਵਕ ਅੱਗੇ ਵਧਾ ਸਕੇਗੀ। 

ਇੱਕ ਨਵੀਂ ਲਾਈਨ ਜਿਵੇਂ-ਜਿਵੇਂ ਸੁਨਿਸ਼ਚਿਤ ਸ਼ਕਲ ਅਖਤਿਆਰ ਕਰਦੀ ਜਾਂਦੀ ਹੈ, ਉਵੇਂ-ਉਵੇਂ ਕਾਰਕੁਨ ਫੈਸਲਾਕੁਨ ਹੁੰਦੇ ਜਾਂਦੇ ਹਨ। ਪਰ ਇਹ ਪ੍ਰਕਿਰਿਆ ਆਪਣੇ ਆਪ ਨਹੀਂ ਵਾਪਰਦੀ। ਇੱਕ ਸਹੀ ਲਾਈਨ ਦੇ ਨਤੀਜੇ ਤੱਕ ਪਹੁੰਚਣ ਤੋਂ ਬਾਅਦ ਜਥੇਬੰਦਕ ਕੰਮਾਂ ‘ਤੇ ਵਿਸ਼ੇਸ਼ ਜ਼ੋਰ ਵਧਾਉਣਾ ਪੈਂਦਾ ਹੈ। ਤਾਂ ਕਿਤੇ ਜਾ ਕੇ ਸਫਾਂ ਨਿਰਣਾਇਕ ਢੰਗ ਨਾਲ਼ ਪ੍ਰਭਾਵੀ ਹੋ ਪਾਉਂਦੀਆਂ ਹਨ। ਲਾਈਨ ਦੇ ਵਿਕਾਸ ਦੇ ਸੰਦਰਭ ਵਿੱਚ ਅਜੇ ਕਾਫੀ ਕੁੱਝ ਕੀਤਾ ਜਾਣਾ ਹੈ, ਪਰ ਨਵੇਂ ਸਮਾਜਵਾਦੀ ਇਨਕਲਾਬ ਦੀ ਆਮ ਦਿਸ਼ਾ ਅਤੇ ਆਮ ਸਰੂਪ ਅੱਜ ਸਾਡੇ ਸਾਹਮਣੇ ਹੈ। ਇਸ ਲਈ, ਹੁਣ ਸਮਾਂ ਆ ਗਿਆ ਹੈ ਕਿ ਸਾਰੇ ਪਰਾਏ ਅਤੇ ਢਿੱਲੇ ਢਾਲੇ ਤੱਤਾਂ ਨੂੰ ਸਾਰੇ ਕਾਇਰਾਂ-ਨਿਠੱਲਿਆਂ ਅਤੇ ਸਾਰੇ ਮੌਕਾਪ੍ਰਸਤਾਂ ਨੂੰ ਛਾਂਟ ਕਰਕੇ ਬਾਹਰ ਸੁੱਟ ਦਿੱਤਾ ਜਾਵੇ। ਕੂੜੇ ਕਰਕਟ ਦੀ ਸਫਾਈ ਲੋਹੇ ਦੇ ਹੱਥਾਂ ਨਾਲ਼ ਕਰਨੀ ਹੋਵੇਗੀ ਅਤੇ ਬਾਲਸ਼ਵਿਕ ਪ੍ਰੰਪਰਾ ਨੂੰ ਮਹਾਨ ਪ੍ਰੋਲੇਤਾਰੀ ਸੱਭਿਆਚਾਰਕ ਇਨਕਲਾਬ ਦੀਆਂ ਸਿੱਖਿਆਵਾਂ ਦੀ ਰੌਸ਼ਨੀ ਵਿੱਚ ਅੱਗੇ ਵਧਾਉਂਦੇ ਹੋਏ ਜਮਹੂਰੀ ਕੇਂਦਰਵਾਦ ‘ਤੇ ਅਧਾਰਤ ਇਸਪਾਤੀ ਜਥੇਬੰਦਕ ਢਾਂਚੇ ਦੀ ਉਸਾਰੀ ਕਰਨੀ ਹੋਵੇਗੀ। ਪਾਰਟੀ-ਉਸਾਰੀ ਦੇ ਅਜੋਕੇ ਦੌਰ ਦੇ ਬਾਹਰਮੁਖੀ ਹਾਲਤਾਂ ਦੇ ਹਿਸਾਬ ਨਾਲ਼ ਜਥੇਬੰਦਕ ਢਾਂਚਾ ਖੜ੍ਹਾ ਕਰਨਾ ਹੀ ਅੱਜ ਪਾਰਟੀ-ਗਠਨ ਦਾ ਕੰਮ ਹੈ, ਜਿਸਨੂੰ ਅਣਗੌਲ਼ਿਆ ਕਦੇ ਵੀ ਨਹੀਂ ਕੀਤਾ ਜਾ ਸਕਦਾ। 

ਨਵੇਂ ਸਮਾਜਵਾਦੀ ਇਨਕਲਾਬ ਦੇ ਤੁਫਾਨ ਨੂੰ ਸੱਦਾ ਦਿਓ! ਪ੍ਰੋਲੇਤਾਰੀ ਦੇ ਹਿਰਾਵਲਾਂ ਤੋਂ ਉਮੀਦ ਹੈ ਅਜ਼ਾਦ ਵਿਗਿਆਨਕ ਵਿਵੇਕ ਦੀ ਅਤੇ ਧਾਰਾ ਦੇ ਉਲ਼ਟ ਤੈਰਨ ਦੇ ਸਾਹਸ ਦੀ!

ਇਤਿਹਾਸ ਵਿੱਚ ਪਹਿਲਾਂ ਵੀ ਕਈ ਵਾਰ ਦੇਖਿਆ ਗਿਆ ਹੈ ਕਿ ਰਾਜਨੀਤਕ ਦ੍ਰਿਸ਼ ਤੇ ਹਾਕਮ ਜਮਾਤ ਦੇ ਆਪਸੀ ਘੋਲ਼ ਹੀ ਸਰਗਰਮ ਅਤੇ ਮੁੱਖ ਦਿਖਦੇ ਹਨ ਅਤੇ ਸ਼ਾਸਕ ਵਰਗਾਂ ਅਤੇ ਸ਼ਾਸਿਤ ਵਰਗਾਂ ਵਿਚਲੀਆਂ ਵਿਰੋਧਤਾਈਆਂ ਨੇਪੱਥ ਦੇ ਨੀਮ ਹਨ੍ਹੇਰੇ ਵਿੱਚ ਧੱਕ ਦਿੱਤੇ ਜਾਂਦੀਆਂ ਹਨ। ਅਜਿਹਾ ਉਦੋਂ ਤੱਕ ਹੁੰਦਾ ਹੈ ਜਦੋਂ ਇਨਕਲਾਬ ਦੀ ਲਹਿਰ ‘ਤੇ ਉਲ਼ਟ ਇਨਕਲਾਬ ਦੀ ਲਹਿਰ ਹਾਵੀ ਹੁੰਦੀ ਹੈ, ਇਤਿਹਾਸਕ ਉੱਨਤੀ ਦੀਆਂ ਤਾਕਤਾਂ ‘ਤੇ ਖੜੋਤ ਅਤੇ ਪਿੱਛਲਮੋੜੇ ਦੀਆਂ ਤਾਕਤਾਂ ਹਾਵੀ ਹੁੰਦੀਆਂ ਹਨ। ਸਾਡਾ ਸਮਾਂ ਪਿੱਛਲਮੋੜੇ ਅਤੇ ਪਿਛਾਖੜ ਦਾ ਅਜਿਹਾ ਹੀ ਹਨ੍ਹੇਰਾ ਸਮਾਂ ਹੈ ਅਤੇ ਇਹ ਹਨ੍ਹੇਰਾ ਪਹਿਲਾਂ ਦੇ ਅਜਿਹੇ ਹੀ ਦੌਰਾਂ ਦੀ ਤੁਲਨਾ ਵਿੱਚ ਬਹੁਤ ਜਿਆਦਾ ਗਹਿਰਾ ਹੈ, ਕਿਉਂਕਿ ਇਹ ਕਿਰਤ ਅਤੇ ਪੂੰਜੀ ਵਿਚਲੇ ਸੰਸਾਰ ਇਤਿਹਾਸਕ ਮਹਾਂਯੁੱਧ ਦੇ ਦੋ ਗੇੜਾਂ ਵਿਚਲਾ ਅਜਿਹਾ ਸਮਾਂ ਹੈ, ਜਦੋਂ ਪਹਿਲਾ ਗੇੜ ਕਿਰਤ ਦੀਆਂ ਤਾਕਤਾਂ ਦੀ ਹਾਰ ਦੇ ਨਾਲ਼ ਖਤਮ ਹੋਇਆ ਹੈ ਅਤੇ ਦੂਜਾ ਗੇੜ ਅਜੇ ਸ਼ੁਰੂ ਨਹੀਂ ਹੋ ਸਕਿਆ ਹੈ। ਸੰਸਾਰ ਪੂੰਜੀਵਾਦ ਦੇ ਢਾਂਚਾਗਤ ਅਸਾਧ ਸੰਕਟ , ਉਸਦਾ ਘੋਰ ਪਰਜੀਵੀਪੁਣਾ, ਸਾਮਰਾਜਵਾਦੀ ਲੁਟੇਰਿਆਂ ਦਾ ਫਿਰ ਤੋਂ ਤਿੱਖਾ ਹੋ ਰਿਹਾ ਖਹਿ ਭੇੜ, ਪੂਰੀ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਸਾਮਰਾਜਵਾਦ ਦੀ ਬਰਬਰਤਾ ਅਤੇ ਪੂੰਜੀਵਾਦੀ ਲੁੱਟ-ਖਸੁੱਟ ਦੇ ਵਿਰੁੱਧ ਲੋਕਾਂ ਦੀ ਲਗਾਤਾਰ ਵਧਦੀ ਨਫ਼ਰਤ ਅਤੇ ਇਸ ਔਖੇ ਸਮੇਂ ਵਿੱਚ ਇਨਕਲਾਬੀ ਪ੍ਰੋਲੇਤਾਰੀ ਲੀਡਰਸਿਪ ਦੀ ਘਾਟ ਦੇ ਬਾਵਜੂਦ ਦੁਨੀਆਂ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਭੜਕਦੇ ਰਹਿਣ ਵਾਲ਼ੇ ਲੋਕ ਘੋਲ਼ਾਂ ਦਾ ਸਿਲਸਿਲਾ ਇਹ ਸਪੱਸ਼ਟ ਸੰਕੇਤ ਦੇ ਰਿਹਾ ਹੈ ਕਿ ਆਉਣ ਵਾਲ਼ੇ ਸਮੇਂ ਵਿੱਚ ਸੰਸਾਰ ਪੂੰਜੀਵਾਦ ਦੇ ਵਿਰੁੱਧ ਲੜਿਆ ਜਾਣ ਵਾਲ਼ਾ ਯੁੱਧ ਫੈਸਲਾਕੁਨ ਹੋਵੇਗਾ। ਕਿਰਤ ਅਤੇ ਪੂੰਜੀ ਵਿੱਚ ਸੰਸਾਰ ਇਤਿਹਾਸਕ ਮਹਾਂਯੁੱਧ ਦਾ ਅਗਲਾ ਗੇੜ ਫੈਸਲਾਕੁਨ ਹੋਵੇਗਾ ਕਿਉਂਕਿ ਆਪਣੀ ਜੜਤਾ ਦੀ ਸ਼ਕਤੀ ਨਾਲ਼ ਜਿਉਂਦੇ ਸੰਸਾਰ ਪੂੰਜੀਵਾਦ ਵਿੱਚ ਹੁਣ ਇਨੀ ਜੀਵਨ ਸ਼ਕਤੀ ਨਹੀਂ ਬਚੀ ਹੈ ਕਿ ਅਕਤੂਬਰ ਇਨਕਲਾਬ ਦੇ ਨਵੇਂ ਐਡੀਸ਼ਨਾਂ ਦੁਆਰਾ ਹਾਰ ਜਾਣ ਤੋਂ ਬਾਅਦ ਉਹ ਫਿਰ ਸੰਸਾਰ ਪੱਧਰ ‘ਤੇ ਉੱਠ ਖੜ੍ਹਾ ਹੋਵੇ ਅਤੇ ਦੁਨੀਆਂ ਨੂੰ ਸੰਸਾਰਵਿਆਪੀ ਪਿੱਛਲਮੋੜੇ ਦਾ ਇੱਕ ਹੋਰ ਦੌਰ ਦੇਖਣਾ ਪਵੇ। ਇੱਕੀਵੀਂ ਸਦੀ ਦੇ ਪ੍ਰੋਲੇਤਾਰੀ ਇਨਕਲਾਬਾਂ ਉੱਤੇ ਪੂੰਜੀਵਾਦ ਦੇ ਪੂਰੇ ਯੁੱਗ ਨੂੰ ਇਤਿਹਾਸ ਦੇ ਕੂੜੇਦਾਨ ਦੇ ਹਵਾਲੇ ਕਰਨ ਦੀ ਜਿੰਮੇਵਾਰੀ ਹੈ। ਨਾਲ਼ ਹੀ, ਇਹ ਇਨਕਲਾਬ ਕੇਵਲ ਪੰਜ ਸੌ ਸਾਲਾਂ ਦੀ ਉਮਰ ਵਾਲ਼ੇ ਪੂੰਜੀਵਾਦ ਦੇ ਵਿਰੁੱਧ ਹੀ ਨਹੀਂ, ਸਗੋਂ ਪੰਜ ਹਜ਼ਾਰ ਸਾਲਾਂ ਦੀ ਉਮਰ ਵਾਲ਼ੇ ਸਮੁੱਚੇ ਜਮਾਤੀ ਸਮਾਜ ਦੇ ਵਿਰੁੱਧ ਫੈਸਲਾਕੁਨ ਇਨਕਲਾਬ ਹੋਣਗੇ, ਕਿਉਂਕਿ ਪੂੰਜੀਵਾਦ ਤੋਂ ਬਾਅਦ ਮਨੁੱਖੀ ਸੱਭਿਅਤਾ ਦੇ ਅਗਲੇ ਯੁੱਗ ਕੇਵਲ ਸਮਾਜਵਾਦੀ ਸੰਕਰਮਣ ਅਤੇ ਕਮਿਊਨਿਜ਼ਮ ਦੇ ਯੁੱਗ ਹੀ ਹੋ ਸਕਦੇ ਹਨ¸ ਸਮਾਜ-ਵਿਕਾਸ ਦੀ ਗਤਿਕੀ ਦਾ ਇਤਿਹਾਸਕ-ਵਿਗਿਆਨਕ ਅਧਿਐਨ ਇਹੋ ਦਸਦਾ ਹੈ। 

ਇਸ ਲਈ, ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਭਾਵੀ ਇਨਕਲਾਬਾਂ ਨੂੰ ਰੋਕਣ ਲਈ ਸੰਸਾਰ ਪੂੰਜੀਵਾਦ ਅੱਜ ਆਪਣੀ ਸਾਰੀ ਆਤਮਿਕ-ਪਦਾਰਥਕ ਤਾਕਤ ਦੀ ਵਿਆਪਕਤਮ, ਸੂਖਮਤਮ ਅਤੇ ਕੁਸ਼ਲਤਮ ਵਰਤੋਂ ਕਰ ਰਿਹਾ ਹੈ। ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਸੰਸਾਰ ਇਤਿਹਾਸਕ ਮਹਾਂਯੁੱਧ ਦੇ ਫੈਸਲਾਕੁਨ ਚੱਕਰ ਦੇ ਪਹਿਲੇ, ਪ੍ਰਤੀਕਿਰਿਆ ਅਤੇ ਪਿੱਛਲਮੋੜੇ ਦਾ ਹਨ੍ਹੇਰਾ ਇਨਾਂ ਗਹਿਰਾ ਹੈ ਅਤੇ ਖੜੋਤ ਦਾ ਇਹ ਸਮਾਂ ਵੀ ਪਹਿਲਾਂ ਦੇ ਅਜਿਹੇ ਸਮਿਆਂ ਦੇ ਮੁਕਬਾਲੇ ਬਹੁਤ ਜਿਆਦਾ ਲੰਬਾ ਹੈ। ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਪੂਰੀ ਦੁਨੀਆਂ ਵਿੱਚ ਨਵੇਂ ਪ੍ਰੋਲੇਤਾਰੀ ਇਨਕਲਾਬਾਂ ਦੀਆਂ ਹਿਰਾਵਲ ਤਾਕਤਾਂ ਅਜੇ ਵੀ ਖੜੋਤ ਅਤੇ ਖਿੰਡਾਅ ਦਾ ਸ਼ਿਕਾਰ ਹਨ। ਇਹ ਸਭ ਕੁੱਝ ਇਸ ਲਈ ਹੈ ਕਿ ਅਸੀਂ ਯੁੱਗ-ਪਰਿਵਰਤਨ ਦੇ ਹੁਣ ਤੱਕ ਦੇ ਸਭ ਤੋਂ ਪ੍ਰਚੰਡ ਵੇਗਮਈ ਸਮੇਂ ਦੇ ਪਹੁ-ਫਟਾਲੇ ਵਿੱਚ ਜਿਉਂ ਰਹੇ ਹਾਂ। 

ਇਹ ਇੱਕ ਅਜਿਹਾ ਸਮਾਂ ਹੈ ਜਦੋਂ ਇਤਿਹਾਸ ਦਾ ਏਜੰਡਾ ਤੈਅ ਕਰਨ ਦੀ ਤਾਕਤ ਹਾਕਮ ਜਮਾਤਾਂ ਦੇ ਹੱਥਾਂ ਵਿੱਚ ਹੈ। ਕੱਲ ਇਤਿਹਾਸ ਦੇ ਏਜੰਡਾ ਤੈਅ ਕਰਨ ਦੀ ਕਮਾਨ ਪ੍ਰੋਲੇਤਾਰੀ ਜਮਾਤ ਦੇ ਹੱਥਾਂ ਵਿੱਚ ਹੋਵੇਗੀ। ਇਹ ਇੱਕ ਅਜਿਹਾ ਸਮਾਂ ਹੈ ਜਦੋਂ ਸਦੀਆਂ ਦੇ ਸਮੇਂ ਵਿੱਚ ਕੁੱਝ ਦਿਨਾਂ ਦੇ ਕੰਮ ਪੂਰੇ ਹੁੰਦੇ ਹਨ, ਯਾਣੀ ਇਤਿਹਾਸ ਦੀ ਗਤੀ ਇਨੀ ਸੁਸਤ ਹੁੰਦੀ ਹੈ ਕਿ ਗਤੀਹੀਣਤਾ ਦਾ ਭਰਮ ਹੁੰਦਾ ਹੈ। ਪਰ ਇਸਤੋਂ ਬਾਅਦ ਇੱਕ ਅਜਿਹਾ ਸਮਾਂ ਆਉਣਾ ਹੀ ਹੈ ਜਦੋਂ ਸਦੀਆਂ ਦੇ ਕੰਮ ਕੁੱਝ ਦਿਨਾਂ ਵਿੱਚ ਪੂਰੇ ਕੀਤੇ ਜਾਣਗੇ। 

ਪਰ ਖੜੋਤ ਦੇ ਇਸ ਦੌਰ ਦੀਆਂ ਸੱਚਾਈਆਂ ਨੂੰ ਸਮਝਣ ਦਾ ਇਹ ਮਤਲਬ ਨਹੀਂ ਕਿ ਅਸੀਂ ਇਤਮੀਨਾਨ ਅਤੇ ਅਰਾਮ ਨਾਲ਼ ਕੰਮ ਕਰੀਏ। ਸਾਨੂੰ ਲਗਾਤਾਰ ਬੇਚੈਨ ਆਤਮਾ ਨਾਲ਼ ਕੰਮ ਕਰਨਾ ਹੋਵੇਗਾ, ਜਾਨ ਲੜਾਕੇ ਕੰਮ ਕਰਨਾ ਹੋਵੇਗਾ। ਕੇਵਲ ਬਾਹਰੀ ਹਾਲਤਾਂ ਤੋਂ ਪ੍ਰਭਾਵਿਤ ਹੋਣਾ ਇਨਕਲਾਬੀਆਂ ਦੀ ਫਿਤਰਤ ਨਹੀਂ ਉਹ ਅੰਤਰਮੁਖੀ ਫੈਕਟਰਾਂ ਨਾਲ਼ ਬਾਹਰਮੁਖੀ ਸੀਮਾਵਾਂ ਨੂੰ ਸੁਗੇਂੜਨ ਤੋੜਨ ਦੇ ਉਦਮ ਨੂੰ  ਕਦੇ ਵੀ ਨਹੀਂ ਛੱਡਦੇ। ਆਪਣੀ ਘੱਟ ਤਾਕਤ ਨੂੰ ਹਮੇਸ਼ਾਂ ਘੱਟ ਕਰਕੇ ਹੀ ਅੰਗਣਾ ਨਹੀਂ ਚਾਹੀਦਾ। ਬੀਤੇ ਦੇ ਇਨਕਲਾਬ ਦਸਦੇ ਹਨ ਕਿ ਇੱਕ ਵਾਰ ਜੇ ਸਹੀ ਰਾਜਨੀਤਕ ਲਾਈਨ ਦੇ ਨਤੀਜੇ ਤੱਕ ਪਹੁੰਚ ਜਾਇਆ ਜਾਵੇ ਅਤੇ ਸਹੀ ਜਥੇਬੰਦਕ ਲਾਈਨ ਦੇ ਅਧਾਰ ‘ਤੇ ਜਥੇਬੰਦਕ ਕੰਮ ਕਰਕੇ ਉਸ ਰਾਜਨੀਤਕ ਲਾਈਨ ਨੂੰ ਅਮਲ ਵਿੱਚ ਲਿਆਉਣ ਵਾਲ਼ੀਆਂ ਇਨਕਲਾਬੀ ਸਫਾਂ ਦੀ ਤਾਕਤ ਨੂੰ ਲਾਮਬੱਧ ਕਰ ਦਿੱਤਾ ਜਾਵੇ ਤਾਂ ਬਹੁਤ ਘੱਟ ਸਮੇਂ ਵਿੱਚ ਹਾਲਾਤ ਨੂੰ ਉਲ਼ਟ-ਪਲ਼ਟ ਕੇ ਚਮਤਕਾਰੀ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ। ਅਸੀਂ ਧਾਰਾ ਦੇ ਇੱਕਦਮ ਉਲ਼ਟ ਤੈਰਨਾ ਹੈ। ਇਸ ਲਈ, ਸਾਨੂੰ ਵਿਚਾਰਧਾਰਾ ‘ਤੇ ਅਡਿੱਗ ਰਹਿਣਾ ਹੋਵੇਗਾ, ਨਵੇਂ ਪ੍ਰਯੋਗਾਂ ਦੇ ਵਿਗਿਆਨਕ ਸਾਹਸ ਵਿੱਚ ਰੱਤੀ ਭਰ ਕਮੀ ਨਹੀਂ ਆਉਣ ਦੇਣੀ ਹੋਵੇਗੀ, ਜੀ ਜਾਨ ਨਾਲ਼ ਜੁਟ ਕੇ ਪਾਰਟੀ ਉਸਾਰੀ ਦੇ ਕੰਮ ਨੂੰ ਅੰਜਾਮ ਦੇਣਾ ਅਤੇ ਸਾਲਾਂ ਦੇ ਕੰਮ ਨੂੰ ਕੁੱਝ ਦਿਨਾਂ ਵਿੱਚ ਪੂਰਾ ਕਰਨ ਦਾ ਜਜਬਾ, ਹਰ ਹਾਲ ਵਿੱਚ ਔਖੇ ਤੋਂ ਔਖੇ ਹਾਲਾਤਾਂ ਵਿੱਚ ਵੀ ਬਣਾਈ ਰੱਖਣਾ ਹੋਵੇਗਾ।

“ਪ੍ਰਤੀਬੱਧ”, ਅੰਕ 06, ਅਪ੍ਰੈਲ-ਜੂਨ 2007 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s