ਇੱਕੀਵੀਂ ਸਦੀ ਵਿੱਚ ਬਾਲਜ਼ਾਕ –ਕਾਤਆਇਨੀ, ਸੱਤਅਮ

balzac

(ਪੀ.ਡੀ.ਐਫ਼ ਡਾਊਨਲੋਡ ਕਰੋ)

 ਵੀਹਵੀਂ ਸਦੀ ਦੇ ਆਰੰਭ ਵਿੱਚ, ਸਾਹਿਤ ਦੇ ਚੇਤਨ ਯੂਰਪੀ ਪਾਠਕਾਂ ਵਿੱਚ ਇਹ ਮਾਨਤਾ ਕਾਫੀ ਪ੍ਰਚੱਲਤ ਸੀ ਕਿ ਸੰਸਾਰ ਦਾ ਮਹਾਨਤਮ ਨਾਵਲ ‘ਯੁੱਧ ਅਤੇ ਸ਼ਾਂਤੀ’ ਅਤੇ ਮਹਾਨਤਮ ਨਾਵਲਕਾਰ ਬਾਲਜਾਕ ਹੈ?

ਅੱਜ ਇੱਕ ਸਦੀ ਬਾਅਦ ਵੀ, ਸੰਸਾਰ-ਸਾਹਿਤ ਦੇ ਅਧਿਐਨ ਕਰਤਿਆਂ ਦੀ ਬਹੁਗਿਣਤੀ ਉਪਰੋਕਤ ਧਾਰਨਾ ਨਾਲ ਸਹਿਮਤ ਮਿਲੇਗੀ। ਪਿਛਲੇ ਡੇਢ ਸੌ ਸਾਲਾਂ ਦੌਰਾਨ ਦੁਨੀਆਂ ਦੇ ਪੰਜ ਸਰਵਕਾਲਿਕ ਮਹਾਨਤਮ ਨਾਵਲਕਾਰਾਂ ਦੀ ਸੂਚੀ ਜਦ ਕਦੇ ਵੀ ਬਣਾਈ ਜਾਂਦੀ ਤਾਂ ਉਸ ‘ਚ ਬਾਲਜ਼ਾਕ ਦਾ ਨਾਮ ਸ਼ਾਇਦ ਸਭ ਤੋਂ ਨਿਰਵਿਵਾਦ ਅਤੇ ਸੁਰੱਖਿਅਤ ਹੁੰਦਾ। ਪਿਛਲੇ ਚਾਰ ਸੌ ਸਾਲਾਂ ਦੇ ਵਿਸਤ੍ਰਿਤ ਸੰਸਾਰ-ਇਤਿਹਾਸਕ ਦੌਰ ਨੂੰ ਸਾਹਮਣੇ ਰੱਖਕੇ ਜੇਕਰ ਨਾਵਲ ਵਿਧਾ ‘ਤੇ ਕੇਂਦਰਤ ਕਰੀਏ ਤਾਂ ਰਾਬੇਲੇ, ਸਰਵਾਂਤੇਸ, ਡੇਫੋ ਫੀਲਡਿੰਗ, ਸਟਰਨ, ਦਿਦੇਰੋ, ਵਾਲਟਰ ਸਕਾਟ, ਸਟੇਂਡਾਲ, ਤੁਰਗਨੇਵ, ਤਾਲਸਤਾਏ, ਅਨਾਤੋਲ ਫਰਾਂਸ, ਦੋਸਤੋਵਸਕੀ, ਡਿਕਨਜ਼, ਥੈਕਰੇ, ਥਾਮਸ ਹਾਰਡੀ, ਫਲਾਵੇਅਰ, ਜੋਲਾ, ਥਾਮਸ ਮਾਨ, ਅਪਟਨ ਸਿੰਕਲੇਅਰ, ਜੈਕ ਲੰਡਨ, ਗੋਰਕੀ, ਫੇਦਏਵੇ, ਸ਼ੋਲੋਖੋਵ, ਹੈਮਿੰਗਵੇ, ਫਾਕਨਰ, ਗ੍ਰਾਹਮ ਗ੍ਰੀਨ, ਗੋਬਰੀਅਲ ਗਾਰਸਿਆ ਮਾਰਖੇਜ਼ ਆਦਿ-ਆਦਿ ਨਾਲ ਨਵੇਂ ਵੱਖ-ਵੱਖ ਰੌਸ਼ਨ ਤਾਰਿਆਂ ਦੇ ਝੁੰਡਾਂ ਵਿਚਕਾਰ ਬਾਲਜ਼ਾਕ ਦਾ ਨਾਂ ਧਰੂਤਾਰੇ ਦੀ ਤਰਾਂ ਅਲਗ ਚਮਕਦਾ ਹੋਇਆ ਦਿਖਾਈ ਦਿੰਦਾ ਹੈ।²

ਉਨੀਵੀਂ ਸਦੀ ਦੇ ਫਰਾਂਸ ਵਿੱਚ ਯਥਾਰਥਵਾਦ ਦੇ ਜਨਮ ਅਤੇ ਵਿਕਾਸ ਦੇ ਇਤਿਹਾਸ ਦਾ ਪਹਿਲਾ ਪਾਠ ਅਸਲ ਵਿੱਚ ਬਾਲਜ਼ਾਕ ਦੀ ਰਚਨਾਤਮਕ ਸਿਰਜਣਾ ਦਾ ਪੂਰਾ ਦੌਰ ਹੈ। ਉਨੀਵੀਂ ਸਦੀ ਵਿੱਚ ਯੂਰਪ ਦੇ ਯਥਾਰਥਵਾਦੀ ਲੇਖਕਾਂ ਦੀਆਂ ਬਾਅਦ ਦੀਆਂ ਪੀੜ੍ਹੀਆਂ ਦੇ ਆਮ ਤੌਰ ‘ਤੇ ਸਾਰੇ ਵੱਡੇ ਨਾਵਾਂ ‘ਤੇ ਬਾਲਜ਼ਾਕ ਨੇ ਗਹਿਰਾ ਪ੍ਰਭਾਵ ਛੱਡਿਆ। ਇਨ੍ਹਾਂ ‘ਚ ਫਲਾਵੇਅਰ ਤੋਂ ਲੈ ਕੇ ਤਾਲਸਤਾਏ ਤੱਕ ਸ਼ਾਮਲ ਸਨ। ਵੀਹਵੀਂ ਸਦੀ ਵਿੱਚ ਗੋਰਕੀ ਅਤੇ ਸ਼ੋਲੋਖੋਵ ਤੋਂ ਲੈ ਕੇ ਲੂ ਸ਼ੁਨ ਅਤੇ ਪ੍ਰੇਮਚੰਦ ਤੱਕ ਜ਼ਿਆਦਾਤਰ ਮਹਾਨ ਲੇਖਕਾਂ ਨੇ ਨਾਵਲਕਾਰ ਦੇ ਰੂਪ ਵਿੱਚ ਬਾਲਜ਼ਾਕ ਦੀ ਸਰਵਕਾਲਿਕ ਮਹਾਨਤਾ ਨੂੰ ਪ੍ਰਵਾਨ ਕੀਤਾ ਹੈ ਅਤੇ ਉਨ੍ਹਾਂ ਨੂੰ ਯਥਾਰਥਵਾਦ ਦਾ ਆਲ੍ਹਾ ਉਸਤਾਦ ਦੱਸਿਆ ਹੈ। ਮਾਰਕਸਵਾਦੀ ਸਿਧਾਂਤਕਾਰ ਸਮਾਲੋਚਕ ਜਾਰਜ ਲੂਕਾਚ, ਬਾਲਜ਼ਾਕ, ਸਟੈਂਡਾਲ ਅਤੇ ਤਾਲਸਤਾਏ ਦੀਆਂ ਰਚਨਾਵਾਂ ਵਿੱਚ ਹੀ ਆਲੋਚਨਾਤਮਕ ਯਥਾਰਥਵਾਦ ਦੀ ਵਿਆਪਕਤਾ ਅਤੇ ਗਮਹਿਰਾਈ ਸਭ ਤੋਂ ਵੱਧ ਮੰਨਦੇ ਹਨ।

ਇਹ ਆਮ ਜਾਣਿਆ ਜਾਂਦਾ ਤੱਥ ਉਮੀਦੋਂ ਬਾਹਰਾ ਜਾਂ ਅਣਕਿਆਸਿਆ ਜ਼ਰਾ ਵੀ ਨਹੀਂ ਲੱਗਦਾ ਕਿ ਵਿਗਿਆਨਕ ਸਮਾਜਵਾਦ ਦੇ ਬਾਨੀ ਕਾਰਲ ਮਾਰਕਸ ਸਰਵਾਂਤੇਸ ਅਤੇ ਬਾਲਜ਼ਾਕ ਨੂੰ ਅਨੇਕ ਹੋਰ ਨਾਵਲਕਾਰਾਂ ਤੋਂ ਉੱਪਰ ਰੱਖਦੇ ਸਨ ਅਤੇ ਉਨ੍ਹਾਂ ਦੇ ਗੂੜ੍ਹੇ ਮਿੱਤਰ ਅਤੇ ਸਹਿਚਿੰਤਕ ਫਰੈਡਰਿਕ ਏਂਗਲਜ਼ ਵੀ ਉਨ੍ਹਾਂ ਦੇ ਇਨ੍ਹਾਂ ਵਿਚਾਰਾਂ ਨਾਲ ਪੂਰੀ ਤਰਾਂ ਸਹਿਮਤ ਸਨ।

ਫਰਾਂਸੀਸੀ ਮਜ਼ਦੂਰ ਅੰਦੋਲਨ ਦੇ ਪ੍ਰਸਿੱਧ ਨੇਤਾ ਤੇ ਮਾਰਕਸ ਦੇ ਸ਼ਗਿਰਦ ਅਤੇ ਜਵਾਈ ਪਾਲ ਲਫਾਰਗ ਨੇ ਆਪਣੀ ਇੱਕ ਯਾਦ ਵਿੱਚ ਲਿਖਿਆ ਹੈ;”ਉਹ (ਕਾਰਲ ਮਾਰਕਸ) ਬਾਲਜ਼ਾਕ ਦੇ ਇੰਨੇ ਪ੍ਰਸ਼ੰਸਕ ਸਨ ਕਿ ਰਾਜਨੀਤਿਕ ਅਰਥ ਸ਼ਾਸਤਰ ਤੇ ਆਪਣੀ ਪੁਸਤਕ ਦਾ ਲੇਖਣ ਕਾਰਜ ਖ਼ਤਮ ਕਰਦੇ ਹੀ ਉਹ ਉਨ੍ਹਾਂ ਦੀ ਮਹਾਨ ਰਚਨਾ ਲੜੀ ‘ਹਿਊਮਨ ਕਮੇਡੀ’ ( La Comedie Humaine) ਦੀ ਸਮੀਖਿਆ ਲਿਖਣਾ ਚਾਹੁੰਦੇ ਸਨ। ਉਹ ਬਾਲਜ਼ਾਕ ਨੂੰ ਆਪਣੇ ਯੁੱਗ ਦਾ ਇਤਿਹਾਸਕਾਰ ਹੀ ਨਹੀਂ ਮੰਨਦੇ ਸਨ ਸਗੋਂ ਅਜਿਹੇ ਪੂਰਵਕਲਪਿਤ ਪਾਤਰਾਂ ਨੂੰ ਜਨਮ ਦੇਣ ਵਾਲਾ ਵੀ ਮੰਨਦੇ ਸਨ ਜੋ ਹਾਲੇ ਲੂਈ ਫਿਲਿਪ ਦੇ ਜ਼ਮਾਨੇ ਵਿੱਚ ਭਰੂਣ ਅਵਸਥਾ ਵਿੱਚ ਸਨ ਅਤੇ ਜੋ ਬਾਲਜ਼ਾਕ ਦੀ ਮੌਤ ਤੋਂ ਬਾਅਦ, ਨੈਪੋਲੀਅਨ ਤੀਜੇ ਦੇ ਸਮੇਂ ਵਿੱਚ ਹੀ ਪੂਰਨ ਰੂਪ ‘ਚ ਵਿਕਸਿਤ ਹੋਏ।”

ਬਾਲਜ਼ਾਕ ਨੇ ਆਪਣੇ ਨਾਵਲਾਂ-ਨਾਵਲਿਟਾਂ ਦੀ ਲੜੀ ‘ਹਿਊਮਨ ਕਮੇਡੀ’ ਨੂੰ ਉਨੀਵੀਂ ਸਦੀ ਦੀ ਜੀਵਨ ਜਾਚ ਦਾ ਅਧਿਐਨ ਦੱਸਿਆ ਸੀ ਇਹ ਪੂੰਜੀਵਾਦੀ ਸਮਾਜਿਕ ਆਰਥਿਕ ਸੰਰਚਨਾ ਅਤੇ ਉਸਦੇ ਰਾਜਨੀਤਿਕ ਸੱਭਿਆਚਾਰਕ ਉੱਚ ਉਸਾਰ ਦੇ ਨਿਰਮਾਣ ਦਾ ਸ਼ੁਰੂਆਤੀ ਦੌਰ ਸੀ ਮਾਰਕਸ ਅਤੇ ਏਂਗਲਜ਼ ਆਪਣੇ ਮਿੱਤਰਾਂ ਨੂੰ ਆਮ ਕਰਕੇ ਸਲਾਹ ਦਿਆ ਕਰਦੇ ਸਨ ਕਿ ਉਹ ਫਰਾਂਸ ਵਿੱਚ ਪੂੰਜੀਵਾਦ ਦੇ ਉਦੈ ਨੂੰ ਜਾਣਨ-ਸਮਝਣ ਲਈ ਆਰਥਿਕ ਇਤਿਹਾਸਕਾਰਾਂ ਦੇ ਅਕਾਊ ਵੇਰਵਿਆਂ ਦੀ ਬਜਾਇ ਬਾਲਜ਼ਾਕ ਦੇ ਨਾਵਲ ਪੜ੍ਹਨ। ਕਦੇ-ਕਦੇ ਦੇਖਕੇ ਹੈਰਾਨੀ ਹੁੰਦੀ ਹੈ ਕਿ ਪਿਛਲੀ ਅੱਧੀ ਸਦੀ ਦੀ ਕ੍ਰਮਵਾਰ ਪੂੰਜੀਵਾਦੀ ਵਿਕਾਸ ਪ੍ਰਕਿਰਿਆ ਨੇ ਸਾਡੇ ਦੇਸ਼ ਵਿੱਚ ਵੀ ਚਰਿੱਤਰਾਂ-ਸੰਸਥਾਵਾਂ ਦੀਆਂ ਜਿਨ੍ਹਾਂ ‘ਟਾਈਪਾਂ’ ਦਾ ਅਤੇ ਬਜ਼ਾਰ ਅਰਥਚਾਰੇ ਦੇ ਜਿਸ ਮਨੁੱਖ ਦੋਖੀ ਸੱਭਿਆਚਾਰ ਦਾ ਵਿਕਾਸ ਕੀਤਾ ਹੈ, ਉਸ ਨੂੰ ਸਮਝਣ ਵਿੱਚ ਬਾਲਜ਼ਾਕ ਤੋਂ ਕਿੰਨੀ ਜ਼ਿਆਦਾ ਮਦਦ ਮਿਲਦੀ ਹੈ। ਭਾਵੇਂ ਉੱਤਰ ਬਸਤੀਵਾਦੀ ਸਮਾਜ, ਸਾਮਰਾਜਵਾਦੀ ਸੰਸਾਰ ਇਤਿਹਾਸਕ ਪਿੱਠਭੂਮੀ ਅਤੇ ਭਾਰਤੀ ਪੂੰਜੀਵਾਦੀ ਵਿਕਾਸ ਦੀਆਂ ਆਪਣੀਆਂ ਕਈ ਵਿਸ਼ਿਸ਼ਟਤਾਵਾਂ ਅਤੇ ਭਿੰਨਤਾਵਾਂ ਹਨ। (ਅਤੇ ਇਸ ਰੂਪ ਵਿੱਚ ਹਰ ਇਤਿਹਾਸਕ ਤੁਲਨਾ ਅੰਸ਼ਿਕ-ਅਧੂਰੀ ਹੀ ਹੁੰਦੀ ਹੈ) ਫਿਰ ਵੀ ਅਰਥ ਸ਼ਾਸ਼ਤਰੀ ਗਿਰੀਸ਼ ਮਿਸ਼ਰ (ਬਾਲਜ਼ਾਕ¸ਮਿਹਰ ਆਫ ਇਮਰਜਿੰਗ ਮਾਡਰਨ ਕੈਪੀਟੈਲਿਜ਼ਮ’ ਦੇ ਲੇਖਕ) ਦੇ ਇਸ ਵਿਚਾਰ ਨਾਲ ਸਹਿਮਤੀ ਦੇ ਕਾਫੀ ਅਧਾਰ ਹਨ ਕਿ ”ਅੱਜ ਭਾਰਤ ਵਿੱਚ ਜੋ ਕੁੱਝ ਹੋ ਰਿਹਾ ਹੈ ਉਸਨੂੰ ਸਮਝਣ ਬੁੱਝਣ ਵਿੱਚ ਬਾਲਜ਼ਾਕ ਜਿੰਨੇ ਸਹਾਇਕ ਹੋ ਸਕਦੇ ਹਨ ਉਨਾਂ ਸਾਡੇ ਇਥੋਂ ਦੇ ਵੱਡੇ-ਵੱਡੇ ਵਿਦਵਾਨਾਂ ਅਤੇ ਚਿੰਤਕਾਂ ਦੇ ਗ੍ਰੰਥ ਅਤੇ ਖੋਜ ਨਿਬੰਧ ਨਹੀਂ, ਕਿਉਂਕਿ ਬਾਲਜ਼ਾਕ ਕੋਲ ਜੋ ਭਰਵੀਂ ਸੰਸਾਰ ਦ੍ਰਿਸ਼ਟੀ, ਵਿਸ਼ਲੇਸ਼ਣਾਤਮਕ ਮਹਾਰਤ ਅਤੇ ਤੱਥਾਂ ਨੂੰ ਪਰਖਣ ਅਤੇ ਵੱਖ-ਵੱਖ ਪੱਖਾਂ ਦੇ ਅੰਤਰ ਸਬੰਧਾਂ ਦੀ ਤਹਿ ਤੱਕ ਜਾਣ ਦੀ ਜੋ ਕਲਾ ਹੈ ਉਹ ਹੋਰ ਕਿਧਰੇ ਨਹੀਂ ਦਿਸਦੀ।”

‘ਹਿਊਮਨ ਕਮੇਡੀ’ ਅਤੇ ਉਸਦੇ ਸਿਰਜਕ ਦੇ ਜੀਵਨ ਦੀ ਮਹਾਂਕਾਵਿਆਤਮਕ ਤ੍ਰਾਸਦੀ

ਬਾਲਜ਼ਾਕ ਦੇ ਜਨਮ ਤੋਂ ਦਸ ਸਾਲ ਪਹਿਲਾਂ, 1789 ਵਿੱਚ ਮਹਾਨ ਫਰਾਂਸੀਸੀ ਇਨਕਲਾਬ ਜਗੀਰੂ ਸੱਤ੍ਹਾ ਅਤੇ ਸਮਾਜਿਕ-ਆਰਥਿਕ ਢਾਂਚੇ ਨੂੰ ਧੂੜ ਵਿੱਚ ਮਿਲਾ ਚੁੱਕਾ ਸੀ। ” ਕੂਲੀਨਾਂ (Elites) ਨੂੰ ਇਨਸਾਨੀ ਦਰਜੇ ਤੱਕ ਉੱਚਾ ਉਠਾਇਆ ਜਾ ਚੁੱਕਾ ਸੀ।” ਪਰੰਤੂ ਪੁਰਾਣੇ ਢਾਂਚੇ ਦੀ ਥਾਂ ਪੂਰਨ ਲਈ ਨਵਾਂ ਪੂੰਜੀਵਾਦੀ ਪ੍ਰਬੰਧ ਅਜੇ ਨਿਸ਼ਚਿਤ ਸ਼ਕਲ ਨਹੀਂ ਲੈ ਸਕਿਆ ਸੀ। ਨਵੀਂ ਹੁਕਮਰਾਨ ਬੁਰਜ਼ੂਆਜ਼ੀ ਦਸ ਸਾਲਾਂ ਤੱਕ ਜਗੀਰੂ ਮੁੜ ਬਹਾਲੀ ਦੀਆਂ ਕੋਸ਼ਿਸ਼ਾਂ ਨਾਲ, ਅਤੇ ਉਸਤੋਂ ਵੱਧ ਲੋਕ ਇਨਕਲਾਬ ਦੀ ਮੁੱਖ ਤਾਕਤ ਆਮ ਕਿਰਤੀ ਲੋਕਾਂ ਦੀਆਂ ਨੁਮਾਇੰਦਾਂ ਤਾਕਤਾਂ ਨਾਲ ਨਿਬੜਦੀ ਰਹੀ ਜੋ ਇਨਕਲਾਬ ਨੂੰ ਅੱਗੇ ਲੈ ਜਾਣਾ ਚਾਹੁੰਦੇ ਸਨ ਅਤੇ ਪ੍ਰਬੋਧਨ ਦੇ ਦੌਰ ਦੇ ਫਲਾਸਫਰਾਂ ਦੇ ਆਦਰਸ਼ਾਂ ਨੂੰ ਅਸਲ ਵਿੱਚ ਯਥਾਰਥ ਵਿੱਚ ਰੂਪਾਂਤਰਿਤ ਕਰਨਾ ਚਾਹੁੰਦੇ ਸਨ। ਇਹ ਗੁੰਝਲਦਾਰ ਜਮਾਤੀ ਸੰਘਰਸ਼ ਅਤੇ ਭਿਆਨਕ ਸਮਾਜਿਕ ਉੱਥਲ-ਪੁੱਥਲ ਦਾ ਤਰਲ ਦ੍ਰਿਸ਼ ਸੀ। ਕਿਹਾ ਜਾ ਸਕਦਾ ਹੈ ਕਿ 1799 ਵਿੱਚ ਨੈਪੋਲੀਅਨ ਦੇ ਸੱਤ੍ਹਾ ‘ਤੇ ਕਾਬਜ਼ ਹੋਣ ਪਿੱਛੋਂ ਹੀ, ਨਵੀਂ ਪੂੰਜੀਵਾਦੀ ਸਮਾਜਿਕ ਆਰਥਿਕ ਸੰਰਚਨਾ ਅਤੇ ਰਾਜਨੀਤਿਕ ਢਾਂਚੇ ਦੇ ਨਿਰਮਾਣ ਦਾ ਕੰਮ ਤਰਤੀਬਬੱਧ ਰੂਪ ‘ਚ ਇਜੰਡੇ ‘ਤੇ ਆਇਆ। ਇਹ ਇੱਕ ਸੰਯੋਗ ਹੀ ਸੀ ਕਿ ਇਸ ਸਾਲ ਮਈ ‘ਚ, ਤੂਰ ਵਿੱਚ ‘ਉਨੋਰੇ ਦ ਬਾਲਜ਼ਾਕ’ ਦਾ ਜਨਮ ਹੋਇਆ।

ਫਰਾਂਸੀਸੀ ਇਨਕਲਾਬ ਅਤੇ ਉਤਰਵਰਤੀ ਦਹਾਕੇ ਦੀ ਉੱਥਲ-ਪੁੱਥਲ ਦੌਰਾਨ ਬਾਲਜ਼ਾਕ ਦਾ ਪਰਿਵਾਰ ਕਿਸਾਨ ਤੋਂ ਸ਼ਹਿਰੀ ਮੱਧ ਵਰਗ ਬਣ ਗਿਆ। ਬਾਲਜ਼ਾਕ ਦੀ ਸਿੱਖਿਆ ਪੈਰਿਸ ਵਿੱਚ ਕਾਲਜ ‘ਦ ਵਾਂਦੋਰਾਂ’ ਵਿੱਚ ਅਤੇ ਪੈਰਿਸ ਲਾਅ ਸਕੂਲ ਵਿੱਚ ਹੋਈ। ਇਹਦੇ ਨਾਲ ਹੀ ਉਹ ਨੋਟਰੀ ਦਫ਼ਤਰ ਵਿੱਚ ਪ੍ਰੈਕਿਟਸ ਵੀ ਕਰਦੇ ਰਹੇ। ਅੱਗੇ ਚਲ ਕੇ ਪੈਰਿਸ ਦੇ ਸ਼ਹਿਰੀ ਜੀਵਨ ਦੇ ਆਪਣੇ ਇਹਨਾਂ ਅਨੁਭਵਾਂ ਦਾ ਇਸਤੇਮਾਲ ਬਾਲਜ਼ਾਕ ਨੇ ਆਪਣੇ ਪ੍ਰਸਿੱਧ ਨਾਵਲ ‘ਓਲਡ ਗੋਰਿਓ’ ਵਿੱਚ ਕੀਤਾ। ਜਵਾਨੀ ਵਿੱਚ ਬਾਲਜ਼ਾਕ ਦਾ ਰੁਝਾਨ ਫਿਲਾਸਫੀ ਵੱਲ ਸੀ। ਫਰਾਂਸੀਸੀ ਪ੍ਰਬੋਧਨ ਕਾਲੀਨ ਫਲਾਸਫਰਾਂ ਦੇ ਪ੍ਰਭਾਵ ਵਿੱਚ ਉਹ ‘ਫਿਲਾਸਫਰ’ ਅਤੇ ‘ਕਲਾਕਰ’ ਦੀਆਂ ਧਾਰਨਾਵਾਂ ਨੂੰ ਅਨਿੱਖੜ ਮੰਨਦੇ ਸਨ ਅਤੇ ਇਸ ਕਰਕੇ ਉਨ੍ਹਾਂ ਨੇ ਆਪਣੇ ਲਈ ਲੇਖਕ ਦਾ ਕੈਰੀਅਰ ਚੁਣਿਆ।

1822-25 ਦੌਰਾਨ ਬਾਲਜ਼ਾਕ ਨੇ ਜਾਂ-ਲੂਈ ਅਤੇ ਹੋਰ ਵੱਖ-ਵੱਖ ਨਕਲੀ ਨਾਵਾਂ ਨਾਲ ਆਪਣੇ ਅੱਠ ਨਾਵਲ ਪ੍ਰਕਾਸ਼ਿਤ ਕਰਵਾਏ। ਪਰ ਇਹ ਸਭ ਅਸਫ਼ਲ ਰਹੇ। ਨਿਰਾਸ਼ ਬਾਲਜ਼ਾਕ ਇੱਕ ਟਾਇਪ ਫਾਉਂਡਰੀ ਅਤੇ ਪ੍ਰੈਸ ਵਿੱਚ ਹਿੱਸੇਦਾਰ ਬਣ ਗਏ, ਪਰ ਕਿੱਤਾ ਕੌਸ਼ਲਤਾ ਦੀ ਕਮੀ ਕਾਰਨ ਇੱਥੇ ਵੀ ਉਹ ਅਸਫ਼ਲ ਰਹੇ। ਤੀਹ ਸਾਲਾਂ ਦੀ ਉਮਰ ਵਿੱਚ ਕਿੱਤੇ ਤੋਂ ਵੱਖ ਹੁੰਦੇ ਸਮੇਂ ਉਹ ਕਰਜ਼ ਦੇ ਭਾਰੀ ਬੋਝ ਨਾਲ ਲੱਦੇ ਹੋਏ ਸਨ, ਜਿਸਨੂੰ ਉਤਾਰਨਾ ਕਦੇ ਵੀ ਸੰਭਵ ਨਹੀਂ ਹੋ ਸਕਿਆ ਫਿਰ ਵੀ, ਅਨੁਭਵਾਂ ਨੇ ਉਦਯੋਗ, ਵਣਜ ਅਤੇ ਵਿੱਤ ਦੀ ਦੁਨੀਆਂ ਦੀਆਂ ਜਿਨ੍ਹਾਂ ਤਫਸੀਲਾਂ ਨਾਲ ਬਾਲਜ਼ਾਕ ਨੂੰ ਜਾਣੂ ਕਰਾਇਆ, ਉਸ ਦੀ ਵਰਤੋਂ ਅੱਗੇ ਚੱਲ ਕੇ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿੱਚ ਕੀਤੀ। ਇਹਨਾਂ ਅਨੁਭਵਾਂ ਨੇ ਬੁਰਜੂਆ ਸਮਾਜ ਦੀ ਸੰਰਚਨਾ, ਕਾਰਜ ਪ੍ਰਣਾਲੀ ਅਤੇ ਵੱਖ-ਵੱਖ ਜਮਾਤਾਂ ਦੇ ਸੁਭਾਅ ਅਤੇ ਵਿਵਹਾਰ ਨੂੰ ਸਮਝਣ ਵਿੱਚ ਬਾਲਜ਼ਾਕ ਦੀ ਕਾਫੀ ਮਦਦ ਕੀਤੀ।

ਨੌਜੁਆਨ ਬਾਲਜ਼ਾਕ ਤੇ ਫਰਾਂਸੀਸੀ ਪ੍ਰਬੋਧਨ ਕਾਲ (ਏਜ਼ ਆਫ ਇਨਲਾਈਟਨਮੈਂਟ) ਦੀ ਭੌਤਿਕਵਾਦੀ ਵਿਚਾਰਧਾਰਾ ਦਾ ਡੂੰਘਾ ਪ੍ਰਭਾਵ ਪਿਆ। ਸਮਾਜ ਵਿੱਚ ਪ੍ਰਭਾਵੀ ਬੁਰਜੂਆ ਸੰਬੰਧਾਂ ਦੇ ਉਹ ਬੇਰਹਿਮ ਆਲੋਚਕ ਸਨ ਅਤੇ ਉਨ੍ਹਾਂ ਪ੍ਰਤੀ ਇਸ ਹੱਦ ਤੱਕ ਘ੍ਰਿਣਾ ਨਾਲ ਭਰੇ ਹੋਏ ਸਨ ਕਿ 1832 ਦੇ ਨੇੜੇ-ਤੇੜੇ ਲੈਜਿਟੀਮਿਸਟ (ਰਾਜਤੰਤਰੀ) ਰਾਜਨੀਤਿਕ ਵਿਚਾਰਾਂ ਦੇ ਹਮਾਇਤੀ ਹੋ ਗਏ। ਰਾਜਤੰਤਰ ਨੂੰ ਉਹ ਰਾਜ ਸੱਤ੍ਹਾ ਦਾ ਸਥਾਈ ਰੂਪ ਮੰਨਦੇ ਸਨ ਜੋ ਬੁਰਜੂਆਜ਼ੀ ਸਵਾਰਥ ‘ਤੇ ਰੋਕ ਲਗਾ ਸਕਦਾ ਸੀ ਅਤੇ ਆਰਥਿਕ ਅਤੇ ਨੈਤਿਕ ਪ੍ਰਗਤੀ ਨੂੰ ਸੰਭਵ ਬਣਾ ਸਕਦਾ ਸੀ। ਇਸੇ ਤਰ੍ਹਾਂ ਕੈਥੋਲਿਕ ਧਰਮ ਨੂੰ ਵੀ ਉਹ ਬੁਰਜੂਆ ਸੁਆਰਥੀਪਣੇ ਦਾ ਤੋੜ ਮੰਨਦੇ ਸਨ। ਤਾਲਸਤਾਏ ਦੀ ਹੀ ਤਰਾਂ ਬਾਲਜ਼ਾਕ ਦੀਆਂ ਵੀ ਇਹ ਵਿਰੋਧਤਾਈਆਂ ਉਸ ਦੀ ਮਨੋਵਿਗਿਆਨਕ ਸਥਿਤੀ ਦੇ ਸ਼ੁੱਧ ਵਿਅਕਤੀਗਤ ਲੱਛਣਾਂ ਦੇ ਹੀ ਨਹੀਂ ਸਗੋਂ ਸਮਾਜ ਦੇ ਜੀਵਨ ਵਿੱਚ ਅਸਲ ਵਿਰੋਧਤਾਈਆਂ ਦੇ ਵੀ ਵਿਚਾਰਧਾਰਕ ਪ੍ਰਤੀਬਿੰਬ ਸਨ। ਬਾਲਜ਼ਾਕ ਦੇ ਪਿਛਾਖੜੀ ਰਾਜਨੀਤਿਕ ਵਿਚਾਰਾਂ ਦੇ ਬਾਵਜੂਦ, ਉਨ੍ਹਾਂ ਦੇ ਆਲੋਚਨਾਤਮਕ ਯਥਾਰਥਵਾਦ ਦੀ ਮਹਾਨ ਇਨਕਲਾਬੀ ਭੂਮਿਕਾ ਦੀ ਤਰਕਸੰਗਤ ਵਿਆਖਿਆ ਫਰੈਡਰਿਕ ਏਂਗਲਜ਼ ਨੇ ਆਪਣੇ ਸ਼ਬਦਾਂ ਵਿੱਚ ਪੇਸ਼ ਕੀਤੀ ਹੈ: ”ਇਹ ਸੱਚ ਹੈ ਕਿ ਬਾਲਜ਼ਾਕ ਆਪਣੇ ਰਾਜਨੀਤਿਕ ਦ੍ਰਿਸ਼ਟੀਕੋਣ ਦੇ ਮਾਮਲੇ ਵਿੱਚ ‘ਲੈਜਿਟੀਮਿਸਟ’ ਸਨ, ਉਨ੍ਹਾਂ ਦੀ ਮਹਾਨ ਰਚਨਾ ਉਚ ਸਮਾਜ ਦੇ ਅਸਾਧ ਰੋਗ ਬਾਰੇ ਨਿਰੰਤਰ ਸੋਗਗੀਤ ਹੈ; ਉਨ੍ਹਾਂ ਦੀ ਸਾਰੀ ਹਮਦਰਦੀ ਉਸ ਜਮਾਤ ਨਾਲ ਹੈ, ਜਿਸਦੇ ਭਾਗ ਵਿੱਚ ਨਾਸ਼ ਹੋਣਾ ਲਿਖਿਆ ਹੋਇਆ ਹੈ। ਪ੍ਰੰਤੂ ਇਹ ਸਭ ਹੁੰਦੇ ਹੋਏ ਵੀ ਉਨ੍ਹਾਂ ਦੀਆਂ ਵਿਅੰਗ ਉਕਤੀਆਂ ਉਨੀਆਂ ਵੱਧ ਤਿੱਖੀਆਂ, ਉਨੀਆਂ ਵੱਧ ਕਾਟਵੀਆਂ ਹੋਰ ਕਿਤੇ ਨਹੀਂ ਹੁੰਦੀਆਂ, ਜਿੰਨੀਆਂ ਉਸ ਸਮੇਂ, ਜਦ ਉਹ ਠੀਕ ਉਨ੍ਹਾਂ ਪੁਰਖਾਂ ਅਤੇ ਨਾਰੀਆਂ ਦੀ, ਕੂਲੀਨਾਂ (Elites) ਤਸਵੀਰ ਖਿੱਚਦੇ ਹਨ, ਜਿਨ੍ਹਾਂ ਲੋਕਾਂ ਦੀ ਚਰਚਾ ਉਹ ਸਦਾ ਖੁੱਲ੍ਹੀ ਪ੍ਰਸੰਸਾ ਨਾਲ ਕਰਦੇ ਹਨ ; ਉਹ ਉਨਾਂ ਦੇ ਕੱਟੜ ਰਾਜਨੀਤਿਕ ਵਿਰੋਧੀ ਜਨਤੰਤਰਵਾਦੀ¸ਸੇਂਟ ਮੇਰੀ ਮੱਠ ਦੇ ਨਾਇਕ (ਜਨਤੰਤਰਵਾਦੀ ਪਾਰਟੀ ਦੇ ਖੱਬੇਪੱਖੀ ਉਹ ਵਿਦਰੋਹੀ, ਜਿਨ੍ਹਾਂ ਨੇ 1832 ਵਿੱਚ ਸੇਂਟ ਮੇਰੀ ਮਠ ਕੋਲ ਲੁਈ ਫਿਲਿਪ ਦੇ ਸੈਨਿਕਾਂ ਨਾਲ ਬੈਰੀਕੇਡੀ ਯੁੱਧ ਲੜਿਆ ਸੀ) ਹਨ, ਜੋ ਉਸ ਸਮੇਂ (1830-1836) ਸੱਚਮੁਚ ਆਮ ਲੋਕਾਂ ਦੇ ਨਾਇਕ ਸਨ। ਇਸ ਚੀਜ਼ ਨੂੰ ਕਿ ਬਾਲਜ਼ਾਕ ਇਸ ਤਰਾਂ ਖੁਦ ਆਪਣੀ ਜਮਾਤੀ ਹਮਦਰਦੀ ਅਤੇ ਰਾਜਨੀਤਿਕ ਤੁਅੱਸਬਾਂ ਵਿਰੁੱਧ ਖੜ੍ਹੇ ਹੋਣ ਲਈ ਬੇਵਸ ਹੋਏ, ਕਿ ਉਨ੍ਹਾਂ ਨੇ ਆਪਣੇ ਪਿਆਰੇ ਇਲੀਟਸ ਦੇ ਪਤਨ ਦੀ ਜ਼ਰੂਰਤ ਦੇਖੀ ਅਤੇ ਉਨ੍ਹਾਂ ਦਾ ਅਜਿਹੇ ਲੋਕਾਂ ਦੇ ਰੂਪ ‘ਚ ਵਰਣਨ ਕੀਤਾ, ਜੋ ਬੇਹਤਰ ਨਸੀਬ ਦੇ ਪਾਤਰ ਨਹੀਂ ਹਨ, ਕਿ ਉਨ੍ਹਾਂ ਨੇ ਭਵਿੱਖ ਦੇ ਅਸਲ ਲੋਕਾਂ ਨੂੰ ਉਥੇ ਦੇਖਿਆ, ਜਿੱਥੇ ਅਤੇ ਸਿਰਫ ਜਿੱਥੇ ਉਹ ਉਸ ਸਮੇਂ ਮਿਲ ਸਕਦੇ ਸਨ¸ਇਸ ਚੀਜ਼ ਨੂੰ ਮੈਂ ਯਥਾਰਥਵਾਦ ਦੀਆਂ ਸਭ ਤੋਂ ਵੱਡੀਆਂ ਜਿੱਤਾਂ ਵਿੱਚੋਂ ਇੱਕ, ਅਨੁਭਵੀ ਬਾਲਜ਼ਾਕ ਦੇ ਉੱਚਤਮ ਗੁਣਾਂ ਵਿਚੋਂ ਇੱਕ ਮੰਨਦਾ ਹਾਂ।” (ਮਾਰਗਰੇਟ ਹਾਰਕਨੇਸ ਨੂੰ ਚਿੱਠੀ 1888) ਕਿੱਤੇ ਵਿੱਚ ਹੱਥ ਅਜਮਾਉਣ ਦੇ ਅਸਫ਼ਲ ਦੌਰ ਪਿੱਛੋਂ ਬਾਲਜ਼ਾਕ ਨੇ ਇੱਕ ਵਾਰ ਫਿਰ ਜਦ ਸਿਰਜਣਾ ਦੀ ਦੁਨੀਆਂ ਵਿੱਚ ਪ੍ਰਵੇਸ਼ ਕੀਤਾ ਤਾਂ ਪੂਰੀ ਤਿਆਰੀ ਨਾਲ। ਰਾਬੇਲੇ, ਮੌਲਿਅਰ ਅਤੇ ਵਾਲਟਰ ਸਕਾਟ ਨੂੰ ਆਪਣਾ ਮੁੱਖ ਸਾਹਿਤਕ ਗੁਰੂ ਮੰਨਦੇ ਹੋਏ ਉਨ੍ਹਾਂ ਨੇ ਆਪਣੀ ਸਾਧਨਾ ਦੀ ਨਵੇਂ ਸਿਰੇ ਤੋਂ ਸ਼ੁਰੂਆਤ ਕੀਤੀ। ‘ਦਿ ਵਾਇਲਡ’ ਐਸ. ਜ਼ ਸਿਕਨ (1830-31) ਨੂੰ ਖੁਦ ਬਾਲਜ਼ਾਕ ਨੇ ਆਪਣੀ ਸਿਰਜਣਾ ਦਾ ਸ਼ੁਰੂਆਤੀ ਨੁਕਤਾ ਦੱਸਿਆ ਹੈ। ਇਸ ਨਾਵਲ ਦੀ ਕਹਾਣੀ ਸੂਖਮ ਵਿਸਥਾਰਾਂ ਨਾਲ ਇਸ ਘਟਨਾਕ੍ਰਮ ਦਾ ਵੇਰਵਾ ਪੇਸ਼ ਕਰਦੀ ਹੈ ਕਿ ਕਿਸ ਤਰਾਂ ਇੱਕ ਹਤਿਆਰਾ-ਬੈਂਕਰ ਭ੍ਰਿਸ਼ਟਾਚਾਰੀ ਪ੍ਰੈਸ ਜ਼ਰੀਏ ਲੋਕਰਾਏ ਨੂੰ ਮਨਮਾਫਕ ਪ੍ਰਭਾਵਿਤ ਕਰਦਾ ਹੈ ਅਤੇ ਵੱਧਦਾ ਹੋਇਆ ਬੁਰਜੂਆ ਸਵਾਰਥੀਪਣ ਵਿਸ਼ਵਾਸਾਂ ਅਤੇ ਅਸੂਲਾਂ ਨੂੰ ਤਬਾਹ ਕਰ ਦਿੰਦਾ ਹੈ। ਨੌਜੁਆਨ ਰਫਾਇਲ ਦੇ ਵਾਲੇਂਤੀਨ ਖੁਦ ਨਾਲ ਵਸਾਹਘਾਤ ਕਰਨ ਦੇ ਬਾਵਜੂਦ ਉਨ੍ਹਾਂ ਲੋਕਾਂ ਪ੍ਰਤੀ ਤ੍ਰਿਸਕਾਰ ਦਾ ਰੁਖ ਅਪਣਾਈ ਰੱਖਦਾ ਹੈ ਜੋ ਜ਼ਿੰਦਗੀ ਦੇ ਮਾਲਕ ਬਣ ਬੈਠੇ ਸਨ। ਇਸ ਨਾਵਲ ਵਿੱਚ ਬਾਲਜ਼ਾਕ ਨੇ ਰੋਮਾਂਚਵਾਦ ਬਿੰਬ-ਵਿਧਾਨ, ਪ੍ਰਤੀਕਵਾਦ ਅਤੇ ਸਜੀਵ ਚਿਤਰਾਤਮਕਤਾ-ਭਰਪੂਰ ਗੰਭੀਰ ਵਿਸ਼ਲੇਸ਼ਣ ਨਾਲ 1830 ਦੇ ਇਨਕਲਾਬ ਪਿੱਛੋਂ ਪੈਰਿਸ ਦੇ ਮਹੌਲ ਨੂੰ ਪੇਸ਼ ਕੀਤਾ ਹੈ ਅਤੇ ਉਸ ਦੌਰ ਦੇ ਲੋਕਾਂ ਦੇ ਜਟਿਲ ਸੁਭਾਅ, ਭਾਵਨਾਵਾਂ ਦੀ ਤ੍ਰਾਸਦੀ, ਵਿਗਿਆਨ ਦੀ ਦੁਨੀਆਂ ਅਤੇ ਜੀਵਨ ਦੇ ਲਗਾਤਾਰ ਵੱਧਦੇ ਹੋਛੇਪਣ ਦਾ ਚਿੱਤਰ ਖਿੱਚਿਆ ਹੈ।

1834 ਵਿੱਚ, ਜਿਸ ਵਰ੍ਹੇ ਬਾਲਜ਼ਾਕ ਦਾ ਸ਼ਾਹਕਾਰ ਨਾਵਲ ‘ਓਲਡ ਗੋਰੀਓ’ ਪ੍ਰਕਾਸ਼ਤ ਹੋਇਆ, ਉਨਾਂ ਦੇ ਦਿਮਾਗ ‘ਚ ਇਹ ਅਨੂਠਾ ਵਿਚਾਰ ਆਇਆ ਕਿ 1829 ਤੋਂ ਲਿਖੇ ਗਏ ਨਾਵਲ ਨਾਵਲਿਟਾਂ ਦੇ ਨਾਲ ਹੀ ਪਰੋਦੇ ਹੋਏ ਅੱਗੇ ਨਾਵਲਾਂ-ਕਹਾਣੀਆਂ ਦੀ ਇੱਕ ਪੂਰੀ ਲੜੀ ਪੇਸ਼ ਕੀਤੀ ਜਾਵੇ। ਇਸ ਲੜੀ ਨੂੰ ਪਹਿਲਾਂ ਉਨ੍ਹਾਂ ਨੇ ‘ਉਨੀਵੀਂ ਸਦੀ ਦੀ ਜੀਵਨ ਜਾਚ ਦਾ ਅਧਿਐਨ’ (ਸਟੱਡੀਜ਼ ਆਫ ਨਾਈਨਟੀਂਥ ਸੈਂਚੁਰੀ ਮੈਨਰਜ) ਦਾ ਨਾਂ ਦਿੱਤਾ, ਪ੍ਰੰਤੂ 1842 ਤੱਕ ਜਦ ਇਹ ਮਹਾਂਕਾਵਿਕ ਪ੍ਰੌਜੈਕਟ ਕੁੱਝ ਹੋਰ ਪ੍ਰਪੱਕ ਅਤੇ ਵਿਕਸਿਤ ਹੋ ਗਿਆ ਤਾਂ ਇਹ ਦਾ ਨਾਂ ਬਦਲਕੇ ਉਨ੍ਹਾਂ ਨੇ ‘ਹਿਊਮਨ ਕਮੇਡੀ’ ਰੱਖ ਦਿੱਤਾ। ਬਾਲਜ਼ਾਕ ਇਸ ਲੜੀ ਵਿੱਚ ਉਸ ਸਮੇਂ ਦੇ ਫਰਾਂਸੀਸੀ ਸਮਾਜ ਦੇ ਸਾਰੇ ਵਰਗਾਂ, ਪਰਤਾਂ, ਪੇਸ਼ਿਆਂ ਅਤੇ ਵਿਚਾਰ ਧਾਰਾਵਾਂ ਦੇ ਲਗਭਗ ਤਿੰਨ-ਚਾਰ ਹਜ਼ਾਰ ਪਾਤਰਾਂ ਦੇ ਮਾਧਿਅਮ ਨਾਲ ਉਨੀਵੀਂ ਸਦੀ ਦੇ ਸਮਾਜਿਕ ਸਭਿਆਚਾਰਕ ਇਤਿਹਾਸ ਦਾ ਅਤੇ ਉਸ ਸਮੇਂ ਸਥਾਨ ਦੇ ਮਨੁੱਖ ਦੀ ਚੇਤਨਾ ਅਤੇ ਚਰਿੱਤਰ ਦਾ ਇੱਕ ਅਧਿਐਨ ਪੇਸ਼ ਕਰਨਾ ਚਾਹੁੰਦੇ ਸਨ। ਉਨੀਵੀਂ ਸਦੀ ਦੇ ਫਰਾਂਸੀਸੀ ਸਮਾਜ ਅਤੇ ਸੰਸਾਰ ਵਿੱਚ ਸਰਵ-ਵਿਆਪਕ-ਅੰਤਰ-ਨਿਰਭਰਤਾ ਦੇ ਵਿਚਾਰ ਦੇ ਮੂਰਤ ਮਾਨਵ ਰੂਪ ਦੇ ਕਲਾਤਮਕ ਅਧਿਐਨ, ਵਿਸ਼ਲੇਸ਼ਣ ਇਸ ਮਹੱਤਵਅਕਾਂਖੀ ਪ੍ਰੌਜੈਕਟ ਦਾ ਦਾਰਸ਼ਨਿਕ ਫਰੇਮਵਰਕ ਅਠਾਰਵੀਂ ਸਦੀ ਦੇ ਭੌਤਿਕਵਾਦ, ਕੁਦਰਤੀ-ਵਿਗਿਆਨ ਦੇ ਤਤਕਾਲੀਨ ਸਿਧਾਂਤਾਂ ਅਤੇ ਵੱਖ-ਵੱਖ ਰਹੱਸਵਾਦੀ ਧਰਮ ਸਿਧਾਂਤਾਂ ਦੇ ਤੱਤਾਂ ਦੇ ਮੇਲ ਨਾਲ ਬਣਿਆ ਹੋਇਆ ਸੀ। ”ਹਿਊਮਨ ਕਮੇਡੀ’ ਦੇ ਕੁਲ ਤਿੰਨ ਖੰਡ ਸਨ :

1. ਨਿੱਜੀ ਜੀਵਨ, ਪ੍ਰਾਂਤਿਕ ਜੀਵਨ, ਪੈਰਿਸ ਦੇ ਨਗਰ ਜੀਵਨ, ਰਾਜਨੀਤਿਕ ਜੀਵਨ, ਫੌਜੀ ਜੀਵਨ ਅਤੇ ਪੇਂਡੂ ਜੀਵਨ ਦੇ ਦ੍ਰਿਸ਼ਾਂ ਨੂੰ ਦਰਸਾਉਂਦੇ ਹੋਏ ਨੈਤਿਕਤਾ ਅਤੇ ਤੌਰ ਤਰੀਕਿਆਂ ਦਾ ਅਧਿਐਨ,

2. ਦਾਰਸ਼ਨਿਕ ਅਧਿਐਨ ਅਤੇ

3. ਵਿਸ਼ਲੇਸ਼ਣਾਤਮਕ ਅਧਿਐਨ ।

ਇਨ੍ਹਾਂ ਤਿੰਨਾਂ ਖੰਡਾਂ ਦੀ ਕਲਪਨਾ ਇੱਕ ਅਜਿਹੀ ਕੁੰਡਲੀਦਾਰ ਸਰੰਚਨਾ ਦੇ ਤਿੰਨ ਬਿਰਤਾਂਤਾ ਦੇ ਰੂਪ ਵਿੱਚ ਕੀਤੀ ਗਈ ਸੀ ਜੋ ਤੱਥਾਂ ਨੂੰ ਕਾਰਨਾਂ ਅਤੇ ਸਿਧਾਂਤਾਂ ਨਾਲ ਜੋੜਦੇ ਹੋਣ।

ਆਪਣੀ ਇਸ ਯੋਜਨਾ ਨੂੰ ਅਮਲ ਪ੍ਰਕਿਰਿਆ ਵਿੱਚ ਜ਼ਿਆਦਾ ਤੋਂ ਜ਼ਿਆਦਾ ਠੋਸ ਰੂਪ ਦਿੰਦੇ ਹੋਏ ਬਾਲਜ਼ਾਕ ਨੇ 1945 ਵਿੱਚ 144 ਨਾਵਲਾਂ ਦੀ ਇੱਕ ਪੂਰੀ ਸੂਚੀ ਵੀ ਪ੍ਰਕਾਸ਼ਿਤ ਕੀਤੀ ਅਤੇ ਇਸ ਨੂੰ ਲਾਗੂ ਕਰਨ ਵਿੱਚ ਜੀਅ-ਜਾਨ ਨਾਲ ਜੁੱਟ ਗਏ। ਕਦੇ-ਕਦੇ ਤਾਂ ਹਫ਼ਤੇ-ਮਹੀਨਿਆਂ ਤੱਕ ਉਹ ਘਰੋਂ ਬਾਹਰ ਨਹੀਂ ਨਿਕਲਦੇ ਸਨ। ਆਰਥਿਕ ਤੰਗੀ ਜ਼ਬਰਦਸਤ ਸੀ। ਕਿਰਾਏ ਦਾ ਮਕਾਨ ਪੈਰਿਸ ਦੀ ਇੱਕ ਗਰੀਬ-ਗੰਦੀ ਬਸਤੀ ਵਿੱਚ ਸੀ, ਜਿੱਥੇ ਦਿਨ ਭਰ ਲੜਾਈ-ਝਗੜੇ ਦਾ ਸ਼ੋਰ ਰਹਿੰਦਾ ਸੀ। ਇਸ ਰੌਲੇ-ਰੱਪੇ ਤੋਂ ਬਚਣ ਲਈ ਦਿਨੇ ਸੌਣਾ ਅਤੇ ਰਾਤ ਨੂੰ ਕਾਲੀ ਕਾਫੀ ਪੀ ਕੇ ਜਾਗਣਾ ਅਤੇ ਧੂੰਆਂਧਾਰ, ਚਮਤਕਾਰੀ ਰਫ਼ਤਾਰ ਨਾਲ ਲਿਖਣਾ ਬਸ ਇਹੀ ਬਾਲਜ਼ਾਕ ਦਾ ਜੀਵਨ ਸੀ। ਸਿੱਟੇ ਵਜੋਂ ਸਰੀਰ ਛਣਦਾ ਚਲਾ ਗਿਆ। 1850 ‘ਚ ਸਿਰਫ ਇਕਵੰਜਾ ਵਰ੍ਹਿਆਂ ਦੀ ਉਮਰ ‘ਚ ਬਾਲਜ਼ਾਕ ਦੀ ਮੌਤ ਹੋ ਗਈ, 144 ਨਾਵਲਾਂ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ, ‘ਹਿਊਮਨ ਕਮੇਡੀ’ ਲੜੀ ਦੇ ਅੰਤਰਗਤ ਕੁਲ 90 ਨਾਵਲ-ਨਾਵਲਿਟ ਅਤੇ ਕਹਾਣੀਆਂ ਹੀ ਲਿਖੀਆਂ ਜਾ ਸਕੀਆਂ। ਆਪਣੀ ਜ਼ਿੰਦਗੀ ਦੇ ਮਹੱਤਵਅਕਾਂਖੀ ਮਿਸ਼ਨ ਨੂੰ ਪੂਰਾ ਕਰਨ ਲਈ ਬਾਲਜ਼ਾਕ ਨੇ ਆਪਣੇ ਆਪ ਨੂੰ ਇਸ ਕਦਰ ਝੋਕ ਦਿੱਤਾ ਸੀ ਜਿਵੇਂ ਕਿ ਜਿਉਣਾ ਤੱਕ ਭੁੱਲ ਗਏ ਸਨ। 1832 ਵਿੱਚ ਰੂਸ ਵਿੱਚ ਰਹਿਣ ਪੋਲਿਸ਼ ਇਲੀਟ ਸਮਾਜ ਦੀ ਇੱਕ ਔਰਤ ਏਵਲਿਨ ਹਾਂਸਕਾ ਨਾਲ ਬਾਲਜ਼ਾਕ ਦਾ ਪੱਤਰ ਵਿਹਾਰ ਸ਼ੁਰੂ ਹੋਇਆ ਸੀ। ਉਹਦੇ ਨਾਲ ਮਿਲਣ ਲਈ ਉਨ੍ਹਾਂ ਨੇ 1843 ‘ਚ ਸੇਂਟ ਪੀਟਰਜਬਰਗ ਦੀ ਅਤੇ 1847-48 ਵਿੱਚ ਯੂਕਰੇਨ ਤੱਕ ਦੀ ਯਾਤਰਾ ਵੀ ਕੀਤੀ। ਮੌਤ ਤੋਂ ਠੀਕ ਪੰਜ ਮਹੀਨੇ ਪਹਿਲਾਂ ਹੀ ਹਾਂਸਕਾ ਨਾਲ ਉਨ੍ਹਾਂ ਦਾ ਵਿਆਹ ਹੋ ਸਕਿਆ। ਲੇਖਣ-ਕਾਰਜ ਦੇ ਇਲਾਵਾ ਬਾਲਜ਼ਾਕ ਨੇ ਜੇਕਰ ਕੁੱਝ ਹੋਰ ਕੀਤਾ ਤਾਂ ਇਹ ਕਿ 1832 ਅਤੇ 1848 ‘ਚ ਦੋ ਵਾਰ ”ਚੈਂਬਰ ਆਫ ਡਿਪਟੀਜ਼” ਦੀ ਮੈਂਬਰੀ ਲਈ ਚੋਣ ਲੜੀ ਅਤੇ ਦੋਵੇਂ ਹੀ ਵਾਰੀ ਅਸਫਲ ਰਹੇ। ਦੋ-ਵਾਰੀ ‘ਅਕਾਦਮੀ ਫਰਾਂਕੇਸ’ ਦੀ ਚੋਣ ‘ਚ ਵੀ (1849) ਭਾਗ ਲਿਆ ਅਤੇ ਇਸ ‘ਚ ਵੀ ਹਾਰ ਹੀ ਹੱਥ ਲੱਗੀ। ‘ਹਿਊਮਨ ਕਮੇਡੀ’ ਲੜੀ ਦੀਆਂ ਪਹਿਲਾਂ ਦੀਆਂ ਰਚਨਾਵਾਂ ਨੂੰ ਲੈ ਕੇ ਬਾਲਜ਼ਾਕ ਨੇ ਕੁੱਲ 89 ਛੋਟੇ-ਵੱਡੇ ਨਾਵਲ ਅਤੇ ਕਹਾਣੀਆਂ ਲਿਖੀਆਂ। ਇਸ ਦੇ ਇਲਾਵਾ ਉਨ੍ਹਾਂ ਪੰਜ ਨਾਟਕ ਵੀ ਲਿਖੇ ਜਿਨ੍ਹਾਂ ‘ਚ ‘ਦ ਸਟੈਪਮਦਰ’ (1848) ਅਤੇ ਡ੍ਰੋਲ ਸਟੋਰੀਜ਼’ (1831-37) ਨੂੰ ਕਾਫੀ ਪ੍ਰਸਿੱਧੀ ਮਿਲੀ। ਰਾਬੇਲੇ ਅਤੇ ਫਰਾਂਸੀਸੀ ਲੋਕ-ਸਾਹਿਤ ਦੀ ਸਪਿਰਿਟ ਵਿੱਚ ਲਿਖੇ ਗਏ ਇਹ ਨਾਟਕ ਬਾਲਜ਼ਾਕ ਦੇ ਮਾਨਵਤਾਵਾਦੀ ਚਿੰਤਨ ਅਤੇ ਫਰਾਂਸੀਸੀ ਸਾਹਿਤ-ਕਲਾ ਦੀ ਰਾਸ਼ਟਰੀ ਪ੍ਰੰਪਰਾ ਦੇ ਮੱਹਤਵਪੂਰਨ ਸਮਾਰਕ ਮੰਨੇ ਜਾਂਦੇ ਹਨ।

ਆਪਣੇ ਸਮੇਂ ਦਾ ਇਤਿਹਾਸਕਾਰ, ਆਪਣੇ ਸਮੇਂ ਦਾ ਸਕੱਤਰ

ਬਾਲਜ਼ਾਕ ਖੁਦ ਨੂੰ ਉਨੀਵੀਂ ਸਦੀ ਦੇ ਪਹਿਲੇ ਅੱਧ ਦਾ ਇਤਿਹਾਸਕਾਰ ਕਿਹਾ ਕਰਦੇ ਸਨ। ਇਹ ਦੌਰ ਫਰਾਂਸੀਸੀ ਇਤਿਹਾਸ ਦੇ, ਬਹੁ ਪਰਤੀ ਜਮਾਤੀ-ਘੋਲ਼ ਨਾਲ ਭਰਪੂਰ ਉੱਥਲ-ਪੁੱਥਲ ਦਾ ਦੌਰ ਸੀ। ਬਾਲਜ਼ਾਕ ਨੇ ਕਈ ਜਗ੍ਹਾ ਕਿਹਾ ਹੈ ਕਿ ਉਹ ਜਿਸ ਸਮਾਜ ਦੇ ਖੁਦ ਨਿਯੁਕਤ ਸਕੱਤਰ ਅਤੇ ਇਤਿਹਾਸਕਾਰ ਹਨ, ਉਸ ਵਿੱਚ ਆਰਥਿਕ ਸੱਤ੍ਹਾ ਜਗੀਰੂ ਇਲੀਟਸ ਦੇ ਹੱਥੋਂ ਨਿੱਕਲਕੇ ਸੇਠਾਂ, ਬੈਕਰਾਂ ਅਤੇ ਵਪਾਰੀਆਂ ਦੇ ਹੱਥਾਂ ‘ਚ ਚਲੀ ਗਈ ਹੈ। ਉਨ੍ਹਾਂ ਦੇ ਵਿਚਾਰ ਨਾਲ 1830 ਦੇ ਇਨਕਲਾਬ ਪਿੱਛੋਂ ਇਹ ਤੱਥ ਹੋਰ ਵਧੇਰੇ ਸਪੱਸ਼ਟ ਹੋ ਗਿਆ ਸੀ ਜਦ ਗੱਦੀ ‘ਤੇ ਤਾਂ ਲੂਈ ਫਿਲਿਪ ਬੈਠਾ ਸੀ ਪਰ ਸੱਤਾ ਅਸਲ ‘ਚ ਪੂੰਜੀਪਤੀਆਂ ਕੋਲ਼ ਸੀ। ਬਾਲਜ਼ਾਕ ਦੀ ਤਿੱਖੀ ਨਜ਼ਰ ਨੇ ਦਿੱਖ ਨੂੰ ਚੀਰ ਕੇ ਸਾਰ ਨੂੰ ਪਹਿਚਾਣਿਆ। ਇਸ ਤਰ੍ਹਾਂ ਉਨ੍ਹਾਂ ਦੀ ਸਿਰਜਣਾ ਉਨੀਵੀਂ ਸਦੀ ਦੇ ਪਹਿਲੇ ਪੰਜ ਦਹਾਕਿਆਂ ਦੌਰਾਨ ਜਗੀਰਦਾਰੀ ਦੀ ਮੁੜ ਬਹਾਲੀ ਦੇ ਯਤਨਾਂ ਤੋਂ ਲੈ ਕੇ ਸਰਮਾਏਦਾਰੀ ਪ੍ਰਬੰਧ, ਸੱਭਿਆਚਾਰਕ ਅਤੇ ਸਮਾਜਿਕ ਮਨੋਵਿਗਿਆਨ ਦੇ ਵਿਕਾਸ ਦੇ ਵੱਖ-ਵੱਖ ਪੱਖਾਂ ਦਾ ਪ੍ਰਮਾਣਿਕ ਦਸਤਵੇਜ਼ ਬਣ ਗਿਆ।

ਮਾਰਕਸ ਦੀ ਪੁੱਤਰੀ ਲੌਰਾ ਲਫਾਰਗ ਦੇ ਨਾਂ ਆਪਣੀ ਇੱਕ ਚਿੱਠੀ ਵਿੱਚ ਫਰੈਡਰਿਕ ਏਂਗਲਜ਼ ਨੇ ਲਿਖਿਆ ਹੈ, …..”ਜਦ ਮੈਂ ਬਿਸਤਰ ‘ਤੇ ਲੇਟਿਆ ਸੀ, ਤਾਂ ਬਾਲਜ਼ਾਕ ਨੂੰ ਛੱਡਕੇ ਆਮ ਤੌਰ ‘ਤੇ ਕੁੱਝ ਹੋਰ ਨਹੀਂ ਪੜ੍ਹਿਆ ਅਤੇ ਵਿਲੱਖਣ ਇਨਸਾਨ ਦੀਆਂ ਰਚਨਾਵਾਂ ਨੂੰ ਪੜ੍ਹਕੇ ਅਤਿਅੰਤ ਅਨੰਦ ਪ੍ਰਾਪਤ ਕੀਤਾ। ਇੱਥੇ 1818 ਤੋਂ ਲੈ ਕੇ 1848 ਤੱਕ ਦਾ ਫਰਾਂਸ ਦਾ ਇਤਿਹਾਸ ਉਸ ਤੋਂ ਕਿਤੇ ਜ਼ਿਆਦਾ ਮਾਤਰਾ ਵਿੱਚ ਹੈ, ਜਿਨ੍ਹਾਂ ਸਾਰੇ ਵੋਲਾਬੇਲਿਆਂ, ਕਾਫਿਗਾਂ ਲੂਈ ਬਲਾਕਾਂ ਕੋਲ਼ ਮਿਲਾਕੇ ਮਿਲਦਾ ਹੈ। ਕਿਹੋ-ਜਿਹਾ ਸਾਹਸ ਹੈ! ਉਨ੍ਹਾਂ ਦੇ ਕਾਵਿਮਈ ਨਿਆਂ ਵਿੱਚ ਕਿਹੋ ਜਿਹੀ ਇਨਕਲਾਬੀ ਦਵੰਦਾਤਮਕਤਾ ਹੈ।” (13 ਦਸੰਬਰ,1883) ਉਨੀਵੀਂ ਸਦੀ ਦੇ ਨੌਵੇਂ ਦਹਾਕੇ ਦੀ ਅੰਗਰੇਜ਼ ਸਮਾਜਵਾਦੀ ਲੇਖਕਾ ਮਾਰਗੇਰਟ ਹਾਰਕਨੇਸ ਦੇ ਨਾਂ ਚਿੱਠੀ ਵਿੱਚ ਯਥਾਰਥਵਾਦ ਬਾਰੇ ਆਪਣੇ ਵਿਚਾਰਾਂ ਨੂੰ ਸਪੱਸ਼ਟ ਕਰਦੇ ਹੋਏ ਏਂਗਲਜ਼ ਨੇ ਬਾਲਜ਼ਾਕ ਬਾਰੇ ਲਿਖਿਆ ਹੈ; ”ਬਾਲਜ਼ਾਕ, ਜਿਨ੍ਹਾਂ ਨੂੰ ਮੈਂ ਅਤੀਤ, ਵਰਤਮਾਨ ਅਤੇ ਭਵਿੱਖ ਦੇ ਅਨੇਕ ਜ਼ੋਲਾਵਾਂ ਦੀ ਤੁਲਨਾਂ ਵਿੱਚ ਯਥਾਰਥਵਾਦ ਦਾ ਕਿਤੇ ਵੱਡਾ ਅਚਾਰੀਆ ਮੰਨਦਾ ਹਾਂ, ‘ਹਿਊਮਨ ਕਮੇਡੀ’ ਵਿੱਚ ਫਰਾਂਸੀਸੀ ”ਸਮਾਜ” ਦਾ ਖਾਸ ਤੌਰ ‘ਤੇ ”ਪੈਰਿਸ ਦੀ ਦੁਨੀਆਂ” ਦਾ ਸਭ ਤੋਂ ਅਦਭੁਤ ਯਥਾਰਥਵਾਦੀ ਇਤਿਹਾਸ ਸਾਡੇ ਸਾਹਮਣੇ ਪੇਸ਼ ਕਰਦੇ ਹਨ। ਉਨ੍ਹਾਂ ਨੇ ਉੱਭਰਦੀ ਬੁਰਜੂਆਜ਼ੀ ਦੁਆਰਾ ਅਛੂਤਾਂ ਦੇ ਸਮਾਜ ਵਿੱਚ, ਜਿਸਨੇ 1815 ਪਿੱਛੋਂ ਆਪਣਾ ਪੁਨਰਗਠਨ ਕੀਤਾ ਸੀ ਅਤੇ ਜਿਸਨੇ, ਜਿੱਥੋਂ ਤੱਕ ਸੰਭਵ ਹੋ ਸਕਦਾ ਸੀ, ਪੁਰਾਣੀ ਫਰਾਂਸੀਸੀ ਨਫ਼ਾਸਤ ਦੇ ਪ੍ਰਤੀਮਾਨ ਫੇਰ ਤੋਂ ਸਥਾਪਿਤ ਕੀਤੇ, 1816 ਤੋਂ 1848 ਤੱਕ ਬਰਾਬਰ ਘੁਸਪੈਠ ਦਾ ਲਗਭਗ ਸਾਰ ਦਰ ਸਾਲ ਦਾ ਵੇਰਵਾ ਥਿਰਤਾਂਤ ਦੇ ਰੂਪ ‘ਚ ਕੀਤਾ ਹੈ। ਉਹ ਇਹ ਦੱਸਦੇ ਹਨ ਕਿ ਉਨ੍ਹਾਂ ਦੇ ਲਈ ਇਸ ਆਦਰਸ਼ ਸਮਾਜ ਦੇ ਅੰਤਿਮ ਖੰਡਰ ਕਿਸ ਤਰਾਂ ਬਜ਼ਾਰੂ ਕਿਸਮ ਦੇ ਨਵੇਂ ਧਨਾਢ ਅੱਗੇ ਹੌਲੀ-ਹੌਲੀ ਢਹਿਢੇਰੀ ਹੁੰਦੇ ਗਏ ਜਾਂ ਉਸ ਦੁਆਰਾ ਭ੍ਰਸ਼ਿਟ ਹੁੰਦੇ ਗਏ, ਉੱਚੇ ਸਮਾਜ ਦੀ ਔਰਤ ਦੇ ਸਥਾਨ ਤੇ, ਜਿਸਦੇ ਦੰਪਤੀ ਜੀਵਨ ਵਿੱਚ ਗੈਰਵਫਾਦਾਰੀ ਖੁਦ ਨੂੰ ਠੀਕ ਉਸੇ ਢੰਗ ਨਾਲ, ਜਿਸ ਢੰਗ ਨਾਲ ਉਸਦਾ ਵਿਆਹ ਕਰਕੇ ਉਸਨੂੰ ਚਲਦਾ ਕਰ ਦਿੱਤਾ ਗਿਆ ਸੀ, ਇੱਜਤ-ਮਾਣ ਦੇਣ ਦਾ ਉਪਾਅ ਮਾਤਰ ਸੀ, ਕਿ ਕਿਸ ਤਰ੍ਹਾਂ ਬੁਰਜ਼ੂਆ ਔਰਤ ਆਈ, ਜੋ ਨਕਦੀ ਜਾਂ ਠਾਠਦਾਰ ਲਿਬਾਸ ਲਈ ਆਪਣੇ ਪਤੀ ਨੂੰ ਦਗਾ ਦਿੰਦੀ ਸੀ। ਇਸ ਕੇਂਦਰੀ ਚਿੱਤਰ ਦੇ ਚਾਰੇ ਪਾਸੀਂ ਬਾਲਜ਼ਾਕ ਨੇ ਫਰਾਂਸੀਸੀ ਸਮਾਜ ਦਾ ਪੂਰਾ ਇਤਿਹਾਸ ਸਮੋਇਆ ਹੈ, ਜਿਸ ਨਾਲ ਮੈਨੂੰ ਆਰਥਿਕ ਤਫਸੀਲਾਂ ਤੱਕ ਦੇ ਮਾਮਲੇ ਵਿੱਚ (ਉਦਾਹਰਣ ਲਈ, ਇਨਕਲਾਬ ਦੇ ਬਾਅਦ ਚਲ ਅਤੇ ਅਚਲ ਸੰਪਤੀ ਦੀ ਮੁੜ ਵਿਵਸਥਾ ਬਾਰੇ) ਇਸ ਕਾਲ ਦੇ ਸਾਰੇ ਦੇ ਸਾਰੇ ਮਾਹਰਾਂ-ਇਤਿਹਾਸਕਾਰਾਂ, ਅਰਥ-ਸ਼ਾਸਤਰੀਆਂ ਅਤੇ ਅੰਕੜਾ ਮਾਹਰਾਂ ਦੀਆਂ ਕਿਤਾਬਾਂ ਤੋਂ ਕਿਤੇ ਜ਼ਿਆਦਾ ਜਾਣਕਾਰੀ ਮਿਲੀ।” (ਅਪ੍ਰੈਲ, 1888)

ਬਾਲਜ਼ਾਕ ਪੂੰਜੀਵਾਦੀ ਪ੍ਰਬੰਧ ਦੀ ਸਥਾਪਨਾ ਦੇ ਸੰਸਾਰ ਇਤਿਹਾਸਕ ਯੁੱਗ ਦੇ ਗਵਾਹ ਬਣੇ, ਜਦ ਸੱਤ੍ਹਾਸੀਨ ਹੁੰਦੇ ਹੀ ਬੁਰਜੂਆਜ਼ੀ ‘ਸੁਤੰਤਰਤਾ-ਸਮਾਨਤਾ-ਭਾਈਚਾਰੇ’ ਦੇ ਲਾਲ ਝੰਡੇ ਨੂੰ ਧੂੜ ‘ਚ ਮਿਲਾ ਕੇ ਮੁਦਰਾ ਦੀ ਖੂਨਪੀਣੀ ਦੇਵੀ ਦੇ ਚਰਣਾਂ ਵਿੱਚ ਤਾਂਤਰਿਕ ਸਾਧਨਾ ਕਰਨ ਲੱਗੀ ਅਤੇ ਚਰਚ ਨਾਲ ‘ਪਵਿੱਤਰ ਗੱਠਜੋੜ’ ਕਰਕੇ ਸਿਰ ‘ਤੇ ਰਾਜਸ਼ਾਹੀ ਦਾ ਮੁਕਟ ਝਾੜ-ਪੂਝਕੇ ਰੱਖਣ ਬਾਅਦ ਆਮ ਜਨਤਾ ਨੂੰ ਰਾਜਦੰਡ ਨਾਲ ਹੱਕਣ ਲੱਗੀ। ਪ੍ਰਬੋਧਨ ਕਾਲੀਨ ਆਦਰਸ਼ਾਂ ਦੇ ਅਨੁਰੂਪ ਤਰਕ ਬੁੱਧੀ ਸੰਗਤ ਰਾਜ ਅਤੇ ਸਮਾਜ ਦੀ ਸਥਾਪਨਾ ਦੀ ਬਜਾਇ ਚਾਰੇ ਪਾਸੀਂ ਮੁਨਾਫਾਖੋਰੀ, ਸ਼ਾਹੂਕਾਰੀ, ਧੋਖਾਧੜੀ, ਜਾਲਸਾਜ਼ੀ, ਜਮ੍ਹਾਖੋਰੀ, ਸੱਟੇਬਾਜੀ, ਅਪਰਾਧ ਅਤੇ ਨੈਤਿਕ ਪਤਨ ਦਾ ਜੋ ਘਟਾਟੋਪ ਬਾਲਜ਼ਾਕ ਨੇ ਦੇਖਿਆ, ਉਸਦਾ ਸਟੀਕ ਬਾਹਰਮੁਖੀ ਵੇਰਵਾ ਏਂਗਲਜ਼ ਨੇ ਇਨ੍ਹਾਂ ਸ਼ਬਦਾਂ ਵਿੱਚ ਪੇਸ਼ ਕੀਤਾ ਹੈ :

”ਉਹ (ਪ੍ਰਬੋਧਨਕਾਲ ਦੇ ਦਾਰਸ਼ਨਿਕ-ਸੰ:) ਇੱਕ ਬੁੱਧੀਸੰਗਤ ਰਾਜ ਅਤੇ ਬੁੱਧੀ ਸੰਗਤ ਸਮਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ। ਉਹ ਅਜਿਹੀ ਹਰ ਇੱਕ ਵਸਤੂ ਨੂੰ ਬੇਰਹਿਮੀ ਨਾਲ ਹਟਾ ਦੇਣਾ ਚਾਹੁੰਦੇ ਸਨ, ਜੋ ਅਮਰ ਬੁੱਧੀ ਦੇ ਖਿਲਾਫ ਜਾਂਦੀ ਸੀ। ਅਸੀਂ ਇਹ ਵੀ ਦੇਖਿਆ ਸੀ ਕਿ ਉਹ ਅਮਰ ਬੁੱਧੀ ਅਸਲ ਵਿੱਚ ਅਠਾਰਵੀਂ ਸਦੀ ਦੇ ਉਸ ਨਾਗਰਿਕ ਦੀ ਸਮਝ ਦੇ ਆਦਰਸ਼ ਰੂਪ ਦੇ ਸਿਵਾ ਹੋਰ ਕੁੱਝ ਨਹੀਂ ਸੀ, ਜਿਸ ਦਾ ਠੀਕ ਉਸੇ ਸਮੇਂ ਪੂੰਜੀਪਤੀ ਦੇ ਰੂਪ ‘ਚ ਵਿਕਾਸ ਹੋ ਰਿਹਾ ਸੀ। ਇਸ ਬੁੱਧੀ ਸੰਗਤ ਸਮਾਜ ਅਤੇ ਬੁੱਧੀ ਸੰਗਤ ਰਾਜ ਨੂੰ ਫਰਾਂਸੀਸੀ ਇਨਕਲਾਬ ਨੇ ਮੂਰਤ ਰੂਪ ਦਿੱਤਾ ਸੀ। ਨਵੀਂ ਵਿਵਸਥਾ ਪੁਰਾਣੀਆਂ ਪ੍ਰਸਥਿਤੀਆਂ ਦੀ ਤੁਲਨਾ ਵਿੱਚ ਤਾਂ ਕਾਫੀ ਬੁੱਧੀ ਸੰਗਤ ਸੀ, ਪਰ ਪਤਾ ਚੱਲਿਆ ਕਿ ਉਹ ਮੂਲੋਂ ਹੀ ਬੁੱਧੀ ਸੰਗਤ ਬਿਲਕੁਲ ਨਹੀਂ ਹੈ। ਬੁੱਧੀ ‘ਤੇ ਅਧਾਰਿਤ ਰਾਜ ਪੂਰਨ ਰੂਪ ਵਿੱਚ ਨਸ਼ਟ ਹੋ ਗਿਆ। ਰੂਸੋ ਦੇ ਸਮਾਜਿਕ ਸਮਝੌਤੇ ਨੇ ਦਹਿਸ਼ਤ ਦੇ ਸ਼ਾਸਨ ਵਿੱਚ ਮੂਰਤ ਰੂਪ ਪ੍ਰਾਪਤ ਕੀਤਾ ਸੀ, ਜਿਸ ਤੋਂ ਘਬਰਾ ਕੇ ਪੂੰਜੀਪਤੀ ਵਰਗ ਨੇ, ਜਿਸਦਾ ਖ਼ੁਦ ਆਪਣੀ ਰਾਜਨੀਤਿਕ ਸਮਰੱਥਾ ਵਿਚ ਵਿਸ਼ਵਾਸ ਖਤਮ ਹੋ ਗਿਆ ਸੀ। ਪਹਿਲਾਂ ਡਾਇਰੈਕਟੋਰੇਟ ਦੀ ਭ੍ਰਸ਼ਿਟਤਾ ਦੀ ਸ਼ਰਨ ਲਈ ਅਤੇ ਅੰਤ ਵਿੱਚ ਉਹ ਨੈਪੋਲੀਅਨ ਦੀ ਨਿਰੰਕੁਸ਼ਤਾ ਦੀ ਗੋਦ ‘ਚ ਜਾ ਕੇ ਬੈਠ ਗਿਆ। ਵਾਅਦਾ ਕੀਤਾ ਗਿਆ ਸੀ ਕਿ ਹੁਣ ਸਦਾ ਸ਼ਾਂਤੀ ਰਹੇਗੀ। ਪਰ ਉਹ ਅਮਰ ਸ਼ਾਂਤੀ ਦੂਜੇ ਦੇਸ਼ਾਂ ਨੂੰ ਜਿੱਤਣ ਲਈ ਇੱਕ ਅੰਤਹੀਣ ਯੁੱਧ ਵਿੱਚ ਬਦਲ ਗਈ। ਬੁੱਧੀ ‘ਤੇ ਅਧਾਰਿਤ ਸਮਾਜ ਦਾ ਹਾਲ ਇਸ ਤੋਂ ਬਿਹਤਰ ਨਹੀਂ ਸੀ। ਅਮੀਰ ਅਤੇ ਗਰੀਬ ਦਾ ਵਿਰੋਧ ਮਿਟਾ ਕੇ ਆਮ ਖੁਸ਼ਹਾਲੀ ਨਹੀਂ ਆਈ, ਸਗੋਂ ਸ਼ਿਲਪੀ ਸੰਘਾਂ ਦੇ ਅਤੇ ਹੋਰ ਕਿਸਮ ਦੇ ਉਨ੍ਹਾਂ ਵਿਸ਼ੇਸ਼ਾਧਿਕਾਰਾਂ ਦੇ ਖਤਮ ਕਰ ਦਿੱਤੇ ਜਾਣ ਦੇ ਫਲਸਰੂਪ, ਜਿਸ ਨਾਲ ਕੁਝ ਹੱਦ ਤੱਕ ਇਹ ਵਿਰੋਧ ਘੱਟ ਹੋ ਜਾਂਦਾ ਸੀ ਅਤੇ ਚਰਚ ਦੀਆਂ ਦਾਨਸ਼ੀਲ ਸੰਸਥਾਂਵਾਂ ਦੇ ਖਤਮ ਕਰ ਦਿੱਤੇ ਜਾਣ ਦੇ ਫਲਸਰੂਪ ਇਹ ਵਿਰੋਧ ਹੋਰ ਤਿੱਖਾ ਹੋ ਗਿਆ। ਪੂੰਜੀਵਾਦੀ ਅਧਾਰ ‘ਤੇ ਉਦਯੋਗ ਦਾ ਜੋ ਵਿਕਾਸ ਹੋਇਆ, ਉਸਨੇ ਕਿਰਤੀ ਜਨਤਾ ਦੀ ਦਰਿਦਰਤਾ ਅਤੇ ਕਸ਼ਟਾਂ ਨੂੰ ਸਮਾਜ ਦੀ ਹੋਂਦ ਦੀ ਜ਼ਰੂਰੀ ਸ਼ਰਤ ਬਣਾ ਦਿੱਤਾ। ਅਪਰਾਧਾਂ ਦੀ ਸੰਖਿਆ ਸਾਲ-ਦਰ-ਸਾਲ ਵੱਧਦੀ ਗਈ। ਪਹਿਲਾਂ ਜਗੀਰੂ ਦੁਰਾਚਾਰ ਦਿਨ-ਦਿਹਾੜੇ ਹੁੰਦਾ ਸੀ ; ਹੁਣ ਇਕਦਮ ਖਤਮ ਤਾਂ ਨਹੀਂ ਹੋ ਗਿਆ ਸੀ, ਪਰ ਘੱਟ ਤੋਂ ਘੱਟ ਪਿੱਠ ਭੂਮੀ ਵਿੱਚ ²ਜ਼ਰੂਰ ਚਲਾ ਗਿਆ ਸੀ। ਉਸਦੇ ਥਾਂ ‘ਤੇ ਪੂੰਜੀਵਾਦੀ ਦੁਰਾਚਾਰ ਜੋ ਇਸਤੋਂ ਪਹਿਲਾਂ ਪਰਦੇ ਪਿੱਛੇ ਹੋਇਆ ਕਰਦਾ ਸੀ, ਹੁਣ ਭਰਪੂਰ ਰੂਪ ‘ਚ ਵਧਣ ਲੱਗਿਆ ਸੀ। ਵਪਾਰ ਜਿਆਦਾ ਤੋਂ ਜਿਆਦਾ ਧੋਖੇਬਾਜ਼ੀ ਬਣਦਾ ਗਿਆ। ਇਨਕਲਾਬੀ ਆਦਰਸ਼ ਸੂਤਰ ਦੇ ” ਭਾਈਚਾਰੇ” ਨੇ ਮੁਕਾਬਲੇਬਾਜ਼ੀ ਦੇ ਮੈਦਾਨ ਦੀ ਠੱਗੀ ਅਤੇ ਟਕਰਾਅ ਵਿੱਚ ਮੂਰਤ ਰੂਪ ਪਾ੍ਰਪਤ ਕੀਤਾ। ਬਲਪੂਰਵਕ ਜਬਰ ਦਾ ਸਥਾਨ ਭਰਿਸ਼ਟਾਚਾਰ ਨੇ ਲੈ ਲਿਆ। ਸਮਾਜ ਵਿੱਚ ਉੱਪਰ ਉੱਠਣ ਦੇ ਪਹਿਲੇ ਸਥਾਨ ਦੇ ਰੂਪ ‘ਚ ਤਲਵਾਰ ਦੀ ਥਾਂ ਸੋਨੇ ਨੇ ਗ੍ਰਹਿਣ ਕਰ ਲਈ। ਲੜਕੀਆਂ ਨਾਲ ਪਹਿਲੀ ਰਾਤ ਸੌਣ ਦਾ ਅਧਿਕਾਰ ਜਗੀਰੂ ਪ੍ਰਭੂਆਂ ਦੀ ਬਜਾਇ ਪੂੰਜੀਵਾਦੀ ਕਾਰਖਾਨੇਦਾਰਾਂ ਨੂੰ ਮਿਲ ਗਿਆ। ਵੇਸ਼ਵਾਗਮਨੀ ਵਿੱਚ ਇੰਨਾ ਜਿਆਦਾ ਵਾਧਾ ਹੋ ਗਿਆ ਜੋ ਪਹਿਲਾਂ ਕਦੇ ਸੁਣਿਆਂ ਨਹੀਂ ਗਿਆ ਸੀ। ਵਿਆਹ ਪ੍ਰਥਾ ਪਹਿਲਾਂ ਦੀ ਤਰਾਂ ਹੁਣ ਵੀ ਵੇਸ਼ਵਾਗਮਨੀ ਦਾ ਕਨੂੰਨੀ ਮਾਨਤਾ ਪ੍ਰਾਪਤ ਰੂਪ ਅਤੇ ਉਸਦੀ ਸਰਕਾਰੀ ਰਾਮਨਾਮੀ ਬਣੀ ਹੋਈ ਸੀ ਅਤੇ ਇਸਦੇ ਇਲਾਵਾ ਵਿਆਪਕ ਪਰਾਈ ਇਸਤਰੀ ਗਬਨ ਉਸਦੇ ਅਨੁਪੂਰਕ ਦਾ ਕੰਮ ਕਰ ਰਿਹਾ ਸੀ। ਸੰਖੇਪ ਵਿੱਚ ਦਾਰਸ਼ਨਿਕਾਂ ਨੇ ਜੋ ਸੁੰਦਰ ਵਾਅਦੇ ਕੀਤੇ ਸਨ, ਉਨਾਂ ਦੀ ”ਬੁੱਧੀ ਦੀ ਜਿੱਤ” ਤੋਂ ਉਤਪੰਨ ਸਮਾਜਿਕ ਅਤੇ ਰਾਜਨੀਤਕ ਸੰਸਥਾਵਾਂ ਘੋਰ ਨਿਰਾਸ਼ਾਜਨਕ ਵਿਅੰਗ ਚਿੱਤਰ ਪ੍ਰਤੀਤ ਹੁੰਦੀਆਂ ਸਨ।” (ਡੁਹਰਿੰਗ ਮਤ-ਖੰਡਨ)

ਇਹ ਇੱਕ ਦਿਲਚਸਪ ਗੱਲ ਹੈ ਕਿ ਉੱਨੀਵੀਂ ਸਦੀ ਦੇ ਮੱਧ ਵਿੱਚ, ਜਦ ਬਾਲਜ਼ਾਕ ਮੁਦਰਾ ਦੀ ਸਰਵਸ਼ਕਤੀਮਾਨ ਸੱਤ੍ਹਾ ਨੂੰ ਜੀਵਨ ਦੀ ਧੁਰੀ ਬਣਦੇ ਅਤੇ ਮੁਨਾਫੇ ਨੂੰ ਸਮੁੱਚੀਆਂ ਮਾਨਵੀ ਭਾਵਨਾਵਾਂ ਦੀ ਉਤੋਲਕ ਸ਼ਕਤੀ ਬਣਦੇ ਦੇਖ ਰਹੇ ਸਨ, ਲਗਭਗ ਉਸੇ ਸਮੇਂ ਵਿਗਿਆਨਕ ਸਮਾਜਵਾਦ ਦੇ ਖੋਜੀ ਮਾਰਕਸ ਅਤੇ ਏਂਗਲਜ਼ ਵੀ ਇਹ ਦੇਖ ਰਹੇ ਸਨ ਕਿ ਪੂੰਜੀਵਾਦੀ ਵਰਗ ਨੇ ਪਰਿਵਾਰਕ ਸਬੰਧਾਂ ਉੱਤੋਂ ਭਾਵਕਤਾ ਦਾ ਪਰਦਾ ਉਤਾਰਕੇ ਉਨਾਂ ਨੂੰ ਸਿਰਫ਼ ਨਕਦੀ ਦੇ ਸਬੰਧਾਂ ਵਿੱਚ ਬਦਲ ਦਿੱਤਾ ਹੈ। ਮਾਰਕਸ ਏਂਗਲਜ਼ ਦੀ ਇਹ ਖੋਜ਼ ਪਹਿਲੀ ਵਾਰੀ 1844 ਦੀਆਂ ‘ਆਰਥਿਕ-ਦਾਰਸ਼ਨਿਕ ਹੱਥ ਲਿਖਤਾਂ’ ਵਿੱਚ ਸਾਹਮਣੇ ਆਈ ਅਤੇ ਸਭ ਤੋਂ ਵੱਧ ਸੰਘਣੇ, ਸਟੀਕ ਅਤੇ ਕਾਵਿਆਤਮਕ ਸ਼ਬਦਾਂ ਵਿੱਚ ਉਨ੍ਹਾਂ ਨੇ ਇਸ ਨੂੰ 1848 ਵਿੱਚ ਪ੍ਰਕਾਸ਼ਿਤ ‘ਕਮਿਊਨਿਸਟ ਮੈਨੀਫੈਸਟੋ’ ਵਿੱਚ ਸੂਤਰਬੱਧ ਕੀਤਾ: ”ਪੂੰਜੀਪਤੀ ਵਰਗ ਨੇ ਜਿੱਥੇ ਵੀ ਉਸਦਾ ਪੱਲੜਾ ਭਾਰਾ ਹੋਇਆ, ਉੱਥੇ ਸਾਰੇ ਜਗੀਰੂ ਪਿਤਾ ਪੁਰਖੀ ਅਤੇ ਕਾਵਿਆਤਮਕ ਸਬੰਧਾਂ ਦਾ ਅੰਤ ਕਰ ਦਿੱਤਾ। ਉਸਨੇ ਮਨੁੱਖ ਨੂੰ ਆਪਣਾ ”ਸੁਭਾਵਿਕ ਵੱਡਿਆਂ” ਨਾਲ ਬੰਨ੍ਹੀ ਰੱਖਣ ਵਾਲੇ ਵੱਖ-ਵੱਖ ਤਰਾਂ ਦੇ ਜਗੀਰੂ ਸਬੰਧਾਂ ਨੂੰ ਬੇਰਹਿਮੀ ਨਾਲ ਤੋੜ ਦਿੱਤਾ; ਅਤੇ ਲੰਮੇ ਸਵਾਰਥ ਦੇ, ”ਨਕਦ ਪੈਸੇ-ਧੇਲੇ” ਦਿਲ ਰਹਿਤ ਵਿਵਹਾਰ ਤੋਂ ਬਿਨਾਂ ਮਨੁੱਖਾਂ ਵਿੱਚ ਹੋਰ ਕੋਈ ਦੂਜਾ ਸਬੰਧ ਬਾਕੀ ਨਹੀਂ ਰਹਿਣ ਦਿੱਤਾ। ਧਾਰਮਿਕ ਸ਼ਰਧਾ ਦੇ ਸਵਰਗੀ ਅਨੰਦ ਉਤਸ਼ਾਹ ਅਤੇ ਖੂਹ ਦੇ ਡੱਡੂ ਵਾਲੀ ਭਾਵੁਕਤਾ ਨੂੰ ਉਸਨੇ ਆਨਾ ਪਾਈ ਦੇ ਸਵਾਰਥੀ ਹਿਸਾਬ ਕਿਤਾਬ ਦੇ ਬਰਫ਼ੀਲੇ ਪਾਣੀ ਵਿੱਚ ਡੁਬੋ ਦਿੱਤਾ। ਮਨੁੱਖ ਦੇ ਵਿਅਕਤੀਗਤ ਮੁੱਲ ਨੂੰ ਉਸਨੇ ਵਟਾਂਦਰਾ-ਮੁੱਲ ਬਣਾ ਦਿੱਤਾ ਅਤੇ ਪਹਿਲਾਂ ਦੇ ਅਣਗਿਣਤ ਨਾ ਖੋਹੇ ਜਾ ਸਕਣ ਯੋਗ ਅਧਿਕਾਰ ਪੱਤਰ ਦੁਆਰਾ ਪ੍ਰਦਾਨ ਅਜ਼ਾਦੀਆਂ ਦੀ ਥਾਂ ਹੁਣ ਉਸਨੇ ਇੱਕ ਅਜਿਹੇ ਅੰਤਕਰਣ ਰਹਿਤ ਖਲਾਅ ਦੀ ਸਥਾਪਨਾ ਕੀਤੀ ਹੈ ਜਿਸਨੂੰ ਮੁਕਤ ਵਪਾਰ ਕਹਿੰਦੇ ਹਨ। ਸੰਖੇਪ ਵਿੱਚ, ਧਾਰਮਿਕ ਅਤੇ ਰਾਜਨੀਤਕ ਭਰਮਜਾਲ ਦੇ ਪਿੱਛੇ ਲੁਕੇ ਸ਼ੋਸ਼ਣ ਦੀ ਉਸਨੇ ਨੰਗੇ ਨਿਰਲੱਜ, ਪ੍ਰਤੱਖ ਅਤੇ ਪਾਸ਼ਵਿਕ ਸ਼ੋਸ਼ਣ ਦੀ ਸਥਾਪਨਾ ਕੀਤੀ ਹੈ।” (ਕਮਿਉਨਿਸਟ ਪਾਰਟੀ ਦਾ ਮੈਨੀਫੈਸਟੋ)

‘ਹਿਊਮਨ ਕਮੇਡੀ’ ਲੜੀ ਦੇ ਨਾਵਲਾਂ ਦੀਆਂ ਅਨੇਕਾਂ ਘਟਨਾਵਾਂ ਅਤੇ ਸੈਕੜੇ ਪਾਤਰਾਂ ਦੇ ਚਿੰਤਨ ਅਤੇ ਵਿਵਹਾਰ ਰਾਹੀਂ ਪੂੰਜੀਵਾਦੀ ਸਮਾਜ ਦੇ ਇਸ ਸਾਰਤੱਤ ਨੂੰ ਬਾਲਜ਼ਾਕ ਨੇ ਸਟੀਕ ਅਤਿਵਿਅਕਤੀ ਦਿੱਤੀ ਅਤੇ ਕਿਤੇ ਕਿਤੇ ਇਹ ਦੇਖਕੇ ਹੈਰਾਨੀ ਹੁੰਦੀ ਹੈ ਕਿ ਨਾ ਕੇਵਲ ਪੂੰਜੀਵਾਦੀ ਸਮਾਜ ਦੀ ਆਤਮਿਕ ਖੋਖਲੇਪਣ ਬਾਰੇ, ਸਗੋਂ ਇਤਿਹਾਸ ਦੀ ਕੂੜੇਦਾਨੀ ਵਿੱਚ ਸੁੱਟ ਦਿੱਤੇ ਗਏ ਜਗੀਰੂ ਇਲੀਟਸ ਦੀ ਹੋਣੀ ਬਾਰੇ ਵੀ ਆਪਣੇ ‘ਲੈਜਿਟਮਿਸਟ’ ਵਿਚਾਰਾਂ ਦੇ ਬਾਵਜੂਦ ਬਾਲਜ਼ਾਕ ਮਾਰਕਸ ਵਰਗੀ ਹੀ ਸ਼ਬਦਾਵਲੀ ਦਾ ਪ੍ਰਯੋਗ ਕਰਦੇ ਹਨ। ਤਾਂ ਬਾਲਜ਼ਾਕ ਦੀ ਕਲਾਤਮਕ ਦ੍ਰਿਸ਼ਟੀ ਦੀ ਇਤਿਹਾਸਕ ਸੀਮਾਂ ਇਹ ਸੀ ਕਿ ਉੱਨੀਵੀਂ ਸਦੀ ਦੇ ਚੌਥੇ-ਪੰਜਵੇਂ ਦਹਾਕੇ ਵਿੱਚ ਫਰਾਂਸ ‘ਚ ਮਜ਼ਦੂਰ ਜਮਾਤ ਅੰਦੋਲਨ ਦੀਆਂ ਸਰਗਰਮੀਆਂ ਸ਼ੂਰੁ ਹੋ ਜਾਣ ਦੇ ਬਾਵਜੂਦ ਮਜ਼ਦੂਰ ਜਮਾਤ ਦੀ ਇਤਿਹਾਸਕ ਭੂਮਿਕਾ ਨਹੀਂ ਸਮਝ ਸਕੇ। ਉਹ ਇਹ ਨਹੀਂ ਸਮਝ ਸਕੇ ਕਿ, ਜਿਵੇਂ ਕਿ ਮਾਰਕਸ-ਏਂਗਲਜ਼ ਨੇ ਪਵਿੱਤਰ ਪਰਿਵਾਰ ਵਿੱਚ ਲਿਖਿਆ ਸੀ,”ਨਿੱਜੀ ਸੰਪਤੀ ਮਜ਼ਦੂਰ ਜਮਾਤ ਨੂੰ ਪੈਦਾ ਕਰਕੇ ਖੁਦ ਨੂੰ ਜੋ ਸਜਾ ਸੁਣਾਉਂਦੀ ਹੈ, ਉਸਦੀ ਮਜ਼ਦੂਰ ਜਮਾਤ ਠੀਕ ਉਸੇ ਤਰਾਂ ਤਾਮੀਲ ਕਰਦੀ ਹੈ , ਜਿਸ ਤਰਾਂ ਮਜ਼ਦੂਰ ਜਮਾਤ ਉਸ ਸਜ਼ਾ ਦੀ ਤਾਮੀਲ ਕਰਦੀ ਹੈ ਜੋ ਉਜਰਤੀ ਕਿਰਤ ਨੇ ਦੂਜਿਆਂ ਲਈ ਦੌਲਤ ਤੇ ਆਪਣੇ ਲਈ ਗਰੀਬੀ ਪੈਦਾ ਕਰਕੇ ਖੁਦ ਨੂੰ ਦਿੱਤੀ ਸੀ।”

ਬਾਵਜੂਦ ਇਸਦੇ, ਬਾਲਜ਼ਾਕ ਦੀ ਕਾਲਜਈ ਦੀ ਮਹਾਨਤਾ ਇਸ ਗੱਲ ਵਿੱਚ ਨਿਹਿਤ ਹੈ ਕਿ ਉਨ੍ਹਾਂ ਨੇ ਮਨੁੱਖ ਨੂੰ ਸਮਾਜਿਕ ਰੂਪ ਨਾਲ ਸਰਗਰਮ ਪ੍ਰਾਣੀ ਦੇ ਰੂਪ ‘ਚ ਅਤੇ ਆਪਣੇ ਭਾਗ ਨੂੰ ਮਿੱਥਣ ਵਾਲੇ ਦੇ ਰੂਪ ਵਿੱਚ ਅਤੇ ਆਪਣੇ ਨੈਤਿਕ ਆਦਰਸ਼ਾਂ ਲਈ ਜੂਝਦੇ ਹੋਏ ਦਿਖਾਇਆ। ਆਪਣੇ ਅਨਘੜ ਅਧੂਰੇ ਵਿਗਿਆਨਕ ਵਿਚਾਰਾਂ ਅਤੇ ਆਪਣੇ ਵਿਚਾਰਾਂ ਅਤੇ ਆਸਥਾ ਵਿਚਕਾਰ ਵਿਰੋਧਤਾਈਆਂ ਦੇ ਬਾਵਜੂਦ, ਬਾਲਜ਼ਾਕ ਦੇ ਸਮਾਜਿਕ ਮਾਨਵ ਦੇ ਕੁਦਰਤੀ ਇਤਿਹਾਸ ਸਬੰਧੀ ਸਿਧਾਂਤ ਅਤੇ ਫਲਵੇਅਰ ਦੇ ਇਸ ਸਿਧਾਂਤ ਵਿੱਚ ਕਿ ਕਲਾਕਾਰ ਨੂੰ ਦੇਵਤਾ ਦੇ ਸਮਾਨ ਸਾਵਧਾਨ ਹੋਣਾ ਚਾਹੀਦੈ, ‘ਭਾਰੀ ਅੰਤਰ ਹੈ। ਗਲਫ ਫਾਕਸ ਦੇ ਸ਼ਬਦਾਂ ਵਿੱਚ, ”ਜੀਵਨ ਨੂੰ ਦੇਖਣ ਦਾ ਉਹਨਾਂ ਦਾ ਦ੍ਰਿਸ਼ਟੀਕੋਣ ਸੱਚੇ ਅਰਥਾਂ ਵਿੱਚ ਯਥਾਰਥਵਾਦੀ ਸੀ। ਉਹ ਮਾਨਵ ਸਮਾਜ ਨੂੰ ਉਸਦੀ ਇਤਿਹਾਸ ਪਿੱਠਭੂਮੀ ਵਿੱਚ ਇੱਕ ਅਜਿਹੀ ਵਸਤੂ ਦੇ ਰੂਪ ਵਿੱਚ ਦੇਖਦੇ ਸਨ, ਜੋ ਸੰਘਰਸ਼ ਕਰਦੀ ਹੈ ਅਤੇ ਸੰਘਰਸ਼ਾਂ ਦੇ ਦੌਰਾਨ ਵਿਕਸਿਤ ਹੁੰਦੀ ਹੈ। ਫਲਾਵੇਅਰ ਵਿੱਚ ਜੀਵਨ ਜਿਵੇਂ ਆਮ ਅਤੇ ਸਥਿਰ ਹੋ ਗਿਆ ਸੀ। 1848 ਬਾਅਦ ਜੀਵਨ ਨੂੰ ਉਸਦੇ ਵਿਕਾਸ ਕ੍ਰਮ ਵਿੱਚ ਦੇਖਣਾ ਅਤੇ ਚਿਤਰਨ ਕਰਨਾ ਸੰਭਵ ਨਾ ਰਿਹਾ, ਕਾਰਨ ਕਿ ਉਹ ਵਿਕਾਸ-ਕ੍ਰ੍ਰਮ ਅਤਿਅੰਤ ਦੁਖਦਾਈ ਸੀ। ਜੋ ਜੀਵਨ ਉਨ੍ਹਾਂ ਲਈ ਇੱਕ ਜੰਮੀ ਹੋਈ ਝੀਲ ਬਣ ਗਿਆ।” (ਨਾਵਲ ਅਤੇ ਲੋਕ ਜੀਵਨ)

1848 ਪਿੱਛੋਂ ਬੁਰਜੁਆ ਉਦਾਰਵਾਦ ਅਤੇ ਲੋਕਤੰਤਰਵਾਦ ਦੀਆਂ ਸਾਰੀਆਂ ਧਾਰਾਵਾਂ ਸਾਹਸੱਤਹੀਣ ਹੋ ਚੁੱਕੀਆਂ ਸਨ। ਬੁਰਜੁਆਜ਼ੀ ਦਾ ਮੁੱਖ ਕੰਮ ਹੁਣ ਮਨੁੱਖੀ ਅਧਿਕਾਰਾਂ ਦੇ ਨਾਂ ‘ਤੇ ਜਗੀਰੂ ਇਲੀਟਸ ਨਾਲ ਲੜਨਾ ਨਹੀਂ ਸਗੋਂ ਨਵੀਂ ਉੱਭਰਦੀ ਮਜ਼ਦੂਰ ਲਹਿਰ ਨਾਲ ਨਿਬੜਨਾ ਹੋ ਗਿਆ ਸੀ। ਇਸ ਇਤਿਹਾਸ-ਪ੍ਰਕਿਰਿਆ ਦੀ ਗਤੀ ਦਿਸ਼ਾ ਅਤੇ ‘ਪੈਟਰਨ’  ਨੂੰ ਸਮਝ ਅਤੇ ਪਕੜ ਪਾਉਣ ‘ਚ ਅਸਮਰੱਥਾ ਦੇ ਚਲਦੇ, ਬਾਲਜ਼ਾਕ ਦੀ ਰਚਨਾ ਵਿੱਚ ਸਿਖ਼ਰ ਬਿੰਦੂ ਤੱਕ ਪਹੁੰਚਣ ਤੋਂ ਬਾਅਦ ਬੁਰਜੂਆ ਇਨਕਲਾਬੀ ਯਥਾਰਥਵਾਦ ਦਾ ਖਿੰਡਾਅ ਉੱਨੀਵੀਂ ਸਦੀ ਦੇ ਮਗਰਲੇ ਅੱਧ ਵਿੱਚ ਮੁੱਖ ਰੂਪ ‘ਚ ਫਲਾਵੇਅਰ ਅਤੇ ਜ਼ੋਲਾਂ ਦੀ ਰਚਨਾ ਵਿੱਚ ਪ੍ਰਕ੍ਰਿਤੀਵਾਦ ਦੇ ਰੂਪ ਵਿੱਚ ਸਰਮਾਏ ਦਾ ਆਉਂਣਾ ਹੈ। ਬਾਹਰਮੁਖੀ ਯਥਾਰਥ ਦੀ ਗਹਿਰੀ ਦਵੰਦਾਤਮਕ ਗਤੀਮਾਨਤਾ ਵਿੱਚ ਉੱਭਰਨ ਦੀ ਬਜਾਇ ਪ੍ਰ੍ਰ੍ਰ੍ਰ੍ਰਕ੍ਰਿਤੀਵਾਦ ਨੇ ਕਲਾਤਮਕ ਸਿਰਜਣਾ ਨੂੰ ਸੰਯੋਜਕ, ਅਲੱਗ-ਥਲੱਗ ਵਸਤੂਆਂ ਅਤੇ ਘਟਨਾਵਾਂ ਦੀ ਹਰਕਤਹੀਣ ਪ੍ਰਤੀਬਿੰਬ ਅੰਗਣ ਤੱਕ ਸੀਮਤ ਕਰ ਦਿੱਤਾ।

ਸਟੇਂਡਲ, ਬਾਲਜ਼ਾਕ ਅਤੇ ਡਿਕਨਜ਼ ਦੀ ਰਚਨਾ ਵਿੱਚ ਜਿੱਥੇ ਮਨੁੱਖ ਪ੍ਰਤੀਕੂਲ ਹਾਲਤਾਂ ਵਿਰੁੱਧ ਸੰਘਰਸ਼ ਵਿੱਚ ਸਮਰੱਥ ਦਿਸਦਾ ਸੀ ਉੱਥੇ ਉੱਨੀਵੀਂ ਸਦੀ ਦੇ ਮਗਰਲੇ ਅੱਧ ਵਿੱਚ ਪੱਛਮੀ ਸਾਹਿਤਕ ਯਥਾਰਥਵਾਦ ਬੁਨਿਆਦੀ ਤੌਰ ‘ਤੇ ਵਿਅਕਤੀਤਵ ਦੀ ਅਲਹਿਦਗੀ (ਅਲੀਇਨੇਸ਼ਨ), ਖਿੰਡਾਅ ਅਤੇ ਕਦਰ ਘਟਾਈ ਦਾ ਅਤੇ ਚਰਿੱਤਰ ਇੱਛਾ ਸ਼ਕਤੀ ਅਤੇ ਮਹੌਲ ਵਿਰੁੱਧ ਸੰਘਰਸ਼ ਸਮਰੱਥਾ ਨੂੰ ਖੋਰੇ ਦਾ ਚਿਤਰਣ ਕਰਨ ਵਿੱਚ ਰੁੱਝਿਆ ਦਿਸਦਾ ਹੈ। ਪੱਛਮੀ ਯੂਰਪ ਵਿੱਚ ਪੂੰਜੀਵਾਦ ਦੀ ਨਿਰਣਾਇਕ ਜਿੱਤ ਅਤੇ ਪੂੰਜੀਵਾਦੀ ਪ੍ਰਬੰਧ ਦੇ ਦ੍ਰਿੜੀਕਰਨ ਪਿੱਛੋਂ, ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਅਲੋਚਨਾਤਮਕ ਯਥਾਰਥਵਾਦ ਦੀ ਊਰਜਾਮਈ, ਵੇਗਮਈ ਧਾਰਾ ਉੱਥੋਂ ਵਿਸਥਾਪਤ ਹੋਕੇ ਰੂਸ ਵਿੱਚ (ਤੁਰਗਨੇਵ, ਤਾਲਸਤਾਏ ਤੋਂ ਚੈਖਵ ਤੱਕ ਦੀ ਰਚਨਾ ਵਿੱਚ) ਅਤੇ ਅਮਰੀਕਾ ਵਿੱਚ (ਮੁੱਖ ਤੌਰ ‘ਤੇ ਮਾਰਕ ਟਵੇਨ ਦੇ ਲੇਖਣ ਵਿੱਚ) ਵਹਿਣ ਲੱਗੀ ਸੀ। ਕਿਹਾ ਜਾ ਸਕਦਾ ਹੈ ਕਿ ਜਾਰਜ਼ ਇਲੀਅਟ (ਬ੍ਰਿਟੇਨ) ਜਿਹੀਆਂ ਕੁੱਝ ਛੋਟਾਂ ਸਨ, ਜਿੰਨਾਂ ਦੇ ਲੇਖਣ ਵਿੱਚ ਉੱਨੀਵੀਂ ਸਦੀ ਦੇ ਮਗਰਲੇ ਅੱਧ ਵਿੱਚ ਵੀ ਮਾਨਵਤਾਵਾਦ ਅਤੇ ਮਾਨਵੀ ਆਦਰਸ਼ਾਂ ਲਈ ਸੰਘਰਸ਼ਾਂ ਦੀ ਸਰਗਰਮ ਚੇਤਨਾ ਦਿਸਦੀ ਸੀ।

ਮੁਦਰਾ ਦੀ ਸੱਤ੍ਹਾ ਵਿਰੁੱਧ ਇੱਕ ਸਿਰਜਕ ਦਾ ਘਣਘੋਰ ਯੁੱਧ

ਨਵਜਾਤ ਬੁਰਜੁਆ ਸਮਾਜ ਦੀ ਕਰੂਪਤਾ ਅਤੇ ਅਮਨੁੱਖਤਾ ਦੀ ਪਹਿਲੀ ਪ੍ਰਤੀਕਿਰਿਆ ਕਲਾ ਸਾਹਿਤ ਦੀ ਦੁਨੀਆਂ ਵਿੱਚ, ਉੱਨੀਵੀਂ ਸਦੀ ਦੇ ਅਰੰਭਕ ਦਹਾਕਿਆਂ ਵਿੱਚ ਰੋਮਾਂਚਵਾਦ (ਰੋਮਾਂਟੀਸਿਜਮ) ਦੇ ਰੂਪ ਵਿੱਚ ਸਾਹਮਣੇ ਆਈ। ਰੋਮਾਂਚਵਾਦ ਦੀ ਇੱਕ ਧਾਰਾ ਬੁਰਜੂਆਜ਼ੀ ਦੀ ਜਿੱਤ ਦੀ ਰੂੜ੍ਹੀਵਾਦੀ, ਅਤੀਤਮੁਖੀ, ਪ੍ਰਕਿਰਿਆ ਸੀ ਜੋ ਲੋਕਾਂ ਪ੍ਰਤੀ ਅਵਿਸ਼ਵਾਸ਼ ਅਤੇ ਭੈਅ ਨਾਲ ਭਰੀ ਹੋਈ ਸੀ ਅਤੇ ਭਰਮਪੂਰਨ ਆਦਰਸ਼ਾਂ ਦੀ ਰਚਨਾ ਕਰਦੀ ਸੀ। ਰੋਮਾਂਚਵਾਦ ਦੀ ਦੂਜੀ ਧਾਰਾ ਸੁਭਾਅ ਪੱਖੋਂ ਪ੍ਰਗਤੀਸ਼ੀਲ ਸੀ, ਇਹਦੇ ਦੁਆਰਾ ਪੇਸ਼ ਯੁਟੋਪੀਏ ਵਿੱਚ ”ਭਵਿੱਖ ਦੀ ਕਵਿਤਾ” ਦੀਆਂ ਗੂੰਜਾਂ ਸਨ। ਫਿਰ ਵੀ ਇਸ ਧਾਰਾ ਦੇ ਕਲਾਕਾਰਾਂ-ਰਚਨਾਕਾਰਾਂ ਵਿੱਚ ਬੁਰਜੁਆ ਸਮਾਜ ਦੀਆਂ ਬੁਰਾਈਆਂ ਪ੍ਰਤੀ ਸਮਝਦਾਰੀ,ਲੋਕਾਂ ਦੇ ਜੀਵਨ ਵਿੱਚ ਦਿਲਚਸਪੀ ਅਤੇ ਉਸਦੀ ਸਰਗਰਮੀ ਵਿੱਚ ਅਤੇ ਭਵਿੱਖ ਵਿੱਚ ਵਿਸ਼ਵਾਸ ਵਰਗੀਆਂ ਵਿਸ਼ੇਸ਼ਤਾਵਾਂ ਸਪੱਸ਼ਟ ਦਿਸਦੀਆਂ ਸਨ।

ਉੱਨੀਵੀਂ ਸਦੀ ਦੇ ਆਰੰਭ ਵਿੱਚ ਉੱਭਰਦੇ ਰੋਮਾਂਚਵਾਦ ਦੀ ਉਪਰੋਕਤ ਦੂਜੀ ਧਾਰਾ ਅਠਾਰਵੀਂ ਸਦੀ ਦੇ ਪ੍ਰਬੋਧਨਕਾਲੀਨ ਯਥਾਰਥਵਾਦ ਦੀ ਤੁਲਨਾ ਵਿੱਚ ਵਧੇਰੇ ਘਣੀ ਤੇ ਗਹਿਰੀ ਸੀ। ਇਹਨੇ ਮਨੁੱਖ ਦੇ ਅੰਦਰੂਨੀ ਜਗਤ ਨੂੰ ਚਿਤਰਣ ਕਰਦੇ ਹੋਏ ਵਿਅਕਤੀਤਵ ਦੇ ਅੰਦਰ ਦੇ ਦਵੰਦਾਂ ਨੂੰ ਅਤੇ ਇਸਦੀ ‘ਮਨੋਗਤ ਅਨੰਤਤਾ’ ਨੂੰ ਉਘਾੜਨ ਦਾ ਕੰਮ ਕੀਤਾ। ਨਾਲ ਹੀ ਰੋਮਾਂਚਵਾਦ ਦੀ ਇਨਕਲਾਬੀ ਧਾਰਾ ਨੇ ਕਲਾ ਵਿੱਚ ਇਤਿਹਾਸਵਾਦ ਅਤੇ ਲੋਕਾਂ ਨਾਲ ਮਜ਼ਬੂਤ ਸਬੰਧਾਂ ਦੇ ਸਿਧਾਂਤ ਪੇਸ਼ ਕੀਤੇ।

1830 ਦੇ ਦਹਾਕੇ ਦੇ ਅਲੋਚਨਾਤਮਕ ਯਥਾਰਥਵਾਦ ਦੀ ਜੋ ਧਾਰਾ ਵਿਕਸਿਤ ਹੋਈ, ਜਿਸਦੇ ਸਿਖ਼ਰ-ਪੁਰਖ ਬਾਲਜ਼ਾਕ ਸਨ, ਉਸਦੇ ਰੋਮਾਂਚਵਾਦ ਨਾਲ ਅਨੁਵੰਸ਼ਿਕ ਸਬੰਧ ਸਨ। ਦੋਵੇਂ ਹੀ ਕਲਾਤਮਕ ਵਿਚਾਰ ਸਾਰਣੀਆਂ ਦੀ ਜਮੀਨ ਸੀ-ਬੁਰਜੁਆ ਇਨਕਲਾਬ ਤੋਂ ਮੋਹ ਭੰਗ ਅਤੇ ਪੂੰਜੀਵਾਦ ਵਿਵਸਥਾ ਨੂੰ ਸਵੀਕਾਰ ਨਾ ਕਰਨਾ। ਯਥਾਰਥਵਾਦ ਦੀ ਇਸ ਨਵੀਂ ਪ੍ਰਵਿਰਤੀ ਨੂੰ ਵਸਤੂਗਤ ਯਥਾਰਥ ਦੀਆਂ ਗੁੰਝਲਾਂ ਨਾਲ ਹੀ ਮਨੋਗਤ ਜਗਤ ਦੀਆਂ ਗਹਿਰਾਈਆਂ ਵਿੱਚ ਵੀ ਉਤਰਨ ਦੀ ਸਮਰੱਥਾ ਦਿੱਤੀ ਸੀ, ਜਿਸਦੇ ਸਹਾਰੇ ਬਾਲਜ਼ਾਕ, ਸਟੇਂਡਾਲ ਬੁਰਜੂਆ ਸਮਾਜ ਦੀ ਵਿਸਥਾਰਤ ਵਿਵਿਧਤਾਪੂਰਨ ਤਸਵੀਰ ਨਾਵਲ ਦੇ ਕੈਨਵਸ ‘ਤੇ ਉਕੇਰਨ ਵਿੱਚ ”ਘਟਨਾਵਾਂ ਅਤੇ ਮਨੋਭਾਵਾਂ ਦੇ ਵਿਸ਼ਾਲ ਭੰਡਾਰ ਦੇ ਛਿਪੇ ਹੋਏ ਅਰਥ” (ਬਾਲਜ਼ਾਕ) ਨੂੰ ਉਦਘਾਟਿਤ ਕਰਨ ਵਿੱਚ ਅਤੇ ਉਹਨਾਂ ਦੇ ਸਮਾਜਿਕ ਅਧਾਰ ਨੂੰ ਸਪੱਸ਼ਟ ਕਰ ਸਕਣ ਵਿੱਚ ਸਫ਼ਲ ਰਹੇ। ਇਸ ਦੌਰ ਵਿੱਚ ਅਲੋਚਨਾਤਮਕ ਯਥਾਰਥਵਾਦੀ ਸਾਹਿਤ ਮੁੱਖ ਤੌਰ ‘ਤੇ ਨਾਵਲ ਵਿਧਾ ਵਿੱਚ ਉੱਭਰਕੇ ਸਾਹਮਣੇ ਆਇਆ। ਇਹਨਾਂ ਨਾਵਲਾਂ ਵਿੱਚ ਸੰਪਤੀ ਦੀ ਦੁਨੀਆਂ ਦੇ ਖਿਲਾਫ ਵਿਅਕਤੀਆਂ ਦੀ ਸਨਮਾਨ ਅਤੇ ਅਜ਼ਾਦੀ ਦੇ ਸੰਘਰਸ਼,ਵਪਾਰੀਆਂ ਦੀਆਂ ਲੂੰਬੜ ਚਾਲਾਂ ਅਤੇ ਗਰੀਬਾਂ ਦੇ ਦੁਰਭਾਗ ਦੇ ਚਿਤਰਣ ਨਾਲ ਹੀ ਆਮ ਕਰਕੇ ਇਹ ਤਸਵੀਰ ਪੇਸ਼ ਕੀਤੀ ਜਾਂਦੀ ਸੀ ਕਿ ਭੌਤਿਕ ਖੁਸ਼ਹਾਲੀ ਕਿਸ ਤਰਾਂ ਨੈਤਿਕ ਪਤਨ ਨੂੰ ਜਨਮ ਦੇ ਰਹੀ ਹੈ, ਕਿਸ ਤਰਾਂ ਲੋਕਾਂ ਦੇ ਕੁਦਰਤੀ ਪਰੰਪਰਿਕ ਬੰਧਨ ਖਿੰਡ ਅਤੇ ਟੁੱਟ ਰਹੇ ਹਨ ਅਤੇ ਕਿਸ ਤਰਾਂ ਵਿਆਹ ਮਹਿਜ ਇੱਕ ”ਬਿਜਨੈਸ-ਡੀਲ’ ਹੋਕੇ ਰਹਿ ਗਿਆ ਹੈ। ਪਰ ਉੱਨੀਵੀਂ ਸਦੀ ਦੇ ਮਗਰਲੇ ਅੱਧ ਦਾ ਯਥਾਰਥਵਾਦ ਆਪਣੀ ਅਲੋਚਨਾਤਮਕ ਸਪਿਰਟ ਦੇ ਬਾਵਜੂਦ ਸਰਵ ਨਿਖੇਧਵਾਦੀ ਨਹੀਂ ਸੀ। ਮਾਨਵਤਾਵਾਦ ਅਤੇ ਪ੍ਰਗਤੀ ਵਿੱਚ ਵਿਸ਼ਵਾਸ਼ ਇਸਦੇ ਬੁਨਿਆਦੀ ਸਾਕਾਰਾਤਮਕ ਆਦਰਸ਼ ਸਨ। ਬਾਲਜਾਕ ਦੇ ਨਾਵਲਾਂ ਦੇ ਸਾਕਾਰਾਤਮਕ ਆਦਰਸ਼ ਅਤੇ ਉਨਾਂ ਦੀ ਵਿਗਿਆਨੀ ਤਰਕਪੂਰਵਕ ਪੇਸ਼ਕਾਰੀ ਦੇ ਬਾਰੇ ਗਲਫ ਫਾਕਸ ਨੇ ਲਿਖਿਆ ਹੈ :

ਹਿਊਮਨ ਕਮੇਡੀ ਦੀ ਭੂਮਿਕਾ ਵਿੱਚ ਖੁਦ ਬਾਲਜ਼ਾਕ ਨੇ ਦੱਸਿਆ ਹੈ ਕਿ ਉਹ ਮਾਨਵ ਨੂੰ ਸਮਾਜ ਦੀ ਦੇਣ ਦੇ ਰੂਪ ‘ਚ ਦੇਖਦੇ ਸਨ, ਉਸਨੂੰ ਉਸਦੇ ਕੁਦਰਤੀ ਵਾਤਾਵਰਨ ਵਿੱਚ ਦੇਖਕੇ ਸਨ ਅਤੇ ਇਹ ਕਿ ਵਿਗਿਆਨਕ ਢੰਗ ਨਾਲ ਉਸਦਾ ਅਧਿਐਨ ਕਰਨ ਦੀ ਉਸੇ ਤਰਾਂ ਦੀ ਸ਼ੰਕਾ ਉਹ ਵੀ ਅਨੁਭਵ ਕਰਦੇ ਸਨ ਜਿਸ ਤਰਾਂ ਦੀ ਪਸ਼ੂਜਗਤ ਦਾ ਅਧਿਐਨ ਕਰਨ ਵਾਲੇ ਮਹਾਨ ਪ੍ਰਕਿਰਤੀ ਵਿਗਿਆਨਕ ਅਨੁਭਵ ਕਰਦੇ ਹਨ। ਉਨ੍ਹਾਂ ਦੇ ਰਾਜਨੀਤਕ ਅਤੇ ਧਾਰਮਿਕ ਵਿਚਾਰ ਉਹੀ ਸਨ ਜੋ ਪੁਰਾਣੇ ਜਗੀਰੂ ਫਰਾਂਸ ਦੇ ਸਨ, ਪਰ ਮਾਨਵ ਪ੍ਰਤੀ ਉਹਨਾਂ ਦਾ ਇਹ ਰਵੱਈਆ ਮਾਨਵੀ ਜੀਵਨ ਦੇ ਸੁਖਾਂਤ ਨਾਟਕ ਦੀ ਉਨ੍ਹਾਂ ਦੀ ਧਾਰਨਾ, ਇਨਕਲਾਬ ਦੀ,ਉਨ੍ਹਾਂ ਜੋਕੋਬਿਨਾਂ ਦੀ, ਜਿੰਨ੍ਹਾਂ ਨੇ ਫਰਾਂਸੀਸੀ ਸਮਾਜ ਦੀਆਂ ਸਮਾਜਿਕ ਬੇੜੀਆਂ ਨੂੰ ਪੂਰੀ ਬੇਰਹਿਮੀ ਨਾਲ ਚਕਨਾਚੂਰ ਕਰ ਦਿੱਤਾ ਸੀ, ਮੁਹਿਮ ‘ਤੇ ਨਿੱਕਲੇ ਉਨ੍ਹਾਂ ਸੈਨਿਕਾਂ ਦੀ ਦੇਣ ਸੀ, ਜਿੰਨ੍ਹਾਂ ਨੇ ਯੂਰਪ ਦੀਆਂ ਬਾਦਸ਼ਾਹਤਾਂ ਨੂੰ ਨੈਪੋਲੀਅਨ ਦੀ ਅਗਵਾਈ ਅੱਗੇ ਗੋਡੇ ਟੇਕਣ ਲਈ ਮਜ਼ਬੂਰ ਕਰ ਦਿੱਤਾ ਸੀ। ਬਾਲਜਾਕ ਇਸ ਵਿੱਚ ਸ਼ੱਕ ਨਹੀਂ ਕਿ ਫਰਾਂਸ ਦੇ ਸਾਹਿਤਕ ਨੈਪੋਲੀਅਨ ਸਨ। ਉਨ੍ਹਾਂ ਨੇ ਸਾਹਿਤਕ ਖੇਤਰ ਵਿੱਚ ਜਗੀਰੂ ਵਿਚਾਰਾਂ ਨੂੰ ਉਨੀ ਪੂਰਨਤਾ ਨਾਲ ਨਸ਼ਟ ਕੀਤਾ, ਜਿਨ੍ਹੀ ਪੂਰਨਤਾ ਨਾਲ ਰਾਜਨੀਤਕ ਖੇਤਰ ਵਿੱਚ ਉਸ ਮਹਾਨ ਸੈਨਿਕ ਨੇ ਜਗੀਰੂ ਵਿਵਸਥਾ ਨੂੰ ਨਸ਼ਟ ਕੀਤਾ ਸੀ। ਮੁੜ-ਬਹਾਲੀ ਦੇ ਦੌਰ ਦੇ ਫਰਾਂਸ ਵਿੱਚ ਪੂੰਜੀਵਾਦੀ ਸਮਾਜ ਦੀ, ਨਵੇਂ ਪੂੰਜੀਵਾਦੀ ਸਮਾਜਿਕ ਸਬੰਧਾਂ ਦੀ ਅਲੋਚਨਾ ਰੋਮਾਟਿਸਿਜ਼ਮ ਦੇ ਮੱਧਕਾਲੀਨ ਚੋਲ਼ੇ ਵਿੱਚ ਪ੍ਰਗਟ ਹੁੰਦੀ ਸੀ।

ਆਪਣੇ ਵਿਅਕਤੀਗਤ ਜੀਵਨ ਵਿੱਚ ਅਤੇ ਇਸੇ ਤਰਾਂ ਦੇ ਖੇਤਰ ਵਿੱਚ, ਰੋਮਾਂਟਿਕਾ ਦੇ ਰੋਮਾਂਸ ਵਰਤਮਾਨ ਦੇ ਵਿਰੁੱਧ ਉਨਾਂ ਦੇ ਵਿਦਰੋਹ ਨੂੰ ਅਤੇ ਵਰਤਮਾਨ ਤੋਂ ਉਨਾਂ ਦੇ ਪਲਾਇਨ ਨੂੰ ਪ੍ਰਗਟ ਕਰਦੇ ਸਨ। ਬਾਲਜ਼ਾਕ ਨੇ ਨਾਂ ਤਾਂ ਵਿਦਰੋਹ ਕੀਤਾ ਨਾ ਪਲਾਇਨ। ਰੋਮਾਂਟਿਕਾਂ ਦੀ ਸਾਰੀ ਕਲਪਨਾ-ਪ੍ਰਵੀਨਤਾ ਉਹਨਾਂ ਦੀ ਕਵਿਤਾ ਇੱਥੋਂ ਤੱਕ ਕਿ ਉਹਨਾ ਦੀ ਰਹੱਸਵਾਦਤਾ, ਬਾਲਜ਼ਾਕ ਵਿੱਚ ਮੌਜੂਦ ਸੀ ਪਰ ਉਹ ਉਹਨਾਂ ਤੋਂ ਉੱਪਰ ਉੱਠੇ ਅਤੇ ਵਰਤਮਾਨ ਤੇ ਆਪਣੇ ਯਥਾਰਥਵਾਦੀ ਹਮਲੇ ਦੁਆਰਾ ਇੱਕ ਨਵੇਂ ਸਾਹਿਤ ਦਾ ਉਨਾਂ ਰਸਤਾ ਦਿਖਾਇਆ। ਸਮਕਾਲੀ ਜੀਵਨ ਦੀ ਵਾਸਤਵਿਕਤਾ ਨੂੰ ਕਲਪਨਾਤਮਕ ਰੂਪ ਨਾਲ ਧਾਰਨ ਕਰਨ ਵਿੱਚ ਉਹ ਕਰੀਬ-ਕਰੀਬ ਉਸੇ ਪੈਮਾਨੇ ‘ਤੇ ਸਮਰੱਥ ਹੋਏ, ਜਿਸ ‘ਤੇ ਕਿ ਰਾਵੇਲੇ ਅਤੇ ਸਰਵਾਂਤੇਸ। ਪਰ ਬਾਲਜ਼ਾਕ ਦਾ ਸੁਭਾਅ ਸੀ ਕਿ ਉਨ੍ਹਾਂ ਨੇ ਸਦੀ ਦੇ ਸ਼ੁਰੂ ਦੇ ਭਾਗ ਵਿੱਚ ਜੀਵਨ ਵਿਤਾਇਆ ਜਦੋਂ ਕਿ ਕੌਮੀ ਸ਼ਕਤੀ ਦੇ ਭੀਮ-ਅਕਾਰੀ ਉਭਾਰ, ਜਿਸਨੇ ਇਨਕਲਾਬ ਅਤੇ ਨੈਪੋਲੀਅਨੀ ਮਹਾਂਕਾਵਿ ਦੀ ਸ੍ਰਿਸ਼ਟੀ ਕੀਤੀ- ਦੀ ਤਾਕਤ ਅਤੇ ਤਪਸ ਦਾ ਅਸਰ ਚੌਥੇ ਅਤੇ ਪੰਜਵੇਂ ਦਹਾਕੇ ਦੇ ਅਰੰਭ ਦੇ ਸਾਹਿਤਕ ਅੰੰਦੋਲਨ ਵਿੱਚ ਅਜੇ ਮੌਜੂਦ ਸੀ।” (ਨਾਵਲ ਅਤੇ ਲੋਕ ਜੀਵਨ)

‘ਹਿਊਮਨ ਕਮੇਡੀ’ ਦੀ ਨਾਟਕੀ ਮਹਾਂਕਾਵਿਆਤਮਕਤਾ ਦੇ ਮੂਲ ਸਰੋਤ ਉੱਨੀਵੀਂ ਸਦੀ ਦੇ ਮਗਰਲੇ ਅੱਧ ਦੇ ਯੁੱਗ ਦੀ ਨਾਟਕੀਅਤਾ ਦੇ ਨਾਲ ਹੀ ਖੁਦ ਮਾਨਵ ਹੋਂਦ ਦੀ ਨਾਟਕੀਅਤਾ ਵਿੱਚ ਨਿਹਿਤ ਹਨ। ਇੱਕ ਪਾਸੇ, ਸਮਾਜ ਅਤੇ ਇਤਿਹਾਸ ‘ਤੇ ਵਿਅਕਤੀ ਦੀ ਨਿਰਭਰਤਾ ਨੂੰ ਬਾਲਜ਼ਾਕ ਤੋਂ ਪਹਿਲਾਂ ਕਿਸੇ ਵੀ ਹੋਰ ਲੇਖਕ ਨੇ ਇੰਨੇ ਵਿਆਪਕ ਅਤੇ ਗਹਿਰੇ ਅਰਥਾਂ ਵਿੱਚ ਨਹੀਂ ਸਮਝਿਆ ਸੀ। ਦੂਜੇ ਪਾਸੇ, ਮੁਦਰਾ ਦੀ ਸ਼ਕਤੀਮਾਨਤਾ ਸਰਵਵਿਆਪਕਤਾ ਅਤੇ ਸਰਵਹਿਤੈਸ਼ਤਾ” (ਬਾਲਜ਼ਾਕ) ਤੋਂ ਪੈਦਾ ਹੋਣ ਵਾਲੇ ਪ੍ਰਤੀਨਿਧਕ ਦਵੰਦਾਂ ਨੂੰ ਵੀ ਸਮਝਣ ਅਤੇ ਅਭਿਵਿਅਕਤੀ ਦੇਣ ਵਿੱਚ ਬਾਲਜ਼ਾਕ ਦੀ ਸਮਰੱਥਾ ਅਚੁੱਕ ਅਤੇ ਬੇਜੋੜ ਸੀ। ”ਘਟੀਆ ਧਨੀ ਸਿਖਾਂਦਰੂਆਂ” ਦੇ ਪ੍ਰਭਾਵ ਵਿੱਚ ਆਪਣਾ ਮਾਣ ਸਨਮਾਨ ਗੁਆ ਦੇਣ ਵਾਲੇ ਇਲੀਟਸ (ਮਕਸਿਮ ਦ ਤਰਾਈ; ਰਾਸ਼ਨੀਨਾਕ ਅਤੇ ਹੋਰ) ਚਤਰ ਚਲਾਕ ਡੀਲਰਾਂ ਅਤੇ ਹੋਰ ਮਹੱਤਵਾਕਾਂਕਸ਼ੀ ਲੋਕਾਂ ਅਤੇ ਨਾਲ ਹੀ ਉਨ੍ਹਾਂ ਦੇ ਸ਼ਿਕਾਰ ਬਨਣ ਵਾਲਿਆਂ ; ਲੁੱਟ ਦੇ ਕਨੂੰਨੀਕਰਨ, ਵਿਸ਼ਵਾਸ਼ਘਾਤ ਅਤੇ ਬੇਸ਼ੁਮਾਰ ਦੌਲਤ ਨੂੰ ਜਨਮ ਦੇਣ ਵਾਲੀਆਂ ਘ੍ਰਣਿਤ ਸਾਜਿਸ਼ਾਂ ( ਗੋਬਸੈਕ, 1830, ” ਯੁਜੀਨ ਗ੍ਰਾਂਦੇ 1833”, ‘ਦ ਨਸੀਜੈਨ ਹਾਉਸ’ 1838, ‘ਦ ਪੀਜੈਂਟਸ’ 1844, ‘ਕਜਨ ਪੋਸ’ 1846-47, ਅਤੇ ਹੋਰ) ਮੌਤ ਅਤੇ ਗੈਰ ਸਰਗਰਮ ਜੀਵਨ ਵਿੱਚੋਂ ਵਿਕਲਪ ਚੁਣਦੇ ਨੌਜਵਾਨ ਅਤੇ ਨੈਤਿਕ ਨਿਘਾਰ ( ਰਾਸਨੀਤਾਕ ਲੂਸੀਆ ਦਾ ਰੂਬੰਮਪਰੇ ਅਤੇ ਮਾਰਕਸ) ; ਕਲਾ ਦੀ ਵੇਸ਼ਵਾਵਿਰਤੀ (ਲਾਸਟ ਇਲਿਊਜੰਸ 1837-43 ਅਤੇ ‘ਏ ਡਾਟਰ ਆਫ਼ ਈਵ’ 1838) ਇੱਕ ਵਿਦਵਾਨ ਅਤੇ ਖੋਜ਼ੀ ਦੀ ਤਰਾਸਦੀ ਅਤੇ ਪਰਿਵਾਰਕ ਅਤੇ ਨਿੱਜੀ ਸਬੰਧਾਂ ਵਿੱਚ ਖਰੀਦਣ-ਵੇਚਣ ਦੇ ਸਿਧਾਂਤਾਂ ਦੀ ਸਰਦਾਰੀ ਤੋਂ ਪੈਦਾ ਹੋਣ ਵਾਲੀਆਂ ਅਨੰੰਤ ਤਰਾਸਦੀਆਂ ਨੂੰ ਬਾਲਜਾਕ ਨੇ ਕੁਸ਼ਲਤਾ ਨਾਲ ਕਥਾਬੰਧਾਂ ਵਿੱਚ ਬੰਨ ਕੇ ਨਾ ਕੇਵਲ ਉਸ ਯੁੱਗ ਦਾ ”ਕੁਦਰਤੀ ਇਤਿਹਾਸ” ਲਿਖ ਦਿੱਤਾ, ਸਗੋਂ ਮੁਨਾਫਾ, ਮਾਲ-ਉਤਪਾਦਨ ਅਤੇ ਮੁਦਰਾ ਦੀ ਸਰਦਾਰੀ ਦੀ ਦੁਨੀਆਂ ਦੇ ਸਾਰਤੱਤ ਨੂੰ ਨੰਗਾ ਕਰਨ ਵਿੱਚ ਅਦੁੱਤੀ ਸਫ਼ਲਤਾ ਹਾਸਲ ਕੀਤੀ। ਖੇਤੀ ਵਪਾਰ, ਵਿੱਤੀ ਸੰਸਥਾਵਾਂ, ਨੌਕਰਸ਼ਾਹੀ, ਸਿੱਖਿਆ, ਸੱਭਿਆਚਾਰ ਅਤੇ ਰਾਜਨੀਤੀ ਦੇ ਖੇਤਰਾਂ ਨਾਲ ਹੀ ਪਰਿਵਾਰਕ ਅਤੇ ਆਤਮਿਕ ਜੀਵਨ ਤੱਕ ਵਿੱਚ ਪੂੰਜੀਵਾਦੀਕਰਨ ਦੇ ਪਰਿਣਾਮ ਸਰੂਪ ਜੋ ਪਰਿਵਰਤਨ ਹੋ ਰਹੇ ਸਨ ਅਤੇ ਜਿਸ ਤਰਾਂ ਪੈਸਾ ਪਰਮੇਸ਼ਵਰ ਦੀ ਸੱਤ੍ਹਾ ਨੇ ਧੋਖਾਧੜੀ, ਜਾਲਸ਼ਾਜੀ, ਵਿਭਚਾਰ ਆਦਿ ਨਾਲ ਅਨੇਕ ਕਿਸਮਾਂ ਦੇ ਸਫੈਦਪੋਸ਼ ਅਪਰਾਧਾਂ ਨਾਲ ਸਮਾਜ ਨੂੰ ਭਰ ਦਿੱਤਾ ਸੀ, ਇਹ ਦੇਖਦੇ ਹੋਏ ਬਾਲਜ਼ਾਕ ਪੂੰਜੀਵਾਦੀ ਸਮਾਜ ਦੇ ਇਸ ਸਾਰ ਨੂੰ ਸਮਝ ਚੁੱਕੇ ਸਨ ਕਿ ”ਹਰ ਸੰਪਤੀ ਸਮਾਜ ਅਪਰਾਧ ਦੀ ਬੁਨਿਆਦ ‘ਤੇ ਖੜ੍ਹਾ ਹੁੰਦਾ ਹੈ।” ਮੌਨਤੈਸਕਿਊ ਦੇ ਇਸ ਕਥਨ ਨੂੰ ਉਹ ਵਿਸ਼ੇਸ਼ ਤੌਰ ‘ਤੇ ਰੇਖਾਂਕਿਤ ਕਰਦੇ ਹਨ ਕਿ ”ਕਾਨੂੰਨ ਇੱਕ ਅਜਿਹਾ ਮਕੜਜਾਲ਼ ਹੈ, ਜਿਸ ਵਿੱਚੋਂ ਵੱਡੀਆਂ ਮੱਖੀਆਂ ਤਾਂ ਨਿੱਕਲ ਜਾਂਦੀਆਂ ਹਨ ਪਰ ਛੋਟੀਆਂ ਫਸ ਜਾਂਦੀਆਂ ਹਨ।” ਉਨ੍ਹਾਂ ਨੇ ਜਿਸ ਤਰਾਂ ਭਵਿੱਖ ਵਿੱਚ ਨੌਜਵਾਨ ਅਤੇ ਪਰੌੜ ਹੋਣ ਵਾਲੇ ਪੂੰਜੀਵਾਦੀ ਸਮਾਜ ਦੇ ਪਾਤਰਾਂ ਨੂੰ ਉਨ੍ਹਾਂ ਦੇ ਬਚਪਨ ਵਿੱਚ ਹੀ ਪਛਾਣ ਲਿਆ ਸੀ ਅਤੇ ਉਨ੍ਹਾਂ ਦੇ ਭਾਵੀ ਵਿਕਾਸ ਨੂੰ ਆਪਣੇ ਨਾਵਲਾਂ ਵਿੱਚ ਪੇਸ਼ ਕੀਤਾ ਸੀ, ਉਸੇ ਤਰਾਂ ਪੂੰਜੀਵਾਦ ਦੇ ਅਨੇਕ ਉਪ-ਵਿਕਾਸਾਂ -ਵਿਗਾੜਾਂ ਨੂੰ ਵੀ ਉਨ੍ਹਾਂ ਨੇ ਉੱੱਨੀਵੀਂ ਸਦੀ ਦੇ ਮਗਰਲੇ ਅੱਧ ਦੇ ਫਰਾਂਸੀਸੀ ਜੀਵਨ ਵਿੱਚ ਪ੍ਰਵਿਰਤੀ -ਰੂਪ ਵਿੱਚ ਪਛਾਣਨ ਪਿੱਛਂੋ ਨਾਵਲਾਂ ਵਿੱਚ ਇਸ ਤਰਾਂ ਸ਼ਾਮਲ ਕੀਤਾ ਸੀ ਕਿ ਉਹ ਅੱਜ ਦੇ ਜੀਵਨ ਦੇ ਚਿੱਤਰ ਪ੍ਰਤੀਤ ਹੁੰਦੇ ਹਨ।

ਲਾਲਫੀਤਾ ਸ਼ਾਹੀ, ਰਿਸ਼ਵਤ ਖੋਰੀ, ‘ਅੰਡਰ ਵਰਲਡ’ (ਓਲਡ ਗੋਰੀਓ, ‘ ‘ਲਾਸਟ ਇਲਿਊਜੰਮ, ਏ ਹਾਰਲਟ, ਹਾਈ ਐਂਡ ਲੋਅ’, ਹਿਸਟਰੀ ਆਫ ਦਾ ਥਰਟੀਨ’) ਅਤੇ ਸਟਾਕ ਐਕਸਚੇਂਜ ਦੀ ਨਿਯਮਕ ਸ਼ਕਤੀ (ਦ ਵਾਈਲਡ ਐਸਜ ਸਿਕਨ) ਦੀ ਉਨ੍ਹਾਂ ਨੇ ਡੇਢ ਸੌ ਸਾਲ ਪਹਿਲਾਂ ਇਨੀ ਜੀਵੰਤ ਤਸਵੀਰ ਉੱਕਰੀ ਸੀ ਕਿ ਉਹ ਅੱਜ ਵੀ ਪ੍ਰਤੀਤ ਹੁੰਦੀ ਹੈ। ਬਾਲਜ਼ਾਕ ਨੇ ਪਹਿਲੀ ਵਾਰ ਰਾਜਨੀਤੀ, ਰਾਜਸੱਤਾ ਅਤੇ ਕਨੂੰਨ ਦੀ ਦੁਨੀਆਂ ਦੇ ਪਿੱਛੇ ਦੇ ਭੌਤਿਕ ਹਿੱਤਾਂ ਸਵਾਰਥਾਂ ਨੂੰ ਸਾਹਿਤ ਵਿੱਚ ਇਨੀ ਵਸਤੂਗਤ ਸਟੀਕਤਾ ਅਤੇ ਤਫਸੀਲਾਂ ਨਾਲ ਉਜਾਗਰ ਕੀਤਾ। ਉਹ ਦੋ ਟੁਕ ਸ਼ਬਦਾਂ ਵਿੱਚ ਕਹਿੰਦੇ ਹਨ: ”ਸਾਥੋਂ ਸੁੰਦਰ ਤਸਵੀਰਾਂ ਦੀ ਮੰਗ ਕੀਤੀ ਜਾਂਦੀ ਹੈ। ਪਰ ਉਨ੍ਹਾਂ ਦੇ ਨਮੂਨੇ ਇਸ ਸਮਾਜ ਵਿਵਸਥਾ ਵਿੱਚ ਹਨ ਕਿੱਥੇ ? ਤੁਹਾਡੇ ਘਿਨੌਣੇ ਕੱਪੜੇ, ਤੁਹਾਡੇ ਕੱਚਘਰੜ ਇਨਕਲਾਬ, ਤੁਹਾਡਾ ਬਾਤੂਨੀ ਬੁਰਜੁਆ, ਤੁਹਾਡਾ ਮਰਿਆ ਧਰਮ, ਤੁਹਾਡੀ ਨਿਕ੍ਰਿਸ਼ਟ ਸ਼ਕਤੀ, ਬਿਨਾ ਸਿੰਘਾਸਨ ਦੇ ਤੁਹਾਡੇ ਬਾਦਸ਼ਾਹ, ਇਹ ਸਭ ਕੀ ਇੰਨੇ ਕਾਵਿਆਤਮਕ ਹਨ ਕਿ ਇਨਾਂ ਦਾ ਚਿਤਰਣ ਕੀਤਾ ਜਾਏ? ਅਸੀਂ ਵੱਧ ਤੋਂ ਵੱਧ ਇਨ੍ਹਾਂ ਦਾ ਮਜ਼ਾਕ ਉਡਾ ਸਕਦੇ ਹਾਂ।” ਮਨ ਵਿੱਚ ਗਹਿਰੀ ਧਸੀ ਇਸ ਨਫ਼ਰਤ ਦੇ ਬਾਵਜੂਦ ਬਾਲਜਾਕ ਪ੍ਰਕਿਰਤੀਵਾਦੀ ਹੋਣੀਵਾਦ ਦਾ ਸ਼ਿਕਾਰ ਹੋਣ ਦੀ ਬਜਾਏ ਸਹਿਕਾਰ (ਲਾਸਟ ਇਲਿਊਜੰਸ) ਦਿਆਲਤਾ (ਮਾਸ ਫਾਰ ਐਨ ਅਥੀਸਟ ਆਦਿ) , ਚਰਿਤਰ ਦੀ ਨਿਆਂ ਨਿਸ਼ਠਾ (ਕਰਨਲ ਸ਼ਾਬੇਰ ਵਿੱਚ ਸ਼ਾਬੇਰ), ਗੌਰਵ (ਦ ਕੰਟਰੀ ਡਾਕਟਰ ਗੋਗਉਲ) , ਦੋ ਟੁਕਪਣ (ਦ ਪੀਜੈਂਟਸ ਵਿੱਚ-ਨਿਸੇਰੋ), ਆਪਸੀ ਵਿਸ਼ਵਾਸ਼ ਅਤੇ ਸਮਰਪਣ (ਕਜਨ ਪੋਂਸ ਵਿੱਚ ਪੋਂਸ ਅਤੇ ਸ਼ਮੂਕ) ਆਦਿ ਉੱਚੇ ਮਾਨਵੀ ਆਦਰਸ਼ਾਂ ਪ੍ਰਤੀ ਆਪਣੀ ਅਟਲ ਆਸਥਾ ਕਾਇਮ ਰੱਖਦੇ ਹਨ।

ਬਾਲਜ਼ਾਕ ਦੀਆਂ ਰਚਨਾਵਾਂ ਵਿੱਚ ਪੇਸ਼ ਮਾਨਵੀ ਸਾਰਤੱਤ ਦੀ ਵਿਆਪਕਤਾ ਅਤੇ ਗਹਿਰਾਈ ਨਿਰਸੰਦੇਹ ਉਨ੍ਹਾਂ ਵਿੱਚੋਂ ਜਿਆਦਾਤਰ ਨੂੰ ਸਰਵਕਾਲਿਕ ਮਹੱਤਵ ਵਾਲੀਆਂ ਕਲਾਸਿਕੀ ਰਚਨਾਵਾਂ ਦੀ ਸ਼੍ਰੇਣੀ ਵਿੱਚ ਸਥਾਪਤ ਕਰ ਦਿੰਦੀ ਹੈ। ਪੂੰਜੀਵਾਦੀ ਸਮਾਜ ਦੇ ਸਾਰਤੱਤ ਨੂੰ ਅਤੇ ਸਮਾਜਿਕ ਸਬੰਧਾਂ ਅਤੇ ਨੈਤਿਕ ਮੁੱਲਾਂ ਨੂੰ ਬਾਲਜ਼ਾਕ ਨੇ ਮਹਾਨ ਕਲਾਕਾਰ ਦੀ ਅੰਤਰਦ੍ਰਿਸ਼ਟੀ ਨਾਲ ਹੀ ਇੱਕ ਸਮਾਜ ਵਿਗਿਆਨਕ ਦੀ ਬਾਹਰਮੁਖਤਾ ਨਾਲ ਇੰਨੀ ਕੁਸ਼ਲਤਾ ਨਾਲ ਪੇਸ਼ ਕੀਤੀ ਹੈ ਕਿ ਅਸੀਂ ਅੱਜ ਦੇ ਪੂੰਜੀਵਾਦ ਦੇ ਪਰਛਾਵੇਂ-ਦਿੱਖਾਂ ਵਿੱਚ ਦੇਖ ਸਕਦੇ ਹਾਂ। ਵਿਸ਼ੇਸ਼ ਕਰਕੇ ਭਾਰਤ ਵਿੱਚ ਜਿੱਥੇ ਬਸਤੀਵਾਦ ਤੋਂ ਬਾਅਦ ਦੀ ਅੱਧੀ ਸਦੀ ਦੇ ਲੰਮੇ ਸਮੇਂ ਵਿੱਚ ਰੋਗੀ-ਲੰਗੜਾ ਪੂੰਜੀਵਾਦ ਪੀੜਾਕਾਰੀ ਧੀਮੀ ਗਤੀ ਨਾਲ ਭੋਤਿਕ -ਆਤਮਕ ਜੀਵਨ ਦੇ ਰਗ-ਰੇਸ਼ਿਆਂ ਨੂੰ ਵਿੰਨਦਾ ਰਿਹਾ ਹੈ, ਉੱਥੇ ਇੱਕੀਵੀਂ ਸਦੀ ਦੇ ਅਰੰਭ ਵਿੱਚ ਵੀ ਬਾਲਜਾਕ ਜਿਵੇਂਂ ਸਾਡੇ ਆਸ ਪਾਸ ਦੀ ਸਚਾਈ ‘ਤੇ ਰੌਸ਼ਨੀ ਪਾਉਂਦੇ ਅਤੇ ਉਸਨੂੰ ਸਮਝਣ ਵਿੱਚ ਮਦਦ ਕਰਦੇ ਪ੍ਰ੍ਰਤੀਤ ਹੁੰਦੇ ਹਨ। ਅਜਿਹਾ ਲਗਦਾ ਹੈ ਕਿ ਬਾਲਜ਼ਾਕ ਨੇ ਪੂੰਜੀਵਾਦੀ ਸਮਾਜ ਦੇ ਬਚਪਨ ਵਿੱਚ ਜਿੰਨ੍ਹਾਂ ਕਰੂਪਤਾਵਾਂ ਵਿਗਾੜਾਂ ਨੂੰ ਦੇਖਿਆ ਸੀ, ਉਨਾਂ ਦੇ ਹੀ ਹੋਰ ਸਪੱਸ਼ਟ ਵਿਕਸਿਤ ਰੂਪਾਂ ਨੂੰ ਅਸੀਂ ਉਸਦੇ ਬੁੱਢੇਪੇ ਵਿੱਚ ਦੇਖ ਰਹੇ ਹਾਂ। ਕਿਹਾ ਵੀ ਜਾਂਦਾ ਹੈ ਕਿ ਬੁਢਾਪਾ ਬਚਪਨ ਦੀ ਵਾਪਸੀ ਹੁੰਦਾ ਹੈ। ਜੋ ਵੀ ਹੋਵੇ, ਇਨ੍ਹਾਂ ਤੈਅ ਹੈ ਕਿ ਜਦ ਤੱਕ ਨਿੱਜੀ ਸੰਪਤੀ ਦੀ ਦੁਨੀਆਂ ਰਹੇਗੀ ਤਦ ਤੱਕ ਬਾਲਜ਼ਾਕ ਪ੍ਰਸੰਗਕ ਬਣੇ ਰਹਿਣਗੇ

ਇਹੀ ਬਾਲਜ਼ਾਕ ਦੀ ਮਹਾਨਤਾ ਹੈ

ਪੇਂਡੂ ਜੀਵਨ ਵਿੱਚ ਪੂੰਜੀ ਦਾ ਪ੍ਰਵੇਸ਼ : ਬਾਲਜਾਕ ਦੀ ਖੋਜ ਅਤੇ ਕਿਸਾਨ

ਬਾਲਜ਼ਾਕ ਦਾ ਨਾਵਲ ‘ਦ ਪੀਜੇਂਟਰੀ, (‘ਸੰਸ ਆਫ ਦਿ ਸੋਇਲ’ ਨਾਂ ਨਾਲ ਅੰਗਰੇਜੀ ‘ਚ ਪ੍ਰਕਾਸ਼ਿਤ ) 1844 ਵਿੱਚ ਪ੍ਰਕਾਸ਼ਿਤ ਹੋਇਆ। ਜਾਣੀ ਇਹ ‘ਹਿਉਮਨ ਕਮੇਡੀ’ ਲੜੀ ਦੇ ਆਖਰੀ ਪੜਾਅ ਦੀ ਰਚਨਾ ਹੈ। ਇਸ ਦੀ ਗਿਣਤੀ ਬਾਲਜ਼ਾਕ ਦੀਆਂ ਸਭ ਤੋਂ ਵੱਧ ਮਹੱਤਵਪੂਰਨ ਅਤੇ ਪਰਿਪੱਕ ਰਚਨਾਵਾਂ ਵਿੱਚ ਕੀਤੀ ਜਾਂਦੀ ਹੈ।

ਬਾਲਜਾਕ ਦੀ ਅਗਲੀ ਪੀੜ੍ਹੀ ਦੇ ਪ੍ਰਸਿੱਧ ਲੇਖਕ ਗੋਂਕੁਰ ਬੰਧੂਆ (ਜੂਲ ਅਤੇ ਐਂਡਮੰਡ ਗੋਂਕੁਰ) ਦੀ ਡਾਇਰੀ ਵਿੱਚ ‘ਕਿਸਾਨ’ ਦੀ ਚਰਚਾ ਕਰਦੇ ਹੋਏ ਬਾਲਜ਼ਾਕ ਦੀ ਇਤਿਹਾਸਕ ਮਹੱਤਤਾ ਅਤੇ ਮਰਮਭੇਦੀ ਅਰਥਵੱਤਾ ਨੂੰ ਇਨ੍ਹਾਂ ਸ਼ਬਦਾਂ ਵਿੱਚ ਪੇਸ਼ ਕੀਤੀ ਗਿਆ ਹੈ; ਮੈਂ ਬਾਲਜਾਕ ਦੀ ਰਚਨਾ ਹੁਣੇ-ਹੁਣੇ ਪੜ੍ਹ ਕੇ ਖਤਮ ਕੀਤੀ ਹੈ। ਬਾਲਜਾਕ ਨੂੰ ਹੁਣ ਤੱਕ ਕਿਸੇ ਨੇ ਰਾਜਨੇਤਾ ਨਹੀਂ ਕਿਹਾ ਹੈ। ਫਿਰ ਵੀ ਉਹ ਸ਼ਾਇਦ ਸਾਡੇ ਸਮੇਂ ਦੇ ਮਹਾਂਨਤਮ ਰਾਜਨੇਤਾ ਸਨ, ਅਜਿਹ ਇੱਕ ਮਾਤਰ ਵਿਅਕਤੀ ਸਨ ਜੋ ਸਾਡੀ ਬਿਮਾਰੀ ਦੀ ਜੜ੍ਹ ਨੂੰ ਸਮਝ ਸਕੇ। ਇਕੱਲੇ ਉਹੀ ਸਨ, ਜਿਸਨੇ ਇੱਕ ਉਚਾਈ ਤੋਂ, 1789 ਦੇ ਉਪਰੰਤ ਫਰਾਂਸ ਦੇ ਖਿੰਡਾਅ ਨੂੰ ਕਨੂੰਨ ਪਿੱਛੇ ਦੇ ਤੌਰ ਤਰੀਕਿਆਂ ਨੂੰ, ਸ਼ਬਦਾਂ ਪਿਛਲੇ ਤੱਥਾਂ ਨੂੰ ਪ੍ਰਤੱਖ ਵਿਵਸਥਾ ਦੀ ਤਹਿ ਹੇਠਾਂ ਫੈਲੇ ਨਿਰੰਕੁਸ਼ ਸਵਾਰਥਾਂ ਦੀ ਅਵਸਥਾ ਨੂੰ ਦੁਰਉਪਯੋਗਤਾ ਦੀ ਥਾਂ ਲੈਣ ਵਾਲੇ ਪ੍ਰਭਾਵਾਂ  ਨੂੰ ਜੱਜ ਦੇ ਸਾਹਮਣੇ ਅਸਮਾਨਤਾ ਦੁਆਰਾ ਕਨੂੰਨ ਸਾਹਮਣੇ ਸਮਾਨਤਾ ਦੇ ਵਿਨਾਸ਼ ਨੂੰ ਦੇਖਿਆ। ਸੰਖੇਪ ਵਿੱਚ ਇਹ ਕਿ ਉਨਾਂ ਨੇ 1789 ਦੇ ਕਾਰਜ ਕ੍ਰਮ ਵਿੱਚ ਨਿਹਿਤ ਉਸ ਝੂਠ ਨੂੰ ਉਜਾਗਰ ਕੀਤਾ ਜਿਸਨੇ ਇਨਾਮਾਂ ਦੀ ਥਾਂ ਵੱਡੇ ਸਿੱਕਿਆਂ ਦੀ ਸਥਾਪਨਾ ਕੀਤੀ ਅਤੇ ਪਦਵੀਧਾਰੀ ਕੁਲੀਨਾ (ਮਾਰਕਿਣਸਾਂ) ਨੂੰ ਬੈਂਕਰਾਂ ਵਿੱਚ ਬਦਲ ਦਿੱਤਾ ਅਤੇ ਇਹ ਇੱਕ ਨਾਵਲਕਾਰ ਸੀ ਜਿਸਨੇ ਇਸ ਸਭਦੇ ਭੇਦ ਨੂੰ ਸਮਝਿਆ।”

ਬਾਲਜਾਕ ਨੇ ‘ਹਿਊਮਨ ਕਮੇਡੀ’ ਦੀ ਪੂਰੀ ਯੋਜਨਾ ਦੇ ਅੰਤਰਗਤ ਆਪਣੇ ਚਾਰ ਨਾਵਲਾਂ ਵਿੱਚ ਫਰਾਂਸੀਸੀ ਪੇਂਡੂ ਜੀਵਨ ਦੇ ਅੰਦਰੂਨੀ ਅਤੇ ਬਾਹਰੀ ਰੰਗਾਂ ਨੂੰ ਚਿਤਰਤ ਕਰਦੇ ਹੋਏ, ਜਗੀਰੂ ਭੂਮੀ-ਸਬੰਧਾਂ ਦੇ ਪੂੰਜੀਵਾਦੀ ਰੁਪਾਂਤਰਣ ਅਤੇ ਆਧੂਨਿਕ ਪੂੰਜੀਵਾਦ ਦੇ ਵਿਕਾਸ ਵਿੱਚ ਖੇਤੀ ਦੀ ਭੂਮਿਕਾ ਨੂੰ, ਪੂੰਜੀਵਾਦ ਦੇ ਅੰਤਰਗਤ ਪਿੰਡ ਅਤੇ ਸ਼ਹਿਰ ਵਿਚਕਾਰ ਲਗਾਤਾਰ ਵੱਧਦੀ ਖਾਈ ਨੂੰ ਛੋਟੇ ਮਾਲਕ-ਕਿਸਾਨ ਤੇ ਸੂਦ ਖੋਰ ਮਹਾਜਨਾਂ ਦੀ ਜਕੜਬੰਦੀ ਨੂੰ, ਸ਼ਹਿਰੀ ਅਤੇ ਪੇਂਡੂ ਮਹਾਜਨੀ ਦੇ ਫਰਕ ਨੂੰ, ਖੇਤੀ ਵਿੱਚ ਮਾਲ ਉਤਪਾਦਨ ਦੀ ਵੱਧਦੀ ਸਰਦਾਰੀ ਅਤੇ ਕਿਸਾਨੀ ਜੀਵਨ ‘ਤੇ ਮੁਦਰਾ ਦੇ ਪ੍ਰਭਾਵ ਨੂੰ ਅਤੇ ਕਿਸਾਨ ਆਬਾਦੀ ਦੇ ਵਿਭੇਦੀਕਰਨ ਅਤੇ ਕੰਗਾਲੀਕਰਨ ਨੂੰ ਜਿਸ ਅੰਤਰਭੇਦੀ ਗਹਿਰਾਈ ਅਤੇ ਚਹੁੰਮੁਖੀ ਵਿਆਪਕਤਾ ਨਾਲ ਪੇਸ਼ ਕੀਤਾ ਹੈ, ਉਹ ਆਰਥਿਕ ਇਤਿਹਾਸ ਜਾਂ ਸਮਾਜ ਵਿਗਿਆਨ ਦੀ ਕਿਸੇ ਕਿਤਾਬ ਵਿੱਚ ਵੀ ਦੇਖਣ ਨੂੰ ਨਹੀਂ ਮਿਲਦਾ। ਖੇਤੀ ਦੇ ਪੂੰਜੀਵਾਦੀ ਵਿਕਾਸ ਅਤੇ ਪਿੰਡਾਂ ਵਿੱਚ ਪੂੰਜੀਵਾਦੀ ਭੂਮੀ ਸਬੰਧਾਂ ਅਤੇ ਉਨਾਂ ਦੇ ਨਤੀਜਿਆਂ ਨੂੰ ਸਮੁੱਚੇ ਰੂਪ ਵਿੱਚ ਜਾਨਣ-ਸਮਝਣ ਲਈ ਮਾਰਕਸ ਅਤੇ ਲੈਨਿਨ ਦੀਆਂ ਇਸ ਵਿਸ਼ੇ ‘ਤੇ ਲਿਖਤਾਂ ਦੇ ਨਾਲ ਹੀ ਬਾਲਜ਼ਾਕ ਦੇ ਇਨ੍ਹਾਂ ਚਾਰ ਨਾਵਲਾਂ ਨੂੰ ਅਤੇ ਇਨ੍ਹਾਂ ਚੋਂ ਵੀ ਖਾਸਕਰ ‘ਕਿਸਾਨ’ ਨੂੰ ਪੜ੍ਹਨ ਦੀ ਸਿਫ਼ਾਰਸ਼ ਪੁਰਜੋਰ ਕੀਤੀ ਜਾ ਸਕਦੀ ਹੈ।

ਬਾਲਜ਼ਾਕ ਸਹਿਰੀ ਮੱਧਵਰਗੀ ਰੋਮਾਨੀ ਨਜ਼ਰੀਏ ਤੋਂ ਨਾਂ ਤਾਂ ਕਿਤੇ ਆਹਾ ਪੇਂਡੂ ਜੀਵਨ ਵੀ ਕੀ ਹੈ? ਦੀਆਂ ਆਹਾਂ ਭਰਦੇ ਨਜਰ ਆਉਂਦੇ ਹਨ, ਨਾ ਹੀ ਉਨ੍ਹਾਂ ”ਕਾਵਿਆਤਮਕ ਸਬੰਧਾਂ” ਅਤੇ ਪੁਰਾਣੀਆਂ ਸੰਸਥਾਵਾਂ ਸਬੰਧਾਂ ਚੀਜਾਂ

ਲਈ ਰੋਂਦੇ ਦਿਸਦੇ ਹਨ ਜਿੰਨ੍ਹਾਂ ਨੂੰ ਪੂੰਜੀ ਜਾਂ ਤਾਂ ਨਿਗਲ ਜਾਂਦੀ ਹੈ ਜਾਂ ਮੁੜ ਸੰਸਕਾਰਤ ਕਰਦੇ ਅਪਣਾ ਲੈਂਦੀ ਹੈ ਜਾਂ ਫਿਰ ਅਜਾਇਬਘਰਾਂ ਵਿੱਚ ਸੁਰੱਖਿਅਤ ਕਰ ਦਿੰਦੀ ਹੈ। ਇਸਦੇ ਉਲਟ ਉਹ ਠਹਿਰੇ ਹੋਏ ਪੇਂਡੂ ਜੀਵਨ ਦੀ ਖੂਹ ਦੇ ਡੱਡੂਆਂ ਵਾਲੀ ਤਸੱਲੀ ਦੇ ਪ੍ਰਤੀ ਘਿਰਣਾ ਪ੍ਰਗਟ ਕਰਦੇ ਹਨ ਅਤੇ ਉਸ ਮੱਧਵਰਗੀ ਸ਼ਹਿਰੀ ਨਜਰੀਏ ਦੀ ਖਿੱਲੀ ਉਡਾਉਦੇ ਹਨ ਜਿਸ ਨੂੰ ਪੇਂਡੂ ਜੀਵਨ ਇੱਕ ਖੂਬਸੂਰਤ ਲੈਂਡਸਕੇਪ ਨਜਰ ਆਉਂਦਾ ਹੈ।

ਇੱਕ ਠੰਡੀ ਬਾਹਰਮੁਖਤਾ ਨਾਲ ਬਾਲਜ਼ਾਕ ਪਿੰਡਾਂ ਵਿੱਚ ਫੈਲੇ ਪਛੜੇਪਣ, ਅਗਿਆਨਤਾ, ਖੂਹ ਦੇ ਡੱਡੂ ਪੁਣੇ ਨਿਰਦੈਤਾ ਅਤੇ ਉਸ ਅਮਾਨਵੀਕਰਨ ਦੀ ਚਰਚਾ ਕਰਦੇ ਹਨ ਜੋ ਧੀਮੀ ਗਤੀ ਵਾਲੇ ਅਲੱਗ ਅਲੱਗ ਪਏ ” ਆਟੋਨੋਮਸ” ਪੇਂਡੂ ਮਹੌਲ ਦੇ ਜ਼ਰੂਰੀ ਗੁਣ ਹਨ ਅਤੇ ਪਿੰਡਾਂ ‘ਚ ਪੂੰਜੀ ਦਾ ਪ੍ਰਵੇਸ਼ ਇਨ੍ਹਾਂ ਨੂੰ ਹੋਰ ਨਿਰਦਈ ਨਿਰੰਕੁਸ਼ ਬਣਾਉਣ ਦਾ ਕੰਮ ਵੀ ਕਰਦਾ ਹੈ। ਪੱਛਮੀ ਦੁਨੀਆਂ ਵਿੱਚ ਖੇਤੀ ਵਿੱਚ ਪੂੰਜੀਵਾਦ ਦਾ ਪ੍ਰਵੇਸ਼ ਸਭ ਤੋਂ ਇਨਕਲਾਬੀ ਢੰਗ ਨਾਲ ਫਰਾਂਸ ਅਤੇ ਅਮਰੀਕਾ ਵਿੱਚ ਹੋਇਆ, ਉੱਥੋਂ ਦੇ ਬੁਰਜੂਆ ਜਮਹੂਰੀ ਇਨਕਲਾਬ ਦੇ ਬਾਅਦ ਦੇ ਦ੍ਰਿ੍ਰਸ਼ ਨੂੰ ਚਿਤਰਤ ਕਰਦੇ ਹੋਏ ਬਾਲਜਾਕ ਨੇ ਦਿਖਾਇਆ ਹੈ ਕਿ ਪੇਂਡੂ ਜੀਵਨ ਉੱਥੇ ਵੀ ਲਗਭਗ ਠਹਿਰਿਆ ਹੋਇਆ ਜਿਹਾ ਹੈ, ਭਵਿੱਖ ਨੂੰ ਲੈ ਕੇ ਕਿਤੇ ਕੋਈ ਉਤਸ਼ਾਹ ਨਹੀਂ ਹੈ, ਬਾਹਰੀ ਦੁਨੀਆਂ ਨਾਲ ਨਾਂ ਮਾਤਰ ਦਾ ਸੰਘਰਸ਼ ਹੈ, ਨਵੇਂ ਵਿਚਾਰਾਂ ਦਾ ਪ੍ਰਭਾਵ ਨਾ ਮਾਤਰ ਹੈ। ਖੇਤ ਮਜ਼ਦੂਰ, ਛੋਟਾ ਮਾਲਕ ਕਿਸਾਨ, ਰਿਟਾਇਰਡ ਫੌਜੀ ਸਾਰੇ ਆਤਮਵਿਸ਼ਵਾਸ਼ ਤੋਂ ਖਾਲੀ ਰਾਮ ਭਰੋਸੇ ਜਿਉਂ ਰਹੇ ਹਨ। ਖੇਤਾਂ ਵਿੱਚ ਭਰਪੂਰ ਹੱਡ ਗਾਲਣ ਦੇ ਬਾਵਜੂਦ ਕੁੱਝ ਵੀ ਹਾਸਲ ਨਹੀਂ ਹੁੰਦਾ। ਗਰੀਬੀ, ਭੂਮੀਹਣਤਾ, ਕਰਜਾਈਪੁਣਾ, ਕੁਪੋਸ਼ਣ, ਬਿਮਾਰੀ , ਗਰੀਬੀ ਦੇ ਚਲਦੇ ਉੱਚੀ ਜਨਮਦਰ ਅਤੇ ਉੱਚੀ ਮੌਤ ਦਰ ਵਿਸ਼ੇਸ਼ ਕਰਕੇ ਬਾਲ ਮੌਤ ਦਰ ਅਤੇ ਅੰਧਵਿਸ਼ਵਾਸ਼ ਅਤੇ ਭਾਗਵਾਦ ਦਾ ਚੌਫੇਰੇ ਬੋਲਬਾਲਾ ਹੈ।

ਪਿਛਲੀ ਅੱਧੀ ਸਦੀ ਦੌਰਾਨ, ਭਾਰਤ ਦੇ ਪਿੰਡਾਂ ਵਿੱਚ ਅਸਹਿ ਪੀੜਾਦਾਈ ਧੀਮੀ ਗਤੀ ਨਾਲ ਜੋ ਪੂੰਜੀਵਾਦੀ ਵਿਕਾਸ ਹੋਇਆ ਹੈ, ਉਸਦੀ ਬਾਲਜ਼ਾਕ ਦੁਆਰਾ ਪੇਸ਼ ਫਰਾਂਸ ਦੇ ਪੇਂਡੂ ਦ੍ਰਿ੍ਰਸ਼ ਨਾਲ ਕਾਫੀ ਸਮਾਨਤਾ ਹੈ। ਭਾਰਤ ਵਿੱਚ ਅਜਿਹੇ ਵਲਾਇਤੀ ਸ਼ਹਿਰੀ ਸਮਾਜ ਸ਼ਾਸਤਰੀਆਂ ਅਰਥਸ਼ਾਸਤਰੀਆਂ,ਨਲਾਇਕ ਖੱਬੇ ਪੱਖੀਆਂ ਅਤੇ ਕਲਪਨਾ ਤੇ ਅਧਕਚਰੀ ਸਿਧਾਂਤਕਤਾ ਦੇ ਸਹਾਰੇ ”ਯਥਾਰਥ” ਦਾ ਚਿੱਤਰ ਖਿੱਚਣ ਵਾਲੇ ਲੇਖਕਾਂ ਦੀ ਭਰਮਾਰ ਹੈ ਜੋ ਮਹਿਜ ਪਛੜੇਪਣ, ਪੂਰਵ ਪੂੰਜੀਵਾਦੀ ਸਮਾਜਿਕ-ਆਰਥਿਕ ਰਹਿੰਦ ਖੂੰਹਦ ਪੁਰਾਣੇ ਵਿਚਾਰਾਂ ਸੰਸਥਾਵਾਂ ਅਤੇ ਬਾਹਰੀ ਰੂਪਾਂ ਦੇ ਅਧਾਰ ‘ਤੇ ਅੱਜ ਵੀ ਭਾਰਤ ਦੇ ਪੇਂਡੂ ਜੀਵਨ ਨੂੰ ਜਗੀਰਦਾਰ ਰਾਹੀਂ ਜਕੜਿਆ ਹੋਇਆ ਮੰਨਦੇ ਹਨ ਅਤੇ ਪੂੰਜੀ ਦੀ ਨਿਰਣਾਇਕ ਪਕੜ ਨੂੰ ਦੇਖ ਹੀ ਨਹੀਂ ਪਾਉਂਦੇ। ਉਹ ਪੂੰਜੀਵਾਦ ਨੂੰ ਉਸ ਹੱਦ ਤੱਕ ਰੈਡੀਕਲ, ਇਨਕਲਾਬੀ, ਜਮਹੂਰੀ, ਰੂਪ ਵਿੱਚ ਦੇਖਣਾ ਚਾਹੁੰਦੇ ਹਨ। ਜਿੰਨਾਂ ਉਹ ਉਸ ਫਰਾਂਸ ਤੱਕ ਵਿੱਚ ਨਹੀਂ ਸੀ। ਜਿੱਥੇ ਕਿ ਕਲਾਸਿਕੀ ਪੂੰਜੀਵਾਦੀ ਜਮਹੂਰੀ ਇਨਕਲਾਬ ਸਭ ਤੋਂ ਵਧੇਰੇ ਇਨਕਲਾਬੀ ਢੰਗ ਨਾਲ ਨੇਪਰੇ ਚੜ੍ਹਿਆ ਸੀ। ਅਜਿਹੇ ਲੋਕਾਂ ਨੂੰ ਬਾਲਜ਼ਾਕ ਦੁਆਰਾ ਚਿਤਰਤ ਫਰਾਂਸੀਸੀ ਪੇਂਡੂ ਜੀਵਨ ਵਿੱਚ ਪੂੰਜੀਵਾਦੀ ਤਬਦੀਲੀ ਦਾ ਅਧਿਐਨ ਕਰਨਾ ਚਾਹੀਦਾ ਹੈ।

ਕਿਸੇ ਕੁਸ਼ਲ ਅਰਥਸ਼ਾਸਤਰੀ ਤੋਂ ਵੀ ਵੱਧ ਕੁਸ਼ਲਤਾ ਨਾਲ ਬਾਲਜ਼ਾਕ ਨੇ ਇਸ ਚੀਜ਼ ਨੂੰ ਦਿਖਾਇਆ ਹੈ ਕਿ ਅਸਮਾਨ ਵੰਡ ਦੇ ਕਾਰਨ ਦੇ ਅੰਤਰਗਤ ਪਿੰਡ ਅਤੇ ਸ਼ਹਿਰ ਦਾ ਅੰਤਰ ਵੱਧਦਾ ਹੀ ਚਲਾ ਜਾਂਦਾ ਹੈ। ਭੂ-ਸਵਾਮੀ,ਵਪਾਰੀ, ਸੂਦਖੋਰ, ਮਹਾਜਨ ਅਤੇ ਸਰਕਾਰੀ ਅਮਲੇ ਸਭ ਦੀ ਨਜ਼ਰ ਕਿਸਾਨ ਦੁਆਰਾ ਉਤਪਾਦਤ ਵਾਧੂ ਕਦਰ ‘ਤੇ ਰਹਿੰਦੀ ਹੈ। ਨਗਦੀ ਦੀ ਜ਼ਰੂਰਤ ਮੰਡੀ ਅਤੇ ਭੰਡਾਰਨ ਦੀ ਮਜਬੂਰੀ ਕਰਕੇ ਕਿਸਾਨ ਸਟੋਰੀਏ (ਸਟੋਰ ਕਰਨ ਵਾਲੇ), ਦਲਾਲਾਂ, ਆੜ੍ਹਤੀਆਂ ਦੇ ਚੁੰਗਲ ਵਿੱਚ ਫਸਦਾ ਚਲਾ ਜਾਂਦਾ ਹੈ ਅਤੇ ਜਿਸ ਵੱਡੇ ਭੂ-ਸਵਾਮੀ ਕੋਲ ਪੂੰਜੀ ਦੀ ਤਾਕਤ ਹੁੰਦੀ ਹੈ। ਉਹ ਛੋਟੇ ਮਾਲਕ ਕਿਸਾਨਾਂ ਨੂੰ ਉਜਾੜਕੇ ਖੇਤ ਮਜ਼ਦੂਰ ਦੀਆਂ ਸਫ਼ਾਂ ਵਿੱਚ ਧੱਕਦਾ ਚਲਾ ਜਾਂਦਾ ਹੈ। ਖੁਦ ਬਾਲਜ਼ਾਕ ਦੇ ਸ਼ਬਦਾਂ ਵਿੱਚ ” ਛੋਟੇ ਕਿਸਾਨ ਦੀ ਤਰਾਸਦੀ ਇਹ ਹੈ ਕਿ ਉਹ ਜਗੀਰੂ ਸ਼ੋਸਣ ਤੋਂ ਮੁਕਤ ਹੋ ਕੇ, ਪੂੰਜੀਵਾਦੀ ਸ਼ੋਸ਼ਣ ਦੇ ਜਾਲ ਵਿੱਚ ਫਸ ਜਾਂਦਾ ਹੈ।”

ਪੇਂਡੂ ਅਰਥਚਾਰੇ ਅਤੇ ਕਿਸਾਨਾਂ ਦੀ ਸਥਿਤੀ ਦੇ ਹਰ ਪੱਖ ਨੂੰ ਤਫਸੀਲ ਨਾਲ ਦੇਖਦੇ ਹੋਏ ਬਾਲਜ਼ਾਕ ‘ਕਿਸਾਨ’ ਵਿੱਚ ਸਮੱਸਿਆ ਦੇ ਸਾਰਤੱਤ ਨੂੰ ਫੜਦੇ ਹਨ ਅਤੇ ਦਸਦੇ ਹਨ ਕਿ ਸਵਾਲ ਭੂ-ਮਾਲਕੀ ਦੀ ਜਗੀਰੂ ਵਿਵਸਥਾ ਦਾ ਨਹੀਂ ਹੈ। ਸਗੋਂ ਆਪਣੇ ਆਪ ‘ਚ ਭੂ ਮਾਲਕੀ ਦੀ ਪੂਰੀ ਵਿਵਸਥਾ ਦਾ ਹੀ ਹੈ। ਜਗੀਰੂ ਭੂ-ਸਵਾਮੀ ਦੀ ਥਾਂ ਪੂੰਜੀਵਾਦੀ ਫੌਜੀ ਜਨਰਲ ਜਾਂ ਉਪੇਰਾ ਗਾਇਕਾਂ ਦੇ ਆ ਜਾਣ ਨਾਲ ਆਮ ਕਿਸਾਨ ਦੀ ਸਥਿਤੀ ਵਿੱਚ ਕੋਈ ਫਰਕ ਨਹੀਂ ਪੈਂਦਾ। ਕਿਸਾਨ ਦੀ ਖੂਨ ਪਸੀਨੇ ਦੀ ਕਮਾਈ ਦੇ ਮੁੱਖ ਲੋਟੂ ਸਾਹਮਣੇ ਨਹੀਂ ਹੁੰਦੇ। ਉਹ ਬਦਲਦੇ ਰਹਿੰਦੇ ਹਨ, ਪਰ ਕਿਸਾਨਾਂ ਦਾ ਰੋਜਮਰਾ ਦੇ ਜੀਵਨ ਵਿੱਚ ਜਿੰਨ੍ਹਾਂ ਵਿਚੋਲਿਆਂ ਨਾਲ ਵਾਹ ਪੈਂਦਾ ਹੈ; ਉਹਨਾਂ ਦੀ ਸਥਿਤੀ ਅਬਦਲ ਰਹਿੰਦੀ ਹੈ। ‘ਕਿਸਾਨ’ ਨਾਵਲ ਵਿੱਚ ਬਾਲਜ਼ਾਕ ਰਿਗੂ ਗੋਬਤੇ ਗਠਜੋੜ ਦੇ ਰੂਪ ਵਿੱਚ ਵਪਾਰੀ-ਭੂ ਸਵਾਮੀ ਸੂਦਖੋਰ ਗਠਜੋੜ ਦੀ ਕਿਸਾਨਾਂ ‘ਤੇ ਚਹੁੰਪਾਸੀ ਜਕੜਬੰਦੀ ਦੀ ਤਸਵੀਰ ਪੇਸ਼ ਕਰਦੇ ਹਨ ਅਤੇ ਦਿਖਾਉਂਦੇ ਹਨ ਕਿ ਕਿਸ ਤਰਾਂ ਪ੍ਰਸ਼ਾਸ਼ਨ, ਨਿਆਂ, ਕਰਜ ਅਤੇ ਵਪਾਰ ਤੇ ਪੂਰੇ ਤੰਤਰ ‘ਤੇ ਇਸ ਗਰੋਹ ਦਾ ਆਕਟੋਪਸੀ ਕੰਟਰੋਲ ਕਾਇਮ ਹੈ।

ਰਿਗੂ ਪਾਦਰੀ ਤੋਂ ਸਥਾਨਕ ਮਹਾਜਨ ਬਣਿਆ ਹੈ ਜੋ ਨਾ ਸਿਰਫ ਇੱਕ ਹੱਦ ਤੱਕ ਪ੍ਰੇਮ ਚੰਦ ਦੀ ਕਹਾਣੀ ‘ਸਵਾਸੇਰ ਗੇਂਹੂ’ ਦੇ ਵਿਪ੍ਰੈ ਮਹਾਰਾਜ ਦੀ ਯਾਦ ਦਵਾਉਂਦਾ ਹੈ ਸਗੋਂ ਉਹਨਾਂ ਦਾ ਹੀ ਉੱਨਤ, ਜਿਆਦਾ ਘਟੀਆ ਸੰਸਕਰਣ ਪ੍ਰਤੀਤ ਹੁੰਦਾ ਹੈ। ਬਾਲਜ਼ਾਕ ਰਿਗੂ ਦੇ ਚਰਿਤਰ-ਚਿਤਰਣ ਤੇ ਇੱਕ ਪੂਰਾ ਅਧਿਆਇ ਖਰਚ ਕਰ ਦਿੰਦਾ ਹੈ। ਬੜੀ ਤਫਸੀਲ ਨਾਲ ਉਹ ਗੋਬਸੇਕ, ਗ੍ਰਾਂਦੇ, ਰੂਗੇ ਆਦਿ ਸਹਿਰੀ ਮਹਾਜਨ ਵੱਲੋਂ ਕਰਜ ਦੀ ਭੂਮਿਕਾ ਦੀਆਂ ਭਿੰਨਤਾਵਾਂ ਸਮਾਨਤਾਵਾਂ ਨੂੰ ਨਿਰੂਪਿਤ ਕਰਦਾ ਹੈ।

ਗੌਰਤਲਬ ਹੈ ਕਿ ‘ਪੂੰਜੀ’ ਖੰਡ ਤਿੰਨ ਦੇ ਪਹਿਲੇ ਭਾਗ ਦੇ ਪਹਿਲੇ ਅਧਿਅਇ ਵਿੱਚ ਲਾਗਤ ਕੀਮਤ ਅਤੇ ਲਾਭ ਦੀ ਚਰਚਾ ਕਰਦੇ ਹੋਏ ਪਿੰਡਾਂ ‘ਚ ਪੂੰਜੀਵਾਦੀ ਉਤਪਾਦਨ ਪ੍ਰਣਾਲੀ ਦੇ ਅੰਤਰਗਤ ਸੂਦਖੋਰੀ ਦੁਆਰਾ ਕਿਸਾਨਾਂ ਨੂੰ ਦੁਹਰੇ ਪੱਧਰ ‘ਤੇ ਨਿਚੋੜਨ ਦੀ ਪ੍ਰਕਿਰਿਆ ਨੂੰ ਸਪੱਸ਼ਟ ਕਰਨ ਲਈ ਬਾਲਜ਼ਾਕ ਦੇ ‘ਕਿਸਾਨ’ ਨਾਵਲ ਨੂੰ ਹੀ ਕਾਰਲ ਮਾਰਕਸ ਨੇ ਪ੍ਰਤਿਨਿਧਕ ਗਵਾਹ ਦੇ ਰੂਪ ‘ਚ ਚੁਣਿਆਂ ਸੀ। ਉਹ ਲਿਖਦੇ ਹਨ: ”ਪੂੰਜੀਵਾਦੀ ਉਤਪਾਦਨ ਦੁਆਰਾ ਅਪਣਾਈ ਸਮਾਜਿਕ ਵਿਵਸਥਾ ਵਿੱਚ ਗੈਰਪੂੰਜੀਵਾਦੀ ਉਤਪਾਦਕ ਵੀ ਪੂੰਜੀਵਾਦੀ ਧਾਰਨਾਵਾਂ ਨਾਲ ਗ੍ਰਸਤ ਹੋ ਜਾਂਦਾ ਹੈ ਬਾਲਜ਼ਾਕ ਜੋ ਆਮ ਤੌਰ ‘ਤੇ ਯਥਾਰਥ ਦੀ ਆਪਣੀ ਡੂੰਘੀ ਸਮਝ ਲਈ ਜਿਕਰਯੋਗ ਹਨ ਆਪਣੇ ਅੰਤਮ ਨਾਵਲ ‘ਕਿਸਾਨ’ ‘ਚ ਇਸਦਾ ਬੜਾ ਹੀ ਸਟੀਕ ਵਰਨਣ ਕਰਦੇ ਹਨ ਕਿ ਕਿਸ ਤਰਾਂ ਇੱਕ ਛੋਟਾ ਕਿਸਾਨ ਆਪਣੇ ਮਹਾਜਨ ਲਈ ਬਹੁਤ ਸਾਰੇ ਕੰਮ ਮੁਫਤ ਵਿੱਚ ਕਰਦਾ ਹੈ, ਜਿਸਦੀ ਸਦਭਾਵਨਾ ਨੂੰ ਉਹ ਬਣਾਈ ਰੱਖਣ ਦਾ ਇਛੁੱਕ ਹੈ, ਕਿਉਂਕਿ ਖੁਦ ਆਪਣੀ ਕਿਰਤ ‘ਤੇ ਉਸਨੂੰ ਨਕਦ ਕੁੱਝ ਨਹੀਂ ਖਰਚ ਕਰਨਾ ਪੈਂਦਾ। ਜਿੱਥੋਂ ਤੱਕ ਮਹਾਜਨ ਦੀ ਗੱਲ ਹੈ, ਉਹ ਇਸ ਤਰਾਂ ਇੱਕ ਤੀਰ ਨਾਲ ਦੋ ਸ਼ਿਕਾਰ ਕਰ ਲੈਂਦਾ ਹੈ। ਉਹ ਮਜ਼ਦੂਰੀ ਤੇ ਨਕਦੀ ਖਰਚ ਬਚਾਉਂਦਾ ਹੈ ਅਤੇ ਕਿਸਾਨ ਨੂੰ ਜੋ ਆਪਣੇ ਖੇਤ ਨੂੰ ਕਿਰਤ ਤੋਂ ਵੰਚਿਤ ਕਰਦੇ ਜਾਣ ਦੇ ਕਾਰਨ ਹੌਲੀ-ਹੌਲੀ ਕੰਗਾਲ ਹੁੰਦਾ ਜਾਂਦਾ ਹੈ। ਸੂਦਖੋਰੀ ਦੇ ਮਕੜਜਾਲ ਵਿੱਚ ਵੱਧ ਤੋਂ ਵੱਧ ਗਹਿਰਾ ਫਸਦਾ ਚਲਾ ਜਾਂਦਾ ਹੈ।”

ਵਿਚਾਰਾਂ ਤੋਂ ਲੈਜਿਟੀਮਿਸਟ ਹੋਣ ਦੇ ਬਾਵਜੂਦ ਇੱਕ ਮਹਾਨ ਕਲਾਕਾਰ ਦੀ ਯੁਗਦਰਸ਼ੀ ਦ੍ਰਿਸ਼ਟੀ ਕਰਕੇ ਬਾਲਜ਼ਾਕ ਇਸ ਗੱਲ ਨੂੰ ਬਾਖੂਬੀ ਸਮਝ ਰਹੇ ਸਨ ਕਿ ਪੂੰਜੀਵਾਦੀ ਧਾਰਾ ਨੂੰ ਵਾਪਸ ਨਹੀਂ ਪਲਟਿਆ ਜਾ ਸਕਦਾ। ਜਗੀਰਦਾਰੀ ਦੇ ਦਿਨ ਇਤਿਹਾਸਕ ਤੌਰ ‘ਤੇ ਪੂਰੇ ਹੋਣ ਦੇ ਬਾਅਦ ਪੂੰਜੀਪਤੀ ਵਰਗ ਦੇ ਹਿੱਤਾਂ ਦੇ ਅਨੁਰੂਪ ਹੀ ਸਮਾਜਿਕ ਆਰਥਿਕ ਕਿਰਿਆ ਵਪਾਰ ਸੰਚਾਲਿਤ ਹੋਣੇ ਹਨ ਅਤੇ ਮੂਲ ਵਿਚਾਰ ਮੁੜ ਤੋਂ ਸੰਸਕਾਰਤ ਹੋਣੇ ਹਨ। ਜਿਵੇਂ ਕਰਜ ਦੇ ਸਵਾਲ ਨੂੰ ਲਈਏ। ਕਿਉਂਕਿ ਕਰਜ ਪੂੰਜੀਵਾਦੀ ਕਾਰੋਬਾਰ ਲਈ ਜਰੂਰੀ ਹੈ, ਅੰਤ ‘ਚ ਨਾ ਸਿਰਫ ਇਸਨੂੰ ਮੱਧਯੁਗੀ ਪਾਬੰਦੀਆਂ ਤੋਂ ਮੁਕਤ ਕਰ ਦਿੱਤਾ ਗਿਆ, ਸਗੋਂ ਸੂਦ ਨੂੰ ਘਿਰਣਾ ਅਤੇ ਪਾਪ ਦੀ ਸ਼੍ਰੇਣੀ ਤੋਂ ਵੀ ਬਾਹਰ ਕਰ ਦਿੱਤਾ ਗਿਆ।

ਬਾਲਜ਼ਾਕ ਨੂੰ ਇਹ ਵਿਸ਼ਵਾਸ਼ ਸੀ ਕਿ ਸੰਚਾਰ ਟਰਾਂਸਪੋਰਟ ਦੇ ਵਿਸਥਾਰ ਅਤੇ ਬਜਾਰ ਦੀਆਂ ਸ਼ਕਤੀਆਂ ਦੀ ਆਮਦ ਨਾਲ ਪਿੰਡ ਦੀ ਸਥਿਤੀ ਬਦਲੇਗੀ। ਉਹ ਇਹ ਵੀ ਦੇਖ ਰਹੇ ਸਨ ਕਿ ਕਿਉਂਕਿ ਪਛੜੀ ਖੇਤੀ ਪੂੰਜੀਵਾਦ ਦੇ ਵਿਕਾਸ ਦਾ ਅਧਾਰ ਨਹੀਂ ਹੋ ਸਕਦੀ, ਇਸ ਲਈ ਇੱਕ ਵਾਰ ਰਾਜਸੱਤ੍ਹਾ ਪੂੰਜੀਪਤੀ ਵਰਗ ਦੇ ਹੱਥਾਂ ‘ਚ ਆਉਣ ਬਾਅਦ ਭੂ-ਸਬੰਧਾਂ ਵਿੱਚ ਬਦਲਾਅ ਅਤੇ ਖੇਤੀ ਅਰਥਚਾਰੇ ਦਾ ਪੁਨਰਗਠਨ ਬਹੁਤ ਜਰੂਰੀ ਹੈ, ਪਰ ਉਹ ਇਹ ਵੀ ਦੇਖ ਰਹੇ ਹਨ ਕਿ ਇਸ ਪਰਿਵਰਤਨ ਨਾਲ ਪਿੰਡ ਦੇ ਗਰੀਬਾਂ-ਮਜ਼ਦੂਰੀ ਕਮਾਉਣ ਵਾਲਿਆਂ ਅਤੇ ਛੋਟੇ ਮਾਲਕ ਤਬਕੇ ਨੂੰ ਕੋਈ ਲਾਭ ਨਹੀਂ ਹੋਣ ਵਾਲਾ।

ਬਾਲਜ਼ਾਕ ਭੂਮੀ ਸਵਾਲ ਦਾ ਕੋਈ ਤਾਲਸਾਏਵਾਦੀ, ਗਾਂਧੀਵਾਦੀ, ਨਰੋਦਵਾਦੀ ਜਾਂ ”ਸਰਵੋਦਿਆਵਾਦੀ ” ਹੱਲ ਪੇਸ਼ ਨਹੀਂ ਕਰਦੇ । ਇਹੀ ਉਹਨਾਂ ਦੇ ਯਥਾਰਥਵਾਦ ਦੀ ਮਹਾਨਤਾ ਹੈ ਜੋ ਦੇਸ਼ ਕਾਲ ਦੀਆਂ ਹੱਦਾਂ ਲੰਘਦਾ ਪ੍ਰਤੀਤ ਹੁੰਦਾ ਹੈ। ‘ਕਿਸਾਨ’ ਨਾਵਲ ਵਿੱਚ ਪਾਠਕ ਦੀ ਮੁਲਾਕਾਤ ਜਾਂ ਫਰਾਂਸਵਾ ਨਿਸੇਰੋ ਨਾਮਕ ਵਿਅਕਤੀ ਨਾਲ ਹੁੰਦੀ ਹੈ ਜਿਸਨੇ ਇਨਕਲਾਬ ਵਿੱਚ ਆਪਣਾ ਸਰਵੰਸ਼ ਵਾਰ ਕੇ ਬਹਾਦਰਾਨਾ ਭੂਮਿਕਾ ਨਿਭਾਈ ਸੀ। ਉਸਨੂੰ ਇਨਕਲਾਬ ਤੋਂ ਬੜੀਆਂ ਉਮੀਦਾਂ ਸਨ। ਉਸਨੇ ਇਨਕਲਾਬ ਤੋਂ ਕੋਈ ਲਾਭ ਨਹੀਂ ਉਠਾਇਆ ਅਤੇ ਸੁੱਖ ਸੁਵਿਧਾਵਾਂ ਤਿਆਗਕੇ ਸਾਦਾ ਜੀਵਨ ਬਿਤਾਉਣ ਦਾ ਰਸਤਾ ਚੁਣਿਆਂ। ਧਨੀ ਵਰਗਾਂ ਨਾਲ ਉਸਨੂੰ ਘਿਰਣਾ ਸੀ। ਕਿਸਾਨਾਂ ਨਾਲ ਉਸਦਾ ਆਪਸੀ ਪਿਆਰ ਵਿਸ਼ਵਾਸ਼ ਦਾ ਰਿਸ਼ਤਾ ਸੀ। ਪਰ ਉਹ ਭਿਆਨਕ ਦਵੰਦ ਦਾ ਸ਼ਿਕਾਰ ਸੀ। ਉਸਦੀ ਇੱਛਾ, ਸਦ-ਇੱਛਾ ਤੋਂ ਸੁਤੰਤਰ ਪੂੰਜੀਵਾਦ ਤੇਜੀ ਨਾਲ ਪਨਪ ਰਿਹਾ ਸੀ। ਉਸਦੀਆਂ ਕਰੂਪੀਆਂ ਅਤੇ ਔਗਣਾ ਨੂੰ ਉਹ ਅਸਾਧ ਦੇਖ ਰਿਹਾ ਸੀ ਅਤੇ ਕਨਫਿਉਜਡ ਸੀ। ਬਾਲਜ਼ਾਕ ਨੇ ਉਸਨੂੰ ‘ਇਨਕਲਾਬ ਤੋਂ ਉਪਜੇ ਕਵੀ’ ਦਾ ਨਾ ਦਿੱਤਾ ਹੈ, ਜੋ ਸ਼ਾਇਦ ਉਸਦੇ ਅੰਤਰ ਦਵੰਦ ਦੀ ਸਭ ਤੋਂ ਵੱਧ ਸਟੀਕ ਅਭਿਵਿਅਕਤੀ ਹੈ।

ਸਾਡਾ ਵਿਚਾਰ ਹੈ ਕਿ ਪੂੰਜੀਵਾਦੀ ਤਬਦੀਲੀ ਚੋਂ ਗੁਜਰ ਰਹੇ ਪਿੰਡਾਂ ਦੇ ਆਮ ਜਨਜੀਵਨ ਦੇ ਯਥਾਰਥ ਨੂੰ ਸਮਝਣ ਦੀ ਦ੍ਰਿ੍ਰਸ਼ਟੀ ਤੋਂ ‘ਕਿਸਾਨ’ ਨਾਵਲ ਅੱਜ ਇੱਕੀਵੀਂ ਸਦੀ ਦੇ ਭਾਰਤ ਵਿੱਚ ਵੀ ਅਤਿਅਧਿਕ ਪ੍ਰਸੰਗਕ ਹੈ। ਇਹੀ ਭੂਮੀ ਸਵਾਲ ਅਤੇ ਉਤਪਾਦਨ ਸਬੰਧਾਂ ਨੂੰ ਲੈ ਕੇ ਵਿਚਾਰ ਚਰਚਾ ‘ਚ ਰੁੱਝੇ ਅਰਥਸ਼ਾਸਤਰੀਆਂ ਅਤੇ ਖੱਬੇ ਪੱਖੀ ਸਮਾਜਿਕ ਰਾਜਨੀਤਕ ਕਾਰਕੁਨਾਂ ਨੂੰ ਵੀ ਇਹ ਸਵਾਲ ²ਜ਼ਰੂਰ ਪੜ੍ਹਨਾ ਚਾਹੀਦਾ ਹੈ।

ਅਮਿੱਟ ਹੈ ਬਾਲਜਾਕ ਦੀ ਵਿਲੱਖਣਤਾ ਅਤੇ ਉਨ੍ਹਾਂ ਦੀ ਪ੍ਰਸੰਗਕਤਾ ਵੀ!

ਕਾਰਲ ਮਾਰਕਸ ਦੇ ਅਨੁਸਾਰ, ਪੁਨਰਜਾਗਰਣ ਕਾਲ ਵਿੱਚ ਸ਼ੇਕਸਪੀਅਰ ਨੇ ਇਸ ਗੱਲ ਨੂੰ ਭਲੀ ਭਾਂਤ ਸਮਝਿਆ ਸੀ ਕਿ ਸੋਨੇ ਦੀ, ਮੁਦਰਾ ਦੀ ਸੱਤ੍ਹਾ ਕਿਨੀ ਸਰਵਸ਼ਕਤੀਮਾਨ ਅਤੇ ਸਰਵਵਿਆਪੀ ਹੈ। ਉਸਦੇ ਬਾਅਦ ਸੰਪੂਰਨ ਜੀਵਨ ‘ਤੇ ਮੁਦਰਾ ਦੀ ਸੂਖਮ ਛਾਪ ਅਤੇ ਵਿਆਪਕਤਾ ਪ੍ਰਭਾਵ ਨੂੰ ਜੇਕਰ ਕਿਸੇ ਨੇ ਸਭ ਤੋਂ ਸਟੀਕ ਵਿਵਸਥਿਤ ਢੰਗ ਨਾਲ ਸਮਝਿਆ ਤਾਂ ਨਿਰਸੰਦੇਹ ਉਹ ਬਾਲਜ਼ਾਕ ਹੀ ਸਨ।

ਅੱਗੇ ਚਲਕੇ ਮਾਰਕ ਟਵੇਨ ਤੋਂ ਲੈ ਕੇ, ਗੋਰਕੀ, ਜੈਕ ਲੰਡਨ, ਅਪਟਨ ਸਿਕਲੇਅਰ ਅਤੇ ਫੇਦਿਨ ਆਦਿ ਨੇ ਮੁਦਰਾ ਦੇ ਮਨੁੱਖਦੋਖੀ, ਆਤਮਘਾਤੀ ਅਤੇ ਸੱਭਿਅਤਾ ਵਿਨਾਸ਼ਕ ਚਰਿਤਰ ਦੇ ਭਿੰਨ-ਭਿੰਨ ਪੱਖਾਂ ਨੂੰ ਨੰਗਾ ਕਰਦੇ ਹੋਏ ਬਾਲਜ਼ਾਕ ਦੀ ਪਰੰਪਰਾ ਨੂੰ ਹੀ ਅੱਗੇ ਵਿਸਥਾਰ ਦਿੱਤਾ, ਪਰ ਵਿਸਥਾਰ ਅਤੇ ਗਹਿਰਾਈ ਦੀ ਦ੍ਰਿ੍ਰਸ਼ਟੀ ਤੋਂ ਵਿਆਪਕਤਾ ਅਤੇ ਸੂਖਮਤਾ ਦੀ ਦ੍ਰਿਸ਼ਟੀ ਤੋਂ ਬਾਲਜ਼ਾਕ ਦੀ ਵਿਲੱਖਣਤਾ ਅੱਜ ਵੀ ਕਾਇਮ ਹੈ।

ਪੂੰਜੀਵਾਦ ਦੀ ਕਾਰਜ ਪ੍ਰਣਾਲੀ ‘ਚ ਚਾਹੇ ਕਿਨੇ ਵੀ ਬਦਲਾਅ ਆਉਣ, ਚਾਹੇ ਪੂੰਜੀਵਾਦੀ ਸੱਭਿਅਤਾ ਜਿੰਨੇ ਵੀ ਰੂਪ ਬਦਲੇ, ਤਕਨੀਕੀ ਉਨਤੀ ਦੇ ਨਵੇਂ-ਨਵੇਂ ਰਿਕਾਰਡਾਂ ਦੇ ਸਹਾਰੇ ਚਾਹੇ ਜਿਨੇ ਵੀ ਭੌਤਿਕ ਆਤਮਕ, ਇੰਦਰਜਾਲਕ, ਦ੍ਰਿ੍ਰਸ਼ਟੀਭਰਮ ਮੱਤਭਰਮ ਰਚੀ ਜਾਵੇ, ਜਦ ਤੱਕ ਸਾਰੇ ਮਨੁੱਖੀ ਸਬੰਧਾਂ -ਭਾਵਨਾਵਾਂ ਮੁੱਲਾਂ ਨੂੰ ਆਨੇ-ਪਾਈ ਦੇ ਠੰਡੇ ਪਾਣੀ ‘ਚ ਡੁਬੋਇਆ ਜਾਂਦਾ ਰਹੇਗਾ, ਜਦ ਤੱਕ ਕਿਰਤ ਸ਼ਕਤੀ ਵੇਚਣ, ਉਜਰਤ ਕਮਾਉਣ ਅਤੇ ਵਾਧੂ ਕਦਰ ਨਿਚੋੜਨ ਦਾ ਸਿਲਸਿਲਾ ਜਾਰੀ ਰਹੇਗਾ,ਜਦ ਤੱਕ ਮੁਦਰਾ ਜੀਵਨ, ਉਤਪਾਦਨ, ਸਿਰਜਣਾ ਅਤੇ ਪ੍ਰਗਤੀ ਦੀ ਨਿਯਮਕ ਸ਼ਕਤੀ ਬਣੀ ਰਹੇਗੀ, ਤਦ ਤੱਕ ਬਾਲਜ਼ਾਕ ਇਕਦਮ ਪ੍ਰਸੰਗਕ ਬਣੇ ਰਹਿਣਗੇ ਅਤੇ ਇਨੇ ਸਜੀਵ ਕਿ ਲਗਭਗ ਸਮਕਾਲੀਨ ਪ੍ਰਤੀਤ ਹੋਣਗੇ।

 

“ਪ੍ਰਤੀਬੱਧ”, ਅੰਕ 03, ਜੁਲਾਈ-ਸਤੰਬਰ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s