ਬਾਹਰਮੁਖੀ ਜਮਾਤੀ ਭਰਮ ਫੈਲਾਉਣ ਵਾਲ਼ਿਆਂ ਨੂੰ ਜੁਆਬ •ਆਈ. ਨੋਸੀਨੋਵ

12

ਪੀ.ਡੀ.ਐਫ਼ ਡਾਊਨਲੋਡ ਕਰੋ

1.

ਮਾਰਕਸਵਾਦੀ ਅਲੋਚਨਾ ਦਾ ਸਦਾ ਇਹ ਵਿਚਾਰ ਰਿਹਾ ਹੈ ਕਿ ਲੇਖਕ ਵਿਸ਼ੇਸ਼ ਜਮਾਤਾਂ ਦੀ ਮਨੋਦਸ਼ਾ ਅਤੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਨ। ਇਹ ਅਲੋਚਨਾ ਉਨ੍ਹਾਂ ਦੀਆਂ ਕ੍ਰਿਤਾਂ ਅਤੇ ਨਜ਼ਰੀਏ ਦੀਆਂ ਉਨ੍ਹਾਂ ਵਿਰੋਧਤਾਈਆਂ ਦੀ ਵਿਆਖਿਆ ਕਰਦੀ ਹੈ ਜੋ ਉਨ੍ਹਾਂ ਦੇ ਜਮਾਤੀ ਪਿਛੋਕੜ ਦੀਆਂ ਵਿਰੋਧਤਾਈਆਂ ਤੋਂ ਪੈਦਾ ਹੁੰਦੀਆਂ ਹਨ। ਇਹ ਇੱਕ ਸੱਚਾਈ ਹੈ ਕਿ ਤਾਲਸਤਾਏ ਨੇ ਕਿਸਾਨ ਵਰਗਾਂ ਦੇ ਵਿਚਾਰਾਂ ਅਤੇ ਮਨੋਦਸ਼ਾਵਾਂ ਨੂੰ ਪ੍ਰਮੁੱਖਤਾ ਦਿੱਤੀ, ਉਨ੍ਹਾਂ ਦੀ ਇਸ ਪ੍ਰਤੀਬੱਧਤਾ ਨੇ ਹੀ ਉਨਾਂ ਨੂੰ ਲੋਟੂ ਢਾਂਚੇ ਦੀ ਬੇਕਿਰਕ ਅਲੋਚਨਾ ਕਰਨ ਨੂੰ ਮਜ਼ਬੂਰ ਕੀਤਾ। ਪਰ ਇਹ ਵੀ ਇੱਕ ਸੱਚਾਈ ਹੈ ਕਿ ਕਿਸਾਨ ਜਮਾਤ ਦਾ ਭੋਲ਼ਾਪਨ ਅਤੇ ਪਿੱਤਰਸੱਤ੍ਹਾਵਾਦ ਤਾਲਸਤਾਏ ਦੀ ਉਸ ਕਮਜ਼ੋਰ ਸਲਾਹ ਲਈ ਜ਼ਿੰਮੇਵਾਰ ਸੀ ਜਿਸ ਅਨੁਸਾਰ ਬੁਰਾਈ ਦਾ ਜ਼ੋਰ ਦੀ ਵਰਤੋਂ ਦੁਆਰਾ ਸਾਹਮਣਾ ਕਰਨਾ ਠੀਕ ਨਹੀਂ ਸੀ।

ਲਿਫ਼ਸ਼ਿਤਜ਼ ਦੀ ਸੋਚ ਪੂਰੀ ਤਰ੍ਹਾਂ ਵੱਖਰੀ ਹੈ। ਉਨ੍ਹਾਂ ਦੇ ਅਨੁਸਾਰ ਸੁਆਲ ਲੇਖਕ ਦੀ ਜਮਾਤੀ ਉਤਪਤੀ ਦਾ ਜਾਂ ਜਮਾਤੀ ਯਥਾਰਥਾਂ ਦੀਆਂ ਵਿਰੋਧਤਾਈਆਂ ਦਾ ਨਹੀਂ ਹੈ। ਅਸਲ ਮਸਲਾ ਤਾਂ ਇਹ ਹੈ ਕਿ ‘ਬਾਹਰਮੁੱਖੀ ਜਮਾਤੀ ਭਰਮ, ਜਮਾਤਾਂ ਦੀ ਨਾਕਾਫ਼ੀ ਵੰਡ ਅਤੇ ਲੋਕਾਈ ਅੰਦਰ ਇਸ ਵਜ੍ਹਾ ਕਾਰਨ ਮੌਜੂਦ ਨਿੱਸਲ਼ਤਾ ਹੀ ਅਤੀਤ ਦੇ ਮਹਾਨ ਲੇਖਕਾਂ, ਕਲਾਕਾਰਾਂ ਅਤੇ ਮਨੁੱਖਤਾਵਾਦੀਆਂ ਦੀਆਂ ਰਚਨਾਵਾਂ ਦੀਆਂ ਮੌਜੂਦ ਵਿਰੋਧਤਾਈਆਂ ਦੀ ਸਹੀ ਤਰ੍ਹਾਂ ਵਿਆਖਿਆ ਕਰਦੀ ਹੈ। (ਉਦਾਹਰਣ ਵਜੋਂ, ਇਸ ਤਰ੍ਹਾਂ ਦੀ ਹਾਲਤ ਰੂਸ ਵਿੱਚ 1861 ਤੋਂ 1905 ਤੱਕ, ਅਤੇ ਫਰਾਂਸ ਅਤੇ ਜਰਮਨੀ ਵਿੱਚ 1789 ਤੋਂ 1848 ਤੱਕ ਰਹੀ ਸੀ।)’

ਆਪਣੇ ਇਸ ਸਿਧਾਂਤ ਨੂੰ ਲਿਫ਼ਸ਼ਿਤਜ਼ ਲੈਨਿਨ ਦਾ ਹਵਾਲਾ ਦੇ ਕੇ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦਾ ਸੰਕਲਪ ਹੈ ਕਿ ਲੈਨਿਨ ਨੇ ਵੀ ‘ਬਾਹਰਮੁਖੀ ਜਮਾਤੀ ਭਰਮ’ ਦੇ ਵਿਚਾਰ ਦੀ ਹਮਾਇਤ ਕੀਤੀ ਹੈ।

‘ਵੇਖੀ’ ਦੇ ਲੇਖਕ ਸ਼ੇਪੇਤੋਵ ਨੇ ਲਿਖਿਆ ਸੀ ਕਿ 1905 ਵਿੱਚ ‘ਹਰ ਚੀਜ਼ ਇੱਕ  ਆਮ ਅਵਿਵਸਥਾ ਅਤੇ ਭਰਮ ਵਿੱਚ ਰੱਲ਼ਗੱਡ ਅਤੇ ਮਿਲ਼ੀ ਜੁਲ਼ੀ ਸੀ।’ ਲੈਨਿਨ ਨੇ ਇਸ ਦਾ ਜੁਆਬ ਦਿੰਦੇ ਹੋਏ ਕਿਹਾ ਸੀ : ‘ਹਾਂ ਜੀ, 1905 ਤੱਕ, ‘ਆਮ ਆਦਮੀ’ ਅੰਦਰ ਪਿੱਤਰਸੱਤ੍ਹਾਤਮਕ ਢਾਂਚੇ ਵੱਲ ਅਤੇ ਜਮਹੂਰੀਅਤ ਵੱਲ ਸਮਰਪਣ ਦੀਆਂ ਪ੍ਰਵਿਰਤੀਆਂ ਸੱਚਮੁੱਚ ‘ਇਹ ਆਮ ਅਵਿਵਸਥਾ ਅਤੇ ਭਰਮ ਵਿੱਚ ਰਲ਼ਗੱਡ ਅਤੇ ਮਿਲ਼ੀਆਂ ਜੁਲ਼ੀਆਂ ਸਨ।’ 1905 ਵਿੱਚ ਪਹਿਲਾਂ ਦੇ ਮੁਕਾਬਲੇ, ਲੋਕਾਈ ਨੇ ਬੁੱਧੀਜੀਵੀਆਂ ਦੇ ਸਿਧਾਂਤਾਂ ਅਤੇ ਪ੍ਰੋਗਰਾਮਾਂ ਨੂੰ ਹਜ਼ਾਰ ਹਜ਼ਾਰ ਲੋਕਾਂ ਦੇ ਕਰਮ ਦੀ ਕਸੌਟੀ ‘ਤੇ ਕਸਣਾ ਸਿੱਖਿਆ ਸੀ, ਜਿੱਥੇ ਤੱਕ ਇਨ੍ਹਾਂ ਬੁੱਧੀਜੀਵੀਆਂ ਦਾ ਸੁਆਲ ਹੈ, ਇਨ੍ਹਾਂ ਨੂੰ ਆਪਣੇ ਜਮਾਤੀ ਹਿਤਾਂ ਦਾ ਕਾਫੀ ਪਹਿਲਾਂ ਤੋਂ ਅਹਿਸਾਸ ਸੀ।

ਲੈਨਿਨ ਨੇ ਲਿਖਿਆ ਹੈ : “ਜੋ ਲੋਕ ਰੂਸੀ ਉਦਾਰਵਾਦ ਦੇ ਸ਼ੁਰੂਆਤੀ ਇਤਿਹਾਸ ਨੂੰ ਯਾਦ ਕਰਨਾ ਚਾਹੁੰਦੇ ਹਨ, ਉਹ ਦੇਖਣਗੇ ਕਿ ਉਦਾਰਵਾਦੀ ਕੇਵਲਿਨ ਅਤੇ ਜਮਹੂਰੀ ਚੇਰਨੇਸ਼ਵਸਕੀ ਰੂਸੀ ਲੋਕਾਈ ਦੀ ਜਮਹੂਰੀ ਲਹਿਰ ਵੱਲ ਉਦਾਰ ਸਰਮਾਏਦਾਰੀ ਕੈਡੇਟ ਪਾਰਟੀ ਦੇ ਰਵੱਈਏ ਦੇ ਬਿਹਤਰੀਨ ਉਦਾਹਰਨ ਹਨ।” ਲੈਨਿਨ ਨੇ ਅੱਗੇ ਦੱਸਿਆ ਕਿ ‘ਸ਼ੇਪੇਤੋਵ, ਸਤਰੂਵੇ, ਗੇਦ੍ਰੇਕੁਲਾ, ਇਜਗੋਵ ਜਿਹੇ ਕੈਡੇਟ ਬਰਾਦਰੀ ਦੇ ਲੋਕਾਂ ਨੂੰ ਨੇਕਰਾਸੋਵ, ਸ਼ੇਤ੍ਰਾਸੋਵ, ਸ਼ੇਦ੍ਰੀਨ ਅਤੇ ਹੋਰਨਾਂ ਲੋਕਾਂ ਦੀ ਪੂਛ ਨਾਲ਼ ਬੱਝਿਆ ਹੋਇਆ ਦੇਖਣਾ ਖਾਸ ਕਰਕੇ ਅਸਹਿ ਲਗਦਾ ਹੈ।’ ਲੈਨਿਨ ‘ਵੇਖੀ’ ਲੇਖਕਾਂ ਦੁਆਰਾ ਪ੍ਰਚਾਰੇ ਗਏ ਇਸ ਝੂਠ ਨਾਲ਼ ਉਤੇਜਤ ਹੋ ਗਏ ਸਨ ਕਿ ਅਤੀਤ ਵਿੱਚ ਨੇਕਰਾਸੋਵ ਅਤੇ ਸ਼ੇਦ੍ਰੀਨ ਅੰਦਰ ਕੇਵਲਿਨ ਦੇ ਗੁਣ ਮੌਜੂਦ ਸਨ। ਲਿਫ਼ਸ਼ਿਤਜ਼ ਅਨੁਸਾਰ ਅਜਿਹਾ ਲਗਦਾ ਹੈ ਕਿ ਅਕਸਾਕੋਵ ਅਤੇ ਫੇਤ ਜਿਹੇ ਲੋਕ ਲੋਟੂ ਜਮਾਤਾਂ ਦੀ ਵਿਚਾਰਧਾਰਾ ਦੇ ਬੁਲਾਰੇ ਨਹੀਂ ਸਨ ਅਤੇ 1905 ਤੱਕ ‘ਬੁੱਧੀਜੀਵੀਆਂ ਦੇ ਪ੍ਰੋਗਰਾਮ ਅਤੇ ਸਿਧਾਂਤ ਬੁਰਜੂਆ ਵਿਚਾਰਕ ਸਤਰੂਵ, ਸ਼ੇਪੇਤੋਵ ਅਤੇ ਉਨ੍ਹਾਂ ਤੋਂ ਪਹਿਲਾਂ ਦੇ ਵਿਚਾਰਕਾਂ ਦੇ ਪ੍ਰੋਗਰਾਮ ਅਤੇ ਸਿਧਾਂਤ ਨਹੀਂ ਸਨ।’ ਇਹ ਸਭ ਇਸ ਸੱਚਾਈ ਦੇ ਪਰਛਾਵੇਂ ਦੇ ਇਲਾਵਾ ਹੋਰ ਕੁਝ ਵੀ ਨਹੀਂ ਸੀ ਕਿ ਖੁਦ ਮਜ਼ਦੂਰ ਜਮਾਤ ‘ਲੋਟੂ ਹਾਕਮ ਜਮਾਤਾਂ ਦੀ ਪਿਛਾਖੜੀ ਵਿਚਾਰਧਾਰਾ ਦੇ ਗ਼ਲ਼ਬੇ ਵਿੱਚ ਸੀ।’

ਇਸੇ ਤਰ੍ਹਾਂ ਲਿਫ਼ਸ਼ਿਤਜ਼ ਸਾਹਿਬ ਨੇ ਮਾਰਕਸ ਦੇ ਕਥਨ ਨੂੰ ਤੋੜਿਆ ਮਰੋੜਿਆ ਹੈ। ਉਹ ਬੜੇ ਮਾਣ ਨਾਲ਼ ਕਹਿੰਦੇ ਹਨ ਕਿ ‘ਮਾਰਕਸ ਨੇ ਜਰਮਨੀ ਵਿੱਚ ਗੇਟੇ ਅਤੇ ਸ਼ਿਲਰ ਦੇ ਯੁੱਗ ਬਾਰੇ ਇਹ ਲਿਖਿਆ ਸੀ : ‘ਅਸੀਂ ਇੱਥੇ ਜਾਇਦਾਦਾਂ ਜਾਂ ਜਮਾਤਾਂ ਦੀਆਂ ਗੱਲਾਂ ਨਹੀਂ ਕਰ ਸਕਦੇ, ਅਸੀਂ ਤਾਂ ਸਿਰਫ਼ ਪਹਿਲਾਂ ਦੀਆਂ ਜਾਇਦਾਦਾਂ ਅਤੇ ਅਣਜੰਮੀਆਂ ਜਮਾਤਾਂ ਦੀਆਂ ਗੱਲਾਂ ਹੀ ਕਰ ਸਕਦੇ ਹਾਂ।’ ਮਾਰਕਸ ਦਾ ਉਕਤ ਹਵਾਲਾ ਇੱਕ ਚਲਾਵਾਂ ਵਾਕਾਂਸ਼ ਹੈ ਅਤੇ ਉਸ ਨੂੰ ਸੰਦਰਭ ਨਾਲ਼ੋਂ ਕੱਟ ਕੇ ਰੱਖਣ ਤੇ ਉਹ ਇਸ ਤਰ੍ਹਾਂ ਦਾ ਬਿਆਨ ਲੱਗਣ ਲਗਦਾ ਹੈ ਕਿ ਜਿਵੇਂ ਜਰਮਨੀ ਵਿੱਚ ਜਮਾਤੀ ਘੋਲ਼ ਅਤੇ ਜਮਾਤੀ ਵਿਚਾਰਧਾਰਾ ਦੀ ਉਨ੍ਹਾਂ ਦਿਨ੍ਹਾਂ ਵਿੱਚ ਕੋਈ ਹੋਂਦ ਹੀ ਨਹੀਂ ਸੀ।

ਸੱਚਾਈ ਇਹ ਹੈ ਕਿ ਮਾਰਕਸ ਦੀ ‘ਜਰਮਨ ਵਿਚਾਰਧਾਰਾ’ ਨਾਮੀ ਜਿਸ ਰਚਨਾ ਤੋਂ ਇਹ ਹਵਾਲਾ ਲਿਆ ਗਿਆ ਹੈ ਉਹ ਇਸ ਵਿਚਾਰ ਨਾਲ਼ ਓਤ ਪੋਤ ਹੈ ਕਿ ਉਸ ਯੁੱਗ ਦੀ ਜਰਮਨ ਵਿਚਾਰਧਾਰਾ ਸਰਮਾਏਦਾਰੀ ਜਮਾਤ ਦੇ ਹਿਤਾਂ ਦਾ ਪ੍ਰਗਟਾਵਾ ਅਤੇ ਝਲਕ ਸੀ। ਪੰਨਾ 175 ‘ਤੇ ਅਸੀਂ ‘ਇਨ੍ਹਾਂ ਜਰਮਨ ਸਿਧਾਂਤਕਾਰਾਂ ਦੇ ਹਿਤਾਂ ਅਤੇ ਉਨ੍ਹਾਂ ਦੁਆਰਾ ਪ੍ਰਗਟਾਏ ਸ਼ਹਿਰੀ ਅਮੀਰਾਂ ਦੇ ਹਿਤਾਂ ਦੇ ਸਰੂਪ ਵਿੱਚ ਇੱਕ ਉੱਪਰੀ ਵਿਰੋਧਤਾਈ ਦੇਖਦੇ ਹਾਂ। ਉੱਥੋਂ ਥੋੜ੍ਹਾ ਅੱਗੇ ਚੱਲਕੇ ਅਸੀਂ ਇੱਕ ਹੋਰ ਬਿਆਨ ਦੇਖਦੇ ਹਾਂ ਕਿ ਕਾਂਟ ‘ਜਰਮਨੀ ਦੇ ਸ਼ਹਿਰੀ ਅਮੀਰਾਂ ਦਾ ਹਿਤ ਸਾਧਕ ਸੀ।’

ਮਾਰਕਸ ਨੇ ਸਦਾ ਇਹ ਮੰਨਿਆ ਸੀ ਕਿ ਮਨੁੱਖੀ ਇਤਿਹਾਸ ਜਮਾਤੀ ਘੋਲ ਦਾ ਇਤਿਹਾਸ ਰਿਹਾ ਹੈ ਅਤੇ ਫਲਸਫਾ ਅਤੇ ਕਾਵਿ ਇਨ੍ਹਾਂ ਜਮਾਤਾਂ ਦੀ ਵਿਚਾਰਧਾਰਾ ਦੀ ਨੁਮਾਇੰਦਗੀ ਕਰਦੇ ਹਨ। ਜਰਮਨੀ ਕੋਈ ਇਸ ਦੀ ਛੋਟ ਨਹੀਂ ਸੀ।

‘ਬਾਹਰਮੁਖੀ ਜਮਾਤੀ ਭਰਮ’ ਦਾ ‘ਸਿਧਾਂਤ’ ਸਿਰਫ਼ ਲਿਫ਼ਸ਼ਿਤਜ਼ ਦਾ ਘੜਿਆ ਹੋਇਆ ਹੈ, ਉਹ ਮਾਰਕਸ ਜਾਂ ਲੈਨਿਨ ਦਾ ਸਿਧਾਂਤ ਨਹੀਂ ਹੈ। ਇਸ ਸਿਧਾਂਤ ਦਾ ਸਾਰਤੱਤ ਕੀ ਹੈ? ਇਹੀ ਕਿ ਹਰ ਥਾਂ ਚਿੰਤਕਾਂ ਦਾ ਇੱਕ ਛੋਟਾ ਜਿਹਾ ਸਮੂਹ ਹੁੰਦਾ ਹੈ ਜਿਸ ਨੂੰ ਤੁਸੀਂ ਸੁਚੇਤ ਇਨਕਲਾਬੀ ਜਾਂ ਸੁਚੇਤ ਜਾਂ ਘੱਟ ਚੇਤਨਾ ਵਾਲ਼ੇ ਪਿਛਾਖੜੀ ਸਮੂਹ ਦਾ ਨਾਮ ਦੇ ਸਕਦੇ ਹੋ। ਭਾਵੇਂ ਜਰਮਨੀ ਵਿੱਚ ਅਤੇ ਇੱਥੋਂ ਤੱਕ ਕਿ ਫਰਾਂਸ ਵਿੱਚ ਵੀ, 1848 ਤੱਕ ਅਤੇ ਰੂਸ ਵਿੱਚ 1905 ਤੱਕ ਜ਼ਿਆਦਾਤਰ ਲੇਖਕ ਕਿਸੇ ਜਮਾਤ ਵਿਸ਼ੇਸ਼ ਦੇ ਵਿਚਾਰਕ ਨਹੀਂ ਸਨ। ਇਨ੍ਹਾਂ ਲੇਖਕਾਂ ਦੀ ਖਾਸਾਈ ਵਿਸ਼ੇਸ਼ਤਾ ਹੀ ਇਹ ਸੀ ਕਿ ਉਹ ‘ਇਨਕਲਾਬੀ ਅਤੇ ਪਿਛਾਖੜੀ ਪ੍ਰਵਿਰਤੀਆਂ ਦੇ ਭਰਮ’ ਵਿੱਚ ਉਲ਼ਝੇ ਹੋਏ ਸਨ। ਉਨ੍ਹਾਂ ਦੇ ਦਿਮਾਗ਼ ਅਨਿਸ਼ਚਤਾ ਅਤੇ ਵਿਰੋਧਤਾਈਆਂ ਨੇ ਜਾਮ ਕਰ ਰੱਖੇ ਸਨ। ਪਰ ਇਸ ਸਭ ਦਾ ਇਹ ਅਰਥ ਉੱਕਾ ਹੀ ਨਹੀਂ ਕਿ ਇਹ ਲੇਖਕ ਪਿਛਾਖੜੀ ਜਮਾਤਾਂ ਦੇ ਵਿਚਾਰਕ ਸਨ, ਕਿਉਂਕਿ “ਕਿਰਤੀ ਲੋਕਾਈ ਖੁਦ ਹੀ ਤਦ ਤੱਕ ਹਾਕਮ ਜਮਾਤਾਂ ਦੀ ਪਿਛਾਖੜੀ ਵਿਚਾਰਧਾਰਾ ਦੇ ਗਲਬੇ ਵਿੱਚ ਹੀ ਰਹਿੰਦੀ ਹੈ ਜਦ ਤੱਕ ਉਹ ਆਪਣੇ ਚਾਰੇ ਪਾਸੇ ਦੇ ਹਾਲਤ ਨੂੰ ਸਮਝਣ ਦੇ ਲਾਇਕ ਨਹੀਂ ਹੋ ਜਾਂਦੀ। ਬਾਹਰੀ ਦੁਨੀਆਂ ਦੇ ਇਸ ਗਿਆਨ ਦੁਆਰਾ ਹੀ ਉਹ ਆਪਣੀ ਖੁਦ ਦੀ ਇਤਿਹਾਸਕ ਭੂਮਿਕਾ ਨੂੰ ਸਮਝ ਸਕਦੇ ਹਨ ਭਾਵ ਉਹ ਜਮਾਤ ਚੇਤਨ ਹੋਣ ਲਗਦੇ ਹਨ।” (ਜ਼ੋਰ ਲਿਫਸ਼ਿਤਜ਼ ਦੁਆਰਾ ਹੀ- ਆਈ.ਨੋਸੀਨੋਵ)

ਲਿਫ਼ਸ਼ਿਤਜ਼ ਸਾਹਿਬ ਸੂਤਰੀਕਰਣ ਅਤੇ ਭ੍ਰਿਸ਼ਟੀਕਰਣ ਦੇ ਖਿਲਾਫ਼ ‘ਘੋਲ਼’ ਕਰ ਰਹੇ ਹਨ। ਉਹ ਅਲੋਚਨਾ ਦੇ ਖੇਤਰ ਵਿੱਚ ਨਿਰਭੈ ਯੋਧਾ ਹੋਣ ਦਾ ਭਰਮ ਰੱਖੀ ਬੈਠੇ ਹੋਏ ਹਨ ਜਦ ਕਿ ਅਸਲ ਵਿੱਚ ਉਨ੍ਹਾਂ ਨੇ ਸਮੁੱਚੇ ਸਾਹਿਤ (ਅਤੇ ਵਿਚਾਰਕਾਂ ਨੂੰ ਵੀ) ਬੜੇ ਫੂਹੜ ਅਤੇ ਨੰਗੇ ਤਰੀਕਿਆਂ ਨਾਲ਼ ਤਿੰਨ ਛੋਟੇ-ਛੋਟੇ ਖਾਨਿਆਂ ਵਿੱਚ ਵੰਡ ਦਿੱਤਾ ਹੈ। ਇੱਕ ਖਾਨੇ ਵਿੱਚ ਸੁਚੇਤ ਇਨਕਲਾਬੀ ਬਿਠਾ ਦਿੱਤੇ ਗਏ ਹਨ, ਦੂਜੇ ਵਿੱਚ ਸੁਚੇਤ ਜਾਂ ਘੱਟ ਚੇਤਨਾ ਵਾਲ਼ੇ ਪਿਛਾਖੜੀ ਅਤੇ ਤੀਜੇ ਖਾਨੇ ਵਿੱਚ ਜੋ ਕਿ ਕਾਫੀ ਵੱਡਾ ਹੈ ਸਾਰੇ ‘ਭਰਮੀ’ ਭਰੇ ਪਏ ਹਨ। ਇਸ ਦੇ ਇਲਾਵਾ ਲਿਫ਼ਸ਼ਿਤਜ਼ ਸਾਹਿਬ ਜਮਾਤੀ ਨਜ਼ਰੀਏ ਨਾਲ਼ ਆਪਣੀਆਂ ਦੁਸ਼ਮਣ ਜਮਾਤਾਂ ਦੀ ਵਿਚਾਰਧਾਰਾ ਦੇ ਪ੍ਰਭਾਵ ਵਿੱਚ ਜੀਅ ਰਹੀ ਲੋਕਾਈ ਅਤੇ ਉਨ੍ਹਾਂ ਰਚਨਾਕਾਰਾਂ ਵਿੱਚ ਫਰਕ ਕਰਨਾ ਭੁੱਲ ਜਾਂਦੇ ਹਨ ਜੋ ਇਸ ਲੋਕਾਈ ਦੀਆਂ ਦੁਸ਼ਮਣ ਜਮਾਤਾਂ ਦੀ ਵਿਚਾਰਧਾਰਾ ਨੂੰ ਪ੍ਰਗਟ ਕਰਦੇ ਹਨ।

ਲਿਫ਼ਸ਼ਿਤਜ਼ ਦੇ ‘ਬਾਹਰਮੁਖੀ ਭਰਮ ਦੇ ਸਿਧਾਂਤ’ ਦੀ ਰੌਸ਼ਨੀ ਵਿੱਚ ਜਮਾਤੀ ਘੋਲ਼ ਅਤੇ ਵਿਚਾਰਧਾਰਾ ਦੇ ਇਤਿਹਾਸ ਦੀ ਕੀ ਤਸਵੀਰ ਸਾਹਮਣੇ ਆਉਂਦੀ ਹੈ?

ਸਾਰੇ ਯੁੱਗਾਂ ਵਿੱਚ ਸੁਚੇਤ ਇਨਕਲਾਬੀ ਅਨਸਰ ਅਤੇ ਘੱਟ ਚੇਤਨਾ ਵਾਲ਼ੇ ਜਾਂ ਸੁਚੇਤ ਪਿਛਾਖੜੀ ਇੱਕ ਦੂਜੇ ਦੇ ਵਿਰੋਧ ਵਿੱਚ ਖੜ੍ਹੇ ਹੁੰਦੇ ਹਨ। ਸਾਰ ਰੂਪ ਵਿੱਚ ਉਹ ਮਨੁੱਖੀ ਸਮਾਜ ਦੇ ਮਹਤੱਵਹੀਣ ਘੱਟਗਿਣਤੀ ਵਿੱਚ ਹੁੰਦੇ ਹਨ। ਇਹ ਘੱਟਗਿਣਤੀ ਹੀ ‘ਸਿੱਧੇ ਅਤੇ ਸਪੱਸ਼ਟ ਜਮਾਤੀ ਵਿਰੋਧ’ ਦੀ ਨੁਮਾਇੰਦਗੀ ਕਰਦੀ ਹੈ। ‘ਪਰ ਇਸ ਸਿੱਧੇ ਸਾਦੇ ਅਤੇ ਸਪੱਸ਼ਟ ਜਮਾਤੀ ਵਿਰੋਧ ਦੇ ਇਲਾਵਾ ਹਜ਼ਾਰਾਂ ਹਜ਼ਾਰ ਅਜਿਹੇ ਲੋਕ ਵੀ ਸਦਾ ਹੁੰਦੇ ਹਨ ਜੋ ਜਾਬਰਾਂ ਖਿਲਾਫ਼ ਗੁੱਸੇ ਨਾਲ਼ ਉੱਠ ਤਾਂ ਖੜ੍ਹੇ ਹੁੰਦੇ ਹਨ ਪਰ ਸੁਚੇਤ ਅਤੇ ਯੋਜਨਾਬੱਧ ਘੋਲ਼ ਦੀ ਮੰਜ਼ਲ ਤੱਕ ਜੋ ਨਹੀਂ ਪਹੁੰਚ ਸਕੇ ਹੁੰਦੇ ਹਨ।’ ਇਹ ਉਹ ਸਰੋਤ ਹੈ ਜਿੱਥੋਂ ‘ਬਾਹਰਮੁੱਖੀ ਜਮਾਤੀ ਭਰਮ’ ਨਿਕਲ਼ਦਾ ਹੈ ਅਤੇ ਏਸੇ ਦੀ ਵਜ਼ਾ ਕਰਕੇ ਯੂਰੋਪ ਵਿੱਚ 1848 ਤੱਕ ਅਤੇ ਰੂਸ ਵਿੱਚ 1905 ਤੱਕ ‘ਜਮਾਤਾਂ ਦਾ ਨਾਕਾਫ਼ੀ ਫ਼ਰਕ’ ਨਜ਼ਰ ਆਉਂਦਾ ਹੈ।

ਇਕ ਮਾਰਕਸਵਾਦੀ ਅਲੋਚਕ ਦਾ ਇਹ ਕੰਮ ਹੈ ਕਿ ਉਹ ਬਾਹਰਮੁਖੀ ਜਮਾਤੀ ਵਿਰੋਧਤਾਈਆਂ ਦੀ ਤਲਾਸ਼ ਕਰੇ, ਕਿਸੇ ਵਿਚਾਰਧਾਰਾ ਸਬੰਧੀ ਰਚਨਾ ਦਾ ਬਾਹਰਮੁਖੀ ਜਮਾਤੀ ਅਰਥ ਰੇਖਾਂਕਤ ਕਰੇ ਅਤੇ ਇਸ ਗੱਲ ਨੂੰ ਤੈਅ ਕਰੇ ਕਿ ਕਿਸ ਤਰ੍ਹਾਂ ਇਸ ਜਾਂ ਉਸ ਵਿਚਾਰਕ ਦੀ ਵਿਚਾਰਧਾਰਾ ਦੀ ਵਿਰੋਧਤਾਈ ਬਾਹਰੀ ਯਥਾਰਥ ਨਾਲ਼, ਖਾਸ ਕਰਕੇ ਜਮਾਤੀ ਯਥਾਰਥ ਦੀਆਂ ਵਿਰੋਧਤਾਈਆਂ ‘ਚੋਂ ਪੈਦਾ ਹੋਈ ਹੁੰਦੀ ਹੈ। ਪਰ ਲਿਫ਼ਸ਼ਿਤਜ਼ ਦਾ ਸੰਕਲਪ ਹੈ ਕਿ ਕਿਉਂਕਿ ਲੋਕ ‘ਹਾਲੇ ਸੁਚੇਤ ਅਤੇ ਪ੍ਰਣਾਲੀਬੱਧ ਘੋਲ਼ ਦੀ ਮੰਜ਼ਲ ਤੱਕ ਨਹੀਂ ਪਹੁੰਚ ਸਕੇ ਹਨ’, ਇਸ ਲਈ ਜਮਾਤਾਂ ਦਾ ਟਕਰਾਅ ਪ੍ਰਤੱਖ ਅਤੇ ਸਪੱਸ਼ਟ ਨਹੀਂ ਨਜ਼ਰ ਆ ਸਕਦਾ ਅਤੇ ਵਿਚਾਰਧਾਰਾ ਬਾਹਰਮੁਖੀ ਰੂਪ ਵਿੱਚ ਮੌਜੂਦ ਜਮਾਤੀ ਹਿਤਾਂ ਦਾ ਬਾਹਰਮੁਖੀ ਪ੍ਰਗਟਾਵਾ ਨਹੀਂ ਹੋ ਸਕਦਾ।

ਲਿਫ਼ਸ਼ਿਤਜ਼ ਦੇ ‘ਸਿਧਾਂਤ’ ਦੇ ਅਨੁਸਾਰ ਅਜਿਹਾ ਲਗਦਾ ਹੈ ਕਿ ਸੱਤਵੇਂ ਦਹਾਕੇ ਵਿੱਚ (ਭਾਵ 1860 ਦੇ ਬਾਅਦ) ਦੋ ਤਾਕਤਾਂ ਇੱਕ ਦੂਜੇ ਦੇ ਆਹਮਣੇ ਸਾਹਮਣੇ ਵਿਰੋਧ ਵਿੱਚ ਖੜ੍ਹੀਆਂ ਸਨ : ਇੱਕ ਪਾਸੇ ਨਿਰੰਕੁਸ਼ ਇੱਕਤੰਤਰ ਸੀ ਅਤੇ ਦੂਜੇ ਪਾਸੇ ਚਰਨੇਸ਼ੇਵਸਕੀ ਅਤੇ ਦੋਬ੍ਰੋਲਿਉਬੋਵ ਸਨ। ਪਿਛਲੀ ਸਦੀ ਦੇ ਆਖ਼ਰੀ ਦਹਾਕੇ ਤੱਕ ਵੀ ਇੱਕ ਪਾਸੇ ਨਿਰੰਕੁਸ਼ ਇੱਕਤੰਤਰ ਉਵੇਂ ਦਾ ਉਵੇਂ ਰਿਹਾ, ਜਦ ਕਿ ਦੂਜੇ ਪਾਸੇ ਲੈਨਿਨ ਦੀ ਅਗਵਾਈ ਵਿੱਚ ਕਮਿਊਨਿਸਟ ਪਾਰਟੀ ਦੇ ਲੋਕ ਸਨ। ਇਹ ਦੋ ਤਾਕਤਾਂ ਸੱਤਵੇਂ ਅਤੇ ਦਸਵੇਂ ਦਹਾਕੇ ਵਿੱਚ ‘ਸਿੱਧੇ ਅਤੇ ਸਪੱਸ਼ਟ ਜਮਾਤੀ ਵਿਰੋਧ’ ਦੀ ਨੁਮਾਇੰਦਗੀ ਕਰ ਰਹੀਆਂ ਸਨ। ਜਿੱਥੋਂ ਤੱਕ ਸੱਤਵੇਂ ਦਹਾਕੇ ਦੀ ਕਿਸਾਨ ਜਮਾਤ ਦਾ ਜਾਂ ਆਖ਼ਰੀ ਦਹਾਕੇ ਦੇ ਕਿਸਾਨ ਜਾਂ ਪ੍ਰੋਲੇਤਾਰੀ ਜਮਾਤ ਦਾ ਸਬੰਧ ਹੈ, ਉਹ ਇਸ ਸਿੱਧੇ ਅਤੇ ਸਪੱਸ਼ਟ ਜਮਾਤੀ ਵਿਰੋਧ ਦੇ ਘੇਰੇ ਤੋਂ ਬਾਹਰ ਸਨ। ਮਜ਼ਦੂਰ ਜਮਾਤ 1905 ਤੋਂ ਪਹਿਲਾਂ ਉਨ੍ਹਾਂ ‘ਹਜ਼ਾਰਾਂ ਹਜ਼ਾਰ ਲੋਕਾਂ’ ਦਾ ਹਿੱਸਾ ਸੀ ਜੋ ‘ਬਾਹਰਮੁਖੀ ਭਰਮ’ ਦੇ ਸ਼ਿਕਾਰ ਸਨ।

ਰੂਸ ਵਿੱਚ ਸਰਮਾਏਦਾਰੀ ਵਿਕਾਸ ਦੇ ਦੋਹਰੇ ਰਾਹ ਦੇ ਲੈਨਿਨ ਦੇ ਸੰਕਲਪ ਤੋਂ ਇਹ ਵਿਚਾਰ ਕੋਹਾਂ ਦੂਰ ਹਨ। ਲੈਨਿਨ ਦੇ ਇਸ ਸੰਕਲਪ ਨਾਲ਼ ਵੀ ਇਸ ਦਾ ਕੋਈ ਵਾਸਤਾ ਨਹੀਂ ਕਿ ਜੇ ਪਿੱਛੇ ਮੁੜ ਕੇ ਦੇਖੀਏ ਤਾਂ ਰੂਸ ਦੇ ਛੇਵੇਂ ਦਹਾਕੇ ਵਿੱਚ ਪ੍ਰਸ਼ੀਆ ਜਿਹੇ ਅਤੇ ਅਮਰੀਕਾ ਜਿਹੇ ਸਰਮਾਏਦਾਰੀ ਵਿਕਾਸ ਦੇ ਰਾਹਾਂ ਦੇ ਬੁਲਾਰਿਆਂ ਵਿੱਚ ਆਪਸ ਵਿੱਚ ਘੋਲ਼ ਸੀ।2

ਲਿਫ਼ਸ਼ਿਤਜ਼ ਦੀ ‘ਵਿਧੀ’ ਦੀ ਬੁਨਿਆਦੀ ਗ਼ਲਤੀ ਇਹ ਹੈ ਕਿ ਉਨ੍ਹਾਂ ਨੂੰ ਅਧਾਰ ਅਤੇ ਉੱਚ-ਉਸਾਰ ਦੇ ਮਾਰਕਸਵਾਦੀ ਸਿਧਾਂਤ ਦੀ ਪੂਰੀ ਸਮਝ ਨਹੀਂ ਹੈ। ਲਿਫ਼ਸ਼ਿਤਜ਼ ਨੇ ਆਪਣੀ ਵਿਧੀ ਨੂੰ ਬਾਹਰਮੁਖੀ ਰੂਪ ਵਿੱਚ ਮੌਜੂਦ ਜਮਾਤਾਂ ਅਤੇ ਉਨ੍ਹਾਂ ਦੀਆਂ ਵਿਰੋਧਤਾਈਆਂ ‘ਤੇ ਅਧਾਰਤ ਨਾ ਕਰਕੇ ਉਨ੍ਹਾਂ ਜਮਾਤਾਂ ਦੀ ਚੇਤਨਾ ‘ਤੇ ਅਧਾਰਤ ਕੀਤਾ ਹੈ। ਕਿਉਂਕਿ ਲੋਕ ਆਪਣੇ ਜਾਬਰਾਂ ਦੇ ਖਿਲਾਫ਼ ਸੁਚੇਤ ਘੋਲ਼ ਦੇ ਨੁਕਤੇ ਤੱਕ ਨਹੀਂ ਪਹੁੰਚ ਪਾਉਂਦੇ ਹਨ, ਇਸ ਲਈ ਜ਼ਿਆਦਾਤਰ ਵਿਚਾਰਕ ਵਿਰੋਧਤਾਈਆਂ ਨਾਲ਼ ਗ੍ਰਸਤ ਹੁੰਦੇ ਹਨ।

ਲਿਫ਼ਸ਼ਿਤਜ਼ ਅਨੁਸਾਰ ਇਨ੍ਹਾਂ ਵਿਚਾਰਕਾਂ ਦੀਆਂ ਵਿਰੋਧਤਾਈਆਂ ਯਥਾਰਥ ਵਿੱਚੋਂ ਪੈਦਾ ਨਹੀਂ ਹੁੰਦੀਆਂ ਸਗੋਂ ਉਹ ਲੋਕਾਂ ਦੀ ਚੇਤਨਾ ਦੀ ਘਾਟ ਦਾ ਨਤੀਜਾ ਹੁੰਦੀਆਂ ਹਨ।

ਲਿਫ਼ਸ਼ਿਤਜ਼ ਦਾ ਇਹ ਸੰਕਲਪ ਹੈ ਕਿ ‘ਸਾਹਿਤ ਅੰਦਰ ਇਨਕਲਾਬੀ ਆਦਰਸ਼ ਪ੍ਰਤੱਖ ਅਤੇ ਫੌਰੀ ਰੂਪ ਵਿੱਚ ਬਹੁਤ ਹੀ ਘੱਟ ਪ੍ਰਗਟ ਹੋਏ ਹਨ।’ ਇਹ ਸੰਕਲਪ ਇਤਿਹਾਸ ਵਿਰੋਧੀ ਅਤੇ ਲੈਨਿਨਵਾਦ ਦੇ ਖਿਲਾਫ਼ ਵੀ ਹੈ। ਰੂਸ ਦੀ ਕਿਸਾਨ ਜਮਾਤ ਦੇ ਇਨਕਲਾਬੀ ਵਿਚਾਰਾਂ ਦਾ ਪ੍ਰਤੱਖ ਅਤੇ ਫੌਰੀ ਪ੍ਰਗਟਾਵਾ ਚੇਰਨੇਸ਼ੇਵਸਕੀ, ਨੇਕਰਾਸੋਵ, ਸਾਲਤੀਕੋਵ-ਸੇਦ੍ਰੀਨ, ਉਸਪੇਂਸਕੀ ਅਤੇ ਹੋਰਨਾ ਚੰਗੇ ਲੇਖਕਾਂ ਦੀਆਂ ਰਚਨਾਵਾਂ ਵਿੱਚ ਮਿਲ਼ਦਾ ਹੈ ਜੋ ਕਿ ਸਹੂਲਤ ਭੋਗੀ ਜਮਾਤਾਂ ‘ਚੋਂ ਨਹੀਂ ਆਏ ਸਨ। ਏਸੇ ਤਰ੍ਹਾਂ ਰੂਸ ਦੇ ਪ੍ਰੋਲੇਤਾਰੀ ਜਮਾਤ ਦੇ ਇਨਕਲਾਬੀ ਆਦਰਸ਼ਾਂ ਦਾ ਪ੍ਰਤੱਖ ਅਤੇ ਫੌਰੀ ਪ੍ਰਗਟਾਵਾ ਸਾਨੂੰ ਗੋਰਕੀ ਵਿੱਚ ਅਤੇ ਪ੍ਰੋਲੇਤਾਰੀ ਜਮਾਤੀ ਸਾਰੇ ਸਾਹਿਤ ਵਿੱਚ ਮਿਲ਼ਦਾ ਹੈ।

ਕਲਾਕਾਰ ਦੇ ਜਮਾਤੀ ਖਾਸੇ ਤੋਂ ਇਨਕਾਰ ਕਰਨਾ ਇੱਕ ਅਜਿਹੀ ਕਲਪਨਾ ਹੈ ਜਿਸ ਵਿੱਚ ਬੁਰਜੂਆ ਅਤੇ ਕੁਲੀਨ ਜਮਾਤੀ ਲੇਖਕਾਂ ਦੀਆਂ ਰਚਨਾਵਾਂ ਵਿੱਚ ਮੌਜੂਦ ਵਿਰੋਧਤਾਈਆਂ ਨੂੰ ਅਸਲ ਵਿੱਚ ਲੋਕਾਂ ਦੇ ਮੱਥੇ ਮੜ੍ਹਿਆ ਜਾ ਰਿਹਾ ਹੈ। ਇਸ ਸਿਧਾਂਤ ਦੀ ਰੌਸ਼ਨੀ ਵਿੱਚ ਕੁੱਝ ਤੱਥਾਂ ਦੀ ਪ੍ਰੀਖਿਆ ਕੀਤੀ ਜਾਵੇ :

ਇਕ ਨਵਾਂ ਬੁੱਧੀਜੀਵੀ ਤਬਕਾ ਜੋ ਅਮੀਰ ਘਰਾਂ ਤੋਂ ਨਹੀਂ ਆਇਆ ਸੀ ਅਤੇ ਸੱਤਵੇਂ ਅਤੇ ਦਸਵੇਂ ਦਹਾਕੇ ਦੇ ਇਤਿਹਾਸ ਦੇ ਮੈਦਾਨ ਵਿੱਚ ਉੱਤਰਿਆ। ਇਸ ਦਾ ਚਿੱਤਰਣ ਤਾਲਸਤਾਏ ਦੇ ਨਾਵਲ ‘ਏ ਕੰਟੈਮਿਨੇਟਿਡ ਫੈਮਲੀ’ ਵਿਚ, ਤਰੁਗਨੇਵ ਦੇ ਨਾਵਲ ‘ਫਾਦਰ ਐਂਡ ਸਨਸ’ ਵਿਚ, ਪਿਸੇਮਸਕੀ ਦੇ ‘ਟ੍ਰਬਲਡ ਸੀਜ਼’ ਲੇਸਕੋਵ ਦੇ ‘ਡੈਗਰਸ ਡ੍ਰਾਨ’ ਵਿਚ, ਦਸਤੋਵਸਕੀ ਦੇ ‘ਦਿ ਪੈਜ਼ੈਸਟ’ ਵਿੱਚ ਅਤੇ ਚੇਰਨੇਸ਼ਵਸਕੀ ਦੇ ‘ਕੀ ਕਰਨਾ ਲੋੜੀਏ?’ ਵਿੱਚ ਹੋਇਆ ਹੈ। ਉਸ ਬਾਹਰਮੁਖੀ ਯਥਾਰਥ ਦੇ ਸਮੇਤ ਇਸ ਬੁੱਧੀਜੀਵੀ ਤਬਕੇ ਦਾ ਜੋ ਚਿੱਤਰਣ ਇਨ੍ਹਾਂ ਰਚਨਾਵਾਂ ਵਿੱਚ ਹੋਇਆ ਹੈ ਉਹ ਸਾਰਾ ਚਿੱਤਰਣ ਵੱਖ ਵੱਖ ਜਮਾਤੀ ਸਮੂਹਾਂ ਦੀ ਸਮਾਜਕ ਪ੍ਰਵਿਰਤੀਆਂ ਦੀਆਂ ਵਿਸ਼ੇਸ਼ਤਾਵਾਂ ਦੀ ਛਾਪ ਹੈ।

ਇਸ ਤੱਥ ਦੀ ਵਿਆਖਿਆ ਤੁਸੀਂ ਕਿਵੇਂ ਕਰੋਗੇ ਕਿ ਜਿਸ ਤਾਲਸਤਾਏ ਨੇ 1863 ਵਿਚ, ਆਪਣੇ ਸ਼ੁਰੂਆਤੀ ਦਿਨ੍ਹਾਂ ਵਿੱਚ ਆਪਣੀ ਜਮਾਤ ਦੀ ਡੂੰਘੀ ਅਲੋਚਨਾ ਕਰਦੇ ਹੋਏ ਰਚਨਾਵਾਂ ਲਿਖੀਆਂ ਸਨ ਉਨ੍ਹਾਂ ਨੇ ‘ਕੰਟੈਮਿਨੇਟਿਡ ਫੈਮਲੀ’ ਨਾਮੀ ਨਾਵਲ ਲਿਖਿਆ ਜਿਸ ਵਿੱਚ .ਸਰਵਖੰਡਨਵਾਦੀਆਂ ਦਾ ਨਿੰਦਾਪੂਰਣ ਮਜ਼ਾਕ ਉਡਾਇਆ ਗਿਆ ਹੈ? ਤਰੁਗਨੇਵ ਨੇ ਬਜਾਰੋਵ ਰਾਹੀਂ ਨਵੇਂ ਬੁੱਧੀਜੀਵੀ ਤਬਕੇ ਦੀ ਵਿਗੜੀ ਤਸਵੀਰ ਕਿਉਂ ਪੇਸ਼ ਕੀਤੀ? ਸਾਡਾ ਜੁਆਬ ਇਹੀ ਹੈ ਕਿ ਇਸ ਦਾ ਕਾਰਨ ਰੂਸ ਵਿੱਚ ਚੱਲ ਰਹੇ ਜਮਾਤੀ ਘੋਲ਼ ਦੀ ਤਰੱਕੀ ਵਿੱਚ ਅਤੇ ਇਸ ਘੋਲ਼ ਵਿੱਚ ਕੁਲੀਨ ਜਮਾਤ ਦੇ ਵੱਖ ਵੱਖ ਹਿੱਸਿਆਂ ਦੀ ਅਜੀਬ ਹਾਲਤ ਵਿੱਚ ਲੱਭਿਆ ਜਾ ਸਕਦਾ ਹੈ। ਪਰ ਲਿਫ਼ਸ਼ਿਤਜ਼ ਸਾਹਿਬ ਫਰਮਾਉਂਦੇ ਹਨ : ‘ਨਹੀਂ, ਇਹ ਤਾਂ ਕੱਟੜ ਮਾਰਕਸਵਾਦ ਹੈ। ਇਸ ਦਾ ਕਾਰਨ ਤਾਂ ਕਿਤੇ ਹੋਰ ਲੁਕਿਆ ਹੈ, ਇਸ ਦੀ ਚਾਬੀ ਤਾਂ ਇਸ ਤੱਥ ਵਿੱਚ ਲੁਕੀ ਹੋਈ ਹੈ ਕਿ, ‘ਪੁਰਾਣੇ ਸਮਾਜਕ ਢਾਂਚਿਆਂ ਦੇ ਗਲ਼ੇ ਸੜੇ ਸਿਧਾਂਤਾਂ ਨਾਲ਼ੋਂ ਆਪਣਾ ਨਾਤਾ ਤੋੜਨ ਦੀ ਪ੍ਰਕਿਰਿਆ ਵਿੱਚ ਲੇਖਕ ਅਤੇ ਕਲਾਕਾਰ ਮਨੁੱਖੀ ਇਤਿਹਾਸ ਦੀਆਂ ਗੁੰਝਲ਼ਦਾਰ ਵਿਰੋਧਤਾਈਆਂ ਦਾ ਕੋਈ ਹੱਲ ਆਪਣੇ ਆਲ਼ੇ ਦੁਆਲ਼ੇ ਦੀ ਦੁਨੀਆ ਵਿੱਚ ਲੱਭ ਸਕਣ ਵਿੱਚ ਸਮਰੱਥ ਨਹੀਂ ਸਨ।’

ਪਰ (ਤਾਲਸਤਾਏ ਅਤੇ ਤਰੁਗਨੇਵ ਦੇ) ‘ਆਲ਼ੇ ਦੁਆਲ਼ੇ ਦੀ ਦੁਨੀਆਂ’ ਵਿੱਚ ਸਾਲਤੀਕੋਵ ਸ਼ੇਦ੍ਰੀਨ ਅਤੇ ਨੇਕਰਾਸੋਵ ਜਿਹੇ ਕੁਲੀਨ ਜਮਾਤ ਦੇ ਲੋਕ ਵੀ ਸ਼ਾਮਲ ਸਨ।

ਕੀ ਕਾਰਨ ਸੀ ਕਿ ਨੇਕਰਾਸੋਵ ਅਤੇ ਸਾਲਤੀਸੋਵ ਸ਼ੇਦ੍ਰੀਨ ਨੂੰ ਆਪਣੇ ‘ਆਲ਼ੇ ਦੁਆਲ਼ੇ ਦੀ ਦੁਨੀਆਂ’ ਵਿੱਚ ਇਨ੍ਹਾਂ ਸਮੱਸਿਆਵਾਂ ਦੇ ਹੱਲ ਮਿਲ਼ ਗਏ ਸਨ ਅਤੇ ਨਵੇਂ ਬੁੱਧੀਜੀਵੀ ਤਬਕੇ ਦਾ ਜੋ ਮੁਲੰਕਣ ਉਨ੍ਹਾਂ ਨੇ ਕੀਤਾ ਉਹ ਬੁਨਿਆਦੀ ਤੌਰ ‘ਤੇ ਤਾਲਸਤਾਏ ਅਤੇ ਤਰੁਗਨੇਵ ਦੇ ਮੁਲੰਕਣ ਨਾਲ਼ੋਂ ਵੱਖਰਾ ਕਿਉਂ ਹੈ? ਇਸ ਦਾ ਕਾਰਨ ਇਹ ਹੈ ਕਿ ਨੇਕਰਾਸੋਵ ਅਤੇ ਸਾਲਤੀਕੋਵ ਸ਼ੇਦ੍ਰੀਨ ਨੇ ਕੁਲੀਨ ਜਮਾਤ ਨਾਲ਼ੋਂ ਆਪਣਾ ਨਾਤਾ ਪੂਰੀ ਤਰ੍ਹਾਂ ਤੋੜ ਲਿਆ ਸੀ ਜਦ ਕਿ ਤਾਲਸਤਾਏ ਅਤੇ ਤੁਰਗਨੇਵ ਲਗਾਤਾਰ ਕੁਲੀਨ ਸਮੂਹਾਂ ਦੀਆਂ ਵੱਖ ਵੱਖ ਵਿਚਾਰ ਰਵਾਇਤਾਂ ਅਤੇ ਪ੍ਰਵਿਰਤੀਆਂ ਨੂੰ ਪ੍ਰਗਟਾਉਂਦੇ ਰਹੇ। ਜੇ ਇਸ ਸਿਧਾਂਤ ਨੂੰ ਖਾਰਜ ਕਰ ਦਿੱਤਾ ਜਾਵੇ, ਤਾਂ ਹਰ ਰਚਨਾਕਾਰ ਨੂੰ ਮਨੋਵਿਗਿਆਨਕ ਤੌਰ ‘ਤੇ ਜਾਂ ਫਿਰ ਉਸ ਦੇ ਸਵੈ ਘੋਲ਼ਾਂ ਦੇ ਅਧਾਰ ‘ਤੇ ਵਿਸ਼ੇਲਸ਼ਣ ਕਰਨ ਦੇ ਇਲਾਵਾ ਤੁਸੀਂ ਕੀ ਕਰੋਗੇ?

ਲਿਫ਼ਸ਼ਿਤਜ਼ ਦੇ ਹਿਸਾਬ ਨਾਲ਼ ਇਸ ਨਵੇਂ ਬੁੱਧੀਜੀਵੀ ਤਬਕੇ ਦੇ ਚਿੱਤਰਣ ਦੇ ਆਪਸੀ ਵਿਰੋਧੀ ਢੰਗ ਕੁਲ ਮਿਲ਼ਾ ਕੇ ਇਹ ਸਿੱਧ ਕਰਦੇ ਹਨ ਕਿ ਲੋਕ ਨਿੱਸਲ਼ ਸਨ। ਲਿਫ਼ਸ਼ਿਤਜ਼ ਨੂੰ ਇਹ ਲਗਦਾ ਹੈ ਕਿ ਉਹ ਤਾਲਸਤਾਏ ਬਾਰੇ ਲੈਨਿਨ ਦੇ ਨਤੀਜਿਆਂ ਦੀ ਰਚਨਾਤਮਕ ਵਰਤੋਂ ਕਰ ਰਹੇ ਹਨ ਭਾਵ ਉਨ੍ਹਾਂ ਦਾ ਮੁਲਾਂਕਣ ਇਸ ਤੱਥ ‘ਤੇ ਅਧਾਰਤ ਹੈ ਕਿ ਜਿੱਥੇ ਤਾਲਸਤਾਏ ਨੇ ਲੱਖਾਂ ਕਿਸਾਨਾਂ ਦੇ ਗੁੱਸੇ ਅਤੇ ਬਗ਼ਾਵਤ ਦੀ ਭਾਵਨਾ ਨੂੰ ਪ੍ਰਤੀਬਿੰਬਤ ਕੀਤਾ ਉਥੇ ਆਪਣੇ ਜਾਬਰਾਂ ਦੇ ਖਿਲਾਫ਼ ਇੱਕ ਲਗਾਤਾਰ ਲੜਾਈ ਛੇੜਨ ਦੀ ਉਨ੍ਹਾਂ ਦੀ ਅਸਮਰਥਤਾ ਨੂੰ ਵੀ ਚਿਤਰਿਆ ਹੈ। ਪਰ ਸੱਚਾਈ ਇਹ ਹੈ ਕਿ ਤਾਲਸਤਾਏ ‘ਤੇ ਲਿਖੇ ਲੈਨਿਨ ਦੇ ਲੇਖਾਂ ਦੀ ਰਚਨਾਤਮਕ ਵਰਤੋਂ ਕਰਨ ਦੀ ਥਾਂ, ਲਿਫ਼ਸ਼ਿਤਜ਼ ਨੇ ਲੈਨਿਨ ਦੀ ਸਮੀਖਿਆ ਨੂੰ ਮਾਨਕ ਦੀ ਤਰ੍ਹਾਂ ਬਣਾ ਦਿੱਤਾ ਹੈ ਅਤੇ ਉਸ ਨੂੰ ਸੀਤੇ ਸਵਾਏ ਸੂਟ ਵਿੱਚ ਤਬਦੀਲ ਕਰ ਦਿੱਤਾ ਹੈ ਜਿਸ ਨੂੰ ਕਿਸੇ ਵੀ ਲੇਖਕ ਨੂੰ ਪੁਆ ਦਿਓ। ਤਾਲਸਤਾਏ ਬਾਰੇ ਲੈਨਿਨ ਦੇ ਮੁਲਾਂਕਣ ਦਾ ਇਹ ਮਿਸਾਲੀਕਰਣ (ਪ੍ਰਤੀਮਾਨੀਕਰਣ) ਅਤੇ ਭ੍ਰਿਸ਼ਟੀਕਰਣ ਲਿਫ਼ਸ਼ਿਤਜ਼ ਨੂੰ ਅਜਿਹੇ ਨੁਕਤੇ ‘ਤੇ ਲੈ ਜਾਂਦਾ ਹੈ ਜਿਥੇ ਉਹ ਕਥਨੀ ਵਿੱਚ ਭ੍ਰਿਸ਼ਟ ਸਮਾਜਸ਼ਾਸ਼ਤਰ ਅਤੇ ਉਸ ਦੇ ਮਸ਼ੀਨੀ ਮਨੋਵਿਸ਼ਲੇਸ਼ਣ ਨਾਲ਼ ਘੋਲ਼ ਕਰ ਰਹੇ ਹਨ, ਪਰ ਅਸਲ ਵਿੱਚ ਸਮਾਜਸ਼ਾਸਤਰ ਦੀ ਥਾਂ ਮਨੋਵਿਗਿਆਨ ਨੂੰ ਸਥਾਪਤ ਕਰ ਰਹੇ ਹੁੰਦੇ ਹਨ।

ਲਿਫ਼ਸ਼ਿਤਜ਼ ਦਾ ਵਿਸ਼ਵਾਸ ਹੈ ਕਿ ਜਦ ਰਚਨਾਕਾਰ ਪਿਛਾਖੜਵਾਦ ਅੱਗੇ ਆਤਮ ਸਮਰਪਣ ਕਰਦੇ ਹਨ ਤਾਂ ਇਸ ਦਾ ਕਾਰਨ ਲੋਕਾਂ ਦੀ ਨਿੱਸਲ਼ਤਾ ਅਤੇ ਹੋਰ ਗੁੰਝਲ਼ਦਾਰ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਉਨ੍ਹਾਂ ਦੀ ਅਸਮਰੱਥਾ ਵਿੱਚ ਮੌਜੂਦ ਹੁੰਦੀ ਹੈ। ਪਰ ਤਦ ਸੁਆਲ ਪੈਦਾ ਹੁੰਦਾ ਹੈ ਕਿ ਉਹ ਇਸ ਸੱਚਾਈ ਦੀ ਵਿਆਖਿਆ ਕਿਵੇਂ ਕਰਨਗੇ ਕਿ ਇਹ ਹੀ ਰਚਨਾਕਾਰ ਜੋ ਅਤੀਤ ਨਾਲ਼ੋਂ ਤੋੜ ਵਿਛੋੜੇ ਦਾ ਸੰਕੇਤ ਦੇ ਰਹੇ ਸਨ ਪਿਛਾਖੜਵਾਦ ਅਤੇ ਰਹੱਸਵਾਦ ਅੱਗੇ ਆਤਮ ਸਮਰਪਣ ਉਸ ਵਕਤ ਕਰ ਰਹੇ ਸਨ ਜਦ ਲੋਕ ਉੱਕਾ ਹੀ ਨਿੱਸਲ਼ਤਾ ਨਹੀਂ ਦਿਖਾ ਰਹੇ ਸਨ ਅਤੇ ਜਦ ਲੋਕ ਅਤੇ ਉਨ੍ਹਾਂ ਦੀਆਂ ਪਾਰਟੀਆਂ ਮਨੁੱਖੀ ਇਤਿਹਾਸ ਦੀਆਂ ਵਿਰੋਧਤਾਈਆਂ ਨੂੰ ਹੱਲ ਕਰਨ ਦੇ ਸਭ ਤੋਂ ਜ਼ਿਆਦਾ ਬੁਨਿਆਦੀ ਨਾਹਰੇ ਦੇ ਰਹੀਆਂ ਸਨ? ਰੂਸ ਵਿੱਚ ਦਸੰਬਰ 1905 ਦੇ ਲੋਕ ਉਭਾਰਾਂ ਅਤੇ 1917-19 ਵਿੱਚ ਇਹੀ ਮਹੌਲ ਸੀ, ਸਾਡਾ ਖਿਆਲ ਹੈ ਕਿ ਇਨ੍ਹਾਂ ਲੇਖਕਾਂ ਨੇ ਆਤਮ ਸਮਰਪਣ ਇਸ ਲਈ ਕੀਤਾ ਕਿਉਂਕਿ ਉਹ ਸਰਮਾਏਦਾਰ ਜਮਾਤ ਅਤੇ ਨਿੱਕ-ਬੁਰਜੂਆ ਜਮਾਤ ਦੇ ਬੁਲਾਰੇ ਸਨ। ਸਰਮਾਏਦਾਰਾ ਚੌਗਿਰਦੇ ਵਿੱਚ ਮੌਜੂਦ ਵਿਰੋਧਤਾਈਆਂ ਨੇ ਉਨ੍ਹਾਂ ਅੰਦਰ ਅਤੀਤ ਨਾਲ਼ੋਂ ਨਾਤਾ ਤੋੜਨ ਦੀ ਇੱਛਾ ਜਗਾ ਦਿੱਤੀ ਸੀ ਜਦ ਕਿ ਜਾਇਦਾਦਧਾਰੀ ਜਮਾਤਾਂ ਨਾਲ਼ ਆਪਣੇ ਜੁੜਾਅ ਨੇ ਉਨ੍ਹਾਂ ਨੂੰ ਸਿਆਸੀ ਪਿਛਾਖੜਵਾਦ ਦੀ ਵਕਾਲਤ ਲਈ ਅਤੇ ਦਾਰਸ਼ਨਿਕ ਅਤੇ ਧਾਰਮਿਕ ਰਹੱਸਵਾਦ ਦਾ ਗੁਣਗਾਣ ਕਰਨ ਲਈ ਉਨ੍ਹਾਂ ਦਿਨਾਂ ਵਿੱਚ ਮਜ਼ਬੂਰ ਕੀਤਾ ਜਿਨ੍ਹਾਂ ਦਿਨਾਂ ਵਿੱਚ ਲੋਕਾਂ ਨੇ ਆਪਣੀਆਂ ਇਨਕਾਲਬੀ ਕਾਰਵਾਈਆਂ ਨਾਲ਼ ਜਾਇਦਾਦ ਦੀ ਬੁਨਿਆਦ ਨੂੰ ਹੀ ਮਿਟਾਉਣ ਲਈ ਕਮਰ ਕੱਸ ਲਈ ਸੀ।

ਲਿਫ਼ਸ਼ਿਤਜ਼ ਦਾ ਵਿਸ਼ਵਾਸ ਹੈ ਕਿ ਬਹੁਤ ਸਾਰੇ ਮਹਾਨ ਰਚਨਾਕਾਰ ਪਿਛਾਖੜ ਦੀ ਸੇਵਾ ਵਿੱਚ ਇਸ ਲਈ ਲੱਗੇ ਰਹੇ ਕਿਉਂਕਿ ਉਨ੍ਹਾਂ ਵਿੱਚ ਸਹੀ ਸਮਝ ਦੀ ਘਾਟ ਸੀ। ਲੈਨਿਨ ਦਾ ਇਸ ਵਿਸ਼ੇ ‘ਤੇ ਪੂਰੀ ਤਰ੍ਹਾਂ ਵੱਖਰਾ ਵਿਚਾਰ ਸੀ।

ਬੋਗਦਾਨੋਵ ਅਤੇ ਬਜ਼ਾਰੋਵ ਨੇ ਗਿਰਜਾ ਪ੍ਰਬੰਧ ਅੱਗੇ ਗੋਡੇ ਇਸ ਲਈ ਨਹੀਂ ਟੇਕ ਦਿੱਤੇ ਸਨ ਕਿ ‘ਮਨੁੱਖੀ ਇਤਿਹਾਸ ਦੀਆਂ ਗੁੰਝਲ਼ਦਾਰ ਵਿਰੋਧਤਾਈਆਂ ਦਾ ਕੋਈ ਹੱਲ ਆਲ਼ੇ ਦੁਆਲ਼ੇ ਦੀ ਦੁਨੀਆਂ ਵਿੱਚ ਲੱਭਣ ਵਿੱਚ ਸਮਰੱਥ ਨਹੀਂ ਸਨ’, ਜਿਹਾ ਕਿ ਲਿਫ਼ਸ਼ਿਤਜ਼ ਦਾ ਕਹਿਣਾ ਹੈ। ਹੱਲ ਤਾਂ ਮੌਜੂਦ ਸੀ। ਦਵੰਦਵਾਦੀ ਪਦਾਰਥਵਾਦ ਇਸ ਹੱਲ ਨੂੰ ਪੇਸ਼ ਕਰਦਾ ਹੈ। ਪਰ ਬੋਗਦਾਨੋਵ ਅਤੇ ਬਜ਼ਾਰੋਵ ਨੂੰ ਇਹ ਹੱਲ ਨਜ਼ਰ ਨਹੀਂ ਆਇਆ ਕਿਉਂਕਿ, ਲੈਨਿਨ ਦੇ ਸ਼ਬਦਾਂ ਵਿਚ, ‘ਅਨੁਭਵਵਾਦੀ ਅਲੋਚਨਾ ਦਾ ਗਿਆਨਸ਼ਾਸ਼ਤਰੀ ਪੰਡਾਊਪੁਣਾ… ਅਜੋਕੇ ਸਮਾਜ ਦੀਆਂ ਆਪਸ ਵਿੱਚ ਦੁਸ਼ਮਣੀ ਰੱਖਦੀਆਂ ਜਮਾਤਾਂ ਦੀ ਵਿਚਾਰਧਾਰਾ ਅਤੇ ਪ੍ਰਵਿਰਤੀਆਂ ਨੂੰ  ਹੀ ਪ੍ਰਗਟਾਉਂਦਾ ਹੈ।’3

ਮਹਾਨ ਰਚਨਾਕਾਰਾਂ ਦੀਆਂ ਰਚਨਾਵਾਂ ਵਿੱਚ ਵਿਰੋਧਤਾਈਆਂ ਅਤੇ ਯਥਾਰਥ ਦੇ ਚਿੱਤਰਣ ਦੇ ਦੋਸ਼ ਇਸ ਲਈ ਨਹੀਂ ਪਾਏ ਜਾਂਦੇ ਕਿ ਲੋਕਾਂ ਵਿੱਚ ਨਿੱਸਲ਼ਤਾ ਹੁੰਦੀ ਹੈ ਜਾਂ ਮਨੁੱਖੀ ਇਤਿਹਾਸ ਦੀਆਂ ਵਿਰੋਧਤਾਈਆਂ ਦੇ ਹੱਲ ਨੂੰ ਉਹ ਬਾਹਰਮੁਖੀ ਯਥਾਰਥ ਵਿੱਚ ਤਲਾਸ਼ ਕਰਨ ਵਿਚ ਅਸਮਰੱਥ ਹੁੰਦੇ ਹਨ, ਇਨ੍ਹਾਂ ਲੇਖਕਾਂ ਦੀਆਂ ਵਿਰੋਧਤਾਈਆਂ ਯਥਾਰਥ ਵਿੱਚ ਮੌਜੂਦ ਵਿਰੋਧਤਾਈਆਂ, ਉਨ੍ਹਾਂ ਜਾਇਦਾਦਧਾਰੀ ਜਮਾਤਾਂ ਦੀਆਂ ਵਿਰੋਧਤਾਈਆਂ ਨੂੰ ਪ੍ਰਤੀਬਿੰਬਤ ਕਰਦੀਆਂ ਹਨ ਜਿਨ੍ਹਾਂ ਦੀਆਂ ਪ੍ਰਵਿਰਤੀਆਂÎ ਅਤੇ ਵਿਚਾਰਧਾਰਾਵਾਂ ਨੂੰ ਉਹ ਪ੍ਰਗਟਾਅ ਰਹੇ ਹੰਦੇ ਹਨ।

2.

ਲਿਫ਼ਸ਼ਿਤਜ਼ ਦਾ ‘ਬਾਹਰਮੁਖੀ ਜਮਾਤੀ ਭਰਮ’ ਦਾ ਸਿਧਾਂਤ ਸਮਾਜਵਾਦੀ ਸਾਹਿਤ ਅਤੇ ਜਾਇਦਾਦਧਾਰੀ ਜਮਾਤਾਂ ਦੇ ਸਾਹਿਤ ਵਿੱਚ ਅਤੇ ਸਮਾਜਵਾਦੀ ਸਾਹਿਤ ਦੇ ਲੋਕਪ੍ਰਿਅ ਅਧਾਰ ਅਤੇ ਜਾਇਦਾਦਧਾਰੀ ਜਮਾਤਾਂ ਦੇ ਲੋਕਪ੍ਰਿਅ ਸਾਹਿਤ ਦੀਆਂ ਸਮੱਸਿਆਵਾਂ ਵਿੱਚ ਨਿਖੇੜਾ ਕਰਨ ਵਿੱਚ ਅਸਮਰੱਥ ਰਹਿੰਦਾ ਹੈ।

ਇਸ ਨੁਕਤੇ ‘ਤੇ ਲਿਫ਼ਸ਼ਿਤਜ਼ ਸਾਹਿਬ ਸੋਚਦੇ ਹਨ ਕਿ ਕਿਉਂਕਿ ਵਿਰੋਧਤਾਈਆਂ ਤਾਂ ਸਾਹਿਤਕ ਰਚਨਾਵਾਂ ਦੇ ਬੁਨਿਆਦੀ ਤੱਤ ਹੁੰਦੀਆਂ ਹਨ ਅਤੇ ਕਿਉਂਕਿ ਇਹ ਵਿਰੋਧਤਾਈਆਂ ਜ਼ਬਰ ਸਹਿ ਰਹੀ ਲੋਕਾਈ ਦੀ ਨਿੱਸਲ਼ਤਾ ਕਾਰਨ ਪੈਦਾ ਹੁੰਦੀਆਂ ਹਨ, ਇਸ ਲਈ ਸਾਹਿਤ ਦਾ ਇਤਿਹਾਸ ਸਾਰੀਆਂ ਸਮਾਜਕ ਜਮਾਤਾਂ ਦਾ ਅਤੇ ਵਿਸ਼ੇਸ਼ ਕਰਕੇ ਜਾਇਦਾਦਧਾਰੀ ਜਮਾਤਾਂ ਦਾ, ਕੁਲੀਨ ਜਮਾਤ ਦਾ, ਸਰਮਾਏਦਾਰੀ ਜਾਂ ਨਿੱਕ-ਬੁਰਜੂਆ ਜਮਾਤਾਂ ਦਾ ਇਤਿਹਾਸ ਨਹੀਂ ਹੁੰਦਾ, ਸਗੋਂ, ਉਨ੍ਹਾਂ ਦੇ ਅਨੁਸਾਰ, ਇਹ ਇਤਿਹਾਸ ਲੋਕ ਸਾਹਿਤ ਦਾ, ਨਿੱਸਲ਼ ਲੋਕਾਈ ਦੇ ਸਾਹਿਤ ਦਾ ਇਤਿਹਾਸ ਹੁੰਦਾ ਹੈ।

ਇਥੇ ਸੁਆਲ ਪੈਦਾ ਹੁੰਦਾ ਹੈ ਕਿ ਕੀ ਜਾਬਰਾਂ ਖਿਲਾਫ਼ ਲੋਕਾਈ ਦੁਆਰਾ ਛੇੜੇ ਗਏ ਘੋਲ਼ ਦਾ ਕੋਈ ਪ੍ਰਭਾਵ ਰਚਨਾਕਾਰਾਂ ਦੀਆਂ ਰਚਨਾਵਾਂ ‘ਤੇ ਨਹੀਂ ਪੈਂਦਾ ਹੈ? ਲਾਜ਼ਮੀ ਹੀ ਲੋਕਾਂ ਨੇ ਸਮੁੱਚੇ ਸਾਹਿਤ ‘ਤੇ ਆਪਣਾ ਕਾਫੀ ਅਸਰ ਛੱਡਿਆ ਹੈ। ਲਾਜ਼ਮੀ ਹੀ ਮਹਾਨ ਰਚਨਾਕਾਰਾਂ ਦੀਆਂ ਰਚਨਾਵਾਂ ‘ਤੇ ਜਾਬਰਾਂ ਦੇ ਖਿਲਾਫ਼ ਲੋਕਾਂ ਦੇ ਘੋਲ਼ ਨੇ ਬਹੁਤ ਹੀ ਡੂੰਘਾ ਅਸਰ ਛੱਡਿਆ ਹੈ। ਪਰ ਸੁਆਲ ਇਹ ਹੈ ਕਿ ਕੀ ਇਹ ਰਚਨਾਕਾਰ ਲੋਕਾਂ ਦੀ, ਲੋਕਾਈ ਦੀ ਵਿਚਾਰਧਾਰਾ ਦੇ ਬੁਲਾਰੇ ਸਨ? ਹਰਗਿਜ਼ ਨਹੀਂ। ਮਹਾਨ ਰਚਨਾਕਾਰਾਂ ‘ਚੋਂ ਜ਼ਿਆਦਾਤਰ ਪ੍ਰੋਲੇਤਾਰੀ ਇਨਕਲਾਬ ਤੋਂ ਪਹਿਲਾਂ ਦੀ ਕੁਲੀਨ ਜਮਾਤ, ਸਰਮਾਏਦਾਰੀ ਜਮਾਤ, ਸ਼ਹਿਰੀ ਹੇਠਲੀ ਸਰਮਾਏਦਾਰੀ ਜਮਾਤ ਦੀ ਵਿਚਾਰਧਾਰਾ ਦੇ ਬੁਲਾਰੇ ਸਨ, ਪ੍ਰੋਲੇਤਾਰੀ ਜਮਾਤ ਜਾਂ ਕਿਸਾਨ ਜਮਾਤ ਜਾਂ ਕਿਰਤੀ ਲੋਕਾਈ ਦੇ ਨਹੀਂ।

ਆਮ ਲੋਕਾਂ ਨੇ, ਉਨ੍ਹਾਂ ਦੀ ਕਲਾ ਨੇ, ਜਾਬਰਾਂ ਖਿਲਾਫ਼ ਉਨ੍ਹਾਂ ਦੇ ਘੋਲ਼ ਨੇ ਸ੍ਰਵਾਂਤੇਸ ਅਤੇ ਸ਼ੇਕਸਪੀਅਰ, ਵਾਲਤੇਅਰ ਅਤੇ ਹਿਊਗੋ, ਸਤੇਂਦਾਲ ਅਤੇ ਬਾਲਜ਼ਾਕ, ਪੁਸ਼ਕਿਨ ਅਤੇ ਗੋਗੋਲ ਅਤੇ ਤਾਲਸਤਾਏ4 ਤੇ ਦਸਤੋਵਸਕੀ ਦੀ ਕਲਾ ਨੂੰ ਬਹੁਤ ਜ਼ਿਆਦਾ ਪ੍ਰਭਾਵਤ ਕੀਤਾ ਹੈ। ਆਮ ਲੋਕਾਂ ਦੀ ਕਲਾ ਦਾ ਜੋ ਪ੍ਰਭਾਵ ਅਤੇ ਉਨ੍ਹਾਂ ਦੇ ਘੋਲ਼ ਦਾ ਜੋ ਪ੍ਰਤੀਬਿੰਬ ਇਨ੍ਹਾਂ ਰਚਨਾਕਾਰਾਂ ਦੀਆਂ ਰਚਨਾਵਾਂ ਵਿੱਚ ਨਜ਼ਰ ਆਉਂਦਾ ਹੈ ਉਸ ਦੀ ਸਹੀ ਸਹੀ ਜਾਂਚ ਪੜਤਾਲ ਕੀਤੇ ਬਗ਼ੈਰ ਇਨ੍ਹਾਂ ਕ੍ਰਿਤਾਂ ਦੀ ਜੋ ਵੀ ਅਲੋਚਨਾ ਕੀਤੀ ਜਾਵੇਗੀ ਉਹ ਜਾਂ ਤਾਂ ਰੂਪਵਾਦੀ ਬਕਵਾਸ ਹੋਵੇਗੀ ਜਾਂ ਫਿਰ ਸਮਾਜਸ਼ਾਸ਼ਤਰੀ ਵਿਉਂਤਬੱਧ ਪੇਸ਼ਕਾਰੀ ਅਤੇ ਮਾਰਕਸਵਾਦ ਦੇ ਮਜ਼ਾਕ ਜਿਹੀ ਹੋਵੇਗੀ। ਅਸੀਂ ਜਿੰਨੀ ਹੀ ਡੂੰਘਾਈ ਅਤੇ ਬਰੀਕੀ ਨਾਲ਼ ਇਨ੍ਹਾਂ ਰਚਨਾਕਾਰਾਂ ‘ਤੇ ਲੋਕਾਂ ਦੀ ਕਲਾ ਦੇ ਅਸਰ ਨੂੰ ਅਤੇ ਜਾਬਰਾਂ ਦੇ ਖਿਲਾਫ਼ ਲੋਕਾਂ ਦੇ ਘੋਲ਼ ਵੱਲ ਇਨ੍ਹਾਂ ਰਚਨਾਕਾਰਾਂ ਦੇ ਰਵੱਈਏ ਦੇ ਸਾਰਤੱਤ ਨੂੰ ਪਛਾਣਾਂਗੇ, ਓਨੀ ਹੀ ਸਪੱਸ਼ਟਤਾ ਨਾਲ਼ ਅਸੀਂ ਇਹ ਦੇਖ ਸਕਾਂਗੇ ਕਿ ਇਹ ਰਚਨਾਕਾਰ ਕੁਲੀਨਾਂ ਦੀ, ਸਰਮਾਏਦਾਰੀ ਦੀ, ਪਿਛਾਖੜੀ ਮੱਧਵਰਗ ਦੀ ਅਤੇ ਸਰਮਾਏਦਾਰੀ ਜਮਾਤ ਦੀ ਵਿਚਾਰਧਾਰਾ ਦੇ ਬੁਲਾਰੇ ਸਨ, ਕਿਸਾਨ ਜਮਾਤ ਜਾਂ ਕਿਰਤੀ ਲੋਕਾਂ ਦੇ ਨਹੀਂ।

ਲਿਫ਼ਸ਼ਿਤਜ਼ ਉਨ੍ਹਾਂ ਅਲੋਚਕਾਂ ਦਾ ਮਜ਼ਾਕ ਉਡਾਉਂਦੇ ਹਨ ਜੋ ਉਸ ਕੁਲੀਨ ਜਮਾਤ ਅਤੇ ਸਰਮਾਏਦਾਰ ਜਮਾਤ ਦੇ ਸਿਖ਼ਰਲੇ ਸਮੂਹਾਂ ਦੀ ਤਲਾਸ਼ ਕਰਦੇ ਹਨ ਜਿਨ੍ਹਾਂ ਨਾਲ਼ ਸ਼ੇਕਸਪੀਅਰ, ਬਾਲਜ਼ਾਕ, ਪੁਸ਼ਕਿਨ ਅਤੇ ਗੋਗੋਲ ਦੀ ਕਲਾ ਦਾ ਸਬੰਧ ਦੱਸਿਆ ਜਾਂਦਾ ਹੈ। ਉਹ ਤਰਸ ਨਾਲ਼ ਪਿੱਘਲ਼ਕੇ ਪੁੱਛਦੇ ਹਨ ਕਿ “ਅਮੀਰਾਂ ਅਤੇ ਗ਼ਰੀਬਾਂ ਵਿਚਲੇ ਅਮਰ ਘੋਲ਼ ਦਾ ਕੀ ਹੋਇਆ? ਲੋਕ ਕਿੱਧਰ ਗਏ?”

ਅਸੀਂ ਲਿਫ਼ਸ਼ਿਤਜ਼ ਨੂੰ ਸੁਝਾਅ ਦਿੰਦੇ ਹਾਂ ਕਿ ਉਹ ਇਹ ਸਿੱਧ ਕਰਨ ਦਾ ਹੌਂਸਲਾ ਇਕੱਠਾ ਕਰਨ ਕਿ ਬਾਲਜ਼ਾਕ ਘੋਲ ‘ਚ ਜੁਟੀ ਪ੍ਰੋਲੇਤਾਰੀ ਜਮਾਤ ਅਤੇ ਕਿਸਾਨਾਂ ਦੇ ਬੁਲਾਰੇ ਸਨ ਭਾਵ ਦੂਜੇ ਸ਼ਬਦਾਂ ਵਿੱਚ ਜੁਲਾਈ ਰਾਜਸੱਤ੍ਹਾ ਦੇ ਦਿਨਾਂ ਵਿੱਚ ਸਰਮਾਏਦਾਰੀ ਜਮਾਤ ਅਤੇ ਕੁਲੀਨ ਜਮਾਤ ਵਿੱਚ ਹੋਏ ਟਕਰਾਅ ਵਿੱਚ ਜੋ ਸਭ ਤੋਂ ਹੇਠਲੇ ਤਬਕੇ ਦੇ ਸਨ, ਬਾਲਜ਼ਾਕ ਉਨ੍ਹਾਂ ਦੇ ਬੁਲਾਰੇ ਸਨ। ਉਹ ਇਹ ਸਿੱਧ ਕਰਨ ਕਿ ਪੁਸ਼ਕਿਨ ਅਤੇ ਗੋਗੋਲ ਰੂਸੀ ਕਿਸਾਨਾਂ ਦੇ ਬੁਲਾਰੇ ਸਨ ਅਤੇ ਉਨ੍ਹਾਂ ਨੇ ਆਪਣੀ ਉਸ ਨਿੱਸਲ਼ਤਾ ਦੇ ਬਾਵਜੂਦ, ਜੋ ਰੂਸੀ ਕਿਸਾਨ ਦੀ ਵਿਸ਼ੇਸ਼ਤਾ ਸੀ, ਅਮੀਰ ਅਤੇ ਗ਼ਰੀਬ ਵਿਚਲੀ ਅਮਰ ਲੜਾਈ ਨੂੰ ਪ੍ਰਤੀਬਿੰਬਤ ਕੀਤਾ, ਅਤੇ ਤਾਲਸਤਾਏ ਆਪਣੇ ਨਾਵਲ ‘ਏ ਕੰਟੇਮਿਨੇਟਿਡ ਫੈਮਲੀ’ ਅਤੇ ਇੱਥੋ ਤੱਕ ਕਿ ‘ਯੁੱਧ ਅਤੇ ਸ਼ਾਂਤੀ’ ਵਿੱਚ ਵੀ ਕਿਸਾਨਾਂ ਦੇ ਬੁਲਾਰੇ ਵਜੋਂ ਮਜ਼ਬੂਤੀ ਨਾਲ਼ ਖੜ੍ਹੇ ਰਹੇ, ਉਹ ਇਹ ਵੀ ਸਿੱਧ ਕਰਨ ਕਿ ਦੋਸਤੋਵਸਕੀ ਨੇ ਅਮੀਰ ਅਤੇ ਗ਼ਰੀਬ ਵਿਚਲੀ ਲੜਾਈ ਨੂੰ ਚਿੱਤਰਿਆ ਹੈ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਪਿਛਾਖੜ ਦੀ ਨਹੀਂ ਸਗੋਂ ਲੋਕਾਂ ਦੀ, ਲੋਕਾਈ ਦੀ ਵਿਚਾਰਧਾਰਾ ਨੂੰ ਅਵਾਜ਼ ਦਿੱਤੀ ਹੈ।

ਮੈਂ ਹੁਣ ਵੀ ਸੋਚਦਾ ਹਾਂ ਕਿ ਸ਼ੇਕਸਪੀਅਰ ਕੁਲੀਨ ਜਮਾਤ ਦੇ ਰਚਨਾਕਾਰ ਸਨ ਅਤੇ ਬਾਲਜਾਕ ਸਰਮਾਏਦਾਰੀ ਜਮਾਤ ਦੇ। ਮੈਂ ਇਹ ਵੀ ਮੰਨਦਾ ਹਾਂ ਕਿ ਅੱਠਵੇਂ ਦਹਾਕੇ (1870 ਦੇ ਬਾਅਦ) ਤੱਕ ਪੁਸ਼ਕਿਨ, ਗੋਗੋਲ ਅਤੇ ਤਾਲਸਤਾਏ ਕੁਲੀਨ ਦੀ ਨੁਮਾਇੰਦਗੀ ਕਰਦੇ ਸਨ ਅਤੇ ਦੋਸਤੋਵਸਕੀ ਪਿਛਾਖੜੀ ਜਮਾਤਾਂ ਦੇ ਲੇਖਕ ਸਨ।

ਲਿਫ਼ਸ਼ਿਤਜ਼ ਇੱਕ ਅਧਿਆਤਮਵਾਦੀ ਦੀ ਤਰ੍ਹਾਂ ਚਿੰਤਨ ਕਰਦੇ ਹਨ। ਉਹ ਸੋਚਦੇ ਹਨ ਕਿ ਜਮਾਤੀ ਘੋਲ਼ ਨੂੰ ਸਮਾਜਵਾਦ ਨਾਲ਼ੋਂ ਕੱਟ ਕੇ ਉਹ ਗੋਗੋਲ ਨੂੰ ਜਾਂ ਤਾਂ ‘ਛੋਟੀ ਜ਼ਮੀਨ ਮਾਲਕ ਜਮਾਤ’ ਵਿੱਚ ਸ਼ਾਮਲ ਦਿਖਾ ਸਕਦੇ ਹਨ ਅਤੇ ਇਹ ਪ੍ਰਵਾਨ ਕਰ ਸਕਦੇ ਹਨ ਕਿ ‘ਸੰਸਾਰ ਦੀ ਕਲਾ ਦਾ ਸਮੁੱਚਾ ਇਤਿਹਾਸ ਭਰੇ ਹੋਏ ਸ਼ਿਕਾਰ ਦੇ ਇੱਕ ਟੁਕੜੇ ‘ਤੇ ਝਗੜਨ ਵਾਲ਼ੇ ਕੁਝ ਲੋਟੂਆਂ ਦੇ ਆਪਸੀ ਤਕਰਾਰ ਦਾ ਹੀ ਪ੍ਰਤੀਬਿਬ ਹੈ’, ਜਾਂ ਫਿਰ ਬਾਲਜ਼ਾਕ ਅਤੇ ਗੋਗੋਲ ਨੂੰ ‘ਅਮੀਰ ਅਤੇ ਗ਼ਰੀਬ ਦੇ ਅਮਰ ਘੋਲ਼’ ਦੇ ਬੁਲਾਰੇ, ਆਮ ਲੋਕਾਂ ਦੀ ਵਿਚਾਰਧਾਰਾ ਦੇ ਬੁਲਾਰੇ ਅਤੇ ਸਮਾਜਵਾਦ ਦੇ ਯੋਧਾ ਪ੍ਰਵਾਨ ਕਰ ਸਕਦੇ ਹਨ।

ਮੇਰਾ ਵਿਚਾਰ ਹੈ ਕਿ ਬਾਲਜ਼ਾਕ ਅਤੇ ਗੋਗੋਲ ਦੀ ਸਿਰਜਣਾਤਮਕ ਕਲਾ ਦੀ ਮਹੱਤਤਾ ਇਸ ਲਈ ਨਹੀਂ ਹੈ ਕਿ ਉਹ ਸਮਾਜਕ ਸਮੂਹਾਂ ‘ਚੋਂ ਫਲਾਣੀਆਂ ਫਲਾਣੀਆਂ ਜਾਇਦਾਦਧਾਰੀ ਜਮਾਤਾਂ ਦੇ ਰਚਨਾਕਾਰ ਸਨ ਸਗੋਂ ਉਨ੍ਹਾਂ ਦੀਆਂ ਕ੍ਰਿਤਾਂ ਦੀ ਸਾਡੇ ਲਈ ਅਹਿਮੀਅਤ ਇਸ ਗੱਲ ਵਿੱਚ ਹੈ ਕਿ ਉਨ੍ਹ੍ਹਾਂ ਦੇ ਆਪਣੇ ਯੁੱਗ ਦੇ ਤਰੱਕੀਪਸੰਦ ਅਤੇ ਪਿਛਾਖੜੀ ਰੁਝਾਨਾਂ ਵਿਚਲੇ ਯੁੱਧ ਵਿੱਚ ਉਨ੍ਹਾਂ ਦਾ ਬਾਹਰਮੁਖੀ ਯੋਗਦਾਨ ਕਿਸ ਅਨੁਪਾਤ ਵਿੱਚ ਹੈ, ਫਾਸੀਵਾਦ ਅਤੇ ਸਾਮਰਾਜ ‘ਤੇ ਸਮਾਜਵਾਦ ਦੀ ਜਿੱਤ ਵਿੱਚ ਉਨ੍ਹਾਂ ਦਾ ਬਾਹਰਮੁਖੀ ਯੋਗਦਾਨ ਕਿਸ ਅਨੁਪਾਤ ਵਿੱਚ ਹੈ।

ਜਾਇਦਾਦਧਾਰੀ ਦੁਨੀਆਂ ਅੰਦਰਲੀਆਂ ਵਿਰੋਧਤਾਈਆਂ ਦੇ ਕਾਰਨ ਉਨ੍ਹਾਂ ਦੀ ਕਲਾ ਦਾ ਬਾਹਰਮੁਖੀ ਮਹੱਤਵ ਤਦ ਵੀ ਕਾਫੀ ਸੀ ਅਤੇ ਹੁਣ ਵੀ ਹੈ, ਭਾਵੇਂ ਉਹ ਲੋਟੂ ਜਮਾਤਾਂ ਦੀ ਵਿਚਾਰਧਾਰਾ ਦੇ ਬੁਲਾਰੇ ਸਨ। ਉਨ੍ਹਾਂ ਦੀ ਤਾਕਤ ਏਸੇ ਗੱਲ ਵਿੱਚ ਲੁਕੀ ਹੋਈ ਹੈ। ਪਰ ਲੋਟੂ ਜਮਾਤਾਂ ਦੇ ਬੁਲਾਰੇ ਹੋਣ ਦੇ ਤੱਥ ਵਿੱਚ ਉਨ੍ਹਾਂ ਦੀਆਂ ਭਿਅੰਕਰ ਭੁੱਲਾਂ ਦਾ ਸ੍ਰੋਤ ਲੁਕਿਆ ਹੋਇਆ ਹੈ। ਇਨ੍ਹਾਂ ਭੁੱਲਾਂ ‘ਤੇ ਵਿਚਾਰ ਕੀਤੇ ਬਿਨਾਂ ਉਨ੍ਹਾਂ ਦੀਆਂ ਕ੍ਰਿਤਾਂ ਦਾ ਸਹੀ ਮੁਲਾਂਕਣ ਕਰਨਾ ਅਸੰਭਵ ਹੈ।

ਲਿਫ਼ਸ਼ਿਤਜ਼ ਸਿਧਾਂਤਕ ਰੂਪ ਵਿੱਚ ਸਮਾਜਵਾਦੀ ਯੁੱਗ ਦੇ ਸਾਹਿਤ ਅਤੇ ਮਹਾਨ ਅਕਤੂਬਰ ਇਨਕਲਾਬ ਤੋਂ ਪਹਿਲਾਂ ਲਿਖੇ ਗਏ ਸਾਹਿਤ ਵਿਚਲੇ ਵੱਡੇ ਫਰਕ ਨੂੰ ਸਮਝਣ ਵਿੱਚ ਅਸਫ਼ਲ ਰਹਿੰਦੇ ਹਨ। ਉਹ ਸੋਵੀਅਤ ਸੰਘ ਵਿੱਚ ਸਮਾਜਵਾਦ ਦੀ ਜਿੱਤ ਦਾ ਜੋ ਅਸਰ ਜੀਨ ਰਿਚਰਡ ਵਲਾਕ ਜਾਂ ਫਿਊਖਟਵੇਂਗਰ ਜਿਹੇ ਲੋਕਾਂ ਦੀਆਂ ਰਚਨਾਵਾਂ ‘ਤੇ ਪਿਆ ਸੀ ਉਨ੍ਹਾਂ ਵਿੱਚ ਅਤੇ ਉੱਨੀਵੀਂ ਸਦੀ ਵਿੱਚ ਕਿਰਤੀਆਂ ਦੁਆਰਾ ਕੀਤੇ ਗਏ ਘੋਲ਼ਾਂ ਦੇ ਉਸ ਯੁੱਗ ਦੇ ਲੇਖਕਾਂ ‘ਤੇ ਪਏ ਅਸਰ ਵਿੱਚ ਫ਼ਰਕ ਨਹੀਂ ਕਰਦੇ।

ਉਹ ਇਹ ਸਮਝਣ ਵਿੱਚ ਵੀ ਅਸਫ਼ਲ ਰਹਿੰਦੇ ਹਨ ਕਿ ਸੁਧਾਰਵਾਦੀ ਰਚਨਾਕਾਰਾਂ ਦੇ ‘ਆਮ ਲੋਕਾਂ’ ਦੇ ਪੱਖ ਨੂੰ ਅਤੇ ਸਾਮਜਵਾਦੀ ਸਾਹਿਤ ਦੇ ‘ਆਮ ਲੋਕਾਂ’ ਦੇ ਪੱਖ ਨੂੰ ਪੱਖ ਵਿੱਚ ਹੀ ਰਲ਼ਗੱਡ ਨਹੀਂ ਕਰਨਾ ਚਾਹੀਦਾ ਹੈ। ਜਿੱਥੋਂ ਤੱਕ ਆਮ ਲੋਕਾਂ ਦੀ ਕਲਾ ਦਾ ਸਬੰਧ ਹੈ, ਉੱਨੀਵੀਂ ਸਦੀ ਦੇ ਫਰਾਂਸੀਸੀ ਬੁਰਜ਼ੂਆ ਯਥਾਰਥਵਾਦੀਆਂ (ਜੋ ਕਿ ਸੁਧਾਰਵਾਦੀਆਂ ਦੇ ਮੁਕਾਬਲੇ ਬਿਨਾਂ ਸ਼ੱਕ ਘੱਟ ਜਮਹੂਰੀ ਸਨ) ਦੀਆਂ ਰਚਨਾਵਾਂ ਦਾ ਤਾਲਮੇਲ ਸਮਾਜਵਾਦੀ ਸਾਹਿਤ ਦੇ ਲੋਕ ਅਧਾਰ ਨਾਲ਼ ਤਾਂ ਹੋਰ ਵੀ ਘੱਟ ਬਹਿੰਦਾ ਹੈ। ਸੱਚੇ ਅਰਥਾਂ ਵਿੱਚ ਲੋਕਾਂ ਦੀ ਕਲਾ ਦੀ ਰਚਨਾ ਤਾਂ ਸਮਾਜਵਾਦੀ ਸਮਾਜ ਵਿੱਚ ਹੀ ਹੋ ਸਕਦੀ ਹੈ।

‘ਯੁੱਧ ਅਤੇ ਸ਼ਾਂਤੀ’ ਬਾਰੇ ਏਨਾ ਹੀ ਕਹਿਣਾ ਕਾਫੀ ਨਹੀਂ ਹੈ ਕਿ ਜਿਸ ਜ਼ਿੰਦਗੀ ਨੂੰ ਉਹ ਚਿਤਰਦਾ ਹੈ ਉਸ ਦਾ ਯਥਾਰਥਵਾਦੀ ਪ੍ਰਤੀਬਿੰਬ ਪੇਸ਼ ਕਰਦਾ ਹੈ ਅਤੇ ਇਸ ਮਹਾਨ ਕ੍ਰਿਤ ਦੇ ਜਮਾਤੀ ਖਾਸੇ ਜਾਂ ਉਸ ਦੇ ਲੋਕਪ੍ਰਿਅ ਅਧਾਰ ਦੀ ਗੱਲ ਕਰਨਾ ਵੀ ਕਾਫੀ ਨਹੀਂ ਹੈ। ਸਾਨੂੰ ਇਸ ਸੁਆਲ ਦਾ ਜੁਆਬ ਲੱਭਣਾ ਪਵੇਗਾ : ਰੂਸ ਦੇ ਪੜ੍ਹੇ ਲਿਖੇ ਤਬਕੇ ਦੇ ਆਲ਼ੇ-ਦੁਆਲ਼ੇ ਦੀ ਉਹ ਕਿਹੜੀ ਜਮਾਤੀ ਹਾਲਤ ਸੀ ਜਿਨ੍ਹਾਂ ਦੇ ਕਾਰਨ ‘ਯੁੱਧ ਅਤੇ ਸ਼ਾਂਤੀ’ ਜਿਹਾ ਉਹ ਨਾਵਲ ਉੱਨੀਵੀਂ ਸਦੀ ਦੀ ਮਹਾਨ ਕ੍ਰਿਤ ਬਣ ਗਿਆ ਜਿਸ ‘ਤੇ ਨਵੇਂ ਬੁੱਧੀਜੀਵੀਆਂ ਨੇ ਬੁਰੀ ਤਰ੍ਹਾਂ ਹਮਲਾ ਕੀਤਾ ਸੀ ਕਿਉਂਕਿ ਉਸ ਵਿੱਚ ਪੁਰਾਣੇ ਜਗੀਰੂ ਸਮਾਜਕ ਰਿਸ਼ਤਿਆਂ ਨੂੰ ਮੁੜ ਤੋਂ ਸਥਾਪਤ ਕਰਨ ਦੀ ਵਕਾਲਤ ਕੀਤੀ ਗਈ ਸੀ।

ਲਿਫ਼ਸ਼ਿਤਜ਼ ਦੀਆਂ ਗ਼ਲਤੀਆਂ ਬਿਨਾਂ ਸ਼ੱਕ ਜਮਾਤੀ ਘੋਲ਼ ਨੂੰ ਕਲੰਕਤ ਕਰਨ ਦੀ ਕਿਰਿਆ ਵਿੱਚ ਕੇਂਦਰਤ ਹੋ ਜਾਂਦੀਆਂ  ਹਨ ਉਹ ਮਾਰਕਸਵਾਦੀ ਲੈਨਿਨਵਾਦੀ ਵਿਸ਼ਲੇਸ਼ਣ ਵਿਧੀ ਦੀ ਥਾਂ ਸਮਕਾਲੀ ਸਾਹਿਤ ਦੀ ਰਚਨਾ ਕਰਨ ਵਾਲ਼ੇ ਯੁੱਗ ਅਤੇ ਆਮ ਲੋਕਾਂ ਦੇ ਤੇਨ ਦੁਆਰਾ ਪ੍ਰਚਾਰੇ ਸੰਕਲਪ ਨੂੰ ਬਿਠਾ ਦਿੰਦੇ ਹਨ।

ਸਾਹਿਤ ਦੇ ਅਜਿਹੇ ਇਤਿਹਾਸ ਦੀ ਥਾਂ ਜੋ ਸਾਹਿਤਕ ਮੋਰਚੇ ‘ਤੇ ਕਲਮ ਰਾਹੀਂ ਚਲਾਏ ਗਏ ਜਮਾਤੀ ਘੋਲ਼ ਦਾ ਹੀ ਇਤਿਹਾਸ ਹੈ, ਲਿਫ਼ਸ਼ਿਤਜ਼ ਸਾਹਿਬ ਸਾਡੇ ਸਾਹਮਣੇ ਸਾਹਿਤਕ ਜਮਾਤੀ ਭਰਮ ਦਾ ਇਤਿਹਾਸਕ ਬਿਰਤਾਂਤ ਪੇਸ਼ ਕਰਦੇ ਹਨ।

3.

ਕਾਮਰੇਡ ਰੋਜੇਨਥਾਲ ਨੇ ਇੱਕ ਥਾਂ ਲਿਖਿਆ ਹੈ ਕਿ ਇੱਕ ਮਹਾਨ ਰਚਨਾਕਾਰ ਯਥਾਰਥ ਦੇ ਡੂੰਘੇ ਚਿਤਰਣ ਕਰਨ ਵਿੱਚ ਸਮਰੱਥ ਹੁੰਦਾ ਹੈ ਭਾਵੇਂ ਹੀ ਉਸ ਦਾ ਸੰਸਾਰ ਨਜ਼ਰੀਆ ਕਿਸੇ ਤਰ੍ਹਾਂ ਦਾ ਹੋਵੇ ਅਤੇ ਭਾਵੇਂ ਹੀ ਉਹ ਉਸ ਯਥਾਰਥ ਨੂੰ ਠੀਕ ਤਰ੍ਹਾਂ ਨਾਲ਼ ਨਾ ਸਮਝਦਾ ਹੋਵੇ।5 ਲੈਨਿਨ ਦੇ ਇਨ੍ਹਾਂ ਪ੍ਰਸਿੱਧ ਸਬਦਾਂ ਨੂੰ ਹੀ ਪੇਸ਼ ਕਰਕੇ ਕਿ ‘ਸੱਚੇ’ ਅਰਥਾਂ ਵਿੱਚ ਮਹਾਨ ਰਚਨਾਕਾਰ ਨੇ ਇਨਕਲਾਬ ਦੇ ਬੁਨਿਆਦੀ ਪੱਖਾਂ ‘ਚੋਂ ਕੁਝ ਨੂੰ ਜ਼ਰੂਰ ਆਪਣੀ ਕ੍ਰਿਤ ਵਿੱਚ ਚਿੱਤਰਤ ਕੀਤਾ ਹੋਵੇਗਾ’6 ਕਾਮਰੇਡ ਰੋਜੇਨਥਾਲ ਨੇ ਅੱਗੇ ਲਿਖਿਆ ਹੈ ਕਿ ‘ਇਥੇ ਲੈਨਿਨ ਦੇ ਦਿਮਾਗ਼ ਵਿੱਚ ਰਚਨਾਕਾਰ ਦੀ ਰਚਨਾ ਸਮਰੱਥਾ (ਜ਼ੋਰ ਮੇਰਾ-ਅ.ਨੋਸੀਨੋਵ) ਰਹੀ ਹੋਵੇਗੀ ਕਿਉਂਕਿ ਤਾਲਸਤਾਏ ਆਪਣੇ ਸਮਾਜਕ ਵਿਚਾਰਾਂ ਦੇ ਅਨੁਸਾਰ ਪ੍ਰਗਟ ਰੂਪ ਵਿੱਚ ਇਨਕਲਾਬ ਨੂੰ ਨਹੀਂ ਸਮਝਦੇ ਸਨ ਅਤੇ ਪ੍ਰਗਟ ਰੂਪ ਵਿੱਚ ਉਹ ਉਸ ਤੋਂ ਦੂਰ ਹੋ ਗਏ ਸਨ।’

ਮੇਰਾ ਸਦਾ ਖਿਆਲ ਰਿਹਾ ਹੈ ਅਤੇ ਹੁਣ ਵੀ ਕਿ ਉਕਤ ਉਦਾਹਰਣ ਵਿੱਚ ਰੋਜੇਨਥਾਲ ਨੇ ਲੈਨਿਨ ਦੀ ਗ਼ਲਤ ਢੰਗ ਨਾਲ਼ ਵਿਆਖਿਆ ਕੀਤੀ ਹੈ। ਉਹ ‘ਰਚਨਾਕਾਰ ਦੀ ਜਮਾਤ ਅਤੇ ਉਸ ਦੀ ਰਚਨਾ ਸਮਰੱਥਾ ਦਾ ਮੁਕਾਬਲਾ ਕਰਦੇ ਹਨ।’

ਅਸਲ ਵਿਚ, ਜੇ ਕੋਈ ਰਚਨਾਕਾਰ ਯਥਾਰਥ ਦੇ ਇਸ ਜਾਂ ਉਸ ਪੱਖ ਨੂੰ ਪ੍ਰਤੀਬਿੰਬਤ ਕਰਨ ਵਿੱਚ ਸਮਰੱਥ ਹੈ, ਭਾਵੇਂ ਹੀ ਉਸ ਦੀ ਜਮਾਤੀ ਵਿਸ਼ੇਸ਼ਤਾ ਕੁਝ ਵੀ ਹੋਵੇ ਤਾਂ ਫਿਰ ਤਾਲਸਤਾਏ ਉਸ ਵੇਲ਼ੇ ਏਨੇ ਮਜ਼ਬੂਰ ਕਿਉਂ ਹੋ ਗਏ ਹਨ ਜਦ ਮਜ਼ਦੂਰ ਜਮਾਤ ਅਤੇ ਇਨਕਲਾਬੀ ਲੋਕ ਅੱਗੇ ਵਧ ਕੇ ਮੈਦਾਨ ਵਿੱਚ ਆ ਗਏ? ਲੈਨਿਨ ਇਸ ਦਾ ਜੁਆਬ ਦਿੰਦੇ ਹਨ ਕਿ ‘ਇਸ ਦਾ ਇੱਕ ਕਾਰਨ ਇਹ ਸੀ ਕਿ ਤਾਲਸਤਾਏ ਲਈ ਮਜ਼ਦੂਰ ਜਮਾਤ ਦੀ ਲਹਿਰ ਨੂੰ ਅਤੇ ਸਮਾਜਵਾਦ ਲਈ ਉਸ ਦੇ ਘੋਲ਼ ਦੀ ਭੂਮਿਕਾ ਨੂੰ ਸਮਝਣਾ ਪੂਰੀ ਤਰ੍ਹਾਂ ਨਾਮੁਮਕਿਨ ਸੀ’7 ਇਸ ਦੇ ਬਾਅਦ ਲੈਨਿਨ ਕਹਿੰਦੇ ਹਨ : ‘ਪਰ ਤਾਲਸਤਾਏ ਨੇ ਸਿੱਧ ਪੱਧਰੇ ਕਿਸਾਨ ਦੇ ਪਿੱਤਰਸੱਤਾਵਾਦੀ ਨਜ਼ਰੀਏ ਨੂੰ ਅਪਣਾ ਲਿਆ ਸੀ।’8

ਏਸੇ ਕਾਰਨ ਤਾਲਸਤਾਏ ‘ਉਨ੍ਹਾਂ ਕਿਸਾਨਾਂ ਦੀ ਮਨੋਰਚਨਾ ਏਨੇ ਸਹੀ ਢੰਗ ਨਾਲ਼ ਪ੍ਰਤੀਬਿੰਬਤ ਕਰ ਸਕੇ ਹਨ।’9 ਇਸ ਤਰ੍ਹਾਂ ਲੈਨਿਨ ਇਹ ਐਲਾਨ ਕਰਦੇ ਹਨ ਕਿ ਤਾਲਸਤਾਏ ਸਮੁੱਚੇ ਇਨਕਲਾਬ ਨੂੰ ਪ੍ਰਤੀਬਿੰਬਤ ਕਰ ਸਕਣ ਵਿੱਚ ਸਮਰੱਥ ਨਹੀਂ ਸੀ, ਸਿਰਫ਼ ਉਸ ਦੇ ਕੁਝ ਦੌਰਾਂ ਨੂੰ ਹੀ ਪ੍ਰਤੀਬਿੰਬਤ ਕਰ ਸਕੇ ਸਨ ਅਤੇ ਉਹ ਵੀ ਸਿਰਫ ਉਨ੍ਹਾਂ ਦੌਰਾਂ ਨੂੰ ਹੀ ਉਹ ਪ੍ਰਤੀਬਿੰਬਤ ਕਰ ਸਕੇ ਸਨ ਜਿਨ੍ਹਾਂ ਨੂੰ ਉਨ੍ਹਾਂ ਨੇ ਲੱਖਾਂ ਕਿਸਾਨਾਂ ਦੇ ਮਨੋਭਾਵਾਂ ਦਾ ਬੁਲਾਰਾ ਬਣਾ ਕੇ ਆਤਮਸਾਤ ਕੀਤਾ ਹੋਇਆ ਸੀ। ਇਹ ਕਹਿਣਾ ਕਿ ਕੋਈ ਵੀ ਰਚਨਾਕਾਰ ਸਿਰਫ ਆਪਣੀ ‘ਰਚਨਾ ਸਮਰੱਥਾ’ ਦੇ ਜ਼ੋਰ ‘ਤੇ ਕਿਸੇ ਵੀ ਚੀਜ਼ ਨੂੰ ਬਿਨਾਂ ਜਾਣੇ ਬੁੱਝੇ ਹੀ ਚਿਤਰਣ ਕਰਨ ਵਿੱਚ ਸਮਰੱਥ ਹੁੰਦਾ ਹੈ, ਇਹ ਅਰਥ ਦਿੰਦਾ ਹੈ ਕਿ ਇੱਕ ਮਹਾਨ ਰਚਨਾਕਾਰ ਜਾਂ ਪ੍ਰਤਿਭਾਵਾਨ ਵਿਅਕਤੀ ਜਮਾਤਾਂ ਤੋਂ ਪਰ੍ਹੇ ਹੁੰਦਾ ਹੈ।

ਏਸੇ ਅਧਾਰ ‘ਤੇ ਮੈਂ ਹਰ ਉਸ ਆਦਮੀ ਨਾਲ਼ ਟਕਰਾਉਂਦਾ ਹਾਂ ਜੋ ਮਹਾਨ ਰਚਨਾਕਾਰ ਬਾਰੇ ਕਹੇ ਗਏ ਲੈਨਿਨ ਦੇ ਸ਼ਬਦਾਂ ਨੂੰ ਕਿ ‘ਉਹ ਇਨਕਲਾਬ ਦੇ ਕੁਝ ਬੁਨਿਆਦੀ ਪੱਖਾਂ ਨੂੰ ਪ੍ਰਤੀਬਿੰਬਤ ਕਰਦਾ ਹੈ’ ਗ਼ਲਤ ਢੰਗ ਨਾਲ਼ ਲੈਂਦਾ ਹੈ। ਏਸੇ ਕਾਰਨ ਮੈਨੂੰ ਰੋਜੇਨਥਾਲ ਨਾਲ਼ ਵੀ ਟਕਰਾਉਣਾ ਪੈ ਰਿਹਾ ਹੈ ਕਿਉਂਕਿ ਉਹ ਕਿਸੇ ਰਚਨਾਕਾਰ ਦੁਆਰਾ ਯਥਾਰਥ ਦੇ ਚਿੱਤਰਣ ਨੂੰ ਉਸ ਦੀ ‘ਰਚਨਾ ਸਮਰੱਥਾ’ ਵਿੱਚ ਸੀਮਤ ਕਰ ਦਿੰਦੇ ਹਨ ਅਤੇ ਲਿਖਦੇ ਹਨ ਕਿ ‘ਇਸ ਗੱਲ ਦਾ ਸਿਹਰਾ ਇੱਕ ਪ੍ਰਤਿਭਾਸ਼ਾਲੀ ਰਚਨਾਕਾਰ ਦੀ ਰਚਨਾ ਸਮਰੱਥਾ ਨੂੰ ਜਾਂਦਾ ਹੈ ਕਿ ਯਥਾਰਥ ਦੇ ਸਭ ਤੋਂ ਮਹੱਤਵ ਦੇ ਪੱਖਾਂ ਨੂੰ ਪ੍ਰਤੀਬਿੰਬਤ ਕਰਦਾ ਹੈ, ਭਾਵੇਂ ਉਹ ਉਸ ਯਥਾਰਥ ਦੀ ਕੋਈ ਸਮਝ ਰੱਖਦਾ ਹੋਵੇ ਜਾਂ ਨਹੀਂ। ਇਸ ਗੱਲ ਨੂੰ ਕਹਿਣ ਦਾ ਅਰਥ ਉਸ ਪ੍ਰਤਿਭਾਸ਼ਾਲੀ ਰਚਨਾਕਾਰ ਦੇ ਜਮਾਤੀ ਖਾਸੇ ਨੂੰ ਅਤੇ ਉਸ ਦੇ ਕਲਾਤਮਕ ਅਨੁਭਵ ਨੂੰ ਝੁਠਲਾਉਣਾ ਹੋਵੇਗਾ, ਭਾਵੇਂ ਹੀ ਇਸ ਨੂੰ ਸ਼ਰੇਆਮ ਜਾਂ ਜ਼ੁਬਾਨ ਦੀ ਭੁੱਲ ਨਾਲ਼ ਹੀ ਕਿਹਾ ਗਿਆ ਹੋਵੇ।

ਇਥੇ ਇਹ ਗੱਲ ਸਪਸ਼ਟ ਕਰ ਦੇਈਏ ਕਿ ਸਾਡੀ ਚਿੰਤਾ ਦਾ ਵਿਸ਼ਾ ਰੋਜੇਨਥਾਲ ਹੈ, ਲੈਨਿਨ ਨਹੀਂ। ਲੈਨਿਨ ਨੇ ‘ਰਚਨਾ ਸਮਰੱਥਾ’ ਜਿਹਾ ਕੋਈ ਸ਼ਬਦ ਨਹੀਂ ਵਰਤਿਆ ਸੀ। ਇਹ ਤਾਂ ਇਸ ਸਾਹਿਬ ਦੀ ਦੁਕਾਨ ਦੀ ਸ਼ਬਦਾਵਲੀ ‘ਚੋਂ ਲਿਆ ਗਿਆ ਹੈ। ਲੈਨਿਨ ਨੇ ਤਾਂ ਸਿਰਫ ‘ਮਹਾਨ ਰਚਨਾਕਾਰ’ ਸ਼ਬਦ ਦੀ ਹੀ ਵਰਤੋਂ ਕੀਤੀ ਗਈ ਸੀ। ‘ਜ਼ੁਬਾਨ ਦੀ ਭੁੱਲ’ ਲੈਨਿਨ ਦੀ ਨਹੀਂ, ਖੁਦ ਰੋਜੇਨਥਾਲ ਦੀ ਹੈ। ਇਹ ਗੱਲ ਲਿਫ਼ਸ਼ਿਤਜ਼ ਨੂੰ ਵੀ ਪਤਾ ਹੈ।

ਭ੍ਰਿਸ਼ਟ ਸਮਾਜਸ਼ਾਸਤਰ ਸਾਡੀ ਅਲੋਚਨਾ ਦਾ ਕੋੜਾ ਬਣ ਗਿਆ ਹੈ। ਪਰ ਇਸ ਭ੍ਰਿਸ਼ਟ ਸਮਾਜਸ਼ਾਸਤਰ ਨਾਲ਼ ਘੋਲ਼ ਕਰਨ ਲਈ ਨਵ-ਤੇਨਵਾਦ ਅਤੇ ਲੋਕਪ੍ਰਿਅ ਵਿਅਕਤੀਵਾਦ ਦਾ ਜੋ ਸਹਾਰਾ ਲਿਫ਼ਸ਼ਿਤਜ਼ ਲੈਂਦੇ ਹਨ ਉਹ ਅੱਗ ਨੂੰ ਬੁਝਾਉਣ ਦੀ ਥਾਂ ਉਸ ਵਿੱਚ ਤੇਲ ਪਾਉਣ ਦਾ ਕੰਮ ਕਰਦਾ ਹੈ।

ਸਾਨੂੰ ਆਪਣੀ ਸਾਹਿਤਕ ਵਿਰਾਸਤ ਵੱਲ ਬਹੁਤ ਸਾਵਧਾਨੀ ਨਾਲ਼ ਅਤੇ ਅਲੋਚਨਾਤਮਕ ਰਵੱਈਆ ਅਖਤਿਆਰ ਕਰਨਾ ਪਵੇਗਾ। ਅਤੀਤ ਦੇ ਸਾਰੇ ਲੇਖਕਾਂ ਨੂੰ ਲੋਕਾਂ ਦੇ ‘ਸਰਵਵਿਆਪਕ’ ਬੁਲਾਰੇ ਗ਼ਰਦਾਨਣ ਦਾ ਅਰਥ ਆਪਣੀ ਸੱਭਿਆਚਾਰਕ ਵਿਰਾਸਤ ਬਾਰੇ ਜਮਾਤੀ ਨਜ਼ਰੀਏ ਨੂੰ ਅਤੇ ਇਸ ਵਿਸ਼ੇ ਵਿੱਚ ਲੈਨਿਨ ਦੇ ਸਿਧਾਂਤ ਨੂੰ ਨਕਾਰਨਾ ਹੋਵੇਗਾ। ਇਸ ਤਰ੍ਹਾਂ ਦੀ ਸਮਝ ਆਪਣੇ ਅੰਤਮ ਨਤੀਜੇ ਵਿੱਚ ਸਮਾਜਵਾਦੀ ਯਥਾਰਥਵਾਦ ਅਤੇ ਕੁਲੀਨਵਾਦੀ ਅਤੇ ਬੁਰਜ਼ੂਆ ਯਥਾਰਥਵਾਦ ਵਿਚਲੇ ਫਰਕ ਨੂੰ ਅਤੇ ਤਾਲਸਤਾਏ ਅਤੇ ਤੁਰਗਨੇਵ, ਸਾਲਤੀਕੋਵ-ਸ਼ੇਦ੍ਰੀਨ ਅਤੇ ਗੋਗੋਲ, ਗੋਰਕੀ ਅਤੇ ਦੋਸਤੋਵਸਕੀ ਵਿਚਲੇ ਫ਼ਰਕ ਨੂੰ ਪੂਰੀ ਤਰ੍ਹਾਂ ਗਾਇਬ ਕਰ ਦੇਵਗੀ।            

ਅਨੁਵਾਦ – ਕੁਲਵਿੰਦਰ

ਹਵਾਲੇ :

1. ਲੈਨਿਨ : ਸਮੁੱਚੀਆਂ ਲਿਖਤਾਂ, ਸੈਂਚੀ 16, ਸਫ਼ਾ 132, ਰੂਸੀ  ਛਾਪ।

2. ਲੈਨਿਨ; “ਪਹਿਲੇ ਰੂਸੀ ਇਲਕਲਾਬ ਵਿੱਚ ਸਮਾਜਕ-ਜ਼ਮਹੂਰੀਅਤ ਦਾ ਜ਼ਰੱਈ ਪ੍ਰੋਗਰਾਮ”, ਚੋਣਵੀਆਂ ਲਿਖਤਾਂ, ਸੈਂਚੀ , ਸਫ਼ਾ 180-184।

3. ਲੈਨਿਨ: ਪਦਾਰਥਵਾਦ ਅਤੇ ਅਨੁਭਵ ਸਿੱਧ ਅਲੋਚਨਾਂ, ਸਫਾ 311, ਨਿਊਯਾਰਕ ਇੰਟਰਨੈਸ਼ਨਲ ਪਬਲੀਸ਼ਰਜ਼, 1927।

4. ਮੈਂ ਇੱਥੇ ਫਿਰ ਜ਼ੋਰ ਦੇਣਾ ਚਾਹਾਂਗਾ ਕਿ ਇੱਥੇ ਮੇਰੇ ਦਿਮਾਗ ‘ਚ ‘ਏ ਕਨਫੈਸ਼ਨ’ ਅਤੇ ‘ਅੱਨਾ ਕਾਰੇਨਿਨਾ’ ਤੋਂ ਪਹਿਲਾਂ ਤਾਲਸਤਾਏ ਹਨ।

5. Literaturnaya Gazeta.

6. ਲੈਨਿਨ : “ਲਿਉ ਤਾਲਸਤਾਏ ਰੂਸੀ ਇਨਕਲਾਬ ਦਾ ਸ਼ੀਸ਼ਾ”

7. ਉਪਰੋਕਤ

8. ਲੈਨਿਨ: “ਤਾਲਸਤਾਏ ਅਤੇ ਸਮਕਾਲੀ ਮਜ਼ਦੂਰ ਲਹਿਰ”

9. ਉਪਰੋਕਤ

“ਪਰ੍ਤੀਬੱਧ”, ਅੰਕ 26, ਜਨਵਰੀ 2016 ਵਿਚ ਪਰ੍ਕਾਸ਼ਿ

ਇਸ਼ਤਿਹਾਰ