ਆਰਕਟਿਕ ਦੇ ਕੁਦਰਤੀ ਭੰਡਾਰਾਂ ਲਈ ਤਿੱਖਾ ਹੁੰਦਾ ਅੰਤਰ-ਸਾਮਰਾਜੀ ਖਹਿਭੇੜ •ਗੁਰਪ੍ਰੀਤ

2

ਪੀ.ਡੀ.ਐਫ਼ ਡਾਊਨਲੋਡ ਕਰੋ

ਸੰਸਾਰ ਸਾਮਰਾਜੀ ਪ੍ਰਬੰਧ ਇੱਕ ਵਾਰ ਫੇਰ ਤਿੱਖੇ ਤੇ ਸਪੱਸ਼ਟ ਅੰਤਰ-ਸਾਮਰਾਜੀ ਖਹਿਭੇੜ ਦਾ ਗਵਾਹ ਬਣ ਰਿਹਾ ਹੈ। ਉਂਝ ਤਾਂ ਸਰਮਾਏਦਾਰਾ ਢਾਂਚੇ ਦੇ ਸਾਮਰਾਜੀ ਯੁੱਗ ‘ਚ ਅੰਤਰ-ਸਾਮਰਾਜੀ ਖਹਿਭੇੜ ਇੱਕ ਅਟੱਲ ਵਰਤਾਰਾ ਹੈ, ਪਰ ਇਸ ਖਹਿਭੇੜ ਦੇ ਸਮੀਕਰਨ ਸਮੇਂ-ਸਮੇਂ ‘ਤੇ ਬਦਲਦੇ ਰਹਿੰਦੇ ਹਨ। ਕਦੇ ਇਹ ਖਹਿਭੇੜ ਤਿੱਖਾ ਹੁੰਦਾ ਹੈ ਤੇ ਕਦੇ ਮੱਠਾ ਪੈਂਦਾ ਹੈ। ਲੈਨਿਨ ਨੇ ਆਪਣੀ ਪੁਸਤਕ ‘ਸਾਮਰਾਜ : ਸਰਮਾਏਦਾਰੀ ਦਾ ਸਰਵਉੱਚ ਪੜਾਅ’ ਵਿੱਚ ਸਾਮਰਾਜੀ ਪ੍ਰਬੰਧ ਦੀ ਕਾਰਜ-ਪ੍ਰਣਾਲੀ ਤੇ ਇਸ ਅਧੀਨ ਅੰਤਰ-ਸਾਮਰਾਜੀ ਖਹਿਭੇੜ ਦੀ ਅਟੱਲਤਾ ਦੀ ਸਟੀਕ ਵਿਆਖਿਆ ਪੇਸ਼ ਕੀਤੀ ਸੀ ਜੋ ਅੱਜ ਵੀ ਪ੍ਰਸੰਗਿਕ ਹੈ। ਪਰ ਜੋ ਲੋਕ ਲੈਨਿਨ ਦੇ ਸਾਮਰਾਜ ਦੇ ਸਿਧਾਂਤ ਨੂੰ ਸਹੀ ਢੰਗ ਨਾਲ਼ ਨਹੀਂ ਸਮਝਦੇ, ਉਹ ਅੰਤਰ-ਸਾਮਰਾਜੀ ਖਹਿਭੇੜ ਦੇ ਬਦਲਦੇ ਸਮੀਕਰਨਾਂ ਤੋਂ ਆਪਣੇ ਨਵੇਂ ਨਤੀਜੇ ਕੱਢਣ ਤੁਰ ਪੈਂਦੇ ਹਨ ਤੇ ਲੈਨਿਨ ਨੂੰ ਸਿੱਧੇ-ਅਸਿੱਧੇ ਢੰਗ ਨਾਲ਼ ਰੱਦਣ ਤੱਕ ਪਹੁੰਚ ਜਾਂਦੇ ਹਨ। 1991 ‘ਚ ਸਮਾਜਿਕ ਸਾਮਰਾਜੀ ਸੋਵੀਅਤ ਯੂਨੀਅਨ ਦੇ ਖਿੰਡਣ ਤੋਂ ਬਾਅਦ ‘ਸੰਸਾਰ ਦੀ ਇੱਕ ਧਰੁਵਤਾ’, ‘ਅੰਤਰ-ਸਾਮਰਾਜੀ ਖਹਿਭੇੜ ਦਾ ਖਾਤਮਾ’, ‘ਪੜ-ਸਾਮਰਾਜ’ ਤੇ ‘ਸਾਮਰਾਜ ਦੇ ਲੈਨਿਨੀ ਸਿਧਾਂਤ ਦੇ ਅਧੂਰਾ/ਅਸਫਲ’ ਜਿਹੇ ਬਹੁਤ ਸਾਰੇ ਸਿਧਾਂਤ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਦੀ ਜਾਣਕਾਰੀ ਤੇ ਉਹਨਾਂ ਦੀਆਂ ਖਾਮੀਆਂ ਬਾਰੇ ਪ੍ਰਤੀਬੱਧ ਦੇ ਬੁਲੇਟਿਨ-25 ਵਿੱਚ ਕਾਫੀ ਵਿਸਥਾਰ ਵਿੱਚ ਲਿਖਿਆ ਜਾ ਚੁੱਕਾ ਹੈ। 1990 ਤੱਕ ਅਮਰੀਕੀ ਸਾਮਰਾਜ ਤੇ ਸਮਾਜਿਕ ਸਾਮਰਾਜੀ ਸੋਵੀਅਤ ਯੂਨੀਅਨ ਵਿਚਕਾਰ ਅੰਤਰ-ਸਾਮਰਾਜੀ ਖਹਿਭੇੜ ਸਪੱਸ਼ਟ ਸੀ, ਪਰ 1991 ‘ਚ ਸੋਵੀਅਤ ਯੂਨੀਅਨ ਦੇ ਖਿੰਡਣ ਤੋਂ ਬਾਅਦ ਰੂਸ ਬਹੁਤ ਕਮਜੋਰ ਪੈ ਗਿਆ ਤੇ ਸੰਸਾਰ ਪੱਧਰ ‘ਤੇ ਅਮਰੀਕਾ ਨੂੰ ਚੁਣੌਤੀ ਦੇਣ ਵਾਲ਼ੀ ਕੋਈ ਤਾਕਤ ਨਾ ਰਹੀ। ਕਰੀਬ 17 ਸਾਲ ਅਮਰੀਕੀ ਸਾਮਰਾਜ ਨੂੰ ਸਿੱਧੇ ਮੱਥੇ ਟੱਕਰ ਦੇਣ ਵਾਲ਼ੀ ਕੋਈ ਸਾਮਰਾਜੀ ਤਾਕਤ ਨਹੀਂ ਸੀ ਤੇ ਇਸ ਹਾਲਤ ਨੇ ਸੰਸਾਰ ਦੀ ਇੱਕ ਧਰੁਵਤਾ, ਪੜ-ਸਾਮਰਾਜ ਤੇ ਅੰਤਰ-ਸਾਮਰਾਜੀ ਖਹਿਭੇੜ ਦੇ ਖਾਤਮੇ ਦੇ ਸਿਧਾਂਤਾਂ ਨੂੰ ਜਨਮ ਦਿੱਤਾ। ਪਰ 2008 ਦੇ ਆਉਣ ਤੱਕ ਇੱਕ ਤਾਂ ਲਗਾਤਾਰ ਆਰਥਿਕ ਸੰਕਟਾਂ ਦੀ ਮਾਰ ਝੱਲਦਿਆਂ ਅਮਰੀਕਾ ਦੀ ਤਾਕਤ ਕਮਜੋਰ ਪੈ ਗਈ ਤੇ ਦੂਜਾ ਇਸ ਸਮੇਂ ਤੱਕ ਰੂਸ ਵੀ ਮੁੜ ਆਪਣੇ ਪੈਰਾਂ ‘ਤੇ ਖੜਾ ਹੋ ਕੇ ਅਮਰੀਕੀ ਸਾਮਰਾਜ ਨੂੰ ਚੁਣੌਤੀ ਦੇਣ ਦੇ ਕਾਬਲ ਹੋ ਗਿਆ। ਉਦੋਂ ਤੋਂ ਹੀ ਅਮਰੀਕਾ ਤੇ ਰੂਸ ਦਰਮਿਆਨ ਅੰਤਰ-ਸਾਮਰਾਜੀ ਖਹਿਭੇੜ ਤਿੱਖਾ ਹੁੰਦਾ ਜਾ ਰਿਹਾ ਹੈ। ਇਹ ਖਹਿਭੇੜ ਸੰਸਾਰ ਦੇ ਮੱਧ-ਪੂਰਬ, ਲਾਤੀਨੀ ਅਮਰੀਕਾ ਤੇ ਆਰਕਟਿਕ ਜਿਹੇ ਅਨੇਕਾਂ ਖਿੱਤਿਆਂ ‘ਚ ਤੇ ਅਨੇਕਾਂ ਰੂਪਾਂ ‘ਚ ਦਿਸ ਰਿਹਾ ਹੈ। ਇਹਨਾਂ ਵਿੱਚੋਂ ਅਸੀਂ ਇੱਥੇ ਆਰਕਟਿਕ ਦੇ ਕੁਦਰਤੀ ਭੰਡਾਰਾਂ ਨੂੰ ਲੈ ਕੇ ਅਮਰੀਕੀ ਤੇ ਰੂਸੀ ਸਾਮਰਾਜ ਦਰਮਿਆਨ ਤਿੱਖੇ ਹੋ ਰਹੇ ਅੰਤਰ-ਸਾਮਰਾਜੀ ਖਹਿਭੇੜ ਦੀ ਚਰਚਾ ਕਰਾਂਗੇ, ਜੋ ਆਉਂਦੇ ਸਮੇਂ ‘ਚ ਹੋਰ ਵੀ ਗੰਭੀਰ ਹੋਣ ਦੀ ਕਾਫੀ ਸੰਭਾਵਨਾ ਹੈ।

ਆਰਕਟਿਕ ਨੂੰ ਲੈ ਕੇ ਚੱਲ ਰਹੇ ਰੌਲ਼ੇ ਬਾਰੇ ਜਾਨਣ ਲਈ ਪਹਿਲਾਂ ਸਾਨੂੰ ਸਮੁੱਚੇ ਆਰਕਟਿਕ ਖੇਤਰ, ਇਹਦੇ ਵੱਖੋ-ਵੱਖਰੇ ਹਿੱਸਿਆਂ, ਊਰਜਾ ਦੇ ਸੋਮਿਆਂ ਪੱਖੋਂ ਇਹਨਾਂ ਹਿੱਸਿਆ ਦਾ ਮਹੱਤਵ ਤੇ ਇਹਨਾਂ ਹਿੱਸਿਆ ਦੀ ਅਧੀਨਗੀ ਬਾਰੇ ਸੰਖੇਪ ਜਾਣਕਾਰੀ ਦੇਣੀ ਪਵੇਗੀ। ਧਰਤੀ ਦੇ ਦੱਖਣੀ ਧਰੁਵ ‘ਤੇ ਮੋਟੀ ਬਰਫ ਨਾਲ਼ ਕੱਜਿਆ ਮਹਾਂਦੀਪ ਹੈ ਜਿਸਨੂੰ ਆਰਕਟਿਕ ਕਿਹਾ ਜਾਂਦਾ ਹੈ। ਇਹ ਚਾਰੇ ਪਾਸਿਓਂ ਆਰਕਟਿਕ (ਜਾਂ ਦੱਖਣੀ) ਮਹਾਂਸਾਗਰ ਨਾਲ਼ ਘਿਰਿਆ ਹੋਇਆ ਹੈ। ਆਰਕਟਿਕ ਮਹਾਂਸਾਗਰ ਦਾ ਖੇਤਰਫਲ 1.40 ਕਰੋੜ ਵਰਗ ਕਿਲੋਮੀਟਰ ਹੈ। ਬਫਿਨ ਖਾੜੀ (Baffin Bay), ਬਰੈਂਟਸ ਸਾਗਰ (Barents Sea), ਬਿਊਫਰਾਟ ਸਾਗਰ (Beaufort Sea), ਚੁਕਚੀ ਸਾਗਰ (Chukchi Sea), ਪੂਰਬੀ ਸਾਇਬੇਰੀਅਨ ਸਾਗਰ (East Siberian Sea), ਗ੍ਰੀਨਲੈਂਡ ਸਾਗਰ (Greenland Sea), ਹਡਸਨ ਖਾੜੀ (Hudson Bay), ਹਡਸਨ ਜਲਡਮਰੂ (Hudson Strait), ਕਾਰਾ ਸਾਗਰ (Kara Sea) ਅਤੇ ਲਾਪਤੇਵ ਸਾਗਰ (Laptev Sea) ਇਸ ਆਰਕਟਿਕ ਮਹਾਂਸਾਗਰ ਦਾ ਹਿੱਸਾ ਹਨ। ਇਹ ਬੈਰਿੰਗ ਜਲਡਮਰੂ (Bering Strait) ਰਾਹੀਂ ਪ੍ਰਸ਼ਾਂਤ ਮਹਾਂਸਾਗਰ (Pacific Ocean) ਨਾਲ ਅਤੇ ਲੈਬਰੇਡਾਰ ਸਾਗਰ (Labrador Sea) ਤੇ ਗ੍ਰੀਨਲੈਂਡ ਸਾਗਰ (Greenland Sea) ਰਾਹੀਂ ਅਟਲਾਂਟਿਕ ਮਹਾਂਸਾਗਰ ਨਾਲ ਜੁੜਿਆ ਹੋਇਆ ਹੈ।

ਲੋਮੋਨੋਸੋਵ ਜਲ-ਵਿਭਾਜਕ (Lomonosov Ridge) ਆਰਕਟਿਕ ਮਹਾਂਸਾਗਰ ਦਾ ਇੱਕ ਮਹੱਤਵਪੂਰਨ ਅੰਗ ਹੈ। 1800 ਕਿਲੋਮੀਟਰ ਲੰਮੀ ਇਹ ਜਲ-ਵਿਭਾਜਕ ਦਾ ਇੱਕ ਸਿਰਾ ਰੂਸ ਨੇੜੇ ਨਿਊ ਸਾਇਬੇਰੀਅਨ ਟਾਪੂ ਨਾਲ਼ ਲਗਦਾ ਹੈ ਤੇ ਦੂਜਾ ਸਿਰਾ ਗ੍ਰੀਨਲੈਂਡ ਕੋਲ ਲਿੰਕਨ ਸ਼ੈਲਫ ਨੂੰ ਜਾ ਲਗਦਾ ਹੈ। ਇਸਦੀ ਚੌੜਾਈ 20 ਕਿਲੋਮੀਟਰ ਤੋਂ ਲੈ ਕੇ 60 ਕਿਲੋਮੀਟਰ ਤੱਕ ਹੈ ਤੇ ਇਹ ਆਰਕਟਿਕ ਮਹਾਂਸਾਗਰ ਦੇ ਤਲ ਤੋਂ 3000 ਮੀਟਰ ਦੀ ਉਚਾਈ ਤੱਕ ਜਾਂਦਾ ਹੈ। ਇਹ ਜਲ-ਵਿਭਾਜਕ ਆਰਕਟਿਕ ਨੂੰ ਦੋ ਹਿੱਸਿਆਂ ਵਿੱਚ ਵੰਡਦਾ ਹੈ-ਰੂਸ ਵਾਲ਼ੇ ਪਾਸੇ ਦਾ 3400 ਮੀਟਰ ਡੂੰਘਾ ਯੂਰੋਏਸ਼ੀਆ ਦੱਰ੍ਹਾ (Eurasia Basin) ਅਤੇ ਅਮਰੀਕਾ ਵਾਲ਼ੇ ਪਾਸੇ ਦਾ 4000 ਮੀਟਰ ਡੂੰਘਾ ਅਮੇਰਏਸ਼ੀਆ ਦੱਰ੍ਹਾ (Amerasia Basin)। ਅਮੇਰਏਸ਼ੀਅਨ ਤੇ ਯੂਰੋਏਸ਼ੀਅਨ ਦੱਰ੍ਹੇ ਅੱਗੋਂ ਹੋਰ ਛੋਟੇ ਦੱਰ੍ਹਿਆਂ ਰਾਹੀਂ ਕਈ ਉੱਪ-ਭਾਗਾਂ ਵਿੱਚ ਵੰਡੇ ਹੋਏ ਹਨ। ਗੱਕਲ ਜਲ-ਵਿਭਾਜਕ ਯੂਰੇਸ਼ੀਆ ਬੇਸਿਨ ਨੂੰ ਅੱਗੇ ਦੋ ਭਾਗਾਂ ਵਿੱਚ ਵੰਡਦਾ ਹੈ ਲੋਮੋਨੋਸੋਵ ਵਾਲ਼ੇ ਪਾਸੇ ਦਾ ਫਰਾਮ ਬੇਸਿਨ ਤੇ ਯੂਰੇਸ਼ੀਆ ਵਾਲ਼ੇ ਪਾਸੇ ਦਾ ਨਾਸੇਨ ਬੇਸਿਨ। ਇਸੇ ਤਰ੍ਹਾਂ ਅਲਫ ਜਲ-ਵਿਭਾਜਕ ਅਮੇਰਏਸ਼ੀਅਨ ਬੇਸਿਨ ਨੂੰ ਦੋ ਭਾਗਾਂ ‘ਚ ਵੰਡਦਾ ਹੈ, ਉੱਤਰੀ ਅਮਰੀਕਾ ਵੱਲ ਦਾ ਕਨੇਡਾ ਬੇਸਿਨ ਤੇ ਲੋਮੋਨੋਸੋਵ ਵਾਲ਼ੇ ਪਾਸੇ ਦਾ ਮਕਾਰੋਵ ਬੇਸਿਨ।

ਅਮੇਰਏਸ਼ੀਅਨ ਦੱਰ੍ਹਾ ਅਤੇ ਯੂਰੋਏਸ਼ੀਅਨ ਦੱਰ੍ਹਾ ਮਹਾਂਦੀਪਾਂ ਦੇ ਵਿਸ਼ਾਲ ਵਧਾਅ ਨਾਲ਼ ਘਿਰੇ ਹੋਏ ਹਨ। ਇਹਨਾਂ ਵਿੱਚ ਉੱਤਰੀ ਅਮਰੀਕਾ ਵੱਲ ਚੁੱਕਚੀ ਵਧਾਅ (Chukchi Shelf) ਤੇ ਬਿਆਊਫੋਰਟ ਵਧਾਅ (Beaufort Shelf); ਉੱਤਰੀ ਗ੍ਰੀਨਲੈਂਡ ਵੱਲ ਲਿੰਕੋਲਨ ਵਧਾਅ (Lincoln Shelf) ਅਤੇ ਯੂਰੋਏਸ਼ੀਆ ਵਾਲ਼ੇ ਪਾਸੇ ਬਾਰਨਟ, ਕਾਰਾ, ਲਾਪਤੇਵ ਅਤੇ ਪੂਰਬੀ ਸਾਇਬੇਰੀਅਨ ਵਧਾਅ ਹਨ।

ਆਰਕਟਿਕ ਊਰਜਾ ਦਾ ਵੱਡਾ ਸੋਮਾ ਹੈ, ਜਿਸ ਵਿੱਚ ਕੁਦਰਤੀ ਗੈਸ ਅਤੇ ਤੇਲ ਮੁੱਖ ਹਨ। ਇਸ ਤੋਂ ਬਿਨਾਂ ਮੱਛੀਆਂ, ਤਾਜੇ ਪਾਣੀ ਅਤੇ ਖਣਿਜਾਂ ਪੱਖੋਂ ਵੀ ਇਹ ਇਲਾਕਾ ਅਹਿਮ ਮਹੱਤਤਾ ਰੱਖਦਾ ਹੈ। ਇੱਥੇ ਸੰਸਾਰ ਦੇ ਕੁੱਲ ਤੇਲ ਭੰਡਾਰ ਦਾ 20 ਫੀਸਦੀ ਅਤੇ ਸੰਸਾਰ ਦੇ ਕੁੱਲ ਗੈਸ ਭੰਡਾਰ ਦਾ 30 ਫੀਸਦੀ ਭੰਡਾਰ ਹੈ। 2008 ਦੇ ਅਮਰੀਕੀ ਜਿਓਲਜੀ ਸਰਵੇਖਣ ਮੁਤਾਬਕ ਆਰਕਟਿਕ ਦੇ ਉੱਤਰੀ ਹਿੱਸੇ ਵਿੱਚ ਤਕਨੀਕੀ ਤੌਰ ‘ਤੇ ਹਾਸਲਯੋਗ 90 ਬਿਲੀਅਨ ਬੈਰਲ ਤੇਲ ਅਤੇ 44 ਬਿਲੀਅਨ ਬੈਰਲ ਤਰਲ ਕੁਦਰਤੀ ਗੈਸ ਹੈ, ਜੋ ਕਿ ਕੁੱਲ 25 ਖੇਤਰਾਂ ਵਿੱਚ ਮੌਜੂਦ ਹੈ। ਇਹ ਸੰਸਾਰ ਦੇ ਕੁੱਲ ਅਣਖੋਜੇ ਤੇਲ ਭੰਡਾਰਾਂ ਦਾ 13 ਫੀਸਦੀ ਬਣਦਾ ਹੈ। ਇਹਨਾਂ 25 ਤੇਲ ਭੰਡਾਰਾਂ ਵਿੱਚੋਂ ਅੱਧੇ ਤੋਂ ਵੱਧ ਸਿਰਫ ਤਿੰਨ ਖੇਤਰਾਂ- ਆਰਕਟਿਕ ਅਲਾਸਕਾ , ਅਮੇਰਏਸ਼ੀਅਨ ਦੱਰ੍ਹਾ ਅਤੇ ਪੂਰਬੀ ਗ੍ਰੀਨਲੈਂਡ ਰਿਫਟ ਦੱਰ੍ਹਾ (East Greenland Rift Basins)- ਵਿੱਚ ਮੌਜੂਦ ਹੈ। ਇਹਨਾਂ ਵਿੱਚੋਂ 5 ਖੇਤਰਾਂ (Arctic Alaska, Amerasia Basin, East Greenland Rift Basins, East Barents Basins, and West Greenland–East Canada.) ਵਿੱਚ 70 ਫੀਸਦੀ ਤੋਂ ਵੱਧ ਭੰਡਾਰ ਹਨ। ਇਹ ਵੀ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਅਣਖੋਜੇ ਗੈਸ ਤੇ ਤੇਲ ਭੰਡਾਰ ਦਾ ਲਗਭਗ 84 ਫੀਸਦੀ ਸਮੁੰਦਰੀ ਕੰਢਿਆਂ ਨੇੜੇ (offshore) ਹੈ।

ਆਰਕਟਿਕ ਦਾ ਕਾਫੀ ਹਿੱਸਾ ਪਿਛਲੀ ਸਦੀ ਦੌਰਾਨ ਹੀ ਖੋਜਿਆ ਗਿਆ ਹੈ ਅਤੇ ਇਸਦੇ ਊਰਜਾ ਸ੍ਰੋਤਾਂ ਬਾਰੇ ਬਹੁਤੀ ਜਾਣਕਾਰੀ 21ਵੀਂ ਸਦੀ ਵਿੱਚ ਹੀ ਹਾਸਲ ਹੋਈ ਹੈ। ਆਰਕਟਿਕ ਉੱਪਰ ਮੋਟੀ ਬਰਫ ਜੰਮੀ ਹੋਈ ਹੈ, ਜੋ ਇੱਥੇ ਖਣਿਜ, ਤੇਲ ਤੇ ਗੈਸ ਆਦਿ ਕੱਢਣ ਦੇ ਕੰਮ ਨੂੰ ਔਖਾ ਬਣਾ ਦਿੰਦੀ ਹੈ। ਪਰ ਇਸ ਉੱਤਰੀ ਧਰੁਵ ਦੀ ਬਰਫੀਲੀ ਟੋਪੀ (icecap) 1979 ਤੋਂ ਲੈ ਕੇ 2007 ਤੱਕ 40 ਫੀਸਦੀ ਖੁਰ ਗਈ, ਜਿਸ ਨਾਲ਼ ਇਹਨਾਂ ਊਰਜਾ ਸ੍ਰੋਤਾਂ ਨੂੰ ਹਾਸਲ ਕਰਨ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਇਸਦੇ ਨਾਲ ਹੀ ਇੱਥੇ ਖੁਦਾਈ ਦਾ ਕੰਮ ਅੱਜ ਦੀ ਆਰਥਿਕ ਸਮਰੱਥਾ ਅਤੇ ਤਕਨੀਕੀ ਵਿਕਾਸ ਨੇ ਵੀ ਸੰਭਵ ਬਣਾਇਆ ਹੈ। ਸੰਸਾਰ ਵਿੱਚ ਊਰਜਾ ਦੀਆਂ ਵਧ ਰਹੀਆਂ ਲੋੜਾਂ ਤੇ ਪੁਰਾਣੇ ਭੰਡਾਰਾਂ ਦੇ ਖਤਮ ਹੁੰਦੇ ਜਾਣ ਕਾਰਨ ਵੀ ਇਸ ਖੇਤਰ ਦਾ ਮਹੱਤਵ ਵਧਦਾ ਜਾ ਰਿਹਾ ਹੈ। ਕੌਮਾਂਤਰੀ ਊਰਜਾ ਏਜੰਸੀ ਦੇ ਅਨੁਮਾਨ ਮੁਤਾਬਕ ਸੰਸਾਰ ਊਰਜਾ ਦੀਆਂ ਲੋੜਾਂ 2010 ਤੋਂ 2035 ਤੱਕ ਦੇ 25 ਸਾਲਾਂ ਵਿੱਚ 35 ਫੀਸਦੀ ਦੇ ਕਰੀਬ ਵਧ ਜਾਣਗੀਆਂ। ਇਹਨਾਂ ਕਾਰਨਾਂ ਕਰਕੇ ਆਰਕਟਿਕ ਹੁਣ ਅੰਤਰ-ਸਾਮਰਾਜੀ ਖਹਿਭੇੜ ਦੇ ਨਵੇਂ ਅਖਾੜੇ ਵਜੋਂ ਉੱਭਰਿਆ ਹੈ, ਜਿਸਨੇ ਦਿਨੋਂ-ਦਿਨ ਹੋਰ ਮਘਦੇ ਜਾਣਾ ਹੈ। ਇਸ ਵੇਲ਼ੇ ਕੌਮਾਂਤਰੀ ਮੰਡੀ ਵਿੱਚ ਤੇਲ ਦੀਆਂ ਕੀਮਤਾਂ ਡਿੱਗੀਆਂ ਹੋਈਆਂ ਹਨ, ਜਿਸ ਕਰਕੇ ਹਾਲ ਦੀ ਘੜੀ ਇੱਥੇ ਘੱਟ ਨਿਵੇਸ਼ ਹੋ ਰਿਹਾ ਹੈ, ਪਰ ਅਗਲੇ ਸਾਲਾਂ ਵਿੱਚ ਇਸਦੀ ਵਧਦੀ ਮਹੱਤਤਾ ਕਾਰਨ ਕੋਈ ਵੀ ਇਸ ਖੇਤਰ ਨੂੰ ਆਪਣੇ ਹੱਥੋਂ ਜਾਣ ਨਹੀਂ ਦੇਵੇਗਾ।  

ਕੁਦਰਤੀ ਸਾਧਨਾਂ ਦੇ ਨਾਲ਼-ਨਾਲ਼ ਆਰਕਟਿਕ ਵਿੱਚ ਦੋ ਸਮੁੰਦਰੀ ਲਾਂਘੇ ਵੀ ਹਨ- ਉੱਤਰੀ-ਪੂਰਬੀ ਸਾਗਰ ਲਾਂਘਾ ਅਤੇ ਉੱਤਰ-ਪੱਛਮੀ ਲਾਂਘਾ ਜੋ ਆਰਥਿਕ ਪੱਖੋਂ ਕਾਫੀ ਲਾਹੇਵੰਦ ਹਨ। ਪਹਿਲਾਂ ਇਹਨਾਂ ਵਿੱਚ ਬਰਫ ਕੱਜੀ ਰਹਿਣ ਕਾਰਨ ਇਹ ਵਰਤੋਂ ਵਿੱਚ ਨਹੀਂ ਆਉਂਦੇ ਸਨ ਪਰ ਹੁਣ ਬਰਫ ਦੇ ਪਿਘਲਦੇ ਜਾਣ ਅਤੇ ਬਰਫ ਭੰਨਣ ਦੀ ਤਕਨੀਕੀ ਵਿੱਚ ਵਿਕਾਸ ਹੋਣ ਨਾਲ ਹੁਣ ਇਹਨਾਂ ਲਾਂਘਿਆਂ ਨੂੰ ਵਰਤੋਂ ਵਿੱਚ ਲਿਆਉਣਾ ਸੌਖਾ ਹੁੰਦਾ ਜਾ ਰਿਹਾ ਹੈ। ਉੱਤਰ-ਪੱਛਮੀ ਲਾਂਘਾ ਪ੍ਰਸ਼ਾਂਤ ਮਹਾਂਸਾਗਰ ਨੂੰ ਆਰਕਟਿਕ ਵਿੱਚੋਂ ਹੁੰਦਿਆਂ ਉੱਤਰੀ ਅਮਰੀਕਾ ਦੇ ਉੱਤਰੀ ਤੱਟ ਅਤੇ ਕਨੇਡੀਅਨ ਆਰਕਟਿਕ ਆਰਚੀਪੇਲਾਗੋ (Canadian Arctic Archipelago) ਰਾਹੀਂ ਅਟਲਾਂਟਿਕ ਮਹਾਂਸਾਗਰ ਨਾਲ਼ ਜੋੜਦਾ ਹੈ। ਉੱਤਰ-ਪੂਰਬੀ ਲਾਂਘਾ ਪ੍ਰਸ਼ਾਂਤ ਮਹਾਂਸਾਗਰ ਨੂੰ ਆਰਕਟਿਕ ਵਿੱਚ ਰੂਸੀ ਤੇ ਨਾਰਵੇ ਦੇ ਤਟ ਨਾਲ਼ ਛੂੰਹਦਾ ਹੋਇਆ ਅੰਟਾਰਕਟਿਕ ਨਾਲ਼ ਜੋੜਦਾ ਹੈ। ਹਮੇਸ਼ਾ ਬਰਫ ਨਾਲ਼ ਕੱਜੇ ਰਹਿਣ ਵਾਲ਼ੇ ਇਹਨਾਂ ਸਮੁੰਦਰੀ ਲਾਂਘਿਆਂ ਵਿੱਚ ਸਾਲ ਵਿੱਚ ਕੁੱਝ ਹਫਤੇ ਬਰਫ ਖੁਰਨ ਕਾਰਨ ਇਹ ਵਰਤੋਂ ਯੋਗ ਹੋ ਜਾਂਦੇ ਹਨ। ਇਹ ਦੋਵੇਂ ਲਾਂਘੇ ਅੰਟਲਾਂਟਿਕ ਤੋਂ ਪ੍ਰਸ਼ਾਂਤ ਮਹਾਂਸਾਗਰ ਤੱਕ ਦੇ ਸਫਰ ਨੂੰ ਕਾਫੀ ਛੋਟਾ ਕਰ ਦਿੰਦੇ ਹਨ। ਉੱਤਰ-ਪੂਰਬੀ ਲਾਂਘੇ ਦੇ ਇੱਕ ਹਿੱਸੇ ਨੂੰ ਉੱਤਰੀ ਲਾਂਘਾ ਵੀ ਕਿਹਾ ਜਾਂਦਾ ਹੈ। ਇਹ ਲਾਂਘਾ ਏਸ਼ੀਆ ਤੋਂ ਯੂਰਪ ਜਾਣ ਦਾ ਛੋਟਾ, ਤੇਜ ਤੇ ਸਮੁੰਦਰ ਡਾਕੂਆਂ ਤੋਂ ਸੁਰੱਖਿਅਤ ਰਾਹ ਵੀ ਹੈ। ਇਹਨਾਂ ਲਾਂਘਿਆਂ ਦੀ ਮਾਲਕੀ ਤੇ ਵਰਤੋਂ ਨੂੰ ਲੈ ਕੇ ਕੋਈ ਕੌਮਾਂਤਰੀ ਨਿਯਮ ਜਾਂ ਸਮਝੌਤੇ ਨਹੀਂ ਹੋਏ, ਇਸ ਕਰਕੇ ਇਹਨਾਂ ਉੱਪਰ ਹਰ ਕੋਈ ਆਪਣੀ ਦਾਅਵੇਦਾਰੀ ਥੋਪਦਾ ਹੈ ਤੇ ਇਸ ਲਈ ਰੌਲ਼ੇ ਵਾਲ਼ਾ ਮਸਲਾ ਹੈ। ਆਰਕਟਿਕ ਨੂੰ ਲੈ ਕੇ ਹੁਣ ਚੱਲ ਰਹੇ ਰੌਲ਼ੇ ਨੂੰ ਸਮਝਣ ਲਈ ਸਾਨੂੰ ਆਰਕਟਿਕ ਨਾਲ਼ ਲੱਗਦੇ ਦੇਸ਼ਾਂ ਵਿਚਕਾਰ ਮਾਲਕੀ ਦੀ ਵੰਡ, ਅਜਾਦ ਪਏ ਇਲਾਕਿਆਂ ‘ਤੇ ਉਹਨਾਂ ਉੱਪਰ ਦਾਅਵੇਦਾਰੀਆਂ ਬਾਰੇ ਸਮਝਣਾ ਪਵੇਗਾ।

ਆਰਕਟਿਕ ਦੀ ਵੰਡ, ਇਲਾਕੇ ਵੰਡਣ ਦਾ ਇਤਿਹਾਸ ਤੇ ਕੌਮਾਂਤਰੀ ਮੰਚ

ਆਰਕਟਿਕ ਨਾਲ਼ ਅੱਠ ਦੇਸ਼ਾਂ ਦੀ ਸਰਹੱਦ ਲਗਦੀ ਹੈ – ਕਨੇਡਾ, ਡੈਨਮਾਰਕ, ਫਿਨਲੈਂਡ, ਆਈਸਲੈਂਡ, ਨਾਰਵੇ, ਸਵੀਡਨ, ਰੂਸ ਅਤੇ ਅਮਰੀਕਾ। 1982 ਦੀ ਸੰਯੁਕਤ ਰਾਸ਼ਟਰ ਦੀ ‘ਸਮੁੰਦਰ ਦੇ ਕਨੂੰਨ’ ਉੱਪਰ ਹੋਈ ਕਨਵੈਨਸ਼ਨ ਹੋਈ, ਜਿਸ ਮੁਤਾਬਕ ਆਰਕਟਿਕ ਨਾਲ਼ ਲਗਦੇ ਹਰ ਦੇਸ਼ ਕੋਲ਼ ਆਪਣੀ ਸਰਹੱਦ ਤੋਂ ਲੈ ਕੇ 200 ਨੌਟੀਕਲ ਮੀਲ (ਲਗਭਗ 370 ਕਿ.ਮੀ.) ਤੱਕ ਦੇ ਆਰਕਟਿਕ ਉੱਪਰ ਮਾਲਕੀ ਹੈ। ਇਸ ਖੇਤਰ ਨੂੰ ਰਾਖਵੇਂ ਆਰਥਿਕ ਜੋਨ (Exclusive Economic Zone) ਦਾ ਨਾਮ ਦਿੱਤਾ ਗਿਆ। ਇਸ ਖੇਤਰ ਵਿੱਚ ਮਾਲਕ ਦੇਸ਼ ਮੱਛੀਆਂ ਫੜਨ, ਤੇਲ ਕੱਢਣ, ਖਾਣ ਪੁੱਟਣ ਜਿਹੇ ਕੋਈ ਵੀ ਕੰਮ ਕਰ ਸਕਦਾ ਹੈ। ਪੰਜ ਦੇਸ਼ਾਂ ਕਨੇਡਾ, ਡੈਨਮਾਰਕ, ਨਾਰਵੇ, ਰੂਸ ਅਤੇ ਅਮਰੀਕਾ ਅਧੀਨ ਆਪਣੀ ਸਰਹੱਦ ਤੋਂ ਆਰਕਟਿਕ ਦਾ 200 ਨੌਟੀਕਲ ਮੀਲ (370 ਕਿਮੀ) ਇਲਾਕਾ ਅਧੀਨ ਹੈ ਜਦਕਿ ਫਿਨਲੈਂਡ, ਆਈਲੈਂਡ ਤੇ ਸਵੀਡਨ ਅਧੀਨ ਅਜਿਹਾ ਕੋਈ ਇਲਾਕਾ ਨਹੀਂ ਹੈ। 200 ਨੌਟੀਕਲ ਮੀਲ ਦੇ ਇਸ ਖੇਤਰ ਤੋਂ ਅਗਲੇ ਕਿਸੇ ਖੇਤਰ ਉੱਪਰ ਕਿਸੇ ਦੀ ਵੀ ਕੋਈ ਮਾਲਕੀ ਨਹੀਂ ਹੈ। ਕੌਮਾਂਤਰੀ ਕਨੂੰਨਾਂ ਮੁਤਾਬਕ ਇਸਨੂੰ “ਸਮੁੱਚੀ ਮਨੁੱਖਤਾ ਦੀ ਵਿਰਾਸਤ” ਮੰਨਿਆਂ ਜਾਂਦਾ ਹੈ। ਇੱਥੋਂ ਖਣਿਜਾਂ ਨੂੰ ਕੱਢਣ ਦਾ ਪ੍ਰਬੰਧਨ “International Seabed Authority” ਦੇ ਅਧੀਨ ਹੈ।

ਸੰਯੁਕਤ ਰਾਸ਼ਟਰ ਦੀ 1982 ਇਸ ਕਨਵੈਨਸ਼ਨ ਨੇ ਇਹ ਮਤਾ ਵੀ ਪਾਸ ਕੀਤਾ ਕਿ ਕੋਈ ਵੀ ਦੇਸ਼ ਇਸ ਮਤੇ ਨੂੰ ਪ੍ਰਵਾਨ ਕਰਨ ਦੇ 10 ਸਾਲਾਂ ਅੰਦਰ ਆਪਣੇ ਅਧਿਕਾਰ ਹੇਠਲੇ ਇਲਾਕੇ ਤੋਂ ਅੱਗੇ 350 ਨੌਟੀਕਲ ਮੀਲ ਤੱਕ ਦੇ ਹੋਰ ਇਲਾਕੇ ਲਈ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਸਕਦਾ ਹੈ। ਇਸ ਦਾਅਵੇਦਾਰੀ ਮਗਰੋਂ ਇਹਦੇ ਲਈ ਸਬੂਤ ਦੇਣ ‘ਤੇ ਫੈਸਲਾ ਸੁਣਾਉਣ ਦੀ ਪ੍ਰਕਿਰਿਆ ਰਾਹੀਂ ਇਹ ਫੈਸਲਾ ਕੀਤਾ ਜਾਵੇਗਾ ਕਿ ਕਿ ਉਹ ਇਲਾਕਾ ਉਸੇ ਮਹਾਂਦੀਪ ਦਾ ਹੀ ਵਧਾਅ ਹੈ ਜਾਂ ਨਹੀਂ। ਇਹਨਾਂ ਸਬੂਤਾਂ ‘ਤੇ ਨਜਰਸਾਨੀ ਮਗਰੋਂ ਸੰਯੁਕਤ ਰਾਸ਼ਟਰ ਉਸ ਇਲਾਕੇ ਨੂੰ ਦਾਅਵੇਦਾਰ ਦੇਸ਼ ਨੂੰ ਸੌਂਪਣ ਦਾ ਫੈਸਲਾ ਸੁਣਾਵੇਗਾ।

ਨਾਰਵੇ ਨੇ ਇਸ ਕਨਵੈਸ਼ਨ ਦੇ ਮਤਿਆਂ ਨਾਲ਼ 1996 ਵਿੱਚ ਸਹਿਮਤ ਪ੍ਰਗਟਾਈ, ਰੂਸ ਨੇ 1997 ਵਿੱਚ, ਕਨੇਡਾ ਨੇ 2003 ਅਤੇ ਡੈਨਮਾਰਕ ਨੇ 2004 ਵਿੱਚ ਸਹਿਮਤੀ ਜਤਾਈ ਅਤੇ ਇਹ ਚਾਰੇ ਦੇਸ਼ ਆਰਕਟਿਕ ਦੇ ਵੱਖ-ਵੱਖ ਖੇਤਰਾਂ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਚੁੱਕੇ ਹਨ, ਜਿਨ੍ਹਾਂ ਉੱਪਰ ਅਗਲੀ ਕਾਰਵਾਈ ਚੱਲ ਰਹੀ ਹੈ। ਅਮਰੀਕਾ ਆਰਕਟਿਕ ਦਾ ਇੱਕੋ ਅਜਿਹਾ ਦੇਸ਼ ਹੈ ਜਿਸਨੇ ਇਸ ਮਤੇ ਨੂੰ ਹਾਲੇ ਤੱਕ ਪ੍ਰਵਾਨ (Ratify) ਨਹੀਂ ਕੀਤਾ ਹੈ।

ਆਰਕਟਕਿ ਨਾਲ਼ ਲਗਦੇ ਇਹ ਦੇਸ਼ ਆਰਕਟਿਕ ਦੇ ਭੰਡਾਰਾਂ ਵਿੱਚ ਕਿਸੇ ਹੋਰ ਦੀ ਦਖਲਅੰਦਾਜੀ ਨਹੀਂ ਚਾਹੁੰਦੇ। ਇਸ ਲਈ ਇਹਨਾਂ ਅੱਠ ਦੇਸ਼ਾਂ ਨੇ ਸੰਸਾਰ ਦੇ ਹੋਰਨਾਂ ਦੇਸ਼ਾਂ ਨੂੰ ਆਰਕਟਿਕ ਦੇ ਇਹਨਾਂ ਭੰਡਾਰਾਂ ਤੋਂ ਦੂਰ ਰੱਖਣ ਅਤੇ ਆਪਸੀ ਰੱਫੜਾਂ ਨੂੰ ਹੱਲ ਕਰਨ ਲਈ ਆਪਣੀ ਇੱਕ ਵੱਖਰੀ ਕੌਮਾਂਤਰੀ ਸੰਸਥਾ ‘ਆਰਕਟਿਕ ਕਾਉਂਸਲ’ ਬਣਾਈ ਹੋਈ ਹੈ। ਇਹ ਆਰਕਟਿਕ ਕਾਉਂਸਲ ਆਰਕਟਿਕ ਦੇ ਮੁੱਖ ਤੌਰ ‘ਤੇ ਵਾਤਾਵਰਨ ਸਬੰਧੀ ਮਸਲਿਆਂ ਨੂੰ ਸੰਬੋਧਿਤ ਹੁੰਦੀ ਹੈ। ਇਸ ਵਿੱਚ ਮੈਂਬਰ ਅਤੇ ਆਬਜ਼ਰਵਰ ਦੇਸ਼ ਹਨ। ਇਸਦੇ ਮੈਂਬਰ ਦੇਸ਼ ਸਿਰਫ ਉਹੀ ਹੋ ਸਕਦੇ ਹਨ, ਜਿਨ੍ਹਾਂ ਦੀ ਆਰਕਟਿਕ ਨਾਲ਼ ਸਰਹੱਦ ਲਗਦੀ ਹੈ, ਇਸ ਤਰ੍ਹਾਂ ਇਸਦੇ ਸਿਰਫ 8 ਮੈਂਬਰ ਦੇਸ਼ ਹੀ ਹਨ। ਆਬਜਰਬਰ ਦੇਸ਼ਾਂ ਇਸਦੀਆਂ ਬੈਠਕਾਂ ‘ਚ ਸਿਰਫ ਆਪਣੀ ਰਾਇ ਰੱਖ ਸਕਦੇ ਹਨ, ਪਰ ਉਹਨਾਂ ਨੂੰ ਵੋਟ ਪਾਉਣ ਦਾ ਕੋਈ ਹੱਕ ਨਹੀਂ ਹੈ। ਇਸਨੂੰ ਬਣਾਉਣ ਦੀ ਪਹਿਲੀ ਕੋਸ਼ਿਸ਼ 1991 ਵਿੱਚ ਹੋਈ ਸੀ, ਜਦੋਂ ਅੱਠ ਆਰਕਟਿਕ ਦੇਸ਼ਾਂ ਨੇ ਆਰਕਟਿਕ ਦੇ ਵਾਤਾਵਰਨ ਦੀ ਸੁਰੱਖਿਆ ਸਬੰਧੀ ਇੱਕ ਯੁੱਧਨੀਤੀ Arctic Environmental Protection Strategy (AEPS) ਉੱਪਰ ਸਮਝੌਤਾ ਕੀਤਾ। 1996 ਵਿੱਚ ਓਟਾਵਾ ਐਲਾਨਨਾਮੇ ਮਗਰੋਂ ਆਰਕਟਿਕ ਕਾਉਂਸਲ ਹੋਂਦ ਵਿੱਚ ਆਈ, ਜਿਸਦਾ ਉਦੇਸ਼ ਸੀ ਆਰਕਟਿਕ ਦੇਸ਼ਾਂ ਦਰਮਿਆਨ ਆਰਕਟਿਕ ਦੇ ਸਥਾਨਕ ਲੋਕਾਂ ਦੀ ਸ਼ਮੂਲੀਅਤ ਰਾਹੀਂ ਸਹਿਯੋਗ ਅਤੇ ਤਾਲਮੇਲ ਕਾਇਮ ਕਰਨਾ ਸੀ, ਆਰਕਟਿਕ ਕਾਉਂਸਿਲ ਇਸਦੇ ਵਾਤਾਵਰਨ ਦੀ ਸੁਰੱਖਿਆ ਕਰਨਾ। ਆਰਕਟਿਕ ਕਾਉਂਸਿਲ ਨੇ ਵਾਤਾਵਰਣੀ ਤਬਦੀਲੀਆਂ ਅਤੇ ਤੇਲ, ਗੈਸ ਤੇ ਆਰਕਟਿਕ ਦੇ ਸਮੁੰਦਰੀ ਲਾਂਘਿਆਂ ਦਾ ਵੀ ਅਧਿਐਨ ਕੀਤਾ ਹੈ। ਇਸ ਕਾਉਂਸਲ ਦੇ ਮੁਖੀ ਦਾ ਅਹੁਦਾ ਹਰ ਦੋ ਸਾਲ ਮਗਰੋਂ ਬਦਲਦਾ ਰਹਿੰਦਾ ਹੈ ਤੇ 2017 ਤੱਕ ਇਹ ਅਹੁਦਾ ਅਮਰੀਕਾ ਕੋਲ਼ ਹੈ।

28 ਮਈ, 2008 ਨੂੰ ਗ੍ਰੀਨਲੈਂਡ ਦੇ ਇਲੀਊਲੀਸਾਤ ਸ਼ਹਿਰ ‘ਚ ਆਰਕਟਿਕ ਓਸ਼ੀਅਨ ਕਾਨਫਰੰਸ ਹੋਈ, ਜਿਸ ਵਿੱਚ ਆਰਕਟਿਕ ਨਾਲ ਲਗਦੀ ਸਰਹੱਦ ਵਾਲੇ ਪੰਜ ਦੇਸ਼ਾਂ (ਕਨੇਡਾ, ਡੈਨਮਾਰਕ, ਨਾਰਵੇ, ਰੂਸ ਅਤੇ ਅਮਰੀਕਾ) ਦੇ ਨੁਮਾਇੰਦੇ ਇਕੱਠੇ ਹੋਏ ਅਤੇ ਇਲਿਊਲੀਸਾਤ ਐਲਾਨਨਾਮਾ ਪਾਸ ਕੀਤਾ ਗਿਆ ਜਿਸਦੇ ਮੁੱਖ ਉਦੇਸ਼ ਸਨ (1) ਕਿਸੇ ਨਵੀਂ ਕੌਮਾਂਤਰੀ ਤਾਕਤ/ਹਕੂਮਤ ਨੂੰ ਆਰਕਟਿਕ ਵਿੱਚ ਕੋਈ ਦਖਲਅੰਦਾਜੀ, ਹੱਕਜਤਾਈ ਕਰਨ ਤੋਂ ਰੋਕਣਾ ਅਤੇ (2) ਕਿਸੇ ਉਵਰਲੈਪ ਦਾਅਵੇਦਾਰੀ ਦੇ ਮਸਲੇ ਨੂੰ ਸਹੀ ਢੰਗ ਨਾਲ਼ ਨਜਿੱਠਣ ਦਾ ਵਾਅਦਾ।

ਇਸ ਤਰ੍ਹਾਂ ਆਰਕਟਿਕ ਕਾਉਂਸਲ ਰਾਹੀਂ ਇਹਨਾਂ ਅੱਠਾਂ ਦੇਸ਼ਾਂ ਨੇ ਆਪਸੀ ‘ਭਾਈਚਾਰਾ’ ਬਣਾ ਕੇ ਸੰਸਾਰ ਦੇ ਬਾਕੀ ਦੇਸ਼ਾਂ ਨੂੰ ਆਰਕਟਿਕ ਉੱਪਰ ਆਪਣਾ ਕੋਈ ਹੱਕ ਜਤਾਉਣ ਤੋਂ ਰੋਕਿਆ ਹੈ। ਪਰ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਰਮਾਏ ਦੇ ਮਾਲਕਾਂ ਦਾ ਭਾਈਚਾਰਾ ਉਹਨਾਂ ਵਿੱਚ ਮੁਕਾਬਲੇ ਨੂੰ ਖਤਮ ਨਹੀਂ ਕਰਦਾ, ਸਗੋਂ ਇਸਨੂੰ ਹੋਰ ਉੱਚੇ ਪੱਧਰ ‘ਤੇ ਲੈ ਜਾਂਦਾ ਹੈ। ਇਲਿਊਲੀਸਾਤ ਐਲਾਨਨਾਮੇ ਦਾ ਪਹਿਲਾ ਨੁਕਤਾ ਜਿੱਥੇ ਇਹ ਦਿਖਾਉਂਦਾ ਹੈ ਕਿ ਇਹ ਅੱਠ ਆਰਕਟਿਕ ਦੇਸ਼ ਸੰਸਾਰ ਦੀਆਂ ਹੋਰਨਾਂ ਤਾਕਤਾਂ ਨੂੰ ਆਰਕਟਿਕ ਤੋਂ ਬਾਹਰ ਰੱਖਣ ਲਈ ਤਾਂ ਇੱਕਜੁੱਟ ਹਨ ਉੱਥੇ ਦੂਜਾ ਨੁਕਤਾ ਇਹਨਾਂ ਦੇ ਅੰਦਰ ਆਪਸ ਵਿੱਚ ਵਿਰੋਧ ਦਿਨੋਂ-ਦਿਨ ਵਧੇਰੇ ਤਿੱਖੇ ਹੋਣ ਦਾ ਪ੍ਰਗਟਾਵਾ ਹੈ।
ਬਾਕੀ ਸੰਸਾਰ ਨੂੰ ਆਰਕਟਿਕ ਤੋਂ ਬਾਹਰ ਰੱਖਣ ਦੀਆਂ ਕੋਸ਼ਿਸ਼ਾਂ ਆਰਕਟਿਕ ਕਾਉਂਸਲ ਵੱਲੋਂ 2011 ‘ਚ ਆਬਜ਼ਰਬਰ ਦੇਸ਼ਾਂ ਬਾਰੇ ਬਣਾਈ ਨੀਤੀ ਤੋਂ ਵੀ ਸਾਫ ਹੈ। 2011 ਤੱਕ ਆਬਜਰਬਰ ਦੇਸ਼ਾਂ ਬਾਰੇ ਕੋਈ ਪੱਕੀ ਨੀਤੀ ਨਹੀਂ ਸੀ, 2011 ਦੀ ਇਸ ਨਵੀਂ ਨੀਤੀ ਮੁਤਾਬਕ ਸਿਰਫ ਉਹ ਦੇਸ਼ ਹੀ ਆਰਕਟਿਕ ਕਾਉਂਸਲ ਦੇ ਆਬਜਰਬਰ ਬਣ ਸਕਦੇ ਹਨ, ਜੋ ਆਰਕਟਿਕ ਉੱਪਰ ਆਰਕਟਿਕ ਦੇਸ਼ਾਂ ਦੀ ਪ੍ਰਭੂਸੱਤਾ, ਹੱਕਾਂ ਤੇ ਕਨੂੰਨਾਂ ਨੂੰ ਮੰਨਦੇ ਹਨ।

ਜਿੱਥੋਂ ਤੱਕ ਇਹਨਾਂ ਦੇਸ਼ਾਂ ਦੇ ਆਪਸੀ ਵਿਰੋਧਾਂ ਦਾ ਸਵਾਲ ਹੈ ਤਾਂ ਕਨੇਡਾ ਤੇ ਗ੍ਰੀਨਲੈਂਡ ਵਿਚਕਾਰ ਕਈ ਚੱਟਾਨਾਂ ਨੂੰ ਲੈ ਕੇ ਝਗੜਾ ਹੈ। ਰੂਸ ਤੇ ਅਮਰੀਕਾ ਵਿੱਚ ਬੈਰਿੰਗ ਤੇ ਚੁਕਚੀ ਸਾਗਰ ਨੂੰ ਲੈ ਕੇ ਰੌਲ਼ਾ ਹੈ। ਕਨੇਡਾ ਤੇ ਡੈਨਮਾਰਕ ਵਿੱਚ ਹਾਂਸ ਆਇਲੈਂਡ ਤੇ ਲਿੰਕਨ ਸਾਗਰ ਨੂੰ ਲੈ ਕੇ ਵਿਵਾਦ ਹੈ। ਬਿਊਫੋਰਟ ਸਾਗਰ ਨੂੰ ਲੈਕੇ ਅਮਰੀਕਾ ਤੇ ਕਨੇਡਾ ਦਰਮਿਆਨ ਰੱਫੜ ਹੈ। ਰੂਸ ਤੇ ਕਨੇਡਾ ਦਰਮਿਆਨ ਮਕਾਰੋਵ ਬੇਸਿਨ ਤੇ ਮੈਂਡੀਲੀਵ ਉਭਾਰ (Mendeleev Rise) ਦਾ ਰੌਲ਼ਾ ਵੀ ਹੈ। ਟਰਾਂਸ-ਆਰਕਟਿਕ ਦੇ ਵਪਾਰਕ ਲਾਂਘੇ ਵੀ ਨਵੇਂ ਰੱਫੜਾਂ ਨੂੰ ਜਨਮ ਦੇਣ ਲੱਗੇ ਹੋਏ ਹਨ। ਦਸੰਬਰ 2014 ਵਿੱਚ ਡੈਨਮਾਰਕ ਨੇ 8,95,541 ਵਰਗ ਕਿਲੋਮੀਟਰ ਇਲਾਕੇ ਉੱਪਰ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ, ਜੋ ਖੁਦ ਡੈਨਮਾਰਕ ਨਾਲ਼ੋਂ 20 ਗੁਣਾ ਵਧੇਰੇ ਬਣਦਾ ਹੈ। ਇਹ ਦਾਅਵੇਦਾਰੀ ਉਸਨੇ 12 ਸਾਲਾਂ ਦੀ ਖੋਜ ਪਿੱਛੋਂ ਕੀਤੀ ਹੈ ਜਿਸ ਲਈ ਤਕਰੀਬਨ 55 ਮਿਲੀਅਨ ਡਾਲਰ ਦੇ ਖਰਚੇ ਕੀਤੇ ਗਏ ਹਨ। ਇਸ ਦਾਅਵੇਦਾਰੀ ਵਿੱਚ ਲੋਮੋਨੋਸਵੋ ਜਲ-ਵਿਭਾਜਕ ਆਉਂਦਾ ਹੈ, ਜਿਸ ਉੱਪਰ ਰੂਸ ਵੀ ਆਪਣੀ ਦਾਅਵੇਦਾਰੀ ਸੰਯੁਕਰ ਰਾਸ਼ਟਰ ‘ਚ ਪੇਸ਼ ਕਰ ਚੁੱਕਾ ਹੈ। ਇਸ ਤਰ੍ਹਾਂ ਇੱਕ-ਦੂਜੇ ਦਾ ਹੱਥ ਫੜਕੇ ਸੰਸਾਰ ਨੂੰ ਆਪਣਾ ਭਾਈਚਾਰਾ ਵਿਖਾਉਂਦੇ ਇਹ ਆਰਕਟਿਕ ਦੇਸ਼ ਮੌਕਾ ਮਿਲਣ ‘ਤੇ ਆਪਣੇ ਗੁਆਂਢੀ ਦਾ ਗਲ਼ ਲਾਹੁਣ ਲਈ ਵੀ ਤਿਆਰ ਬੈਠੇ ਹਨ।

ਪਰ ਇਹਨਾਂ ਸਭ ਰੱਫੜਾਂ ਵਿੱਚੋਂ ਅਮਰੀਕਾ ਤੇ ਰੂਸ ਦੇ ਵਿਰੋਧ ਸਭ ਤੋਂ ਵੱਧ ਅਹਿਮ ਹਨ ਜੋ ਸੰਸਾਰ ਦੀਆਂ ਦੋ ਅਹਿਮ ਸਾਮਰਾਜੀ ਤਾਕਤਾਂ ਦੇ ਆਪਸੀ ਵਿਰੋਧ ਵਜੋਂ ਸਾਹਮਣੇ ਆ ਰਿਹਾ ਹੈ ਤੇ ਪੂਰੇ ਸੰਸਾਰ ਦੀ ਆਰਥਿਕਤਾ, ਸਿਆਸਤ ਤੇ ਫੌਜੀ ਮਸਲਿਆਂ ਨੂੰ ਜੋਰਦਾਰ ਢੰਗ ਨਾਲ਼ ਪ੍ਰਭਾਵਿਤ ਕਰ ਰਿਹਾ ਹੈ। ਆਰਕਟਿਕ ਦੇ ਬਾਕੀ ਦੇਸ਼ਾਂ ਦੇ ਰੌਲ਼ੇ ਇਸ ਅੰਤਰ-ਸਾਮਰਾਜੀ ਖਹਿਭੇੜ ਦੇ ਮੁਕਾਬਲੇ ਬਹੁਤ ਛੋਟੇ ਹਨ ਤੇ ਉਹ ਵੱਧ ਜਾਂ ਘੱਟ ਰੂਪ ‘ਚ ਇਹਨਾਂ ‘ਚੋਂ ਕਿਸੇ ਇੱਕ ਧੜੇ (ਖਾਸਕਰ ਅਮਰੀਕੀ ਧੜੇ) ਨਾਲ਼ ਖੜੇ ਹਨ।

ਆਉ ਹੁਣ ਰੂਸੀ ਤੇ ਅਮਰੀਕੀ ਸਾਮਰਾਜ ਦਰਮਿਆਨ ਖਹਿਭੇੜ ਨੂੰ ਵਿਸਥਾਰ ਵਿੱਚ ਵੇਖਦੇ ਹਾਂ।

ਰੂਸ ਵੱਲੋਂ ਆਰਕਟਿਕ ਕਬਜਾਉਣ ਦੀਆਂ ਮਸ਼ਕਾਂ

ਕੁਦਰਤੀ ਭੰਡਾਰਾਂ ਕਾਰਨ ਰੂਸ ਦੀ ਆਰਕਟਿਕ ਉੱਪਰ ਅੱਖ ਤਾਂ ਕਾਫੀ ਚਿਰ ਤੋਂ ਹੀ ਸੀ। ਪਰ 1991 ‘ਚ ਸੋਵੀਅਤ ਯੂਨੀਅਨ ਦੇ ਢਹਿਢੇਰੀ ਹੋਣ ਤੋਂ ਬਾਅਦ ਇਸਨੂੰ ਨਵੇਂ ਸਿਰਿਓਂ ਤਾਕਤ ਇਕੱਠੀ ਕਰਨ ਲਈ ਸਮਾਂ ਲੱਗਣਾ ਸੀ ਤੇ ਓਨਾ ਚਿਰ ਇਹ ਕਿਸੇ ਵੱਡੇ ਰੱਫੜ ‘ਚ ਪੈਣ ਦਾ ਖਤਰਾ ਨਹੀਂ ਲੈ ਸਕਦਾ ਸੀ। 2007 ਤੱਕ ਆਉਂਦਿਆਂ, ਜਿੱਥੇ ਇਸਨੇ ਆਰਥਿਕ ਮਜਬੂਤੀ ਹਾਸਲ ਕਰ ਲਈ ਤਾਂ ਇਸਨੇ ਆਪਣੇ ਸਾਮਰਾਜੀ ਮਨਸੂਬਿਆਂ ਨੂੰ ਵੀ ਜਾਹਰ ਕਰਨਾ ਸ਼ੁਰੂ ਕਰ ਦਿੱਤਾ। ਇਸੇ ਸਾਲ ਹੀ ਰੂਸ ਨੇ ਆਰਕਟਿਕ ਦੇ ਆਪਣੇ ਤੋਂ ਅਧੀਨ ਖੇਤਰ ਤੋਂ ਅਗਲੇ ਹਿੱਸੇ ਉੱਪਰ ਆਪਣੀ ਦਾਆਵੇਦਾਰੀ ਦੀ ਸ਼ੁਰੂਆਤ ਕੀਤੀ। 2 ਅਗਸਤ 2007 ਨੂੰ ਦੋ ਰੂਸੀ ਪਣਡੁੱਬੀਆਂ MIR-1 and MIR-2, ਨੇ ਪਹਿਲੀ ਵਾਰ ਉੱਤਰੀ ਧਰੁਵ ਹੇਠਲੇ ਆਰਕਟਿਕ ਸੀਅਬੈੱਡ (Seabed) ‘ਚ ਧਾਤ ਦਾ ਬਣਿਆ ਰੂਸੀ ਝੰਡਾ ਲਹਿਰਾਇਆ। ਭਾਵੇਂ ਇਸ ਮਿਸ਼ਨ ਨੂੰ ਇੱਕ ਵਿਗਿਆਨਕ ਮੁਹਿੰਮ ਆਖਿਆ ਗਿਆ ਸੀ, ਪਰ ਝੰਡਾ ਲਹਿਰਾਉਣ ਨੇ ਇੱਥੋਂ ਦੇ ਪੈਟਰੋਲੀਅਮ ਭੰਡਾਰਾਂ ਲਈ ਇੱਕ ਸੰਕੇਤਕ ਜੰਗ ਦਾ ਐਲਾਨ ਕਰ ਦਿੱਤਾ।

ਜੂਨ 2007 ਵਿੱਚ ਆਰਕਟਿਕ ਮੁਹਿੰਮ ‘ਤੇ ਨਿੱਕਲੇ ਭੂ-ਵਿਗਿਆਨੀਆਂ ਨੇ ਲੋਮੋਨੋਸੋਵ ਜਲ-ਵਿਭਾਜਕ ਬਾਰੇ ਅਧਿਐਨ ਮਗਰੋਂ ਆਪਣੀ ਰਿਪੋਰਟ ਪੇਸ਼ ਕੀਤੀ। ਇਹ ਜਲ-ਵਿਭਾਜਕ ਇੱਕ ਪਾਣੀ ਹੇਠਲੀ ਸ਼ੈਲਫ ਹੈ ਤੇ ਜੋ ਰੂਸ ਦੇ ਪੂਰਬੀ ਆਰਕਟਿਕ ਵਿਚਲੇ ਬੇਅਬਾਦ ਇਲਾਕੇ ਅਤੇ ਕਨੇਡਾ ਦੇ ਐਲੀਸਮੇਰ ਟਾਪੂ (Ellesmere Island) ਵਿਚਕਾਰ ਹੈ ਅਤੇ ਇਹ ਸਮੁੰਦਰੀ ਤਲ ਤੋਂ 400 ਮੀਟਰ ਹੇਠਾਂ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਲੋਮੋਨੋਸੋਵ ਰਿੱਜ ਰੂਸੀ ਗਣਰਾਜ ਦਾ ਹਿੱਸਾ ਹੈ ਤੇ ਇਹ ਸਾਇਬੇਰੀਆ ਮਹਾਂਦੀਪ ਦਾ ਹੀ ਵਧਾਅ ਹੈ, ਇਸ ਨਾਲ਼ ਤੇਲ ਦੇ ਵੱਡੇ ਭੰਡਾਰ ਵਾਲ਼ੇ ਇਸ ਤਿਕੋਣੇ ਇਲਾਕੇ ਉੱਪਰ ਰੂਸੀ ਦਾਅਵੇਦਾਰੀ ਨੂੰ ਬਲ ਮਿਲਿਆ। ਇਹ ਇਲਾਕਾ 1.2 ਮਿਲੀਅਨ ਵਰਗ ਕਿਲੋਮੀਟਰ ਬਣਦਾ ਹੈ ਤੇ ਰੂਸੀ ਸਰਹੱਦ ਤੋਂ 350 ਨੌਟੀਕਲ ਮੀਲ ਹੋਰ ਅੱਗੇ ਜਾਂਦਾ ਹੈ। ਇਸ ਵਿੱਚ ਲੋਮੋਨੋਸੋਵ ਰਿੱਜ, ਮੈਂਡੇਲੀਫ ਅਲਫਾ ਰਾਈਸ ਅਤੇ ਚੁਕਚੀ ਪਲੈਟੂ ਸ਼ਾਮਲ ਹਨ (the Lomonosov Ridge, the Mendeleev-Alpha Rise and the Chukchi Plateau.) ਜੇ ਰੂਸ ਦੀ ਇਹ ਦਾਅਵੇਦਾਰੀ ਸੰਯੁਕਤ ਰਾਸ਼ਟਰ ਵੱਲੋਂ ਪ੍ਰਵਾਨ ਕਰ ਲਈ ਜਾਂਦੀ ਹੈ ਤਾਂ ਰੂਸ ਕੋਲ 10,000 ਬਿਲੀਅਨ ਟਨ ਗੈਸ ਤੇ ਤੇਲ ਦਾ ਭੰਡਾਰ ਆ ਜਾਣਗੇ।

ਇਸ ਮਗਰੋਂ ਸਤੰਬਰ 2007 ਵਿੱਚ ਹੀ ਰੂਸੀ ਕੁਦਰਤੀ ਸਾਧਨ ਵਿਭਾਗ ਨੇ ਇੱਕ ਬਿਆਨ ਜਾਰੀ ਕੀਤਾ ਕਿ, “20 ਸਤੰਬਰ ਆਰਕਟਿਕ 2007 ਵੱਲੋਂ ਧਰਤੀ ਦੀ ਪੇਪੜੀ ਦੇ ਕੀਤੇ ਅਧਿਐਨ ਦੇ ਮੁੱਢਲੇ ਨਤੀਜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਲੋਮੋਨੋਸੋਵ ਜਲ-ਵਿਭਾਜਕ ਦੀ ਪੇਪੜੀ ਦੀ ਬਣਤਰ ਸਾਇਬੇਰੀਆ ਮਹਾਂਦੀਪ ਦੀ ਪੇਪੜੀ ਦੀ ਬਣਤਰ ਨਾਲ ਮਿਲਦੀ ਹੈ, ਇਸ ਲਈ ਇਸ ਰੂਸੀ ਗਣਰਾਜ ਦਾ ਹੀ ਵਧਾਅ ਹੈ।”

ਅਗਸਤ 2014 ਰੂਸ ਨੇ ਕਾਫੀ ਸਬੂਤ ਇਕੱਠੇ ਕਰਨ ਮਗਰੋਂ 463,000 ਵਰਗ ਮੀਲ ਦੇ ਇਸ ਇਲਾਕੇ ਉੱਪਰ ਆਪਣੀ ਦਾਅਵੇਦਾਰੀ ਸੰਯੁਕਤ ਰਾਸ਼ਟਰ ਵਿੱਚ ਪੇਸ਼ ਕੀਤੀ ਹੈ, ਜਿਸ ਉੱਪਰ ਸੰਯੁਕਤ ਰਾਸ਼ਟਰ ਦਾ ਫੈਸਲਾ ਆਉਣਾ ਹੈ। ਇਸ ਤਰ੍ਹਾਂ 2007 ਵਿੱਚ ਰੂਸੀ ਝੰਡੇ ਨਾਲ਼ ਜੋ ਸੰਕੇਤਕ ਦਾਅਵੇਦਾਰੀ ਪੇਸ਼ ਕੀਤੀ ਗਈ, 2014 ਵਿੱਚ ਉਸਨੂੰ ਕਨੂੰਨੀ ਰੂਪ ਦਿੱਤਾ ਗਿਆ। ਰੂਸ ਨੇ ਆਰਕਟਿਕ ਦੀ ਆਪਣੀ ਦਾਅਵੇਦਾਰੀ ਦੇ ਫਰਵਰੀ 2016 ਵਿੱਚ ਹੋਰ ਸਬੂਤ ਸੰਯੁਕਤ ਰਾਸ਼ਟਰ ਵਿੱਚ ਪੇਸ਼ ਕੀਤੇ ਹਨ। ਇਸ ਉੱਪਰ ਫੈਸਲਾ ਆਉਣ ਨੂੰ ਦੋ ਤੋਂ ਚਾਰ ਸਾਲ ਲੱਗ ਸਕਦੇ ਹਨ। ਕਨੇਡਾ, ਡੈਨਮਾਰਕ ਤੇ ਅਮਰੀਕਾ (ਜਿਨ੍ਹਾਂ ਦੀ ਆਰਕਟਿਕ ਨਾਲ ਸਰਹੱਦ ਲਗਦੀ ਹੈ) ਨੇ ਸੰਯੁਕਤ ਰਾਸ਼ਟਰ ਵਿੱਚ ਇਸਦਾ ਵਿਰੋਧ ਨਹੀਂ ਕੀਤਾ। ਰੂਸ ਨੇ ਪਹਿਲਾਂ 2001 ‘ਚ ਵੀ ਇਸ ਖੇਤਰ ਉੱਪਰ ਆਪਣੀ ਦਾਅਵੇਦਾਰੀ ਸੰਯੁਕਤ ਰਾਸ਼ਟਰ ਵਿੱਚ ਪੇਸ਼ ਕੀਤੀ ਸੀ ਪਰ ਉਦੋਂ ਸੰਯੁਕਤ ਰਾਸ਼ਟਰ ਨੇ ਨਾ ਤਾਂ ਇਸ ਦਾਅਵੇਦਾਰੀ ਨੂੰ ਪ੍ਰਵਾਨ ਕੀਤਾ ਤੇ ਨਾ ਹੀ ਇਸਨੂੰ ਰੱਦ ਕੀਤਾ, ਸਗੋਂ ਰੂਸ ਨੂੰ ਹੋਰ ਸਬੂਤ ਇਕੱਠੇ ਕਰਕੇ ਲਿਆਉਣ ਲਈ ਆਖਿਆ ਗਿਆ। ਹੁਣ ਰੂਸ ਨੇ ਉਦੋਂ ਨਾਲੋਂ ਵੱਧ ਸਬੂਤਾਂ ਨਾਲ਼ ਆਪਣੇ ਦਾਅਵੇਦਾਰੀ ਪੇਸ਼ ਕੀਤੀ ਹੈ।

ਆਰਕਟਿਕ ਉੱਪਰ ਕਬਜੇ ਦੇ ਇਹਨਾਂ ਯਤਨਾਂ ਦੇ ਨਾਲ਼ ਹੀ ਰੂਸ ਨੇ ਆਪਣੀ ਸਿਆਸੀ ਤੇ ਫੌਜੀ ਤਾਕਤ ਦੇ ਜਲਵੇ ਵੀ ਵਿਖਾਉਣੇ ਸ਼ੁਰੂ ਕਰ ਦਿੱਤੇ ਜਾਂ ਸਗੋਂ ਇਹ ਕਹੀਏ ਕਿ ਆਪਣੀ ਸਿਆਸੀ ਤੇ ਫੌਜੀ ਤਾਕਤ ਮਜਬੂਤ ਹੁੰਦਿਆਂ ਹੀ ਰੂਸ ਨੇ ਆਰਕਟਿਕ ਉੱਪਰ ਆਪਣੀ ਦਾਅਵੇਦਾਰੀ ਵੀ ਪੇਸ਼ ਕਰਨੀ ਸ਼ੁਰੂ ਕਰ ਦਿੱਤੀ। 2013 ‘ਚ ਆਰਕਟਿਕ ਕਾਉਂਸਿਲ ਦੀ ਸਲਾਨਾ ਬੈਠਕ ਰੂਸ ਵਿੱਚ ਹੋਈ। ਪੂਤਿਨ ਨੇ ਇਸ ਵਿੱਚ ਰੂਸੀ ਸਰਕਾਰ ਅਧੀਨ ਵਾਤਾਵਰਨੀ ਮਹੱਤਵ ਵਾਲ਼ੇ ਇਲਾਕੇ ਨੂੰ ਵਧਾਉਣ ਦੀ ਗੱਲ ਕੀਤੀ। ਉਸਨੇ ਕਿਹਾ, “ਸਾਡੀ ਯੋਜਨਾ ਇਸ ਖੇਤਰ ਨੂੰ ਕਈ ਗੁਣਾ ਵਧਾਉਣ ਦੀ ਹੈ।” ਪੂਤਿਨ ਨੇ ਕਿਹਾ ਕਿ ਰੂਸੀ ਆਰਕਟਿਕ ਵਿੱਚ ਮੌਜੂਦ ਪ੍ਰਦੂਸ਼ਣ ਨੂੰ ਘਟਾਉਣ ਲਈ ਖਾਸ ਧਿਆਨ ਦੇ ਰਿਹਾ ਹੈ। ਇਹਦੇ ਲਈ ਸਰਕਾਰ ਨੇ ਕਥਿਤ ‘ਸਪਰਿੰਗ ਕਲੀਨ’ ਪ੍ਰੋਜੈਕਟ ਲਈ 44.5 ਮਿਲੀਅਨ ਡਾਲਰ ਜਾਰੀ ਕੀਤੇ ਹਨ।

2012 ‘ਚ ਰੂਸ ਦੇ ਨਾਟੋ ਲਈ ਸਾਬਕਾ ਦੂਤ ਤੇ ਮੌਜੂਦਾ ਉੱਪ ਪ੍ਰਧਾਨ ਮੰਤਰੀ ਦਮਿੱਤਰੀ ਰੋਗੋਜਿਨ ਨੇ ਕਿਹਾ ਕਿ “21ਵੀਂ ਸਦੀ ਦੇ ਅੱਧ ‘ਚ ਕੁਦਰਤੀ ਭੰਡਾਰਾਂ ਲਈ ਵੱਖ-ਵੱਖ ਰਾਜਾਂ ਵਿਚਕਾਰ ਲੜਾਈ ਅਸੱਭਿਅਕ ਹੋ ਜਾਵੇਗੀ। … ਸਾਡੇ ਲਈ ਇਹ ਬਹੁਤ ਜਰੂਰੀ ਹੈ ਕਿ ਅਸੀਂ ਇਸ ਖੇਤਰ ਚ ਸਾਡੇ ਦੇਸ਼ ਲਈ ਆਪਣੇ ਨਿਸ਼ਾਨੇ ਮਿੱਥੀਏ। ਜੇ ਅਸੀਂ ਅਜਿਹਾ ਨਹੀਂ ਕਰਦੇ ਤਾਂ ਅਸੀਂ ਸਾਧਨਾਂ ਦੀ ਲੜਾਈ ਹਾਰ ਜਾਵਾਂਗੇ ਤੇ ਉਸ ਨਾਲ਼ ਅਸੀਂ ਆਪਣੀ ਪ੍ਰਭੂਸੱਤਾ ਤੇ ਅਜਾਦੀ ਕਾਇਮ ਰੱਖਣ ਦੀ ਵੱਡੀ ਲੜਾਈ ਵੀ ਹਾਰ ਜਾਵਾਂਗੇ।”

2012 ਵਿੱਚ ਰੂਸ ਦੀ ਨਵੀਂ ਪੀੜੀ ਦੀ ਸਬਮਰੀਨ ਨੂੰ ਬਣਾਉਣ ਦਾ ਕੰਮ ਸ਼ੁਰੂ ਹੋਣ ਪਿੱਛੋ ਪੂਤਿਨ ਨੇ ਕਿਹਾ, “ਨੇਵੀ ਆਰਕਟਿਕ, ਜਿੱਥੇ ਜੈਵਿਕ-ਸਾਧਨਾਂ, ਹਾਈਡ੍ਰੋਕਾਰਬਨਾਂ ਤੇ ਹੋਰ ਕੁਦਰਤੀ ਸਾਧਨਾਂ ਦੇ ਅਮੀਰ ਭੰਡਾਰ ਹਨ, ਸਮੇਤ ਸਾਡੀ ਦੇਸ਼ ਦੇ ਆਰਥਿਕ ਹਿੱਤਾਂ ਦੀ ਰਾਖੀ ਲਈ ਬਹੁਤ ਜਰੂਰੀ ਹੈ।”

ਰੂਸ ਆਰਕਟਿਕ ਦੇ ਕੁਦਰਤੀ ਭੰਡਾਰਾਂ ਦੇ ਨਾਲ਼-ਨਾਲ਼ ਆਰਕਟਿਕ ਮਹਾਂਸਾਹਰ ਦੇ ਉੱਤਰੀ ਸਮੁੰਦਰੀ ਲਾਂਘੇ ਨੂੰ ਵੀ ਆਪਣੇ ਅਧੀਨ ਚਾਹੁੰਦਾ ਹੈ। ਇਸ ਲਾਂਘੇ ਵਿੱਚ ਹਾਲੇ ਵੀ ਕਾਫੀ ਬਰਫ ਜੰਮੀ ਰਹਿੰਦੀ ਹੈ, ਜਿਸ ਕਰਕੇ ਇਸਨੂੰ ਵਰਤੋਂ ਵਿੱਚ ਲਿਆਉਣ ਲਈ ਲਗਾਤਾਰ ਬਰਫ ਤੋੜੂ ਜਹਾਜਾਂ ਦੀ ਲੋੜ ਹੈ, ਪਰ ਭਵਿੱਖ ਵਿੱਚ ਇਹ ਵਧੇਰੇ ਵਰਤੋਂ ਯੋਗ ਹੋ ਜਾਣਗੇ। 2015 ਦੌਰਾਨ 71 ਸਮੁੰਦਰੀ ਜਹਾਜ 1.4 ਮਿਲੀਅਨ ਟਨ ਵਜਨ ਸਮੇਤ ਆਰਕਟਿਕ ਦੇ ਉੱਤਰੀ ਲਾਂਘੇ ਵਿੱਚੋਂ ਲੰਘੇ। ਇਸ ਰਾਹ ਨੇ ਸ਼ੰਘਾਈ ਤੋਂ ਹੈਮਬਰਗ ਤੱਕ ਦੇ ਸਫਰ ਨੂੰ 30 ਫੀਸਦੀ ਛੋਟਾ ਕਰ ਦਿੱਤਾ। ਇਸ ਖੇਤਰ ਵਿੱਚ ਰੂਸ ਕੋਲ਼ 40 ਨਿਊਕਲੀਅਰ ਆਈਸਬ੍ਰੇਕਰ ਜਹਾਜ ਹਨ ਅਤੇ 11 ਹੋਰ ਨੂੰ ਬਣਾਉਣ ਦਾ ਕੰਮ ਚੱਲ ਰਿਹਾ ਹੈ, ਰੂਸ ਇਹਨਾਂ ਜਹਾਜਾਂ ਨੂੰ ਹੋਰਨਾਂ ਦੇਸ਼ਾਂ ਨੂੰ ਇਸ ਲਾਂਘੇ ਨੂੰ ਵਰਤਣ ਲਈ ਕਿਰਾਏ ‘ਤੇ ਦਿੰਦਾ ਹੈ। ਸਤੰਬਰ 2013 ‘ਚ ਰੂਸੀ ਨੇਵੀ ਦੇ ਉੱਤਰੀ ਫਲੀਟ ਦੇ ਸਮੁੰਦਰੀ ਜਹਾਜ ਪਿਓਤਰ ਵੇਲਕੀ ਨੇ ਉੱਤਰੀ ਸਮੁੰਦਰੀ ਲਾਂਘੇ ਚੋਂ ਇੱਕ ਲੰਮੀ ਯਾਤਰਾ ਕਰਕੇ ਇਸ ਇਲਾਕੇ ‘ਚ ਆਪਣੇ ਝੰਡੀ ਦੇ ਸੰਕੇਤ ਦਿੱਤੇ।

ਨਵੰਬਰ, 2014 ‘ਚ ਰੂਸੀ ਕੇ-550 ਨਿਊਕਲੀਅਰ ਬਲਿਸਟਿਕ ਸਬਮਰੀਨ ‘ਅਲੈਂਗਜਾਦਰ ਨੇਵਸਕੀ’ ਰੂਸ ਅਤੇ ਉੱਤਰੀ ਧਰੁਵ ਵਿਚਕਾਰਲੇ ਬਾਰਨਟ ਸਾਗਰ ਵਿੱਚ ਛੱਡੀ, ਜਿਸਨੇ ਇਸਦੇ ਮਿੱਥੇ ਰਾਹ ਮੁਤਾਬਕ ਰੂਸ ਦੇ ਪੂਰਬ ਵਿੱਚ ਕਾਫੀ ਦੂਰ ਕਾਮਚਾਤਕਾ ਤੱਕ ਦਾ ਸਫਰ ਗਾਹਿਆ। ਇਸਦੇ ਨਾਲ਼ ਹੀ ਅਲੈਗਜਾਂਦਰ ਨੇਵਸਕੀ ਇਸੇ ਸਾਲ ਸਫਲ ਪ੍ਰੀਖਣ ਕੀਤੀਆਂ ਦੋ ਹੋਰ ਬਲਿਸਟਿਕ ਮਿਜਾਇਲਾਂ ਵਲਾਦੀਮੀਰ ਮਨੋਮਾਖ ਅਤੇ ਯੂਰੀ ਡੋਲਗੋਰੁਕੀ (Vladimir Monomakh and the Yuri Dolgorukiy) ਦੇ ਨਾਲ਼ ਸ਼ਾਮਲ ਹੋ ਗਈ। ਇਸ ਤਰ੍ਹਾਂ ਰੂਸ ਨੇ ਆਰਕਟਿਕ ਵਿੱਚ ਆਪਣੀਆਂ ਮਿਸਾਇਲਾਂ ਤੈਨਾਤ ਕਰ ਦਿੱਤੀਆਂ ਹਨ, ਜਿਵੇਂ ਅਮਰੀਕਾ ਨੇ ਅਟਲਾਂਟਿਕ ਤੇ ਪ੍ਰਸ਼ਾਂਤ ਮਹਾਂਸਾਗਰ ਵਿੱਚ ਆਪਣੀਆਂ ਮਿਜਾਇਲਾਂ ਤੈਨਾਤ ਕੀਤੀਆਂ ਹੋਈਆਂ ਹਨ। ਰੂਸ ਦੀ ਨਵੀਂ ਬੋਰਈ-ਕਲਾਸ ਨਿਊਕਲੀਅਰ ਸਬਮਰੀਨ ਵੀ ਆਰਕਟਿਕ ‘ਚ ਲਾਈ ਜਾ ਰਹੀ ਹੈ, ਜੋ 20 ਦੀ ਗਿਣਤੀ ਤੱਕ ਨਵੀਆਂ ਬੁਲਵਾ ਨਿਊਕਲੀਆ ਮਿਜਾਇਲਾਂ ਢੋਅ ਸਕਦੀ ਹੈ। ਇਸ ਜਹਾਜ ਦੀਆਂ 10 ਮਿਜਾਇਲਾਂ ਹਰ ਸਮੇਂ ਤਿਆਰ ਹਨ, ਜੋ 8000 ਕਿਲੋਮੀਟਰ ਤੱਕ ਮਾਰ ਸਕਦੀਆਂ ਹਨ।

ਅਕਤੂਬਰ, 2014 ਰੂਸੀ ਰੱਖਿਆ ਮੰਤਰੀ ਸੇਰਗੇਈ ਸ਼ੋਇਗੂ ਨੇ ਐਲਾਨ ਕੀਤਾ ਕਿ ਰੂਸ ਮੁਰਮਾਨਸਕ ਤੋਂ ਚੂਕੋਤਕਾ ਤੱਕ ਦੀ ਪੂਰੀ ਆਕਰਟਿਕ ਦੇ ਤਟ, ਜੋ ਕਿ 47,000 ਕਿਲੋਮੀਟਰ ਬਣਦਾ ਹੈ, ਉੱਪਰ ਫੌਜ ਤਾਇਨਾਤ ਕਰੇਗਾ। ਰੂਸੀ ਫੌਜ ਨੇ ਰੂਸ ਦੇ ਧੁਰ ਪੂਰਬ ਵਿਚਲੇ ਕੇਪ ਸ਼ਮਿਦਤ (3ape Schmidt), ਰੂਸ ਅਧੀਨ ਆਉਂਦੇ ਆਰਕਟਿਕ ਦੇ ਰੈਂਗਲ ਟਾਪੂ ਅਤੇ ਕੋਟੈਲਨੀ ਟਾਪੂ ਵਿੱਚ ਫੌਜੀ ਸਹੂਲਤਾਂ ਉਸਾਰਨੀਆਂ ਸ਼ੁਰੂ ਕਰ ਦਿਤੀਆਂ ਹਨ।

ਕੁੱਝ ਸਾਲਾਂ ਵਿੱਚ ਹੀ ਰੂਸ ਨੇ 6,000 ਦੀ ਫੌਜ ਪੱਕੇ ਤੌਰ ‘ਤੇ ਆਰਕਟਿਕ ਦੇ ਉੱਤਰ-ਪੱਛਮੀ ਮੁਰਮਾਨਸਕ ‘ਚ ਲਾ ਦਿੱਤੀ ਹੈ। ਇਸਤੋਂ ਬਿਨਾਂ ਰੂਸ ਦੀ ਆਪਣੇ ਆਰਥਿਕ ਤੇ ਸਿਆਸੀ ਹਿੱਤਾਂ ਦੀ ਰਾਖੀ ਲਈ 2020 ਤੱਕ ਫੌਜ ਤੇ ਸਰਹੱਦੀ ਤੇ ਤਟਵਰਤੀ ਸੁਰੱਖਿਆ ਦਸਤਿਆਂ ਵਾਲ਼ੀ ਰਲ਼ੀ-ਮਿਲ਼ੀ ਹਥਿਆਰਬੰਧ ਫੌਜ ਆਰਕਟਿਕ ‘ਚ ਤੈਨਾਤ ਕਰਨ ਦੀ ਯੋਜਨਾ ਹੈ।

2012 ਤੋਂ ਹੀ ਰੂਸ ਨੇ ਆਰਕਟਿਕ ਵਿੱਚ ਆਪਣੇ ਫੌਜੀ ਅੱਡੇ ਮੁੜ ਉਸਾਰਨੇ ਸ਼ੁਰੂ ਕਰ ਦਿੱਤੇ ਹਨ। ਇਹਨਾਂ ਵਿੱਚ ਮੋਬਾਇਲ ਨਿਊਕਲੀਅਰ ਪਲਾਂਟ ਵੀ ਸ਼ਾਮਲ ਹਨ। ਰੱਖਿਆ ਮੰਤਰੀ ਸੇਰਗੇਯ ਸ਼ੋਈਗੂ ਦਾ ਕਹਿਣਾ ਹੈ ਕਿ 2018 ਤੱਕ ਆਰਕਟਿਕ ਦੇ ਫੌਜੀ ਠਿਕਾਣਿਆਂ ਵਿੱਚ ਰੂਸੀ ਫੌਜੀ ਅਤਿ-ਆਧੁਨਿਕ ਤਕਨੀਕ ਨਾਲ਼ ਲੈਸ ਹਥਿਆਰਾਂ ਨਾਲ਼ ਤੈਨਾਤ ਕੀਤੇ ਜਾਣਗੇ।

2015 ਲਈ ਰੂਸ ਨੇ ਆਪਣਾ ਫੌਜੀ ਖਰਚਾ 33 ਫੀਸਦੀ ਵਧਾ ਦਿੱਤਾ, ਜਦਕਿ ਇਸਦਾ ਆਰਥਚਾਰਾ ਮਾੜੀ ਹਾਲਤ ਵਿੱਚ 4.2 ਫੀਸਦੀ ਦੀ ਵਾਧਾ ਦਰ ਨਾਲ਼ ਚੱਲ ਰਿਹਾ ਸੀ, 2014 ਵਿੱਚ ਵੀ ਇਸ ਖਰਚ ਵਿੱਚ ਕਾਫੀ ਵਾਧਾ ਕੀਤਾ ਗਿਆ। 2015 ਵਿੱਚ ਭਾਵੇਂ ਅਰਥਚਾਰੇ ਦੀ ਮਾੜੀ ਹਾਲਤ ਕਾਰਨ ਹੋਰ ਵਾਧਾ ਨਹੀਂ ਕੀਤਾ ਗਿਆ, ਪਰ ਠੰਡੀ ਜੰਗ ਜਾਰੀ ਹੈ। ਇਹ ਸਭ ਬਿਆਨ, ਨਵੇਂ ਹਥਿਆਰ ਬਣਾਉਣੇ, ਫੌਜ ਦੀ ਤਾਇਨਾਤੀ ਤੇ ਫੌਜੀ ਖਰਚਿਆਂ ‘ਚ ਵਾਅਦੇ ਦਰਸਾਉਂਦੇ ਹਨ ਕਿ ਰੂਸ ਆਰਕਟਿਕ ਨੂੰ ਲੈ ਕੇ ਬਹੁਤ ਗੰਭੀਰ ਹੈ ਤੇ ਇਹਦੇ ਲਈ ਆਪਣੀ ਫੌਜੀ ਤਾਕਤ ਨੂੰ ਵਰਤਣ ਤੇ ਜੰਗ ਦੇ ਖਤਰੇ ਸਹੇੜਨ ਨੂੰ ਵੀ ਤਿਆਰ ਹੈ। ਇਹ ਤੱਥ ਵੀ ਨਹੀਂ ਭੁੱਲਣਾ ਚਾਹੀਦਾ ਕਿ ਰੂਸ ਸੰਸਾਰ ਦੀ ਇੱਕ ਵੱਡੀ ਪ੍ਰਮਾਣੂ ਤਾਕਤ ਵੀ ਹੈ ਜੋ ਇਹਨਾਂ ਸਭ ਫੌਜੀ ਮਸ਼ਕਾਂ ਤੋਂ ਬਿਨਾਂ ਵੀ ਰੂਸ ਦੀ ਦਾਅਵੇਦਾਰੀ ਲਈ ਇੱਕ ਮਜਬੂਤ ਫੌਜੀ ਅਧਾਰ ਮੁਹੱਈਆ ਕਰਵਾਉਂਦੀ ਹੈ।

ਆਰਕਟਿਕ ‘ਤੇ ਅਮਰੀਕੀ ਅੱਖ ਅਤੇ ਰੂਸ ਨੂੰ ਚੁਣੌਤੀ

ਅਮਰੀਕਾ ਨੇ ਸੰਯੁਕਤ ਰਾਸ਼ਟਰ ਦੀ 1982 ਦੀ ਸਾਗਰਾਂ ਦੇ ਕਨੂੰਨ ਬਾਰੇ ਕਨਵੈਨਸ਼ਨ ਨੂੰ ਹਾਲੇ ਤੱਕ ਪ੍ਰਵਾਨ ਨਹੀਂ ਕੀਤਾ, ਜਿਸ ਕਰਕੇ ਉਸਨੇ ਕਨੂੰਨੀ ਤੌਰ ‘ਤੇ ਆਰਕਟਿਕ ਉੱਪਰ ਆਪਣੀ ਕੋਈ ਦਾਅਵੇਦਾਰੀ ਪੇਸ਼ ਨਹੀਂ ਕੀਤੀ। ਪਰ ਆਰਕਟਿਕ ਊਰਜਾ ਦੇ ਜਿੰਨੇ ਵੱਡੇ ਭੰਡਾਰ ਹਨ, ਅਮਰੀਕਾ ਇਹਨਾਂ ਨੂੰ ਅਣਗੌਲ਼ਿਆਂ ਨਹੀਂ ਕਰ ਸਕਦਾ। ਅਮਰੀਕਾ ਦੀ ਨਾ ਸਿਰਫ ਆਰਕਟਿਕ ਦੇ ਊਰਜਾ ਭੰਡਾਰਾਂ ‘ਤੇ ਅੱਖ ਹੈ, ਸਗੋਂ ਉਹ ਹੋਰਨਾਂ ਆਰਕਟਿਕ ਦੇਸ਼ਾਂ ਵੱਲੋਂ ਆਰਕਟਿਕ ਦੇ ਅਜਾਦ ਇਲਾਕੇ ਉੱਪਰ ਹੋਰਨਾਂ ਦੇਸ਼ਾਂ ਵੱਲੋਂ ਕੀਤੀਆਂ ਜਾ ਰਹੀਆਂ ਦਾਅਵੇਦਾਰੀਆਂ ਨੂੰ ਲੈ ਕੇ ਫਿਕਰਮੰਦ ਹੈ। ਸਭ ਤੋਂ ਵੱਡਾ ਖਤਰਾ ਉਸਨੂੰ ਰੂਸ ਤੋਂ ਹੈ, ਕਿਉਂਕਿ ਰੂਸ ਨਾ ਸਿਰਫ ਇਸ ਖੇਤਰ ਵਿੱਚ ਤੋਂ ਵੱਧ ਤੇਜੀ ਤੇ ਧੜੱਲੇ ਨਾਲ਼ ਆਪਣੀਆਂ ਸਰਗਰਮੀਆਂ ਵਧਾ ਰਿਹਾ ਹੈ, ਸਗੋਂ ਜੇ ਰੂਸ ਇਹਨਾਂ ਊਰਜਾ ਭੰਡਾਰਾਂ ਨੂੰ ਆਪਣੇ ਹੱਥ ਵਿੱਚ ਲੈਣ ਵਿੱਚ ਕਾਮਯਾਬ ਹੋ ਜਾਂਦਾ ਹੈ ਤਾਂ ਰੂਸ ਅਮਰੀਕੀ ਸਾਮਰਾਜ ਲਈ ਹੋਰ ਵੀ ਵੱਡੇ ਵਿਰੋਧੀ ਵਜੋਂ ਖੜਾ ਹੋ ਜਾਵੇਗਾ। ਇਸ ਕਰਕੇ ਆਪਣੇ ਹੱਥੋਂ ਊਰਜਾ ਦੇ ਭੰਡਾਰਾਂ ਦੇ ਖੁੱਸਣ ਦੇ ਨਾਲ਼-ਨਾਲ਼ ਉਸਨੂੰ ਰੂਸ ਦੇ ਵੀ ਵੱਡੀ ਤਾਕਤ ਬਣਨ ਤੋਂ ਖਤਰਾ ਹੈ। ਇਸ ਕਰਕੇ ਅਮਰੀਕਾ ਲਗਾਤਾਰ ਸਿੱਧੇ-ਅਸਿੱਧੇ ਢੰਗ ਨਾਲ਼ ਆਰਕਟਿਕ ਵਿੱਚ ਦਖਲਅੰਦਾਜੀ ਕਰ ਰਿਹਾ ਹੈ ਤੇ ਰੂਸ ਨੂੰ ਡੱਕਣ ਲਈ ਤਰ੍ਹਾਂ-ਤਰ੍ਹਾਂ ਦੀਆਂ ਫੌਜੀ ਤੇ ਕੂਟਨੀਤਕ ਪੈਂਤੜੇ ਅਪਣਾ ਰਿਹਾ ਹੈ।

ਅਮਰੀਕਾ ਯੂਰਪੀ ਦੇਸ਼ਾਂ ਤੇ ਨਾਟੋ ਦੀ ਮਦਦ ਨਾਲ਼ ਇੱਕ ਪਾਸੇ ਰੂਸ ਉੱਪਰ ਕਈ ਤਰ੍ਹਾਂ ਦੀਆਂ ਵਪਾਰਕ ਪਬੰਦੀਆਂ ਲਾ ਰਿਹਾ ਹੈ, ਉੱਥੇ ਨਾਟੋ ਰਾਹੀਂ ਰੂਸ ਦੀ ਫੌਜੀ ਘੇਰਾਬੰਦੀ ਵੀ ਕਰ ਰਿਹਾ ਹੈ। ਭਾਵੇਂ ਸਭ ਵਪਾਰਕ ਪਬੰਦੀਆਂ ਤੇ ਫੌਜੀ ਕਾਰਵਾਈਆਂ ਦਾ ਇੱਕੋ-ਇੱਕ ਕਾਰਨ ਆਰਕਟਿਕ ਦਾ ਰੱਫੜ ਨਹੀਂ ਹੈ। ਅਸਲ ਵਿੱਚ ਇਹ ਆਰਕਟਿਕ, ਯੂਕਰੇਨ, ਮੱਧ-ਪੂਰਬ ਸਮੇਤ ਸੰਸਾਰ ਦੇ ਵੱਖ-ਵੱਖ ਖਿੱਤਿਆਂ ‘ਚ ਅਮਰੀਕੀ ਤੇ ਰੂਸ ਦਰਮਿਆਨ ਤਿੱਖੇ ਹੋ ਰਹੇ ਅੰਤਰ-ਸਾਮਰਾਜੀ ਖਹਿਭੇੜ ਦਾ ਨਤੀਜਾ ਹਨ। ਪਰ ਇਹਨਾਂ ਫੌਜੀ ਕਾਰਵਾਈਆਂ ਪਿਛਲੇ ਕਾਰਨਾਂ ਵਿੱਚ ਆਰਕਟਿਕ ਦਾ ਮਸਲਾ ਵੀ ਇੱਕ ਵੱਡਾ ਕਾਰਨ ਹੈ ਅਤੇ ਅਮਰੀਕਾ ਦੀਆਂ ਇਹ ਕਾਰਵਾਈਆਂ ਆਰਕਟਿਕ ਦੇ ਇਸ ਮਸਲੇ ਨੂੰ ਹੋਰ ਨਾਜੁਕ ਵੀ ਬਣਾ ਰਹੀਆਂ ਹਨ।

ਅਮਰੀਕਾ ਤੇ ਯੂਰਪੀ ਯੂਨੀਅਨ ਦੇ ਕਈ ਦੇਸ਼ਾਂ ਨੇ ਯੂਕਰੇਨ ਦੇ ਮਾਮਲੇ ਨੂੰ ਬਹਾਨਾ ਬਣਾ ਕੇ 2014 ਵਿੱਚ ਰੂਸ ਉੱਪਰ ਕਈ ਵਪਾਰਕ ਪਬੰਦੀਆਂ ਲਾ ਦਿੱਤੀਆਂ। ਇਹਨਾਂ ਪਾਬੰਦੀਆਂ ‘ਚ ਰੂਸ ਨੂੰ ਤਕਨੀਕ ਦੀ ਬਰਾਮਦ ‘ਤੇ ਵੀ ਪਾਬੰਦੀ ਲਾਈ ਗਈ, ਜਿਸ ਨਾਲ਼ ਰੂਸ ਕੋਲ਼ ਆਰਕਟਿਕ ਦੇ ਊਰਜਾ ਭੰਡਾਰਾਂ ਨੂੰ ਕੱਢਣ ਲਈ ਤਕਨੀਕੀ ਤੇ ਮਸ਼ੀਨੀ ਸਮਰੱਥਾ ਪੂਰੀ ਨਹੀਂ ਹੋ ਰਹੀ। ਕਈ ਪਾਬੰਦੀਆਂ ਰੂਸ ਦੀ ਊਰਜਾ ਦੀ ਸਭ ਤੋਂ ਵੱਡ ਕੰਪਨੀਆਂ ਗਾਜਪ੍ਰੋਮ ਤੇ ਰੋਜਨਫਟ, ਹਥਿਆਰਾਂ ਬਣਾਉਣ ਦੀ ਕੰਪਨੀ ਕਲਾਸ਼ਿਨਕੋਵ ਉੱਪਰ ਵੀ ਲਾਈਆਂ ਗਈਆਂ। ਇਹਨਾਂ ਨੂੰ ਯੂਰਪੀ ਮੰਡੀ ‘ਚੋਂ ਲੰਮੇ ਸਮੇਂ ਦੇ ਕਰਜੇ ਦੇਣ ਉੱਪਰ ਪਾਬੰਦੀ ਲਾਈ ਗਈ। ਇਹਨਾਂ ‘ਚ ਰੂਸੀ ਬੈਂਕਾਂ ਨੂੰ ਕਮਜੋਰ ਕਰਨਾ ਵੀ ਹੈ, ਇਸ ਵਿੱਚ ਸਬੇਰਬੈਂਕ ਜਿਹੇ ਅਹਿਮ ਰੂਸੀ ਬੈਂਕ ਨਿਸ਼ਾਨੇ ਹੇਠ ਹਨ। ਇਹਨਾਂ ਪਬੰਦੀਆਂ ਦਾ ਮਕਸਦ ਰੂਸ ਉੱਪਰ ਦਬਾਅ ਬਣਾ ਕੇ ਯੂਕਰੇਨ ਵਿੱਚ ਬਾਗੀਆਂ ਦੀ ਮਦਦ ਕਰਨ ਤੋਂ ਰੋਕਣਾ ਸੀ।

ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਦੇ ਡਾਇਰੈਕਟਰ ਲੈਫਟੀਨੈਂਟ ਜਨਰਲ ਵਿਨਸੈਂਟ ਸਟੀਵਰਟ ਦਾ ਕਹਿਣਾ ਹੈ ਕਿ “ਆਰਕਟਿਕ ‘ਚ ਰੂਸ ਦੀ ਮੌਜੂਦਗੀ ਅਮਰੀਕਾ ਲਈ ਖਤਰਨਾਕ ਹੈ। … ਰੂਸੀਆਂ ਦੀ ਆਰਕਟਿਕ ਦੇ ਹੋਰ ਵਧੇਰੇ ਖੇਤਰਾਂ ਨੂੰ ਆਪਣੇ ਅਧੀਨ ਲਿਆਉਣ ਦੀ ਇੱਛਾ ਹੈ। ਉਹ ਏਅਰਬੇਸ ਤੇ ਮਿਜਾਇਲ ਡਿਫੈਂਸ ਸਿਸਟਮ ਉਸਾਰ ਰਹੇ ਹਨ, ਜਿਸ ‘ਚ ਦੋਵੇਂ ਹਵਾਈ ਤੇ ਸਮੁੰਦਰੀ ਮਿਜ਼ਾਇਲਾਂ ਨੂੰ ਰੋਕਣ ਦੀ ਸਮਰੱਥਾ ਹੈ, ਉਹ ਅਜਿਹਾ ਆਪਣੇ ਆਰਥਿਕ ਤੇ ਫੌਜੀ ਹਿੱਤਾਂ ਲਈ ਕਰ ਰਹੇ ਹਨ।…ਉਹਨਾਂ ਨੂੰ ਰੋਕਣ ਵਾਲ਼ੀ ਕਿਸੇ ਤਾਕਤ ਦੀ ਅਣਹੋਂਦ ਵਿੱਚ ਉਹਨਾਂ ਨੇ ਹੋਰ ਅਗਾਂਹ ਫੈਲਦੇ ਜਾਣਾ ਹੈ, ਇਸ ਲਈ ਮੈਂ ਸੋਚਦਾ ਹਾਂ ਇਹ ਸੁਭਾਵਿਕ ਹੈ ਕਿ ਸਾਡੀ ਇੱਛਾ ਵੀ ਹੈ ਤੇ ਸਮਰੱਥਾ ਵੀ ਕਿ ਉਹਨਾਂ ਦੇ ਆਰਕਟਿਕ ਦੇ ਕੰਟਰੋਲ ਜਾਂ ਕਬਜੇ ਨੂੰ ਪਿੱਛੇ ਧੱਕ ਸਕੀਏ।”

ਫੌਜੀ ਮਸ਼ਕਾਂ ਰਾਹੀਂ ਰੂਸ ਤੇ ਅਮਰੀਕਾ ਦਰਮਿਆਨ ਠੰਡੀ ਜੰਗ

ਜਦੋਂ ਤੋਂ 2008 ‘ਚ ਰੂਸੀ ਸਾਮਰਾਜ ਦਾ ਮੁੜ-ਉਭਾਰ ਹੋਇਆ ਹੈ ਉਦੋਂ ਤੋਂ ਇਹ ਅਮਰੀਕੀ ਸਾਮਰਾਜ ਲਈ ਇੱਕ ਚਿੰਤਾ ਦਾ ਮਸਲਾ ਬਣ ਗਿਆ ਹੈ। ਰੂਸ ਨੂੰ ਡੱਕਣ ਲਈ ਅਮਰੀਕਾ ਨੇ ਫੌਜੀ ਪੱਧਰ ‘ਤੇ ਦੋ ਕੰਮ ਕੀਤੇ ਹਨ। ਪਹਿਲਾ ਨਾਟੋ ਦੇ ਵਿਸਥਾਰ ਰਾਹੀਂ ਰੂਸੀ ਖੇਤਰ ਦੀ ਯੁੱਧਨੀਤਕ ਘੇਰਾਬੰਦੀ ਤੇ ਦੂਜਾ ਆਪਣੀ ਫੌਜੀ ਤਾਕਤ ਦਾ ਵਿਖਾਵਾ ਕਰਕੇ ਰੂਸ ਨੂੰ ਚਿਤਾਵਨੀ ਦੇਣਾ। ਇਹ ਚਿਤਾਵਨੀ ਇੱਕ ਤਾਂ ਸੰਸਾਰ ਦੇ ਹੋਰਨਾਂ ਦੇਸ਼ਾਂ ‘ਚ ਆਪਣੀ ਫੌਜੀ ਦਖਲਅੰਦਾਜੀ ਰਾਹੀਂ ਦਿੱਤੀ ਜਾ ਰਹੀ ਹੈ ਤੇ ਦੂਜੀ ਨਾਟੋ ਦੀਆਂ ਫੌਜੀ ਤੇ ਜੰਗੀ ਡਰਿੱਲਾਂ ਰਾਹੀਂ। ਅਮਰੀਕਾ ਵੱਲੋਂ ਰੂਸ ਦੀ ਇਹ ਘੇਰਾਬੰਦੀ ਤੇ ਜੰਗੀ ਡਰਿੱਲਾਂ ਰਾਹੀਂ ਚਿਤਾਵਨੀਆਂ ਦਾ ਸਿਲਸਿਲਾ ਕਾਫੀ ਸਮੇਂ ਤੋਂ ਚੱਲਦਾ ਆਇਆ ਹੈ, ਪਰ 2014 ‘ਚ ਆ ਕੇ ਇਹ ਬਹੁਤ ਤੇਜ ਹੋਇਆ ਹੈ। ਇਸਦਾ ਕਈ ਕਾਰਨ ਹਨ, ਪਹਿਲਾ ਇਸੇ ਸਾਲ ਯੂਕਰੇਨ ਦੇ ਮਸਲੇ ‘ਤੇ ਰੂਸ ਨੇ ਆਪਣੇ ਜਲਵੇ ਵਿਖਾਏ ਤੇ ਅਮਰੀਕਾ ਤੇ ਪੱਛਮੀ ਦੇਸ਼ਾਂ ਦੀਆਂ ਘੁਰਕੀਆਂ ਦੇ ਬਾਵਜੂਦ ਕਰੀਮੀਆ ਦਾ ਇਲਾਕਾ ਆਪਣੇ ਅਧੀਨ ਲੈ ਲਿਆ, ਦੂਜਾ ਇਸ ਸਾਲ ਤੋਂ ਸੀਰੀਆ ਵਿੱਚ ਰੂਸ ਵਧੇਰੇ ਪੱਕੇ ਤੌਰ ‘ਤੇ ਡਟ ਗਿਆ ਅਤੇ ਮੌਜੂਦਾ ਸਮੇਂ ਸੀਰੀਆ ‘ਚ ਭਾਰੀ ਬੰਬਾਰੀ ਰਾਹੀਂ ਵੀ ਰੂਸ ਨੇ ਆਪਣੀ ਫੌਜੀ ਤਾਕਤ ਦਾ ਮੁਜਾਹਾਰਾ ਕਰਦਿਆਂ ਅਮਰੀਕਾ ਨੂੰ ਇੱਕ ਸੰਕੇਤਕ ਚੁਣੌਤੀ ਦਿੱਤੀ ਹੈ। ਤੀਜਾ, ਇਸੇ ਸਾਲ ਰੂਸ ਨੇ ਸੰਯੁਕਤ ਰਾਸ਼ਟਰ ਵਿੱਚ ਆਰਕਟਿਕ ਦੇ ਨਵੇਂ ਖੇਤਰ ਵਿੱਚ ਹੋਰ ਨਵੇਂ ਸਬੂਤਾਂ ਸਮੇਤ ਆਪਣੀ ਦਾਅਵੇਦਾਰੀ ਮੁੜ ਪੇਸ਼ ਕੀਤੀ। ਚੌਥਾ, ਇਸੇ ਸਾਲ ਤੋਂ ਰੂਸ ਨੇ ਆਪਣੀ ਰੱਖਿਆ ਬਜਟ ਵਿੱਚ ਆਰਥਿਕ ਤੌਰ ‘ਤੇ ਕਮਜੋਰ ਹੋਣ ਦੇ ਬਾਵਜੂਦ ਕਾਫੀ ਵਾਧਾ ਕੀਤਾ। ਅਮਰੀਕਾ ਦੀਆਂ ਇਹਨਾਂ ਫੌਜੀ ਘੁਰਕੀਆਂ ਦਾ ਰੂਸ ਵੀ ਸਮੇਂ-ਸਮੇਂ ਜੁਆਬ ਦਿੰਦਾ ਰਿਹਾ ਹੈ ਤੇ ਉਸਨੇ ਵੀ ਨਾਟੋ ਦੀ ਹਰ ਫੌਜੀ ਡਰਿੱਲ ਦੇ ਜੁਆਬ ਵਿੱਚ ਆਪਣੀ ਫੌਜੀ ਤਾਕਤ ਦਾ ਮੁਜਾਹਾਰਾ ਕਰਦਿਆਂ ਅਮਰੀਕਾ ਨੂੰ ਅੱਖਾਂ ਦਿਖਾਈਆਂ ਹਨ।

ਜਿੱਥੋਂ ਤੱਕ ਨਾਟੋ ਰਾਹੀਂ ਰੂਸ ਦੀ ਘੇਰਾਬੰਦੀ ਦਾ ਸਵਾਲ ਹੈ ਤਾਂ ਇਹਦੇ ਲਈ ਅਮਰੀਕਾ ਆਰਕਟਿਕ ਦੇਸ਼ਾਂ ਵਿੱਚੋਂ ਨਾਰਵੇ ਤੇ ਡੈਨਮਾਰਕ ਨੂੰ ਨਾਟੋ ‘ਚ ਲਿਆ ਚੁੱਕਾ ਹੈ ਤੇ ਸਵੀਡਨ ਤੇ ਫਿਨਲੈਂਡ ਨੂੰ ਨਾਟੋ ‘ਚ ਲਿਆਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ, ਕਨੇਡਾ ਪਹਿਲਾਂ ਹੀ ਨਾਟੋ ਦਾ ਹਿੱਸਾ ਹੈ। ਇਸਤੋਂ ਬਿਨਾਂ ਅਮਰੀਕਾ ਰੂਸ ਨੇੜਲੇ ਖੇਤਰਾਂ ਵਿੱਚ ਹੋਰਨਾਂ ਦੇਸ਼ਾਂ ਵਿੱਚ ਵੀ ਪੈਰ ਪਸਾਰ ਰਿਹਾ ਹੈ। ਮਾਰਚ 2004 ‘ਚ ਐਸਟੋਨੀਆ, ਲਾਤਵੀਆ, ਲਿਥੁਆਨੀਆ, ਸਲੋਵਾਨੀਆ, ਸਲੋਵਾਕੀਆ, ਬੁਲਗਾਰੀਆ ਤੇ ਰੋਮਾਨੀਆ ਨੂੰ ਨਾਟੋ ਵਿੱਚ ਸ਼ਾਮਲ ਕੀਤਾ ਗਿਆ। ਅਪ੍ਰੈਲ 2009 ‘ਚ ਕਰੋਸ਼ੀਆ ਤੇ ਅਲਬਾਨੀਆ ਨੂੰ ਵੀ ਨਾਟੋ ‘ਚ ਸ਼ਾਮਲ ਕਰ ਲਿਆ ਗਿਆ। ਯੂਕਰੇਨ ਤੇ ਯੂਕਰੇਨ ਨੂੰ ਵੀ ਨਾਟੋ ‘ਚ ਸ਼ਾਮਲ ਕੀਤੇ ਜਾਣ ਦੀਆਂ ਕਾਫੀ ਸੰਭਾਵਨਾਵਾਂ ਹਨ। ਰੂਸ ਨਾਲ਼ ਲੱਗਵੇਂ ਤਿੰਨ ਬਾਲਟਿਕ ਦੇਸ਼ਾਂ ਲਾਤਵੀਆ, ਲਿਥੁਨੀਆ ਤੇ ਐਸਟੋਨੀਆ ਉੱਪਰ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਬੁਲਗਾਰੀਆ, ਰੋਮਾਨੀਆ ਤੇ ਤੁਰਕੀ ਦੀ ਸਮੁੰਦਰੀ ਫੌਜ ਨੂੰ ਵੀ ਨਾਟੋ ਸਿਖਲਾਈ ਦੇ ਰਿਹਾ ਹੈ। ਯੂਕਰੇਨ, ਜਾਰਜੀਆ, ਮੋਲਦੋਵਾ, ਪੋਲੈਂਡ ਨਾਲ਼ ਮਿਲ਼ ਕੇ ਅਮਰੀਕੀ ਫੌਜਾਂ ਵੱਲੋਂ ਸਿਖਲਾਈ ਤੇ ਅਭਿਆਸ, ਡਰਿੱਲਾਂ ਕੀਤੀਆਂ ਜਾ ਰਹੀਆਂ ਹਨ। ਆਪਣੀਆਂ ਫੌਜੀ ਮਸ਼ਕਾਂ ‘ਚ ਅਮਰੀਕਾ ਤੇ ਨਾਟੋ ਵੱਲੋਂ ਗੈਰ-ਨਾਟੋ ਦੇਸ਼ਾਂ ਨੂੰ ਵੀ ਸ਼ਾਮਲ ਕੀਤਾ ਜਾ ਰਿਹਾ ਹੈ।

ਰੂਸ ਵੀ ਨਾਟੋ ਦੇ ਬਰਾਬਰ ਹੋਰਨਾਂ ਦੇਸ਼ਾਂ ਨੂੰ ਲਾਮਬੰਦ ਕਰ ਰਿਹਾ ਹੈ। ਨਾਟੋ ਦੇ ਬਰਾਬਰ ਰੂਸ ਨੇ ਸ਼ੰਘਾਈ ਸਹਿਯੋਗ ਜਥੇਬੰਦੀ (S3O) ਬਣਾਈ ਹੈ, ਜਿਸਦੇ 6 ਮੈਂਬਰ ਦੇਸ਼ ਹਨ ਤੇ ਕਈ ਆਬਜ਼ਰਬਰ ਦੇਸ਼ ਹਨ। ਭਾਰਤ ਤੇ ਪਾਕਿਸਤਾਨ ਦੇ ਵੀ ਇਸ ਵਿੱਚ ਸ਼ਾਮਲ ਹੋਣ ਦੀ ਵੀ ਕਾਫੀ ਸੰਭਾਵਨਾ ਹੈ, ਫਿਲਹਾਲ ਇਹ ਦੋਵੇਂ ਦੇਸ਼ ਆਬਜਬਰ ਹਨ। ਇਸਦਾ ਉਦੇਸ਼ ਨਾਟੋ ਦੇ ਪ੍ਰਭਾਵ ਨੂੰ ਖੋਰਾ ਲਾਉਣਾ, ਫੌਰੀ ਤੌਰ ‘ਤੇ ਕੇਂਦਰੀ ਏਸ਼ੀਆ ਦੇ ਖਿੱਤਿਆਂ ‘ਚੋਂ ਅਮਰੀਕੀ ਫੌਜੀ ਅੱਡੇ ਬੰਦ ਕਰਵਾਉਣਾ ਹੈ ਤੇ ਉਹਨਾਂ ਨੇ ਕੁੱਝ ਮਾਮਲਿਆਂ ‘ਚ ਸਫਲਤਾ ਵੀ ਹਾਸਲ ਕੀਤੀ ਹੈ। ਇਹਨਾਂ ਦੇਸ਼ਾਂ ਨੇ ਯੂਕਰੇਨ ਉੱਪਰ ਰੂਸੀ ਹਮਲੇ ਨੂੰ ਵੀ ਜਾਇਜ ਠਹਿਰਾਇਆ ਸੀ। ਇਹਨਾਂ ਦੇਸ਼ਾਂ ਵਿੱਚੋਂ ਆਰਕਟਿਕ ਦੇ ਸਮੁੱਚੇ ਮਸਲੇ ਉੱਪਰ ਚੀਨ ਤੋਂ ਵੱਧ ਡਟ ਕੇ ਰੂਸ ਨਾਲ਼ ਖੜਾ ਹੈ। ਇਸ ਵਿੱਚ ਚੀਨ ਦੇ ਆਪਣੇ ਹਿੱਤ ਹਨ। ਜਿਵੇਂ ਚੀਨ ਇੱਕ ਵੱਡੀ ਆਰਥਿਕ ਤਾਕਤ ਬਣਕੇ ਉੱਭਰਿਆ ਹੈ, ਉਸ ਲਈ ਵੀ ਆਰਕਟਿਕ ਦੇ ਇਹ ਊਰਜਾ ਸ੍ਰੋਤ ਬਹੁਤ ਮਹੱਤਤਾ ਰੱਖਦੇ ਹਨ। ਪਰ ਆਰਕਟਿਕ ਕਾਉਂਸਲ ਦਾ ਮੈਂਬਰ ਨਾ ਹੋਣ ਕਾਰਨ ਉਹ ਆਪਣੇ ਦਮ ‘ਤੇ ਇਹਨਾਂ ਸੋਮਿਆਂ ਨੂੰ ਹਾਸਲ ਨਹੀਂ ਕਰ ਸਕਦਾ। ਚੀਨ ਨੂੰ ਰੂਸੀ ਅਧੀਨਗੀ ਵਾਲ਼ੇ ਆਰਕਟਿਕ ਖੇਤਰ ਵਿੱਚ ਆਪਣੇ ਤੇਲ ਤੇ ਗੈਸ ਕੱਢਣ ਦੇ ਪ੍ਰੋਜੈਕਟ ਲਾਉਣ ਨੂੰ ਮਿਲ ਰਹੇ ਹਨ। ਧਿਆਨ ਰਹੇ ਕਿ ਅਮਰੀਕਾ ਤੋਂ ਬਾਅਦ ਚੀਨ ਦੂਜੀ ਵੱਡੀ ਫੌਜੀ ਤਾਕਤ ਹੈ ਤੇ ਰੂਸ ਤੀਜੀ। ਆਰਥਿਕ ਪੱਖੋਂ ਵੀ ਚੀਨ ਸੰਸਾਰ ਦੀ ਬਹੁਤ ਵੱਡੀ ਤਾਕਤ ਹੈ। ਇਸ ਲਈ ਰੂਸ ਤੇ ਚੀਨ ਦਾ ਗੱਠਜੋੜ ਆਪਣੇ ਆਪ ਵਿੱਚ ਹੀ ਇੱਕ ਬਹੁਤ ਵੱਡੀ ਤਾਕਤ ਬਣਦਾ ਹੈ। ਸੰਸਾਰ ਪੱਧਰ ‘ਤੇ ਖੜੀ ਹੋ ਰਹੀ ਇਸ ਅੰਤਰ-ਸਾਮਰਾਜੀ ਧੜੇਬੰਦੀ ਵਿੱਚ ਕਿਸੇ ਇੱਕ ਤਾਕਤ ਨਾਲ਼ ਹੋ ਕੇ ਹੀ ਸੰਸਾਰ ਦੇ ਵੱਖੋ-ਵੱਖਰੇ ਖਿੱਤਿਆਂ ‘ਚ ਆਪਣੇ ਆਰਥਿਕ ਤੇ ਸਿਆਸੀ ਹਿੱਤਾਂ ਦੀ ਰਾਖੀ ਕਰ ਸਕਦਾ ਹੈ। ਰੂਸ ਨੂੰ ਵੀ ਚੀਨ ਨਾਲ਼ ਗੱਠਜੋੜ ਬਣਾਉਣ ਦੀ ਇਹੋ ਗਰਜ ਹੈ। ਇਸਤੋਂ ਬਿਨਾਂ ਅਮਰੀਕਾ ਤੇ ਯੂਰਪ ਵੱਲੋਂ ਰੂਸ ਤੇ ਵਪਾਰਕ ਪਬੰਦੀਆਂ ਲਾਉਣ ਮਗਰੋਂ ਰੂਸ ਕੋਲ਼ ਆਰਕਟਿਕ ਦੇ ਕੁਦਰਤੀ ਭੰਡਾਰਾਂ ਦੀ ਖੁਦਾਈ ਲਈ ਤਕਨੀਕੀ ਸਮਰੱਥਾ ਦੀ ਘਾਟ ਹੈ, ਅਜਿਹੇ ਮੌਕੇ ਚੀਨ ਉਸਦੀ ਇਸ ਲੋੜ ਨੂੰ ਪੂਰਾ ਕਰ ਰਿਹਾ ਹੈ। ਚੀਨ ਉੱਤਰੀ ਸਮੁੰਦਰੀ ਲਾਂਘੇ ਨੂੰ ਵੀ ਵਰਤਣਾ ਚਾਹੁੰਦਾ ਹੈ, ਜੋ ਸਵੇਜ ਨਹਿਰ ਨਾਲ਼ੋਂ ਵੱਧ ਤੇਜੀ ਤੇ ਸੌਖ ਨਾਲ਼ ਏਸ਼ੀਆ ਨੂੰ ਯੂਰਪ ਨਾਲ਼ ਜੋੜਦਾ ਹੈ। ਰੂਸ ਵੀ ਇਸ ਬਦਲੇ ਇਸ ਲਾਂਘੇ ਨੂੰ ਵਰਤਣ ਦੀ ਅਤੇ ਇਸ ਵਿੱਚ ਬਰਫ ਨੂੰ ਤੋੜਨ ਲਈ ਬਰਫ ਤੋੜੂ ਜਹਾਜ ਵਰਤਣ ਦੀ ਫੀਸ ਉਗਰਾਹਉਂਦਾ ਹੈ।

ਨਾਟੋ ਰਾਹੀਂ ਰੂਸ ਦੀ ਘੇਰਾਬੰਦੀ ਦੇ ਨਾਲ਼-ਨਾਲ਼ ਅਮਰੀਕਾ ਰੂਸ ਦੀ ਸਰਹੱਦ ਨੇੜਲੇ ਇਲਾਕਿਆਂ ਵਿੱਚ ਨਾਟੋ ਦੀਆਂ ਲਗਾਤਾਰ ਫੌਜੀ ਤੇ ਜੰਗੀ ਡਰਿੱਲਾਂ ਰਾਹੀਂ ਵੀ ਰੂਸ ਨੂੰ ਚਿਤਾਵਨੀ ਦੇ ਰਿਹਾ ਹੈ। ਇਹਨਾਂ ਡਰਿੱਲਾਂ ਦੇ ਜੁਆਬ ਵਿੱਚ ਵੀ ਰੂਸ ਵੱਲੋਂ ਵੀ ਲਗਾਤਾਰ ਰੱਖਿਆਤਮਕ ਤੇ ਜੰਗੀ ਡਰਿੱਲਾਂ ਕੀਤੀਆਂ ਜਾ ਰਹੀਆਂ ਹਨ। 2014 ਤੋਂ ਜੰਗੀ ਡਰਿੱਲਾਂ ਰਾਹੀਂ ਇਸ ਸੰਕੇਤਕ ਲੜਾਈ ਵਿੱਚ ਕਾਫੀ ਤੇਜੀ ਨਾਲ਼ ਵਾਧਾ ਹੋਇਆ ਹੈ। ਆਉ ਨਾਟੋ ਤੇ ਰੂਸ ਦੀਆਂ ਕੁੱਝ ਚੋਣਵੀਆਂ ਜੰਗੀ ਡਰਿੱਲਾਂ ‘ਤੇ ਨਜਰ ਮਾਰਦੇ ਹਾਂ।

ਯੂਕਰੇਨ ‘ਚ ਰੂਸ ਦੀ ਦਖਲਅੰਦਾਜੀ ਤੇ ਕਰੀਮੀਆ ‘ਤੇ ਕਬਜੇ ਮਗਰੋਂ ਰੂਸ ਨੂੰ ਜੁਆਬ ਦੇਣ ਲਈ ਨਾਟੋ ਵੱਲੋਂ 2014 ‘ਚ ਅਪ੍ਰੇਸ਼ਨ ‘ਅਟਲਾਂਟਿਕ ਰਿਜ਼ਾਲਵ’ ਚਲਾਇਆ ਗਿਆ। ਇਸ ਤਹਿਤ ਅਨੇਕਾਂ ਨਾਟੋ ਦੇਸ਼ਾਂ ਵਿੱਚ ਫੌਜੀ ਮਾਰਚ ਤੇ ਡਰਿੱਲਾਂ ਕੀਤੀਆਂ ਗਈਆਂ ਤਾਂ ਜੋ ਰੂਸ ਉੱਪਰ ਦਬਾਅ ਬਣਾਇਆ ਜਾ ਸਕੇ। ਜਰਮਨੀ ਵਿਚਲੇ ਅਮਰੀਕਾ ਦੇ ਅੱਡੇ ‘ਚ ਅਮਰੀਕੀ ਹਵਾਈ ਸੈਨਾ ਵੱਲੋਂ ਦਰਜਨ ਦੇ ਕਰੀਬ ਏ-10 ਥੰਡਰਬੋਲਟ ਟੈਂਕ-ਤੋੜੂ ਜੈਟ ਭੇਜੇ ਗਏ ਅਤੇ ਸੈਂਕੜੇ ਟੈਂਕ ਤੇ ਫੌਜੀ ਵਾਹਨ ਲਾਤਵੀਆ ‘ਚ ਭੇਜੇ ਗਏ, ਜਿੱਥੇ 3000 ਸਿਪਾਹੀ ਜਾਰਜੀਆ ਤੋਂ ਉਹਨਾਂ ਨਾਲ਼ ਰਲ਼ੇ।

ਮਾਰਚ 2014 ਵਿੱਚ ਨਾਟੋ ਦੇ 16 ਦੇਸ਼ਾਂ ਨੇ ਨਾਰਵੇ ‘ਚ ਕੋਲਡ ਰਿਸਪਾਂਸ ਮਿਲਟਰੀ ਡਰਿੱਲ ਕੀਤੀ, ਜਿਸ ਵਿੱਚ 16,000 ਸਿਪਾਹੀ ਸ਼ਾਮਲ ਕੀਤੇ ਗਏ ਸਨ। ਇਹ ਡਰਿੱਲ 7 ਮਾਰਚ ਤੋਂ 22 ਮਾਰਚ ਤੱਕ ਚੱਲੀ। ਇਸ ਵਿੱਚ ਸਵੀਡਨ ਤੇ ਸਵਿੱਟਰਜਲੈਂਡ ਜਿਹੇ ਨਾਨ-ਨਾਟੋ ਦੇਸ਼ਾਂ ਨੇ ਵੀ ਹਿੱਸਾ ਲਿਆ। 2014 ‘ਚ ਨਾਟੋ ਨੇ ਰੂਸ ਦੇ ਨੇੜੇ ਬਾਲਟਿਕ ‘ਚ ਫੌਜੀ ਡਰਿੱਲਾਂ ਕੀਤੀਆਂ। ਬਾਲਟਿਕ ਨੇੜੇ ਲਾਤਵੀਆ, ਲਿਥੁਨੀਆ ਤੇ ਐਸਟੋਨੀਆ ‘ਚ 9 ਤੋਂ 21 ਜੂਨ ਤੱਕ ਡਰਿੱਲ ਕੀਤੀਆਂ।

ਜੂਨ ਮਹੀਨੇ ਬਾਲਟਿਕ ਦੀਆਂ ਨਾਟੋ ਡਰਿੱਲਾਂ ਤੋਂ ਤੁਰੰਤ ਮਗਰੋਂ ਰੂਸ ਨੇ ਵੀ “snap-readiness exercises” ਦੇ ਨਾਂ ਤੇ 40,000 ਫੌਜੀ ਤੈਨਾਤ ਕਰ ਦਿੱਤੇ। ਇਸਦੇ 24 ਘੰਟਿਆਂ ਅੰਦਰ ਹੀ ਹੋਰ ਫੌਜੀ ਡਰਿੱਲ ਕੀਤੀਆਂ ਗਈਆਂ। ਰੂਸ ਦੇ ਕਲਾਨਿਨਗ੍ਰਾਦ ਦੇ ਪੱਛਮੀ ਭਾਗ ਵਿੱਚ ਲੜਾਕੂ ਤੇ ਬੰਬਾਰ ਨਾਲ਼ ਵੀ snap combat readiness exercises ਦੇ ਨਾ ‘ਤੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ।

ਸਤੰਬਰ 2014 ‘ਚ ਰੂਸ ਨੇ ਵੋਸਤੋਕ-2014 ਦੇ ਨਾਮ ‘ਤੇ 7 ਦਿਨਾਂ ਦਾ ਇੱਕ ਵੱਡਾ ਫੌਜੀ ਅਭਿਆਸ ਕੀਤਾ। ਇਹ ਸੋਵੀਅਤ ਯੂਨੀਅਨ ਦੇ ਖਿੰਡਣ ਤੋਂ ਬਾਅਦ ਸਭ ਤੋਂ ਵੱਡਾ ਸ਼ਕਤੀ ਪ੍ਰਦਰਸ਼ਨ ਸੀ, ਇਸ ਵਿੱਚ 10,000 ਦੇ ਕਰੀਬ ਸੈਨਿਕ, 1500 ਟੈਂਕ, 120 ਏਅਰਕ੍ਰਾਫਟ, 5000 ਹਥਿਆਰ ਮਸ਼ੀਨਰੀ ਤੇ 70 ਸਮੁੰਦਰੀ ਜਹਾਜਾਂ ਨੇ ਹਿੱਸਾ ਲਿਆ। ਇਸ ਵਿੱਚ ਤੁਪੋਲੇਵ ਬੰਬਰ, ਮਿਜ਼ਾਇਲ ਕੈਰੀਅਰ, ਟੈਂਕਰ ਏਅਰਕਰਾਫਟ, ਲਾਂਗ ਰੇਂਜਰ ਰੇਡਾਰ, ਲੜਾਕੂ ਹਵਾਈ ਜਹਾਜ, ਜੈੱਟ ਫਾਈਟਰ, ਹੈਲੀਕਾਪਟਰ ਆਦਿ ਜਿਹੇ ਕਈ ਆਧੁਨਿਕ ਹਥਿਆਰ ਸ਼ਾਮਲ ਕੀਤੇ ਗਏ।

2015 ‘ਚ ਵੀ ਅਜਿਹੀਆਂ ਕਈ ਡਰਿੱਲ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ ਕੁੱਝ ਦੀ ਚਰਚਾ ਕਰਨੀ ਬਣਦੀ ਹੈ। 2015 ‘ਚ ਨਾਟੋ ਵੱਲੋਂ 2002 ਤੋਂ ਬਾਅਦ ਸਭ ਤੋਂ ਵੱਡੀ ਫੌਜੀ ਡਰਿੱਲ ਕੀਤੀ ਗਈ। ‘ਟ੍ਰਾਈਡੈਂਟ ਜੰਕਚਰ 2015’ ਦੇ ਨਾਮ ਹੇਠ ਕੀਤੀ ਇਸ ਡਰਿੱਲ ਵਿੱਚ ਕਰੀਬ 30 ਦੇਸ਼ਾਂ ਦੇ 36,000 ਸਿਪਾਹੀ ਸ਼ਾਮਲ ਕੀਤੇ ਗਏ ਤੇ ਇਹਨਾਂ 30 ਦੇਸ਼ਾਂ ਵਿੱਚ 7 ਗੈਰ-ਨਾਟੋ ਦੇਸ਼ ਸਨ। ਇਹ ਡਰਿੱਲ ਦੋ ਭਾਗਾਂ ਵਿੱਚ ਅਕਤੂਬਰ ਤੇ ਨਵੰਬਰ ਮਹੀਨੇ ਕਈ ਦੇਸ਼ਾਂ ‘ਚ ਹੋਈ। ਜੁਲਾਈ ‘ਚ ਪੋਲੈਂਡ ‘ਚ ਮੌਕ ਲੈਂਡਿੰਗ (ਚੁੱਪ-ਚੁੱਪੀਤੇ ਉੱਤਰਨਾ) ਡਰਿੱਲ ਕੀਤੀ ਗਈ, ਜਿਸ 17 ਦੇਸ਼ਾਂ ਦੇ 59,00 ਸਿਪਾਹੀ ਸ਼ਾਮਲ ਸਨ। ਇਸ ਡਰਿੱਲ ਦਾ ਇੱਕ ਖੇਤਰ ਰੂਸ ਦੇ ਕਾਲਿਨਿਨਗ੍ਰਾਦ ਤੋਂ ਸਿਰਫ 100 ਮੀਲ ਦੂਰ ਸੀ। ਅਗਸਤ-ਸਤੰਬਰ ਵਿੱਚ ਨਾਟੋ ਵੱਲੋਂ ਠੰਡੀ ਜੰਗ ਤੋਂ ਬਾਅਦ ਸਭ ਤੋਂ ਵੱਡੀ ਏਅਰਬੋਨ ਡਰਿੱਲ ਕੀਤੀ ਗਈ, ਜਿਸ ‘ਚ 11 ਨਾਟੋ ਦੇਸ਼ਾਂ ਦੇ 5000 ਸਿਪਾਹੀ ਸ਼ਾਮਲ ਹੋਏ।

ਮਾਰਚ 2015 ‘ਚ ਨਾਟੋ ਦੇ ਫੌਜੀ ਅਭਿਆਸ ‘ਚ ਯੂਕਰੇਨ ਨੂੰ ਵੀ ਸ਼ਾਮਲ ਕੀਤਾ ਗਿਆ। ਅਮਰੀਕਾ ਜਾਰਜੀਆ, ਮਾਲਦੋਵਾ ਤੇ ਯੂਕਰੇਨ ਨੂੰ ਸਿਖਲਾਈ ਦੇ ਰਿਹਾ ਹੈ ਤੇ ਉਹਨਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੀਆਂ ਕੋਸ਼ਿਸਾਂ ਵੀ ਚੱਲ ਰਹੀਆਂ ਹਨ। ਯੂਰਕੇਨ ਨੂੰ ਫੌਜੀ ਤਾਕਤ ਦੀ ਮਜਬੂਤੀ ਲਈ ਅਮਰੀਕਾ ਨੇ 200 ਮਿਲੀਅਨ ਡਾਲਰ ਦੀ ਮਦਦ ਵੀ ਦਿੱਤੀ ਹੈ।

ਉੱਧਰ ਰੂਸ ਨੇ ਵੀ ਨਾਟੋ ਨੂੰ ਜੁਆਬ ਦਿੰਦਿਆਂ ਨਾਟੋ ਦੀਆਂ ਡਰਿੱਲਾਂ ਦੇ ਅਗਲੇ ਦਿਨਾਂ ਵਿੱਚ ਹੀ ਜੰਗੀ ਤਿਆਰੀਆਂ ਤੇ ਰੱਖਿਆਂ ਦੀਆਂ ਡਰਿੱਲਾਂ ਕੀਤੀਆਂ ਗਈਆਂ। ਮਾਰਚ 2015 ‘ਚ ਰੂਸ ਨੇ ਆਪਣੇ ਪੱਛਮੀ ਫੌਜੀ ਤੇ ਹਵਾਈ ਇਲਾਕਿਆਂ ‘ਚ ਇੱਕ ਵੱਡੀ ਡਰਿੱਲ ਕੀਤੀ। ਇਸ ਡਰਿੱਲ ‘ਚ 38,000 ਸਿਪਾਹੀ, 3,360 ਫੌਜੀ ਵਾਹਨ, 110 ਏਅਰ ਕਰਾਫਟ ਤੇ ਹੈਲੀਕਾਪਟਰ, 41 ਸਮੁੰਦਰੀ ਜਹਾਜ ਅਤੇ 15 ਪਣਡੁੱਬੀਆਂ ਸ਼ਾਮਲ ਹੋਈਆਂ। ਇਹ ਮਿਲਟਰੀ ਡਰਿੱਲ 21 ਮਾਰਚ ਤੱਕ ਚੱਲੀ। ਰੂਸੀ ਰੱਖਿਆ ਵਿਭਾਗ ਮੁਤਾਬਕ ਇਸਦਾ ਉਦੇਸ਼ ਰੂਸੀ ਦੀ ਫੌਜੀ ਸਮਰੱਥਾ ਨੂੰ ਸੁਧਾਰਨਾ ਸੀ, ਪਰ ਅਸਲ ਮਨਸ਼ੇ ਤਾਂ ਸਭ ਦੇ ਸਾਹਮਣੇ ਹਨ। ਰੂਸ ਵੱਲੋਂ 2015 ਦੌਰਾਨ ਹੀ ਇਹਨਾਂ ਡਰਿੱਲਾਂ ਵਿੱਚ ਹਿੱਸਾ ਲੈਣ ਵਾਲ਼ੇ ਸਿਪਾਹੀਆਂ ਦੀ ਗਿਣਤੀ 80,000 ਕਰ ਦਿੱਤੀ ਗਈ। ਰੂਸ ਨੇ ਸੋਵੀਅਤ ਦੌਰ ਦੇ ਸਾਇਬੇਰੀਆ ਟਾਪੂ ਤੇ ਹੋਰ ਫੌਜੀ ਠਿਕਾਣਿਆਂ ਨੂੰ ਵੀ ਮੁੜ-ਵਰਤੋਂ ‘ਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ।

2016 ‘ਚ ਨਾਟੋ ਵੱਲੋਂ ਹੋਰ ਵੱਡੇ ਪੱਧਰ ‘ਤੇ ਰੂਸ ਦੀ ਘੇਰਾਬੰਦੀ ਕੀਤੀ ਗਈ। ਮਾਰਚ ਮਹੀਨੇ ਨਾਰਵੇ ‘ਚ ਨਾਟੋ ਫੌਜਾਂ ਵੱਲੋਂ ‘ਕੋਲਡ ਰਿਸਪਾਂਸ’ ਡਰਿੱਲ ਕੀਤੀ ਗਈ, ਜਿਸ ‘ਚ 15,000 ਸਿਪਾਹੀ ਸ਼ਾਮਲ ਸਨ। ਮਈ ਮਹੀਨੇ ਰੂਸ ਨਾਲ਼ ਲਗਦੇ ਐਸਟੋਨੀਆ ‘ਚ 5,000 ਦੀ ਨਾਟੋ ਫੌਜ ਵੱਲੋਂ ਫੌਜੀ ਡਰਿੱਲ ਕੀਤੀ ਗਈ। ਇਸਤੋਂ ਬਾਅਦ ਪੋਲੈਂਡ ‘ਚ ਐਨਾਕੋਂਡਾ-2016 ਦੇ ਨਾਂ ਹੇਠ ਨਾਟੋ ਦੀ ਠੰਡੀ ਜੰਗ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਵੱਡੀ ਜੰਗੀ ਡਰਿੱਲ ਹੋ ਕੀਤੀ ਗਈ। 10 ਦਿਨਾਂ ਦੀ ਇਹ ਡਰਿੱਲ 7 ਜੂਨ ਤੋਂ 17 ਜੂਨ ਤੱਕ ਚੱਲੀ, ਜਿਸ ਵਿੱਚ 24 ਦੇਸ਼ਾਂ ਦੇ 31,000 ਤੋਂ ਵੱਧ ਸਿਪਾਹੀਆਂ ਨੇ ਹਜਾਰਾਂ ਹਥਿਆਰਾਂ, ਵਾਹਨਾਂ ਤੇ ਹੋਰ ਜੰਗੀ ਸਾਜੋ-ਸਮਾਨ ਸਮੇਤ ਹਿੱਸਾ ਲਿਆ। ਇਹਨਾਂ 31,000 ਸਿਪਾਹੀਆਂ ਵਿੱਚੋਂ 14,000 ਦੇ ਕਰੀਬ ਅਮਰੀਕੀ ਹਨ। ਨਾਟੋ ਵੱਲੋਂ ਸਾਲ 2016 ਦੌਰਾਨ ਸੰਸਾਰ ਭਰ ਵਿਚਲੇ ਆਪਣੇ ਠਿਕਾਣਿਆਂ ‘ਤੇ ਅਜਿਹੀਆਂ 150 ਦੇ ਕਰੀਬ ਡਰਿੱਲਾਂ ਕੀਤੀਆਂ ਜਾਣੀਆਂ ਹਨ, ਜਿਨ੍ਹਾਂ ਵਿੱਚੋਂ ਜਿਆਦਾਤਰ ਵੱਡੀਆਂ ਡਰਿੱਲਾਂ ਰੂਸ ਦੇ ਨਾਲ਼ ਲੱਗਦੇ ਦੇਸ਼ਾਂ ਵਿੱਚ ਹੀ ਹੋ ਰਹੀਆਂ ਹਨ।

ਉੱਧਰ ਰੂਸ ਨੇ ਵੀ ਨਾਟੋ ਦੀ ਪੋਲੈਂਡ ਡਰਿੱਲ ਦੇ ਇੱਕ ਹਫਤੇ ਮਗਰੋਂ ਜੰਗੀ ਤਿਆਰੀ ਦੀ ਜਾਂਚ (snap inspection of the combat readiness) ਸ਼ੁਰੂ ਕਰ ਦਿੱਤੀ ਗਈ, ਇਸ ਵਿੱਚ ਫੌਜੀ ਤਿਆਰੀਆਂ ਦਾ ਨਿਰੀਖਣ ਦੇ ਨਾਲ਼-ਨਾਲ਼ ਫੌਜੀ ਅਸਲੇ ਤੇ ਦਾਅਪੇਚਕ ਡਰਿੱਲਾਂ ਨੂੰ ਲੁਕਾਉਣ ਸ਼ਾਮਲ ਸੀ, ਜੋ 22 ਜੂਨ ਤੱਕ ਚੱਲੀ।

ਇਸੇ ਸਾਲ ਤੋਂ ਨਾਟੋ ਦੇ ਵਧਦੇ ਕਦਮਾਂ ਮਗਰੋਂ ਰੂਸ ਵੀ ਆਪਣੇ ਪੱਛਮ ਵਿੱਚ ਯੂਰਪ ਤੋਂ ਚੀਨ ਤੱਕ ਫੌਜ ਦੀ ਕੰਧ ਉਸਾਰ ਰਿਹਾ ਹੈ। ਇਸਦੇ ਲਈ ਪੱਛਮੀ ਰੂਸ ਵਿੱਚ ਫੌਜੀ ਟੁਕੜੀਆਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ ਤੇ ਕਈ ਨਵੀਆਂ ਫੌਜੀ ਟੁਕੜੀਆਂ ਵੀ ਬਣਾਈਆਂ ਜਾ ਰਹੀਆਂ ਹਨ। ਇਸ ਫੌਜ ਨੂੰ ਜੰਗੀ ਜਹਾਜ, ਹੈਲੀਕਾਪਟਰ, ਟੈਂਕ ਆਦਿ ਜਿਹੇ 1100 ਫੌਜੀ ਵਾਹਨ ਵੀ ਮੁਹੱਈਆ ਕਰਵਾਏ ਜਾ ਰਹੇ ਹਨ।
ਸੀਰੀਆ ਦੇ ਮਾਮਲੇ ‘ਚ ਰੂਸੀ ਦਖਲਅੰਦਾਜੀ ਤੇ ਬੰਬਾਰੀ ਵੀ ਅਮਰੀਕਾ ਤੇ ਪੱਛਮ ਲਈ ਚਿਤਾਵਨੀ ਹੀ ਹੈ। ਰੂਸ ਨੇ ਦਹਿਸ਼ਤਗਰਦੀ ਖਿਲਾਫ ਲੜਾਈ ਦੇ ਨਾਂ ‘ਤੇ ਸੀਰੀਆ ਉੱਪਰ ਬੰਬਾਰੀ ਵਿੱਚ ਕਾਫੀ ਖਰਚਾ ਕੀਤਾ ਹੈ ਅਤੇ ਇਸ ਬੰਬਾਰੀ ਵਿੱਚ 2,000 ਤੋਂ ਵੱਧ ਬੱਚੇ, ਔਰਤਾਂ ਤੇ ਆਮ ਨਾਗਰਿਕ ਮਾਰੇ ਜਾ ਚੁੱਕੇ ਹਨ। ਮਾਰਚ ਮਹੀਨੇ ਪੂਤਿਨ ਨੇ ਨਾਟੋ ਨੂੰ ਅਸਿੱਧੇ ਸ਼ਬਦਾਂ ‘ਚ ਚਿਤਾਵਨੀ ਦਿੰਦੇ ਆਖਿਆ ਕਿ ਆਖਿਆ ਕਿ “ਸੀਰੀਆ ‘ਚ ਸਾਡੀਆਂ ਕਾਰਵਾਈਆਂ ਸਾਡੀ ਫੌਜੀ ਸਮਰੱਥਾ ਨੂੰ ਵਿਖਾਉਂਦੀਆਂ ਹਨ ਤੇ ਅਸੀਂ ਘੰਟਿਆਂ ਵਿੱਚ ਹੀ ਆਪਣੀਆਂ ਫੌਜਾਂ ਸੀਰੀਆ ‘ਚ ਲਾ ਸਕਦੇ ਹਾਂ।”

ਅਪ੍ਰੈਲ ਮਹੀਨੇ ਰੂਸ ਦਾ ਬੰਬਰ ਜਹਾਜ ਬਾਲਟਿਕ ਸਾਗਰ ਵਿੱਚ ਅਮਰੀਕੀ ਮਿਜਾਇਲ ਨਾਸ਼ਕ ਦੇ ਕਰੀਬ 500 ਮੀਟਰ ਉੱਪਰੋਂ ਦੀ ਲੰਘਿਆ, ਜਿਸ ਮਗਰੋਂ ਇੱਕ ਵਾਰ ਹਾਲਾਤ ਕਾਫੀ ਤਣਾਅਪੂਰਨ ਹੋ ਗਏ ਸਨ, ਇਸਨੂੰ ਵੀ ਇੱਕ ਰੂਸੀ ਚਿਤਾਵਨੀ ਵਜੋਂ ਵੇਖਿਆ ਜਾ ਰਿਹਾ ਹੈ।

ਭਵਿੱਖੀ ਸੰਭਾਵਨਾਵਾਂ

ਇੱਥੋਂ ਸਾਫ ਹੈ ਕਿ ਰੂਸ ਅਤੇ ਅਮਰੀਕੀ ਸਾਮਰਾਜ ਦਰਮਿਆਨ ਆਰਕਟਿਕ ਦੇ ਮਸਲੇ ਨੂੰ ਲੈ ਕੇ ਇੱਕ ਤਿੱਖੇ ਅੰਤਰ-ਸਾਮਰਾਜੀ ਖਹਿਭੇੜ ਦਾ ਅਖਾੜਾ ਮਘ ਚੁੱਕਾ ਹੈ, ਜਿਸਨੇ ਹੋਰ ਮਘਦੇ ਜਾਣਾ ਹੈ। ਜਿਵੇਂ-ਜਿਵੇਂ ਸੰਸਾਰ ਦੀਆਂ ਊਰਜਾ ਲੋੜਾਂ ਵਧ ਰਹੀਆਂ ਹਨ, ਊਰਜਾ ਦੇ ਭੰਡਾਰ ਵਿਕਸਤ ਮੁਲਕਾਂ ਦੇ ਅਰਥਚਾਰੇ ਦਾ ਅਹਿਮ ਅੰਗ ਬਣਦੇ ਜਾ ਰਹੇ ਹਨ। ਮੱਧ-ਪੂਰਬ ਤੇ ਲਾਤੀਨੀ ਅਮਰੀਕਾ ਦੇ ਊਰਜਾ ਭੰਡਾਰਾਂ ਲਈ ਸਾਮਰਾਜੀ ਮੁਲਕਾਂ, ਖਾਸ ਕਰਕੇ ਅਮਰੀਕਾ ਨੇ ਜਿੰਨਾ ਮਨੁੱਖੀ ਲਹੂ ਵਹਾਇਆ ਹੈ, ਉਹ ਸਭ ਦੇ ਸਾਹਮਣੇ ਹੀ ਹੈ। ਜੋ ਸਾਮਰਾਜੀ ਦੇਸ਼ ਊਰਜਾ ਦੇ ਸੋਮਿਆਂ ਲਈ ਪਹਿਲਾਂ ਹੀ ਸੰਸਾਰ ਦੇ ਕਈ ਦੇਸ਼ਾਂ ਉੱਪਰ ਜੰਗਾਂ ਥੋਪ ਚੁੱਕੇ ਹਨ ਉਹ ਆਰਕਟਿਕ ਦੇ ਮਾਮਲੇ ਵਿੱਚ ਵੀ ਪਿੱਛੇ ਨਹੀਂ ਹਟਣਗੇ। ਆਰਕਟਿਕ ਲਈ ਤਿੱਖਾ ਹੋ ਰਿਹਾ ਇਹ ਖਹਿਭੇੜ ਇਸ ਗੱਲੋਂ ਵੀ ਅਹਿਮ ਹੈ ਕਿ ਇਸਨੇ ਸੰਸਾਰ ਦੀ ਇੱਕ-ਧਰੁਵਤਾ ਦੀਆਂ ਮਿੱਥਾਂ ਦਾ ਖੰਡਨ ਕਰਦਿਆਂ ਇੱਕ ਵਾਰ ਫੇਰ ਅਮਰੀਕਾ ਤੇ ਰੂਸ ਦੇ ਸਾਮਰਾਜੀ ਧੜਿਆਂ ਨੂੰ ਆਹਮੋ-ਸਾਹਮਣੇ ਖੜਾ ਕਰ ਦਿੱਤਾ ਹੈ। ਸੰਸਾਰ ਦੇ ਬਾਕੀ ਦੇਸ਼ ਵੀ ਵੱਧ ਜਾਂ ਘੱਟ ਰੂਪ ਵਿੱਚ ਇਹਨਾਂ ਦੋ ਧੜਿਆਂ ਦੁਆਲੇ ਹੀ ਲਾਮਬੰਦ ਹੋ ਰਹੇ ਹਨ। ਅਮਰੀਕਾ ਤੇ ਰੂਸ ਦੀ ਅਗਵਾਈ ਵਾਲ਼ੇ ਇਸ ਅੰਤਰ-ਸਾਮਰਾਜੀ ਖਹਿਭੇੜ ‘ਚ ਤਾਕਤਾਂ ਦਾ ਤੋਲ਼ ਹੂ-ਬ-ਹੂ ਪਹਿਲਾਂ ਵਾਲ਼ਾ ਨਹੀਂ ਹੈ। ਹੁਣ ਯੂਰਪੀ ਦੇਸ਼ ਪਹਿਲਾਂ ਵਾਂਗ ਅਮਰੀਕਾ ਦੇ ਨਾਲ਼ ਨਹੀਂ ਖੜੇ ਸਗੋਂ ਉਹ ਲੋੜ ਮੁਤਾਬਕ ਅਮਰੀਕਾ ਦੇ ਨਾਲ਼ ਹੁੰਦੇ ਹਨ ਜਾਂ ਵੱਖਰੀ ਪੁਜੀਸ਼ਨ ਲੈਂਦੇ ਹਨ। ਯੂਰਪੀ ਯੂਨੀਅਨ ਦੇ ਬਣਨ ਨਾਲ਼ ਹੁਣ ਯੂਰਪ ਵੀ ਇੱਕ ਵੱਖਰੇ ਧੜੇ ਦੇ ਰੂਪ ਵਿੱਚ ਉੱਭਰ ਰਿਹਾ ਹੈ। ਇਸ ਧੜੇ ਦੇ ਅਮਰੀਕਾ ਨਾਲ਼ ਕਈ ਵਿਰੋਧ ਹਨ ਪਰ ਇਹ ਹਾਲੇ ਬਹੁਤੇ ਤਿੱਖੇ ਨਹੀਂ ਹਨ। ਦੂਜੇ ਪਾਸੇ ਰੂਸ ਵਾਲ਼ੇ ਧੜੇ ਵਿੱਚ ਵੀ ਤਾਕਤਾਂ ਦਾ ਤੋਲ਼ ਬਦਲਿਆ ਹੈ। ਜਿੱਥੇ ਪਹਿਲੀ ਠੰਡੀ ਜੰਗ ਵੇਲੇ ਸਮਾਜਿਕ ਸਾਮਰਾਜੀ ਸੋਵੀਅਤ ਯੂਨੀਅਨ ਹੀ ਮੁੱਖ ਤਾਕਤ ਸੀ, ਉੱਥੇ ਅੱਜ ਸਰਮਾਏਦਾਰਾ ਮੁੜ-ਬਹਾਲੀ ਤੋਂ ਬਾਅਦ ਇੱਕ ਵੱਡੀ ਆਰਥਿਕ ਤੇ ਫੌਜੀ ਤਾਕਤ ਵਜੋਂ ਉੱਭਰਿਆ ਸਰਮਾਏਦਾਰਾ ਚੀਨ ਵੀ ਰੂਸ ਦੇ ਨਾਲ਼ ਖੜਾ ਹੈ ਤੇ ਅੱਜ ਰੂਸ-ਚੀਨ ਦਾ ਗੱਠਜੋੜ ਇੱਕ ਤਾਕਤ ਬਣਦਾ ਹੈ।

ਮੌਜੂਦਾ ਹਾਲਤਾਂ ਨੂੰ ਦੇਖਦੇ ਹੋਏ ਇਹ ਤਾਂ ਸਪੱਸ਼ਟ ਹੈ ਕਿ ਆਰਕਟਿਕ ਦੇ ਭੰਡਾਰਾਂ ਲਈ ਲੜਾਈ ਤੇਜ ਹੋਣੀ ਹੈ ਤੇ ਉਸ ਵਿੱਚ ਇੱਕ ਪਾਸੇ ਅਮਰੀਕਾ ਹੋਵੇਗਾ ਤੇ ਦੂਜੇ ਪਾਸੇ ਰੂਸ। ਪਰ ਇਹਨਾਂ ਦੋਵਾਂ ਸਾਮਰਾਜੀ ਤਾਕਤਾਂ ਦੀਆਂ ਜੋ ਵੀ ਭਾਈਵਾਲ ਤਾਕਤਾਂ ਹਨ ਉਹਨਾਂ ਬਾਰੇ ਲੰਮੇ ਸਮੇਂ ਲਈ ਕੋਈ ਪੱਕਾ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਉਹ ਇਸੇ ਹਾਲਤ ਵਿੱਚ ਹੀ ਰਹਿਣਗੀਆਂ। ਕਿਉਂਕਿ ਸਰਮਾਏ ਦੇ ਹਿੱਤਾਂ ਵਿੱਚ, ਸਾਮਰਾਜੀਆਂ ਦੇ ਹਿੱਤਾਂ ਵਿੱਚ ਏਕਤਾ ਸਿਰਫ ਵਕਤੀ ਅਤੇ ਹਿੱਤਾਂ ਲਈ ਹੀ ਹੁੰਦੀ ਹੈ ਜਦਕਿ ਉਹਨਾਂ ਵਿਚਕਾਰ ਵਿਰੋਧ ਸਥਾਈ ਤੇ ਅਟੱਲ ਹੈ। ਮੈਕਸਿਮ ਗੋਰਕੀ ਨੇ ਸਾਹਿਤਕ ਸ਼ਬਦਾਂ ਵਿੱਚ ਸਹੀ ਹੀ ਲਿਖਿਆ ਹੈ ਕਿ, “ਇੱਕ ਅਮਰੀਕੀ ਲੱਖਪਤੀ ਗਾਉਲਡ ਨੇ ਠੀਕ ਹੀ ਕਿਹਾ ਸੀ ਕਿ ਟਰੱਸਟ ਕੱਟੜ ਦੁਸ਼ਮਣਾਂ ਦਾ ਇੱਕ ਅਜਿਹਾ ਗਰੋਹ ਹੁੰਦਾ ਹੈ, ਜਿਹੜੇ ਇੱਕ ਛੋਟੇ ਕਮਰੇ ਵਿੱਚ ਮਿਲ਼ਦੇ ਹਨ, ਇਸਨੂੰ ਸ਼ਾਨਦਾਰ ਢੰਗ ਨਾਲ਼ ਰੌਸ਼ਨ ਕਰਕੇ ਰੱਖਦੇ ਹਨ, ਇੱਕ ਦੂਜੇ ਦੇ ਹੱਥ ਫੜਦੇ ਹਨ ਅਤੇ ਕੇਵਲ ਹੱਥ ਫੜੇ ਹੋਣ ਕਾਰਨ ਉਹ ਇੱਕ ਦੂਜੇ ਦਾ ਕਤਲ ਨਹੀਂ ਕਰਦੇ। ਇਹਨਾਂ ਵਿੱਚੋਂ ਹਰ ਕੋਈ ਕਿਸੇ ਅਜਿਹੇ ਮੌਕੇ ਦੀ ਭਾਲ਼ ਵਿੱਚ ਰਹਿੰਦਾ ਹੈ ਕਿ ਉਹ ਆਪਣੀ ਮਰਜ਼ੀ ਦੇ ਵਿਰੁੱਧ ਬਣੇ ਅਤੇ ਕੰਮ-ਚਲਾਊ ਸਾਥੀ ਨੂੰ ਅਚਾਨਕ ਹੀ ਫੜ ਲਏ ਅਤੇ ਉਸਦੇ ਹਥਿਆਰ ਖੋਹ ਕੇ ਉਸਨੂੰ ਖਤਮ ਕਰ ਦੇਵੇ। ਉਹਨਾਂ ਵਿੱਚੋਂ ਹਰੇਕ ਨੂੰ ਆਪਣੇ ਨਾਲ਼ ਖੜਾ ਸਾਥੀ ਕੰਧ ਦੇ ਪਰਲੇ ਪਾਸੇ ਖੜੇ ਦੁਸ਼ਮਣ ਨਾਲ਼ੋਂ ਜ਼ਿਆਦਾ ਖਤਰਨਾਕ ਜਾਪਦਾ ਹੈ। ਦੁਸ਼ਮਣਾਂ ਦੀਆਂ ਅਜਿਹੀਆਂ ਜੱਥੇਬੰਦੀਆਂ ਵਿੱਚ ਵਿਅਕਤੀਤਵ ਕਦੇ ਵੀ ਵਿਕਸਤ ਨਹੀਂ ਹੋ ਸਕਦਾ, ਕਿਉਂਕਿ ਹਿੱਤਾਂ ਦੀ ਦਿਖਾਵੇ ਦੀ ਏਕਤਾ ਦੇ ਬਾਵਜੂਦ ਹਰ ਕੋਈ ਕੇਵਲ ਆਪਣੇ ਬਾਰੇ ਹੀ ਸੋਚਦਾ ਹੈ।”

ਅੱਜ ਸਾਮਰਾਜੀ ਢਾਂਚੇ ਦਾ ਸੰਸਾਰ ਵਿਆਪੀ ਆਰਥਿਕ ਸੰਕਟ ਤੇ ਉਸ ਨਾਲ਼ ਕੱਚੇ ਮਾਲ, ਕੁਦਰਤੀ ਸਾਧਨਾਂ ਤੇ ਮੰਡੀਆਂ ‘ਤੇ ਕਬਜੇ ਲਈ ਹੋਰ ਤਿੱਖੀ ਹੁੰਦੀ ਖਿੱਚੋਤਾਣ ਸਾਮਰਾਜੀ ਤਾਕਤਾਂ ਨੂੰ ਜਿਵੇਂ ਸਪੱਸ਼ਟ ਰੂਪ ਵਿੱਚ ਇੱਕ-ਦੂਜੇ ਵਿਰੁੱਧ ਖੜੀਆਂ ਹੋਣ ਲਈ ਮਜਬੂਰ ਕਰ ਰਹੀ ਹੈ ਉਹ ਇਸ ਢਾਂਚੇ ਦਾ ਨਿਘਾਰਮੁਖੀ ਤੇ ਮਰਨਾਊ ਲੱਛਣ ਹੀ ਹੈ। ਆਪਣੇ ਇਸ ਨਿਘਾਰ ਦੇ ਨਾਲ਼-ਨਾਲ਼ ਇਸ ਸਰਮਾਏਦਾਰਾ-ਸਾਮਰਾਜੀ ਢਾਂਚੇ ਦਾ ਵਿਰੋਧੀ ਪੱਖ ਸੰਸਾਰ ਮਜਦੂਰ ਜਮਾਤ ਵੀ ਫਿਰ ਤੋਂ ਮੁੜ ਵਿਕਸਤ ਤੇ ਜਥੇਬੰਦ ਹੋ ਰਹੀ ਹੈ। ਸੰਸਾਰ ਪੱਧਰ ‘ਤੇ ਮਜਦੂਰ ਜਮਾਤ ਕਿਤੇ ਜਥੇਬੰਦ ਤੇ ਕਿਤੇ ਆਪ-ਮੁਹਾਰੇ ਢੰਗ ਨਾਲ਼ ਆਪਣੀ ਤਾਕਤ ਦਾ ਮੁਜਾਹਰਾ ਕਰ ਰਹੀ ਹੈ। ਪਿਛਲੀ ਸਦੀ ਦੇ ਇਨਕਲਾਬੀ ਘੋਲ਼ਾਂ ਦੇ ਤਜਰਬਿਆਂ ਨਾਲ਼ ਲੈੱਸ ਹੋ ਕੇ ਉਹ ਇੱਕ ਵਾਰ ਫੇਰ ਨਵੀਂ ਲੜਾਈ ਲਈ ਜਥੇਬੰਦ ਹੋ ਰਹੀ ਹੈ। ਇਸ ਸਦੀ ‘ਚ ਅਰਬ ਬਹਾਰ ਤੋਂ ਬਾਅਦ ਵੀ ਸੰਸਾਰ ਮਜਦੂਰ ਜਮਾਤ ਨੇ ਕਈ ਥਾਂ ਆਪਣੀ ਤਾਕਤ ਦੇ ਝਲਕਾਰੇ ਵਿਖਾਏ ਹਨ। ਚੀਨ, ਰੂਸ, ਅਮਰੀਕਾ ਤੇ ਯੂਰਪ ਵਰਗੇ ਵਿਕਸਤ ਦੇਸ਼ਾਂ ਤੋਂ ਲੈ ਕੇ ਲਾਤੀਨੀ ਅਮਰੀਕਾ, ਏਸ਼ੀਆ ਤੱਕ ਦੇ ਪੱਛੜੇ ਦੇਸ਼ਾਂ ਵਿੱਚ ਮਜਦੂਰ ਜਮਾਤ ਦੇ ਸੰਘਰਸ਼ਾਂ ਵਿੱਚ ਤੇਜੀ ਆ ਰਹੀ ਹੈ। ਸਾਮਰਾਜੀ ਤਾਕਤਾਂ ਦੀ ਏਕਤਾ ਤੇ ਵਿਰੋਧਾਂ ਦੇ ਬਦਲਦੇ ਸਮੀਕਰਨਾਂ ਦੇ ਬਾਵਜੂਦ ਇਹ ਗੱਲ ਯਕੀਨੀ ਹੈ ਕਿ ਮਜਦੂਰ ਜਮਾਤ ਦੀ ਵਧਦੀ ਤਾਕਤ ਨੇ ਇਹਨਾਂ ਸਾਮਰਾਜੀਆਂ ਦਾ ਫਸਤਾ ਵੱਢ ਹੀ ਦੇਣਾ ਹੈ।

“ਪਰ੍ਤੀਬੱਧ”, ਅੰਕ  28, ਅਪੈਰ੍ਲ 2017 ਵਿਚ ਪਰ੍ਕਾਸ਼ਿ

ਇਸ਼ਤਿਹਾਰ