ਅਰਧ-ਜਗੀਰੂ ਸੰਬੰਧਾਂ ਦੀ ਮੁੜ-ਤਸਦੀਕੀ (”ਪੰਜਾਬ ਅੰਦਰ ਬਦਲ ਰਹੇ ਜ਼ਰੱਈ ਰਿਸ਼ਤਿਆਂ ਦੀ ਸਮਝ” ਉੱਤੇ ਇੱਕ ਟਿੱਪਣੀ)

kheti(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਾਡੇ ਸਾਹਮਣੇ ਪਏ ਪਰਚੇ ਦਾ ਨਾਮ ਹੈ ”ਪੰਜਾਬ ਅੰਦਰ ਬਦਲ ਰਹੇ ਜ਼ਰੱਈ ਰਿਸ਼ਤਿਆਂ ਦੀ ਸਮਝ”। ਇਹ ਮਾਓਵਾਦੀਆਂ ਦੁਆਰਾ ਕੀਤੇ ਗਏ ਪੰਜਾਬ ਦੇ ਜ਼ਰੱਈ ਰਿਸ਼ਤਿਆਂ ਦੇ ਅਧਿਐਨ ਉੱਪਰ ਕੇਂਦਰਤ ਹੈ। ਪਰਚਾ ਇਸਦਾ ਕੋਈ ਸਿੱਟਾ ਕੱਢਣ ਵੱਲ ਸੇਧਿਤ ਹੈ। ਅਧਿਐਨ ਦੋ ਸਿੱਟਿਆਂ ‘ਤੇ ਪਹੁੰਚਦਾ ਹੈ – ਬਹੁਗਿਣਤੀ ਦੀ ਰਾਇ ਵਿੱਚ ”ਪੰਜਾਬ ਅੰਦਰ ਸਰਮਾਏਦਾਰੀ ਰਿਸ਼ਤੇ ਭਾਰੂ ਹਨ ਭਾਵੇਂ ਕਿ ਇਹ ਰੁੰਡ-ਮਰੁੰਡ, ਅਰਧ-ਜਗੀਰੂ ਰਿਸ਼ਤਿਆਂ ਨਾਲ ਨੱਥੀ ਹੋਏ, ਜਗੀਰੂ ਖਾਸੀਅਤਾਂ ਨੂੰ ਸਮੋਏ ਹੋਏ ਹਨ ਅਤੇ ਸਾਮਰਾਜੀਆਂ ਤੇ ਦਲਾਲ ਵੱਡੀ ਸਰਮਾਏਦਾਰੀ ਵੱਲੋਂ ਦੇਸ਼ ਦੇ (ਨਾਲ਼ੋਂ ਨਾਲ਼ ਪੰਜਾਬ ਦੇ ਵੀ) ਸਮੁੱਚੇ ਅਰਥਚਾਰੇ ਦੀ ਲੁੱਟ, ਦਾਬੇ ਤੇ ਕੰਟਰੋਲ ਕਾਰਨ ਇਸਦੀ ਕੁਦਰਤੀ ਉੱਨਤੀ ਤੇ ਵਿਕਾਸ ਦੀਆਂ ਭਾਰੀ ਸੀਮਤਾਈਆਂ ਹਨ।” ਘੱਟਗਿਣਤੀ ਦੀ ਰਾਇ ਜਿਸਨੂੰ ਬਾਅਦ ਵਿੱਚ ਪਾਰਟੀ ਕਾਂਗਰਸ ਨੇ ਮਾਨਤਾ ਦਿੱਤੀ, ਇਹ ਸੀ ਕਿ ”ਤਰੋੜੇ-ਮਰੋੜੇ ਸਰਮਾਏਦਾਰੀ ਰਿਸ਼ਤਿਆਂ ਦੇ ਰੂਪ ਵਜੋਂ ਗਿਣਨਯੋਗ ਤਬਦੀਲੀਆਂ ਦੇ ਬਾਵਜੂਦ ਜ਼ਰਈ ਰਿਸ਼ਤੇ ਮੁੱਖ ਤੌਰ ‘ਤੇ ਅਰਧ-ਜਗੀਰੂ ਹਨ।””(ਸਫਾ-1)

ਪਰਚਾ ਉਪ-ਸਿਰਲੇਖ ”ਮਾਰਕਸਵਾਦੀ ਤਰੀਕਾਕਾਰ” ਨਾਲ਼ ਸ਼ੁਰੂ ਹੁੰਦਾ ਹੈ ਜਿੱਥੇ ਇਹ ਕਿਹਾ ਗਿਆ ਹੈ ਕਿ ”…ਹੁਣ ਤਾਂ ਸਾਨੂੰ ਜਗੀਰੂ ਅਰਥਚਾਰੇ, ਜੋ ਜ਼ਰੂਰੀ ਨਹੀਂ ਇਨਕਲਾਬ ਤੋਂ ਪਹਿਲਾਂ ਦੇ ਚੀਨ ਦੀ ਕਾਰਬਨ ਕਾਪੀ ਹੋਵੇ, ਨੂੰ ਸਮਝਣਾ ਚਾਹੀਦਾ ਹੈ।” (ਸਫਾ-2) ਬਿਨਾਂ ਸ਼ੱਕ, ਨਾ ਤਾਂ ਪੰਜਾਬ ਤੇ ਨਾ ਹੀ ਇਸ ਮਾਮਲੇ ‘ਚ ਭਾਰਤ ਦਾ ਜ਼ਰੱਈ ਅਰਥਚਾਰਾ ਚੀਨ ਦੀ ਕਾਰਬਨ ਕਾਪੀ ਹੈ। ਆਦਮੀ ਫਿਰ ਵੀ ਇਹ ਇੱਛਾ ਕਰਦਾ ਹੈ ਕਿ ਚੀਨ ਨਾਲ਼ ਸਮਾਨਤਾਵਾਂ ਦਾ ਵੀ ਜ਼ਿਕਰ ਆਉਣਾ ਚਾਹੀਦਾ ਸੀ। ਇਸਨੇ ਵਖਰੇਵਿਆਂ ਦੇ ਜ਼ਿਕਰ ਜਿੰਨਾ ਹੀ ਪ੍ਰਸੰਗਿਕ ਹੋਣਾ ਸੀ।

ਪਰਚੇ ‘ਚ ਇਹ ਵੀ ਕਿਹਾ ਗਿਆ ਹੈ ਅਤੇ ਜ਼ੋਰ ਦਿੱਤਾ ਗਿਆ ਹੈ ਕਿ ਅਧਿਐਨ ਗਰੁੱਪ ਨੇ ਸਮੁੱਚੇ ਤੌਰ ‘ਤੇ ਸਾਂਝਾ ਮਾਪਦੰਡ ”ਜਗੀਰਦਾਰੀ ਤੋਂ ਸਰਮਾਏਦਾਰੀ ਵੱਲ ਤਬਦੀਲੀ ਦੇ ਅਧਿਐਨ ਲਈ ਸਿਧਾਂਤਕ ਅਧਾਰ (ਜਿਹੜਾ ਕਿ ਲੈਨਿਨ ਨੇ ਸਥਾਪਤ ਕੀਤਾ ਹੈ)… ਅਪਣਾਇਆ।” (ਸਫਾ-1)

ਸਿਰਲੇਖ ”ਮਾਰਕਸਵਾਦੀ ਤਰੀਕਾਕਾਰ” ਦੇ ਹੇਠ ਸਾਨੂੰ ਇੱਕ ਉਪ-ਸਿਰਲੇਖ ”ਸਾਮਰਾਜ/ਦਲਾਲ ਨੌਕਰਸ਼ਾਹ ਸਰਮਾਏਦਾਰੀ ਦਾ ਅਸਰ” ਮਿਲਦਾ ਹੈ। ਇੱਥੇ ਅਧਿਐਨ-ਗਰੁੱਪ ਦੀ ਬਹੁਗਿਣਤੀ ਦਾ ਮਤ ਇਹ ਸੀ ਕਿ ”ਇਸ ਲਈ ਸਾਨੂੰ ਲੱਗਦਾ ਹੈ ਕਿ ਅਖੌਤੀ ਹਰੇ-ਇਨਕਲਾਬ, ਜੋ ਭਾਰਤੀ ਹਾਕਮ ਜਮਾਤਾਂ ਨੇ ਆਪਣੇ ਤੇ ਸਾਮਰਾਜੀਆਂ ਦੇ ਸੰਕਟ ਨੂੰ ਹੱਲ ਕਰਨ ਲਈ ਸ਼ੁਰੂ ਕੀਤਾ ਸੀ, ਨੇ ਭਾਰਤੀ ਹਾਕਮਾਂ ਤੇ ਸਾਮਰਾਜੀਆਂ ਦੀਆਂ ਨੀਤੀਆਂ ਦੇ ਪ੍ਰਤੀਕੂਲ ਸਰਮਾਏਦਾਰੀ ਵਿਕਾਸ ਦੇ ਅਮਲ ਨੂੰ ਬਾਹਰਮੁਖੀ ਤੌਰ ‘ਤੇ ਲੀਹੇ ਪਾਇਆ ਹੈ।” (ਸਫਾ-2; ਜ਼ੋਰ ਮੂਲ ਵਿੱਚ) ਇਸ ਮਤ ਦੀ ਪਰਚੇ ਵਿੱਚ ਪੜਚੋਲ ਕੀਤੀ ਗਈ ਹੈ ਤੇ ਇਸਨੂੰ ਖਾਰਜ ਕੀਤਾ ਗਿਆ ਹੈ।

ਇਸ ਤੋਂ ਬਾਅਦ ਪਰਚਾ ਇਹ ਵਿਸ਼ਲੇਸ਼ਣ ਜਿਸ ਨੂੰ ਕਿ ਪਰਚੇ ਵਿੱਚ ”ਪੰਜਾਬ ਅੰਦਰ ਦਿਹਾੜੀਦਾਰ ਮਜ਼ਦੂਰੀ ਦਾ ਖਾਸਾ” ਕਿਹਾ ਗਿਆ ਹੈ, ਵੱਲ ਵਧਦਾ ਹੈ। ਅਸੀਂ ਵੀ ਇੱਥੋਂ ਹੀ ਸ਼ੁਰੂ ਕਰਾਂਗੇ।

ਪੰਜਾਬ ਅੰਦਰ ਉਜਰਤੀ ਕਿਰਤ ਦਾ ਖਾਸਾ

”ਆਰਥਕ ਹੱਥ-ਲਿਖਤਾਂ 1957-59” ਵਿੱਚੋਂ ਇੱਕ ਪੈਰੇ ਦਾ ਹਵਾਲਾ ਦੇ ਕੇ ਸ਼ੁਰੂਆਤ ਕਰਨ ਮਗਰੋਂ ਪਰਚਾ ਮਾਰਕਸ ਦੀ ਸਰਮਾਇਆ (ਪਹਿਲੀ ਸੈਂਚੀ) ਵਿੱਚ ਮਾਰਕਸ ਦੀ ਉਜਰਤੀ ਕਿਰਤ (ਦਿਹਾੜੀਦਾਰ ਮਜ਼ਦੂਰੀ) ਬਾਰੇ ਟਿੱਪਣੀ ਦੀ ਵਿਆਖਿਆ ਕਰਦਾ ਹੈ ਅਤੇ ਕਹਿੰਦਾ ਹੈ-

”ਅਜ਼ਾਦ ਉਜਰਤੀ ਕਿਰਤ ਦੋ ਅਰਥਾਂ ‘ਚ ਅਜ਼ਾਦੀ ਰੱਖਦੀ ਹੈ। ਆਪਣੀ ਕਿਰਤ ਨੂੰ ਜਿਣਸ ਵਜੋਂ ਵੇਚ ਸਕਣ ਦੀ ਅਜ਼ਾਦੀ ਤੇ ਦੂਜੀ ਕਿਸੇ ਵਿਕਾਊ ਜਿਣਸ ਦੀ ਮਾਲਕੀ ਤੋਂ ਅਜ਼ਾਦੀ। ਦੂਜੇ ਸ਼ਬਦਾਂ ਵਿੱਚ ਉਸ ਕੋਲ ਆਪਣੀ ਕਿਰਤ ਦਾ ਪੂਰਾ ਕੰਟਰੋਲ ਹੋਵੇ ਅਤੇ ਜਿਉਂਦੇ ਰਹਿਣ ਲਈ ਉਹ ਮੰਡੀ ‘ਚ ਇਸਨੂੰ ਵੇਚ ਸਕੇ। ਇਸ ਲਈ, ਜਦੋਂ ਅਸੀਂ ਪੰਜਾਬ ‘ਚ ਮਜ਼ਦੂਰਾਂ ਵੱਲ ਵੇਖਦੇ ਹਾਂ ਤਾਂ ਸਾਨੂੰ ਮਾਰਕਸਵਾਦੀ ਨਜ਼ਰੀਏ ਤੋਂ ਦੇਖਣਾ ਚਾਹੀਦਾ ਹੈ।” (ਸਫਾ-3; ਜ਼ੋਰ ਮੂਲ ਵਿੱਚ)

ਇਸ ਤੋਂ ਬਾਅਦ ਉਹ ਇਹ ਦਿਖਾਉਣ ਵੱਲ ਵਧਦੇ ਹਨ ਕਿ ਪੰਜਾਬ ‘ਚ ”ਉਜਰਤੀ ਕਿਰਤ” ਕਿਸ ਤਰ੍ਹਾਂ ਅਰਧ-ਜਗੀਰੂ ਹੈ। ਅਧਿਐਨ ਗਰੁੱਪ ਦਿਖਾਉਂਦਾ ਹੈ ਕਿ:–

”ਪੱਕੀ ਮਜ਼ਦੂਰੀ ਭਾਵੇਂ ਖੇਤ ਮਜ਼ਦੂਰੀ ਦਾ ਇੱਕ ਛੋਟਾ ਹਿੱਸਾ ਹੀ ਹੈ ਪਰ ਇਹ ਵੱਡੇ ਕਿਸਾਨਾਂ ਲਈ ਵਾਧੂ ਮੁੱਲ ਪੈਦਾ ਕਰਨ ਦਾ ਮੁੱਖ ਸ੍ਰੋਤ ਹੈ, ਅਜਿਹੇ ਸੂਬੇ ਵਿੱਚ ਜਿੱਥੇ ਹਿੱਸੇਦਾਰੀ ਵਾਲ਼ੀ ਖੇਤ ਨਾਂਹ ਦੇ ਬਰਾਬਰ ਹੈ। ਵੱਡੀ ਤਦਾਦ ਪ੍ਰਵਾਸੀ ਮਜ਼ਦੂਰਾਂ ਦੀ ਹੈ ਜਦ ਕਿ ਸਥਾਨਕ ਬਹੁਤੇ ਬਾਲਮੀਕੀ ਦਲਿਤ ਹਨ। ਉਹ ਪੂਰੀ ਤਰ੍ਹਾਂ ਬੰਧਕ ਨਹੀਂ ਹਨ ਤੇ ਨਾ ਹੀ ਪੂਰੀ ਤਰ੍ਹਾਂ ਅਜ਼ਾਦ ਹਨ; ਉਹ ਅਰਧ-ਅਜ਼ਾਦ ਹਨ ਜਿਸਦੀ ਪੁਸ਼ਟੀ ਉਹਨਾਂ ਦੇ ਮਾਲਕ ਨਾਲ਼ ਆਪਣੇ ਸਬੰਧਾਂ ‘ਚੋਂ ਹੁੰਦੀ ਹੈ – ਸਬੰਧ ਜਿਹੜੇ ਆਰਥਕ ਵੀ ਹਨ ਤੇ ਸਮਾਜਿਕ ਵੀ ਹਨ। ਉਹ ਅਸਲ ਵਿੱਚ ਸਲਾਨਾ ਮਜ਼ਦੂਰੀ ਅਗਾਊਂ ਦੇ ਕੇ ਲਿਆਂਦੇ ਜਾਂਦੇ ਹਨ (ਕਪਾਹ ਪੱਟੀ ‘ਚ ਇਹ ਨਕਦ ਅਦਾਇਗੀ 6000 ਤੋਂ ਲੈ ਕੇ 10000 ਰੁਪਏ ਤੱਕ ਹੈ, ਜਦਕਿ ਵਿਕਸਤ ਇਲਾਕਿਆਂ ‘ਚ ਇਹ 14000 ਤੋਂ ਲੈਕੇ 18000 ਰੁਪਏ ਤੱਕ ਹੈ); ਇਸ ‘ਚੋਂ ਤੀਜਾ ਹਿੱਸਾ ਅਦਾਇਗੀ ਜਿਣਸੀ ਹੁੰਦੀ ਹੈ, ਜੋ ਰੋਟੀ ਮਾਲਕ ਉਹਨਾਂ ਨੂੰ ਦਿੰਦਾ ਹੈ; ਉਹਨਾਂ ਦੇ ਕੰਮ ਦੇ ਘੰਟੇ ਬੱਝਵੇਂ ਨਹੀਂ ਹਨ (ਚੌਵੀ ਘੰਟੇ ਮਾਲਕ ਅੱਗੇ ਹਾਜ਼ਰੀ); ਉਹਨਾਂ ਦਾ ਕੋਈ ਬੱਝਵਾਂ ਕੰਮ ਵੀ ਨਹੀਂ ਹੈ, ਉਹਨਾਂ ਨੂੰ ਉਹ ਸਭ ਕੁਝ ਕਰਨਾ ਪੈਂਦਾ ਜੋ ਮਾਲਕ ਆਖੇ। ਜੇ ਉਹ ਮਾਲਕ ਦਾ ਕਰਜ਼ਾਈ ਹੋ ਜਾਵੇ ਤਾਂ ਬੰਧੇਜ ਹੋਰ ਵਧ ਜਾਂਦਾ ਹੈ। ਇਸ ਤੋਂ ਇਲਾਵਾ ਉਹ ਕਈ ਤਰ੍ਹਾਂ ਦੇ ਸਮਾਜਕ ਜ਼ੁਲਮ-ਜਬਰ ਵੀ ਝੱਲਦੇ ਹਨ – ਪੰਜਾਬ ‘ਚ ਅਜਿਹੇ ਮਜ਼ਦੂਰਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਮੰਨਿਆ ਜਾਂਦਾ ਹੈ ਤੇ ਉਹਨਾਂ ਨੂੰ ਵਿਤਕਰੇ ਭਰੀਆਂ ਨਜ਼ਰਾਂ ਨਾਲ਼ ਦੇਖਿਆ ਜਾਂਦਾ ਹੈ ਅਤੇ ਦਲਿਤ ਤਾਂ ਜਾਤ ਅਧਾਰਤ ਜ਼ਬਰ ਤੇ ਵਿਤਕਰਾ ਵੀ ਸਹਿੰਦੇ ਹਨ।” (ਸਫਾ-4)

ਇਸ ਪੈਰੇ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਹੇਠ ਦਿੱਤਾ ਨਤੀਜਾ ਕੱਢਿਆ ਗਿਆ ਹੈ –

”ਇਸ ਲਈ ਇੱਥੇ ਭਾਵੇਂ ਉਹ ਇਸ ਤਰ੍ਹਾਂ ਤਾਂ ਨਹੀਂ ਬੱਝੇ ਹੋਏ ਜਿਵੇਂ ਜਗੀਰੂ ਪ੍ਰਬੰਧ ‘ਚ ਬੱਝੇ ਹੁੰਦੇ ਹਨ ਨਾ ਹੀ ਏਨੇ ਅਜ਼ਾਦ ਹਨ ਜਿੰਨੇ ਸਰਮਾਏਦਾਰੀ ਪ੍ਰਬੰਧ ‘ਚ ਹੁੰਦੇ ਹਨ। ਉਹ ਅਰਧ-ਬੰਧੂਆ ਹਨ। ਭਾਵੇਂ ਉਹ ਆਪਣੇ ਮਾਲਕ ਨੂੰ (ਆਪਣਾ ਕਰਜ਼ਾ ਅਦਾ ਕਰਨ ਪਿੱਛੋਂ) ਛੱਡ ਸਕਦੇ ਹਨ ਪਰ ਇਹ ਬੇਮਤਲਬ ਹੈ। ਜਿੱਥੇ ਰੁਜ਼ਗਾਰ ਆਪਣੇ-ਆਪ ‘ਚ ਹੀ ਔਖਾ ਹੈ ਅਤੇ ਆਧੁਨਿਕ ਤਕਨੀਕ ਦੀ ਵਰਤੋਂ ਤੇ ਵਧਦੇ ਜ਼ਰੱਈ ਸੰਕਟ ਕਾਰਨ ਇਹ ਹੋਰ ਵੀ ਔਖਾ ਹੋ ਰਿਹਾ ਹੈ।” (ਸਫਾ-4)

ਆਉ ਅਸੀਂ ਸਿੱਟੇ ਦੇ ਪਹਿਲੇ ਹਿੱਸੇ ਕਿ ਉਹ ਅਰਧ-ਬੰਧੂਆ ਹਨ, ‘ਤੇ ਧਿਆਨ ਕੇਂਦਰਤ ਕਰੀਏ। ਕਿਉਂ? ਭਾਵੇਂ ਕਿ ਇਹ ਸਪੱਸ਼ਟ ਨਹੀਂ ਕੀਤਾ ਗਿਆ ਪਰ ਸਿੱਟਾ ਕੁਝ ਹੱਦ ਤੱਕ ਦੱਸੇ ਗਏ ”ਸਮਾਜਿਕ ਸਬੰਧਾਂ””ਜਿਵੇਂ ਕਿ ਕੋਈ ”ਬਝਵੇਂ ਕੰਮ ਦੇ ਘੰਟੇ ਨਾ ਹੋਣੇ”, ਦੂਜੇ ਦਰਜੇ ਦੇ ਸ਼ਹਿਰੀ ਸਮਝਿਆ ਜਾਣਾ ਆਦਿ ਉੱਤੇ ਅਧਾਰਤ ਹੈ। ਲੱਗਭੱਗ ਸਾਰੇ ਵਿਕਸਤ ਸਰਮਾਏਦਾਰ ਦੇਸ਼ਾਂ ਵਿੱਚ ਪਰਵਾਸੀ ਮਜ਼ਦੂਰਾਂ ਨਾਲ਼ ਭੈੜਾ ਸਲੂਕ ਹੁੰਦਾ ਹੈ ਅਤੇ ਲਗਾਤਾਰ ਵੱਖ-ਵੱਖ ਕਿਸਮ ਦੀ ਹਿੰਸਾ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਇਹਨਾਂ ਦੇਸ਼ਾਂ ਵਿੱਚ ਨਸਲਵਾਦ ਵੱਡੇ ਪੱਧਰ ‘ਤੇ ਫੈਲਿਆ ਹੋਇਆ ਹੈ। ਕਾਲ਼ਿਆਂ ਅਤੇ ਹਿਸਪੈਨਕਾਂ ਨਾਲ਼ ਅਮਰੀਕਾ ਵਿੱਚ ਭੈੜਾ ਸਲੂਕ ਤੇ ਵਿਤਕਰਾ ਕੀਤਾ ਜਾਂਦਾ ਹੈ। ਸਾਡੇ ਕਾਮਰੇਡ ਇਸ ਨੁਕਤੇ ਵੱਲ ਕੋਈ ਧਿਆਨ ਨਹੀਂ ਦਿੰਦੇ ਅਤੇ ਸਰਮਾਏਦਾਰੀ ਨੂੰ ਸੰਪੂਰਣ ਜਮਹੂਰੀ ਢਾਂਚੇ ਵਜੋਂ ਸਮਝਦੇ ਹਨ। ਇਸ ਤਰ੍ਹਾਂ ਉਹ ਸਰਮਾਏਦਾਰੀ ਦਾ ਆਦਰਸ਼ੀਕਰਨ ਕਰ ਰਹੇ ਹੁੰਦੇ ਹਨ ਜਦੋਂ ਉਹ ਸਰਮਾਏਦਾਰੀ ਦੀਆਂ ਸਾਰੀਆਂ ਬੁਰਾਈਆਂ ਨੂੰ ਆਪਣੇ ਰਟੇ ਹੋਏ ਅਰਧ-ਜਗੀਰੂ ਸੰਕਲਪ ਦੇ ਸਿਰ ਮੜ੍ਹ ਦਿੰਦੇ ਹਨ। ਅਮੀਰ ਤੇ ਦਰਮਿਆਨੀ ਕਿਸਾਨੀ ਦੁਆਰਾ ਮਜ਼ਦੂਰ ਜਮਾਤ ਦੇ ਲਿੰਗਕ ਸੋਸ਼ਣ ਬਾਰੇ ਉਹਨਾਂ ਦਾ ਨਿਰੀਖਣ ਵੀ ਲਾਜ਼ਮੀ ਤੌਰ ‘ਤੇ ਜਗੀਰਦਾਰੀ ਦਾ ਲੱਛਣ ਨਹੀਂ ਹੈ। ਕੀ ਉਹਨਾਂ ਨੇ ਫੈਕਟਰੀਆਂ ਵਿੱਚ ਔਰਤਾਂ ਦੇ ਲਿੰਗਕ ਸੋਸ਼ਣ ਬਾਰੇ ਨਹੀਂ ਪੜ੍ਹਿਆ? ਏਂਗਲਜ਼ ਨੇ ਆਪਣੀ ਕਿਤਾਬ ”ਇੰਗਲੈਂਡ ਵਿੱਚ ਮਜ਼ਦੂਰ ਜਮਾਤ ਦੀ ਹਾਲਤ” ‘ਚ ਇਹ ਲਿਖਿਆ ਹੈ:-

”ਕਾਮਾ ਅਜੇ ਵੀ ਕਈ ਪੱਖਾਂ ਤੋਂ ਆਪਣੇ ਮਾਲਕ ਦਾ ਗੁਲਾਮ ਹੈ। ਜੇ ਉਸਦੀ ਪਤਨੀ ਜਾਂ ਧੀ ਉਸਦੇ ਮਾਲਕ ਦੀਆਂ ਅੱਖਾਂ ‘ਚ ਚੜ੍ਹ ਜਾਵੇ ਤਾਂ ਇੱਕ ਨਿਰਦੇਸ਼ ਜਾਂ ਸੰਕੇਤ ਹੀ ਕਾਫ਼ੀ ਹੁੰਦਾ ਹੈ ਕਿ ਉਹ ਆਪਣੇ ਆਪ ਨੂੰ ਉਸ ਅੱਗੇ ਪੇਸ਼ ਕਰ ਦੇਵੇ।” (ਸਫਾ-192)

”ਮੁਜ਼ਾਰੇ ਨੂੰ ਆਪਣੀ ਪਤਨੀ ਨੂੰ ਪਹਿਲੀ ਰਾਤ ਲਈ ਆਪਣੇ ਮਾਲਕ ਕੋਲ ਭੇਜਣਾ ਪੈਂਦਾ ਸੀ – ਅਜ਼ਾਦ ਮਜ਼ਦੂਰ ਨੂੰ ਮੰਗ ਕੀਤੇ ਜਾਣ ‘ਤੇ ਨਾ ਸਿਰਫ਼ ਪਹਿਲੀ ਰਾਤ ਦਾ ਹੱਕ ਸਗੋਂ ਹਰ ਰਾਤ ਦਾ ਹੱਕ ਆਪਣੇ ਮਾਲਕ ਅੱਗੇ ਸਮਰਪਤ ਕਰਨਾ ਪੈਂਦਾ ਹੈ। (ਸਫਾ-1952)

ਜਗੀਰੂ ਖਾਸੇ ਵੱਲ ਸੰਕੇਤ ਕਰਦੇ ”ਆਰਥਕ ਸਬੰਧ” ਦੇ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਪੱਕਾ ਕਿਰਤੀ ਸਾਲ ਦੀ ਪੂਰੀ ਮਜ਼ਦੂਰੀ ਅਗਾਊਂ ਦੇ ਕੇ ਲਿਆਂਦਾ ਜਾਂਦਾ ਹੈ। ਹਾਂ, ਕਿਰਤ ਸ਼ਕਤੀ ਇੱਕ ਬੱਝਵੇਂ ਸਮੇਂ ਲਈ ਖਰੀਦੀ ਅਤੇ ਵੇਚੀ ਜਾਂਦੀ ਹੈ – ਇੱਥੇ ਇੱਕ ਸਾਲ ਲਈ। ਇਹ ਕਿਸੇ ਵੀ ਤਰ੍ਹਾਂ ਅਰਧ-ਜਗੀਰੂ ਨਹੀਂ ਹੈ। (ਉਹ ਪੂਰੀ ਜ਼ਿੰਦਗੀ ਲਈ ਨਹੀਂ ਵੇਚੇ ਜਾਂਦੇ ਅਤੇ ਨਾ ਹੀ ਗੁਲਾਮ ਮਾਲਕਾਂ ਦੁਆਰਾ ਵੇਚੇ ਜਾਂਦੇ ਹਨ। ਕਿਰਪਾ ਕਰਕੇ ਇਸ ਫ਼ਰਕ ਨੂੰ ਨੋਟ ਕਰੋ।) ਜਿੱਥੋਂ ਤੱਕ ਇਸ ਤੱਥ ਦਾ ਕਿ ਉਹਨਾਂ ਨੂੰ ਸਾਲਾਨਾ ਮਜ਼ਦੂਰੀ ਦਾ ਤੀਜਾ ਹਿੱਸਾ ਜਿਣਸ ਦੇ ਰੂਪ ‘ਚ ਭਾਵ ਮਾਲਕ ਦੁਆਰਾ ਖੁਰਾਕ ਦੇਣ ਦੇ ਰੂਪ ‘ਚ ਮਿਲਦਾ ਹੈ, ਸਬੰਧ ਹੈ ਉਜਰਤਾਂ ਦੇ ਭੁਗਤਾਨ ਦਾ ਤਰੀਕਾ ਕੰਮ ਦੀ ਕਿਸਮ ਦੇ ਹਿਸਾਬ ਨਾਲ ਕਈ ਤਰ੍ਹਾਂ ਦਾ ਹੋ ਸਕਦਾ ਹੈ। ਹੋਰ ਅੱਗੇ, ਕੀ ਸਾਡੇ ਦੋਸਤਾਂ ਨੇ ਟਰੱਕ ਪ੍ਰਬੰਧ ਬਾਰੇ ਸੁਣਿਆ ਹੈ? ਆਉ ਦੇਖੀਏ ਕਿ ਇਸ ਪ੍ਰਬੰਧ ਬਾਰੇ ਆਪਣੀ ਲਿਖਤ ”ਇੰਗਲੈਂਡ ਵਿੱਚ ਮਜ਼ਦੂਰ ਜਮਾਤ ਦੀ ਹਾਲਤ” ਏਂਗਲਜ਼ ਦਾ ਕੀ ਕਹਿਣਾ ਹੈ:

”ਟਰੱਕ ਪ੍ਰਬੰਧ ਭਾਵ ਕਿ ਕਾਮਿਆਂ ਨੂੰ ਚੀਜ਼ਾਂ ਦੇ ਰੂਪ ‘ਚ ਭੁਗਤਾਨ ਪਹਿਲਾਂ ਇੰਗਲੈਂਡ ਵਿੱਚ ਸਰਵਵਿਆਪਕ ਸੀ। ਮਾਲਕ ਇੱਕ ਦੁਕਾਨ ਖੋਲ ਲੈਂਦਾ ਹੈ, ”ਕਾਮਿਆਂ ਦੀ ਸਹੂਲਤ ਲਈ, ਅਤੇ ਉਹਨਾਂ ਦੀ ਛੋਟੇ ਦੁਕਾਨਦਾਰਾਂ ਦੇ ਉੱਚੇ ਰੇਟਾਂ ਤੋਂ ਰਾਖੀ ਕਰਨ ਲਈ।” ਇੱਥੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਉਧਾਰ ਵੇਚੀਆਂ ਜਾਂਦੀਆਂ ਸਨ; ਅਤੇ ਉਹਨਾਂ ਨੂੰ ਹੋਰ ਦੁਕਾਨਾਂ ‘ਤੇ ਜਿੱਥੋਂ ਉਹਨਾਂ ਨੂੰ ਸਸਤੇ ਰੇਟਾਂ ‘ਤੇ ਚੀਜ਼ਾਂ ਮਿਲ ਸਕਦੀਆਂ ਹੋਣ (ਮਾਲਕਾਂ ਦੀਆਂ ਦੁਕਾਨਾਂ ਵਿੱਚ ਆਮ ਤੌਰ ‘ਤੇ ਪੱਚੀ ਤੋਂ ਤੀਹ ਫੀਸਦੀ ਵੱਧ ਭਾਅ ਲਾਏ ਜਾਂਦੇ ਸਨ), ਜਾਣ ਤੋਂ ਰੋਕਣ ਲਈ ਉਜਰਤਾਂ ਦਾ ਭੁਗਤਾਨ ਮੁਦਰਾ ਦੀ ਥਾਂ ਦੁਕਾਨ ਦੇ ਨਾਮ ਜ਼ਾਰੀ ਪਰਚੀਆਂ ਦੇ ਰੂਪ ‘ਚ ਕੀਤਾ ਜਾਂਦਾ ਸੀ। ਇਸ ਬਦਨਾਮ ਪ੍ਰਬੰਧ ਖਿਲਾਫ਼ ਆਮ ਨਫ਼ਰਤ ਕਾਰਨ ਟਰੱਕ ਐਕਟ, 1831 ਪਾਸ ਹੋਇਆ ਜਿਸ ਤਹਿਤ ਲੱਗਭੱਗ ਸਾਰੇ ਮਾਲਕਾਂ ਲਈ ਟਰੱਕ ਪਰਚੀਆਂ ਰਾਹੀਂ ਭੁਗਤਾਨ ਕਰਨਾ ਖਤਮ ਤੇ ਗੈਰ-ਕਾਨੂੰਨੀ ਕਰ ਦਿੱਤਾ ਗਿਆ ਅਤੇ ਜੁਰਮਾਨੇ ਰਾਹੀਂ ਸਜ਼ਾ-ਯੋਗ ਅਪਰਾਧ ਬਣਾ ਦਿੱਤਾ ਗਿਆ; ਪਰ ਹੋਰ ਬਾਕੀ ਸਾਰੇ ਅੰਗਰੇਜ਼ ਕਾਨੂੰਨਾਂ ਦੀ ਤਰ੍ਹਾਂ ਇਹ ਕਾਨੂੰਨ ਵੀ ਕਿਤੇ-ਕਿਤੇ ਹੀ ਲਾਗੂ ਕੀਤਾ ਗਿਆ।” (ਸਫਾ-193)

ਇੱਕ ਸਰਮਾਏਦਾਰ ਦੇਸ਼ ਇੰਗਲੈਂਡ ਦੀ ਇਹ ਹਾਲਤ ਹੈ! ਕੀ ਸਾਡੇ ਦੋਸਤ ਇਸ ਪ੍ਰਬੰਧ ਨੂੰ ਅਰਧ-ਜਗੀਰੂ ਕਹਿਣਗੇ?

ਉਹ ਲਿਖਦੇ ਹਨ – ”ਉਹ ਅਰਧ-ਬੰਧੂਆ ਹਨ ਭਾਵੇਂ ਉਹ ਆਪਣੇ ਮਾਲਕ (ਆਪਣਾ ਕਰਜ਼ਾ ਅਦਾ ਕਰਨ ਤੋਂ ਬਾਅਦ) ਛੱਡ ਕੇ ਜਾਣ ਲਈ ਅਜ਼ਾਦ ਹਨ;…।” ਇਸ ਅਜ਼ਾਦੀ ਨੂੰ ”ਆਪਣਾ ਕਰਜ਼ਾ ਅਦਾ ਕਰਨ ਤੋਂ ਬਾਅਦ” ਨੂੰ ਬਰੈਕਟਾਂ ‘ਚ ਪਾ ਕੇ ਸ਼ਰਤਾਂ ਅਧੀਨ ਕਰ ਦਿੱਤਾ ਜਾਂਦਾ ਹੈ, ਭਾਵੇਂ ਇਸ ਤੋਂ ਉੱਪਰਲੇ ਪੈਰੇ ‘ਚ ਕਰਜ਼ਈ ਹੋਣ ਦਾ ਜ਼ਿਕਰ ਸਰਸਰੀ ਤੌਰ ‘ਤੇ ਆਇਆ ਸੀ (ਜੇ ਉਹ ਕਰਜ਼ਈ ਹੋ ਜਾਣ – ਕਿਰਪਾ ਕਰਕੇ ਸ਼ਬਦ ‘ਜੇ’ ਨੂੰ ਨੋਟ ਕਰੋ)। ਪਰ ਸਿੱਟਾ ਕੱਢਣ ਵਾਲ਼ੇ ਪੈਰੇ ‘ਚ ਆਕੇ ਇਸਨੂੰ ਖਾਸ ਤਵੱਜੋ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਅਸੀਂ ਮਾਰਕਸ ਦਾ ਇੱਕ ਹਵਾਲਾ ਸਾਂਝਾ ਕਰੀਏ ਤੇ ਦੇਖੀਏ ਕਿ ਉਹ ਉਜਰਤੀ ਮਜ਼ਦੂਰ ਦੀ ਅਜ਼ਾਦੀ ਦਾ ਉਸਦੇ ਮਾਲਕ ਦੇ ਸਬੰਧ ਨੂੰ ਕਿਸ ਤਰ੍ਹਾਂ ਦੇਖਦੇ ਸਨ:–

”ਜਿਣਸਾਂ ਦੇ ਸਾਧਾਰਨ ਗੇੜ ਜਾਂ ਵਟਾਂਦਰੇ ਦੇ ਇਸ ਖੇਤਰ ਨੂੰ ਜਿਸ ਤੋਂ ‘ਅਜ਼ਾਦ ਵਪਾਰ ਦੇ ਬਜ਼ਾਰੂ ਸਿਧਾਂਤਕਾਰ’ ਨੂੰ ਉਹਦੇ ਸਾਰੇ ਵਿਚਾਰ ਤੇ ਨਜ਼ਰੀਆ ਪ੍ਰਾਪਤ ਹੁੰਦਾ ਹੈ, ਅਤੇ ਜਿਹੜਾ ਉਸਨੂੰ ਉਹ ਪੈਮਾਨਾ ਦਿੰਦਾ ਹੈ ਜਿਸ ਨਾਲ ਉਹ ਅਜਿਹੇ ਸਮਾਜ ਨੂੰ ਮਾਪਦਾ ਹੈ ਜਿਹੜਾ ਸਰਮਾਏ ਤੇ ਉਜਰਤਾਂ ‘ਤੇ ਅਧਾਰਤ ਹੈ, ਛੱਡਣ ਤੋਂ ਬਾਅਦ ਹੀ ਸਾਡੇ ਵਿਚਾਰ ਵਿੱਚ ਅਸੀਂ ਆਪਣੇ ਨਾਟਕ ਦੇ ਪਾਤਰਾਂ ਦੀ ਵੇਸ਼-ਭੂਸਾ ਵਿੱਚ ਕੁਝ ਤਬਦੀਲੀ ਆਉਂਦੀ ਦੇਖ ਸਕਦੇ ਹਾਂ। ਉਹ ਜੋ ਪਹਿਲਾਂ ਮੁਦਰਾ ਦਾ ਮਾਲਕ ਸੀ, ਹੁਣ ਸਰਮਾਏਦਾਰ ਦੇ ਰੂਪ ‘ਚ ਆਕੜ ਕੇ ਅੱਗੇ-ਅੱਗੇ ਤੁਰ ਰਿਹਾ ਹੈ, ਕਿਰਤ-ਸ਼ਕਤੀ ਦਾ ਮਾਲਕ ਉਹਦੇ ਪਿੱਛੇ ਤੁਰਿਆ ਜਾ ਰਿਹਾ ਹੈ। ਇੱਕ ਆਪਣੀ ਸ਼ਾਨ ਵਿਖਾਉਂਦੇ ਹੋਏ, ਦੰਦੀਆਂ ਕੱਢਦੇ ਹੋਏ ਇੰਜ ਤੁਰਿਆ ਜਾ ਰਿਹਾ ਹੈ ਜਿਵੇਂ ਵਪਾਰ ਕਰਕੇ ਆਇਆ ਹੋਵੇ; ਤੇ ਦੂਜਾ ਡਰੂ ਤੇ ਝਿਜਕਦਾ ਹੋਇਆ ਉਸ ਆਦਮੀ ਵਾਂਗ ਜਿਹੜਾ ਆਪਣੀ ਚਮੜੀ ਮੰਡੀ ‘ਚ ਲੈ ਕੇ ਆਇਆ ਹੋਵੇ ਅਤੇ ਜੀਹਨੂੰ ਇਸ ਤੋਂ ਬਿਨਾਂ ਕੋਈ ਆਸ ਨਾ ਹੋਵੇ ਕਿ ਉਸਦੀ ਚਮੜੀ ਉਧੇੜੀ ਜਾਵੇਗੀ।” (ਸਰਮਾਇਆ, ਸੈਂਚੀ ਇੱਕ, ਸਫਾ-172)

ਬਿਲਕੁਲ, ਮਜ਼ਦੂਰ ਨੂੰ ਚਮੜੀ ਉਧੇੜੇ ਜਾਣ ਤੋਂ ਬਿਨਾਂ ਹੋਰ ਕੋਈ ਉਮੀਦ ਨਹੀਂ ਹੋ ਸਕਦੀ। ਮਾਰਕਸ ਨੇ ਆਪਣੀ ਲਿਖਤ ‘ਸਰਮਾਇਆ’ ਅਤੇ ਏਂਗਲਜ਼ ਨੇ ਆਪਣੀ ਲਿਖਤ ‘ਇੰਗਲੈਂਡ ਵਿੱਚ ਮਜ਼ਦੂਰ ਜਮਾਤ ਦੀ ਹਾਲਤ’ ਵਿੱਚ ਸਰਮਾਏਦਾਰੀ ਦੀਆਂ ਬੁਰਾਈਆਂ ਦੀ ਬੜੇ ਵਿਸਥਾਰ ‘ਚ ਚਰਚਾ ਕੀਤੀ ਹੈ। ਅਸੀਂ ਕੁਝ ਹਵਾਲਿਆਂ ਇੱਥੇ ਪੇਸ਼ ਕਰਾਂਗੇ (ਜੋ ਬਿਨਾਂ ਕਿਸੇ ਤਰਤੀਬ ਦੇ ਉਠਾਏ ਗਏ ਹਨ)-

”(ਇਸ ਲਈ) ਸਰਮਾਇਆ ਜਿੰਨਾ ਚਿਰ ਸਮਾਜ ਵੱਲੋਂ ਲਾਜ਼ਮੀ ਨਾ ਕਰ ਦਿੱਤਾ ਜਾਵੇ, ਓਨਾ ਚਿਰ ਤੱਕ ਮਜ਼ਦੂਰ ਦੀ ਸਿਹਤ ਜਾਂ ਜ਼ਿੰਦਗੀ ਦੀ ਉਮਰ ਦੀ ਕੋਈ ਪ੍ਰਵਾਹ ਨਹੀਂ ਕਰਦਾ। ਸਰੀਰਕ ਤੇ ਮਾਨਸਿਕ ਅਧੋਗਤੀ ਲਈ, ਸਮੇਂ ਤੋਂ ਪਹਿਲਾਂ ਮੌਤ ਲਈ, ਲੋੜੋਂ ਵੱਧ ਕੰਮ ਦੇ ਬੋਝ ਦੇ ਤਸੀਹੇ ਲਈ ਪਾਏ ਜਾਂਦੇ ਚੀਕ-ਚਿਹਾੜੇ ਦਾ ਜਵਾਬ ਦਿੰਦੇ ਹੋਏ ਉਹ ਕਹਿੰਦਾ ਹੈ: ਇਹ ਸਭ ਕੁਝ ਸਾਨੂੰ ਕਿਉਂ ਪ੍ਰੇਸ਼ਾਨ ਕਰੇ ਕਿਉਂਕਿ ਇਸ ਨਾਲ਼ ਹੀ ਤਾਂ ਸਾਡਾ ਮੁਨਾਫ਼ਾ ਵਧਦਾ ਹੈ?” (ਉਪਰੋਕਤ, ਸਫਾ-257)

ਅਤੇ ਏਂਗਲਜ਼ ਆਪਣੀ ਲਿਖਤ ‘ਇੰਗਲੈਂਡ ਵਿੱਚ ਮਜ਼ਦੂਰ ਜਮਾਤ ਦੀ ਹਾਲਤ’ ਕਹਿੰਦੇ ਹਨ:–

”ਜਿਸ ਕਿਸੇ ਨੇ ਵੀ ਸਿਪਾਹੀ ਦੇ ਤੌਰ ‘ਤੇ ਕੰਮ ਕੀਤਾ ਹੈ ਉਹ ਜਾਣ ਸਕਦਾ ਹੈ ਕਿ ਥੋੜੇ ਸਮੇਂ ਲਈ ਫੌਜ਼ੀ ਅਨੁਸ਼ਾਸ਼ਨ ਦੇ ਅਧੀਨ ਰਹਿਣਾ ਕੀ ਹੁੰਦਾ ਹੈ। ਪਰ ਇਹ ਕਾਮੇ (ਫੈਕਟਰੀ ਮਜ਼ਦੂਰ) ਆਪਣੀ ਉਮਰ ਦੇ ਨੌਵੇਂ ਸਾਲ ਤੋਂ ਮੌਤ ਤੱਕ ਸਰੀਰਕ ਤੇ ਮਾਨਸਿਕ ਰੂਪ ‘ਚ ਤਲਵਾਰ ਦੇ ਛਾਏ ਥੱਲੇ ਰਹਿਣ ਲਈ ਸਰਾਪੇ ਹੋਏ ਹਨ। ਉਹ ਅਮਰੀਕਾ ਵਿਚਲੇ ਨੀਗਰੋ ਗੁਲਾਮਾਂ ਨਾਲ਼ੋਂ ਵੀ ਭੈੜੀ ਹਾਲਤ ‘ਚ ਹਨ ਕਿਉਂਕਿ ਉਹਨਾਂ ‘ਤੇ ਲਗਾਤਾਰ ਕਰੜੀ ਨਿਗਰਾਨੀ ਰੱਖੀ ਜਾਂਦੀ ਹੈ, ਅਤੇ ਫਿਰ ਵੀ ਉਹਨਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਮਨੁੱਖਾਂ ਦੀ ਤਰ੍ਹਾਂ ਰਹਿਣ, ਸੋਚਣ ਅਤੇ ਖੁਦ ਨੂੰ ਮਨੁੱਖ ਦੀ ਤਰ੍ਹਾਂ ਮਹਿਸੂਸ ਕਰਨ!” (ਸਫਾ-191)

ਬਦਕਿਸਮਤੀ ਨਾਲ਼ ਸਾਡੀ ਇਨਕਲਾਬੀ ਲਹਿਰ ਸਰਮਾਏ ਨੂੰ ਚੰਗਾ-ਚੰਗਾ ਸਮਝਦੀ ਹੈ ਅਤੇ ਇਸ ਦੀਆਂ ਸਭ ਬੁਰਾਈਆਂ ਨੂੰ ਅਰਧ-ਜਗੀਰੂ ਬਣਾ ਕੇ ਪੇਸ਼ ਕਰਦੀ ਹੈ। ਇਸ ਕੋਸ਼ਿਸ਼ ਵਿੱਚ ਉਹ ਸਮਾਜਿਕ-ਆਰਥਕ ਢਾਂਚੇ ਦੀ ਕਿਸੇ ਵੀ ਗੱਲ ਨੂੰ ਅਰਧ-ਜਗੀਰਦਾਰੀ ਨੂੰ ਸਿੱਧ ਕਰਨ ਲਈ ਵਰਤਣ ਲੱਗਦੀ ਹੈ। ਇਸ ਲਈ ਉਹ ਇੱਕ ਵਾਰ ਉਜਰਤੀ ਮਜ਼ਦੂਰੀ ਦੇ ”ਖਾਸੇ” ਬਾਰੇ ਚਰਚਾ ਕਰਦੇ ਹੋਏ ਲਿਖਦੇ ਹਨ-

”ਹੁਣ ਜੇ ਅਸੀਂ ਦੂਜੀ ਮਜ਼ਦੂਰੀ ਵੱਲ ਮੁੜੀਏ ਤਾਂ ਉਹ ਹੈ ਕੱਚੀ ਮਜ਼ਦੂਰੀ, ਜਿਸ ਦੀ ਲੋੜ ਵੱਡੀ ਗਿਣਤੀ ‘ਚ ਰੁੱਤਾਂ ਮੁਤਾਬਕ ਪੈਂਦੀ ਹੈ (ਬਿਜਾਈ, ਕਟਾਈ, ਨਰਮੇ ਦੀ ਚੁਗੈ ਆਦਿ) ਤੇ ਹੋਰ ਨਿੱਕੇ-ਮੋਟੇ ਕੰਮਾਂ ਦੇ ਮੌਕੇ। ਕੱਚੀ ਮਜ਼ਦੂਰੀ ਦੀ ਲੁੱਟ ਨੂੰ ਪੂਰੀ ਤਰ੍ਹਾਂ ਸਰਮਾਏਦਾਰ ਕਿਸਮ ਦੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਬਹੁਤੀ ਅਦਾਇਗੀ ਇੱਥੇ ਵੀ ਵਿਅਕਤੀਗਤ ਨਹੀਂ ਹੁੰਦੀ ਸਗੋਂ ਠੇਕੇ ਦੇ ਅਧਾਰ ‘ਤੇ ਸਮੁੱਚੇ ਪਰਿਵਾਰ ਨੂੰ ਹੁੰਦੀ ਹੈ। ਕਣਕ ਦੀ ਕਟਾਈ ਤੇ ਝੋਨੇ ਦੀ ਲਵਾਈ ਸਮੁੱਚੇ ਪਰਿਵਾਰ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ਼ ਦਿੱਤੀ ਜਾਂਦੀ ਹੈ। ਕਪਾਹ ਦੀ ਚੁਗਾਈ ਵੀ ਸਮੁੱਚੇ ਪਰਿਵਾਰ ਨੂੰ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ਼ ਦਿੱਤੀ ਜਾਂਦੀ ਹੈ। ਕਣਕ ਦੀ ਕਟਾਈ ਬਦਲੇ ਵੀ ਅਦਾਇਗੀ ਪ੍ਰਤੀ ਏਕੜ ਦੇ ਹਿਸਾਬ ਨਾਲ਼ ਕਣਕ ਦੇ ਕੇ ਕੀਤੀ ਜਾਂਦੀ ਹੈ(1.4 ਕੁਇੰਟਲ ਪ੍ਰਤੀ ਏਕੜ ਕਪਾਹ ਪੱਟੀ ਵਿੱਚ), ਕਈ ਥਾਵਾਂ ‘ਤੇ ਇਹ ਨਕਦੀ ਤੇ ਜਿਣਸੀ ਦੋਹਾਂ ਦੀ ਰਲ਼ੀ-ਮਿਲ਼ੀ ਅਦਾਇਗੀ ਹੁੰਦੀ ਹੈ, ਜਿੱਥੇ ਰੋਟੀ ਦਿੱਤੀ ਹੈ ਤੇ ਕਾਮੇ ਦੇ ਪਸ਼ੂਆਂ ਲਈ ਚਾਰਾ ਵੀ। ਇਸ ਤਰ੍ਹਾਂ ਦੇ ਠੇਕੇਦਾਰੀ ਪ੍ਰਬੰਧ ਦੀ ਤੁਲਨਾ ਪੀਸ-ਰੇਟ ਮਜ਼ਦੂਰੀ ਜੋ ਕਿ ਸਰਮਾਏਦਾਰੀ ਅਧੀਨ ਹੁੰਦੀ ਹੈ, ਨਾਲ ਨਹੀਂ ਕੀਤੀ ਜਾ ਸਕਦੀ। ਸਰਮਾਏਦਾਰੀ ਵਿੱਚ ਹਰ ਵਿਅਕਤੀ ਨੂੰ ਵੱਖਰੇ ਤੌਰ ‘ਤੇ ਅਦਾਇਗੀ ਕੀਤੀ ਜਾਂਦੀ ਹੈ ਨਾ ਕਿ ਇੱਕ ਪਰਿਵਾਰਕ ਇਕਾਈ ਵਜੋਂ, ਇਹ ਭਾਵੇਂ ਰੋਜ਼ਾਨਾ ਉਜਰਤ ਦਾ ਕੰਮ ਹੋਵੇ ਜਾਂ ਪੀਸ-ਰੇਟ ਦਾ ਕੰਮ। ਇਸ ਤਰ੍ਹਾਂ ਦੀ ਅਦਾਇਗੀ ਨਾ ਤਾਂ ਜਗੀਰੂ ਹੈ ਤੇ ਨਾ ਹੀ ਸਰਮਾਏਦਾਰਾਨਾ, ਸਗੋਂ ਅਰਧ-ਜਗੀਰੂ ਕਿਸਮ ਦਾ ਵਿਚਕਾਰਲਾ ਪ੍ਰਬੰਧ ਹੈ।” (ਸਫਾ-4)

ਇਸ ਮਾਮਲੇ ‘ਤੇ ਮਾਰਕਸ ਦਾ ਕੀ ਕਹਿਣਾ ਹੈ? ਮਾਰਕਸ ਜਿਹੜਾ ਹਮੇਸ਼ਾਂ ਚੀਜ਼ਾਂ ਦੀ ਤਹਿ ਤੱਕ ਜਾਂਦਾ ਸੀ, ਨੇ ਕਿਹਾ ਕਿ ਉਜਰਤਾਂ ਕਈ ਰੂਪ ਧਾਰ ਸਕਦੀਆਂ ਹਨ। ਉਹ ਲਿਖਦੇ ਹਨ:-

”ਖੁਦ ਉਜਰਤ ਵੀ ਕਈ ਸ਼ਕਲਾਂ ਧਾਰਦੀ ਹੈ, ਇਹ ਇੱਕ ਅਜਿਹਾ ਤੱਥ ਜਿਹੜਾ ਆਰਥਕਤਾ ਬਾਰੇ ਆਮ ਸਧਾਰਨ ਰਚਨਾਵਾਂ ਵਿੱਚ ਨਹੀਂ ਦਿਖਾਈ ਦਿੰਦਾ। ਅਜਿਹੀਆਂ ਰਚਨਾਵਾਂ ਸਵਾਲ ਦੇ ਨਿਰੋਲ ਪਦਾਰਥਕ ਪੱਖ ਵਿੱਚ ਦਿਲਚਸਪੀ ਰੱਖਦਿਆਂ ਰੂਪ ਦੇ ਹਰ ਫ਼ਰਕ ਨੂੰ ਅਣਗੌਲਿਆਂ  ਕਰਦੀਆਂ ਹਨ। ਪਰ ਇਹਨਾਂ ਸਾਰੇ ਰੂਪਾਂ ਦੀ ਵਿਆਖਿਆ ਉਜਰਤੀ ਕਿਰਤ ਦੇ ਵਿਸ਼ੇਸ਼ ਅਧਿਐਨ ਦਾ ਵਿਸ਼ਾ ਹੈ, ਇਸ ਲਈ ਇਹ ਇਸ ਲਿਖਤ ਦਾ ਵਿਸ਼ਾ ਨਹੀਂ ਹੈ। ਤਾਂ ਵੀ ਇੱਥੇ ਦੋ ਬੁਨਿਆਦੀ ਰੂਪਾਂ ਦਾ ਸੰਖੇਪ ‘ਚ ਜ਼ਿਕਰ ਤਾਂ ਕਰਨਾ ਜ਼ਰੂਰੀ ਹੈ।” (ਸਰਮਾਇਆ, ਸਫਾ-508)

ਅਤੇ ਇਸ ਤਰ੍ਹਾਂ ਮਾਰਕਸ ਸਮੇਂ-ਅਨੁਸਾਰ ਉਜਰਤ ਅਤੇ ਕੰਮ-ਅਨੁਸਾਰ (ਪੀਸ-ਰੇਟ) ਉਜਰਤ ਦੀ ਵਿਆਖਿਆ ਵੱਲ ਵਧਦੇ ਹਨ। ਇਹ ਕਾਫ਼ੀ ਦਿਲਚਸਪੀ ਭਰਿਆ ਹੈ ਕਿ ਮਾਰਕਸ ਕਿਸ ਤਰ੍ਹਾਂ ਕੰਮ-ਅਨੁਸਾਰ ਉਜਰਤ ਦੇ ਮੁਹਾਂਦਰੇ ਨੂੰ ਨੰਗਾ ਕਰਦੇ ਹਨ:-

”ਕੰਮ-ਅਨੁਸਾਰ ਉਜਰਤ ਬਾਰੇ ਪਹਿਲੀ ਨਜ਼ਰੇ ਇਉਂ ਲੱਗਦਾ ਹੈ ਜਿਵੇਂ ਕਿਰਤੀ ਤੋਂ ਖਰੀਦੀ ਗਈ ਵਰਤੋਂ-ਕਦਰ ਉਹਦੀ ਕਿਰਤ-ਸ਼ਕਤੀ ਦਾ ਕਾਰਜ, ਇੱਕ ਜਿਉਂਦੀ ਕਿਰਤ ਨਾ ਹੋਵੇ ਸਗੋਂ ਪੈਦਾਵਾਰ ‘ਚ ਸਾਕਾਰ ਹੋ ਚੁੱਕੀ ਕਿਰਤ ਹੋਵੇ ਅਤੇ ਜਿਵੇਂ ਇਸ ਕਿਰਤ ਦੀ ਕੀਮਤ ਦਾ ਨਿਰਣਾ ਸਮੇਂ-ਅਨੁਸਾਰ ਉਜਰਤ ਵਾਂਗ ‘ਕਿਰਤ-ਸ਼ਕਤੀ ਦੀ ਰੋਜ਼ਾਨਾ ਕਦਰ/ਘੰਟਿਆਂ ਦੀ ਨਿਸ਼ਚਿਤ ਗਿਣਤੀ ਵਾਲਾ ਕੰਮ ਦਾ ਦਿਨ’ ਦੇ ਸੂਤਰ ਅਨੁਸਾਰ ਨਾ ਹੋ ਕੇ ਚੀਜ਼ ਤਿਆਰ ਕਰਨ ਵਾਲੇ ਦੀ ਕੰਮ ਦੀ ਸਮਰੱਥਾ ਰਾਹੀਂ ਹੁੰਦਾ ਹੋਵੇ।” (ਉਪਰੋਕਤ, ਸਫਾ-516)

ਸਾਡੇ ਅਧਿਐਨ-ਗਰੁੱਪ ਜਿਹੇ ਲੋਕਾਂ ਨੇ ਇਹਦੇ ਇਸ ਰੂਪ ਨੂੰ ਦੇਖਕੇ ਇਹਨੂੰ“”ਅਰਧ-ਜਗੀਰੂ” ਗਰਦਨ ਦੇਣਾ ਸੀ। ਮਾਰਕਸ ਇਸ ਤੱਥ ਨੂੰ ਨੰਗਾ ਕਰਦੇ ਹਨ ਕਿ ਕੰਮ-ਅਨੁਸਾਰ ਉਜਰਤ ਵਿੱਚ ਵੀ ਮਜ਼ਦੂਰ ਨੂੰ ਉਸਦੀ ਬਣਾਈ ਚੀਜ਼ ਦੇ ਅਧਾਰ ‘ਤੇ ਨਹੀਂ ਸਗੋਂ ਉਸਦੀ ਕਿਰਤ-ਸ਼ਕਤੀ ਦੀ ਵਰਤੋਂ ਦੇ ਅਧਾਰ ‘ਤੇ ਉਜਰਤ ਮਿਲਦੀ ਹੈ। ਮਾਰਕਸ ਹੋਰ ਅੱਗੇ ਕਹਿੰਦੇ ਹਨ ਕਿ ਕੰਮ-ਅਨੁਸਾਰ ਉਜਰਤ ਘਰੇਲੂ ਕਿਰਤ ਲਈ ਅਤੇ ਮਜ਼ਦੂਰਾਂ ਤੇ ਸਰਮਾਏਦਾਰਾਂ ਵਿਚਾਲੇ ਵਿਚੋਲੇ ਦੇ ਆ ਜਾਣ ਦੀ ਬੁਨਿਆਦ ਵੀ ਬਣਾਉਂਦੀ ਹੈ। ਸਾਡੇ ਦੋਸਤਾਂ ਨੇ, ਪੂਰੀ ਸੰਭਾਵਨਾ ਹੈ, ਕਿ ਇਸਨੂੰ ”ਅਰਧ-ਜਗੀਰੂ” ਕਹਿ ਦੇਣਾ ਸੀ। ਮਾਰਕਸ ਨੂੰ ਸੁਣੀਏ:–

”ਕਿਉਂਕਿ ਇੱਥੇ ਕੰਮ ਦੀ ਗੁਣਾਤਮਕਤਾ ਤੇ ਤੀਬਰਤਾ ਉੱਤੇ ਖੁਦ ਉਜਰਤ ਦੀ ਸ਼ਕਲ ਹੀ ਕੰਟਰੋਲ ਰੱਖਦੀ ਹੈ ਇਸ ਲਈ ਕਿਰਤ ਦੀ ਨਿਗਰਾਨੀ ਬਹੁਤ ਹੱਦ ਤੱਕ ਵਾਧੂ ਗੱਲ ਹੋ ਜਾਂਦੀ ਹੈ। ਇਸੇ ਕਰਕੇ ਕੰਮ-ਅਨੁਸਾਰ ਉਜਰਤ ਪਹਿਲਾਂ ਜ਼ਿਕਰ ਅਧੀਨ ਆਈ ਆਧੁਨਿਕ ”ਘਰੇਲੂ ਕਿਰਤ” ਦੀ ਅਤੇ ਲੁੱਟ-ਚੋਂਘ ਤੇ ਜ਼ਬਰ ਦੀ ਇੱਕ ਦਰਜੇਵਾਰ ਜਥੇਬੰਦ ਪ੍ਰਣਾਲੀ ਦੀ ਬੁਨਿਆਦ ਰੱਖਦੀ ਹੈ। ਇਸ ਪਿਛਲੀ ਪ੍ਰਣਾਲੀ ਦੇ ਦੋ ਬੁਨਿਆਦੀ ਰੂਪ ਹਨ। ਇੱਕ ਪਾਸੇ ਕੰਮ-ਅਨੁਸਾਰ ਉਜਰਤ ਸਰਮਾਏਦਾਰ ਤੇ ਉਜਰਤੀ ਕਿਰਤ ਵਿਚਕਾਰ ਪਰਜੀਵੀਆਂ ਦੇ ਦਾਖਲੇ ਵਿੱਚ, “ਕਿਰਤ ਨੂੰ ਅੱਗੋਂ ਠੇਕੇ ‘ਤੇ ਕਰਵਾ ਲੈਣ” (sub-letting of labour) ਵਿੱਚ ਸਹਾਈ ਹੁੰਦੀ ਹੈ। ਇਹਨਾਂ ਵਿਚਕਾਰਲੇ ਬੰਦਿਆਂ ਦਾ ਲਾਭ ਪੂਰੀ ਤਰ੍ਹਾਂ ਸਰਮਾਏਦਾਰ ਵੱਲੋਂ ਅਦਾ ਕੀਤੀ ਜਾਂਦੀ ਕਿਰਤ ਦੀ ਕੀਮਤ ਅਤੇ ਕਿਰਤੀ ਤੱਕ ਉਹਨਾਂ ਵੱਲੋਂ ਸਹੀ ਅਰਥਾਂ ‘ਚ ਪੁੱਜਣ ਦਿੱਤੇ ਗਏ ਉਸ ਕੀਮਤ ਦੇ ਹਿੱਸੇ ਵਿਚਕਾਰਲੇ ਫ਼ਰਕ ਤੋਂ ਆਉਂਦਾ ਹੈ। ਇੰਗਲੈਂਡ ਵਿੱਚ ਇਸ ਪ੍ਰਬੰਧ ਨੂੰ ਬੜੇ ਖਾਸ ਅੰਦਾਜ਼ ਵਿੱਚ ”ਮੁੜ੍ਹਕੇ ਦੀ ਪ੍ਰਣਾਲੀ” ਕਿਹਾ ਜਾਂਦਾ ਹੈ। ਦੂਜੇ ਪਾਸੇ ਕੰਮ-ਅਨੁਸਾਰ ਉਜਰਤ ਸਰਮਾਏਦਾਰ ਨੂੰ ਇਹ ਖੁੱਲ ਦਿੰਦੀ ਹੈ ਕਿ ਦਿਹਾੜੀਦਾਰਾਂ ਦੇ ਮੁਖੀਏ ਨਾਲ – ਹੱਥ-ਨਿਰਮਾਣ (ਮੈਨੁਫੈਕਚਰਜ਼) ਵਿੱਚ ਕਿਸੇ ਗਰੁੱਪ ਦੇ ਮੁਖੀਏ ਨਾਲ, ਖਾਣਾਂ ਵਿੱਚ ਕੋਲਾ ਕੱਢਣ ਵਾਲੇ ਨਾਲ ਅਤੇ ਫੈਕਟਰੀ ਵਿੱਚ ਹਕੀਕੀ ਮਸ਼ੀਨਚਾਲਕ ਨਾਲ – ਪ੍ਰਤੀ ਨਗ ਇੱਕ ਖਾਸ ਰਕਮ ਦਾ ਠੇਕਾ ਕਰ ਲਵੇ, ਇੱਕ ਅਜਿਹੀ ਰਕਮ ਜਿਸ ਨਾਲ ਮੁਖੀਆ ਆਪਣੇ ਸਹਾਇਕ ਕਿਰਤੀ ਲੋਕਾਂ ਦੀ ਭਰਤੀ ਤੇ ਅਦਾਇਗੀ ਆਪਣੇ ਜ਼ਿੰਮੇ ਲੈ ਲੈਂਦਾ ਹੈ।…” (ਉਪਰੋਕਤ, ਸਫਾ-518-19, ਜ਼ੋਰ ਸਾਡਾ)

ਇਸ ਤਰ੍ਹਾਂ ਅਸੀਂ ਇੱਥੇ ਮਾਰਕਸ ਦੀ ਵਿਚਾਰ-ਚਰਚਾ ਵਿੱਚ ਇੱਕ ਗਰੁੱਪ ਨਾਲ ਠੇਕੇ ਦਾ ਜ਼ਿਕਰ ਦੇਖਦੇ ਹਾਂ ਪਰ ਉਹ ਕਦੇ ਵੀ ਇਸਨੂੰ ”ਅਰਧ-ਜਗੀਰੂ” ਦਾ ਨਾਮ ਨਹੀਂ ਦਿੰਦੇ। ਕਿਉਂਕਿ ਸਾਡੇ ਦੋਸਤ ਇੰਨਾ ਜ਼ੋਰ ਦਿੰਦੇ ਹਨ ਕਿ –

”ਸਰਮਾਏਦਾਰੀ ਵਿੱਚ ਹਰ ਵਿਅਕਤੀ ਨੂੰ ਵੱਖਰੇ ਤੌਰ ‘ਤੇ ਅਦਾਇਗੀ ਕੀਤੀ ਜਾਂਦੀ ਹੈ ਨਾ ਕਿ ਇੱਕ ਪਰਿਵਾਰਕ ਇਕਾਈ ਵਜੋਂ, ਇਹ ਭਾਵੇਂ ਰੋਜ਼ਾਨਾ ਉਜਰਤ ਦਾ ਕੰਮ ਹੋਵੇ ਜਾਂ ਪੀਸ-ਰੇਟ ਦਾ ਕੰਮ।” ਇਸ ਲਈ ਅਸੀਂ ਉਹਨਾਂ ਦਾ ਧਿਆਨ ਘਰੇਲੂ ਕਿਰਤ ਅਤੇ ਘਰੇਲੂ ਸੱਨਅਤ ਬਾਰੇ ਮਾਰਕਸ ਦੀ ਲਿਖਤ ਸਰਮਾਇਆ ‘ਚ ਵਿਸਥਾਰਤ ਟਿੱਪਣੀਆਂ ਵੱਲ ਦਿਵਾਉਣਾ ਚਾਹਾਂਗੇ ਜਿੱਥੇ ਉਹ ਉਹ ਕੰਮ-ਅਨੁਸਾਰ ਉਜਰਤਾਂ ‘ਤੇ ਕੰਮ ਕਰਦੇ ਬੱਚਿਆਂ ਸਮੇਤ ਪੂਰੇ ਪਰਿਵਾਰ ਦੀ ਅਧੋਗਤੀ ਦੀ ਚਰਚਾ ਕਰਦੇ ਹਨ।

ਅੱਗੇ ਵਧਦੇ ਹਾਂ – ”ਪੰਜਾਬ ਵਿੱਚ ਦਿਹਾੜੀਦਾਰ ਮਜ਼ਦੂਰੀ ਦਾ ਖਾਸਾ” ਵਾਲੇ ਹਿੱਸੇ ਵਿੱਚੋਂ ਜਿਸ ਪੈਰੇ ਦਾ ਅਸੀਂ ਹਵਾਲਾ ਦਿੱਤਾ ਸੀ ਉਸ ਵਿੱਚ ਸਾਡੇ ਦੋਸਤ ਕਹਿੰਦੇ ਹਨ-

”ਉਹ ਅਰਧ-ਬੰਧੂਆ ਹਨ; ਭਾਵੇਂ ਉਹ ਆਪਣੇ ਮਾਲਕ ਨੂੰ (ਆਪਣਾ ਕਰਜ਼ਾ ਅਦਾ ਕਰਨ ਪਿੱਛੋਂ) ਛੱਡ ਸਕਦੇ ਹਨ ਪਰ ਇਹ ਬੇਮਤਲਬ ਹੈ। ਜਿੱਥੇ ਰੁਜ਼ਗਾਰ ਆਪਣੇ-ਆਪ ‘ਚ ਹੀ ਔਖਾ ਹੈ ਅਤੇ ਆਧੁਨਿਕ ਤਕਨੀਕ ਦੀ ਵਰਤੋਂ ਤੇ ਵਧਦੇ ਜਰੱਈ ਸੰਕਟ ਕਾਰਨ ਇਹ ਹੋਰ ਵੀ ਔਖਾ ਹੋ ਰਿਹਾ ਹੈ।” (ਸਫਾ-4)

ਸਾਡੇ ਦੋਸਤ ਉਜਰਤੀ ਕਿਰਤ ਵਿੱਚ ਸਿਰਫ਼ ਅਜ਼ਾਦੀ ਦੇਖਦੇ ਹਨ ਪਰ ਮਾਰਕਸ ਇਸਨੂੰ ਉਜਰਤੀ ਗੁਲਾਮੀ ਕਹਿੰਦੇ ਹਨ। ਮਜ਼ਦੂਰ ਨਾ ਸਿਰਫ਼ ਆਪਣੀ ਕਿਰਤ-ਸ਼ਕਤੀ ਵੇਚਣ ਲਈ ਅਜ਼ਾਦ ਹੈ ਸਗੋਂ ਭੁੱਖਾ ਮਰਨ ਲਈ ਵੀ ਅਜ਼ਾਦ ਹੈ। ਨਾ ਸਿਰਫ਼ ਉਹ ਉਜਰਤੀ ਕਿਰਤੀ ਦੀ ”ਅਜ਼ਾਦੀ” ‘ਚ ਲੁਕੀ ਹੋਈ ਜਮਾਤੀ ਨਿਰਭਰਤਾ ਤੇ ਉਜਰਤੀ ਗੁਲਾਮੀ ਨੂੰ ਦੇਖਣ ‘ਚ ਅਸਮਰੱਥ ਹਨ, ਸਗੋਂ ਉਜਰਤੀ ਮਜ਼ਦੂਰਾਂ ਨੂੰ ਇੱਕ ਜਮਾਤ ਵਜੋਂ ਵੀ ਨਹੀਂ ਦੇਖਦੇ, ਉਲਟਾ ਇੱਕ ਵਿਅਕਤੀਗਤ ਮਜ਼ਦੂਰ ਤੇ ਸਰਮਾਏਦਾਰ ਨੂੰ ਆਹਮਣੇ-ਸਾਹਮਣੇ ਕਰਕੇ ਵੇਖਦੇ ਹਨ। ਇਸ ਤਰ੍ਹਾਂ ਉਹਨਾਂ ਦਾ ਸਿਧਾਂਤ ਇਹ ਹੈ – ਜੇ ਮਜ਼ਦੂਰ ਬੇਰੁਜ਼ਗਾਰ ਹੈ ਤਾਂ ਇਸਦਾ ਮਤਲਬ ਇਹ ਹੋਇਆ ਕਿ ਉਹ ਸਰਮਾਏਦਾਰਾ ਪ੍ਰਬੰਧ ਦਾ ਹਿੱਸਾ ਨਹੀਂ ਹੈ – ਉਸਦੀ ਇਹ ਹਾਲਤ ਅਰਧ-ਜਗੀਰਦਾਰੀ ਦੀ ਮੌਜੂਦਗੀ ਨੂੰ ਸਿੱਧ ਕਰਦੀ ਹੈ। ਕੋਈ ਹੈਰਾਨੀ ਨਹੀਂ ਕਿ ਉਹ ”ਆਧੁਨਿਕ ਤਕਨੀਕ” ਨੂੰ ”ਰੁਜ਼ਗਾਰ ਨੂੰ ਔਖਾ ਬਣਾ” ਦੇਣ ਵਾਲ਼ੀ ਸਮਝਦੇ ਹਨ ਜੋ ਕਿ ਅਰਧ-ਬੰਧੂਆ ਹਾਲਤ ਨੂੰ ਜਨਮ ਦਿੰਦੀ ਹੈ। ਇਸ ਤਰ੍ਹਾਂ ਮਸ਼ੀਨਾਂ ਦਾ ਇਸਤੇਮਾਲ ਬੰਧੂਆ ਹੋਣ ਨੂੰ ਜਨਮ ਦਿੰਦਾ ਹੈ ਅਤੇ ਕਿਉਂਕਿ ਉਹ ਸਰਮਾਏਦਾਰੀ ਤੇ ਉਜਰਤੀ ਕਿਰਤ ਨੂੰ ਅਜ਼ਾਦੀ ਦੀ ਸਿਰਮੌਰ ਉਚਾਈ ਸਮਝਦੇ ਹਨ, ਉਹਨਾਂ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਮਜ਼ਦੂਰ ਦੇ ਬੇਰੁਜ਼ਗਾਰ ਹੋ ਜਾਣ ਨੂੰ ਅਰਧ-ਜਗੀਰਦਾਰੀ ਮੰਨਣ। ਉਹ ਦਾਅਵੇ ਨਾਲ਼ ਕਹਿੰਦੇ ਹਨ-

”ਕੇਂਦਰੀ ਸਵਾਲ ਇਹ ਹੈ ਕਿ ਵਿਸ਼ਾਲ ਅਬਾਦੀ ਦੀ ਕਿੰਨੀ ਫੀਸਦੀ ਪੈਦਾਵਾਰ ਦੇ ਸਰਮਾਏਦਾਰੀ ਸਬੰਧਾਂ ‘ਚ ਲਿਆਂਦੀ ਗਈ ਹੈ, ਭਾਵ ਵਾਧੂ ਮੁੱਲ ਪੈਦਾ ਕਰਨ ਲਈ ਸਰਮਾਏ ਨੇ ਕਿੰਨਿਆਂ ਨੂੰ ਰੁਜ਼ਗਾਰ ਦਿੱਤਾ ਹੈ। ਅਸੀਂ ਵੇਖਦੇ ਹਾਂ ਕਿ ਬਹੁਗਿਣਤੀ ਵਿਸ਼ਾਲ ਤੁਰਦੀ-ਫਿਰਦੀ ਅਬਾਦੀ ਬਣਦੀ ਹੈ ਜੋ ਜ਼ਮੀਨ ‘ਤੇ ਵਾਧੂ ਭਾਰ ਪੈਣ ਨਾਲ਼ ਉਜਾੜੀ ਗਈ ਹੈ, ਜੋ ਨਿੱਕੇ-ਮੋਟੇ ਧੰਦੇ ਕਰਕੇ ਰੋਜ਼ੀ-ਰੋਟੀ ਦਾ ਜੁਗਾੜ ਕਰਦੀ ਫਿਰਦੀ ਹੈ।” (ਸਫਾ-4, ਜ਼ੋਰ ਮੂਲ ਵਿੱਚ)

”ਕਿਰਤ ਤਾਂ ਹੀ ਸੱਚੀ ਸਰਮਾਏਦਾਰਾ ਕਿਰਤ ਸ਼ਕਤੀ ਵਜੋਂ ਦੇਖੀ ਜਾ ਸਕਦੀ ਹੈ ਜੇ ਇਹ ਮਾਰਕਸ ਵੱਲੋਂ ਦਰਸਾਏ (ਉੱਪਰ ਜ਼ਿਕਰ ਅਧੀਨ ਆਏ) ਦੋਨਾਂ ਮਾਪਦੰਡਾਂ ‘ਤੇ ਪੂਰੀ ਉਤਰਦੀ ਹੋਵੇ ਅਤੇ ਸਰਮਾਏ ਵੱਲੋਂ ਇਸਨੂੰ ਵਾਧੂ ਮੁੱਲ ਪੈਦਾ ਕਰਨ ਲਈ ਲਾਇਆ ਹੋਵੇ।” (ਸਫਾ-5)

ਨਾ ਸਿਰਫ਼ ਉਹ ਉਜਰਤੀ ਕਿਰਤੀ ਦੀ ”ਅਜ਼ਾਦੀ” ‘ਚ ਲੁਕੀ ਹੋਈ ਜਮਾਤੀ ਨਿਰਭਰਤਾ ਤੇ ਉਜਰਤੀ ਗੁਲਾਮੀ ਨੂੰ ਦੇਖਣ ‘ਚ ਅਸਮਰੱਥ ਹਨ, ਸਗੋਂ ਉਹ ਉਜਰਤੀ ਕਿਰਤ-ਸਰਮਾਏ ਦੇ ਸਬੰਧ ਨੂੰ ਪੈਦਾਵਾਰ ਦੇ ਇੱਕ ਸਮਾਜਿਕ ਸਬੰਧ ਦੇ ਤੌਰ ‘ਤੇ ਦੇਖਣ ਵਿੱਚ ਵੀ ਨਾਕਾਮ ਰਹਿੰਦੇ ਹਨ। ਇਸ ਲਈ ਸਰਮਾਏ ਦੀ ਪੂਰੀ ਗਤੀ ਨੂੰ ਵੀ ਨਹੀਂ ਦੇਖ ਸਕਦੇ ਜੋ ਕਿ ਇੱਕ ਵਿਰੋਧਤਾਈ ਹੈ। ਇਸ ਲਈ ਉਹ ਧਾਰਣਾ ਪਾਲਦੇ ਹਨ ਕਿ ਜੇ ਮਜ਼ਦੂਰ ਬੇਰੁਜ਼ਗਾਰ ਹੈ – ਉਹ ਵਾਫਰ ਕਦਰ ਨਹੀਂ ਪੈਦਾ ਕਰ ਰਿਹਾ – ਤਾਂ ਉਹ ਉਜਰਤੀ ਮਜ਼ਦੂਰ ਨਹੀਂ ਰਿਹਾ ਸਗੋਂ ਅਰਧ-ਜਗੀਰੂ ਮਜ਼ਦੂਰ ਬਣ ਗਿਆ ਹੈ! ਉਹ ਇਹ ਨਹੀਂ ਦੇਖ ਪਾਉਂਦੇ ਕਿ ਕਦਰ (ਅਤੇ ਵਾਫਰ ਕਦਰ) ਪੈਦਾਵਾਰ ਦੇ ਸਮਾਜਿਕ ਸਬੰਧ ਹਨ। ਇਹ ਸੱਚੀਓਂ ਹੀ ਇੱਕ ਵਿਰੋਧਾਭਾਸ ਲੱਗ ਸਕਦਾ ਹੈ ਕਿ ਮਜ਼ਦੂਰ ਸਰਮਾਏਦਾਰ ਲਈ ਵਾਫਰ ਕਦਰ ਪੈਦਾ ਕਰਦੇ ਹਨ ਅਤੇ ਫਿਰ ਵੀ ਆਪਣੀ ਵਾਫਰ ਕਦਰ ਵਧਾਉਣ ਦੀ ਪ੍ਰਕਿਰਿਆ ਦੌਰਾਨ ਸਰਮਾਏਦਾਰ ਆਪਣੇ ਹੀ ”ਹੱਥਾਂ” ਨੂੰ ਵਗਾਹ ਮਾਰਦਾ ਹੈ। ਜਿਵੇਂ ਲੈਨਿਨ ਅਕਸਰ ਕਹਿੰਦੇ ਸਨ ਕਿ ਜੇ ਇਹ ਵਿਰੋਧਾਭਾਸ ਹੈ ਤਾਂ ਇਹ ਅਸਲੀ ਜ਼ਿੰਦਗੀ, ਸਰਮਾਏਦਾਰੀ ਦਾ ਵਿਰੋਧਾਭਾਸ ਹੈ। ਬੇਰੁਜ਼ਗਾਰ ਮਜ਼ਦੂਰ ਜਿਵੇਂ ਕਿ ਮਾਰਕਸ ਕਹਿੰਦੇ ਸਨ, ਕਿਰਤ ਦੀ ਰਾਖਵੀਂ ਫੌਜ ਦਾ ਹਿੱਸਾ ਹੈ।

ਜੇ ਸਾਡੇ ਦੋਸਤਾਂ ਨੇ ਕਦਰ ਤੇ ਵਾਫਰ ਕਦਰ, ਸਰਮਾਏ ਤੇ ਕਿਰਤ ਨੂੰ ਪੈਦਾਵਾਰ ਦੇ ਸਬੰਧਾਂ ਦੇ ਤੌਰ ‘ਤੇ ਸਮਝਿਆ ਹੁੰਦਾ ਤਾਂ ਉਹ ਇਹ ਸਰਮਾਏਦਾਰਾ ਪੈਦਾਵਾਰ ਨੂੰ ਇੱਕ ਸਮੁੱਚੀ ਪ੍ਰਕਿਰਿਆ ਦੇ ਰੂਪ ‘ਚ ਦੇਖਦੇ। ਵਾਫਰ ਕਦਰ ਦੀ ਪੈਦਾਵਾਰ ਜ਼ਰੂਰੀ ਕਿਰਤ ਸਮੇਂ ਭਾਵ ਉਹ ਸਮਾਂ ਜਿਸ ਦੌਰਾਨ ਕਿਰਤ ਆਪਣੀ ਕਿਰਤ ਸ਼ਕਤੀ ਦੀ ਕਦਰ ਪੈਦਾ ਕਰਦੀ ਹੈ, ਨੂੰ ਘੱਟ ਕਰਨ ਨੂੰ ਲਾਜ਼ਮੀ ਬਣਾਉਂਦੀ ਹੈ। ਇਹ ਵਾਫਰ ਕਿਰਤ ਸਮੇਂ ਨੂੰ ਵਧਾਉਂਦੀ ਹੈ ਭਾਵ ਉਸ ਸਮੇਂ ਨੂੰ ਜਿਸ ਦੌਰਾਨ ਮਜ਼ਦੂਰ ਵਾਫਰ ਕਦਰ ਪੈਦਾ ਕਰਨ ਲਈ ਕੰਮ ਕਰਦਾ ਹੈ। ਇਹ ਸਰਮਾਏ ਦੀ ਅਵੈਵੀ (ਆਰਗੈਨਿਕ) ਬਣਤਰ ਨੂੰ ਸਦਾ ਵਧੇਰੇ ਉਚੇਰਾ ਕਰਦੀ ਜਾਂਦੀ ਹੈ ਜੋ ਸਾਰਤੱਤ ‘ਚ ਅਰਥ ”ਆਧੁਨਿਕ ਤਕਨੀਕ””ਦੀ ਵਰਤੋਂ ਅਤੇ ”ਆਧੁਨਿਕ ਸਾਜੋਸਮਾਨ ‘ਤੇ ਨਿਰਭਰਤਾ” ਅਤੇ ਇਸ ਤਰ੍ਹਾਂ ਬੇਰੁਜ਼ਗਾਰੀ ਹੈ। ਮਾਰਕਸਵਾਦੀ ਨਜ਼ਰੀਆ ਇਹ ਹੈ:-

”… ਸਰਮਾਇਆ ਜਿਸ ਢੰਗ ਨਾਲ ਜ਼ਰੂਰੀ ਅਤੇ ਵਾਫ਼ਰ ਕਿਰਤ ਵਿੱਚ ਸਬੰਧ ਨੂੰ ਪ੍ਰਗਟ ਕਰਦਾ ਹੈ ਉਸਦਾ ਸਿੱਟਾ ਇਹ ਨਿਕਲਦਾ ਹੈ ਕਿ ਜ਼ਰੂਰੀ ਕਿਰਤ ਭਾਵ ਕਿ ਕਿਰਤ ਦਾ ਉਹ ਹਿੱਸਾ ਜਿਹੜਾ ਕਿਰਤ ਸਮਰੱਥਾ3 ਨੂੰ ਮੁੜ-ਪੈਦਾ ਕਰਦਾ ਹੈ, ਦਾ ਇੱਕ ਹਿੱਸਾ ਬੇਲੋੜਾ ਹੁੰਦਾ ਹੈ ਅਤੇ ਇਹ ਕਿਰਤ ਸਮਰੱਥਾ ਜ਼ਰੂਰੀ ਕਿਰਤੀ ਅਬਾਦੀ ਭਾਵ ਉਹ ਕਿਰਤੀ ਅਬਾਦੀ ਜਿਸਦਾ ਜ਼ਰੂਰੀ ਕਿਰਤ ਸਮਾਂ ਸਰਮਾਏ ਲਈ ਬੇਲੋੜਾ ਨਹੀਂ ਸਗੋਂ ਜ਼ਰੂਰੀ ਹੁੰਦਾ ਹੈ, ਤੋਂ ਵਾਫ਼ਰ ਦੇ ਰੂਪ ‘ਚ ਮਿਲਣੀ ਚਾਹੀਦੀ ਹੈ। ਕਿਉਂਕਿ ਸਰਮਾਏ ਦੁਆਰਾ ਪੈਦਾਵਾਰੀ ਸ਼ਕਤੀਆਂ ਦਾ ਲਾਜ਼ਮੀ ਤੌਰ ‘ਤੇ ਕੀਤਾ ਗਿਆ ਵਿਕਾਸ ਜਾਂ ਤਾਂ ਵਾਫ਼ਰ ਕਿਰਤ/ਜ਼ਰੂਰੀ ਕਿਰਤ ਦਾ ਅਨੁਪਾਤ ਵਧਾਉਂਦਾ ਹੈ, ਜਾਂ ਫਿਰ ਵਾਫ਼ਰ ਕਿਰਤ ਦੀ ਇੱਕ ਖਾਸ ਮਿਕਦਾਰ ਲਈ ਚਾਹੀਦੀ ਜ਼ਰੂਰੀ ਕਿਰਤ ਦੀ ਮਾਤਰਾ ਘਟਾ ਦਿੰਦਾ ਹੈ, ਇਸ ਲਈ ਕਿਰਤ ਸਮਰੱਥਾ ਦੀ ਮੌਜੂਦ ਕਿਸੇ ਖਾਸ ਮਾਤਰਾ ‘ਚ ਜ਼ਰੂਰੀ ਕਿਰਤ ਦਾ ਅਨੁਪਾਤ ਲਗਾਤਾਰ ਘਟਦਾ ਜਾਣਾ ਚਾਹੀਦਾ ਹੈ, ਮਤਲਬ ਕਿ ਕਿਰਤ ਸਮਰੱਥਾਵਾਂ ਦਾ ਇੱਕ ਹਿੱਸਾ ਬੇਲੋੜਾ ਹੁੰਦਾ ਜਾਣਾ ਚਾਹੀਦਾ ਹੈ ਕਿਉਂਕਿ ਵਾਫ਼ਰ ਕਿਰਤ ਪੈਦਾ ਕਰਨ ਪਹਿਲਾਂ ਜ਼ਰੂਰੀ ਕਿਰਤ ਦਾ ਹੁਣ (ਸਿਰਫ਼) ਕੁਝ ਹਿੱਸਾ ਹੀ ਕਾਫ਼ੀ ਹੁੰਦਾ ਹੈ।

”ਵਾਫ਼ਰ ਕਿਰਤ/ਜ਼ਰੂਰੀ ਕਿਰਤ ਦੇ ਅਨੁਪਾਤ ‘ਚ ਵਾਧੇ ਦਾ ਲਾਜ਼ਮੀ ਸਿੱਟਾ ਕਿਰਤ ਸਮਰੱਥਾ ਭਾਵ ਕਿ ਇਸਨੂੰ ਮੁੜ-ਪੈਦਾ ਕਰਨ ਵਾਲ਼ੀ ਕਿਰਤ ਸਮਰੱਥਾ ਦੇ ਇੱਕ ਖਾਸ ਹਿੱਸੇ ਨੂੰ ਬੇਲੋੜਾ ਬਣਾਉਣ ਵਿੱਚ ਨਿਕਲਦਾ ਹੈ। ਜ਼ਰੂਰੀ ਕਿਰਤ ਦਾ ਸਾਪੇਖਕ ਤੌਰ ‘ਤੇ ਘਟ ਜਾਣਾ ਵਾਫ਼ਰ ਕਿਰਤ ਸਮਰੱਥਾਵਾਂ ਦੇ ਵਧਣ ‘ਚ ਭਾਵ ਵਾਫ਼ਰ ਅਬਾਦੀ ਦੇ ਰੂਪ ‘ਚ ਪ੍ਰਗਟ ਹੁੰਦਾ ਹੈ।” (ਮਾਰਕਸ, ਗਰੂੰਡਰਿਸ਼ੇ, ਸਮੁੱਚੀਆਂ ਲਿਖਤਾਂ ਸੈਂਚੀ 28, ਸਫ਼ਾ-528, ਜ਼ੋਰ ਸਾਡਾ)

ਸਰਮਾਏਦਾਰੀ ਲਾਜ਼ਮੀ ਤੌਰ ‘ਤੇ ਕਿਰਤ ਦੀ ਵਿਸ਼ਾਲ ਰਾਖਵੀਂ ਫੌਜ਼ ਤਿਆਰ ਕਰਦੀ ਹੈ। ਅਤੇ

”… ਜੇ ਇੱਕ ਪਾਸੇ ਵਾਫ਼ਰ ਕਿਰਤ ਅਬਾਦੀ ਸਰਮਾਏਦਾਰਾ ਅਧਾਰ ‘ਤੇ ਧਨ ਦੇ ਇਕੱਤ੍ਰੀਕਰਨ ਜਾਂ ਵਾਧੇ ਦਾ ਲਾਜ਼ਮੀ ਨਤੀਜਾ ਹੈ ਤਾਂ ਦੂਜੇ ਪਾਸੇ ਇਹ ਵਾਫ਼ਰ ਅਬਾਦੀ ਸਰਮਾਏਦਾਰਾ ਇਕੱਤ੍ਰੀਕਰਨ ਜਾਂ ਕਿਹਾ ਜਾਵੇ ਪੈਦਾਵਾਰ ਦੇ ਸਰਮਾਏਦਾਰਾ ਢੰਗ ਦਾ ਲੀਵਰ ਬਣ ਜਾਂਦੀ ਹੈ। ਇਹ ਲੋੜ ਅਨੁਸਾਰ ਵਰਤੀ ਜਾਣ ਵਾਲੀ ਸੱਨਅਤੀ ਰਾਖਵੀਂ ਫੌਜ ਬਣ ਜਾਂਦੀ ਹੈ ਜੋ ਸਰਮਾਏ ਨਾਲ਼ ਇਦਾਂ ਜੁੜੀ ਹੁੰਦੀ ਹੈ ਜਿਵੇਂ ਸਰਮਾਏ ਨੇ ਇਸਨੂੰ ਆਪਣੀ ਕੀਮਤ ‘ਤੇ ਪੈਦਾ ਕੀਤਾ ਹੋਵੇ।” (ਸਰਮਾਇਆ, ਸੈਂਚੀ 1, ਸਫ਼ਾ 592)

ਇਸ ਤਰ੍ਹਾਂ ਸਰਮਾਏਦਾਰਾ ਪੈਦਾਵਾਰ ਨਾ ਸਿਰਫ਼ ਇੱਕ ਫਾਲਤੂ, ਵਰਤ ਕੇ ਛੱਡ ਦਿੱਤੀ ਜਾਣ ਵਾਲ਼ੀ ਵਾਫ਼ਰ ਅਬਾਦੀ ਨੂੰ ਪੈਦਾ ਕਰਦੀ ਹੈ ਜਿਹੜੀ ਕੋਈ ਵੀ ਵਾਫ਼ਰ ਕਦਰ ਨਹੀਂ ਪੈਦਾ ਕਰਦੀ (ਅਤੇ ਇਸ ਲਈ ਸਾਡੇ ਮਿੱਤਰਾਂ ਅਨੁਸਾਰ ਅਰਧ-ਜਗੀਰੂ ਹੈ) ਸਗੋਂ ਉਸਨੂੰ ਲੋੜ ਪੈਣ ‘ਤੇ ਜਿਵੇਂ ਕਿ ਕਿਸੇ ਵੱਡੇ ਉਸਾਰੀ ਪ੍ਰੋਜੈਕਟ ਵੇਲੇ ਅਪਣਾਉਂਦੀ ਵੀ ਹੈ। ਇਸ ਬੇਰੁਜ਼ਗਾਰ ਫੌਜ਼ ਦੇ ਨਾਲ-ਨਾਲ ਅਸੀਂ ਪੰਜਾਬ ਵਿੱਚ ਖੇਤੀਬਾੜੀ ਦੇ ਸੀਜ਼ਨ ਦੌਰਾਨ ਮਜ਼ਦੂਰਾਂ ਦੀ ਘਾਟ ਦੀ ਸ਼ਿਕਾਇਤ ਵੀ ਸੁਣਦੇ ਹਾਂ। ਸਾਡੇ ਮਿੱਤਰ ਇਹ ਗੱਲ ਨੋਟ ਕਰਨ। ਬੇਰੁਜ਼ਗਾਰ ਜਾਂ ਅਰਧ-ਬੇਰੁਜ਼ਗਾਰਾਂ ਦੀ ਇਹ ਵਿਸ਼ਾਲ ਫੌਜ਼ ਆਧੁਨਿਕ ਮਜ਼ਦੂਰ ਜਮਾਤ ਦਾ ਹੀ ਹਿੱਸਾ ਹੈ ਅਤੇ ਇਹ ਸਰਮਾਏਦਾਰੀ ਨਾਲ ਹੀ ਜੁੜੀ ਹੈ ਜਿਵੇਂ ਕਿ ਉੱਪਰ ਮਾਰਕਸ ਨੇ ਦੱਸਿਆ ਹੈ। ਸਾਡੇ ਮਿੱਤਰ ਜਿਸ ਦੀ ਗੱਲ ਕਰ ਰਹੇ ਹਨ ਉਹ ਵਾਫ਼ਰ ਆਬਾਦੀ ਦੀ ਤੀਜੀ ਕਿਸਮ ਹੈ ਜਿਹੜੀ ਸਦਾ ਗਤੀਹੀਣ ਰਹਿੰਦੀ ਹੈ, ਬਹੁਤ ਹੀ ਅਨਿਯਮਿਤ ਰੂਪ ‘ਚ ਕੰਮ ਹਾਸਿਲ ਕਰ ਪਾਉਂਦੀ ਹੈ ਅਤੇ ਕੰਗਾਲੀ ਦੀ ਹਾਲਤ ਜਿਸਦਾ ਖਾਸਾ ਹੈ।

”ਪਰੰਤੂ ਸ਼ਹਿਰ ਵੱਲ ਨੂੰ ਲਗਾਤਾਰ ਪਰਵਾਸ ਪੇਂਡੂ ਇਲਾਕੇ ‘ਚ ਪਹਿਲਾਂ ਹੀ ਇੱਕ ਲਗਾਤਾਰ ਛੁਪੀ ਹੋਈ ਵਾਫ਼ਰ ਅਬਾਦੀ ਦੀ ਹੋਂਦ ਨੂੰ ਪ੍ਰਗਟ ਕਰਦਾ ਹੈ ਜਿਸਦੇ ਵਿਸਥਾਰ ਦਾ ਪਤਾ ਉਦੋਂ ਹੀ ਚਲਦਾ ਹੈ ਜਦੋਂ ਇਸਦੇ ਬਾਹਰ ਨਿਕਲਣ ਦੇ ਰਸਤਿਆਂ ਦਾ ਚੋਖਾ ਫੈਲਾਅ ਹੋ ਜਾਂਦਾ ਹੈ। ਇਸ ਲਈ ਖੇਤ-ਮਜ਼ਦੂਰ ਘੱਟ ਤੋਂ ਘੱਟ ਉਜਰਤ ਤੱਕ ਸਿਮਟ ਜਾਂਦਾ ਹੈ, ਅਤੇ ਹਮੇਸ਼ਾਂ ਆਪਣਾ ਇੱਕ ਪੈਰ ਕੰਗਾਲੀ ਦੀ ਦਲਦਲ ‘ਚ ਰੱਖ ਕੇ ਖੜ੍ਹਾ ਹੁੰਦਾ ਹੈ।” (ਉਪਰੋਕਤ, ਸਫ਼ਾ 601-02, ਜ਼ੋਰ ਸਾਡਾ)

ਸਾਡੇ ਮਿੱਤਰ ਲਿਖਦੇ ਹਨ-

”ਏਨੀ ਭਾਰੀ ਉੱਜੜੀ ਹੋਈ ਕਿਰਤ ਸ਼ਕਤੀ ਨੂੰ ਜ਼ਜਬ ਕਰਨ ਲਈ ਬਾਕੀ ਦੇਸ਼ ਵਾਂਗੂ ਪੰਜਾਬ ‘ਚ ਵੀ ਬਹੁਤ ਥੋੜੀ ਸੱਨਅਤੀ ਤੇ ਉਸਾਰੀ ਵਾਲੀ ਤਰੱਕੀ ਹੋਈ ਹੈ। ਇਸ ਅਬਾਦੀ ਦਾ ਇੱਕ ਵੱਡਾ ਹਿੱਸਾ ਵਿਦੇਸ਼ਾਂ ਵੱਲ ਚਲਿਆ ਗਿਆ ਹੈ।” (ਸਫ਼ਾ 4)

”ਇਹ ਵਿਸ਼ਾਲ ਤੁਰਦੀ ਫਿਰਦੀ ਅਬਾਦੀ ਅਰਧ-ਜਗੀਰੂ, ਅਰਧ-ਬਸਤੀਵਾਦੀ ਪ੍ਰਬੰਧ ਦਾ ਸਿੱਟਾ ਹੈ, ਜੋ ਸਾਮਰਾਜੀ ਤੇ ਦਲਾਲ ਨੌਕਰਸ਼ਾਹ ਸਰਮਾਏਦਾਰੀ ਦੇ ਮਰਨ ਕੰਢੇ ਤੇ ਪਰਜੀਵੀ ਕਿਰਦਾਰ ਕਾਰਨ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਨੂੰ ਮੱਠਾ ਪਾਉਂਦਾ ਹੈ। ਪੱਛੜੇ ਜ਼ਮੀਨੀ ਰਿਸ਼ਤਿਆਂ ਤੇ ਜਨਤਕ ਗਰੀਬੀ ਕਾਰਨ ਘਰੇਲੂ ਮੰਡੀ ‘ਚ ਖੜੋਤ ਪੈਦਾ ਕਰਦਾ ਹੈ।” (ਸਫ਼ਾ 5)

ਸਾਡੇ ਮਿੱਤਰ ਸੋਚਦੇ ਹਨ ਕਿ ਇਸ ਆਬਾਦੀ ਨੂੰ ਸੱਨਅਤੀ ਖੇਤਰ ‘ਚ ਨਾਲ ਦੀ ਨਾਲ ਰੁਜ਼ਗਾਰ ਮਿਲਣਾ ਜਾਂ ”ਸਮੋਇਆ” ਜਾਣਾ ਚਾਹੀਦਾ ਹੈ। ਜੇ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਇਹ ਸਰਮਾਏਦਾਰਾ ਖਾਸਾ ਨਾ ਹੋ ਕੇ ਅਰਧ-ਜਗੀਰੂ ਬਣ ਜਾਂਦਾ ਹੈ। ਇਹ ਦਾਅਵਾ ਕਿ ਬੇਰੁਜ਼ਗਾਰ ਹੋਣ ਕਰਕੇ ਕਿਰਤ ਵਾਫ਼ਰ ਪੈਦਾ ਨਹੀਂ ਕਰਦੀ ਅਤੇ ਇਸ ਲਈ ਅਜਿਹੀ ਕਿਰਤ ਨੂੰ ਸਰਮਾਏਦਾਰਾ ਉਜਰਤੀ ਕਿਰਤ ਨਹੀਂ ਕਿਹਾ ਜਾ ਸਕਦਾ, ਖਾਰਜ ਕਰਨ ਤੋਂ ਬਾਅਦ ਆਉ ਅਸੀਂ ਇਸੇ ਤਰ੍ਹਾਂ ਦੀਆਂ ਇਤਿਹਾਸਕ ਪ੍ਰਕਿਰਿਆਵਾਂ ਦੇ ਪੁਰਾਣੇ ਸਰਮਾਏਦਾਰਾ ਦੇਸ਼ਾਂ ‘ਚ ਵਾਪਰੇ ਉਦਾਹਰਣਾਂ ਵੱਲ ਧਿਆਨ ਮਾਰੀਏ। ਸਾਡੇ ਕੋਲ ਕਿੰਨੀਆਂ ਹੀ ਅਜਿਹੀਆਂ ਸਾਹਿਤਕ ਲਿਖਤਾਂ ਹਨ ਜਿਹਨਾਂ ਵਿੱਚ ਇਸ ਤਰ੍ਹਾਂ ਦੇ ਬੇਰੁਜ਼ਗਾਰ ਲੋਕਾਂ ਦੀਆਂ ਹਾਲਤਾਂ ਦਾ ਚਿਤਰਣ ਕੀਤਾ ਗਿਆ ਹੈ। ਅਮਰੀਕਾ ਜਿਹੇ ਮੁਲਕ ਵਿੱਚ ਵੀ ਸਾਨੂੰ ਬੇਘਰਿਆਂ ਤੇ ਅਵਾਰਾਗਰਦਾਂ ‘ਤੇ ਜੈਕ ਲੰਡਨ ਜਿਹੇ ਨਾਵਲਕਾਰਾਂ ਦੇ ਨਾਵਲ ਅਤੇ ਅਪਟਨ ਸਿਨਕਲੇਅਰ ਤੇ ਜੌਹਨ ਸਟੀਨਬੈੱਕ ਦੁਆਰਾ ਆਵਾਰਾਗਰਦੀ ਦੇ ਚਿਤਰਣ ਮਿਲਦੇ ਹਨ। ਅਵਾਰਾਗਰਦ ਦੇ ਪਾਤਰ ਨੂੰ ਚਾਰਲੀ ਚੈਪਲਿਨ ਦੀਆਂ ਫਿਲਮਾਂ ਨੇ ਅਮਰ ਬਣਾ ਦਿੱਤਾ ਹੈ। ਅੱਗੇ ਵਧਣ ਲਈ ਦੇਖੀਏ ਕਿ ਮਾਰਕਸ ਇਸ ਨੂੰ ਕਿਵੇਂ ਵਰਨਣ ਕਰਦੇ ਹਨ-

”ਜਿੰਨਾ ਜ਼ਿਆਦਾ ਸਮਾਜਿਕ ਧਨ, ਕੰਮ ਕਰਦਾ ਸਰਮਾਇਆ, ਇਸਦੇ ਪਸਾਰ ਦਾ ਫੈਲਾਅ ਤੇ ਤਾਕਤ, ਅਤੇ, ਇਸ ਲਈ ਪ੍ਰੋਲੇਤਾਰੀ ਦੀ ਨਿਰਪੇਖ ਗਿਣਤੀ ਅਤੇ ਇਸ ਦੀ ਕਿਰਤ ਦੀ ਪੈਦਾਵਾਰਿਕਤਾ (productiveness) ਹੋਵੇਗੀ, ਓਨੀ ਹੀ ਜ਼ਿਆਦਾ ਵਿਸ਼ਾਲ ਸੱਨਅਤੀ ਰਾਖਵੀਂ ਫੌਜ਼ ਹੋਵੇਗੀ। ਜਿਹੜੇ ਕਾਰਕ ਸਰਮਾਏ ਦੇ ਫੈਲਾਅ ਦੀ ਤਾਕਤ ਨੂੰ ਵਿਕਸਤ ਕਰਦੇ ਹਨ, ਉਹੀ ਕਾਰਕ ਇਸਦੇ ਅਖਤਿਆਰ ਅਧੀਨ ਕਿਰਤ ਸ਼ਕਤੀ ਦਾ ਵਿਕਾਸ ਵੀ ਕਰਦੇ ਹਨ। ਸੱਨਅਤੀ ਰਾਖਵੀਂ ਫੌਜ਼ ਦਾ ਸਾਪੇਖਕ ਅਕਾਰ ਵੀ ਧਨ ਦੀ ਸੰਭਾਵਿਤ ਸ਼ਕਤੀ ਦੇ ਨਾਲ ਹੀ ਵਧਦਾ ਜਾਂਦਾ ਹੈ। ਪਰ ਸਰਗਰਮ ਕਿਰਤ ਫੌਜ਼ ਦੇ ਮੁਕਾਬਲੇ ਜਿੰਨੀ ਇਹ ਰਾਖਵੀਂ ਫੌਜ਼ ਵਡੇਰੀ ਹੋਵੇਗੀ, ਓਨਾ ਹੀ ਇਸ ਪੱਕੀ ਵਾਫ਼ਰ ਆਬਾਦੀ ਦਾ ਸਮੂਹ ਵੱਡਾ ਹੋਵੇਗਾ ਜਿਸਦੀ ਗੁਰਬਤ ਇਸਦੀ ਕਿਰਤ ਦੇ ਤਸੀਹੇ ਨਾਲ ਉਲਟ ਅਨੁਪਾਤ ਰੱਖਦੀ ਹੈ। ਅੰਤਮ ਰੂਪ ਤੌਰ ‘ਤੇ ਮਜ਼ਦੂਰ ਜਮਾਤ ਦੀਆਂ ਜਿੰਨੀਆਂ ਵਧੇਰੇ ਫੈਲਰੀਆਂ ਤੈਹਾਂ ਹੋਣਗੀਆਂ, ਅਤੇ ਸੱਨਅਤੀ ਰਾਖਵੀਂ ਫੌਜ਼ ਹੋਵੇਗੀ, ਓਨੀ ਹੀ ਅਧਿਕਾਰਤ ਕੰਗਾਲੀ ਵਧੇਰੇ ਹੋਵੇਗੀ। ਇਹ ਸਰਮਾਏ ਦੇ ਇਕੱਤ੍ਰੀਕਰਨ ਦਾ ਨਿਰਪੇਖ ਆਮ ਨਿਯਮ ਹੈ। ਹੋਰਨਾਂ ਬਹੁਤ ਸਾਰੇ ਨਿਯਮਾਂ ਵਾਂਗ ਇਹ ਨਿਯਮ ਵੀ ਜਦੋਂ ਕੰਮ ਕਰਦਾ ਹੈ ਤਾਂ ਹਾਲਤਾਂ ਅਨੁਸਾਰ ਬਦਲਦਾ ਰਹਿੰਦਾ ਹੈ ਜਿਸਦਾ ਇੱਥੇ ਵਿਸ਼ਲੇਸ਼ਣ ਕਰਨਾ ਸਾਡੇ ਲਈ ਮਹੱਤਵਪੂਰਨ ਨਹੀਂ ਹੈ। (ਸਰਮਾਇਆ, ਸੈਂਚੀ 1, ਸਫ਼ਾ 603, ਜ਼ੋਰ ਸਾਡਾ)

ਇਹ ਕਹਿਣਾ ਕਿਸੇ ਪਾਸਿਓਂ ਵੀ ਸਹੀ ਨਹੀਂ ਕਿ ਸੰਕਟ ਦੇ ਸਮੇਂ ਮੌਜੂਦ ਬੇਰੁਜ਼ਗਾਰੀ ਅਰਧ-ਜਗੀਰੂ ਸੰਬੰਧਾਂ ਨੂੰ ਸਿੱਧ ਕਰਦੀ ਹੈ। ਸੰਕਟ ਕਿਸੇ ਵੀ ਸਰਮਾਏਦਾਰਾ ਦੇਸ਼ ਵਿੱਚ ਵਾਪਰਨ ਵਾਲ਼ਾ ਸਰਮਾਏਦਾਰਾ ਸੰਕਟ ਹੈ ਜੋ ਮਜ਼ਦੂਰਾਂ ਦੇ ਵੱਡੇ ਸਮੂਹਾਂ ਨੂੰ ਸੜਕ ‘ਤੇ ਲਿਆ ਸੁੱਟਦਾ ਹੈ ਅਤੇ ਇਸ ਤਰ੍ਹਾਂ ਹੀ ਸਥਾਨਕ ਮੈਨੁਫੈਕਚਰਿੰਗ ਇਕਾਈਆਂ ਦਾ ਫੇਲ੍ਹ ਹੋਣਾ ਵੀ ਮੁਕਾਬਲੇ ਤੇ ਮੰਦੀ ਕਾਰਨ ਹੈ। ”ਆਧੁਨਿਕ ਸਾਜੋਸਾਮਾਨ ‘ਤੇ ਜ਼ਿਆਦਾ ਨਿਰਭਰਤਾ” ਵੀ ਮਸ਼ੀਨਰੀ ਦੁਆਰਾ ਮਜ਼ਦੂਰਾਂ ਨੂੰ ”ਵਿਹਲੇ ਕਰਨ” ਦੀ ਇਸੇ ਪ੍ਰਕਿਰਿਆ ਦਾ ਹਿੱਸਾ ਹੈ – ਇਹ ਸਰਮਾਏ ਦੀ ਉੱਚੀ ਤੋਂ ਉੱਚੀ ਅਵੈਵੀ (organic) ਬਣਤਰ ਹਾਸਿਲ ਕਰਨ ਦੀ ਪ੍ਰਵਿਰਤੀ ਹੈ। ਇਸ ਸਭ ਕੁਝ ਨੂੰ ਅਰਧ-ਜਗੀਰੂ ਦਾ ਨਾਮ ਦਈ ਜਾਣਾ ਹੋਰ ਕੁਝ ਨਹੀਂ ਸਗੋਂ ਸਰਮਾਏਦਾਰੀ ਦਾ ਆਦਰਸ਼ੀਕਰਨ ਹੈ।

ਕਿਸਾਨੀ ਦਾ ਵਿਭੇਦੀਕਰਨ

ਸਰਮਾਏਦਾਰ ਸਮਾਜਾਂ ਅੰਦਰ ਬੇਰੁਜ਼ਗਾਰੀ ਅਤੇ ਕੰਗਾਲੀ ਦੇ ਵਰਤਾਰੇ ਨੂੰ ਸਮਝਣ ਤੋਂ ਇਨਕਾਰ ਤੋਂ ਬਾਅਦ, ਸਾਡੇ ਮਿੱਤਰਾਂ ਦੀ ਕਿਸਾਨੀ ਦੇ ਵਿਭੇਦੀਕਰਨ ਦੇ ਵਰਤਾਰੇ ਨੂੰ ਸਮਝਣ ਦੀ ਉਸ ਤੋਂ ਵੀ ਘੱਟ ਇੱਛਾ ਹੈ। ਇਸ ਲਈ ਉਹ ਇਹੋ ਜਿਹੇ ਬੇਹੂਦਾ ਨਤੀਜਿਆਂ ‘ਤੇ ਪਹੁੰਚ ਜਾਂਦੇ ਹਨ:

”ਸਰਮਾਏਦਾਰ ਮੁਲਕਾਂ ਤੋਂ ਉਲਟ, ਭਾਰਤ ਤੇ ਪੰਜਾਬ ਅੰਦਰ ਵਧ ਰਹੀ ਸ਼ਹਿਰੀ ਅਬਾਦੀ ਬਹੁਤਾ ਕਰਕੇ ਕਿਸਾਨੀ ਦੇ ਵਿਭੇਦੀਕਰਨ ਕਰਕੇ ਨਹੀਂ ਸਗੋਂ ਕਿਸਾਨ ਆਬਾਦੀ ਦੀ ਲਗਾਤਾਰ ਵਧ ਰਹੀ ਕੰਗਾਲੀ ਕਾਰਨ ਵੱਡੀ ਪੱਧਰ ‘ਤੇ ਪੈਦਾ ਹੋਈ ਗਰੀਬੀ ਵਧੇਰੇ ਹੈ। ਪਿਛਲੇ ਦਹਾਕੇ ਵਿੱਚ ਉੱਜੜੀ ਹੋਈ ਅਬਾਦੀ ਨੂੰ ਸੱਨਅਤ ਵਿੱਚ ਜਜ਼ਬ ਕਰਨ ਲਈ ਕੋਈ ਰਾਹ ਨਾ ਹੋਣ ਕਰਕੇ ਜ਼ਮੀਨ ਉੱਤੇ ਵਾਧੂ ਬੋਝ ਬਣ ਗਿਆ ਹੈ।” (ਸਫ਼ਾ 11)

ਜੇ ਕਿਸਾਨ ਆਬਾਦੀ ਦੇ ਸਮੂਹਾਂ ਦੀ ਗਰੀਬੀ ਤੇ ਕੰਗਾਲੀ ਨਹੀਂ ਤਾਂ ਕਿਸਾਨੀ ਦਾ ਵਿਭੇਦੀਕਰਨ ਹੋਰ ਕੀ ਹੁੰਦਾ ਹੈ। ਸਰਮਾਏ ਦੇ ਇਕੱਤ੍ਰੀਕਰਨ ਬਾਰੇ ਮਾਰਕਸ ਨੇ ਹੋਰ ਕੀ ਕਿਹਾ ਹੈ, ਜਿਸ ਦਾ ਅਸੀਂ ਉੱਪਰ ਜ਼ਿਕਰ ਕੀਤਾ ਹੈ। ਇਹ ਅਧਿਕਾਰਤ ਕੰਗਾਲੀ ਨੂੰ ਵਧਾਉਂਦਾ ਹੈ। ਸ਼ਾਇਦ ਸਾਡੇ ਮਿੱਤਰ ਸੋਚਦੇ ਹਨ ਕਿ ਕਿਸਾਨੀ ਦਾ ਵਿਭੇਦੀਕਰਨ ਵਿਸ਼ਾਲ ਬਹੁਗਿਣਤੀ ਦੇ ਉਜਾੜੇ ਤੇ ਕੰਗਾਲੀ ਤੋਂ ਬਿਨਾਂ ਹੋ ਸਕਦਾ ਹੈ? ਚੇਤੇ ਕਰੀਏ ਕਿ ਏਂਗਲਜ਼ ਨੇ ਉਹਨਾਂ ਅਕਾਲਾਂ ਬਾਰੇ ਕੀ ਕਿਹਾ ਸੀ ਜਿਹਨਾਂ ਨੇ ਕਿਸਾਨ ਸਮੂਹਾਂ ਦਾ ਉਜਾੜਾ ਕੀਤਾ ਸੀ? ਉਹਨਾਂ ਨੇ ਕਿਹਾ ਸੀ ਕਿ ਇਹ ਕਿਸਾਨ ਸਮੂਹਾਂ ਦੇ ਉਜਾੜੇ ਤੇ ਕੰਗਾਲੀ ਕਾਰਨ ਸਰਮਾਏਦਾਰੀ ਲਈ ਪੈਦਾ ਹੋਈ ਘਰੇਲੂ ਮੰਡੀ ਦੇ ਪੈਦਾ ਹੋਣ ਨੂੰ ਸਿੱਧ ਕਰਦਾ ਹੈ। ਆਪਣੀ ਲਿਖਤ ਰੂਸ ਵਿੱਚ ਸਰਮਾਏਦਾਰੀ ਦਾ ਵਿਕਾਸ ਦੇ ਆਰੰਭ ਵਿੱਚ ਹੀ ਲੈਨਿਨ ਲਿਖਦੇ ਹਨ-

”ਛੋਟੇ ਪੈਦਾਕਾਰ ਦਾ ਉਜਰਤੀ ਮਜ਼ਦੂਰ ‘ਚ ਬਦਲ ਜਾਣਾ ਇਹ ਦੱਸਦਾ ਹੈ ਕਿ ਉਸ ਕੋਲੋਂ ਉਸਦੇ ਪੈਦਾਵਾਰ ਦੇ ਸਾਧਨ ਜਿਵੇਂ ਜ਼ਮੀਨ, ਸੰਦ, ਵਰਕਸ਼ਾਪ ਆਦਿ ਖੁੱਸ ਗਏ ਹਨ ਭਾਵ ਕਿ ਉਹ ਕੰਗਾਲ ਹੋ ਗਿਆ ਹੈ, ਉੱਜੜ ਗਿਆ ਹੈ।” (ਸਮੁੱਚੀਆਂ ਲਿਖਤਾਂ ਸੈਂਚੀ 3, ਸਫ਼ਾ 41)

ਕਿਸਾਨੀ ਦੇ ਵਿਭੇਦੀਕਰਨ ਉੱਤੇ ਪਰਚਾ ਇਹ ਕੁਝ ਲਿਖਦਾ ਹੈ:-

”ਕਿਸਾਨੀ ਦੇ ਵਿਭੇਦੀਕਰਨ ਤੋਂ ਸਾਡਾ ਭਾਵ ਹੈ ਕਿ ਲੈਨਿਨ ਵੱਲੋਂ ਦੱਸੇ ਅਨੁਸਾਰ, ਖੇਤੀ ਵਿੱਚ ਸਰਮਾਏਦਾਰਾ ਵਿਕਾਸ ਦੇ ਅਮਲ ਅੰਦਰ ਖੇਤੀ ਨਾਲ ਸੰਬੰਧਤ ਆਬਾਦੀ ਦਾ ਹੌਲੀ-ਹੌਲੀ ਧਰੁਵੀਕਰਨ ਹੋ ਜਾਂਦਾ ਹੈ ਜਿਸ ਵਿੱਚ ਅਮੀਰ ਕਿਸਾਨ ਤੇ ਭੋਇੰ ਸਰਦਾਰ ਸਰਮਾਏਦਾਰਾ ਕਿਸਾਨ ਜਾਂ ਕੁਲਕ ਬਣ ਜਾਂਦੇ ਹਨ ਅਤੇ ਛੋਟੀ ਕਿਸਾਨੀ ਮਜ਼ਦੂਰ ਜਮਾਤ ਦੀ ਭਾਰੀ ਫੌਜ਼ ਬਣ ਜਾਂਦੀ ਹੈ। ਇਸ ਅਮਲ ਵਿੱਚ ਕੁਦਰਤੀ ਆਰਥਿਕਤਾ ਤੇ ਸਵੈ-ਨਿਰਭਰ ਪੈਦਾਵਾਰ ਲੋਪ ਹੋ ਜਾਂਦੀ ਹੈ ਅਤੇ ਮੰਡੀ ਸਭ ਕੁਝ ਸਮੇਟਣ ਵਾਲਾ ਵਰਤਾਰਾ ਬਣ ਜਾਂਦੀ ਹੈ। ਛੋਟੇ ਦਰਮਿਆਨੇ ਕਿਸਾਨ ਦੀ ਗੁਜ਼ਾਰੇ ਵਾਲੀ ਆਰਥਿਕਤਾ ਲੋਪ ਹੋ ਜਾਂਦੀ ਹੈ।” (ਸਫ਼ਾ 8)

ਅਸੀਂ ਦੇਖ ਸਕਦੇ ਹਾਂ ਕਿ ਕਿਸਾਨੀ ਦੇ ਵਿਭੇਦੀਕਰਨ ਨੂੰ ਲੈਨਿਨ ਇੱਕ ਪ੍ਰਕਿਰਿਆ ਦੇ ਤੌਰ ‘ਤੇ ਲੈਂਦੇ ਹਨ, ਨਾ ਕਿ ਇੱਕ ਪੂਰੇ ਹੋ ਚੁੱਕੇ ਵਰਤਾਰੇ ਦੇ ਤੌਰ ‘ਤੇ। ਪਰ ਅਸੀਂ ਦੇਖਦੇ ਹਾਂ ਕਿ ਪਰਚੇ ਅਨੁਸਾਰ ਕੁਦਰਤੀ ਆਰਥਿਕਤਾ ਤੇ ਸਵੈ-ਨਿਰਭਰ ਪੈਦਾਵਾਰ ਸਰਮਾਏਦਾਰੀ ਵਿੱਚ ਲੋਪ ਹੋ ਚੁੱਕੀ ਹੁੰਦੀ ਹੈ। ਸਾਡੇ ਮਿੱਤਰ ਛੇਤੀ ਨਾਲ਼ ਇਹ ਐਲਾਨ ਕਰਨ ਲਈ ਭੱਜਦੇ ਹਨ ਕਿ ਅਜੇ ਇਹ ਸਰਮਾਏਦਾਰੀ ਨਹੀਂ ਹੈ ਕਿਉਂਕਿ ਸਾਨੂੰ ਦਿਖਾਈ ਦੇਣ ਵਾਲ਼ੀ ਦਰਮਿਆਨੀ ਤੇ ਛੋਟੀ ਕਿਸਾਨੀ ਦਾ ਵੱਡਾ ਹਿੱਸਾ ਸਧਾਰਨ ਜਿਣਸ ਪੈਦਾਵਾਰ ਵਿੱਚ ਲੱਗਿਆ ਹੋਇਆ ਹੈ। ਸਾਰੇ ਪੱਖਾਂ ਤੋਂ ਦੇਖਿਆਂ – ਜਿਣਸ ਪੈਦਾਵਾਰ ਤੇ ਸਵੈ-ਨਿਰਭਰ ਪੈਦਾਵਾਰ ਦੇ ਲੋਪ ਹੋਣ ਦੇ ਨਾਲ਼ ਨਾਲ਼ ਮੰਡੀ ਦੇ ਇੱਕ ਸਰਵ-ਵਿਆਪਕ ਵਰਤਾਰਾ ਬਣ ਜਾਣ ਦੇ ਮਾਮਲੇ ‘ਚ ਉਹਨਾਂ ਨੂੰ ਖੇਤੀ ਵਿੱਚ ਸਰਮਾਏਦਾਰਾ ਵਿਕਾਸ ਦਿਖਾਈ ਦਿੰਦਾ ਪਰ ਸਾਡੇ ਮਿੱਤਰ ਦੂਸਰੇ ਢੰਗ ਨਾਲ਼ ਸੋਚਦੇ ਹਨ। ਸ਼ਾਇਦ ਉਹ ਸੋਚਦੇ ਹਨ ਕਿ ਸਧਾਰਨ ਜਿਣਸ ਪੈਦਾਵਾਰ ਮੰਡੀ ਦੇ ਦਾਇਰੇ ਤੋਂ ਬਾਹਰ ਹੁੰਦੀ ਹੈ!

ਖੈਰ, ਉਹ ਇਸ ਜ਼ਿੱਦ ‘ਤੇ ਅੜੇ ਹੋਏ ਹਨ ਕਿ ਪੰਜਾਬ ਦੀ ਖੇਤੀ ‘ਚ ਅਜੇ ਇੱਕ ਪਾਸੇ “ਸਰਮਾਏਦਾਰਾ ਕੁਲਕ ਕਿਸਾਨਾਂ” ਤੇ ਦੂਜੇ ਪਾਸੇ ਪ੍ਰੋਲੇਤਾਰੀ ਦੀ ਵੱਡੀ ਫੌਜ਼ ‘ਚ ਕੋਈ ਸਪੱਸ਼ਟ ਨਿਖੇੜ-ਰੇਖਾ ਨਹੀਂ ਦਿਖਾਈ ਦਿੰਦੀ ਸਗੋਂ ਉਹਨਾਂ ਨੂੰ ਇਹ ਦਿਖਾਈ ਦਿੰਦਾ ਹੈ-

”ਪੰਜਾਬ ਵਿੱਚ ਅੱਜ ਵੀ ਛੋਟੀ ਤੇ ਦਰਮਿਆਨੀ ਕਿਸਾਨੀ ਖੇਤੀ ਦੀ ਹੋਂਦ ਬਣੀ ਹੋਈ ਹੈ ਜਿਹੜੀ ਸਧਾਰਨ ਜਿਣਸ ਪੈਦਾਵਾਰ ‘ਚ ਲੱਗੀ ਹੋਈ ਹੈ।” (ਸਫ਼ਾ 8)

ਇਸ ਤਰ੍ਹਾਂ ਅਰਧ-ਜਗੀਰੂ ਸਿੱਧ ਹੁੰਦਾ ਹੈ। ਇਹ ਸੋਚ ਕੇ ਕੰਬਣੀ ਛਿੜਦੀ ਹੈ ਕਿ ਉਹ ਖੇਤੀ ਨੂੰ ਸਰਮਾਏਦਾਰਾ ਸਟੇਟਸ ਉਦੋਂ ਹੀ ਦੇਣਾ ਮੰਨਣਗੇ ਜਦੋਂ ਕਿਸਾਨੀ ਦੀ ਵੱਡੀ ਬਹੁਗਿਣਤੀ ਉੱਜੜ ਜਾਏਗੀ ਅਤੇ ਪ੍ਰੋਲੇਤਾਰੀ ਬਣ ਜਾਏਗੀ! ਸ਼ਾਇਦ ਉਹਨਾਂ ਦੀ ‘ਅਜ਼ਾਦ’ ਸਰਮਾਏਦਾਰੀ ਇਹ ਪ੍ਰਾਪਤੀ ਹਾਸਿਲ ਕਰੇਗੀ! ਲੈਨਿਨ ਆਪਣੀ ਲਿਖਤ ਰੂਸ ਵਿੱਚ ਸਰਮਾਏਦਾਰਾ ਵਿਕਾਸ ਵਿੱਚ ਦਿਖਾਉਂਦੇ ਹਨ ਕਿ ਉਹਨਾਂ ਦਾ ਕਿਸਾਨੀ ਦੇ ਵਿਭੇਦੀਕਰਨ ਤੋਂ ਕੀ ਭਾਵ ਸੀ – ਖੇਤ ਪ੍ਰੋਲੇਤਾਰੀ ਦੇ ਨਾਲ ਨਾਲ ਅਮੀਰ, ਦਰਮਿਆਨੀ ਤੇ ਗਰੀਬ ਕਿਸਾਨੀ ਦੀ ਮੌਜੂਦਗੀ। ਬਿਨਾਂ ਸ਼ੱਕ ਇਹ ਇੱਕ ਲੰਮੀ ਪ੍ਰਕਿਰਿਆ ਹੈ ਅਤੇ ਕਿਸਾਨ ਸਮਾਜ ਕਿਸਾਨ ਬੁਰਜੂਆਜੀ ਤੇ ਪ੍ਰੋਲੇਤਾਰੀ ਵਿੱਚ ਵੰਡੇ ਜਾਣ ਵੱਲ ਰੁਝਾਨ ਦਿਖਾਉਂਦੇ ਹਨ। ਸਾਰੇ ਵਿਕਸਤ ਸਰਮਾਏਦਾਰ ਦੇਸ਼ਾਂ ਵਿੱਚ ਵਿਚਕਾਰਲੇ ਤਬਕਿਆਂ ਨੇ  ਵੱਡੀ ਗਿਣਤੀ ਵਿੱਚ – ਕਿਹਾ ਜਾਵੇ ਤਾਂ ਬਹੁਤ ਵੱਡੀ ਗਿਣਤੀ ਵਿੱਚ ਕੁਝ ਦਹਾਕੇ ਪਹਿਲਾਂ ਤੱਕ ਆਪਣੀ ਹੋਂਦ ਬਣਾਈ ਰੱਖੀ ਸੀ। ਇਸ ਕਰਕੇ ਲੈਨਿਨ ਨੇ ਕਮਿਊਨਿਸਟ ਇੰਟਰਨੈਸ਼ਨਲ ਦੀ ਦੂਜੀ ਕਾਂਗਰਸ ਲਈ ਤਿਆਰ ਕੀਤੇ ਜ਼ਰੱਈ ਸਵਾਲ ਬਾਰੇ ਆਪਣੇ ਮੁੱਢਲੇ ਖਰੜੇ ਵਿੱਚ ਕਿਸਾਨ ਸਮੂਹਾਂ ਦੇ ਵਿਭੇਦੀਕਰਨ ਦੀ ਮੌਜੂਦਗੀ ਬਾਰੇ ਭਾਵ ਸਰਮਾਏਦਾਰ ਦੇਸ਼ਾਂ ਅੰਦਰ ਖੇਤ ਪ੍ਰੋਲੇਤਾਰੀ ਤੇ ਅਰਧ-ਪ੍ਰੋਲੇਤਾਰੀ ਦੇ ਨਾਲ਼ ਨਾਲ਼ ਵੱਡੀ, ਦਰਮਿਆਨੀ ਤੇ ਛੋਟੀ ਕਿਸਾਨੀ ਦੀ ਮੌਜੂਦਗੀ ਬਾਰੇ ਲਿਖਿਆ। (ਦੇਖੋ – ਸਮੁੱਚੀਆਂ ਲਿਖਤਾਂ, ਸੈਂਚੀ 31) ਸਾਡੇ ਮਿੱਤਰ, ਕੋਈ ਸ਼ੱਕ ਨਹੀਂ ਕਿ ਇਹਨਾਂ ‘ਚੋਂ ਕਿਸੇ ਦੀ ਹੋਂਦ ਨਹੀਂ ਚਾਹੁੰਦੇ ਸਗੋਂ ਬਿਨਾਂ ਕਿਸੇ ਵਿਚਕਾਰਲੇ ਤਬਕੇ ਤੋਂ ਸ਼ੁੱਧ ਸਰਮਾਏਦਾਰੀ ਭਾਲਦੇ ਹਨ! ਇਸ ਬਾਰੇ ਵਿਸਥਾਰ ‘ਚ ਬਾਅਦ ਵਿੱਚ।

ਸਾਡੇ ਮਿੱਤਰ ਕਹਿੰਦੇ ਹਨ ਕਿ:-

”ਪੰਜਾਬ ਵਿੱਚ 1980ਵਿਆਂ ਦੇ ਸ਼ੁਰੂ ਤੱਕ ਕਿਸਾਨੀ ਦੇ ਵਿਭੇਦੀਕਰਨ ਦੀ ਪ੍ਰਕਿਰਿਆ ਨੂੰ ਕੁਝ ਹੱਦ ਤੱਕ ਅੱਗੇ ਵਧਦਾ ਦੇਖਦੇ ਹਾਂ; ਪਰ ਇਸ ਤੋਂ ਬਾਅਦ ਇਹ ਪ੍ਰਕਿਰਿਆ ਖੜੋਤ ਦਾ ਸ਼ਿਕਾਰ ਹੋ ਜਾਂਦੀ ਹੈ ਅਤੇ ਹੁਣ ਇਹ ਸੰਕਟਗ੍ਰਸਤ ਹੋ ਚੁੱਕੀ ਹੈ।” (ਸਫ਼ਾ 8)

ਇਸ ਤੋਂ ਬਾਅਦ ਉਹ ਦਲੀਲ ਦਿੰਦੇ ਹਨ:–

”ਉਹਨਾਂ ਦੇ ਅੰਕੜਿਆਂ (ਭਾਵ ਕਿ ਦੂਸਰੇ ਗਰੁੱਪ – ਅਧਿਐਨ ਗਰੁੱਪ ਦੇ ‘ਬਹੁਗਿਣਤੀ’ ਹਿੱਸੇ ਦੇ ਅੰਕੜਿਆਂ) ਅਨੁਸਾਰ ਵੀ ਕਿ 25 ਏਕੜ ਤੋਂ ਵੱਧ ਦੀ ਮਾਲਕੀ ਵਾਲ਼ੇ ਕਿਸਾਨਾਂ ਦਾ ਰਕਬਾ 1970-71 ਤੋਂ 1990-91 ਦੇ ਅਰਸੇ ਦੌਰਾਨ ਸਿਰਫ਼ 2.18 ਪ੍ਰਤੀਸ਼ਤ ਹੀ ਵਧਿਆ – ਇਹ ਧਰੁਵੀਕਰਨ ਦੇ ਅਮਲ ਦੀ ਕੋਈ ਪੱਕੀ ਨਿਸ਼ਾਨੀ ਨਹੀਂ।” (ਸਫ਼ਾ 9)

ਪੂਰੀ ਪ੍ਰਕਿਰਿਆ ਦੀ ਉਹਨਾਂ ਦੀ ਸਮਝ ਕਿੰਨੀ ਮਕਾਨਕੀ ਹੈ। ਉਹ ਸਮਝਦੇ ਹਨ ਕਿ ਪੂਰੀ ਪ੍ਰਕਿਰਿਆ ਬਿਨਾਂ ਕਿਸੇ ਉਤਰਾਅ-ਚੜਾਅ ਦੇ ਇਕਸਾਰ ਰੂਪ ‘ਚ ਚੱਲਦੀ ਹੈ। ਇੱਥੇ ਅਸੀਂ ਇਹ ਵੀ ਨੋਟ ਕਰ ਸਕਦੇ ਹਾਂ ਕਿ ਪੰਜਾਬ ‘ਚ ਖੇਤੀ ਤੇ ਇਸਦੇ ਨਾਲ਼ ਜੁੜੇ ਖੇਤਰਾਂ ‘ਚ ਸਰਮਾਏ ਦੇ ਵੱਡੇ ਪੱਧਰ ‘ਤੇ ਹੋਏ ਨਿਵੇਸ਼ ਕਾਰਨ, ਜਿਸ ਤੱਥ ਦਾ ਇਸ ਪਰਚੇ ਵਿੱਚ ਵੀ ਜ਼ਿਕਰ ਆਉਂਦਾ ਹੈ, ਏਕੜਾਂ ਦੀ ਮਾਲਕੀ ਦੇ ਅਧਾਰ ‘ਤੇ ਕੀਤਾ ਵਰਗੀਕਰਨ ਵੱਡ-ਪੱਧਰੀ ਪੈਦਾਵਾਰ ਦੇ ਵਾਧੇ ਨੂੰ ਪੂਰੀ ਤਰ੍ਹਾਂ ਨਹੀਂ ਦਰਸਾਉਂਦਾ। ਸਾਡੇ ਮਿੱਤਰ ਕਿਸਾਨੀ ਦੇ ਵਿਭੇਦੀਕਰਨ ਬਾਰੇ ਲੈਨਿਨ ਦੇ ਸਿਧਾਂਤ ਨਾਲ ”ਸਹਿਮਤ” ਹਨ ਪਰ ਇਹ ਨਹੀਂ ਸੋਚਦੇ ਕਿ ਸਰਮਾਏਦਾਰੀ ਅਧੀਨ ਖੇਤੀ ਅੰਦਰ ਹੋਣ ਵਾਲ਼ੀ ਇਹ ਪੂਰੀ ਪ੍ਰਕਿਰਿਆ ਇੱਕ ਲੰਮੇ ਅਰਸੇ ਤੱਕ ਜ਼ਾਰੀ ਰਹਿੰਦੀ ਹੈ। ਲੈਨਿਨ ਅਨੁਸਾਰ:-

”ਅਸਲ ਵਿੱਚ ਛੋਟੀ ਪੈਦਾਵਾਰ ਦਾ ਵੱਡੀ ਪੈਦਾਵਾਰ ਦੁਆਰਾ ਉਜਾੜਾ ਸਰਮਾਏਦਾਰੀ ਦੀ, ਸਨਅੱਤ ਤੇ ਖੇਤੀ ਦੋਵਾਂ ਵਿੱਚ, ਬੁਨਿਆਦੀ ਤੇ ਪ੍ਰਧਾਨ ਪ੍ਰਵਿਰਤੀ ਹੈ। ਪਰ ਇਸ ਉਜਾੜੇ ਨੂੰ ਸਿਰਫ਼ ਤੁਰੰਤ ਖਾਤਮੇ ਦੇ ਅਰਥਾਂ ‘ਚ ਨਹੀਂ ਲਿਆ ਜਾਣਾ ਚਾਹੀਦਾ। ਉਜਾੜੇ ਦਾ ਅਰਥ ਛੋਟੇ ਕਿਸਾਨਾਂ ਦੀ ਬਰਬਾਦੀ ਅਤੇ ਉਹਨਾਂ ਦੀ ਖੇਤੀ ਦੀ ਲਗਾਤਾਰ ਵਧਦੀ ਬਦਹਾਲੀ ਵੀ ਹੈ, ਇੱਕ ਪ੍ਰਕਿਰਿਆ ਜਿਹੜੀ ਸਾਲਾਂ ਤੇ ਦਹਾਕਿਆਂ ਤੱਕ ਜ਼ਾਰੀ ਰਹਿ ਸਕਦੀ ਹੈ। ਇਹ ਅਧੋਗਤੀ ਕਈ ਰੂਪ ਅਖਤਿਆਰ ਕਰ ਸਕਦੀ ਹੈ, ਜਿਵੇਂ ਕਿ ਛੋਟੇ ਕਿਸਾਨ ‘ਤੇ ਕੰਮ ਦਾ ਬੋਝ ਜਾਂ ਕੁਪੋਸ਼ਣ, ਉਸਦੇ ਉੱਪਰ ਭਾਰੀ ਕਰਜ਼ਾ, ਘਰੇਲੂ ਪਸ਼ੂਆਂ ਨੂੰ ਆਮ ਤੌਰ ‘ਤੇ ਭੈੜੀ ਖੁਰਾਕ ਤੇ ਘਟੀਆ ਦੇਖਭਾਲ, ਘਟੀਆ ਪਸ਼ੂ-ਪਾਲਣ ਤੇ ਇਸ ਤਰ੍ਹਾਂ ਦਾ ਹੀ ਹੋਰ ਕਈ ਕੁਝ – ਨਾਲ ਦੀ ਨਾਲ ਹੀ ਖੇਤੀ ਵਿੱਚ ਤਕਨੀਕੀ ਵਿਕਾਸ ‘ਚ ਖੜੋਤ ਆਦਿ।” (ਖੇਤੀ ਵਿੱਚ ਸਰਮਾਏਦਾਰਾ ਵਿਕਾਸ ਬਾਰੇ ਅੰਕੜੇ, ਸਮੁੱਚੀਆਂ ਲਿਖਤਾਂ ਸੈਂਚੀ 22, ਸਫ਼ਾ 70)

ਇਸ ਬਾਰੇ ਅਸੀਂ ਇੱਕ ਵਾਰ ਫਿਰ ਗੱਲ ਕਰਾਂਗੇ ਜਦੋਂ ਅਸੀਂ ਲੇਖ ਦੇ ਨਿਚੋੜ ਵੱਲ ਵਧਾਂਗੇ। ਇਹ ਹੈਰਾਨੀ ਵਾਲ਼ੀ ਗੱਲ ਹੈ ਕਿ ਅਧਿਐਨ ਵਿੱਚ ਕੰਟਰੈਕਟ ਤੇ ਕਾਰਪੋਰੇਟ ਖੇਤੀ ਦੇ ਢੰਗਾਂ ਰਾਹੀਂ ਸੀਲਿੰਗ ਕਾਨੂੰਨਾਂ ਦੀ ਉਲੰਘਣਾ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਹ ਇਸ ਵੱਲ ਕੋਈ ਧਿਆਨ ਨਹੀਂ ਦਿੰਦੇ ਕਿ ਕਿਸ ਤਰ੍ਹਾਂ ਵੱਡਾ ਸਰਮਾਇਆ ਜ਼ਬਤੀ ਦੇ ਸਿਆਸੀ ਤੌਰ ‘ਤੇ ਘੱਟ ਵਿਸਫੋਟਕ ਤਰੀਕੇ ਕੰਟਰੈਕਟ ਖੇਤੀ ਰਾਹੀਂ ਨਿੱਜੀ ਜਾਇਦਾਦ ਦੇ ਅੜਿੱਕੇ ਨੂੰ ਦੂਰ ਕਰਨ ਲਈ ਵਰਤ ਰਿਹਾ ਹੈ ਜਿਸ ਅਧੀਨ ਕਿਸਾਨ ਦੀ ਜ਼ਮੀਨ ‘ਤੇ ਮਾਲਕੀ ਮਹਿਜ਼ ਭੁਲਾਂਦਰਾ ਬਣ ਕੇ ਰਹਿ ਜਾਂਦੀ ਹੈ। ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਕਿ ਇਸ ਸਭ ਕੁਝ ਕਿਸਾਨਾਂ ਦੇ ਜ਼ਮੀਨ ਤੋਂ ਵਾਂਝਿਆਂ ਹੋਣ ਦੇ ਅਮਲ ਦੇ ਅਲੱਗ-ਅਲੱਗ ਤਰੀਕੇ ਤੇ ਪੜਾਅ ਹਨ।

ਸਰਮਾਏ ਦਾ ਇਕੱਤ੍ਰੀਕਰਨ ਅਤੇ ਵਿਸਤਾਰਤ ਮੁੜ-ਪੈਦਾਵਾਰ

ਅਸੀਂ ਸਾਰੇ ਜਾਣਦੇ ਹਾਂ ਕਿ ਵਿਸਤਾਰਤ ਮੁੜ-ਪੈਦਾਵਾਰ ਸਰਮਾਏ ਦੇ ਇਕੱਤ੍ਰੀਕਰਨ ਦਾ ਜਰੂਰੀ ਤੱਤ ਹੈ ਭਾਵੇਂ ਇਸ ਹਿੱਸੇ ਤੋਂ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੁੰਦਾ। ਮਾਰਕਸ ਅਨੁਸਾਰ – ”ਵਾਫ਼ਰ ਕਦਰ ਨੂੰ ਸਰਮਾਏ ਵਜੋਂ ਵਰਤਣਾ, ਇਸਨੂੰ ਮੁੜ ਸਰਮਾਏ ਵਿੱਚ ਬਦਲ ਦੇਣਾ ਹੀ ਸਰਮਾਏ ਦਾ ਇਕੱਤ੍ਰੀਕਰਨ ਹੈ।” (ਸਰਮਾਇਆ, ਸੈਂਚੀ ਪਹਿਲੀ, ਸਫ਼ਾ 543) ਇਸ ਹਿੱਸੇ ਵਿੱਚ ਜੋ ਕਿ ਕਹਿਣ ਨੂੰ ਸਾਡੇ ਮਿੱਤਰਾਂ ਅਨੁਸਾਰ ‘ਵਾਫ਼ਰ ਦੇ ਖਾਸੇ’ ਦਾ ਵਿਸ਼ਲੇਸ਼ਣ ਕਰਨ ਲਈ ਹੈ, ਉਹ ਬਹੁਤ ਸਾਰੇ ਨੁਕਤਿਆਂ ਬਾਰੇ ਇੱਧਰ ਉੱਧਰ ਭਟਕਦੇ ਰਹਿੰਦੇ ਹਨ। ਇਸ ਭਾਗ ਦੇ ਸ਼ੁਰੂ ਵਿੱਚ ਪਰਚਾ ਇਹ ਮੰਨਦਾ ਹੈ:–

”ਮਾਰਕਸ ਦਾ ਸਰਮਾਏਦਾਰੀ ਪੈਦਾਵਾਰੀ ਦਾ ਨਿਯਮ ਜਿੰਨਾ ਸੱਨਅਤ ‘ਚ ਲਾਗੂ ਹੁੰਦਾ ਹੈ ਓਨਾ ਹੀ ਖੇਤੀ ਵਿੱਚ ਵੀ ਲਾਗੂ ਹੁੰਦਾ ਹੈ। ਭਾਵੇਂ ਕਿ ਖੇਤੀ ਵਿੱਚ ਸਰਮਾਏਦਾਰੀ ਦੇ ਵਿਕਾਸ ਦਾ ਅਮਲ ਵੱਧ ਗੁੰਝਲਦਾਰ ਹੈ ਅਤੇ ਮੁਕਾਬਲਤਨ ਵੱਖਰੇ-ਵੱਖਰੇ ਰੂਪ ਧਾਰਦਾ ਹੈ।” (ਸਫ਼ਾ 5)

ਪਰਚੇ ਵਿੱਚੋਂ ਇਹ ਹਵਾਲਾ ਸਿਰਫ਼ ਇਹ ਦਿਖਾਉਣ ਲਈ ਦਿੱਤਾ ਗਿਆ ਹੈ ਕਿ ਉਹ ਖੇਤੀ ਵਿੱਚ ਸਰਮਾਏਦਾਰਾ ਵਿਕਾਸ ਦੇ ”ਮੁਕਾਬਲਤਨ ਵੱਖਰੇ-ਵੱਖਰੇ ਰੂਪ” ਧਾਰਨ ਨੂੰ ਖੁਦ ਹੀ ਸਵੀਕਾਰ ਕਰਦੇ ਹਨ ਪਰ ਜਦੋਂ ਉਹ ਆਪਣਾ ਵਿਸ਼ਲੇਸ਼ਣ ਸ਼ੁਰੂ ਕਰਦੇ ਹਨ ਤਾਂ ਇਸ ਵੱਲ ਕੋਈ ਧਿਆਨ ਹੀ ਨਹੀਂ ਦਿੰਦੇ ਜਿਵੇਂ ਕਿ ਅਸੀਂ ਸਰਮਾਏਦਾਰੀ ਅਧੀਨ ਕਿਸਾਨੀ ਦੇ ਵਿਭੇਦੀਕਰਨ ਦੇ ਮਾਮਲੇ ‘ਤੇ ਅਸੀਂ ਦੇਖ ਚੁੱਕੇ ਹਾਂ। ਇੱਥੇ ਉਹ ”ਸਰਮਾਏਦਾਰ ਕਿਸਾਨ” ਦੀ ਗੱਲ ਕਰਦੇ ਹਨ ਅਤੇ ਇਹ ਕਹਿੰਦੇ ਹਨ:–

”ਇਸ ਲਈ, ਜਦੋਂ ਅਸੀਂ ਖੇਤੀ ਅੰਦਰ ਸਰਮਾਏ ਦੇ ਇਕੱਤ੍ਰੀਕਰਨ ਦੇ ਸਵਾਲ ਨੂੰ ਵੇਖਦੇ ਹਾਂ ਤਾਂ ਸਾਨੂੰ ਸਿਰਫ਼ ਵਾਫ਼ਰ ਵੱਲ ਹੀ ਨਹੀਂ ਦੇਖਣਾ ਚਾਹੀਦਾ, ਸਗੋਂ ਵਾਫ਼ਰ ਦੀ ਕਿਸਮ ਅਤੇ ਵਰਤੋਂ ਨੂੰ ਵੇਖਣਾ ਚਾਹੀਦਾ ਹੈ ਕਿ ਕੀ ਇਹ ਸਰਮਾਏਦਾਰ ”ਆਪਣੇ ਉਜਰਤੀ ਕਾਮੇ ਲਗਾ ਕੇ ਆਪਣਾ ਸਰਮਾਇਆ ਵਧਾਉਂਦਾ ਹੈ।” (ਸਫ਼ਾ 5, ਜ਼ੋਰ ਮੂਲ ਵਿੱਚ)

ਜਿੱਥੋਂ ਤੱਕ ਅਸੀਂ ਜਾਣਦੇ ਹਾਂ ਕਿ ਜੇ ਕੋਈ ਉਜਰਤੀ ਕਿਰਤ ਦਾ ਇਸਤੇਮਾਲ ਕਰ ਰਿਹਾ ਹੈ ਤਾਂ ਪੈਦਾ ਹੋਈ ਵਾਫ਼ਰ ਵਾਫ਼ਰ ਕਦਰ ਹੁੰਦੀ ਹੈ ਅਤੇ ਪੈਦਾਵਾਰ ਦੇ ਸੰਬੰਧ ਸਰਮਾਏਦਾਰਾ ਹੁੰਦੇ ਹਨ। ਪਰ ਨਹੀਂ, ਇੱਥੇ ਤਾਂ“”ਵਾਫ਼ਰ ਦੇ ਖਾਸੇ” ਉੱਤੇ ਸਵਾਲ ਉਠਾਇਆ ਗਿਆ ਹੈ ਅਤੇ ਕੁਰਲਾਉਣ ਦਾ ਕਾਰਨ ਇਸਦੀ ”ਵਰਤੋਂ” ਹੈ।

ਪਰਚਾ ਅੱਗੇ ਧਿਆਨ ਦੁਆਉਂਦਾ ਹੈ ਕਿ:–

”ਕਾਂਗਰਸ ਕੋਲ ਆਪਣੀ ਪੇਸ਼ਕਾਰੀ ਦੌਰਾਨ ਦੂਸਰੇ ਕਾਮਰੇਡਾਂ ਨੇ ਸਰਮਾਏਦਾਰੀ ਤੇ ਵਿਸਤਾਰਤ ਪੈਦਾਵਾਰ ਨੂੰ ਦਿਖਾਉਣ ਲਈ ਜਿਣਸ ਪੈਦਾਵਾਰ ਦੇ ਉੱਚੇ ਪੱਧਰਾਂ ਦੇ ਤੱਥ ਨੂੰ ਅਧਾਰ ਬਣਾਇਆ ਹੈ ਪਰ ਉਹਨਾਂ ਨੇ ਪੰਜਾਬ ਅੰਦਰ ਪੈਦਾ ਹੋ ਰਹੇ ਪੈਦਾਵਾਰੀ ਸੰਬੰਧਾਂ ‘ਤੇ ਕੋਈ ਵਿਚਾਰ ਨਹੀਂ ਕੀਤਾ।” (ਸਫ਼ਾ 5)

ਸਰਮਾਏਦਾਰੀ ਅਧੀਨ ਜਿਣਸ ਪੈਦਾਵਾਰ ਤੇ ਵਿਸਤਾਰਤ ਮੁੜ-ਪੈਦਾਵਾਰ ਜੇ ਪੈਦਾਵਾਰੀ ਸੰਬੰਧ ਨਹੀਂ ਹਨ ਤਾਂ ਹੋਰ ਕੀ ਹਨ। ਪਰਚਾ ਫਿਰ ਦਲੀਲ ਪੇਸ਼ ਕਰਦਾ ਹੈ:–

”ਫਿਰ ਪੇਂਡੂ ਅਮੀਰ ਵੀ ਹਨ ਜਿਹੜੇ ਜਿਣਸ ਪੈਦਾਵਾਰ ਕਰਦੇ ਹਨ ਅਤੇ ਵੱਖ-ਵੱਖ ਪੱਧਰ ‘ਤੇ ਵਾਫ਼ਰ ਪੈਦਾ ਕਰਦੇ ਹਨ। ਇੱਥੇ ਇਸੇ ਵਾਫ਼ਰ ‘ਤੇ ਬਹਿਸ ਹੋ ਰਹੀ ਹੈ। ਕੀ ਇਹ ਸਰਮਾਏਦਾਰਾ ਹੈ (ਵਾਫ਼ਰ ਕਦਰ ਦੇ ਰੂਪ ‘ਚ) ਜਾਂ ਜਗੀਰੂ ਜਾਂ ਅਰਧ-ਜਗੀਰੂ!! ਇੱਥੇ ਅਸੀਂ ਉਸ ਜਿਣਸ ਪੈਦਾਵਾਰ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਵਾਫ਼ਰ ਪੈਦਾ ਕਰਦੀ ਹੈ।” (ਸਫ਼ਾ 5-6)

ਜੇ ਪੇਂਡੂ ਅਮੀਰ ਉਜਰਤੀ ਕਿਰਤ ਦਾ ਇਸਤੇਮਾਲ ਕਰਦੇ ਹਨ ਅਤੇ ਜਿਣਸ ਪੈਦਾਵਾਰ ‘ਚ ਸ਼ਾਮਿਲ ਹਨ ਤੇ ਵੱਖ-ਵੱਖ ਪੱਧਰ ‘ਤੇ ਵਾਫ਼ਰ ਪੈਦਾ ਕਰਦੇ ਹਨ ਤਾਂ ਉਹ ਸਰਮਾਏਦਾਰ ਉੱਦਮੀ ਹਨ ਅਤੇ ਜੋ ਅਮਲ ਕਦਰ (ਜਿਣਸ) ਪੈਦਾ ਕਰਦਾ ਹੈ ਉਹੀ ਵਾਫ਼ਰ ਕਦਰ ਵੀ ਪੈਦਾ ਕਰਦਾ ਹੈ ਤੇ ਨਾ ਕਿ ਕਿਸੇ ਕਿਸਮ ਦੀ ਅਰਧ-ਜਗੀਰੂ ਵਾਫ਼ਰ। ਭਾਵੇਂ ਉਹਨਾਂ ਨੇ ਉੱਪਰ ਉਜਰਤੀ ਕਿਰਤ ਦੇ ”ਖਾਸੇ” ਉੱਪਰ ਸਵਾਲ ਉਠਾਇਆ ਹੈ ਅਤੇ ਕਹਿ ਸਕਦੇ ਹਨ ਕਿ ਉਹ ਪੱਕੀ ਮਿੱਟੀ ‘ਤੇ ਖੜੇ ਹਨ ਜਿਸ ਬਾਰੇ ਅਸੀਂ ਉਹਨਾਂ ਦੇ ਤਰਕਾਂ ਦੇ ਆਪਣੇ ਵਿਸ਼ਲੇਸ਼ਣ ਵਿੱਚ ਦੇਖਿਆ ਹੈ ਕਿ ਇਹ ਪੱਕੀ ਮਿੱਟੀ ਕਾਫ਼ੀ ਤਿਲਕਵੀਂ ਹੈ। ਇਹ ਵੀ ਕਾਫ਼ੀ ਦਿਲਚਸਪੀ ਵਾਲ਼ੀ ਗੱਲ ਹੈ ਕਿ ”ਵਾਫ਼ਰ ਦੇ ਖਾਸੇ” ਬਾਰੇ ਇਸ ”ਵਿਸ਼ਲੇਸ਼ਣ” ਵਿੱਚ ਪ੍ਰਤੱਖ ਪੈਦਾਕਾਰਾਂ ਤੋਂ ਵਾਫ਼ਰ ਨਿਚੋੜਨ ਦੀ ਪ੍ਰਕਿਰਿਆ ਦਾ ਕੋਈ ਜ਼ਿਕਰ ਨਹੀਂ ਹੈ। ਮਾਰਕਸ ਲਿਖਦੇ ਹਨ:–

”ਜਿਸ ਵਿਸ਼ੇਸ਼ ਆਰਥਕ ਰੂਪ ਅਧੀਨ ਵਾਫ਼ਰ ਕਿਰਤ ਪ੍ਰਤੱਖ ਪੈਦਾਕਾਰਾਂ ਤੋਂ ਅਦਾਇਗੀ ਤੋਂ ਬਿਨਾਂ ਹੜੱਪੀ ਜਾਂਦੀ ਹੈ, ਉਹੀ ਹਾਕਮ ਤੇ ਮਹਿਕੂਮਾਂ ਵਿਚਕਾਰ ਸਬੰਧ ਤੈਅ ਕਰਦਾ ਹੈ ਕਿਉਂਕਿ ਇਹ ਸਿੱਧਾ ਪੈਦਾਵਾਰ ‘ਚੋਂ ਵਿਕਸਤ ਹੁੰਦਾ ਹੈ ਅਤੇ ਮੋੜਵੇਂ ਰੂਪ ‘ਚ, ਇਸ ‘ਤੇ ਇੱਕ ਨਿਰਧਾਰਕ ਕਾਰਕ ਵਜੋਂ ਪ੍ਰਭਾਵਕਾਰੀ ਹੁੰਦਾ ਹੈ। ਇਸ ਉੱਤੇ ਹੀ ਆਰਥਕ ਸਮੁਦਾਇ ਦੀ ਪੂਰੀ ਬਣਤਰ ਦੀ ਬੁਨਿਆਦ ਟਿਕੀ ਹੁੰਦੀ ਹੈ ਜਿਹੜੀ ਪੈਦਾਵਾਰ ਦੇ ਸਬੰਧਾਂ ‘ਚੋਂ ਹੀ ਪੈਦਾ ਹੁੰਦੀ ਹੈ, ਇਸ ਤਰ੍ਹਾਂ ਨਾਲ਼ ਹੀ ਇਸ ਨਾਲ਼ ਜੁੜਿਆ ਹੋਇਆ ਵਿਸ਼ੇਸ਼ ਸਿਆਸੀ ਰੂਪ ਵੀ।” (ਸਰਮਾਇਆ, ਸੈਂਚੀ ਤੀਜੀ, ਸਫ਼ਾ 791)

ਸਾਨੂੰ ਇਸ ਬਾਰੇ ਕੁਝ ਦੱਸੇ ਬਿਨਾਂ ਕਿ ਕਿਸ ਤਰ੍ਹਾਂ ਪ੍ਰਤੱਖ ਪੈਦਾਕਾਰਾਂ ਤੋਂ ਬਿਨਾਂ ਅਦਾਇਗੀ ਵਾਫ਼ਰ ਕਿਰਤ ਹੜੱਪੀ ਜਾਂਦੀ ਹੈ, ਉਹ ਕੁਝ ਇਸ ਤਰ੍ਹਾਂ ਦੀਆਂ ਦਲੀਲਾਂ ਪੇਸ਼ ਕਰਦੇ ਹਨ – ”ਇਹ ਪੱਕੀ ਕਿਰਤ ਜੋ ਭਾਵੇਂ ਕਿਰਤ ਸ਼ਕਤੀ ਦਾ ਛੋਟਾ ਜਿਹਾ ਹਿੱਸਾ ਹੈ ਪਰ ਵੱਡੇ ਕਿਸਾਨਾਂ ਦੁਆਰਾ ਵਾਫ਼ਰ ਨਿਚੋੜਨ ਲਈ ਮੁੱਖ ਕਿਰਤ ਸ਼ਕਤੀ ਹੈ।” ਜੇ ਇਹ ਪੁੱਛੋ ਕਿ ਅਜਿਹਾ ਕਿਉਂ ਜਦਕਿ ਉਹਨਾਂ ਨੇ ਇਹ ਖੁਦ ਮੰਨਿਆ ਸੀ ਕਿ ਖੇਤੀਬਾੜੀ ਦਾ ਲੱਗਭੱਗ ਸਾਰਾ ਕੰਮ ਦਿਹਾੜੀਦਾਰ ਮਜਦੂਰਾਂ ਦੁਆਰਾ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਕੋਈ ਜਵਾਬ ਨਹੀਂ ਮਿਲੇਗਾ।

ਇਸ ਭਾਗ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਪੰਜਾਬ ਅੰਦਰ“”ਮਸ਼ੀਨੀਕਰਨ ਦੇ ਖਾਸੇ” ਅਤੇ ਖੇਤੀ ‘ਚ ਹੁੰਦੇ ਉੱਚੇ ਲਾਗਤ ਖਰਚਿਆਂ ਉੱਤੇ ਨੇੜਿਓਂ ਝਾਤ ਪਾਉਂਦੇ ਹਨ। ਉਹਨਾਂ ਦੀ ਘਬਰਾਹਟ ਤੇ ਖੁਸ਼ੀ ‘ਚ ਵਾਧਾ ਕਰਨ ਲਈ ਉਹਨਾਂ ਨੂੰ ਇਹ ਲੱਭਦਾ ਹੈ:–

”ਪੰਜਾਬ ਦੀ ਖੇਤੀ ਅੰਦਰ ਜੋ ਦੋ ਤਰ੍ਹਾਂ ਦੀਆਂ ਮਸ਼ੀਨਾਂ ਮੁੱਖ ਤੌਰ ‘ਤੇ ਵਰਤੀਆਂ ਜਾਂਦੀਆਂ ਹਨ ਉਹ ਹਨ ਟਰੈਕਟਰ ਤੇ ਪੰਪਸੈੱਟ/ਇੰਜਣ ਜਿਹੜੇ ਸਾਮਰਾਜੀਆਂ ਅਤੇ ਦਲਾਲ ਨੌਕਰਸ਼ਾਹ ਸਰਮਾਏਦਾਰੀ ਦੁਆਰਾ ਪੈਦਾ ਕੀਤੀਆਂ ਜਾ ਰਹੀਆਂ ਹਨ। ਬਹੁਤ ਘੱਟ ਅਜਿਹੇ ਸੰਦ ਹਨ ਜਿਹੜੇ ਕੌਮੀ ਸਰਮਾਏਦਾਰੀ ਪੈਦਾ ਕਰਦੀ ਹੋਵੇ।” (ਸਫ਼ਾ 6)

ਇਹ ਸੱਚ ਹੈ ਕਿ ਵਾਫ਼ਰ ਦੀ ਵੱਡੀ ਮਾਤਰਾ ਵਿਆਜ ਆਦਿ ਅਤੇ ਅਜਾਰੇਦਾਰਾ ਮੁਨਾਫਿਆਂ ਦੇ ਰੂਪ ‘ਚ ਖੇਤੀ ‘ਚੋਂ ਬਾਹਰ ਨਿਕਲ ਜਾਂਦੀ ਹੈ ਅਤੇ ਇਹੀ ਉਹ ਤਰੀਕਾ ਹੈ ਜਿਸ ਦੁਆਰਾ ਵੱਡੀ ਸਰਮਾਏਦਾਰੀ ਕਿਸਾਨੀ ਦੀ ਲੁੱਟ ਕਰਦੀ ਹੈ। ਅਜਿਹਾ ਹੀ ਸਾਨੂੰ ਮਾਰਕਸ, ਏਂਗਲਜ਼ ਤੇ ਲੈਨਿਨ ਦੀਆਂ ਲਿਖਤਾਂ ਵਿੱਚ ਜ਼ਿਕਰ ਹੋਇਆ ਮਿਲਦਾ ਹੈ। ਕਾਉਤਸਕੀ ਜਿਸਨੇ ਖੇਤੀ ਵਿੱਚ ਸਰਮਾਏਦਾਰੀ ਬਾਰੇ ਬੇਮਿਸਾਲ ਕੰਮ ਕੀਤਾ, ਨੇ ਆਪਣੀ ਲਿਖਤ ਜ਼ਰੱਈ ਸਵਾਲ ਵਿੱਚ ਇਸ ਬਾਰੇ ਲਿਖਿਆ ਹੈ। ਲੈਨਿਨ ਲਿਖਦੇ ਹਨ:–

”… ਕਾਉਤਸਕੀ ‘ਬਿਨਾਂ ਪੂਰੀ ਅਦਾਇਗੀ ਦੇ ਹੁੰਦੇ ਪਿੰਡਾਂ ਤੋਂ ਸ਼ਹਿਰ ਵੱਲ ਜਿਣਸਾਂ ਦੇ ਵਹਾਅ’ (ਕਿਰਾਇਆ ਜਿਹੜਾ ਸ਼ਹਿਰਾਂ ‘ਚ ਖਰਚਿਆ ਜਾਂਦਾ ਹੈ, ਟੈਕਸ, ਸ਼ਹਿਰ ਦੀਆਂ ਬੈਂਕਾਂ ਵੱਲੋਂ ਜ਼ਾਰੀ ਹੋਏ ਕਰਜ਼ਿਆਂ ਦਾ ਵਿਆਜ) ਦੀ ਛਾਣਬੀਣ ਕਰਦੇ ਹਨ ਅਤੇ ਹੱਕੀ ਤੌਰ ‘ਤੇ ਇਸਨੂੰ ਪੇਂਡੂ ਇਲਾਕੇ ਦੀ ਸ਼ਹਿਰ ਦੁਆਰਾ ਲੁੱਟ ਕਹਿੰਦੇ ਹਨ।” (ਸਮੁੱਚੀਆਂ ਲਿਖਤਾਂ ਸੈਂਚੀ 4, ਸਫ਼ਾ 149)

ਮਾਰਕਸ ਲਿਖਦੇ ਹਨ ਕਿ ਸਰਮਾਏਦਾਰੀ ਅਧੀਨ “ਕਿਸਾਨਾਂ ਦੀ ਲੁੱਟ ਸੱਨਅਤੀ ਪ੍ਰੋਲੇਤਾਰੀ ਦੀ ਲੁੱਟ ਨਾਲ਼ੋਂ ਸਿਰਫ਼ ਦਿਖਣ ‘ਚ ਵੱਖਰੀ ਹੁੰਦੀ ਹੈ। ਲੁੱਟਣ ਵਾਲਾ ਉਹੀ ਹੁੰਦਾ ਹੈ : ਸਰਮਾਇਆ। ਵਿਅਕਤੀਗਤ ਸਰਮਾਏਦਾਰ ਗਹਿਣਿਆਂ ਤੇ ਸੂਦਖੋਰੀ ਰਾਹੀਂ ਵਿਅਕਤੀਗਤ ਕਿਸਾਨਾਂ ਦੀ ਲੁੱਟ ਕਰਦੇ ਹਨ; ਸਰਮਾਏਦਾਰ ਜਮਾਤ ਕਿਸਾਨ ਜਮਾਤ ਨੂੰ ਰਾਜਕੀ ਟੈਕਸਾਂ ਰਾਹੀਂ ਲੁੱਟਦੀ ਹੈ। (ਫਰਾਂਸ ਵਿੱਚ ਜਮਾਤੀ ਸੰਘਰਸ਼)

ਵਾਫ਼ਰ ਦੇ ਖੇਤੀ ‘ਚੋਂ ਬਾਹਰ ਚਲੇ ਜਾਣ ਦੇ ਤੱਥ ਦਾ ਮਤਲਬ ਇਹ ਨਹੀਂ ਕਿ ਖੇਤੀ ਸਰਮਾਏਦਾਰਾ ਹੀ ਨਹੀਂ ਹੈ ਅਤੇ ਪਰਚਾ ਵੀ ਇਹ ਕਹਿੰਦੇ ਹੋਏ ਕਿ ”ਭਾਵੇਂ ਕਿ ਦੇਸ਼ ਦੇ ਦੂਜੇ ਹਿੱਸਿਆਂ ਦੇ ਮੁਕਾਬਲੇ ਇੱਥੇ ਸਰਮਾਏ ਦੇ ਵਿਕਾਸ ਦਾ ਪੱਧਰ ਉਚੇਰਾ ਹੈ” ਇਸ ਨੁਕਤੇ ਨੂੰ ਮੰਨਦਾ ਹੈ। ਬਿਨਾਂ ਸ਼ੱਕ ਇਸ ਦਾ ਮਤਲਬ ਖੇਤੀ ਵਿੱਚ ਪੈਦਾਵਾਰੀ ਤਾਕਤਾਂ ਦੇ ਵਿਕਾਸ ਦਾ ਮੱਠਾ ਹੋਣ ਤੋਂ ਹੈ ਜੋ ਭਾਰਤ ਜਿਹੇ ਸਾਮਰਾਜੀ ਦਾਬੇ ਹੇਠਲੇ ਦੇਸ਼ਾਂ ਵਿੱਚ ਜ਼ਿਆਦਾ ਹੈ।

”ਪੰਜਾਬ ਦੇ ਖੇਤਾਂ ਵਿੱਚ ਸਰਮਾਏ ਦੀ ਸੰਘਣਤਾ” ਨੂੰ ਦੇਖਣ ਤੋਂ ਬਾਅਦ ਪਰਚਾ ਕਹਿੰਦਾ ਹੈ:–

”ਭਾਵੇਂ ਇਹ ਵਿਸਤਾਰਤ ਜਿਣਸ ਪੈਦਾਵਾਰ ਨੂੰ ਦਰਸਾਉਂਦਾ ਤਾਂ ਹੈ ਪਰ ਆਪਣੇ-ਆਪ ‘ਚ ਇਸ ਤੋਂ ਇਹ ਸਿੱਟਾ ਨਹੀਂ ਨਿਕਲਦਾ ਕਿ ਪੈਦਾਵਾਰੀ ਰਿਸ਼ਤੇ ਸਰਮਾਏਦਾਰਾਨਾ ਹਨ। ਇਹ ਪਤਾ ਲਾਉਣ ਲਈ ਕਿ ਅਸਲ ਕਿਸ ਚੀਜ਼ ਦੀ ਹੋਂਦ ਹੈ, ਅਸਲੀਅਤ ਖੋਜਣ ਵਾਸਤੇ ਡੂੰਘਾਈ ‘ਚ ਜਾਣ ਦੀ ਲੋੜ ਹੈ। ਅਸੀਂ ਬਾਅਦ ‘ਚ ਦੇਖਾਂਗੇ, ਇਸ ਤੋਂ ਸਾਹਮਣੇ ਆਉਂਦਾ ਹੈ ਕਿ ”ਸਧਾਰਨ ਜਿਣਸ ਪੈਦਾਵਾਰ” (ਜਿੱਥੇ ਕਿਸਾਨ ਆਪਣੀ ਜਿਣਸ ਦਾ ਵੱਡਾ ਹਿੱਸਾ ਵੇਚ ਦਿੰਦਾ ਹੈ ਅਤੇ ਲਾਗਤਾਂ ਤੇ ਸਰਮਾਏ ਨੂੰ ਵਰਤ ਲੈਂਦਾ ਹੈ ਪਰ ਵਾਫ਼ਰ ਨਹੀਂ ਪੈਦਾ ਕਰਦਾ। ਸਾਰੀ ਪੈਦਾਵਾਰ ਸਿਰਫ਼ ਆਪਣੇ ਜਿਉਂਦੇ ਰਹਿਣ ਲਈ ਹੀ ਕੀਤੀ ਜਾਂਦੀ ਹੈ) ਅਤੇ ਜਿਣਸਾਂ ਦੀ ਪੈਦਾਵਾਰ ਜੋ ਕਿ ਕਿਸਾਨਾਂ ਦੀ ਪੈਦਾ ਕੀਤੀ ਵਾਫ਼ਰ ਚੂਸ ਕੇ ਸਾਮਰਾਜੀਆਂ ਤੇ ਦਲਾਲ ਨੌਕਰਸ਼ਾਹ ਸਰਮਾਏਦਾਰੀ ਦੀਆਂ ਮੰਡੀਆਂ ਦੀ ਸੇਵਾ ਕਰਦਾ ਹੈ, ਵੀ ਵੱਡੀ ਪੱਧਰ ‘ਤੇ ਹੁੰਦੀ ਹੈ। ਭਾਵੇਂ ਕਿ ਦੇਸ਼ ਦੇ ਦੂਜੇ ਹਿੱਸਿਆਂ ਦੇ ਮੁਕਾਬਲੇ ਇੱਥੇ ਬਿਨਾਂ ਸ਼ੱਕ ਸਰਮਾਏ ਦੇ ਵਿਕਾਸ ਦਾ ਪੱਧਰ ਉਚੇਰਾ ਹੈ ਪਰ ਕੇਂਦਰੀ ਸਵਾਲ ਇਹ ਹੈ ਕਿ ਇਸ ਦੇ ਸਿੱਟੇ ਵਜੋਂ ਪੈਦਾਵਾਰੀ ਸਬੰਧਾਂ ‘ਚ ਕੋਈ ਬੁਨਿਆਦੀ ਤਬਦੀਲੀ ਆਈ ਹੈ?” (ਸਫ਼ਾ 6)

ਪੈਦਾਵਾਰੀ ਸਬੰਧਾਂ ਤੋਂ ਉਹ ਕੀ ਮਤਲਬ ਲੈਂਦੇ ਹਨ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ। ਇੱਕ ਚੀਜ਼ ਜੋ ਸਾਨੂੰ ਇੱਥੇ ਮਿਲਦੀ ਹੈ ਉਹ ਇਹ ਕਿ ਉਹ ਇਹ ਮੰਨ ਲੈਂਦੇ ਹਨ – ਜਿਣਸ ਪੈਦਾਵਾਰ ਦੀ ਮੌਜੂਦਗੀ ਜੋ ਖੇਤੀ ਵਿੱਚੋਂ ਵਾਫ਼ਰ ਚੂਸਣ ਵਿੱਚ ਸਾਮਰਾਜੀ ਸਰਮਾਏ ਦੀ ਸੇਵਾ ਕਰਦੀ ਹੈ। ਇਸ ਲਈ ਇਹ ਕਿਸੇ ਕਿਸਮ ਦਾ ਜਗੀਰੂ ਜਾਂ ਅਰਧ-ਜਗੀਰੂ ਪੈਦਾਵਾਰੀ ਪ੍ਰਬੰਧ ਨਹੀਂ ਹੈ ਜਿਹੜਾ ਸਾਮਰਾਜੀ ਲੁੱਟ ਦੀ ਬੁਨਿਆਦ ਦੇ ਤੌਰ ‘ਤੇ ਕੰਮ ਕਰ ਰਿਹਾ ਹੋਵੇ।

ਇੱਕ ਅਸਲੋਂ ਅਹਿਮ ਸਵੀਕ੍ਰਿਤੀ। ਮਾਕਪਾ(ਮਾਲੇ) ਦੇ ਰੈੱਡ ਫਲੈਗ ਗਰੁੱਪ ਨਾਲ ਸਾਡੀ ਬਹਿਸ ਵਿੱਚ ਅਸੀਂ ਇਹ ਲਿਖਿਆ ਸੀ –

”ਅੱਜ“ਧਨ ਦਾ ਵਿਦੇਸ਼ ਵੱਲ ਨਿਕਾਸ” ਕਈ ਤਰ੍ਹਾਂ ਦੇ ਢੰਗਾਂ ਨਾਲ ਹੁੰਦਾ ਹੈ। …ਸਾਮਰਾਜੀ ਲੁੱਟ ਦਾ ਰੂਪ ਬਦਲ ਗਿਆ ਹੈ ਅਤੇ ਇਸ ਬਦਲਾਅ ਦਾ ਆਪਣਾ ਆਰਥਕ ਅਧਾਰ ਵੀ ਹੈ। ਇਸ ਦੇਸ਼ ਵਿੱਚ ਸਾਮਰਾਜੀ ਆਰਥਕ ਬੁਨਿਆਦ ਕੁਝ ਇਸ ਤਰ੍ਹਾਂ ਦੇ ਢੰਗਾਂ ਨਾਲ਼ ਮਜ਼ਬੂਤ ਹੋਈ ਹੈ ਜਿਹਨਾਂ ਨੂੰ ਮ.ਮ.ਸ. (ਰੈੱਡ ਸਟਾਰ ਦਾ ਉਸ ਵੇਲੇ ਦਾ ਸੰਪਾਦਕ) ਉੱਕਾ ਹੀ ਮੰਨਣ ਤੋਂ ਨਾਂਹ ਕਰ ਦੇਵੇਗਾ। ਆਓ ਇੱਕ ਉਦਾਹਰਣ ਨਾਲ਼ ਗੱਲ ਕਰੀਏ। ਡੰਕਲ ਡਰਾਫਟ ਨੂੰ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਬੀਜਾਂ ਦਾ ਮੁੱਦਾ ਕਾਫ਼ੀ ਗਰਮਾਇਆ ਰਿਹਾ ਹੈ। ਉਸ ਸਮੇਂ ਦੇ ਗੈਟ  (71““) ਦੇ ਡਾਇਰੈਕਟਰ-ਜਨਰਲ ਤੇ ਡੰਕਲ ਦੇ ਉਤਰਧਿਕਾਰੀ ਪੀਟਰ ਸੁਦਰਲੈਂਡ ਨੇ ਟਾਈਮਜ਼ ਆਫ਼ ਇੰਡੀਆ ਦੇ ਇੱਕ ਸੰਪਾਦਕੀ ਪੰਨੇ ਦੇ ਲੇਖ ਵਿੱਚ ਆਲੋਚਕਾਂ ਦਾ ਜਵਾਬ ਦਿੱਤਾ – ਉਸਨੇ ਪੂਰੀ ਢੀਠਤਾਈ ਨਾਲ ਕਿਸਾਨਾਂ ਨੂੰ ਬਹੁਕੌਮੀ ਕੰਪਨੀਆਂ ਦੇ ਬੀਜ ਨਾ ਖਰੀਦਣ ਲਈ ਕਿਹਾ ਜੇ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਮਹਿਸੂਸ ਹੁੰਦਾ ਹੈ। ਉਸਦੀ ਦਲੀਲ ਸੀ ਕਿ ਆਖਿਰ ਕੋਈ ਵੀ ਤਾਂ ਉਹਨਾਂ ਨੂੰ ਅਜਿਹਾ ਕਰਨ ਲਈ ਮਜ਼ਬੂਰ ਨਹੀਂ ਕਰ ਰਿਹਾ। ਸੁਦਰਲੈਂਡ ਦੀ ਦਲੀਲ ‘ਚ ਕੁਝ ਵਜ਼ਨ ਸੀ – ਨੀਲ੍ਹਾ ਸਾਹਿਬ (ਨੀਲ ਦੀ ਖੇਤੀ ਕਰਵਾਉਣ ਵਾਲਾ ਬਾਗਾਨ-ਮਾਲਕ) ਦੀ ਕਿਸਮ ਦਾ ਕੋਈ ਵੀ ਦਬਾਅ ਉਹ ਨਹੀਂ ਵਰਤ ਰਿਹਾ ਸੀ। ਮੰਡੀ ਦਾ ਆਪਣਾ ਹੀ ਦਬਾਅ ਕਾਫ਼ੀ ਸੀ। ਢਾਂਚੇ ਅਨੁਸਾਰ ਖੁਦ ਨੂੰ “ਢਾਲ ਲੈਣ ਦੀ ਜਰੂਰਤ” ਕਿਸਾਨ ਨੂੰ ਸਭ ਤੋਂ ਬੇਤੁਕੇ ਢੰਗ-ਤਰੀਕਿਆਂ ਜਿਹੜੇ ਉਸ ਲਈ ਤਬਾਹੀ ਲਿਆਉਣ ਵਾਲੇ ਹੁੰਦੇ ਹਨ, ਨੂੰ ਅਪਨਾਉਣ ਲਈ ਦਬਾਅ ਬਣਾਉਂਦੀ ਹੈ। ਇਹ ਉਸ ਲਈ ‘ਹਾਬਸਨ ਚੋਣ’ ਹੈ। ਉਸਨੂੰ ਮੰਡੀ ਦੀਆਂ ਤਾਕਤਾਂ ਦੀ ਧੁਨ ‘ਤੇ ਨੱਚਣਾ ਹੀ ਪੈਣਾ ਹੈ। ਇਹ ਸਰਮਾਏਦਾਰੀ ਅਧੀਨ ਨਿਰਭਰਤਾ ਹੈ ਸ਼੍ਰੀਮਾਨ ਮ.ਮ.ਸ., ਸਿਰਫ਼ ਜਗੀਰੂ ਨਿਰਭਰਤਾ ਦੀ ਸਖਤ ਆਲੋਚਨਾ ਤੇ ਸਰਮਾਏਦਾਰੀ ਦਾ ਆਦਰਸ਼ੀਕਰਨ ਨਾ ਕਰੀ ਜਾਓ। ਇਸ ਲਈ, ਸਾਮਰਾਜ ਦੀ ਮਜਬੂਤੀ ਦੀ ਬੁਨਿਆਦ ਵੀ ਇੱਥੇ ਵਿਸਤ੍ਰਿਤ ਜਿਣਸ ਪੈਦਾਵਾਰ ‘ਤੇ  ਟਿਕੀ ਹੋਈ ਹੈ। ਇਸ ਲਈ ਇਹ ਭਾਰਤੀ ਸਰਮਾਏਦਾਰੀ ਢਾਂਚਾ ਹੈ ਜਿਹੜਾ ਸਾਮਰਾਜ ਨੂੰ ਤਾਕਤ ਬਖਸ਼ ਰਿਹਾ ਹੈ ਤੇ ਜਿਸਨੂੰ ਦੇਖਣ ਤੋਂ ਮ.ਮ.ਸ. ਇਨਕਾਰੀ ਹੈ। (ਪ੍ਰੋਲੇਤਾਰੀਅਨ ਪਾਥ, ਅਗਸਤ 1997, ਸਫ਼ਾ 25)

ਸਾਡੇ ਮਿੱਤਰ ਗੁੱਸੇ ‘ਚ ਹੈਰਾਨ ਹੋ ਰਹੇ ਹੋਣਗੇ – ਕੀ ਅਸੀਂ ਇਹ ਨਹੀਂ ਕਿਹਾ ਕਿ ਸਧਾਰਨ ਜਿਣਸ ਪੈਦਾਵਾਰ ਅਰਧ-ਜਗੀਰੂ ਹੈ? ਅਸੀਂ ਇਸ ਸਧਾਰਨ ਜਿਣਸ ਪੈਦਾਵਾਰ = ਅਰਧ-ਜਗੀਰਦਾਰੀ ਵੱਲ ਬਾਅਦ ‘ਚ ਆਵਾਂਗੇ, ਪਹਿਲਾਂ ਅਸੀਂ ਉੱਪਰ ਆਏ ਹਵਾਲੇ ਕਿ – ਪੈਦਾਵਾਰ ਸਿਰਫ਼ ਜਿਉਂਦੇ ਰਹਿਣ ਲਈ ਹੋ ਰਹੀ ਹੈ, ਵੱਲੋਂ ਪੈਦਾ ਕੀਤੀ ਉਲਝਣ ਨੂੰ ਸਾਫ਼ ਕਰੀਏ। ਕੀ ਇੱਥੇ ਜੀਵਨ ਨਿਰਬਾਹ ਲਈ ਖੇਤੀ ਹੋ ਰਹੀ ਹੈ? ਇੱਕ ਸੂਬੇ ‘ਚ ਠੇਕੇ ਤੋਂ ਜ਼ਮੀਨ ਲੈਣ ਦੀ ਦਰ 30,000 ਰੁਪੈ ਪ੍ਰਤੀ ਏਕੜ ਪ੍ਰਤੀ ਸਾਲ ਤੋਂ ਸ਼ੁਰੂ ਹੁੰਦੀ ਹੋਵੇ, ਉੱਥੇ ਇਹ ਕਹਿਣਾ ਕਿ ਵਾਫ਼ਰ ਪੈਦਾ ਨਹੀਂ ਹੁੰਦੀ, ਚੀਜਾਂ ਨੂੰ ਬਹੁਤ ਛੋਟਾ ਕਰਕੇ ਦੇਖਣਾ ਹੈ। ਇਹ ਸੱਚ ਹੈ ਕਿ ਛੋਟੇ ਤੇ ਦਰਮਿਆਨੇ ਕਿਸਾਨ ਮੌਜੂਦਾ ਹਾਲਤਾਂ ‘ਚ ਆਪਣੀ ਖੇਤੀ ਨੂੰ ਠੀਕ-ਠਾਕ ਤਰੀਕੇ ਨਾਲ ਚਾਲੂ ਨਹੀਂ ਰੱਖ ਸਕਦੇ, ਪ੍ਰੰਤੂ ਇਹ ਸਰਮਾਏਦਾਰੀ ਸਮਾਜ ਵਿੱਚ ਕਿਸੇ ਵੀ ਨਿੱਕ-ਬੁਰਜੂਆ ਪੈਦਾਕਾਰ ਲਈ ਵੀ ਸੱਚ ਹੈ। ਪੈਦਾਵਾਰੀ ਸਬੰਧਾਂ ਬਾਰੇ ਉਹ ਹੋਰ ਅੱਗੇ ਲਿਖਦੇ ਹਨ –

”ਸਰਮਾਏ ਦੇ ਇਕੱਤ੍ਰੀਕਰਨ ਬਾਰੇ ਅੰਕੜਿਆਂ ਨੂੰ ਲਾਜ਼ਮੀ ਹੀ ਸਰਮਾਏਦਾਰ ਕਿਸਾਨ ਦੀ ਹੋਂਦ ਨਾਲ ਜੋੜਿਆ ਜਾਣਾ ਚਾਹੀਦਾ ਹੈ, ਨਾ ਕਿ ਸਿਰਫ਼ ਪੇਂਡੂ ਅਰਥਚਾਰੇ ਤੋਂ ਪੈਦਾ ਕੀਤੇ ਵਾਫ਼ਰ ਨਾਲ। ਜਿਵੇਂ ਕਿ ਮਾਰਕਸ ਨੇ ਕਿਹਾ ਹੈ, “ਪੈਦਾ ਕੀਤਾ ਸਰਮਾਇਆ ਲਾਜ਼ਮੀ ਹੀ ਖੇਤੀ ਅੰਦਰ ਆਪਣੇ ਉਜਰਤੀ ਕਾਮੇ ਲਗਾ ਕੇ ਆਪਣੇ ‘ਚ ਵਾਧਾ ਕਰੇ।” ਕੇਂਦਰੀ ਸਵਾਲ ਇਹ ਹੈ ਕਿ ਵਾਫ਼ਰ ਪੈਦਾ ਕਿਵੇਂ ਹੁੰਦਾ ਹੈ ਅਤੇ ਫਿਰ ਵਰਤਿਆ ਕਿਵੇਂ ਜਾਂਦਾ ਹੈ – ਦੋਵੇਂ ਹੀ ਪਹਿਲੂ, ਨਾ ਕਿ ਉਹਨਾਂ ‘ਚੋਂ ਇੱਕ, ਸਮਝ ਬਣਾਉਣ ਲਈ ਅਹਿਮ ਹਨ।” (ਸਫ਼ਾ 6)

ਇਸ ਤੋਂ ਬਾਅਦ ਉਹ ਪੰਜਾਬ ਦੀ ਖੇਤੀ ਅੰਦਰ ਹੋਏ ਲੋੜੋਂ ਵੱਧ ਸਰਮਾਏਦਾਰੀਕਰਨ ਦੇ ਵਿਸਥਾਰਾਂ ‘ਚ ਚਲੇ ਜਾਂਦੇ ਹਨ। ਉਹ ਇਸ ਤੋਂ ਇਹ ਨਤੀਜਾ ਕੱਢਦੇ ਹਨ ਕਿ “ਲਾਗਤਾਂ ‘ਤੇ ਹੁੰਦੇ ਖਰਚਿਆਂ ‘ਚ ਵਾਧੇ ਨਾਲ ਕਿਸਾਨਾਂ ਦੀ ਵਾਫ਼ਰ ‘ਚ ਕੋਈ ਗਿਣਨਯੋਗ ਵਾਧਾ ਨਹੀਂ ਹੋਇਆ ਸਗੋਂ ਸਾਮਰਾਜੀਆਂ ਤੇ ਉਹਨਾਂ ਦੀਆਂ ਦਲਾਲ ਨੌਕਰਸ਼ਾਹ ਸਰਮਾਏਦਾਰ ਕੰਪਨੀਆਂ ਦੇ ਘਰ ਹੀ ਭਰੇ ਹਨ।” (ਸਫ਼ਾ 7)

ਇੱਥੇ ਲੋੜੋਂ ਵੱਧ ਸਰਮਾਏਦਾਰੀਕਰਨ ਜ਼ਮੀਨ ਦੇ ਟੁਕੜਿਆਂ ‘ਚ ਵੰਡੇ ਜਾਣ ਤੇ ਸਰਮਾਏਦਾਰਾ ਖੇਤੀ ਦੀ ਗੈਰ-ਤਰਕਸੰਗਤਾ ਕਰਕੇ ਹੈ ਜਿਸ ਦਾ ਮਾਰਕਸ ਨੇ ਸਰਮਾਇਆ ਦੀ ਤੀਜੀ ਸੈਂਚੀ ‘ਚ ਜ਼ਿਕਰ ਕੀਤਾ ਹੈ। ਜ਼ਮੀਨ ਵਿੱਚ ਨਿੱਜੀ ਮਾਲਕੀ ਦਾ ਪ੍ਰਬੰਧ ਅਤੇ ਹਰ ਪੀੜ੍ਹੀ ਨਾਲ ਵਿਰਾਸਤੀ ਅਧਿਕਾਰਾਂ ਕਾਰਨ ਜ਼ਮੀਨ ਦੇ ਟੁਕੜਿਆਂ ‘ਚ ਵੰਡੇ ਜਾਣ ਕਾਰਨ ਸਰਮਾਏ ਦੀਆਂ ਵਸਤਾਂ ਜਿਵੇਂ ਟਰੈਕਟਰ ਆਦਿ ਨੂੰ ਗੈਰ-ਤਰਕਸੰਗਤ ਢੰਗ ਨਾਲ ਦੁੱਗਣਾ ਕਰ ਦਿੰਦਾ ਹੈ। ਮਾਰਕਸ ਨੇ ਦਿਖਾਇਆ ਕਿ ਕਿਵੇਂ ਜ਼ਮੀਨ ਦੀ ਨਿੱਜੀ ਮਾਲਕੀ, ਜੋ ਛੋਟੀ ਹੋਵੇ ਜਾਂ ਵੱਡੀ, ਗੈਰ-ਤਰਕਸੰਗਤ ਖੇਤੀ ਨੂੰ ਜਨਮ ਦਿੰਦੀ ਹੈ। ਇਹ ਗੈਰ-ਤਰਕਸੰਗਤਾ ਸਰਮਾਏਦਾਰਾ ਖੇਤੀ ਦਾ ਹਿੱਸਾ ਹੈ ਅਤੇ ਦਰਮਿਆਨੀ ਤੇ ਛੋਟੀ ਕਿਸਾਨੀ ਦੇ ਹੋਰ ਵੀ ਜ਼ਿਆਦਾ ਖਿਲਾਫ਼ ਜਾਂਦੀ ਹੈ। ਇਸ ਦੀ ਮੌਜੂਦਗੀ ਨੂੰ ਸਿੱਧ ਕਰਨਾ ਅਤੇ ਸਰਮਾਏਦਾਰੀ ਦੀ ਹੋਂਦ ‘ਤੇ ਸਵਾਲ ਉਠਾਉਣਾ ਸਰਮਾਏਦਾਰੀ ਦਾ ਆਦਰਸ਼ੀਕਰਨ ਕਰਨਾ ਹੈ ਜਿਵੇਂ ਕਿ ਸਾਡੇ ਮਿੱਤਰ ਆਮ ਤੌਰ ‘ਤੇ ਕਰਦੇ ਹਨ। ਉਹ ਇਸਨੂੰ ਬੜਾ ਹੈਰਾਨ ਕਰਨ ਵਾਲਾ ਸਮਝਦੇ ਹਨ ਕਿ ਕਿਸਾਨ ਇੱਕ ਪੂਰੀ ਤਰ੍ਹਾਂ ਸਮਝਦਾਰ ਸਰਮਾਏਦਾਰ ਨਹੀਂ ਹੈ, ਉਹ ਸੋਚਦੇ ਹਨ ਕਿ ਅਜਿਹਾ ਉਹਨਾਂ ਦੀ ਅਜ਼ਾਦ ਸਰਮਾਏਦਾਰੀ ਵਿੱਚ ਹੋਵੇਗਾ। ਚੀਜ਼ਾਂ ਨੂੰ ਇਸ ਨੁਕਤਾ-ਨਜ਼ਰ ਤੋਂ ਦੇਖਦੇ ਹੋਏ ਉਹ ਲਿਖਦੇ ਹਨ:–

”ਅਮੀਰ ਕਿਸਾਨਾਂ ਨੂੰ ਛੱਡ ਕੇ ਕਿਸਾਨਾਂ ਦੀ ਬਹੁਗਿਣਤੀ ਇਹਨਾਂ ਟਰੈਕਟਰਾਂ ਨਾਲ ਕੋਈ ਵਾਫ਼ਰ ਨਹੀਂ ਪੈਦਾ ਕਰਦੀ। ਵਧਦੇ ਜ਼ਰੱਈ ਸੰਕਟ ਕਾਰਨ ਖਾਂਦੇ-ਪੀਂਦੇ ਕਿਸਾਨ ਵੀ ਸੰਕਟ ਵਿੱਚ ਹਨ ਤੇ ਵਾਫ਼ਰ ਦਾ ਪੈਦਾ ਹੋਣਾ ਹੋਰ ਵੀ ਘਟਿਆ ਹੈ। ਟਰੈਕਟਰਾਂ ਸੰਬੰਧੀ ਇੱਕ ਹੋਰ ਗੱਲ ਵੀ ਹੈ ਕਿ ਇਹ ਕਿਰਤੀਆਂ ਦੀ ਥਾਂ ਲੈ ਲੈਂਦੇ ਹਨ, ਕਈ ਵਾਰ ਤਾਂ ਇਹ ਮਹਿੰਗੇ ਵੀ ਪੈਂਦੇ ਹਨ ਪਰ ਇਹ ਵਾਫ਼ਰ ਕਦਰ ਪੈਦਾ ਕਰਨ ਲਈ ਨਹੀਂ ਵਰਤੇ ਜਾਂਦੇ।””(ਸਫ਼ਾ 6)

ਉਹਨਾਂ ਦੇ ਕਾਲਪਨਿਕ ਸਰਮਾਏਦਾਰ ਜਗਤ ਦੇ ਕਿਸਾਨਾਂ ਨੇ ਅਸਲ ਵਿੱਚ ਉਹਨਾਂ ਨੂੰ ਪਿੱਠ ਦਿਖਾਈ ਹੈ। ਇੱਥੋਂ ਤੱਕ ਕਿ ਇਸ ਸੰਕਟ ਦੇ ਸਮੇਂ ਅਮੀਰ ਕਿਸਾਨ ਵੀ ਵਾਫ਼ਰ ਨਹੀਂ ਪੈਦਾ ਕਰ ਸਕਦੇ, ਇਸ ਲਈ ਉਹ ਵੀ ਸ਼ਾਇਦ ਅਰਧ-ਜਗੀਰੂ ਦੀ ਕੋਟੀ ‘ਚ ਜਾ ਡਿੱਗਦੇ ਹਨ। ਸਾਰੇ ਸਰਮਾਏਦਾਰ ਚੱਕਰਾਂ ‘ਚ ਆਉਣ ਵਾਲੇ ਸੰਕਟਾਂ ਤੇ ਮੰਦਵਾੜਿਆਂ ਬਾਰੇ ਜਾਣਦੇ ਹਨ – ਉਹਨਾਂ ਦੇ ਅਰਥਸ਼ਾਸਤਰੀ ਉਹਨਾਂ ਨੂੰ ਇਸ ਬਾਰੇ ਸਿੱਖਿਅਤ ਕਰਦੇ ਹਨ ਅਤੇ ਉਹਨਾਂ ਕੋਲ ਆਪਣਾ ਬਿਜ਼ਨੈੱਸ-ਚੱਕਰਾਂ ਦਾ ਸਿਧਾਂਤ ਵੀ ਹੈ। ਕੀ ਇਸ ਤਰ੍ਹਾਂ ਉਹ ਇਸ ਸਮੱਸਿਆ ਦਾ ਹੱਲ ਸਮਾਜਵਾਦ ਵਿੱਚ ਲੱਭਣ ਸਮੇਂ ਕਾਫ਼ੀ ਤਰਕਵਿਰੋਧੀ ਨਹੀਂ ਹਨ? ਅਸੀਂ ਸਾਰੇ ਜਾਣਦੇ ਹਾਂ ਕਿ ਅਮਰੀਕਾ ‘ਚ ਮਹਾਂਮੰਦੀ ਸਮੇਂ “ਨਿਊ ਡੀਲ” ਨੂੰ ਸਰਮਾਏਦਾਰੀ ਨੂੰ ਸਰਮਾਏਦਾਰਾਂ ਕੋਲੋਂ ਬਚਾਉਣ ਵਾਲੀ ਕਿਹਾ ਗਿਆ ਸੀ। ਸਰਮਾਏਦਾਰੀ ਪ੍ਰਬੰਧ ਵਿੱਚ ਤਰਕਸੰਗਤਾ ਨੂੰ ਭਾਲਣਾ ਮੂਰਖਤਾ ਹੈ। ਸਰਮਾਏਦਾਰਾ ਖੇਤੀ ਤਾਂ ਬਹੁਤ ਜ਼ਿਆਦਾ ਗੈਰ-ਤਰਕਸੰਗਤ ਹੁੰਦੀ ਹੈ ਅਤੇ ਮਾਰਕਸ ਦੇ ਅਧਿਐਨ ਨੇ ਇਹ ਵਾਰ-ਵਾਰ ਦਿਖਾਇਆ ਹੈ। ਕਿ ਮਸ਼ੀਨਰੀ ਨੂੰ ਪੰਜਾਬ ਵਿੱਚ ਤਰਕਸੰਗਤ ਢੰਗ ਨਾਲ ਨਹੀਂ ਵਰਤਿਆ ਜਾ ਰਿਹਾ, ਇਹ ਨਹੀਂ ਸਿੱਧ ਕਰਦਾ ਕਿ ਢਾਂਚਾ ਅਰਧ-ਜਗੀਰੂ ਹੈ। ਸਰਮਾਏਦਾਰੀ ਨੂੰ ਪੂਰੀ ਤਰ੍ਹਾਂ ਤਰਕਸੰਗਤ ਪ੍ਰਬੰਧ ਸਮਝਣਾ ਇਹਨਾਂ ਮਹਾਂਪੁਰਸ਼ਾਂ ਨੂੰ ਵਿਕਸਤ ਮੁਲਕਾਂ ‘ਚ ਸਮਰੱਥਾਵਾਂ ਨੂੰ ਪੂਰੀ ਤਰ੍ਹਾਂ ਨਾ ਵਰਤ ਸਕਣ ‘ਤੇ ਸਵਾਲ ਖੜਾ ਕਰਨ ਵੱਲ ਲੈ ਜਾਵੇਗਾ ਅਤੇ ਸ਼ਾਇਦ ਉਹ ਇਹਨਾਂ ਮੁਲਕਾਂ ਨੂੰ ਵੀ ਅਰਧ-ਜਗੀਰੂ ਗਰਦਾਨ ਦੇਣ। ਅਸੀਂ ਪਹਿਲਾਂ ਕਹਿ ਚੁੱਕੇ ਹਾਂ ਕਿ ਜ਼ਮੀਨ ਅੰਦਰ ਨਿੱਜੀ ਮਾਲਕੀ ਸਰਮਾਏਦਾਰੀ ਅਧੀਨ ਸਰਮਾਏ ਦੀਆਂ ਵਸਤਾਂ ਨੂੰ ਦੁੱਗਣਾ ਕਰ ਦਿੰਦੀ ਹੈ। ਇਹ ਰੁਝਾਨ ਹੋ ਸਕਦਾ ਹੈ ਕਿ ਤਜ਼ਰਬੇ ਨਾਲ ਫਿੱਕਾ ਪੈ ਜਾਵੇ ਅਤੇ ਟਰੈਕਟਰਾਂ ਨੂੰ ਕਿਰਾਏ ‘ਤੇ ਲੈ ਕੇ ਵਰਤਿਆ ਜਾਣਾ ਸ਼ੁਰੂ ਹੋ ਜਾਵੇ – ਜੇ ਇਹ ਪੈਮਾਨਾ ਮੰਨ ਕੇ ਚੱਲੀਏ ਤਾਂ ਬਿਹਾਰ ਸਭ ਤੋਂ ਅੱਗੇ ਹੈ ਜਿੱਥੇ ਛੋਟੀ ਕਿਸਾਨੀ ਵੀ ਕਾਸ਼ਤ ਲਈ ਟਰੈਕਟਰਾਂ ਨੂੰ ਕਿਰਾਏ ‘ਤੇ ਜ਼ਿਆਦਾ ਤੋਂ ਜ਼ਿਆਦਾ ਵਰਤ ਰਹੀ ਹੈ। ਇਹ ਲੋਕ ਲੰਮੇ ਸਮੇਂ ਦੇ ਅਧਿਐਨ ਦੀ ਗੱਲ ਕਰਦੇ ਹਨ ਪ੍ਰੰਤੂ ਥੋੜਚਿਰੇ ਰੁਝਾਨਾਂ ਨੂੰ ਨਹੀਂ ਦੇਖ ਸਕਦੇ ਜਿਹੜੇ ਕੁਝ ਸਮੇਂ ਕਾਫ਼ੀ ਮਜ਼ਬੂਤ ਦਿਖਾਈ ਦੇ ਸਕਦੇ ਹਨ ਅਤੇ ਫਿਰ ਇਕਦਮ ਫਿੱਕੇ ਪੈ ਜਾਂਦੇ ਹਨ।

ਵਾਫ਼ਰ ਦੇ ਨਿਵੇਸ਼ ਵਾਲਾ ਸਨਕ ਸਾਡੇ ਮਿੱਤਰਾਂ ਨੂੰ ਜੀਵਨ-ਪੱਧਰ ਦੇ ਉਚੇਰੇ ਹੋਣ ਨੂੰ ਵੀ ਜਗੀਰੂ ਫਜ਼ੂਲਖਰਚੀ ਗਰਦਾਨ ਕੇ ਬੁਰਜੂਆ ਪਿਛਾਂਹਖਿੱਚੂਆਂ ਦੇ ਸੰਜਮ-ਸਿਧਾਂਤ ਦੇ ਬਰਾਬਰ ਲਿਆ ਖੜਾ ਕਰਦੀ ਹੈ। ਉਹ ਲਿਖਦੇ ਹਨ:–

”ਅਸੀਂ ਵੇਖਦੇ ਹਾਂ ਕਿ ਅੰਨ੍ਹੇਵਾਹ ਸਾਮਰਾਜੀ ਉਪਭੋਗਤਾਵਾਦ ਤੇ ਜਗੀਰੂ ਫਜ਼ੂਲ ਖਰਚਿਆਂ (ਭਾਰੀ ਦਾਜ-ਦਹੇਜ ਵਾਲੇ ਵਿਆਹ; ਮਰਗ, ਜਨਮ ਤੇ ਹੋਰ ਸਮਾਗਮ; ਧਾਰਮਿਕ ਸਮਾਗਮ; ਆਦਿ) ਕਰਕੇ ਵਧੇ ਹੋਏ ਉਪਭੋਗੀ ਖਰਚਿਆਂ ਨੂੰ ਪੂਰਾ ਕਰਨ ਲਈ ਵਾਫ਼ਰ ਦੀ ਵਧੇਰੇ ਕੀਤੀ ਜਾਂਦੀ ਹੈ।” (ਸਫ਼ਾ 8)

ਇਹ ਕਹਿਣਾ ਤਾਂ ਅਸਲੋਂ ਹੀ ਮੂਰਖਤਾਪੂਰਣ ਹੈ ਕਿ ਜਨਮ, ਵਿਆਹਾਂ ਆਦਿ ‘ਤੇ ਫਜ਼ੂਲਖਰਚੀ ਜਗੀਰੂ ਹੈ। ਕਿਸੇ ਵੀ ਸਰਮਾਏਦਾਰਾ ਦੇਸ਼ ਦੀ ਉਦਾਹਰਣ ਲਵੋ, ਬੁਰਜੂਆਜੀ ਦੇ ਸ਼ਾਹੀ ਖਰਚਿਆਂ ਦੀ ਕਹਾਣੀਆਂ ਸਾਹਮਣੇ ਜਗੀਰੂ ਰਾਠਾਂ ਦੇ ਖਰਚ ਫਿੱਕੇ ਪੈ ਜਾਂਦੇ ਹਨ। ਬਿਨਾਂ ਸ਼ੱਕ, ਕੰਜੂਸ ਨਿੱਕ-ਬੁਰਜੂਆ ਦੇ ਅਸੂਲ ਤੇ ਬੁਰਜੂਆ ਲੋਕਾਚਾਰ ‘ਚ ਫ਼ਰਕ ਹੁੰਦਾ ਹੈ। ਮਾਰਕਸ ਇਸ ਮਾਮਲੇ ‘ਤੇ ਕੀ ਲਿਖਦੇ ਹਨ:–

”ਸਰਮਾਏਦਾਰੀ ਪੈਦਾਵਾਰ ਦੀ ਤਰੱਕੀ ਨਾ ਸਿਰਫ਼ ਖੁਸ਼ੀਆਂ ਦੀ ਇੱਕ ਦੁਨੀਆਂ ਰਚਦੀ ਹੈ, ਇਹ ਨਾਲ ਹੀ ਸੱਟੇਬਾਜ਼ੀ ਤੇ ਉਧਾਰ ਪ੍ਰਣਾਲੀ ਦੇ ਰੂਪ ਵਿੱਚ ਅਚਨਚੇਤ ਅਮੀਰੀ ਦੇ ਹਜ਼ਾਰਾਂ ਸੋਮੇ ਪੈਦਾ ਕਰਦੀ ਹੈ। ਜਦ ਵਿਕਾਸ ਦਾ ਇੱਕ ਖਾਸ ਪੜਾਅ ਪੁੱਜ ਜਾਂਦਾ ਹੈ ਤਾਂ ਫਜ਼ੂਲਖਰਚੀ ਦੀ ਇੱਕ ਰਵਾਇਤੀ ਪੱਧਰ ਜਿਹੜੀ ਕਿ ਦੌਲਤ ਦੀ ਨੁਮਾਇਸ਼ ਵੀ ਹੈ ਅਤੇ ਨਤੀਜੇ ਵਜੋਂ ਉਧਾਰ ਦਾ ਸੋਮਾ ਵੀ, ”ਬਦਕਿਸਮਤ” ਸਰਮਾਏਦਾਰ ਲਈ ਇੱਕ ਵਪਾਰਕ ਲੋੜ ਬਣ ਜਾਂਦੀ ਹੈ। ਸਰਮਾਏ ਦੀ ਨੁਮਾਇੰਦਗੀ ਦੇ ਖਰਚਿਆਂ ਵਿੱਚ ਅੱਯਾਸ਼ੀ ਦਾਖਲ ਹੋ ਜਾਂਦੀ ਹੈ। ਇਸ ਤੋਂ ਵੀ ਵੱਧ, ਸਰਮਾਏਦਾਰ ਕੰਜੂਸ ਦੀ ਤਰ੍ਹਾਂ ਅਮੀਰ ਨਹੀਂ ਬਣਦਾ ਜਿਹੜਾ ਕਿ ਆਪਣੀ ਨਿੱਜੀ ਕਿਰਤ ਤੇ ਆਪਣੇ ਥੋੜ੍ਹੇ ਖਰਚੇ, ਥੋੜ੍ਹੀ ਕਿਰਤ ਕਾਰਨ ਬਣਦਾ ਹੈ ਸਗੋਂ ਉਹ ਉਸੇ ਰਫ਼ਤਾਰ ਨਾਲ ਅਮੀਰ ਬਣਦਾ ਹੈ ਜਿਸ ਰਫ਼ਤਾਰ ਨਾਲ ਉਹ ਦੂਜਿਆਂ ਦੀ ਕਿਰਤ ਸ਼ਕਤੀ ਨੂੰ ਨਿਚੋੜ ਕੱਢਦਾ ਹੈ ਅਤੇ ਕਿਰਤੀ ਉੱਤੇ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਤੋਂ ਤਿਆਗ ਠੋਸ ਦਿੰਦਾ ਹੈ। ਇਸ ਲਈ ਭਾਵੇਂ ਸਰਮਾਏਦਾਰ ਦੀ ਫਜ਼ੂਲਖਰਚੀ ਜਗੀਰਦਾਰ ਦੀ ਖੁੱਲ੍ਹੀ ਫਜ਼ੂਲਖਰਚੀ ਵਾਲਾ ਮੰਨਿਆ ਜਾਂਦਾ ਖਾਸਾ ਅਖਤਿਆਰ ਨਹੀਂ ਕਰਦੀ, ਪਰ ਇਸਦੇ ਉਲਟ ਸਦਾ ਇਸਦੇ ਪਿੱਛੇ ਗੰਦਾ ਲੋਭ ਤੇ ਸਭ ਤੋਂ ਵੱਧ ਚਿੰਤਾਤੁਰ ਗਿਣਤੀ ਮਿਣਤੀ ਹੁੰਦੀ ਹੈ। ਫੇਰ ਵੀ ਉਸਦਾ ਖਰਚਾ ਉਸਦੇ ਇਕੱਤ੍ਰੀਕਰਨ ਦੇ ਨਾਲ-ਨਾਲ ਵਧਦਾ ਜਾਂਦਾ ਹੈ ਅਤੇ ਇੱਕ ਚੀਜ਼ ਦੂਜੇ ਉੱਤੇ ਲਾਜ਼ਮੀ ਰੋਕ ਨਹੀਂ ਲਗਾਉਂਦੀ।””(ਸਰਮਾਇਆ, ਸੈਂਚੀ ਪਹਿਲੀ, ਸਫ਼ਾ 556-57)

ਸਾਡੇ ਮਿੱਤਰਾਂ ਨੂੰ ਕਿਫਾਇਤ ਦਾ ਪ੍ਰਚਾਰ ਕਰਨ ਵਾਲੇ ਭਾਰਤੀ ”ਸਮਾਜਵਾਦੀਆਂ” ‘ਚ ਆਏ ਬਦਲਾਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਲਹਿਰ ਦੇ ਸ਼ੁਰੂਆਤੀ ਸਾਲਾਂ ‘ਚ ਪ੍ਰਚਾਰੀ ਜਾਂਦੀ ਕਿਫਾਇਤ ਦੀ ਹੁਣ ਉਹਨਾਂ ਨੂੰ ਕੋਈ ਲੋੜ ਨਹੀਂ ਰਹਿ ਗਈ। ਅਤੇ ਇਹ ਕਿਸੇ ਕਿਸਮ ਦੇ ‘ਨੈਤਿਕ ਪਤਨ’ ਕਰਕੇ ਨਹੀਂ ਜਿਸ ਤਰ੍ਹਾਂ ਕਿ ਆਮ ਤੌਰ ‘ਤੇ ਕਿਹਾ ਜਾਂਦਾ ਹੈ, ਸਗੋਂ ਇਸ ਤੱਥ ਕਰਕੇ ਹੈ ਕਿ ਉਹਨਾਂ ਦੀ ਨੁਮਾਇੰਦਗੀ ਵਾਲੇ ਬੀਤੇ ਵੇਲਿਆਂ ਦੇ ਕਿਰਸੀ ਕਿਸਾਨ ਹੁਣ ਕਿਸਾਨ ਬੁਰਜੂਆਜੀ ਵਿੱਚ ਵਟ ਗਏ ਹਨ ਜਿਹਨਾਂ ਨੂੰ ਤਿਆਗਵਾਦ ਦੀ ਕੋਈ ਲੋੜ ਨਹੀਂ ਰਹੀ।

ਇਸ ਸਾਰੇ ਵਰਣਨ ਤੋਂ ਬਾਅਦ ਨਿਚੋੜ ਪੇਸ਼ ਕਰਨ ਵਾਲ਼ਾ ਪੈਰਾ ਇਹ ਕਹਿੰਦਾ ਹੈ –

”ਇਸ ਲਈ, ਅਸੀਂ ਪੰਜਾਬ ‘ਚ ਜੋ ਵੇਖਦੇ ਹਾਂ ਉਹ ਸਰਮਾਏਦਾਰੀ ਪੱਖੀ ਭੌਇੰ ਸਰਦਾਰ ਹਨ। ਇਹ ਰਵਾਇਤੀ ਭੌਇੰ ਸਰਦਾਰ ਨਹੀਂ, ਅਤੇ ਨਾ ਹੀ ਸਰਮਾਏਦਾਰ ਕੁਲਕ ਜਾਂ ਕਿਸਾਨ ਹਨ। ਇਹਨਾਂ ਦਾ ਕਿਰਦਾਰ ਅਰਧ-ਜਗੀਰੂ ਹੈ, ਗੈਰ ਆਰਥਕ ਲੁੱਟ ਦੇ ਢੰਗਾਂ ਰਾਹੀਂ ਤੇ ਨਾਲ ਹੀ ਕਿਰਤ ਸ਼ਕਤੀ ਰਾਹੀਂ ਇਹ ਵਾਫਰ ਨਿਚੋੜਦੇ ਹਨ। ਉਹ ਆਪਣੀ ਵਾਫਰ ਨੂੰ ਸੂਦਖੋਰੀ, ਵਪਾਰ, ਵਿੱਤ, ਟਰਾਂਸਪੋਰਟ ਆਦਿ ‘ਚ ਮੁੜ-ਨਿਵੇਸ਼ ਕਰਦੇ ਹਨ ਪਰ ਉਹਨਾਂ ਦਾ ਸੱਨਅਤ ਤੇ ਨਿਰਮਾਣ ‘ਚ ਬਹੁਤ ਹੀ ਸੀਮਤ (ਜੇ ਕੋਈ ਹੈ ਵੀ) ਰੋਲ ਹੈ।” (ਸਫ਼ਾ 8)

ਇਹ ਅਸਲੋਂ ਹੈਰਾਨ ਕਰਨ ਵਾਲਾ ਹੈ ਕਿ ਸਾਨੂੰ ਵਾਫ਼ਰ ਨਿਚੋੜਨ ਬਾਰੇ ਵਰਣਨ ਕਰਦੇ ਪੂਰੇ ਹਿੱਸੇ ਵਿੱਚ ਕਿਧਰੇ ਵੀ ਗੈਰ-ਆਰਥਕ ਢੰਗਾਂ ਬਾਰੇ ਲਿਖਿਆ ਨਹੀਂ ਮਿਲਦਾ, ਪਰ ਤਾਂ ਵੀ ਇਹ ਨਿਚੋੜ ਕੱਢਣ ਵਾਲੇ ਪੈਰੇ ‘ਚ ਲਿਖਿਆ ਮਿਲਦਾ ਹੈ। ਵਾਫ਼ਰ ਦੇ ਸੱਨਅਤ ਦੀ ਥਾਂ ਵਪਾਰ, ਸੂਦਖੋਰੀ ਆਦਿ ਵਿੱਚ ਮੁੜ-ਨਿਵੇਸ਼ ਖਿਲਾਫ਼ ਮੋਰਚੇਬੰਦੀ ਕਰਨ ਕਰਕੇ ਉਹ ਉਹਨਾਂ ਗੁੰਝਲਦਾਰ ਰੂਪਾਂ ਵੱਲ ਧਿਆਨ ਦੇਣ ‘ਚ ਉੱਕਾ ਹੀ ਨਾਕਾਮਯਾਬ ਰਹੇ ਜਿਹਨਾਂ ਨਾਲ ਸਰਮਾਏਦਾਰੀ ਖੇਤੀ ‘ਚ ਦਾਖਲ ਹੁੰਦੀ ਹੈ! ਸੱਚਾਈ ਇਹ ਹੈ ਕਿ ਪੁਰਾਣੇ ਸਰਮਾਏਦਾਰ ਜਗਤ ਵਿੱਚ ਵੀ ਕਿਸਾਨ ਬੁਰਜੂਆਜੀ ਤੇ ਭੂਮੀਪਤੀ ਸੂਦਖੋਰ ਤੇ ਵਪਾਰੀ ਦੇ ਕੰਮਾਂ ਨੂੰ ਵੱਖ-ਵੱਖ ਨਿਸਬਤ ਨਾਲ ਅੰਜ਼ਾਮ ਦਿੰਦੇ ਰਹੇ ਹਨ।

ਸਧਾਰਨ ਜਿਣਸ ਪੈਦਾਵਾਰ

”ਪੰਜਾਬ ਵਿੱਚ ਅੱਜ ਤੱਕ ਵੀ ਅਸੀਂ ਸਧਾਰਨ ਜਿਣਸ ਪੈਦਾਵਾਰ ਵਿੱਚ ਲੱਗੀ ਹੋਈ ਛੋਟੀ ਤੇ ਦਰਮਿਆਨੀ ਕਿਸਾਨੀ ਦੀ ਵੱਡੀ ਪੱਧਰ ‘ਤੇ ਹੋਂਦ ਨੂੰ ਵੇਖਦੇ ਹਾਂ। ਅਸੀਂ ਛੋਟੀ ਤੇ ਦਰਮਿਆਨੀ ਕਿਸਾਨੀ ਨੂੰ ਦੇਖਦੇ ਹਾਂ, ਪਰ ਇੱਥੇ ਭਾਵੇਂ ਕਿ ਉਹ ਆਪਣੀ ਪੈਦਾਵਾਰ ਨੂੰ ਮੰਡੀ ‘ਚ ਵੇਚਦੇ ਹਨ ਅਤੇ ਚਾਹੇ ਮਜਦੂਰ ਵੀ ਲਗਾ ਲੈਣ (ਜੇ ਪਰਿਵਾਰ ਦੀ ਮਿਹਨਤ ਕਾਫ਼ੀ ਨਾ ਹੋਵੇ) ਅਤੇ/ਜਾਂ ਟਰੈਕਟਰ ਆਦਿ ਵੀ ਵਰਤ ਲੈਂਦੇ ਹੋਣ ਪਰ ਬੁਨਿਆਦੀ ਤੌਰ ਇਹ ਪਰਿਵਾਰ ਦੀਆਂ ਫੌਰੀ ਲੋੜਾਂ ਪੂਰੀਆਂ ਕਰਨ ਲਈ ਹੀ ਹੁੰਦਾ ਹੈ। ਅਸਲ ਵਿੱਚ ਵੱਡਾ ਹਿੱਸਾ ਕਰਜ਼ੇ ਲਾਹੁਣ ਦੀ ਮਜ਼ਬੂਰੀ ਕਰਕੇ ਪੈਦਾਵਾਰ ਵੇਚਣ ਲਈ ਮੰਡੀ ਵਿੱਚ ਜਾਂਦਾ ਹੈ। ਇਸ ਕਿਸਮ ਦੀ ਪੈਦਾਵਾਰ ਸਧਾਰਨ ਜਿਣਸ ਪੈਦਾਵਾਰ ਹੁੰਦੀ ਹੈ, ਨਾ ਕਿ ਸਰਮਾਏਦਾਰਾ ਜਿਣਸ ਪੈਦਾਵਾਰ। ਅਰਧ-ਜਗੀਰੂ ਆਰਥਕਤਾ ਅੰਦਰ ਜਗੀਰੂ ਆਰਥਕਤਾ ਵਰਗੀ ਕੁਦਰਤੀ ਤੇ ਸਵੈ-ਨਿਰਭਰ ਪੈਦਾਵਾਰ ਨਹੀਂ ਹੁੰਦੀ ਸਗੋਂ ਸਧਾਰਨ ਪੈਦਾਵਾਰ ਵਧੇਰੇ ਹੁੰਦੀ ਹੈ। ਪੰਜਾਬ ਅੰਦਰ ਅਸੀਂ ਇਹੋ ਵੇਖਦੇ ਹਾਂ। ਜਗੀਰੂ ਤੇ ਅਰਧ-ਜਗੀਰੂ ਆਰਥਕਤਾ ਵਿਚਾਲੇ ਇਸ ਫ਼ਰਕ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਜੇ ਅਸੀਂ ਰਵਾਇਤੀ ਸਵੈ-ਨਿਰਭਰ ਕੁਦਰਤੀ ਆਰਥਕਤਾ ਅਤੇ ਵੱਡੇ ਭੌਇੰ ਸਰਦਾਰਾਂ ਨੂੰ ਨਹੀਂ ਵੇਖਦੇ ਤਾਂ ਅਸੀਂ ਕਾਹਲੀ ਨਾਲ ਇਹ ਸਿੱਟਾ ਕੱਢ ਸਕਦੇ ਹਾਂ ਕਿ ਇਹ ਆਰਥਕਤਾ ਸਰਮਾਏਦਾਰਾ ਹੈ, ਸਿਰਫ਼ ਜਿਣਸ ਪੈਦਾਵਾਰ ਦੇ ਮੌਜੂਦ ਹੋਣ ਕਰਕੇ ਹੀ।” (ਸਫ਼ਾ 8, ਜ਼ੋਰ ਮੂਲ ਵਿੱਚ)

ਜੇ ਪੰਜਾਬ ਦੀਆਂ ਬਾਕੀ ਜ਼ਮੀਨ ਮਾਲਕੀ ਵਾਲੀਆਂ ਜਮਾਤਾਂ ਸਰਮਾਏਦਾਰਾ ਤਰੀਕੇ ਨਾਲ ਪੈਦਾਵਾਰ ਕਰਦੀਆਂ ਹਨ ਤਾਂ ਫਿਰ ਇਹ ”ਸਧਾਰਨ ਜਿਣਸ ਪੈਦਾਵਾਰ” ਅਰਧ-ਜਗੀਰੂ ਆਰਥਕਤਾ ਦਾ ਹਿੱਸਾ ਕਿਵੇਂ ਹੋ ਸਕਦੀ ਹੈ? ਲੈਨਿਨ ਲਿਖਦੇ ਹਨ:–

”ਸਰਮਾਏਦਾਰੀ ਅਧੀਨ, ਛੋਟਾ ਕਿਸਾਨ ਚਾਹੇ ਉਹ ਚਾਹੇ ਜਾਂ ਨਾ, ਚਾਹੇ ਉਸਨੂੰ ਪਤਾ ਹੋਵੇ ਜਾਂ ਨਾ, ਇੱਕ ਜਿਣਸ ਪੈਦਾਕਾਰ ਬਣ ਜਾਂਦਾ ਹੈ। ਅਤੇ ਇਹੀ ਉਹ ਬਦਲਾਅ ਹੈ ਜੋ ਬੁਨਿਆਦੀ ਹੈ, ਕਿਉਂਕਿ ਭਾਵੇਂ ਉਹ ਅਜੇ ਕਿਰਾਏ ‘ਤੇ ਲਈ ਕਿਰਤ ਨੂੰ ਲੁੱਟਣ ਨਾ ਵੀ ਲੱਗਾ ਹੋਵੇ ਤਾਂ ਵੀ ਇਹ ਬਦਲਾਅ ਉਸਨੂੰ ਇੱਕ ਨਿੱਕ-ਬੁਰਜੂਆ ਵਿੱਚ ਵਟਾ ਦਿੰਦਾ ਹੈ ਅਤੇ ਉਸਨੂੰ ਪ੍ਰੋਲੇਤਾਰੀ ਦੇ ਵਿਰੋਧੀ ਵਿੱਚ ਬਦਲ ਦਿੰਦਾ ਹੈ।” (ਖੇਤੀ ਵਿੱਚ ਸਰਮਾਏਦਾਰਾ ਵਿਕਾਸ ਬਾਰੇ ਅੰਕੜੇ, ਸਮੁੱਚੀਆਂ ਲਿਖਤਾਂ, ਸੈਂਚੀ 22, ਸਫ਼ਾ 95)

ਅਜਿਹੇ ਕਿਸੇ ਸਮਾਜੀ-ਆਰਥਕ ਪ੍ਰਬੰਧ ਬਾਰੇ ਅਜੇ ਤੱਕ ਖੋਜ ਨਹੀਂ ਹੋਈ ਜਿਸਦਾ ਨਾਮ ਸਧਾਰਨ ਜਿਣਸ ਪੈਦਾਵਾਰ ਹੋਵੇ – ਸਿਰਫ਼ ਪੂਰਵ-ਸਰਮਾਏਦਾਰਾ ਸਮਾਜਾਂ ਵਿੱਚ ਅਤੇ ਸਰਮਾਏਦਾਰ ਸਮਾਜ ਅੰਦਰ ਸਧਾਰਨ ਜਿਣਸ ਪੈਦਾਵਾਰ ਦੀ ਹੋਂਦ ਹੁੰਦੀ ਹੈ, ਮਸਲੇ ਨੂੰ ਇਸ ਤਰ੍ਹਾਂ ਪੇਸ਼ ਕਰਨਾ ਜਿਵੇਂ ਕਿ ਸਾਡੇ ਮਿੱਤਰ ਕਰ ਰਹੇ ਹਨ, ਚੀਜ਼ਾਂ ਬਾਰੇ ਖਾਹਮਖਾਹ ਗਲਤਫਹਿਮੀਆਂ ਪੈਦਾ ਕਰਨਾ ਹੈ। ਉੱਪਰ ਆਏ ਹਵਾਲੇ ਦੇ ਪਹਿਲੇ ਤੇ ਆਖਰੀ ਵਾਕ ਨੂੰ ਪੜ੍ਹੋ ਤੇ ਆਪੋ ਵਿੱਚ ਤੁਲਨਾ ਕਰੋ – ”ਪੰਜਾਬ ਵਿੱਚ ਅੱਜ ਤੱਕ ਵੀ ਅਸੀਂ ਸਧਾਰਨ ਜਿਣਸ ਪੈਦਾਵਾਰ ਵਿੱਚ ਲੱਗੀ ਹੋਈ ਛੋਟੀ ਤੇ ਦਰਮਿਆਨੀ ਕਿਸਾਨੀ ਦੀ ਵੱਡੀ ਪੱਧਰ ‘ਤੇ ਹੋਂਦ ਨੂੰ ਵੇਖਦੇ ਹਾਂ।” ਇਸਨੂੰ ਪੜ੍ਹਦੇ ਹੋਏ ਇਹ ਨਤੀਜਾ ਨਿਕਲਦਾ ਹੈ ਕਿ ਭਾਵੇਂ ਜ਼ਮੀਨ ਮਾਲਕਾਂ ਦੇ ਦੂਜੇ ਤਬਕੇ ਸਰਮਾਏਦਾਰਾ ਖੇਤੀ ਕਰਦੇ ਹਨ ਪਰ ਫਿਰ ਵੀ ਸਾਨੂੰ ਛੋਟੀ ਤੇ ਦਰਮਿਆਨੀ ਕਿਸਾਨੀ ਮਿਲਦੀ ਹੈ ਜਿਹੜੀ ”ਸਧਾਰਨ ਜਿਣਸ ਪੈਦਾਵਾਰ” ‘ਚ ਲੱਗੀ ਹੋਈ ਹੈ। ਆਖਰੀ ਵਾਕ ਕਹਿੰਦਾ ਹੈ – ”ਜਗੀਰੂ ਤੇ ਅਰਧ-ਜਗੀਰੂ ਆਰਥਕਤਾ ਵਿਚਾਲੇ ਇਸ ਫ਼ਰਕ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਜੇ ਅਸੀਂ ਰਵਾਇਤੀ ਸਵੈ-ਨਿਰਭਰ ਕੁਦਰਤੀ ਆਰਥਕਤਾ ਅਤੇ ਵੱਡੇ ਭੌਇੰ ਸਰਦਾਰਾਂ ਨੂੰ ਨਹੀਂ ਵੇਖਦੇ ਤਾਂ ਅਸੀਂ ਕਾਹਲੀ ਨਾਲ ਇਹ ਸਿੱਟਾ ਕੱਢ ਸਕਦੇ ਹਾਂ ਕਿ ਇਹ ਆਰਥਕਤਾ ਸਰਮਾਏਦਾਰਾ ਹੈ, ਸਿਰਫ਼ ਜਿਣਸ ਪੈਦਾਵਾਰ ਦੇ ਮੌਜੂਦ ਹੋਣ ਕਰਕੇ ਹੀ।” ਨਹੀਂ! ਅਸੀਂ ਕਿਸੇ ਆਰਥਕਤਾ ਨੂੰ ਸਰਮਾਏਦਾਰਾ ਐਲਾਨਣ ਲਈ ਓਨਾ ਚਿਰ ਉਡੀਕਾਂਗੇ ਜਿੰਨ੍ਹਾ ਚਿਰ ਆਖਰੀ ਕਿਸਾਨ ਦਾ ਖੇਤ ਉੱਜੜ ਨਹੀਂ ਜਾਂਦਾ ਅਤੇ ਸਾਨੂੰ ਚਾਰੇ ਪਾਸੇ ਸਰਮਾਏਦਾਰਾ ਫਾਰਮ ਦਿਖਾਈ ਨਹੀਂ ਦੇਣ ਲੱਗ ਪੈਂਦੇ ਜਾਂ ਅਸੀਂ ਓਨਾ ਚਿਰ ਉਡੀਕਾਂਗੇ ਜਿੰਨ੍ਹਾ ਚਿਰ ਸਾਰੇ ਕਿਸਾਨ ਸਰਮਾਏਦਾਰ ਨਹੀਂ ਬਣ ਜਾਂਦੇ! ਖੈਰ, ਜਗੀਰੂ ਸਵੈ-ਨਿਰਭਰ ਅਤੇ ਕੁਦਰਤੀ ਆਰਥਕਤਾ ਦਾ ਅੰਤ ਹੋਣ ਦਾ ਮਤਲਬ ਜਿਣਸ ਪੈਦਾਵਾਰ ਦੀ ”ਮਹਿਜ਼ ਸ਼ੁਰੂਆਤ” ਨਹੀਂ ਹੈ। ਇਹ ਕੋਈ ਦੇਵਨੀਤ ਹੋਣ ਵਾਲੀ ਜਿਣਸ ਪੈਦਾਵਾਰ ਨਹੀਂ ਹੈ। ਇੱਥੇ ਸਾਡੇ ਸਾਹਮਣੇ ਵਿਆਪਕ ਜਿਣਸ ਪੈਦਾਵਾਰ ਹੈ ਜਿਹੜੀ ਸਰਮਾਏਦਾਰਾ ਪੈਦਾਵਾਰ ਦਾ ਅਧਾਰ ਬਣਾਉਂਦੀ ਹੈ। ਜਿਵੇਂ ਕਿ ਮਾਰਕਸ ਨੇ ਦਿਖਾਇਆ ਹੈ:–

”ਜੇ ਕਿਸੇ ਪੈਦਾ ਹੋਈ ਚੀਜ਼ ਨੇ ਜਿਣਸ ਦਾ ਰੂਪ ਧਾਰਨਾ ਹੈ ਤਾਂ ਖਾਸ ਇਤਿਹਾਸਕ ਹਾਲਤਾਂ ਦੀ ਮੌਜੂਦਗੀ ਜ਼ਰੂਰੀ ਹੈ। ਇਹ ਪੈਦਾਕਾਰ ਵੱਲੋਂ ਆਪਣੇ ਜਿਉਣ ਲਈ ਪੈਦਾ ਕੀਤੀ ਹੋਣੀ ਜ਼ਰੂਰੀ ਹੈ। ਜੇ ਅਸੀਂ ਹੋਰ ਡੂੰਘਾਈ ਵਿੱਚ ਜਾਈਏ, ਅਤੇ ਇਹ ਪੜਤਾਲੀਏ ਕਿ ਕਿਹਨਾਂ ਹਾਲਤਾਂ ‘ਚ ਆ ਕੇ ਸਾਰੀਆਂ ਜਾਂ ਬਹੁਗਿਣਤੀ ‘ਚ ਪੈਦਾ ਹੋਈਆਂ ਚੀਜ਼ਾਂ ਜਿਣਸ ਦਾ ਰੂਪ ਲੈ ਲੈਂਦੀਆਂ ਹਨ ਤਾਂ ਸਾਨੂੰ ਪਤਾ ਚੱਲੇਗਾ ਕਿ ਅਜਿਹਾ ਸਿਰਫ਼ ਇੱਕ ਖਾਸ ਕਿਸਮ ਦੀ ਪੈਦਾਵਾਰ, ਸਰਮਾਏਦਾਰਾ ਪੈਦਾਵਾਰ ਵਿੱਚ ਹੀ ਸੰਭਵ ਹੁੰਦਾ ਹੈ।” (ਸਰਮਾਇਆ ਸੈਂਚੀ ਪਹਿਲੀ, ਸਫ਼ਾ 166)

ਇਸ ਵਿਆਪਕ ਰੂਪ ‘ਚ ਮੌਜੂਦ ਜਿਣਸ ਪੈਦਾਵਾਰ ਨੂੰ ਅਰਧ-ਜਗੀਰੂ ਗਰਦਾਨ ਦੇਣ ਨਾਲ ਕੁਝ ਨਹੀਂ ਸੌਰਨ ਵਾਲਾ ਕਿਉਂਕਿ ਇਹ ਖੇਤੀ ਦੇ ਬਾਕੀ ਹਿੱਸੇ ਤੇ ਕੌਮੀ ਅਰਥਚਾਰੇ ‘ਚ ਮੌਜੂਦ ਸਰਮਾਏਦਾਰਾ ਪੈਦਾਵਾਰ ਪ੍ਰਬੰਧ ਦਾ ਹੀ ਹਿੱਸਾ ਹੈ। ਇਹ ਇਸ ਪ੍ਰਬੰਧ ਦੇ ਕਿਸਮਤ ਦੇ ਚੱਕਰ ਤੇ ਵਿਰੋਧਤਾਈਆਂ ਤੋਂ ਪ੍ਰਭਾਵਿਤ ਹੁੰਦੀ ਹੈ। ਜੇ ਅਸੀਂ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਤਾਂ ਸਾਨੂੰ ਅਰਥਚਾਰੇ ਦੇ ਇਸ ਖੇਤਰ ਵਿੱਚ ਅਜਾਰੇਦਾਰੀ ਤੇ ਵੱਡੇ ਸਰਮਾਏ ਦੁਆਰਾ ਕੀਤੀ ਜਾਂਦੀ ਲੁੱਟ ਤੇ ਦਾਬੇ ਨੂੰ ਵੀ ਨਹੀਂ ਦੇਖ ਸਕਾਂਗੇ।

ਇਹ ਸਰਮਾਏਦਾਰੀ ਹੈ ਜੋ ਕਿਸਾਨ ਸਮੂਹਾਂ ਦੇ ਉਜਾੜੇ ਤੇ ਬਦਹਾਲੀ ਦਾ ਕਾਰਨ ਹੈ। ਕਿਸੇ ਵੀ ਤਰ੍ਹਾਂ ਦਾ ਅਜ਼ਾਦ ਸਰਮਾਏਦਾਰਾ ਪ੍ਰਬੰਧ ਇਸ ਨੂੰ ਖਤਮ ਨਹੀਂ ਕਰ ਸਕਦਾ। ਇਹੀ ਉਹ ਢਾਂਚਾ ਹੈ ਜਿਸ ਰਾਹੀਂ ਅੱਜ ਸਾਮਰਾਜ ਭਾਰਤੀ ਲੋਕਾਂ ਦੀ ਲੁੱਟ ਕਰ ਰਿਹਾ ਹੈ।

ਨਿਚੋੜ

ਸ਼ੁਰੂ ਵਿੱਚ ”ਮਾਰਕਸਵਾਦੀ ਤਰੀਕਾਕਾਰ” ਦੇ ਸਿਰਲੇਖ ਥੱਲੇ ਅਧਿਐਨ ਦਾ ਬਹੁਗਿਣਤੀ ਗਰੁੱਪ ਜਿਸ ਦੀ ਪੋਜ਼ੀਸ਼ਨ ਨੂੰ ਕਾਂਗਰਸ ਵਿੱਚ ਹਾਰ ਮਿਲੀ, ਇਹ ਲਿਖਦਾ ਹੈ:–

”ਇਸ ਲਈ ਸਾਨੂੰ ਲੱਗਦਾ ਹੈ ਕਿ ਅਖੌਤੀ ਹਰੇ ਇਨਕਲਾਬ ਜੋ ਭਾਰਤੀ ਹਾਕਮ ਜਮਾਤਾਂ ਨੇ ਆਪਣੇ ਤੇ ਸਾਮਰਾਜੀਆਂ ਦੇ ਸੰਕਟ ਨੂੰ ਹੱਲ ਕਰਨ ਲਈ ਸ਼ੁਰੂ ਕੀਤਾ ਸੀ, ਨੇ ਬਾਹਰਮੁਖੀ ਤੌਰ ‘ਤੇ ਭਾਰਤੀ ਹਾਕਮ ਜਮਾਤਾਂ ਤੇ ਸਾਮਰਾਜੀਆਂ ਦੀਆਂ ਨੀਤੀਆਂ ਤੇ ਉਦੇਸ਼ਾਂ ਤੋਂ ਅਜ਼ਾਦ ਰਹਿ ਕੇ ਸਰਮਾਏਦਾਰਾ ਵਿਕਾਸ ਦੇ ਅਮਲ ਨੂੰ ਲੀਹੇ ਪਾਇਆ ਹੈ।” (ਸਫ਼ਾ 2)

ਇਸ ਦਾ ਇੱਕ ਵਿਸ਼ੇਸ਼ ਉੱਤਰ (ਸਾਰਾ ਪਰਚਾ ਹੀ ਅਧਿਐਨ ਦੇ ਬਹੁਗਿਣਤੀ ਗਰੁੱਪ ਦੀਆਂ ਪੋਜ਼ੀਸ਼ਨਾਂ ਦਾ ਹੀ ਜਵਾਬ ਹੈ) ਇਹ ਦਿੱਤਾ ਗਿਆ ਹੈ:–

”ਇਹ ਕਹਿਣਾ ਕਿ ਸਾਮਰਾਜ ਤੇ ਦਲਾਲ ਨੌਕਰਸ਼ਾਹ ਸਰਮਾਏਦਾਰੀ ਅਜਿਹਾ ਅਮਲ ਸ਼ੁਰੂ ਕਰ ਸਕਦੀ ਹੈ ਜਿਸ ਨਾਲ ਸਰਮਾਏਦਾਰਾ ਰਿਸ਼ਤੇ ਬਣਨ ਭਾਵੇਂ ਕਿਸੇ ਨੁੱਕਰ ਵਿੱਚ ਹੀ (ਪੰਜਾਬ ਨੂੰ ਇੱਕ ਨੁੱਕਰ ਨਹੀਂ ਕਿਹਾ ਜਾ ਸਕਦਾ, ਇਹ ਤਾਂ ਸਮੁੱਚਾ ਸੂਬਾ ਹੈ), ਸਾਮਰਾਜੀ ਸਰਮਾਏ ਨੂੰ ਇੱਕ ਅਗਾਂਹਵਧੂ ਖਾਸਾ ਪ੍ਰਦਾਨ ਕਰਦਾ ਹੈ ਅਤੇ ਇਸਦੇ ਮਰਨਾਊ ਖਾਸੇ ਨੂੰ ਨਹੀਂ ਮੰਨਦਾ। ਸਾਮਰਾਜੀ ਸਰਮਾਏ ਦਾ ਤੱਤ ਇਹ ਹੈ ਕਿ ਸ਼ੁਰੂਆਤੀ ਸਰਮਾਏਦਾਰੀ ਦੇ ਉਲਟ ਇਸ ਨੇ ਪੁਰਾਣੇ ਜਗੀਰੂ ਸੰਬੰਧਾਂ ਨੂੰ ਤਬਾਹ ਕਰਨ ਦੀ ਭੂਮਿਕਾ ਨੂੰ ਛੱਡ ਦਿੱਤਾ ਹੈ।””(ਸਫ਼ਾ 3)

ਅਧਿਐਨ ਦੇ ਬਹੁਗਿਣਤੀ ਗਰੁੱਪ ਦੀ ਉੱਪਰਲੀ ਪੋਜ਼ੀਸ਼ਨ ਦੁਆਰਾ ਜਦੋਂ ਇਹ ਕਿਹਾ ਜਾਂਦਾ ਹੈ ਕਿ ਹਰੇ ਇਨਕਲਾਬ ਨੇ ਜੋ ਭਾਰਤੀ ਹਾਕਮ ਜਮਾਤਾਂ ਨੇ ਆਪਣੇ ਤੇ ਸਾਮਰਾਜੀਆਂ ਦੇ ਸੰਕਟ ਨੂੰ ਹੱਲ ਕਰਨ ਲਈ ਸ਼ੁਰੂ ਕੀਤਾ ਸੀ, ਬਾਹਰਮੁਖੀ ਤੌਰ ‘ਤੇ ਭਾਰਤੀ ਹਾਕਮ ਜਮਾਤਾਂ ਤੇ ਸਾਮਰਾਜੀਆਂ ਦੀਆਂ ਨੀਤੀਆਂ ਤੇ ਉਦੇਸ਼ਾਂ ਤੋਂ ਅਜ਼ਾਦ ਰਹਿ ਕੇ ਸਰਮਾਏਦਾਰਾ ਵਿਕਾਸ ਦੇ ਅਮਲ ਨੂੰ ਲੀਹੇ ਪਾਇਆ ਹੈ ਤਾਂ ਇਹ ਇੱਕ ਮੰਨਣਯੋਗ ਹੱਦ ਤੱਕ ਸਹੀ ਨਜ਼ਰੀਆ ਹੈ। ਇਹ ਸਿਆਸੀ ਆਰਥਕਤਾ ਦੇ ਬਾਹਰਮੁਖੀ ਨਿਯਮਾਂ ਦੀ ਹੋਂਦ ਨੂੰ ਸਵੀਕਾਰਨਾ ਹੈ ਜਿਹੜੇ ਮਨੁੱਖ ਦੀ ਇੱਛਾ ਤੋਂ ਅਜ਼ਾਦ ਰਹਿ ਕੇ ਕੰਮ ਕਰਦੇ ਹਨ। ਇਹ ਕਹਿਣਾ ਕਿ ਸਰਮਾਏਦਾਰਾਂ ਜਾਂ ਸਾਮਰਾਜੀਆਂ ਵੱਲੋਂ ਸ਼ੁਰੂ ਕੀਤੇ ਗਏ ਆਰਥਕ ਅਮਲ ਉਹੀ ਉਦੇਸ਼ ਹਾਸਲ ਕਰਨਗੇ ਜਿਸ ਲਈ ਉਹ ਸ਼ੁਰੂ ਕੀਤੇ ਗਏ ਸਨ, ਇਸ ਤੋਂ ਮੁਨਕਰ ਹੋਣਾ ਹੈ। ਸਰਮਾਏਦਾਰਾ ਸਮਾਜ ਵਿੱਚ ਮੰਡੀ ਦੇ ਅੰਨ੍ਹੇ ਨਿਯਮ ਪ੍ਰਧਾਨ ਰਹਿੰਦੇ ਹਨ ਅਤੇ ਇਹ ਜਿਵੇਂ ਕਿ ਏਂਗਲਜ਼ ਕਹਿੰਦੇ ਹਨ, ”ਬੰਦਾ ਜੋੜੇ ਪਲੀ-ਪਲੀ ਰੱਬ (ਭਾਵ ਇਹ ਨਿਯਮ) ਰੁੜਾਵੇ ਕੁੱਪਾ” ਦੀ ਉਦਾਹਰਣ ਹੈ। ਇਸੇ ਲਈ ਸਾਨੂੰ ਅਜਿਹੀਆਂ ਨੀਤੀਆਂ ਦੀ ਬਾਹਰਮੁਖੀ ਮਹੱਤਤਾ ਨੂੰ ਦੇਖਣਾ ਚਾਹੀਦਾ ਹੈ।

ਸਾਮਰਾਜੀ ਸਰਮਾਏ ਦਾ ਖਾਸਾ ਮਰਨਾਊ ਹੁੰਦਾ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਉਸੇ ਸਮੇਂ ਹੀ, ਸਾਮਰਾਜ ਦੀਆਂ ਵਿਸ਼ੇਸ਼ਤਾਵਾਂ ਜਾਂ ਨਿਯਮ ਰੁਝਾਨਾਂ ਦੀ ਤਰ੍ਹਾਂ ਨਾ ਕਿ ਨਿਰਪੇਖ ਤੌਰ ‘ਤੇ ਕੰਮ ਕਰਦੇ ਹਨ। ਇਸੇ ਲਈ ਲੈਨਿਨ ਆਪਣੀ ਲਿਖਤ ਸਾਮਰਾਜਵਾਦ, ਸਰਮਾਏਦਾਰੀ ਦਾ ਸਰਵਉੱਚ ਪੜਾਅ ਵਿੱਚ ਲਿਖਦੇ ਹਨ:–

”ਅਜਾਰੇਦਾਰੀਆਂ, ਜੁੰਡੀ-ਰਾਜ, ਗਲਬੇ ਲਈ ਨਾ ਕਿ ਅਜ਼ਾਦੀ ਦੇ ਯਤਨ, ਮੁੱਠੀ ਭਰ ਸਭ ਤੋਂ ਅਮੀਰ ਤੇ ਸਭ ਤੋਂ ਵੱਧ ਤਾਕਤਵਰ ਕੌਮਾਂ ਵੱਲੋਂ ਵਧਦੀ ਗਿਣਤੀ ‘ਚ ਛੋਟੀਆਂ ਤੇ ਕਮਜ਼ੋਰ ਕੌਮਾਂ ਦੀ ਲੁੱਟ-ਚੋਂਘ – ਇਹਨਾਂ ਸਾਰੀਆਂ ਗੱਲਾਂ ਨੇ ਸਾਮਰਾਜ ਦੇ ਉਹਨਾਂ ਵਿਸ਼ੇਸ਼ ਖਾਸਿਆਂ ਨੂੰ ਜਨਮ ਦਿੱਤਾ ਜਿਹੜੇ ਸਾਨੂੰ ਮਜਬੂਰ ਕਰਦੇ ਹਨ ਕਿ ਇਹਨੂੰ ਪਰਜੀਵੀ ਜਾਂ ਪਤਣ ਵੱਲ ਜਾ ਰਹੀ ਸਰਮਾਏਦਾਰੀ ਵਜੋਂ  ਪਰਿਭਾਸ਼ਤ ਕਰੀਏ। ਸਾਮਰਾਜ ਦੀਆਂ ਪ੍ਰਵਿਰਤੀਆਂ ਵਿੱਚੋਂ ਇੱਕ ਵਜੋਂ, ”ਲਾਭੰਸ਼ਾਂ ਉੱਤੇ ਜਿਉਣ ਵਾਲੇ ਰਾਜ”, ਸੂਦਖੋਰ ਰਾਜ, ਦੀ ਸਿਰਜਣਾ ਦਿਨੋ ਦਿਨ ਵਧੇਰੇ ਉਘੜਵੀਂ ਤਰ੍ਹਾਂ ਸਾਹਮਣੇ ਆਉਂਦੀ ਹੈ ਜਿਸ ਵਿੱਚ ਬੁਰਜੂਆਜੀ ਸਦਾ ਵਧੇਰੀ ਹੱਦ ਤੱਕ ਸਰਮਾਏ ਦੀ ਬਰਾਮਦ ਤੋਂ ਹੁੰਦੀ ਆਮਦਨ ਉੱਤੇ ”ਪਰਚੀਆਂ ਪਾੜ ਕੇ”” ਜਿਉਂਦੀ ਹੈ। ਇਹ ਸੋਚਣਾ ਭੁੱਲ ਹੋਵੇਗੀ ਕਿ ਪਤਣ ਦਾ ਇਹ ਮੁਹਾਣ ਸਰਮਾਏਦਾਰੀ ਦੇ ਤੇਜ਼ ਵਾਧੇ ਨੂੰ ਰੋਕ ਦਿੰਦਾ ਹੈ। ਇਹ ਨਹੀਂ ਰੋਕਦਾ। ਸਾਮਰਾਜ ਦੇ ਯੁੱਗ ਵਿੱਚ ਸੱਨਅਤ ਦੀਆਂ ਕੁਝ ਸ਼ਾਖਾਵਾਂ, ਬੁਰਜੂਆਜੀ ਦੇ ਕੁਝ ਵਰਗ ਅਤੇ ਕੁਝ ਦੇਸ਼, ਘੱਟ ਜਾਂ ਵੱਧ ਹੱਦ ਤੱਕ, ਇਹਨਾਂ ਪ੍ਰਵਿਰਤੀਆਂ ਵਿੱਚੋਂ ਕਦੀ ਇੱਕ ਤੇ ਕਦੀ ਦੂਜੇ ਨੂੰ ਪ੍ਰਗਟ ਕਰਦੇ ਹਨ। ਸਮੁੱਚੇ ਤੌਰ ਉੱਤੇ, ਸਰਮਾਏਦਾਰੀ ਪਹਿਲਾਂ ਨਾਲੋਂ ਕੀਤੇ ਵਧੇਰੇ ਤੇਜ਼ੀ ਨਾਲ ਵਧ ਰਹੀ ਹੈ; ਪਰ ਇਹ ਵਾਧਾ ਆਮ ਤੌਰ ‘ਤੇ ਨਾ ਸਿਰਫ਼ ਦਿਨੋ ਦਿਨ ਅਸਾਵਾਂ ਹੁੰਦਾ ਜਾ ਰਿਹਾ ਹੈ, ਸਗੋਂ ਇਹਦਾ ਅਸਾਵਾਂਪਣ ਖਾਸ ਤੌਰ ਉੱਤੇ ਉਹਨਾਂ ਦੇਸ਼ਾਂ ਦੇ ਪਤਣ ਵਿੱਚ ਵੀ ਪ੍ਰਗਟ ਹੁੰਦਾ ਹੈ ਜਿਹੜੇ ਸਰਮਾਏ ਵਿੱਚ ਸਭ ਤੋਂ ਵੱਧ ਅਮੀਰ ਹਨ (ਬਰਤਾਨੀਆ)।” (PPH, ਮਾਸਕੋ 1968,ਸਫ਼ਾ 117)

ਪਤਣ ਵੱਲ ਵਧਣ ਦੀ ਪ੍ਰਵਿਰਤੀ ਨੂੰ ਨੋਟ ਕਰਦੇ ਹੋਏ ਵੀ ਲੈਨਿਨ ਸਰਮਾਏਦਾਰੀ ਦੇ ਤੇਜ਼ ਵਿਕਾਸ ਨੂੰ ਦੇਖ ਲੈਂਦੇ ਹਨ। ਇਸ ਤੋਂ ਵੀ ਅੱਗੇ, ਉਹ ਲਿਖਦੇ ਹਨ:–

”ਸਰਮਾਏ ਦੀ ਬਰਾਮਦ ਉਹਨਾਂ ਦੇਸ਼ਾਂ ਵਿੱਚ ਸਰਮਾਏਦਾਰੀ ਦੇ ਵਿਕਾਸ ਉੱਤੇ ਪ੍ਰਭਾਵ ਪਾਉਂਦੀ ਹੈ ਅਤੇ ਇਸਨੂੰ ਤੇਜ਼ ਕਰਦੀ ਹੈ ਜਿੱਥੇ ਇਹ ਬਰਾਮਦ ਕੀਤਾ ਜਾਂਦਾ ਹੈ। ਇਸ ਲਈ, ਜਿੱਥੇ ਸਰਮਾਏ ਦੀ ਬਰਾਮਦ ਸਰਮਾਇਆ ਬਰਾਮਦ ਕਰਨ ਵਾਲੇ ਦੇਸ਼ਾਂ ਵਿੱਚ ਵਿਕਾਸ ਨੂੰ ਕੁਝ ਹੱਦ ਰੋਕ ਸਕਦੀ ਹੈ, ਇਹ ਸਮੁੱਚੇ ਸੰਸਾਰ ਅੰਦਰ ਹਰ ਥਾਂ ਸਰਮਾਏਦਾਰੀ ਦੇ ਹੋਰ ਵਿਕਾਸ ਨੂੰ ਵਿਸ਼ਾਲ ਅਤੇ ਡੂੰਘਾ ਕਰਕੇ ਹੀ ਅਜਿਹਾ ਕਰ ਸਕਦੀ ਹੈ।” (ਸਮੁੱਚੀਆਂ ਲਿਖਤਾਂ ਸੈਂਚੀ 22, ਸਫ਼ਾ 243)

ਇਸ ਲਈ ਇਹ ਨੋਟ ਕਰਦੇ ਹੋਏ ਕਿ ਕੁਝ ਮੁੱਠੀ ਭਰ ”ਵਿਕਸਤ” ਜਾਂ ਸਾਮਰਾਜੀ ਮੁਲਕ ਦੁਨੀਆਂ ਦਾ ਵਿੱਤੀ ਪੱਖੋਂ ਗਲਾ ਘੁੱਟ ਰਹੇ ਹਨ, ਲੈਨਿਨ ਨੇ ਸਾਮਰਾਜੀ ਢਾਂਚੇ ਦੇ ਕੰਮ ਕਰਨ ਦੇ ਬਾਹਰਮੁਖੀ ਤਰੀਕੇ ਨੂੰ ਵੀ ਦੇਖਿਆ ਅਤੇ ਇਹ ਟਿੱਪਣੀ ਕੀਤੀ। ਉਹ ਸਾਮਰਾਜ ਦੇ ਖਾਸਿਆਂ ਨੂੰ ਨਿਰਪੇਖ ਰੂਪ ‘ਚ ਨਹੀਂ ਲੈਂਦੇ ਸਗੋਂ ਪ੍ਰਵਿਰਤੀਆਂ ਵਜੋਂ ਲੈਂਦੇ ਹਨ। ਅਤੇ ਇਸ ਤਰ੍ਹਾਂ ਅਜਿਹੇ ਉਲਟ ਦਿਸ਼ਾ ‘ਚ ਕੰਮ ਕਰਨ ਵਾਲ਼ੇ ਕਾਰਕ ਵੀ ਮੌਜੂਦ ਹਨ ਜਿਹੜੇ ਸਰਮਾਏਦਾਰੀ ਤੇ ਸਾਮਰਾਜਵਾਦ ਦੇ ਨਿਯਮਾਂ ‘ਚ ਬਦਲਾਅ ਲਿਆਉਂਦੇ ਹਨ। ਹੋਰਨਾਂ ਤੋਂ ਇਲਾਵਾ, ਲੁਟੀਂਦੇ ਤੇ ਦਾਬੇ ਦੇ ਸ਼ਿਕਾਰ ਲੋਕਾਂ ਦੇ ਜਮਾਤੀ ਸੰਘਰਸ਼ ਵੀ ਇਹਨਾਂ ਹੀ ਕਾਰਕਾਂ ‘ਚੋਂ ਇੱਕ ਨਿੱਗਰ ਕਾਰਕ ਹਨ ਤੇ ਇਹੀ ਉਹ ਨੁਕਤਾ ਹੈ ਜਿਸਨੂੰ ਸਾਡੇ ਮਿੱਤਰ ਦੇਖ ਨਹੀਂ ਰਹੇ। ਇਸ ਲਈ ਉਹ ਸਿਰਫ਼ ਮਕਾਨਕੀ ਢੰਗ ਨਾਲ ਹੀ ਦਲੀਲ ਪੇਸ਼ ਕਰ ਸਕਦੇ ਹਨ ਅਤੇ ਦਾਅਵੇ ਨਾਲ ਕਹਿੰਦੇ ਹਨ ਕਿ ਸਾਮਰਾਜਵਾਦ ਦੁਆਰਾ ਸ਼ੁਰੂ ਕੀਤੇ ਗਏ ਕਿਸੇ ਅਮਲ ਵਿੱਚੋਂ ਸਰਮਾਏਦਾਰੀ ਦੇ ਵਿਕਾਸ ਹੋਣ ਨੂੰ ਮੰਨਣਾ ਇਸ ਨੂੰ ਅਗਾਂਹਵਧੂ ਖਾਸਾ ਪ੍ਰਦਾਨ ਕਰਨਾ ਹੈ। ਨਹੀਂ, ਅਜਿਹਾ ਉਸ ਗੱਲ ਨੂੰ ਮਾਨਤਾ ਦੇਣੀ ਹੈ ਜਿਸ ਨੂੰ ਕਰਨ ਲਈ ਸਾਮਰਾਜੀ ਮਜਬੂਰ ਸਨ। ਕੀ ਉਹ ਭੁੱਲ ਜਾਂਦੇ ਹਨ ਕਿ ਹਰਾ ਇਨਕਲਾਬ ਲਾਲ ਇਨਕਲਾਬ ਨੂੰ ਸੰਕਟ ‘ਚ ਪਾਉਣ ਲਈ ਸ਼ੁਰੂ ਕੀਤਾ ਗਿਆ? ਆਓ ਅਸੀਂ ਉਹਨਾਂ ਨੂੰ ਇਸ ਦੀ ਯਾਦ ਦਵਾਈਏ ਕਿ ਇਹ ਜਮਾਤੀ ਸੰਘਰਸ਼ਾਂ ਦੀ ਪਿੱਠਭੂਮੀ ਹੀ ਸੀ ਜਿਸ ਕਾਰਨ ਹਾਕਮ ਜਮਾਤਾਂ ਇਹਨਾਂ ਬਦਲਾਵਾਂ ਲਈ ਮਜਬੂਰ ਹੋਈਆਂ। ਕਮਿਊਨਿਸਟ ਮੈਨੀਫੈਸਟੋ ਦੀ ਇਤਾਲਵੀ ਛਾਪ ਲਈ ਲਿਖੇ ਮੁਖਬੰਦ ਵਿੱਚ ਏਂਗਲਜ਼ 1848 ਦੇ ਇਨਕਲਾਬ ਨੂੰ ਦਬਾਉਣ ਵਾਲਿਆਂ ਬਾਰੇ ਇਹ ਕਹਿੰਦੇ ਹਨ –

“ …ਜਿਵੇਂ ਕਿ ਕਾਰਲ ਮਾਰਕਸ ਕਿਹਾ ਕਰਦੇ ਸਨ, “ਜਿਹੜੇ ਲੋਕਾਂ ਨੇ 1848 ਦੇ ਇਨਕਲਾਬ ਨੂੰ ਦਬਾਇਆ, ਉਹ ਖੁਦ ਹੀ ਇਸ ਦੀ ਵਸੀਅਤ ਨੂੰ ਲਾਗੂ ਕਰਨ ਵਾਲੇ ਬਣ ਗਏ।”

ਇਹ ਜਾਣਨ ਤੋਂ ਬਾਅਦ ਸਾਨੂੰ ਪੰਜਾਬ ਦੇ ਖੇਤੀ ਖੇਤਰ ‘ਚ ਹੋਈਆਂ ਤਬਦੀਲੀਆਂ ‘ਤੇ ਨਜ਼ਰ ਮਾਰਨੀ ਚਾਹੀਦੀ ਹੈ। ਹਰੇ ਇਨਕਲਾਬ ਦੀ ਭਾਰਤ ਦੇ ਪੇਂਡੂ ਇਲਾਕੇ ਵਿੱਚ ਕੁਝ ਅਜਿਹੇ ਬਦਲਾਅ ਲਿਆਉਣ ‘ਚ ਅਹਿਮ ਭੂਮਿਕਾ ਸੀ ਜਿਹਨਾਂ ਨੇ ਭਾਰਤੀ ਹਾਕਮ ਜਮਾਤ ਦਾ ਬਚਾਅ ਕੀਤਾ। ਇਸ ਬਦਲਾਅ ਨੇ ਅਮੀਰ ਕਿਸਾਨੀ ਦੇ ਰੂਪ ‘ਚ ਉਸਦੇ ਸਮਾਜਕ ਅਧਾਰ ਨੂੰ ਵੀ ਵੱਡੀ ਹੱਦ ਤੱਕ ਵਿਸ਼ਾਲ ਕੀਤਾ। ਇੱਥੇ ਆ ਕੇ ਸਾਨੂੰ ਇਹ ਨੋਟ ਕਰਨਾ ਚਾਹੀਦਾ ਹੈ ਕਿ ਭਾਰਤ ਦੀ ਅਜ਼ਾਦੀ ਲਹਿਰ ਦੀਆਂ ਹਿੱਸਾ ਬਣੀਆਂ ਵੱਡੀਆਂ ਤੇ ਜੁਝਾਰੂ ਕਿਸਾਨ ਲਹਿਰਾਂ ਕਾਰਨ ਹਾਕਮ ਜਮਾਤ ਲਈ ਜ਼ਰੱਈ ਬਣਤਰ ‘ਚ ਬਦਲਾਅ ਲੈ ਕੇ ਆਉਣੇ ਜ਼ਰੂਰੀ ਬਣ ਗਏ ਸਨ ਅਤੇ ਇਸ ਨੇ ਉਹ ਕੀਤਾ ਜੋ ਇਸ ਲਈ ਸਭ ਤੋਂ ਵੱਧ ਫਾਇਦੇਮੰਦ ਸੀ – ਭਾਵ ਭੂਮੀਪਤੀ ਬੁਰਜੂਆ ਸੁਧਾਰਾਂ ਦੇ ਰੂਪ ‘ਚ ਜਿਸਨੂੰ ਅਸੀਂ, ਲੈਨਿਨ ਦੇ ਕਹਿਣ ਅਨੁਸਾਰ, ਪਰਸ਼ਈ ਰਸਤਾ ਆਖਦੇ ਹਾਂ। ਇਹ ਪੂਰਵ-ਸਰਮਾਏਦਾਰਾ ਜਾਂ ਜਗੀਰੂ ਸੰਬੰਧਾਂ ਨੂੰ ਤੋੜਨ ਤੇ ਉਹਨਾਂ ਨੂੰ ਬੁਰਜੂਆ ਲਾਈਨ ‘ਤੇ ਢਾਲਣ ਦਾ ਧੀਮਾ ਤੇ ਕ੍ਰਮਬੱਧ ਰਸਤਾ ਹੈ। ਇਸਦਾ ਮਤਲਬ ਹੈ ਖੇਤੀ ਵਿੱਚ ਧੀਮਾ, ਦੁਖਦਾਇਕ ਸਰਮਾਏਦਾਰਾ ਵਿਕਾਸ ਜਿਹੜਾ ਕਿਸਾਨਾਂ ਲਈ ਅਥਾਹ ਔਖਿਆਈਆਂ ਲੈ ਕੇ ਆਉਂਦਾ ਹੈ। ਇਹ ਦੁਖਦਾਈ ਤੇ ਲੰਮਾ ਖਿੱਚਿਆ ਜਾਣ ਵਾਲਾ ਅਮਲ ਜ਼ਰੱਈ ਬਣਤਰ ਵਿੱਚ ਆਉਂਦੇ ਬਦਲਾਵਾਂ ਦੀ ਪਛਾਣ ਕਰਨਾ ਔਖਾ ਬਣਾ ਦਿੰਦਾ ਹੈ। ਇਹ ਖੇਤ ਵਿੱਚ ਸਰਮਾਏਦਾਰੀ ਦੇ ਵਿਕਾਸ ਦਾ ਇਨਕਲਾਬੀ ਤਰੀਕਾ ਨਹੀਂ ਹੈ ਪਰੰਤੂ ਫਿਰ ਵੀ ਇਹ ਖੇਤੀ ‘ਚ ਸਰਮਾਏਦਾਰੀ ਸਬੰਧ ਕਾਇਮ ਕਰ ਦਿੰਦਾ ਹੈ ਅਤੇ ਬਹੁਤ ਸਾਰੀਆਂ ਜਗੀਰੂ ਸੰਸਥਾਵਾਂ ਦੀ ਬੁਰਜੂਆ ਲਾਈਨ ‘ਤੇ ਮੁੜ-ਢਲਾਈ ਕਰਦਾ ਹੈ। ਇਹ ਉਹੀ ਕੁਝ ਹੈ ਜਿਸ ਨੂੰ ਪਰਚੇ ਵਿੱਚ ਉੱਚ-ਉਸਾਰ ਦੇ ਖੇਤਰ ‘ਚ ਨੋਟ ਕੀਤਾ ਗਿਆ ਹੈ। ਇਸ ਦੇ ਨਾਲ਼ ਸਰਮਾਏਦਾਰਾ ਸਮਾਜ ਦੀ ਸਮਾਜੀ-ਆਰਥਕ ਬਣਤਰ ਵਿੱਚ ਕਈ ਅਜਿਹੀਆਂ ਖਾਸੀਅਤਾਂ ਵੀ ਬਚੀਆਂ ਰਹਿੰਦੀਆਂ ਹਨ ਜਿਹਨਾਂ ਨੂੰ ਲੈਨਿਨ ਨੇ ਆਪਣੀ ਲਿਖਤ ਦੋ ਦਾਅਪੇਚ ਵਿੱਚ ਰੇਖਾਂਕਿਤ ਕੀਤਾ –

”ਕੀ ਯੂਰਪ ‘ਚ ਹੋਣ ਵਾਲੇ ਭਵਿੱਖ ਦੇ ਸਮਾਜਵਾਦੀ ਇਨਕਲਾਬਾਂ ਉੱਤੇ ਵੀ ਜਮਹੂਰੀਅਤ ਦੇ ਖੇਤਰ ‘ਚ ਬਹੁਤ ਕੁਝ ਜੋ ਨਹੀਂ ਹੋਇਆ, ਉਸਨੂੰ ਲਾਗੂ ਕਰਨ ਦਾ ਭਾਰ ਨਹੀਂ ਪਵੇਗਾ?” (ਸਮੁੱਚੀਆਂ ਲਿਖਤਾਂ, ਸੈਂਚੀ 9, ਸਫ਼ਾ 85)

ਜਿਸ ਪੱਖੋਂ ਵੀ ਦੇਖਿਆ ਜਾਵੇ, ਸਾਡੇ ਮਿੱਤਰ ਸਾਡੇ ਦੇਸ਼ ਵਿਚਲੀ ਵਿਆਪਕ ਜਿਣਸ ਪੈਦਾਵਾਰ ਨੂੰ ਅਰਧ-ਜਗੀਰੂ, ਤੇ ਨਾਲ ਹੀ ਜਿਸਨੂੰ ਉਹ ਪੰਜਾਬ ਵਿੱਚ ‘ਉਜਰਤੀ ਕਿਰਤ ਦਾ ਖਾਸਾ’ ਕਹਿੰਦੇ ਹਨ, ਜਿਹੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰਨ ਲੱਗਿਆਂ ਕੁਝ ਜ਼ਿਆਦਾ ਅਤਕਥਨੀਆਂ ‘ਚ ਪੈ ਗਏ। (ਇਹੀ ਕੁਝ ਉਹਨਾਂ ਦੇ ਕਿਸਾਨੀ ਦੇ ਵਿਭੇਦੀਕਰਨ ਤੇ ਪੰਜਾਬ ਵਿੱਚ ਇਕੱਤ੍ਰੀਕਰਨ ਬਾਰੇ ਵਿਚਾਰਾਂ ‘ਚ ਦਿਖਾਈ ਦਿੰਦਾ ਹੈ)। ਮਾਮਲੇ ਨੂੰ ਹੋਰ ਸਾਫ਼ ਕਰਨ ਲਈ –

ਜਦੋਂ ਅਸੀਂ ਖੇਤੀ ਵਿੱਚ ਸਰਮਾਏਦਾਰੀ ਦੀ ਗੱਲ ਕਰਦੇ ਹਾਂ ਤਾਂ ਸਾਡਾ ਮਤਲਬ ਇਹ ਨਹੀਂ ਹੁੰਦਾ ਕਿ ਸਾਡੇ ਸਾਹਮਣੇ ਚਾਰੇ ਪਾਸੇ ਸਰਮਾਏਦਾਰਾ ਫਾਰਮ ਹਨ ਅਤੇ ਕਿਸਾਨ ਮੁਨਾਫ਼ੇ ਦੀ ਔਸਤ ਦਰ ਹਾਸਲ ਕਰ ਰਿਹਾ ਹੈ ਤੇ ਇਹੋ ਜਿਹੀਆਂ ਹੋਰ ਗੱਲਾਂ ਵੀ। ਇਸੇ ਕਰਕੇ ਇੱਕ ਕਿਸਾਨ ਫਾਰਮਰ (Peasant farmer) ਨੂੰ ਇੰਗਲੈਂਡ ਦੇ ਸਰਮਾਏਦਾਰ ਫਾਰਮਰ ਤੋਂ ਵੱਖਰਾ ਰੱਖਿਆ ਜਾਂਦਾ ਹੈ। ਇਸੇ ਲਈ ਲੈਨਿਨ ਨੇ ਸ਼ਬਦ – ਕਿਸਾਨ ਬੁਰਜੂਆਜ਼ੀ ਵਰਤਿਆ ਹੈ। ਸਰਮਾਏਦਾਰ ਸਮਾਜਾਂ ਵਿੱਚ ਵੀ ਕਿਸਾਨ ਜਿਣਸ ਪੈਦਾਕਾਰ ਹੁੰਦੇ ਹਨ – ਭਾਵ ਸਾਡੇ ਸਾਹਮਣੇ ਵਿਆਪਕ ਜਿਣਸ ਪੈਦਾਵਾਰ ਹੁੰਦੀ ਹੈ। ਕਿਸਾਨੀ ਦਾ ਬਹੁਤ ਛੋਟਾ ਹਿੱਸਾ ਹੀ ਕਿਸਾਨ ਬੁਰਜੂਆਜ਼ੀ ਵਿੱਚ ਬਦਲਦਾ ਹੈ। ਕਿਸਾਨੀ ਸਦੀਆਂ ਤੋਂ ਆਪਣੇ ਪੈਦਾਵਾਰ ਦੇ ਢੰਗਾਂ ਨਾਲ ਚਿੰਬੜੇ ਹੋਏ ਹੋਣ ਕਰਕੇ ਧੀਮੀ ਗਤੀ ਨਾਲ ਸਰਮਾਏਦਾਰਾ ਪੈਦਾਵਾਰ ਅਨੁਸਾਰ ਢਲਦੀ ਹੈ। ਸਰਮਾਏਦਾਰ ਦੇਸ਼ਾਂ ਵਿੱਚ ਵੀ ਕਿਸਾਨ ਪੈਦਾਵਾਰ ਸ਼ੁੱਧ ਸਰਮਾਏਦਾਰਾ ਪੈਦਾਵਾਰ ਦੀਆਂ ਸਾਰੀਆਂ ਖਾਸੀਅਤਾਂ ਨਹੀਂ ਧਾਰਨ ਕਰਦੀ। ਇੱਕ ਤਬਕਾ ਜਿਹੜਾ ਅਜੇ ਵੀ ਪੈਦਾਵਾਰ ਦੇ ਸਾਧਨਾਂ ਦਾ ਮਾਲਕ ਹੁੰਦਾ ਹੈ ਤੇ ਅਜਿਹਾ ਬਣਾਈ ਰੱਖਣ ਲਈ ਖਪਦਾ ਰਹਿੰਦਾ ਹੈ, ਸਰਮਾਏਦਾਰ ਸਮਾਜਾਂ ਵਿੱਚ ਇੱਕ ਦਰਮਿਆਨੇ ਤਬਕੇ ਦੀ ਜਗ੍ਹਾ ਮੱਲਦਾ ਹੈ। ਜਦੋਂ ਅਸੀਂ ਖੇਤੀ ਵਿੱਚ ਸਰਮਾਏਦਾਰੀ ਦੀ ਗੱਲ ਕਰਦੇ ਹਾਂ ਤਾਂ ਇਸਦਾ ਇਹ ਮਤਲਬ ਹਰਗਿਜ਼ ਨਹੀਂ ਹੁੰਦਾ ਕਿ ਜ਼ਰੱਈ ਖੇਤਰ ‘ਚ ਕਿਸਾਨਾਂ ਦੀਆਂ ਜੋਤਾਂ ਵੱਡੇ ਸਰਮਾਏਦਾਰਾ ਫਾਰਮਾਂ ‘ਚ ਵੱਟ ਚੁੱਕੀਆਂ ਹੋਣ। ਇਸਦਾ ਮਤਲਬ ਸਿਰਫ਼ ਇੰਨਾ ਹੁੰਦਾ ਹੈ ਕਿ ਕਿਸਾਨ ਪੈਦਾਵਾਰ ਹੁਣ ਸਰਮਾਏਦਾਰੀ ਪੈਦਾਵਾਰ ਦੇ ਨਿਯਮਾਂ ਦੇ ਅਧੀਨ ਹੋ ਗਈ ਹੈ, ਕਿਸਾਨੀ ਜਗੀਰੂ ਰਜਵਾੜਾਸ਼ਾਹੀ ਤੋਂ ਅਜ਼ਾਦ ਹੋ ਗਈ ਹੈ ਤੇ ਜਗੀਰੂ ਰਹਿੰਦ-ਖੂੰਹਦ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਰਹੀ। ਸਖਤ ਮਿਹਨਤ ਕਰ ਰਹੀ ਕਿਸਾਨੀ ਸਰਮਾਏਦਾਰੀ ਢਾਂਚੇ ਹੇਠ ਲੁੱਟੀ ਤੇ ਦਬਾਈ ਜਾਂਦੀ ਹੈ, ਅਤੇ ਪ੍ਰੋਲੇਤਾਰੀ ਨੂੰ ਬੁਰਜੂਆ ਪ੍ਰਬੰਧ ਦੇ ਖਿਲਾਫ਼ ਲੜਾਈ ਵਿੱਚ ਸਿਪਾਹੀ ਦਿੰਦੀ ਹੈ। ਨਹੀਂ ਤਾਂ ਸਰਮਾਏਦਾਰ ਦੇਸ਼ਾਂ ਵਿੱਚ ਕਿਸੇ ਕਿਸਮ ਦਾ ਕਿਸਾਨ ਸਵਾਲ ਪੈਦਾ ਹੀ ਨਹੀਂ ਹੋਣਾ ਸੀ।

ਕਿਸਾਨੀ ਨੂੰ ਸਮੁੱਚੇ ਰੂਪ ‘ਚ ਅਤੇ ਉਹ ਵੀ ਦੱਬੇ-ਕੁਚਲੇ ਕਿਸਾਨਾਂ ਨੂੰ ਸਰਮਾਏਦਾਰ ਉੱਦਮੀ ਬਣਾ ਕੇ ਪੇਸ਼ ਕਰਨਾ ਸਵਾਲ ਨੂੰ ਪੂਰੀ ਤਰ੍ਹਾਂ ਸਮਝਣ ‘ਚ ਨਾਕਾਮ ਰਹਿਣਾ ਹੈ। ਇੱਥੇ ਆ ਕੇ ਅਸੀਂ ਕਿਸਾਨ ਵਿੱਚ ਇੱਕ ਸਮਝਦਾਰ ਸਰਮਾਏਦਾਰ ਦੇ ਲੱਛਣ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਜੇ ਉਹ ਨਹੀਂ ਮਿਲਦੇ ਤਾਂ ਅਸੀਂ ਢਾਂਚੇ ਨੂੰ ਅਰਧ-ਜਗੀਰੂ ਕਹਿੰਦੇ ਹਾਂ। ਦੱਬੀ-ਕੁਚਲੀ ਕਿਸਾਨੀ ਸਰਮਾਏਦਾਰੀ ਅੰਦਰ ਬਰਬਾਦ ਹੁੰਦੀ ਹੈ ਤੇ ਇਸਦਾ ਭਵਿੱਖ ਧੁੰਦਲਾ ਹੁੰਦਾ ਹੈ, ਅਤੇ ਹੋਰ ਕਿਸੇ ਵੀ ਤਰੀਕੇ ਨਾਲ ਸਵਾਲ ਦੀ ਪੇਸ਼ਕਾਰੀ ਕਰਨੀ ਸਰਮਾਏਦਾਰੀ ਦਾ ਆਦਰਸ਼ੀਕਰਨ ਕਰਨਾ ਹੋਵੇਗਾ।

ਪਰਚਾ ਸਹੀ ਯੁੱਧਨੀਤੀ ਤੇ ਅਸਰਦਾਰ ਦਾਅਪੇਚ ਵਿਕਸਤ ਕਰਨ ਦੇ ਨਜ਼ਰੀਏ ਤੋਂ ਲਿਖਿਆ ਗਿਆ ਹੈ। ਇਸਦਾ ਅੰਤ “ਜ਼ਮੀਨ ਹਲਵਾਹਕ ਦੀ ਅਤੇ ਬੇਜ਼ਮੀਨੇ ਤੇ ਗਰੀਬ ਕਿਸਾਨਾਂ ਦੀ ਅਗਵਾਈ ਵਾਲੀ ਕਮੇਟੀ ਨੂੰ ਸਾਰੀ ਤਾਕਤ” ਦੇ ਨਾਹਰੇ ਨਾਲ ਹੁੰਦਾ ਹੈ। ਅਸੀਂ ਆਪਣੀ ਪੜਚੋਲ ‘ਚ ਇਸ ‘ਤੇ ਕੋਈ ਟਿੱਪਣੀ ਨਹੀਂ ਕਰਾਂਗੇ। ਜਿਹੜੀ ਗੱਲ ਸਾਨੂੰ ਹੈਰਾਨ ਕਰਦੀ ਹੈ ਉਹ ਇਹ ਹੈ ਕਿ ਅਰਧ-ਜਗੀਰੂ ਅੜਿੱਕਿਆਂ ਨੂੰ ਖਤਮ ਕਰਨ ਦੇ ਕਾਰਜ ਲਈ ਰਾਜਸੱਤ੍ਹਾ ‘ਤੇ ਕਬਜ਼ਾ ਤੇ ਇਨਕਲਾਬ ਦੀ ਕੋਈ ਲੋੜ ਪੈਦਾ ਹੁੰਦੀ ਦਿਖਾਈ ਨਹੀਂ ਦਿੰਦੀ। ਉਦਾਹਰਣ ਵਜੋਂ, ”ਅਰਧ-ਬੰਧੂਆ””ਮਜ਼ਦੂਰੀ ਤੇ ”ਪੰਜਾਬ ਵਿੱਚ ਉਜਰਤੀ ਕਿਰਤ” ਦੇ ਸਿਰਲੇਖ ਹੇਠ ਦੱਸੀਆਂ ਗਈਆਂ ਪੱਕੇ ਮਜ਼ਦੂਰਾਂ ਦੀਆਂ ਬਹੁਤ ਹੀ ਭੈੜੀਆਂ ਕੰਮ ਹਾਲਤਾਂ ਦੇ ਖਾਤਮੇ ਲਈ ਇਹਨਾਂ ਖਿਲਾਫ਼ ਤਕੜੀ ਲਹਿਰ ਦੀ ਲੋੜ ਹੈ ਅਤੇ ਇੰਨਾ ਹੀ ਅਜਿਹੇ ਸੰਬੰਧਾਂ ਦੇ ਖਾਤਮਾ ਲਈ ਬਥੇਰਾ ਹੋਵੇਗਾ। ਅਜਿਹਾ ਹੀ ਪਰਿਵਾਰਕ ਠੇਕਾ ਕਿਰਤ ਪ੍ਰਬੰਧ ਤੋਂ ਨਾਂਹ ਕਰਨ ਨਾਲ ਸੰਭਵ ਹੋ ਸਕਦਾ ਹੈ। ਇਸ ਤਰ੍ਹਾਂ ਪੰਜਾਬ ਵਿੱਚ ਅਰਧ-ਜਗੀਰੂ ਸੰਬੰਧਾਂ ਦੇ ਖਾਤਮੇ ਲਈ ਰਾਜਸੱਤ੍ਹਾ ‘ਤੇ ਕਬਜ਼ਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ – ਇਹ ਭਾਰਤੀ ਰਾਜ ਦੀਆਂ ਸੀਮਾਵਾਂ ਅੰਦਰ ਹੀ ਸੰਭਵ ਹੈ!! ਮਾਲੇ ਸਾਹਿਤ ਹਮੇਸ਼ਾਂ “ਅਰਧ-ਜਗੀਰੂ ਅੜਿੱਕਿਆਂ” ਨੂੰ ਖਤਮ ਕਰਨ ਦੀਆਂ ਗੱਲਾਂ ਨਾਲ ਭਰਿਆ ਰਹਿੰਦਾ ਹੈ। ਹੋਰ ਅੱਗੇ ਇਹ ਕਿ ਪਾਰਟੀ ਦਰਮਿਆਨੀ ਤੇ ਛੋਟੀ ਕਿਸਾਨੀ ਦੀ ਸਧਾਰਨ ਜਿਣਸ ਪੈਦਾਵਾਰ ਦਾ ਕੀ ਕਰੇਗੀ? ਕੀ ਉਹ ਇਸਨੂੰ ਸਰਮਾਏਦਾਰਾ ਪੈਦਾਵਾਰ ‘ਚ ਬਦਲੇਗੀ – ਜਿਵੇਂ ਕਿ ਉਹ ‘ਅਰਧ-ਜਗੀਰੂ’ ਨੂੰ ਸਰਮਾਏਦਾਰਾ ਕਿਸਮ ‘ਚ ਬਦਲਣਾ ਕਹਿੰਦੇ ਹਨ। ਹੋਰ ਕਿਸ ਤਰ੍ਹਾਂ ਇਹ ਅਰਧ-ਜਗੀਰੂ ਅੜਿੱਕੇ ਖਤਮ ਕੀਤੇ ਜਾ ਸਕਦੇ ਹਨ? ਨਹੀਂ ਤਾਂ ਇਹ ਸਾਫ਼ ਹੈ ਕਿ ਮੌਜੂਦਾ ਸਰਮਾਏਦਾਰਾ ਢਾਂਚੇ ਅੰਦਰ ਰਹਿ ਕੇ ਇਹਨਾਂ ਕਿਸਾਨੀ ਦੇ ਇਸ ਤਬਕੇ ਲਈ ਕੁਝ ਵੀ ਕਰ ਸਕਣਾ ਸੰਭਵ ਨਹੀਂ ਹੈ – ਇੱਕੋ ਇੱਕ ਰਸਤਾ ਸਮਾਜਵਾਦ ਹੀ ਹੋ ਸਕਦਾ ਹੈ ਜਿਹੜਾ ਬਦਕਿਸਮਤੀ ਨਾਲ ਪਾਰਟੀ ਦੇ ਏਜੰਡੇ ‘ਤੇ ਨਹੀਂ ਹੈ। ਇਸ ਤੋਂ ਇਲਾਵਾ, ਸਾਡੇ ਦੋਸਤਾਂ ਕੋਲ ਆਪਣਾ ਇੱਕ “ਪੂਰਾ-ਸੂਰਾ ਆਰਥਕ-ਸਿਆਸੀ ਪੈਕੇਜ” ਹੈ ਜਿਸ ਬਾਰੇ ਅਸੀਂ ਇੱਥੇ ਕੋਈ ਟਿੱਪਣੀ ਨਹੀਂ ਕਰਾਂਗੇ। ਅੰਤ ਵਿੱਚ, ਇਸ ਅਧਿਐਨ ਵਿੱਚ ਮਜ਼ਦੂਰ ਜਮਾਤ ਲਈ ਕੁਝ ਵੀ ਨਹੀਂ ਹੈ ਭਾਵੇਂ ਇਹ ਉਸਦੀ ਹਾਲਤ ਲਈ ਫਿਕਰਮੰਦ ਦਿਖਾਈ ਦਿੰਦੀ ਹੈ!

1. ਇਸ ਲਿਖਤ ‘ਚ ਆਏ ਸਫਾ ਨੰਬਰ ਸਿਰਫ਼ ਨੇੜੇ-ਤੇੜੇ ਹਨ ਕਿਉਂਕਿ ਸਾਡੇ ਕੋਲ ਇਸਦੀ ਇੰਟਰਨੈੱਟ ਤੋਂ ਹਾਸਲ ਕੀਤੀ ਗਈ ਕਾਪੀ ਹੈ।
2. ਜੇ ਕੁਝ ਹੋਰ ਨਹੀਂ ਲਿਖਿਆ ਜਾਂਦਾ ਤਾਂ ਅਸੀਂ ਮਾਰਕਸ, ਏਂਗਲਜ਼ ਤੇ ਲੈਨਿਨ ਦੇ ਹਵਾਲੇ ਪ੍ਰਗਤੀ ਪ੍ਰਕਾਸ਼ਨ ਦੁਆਰਾ ਛਾਪੀਆਂ ਲਿਖਤਾਂ ‘ਚੋਂ ਦੇ ਰਹੇ ਹਾਂ।
3. ਮਾਰਕਸ ਇੱਥੇ ਕਿਰਤ ਸ਼ਕਤੀ ਦੀ ਥਾਂ ਕਿਰਤ ਸਮਰੱਥਾ ਦਾ ਇਸਤੇਮਾਲ ਕਰਦੇ ਹਨ। 

(‘ਕਮਿਊਨਿਸਟ ਵਾਇਸ’ ‘ਚੋਂ ਧੰਨਵਾਦ ਸਹਿਤ।)

“ਪ੍ਰਤੀਬੱਧ”, ਅੰਕ 18, ਫਰਵਰੀ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s