ਆਮ ਲੋਕ, ਬੁੱਧੀਜੀਵੀ ਅਤੇ ਅਲੇਗਜੇਂਡਰੀਆ ਦੀ ਲਾਇਬਰੇਰੀ ਦੀ ਤ੍ਰਾਸਦੀ

library of alex

(ਪੀ.ਡੀ.ਐਫ਼ ਡਾਊਨਲੋਡ ਕਰੋ)

ਸੋਚਣ ਦੀ ਗੱਲ ਇਹ ਹੈ ਕਿ ਸਾਡੇ ਸਮਾਜ ਦੇ ਬੁੱਧੀਜੀਵੀਆਂ ਦਾ ਜੋ ਹਿੱਸਾ ਇਮਾਨਦਾਰ ਹੈ, ਵਰਤਮਾਨ ਨੰਗੇ ਨਿਰੰਕੁਸ਼ ਉਪਯੋਗਤਾਵਾਦੀ ਸੱਭਿਆਚਾਰ ਦਾ ਸ਼ਿਕਾਰ ਨਹੀਂ ਹੋਇਆ ਹੈ, ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤਾਂ ਜਮਨਾ ਦਾਸ ਦੇ ਜੀਵਨ ਦੇ ਫਲਸਫੇ ਨੂੰ ਪਚਾ ਨਹੀਂ ਸਕਿਆ ਉਹ ਆਪਣੀ ਜਿੰਦਗੀ, ਆਦਰਸ਼ਾਂ ਅਤੇ ਸਿਧਾਤਾਂ ਦੀ ਲੜਾਈ ਵਿੱਚ ਇਕੱਲਾ ਕਿਉਂ ਹੈ? ਵਿਗਿਆਨਕ ਖੋਜ਼ ਕੇਂਦਰਾਂ ਵਿੱਚ ਨੌਕਰਸ਼ਾਹਾਂ ਅਤੇ ਸ਼ੇਅਰ ਖਰੀਦਣ ਅਤੇ ਖੋਜ਼-ਪੱਤਰ ਚੁਰਾਉਣ ਵਾਲੇ ਅਖੌਤੀ ਵਿਗਿਆਨਕਾਂ ਵਿੱਚ ਇਮਾਨਦਾਰੀ ਨਾਲ ਖੋਜ਼ ਵਿੱਚ ਲੱਗਿਆ ਹੋਇਆ ਇੱਕ ਵਿਗਿਆਨਕ ਘੁਟਦਾ ਹੋਇਆ ਪਾਗਲਪਣ ਜਾਂ ਆਤਮਹੱਤਿਆ ਦੇ ਮੁਕਾਮ ਤੱਕ ਪਹੁੰਚਦਾ ਹੈ ਅਤੇ ਇਹ ਕੋਈ ਛੋਟ ਨਹੀਂ ਸਗੋਂ ਆਮ ਗੱਲ ਹੈ। ਬਹੁਤ ਸਾਰੇ ਖੋਜ਼ ਵਿਦਿਆਰਥੀ ਆਪਣੇ ਖੋਜ਼ ਨਿਰਦੇਸ਼ਕਾਂ ਦੇ ਘਰੇਲੂ ਨੌਕਰ ਜਿਹੀ ਜਿੰਦਗੀ ਗੁਜਾਰਦੇ ਹਨ। ਉਹਨਾਂ ਦੇ ਖੋਜ਼ ਪੱਤਰਾਂ ‘ਤੇ ਬਿਨਾਂ ਕਿਸੇ ਯੋਗਦਾਨ ਦੇ ਸਭ ਤੋਂ ਉੱਪਰ ਉਹਨਾਂ ਦੇ ਖੋਜ਼ ਗਾਈਡ ਸਾਹਿਬ ਦਾ ਨਾਂ ਛਪਦਾ ਹੈ ਅਤੇ ਇੱਥੋਂ ਤੱਕ ਕਿ ਉਹਨਾਂ ਦੇ ਕਈ ਥੀਸਸ ਸਿੱੱਧੇ ਹੀ ਅਕਾਦਮਿਕ ਡਕੈਤੀ ਦੇ ਸ਼ਿਕਾਰ ਹੋ ਜਾਂਦੇ ਹਨ। 

ਇੰਜਨੀਅਰਿੰਗ ਅਤੇ ਮੈਡੀਕਲ ਕਾਲਜ਼ਾਂ ਦੇ ਅੱਤ ਦੇ ਨਿਰੰਕੁਸ਼ ਮਹੌਲ ਵਿੱਚ ਵਿਦਿਆਰਥੀ ਘੁਟਦੇ ਰਹਿੰਦੇ ਹਨ ਪਰ ਕੈਰੀਅਰ ਤਬਾਹ ਕਰ ਦਿੱਤੇ ਜਾਣ ਦੇ ਡਰ ਨਾਲ ਚੂੰ ਤੱਕ ਨਹੀਂ ਕਰਦੇ। ਮੈਂ ਮੈਡੀਕਲ ਕਾਲਜ਼ ਦੇ ਇੱਕ ਬਹੁਤ ਜਿਆਦਾ ਯੋਗ ਸਰਜਨ ਨੂੰ ਜਾਣਦਾ ਹਾਂ, ਜੋ ਪੈਸੇ ਦੀ ਅੰਨ੍ਹੀ ਹਵਸ਼ ਦਾ ਸ਼ਿਕਾਰ ਹੋ ਕੇ ਨਰਸਿੰਗ ਹੋਮ ਜਾਂ ਪ੍ਰਾਈਵੇਟ ਪ੍ਰੈਕਟਿਸ ਦਾ ਧੰਦਾ ਨਹੀਂ ਕਰਦੇ ਸਨ ਅਤੇ ਕੇਵਲ ਟੀਚਿੰਗ ਅਤੇ ਮੈਡੀਕਲ ਕਾਲਜ਼ ਹਸਪਤਾਲ ਵਿੱਚ ਸਰਜਰੀ ਦਾ ਕੰਮ ਕਰਦੇ ਹਨ। ਉਹ ਬਹੁਤ ਯੋਗ ਅਤੇ ਵਿਦਿਆਰਥੀਆਂ ਦੇ ਪਿਆਰੇ ਅਧਿਆਪਕ ਸਨ, ਪਰ ਵਾਈਸ ਚਾਂਸਲਰ ਜਾਂ ਵਿਭਾਗ ਮੁਖੀ ਦੀ ਦਰਬਾਰੀ ਕਦੇ ਵੀ ਨਹੀਂ ਸਨ ਕਰਦੇ। ਇਸ ਦੀ ਸਜਾ ਉਹਨਾਂ ਨੂੰ ਇਹ ਮਿਲੀ ਕਿ ਕਈ ਸਾਲਾਂ ਤੱਕ ਉਹਨਾਂ ਨੂੰ ਰੀਡਰ ਵੀ ਨਹੀਂ ਬਣਾਇਆ ਗਿਆ, ਜਦੋਂ ਕਿ ਉਹਨਾਂ ਦੇ ਜੂਨੀਅਰ ਸਰਜਨ ਪ੍ਰੋਫੈਸਰ ਤੱਕ ਹੋ ਗਏ। ਉਹ ਕਈ ਸਾਲਾਂ ਤੱਕ ‘ ਡਿਪਰੈਸ਼ਨ’ ਦੇ ਮਰੀਜ਼ ਰਹੇ। ਕੋਈ ਉਹਨਾਂ ਦੀ ਮਦਦ ਲਈ ਅੱਗੇ ਨਹੀਂ ਆਇਆ। 

ਇਸ ਸਵਾਲ ਨੂੰ ਕੁੱਝ ਹੋਰ ਅੱਗੇ ਵਧਾਈਏ। ਪ੍ਰਗਟਾਵੇ ਦੀ ਅਜ਼ਾਦੀ ਨੂੰ ਕੁਚਲਣ ਵਾਲੇ ਕਾਨੂੰਨ ਬਣਦੇ ਹਨ, ਤਾਮਿਲਨਾਡੂ ਵਿੱਚ ਸੱਤ੍ਹਾ ‘ਤੇ ਕਾਬਜ਼ ਪਾਰਟੀ ਨਾ ਸਿਰਫ ਵਿਧਾਨ ਸਭਾ ਵਿੱਚ ਆਪਣੇ ਬਹੁਮਤ ਦੇ ਦਮ ‘ਤੇ ਪੱਤਰਕਾਰਾਂ ਨੂੰ ਬੇਇੱਜਤ ਕਰਦੀ ਹੈ, ਸਗੋਂ ਆਪਣੀ ਪਾਰਟੀ ਦੇ ਕਾਰਕੁਨਾਂ ਦੁਆਰਾ ਉਹਨਾਂ ਨੂੰ ਕੁਟਵਾਉਂਦੀ ਅਤੇ ਬੇਇੱਜਤ ਕਰਵਾਉਂਦੀ ਹੈ। ਅਖ਼ਬਾਰਾਂ ਵਿੱਚ ਕਾਫੀ ਸ਼ੋਰ ਸ਼ਰਾਬਾ ਹੁੰਦਾ ਹੈ, ਪਰ ਦੇਸ਼ ਦੇ ਅੱਸੀ ਫੀਸਦੀ ਕਿਰਤੀ ਲੋਕ ਤਾਂ ਦੂਰ, ਪੜ੍ਹਿਆ ਲਿਖਿਆ ਆਮ ਮੱਧਵਰਗੀ ਆਦਮੀ ਵੀ ਇਸ ਵਿਰੁੱਧ ਨਹੀਂ ਬੋਲਦਾ। ਅਧਿਆਪਕ ਆਪਣੇ ਜਮਹੂਰੀ ਹੱਕਾਂ ਦਾ ਹਰਨ ਕਰਨ ਵਾਲੇ ਕਨੂੰਨਾਂ ਦੇ ਵਿਰੁੱਧ ਜਾਂ ਆਪਣੀਆਂ ਕੁੱਝ ਬਹੁਤ ਜ਼ਰੂਰੀ ਮੰਗਾਂ ਨੂੰ ਲੈ ਕੇ ਸ਼ੰਘਰਸ਼ ਕਰਦੇ ਹਨ। ਵਿਦਿਆਰਥੀ ਸਿੱਖਿਆ ਖੇਤਰ ਦੀ ਨੌਕਰਸ਼ਾਹੀ, ਬਹੁ-ਗਿਣਤੀ ਲੋਕਾਂ ਨੂੰ ਪੜ੍ਹਨ ਦੇ ਅਧਿਕਾਰ ਤੋਂ ਵਾਂਝੇ ਕਰਨ ਵਾਲੀ ਸਿੱਖਿਆ ਜਾਂ ਕਿਸੇ ਵੀ ਸਹੀ ਮੁੱਦੇ ਨੂੰ ਲੈ ਕੇ ਜੇ ਸੰਘਰਸ਼ ‘ਤੇ ਉਤਾਰੂ ਹੁੰਦੇ ਹਨ ਤਾਂ ਇੱਕ ਆਮ ਨਾਗਰਿਕ ਪੜ੍ਹਨ ਪੜ੍ਹਾਉਣ ਦਾ ਮਹੌਲ ਵਿਗਾੜਨ ਅਤੇ ਅਰਾਜਕਤਾ ਫੈਲਾਉਣ ਦਾ ਦੋਸ਼ ਲਾ ਕੇ ਉਹਨਾਂ ਨੂੰ ਹੀ ਕੋਸਦਾ ਨਜ਼ਰ ਆਉਂਦਾ ਹੈ। 

ਬੁੱਧੀਜੋਵੀ ਤਬਕੇ ਦੇ ਇਮਾਨਦਾਰ ਲੋਕਾਂ ਦੀਆਂ ਲੜਾਈਆਂ ਜਾਂ ਪੂਰੇ ਤਬਕੇ ਦੀਆਂ ਬਹੁਤ ਹੀ ਵਾਜਬ ਲੜਾਈਆਂ  ਨੂੰ ਸਮਾਜ ਦੇ ਆਮ ਲੋਕਾਂ ਦੀ ਹਮਾਇਤ ਮਿਲਣੀ ਤਾਂ ਦੂਰ ਉਹਨਾਂ ਦੀ ਹਮਦਰਦੀ ਤੱਕ ਹਾਸਿਲ ਨਹੀਂ ਹੁੰਦੀ। ਜੇ ਅਸੀਂ ਬੁੱਧੀਜੀਵੀ ਤਬਕੇ ਦੇ ਹੀ ਕਿਸੇ ਵਿਅਕਤੀ ਤੋਂ ਇਸ ਸਵਾਲ ਦਾ ਜਵਾਬ ਪੁੱਛੀਏ ਤਾਂ ਉਹ ਜਾਂ ਤਾਂ ਇਸਦੇ ਲਈ ਸਾਡੇ ਦੇਸ਼ ਦੇ ਲੋਕਾਂ ਦੀ ਪਿਛੜੀ ਹੋਈ ਚੇਤਨਾ ਅਤੇ ਅਨਪੜ੍ਹਤਾ ਜਾਂ ”ਜ਼ਹਾਲਤ ਅਤੇ ਖੂਹ ਦੇ ਡੱਡੂਪੁਣੇ” ਨੂੰ ਜ਼ਿੰਮੇਵਾਰ ਠਹਿਰਾਉਂਦਾ ਨਜ਼ਰ ਆਵੇਗਾ, ਜਾਂ ਇਹ ਕਹੇਗਾ ਕਿ ਜਦੋਂ ਬੁੱਧੀਜੀਵੀ ਵਰਗ ਜਾਂ ਇੱਕ ਹੀ ਪੇਸ਼ੇ ਵਿੱਚ ਲੱਗੇ ਹੋਏ ਬੁੱਧੀਜੀਵੀ ਹੀ ਇੱਕਜੁੱਟ ਨਹੀਂ ਹਨ ਤਾਂ ਆਮ ਜਨਤਾ ਦੀ ਗੱਲ ਕੀ ਕੀਤੀ ਜਾਵੇ। ਜਿੱਥੋਂ ਤੱਕ ਪਹਿਲੀ ਧਾਰਨਾ ਦਾ ਸਵਾਲ ਹੈ, ਅਸੀਂ ਸਮਝਦੇ ਹਾਂ ਕਿ ਇਹ ਬੌਧਿਕ ਇਲੀਟਿਜ਼ਮ ਦੀ ਹਊਮੈ ਤੋਂ ਉਪਜਿਆ ਇੱਕ ਭਰਮ ਹੈ ਅਤੇ ਦੂਜੀ ਧਾਰਨਾ ਸਮੱਸਿਆ ਦੇ ਕੇਵਲ ਇੱਕ ਪੱਖ ਦਾ ਹੂ-ਬ-ਹੂ ਬਿਆਨ ਹੈ। ਮੂਲ ਸਵਾਲ ਦਾ ਜਵਾਬ ਨਹੀਂ। 

ਪ੍ਰਸਿੱਧ ਵਿਗਿਆਨਕ ਕਾਰਲ ਸੈਗਾਨ ਨੇ ਆਪਣੀ ਪੁਸਤਕ ‘ਕਾਸਮਾਸ’ ਵਿੱਚ ਇਤਿਹਾਸ ਦੇ ਇੱਕ ਪ੍ਰਸੰਗ ਦੀ ਚਰਚਾ ਕੀਤੀ ਹੈ, ਜੋ ਸਮੱਸਿਆ ਦੀ ਗਹਿਰਾਈ ਵਿੱਚ ਜਾਣ ਲਈ ਇੱਕ ਨਵੀਂ ਅੰਤਰਦ੍ਰਿਸ਼ਟੀ ਅਤੇ ਇੱਕ ਨਵਾਂ ਕੋਣ ਦਿੰਦਾ ਹੈ। ਉਹਨਾਂ ਨੇ ਆਪਣੀ ਇਸ ਪੁਸਤਕ ਵਿੱਚ ਮਿਸਰ ਦੇ ਇੱਕ ਪ੍ਰਾਚੀਨ ਨਗਰ ਅਲੈਗਜੇਂਡਰੀਆ ਦੀ ਸੰਸਾਰ ਪ੍ਰਸਿੱਧ ਇਤਿਹਾਸਕ ਲਾਇਬਰੇਰੀ ਦੀ ਚਰਚਾ ਕੀਤੀ ਹੈ। ਲੱਖਾਂ ਪੁਸਤਕਾਂ ਨਾਲ ਭਰੀ ਹੋਈ ਇਹ ਲਾਇਬਰੇਰੀ ਹਰ ਤਰਾਂ ਦੇ ਗਿਆਨ-ਵਿਗਿਆਨ ਦਾ ਕੇਂਦਰ ਸੀ। ਇੱਥੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੋਏ ਵਿਦਵਾਨ ਲਗਾਤਾਰ ਖੋਜ ਅਧਿਐਨ ਅਤੇ ਵਾਦ ਵਿਵਾਦ ਵਿੱਚ ਲੱਗੇ ਰਹਿੰਦੇ ਸਨ। ਬਿਨਾ ਸ਼ੱਕ ਇਹ ਮਨੁੱਖੀ ਸੱਭਿਅਤਾ ਅਤੇ ਗਿਆਨ ਵਿਗਿਆਨ ਦੇ ਵਿਕਾਸ ਦੇ ਇਤਿਹਾਸ ਦਾ ਇੱਕ ਮੀਲ ਪੱਥਰ ਸੀ। ਪਰ ਸੈਗਾਨ ਇਸਦੇ ਇੱਕ ਦੂਸਰੇ ਪੱਖ ਦੀ ਵੀ ਚਰਚਾ ਕਰਦੇ ਹਨ ਕਿ ਕਿਸ ਤਰਾਂ ਪ੍ਰਾਚੀਨ ਸਮਾਜ ਦੇ ਖਿੰਡਾਅ ਦੇ ਨਾਲ ਹੀ ਅੰਤ ਤੱਕ ਇਹ ਲਾਇਬਰੇਰੀ ਵੀ ਲੁੱਟ-ਖਸੁੱਟ ਅਤੇ ਅੱਗਜ਼ਨੀ ਦਾ ਸ਼ਿਕਾਰ ਹੋ ਕੇ ਤਬਾਹ ਹੋ ਗਈ ਅਤੇ ਗਿਆਨ ਦੀ ਇਹ ਅਮੁੱਲ ਦੌਲਤ ਇਤਿਹਾਸ ਦੇ ਹਨ੍ਹੇਰੇ ਵਿੱਚ ਗੁੰਮ ਹੋ ਗਈ। 

ਇਸ ਘਟਨਾ ਦੀ ਇੱਕ ਅਤਿ ਸਰਲੀਕ੍ਰਿਤ ਇਤਿਹਾਸਕ ਵਿਆਖਿਆ ਇਹ ਪੇਸ਼ ਕੀਤੀ ਜਾਂਦੀ ਰਹੀ ਹੈ ਕਿ ਇਤਿਹਾਸ ਵਿੱਚ ਵਿਕਸਿਤ ਸਭਿਅਤਾਵਾਂ ਨੂੰ ਬਰਬਰ ਸੱਭਿਅਤਾਵਾਂ ਦੇ ਵਾਹਕ ਨਸ਼ਟ ਕਰਦੇ ਹਨ। ਪਰ ਸੈਗਾਨ ਇਸ ਨਾਲ ਇਤਿਫਾਕ ਨਹੀਂ ਰੱਖਦੇ। ਉਹ ਇਸ ਦੀ ਕੁੱਝ ਦੂਸਰੀ ਹੀ ਵਿਆਖਿਆ ਪੇਸ਼ ਕਰਦੇ ਹਨ। ਉਹ ਦਸਦੇ ਹਨ ਕਿ ਇਤਿਹਾਸ ਦੇ ਅਜਿਹੇ ਵਿਕਸਿਤ ਮੰਨੇ ਜਾਣ ਵਾਲੇ ਸਮਾਜ ਆਮ ਲੋਕਾਈ ਦੀ ਵਿਆਪਕ ਅਤੇ ਭਿਅੰਕਰ ਭਿਆਨਕ ਗੁਲਾਮੀ ਦੀ ਬੁਨਿਆਦ ‘ਤੇ ਖੜ੍ਹੇ ਹੋਏ ਸਨ। ਅਲੈਜੇਂਡਰੀਆ ਦੀ ਲਾਇਬਰੇਰੀ ਜਿਸ ਵਿਕਸਿਤ ਪ੍ਰਾਚੀਨ ਮਿਸਰੀ ਸਮਾਜ ਦਾ ਮਾਣ ਸੀ, ਉਹ ਸਮਾਜ ਉਨ੍ਹਾਂ ਲੋਕਾਂ ਦੀ ਬਰਬਰ ਗੁਲਾਮੀ ‘ਤੇ ਅਧਾਰਿਤ ਸੀ ਜਿੰਨ੍ਹਾਂ ਨੇ ਉਸ ਸਾਰੀ ਦੌਲਤ ਦਾ ਨਿਰਮਾਣ ਕੀਤਾ ਸੀ, ਜਿਸਦੇ ਕਾਰਨ ਅਜਿਹੀ ਸ਼ਾਨਦਾਰ ਲਾਇਬਰੇਰੀ ਦੀ ਹੋਂਦ ਸੰਭਵ ਹੋ ਸਕੀ। ਉਹ ਅੱਗੇ ਲਿਖਦੇ ਹਨ: ”ਇਸ ਲਾਇਬਰੇਰੀ ਦੇ ਪੂਰੇ ਇਤਿਹਾਸ ਵਿੱਚ ਅਜਿਹਾ ਕੋਈ ਵੀ ਸਬੂਤ ਨਹੀਂ ਮਿਲਦਾ ਕਿ ਇਸਦੇ ਕਿਸੇ ਵੀ ਪ੍ਰਸਿੱਧ ਵਿਗਿਆਨਕ ਜਾਂ ਵਿਦਵਾਨ ਨੇ ਕਦੇ ਵੀ ਆਪਣੇ ਸਮਾਜ ਦੀ ਸਿਆਸੀ ਆਰਥਿਕ ਜਾਂ ਧਾਰਮਿਕ ਮਾਨਤਾ ਨੂੰ ਗੰਭੀਰਤਾ ਪੂਰਵਕ ਚੁਣੌਤੀ ਦਿੱਤੀ ਹੋਵੇ। ਤਾਰਿਆ ਦੇ ਸਥਾਈ ਹੋਣ ‘ਤੇ ਸਵਾਲ ਉਠਾਏ ਜਾਂਦੇ ਸਨ ਪਰ ਗੁਲਾਮੀ ਦੀ ਉੱਚਿਤਤਾ ‘ਤੇ ਨਹੀਂ। ਆਮ ਤੌਰ ‘ਤੇ ਵਿਗਿਆਨ ਅਤੇ ਗਿਆਨ ਪ੍ਰਾਪਤੀ ਦਾ ਦਾਇਰਾ ਮੁੱਠੀਭਰ ਵਿਸ਼ੇਸ਼ ਅਧਿਕਾਰ ਪ੍ਰਾਪਤ ਲੋਕਾਂ ਲਈ ਹੀ ਸੁਰੱਖਿਅਤ ਸੀ। ਲਾਇਬਰੇਰੀ ਵਿੱਚ ਹੋਣ ਵਾਲੀਆਂ ਮਹਾਨ ਖੋਜਾਂ ਬਾਰੇ ਸ਼ਹਿਰ ਦੀ ਵਿਆਪਕ ਅਬਾਦੀ ਨੂੰ ਧੁੰਦਲਾ ਜਿਹਾ ਵੀ ਅਹਿਸਾਸ ਨਹੀਂ ਸੀ। ਨਵੀਆਂ ਖੋਜ਼ਾਂ ਦੀ ਵਿਆਖਿਆ ਕਰਨ ਜਾਂ ਉਨ੍ਹਾਂ ਨੂੰ ਹਰਮਨ ਪਿਆਰੀਆਂ ਬਨਾਉਣ ਦਾ ਕੰਮ ਨਹੀਂ ਕੀਤਾ ਜਾਂਦਾ ਸੀ। ਖੋਜ਼ ਦਾ ਆਮ ਲੋਕਾਂ ਨੂੰ ਬਹੁਤ ਹੀ ਘੱਟ ਲਾਭ ਮਿਲਦਾ ਸੀ। ਮਕੈਨਿਕਸ ਅਤੇ ਵਾਸ਼ਪ ਤਕਨਾਲੋਜੀ ਸਬੰਧੀ ਖੋਜਾਂ ਦੀ ਵਰਤੋਂ ਮੁੱਖ ਤੌਰ ‘ਤੇ ਹਥਿਆਰਾਂ ਨੂੰ ਵਿਕਸਿਤ ਕਰਨ, ਅੰਧ ਵਿਸ਼ਵਾਸ਼ਾਂ ਵਿੱਚ ਵਾਧਾ ਕਰਨ ਜਾਂ ਰਾਜਿਆਂ ਦੇ ਮਨੋਰੰਜਨ ਲਈ ਕੀਤੀ ਜਾਂਦੀ ਸੀ। ਲੋਕਾਂ ਨੂੰ ਮੁਕਤ ਕਰਨ ਵਿੱਚ ਮਸ਼ੀਨਾਂ ਦੀ ਸਮਰੱਥਾ ਨੂੰ ਵਿਗਿਆਨਕਾਂ ਨੇ ਕਦੇ ਵੀ ਨਹੀਂ ਸਮਝਿਆ। ਪ੍ਰਾਚੀਨ ਕਾਲ ਦੀਆਂ ਮਹਾਨ ਬੌਧਿਕ ਪ੍ਰਾਪਤੀਆਂ ਦੇ ਫੌਰੀ ਵਿਵਹਾਰਕ ਅਮਲ ਬਹੁਤ ਥੋੜ੍ਹੇ ਹੀ ਹੁੰਦੇ ਸਨ। ਵਿਗਿਆਨ ਆਮ ਲੋਕਾਂ ਦੇ ਦਿਮਾਗ ਨੂੰ ਬਿਲਕੁਲ ਵੀ ਉਤੇਜਿਤ ਨਹੀਂ ਕਰਦਾ ਸੀ। ਖੜੋਤ ਦਾ, ਨਿਰਾਸ਼ਾਵਾਦ ਅਤੇ ਰਹੱਸਵਾਦ ਦੇ ਸਾਹਮਣੇ ਘਟੀਆ ਆਤਮਸਮਰਪਣ ਦਾ ਕੋਈ ਪ੍ਰਤੀਸੰਤੁਲਨ ਨਹੀਂ ਸੀ ਅਤੇ ਅੰਤ ਵਿੱਚ, ਜਦੋਂ ਭੀੜ ਲਾਇਬਰੇਰੀ ਨੂੰ ਜਲਾਉਣ ਆਈ ਤਾਂ ਰੋਕਣ ਵਾਲਾ ਕੋਈ ਨਹੀਂ ਸੀ”। 

ਸਵਾਲ ਚਾਹੇ ਗਿਆਨ ਵਿਗਿਆਨ ਦੇ ਖੇਤਰ ਵਿੱਚ ਵਿਆਪਕ ਮਹੱਤਵ ਦੇ ਮੁੱਦਿਆਂ ਪ੍ਰਤੀ, ਅਕਾਦਮਿਕ ਅਤੇ ਬੌਧਿਕ ਜਗਤ ਦੀਆਂ ਗੰਭੀਰ ਸਮੱਸਿਆਵਾਂ ਪ੍ਰਤੀ ਲੋਕਾਂ ਦੀ ਅਣਭਿੱਜਤਾ ਦਾ ਹੋਵੇ ਜਾਂ ਸਿੱਖਿਆ ਖੇਤਰ ਜਾਂ ਕਿਸੇ ਵੀ ਖੇਤਰ ਦੇ ਬੁੱਧੀਜੀਵੀਆਂ ਦੀਆਂ ਵਾਜਬ  ਲੜਾਈਆਂ ਨੂੰ ਵੀ ਲੋਕ ਹਮਾਇਤ ਨਾ ਮਿਲਣ ਦਾ ਹੋਵੇ, ਬੁਨਿਆਦੀ ਮੁੱਦਾ ਇਹੀ ਹੈ ਕਿ ਜੇ ਬੁੱਧੀਜੀਵੀ ਵਰਗ ਆਪਣੀ ਭੂਮਿਕਾ ਦੀ ਸਮਾਜਿਕ ਸਾਰਥਕਤਾ ਦਾ ਪੂਰੇ ਸਮਾਜ ਨੂੰ ਅਹਿਸਾਸ ਨਹੀਂ ਕਰਾਉਂਦਾ, ਜੇ ਉਸਦੇ ਗਿਆਨ ਦੀ ਸਾਰੀ ਦੌਲਤ ਕੇਵਲ ਉਸਦੀ ਨਿੱਜੀ ਸੰਪਤੀ ਬਣੀ ਰਹਿੰਦੀ ਹੈ ਅਤੇ ਅਨਿਆਂ ਪੂਰਨ ਸਮਾਜਿਕ ਢਾਂਚੇ ਉੱਪਰ ਸਵਾਲ ਨਹੀਂ ਉਠਾਉਂਦੀ, ਜੇ ਗਿਆਨ ਮੁਕਤੀ ਦੀ ਮਸ਼ਾਲ ਦੇ ਰੂਪ ਵਿੱਚ ਲੋਕਾਂ ਦੇ ਹੱਥਾਂ ਵਿੱਚ ਨਹੀਂ ਦਿੱਤਾ ਜਾਂਦਾ, ਜੇ ਗਿਆਨ ਦੀ ਵਰਤੋਂ ਬੁੱਧੀਜੀਵੀ ਵਰਗ ਆਪਣੀ ਸਮਾਜਿਕ ਹੈਸੀਅਤ ਬਨਾਉਣ ਲਈ ਕਰਦਾ ਹੈ ਅਤੇ ਇਸ ਸਮਾਜਿਕ ਦੌਲਤ ਦਾ ਨਿੱਜੀ ਉਪਭੋਗ ਕਰਦੇ ਹੋਏ ਉਹ ਆਮ ਲੋਕਾਂ ਦੀ ਜਿੰਦਗੀ ਨੂੰ ਪ੍ਰਭਾਵਿਤ ਕਰਨ ਵਾਲੇ ਕਿਸੇ ਵੀ ਮੁੱਦੇ ‘ਤੇ ਅੰਦੋਲਿਤ ਨਹੀਂ ਹੁੰਦਾ, ਜੇ ਲਾਇਬਰੇਰੀਆਂ-ਸੰਸਥਾਨਾਂ-ਪ੍ਰਯੋਗਸ਼ਾਲਾਵਾਂ ਦੇ ਟਾਪੂਆਂ ‘ਤੇ ਬੈਠਾ ਉਹ ਸਮਾਜਿਕ ਹਾਲਤ ਤੋਂ ਅਪ੍ਰਭਾਵਿਤ ਗਿਆਨ ਵਿਗਿਆਨ ਦੇ ਸਵਾਲਾਂ ਦੇ ਪ੍ਰਸ਼ਨਾਂ ‘ਤੇ ਲਗਾਤਾਰ ਬੌਧਿਕ ਮੁਸ਼ੱਕਤ ਕਰਦਾ ਰਹਿੰਦਾ ਹੈ ਤਾਂ ਇਸ ਵਿੱਚ ਜਦੋਂ ਵੀ ਉਹ ਖੁਦ ਕਿਸੇ ਮੁੱਦੇ ‘ਤੇ ਰਾਜ ਪ੍ਰਬੰਧ ਦੀ ਮਨਮਾਨੀ ਜਾਂ ਗਲਤ ਦਬਾਅ ਦਾ ਸ਼ਿਕਾਰ ਹੁੰਦਾ ਹੈ ਜਾਂ ਕਿਸੇ ਵੀ ਰੂਪ ਵਿੱਚ ਅਧਿਐਨ-ਖੋਜ਼ ਦੇ ਉਸਦੇ ਕੰਮ ਵਿੱਚ ਰਾਜ ਪ੍ਰਬੰਧ ਦੁਆਰਾ ਕੋਈ ਰੁਕਾਵਟ ਖੜ੍ਹੀ ਕੀਤੀ ਜਾਂਦੀ ਹੈ, ਉਦੋਂ ਭਲਾ ਆਮ ਲੋਕ ਕਿਉਂ ਉਸਦੇ ਨਾਲ ਖੜ੍ਹਨਗੇ?

ਸਿੱਖਿਆ ਨੇ ਜਿਨ੍ਹਾਂ ਨੂੰ ਖੁਦ ਇਲੀਟ ਬਣਾਕੇ ਆਮ ਲੋਕਾਂ ਨਾਲੋਂ ਕੱਟ ਦਿੱਤਾ ਹੈ ਉਹ ਜੇ ਸੁਚੇਤ ਤੌਰ ‘ਤੇ ਖੁਦ ਨੂੰ ਉਸ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਕਰਨਗੇ ਤਾਂ ਉਨ੍ਹਾਂ ਦੀ ਕਿਸੇ ਵੀ ਲੜਾਈ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਤਾਂ ਦੂਰ ਉਹਨਾਂ ਤੋਂ ਹਮਾਇਤ ਹਾਸਲ ਕਰਨ ਦੀ ਉਮੀਦ ਰੱਖਣਾ ਵੀ ਬੇਅਰਥ ਹੈ। 

ਉਹ ਵਿਗਿਆਨਕ ਜੋ ਆਪਣੀ ਲੜਾਈ ਨੂੰ ਪੂਰੇ ਸਮਾਜ ਦੀ ਲੜਾਈ ਨਾਲੋਂ ਵੱਖ ਕਰਕੇ ਦੇਖਦੇ ਹਨ, ਜੋ ਸ਼ਾਸ਼ਕ ਜਾਂ ਸ਼ਾਸ਼ਿਤ ਵਿੱਚ ਵੰਡੇ ਇਸ ਸਮਾਜ ਵਿੱਚ ਗਿਆਨ-ਵਿਗਿਆਨ ਨੂੰ ਇੱਕਦਮ ਨਿਰਪੇਖ ਸਮਝਦੇ ਹਨ ਅਤੇ ” ਖੋਜ਼-ਅਧਿਐਨ ਦੀ ਅਜ਼ਾਦੀ” ਦੀ ਮ੍ਰਿਗ-ਤ੍ਰਿਸ਼ਨਾ ਵਿੱਚ ਭਟਕਦੇ ਰਹਿੰਦੇ ਹਨ, ਉਹਨਾਂ ਸਾਹਮਣੇ ਹੋਰ ਵਿਕਲਪ ਵੀ ਕੀ ਹੋ ਸਕਦਾ ਹੈ! ਮੰਡੀ ਵਿੱਚ ਬੌਧਿਕ ਯੋਗਤਾ ਨੂੰ ਮਾਲ ਦੇ ਰੂਪ ਵਿੱਚ ਵੇਚ ਕੇ ਜਿਆਦਾ ਤੋਂ ਜਿਆਦਾ ਕੀਮਤ ਹਾਸਲ ਕਰ ਲੈਣ ਦੀ ਅੰਨ੍ਹੀ ਦੌੜ ਕਾਰਨ ਉਹ ਆਪਸ ਵਿੱਚ ਵੀ ਇੱਕਜੁਟ ਨਹੀਂ ਹੋ ਪਾਉਂਦੇ। ਪਰ ਜੇ ਉਹ ਗਿਆਨ ਨੂੰ ਸਮਾਜਿਕ ਦੌਲਤ ਅਤੇ ਖੁਦ ਨੂੰ ਬੌਧਿਕ ਮਿਹਨਤ ਵੇਚ ਕੇ ਉਜ਼ਰਤ ਕਮਾਉਣ ਲਈ ਮਜ਼ਬੂਰ ਉਜ਼ਰਤੀ ਬੌਧਿਕ ਮਜ਼ਦੂਰ ਦੇ ਰੂਪ ਵਿੱਚ ਦੇਖਣ ਲੱਗਣ; ਜਾਣੀ ਜੇ ਉਹ ਖੁਦ ਇਸ ਸਮਾਜਿਕ ਢਾਂਚੇ ਵਿੱਚ ਆਪਣੀ ਸਥਿਤੀ ਨੂੰ ਸਪੱਸ਼ਟ ਪਹਿਚਾਣ ਲੱਗਣ ਅਤੇ ਆਪਣੇ ਪੱਖ ਤਹਿ ਕਰਨ ਲੱਗਣ, ਤਾਂ ਹਾਲਾਤ ਨਿਸ਼ਚਿਤ ਤੌਰ ‘ਤੇ ਸੱਚਮੁੱਚ ਵੱਖਰੇ ਹੋਣਗੇ।

“ਪ੍ਰਤੀਬੱਧ”, ਅੰਕ 03, ਜੁਲਾਈ-ਸਤੰਬਰ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s