ਅਮਰੀਕਨ ਸਾਮਰਾਜਵਾਦ ਦਾ ਵਪਾਰ ਅਤੇ ਬਜਟ ਘਾਟਾ

crisis

(ਪੀ.ਡੀ.ਐਫ਼ ਡਾਊਨਲੋਡ ਕਰੋ)

ਅਮਰੀਕਨ ਸਾਮਰਾਜਵਾਦ ਦਾ ਵਪਾਰ ਘਾਟਾ ਅਤੇ ਇਸੇ ਨਾਲ ਅਟੁੱਟ ਰੂਪ ‘ਚ ਜੁੜਿਆ ਹੋਇਆ ਬਜਟ ਘਾਟਾ ਅੱਜ ਸਿਖਰਾਂ ਛੂਹ ਰਿਹਾ ਹੈ। ਸੰਸਾਰ ਦੇ ਕਾਰਪੋਰੇਟ ਵਰਲਡ, ਆਰਥਿਕ ਮਾਹਿਰਾਂ, ਅਰਥਸ਼ਾਸਤਰ ਨਾਲ ਸੰਬੰਧਤ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ, ਸੰਸਾਰ ਅਰਥਚਾਰੇ ‘ਚ ਪਲ-ਪਲ ਹੋਣ ਵਾਲੇ ਬਦਲਾਵਾਂ ਤੇ ਬਾਜ਼ ਵਰਗੀ ਨਿਗਾਹ ਰੱਖਣ ਵਾਲੇ ਇਨਕਲਾਬੀਆਂ ਦਰਮਿਆਨ ਸੰਸਾਰ ਅਰਥਚਾਰੇ ‘ਤੇ ਮੰਡਰਾ ਰਹੇ ਸੰਭਾਵੀ ਸੰਕਟ ਦੀਆਂ ਕਨਸੋਆਂ ਦਾ ਬਜ਼ਾਰ ਗਰਮ ਹੈ। ਸਾਮਰਾਜਵਾਦੀ ਅਮਰੀਕਾ ਦੇ ਵਪਾਰ ਅਤੇ ਬਜਟ ਘਾਟੇ ਨੇ ਸੰਸਾਰ ਪੂੰਜੀਵਾਦੀ ਅਰਥਚਾਰੇ ਦੇ ਸੰਚਾਲਕਾਂ ਨੂੰ ਅਜਿਹੀ ਕਸੂਤੀ ਸਥਿਤੀ ਵਿੱਚ ਫਸਾ ਦਿੱਤਾ ਹੈ, ਜਿੱਥੋਂ ਬਾਹਰ ਨਿਕਲਣ ਦੀ ਕੋਈ ਤਰਕੀਬ ਨਜ਼ਰ ਨਹੀਂ ਆਉਂਦੀ। ਸੰਸਾਰ ਪੂੰਜੀਵਾਦ ਦੇ ਬੌਧਿਕ ਚਾਕਰਾਂ ਦੇ ਦਿਮਾਗ ਜਵਾਬ ਦੇ ਗਏ ਹਨ, ਉਹ ਬੌਂਦਲੇ ਹੋਏ ਅੱਕੀਂ ਪਲਾਹੀਂ ਹੱਥ ਮਾਰ ਰਹੇ ਹਨ, ਪਰ ਉਹਨਾਂ ਦੇ ਸੁਝਾਏ ਸਭ ਨੁਸਖੇ ਬੇਕਾਰ ਸਾਬਤ ਹੋ ਰਹੇ ਹਨ।

ਇੰਝ ਲਗਦਾ ਹੈ ਕਿ ਸੰਸਾਰ ਵਪਾਰ, ਵਿੱਤ ਅਤੇ ਨਿਵੇਸ਼ ਢਾਂਚਾ ਕੰਟਰੋਲ ਤੋਂ ਬਾਹਰ ਹੋ ਚੁੱਕਾ ਹੈ। ਇਨ੍ਹਾਂ ਤੱਥਾਂ ‘ਤੇ ਗੌਰ ਕਰੋ- ਅਮਰੀਕਨ ਅਰਥਚਾਰੇ ਦਾ ਹਾਲ ਇਹ ਹੈ ਕਿ ਸਰਕਾਰ ਦਾ ਬਜਟ ਘਾਟਾ ਕੁੱਲ ਘਰੇਲੂ ਪੈਦਾਵਾਰ ਦੇ 4% ਤੱਕ ਪਹੁੰਚ ਚੁੱਕਾ ਹੈ ਅਤੇ ਘਰੇਲੂ ਸੈਕਟਰ ਦਾ ਘਾਟਾ 6% ਹੈ। 2005 ਵਿੱਚ ਅਮਰੀਕਾ ਦਾ ਵਪਾਰ ਘਾਟਾ 805 ਬਿਲੀਅਨ ਡਾਲਰ ਸੀ ਜੋ ਕਿ ਕੁੱਲ ਘਰੇਲੂ ਪੈਦਾਵਾਰ ਦਾ 6.4% ਸੀ। ਅਮਰੀਕਾ ਦਾ ਇਹ ਵਪਾਰ ਘਾਟਾ ਕਈ ਦੇਸ਼ਾਂ ਦੇ ਵਪਾਰ ਵਾਧੇ ਵਿੱਚ ਬਦਲ ਰਿਹਾ ਹੈ, ਜਿਵੇਂ ਕਿ ਜਪਾਨ ਦਾ ਵਿਦੇਸ਼ੀ ਵਪਾਰ 164 ਬਿਲੀਅਨ ਡਾਲਰ ਵਾਧੇ ‘ਚ ਹੈ, ਚੀਨ ਦਾ 159 ਬਿਲੀਅਨ ਡਾਲਰ, ਪੱਛਮੀ ਏਸ਼ੀਆ ਦੇ ਦੇਸ਼ਾਂ ਦਾ ਵਪਾਰ 196 ਬਿਲੀਅਨ ਡਾਲਰ ਵਾਧੇ ‘ਚ ਹੈ। ਬਾਕੀ ਸਾਰੇ ਸੰਸਾਰ ਦੀਆਂ ਬੱਚਤਾਂ, ਅੰਦਾਜ਼ਨ 2 ਬਿਲੀਅਨ ਡਾਲਰ ਪ੍ਰਤੀ ਦਿਨ ਤੋਂ ਵਧੇਰੇ ਅਮਰੀਕਾ ਵੱਲ ਵਹਿ ਰਹੀਆਂ ਹਨ। ਇਸੇ ਸਾਲ ਦੇ ਮਈ ਮਹੀਨੇ ਜਨਤਕ ਕਰਜੇ ਦੀ ਅਮਰੀਕਨ ਬਿਊਰੋ ਦਾ ਕਹਿਣਾ ਹੈ ਕਿ ਅਮਰੀਕਾ ਦਾ ਕੌਮੀ ਕਰਜ਼ਾ 8.36 ਟਰਿਲੀਅਨ ਡਾਲਰ ਹੈ, ਜੋ ਕਿ ਅੰਦਾਜ਼ਨ 28,000 ਡਾਲਰ ਪ੍ਰਤੀ ਅਮਰੀਕਨ ਨਾਗਰੀਕ ਹੈ। ਮਾਰਚ 2006 ਅਮਰੀਕੀ ਕਾਂਗਰਸ ਨੇ ਕੌਮੀ ਕਰਜ਼ੇ ਦੀ ਹੱਦ 9 ਟਰਿਲੀਅਨ ਡਾਲਰ ਕਰ ਦਿੱਤੀ ਸੀ। ਪਰ ਅਮਰੀਕਾ ਵਲੋਂ ਲਏ ਜਾ ਰਹੇ ਉਧਾਰ ਨੂੰ ਵੇਖਦਿਆਂ ਲਗਦਾ ਹੈ ਕਿ ਇਸ ਸਾਲ ਦੇ ਅੰਤ ਤੱਕ ਅਮਰੀਕਨ ਕਾਂਗਰਸ ਨੂੰ ਇਹ ਹੱਦ ਫਿਰ ਵਧਾਉਣੀ ਪਵੇਗੀ। ਅਮਰੀਕੀ ਫੈਡਰਲ ਰੀਜ਼ਰਵ ਦੇ ਸਾਬਕ ਚੇਅਰਮੈਨ ਨੇ ਪ੍ਰਵਾਨ ਕੀਤਾ ”ਅਮਰੀਕਾ ਦਾ ਬਜਟ ਘਾਟਾ ਕੰਟਰੋਲ ਤੋਂ ਬਾਹਰ ਹੋ ਚੁੱਕਾ ਹੈ” (ਇਕਨਾਮਿਕ ਟਾਈਮਜ਼ 26 ਸਤੰਬਰ 2005)। ਹਾਵਰਡ ਯੂਨੀਵਰਸਟੀ ਦੇ ਮੁਖੀ ਅਤੇ ਕਲਿੰਟਨ ਪ੍ਰਸ਼ਾਸਨ ‘ਚ ਖਜ਼ਾਨਾ ਸਕੱਤਰ ਰਹਿ ਚੁੱਕੇ ਲੈਰੈਂਸ ਸਮਰਜ਼ ਦਾ ਕਹਿਣਾ ਹੈ ਕਿ, ”ਅਮਰੀਕਾ ਦਾ ਵਪਾਰ ਘਾਟਾ, ਵੱਡੀਆਂ ਆਰਥਿਕ ਤਾਕਤਾਂ ਦੇ ਇਤਿਹਾਸ ਵਿੱਚ ਅਭੂਤਪੂਰਵ (”Unprecedented) ਹੈ।” (ਦੀ ਹਿੰਦੂ 3-4-06) ਬੁਰਜੂਆ ਆਰਥਿਕ ਮਾਹਿਰ ਅਮਰੀਕੀ ਅਰਥਚਾਰੇ ਦੇ ਇਸ ਜੌੜੇ ਸੰਕਟ (ਵਪਾਰ ਅਤੇ ਬਜਟ ਘਾਟੇ) ਦੇ ਦੋ ਕਾਰਨ ਦੱਸਦੇ ਹਨ। ਉਹਨਾਂ ਮੁਤਾਬਕ ਸਮੱਸਿਆ ਦੀ ਜੜ੍ਹ ਅਮਰੀਕੀ ਉਪਭੋਗ ਹੈ। ਉਹਨਾਂ ਦਾ ਕਹਿਣਾ ਹੈ ਕਿ ਅਮਰੀਕੀ ਲੋਕ ਆਪਣੇ ਸਾਧਨਾਂ ਤੋਂ ਵਧੇਰੇ ਖਰਚ ਕਰਦੇ ਹਨ। ਦੂਜਾ ਕਾਰਨ ਉਹ ਦੱਸਦੇ ਹਨ, ਬਾਕੀ ਦੁਨੀਆਂ ਖਾਸ ਕਰਕੇ ਏਸ਼ੀਆਈ ਦੇਸ਼ਾਂ ਦੀਆਂ ਕਮਜ਼ੋਰ ਕਰੰਸੀਆਂ ਨਤੀਜ਼ਤਨ ਮਜ਼ਬੂਤ ਡਾਲਰ। ਅਸਲ ਵਿੱਚ ਇਹ ਦੋ ਕਾਰਨ ਨਹੀਂ ਮੂਲ ਰੂਪ ‘ਚ ਇੱਕ ਹੀ ਕਾਰਨ ਹੈ। ਬੱਸ ਕੁਝ ਬੁਰਜੂਆ ਆਰਥਿਕ ਮਾਹਰ ਇਸਦਾ ਦੋਸ਼ ਅਮਰੀਕਨ ਅਬਾਦੀ ਸਿਰ ਮੜ੍ਹਦੇ ਹਨ ਅਤੇ ਕੁਝ ਤੀਜੀ ਦੁਨੀਆ ਦੇ ਹਾਕਮਾਂ ਸਿਰ। ਪਰ ਇਹ ਤਾਂ ਬਿਮਾਰੀ ਦੇ ਲੱਛਣ ਹਨ, ਬੁਨਿਆਦੀ ਕਾਰਨ ਨਹੀਂ। ਸਮੱਸਿਆ ਦੀ ਜੜ੍ਹ ਖੁਦ ਪੂੰਜੀਵਾਦੀ ਅਰਥਚਾਰਾ ਹੈ। ਪੈਦਾਵਾਰ ਦੇ ਸਾਧਨਾਂ ਦੀ ਨਿੱਜੀ ਮਾਲਕੀ ਅਤੇ ਕਿਰਤ ਦਾ ਸਮਾਜੀਕਰਨ ਇਸ ਅਰਥਚਾਰੇ ਦੀ ਬੁਨਿਆਦੀ ਵਿਰੋਧਤਾਈ ਹੈ। ਜਿਸ ਵਿੱਚੋਂ ਸਮੇਂ ਸਮੇਂ ‘ਤੇ ਵਾਧੂ ਪੈਦਾਵਾਰ ਦੇ ਸੰਕਟ ਨੂੰ ਟਾਲਣ ਅਤੇ ਅਰਥਚਾਰੇ ਦੀ ਵਾਧਾ ਦਰ ਬਣਾਈ ਰੱਖਣ ਲਈ ਅਮਰੀਕੀ ਹਾਕਮ ਵਿਆਜ ਦਰਾਂ ਘੱਟ ਕਰਕੇ ਅਤੇ ਘਾਟੇ ਦੀ ਵਿੱਤ ਵਿਵਸਥਾ (ਬਜਟ ਘਾਟਾ) ਜ਼ਰੀਏ ਆਪਣੇ ਦੇਸ਼ ਅੰਦਰ ਉਪਭੋਗਤਾ ਮਾਲਾਂ ਦੀ ਉੱਚੀ ਮੰਗ ਬਣਾਈ ਰੱਖ ਰਹੇ ਹਨ। ਅਮਰੀਕੀ ਅਬਾਦੀ ਦੀ ਉੱਚ ਉਪਭੋਗਤਾ ਮੰਗ ਕਾਰਨ ਇੱਥੇ ਨਾ ਸਿਰਫ ਅਮਰੀਕਾ ਅੰਦਰ ਪੈਦਾ ਹੋਣ ਵਾਲੀਆਂ ਜਿਣਸਾਂ ਖਪ ਰਹੀਆਂ ਹਨ, ਸਗੋਂ ਬਾਕੀ ਦੁਨੀਆਂ ਖਾਸ ਕਰਕੇ ਏਸ਼ੀਆਈ ਦੇਸ਼ਾਂ ਦੀਆਂ ਨਿਰਯਾਤ ਮੁਖੀ ਆਰਥਿਕਤਾਵਾਂ ਵੀ ਆਪਣੇ ਨਿਰਯਾਤਾਂ ਵਾਸਤੇ ਅਮਰੀਕੀ ਮੰਡੀ ਉੱਪਰ ਹੀ ਨਿਰਭਰ ਹਨ। ਪੂੰਜੀਵਾਦੀ ਜਗਤ ਵਿੱਚ ਵਾਧੂ ਪੈਦਾਵਾਰ ਦਾ ਸੰਕਟ ਕਿੰਨਾ ਭਿਆਨਕ ਹੈ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਅਮਰੀਕੀ ਲੋਕ ਭਵਿੱਖ ਤੋਂ ਲੈ ਕੇ ਖਾ ਰਹੇ ਹਨ, ਭਾਵ ਉਹਨਾਂ ਨੇ ਜੋ ਭਵਿੱਖ ‘ਚ ਕਮਾਉਣਾ ਹੈ ਉਸਨੂੰ ਅੱਜ ਖਰਚ ਰਹੇ ਹਨ। ਪੂੰਜੀਪਤੀਆਂ ਨੂੰ ਅੱਜ ਮੰਡੀ ਚਾਹੀਦੀ ਹੈ, ਇਸ ਲਈ ਲੋਕਾਂ ਨੂੰ ਕਰਜ਼ੇ ਦੇ ਕੇ, ਵਿਆਜ ਦਰਾਂ ਘੱਟ ਕਰਕੇ ਬੱਚਤਾਂ ਨੂੰ ਨਿਰਉਤਸ਼ਾਹਿਤ ਕਰਕੇ ਕਿਸ਼ਤਾਂ ‘ਤੇ ਸਮਾਨ ਦੇ ਕੇ ਅੱਜ ਮੰਗ ਬਰਕਰਾਰ ਰੱਖਣ ਦੇ ਯਤਨ ਹੋ ਰਹੇ ਹਨ। ਪਰ ਇਹ ਪੂੰਜੀਵਾਦੀ ਅਰਥਚਾਰੇ ਦਾ ਹੀ ਤਰਕ ਹੈ ਕਿ ਆਪਣੇ ਸੰਕਟ ਤੋਂ ਵਕਤੀ ਤੌਰ ‘ਤੇ ਨਿਜ਼ਾਤ ਪਾਉਣ ਲਈ ਇਹ ਜੋ ਕਦਮ ਚੁੱਕਦਾ ਹੈ, ਉਹਨਾਂ ਕਦਮਾਂ ਦੀ ਹੀ ਬਦੌਲਤ ਇੱਕ ਹੋਰ ਪਹਿਲਾਂ ਤੋਂ ਵੀ ਵੱਡਾ ਸੰਕਟ ਇਸਦੇ ਬੂਹੇ ਆਣ ਦਸਤਕ ਦਿੰਦਾ ਹੈ।

ਦੂਜੀ ਸੰਸਾਰ ਜੰਗ ਤੋਂ ਬਾਅਦ ਦੁਨੀਆਂ ਵਿੱਚ ਅਮਰੀਕੀ ਸਾਮਰਾਜਵਾਦ ਦੀ ਚੜ੍ਹਤ ਹੋ ਗਈ। ਨਾਲ ਹੀ ਸੰਸਾਰ ਕਰੰਸੀ ਵਜੋਂ ਪੌਂਡ ਸਟਰਲਿੰਗ ਦੀ ਥਾਂ ਅਮਰੀਕੀ ਡਾਲਰ ਨੇ ਲੈ ਲਈ। ਅੱਜ ਦੁਨੀਆਂ ਦੇ ਵੱਡੀ ਬਹੁਗਿਣਤੀ ਦੇਸ਼ਾਂ ਦੇ ਵਿਦੇਸ਼ੀ ਮੁਦਰਾ ਭੰਡਾਰ ਡਾਲਰ ਵਿੱਚ ਹਨ। 2004 ਵਿੱਚ ਇਕੱਲੇ ਜਪਾਨ ਦਾ ਵਿਦੇਸ਼ੀ ਮੁਦਰਾ ਭੰਡਾਰ 750 ਬਿਲੀਅਨ ਡਾਲਰ ਦੇ ਕਰੀਬ ਸੀ ਜਦਕਿ ਚੀਨ, ਭਾਰਤ, ਕੋਰੀਆ, ਸਿੰਘਾਪੁਰ ਅਤੇ ਤਾਈਵਾਨ ਦਾ ਕੁੱਲ ਵਿਦੇਸ਼ੀ ਮੁਦਰਾ ਭੰਡਾਰ 1.1 ਟਰਿਲੀਅਨ ਡਾਲਰ ਸੀ। ਜੋ ਕਿ ਹੁਣ ਹੋਰ ਵੀ ਵਧ ਚੁੱਕਾ ਹੋਵੇਗਾ।

ਡਾਲਰ ਦੇ ਸੰਸਾਰ ਕਰੰਸੀ ਹੋਣ ਦਾ ਅਮਰੀਕੀ ਸਾਮਰਾਜਵਾਦ ਨੂੰ ਸਭ ਤੋਂ ਵੱ²ਡਾ ਫਾਇਦਾ ਇਹ ਹੈ, ਜਿਵੇਂ ਕਿ ਇਕ ਵਿਸ਼ਲੇਸ਼ਕ ਨੇ ਕਿਹਾ ਹੈ, ”ਜਦੋਂ ਬਾਕੀ ਦੁਨੀਆਂ ਡਾਲਰ ਹਾਸਲ ਕਰਨ ਲਈ ਸਖਤ ਮਿਹਨਤ ਕਰਦੀ ਹੈ, ਜੋ ਕਿ ਕੌਮਾਂਤਰੀ ਪੱਧਰ ‘ਤੇ ਚੀਜ਼ਾਂ ਖਰੀਦਣ ਅਤੇ ਕਰਜ਼ਿਆਂ ਦੇ ਭੁਗਤਾਨ ਲਈ ਲੋੜੀਂਦਾ ਹੈ, ਤਾਂ ਅਮਰੀਕਾ ਨੂੰ ਸਿਰਫ ਡਾਲਰ ਛਾਪਣੇ ਪੈਂਦੇ ਹਨ”। ਅਮਰੀਕੀ ਨਾਗਰਿਕਾਂ ਦੀ ਇਹ ਮਾਨਤਾ ਠੀਕ ਹੀ ਹੈ: ”ਡਾਲਰ ਸਾਡੀ ਕਰੰਸੀ ਹੈ, ਪੰਰਤੂ ਇਸਦੀਆਂ ਸਮੱਸਿਆਵਾਂ ਤੁਹਾਡੀਆਂ ਹਨ।”

1991 ਵਿੱਚ ਸਮਾਜਕ ਸਾਮਰਾਜਵਾਦੀ ਸੋਵੀਅਤ ਯੂਨੀਅਨ ਦੇ ਖਿੰਡਾਅ ਅਤੇ ਠੰਡੀ ਜੰਗ ਦੇ ਖਾਤਮੇ ਤੋਂ ਬਾਅਦ ਵਕਤੀ ਤੌਰ ‘ਤੇ ਅਮਰੀਕੀ ਸਾਮਰਾਜਵਾਦ ਦੀ ਅਗਵਾਈ ‘ਚ ਇੱਕ ਧਰੁਵੀ ਸੰਸਾਰ ਹੋਂਦ ਵਿੱਚ ਆਇਆ। ਸਾਮਰਾਜਵਾਦੀ ਅਤੇ ਵਿਕਸਿਤ ਪੂੰਜੀਵਾਦੀ ਦੇਸ਼ ਜੋ ਪੂੰਜੀ ਦੀ ਬਹੁਤਾਤ ਦੇ ਸੰਕਟ ਦਾ ਸਾਹਮਣਾ ਕਰ ਰਹੇ ਸਨ, ਤੋਂ ਹੁਣ ਪੂੰਜੀ ਦਾ ਵਹਿਣ ਤੀਜੀ ਦੁਨੀਆਂ ਦੇ ਪੱਛੜੇ ਪੂੰਜੀਵਾਦੀ ਦੇਸ਼ਾਂ ਵੱਲ ਨੂੰ ਵਧਣ ਲੱਗਾ। ਪ੍ਰੱਤਖ ਵਿਦੇਸ਼ੀ ਨਿਵੇਸ਼ ਦੇ ਸੰਸਾਰ ਵਿਆਪੀ ਸਟਾਕ ਵਿੱਚ 1990 ‘ਚ ਪੱਛੜੇ ਪੂੰਜੀਵਾਦੀ ਦੇਸ਼ਾਂ ਦਾ ਹਿੱਸਾ ਲਗਭਗ 20% ਸੀ ਜੋ ਕਿ 2004 ‘ਚ ਵਧਕੇ ਲਗਭਗ 40% ਹੋ ਚੁੱਕਾ ਹੈ। ਪ੍ਰਤੱਖ ਵਿਦੇਸ਼ੀ ਨਿਵੇਸ਼ (649) ਦੇ ਸੰਸਾਰ ਸਟਾਕ ਵਿੱਚ ਅੱਜ ਵੀ ਸਾਮਰਾਜਵਾਦੀ ਅਤੇ ਵਿਕਸਿਤ ਪੂੰਜੀਵਾਦੀ ਦੇਸ਼ਾਂ ਦਾ ਹਿੱਸਾ ਲਗਭਗ 90% ਹੈ। ਖੜੋਤ ਮਾਰੇ ਸੰਸਾਰ ਪੂੰਜਵਾਦੀ ਅਰਥਚਾਰੇ ਵਿੱਚ ਅੱਜ ਪ੍ਰਤੱਖ ਵਿਦੇਸ਼ੀ ਨਿਵੇਸ਼ ਦਾ ਵੀ 60 ਤੋਂ 70 ਫੀਸਦੀ ਹਿੱਸਾ ਰਲੇਵਿਆਂ ਅਤੇ ਕਬਜ਼ਿਆਂ (Mergers and Aquisitions) ‘ਚ ਹੀ ਜਾਂਦਾ ਹੈ (World Investment Report 2005)। ਗਰੀਨਫੀਲਡ ਨਿਵੇਸ਼ ਦੇ ਨਾਂ ‘ਤੇ ਵੀ ਜੋ ਕੁੱਝ ਹੋ ਰਿਹਾ ਹੈ ਉਸਦਾ ਇੱਕ ਹਿੱਸਾ ਭਾਵੇਂ ਨਵੀਂ ਪੈਦਾਵਾਰੀ ਸਮਰੱਥਾ ਵਧਾਉਣ ਵਿੱਚ ਲੱਗ ਰਿਹਾ ਹੈ ਪਰ ਇਸਦਾ ਵੀ ਵੱਡਾ ਹਿੱਸਾ ਸਾਮਰਾਜਵਾਦੀ ਪੂੰਜੀ ਦੁਆਰਾ ਪੱਛੜੇ ਪੂੰਜੀਵਾਦੀ ਮੁਲਕਾਂ ਦੇ ਕੱਚੇ ਮਾਲ ਦੇ ਸਾਧਨਾਂ ਨੂੰ ਹੜੱਪਣ ਵਿੱਚ ਹੀ ਜਾ ਰਿਹਾ ਹੈ। (World Investment Report 2005)

ਵਿਕਸਿਤ ਤਕਨੀਕ ਦੀ ਮਾਲਕ ਸਾਮਰਾਜਵਾਦੀ ਪੂੰਜੀ ਦੀ ਪੂੰਜੀਵਾਦੀ ਮੁਲਕਾਂ ਦੀ ਪੂੰਜੀ ਨਾਲ ਸਾਂਝ ਭਿਆਲੀ ਨਾਲ ਪੱਛੜੇ ਮੁਲਕਾਂ ‘ਚ ਉਪਲੱਭਦ ਸਸਤੀ ਕਿਰਤ ਸ਼ਕਤੀ ਦੀ ਬਹੁਤਾਤ ਕਾਰਨ ਇਥੇ ਉਤਪਾਦਨ ਲਾਗਤ, ਸਾਮਰਾਜਵਾਦੀ ਮੁਲਕਾਂ ਦੇ ਮੁਕਾਬਲੇ ਬਹੁਤ ਘੱਟ ਹੈ। ਤੀਜੀ ਦੁਨੀਆਂ ਦੇ ਦੇਸਾਂ ਵਿੱਚ ਸਾਮਰਾਜਵਾਦੀ ਤਕਨੀਕ ਅਤੇ ਸਸਤੀ ਕਿਰਤ ਸ਼ਕਤੀ ਦੇ ਸੁਮੇਲ ਨਾਲ ਤਿਆਰ ਹੋਏ ਸਸਤੇ ਮਾਲ ਦਾ ਵਿਕਸਿਤ ਪੂੰਜੀਵਾਦੀ/ਸਾਮਰਾਜਵਾਦੀ ਦੇਸ਼ਾਂ ਖਾਸ ਕਰਕੇ ਅਮਰੀਕਾ ਵਿੱਚ ਹੜ੍ਹ ਜਿਹਾ ਆ ਗਿਆ। ਇਸ ਨਾਲ ਇੱਥੋਂ ਦੀ ਸੱਨਅਤ ਲਈ ਸੰਕਟ ਆ ਖੜ੍ਹਾ ਹੋਇਆ। ਉੱਪਰ ਚਰਚਾ ‘ਚ ਆਏ ਕਾਰਨਾਂ ਕਰਕੇ ਕਿਉਂਕਿ ਅਮਰੀਕਾ ਬਾਕੀ ਅਮੀਰ ਮੁਲਕਾਂ ਮੁਕਾਬਲਤਨ ਵੱਡੀ ਮੰਡੀ ਹੈ, ਇਸੇ ਕਾਰਨ ਇਸ ਨੂੰ ਅੱਜ ਸੰਸਾਰ ਪੂੰਜੀਵਾਦੀ ਅਰਥਚਾਰੇ ਦਾ ਇੰਜਣ ਆਖਿਆ ਜਾਂਦਾ ਹੈ। ਤੀਜੀ ਦੁਨੀਆਂ ਦੇ ਦੇਸ਼ਾਂ ਖਾਸ ਕਰਕੇ ਏਸ਼ੀਆਈ ਦੇਸ਼ਾਂ ਤੋਂ ਅਮਰੀਕਾ ਨੂੰ ਨਿਰਯਾਤ ਲਗਾਤਾਰ ਵਧਦੇ ਗਏ ਅਤੇ ਜਿਸ ਦੀ ਬਦੌਲਤ ਅਮਰੀਕਾ ਦਾ ਵਪਾਰ ਘਾਟਾ ਲਗਾਤਾਰ ਵਧਦਾ ਗਿਆ। ਹੇਠ ਦਿੱਤੀ ਸਾਰਣੀ ਤੋਂ ਅਮਰੀਕਾ ਦੇ ਚੀਨ ਨਾਲ ਵਪਾਰ ਘਾਟੇ ਦੇ ਵਾਧੇ ਦਾ ਰੁਝਾਨ ਵੇਖਿਆ ਜਾ ਸਕਦਾ ਹੈ

ਅਮਰੀਕਾ ਦਾ ਚੀਨ ਨੂੰ ਨਿਰਯਾਤ ਅਤੇ ਚੀਨ ਤੋਂ ਅਯਾਤ (ਬਿਲੀਅਨ ਡਾਲਰ)

ਸਾਲ       ਨਿਰਯਾਤ      ਅਯਾਤ     ਵਪਾਰ ਘਾਟਾ

2000     16             100            84

2001     19             102            83

2002     22             125           103

2003     28             152           124

2004     35             197           162

2005     41             243           202

ਸ੍ਰੋਤ¸ ਹਿੰਦੂ 15 ਅਪ੍ਰੈਲ 2006

ਅਮਰੀਕਾ ਨੂੰ ਇਸ ਸਮੇਂ ਹਰ ਰੋਜ਼ ਬਾਕੀ ਦੁਨੀਆਂ ਤੋਂ 7 ਬਿਲੀਅਨ ਡਾਲਰ ਪੂੰਜੀ ਖਿੱਚਣ ਦੀ ਜ਼ਰੂਰਤ ਹੈ ਤਾਂ ਕਿ ਇਹ ਆਪਣੇ ਵਪਾਰ ਘਾਟੇ ਅਤੇ ਵਿਦੇਸ਼ੀ ਪੂੰਜੀ ਨਿਵੇਸ਼ ਦੀਆਂ ਜ਼ਰੂਰਤਾਂ ਦੀ ਪੂਰਤੀ ਕਰ ਸਕੇ। ਇੱਥੋਂ ਤੱਕ ਕਿ ਇਸ ਪੂੰਜੀ ਦੀ ਆਮਦ ਵਿੱਚ ਜ਼ਰਾ ਜਿੰਨੀ ਕਮੀ, ਬੰਦ ਹੋਣ ਦੀ ਤਾਂ ਗੱਲ ਹੀ ਛੱਡੋ, ਜਾਂ ਅਮਰੀਕਾ ਵੱਲ 12 ਟਰਿਲੀਅਨ ਡਾਲਰ ਦੀਆਂ ਦਾਅਵੇਦਾਰੀਆਂ ਦੀ ਵਿਕਰੀ ਡਾਲਰ ਦੀ ਕੀਮਤਾਂ ਨੂੰ ਮਹੱਤਵਪੂਰਨ ਹੱਦ ਤੱਕ ਥੱਲੇ ਲਿਆ ਸਕਦੀ ਹੈ। ਮੋੜਵੇਂ ਰੂਪ ‘ਚ ਇਹ ਅਮਰੀਕਾ ਅੰਦਰ ਮੁਦਰਾ ਸਫੀਤੀ ਅਤੇ ਵਿਆਜ ਦਰਾਂ ਵਿੱਚ ਤਿੱਖੇ ਵਾਧੇ ਨੂੰ ਜਨਮ ਦੇਵੇਗੀ। ਘਰ ਨਿਰਮਾਣ ਅਤੇ ਇਕੁਇਟੀ ਮਾਰਕੀਟ ਨੂੰ ਬੁਰੇ ਰੁਖ ਪ੍ਰਭਵਿਤ ਕਰੇਗੀ, ਨਤੀਜਤਨ ਅਮਰੀਕਾ ਅੰਦਰ ਖਾਸ ਕਰਕੇ ਅਤੇ ਪੂਰੀ ਦੁਨੀਆਂ ਅੰਦਰ ਆਮ ਕਰਕੇ ਮੰਦੀ ਨੂੰ ਜਨਮ ਦੇਵੇਗੀ। ਅਮਰੀਕੀ ਫੈਡਰਲ ਰੀਜ਼ਰਵ ਦੇ ਸਾਬਕਾ ਚੇਅਰਮੈਨ ਅਲਾਨ ਗਰੀਨਸਪੈਨ ਦੇ ਸ਼ਬਦਾਂ ਵਿੱਚ, ”ਜੇਕਰ ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਵਿੱਤ ਅਸਥਿਰਤਾ ਨੂੰ ਰੋਕਿਆ ਨਾ ਗਿਆ ਅਤੇ ਜੇਕਰ ਵਿਸ਼ਵੀਕਰਨ ਦਾ ਸੁਰੱਖਿਆਵਾਦ ਵੱਲ ਨੂੰ ਮੋੜਾ ਇਸ ਨਾਲ ਆ ਜੁੜਿਆ ਤਾਂ ਇਹ ਸੰਸਾਰ ਅਰਥਚਾਰੇ ਲਈ ਬਹੁਤ ਪੀੜਾਦਾਇਕ ਹੋਵੇਗਾ।” (ਹਿੰਦੂ ਬਿਜ਼ਨਸ ਲਾਈਨ 3 ਅਗਸਤ 2006)

ਕੀ ਇਹ ਸੰਸਾਰ ਭੁਗਤਾਨ ਅਸੰਤੁਲਨ ਲੰਬੇ ਸਮੇਂ ਤੱਕ ਸੰਸਾਰ ਅਰਥਚਾਰੇ ਨੂੰ ਟਿਕਾਊ ਬਣਿਆ ਰਹਿਣ ਦੇਵੇਗਾ? ਇਸ ਦੀ ਦੂਰ-ਦੂਰ ਤੱਕ ਕੋਈ ਸੰਭਾਵਨਾ ਦਿਖਾਈ ਨਹੀਂ ਦਿੰਦੀ।

ਇਸ ਸਥਿਤੀ ਵਿੱਚੋਂ ਨਿਕਲਣ ਲਈ ਬੁਰਜੂਆ ਥਿੰਕ ਟੈਂਕਾਂ ਦੁਆਰਾ ਕਈ ਨੁਸਖੇ ਸੁਝਾਏ ਜਾ ਰਹੇ ਹਨ। ਲਾਰੈਂਸ ਸਮਰਜ਼ ਦਾ ਸੁਝਾਅ ਹੈ, ”ਘਰੇਲੂ ਮੰਗ ਅਧਾਰਤ ਯੁੱਧਨੀਤੀ ਸੰਸਾਰ ਪ੍ਰਬੰਧ ਨੂੰ ਜਿਹੜੇ ਫਾਇਦੇ ਪਹੁੰਚਾਏਗੀ, ਉਹਨਾਂ ਤੋਂ ਇਲਾਵਾ, ਨਿਰਯਾਤ ‘ਤੇ ਨਿਰਭਰਤਾ ਘਟਾਉਣ ਵਾਲੀ ਯੁੱਧਨੀਤੀ ਯਕੀਨਨ ਵਿੱਤੀ ਸਥਿਰਤਾ ਵਿੱਚ ਵੀ ਸਹਾਈ ਹੋਵੇਗੀ।” (ਦੀ ਹਿੰਦੂ 3 ਅਪ੍ਰੈਲ 2006)। ਵਿਸ਼ਵੀਕਰਨ ਦੇ ਉਪਦੇਸ਼ਕ ਹੁਣ ਸਵਦੇਸ਼ੀਕਰਨ ਭਾਵ ਦੇਸ਼ ਅੰਦਰ ਪੈਦਾ ਹੋਇਆ ਮਾਲ ਦੇਸ਼ ਵਿੱਚ ਹੀ ਖਪਾਇਆ ਜਾਵੇ, ਦੀਆਂ ਬਾਂਗਾਂ ਦੇਣ ਲੱਗੇ ਹਨ। ਪਰ ਉਹ ਨਹੀਂ ਸਮਝ ਪਾ ਰਹੇ ਕਿ ਸੰਸਾਰ ਅਰਥਚਾਰੇ ਦਾ ਆਪਸੀ ਜੁੜਾਅ ਅਤੇ ਪੂੰਜੀ ਦਾ ਕੌਮਾਂਤਰੀਕਰਨ ਅਤੇ ਵਿਸ਼ਵੀਕਰਨ ਜਿਸ ਹੱਦ ਤੱਕ ਪਹੁੰਚ ਚੁੱਕੇ ਹਨ ਉੱਥੋਂ ਵਾਪਸੀ ਲਗਭਗ ਨਾ ਮੁਮਕਿਨ ਹੈ, ਤੇ ਮੁਨਾਫੇ ਦੀ ਹਵਸ ਵਿੱਚ ਧਰਤੀ ਦਾ ਚੱਪਾ-ਚੱਪਾ ਛਾਣ ਰਹੀ ਪੂੰਜੀ ਕੋਈ ਅਸੀਲ ਗਾਂ ਨਹੀਂ ਹੈ ਕਿ ਸਮਰਜ਼ ਜੇਹੇ ਜਦ ਚਾਹੁਣ ਉਹਨੂੰ ਜਿਹੜੇ ਮਰਜ਼ੀ ਕੀਲੇ ਨਾਲ਼ ਬੰਨ ਦੇਣ। ਪੂੰਜੀ ਅਤੇ ਵਪਾਰ ਦੇ ਵਿਸ਼ਵੀਕਰਨ ਤੋਂ ਬਿਨ੍ਹਾ ਪੂੰਜੀ ਜਿਉਂਦੀ ਹੀ ਨਹੀਂ ਰੀਹ ਸਕਦੀ।

ਸੰਸਾਰ ਭੁਗਤਾਨ ਅਸੰਤੁਲਨ ਸੰਕਟ ‘ਚੋਂ ਨਿਕਲਣ ਲਈ ਬੁਰਜੂਆ ਥਿੰਕ ਟੈਂਕਾਂ ਦੁਆਰਾ ਸੁਝਾਇਆ ਜਾ ਰਿਹਾ ਦੂਸਰਾ ਨੁਸਖਾ ਇਹ ਹੈ ਕਿ, ਜਾਂ ਤਾਂ ਅਮਰੀਕਾ ਡਾਲਰ ਦੀ ਕਦਰ ਘਟਾਵੇ, ਜਿਸ ਨਾਲ ਇਸ ਦੇ ਨਿਰਯਾਤ ਸਸਤੇ ਹੋ ਸਕਣ ਅਤੇ ਆਯਾਤ ਮਹਿੰਗੇ ਜਿਸ ਨਾਲ ਅਮਰੀਕਾ ਦਾ ਵਪਾਰ ਘਾਟਾ ਘਟਾਇਆ ਜਾ ਸਕਦਾ ਹੈ। ਜਾਂ ਫਿਰ ਤੀਸਰੀ ਦੁਨੀਆਂ ਦੇ ਪੱਛੜੇ ਪੂੰਜੀਵਾਦੀ ਦੇਸ਼ ਆਪਣੀਆਂ ਕਰੰਸੀਆਂ ਦੇ ਡਾਲਰ ਮੁਕਾਬਲੇ ਕਦਰ ਵਧਾਉਣ, ਜਿਸਦਾ ਵੀ ਨਤੀਜਾ ਡਾਲਰ ਦੀ ਕਦਰ ਘਟਾਈ ਵਿੱਚ ਹੀ ਨਿੱਕਲੇਗਾ। ਕਈ ਅਮਰੀਕਨ ਅਰਥਸ਼ਾਸਤਰੀ ”ਬੰਦੂਕ ਦੀ ਨੋਕ ‘ਤੇ ਯੁਆਨ(ਚੀਨੀ ਕਰੰਸੀ) ਦੀ ਕਦਰ ਵਧਾਉਣ ਲਈ ਕਹਿ ਰਹੇ ਹਨ”(ਹਿੰਦੂ ਬਿਜ਼ਨਸ ਲਾਈਨ, 22 ਮਈ 2005)। ਅਮਰੀਕਾ ਦਾ ਨਵਾਂ ਬਣਿਆ ਖਜ਼ਾਨਾ ਸਕੱਤਰ ਹੈਨਰੀ ਪਾਉਲਸਨ ਇਸ ਸਵਾਲ ‘ਤੇ ਕਾਫੀ ਦਵੰਦ ਵਿੱਚ ਫਸਿਆ ਹੋਇਆ ਹੈ। ”ਲੋਕਾਂ ਦਰਮਿਆਨ ਉਹ ਮਜ਼ਬੂਤ ਡਾਲਰ ਦੀ ਹਿਮਾਇਤ ਕਰਦਾ ਹੈ, ਪਰ ਨਾਲ ਉਹ ਇਸ ਗੱਲ ‘ਤੇ ਵੀ ਜ਼ੋਰ ਦਿੰਦਾ ਹੈ ਕਿ ਡਾਲਰ ਦੀ ਕਦਰ ਮੰਡੀ ਦੀਆਂ ਤਾਕਤਾਂ ਦੁਆਰਾ ਤੈਅ ਹੋਣੀ ਚਾਹੀਦੀ ਹੈ।” (ਹਿੰਦੂ ਬਿਜ਼ਨਸ ਲਾਈਨ 14-06-06)

ਬੈਂਕ ਆਫ ਇੰਟਰਨੈਸ਼ਨਲ ਸੈਟਲਮੈਂਟ ਦਾ ਵੀ ਇਹੋ ਸੁਝਾਅ ਹੈ ਕਿ ਵਰਤਮਾਨ ਭੁਗਤਾਨ ਅਸੰਤੁਲਨ ਨੂੰ ਦਰੁਸਤ ਕਰਨ ਲਈ ਡਾਲਰ ਦੀ ਤਿੱਖੀ ਕਦਰ ਘਟਾਈ ਦੀ ਜ਼ਰੂਰਤ ਹੈ, ਪਰ ਨਾਲ ਹੀ ਉਹ ਇਸ ਨਾਲ ਸੰਸਾਰ ਅਰਥਚਾਰੇ ਵਿੱਚ ਮੱਚਣ ਵਾਲੀ ਉਥਲ-ਪੁਥਲ ਦੀ ਵੀ ਚਰਚਾ ਕਰਦਾ ਹੈ।

ਸੰਸਾਰ ਪੂੰਜੀਵਾਦ ਦੇ ਬੌਧਿਕ ਮਹਾਂਰਥੀਆਂ ਦੁਆਰਾ ਮਲਵੀਂ ਜੀਭ ਨਾਲ਼ ਸੁਝਾਏ ਜਾ ਰਹੇ ਇਹ ਨੁਸਖੇ ਕਾਰਗਰ ਨਹੀਂ ਹਨ। ਇਸ ਦੇ ਕਈ ਕਾਰਨ ਹਨ¸

ਇੱਕ, ਜੇਕਰ ਅਮਰੀਕੀ ਡਾਲਰ ਦੀ ਕਦਰ ਘਟਾਈ ਹੁੰਦੀ ਹੈ ਤਾਂ, ਇੱਕ ਸੰਸਾਰ ਕਰੰਸੀ ਵਜੋਂ ਅਮਰੀਕੀ ਡਾਲਰ ਦੀ ਚੌਧਰ ਖਤਮ ਹੋ ਸਕਦੀ ਹੈ। ਦੁਨੀਆਂ ਦੇ ਬਾਕੀ ਦੇਸਾਂ ਦਾ ਡਾਲਰ ‘ਚ ਵਿਸ਼ਵਾਸ਼ ਘਟੇਗਾ ਅਤੇ ਲਾਜ਼ਮੀ ਹੀ ਉਹ ਆਪਣੇ ਵਿਦੇਸ਼ੀ ਮੁਦਰਾ ਭੰਡਾਰਾਂ ਦੀ ਵਿਭਿੰਨਤਾ (Diversification) ਲਈ ਕਦਮ ਚੁੱਕਣਗੇ। ਜਿਸ ਨਾਲ਼ ਡਾਲਰ ਦੀ ਮੰਗ ਹੋਰ ਘਟੇਗੀ ਅਤੇ ਡਾਲਰ ਦੀ ਕਦਰ ਘਟਾਈ ਕੰਟਰੋਲ ਤੋਂ ਬਾਹਰ ਹੋ ਸਕਦੀ ਹੈ। ਅਮਰੀਕਨ ਸਾਮਰਾਜਵਾਦ ਅਜਿਹਾ ਹਰਗਿਜ਼ ਨਹੀਂ ਚਾਹੁੰਦਾ।

ਦੂਜਾ ਅਮਰੀਕੀ ਡਾਲਰ ਦੀ ਕਦਰ ਘਟਣ ਅਤੇ ਇਸ ਦੀ ਨਿਸਬਤ ਹੋਰ ਦੇਸ਼ਾਂ ਦੀਆਂ ਕਰੰਸੀਆਂ ਦੀ ਕਦਰ ਵਧਣ ਨਾਲ਼ ਇਨ੍ਹਾ ਦੇ ਵਿਦੇਸ਼ੀ ਮੁਦਰਾ ਭੰਡਾਰ ਜੋ ਕਿ ਵੱਡੀ ਮਾਤਰਾ ਵਿੱਚ ਡਾਲਰ ਵਿੱਚ ਹਨ ਖਤਰੇ ‘ਚ ਪੈ ਜਾਣਗੇ। ਜਿਸ ਅਨੁਪਾਤ ਵਿੱਚ ਡਾਲਰ ਦੀ ਕਦਰ ਘਟੇਗੀ ਉਸੇ ਅਨੁਪਾਤ ਵਿੱਚ ਇਹਨਾਂ ਦੇ ਵਿਦੇਸ਼ੀ ਮੁਦਰਾ ਭੰਡਾਰ ਘਟ ਜਾਣਗੇ।

ਤੀਜਾ ਕਾਰਨ ਇਹ ਹੈ ਕਿ ਡਾਲਰ ਦੀ ਕਦਰ ਘਟਾਈ ਨਾਲ਼ ਬਾਕੀ ਦੇਸ਼ਾਂ ਦੇ ਅਮਰੀਕਾ ਨੂੰ ਨਿਰਯਾਤ ਮਹਿੰਗੇ ਹੋ ਜਾਣਗੇ। ਕਿਉਂ ਦੁਨੀਆਂ ਭਰ ਵਿੱਚ ਖਾਸ ਕਰਕੇ ਏਸ਼ੀਆ ਦੇ ਪੱਛੜੇ ਪੂੰਜੀਵਾਦੀ ਦੇਸ਼ਾਂ ਦੇ ਅਰਥਚਾਰੇ ਵੱਡੀ ਪੱਧਰ ‘ਤੇ ਨਿਰਯਾਤ-ਮੁਖੀ ਬਣ ਚੁੱਕੇ ਹਨ। ਇਹਨਾਂ ਦੇ ਨਿਰਯਾਤਾਂ ਦਾ ਵੱਡਾ ਹਿੱਸਾ ਅਮਰੀਕਾ ਵਿੱਚ ਖਪਦਾ ਹੈ। ਇਸ ਲਈ ਅਮਰੀਕਾ ਨੂੰ ਇਹਨਾਂ ਦੇਸ਼ਾਂ ਦੇ ਨਿਰਯਾਤ ਘਟਣ ਨਾਲ਼ ਇਹਨਾਂ ਦੇ ਦੇਸ਼ਾਂ ਦੇ ਨਿਰਯਾਤਮੁਖੀ ਉਦਯੋਗ ਤਬਾਹ ਹੋ ਜਾਣਗੇ, ਅਤੇ ਇਨ੍ਹਾਂ ਸਮੁੱਚੇ ਅਰਥਚਾਰੇ ਹੀ ਭਿਆਨਕ ਸੰਕਟ ਵਿੱਚ ਫਸ ਜਾਣਗੇ, ਜੋ ਕਿ ਸੰਸਾਰ ਵਿਆਪੀ ਉੱਥਲ ਪੁਥਲ ਵਿੱਚ ਵਟ ਜਾਣਗੇ। ਅਮਰੀਕੀ ਡਾਲਰ ਦੀ ਕਦਰ ਘਟਾਈ ਨਾਲ਼ ਡਾਲਰ ਵਾਲੀਆਂ ਸਕਿਊਰਿਟੀਜ਼ (Dollar Dominated Securities) ਵਿੱਚ ਨਿਵੇਸ਼ ਕੀਤੇ ਅਰਬਾਂ ਡਾਲਰ ਨਿਵੇਸ਼ ਖਤਰੇ ‘ਚ ਪੈ ਜਾਵੇਗਾ।

ਇਸੇ ਦੁਵਿਧਾ ਵਿੱਚ ਅੱਜ ਦੁਨੀਆਂ ਭਰ ਦੇ ਪੂੰਜੀਪਤੀ ਅਤੇ ਉਹਨਾਂ ਦੇ ਬੌਧਿਕ ਚਾਕਰ ਫਸੇ ਹੋਏ ਹਨ। ਡਾਲਰ ਦੀ ਕਦਰ ਘਟਾਈ ਨੂੰ ਲੈ ਕੇ ਅਮਰੀਕਨ ਹਾਕਮਾਂ ਦੀ ਅਤੇ ਕਰੰਸੀ ਦੀ ਕਦਰ ਵਧਾਉਣ ਨੂੰ ਲੈ ਕੇ ਬਾਕੀ ਦੇਸ਼ਾਂ (ਖਾਸ ਕਰ ਏਸ਼ੀਆਈ ਦੇਸ਼ਾਂ ਦੇ ਹਾਕਮਾਂ) ਦੀ ਹਾਲਤ ‘ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਲੀ’ ਬਣੀ ਹੋਈ ਹੈ।

ਪਰ ਜੇਕਰ ਸੰਸਾਰ ਬੁਰਜੂਆਜ਼ੀ ਦੇ ਬੌਧਿਕ ਚਾਕਰਾਂ ਦੁਆਰਾ ਸੁਝਾਏ ਨੁਸਖਿਆਂ ‘ਤੇ ਅਮਲ ਨਹੀਂ ਹੁੰਦਾ ਤਾਂ ਅਮਰੀਕਾ ਦੇ ਜੋੜੇ ਘਾਟੇ (ਬਜਟ ਅਤੇ ਵਪਾਰ) ਵਧਦੇ ਜਾਣਗੇ ਜਿਸ ਦਾ ਅੰਤਿਮ ਨਤੀਜਾ ਵੀ ‘ਡਾਲਰ ਕਰੈਸ਼’ ਵਿੱਚ ਹੀ ਨਿਕਲੇਗਾ। ਬੈਂਕ ਆਫ ਇੰਟਰਨੈਸ਼ਨਲ ਸੈਟਲਮੈਂਟ ਨੇ ਆਪਣੀ 2005-06 ਦੀ ਰਿਪੋਰਟ ਵਿੱਚ ‘ਸੰਸਾਰ ਆਰਥਿਕ ਭਾਈਚਾਰੇ’ ਨੂੰ ਆਉਣ ਵਾਲੇ ਸੰਕਟ ਦੀ ਚੇਤਾਵਨੀ ਦਿੱਤੀ ਹੈ ਅਤੇ ਸੰਸਾਰ ਅਰਥਚਾਰੇ ਨੂੰ ਇਸਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ।

ਸੰਸਾਰ ਪੂੰਜੀਵਾਦੀ ਦੇ ਬੌਧਿਕ ਨੀਮ ਹਕੀਮਾਂ ਦੁਆਰਾ ਸੁਝਾਏ ਨੁਸਖਿਆਂ ‘ਤੇ ਭਾਵੇਂ ਅਮਲ ਹੋਵੇ ਜਾਂ ਨਾ, ਨਤੀਜਾ ਇੱਕੋ ਹੀ ਨਿੱਕਲੇਗਾ। ਮਰੀਜ਼ ਦੀ ਹਾਲਤ ਦਿਨੋ ਦਿਨ ਹੋਰ ਵਿਗੜਦੀ ਜਾਵੇਗੀ। ਬੇਸ਼ੱਕ ਇਹ ਉਦੋਂ ਤੱਕ ਮਰੇਗਾ ਤਾਂ ਨਹੀਂ, ਜਦੋਂ ਤੱਕ ਇਸਨੂੰ ਮਾਰਨ ਵਾਲੀ ਤਾਕਤ, ਸੰਸਾਰ ਮਜ਼ਦੂਰ ਜਮਾਤ ਦੀ ਰਾਜਨੀਤਕ ਤੌਰ ‘ਤੇ ਚੇਤੰਨ ਜਥੇਬੰਦਕ ਤਾਕਤ, ਪੈਦਾ ਨਹੀਂ ਹੁੰਦੀ।

“ਪ੍ਰਤੀਬੱਧ”, ਅੰਕ 04, ਅਕਤੂਬਰ-ਦਸੰਬਰ 2006 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s