ਸਾਨੂੰ ਆਪਣਾ ਅਧਿਐਨ ਢੰਗ ਸੁਧਾਰਨਾ ਚਾਹੀਦਾ ਹੈ -ਮਾਓ-ਜ਼ੇ-ਤੁੰਗ (ਮਈ, 1941)

mao 1

(ਪੀ.ਡੀ.ਐਫ਼ ਡਾਊਨਲੋਡ ਕਰੋ)

ਮੇਰੀ ਰਾਇ ਹੈ ਕਿ ਸਾਨੂੰ ਆਪਣੀ ਸਮੁੱਚੀ ਪਾਰਟੀ ਵਿੱਚ ਅਧਿਐਨ ਦੇ ਢੰਗ ਅਤੇ ਅਧਿਐਨ ਦੀ ਪ੍ਰਣਾਲੀ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਇਸ ਦੇ ਕਾਰਨ ਇਹ ਹਨ—

(1) ਚੀਨੀ ਕਮਿਊਨਿਸਟ ਪਾਰਟੀ ਦੇ ਵੀਹ ਸਾਲ, ਅਜਿਹੇ ਵੀਹ ਸਾਲ ਰਹੇ ਹਨ, ਜਿਨ੍ਹਾਂ ਦੌਰਾਨ, ਮਾਰਕਸਵਾਦ-ਲੈਨਿਨਵਾਦ ਦੀ ਸਰਵਵਿਆਪੀ ਸੱਚਾਈ ਨੂੰ ਚੀਨੀ ਇਨਕਲਾਬ ਦੇ ਠੋਸ ਅਭਿਆਸ ਨਾਲ਼ ਵੱਧ ਤੋਂ ਵੱਧ ਸੁਮੇਲਿਆ ਗਿਆ ਹੈ। ਜੇ ਆਪਾਂ ਇਹ ਚੇਤੇ ਕਰੀਏ ਕਿ ਆਪਣੀ ਪਾਰਟੀ ਦੀ ਨਿਆਣੀ ਉਮਰ ਵਿੱਚ ਮਾਰਕਸਵਾਦ-ਲੈਨਿਨਵਾਦ ਅਤੇ ਚੀਨੀ ਇਨਕਲਾਬ ਬਾਰੇ ਆਪਣੀ ਸਮਝ ਕਿੰਨੀ ਸਤਹੀ ਅਤੇ ਕਿੰਨੀ ਥੋੜ੍ਹੀ ਸੀ ਤਾਂ ਆਪਾਂ ਇਹ ਦੇਖ ਸਕਦੇ ਹਾਂ ਕਿ ਉਸ ਸਮੇਂ ਦੇ ਮੁਕਾਬਲੇ ਅੱਜ ਇਹ ਸਮਝ ਕਿੰਨੀ ਜ਼ਿਆਦਾ ਡੂੰਘੀ ਅਤੇ ਭਰਪੂਰ ਹੈ। ਬਿਪਤਾ-ਮਾਰੀ ਚੀਨੀ ਕੌਮ ਦੇ ਸਰੇਸ਼ਟ ਧੀਆਂ-ਪੁੱਤਾਂ ਨੇ ਇੱਕ ਅਜਿਹੇ ਸੱਚ ਦੀ ਖੋਜ ਵਿੱਚ, ਜੋ ਦੇਸ਼ ਅਤੇ ਲੋਕਾਂ ਦਾ ਕਲਿਆਣ ਕਰ ਸਕੇ, ਇਸ ਸੌ ਸਾਲ ਤੱਕ ਸੰਘਰਸ਼ ਕੀਤਾ ਅਤੇ ਜੀਵਨ ਕੁਰਬਾਨ ਕੀਤਾ ਅਤੇ ਸ਼ਹੀਦ ਹੋ ਜਾਣ ਵਾਲ਼ਿਆਂ ਦੀ ਥਾਂ ਲੈਣ ਲਈ ਨਵੇਂ-ਨਵੇਂ ਲੋਕ ਅੱਗੇ ਵਧਦੇ ਰਹੇ। ਇਸ ਗੱਲ ਤੋਂ ਅਸੀਂ ਏਨੇ ਪ੍ਰਭਾਵਿਤ ਹੁੰਦੇ ਹਾਂ ਕਿ ਸਾਨੂੰ ਖੁਸ਼ੀ ਵੀ ਹੁੰਦੀ ਹੈ ਅਤੇ ਗਮੀ ਵੀ। ਪਰ ਇੱਕ ਸਰਵਉੱਚ ਸੱਚ ਦੇ ਰੂਪ ਵਿੱਚ ਅਤੇ ਆਪਣੀ ਕੌਮ ਨੂੰ ਮੁਕਤ ਕਰਾਉਣ ਲਈ ਸਰਵ-ਉਤਮ ਹਥਿਆਰ ਦੇ ਰੂਪ ਵਿੱਚ ਮਾਰਕਸਵਾਦ-ਲੈਨਿਨਵਾਦ ਦਾ ਪਤਾ ਸਾਨੂੰ ਕੇਵਲ ਪਹਿਲੇ ਸੰਸਾਰ ਜੰਗ ਅਤੇ ਰੂਸ ਦੇ ਅਕਤੂਬਰ ਇਨਕਲਾਬ ਤੋਂ ਬਾਅਦ ਹੀ ਲੱਗਿਆ ਅਤੇ ਚੀਨੀ ਕਮਿਊਨਿਸਟ ਪਾਰਟੀ ਇਸ ਹਥਿਆਰ ਦੀ ਵਰਤੋਂ ਕਰਨ ਵਿੱਚ ਇੱਕ ਪਹਿਲ-ਕਰਤਾ, ਪ੍ਰਚਾਰਕ ਅਤੇ ਜਥੇਬੰਦਕ ਰਹਿ ਚੁੱਕੀ ਹੈ। ਜਿਉਂ ਹੀ, ਮਾਰਕਸਵਾਦ-ਲੈਨਿਨਵਾਦ ਦੀ ਸਰਵਵਿਆਪੀ ਸੱਚਾਈ ਦਾ ਚੀਨੀ ਇਨਕਲਾਬ ਨਾਲ਼ ਸੁਮੇਲ ਕੀਤਾ ਗਿਆ, ਤਦ ਹੀ ਇਸ ਨੇ ਚੀਨੀ ਇਨਕਲਾਬ ਨੂੰ ਇੱਕ ਨਵੇਂ ਰੰਗ ਵਿੱਚ ਰੰਗ ਦਿੱਤਾ। ਜਪਾਨੀ ਹਮਲੇ ਵਿਰੋਧੀ ਜੰਗ ਦੀ ਸ਼ੁਰੂਆਤ ਤੋਂ ਹੀ ਸਾਡੀ ਪਾਰਟੀ ਨੇ ਮਾਰਕਸਵਾਦ-ਲੈਨਿਨਵਾਦ ਦੀ ਸਰਵਵਿਆਪੀ ਸੱਚਾਈ ਨੂੰ ਅਧਾਰ ਬਣਾ ਕੇ ਇਸ ਜੰਗ ਦੇ ਠੋਸ ਵਿਹਾਰ (ਅਮਲ) ਦੇ ਬਾਰੇ ਅਤੇ ਅੱਜ ਦੇ ਚੀਨ ਅਤੇ ਸੰਸਾਰ ਸਬੰਧੀ ਆਪਣੇ ਅਧਿਐਨ ਨੂੰ ਹੋਰ ਅੱਗੇ ਵਧਾਇਆ ਹੈ ਤੇ ਚੀਨੀ ਇਤਿਹਾਸ ਦੇ ਅਧਿਐਨ ਦੀ ਸ਼ੁਰੂਆਤ ਵੀ ਕਰ ਦਿੱਤੀ ਹੈ। ਇਹ ਸਭ ਅਤਿਅੰਤ ਸ਼ੁਭ ਲੱਛਣ ਹਨ।

(2) ਪਰ ਸਾਡੇ ਅੰਦਰ ਅਜੇ ਵੀ ਘਾਟਾਂ-ਕਮੀਆਂ ਮੌਜੂਦ ਹਨ ਅਤੇ ਕਾਫ਼ੀ ਵੱਡੀਆਂ ਘਾਟਾਂ-ਕਮੀਆਂ ਹਨ। ਮੇਰਾ ਵਿਚਾਰ ਹੈ ਕਿ ਜਦ ਤੱਕ ਅਸੀਂ ਇਨ੍ਹਾਂ ਕਮੀਆਂ ਨੂੰ ਦੂਰ ਨਹੀਂ ਕਰ ਲੈਂਦੇ, ਤਦ ਤੱਕ ਅਸੀਂ ਆਪਣੇ ਕੰਮ ਵਿੱਚ ਅਤੇ ਮਾਰਕਸਵਾਦ-ਲੈਨਿਨਵਾਦ ਦੀ ਸਰਵਵਿਆਪੀ ਸੱਚਾਈ ਨੂੰ ਚੀਨੀ ਇਨਕਲਾਬ ਦੇ ਠੋਸ ਅਮਲ ਨਾਲ਼ ਸੁਮੇਲਨ ਦੇ ਆਪਣੇ ਮਹਾਨ ਕਾਰਜ ਵਿੱਚ ਅਗਾਂਹ ਵੱਲ ਹੋਰ ਕਦਮ ਨਹੀਂ ਉਠਾ ਸਕਦੇ।

ਪਹਿਲ, ਅਜੋਕੀ ਹਾਲਤ ਦੇ ਅਧਿਐਨ ਦੇ ਸੁਆਲ ਨੂੰ ਹੀ ਲਈਏ। ਮੌਜੂਦਾ ਘਰੇਲੂ ਅਤੇ ਕੌਮਾਂਤਰੀ ਹਾਲਤ ਬਾਰੇ ਆਪਣੇ ਅਧਿਐਨ ਵਿੱਚ ਅਸੀਂ ਕੁਝ ਸਫ਼ਲਤਾ ਹਾਸਲ ਜ਼ਰੂਰ ਕੀਤੀ ਹੈ ਪਰ ਉਸ ਦੇ ਹਰੇਕ ਪਹਿਲੂ ਬਾਰੇ, ਚਾਹੇ ਉਹ ਸਿਆਸੀ ਫੌਜੀ, ਆਰਥਿਕ ਜਾਂ ਸੱਭਿਆਚਾਰਕ ਕੋਈ ਵੀ ਪਹਿਲੂ ਕਿਉਂ ਨਾ ਹੋਵੇ, ਸਾਡੇ ਵਰਗੀ ਵੱਡੀ ਸਿਆਸੀ ਪਾਰਟੀ ਲਈ, ਅਸੀਂ ਜੋ ਸਮੱਗਰੀ ਇਕੱਤਰਤ ਕੀਤੀ ਹੈ, ਉਹ ਅੰਸ਼ਿਕ ਹੈ ਅਤੇ ਸਾਡਾ ਖੋਜ ਦਾ ਕੰਮ ਵੀ ਪ੍ਰਣਾਲੀਬੱਧ ਨਹੀਂ ਹੈ। ਆਮ ਤੌਰ ‘ਤੇ ਇਹ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਪਹਿਲੂਆਂ ਬਾਰੇ ਸਮੱਗਰੀ ਇਕੱਤਰਤ ਕਰਨ ਅਤੇ ਉਸ ਦਾ ਅਧਿਐਨ ਕਰਨ ਦੀ ਦਿਸ਼ਾ ਵਿੱਚ ਅਸੀਂ ਪਿਛਲੇ ਵੀਹ ਸਾਲਾਂ ਵਿੱਚ ਪ੍ਰਣਾਲੀਬੱਧ ਅਤੇ ਭਰਵੇਂ ਰੂਪ ਵਿੱਚ ਕੰਮ ਨਹੀਂ ਕੀਤਾ ਹੈ ਅਤੇ ਬਾਹਰਮੁਖੀ ਹਕੀਕਤ ਦੀ ਜਾਂਚ-ਪੜਤਾਲ ਕਰਨ ਅਤੇ ਉਸ ਦੇ ਅਧਿਐਨ ਦੇ ਮਹੌਲ ਦੀ ਸਾਡੇ ਵਿੱਚ ਘਾਟ ਰਹੀ ਹੈ। ”ਅੱਖਾਂ ‘ਤੇ ਪੱਟੀ ਬੰਨ੍ਹਕੇ ਚਿੜੀਆਂ ਫੜਨ ਵਾਲ਼ੇ ਵਿਅਕਤੀ” ਜਾਂ ”ਮੱਛੀਆਂ ਭਾਲਣ ਵਾਲ਼ੇ ਅੰਨ੍ਹੇ ਵਿਅਕਤੀ” ਵਾਂਗ ਵਿਹਾਰ ਕਰਨਾ, ਕੁਚੱਜੇਪਣ ਅਤੇ ਲਾਪਰਵਾਹੀ ਤੋਂ ਕੰਮ ਲੈਣਾ, ਨਿਰਾਰਥਕ ਸ਼ਬਦ-ਜਾਲ਼ ਦੀ ਵਰਤੋਂ ਕਰਨੀ, ਕੇਵਲ ਸਤਹੀ ਗਿਆਨ ਨਾਲ਼ ਸੰਤੁਸ਼ਟ ਹੋ ਜਾਣਾ — ਇਹ ਕੰਮ ਕਰਨ ਦਾ ਇੱਕ ਬੇਹੱਦ ਭੈੜਾ ਤਰੀਕਾ ਹੈ, ਜਿਹੜਾ ਸਾਡੀ ਪਾਰਟੀ ਦੇ ਅਨੇਕਾਂ ਸਾਥੀਆਂ ਵਿੱਚ ਅਜੇ ਵੀ ਮੌਜੂਦ ਹੈ ਅਤੇ ਇਹ ਤਰੀਕਾ ਮਾਰਕਸਵਾਦ-ਲੈਨਿਨਵਾਦ ਦੀ ਬੁਨਿਆਦੀ ਭਾਵਨਾ ਦੇ ਬਿਲਕੁਲ ਉਲਟ ਹੈ। ਮਾਰਕਸ, ਏਂਗਲਜ਼, ਲੈਨਿਨ ਅਤੇ ਸਤਾਲਿਨ ਨੇ ਸਾਨੂੰ ਸਿਖਾਇਆ ਹੈ ਕਿ ਹਾਲਤਾਂ ਦਾ ਗੰਭੀਰਤਾ ਨਾਲ਼ ਅਧਿਐਨ ਕਰਨਾ ਅਤੇ ਅੰਤਰਮੁਖੀ ਇਛਾਵਾਂ ਨੂੰ ਨਹੀਂ, ਸਗੋਂ ਬਾਹਰਮੁਖੀ ਹਕੀਕਤ ਨੂੰ ਅਧਾਰ ਬਣਾਉਣਾ ਜ਼ਰੂਰੀ ਹੈ। ਪਰ ਸਾਡੇ ਬਹੁਤ ਸਾਰੇ ਸਾਥੀ ਇਸ ਸੱਚਾਈ ਦਾ ਪ੍ਰਤੱਖ ਰੂਪ ਵਿੱਚ ਉਲੰਘਣ ਕਰ ਕੇ ਕੰਮ ਕਰਦੇ ਹਨ।

ਦੂਸਰਾ, ਇਤਿਹਾਸ ਦੇ ਅਧਿਐਨ ਦੇ ਸੁਆਲ ਨੂੰ ਲਈਏ। ਭਾਵੇਂ ਕਿ ਕੁਝ ਪਾਰਟੀ ਮੈਂਬਰਾਂ ਅਤੇ ਹਮਦਰਦਾਂ ਨੇ ਇਸ ਕੰਮ ਦੀ ਸ਼ੁਰੂਆਤ ਕੀਤੀ ਹੈ, ਫਿਰ ਵੀ ਇਹ ਇੱਕ ਜਥੇਬੰਦ ਢੰਗ ਨਾਲ਼ ਨਹੀਂ ਕੀਤਾ ਜਾ ਰਿਹਾ। ਚੀਨ ਦੇ ਇਤਿਹਾਸ ਬਾਰੇ, ਚਾਹੇ ਇਹ ਪਿਛਲੇ ਇੱਕ ਸੌ ਸਾਲ ਦਾ ਇਤਿਹਾਸ ਹੋਵੇ ਜਾਂ ਪ੍ਰਾਚੀਨ ਸਮੇਂ ਦਾ, ਇਸ ਬਾਰੇ ਬਹੁਤ ਸਾਰੇ ਪਾਰਟੀ ਮੈਂਬਰ ਅਜੇ ਵੀ ਹਨ੍ਹੇਰੇ ਵਿੱਚ ਹਨ। ਕਈ ਮਾਰਕਸਵਾਦੀ-ਲੈਨਿਨਵਾਦੀ ਵਿਦਵਾਨ ਪ੍ਰਾਚੀਨ ਯੂਨਾਨ ਦਾ ਨਾਂ ਲਏ ਬਿਨਾਂ, ਇੱਕ ਵੀ ਸ਼ਬਦ ਨਹੀਂ ਬੋਲ ਸਕਦੇ ਪਰ ਜਿੱਥੋਂ ਤੱਕ ਖੁਦ ਉਨ੍ਹਾਂ ਦੇ ਵੱਡ-ਵਡੇਰਿਆਂ ਦਾ ਸਬੰਧ ਹੈ, ਬਹੁਤ ਹੀ ਅਫ਼ਸੋਸ ਨਾਲ਼ ਕਹਿਣਾ ਪੈਂਦਾ ਹੈ ਕਿ ਉਨ੍ਹਾਂ ਨੂੰ ਤਾਂ ਭੁਲਾਇਆ ਜਾ ਚੁੱਕਿਆ ਹੈ। ਮੌਜੂਦਾ ਹਾਲਤ ਦਾ ਜਾਂ ਬੀਤੇ ਇਤਿਹਾਸ ਦਾ ਗੰਭੀਰ ਅਧਿਐਨ ਕਰਨ ਦਾ ਸਾਡੇ ਸਾਥੀਆਂ ਵਿੱਚ ਮਹੌਲ ਨਹੀਂ ਹੈ।

ਤੀਸਰਾ, ਕੌਮਾਂਤਰੀ ਇਨਕਲਾਬੀ ਤਜਰਬੇ ਤੇ ਮਾਰਕਸਵਾਦ-ਲੈਨਿਨਵਾਦ ਦੀ ਸਰਵਵਿਆਪੀ ਸੱਚਾਈ ਦਾ ਅਧਿਐਨ ਕਰਨ ਦੇ ਸੁਆਲ ਨੂੰ ਲਈਏ। ਲਗਦਾ ਇਉਂ ਹੈ ਕਿ ਬਹੁਤ ਸਾਰੇ ਸਾਥੀ ਮਾਰਕਸਵਾਦ-ਲੈਨਿਨਵਾਦ ਦਾ ਅਧਿਐਨ ਇਨਕਲਾਬੀ ਅਭਿਆਸ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਹੀਂ ਸਗੋਂ ਸਿਰਫ਼ ਅਧਿਐਨ ਕਰਨ ਲਈ ਹੀ ਕਰਦੇ ਹਨ। ਨਤੀਜਾ ਇਹ ਨਿੱਕਲ਼ਦਾ ਹੈ ਕਿ ਉਹ ਪੜ੍ਹਦੇ ਤਾਂ ਹਨ ਪਰ ਉਹ ਹਜ਼ਮ ਨਹੀਂ ਕਰ ਸਕਦੇ। ਉਹ ਮਾਰਕਸ, ਏਂਗਲਜ਼, ਲੈਨਿਨ ਅਤੇ ਸਤਾਲਿਨ ਦੀਆਂ ਦੋ-ਚਾਰ ਟੂਕਾਂ ਦਾ ਇਕਤਰਫਾ ਢੰਗ ਨਾਲ਼ ਉਲੇਖ ਤਾਂ ਕਰ ਸਕਦੇ ਹਨ ਪਰ ਚੀਨ ਦੀ ਮੌਜੂਦਾ ਹਾਲਤ ਦਾ ਅਤੇ ਇਸ ਦੇ ਇਤਿਹਾਸ ਦਾ ਠੋਸ ਅਧਿਐਨ ਕਰਨ ਲਈ ਜਾਂ ਚੀਨੀ ਇਨਕਲਾਬ ਦੀਆਂ ਸਮੱਸਿਆਵਾਂ ਦਾ ਠੋਸ ਵਿਸ਼ਲੇਸ਼ਣ ਕਰਨ ਅਤੇ ਉਨ੍ਹਾਂ ਦਾ ਹੱਲ ਕਰਨ ਲਈ ਮਾਰਕਸ, ਏਂਗਲਜ਼, ਲੈਨਿਨ ਅਤੇ ਸਤਾਲਿਨ ਦੇ ਰਵੱਈਏ, ਨਜ਼ਰੀਏ ਅਤੇ ਤਰੀਕੇ ਨੂੰ ਲਾਗੂ ਨਹੀਂ ਕਰਦੇ। ਮਾਰਕਸਵਾਦ-ਲੈਨਿਨਵਾਦ ਪ੍ਰਤੀ ਇਸ ਤਰ੍ਹਾਂ ਦਾ ਰਵੱਈਆ ਅਖ਼ਤਿਆਰ ਕਰਨਾ ਅਤਿਅੰਤ ਨੁਕਸਾਨਦੇਹ ਹੈ। ਖਾਸ ਕਰਕੇ ਦਰਮਿਆਨੇ ਅਤੇ ਉੱਪਰਲੇ ਪੱਧਰ ਦੇ ਕਰਿੰਦਿਆਂ ਲਈ ਤਾਂ ਇਹ ਹੋਰ ਵੀ ਨੁਕਸਾਨਦੇਹ ਹੈ।

ਜਿੰਨ੍ਹਾਂ ਤਿੰਨ ਪਹਿਲੂਆਂ ਦਾ ਮੈਂ ਹੁਣੇ ਜ਼ਿਕਰ ਕੀਤਾ ਹੈ, ਯਾਨੀ ਮੌਜੂਦਾ ਹਾਲਤ ਦਾ ਅਧਿਐਨ ਕਰਨ ਦੀ ਅਣਗਹਿਲੀ, ਇਤਿਹਾਸ ਦੇ ਅਧਿਐਨ ਦੀ ਅਣਗਹਿਲੀ ਅਤੇ ਮਾਰਕਸਵਾਦ-ਲੈਨਿਨਵਾਦ ਨੂੰ ਲਾਗੂ ਕਰਨ ਵਿੱਚ ਅਣਗਹਿਲੀ, ਇਹ ਸਭ ਬੁਰੀ ਕੰਮ-ਤਰਜ ਦੇ ਅੰਗ ਹਨ। ਇਸ ਕੰਮ-ਤਰਜ ਦੇ ਪ੍ਰਸਾਰ ਨਾਲ਼ ਸਾਡੇ ਬਹੁਤ ਸਾਰੇ ਸਾਥੀਆਂ ਦਾ ਨੁਕਸਾਨ ਹੋਇਆ ਹੈ।

ਸਾਡੀਆਂ ਸਫ਼ਾਂ ਵਿੱਚ ਸੱਚਮੁਚ ਹੀ ਬਹੁਤ ਸਾਰੇ ਐਸੇ ਸਾਥੀ ਮੌਜੂਦ ਹਨ ਜੋ ਇਸ ਤਰ੍ਹਾਂ ਦੇ ਕੰਮ-ਤਰਜ ਕਾਰਨ ਸਹੀ ਰਸਤੇ ਤੋਂ ਭਟਕ ਗਏ ਹਨ। ਉਹ ਆਪਣੇ ਦੇਸ਼, ਸੂਬੇ, ਕਾਊਂਟੀ ਜਾਂ ਜ਼ਿਲ੍ਹੇ ਦੇ ਅੰਦਰ ਅਤੇ ਬਾਹਰ ਦੀਆਂ ਠੋਸ ਹਾਲਤਾਂ ਦੀ ਭਰਵੀਂ ਅਤੇ ਪ੍ਰਣਾਲੀਬੱਧ ਜਾਂਚ-ਪੜਤਾਲ ਅਤੇ ਅਧਿਐਨ ਕਰਨ ਲਈ ਤਿਆਰ ਨਹੀਂ ਹੁੰਦੇ ਅਤੇ ਸਿਰਫ਼ ਹੁਕਮ ਚਲਾਉਂਦੇ ਹਨ, ਜਿਸ ਦਾ ਅਧਾਰ ਉਨ੍ਹਾਂ ਦਾ ਬਹੁਤ ਹੀ ਸੀਮਤ ਗਿਆਨ ਅਤੇ ਉਨ੍ਹਾਂ ਦੀ ਇਸ ਸਮਝ ਤੋਂ ਸਿਵਾ ਹੋਰ ਕੁਝ ਨਹੀਂ ਹੁੰਦਾ ਕਿ ”ਇਹ ਗੱਲ ਇਸ ਤਰ੍ਹਾਂ ਦੀ ਇਸ ਕਰਕੇ ਹੋਣੀ ਚਾਹੀਦੀ ਹੈ ਕਿਉਂਕਿ ਮੈਨੂੰ ਇਹ ਇਸ ਤਰ੍ਹਾਂ ਹੀ ਲਗਦੀ ਹੈ।” ਕੀ ਇਹ ਅੰਤਰਮੁਖਵਾਦੀ ਕੰਮ-ਤਰਜ ਸਾਡੇ ਬਹੁਤ ਸਾਰੇ ਸਾਥੀਆਂ ਵਿੱਚ ਅਜੇ ਵੀ ਮੌਜੂਦ ਨਹੀਂ ਹੈ?

ਕੁਝ ਲੋਕ ਐਸੇ ਵੀ ਹਨ ਜਿਹੜੇ ਸਾਡੇ ਆਪਣੇ ਇਤਿਹਾਸ ਬਾਰੇ ਕੁਝ ਵੀ ਜਾਣਕਾਰੀ ਨਾ ਰੱਖਣ ਜਾਂ ਬਹੁਤ ਥੋੜ੍ਹੀ ਜਾਣਕਾਰੀ ਹੋਣ ‘ਤੇ ਵੀ ਸ਼ਰਮਿੰਦਾ ਹੋਣ ਦੀ ਬਜਾਏ ਮਾਣ ਮਹਿਸੂਸ ਕਰਦੇ ਹਨ। ਖਾਸ ਕਰਕੇ ਗੰਭੀਰ ਗੱਲ ਤਾਂ ਇਹ ਹੈ ਕਿ ਐਸੇ ਲੋਕ ਬਹੁਤ ਹੀ ਘੱਟ ਹਨ ਜੋ ਚੀਨੀ ਕਮਿਊਨਿਸਟ ਪਾਰਟੀ ਦੇ ਇਤਿਹਾਸ ਅਤੇ ਅਫ਼ੀਮ ਯੁੱਧ ਤੋਂ ਬਾਅਦ ਦੇ ਚੀਨ ਦੇ ਸੌ ਸਾਲ ਦੇ ਇਤਿਹਾਸ ਨੂੰ ਅਸਲ ਵਿੱਚ ਜਾਣਦੇ ਹਨ। ਸ਼ਾਇਦ ਹੀ ਕਿਸੇ ਨੇ ਪਿਛਲੇ ਸੌ ਸਾਲਾਂ ਦੇ ਆਰਥਿਕ, ਸਿਆਸੀ, ਫੌਜੀ ਅਤੇ ਸੱਭਿਆਚਾਰਕ ਇਤਿਹਾਸ ਦੇ ਅਧਿਐਨ ਨੂੰ ਗੰਭੀਰਤਾਪੂਰਵਕ ਆਪਣੇ ਹੱਥ ਵਿੱਚ ਲਿਆ ਹੋਵੇ। ਕੁਝ ਲੋਕ ਖੁਦ ਆਪਣੇ ਦੇਸ਼ ਬਾਰੇ ਅਣਜਾਣ ਰਹਿ ਕੇ ਕੇਵਲ ਪ੍ਰਾਚੀਨ ਯੂਨਾਨ ਅਤੇ ਹੋਰ ਦੇਸ਼ਾਂ ਦੀਆਂ ਕਹਾਣੀਆਂ ਸੁਣਾ ਸਕਦੇ ਹਨ, ਇੱਥੋਂ ਤੱਕ ਉਨ੍ਹਾਂ ਦਾ ਇਹ ਗਿਆਨ ਵੀ ਬੇਹੱਦ ਤਰਸਪੂਰਨ ਹੁੰਦਾ ਹੈ, ਜਿੰਨਾ ਵਿੱਚ ਪੁਰਾਣੀਆਂ ਵਿਦੇਸ਼ੀ ਕਿਤਾਬਾਂ ਦੀ ਜੂਠ ਤੋਂ ਇਲਾਵਾ, ਹੋਰ ਕੁਝ ਵੀ ਨਹੀਂ ਹੁੰਦਾ।

ਕਈ ਦਹਾਕਿਆਂ ਤੋਂ ਵਿਦੇਸ਼ਾਂ ਤੋਂ ਸਿੱਖਿਆ ਹਾਸਲ ਕਰਕੇ ਮੁਲਕ ਮੁੜਨ ਵਾਲ਼ੇ ਅਨੇਕ ਵਿਦਿਆਰਥੀ ਇਸ ਮਰਜ਼ ਦਾ ਸ਼ਿਕਾਰ ਰਹੇ ਹਨ। ਯੂਰਪ, ਅਮਰੀਕਾ ਜਾਂ ਜਪਾਨ ਤੋਂ ਸਿੱਖਿਆ ਪ੍ਰਾਪਤ ਕਰਕੇ ਦੇਸ਼ ਵਾਪਸ ਆਉਣ ‘ਤੇ ਉਹ ਸਿਰਫ਼ ਵਿਦੇਸ਼ੀ ਗੱਲਾਂ ਨੂੰ ਤੋਤੇ ਵਾਂਗ ਦੁਹਰਾ ਸਕਦੇ ਹਨ। ਉਹ ਗਰਾਮੋਫੋਨ ਬਣ ਜਾਂਦੇ ਹਨ ਅਤੇ ਨਵੀਆਂ ਚੀਜ਼ਾਂ ਨੂੰ ਸਮਝਣ ਅਤੇ ਉਨ੍ਹਾਂ ਦੀ ਸਿਰਜਣਾ ਕਰਨ ਦੇ ਆਪਣੇ ਫਰਜ਼ ਨੂੰ ਭੁਲਾ ਦਿੰਦੇ ਹਨ। ਇਹ ਬਿਮਾਰੀ ਕਮਿਊਨਿਸਟ ਪਾਰਟੀ ਦੇ ਅੰਦਰ ਵੀ ਫੈਲ ਗਈ ਹੈ।

ਹਾਲਾਂ ਕਿ ਆਪਾਂ ਮਾਰਕਸਵਾਦ ਦਾ ਅਧਿਐਨ ਕਰਦੇ ਹਾਂ ਪਰ ਆਪਣੇ ਬਹੁਤ ਸਾਰੇ ਲੋਕ ਜਿਸ ਢੰਗ ਨਾਲ਼ ਇਹ ਅਧਿਐਨ ਕਰਦੇ ਹਨ ਇਹ ਪ੍ਰਤੱਖ ਰੂਪ ਵਿੱਚ ਹੀ ਮਾਰਕਸਵਾਦ ਦੇ ਉਲਟ ਹੈ। ਕਹਿਣ ਦਾ ਅਰਥ ਇਹ ਹੈ ਕਿ ਉਹ ਮਾਰਕਸ, ਏਂਗਲਜ਼, ਲੈਨਿਨ ਅਤੇ ਸਤਾਲਿਨ ਦੁਆਰਾ ਸਾਨੂੰ ਬਹੁਤ ਹੀ ਸੰਜੀਦਗੀ ਨਾਲ਼ ਦੱਸੇ ਗਏ ਇੱਕ ਬੁਨਿਆਦੀ ਅਸੂਲ — ਸਿਧਾਂਤ ਅਤੇ ਅਮਲ ਦੀ ਏਕਤਾ ਦੀ — ਉਲੰਘਣਾ ਕਰਦੇ ਹਨ। ਇਸ ਅਸੂਲ ਦੀ ਉਲੰਘਣਾ ਕਰਕੇ ਉਹ ਖੁਦ ਆਪਣਾ ਇੱਕ ਉਲਟਾ ਅਸੂਲ ਯਾਨੀ ਕਿ ਸਿਧਾਂਤ ਨੂੰ ਅਮਲ ਨਾਲ਼ੋਂ ਨਿਖੇੜ ਕੇ ਰੱਖਣ ਦਾ ਅਸੂਲ ਘੜ ਲੈਂਦੇ ਹਨ। ਸਕੂਲੀ ਵਿਦਿਆਰਥੀਆਂ ਅਤੇ ਕੰਮ ਵਿੱਚ ਲੱਗੇ ਹੋਏ ਕਰਿੰਦਿਆਂ ਨੂੰ ਸਿੱਖਿਆ ਦੇਣ ਵਿੱਚ, ਫ਼ਲਸਫੇ ਦੇ ਅਧਿਆਪਕ, ਚੀਨੀ ਇਨਕਲਾਬ ਦੇ ਤਰਕ ਦਾ ਅਧਿਐਨ ਕਰਨ ਲਈ ਵਿਦਿਆਰਥੀਆਂ ਦੀ ਰਹਿਨੁਮਾਈ ਨਹੀਂ ਕਰਦੇ। ਅਰਥ-ਸ਼ਾਸਤਰ ਦੇ ਅਧਿਆਪਕ ਚੀਨੀ ਆਰਥਿਕਤਾ ਦੀਆਂ ਵਿਸ਼ੇਸ਼ਤਾਵਾਂ ਦਾ ਅਧਿਐਨ ਕਰਨ ਲਈ, ਰਾਜਨੀਤੀ ਸ਼ਾਸਤਰ ਦੇ ਅਧਿਆਪਕ, ਚੀਨੀ ਇਨਕਲਾਬ ਦੀਆਂ ਨੀਤੀਆਂ ਦਾ ਅਧਿਐਨ ਕਰਨ ਲਈ ਅਤੇ ਫੌਜੀ ਵਿਗਿਆਨ ਦੇ ਅਧਿਆਪਕ ਚੀਨ ਦੀਆਂ ਠੋਸ ਵਿਸ਼ੇਸ਼ਤਾਵਾਂ ਦੇ ਅਨੁਸਾਰੀ ਯੁੱਧਨੀਤੀ ਅਤੇ ਦਾਅਪੇਚਕ ਨੀਤੀ ਦਾ ਅਧਿਐਨ ਕਰਨ ਲਈ ਉਨ੍ਹਾਂ ਦੀ ਰਹਿਨੁਮਾਈ ਨਹੀਂ ਕਰਦੇ, ਆਦਿ। ਇਸ ਦਾ ਨਤੀਜਾ ਇਹ ਨਿੱਕਲ਼ਦਾ ਹੈ ਕਿ ਗਲਤੀਆਂ ਵਧਦੀਆਂ-ਫੁਲਦੀਆਂ ਰਹਿੰਦੀਆਂ ਹਨ, ਜਿੰਨ੍ਹਾਂ ਨਾਲ਼ ਲੋਕਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ। ਇਸ ਤਰ੍ਹਾਂ ਦੇ ਵਿਅਕਤੀ ਵੀ ਹਨ ਜਿਹੜੇ ਇਹ ਵੀ ਨਹੀਂ ਜਾਣਦੇ ਕਿ ਯੇਨਾਨ ਵਿੱਚ ਸਿੱਖੀ ਹੋਈ ਗੱਲ ਨੂੰ ਫੂਸ਼ੇਨ1 ਵਿੱਚ ਕਿਵੇਂ ਲਾਗੂ ਕੀਤਾ ਜਾਵੇ। ਅਰਥ-ਸ਼ਾਸਤਰ ਦੇ ਪ੍ਰੋਫੈਸਰ ਬਾਰਡਰ ਏਰੀਏ ਦੀ ਮੁਦਰਾ ਅਤੇ ਕੌਮਨਤਾਂਗੀ-ਮੁਦਰਾ2 ਦੇ ਆਪਸੀ ਸਬੰਧ ਨੂੰ ਨਹੀਂ ਸਮਝਾ ਸਕਦੇ। ਇਸ ਲਈ ਇਹ ਸੁਭਾਵਕ ਹੀ ਹੈ ਕਿ ਵਿਦਿਆਰਥੀ ਵੀ ਇਸ ਨੂੰ ਨਹੀਂ ਸਮਝਾ ਸਕਦੇ। ਇਸ ਤਰ੍ਹਾਂ ਬਹੁਤ ਸਾਰੇ ਵਿਦਿਆਰਥੀਆਂ ਵਿੱਚ ਇੱਕ ਉਲਟ ਬਿਰਤੀ ਪੈਦਾ ਹੋ ਗਈ ਹੈ ਕਿ ਚੀਨ ਦੀਆਂ ਸਮੱਸਿਆਵਾਂ ਪ੍ਰਤੀ ਦਿਲਚਸਪੀ ਜ਼ਾਹਰ ਕਰਨ ਅਤੇ ਪਾਰਟੀ ਦੇ ਆਦੇਸ਼ਾਂ ਉੱਪਰ ਸੰਜੀਦਗੀ ਨਾਲ਼ ਅਮਲ ਕਰਨ ਦੀ ਬਜਾਏ ਇਹ ਲੋਕ ਆਪਣੇ ਅਧਿਆਪਕਾਂ ਤੋਂ ਸਿੱਖੇ ਹੋਏ ਅਖੌਤੀ ਜੜ੍ਹ ਅਤੇ ਅਣਬਦਲ ਕਠਮੁੱਲਾਵਾਦੀ ਫਾਰਮੂਲਿਆਂ ਨਾਲ਼ ਹੀ ਚਿੰਬੜੇ ਰਹਿੰਦੇ ਹਨ।

ਬੇਸ਼ੱਕ ਜੋ ਕੁਝ ਮੈਂ ਹੁਣੇ ਕਿਹਾ ਹੈ ਇਹ ਸਾਡੀ ਪਾਰਟੀ ਦੇ ਅੰਦਰ ਮੌਜੂਦ ਬਹੁਤ ਹੀ ਬੁਰੀ ਮਿਸਾਲ ਹੈ ਅਤੇ ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਇਹ ਵਿਆਪਕ ਰੂਪ ਵਿੱਚ ਮੌਜੂਦ ਹੈ ਪਰ ਇਸ ਕਿਸਮ ਦੇ ਲੋਕ ਮੌਜੂਦ ਜ਼ਰੂਰ ਹਨ। ਇਸ ਤੋਂ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਦੀ ਗਿਣਤੀ ਥੋੜ੍ਹੀ ਨਹੀਂ ਹੈ ਅਤੇ ਉਨ੍ਹਾਂ ਤੋਂ ਬਹੁਤ ਨੁਕਸਾਨ ਹੁੰਦਾ ਹੈ। ਸਾਨੂੰ ਇਸ ਮਸਲੇ ਬਾਰੇ ਰਿਐਤ-ਦਿਲੀ ਵਾਲ਼ਾ ਵਤੀਰਾ ਨਹੀਂ ਅਪਨਾਉਣਾ ਚਾਹੀਦਾ।

(3) ਇਸ ਵਿਚਾਰ ਨੂੰ ਹੋਰ ਵੀ ਜ਼ਿਆਦਾ ਸਪਸ਼ਟ ਕਰਨ ਲਈ ਮੈਂ ਦੋ ਵਿਰੋਧੀ ਰਵੱਈਆ ਦੀ ਤੁਲਨਾ ਕਰਨਾ ਚਾਹੁੰਦਾ ਹਾਂ। ਪਹਿਲਾ ਰਵੱਈਆ ਅੰਤਰਮੁਖੀ ਰਵੱਈਆ ਹੈ। ਇਸ ਨਜ਼ਰੀਏ ਨੂੰ ਅਪਨਾਉਣ ਵਾਲ਼ਾ ਵਿਅਕਤੀ, ਆਲ਼ੇ-ਦੁਆਲੇ ਦਾ ਪ੍ਰਣਾਲੀਬੱਧ ਅਤੇ ਭਰਵਾਂ ਅਧਿਐਨ ਨਹੀਂ ਕਰਦਾ। ਬਲਕਿ ਸਿਰਫ਼ ਅੰਤਰਮੁਖੀ ਵੇਗ ਵਿੱਚ ਆ ਕੇ ਕੰਮ ਕਰਦਾ ਹੈ ਅਤੇ ਉਸ ਦੇ ਦਿਮਾਗ ਵਿੱਚ ਅੱਜ ਦੇ ਚੀਨ ਦੀ ਸਿਰਫ਼ ਇੱਕ ਧੁੰਦਲੀ ਜਿਹੀ ਤਸਵੀਰ ਮੌਜੂਦ ਰਹਿੰਦੀ ਹੈ। ਇਸ ਰਵੱਈਏ ਨੂੰ ਅਪਨਾ ਕੇ ਉਹ ਇਤਿਹਾਸ ਨੂੰ ਅੱਡ-ਅੱਡ ਟੁਕੜਿਆਂ ਵਿੱਚ ਵੰਡ ਦਿੰਦਾ ਹੈ। ਉਹ ਸਿਰਫ਼ ਪ੍ਰਾਚੀਨ ਯੂਨਾਨ ਬਾਰੇ ਜਾਣਦਾ ਹੈ ਅਤੇ ਚੀਨ ਬਾਰੇ ਅਣਜਾਣ ਰਹਿੰਦਾ ਹੈ ਅਤੇ ਬੀਤੇ ਕੱਲ੍ਹ ਅਤੇ ਪਰਸੋਂ ਦੇ ਚੀਨ ਬਾਰੇ ਹਨ੍ਹੇਰੇ ਵਿੱਚ ਹੁੰਦਾ ਹੈ। ਇਸ ਰਵੱਈਏ ਨੂੰ ਅਪਨਾਉਣ ਵਾਲ਼ਾ ਵਿਅਕਤੀ ਅਮੂਰਤ ਰੂਪ ਵਿੱਚ ਬਿਨਾਂ ਕਿਸੇ ਉਦੇਸ਼ ਦੇ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤ ਦਾ ਅਧਿਐਨ ਕਰਦਾ ਹੈ। ਉਹ ਮਾਰਕਸ, ਏਂਗਲਜ਼, ਲੈਨਿਨ ਅਤੇ ਸਤਾਲਿਨ ਦੇ ਸਿਧਾਂਤਾਂ ਦਾ ਅਧਿਐਨ ਉਨ੍ਹਾਂ ਦੇ ਰਵੱਈਏ, ਨਜ਼ਰੀਏ ਅਤੇ ਤਰੀਕੇ ਦੀ ਥਾਹ ਪਾਉਣ ਲਈ ਨਹੀਂ ਕਰਦਾ, ਜਿੰਨ੍ਹਾਂ ਦੀ ਮਦਦ ਨਾਲ਼ ਚੀਨੀ ਇਨਕਲਾਬ ਦੀਆਂ ਸਿਧਾਂਤਕ ਅਤੇ ਅਮਲੀ ਨੀਤੀਆਂ ਸਬੰਧੀ ਸਮੱਸਿਆਵਾਂ ਦਾ ਹੱਲ ਲੱਭਿਆ ਜਾ ਸਕੇ, ਬਲਕਿ ਕੇਵਲ ਸਿਧਾਂਤ ਲਈ ਹੀ ਸਿਧਾਂਤ ਦਾ ਅਧਿਐਨ ਕਰਦਾ ਹੈ। ਉਹ ਨਿਸ਼ਾਨਾ ਬਿੰਨ੍ਹ ਕੇ ਤੀਰ ਨਹੀਂ ਚਲਾਉਂਦਾ, ਸਗੋਂ ਬਿਨਾਂ ਨਿਸ਼ਾਨਾ ਬਿੰਨਿਆਂ ਹੀ ਤੀਰ ਚਲਾਉਂਦਾ ਰਹਿੰਦਾ ਹੈ। ਮਾਰਕਸ, ਏਂਗਲਜ਼, ਲੈਨਿਨ ਅਤੇ ਸਤਾਲਿਨ ਨੇ ਸਾਨੂੰ ਇਹ ਸਿਖਾਇਆ ਹੈ ਕਿ ਬਾਹਰਮੁਖੀ ਹਕੀਕਤ ਨੂੰ ਅਧਾਰ ਬਣਾ ਕੇ ਸਾਨੂੰ ਐਸੇ ਨਿਯਮ ਨਿਰਧਾਰਤ ਕਰਨੇ ਚਾਹੀਦੇ ਹਨ, ਜੋ ਸਾਡੀ ਕਾਰਵਾਈ ਦੀ ਰਾਹਨੁਮਾਈ ਕਰ ਸਕਣ। ਇਸ ਮੰਤਵ ਲਈ, ਜਿਵੇਂ ਕਿ ਮਾਰਕਸ ਨੇ ਕਿਹਾ ਹੈ ਸਾਨੂੰ ਸਮੱਗਰੀ ਨੂੰ ਵਿਸਥਾਰ ਸਹਿਤ ਹੱਥਾਂ ਵਿੱਚ ਲੈਣਾ ਚਾਹੀਦਾ ਹੈ।3 ਸਾਡੇ ਬਹੁਤ ਸਾਰੇ ਲੋਕ ਇਸ ਢੰਗ ਨਾਲ਼ ਕੰਮ ਨਹੀਂ ਕਰਦੇ, ਬਲਕਿ ਇਸ ਤੋਂ ਉਲਟ ਕਰਦੇ ਹਨ। ਉਨ੍ਹਾਂ ‘ਚੋਂ ਕਾਫ਼ੀ ਸਾਰੇ ਖੋਜ-ਕੰਮਾਂ ਵਿੱਚ ਤਾਂ ਲੱਗੇ ਹੋਏ ਹਨ ਪਰ ਅਜੋਕੇ ਚੀਨ ਜਾਂ ਭੂਤਕਾਲ ਦੇ ਚੀਨ ਦਾ ਅਧਿਐਨ ਕਰਨ ਬਾਰੇ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਹੈ, ਸਗੋਂ ਉਨ੍ਹਾਂ ਦੀ ਦਿਲਚਸਪੀ ਕੇਵਲ ਉਨ੍ਹਾਂ ਖੋਖਲੇ ”ਸਿਧਾਂਤਾਂ” ਦਾ ਅਧਿਐਨ ਕਰਨ ਤੱਕ ਹੀ ਸੀਮਤ ਹੈ ਜਿੰਨ੍ਹਾਂ ਦਾ ਹਕੀਕਤ ਨਾਲ਼ ਕੋਈ ਸਬੰਧ ਨਹੀਂ ਹੈ। ਬਹੁਤ ਸਾਰੇ ਹੋਰ ਲੋਕ ਅਮਲੀ ਕੰਮਾਂ ਵਿੱਚ ਜੁਟੇ ਹੋਏ ਹਰ ਪਰ ਉਹ ਵੀ ਬਾਹਰਮੁਖੀ ਹਾਲਤਾਂ ਦਾ ਅਧਿਐਨ ਕਰਨ ਵੰਨੀ ਕੋਈ ਧਿਆਨ ਨਹੀਂ ਦਿੰਦੇ, ਸਗੋਂ ਅਕਸਰ ਹੀ ਸਿਰਫ਼ ਜਜ਼ਬਾਤ ਵਿੱਚ ਆ ਕੇ ਕੰਮ ਕਰਦੇ ਹਨ ਅਤੇ ਨੀਤੀ ਦੀ ਜਗਹ ਆਪਣੀਆਂ ਵਿਅਕਤੀਗਤ ਭਾਵਨਾਵਾਂ ਨੂੰ ਉਭਾਰ ਦਿੰਦੇ ਹਨ। ਇਹ ਦੋਵਾਂ ਤਰ੍ਹਾਂ ਦੇ ਲੋਕ ਅੰਤਰਮੁਖੀ ਤੱਤ ‘ਤੇ ਨਿਰਭਰ ਰਹਿੰਦੇ ਹਨ ਅਤੇ ਬਾਹਰਮੁਖੀ ਹਕੀਕਤ ਦੀ ਹੋਂਦ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਭਾਸ਼ਣ ਦੇਣ ਸਮੇਂ ਇਹ ਲੋਕ ਸਿਰਲੇਖਾਂ ਦੀ ਇੱਕ ਲੰਮੀ ਕੜੀ ਉ, ਅ, ਈ, ਸ, 1, 2, 3, 4, ਦਾ ਪ੍ਰਯੋਗ ਕਰਦੇ ਹਨ ਅਤੇ ਲੇਖ ਲਿਖਦੇ ਸਮੇਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਹਨ। ਤੱਥਾਂ ਦੇ ਰਾਹੀਂ ਸੱਚ ਦੀ ਖੋਜ ਕਰਨ ਦੀ ਕੋਈ ਇੱਛਾ ਉਨ੍ਹਾਂ ਦੇ ਅੰਦਰ ਨਹੀਂ ਹੁੰਦੀ, ਸਗੋਂ ਉਹ ਸਿਰਫ਼ ਵਾਕ ਚਤੁਰਾਈ ਰਾਹੀਂ ਵਾਹ-ਵਾਹ ਕਰਵਾਉਣ ਦੇ ਇੱਛਕ ਹੁੰਦੇ ਹਨ। ਉਹ ਅਜਿਹੀ ਚੀਜ਼ ਦੇ ਵਾਂਗ ਹੁੰਦੇ ਹਨ ਜੋ ਚਮਕੀਲੀ ਤਾਂ ਹੁੰਦੀ ਹੈ ਪਰ ਸੋਨਾ ਨਹੀਂ, ਸਖ਼ਤ ਤਾਂ ਹੁੰਦੀ ਹੈ ਪਰ ਮਜ਼ਬੂਤ ਨਹੀਂ। ਉਹ ਆਪਣੇ ਆਪ ਨੂੰ ਸਦਾ ਸਹੀ ਸਮਝਦੇ ਹਨ। ਉਹ ਆਪਣੇ ਆਪ ਨੂੰ ਸੰਸਾਰ ਦਾ ਪਹਿਲੇ ਦਰਜੇ ਦਾ ਧੁਰੰਤਰ ਵਿਦਵਾਨ ਅਤੇ ਇੱਕ ਐਸਾ ‘ਸ਼ਾਹੀ ਦੂਤ’ ਸਮਝਦੇ ਹਨ, ਜਿਸ ਦਾ ਹਰ ਥਾਂ ਦਖ਼ਲ ਹੁੰਦਾ ਹੈ। ਸਾਡੀਆਂ ਸਫ਼ਾਂ ਅੰਦਰ ਵੀ ਕੁਝ ਸਾਥੀਆਂ ਦੀ ਕੰਮ-ਤਰਜ਼ ਅਜਿਹੀ ਹੀ ਹੈ। ਇਸ ਕੰਮ-ਤਰਜ਼ ਰਾਹੀਂ ਆਪਣਾ ਚਾਲ-ਚਲਣ ਤੈਅ ਕਰਨ ਦਾ ਮਤਲਬ ਹੈ ਖੁਦ ਆਪਣਾ ਨੁਕਸਾਨ ਕਰਨਾ ਅਤੇ ਦੂਸਰੇ ਲੋਕਾਂ ਨੂੰ ਇਹ ਸਿਖਾਉਣ ਦਾ ਮਤਲਬ ਹੈ ਉਨ੍ਹਾਂ ਦਾ ਨੁਕਸਾਨ ਕਰਨਾ ਅਤੇ ਇਸ ਕੰਮ-ਤਰਜ਼ ਨੂੰ ਇਨਕਲਾਬ ਦੀ ਅਗਵਾਈ ਲਈ ਵਰਤੋਂ ਕਰਨ ਦਾ ਅਰਥ ਹੈ — ਇਨਕਲਾਬ ਨੂੰ ਨੁਕਸਾਨ ਪਹੁੰਚਾਉਣਾ। ਸੰਖੇਪ ਵਿੱਚ — ਇਹ ਅੰਤਰਮੁਖੀ ਤਰੀਕਾ, ਜੋ ਵਿਗਿਆਨ ਅਤੇ ਮਾਰਕਸਵਾਦ-ਲੈਨਿਨਵਾਦ ਦੇ ਵਿਰੁੱਧ ਹੈ ਕਮਿਊਨਿਸਟ ਪਾਰਟੀ ਦਾ ਇੱਕ ਬਹੁਤ ਵੱਡਾ ਦੁਸ਼ਮਣ ਹੈ, ਮਜ਼ਦੂਰ ਜਮਾਤ ਦਾ ਇੱਕ ਬਹੁਤ ਵੱਡਾ ਦੁਸ਼ਮਣ ਹੈ। ਜਨਤਾ ਅਤੇ ਸਾਡੀ ਕੌਮ ਦਾ ਇੱਕ ਬਹੁਤ ਵੱਡਾ ਦੁਸ਼ਮਣ ਹੈ। ਇਹ ਪਾਰਟੀ ਭਾਵਨਾ ਵਿੱਚ ਖੋਟ ਦਾ ਹੀ ਇਜਹਾਰ ਹੈ। ਇੱਕ ਬਹੁਤ ਵੱਡਾ ਦੁਸ਼ਮਣ ਸਾਡੇ ਸਾਹਮਣੇ ਖੜ੍ਹਾ ਹੈ ਅਤੇ ਅਸੀਂ ਉਖਾੜ ਸੁਟਣਾ ਹੈ। ਜਦ ਅੰਤਰਮੁਖੀਵਾਦ ਨੂੰ ਉਖਾੜ ਸੁਟਿਆ ਜਾਵੇਗਾ ਸਿਰਫ਼ ਉਦੋਂ ਹੀ, ਮਾਰਕਸਵਾਦ-ਲੈਨਿਨਵਾਦ ਦੇ ਸੱਚ ਦੀ ਕਦਰ ਪਾਈ ਜਾ ਸਕੇਗੀ, ਪਾਰਟੀ-ਭਾਵਨਾ ਨੂੰ ਦ੍ਰਿੜ ਬਣਾਇਆ ਜਾ ਸਕੇਗਾ ਅਤੇ ਇਨਕਲਾਬ ਨੂੰ ਜੇਤੂ ਕੀਤਾ ਜਾ ਸਕੇਗਾ। ਸਾਨੂੰ ਇਹ ਗੱਲ ਦ੍ਰਿੜਤਾ ਨਾਲ਼ ਕਹਿਣੀ ਚਾਹੀਦੀ ਹੈ ਕਿ ਵਿਗਿਆਨਕ ਰਵੱਈਏ ਦੀ ਘਾਟ ਅਰਥਾਤ ਸਿਧਾਂਤ ਅਤੇ ਅਮਲ ਦਾ ਸੁਮੇਲ ਕਰਨ ਵਾਲ਼ੇ ਮਾਰਕਸਵਾਦੀ-ਲੈਨਿਨਵਾਦੀ ਰਵੱਈਏ ਦੀ ਘਾਟ ਦਾ ਅਰਥ ਇਹ ਹੈ ਕਿ ਸਾਡੇ ਅੰਦਰ ਜਾਂ ਤਾਂ ਪਾਰਟੀ ਭਾਵਨਾ ਹੈ ਹੀ ਨਹੀਂ ਜਾਂ ਉਹ ਬਹੁਤ ਕਮਜ਼ੋਰ ਹੈ।

ਇਸ ਕਿਸਮ ਦੇ ਵਿਅਕਤੀ ਦਾ ਚਿੱਤਰਣ ਕਵਿਤਾ ਦੇ ਇੱਕ ਬੰਦ ਵਿੱਚ ਇਸ ਤਰ੍ਹਾਂ ਕੀਤਾ ਗਿਆ ਹੈ:

ਕੰਧ ਵਿੱਚ ਉੱਗਣ ਵਾਲ਼ਾ ਕਾਨਾ
ਉੱਪਰ ਤੋਂ ਭਾਰੀ ਭਰਕਮ
ਪਰ ਤਨਾ ਕਮਜ਼ੋਰ, ਜੜ੍ਹਾਂ ਥੋਥੀਆਂ,
ਪਹਾੜ ‘ਤੇ ਉਗਣ ਵਾਲ਼ਾ ਬਾਂਸ
ਤੇਜ਼, ਨੋਕੀਲਾ, ਮੋਟੀ ਛਿੱਲ ਵਾਲ਼ਾ
ਪਰ ਅੰਦਰੋਂ ਖੋਖਲਾ।

ਕੀ ਇਹ ਹੂ-ਬ-ਹੂ ਉਨ੍ਹਾਂ ਲੋਕਾਂ ਦਾ ਚਿੱਤਰਣ ਨਹੀਂ ਹੈ ਜਿੰਨ੍ਹਾਂ ਅੰਦਰ ਵਿਗਿਆਨਕ ਰਵੱਈਏ ਦੀ ਘਾਟ ਹੈ ਜੋ ਸਿਰਫ਼ ਮਾਰਕਸ, ਏਂਗਲਜ਼, ਲੈਨਿਨ ਅਤੇ ਸਤਾਲਿਨ ਦੀਆਂ ਰਚਨਾਵਾਂ ਦੇ ਕੁਝ ਸ਼ਬਦ ਅਤੇ ਵਾਕ ਰੱਟ ਲੈਂਦੇ ਹਨ ਅਤੇ ਜਿੰਨ੍ਹਾਂ ਨੂੰ ਅਜਿਹਾ ਸਨਮਾਨ-ਅਹੁਦਾ ਪ੍ਰਾਪਤ ਹੈ, ਜਿਸ ਦੇ ਲਾਇਕ ਉਹ ਹਕੀਕੀ ਗਿਆਨ ਦੀ ਦ੍ਰਿਸ਼ਟੀ ਤੋਂ ਨਹੀਂ ਹਨ। ਜੇਕਰ ਕੋਈ ਵਿਅਕਤੀ ਸੱਚਮੁਚ ਹੀ ਆਪਣੀ ਇਸ ਮਰਜ਼ ਦਾ ਇਲਾਜ਼ ਕਰਨਾ ਚਾਹੁੰਦਾ ਹੈ ਅਤੇ ਜਾਂ ਹੋਰ ਵੀ ਜ਼ਿਆਦਾ ਹੌਂਸਲਾ ਰੱਖਦਾ ਹੈ ਤਾਂ ਉਸ ਨੂੰ ਇਹ ਆਪਣੇ ਕਮਰੇ ਦੀ ਕੰਧ ‘ਤੇ ਚਿਪਕਾ ਦੇਣਾ ਚਾਹੀਦਾ ਹੈ। ਮਾਰਕਸਵਾਦ-ਲੈਨਿਨਵਾਦ ਇੱਕ ਵਿਗਿਆਨ ਹੈ ਅਤੇ ਵਿਗਿਆਨ ਦਾ ਮਤਲਬ ਹੈ ਇਮਾਨਦਾਰੀ ਨਾਲ਼ ਹਾਸਲ ਕੀਤਾ ਹੋਇਆ ਠੋਸ ਗਿਆਨ। ਇਸ ਵਿੱਚ ਹੇਰਾਫੇਰੀ ਦੀ ਕੋਈ ਗੁੰਜਾਇਸ਼ ਨਹੀਂ ਹੈ। ਇਸ ਲਈ ਆਓ, ਇਮਾਨਦਾਰ ਬਣੀਏ।

ਦੂਸਰਾ ਰਵੱਈਆ ਮਾਰਕਸਵਾਦੀ-ਲੈਨਿਨਵਾਦੀ ਰਵੱਈਆ ਹੈ।

ਇਸ ਰਵੱਈਏ ਨੂੰ ਅਪਨਾਉਣ ਵਾਲ਼ੇ ਲੋਕ ਆਪਣੇ ਆਲ਼ੇ-ਦੁਆਲ਼ੇ ਦੀ ਪ੍ਰਣਾਲੀਬੱਧ ਅਤੇ ਭਰਵੀਂ ਜਾਂਚ-ਪੜਤਾਲ ਅਤੇ ਅਧਿਐਨ ਕਰਨ ਲਈ ਮਾਰਕਸਵਾਦੀ-ਲੈਨਿਨਵਾਦੀ ਸਿਧਾਂਤ ਅਤੇ ਤਰੀਕੇ ਨੂੰ ਲਾਗੂ ਕਰਦੇ ਹਨ। ਉਹ ਸਿਰਫ਼ ਜੋਸ਼ ਵਿੱਚ ਆ ਕੇ ਹੀ ਕੰਮ ਨਹੀਂ ਕਰਦੇ, ਸਗੋਂ ਜਿਵੇਂ ਕਿ ਸਤਾਲਿਨ ਨੇ ਕਿਹਾ ਹੈ ਇਨਕਲਾਬੀ ਉਤਸ਼ਾਹ ਅਤੇ ਅਮਲੀ ਯੋਗਤਾ ਦਾ ਸੰਯੋਗ ਵੀ ਕਰਦੇ ਹਨ।4 ਇਸ ਰਵੱਈਏ ਨੂੰ ਅਪਣਾ ਕੇ ਉਹ ਇਤਿਹਾਸ ਨੂੰ ਵੱਖ-ਵੱਖ ਟੁਕੜਿਆਂ ਵਿੱਚ ਨਹੀਂ ਵੰਡਦੇ। ਉਨ੍ਹਾਂ ਲਈ ਕੇਵਲ ਪ੍ਰਾਚੀਨ ਯੂਨਾਨ ਦੀ ਜਾਣਕਾਰੀ ਪ੍ਰਾਪਤ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਚੀਨ ਦੀ ਜਾਣਕਾਰੀ ਹਾਸਲ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਨੂੰ ਨਾ ਸਿਰਫ਼ ਵਿਦੇਸ਼ਾਂ ਦੇ ਇਨਕਲਾਬੀ ਇਤਿਹਾਸ ਦੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ, ਸਗੋਂ ਚੀਨ ਦੇ ਇਨਕਲਾਬੀ ਇਤਿਹਾਸ ਦੀ ਜਾਣਕਾਰੀ ਵੀ ਹਾਸਲ ਕਰ ਲੈਣੀ ਚਾਹੀਦੀ ਹੈ। ਨਾ ਸਿਰਫ਼ ਅੱਜ ਦੇ ਚੀਨ ਦੀ ਜਾਣਕਾਰੀ, ਬੀਤੇ ਸਗੋਂ ਕੱਲ੍ਹ ਅਤੇ ਪਰਸੋਂ ਦੇ ਚੀਨ ਦੀ ਜਾਣਕਾਰੀ ਵੀ ਹਾਸਲ ਕਰਨੀ ਚਾਹੀਦੀ ਹੈ। ਇਸ ਰਵੱਈਏ ਨੂੰ ਅਪਨਾਉਣ ਵਾਲ਼ੇ ਲੋਕ ਨਿਸ਼ਚਿਤ ਉਦੇਸ਼ ਲਈ ਅਰਥਾਤ ਚੀਨੀ ਇਨਕਲਾਬ ਦੀ ਸਿਧਾਂਤਕ ਅਤੇ ਅਮਲੀ ਨੀਤੀ ਦੀਆਂ ਵਿਸ਼ੇਸ਼ ਸਮੱਸਿਆਵਾਂ ਦੇ ਹੱਲ ਵਿੱਚ ਸਹਾਇਕ ਰੁਖ, ਨਜ਼ਰੀਆ ਅਤੇ ਤਰੀਕੇ ਦਾ ਪਤਾ ਲਾਉਣ ਲਈ ਮਾਰਕਸਵਾਦ-ਲੈਨਿਨਵਾਦ ਦਾ ਅਧਿਐਨ ਕਰਦੇ ਹਨ। ਇਹ ਰਵੱਈਆ ਨਿਸ਼ਾਨਾ ਬਿੰਨ੍ਹ ਕੇ ਤੀਰ ਚਲਾਉਣ ਦਾ ਰਵੱਈਆ ਹੈ। ਸਾਡਾ ”ਨਿਸ਼ਾਨਾ” ਹੈ ਚੀਨੀ ਇਨਕਲਾਬ ਅਤੇ ਸਾਡਾ ”ਤੀਰ” ਹੈ ਮਾਰਕਸਵਾਦ-ਲੈਨਿਨਵਾਦ। ਸਾਨੂੰ ਚੀਨੀ ਕਮਿਊਨਿਸਟਾਂ ਨੂੰ ਇਸ ਤੀਰ ਦੀ ਇਸ ਕਰਕੇ ਤਲਾਸ਼ ਰਹੀ ਹੈ ਕਿ ਅਸੀਂ ਚੀਨੀ ਇਨਕਲਾਬ ਦੇ ਨਿਸ਼ਾਨੇ ਅਤੇ ਪੂਰਬ ਦੇ ਇਨਕਲਾਬ ਦੇ ਨਿਸ਼ਾਨੇ ਨੂੰ ਬਿੰਨ੍ਹਣਾ ਚਾਹੁੰਦੇ ਹਾਂ। ਇਸ ਤਰ੍ਹਾਂ ਦਾ ਰਵੱਈਆ ਅਪਨਾਉਣ ਦਾ ਅਰਥ ਹੈ — ਤੱਥਾਂ ਰਾਹੀਂ ਸੱਚ ਦੀ ਖੋਜ ਕਰਨਾ। ਤੱਥਾਂ ਵਿੱਚ ਉਹ ਸਭ ਚੀਜ਼ਾਂ ਸ਼ਾਮਲ ਹਨ, ਜਿੰਨ੍ਹਾਂ ਦੀ ਹੋਂਦ ਬਾਹਰਮੁਖੀ ਰੂਪ ਵਿੱਚ ਪ੍ਰਗਟ ਹੈ। ‘ਸੱਚ’ ਦਾ ਅਰਥ ਹੈ, ਉਨ੍ਹਾਂ ਦੇ ਅੰਦਰੂਨੀ ਸਬੰਧ ਅਰਥਾਤ ਉਨ੍ਹਾਂ ਨੂੰ ਚਲਾਉਣ ਵਾਲ਼ੇ ਨਿਯਮ ਅਤੇ ‘ਖੋਜ ਕਰਨਾ’ ਦਾ ਅਰਥ ਹੈ ਅਧਿਐਨ ਕਰਨਾ। ਆਪਣੇ ਦੇਸ਼, ਸੂਬੇ, ਕਾਊਂਟੀ ਜਾਂ ਜ਼ਿਲ੍ਹੇ ਅੰਦਰ ਅਤੇ ਬਾਹਰ ਮੌਜੂਦ ਹਕੀਕੀ ਹਾਲਤਾਂ ਨੂੰ ਅਧਾਰ ਬਣਾ ਕੇ ਸਾਨੂੰ ਆਪਣੇ ਕੰਮ ਦੀ ਰਾਹਨੁਮਾਈ ਕਰਨ ਵਾਲ਼ੇ ਨਿਯਮ ਨਿਰਧਾਰਤ ਕਰਨੇ ਚਾਹੀਦੇ ਹਨ। ਅਜਿਹੇ ਨਿਯਮ ਜੋ ਹਕੀਕੀ ਹਾਲਤਾਂ ਅੰਦਰ ਮੌਜੂਦ ਹੋਣ ਅਤੇ ਕਾਲਪਨਿਕ ਨਾ ਹੋਣ। ਅਰਥਾਤ ਸਾਨੂੰ ਆਪਣੇ ਚਾਰੇ ਪਾਸੇ ਹੋਣ ਵਾਲ਼ੀਆਂ ਘਟਨਾਵਾਂ ਦੇ ਅੰਦਰੂਨੀ ਸਬੰਧਾਂ ਦਾ ਥਹੁ ਪਾ ਲੈਣਾ ਚਾਹੀਦਾ ਹੈ। ਅਤੇ ਇਉਂ ਕਰਨ ਲਈ ਸਾਨੂੰ ਅੰਤਰਮੁਖੀ ਕਲਪਨਾ ਉੱਪਰ ਨਿਰਭਰ ਨਹੀਂ ਕਰਨਾ ਚਾਹੀਦਾ, ਵਕਤੀ ਜੋਸ਼ ‘ਤੇ ਵੀ ਨਿਰਭਰ ਨਹੀਂ ਰਹਿਣਾ ਚਾਹੀਦਾ ਅਤੇ ਨਿਰਜੀਵ ਕਿਤਾਬਾਂ ‘ਤੇ ਵੀ ਨਹੀਂ ਨਿਰਭਰ ਰਹਿਣਾ ਚਾਹੀਦਾ, ਸਗੋਂ ਐਸੇ ਤੱਥਾਂ ‘ਤੇ ਨਿਰਭਰ ਰਹਿਣਾ ਚਾਹੀਦਾ ਹੈ ਜਿੰਨ੍ਹਾਂ ਦੀ ਹੋਂਦ ਬਾਹਰਮੁਖੀ ਰੂਪ ਵਿੱਚ ਮੌਜੂਦ ਹੋਵੇ। ਸਾਨੂੰ ਸਮੱਗਰੀ ਨੂੰ ਵਿਸਥਾਰ ਵਿੱਚ ਹੱਥਾਂ ਵਿੱਚ ਲੈਣਾ ਚਾਹੀਦਾ ਹੈ ਅਤੇ ਮਾਰਕਸਵਾਦ-ਲੈਨਿਨਵਾਦ ਦੇ ਆਮ ਅਸੂਲਾਂ ਦੀ ਰਾਹਨੁਮਾਈ ਵਿੱਚ ਉਸ ਤੋਂ ਸਹੀ ਨਤੀਜੇ ਕੱਢਣੇ ਚਾਹੀਦੇ ਹਨ। ਇਸ ਤਰ੍ਹਾਂ ਕੱਢੇ ਗਏ ਨਤੀਜੇ ਉ, ਅ, ਈ, ਸ, ਕਰਮ ਵਿੱਚ ਘਟਨਾਵਾਂ ਦੀ ਸੂਚੀ ਮਾਤਰ ਜਾਂ ਨਿਰਾਰਥਕ ਗੱਲਾਂ ਨਾਲ਼ ਭਰੇ ਹੋਏ ਲੇਖ ਮਾਤਰ ਨਹੀਂ ਹੁੰਦੇ, ਬਲਕਿ ਵਿਗਿਆਨਕ ਨਤੀਜੇ ਹੁੰਦੇ ਹਨ। ਇਸ ਤਰ੍ਹਾਂ ਦਾ ਰਵੱਈਆ ਤੱਥਾਂ ਦੇ ਜ਼ਰੀਏ ਸੱਚ ਦੀ ਖੋਜ ਕਰਨ ਦਾ ਰਵੱਈਆ ਹੈ ਅਤੇ ਵਾਕ-ਚਤੁਰਾਈ ਦੇ ਜ਼ਰੀਏ ਵਾਹ-ਵਾਹ ਕਰਵਾਉਣ ਦਾ ਰਵੱਈਆ ਨਹੀਂ ਹੈ। ਇਹ ਪਾਰਟੀ-ਭਾਵਨਾ ਨੂੰ ਜ਼ਾਹਰ ਕਰਦਾ ਹੈ, ਸਿਧਾਂਤ ਅਤੇ ਅਮਲ ਨੂੰ ਸੁਮੇਲਣ ਵਾਲ਼ੀ ਮਾਰਕਸਵਾਦੀ-ਲੈਨਿਨਵਾਦੀ ਕੰਮ-ਤਰਜ਼ ਨੂੰ ਜ਼ਾਹਰ ਕਰਦਾ ਹੈ। ਕਮਿਊਨਿਸਟ ਪਾਰਟੀ ਦੇ ਹਰੇਕ ਮੈਂਬਰ ਨੂੰ ਘੱਟ ਤੋਂ ਘੱਟ ਇਹ ਰਵੱਈਆ ਜ਼ਰੂਰ ਅਪਨਾਉਣਾ ਚਾਹੀਦਾ ਹੈ। ਜੋ ਵਿਅਕਤੀ ਇਸ ਰਵੱਈਏ ਨੂੰ ਅਪਣਾਉਂਦਾ ਹੈ ਉਹ ਨਾ ਤਾਂ ”ਉੱਪਰ ਤੋਂ ਭਾਰੀ ਭਰਕਮ ਪਰ ਕਮਜ਼ੋਰ ਤਣੇ ਅਤੇ ਪਤਲੀਆਂ ਜੜਾਂ ਵਾਲ਼ਾ” ਹੁੰਦਾ ਹੈ ਅਤੇ ਨਾ ਹੀ ”ਤੇਜ਼ ਨੁਕੀਲਾ, ਮੋਟੀ ਛਿੱਲ ਵਾਲ਼ਾ ਪਰ ਅੰਦਰੋਂ ਖੋਖਲਾ” ਹੁੰਦਾ ਹੈ।

ਉਪਰੋਕਤ ਵਿਚਾਰਾਂ ਦੇ ਅਨੁਸਾਰ ਮੈਂ ਇਹ ਸੁਝਾਅ ਪੇਸ਼ ਕਰਨਾ ਚਾਹੁੰਦਾ ਹਾਂ।

1) ਆਪਣੇ ਆਲ਼ੇ-ਦੁਆਲ਼ੇ ਦੀ ਹਾਲਤ ਦਾ ਪ੍ਰਣਾਲੀਬੱਧ ਅਤੇ ਭਰਵਾਂ ਅਧਿਐਨ ਕਰਨ ਦੇ ਕਾਰਜ ਨੂੰ ਸਾਨੂੰ ਸਮੁੱਚੀ ਪਾਰਟੀ ਸਾਹਮਣੇ ਰੱਖਣਾ ਚਾਹੀਦਾ ਹੈ। ਮਾਰਕਸਵਾਦ-ਲੈਨਿਨਵਾਦ ਦੇ ਸਿਧਾਂਤ ਅਤੇ ਤਰੀਕੇ ਦੇ ਅਧਾਰ ‘ਤੇ ਸਾਨੂੰ ਆਪਣੇ ਦੁਸ਼ਮਣਾਂ ਦੀ, ਆਪਣੇ ਦੋਸਤਾਂ ਦੀ ਅਤੇ ਖੁਦ ਆਪਣੀ ਆਰਥਕ, ਸਿਆਸੀ, ਫੌਜੀ, ਸੱਭਿਆਚਾਰਕ ਅਤੇ ਪਾਰਟੀ ਦੀਆਂ ਸਰਗਰਮੀਆਂ ਦੇ ਵਿਕਾਸ ਦੀ ਹਾਲਤ ਦੀ ਵਿਸਥਾਰ ਸਹਿਤ ਜਾਂਚ-ਪੜਤਾਲ ਅਤੇ ਅਧਿਐਨ ਕਰਨਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਸਹੀ ਅਤੇ ਜ਼ਰੂਰੀ ਨਤੀਜੇ ਕੱਢਣੇ ਚਾਹੀਦੇ ਹਨ। ਇਸ ਮੰਤਵ ਦੀ ਪੂਰਤੀ ਲਈ ਸਾਨੂੰ ਆਪਣੇ ਸਾਥੀਆਂ ਦਾ ਧਿਆਨ ਇਨ੍ਹਾਂ ਵਿਹਾਰਕ ਮਸਲਿਆਂ ਦੀ ਜਾਂਚ-ਪੜਤਾਲ ਕਰਨ ਅਤੇ ਉਨ੍ਹਾਂ ਦਾ ਅਧਿਐਨ ਕਰਨ ਵੱਲ ਖਿੱਚਣਾ ਚਾਹੀਦਾ ਹੈ। ਸਾਨੂੰ ਆਪਣੇ ਸਾਥੀਆਂ ਨੂੰ ਇਹ ਸਮਝਾ ਦੇਣਾ ਚਾਹੀਦਾ ਹੈ ਕਿ ਹਾਲਤਾਂ ਬਾਰੇ ਜਾਣਕਾਰੀ ਹਾਸਲ ਕਰਨਾ ਅਤੇ ਨੀਤੀ ਵਿੱਚ ਨਿਪੁੰਨਤਾ ਹਾਸਲ ਕਰਨੀ ਕਮਿਊਨਿਸਟ ਪਾਰਟੀ ਦੀਆਂ ਅਗਵਾਈ ਕਰਨ ਵਾਲ਼ੀਆਂ ਕਮੇਟੀਆਂ ਦਾ ਦੂਹਰਾ ਬੁਨਿਆਦੀ ਕਾਰਜ ਹੈ। ਪਹਿਲੇ ਕਾਰਜ ਦਾ ਅਰਥ ਹੈ ਸੰਸਾਰ ਨੂੰ ਜਾਣਨਾ ਅਤੇ ਦੂਸਰੇ ਦਾ ਅਰਥ ਹੈ ਸੰਸਾਰ ਨੂੰ ਬਦਲਣਾ। ਸਾਨੂੰ ਆਪਣੇ ਸਾਥੀਆਂ ਨੂੰ ਇਹ ਵੀ ਸਮਝਾ ਦੇਣਾ ਚਾਹੀਦਾ ਹੈ ਕਿ ਬਿਨਾਂ ਜਾਂਚ-ਪੜਤਾਲ ਕੀਤਿਆਂ ਕਿਸੇ ਨੂੰ ਵੀ ਬੋਲਣ ਦਾ ਹੱਕ ਨਹੀਂ ਹੈ ਅਤੇ ਵੱਡੀਆਂ-ਵੱਡੀਆਂ ਗੱਲਾਂ ਕਰਨ ਤੇ ਓ, ਅ, ਈ, ਸ, ਕਰਮ ਵਿੱਚ ਘਟਨਾਵਾਂ ਦੀ ਲੜੀ ਪੇਸ਼ ਕਰ ਦੇਣ ਨਾਲ਼ ਕੋਈ ਲਾਭ ਨਹੀਂ ਹੁੰਦਾ। ਮਿਸਾਲ ਵਜੋਂ ਪ੍ਰਚਾਰ ਦੇ ਕੰਮ ਨੂੰ ਹੀ ਲਈਏ। ਜੇਕਰ ਅਸੀਂ ਆਪਣੇ ਦੁਸ਼ਮਣਾਂ ਦੇ, ਆਪਣੇ ਦੋਸਤਾਂ ਦੇ ਅਤੇ ਖੁਦ ਆਪਣੇ ਪ੍ਰਚਾਰ ਦੀ ਸਥਿਤੀ ਬਾਰੇ ਨਹੀਂ ਜਾਣਦੇ, ਤਾਂ ਅਸੀਂ ਆਪਣੇ ਵਾਸਤੇ ਇੱਕ ਸਹੀ ਪ੍ਰਚਾਰ ਨੀਤੀ ਅਖ਼ਤਿਆਰ ਕਰਨ ਵਿੱਚ ਅਸਫ਼ਲ ਰਹਾਂਗੇ। ਕਿਸੇ ਵੀ ਵਿਭਾਗ ਵਿੱਚ ਕੰਮ ਕਰਨ ਲਈ, ਪਹਿਲਾਂ ਉੱਥੋਂ ਦੀ ਹਾਲਤ ਬਾਰੇ ਜਾਣੂੰ ਹੋਣਾ ਜ਼ਰੂਰੀ ਹੈ ਸਿਰਫ਼ ਤਾਂ ਹੀ ਉਸ ਕੰਮ ਨੂੰ ਠੀਕ ਢੰਗ ਨਾਲ਼ ਨੇਪੜੇ ਚਾੜ੍ਹਿਆ ਜਾ ਸਕਦਾ ਹੈ। ਜਾਂਚ-ਪੜਤਾਲ ਅਤੇ ਅਧਿਐਨ ਕਰਨ ਦੀਆਂ ਯੋਜਨਾਵਾਂ ਨੂੰ ਸਮੁੱਚੀ ਪਾਰਟੀ ਵਿੱਚ ਲਾਗੂ ਕਰਨਾ ਪਾਰਟੀ ਦੀ ਕੰਮ-ਤਰਜ਼ ਨੂੰ ਬਦਲਣ ਦੀ ਬੁਨਿਆਦੀ ਕੜੀ ਹੈ।

2) ਜਿੱਥੋਂ ਤੱਕ ਚੀਨ ਦੇ ਸੌ ਸਾਲ ਦੇ ਇਤਿਹਾਸ ਦਾ ਸਬੰਧ ਹੈ, ਸਾਨੂੰ ਚਾਹੀਦਾ ਹੈ ਕਿ ਆਪਸੀ ਸਹਿਯੋਗ ਅਤੇ ਉਚਿਤ ਕੰਮ-ਵੰਡ ਨਾਲ਼ ਇਸ ਦਾ ਅਧਿਐਨ ਕਰਨ ਲਈ ਸੁਯੋਗ ਵਿਅਕਤੀਆਂ ਨੂੰ ਲਾਈਏ ਅਤੇ ਇਉਂ ਮੌਜੂਦਾ ਤਰੁੱਟੀ ਨੂੰ ਦੂਰ ਕਰੀਏ। ਇਸ ਲਈ ਇਹ ਜ਼ਰੂਰੀ ਹੈ ਕਿ ਪਹਿਲਾਂ ਆਰਥਕ ਇਤਿਹਾਸ, ਸਿਆਸੀ ਇਤਿਹਾਸ, ਫੌਜੀ ਇਤਿਹਾਸ ਅਤੇ ਸੱਭਿਆਚਾਰਕ ਇਤਿਹਾਸ ਦੇ ਅਨੇਕ ਖੇਤਰਾਂ ਵਿੱਚ ਵਿਸ਼ਲੇਸ਼ਣਾਤਮਕ ਅਧਿਐਨ ਕੀਤਾ ਜਾਵੇ, ਤਾਂ ਹੀ ਫੇਰ ਸੰਸਲੇਸ਼ਣਾਤਮਕ ਅਧਿਐਨ ਕਰਨਾ ਸੰਭਵ ਹੋ ਸਕੇਗਾ।

3) ਜਿੱਥੋਂ ਤੱਕ ਕਰਿੰਦਿਆਂ ਦੀ ਸਿੱਖਿਆ ਦਾ ਸਬੰਧ ਹੈ, ਇਹ ਚਾਹੇ ਕੰਮ ਵਿੱਚ ਲੱਗੇ ਹੋਏ ਕਰਿੰਦਿਆਂ ਦੀ ਸਿੱਖਿਆ ਹੋਵੇ ਜਾਂ ਕਰਿੰਦਿਆਂ ਦੇ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰਨ ਵਾਲ਼ੇ ਕਰਿੰਦਿਆਂ ਦੀ, ਉਨ੍ਹਾਂ ਬਾਰੇ ਇੱਕ ਐਸੀ ਨੀਤੀ ਅਪਨਾਈ ਜਾਣੀ ਚਾਹੀਦੀ ਹੈ, ਜੋ ਇਸ ਤਰ੍ਹਾਂ ਦੀ ਸਿੱਖਿਆ ਵਿੱਚ ਚੀਨੀ ਇਨਕਲਾਬ ਦੀਆਂ ਅਮਲੀ ਸਮੱਸਿਆਵਾਂ ਦੇ ਅਧਿਐਨ ਉੱਪਰ ਕੇਂਦਰਤ ਹੋਵੇ ਅਤੇ ਮਾਰਕਸਵਾਦ-ਲੈਨਿਨਵਾਦ ਦੇ ਬੁਨਿਆਦੀ ਅਸੂਲਾਂ ਨੂੰ ਰਾਹ-ਦਰਸਾਵੇ ਦੇ ਰੂਪ ਵਿੱਚ ਅਪਨਾਉਂਦੀ ਹੋਵੇ ਅਤੇ ਨਿਰਜੀਵ ਜਾਂ ਜੜ੍ਹ ਰੂਪ ਵਿੱਚ ਮਾਰਕਸਵਾਦ-ਲੈਨਿਨਵਾਦ ਦਾ ਅਧਿਐਨ ਕਰਨ ਦੇ ਤਰੀਕੇ ਨੂੰ ਤਿਲਾਂਜਲੀ ਦੇ ਦੇਣੀ ਚਾਹੀਦੀ ਹੈ। ਮਾਰਕਸਵਾਦ-ਲੈਨਿਨਵਾਦ ਦੇ ਅਧਿਐਨ ਵਿੱਚ ਸਾਨੂੰ ਆਪਣੀ ਮੁੱਖ ਪਾਠ-ਸਮੱਗਰੀ ਦੇ ਰੂਪ ਵਿੱਚ ”ਸੋਵੀਅਤ ਸੰਘ ਦੀ ਕਮਿਊਨਿਸਟ ਪਾਰਟੀ (ਬਾਲਸ਼ਵਿਕ) ਦਾ ਇਤਿਹਾਸ, ਸੰਖੇਪ ਕੋਰਸ” ਨੂੰ ਵਰਤਣਾ ਚਾਹੀਦਾ ਹੈ। ਇਸ ਵਿੱਚ ਪਿਛਲੇ ਸੌ ਸਾਲ ਦੀ ਸੰਸਾਰ ਕਮਿਊਨਿਸਟ ਲਹਿਰ ਦਾ ਸਰਵਉੱਤਮ ਸੰਸਲੇਸ਼ਣ ਕੀਤਾ ਗਿਆ ਹੈ ਅਤੇ ਨਿਚੋੜ ਕੱਢਿਆ ਗਿਆ ਹੈ। ਇਹ ਸਿਧਾਂਤ ਅਤੇ ਅਮਲ ਨੂੰ ਸੁਮੇਲਣ ਦਾ ਇੱਕ ਆਦਰਸ਼ ਹੈ ਅਤੇ ਸਮੁੱਚੇ ਸੰਸਾਰ ਵਿੱਚ ਹੁਣ ਤੱਕ ਦਾ ਇੱਕ ਮਾਤਰ ਸਰਵ-ਪ੍ਰਵਾਨਤ ਆਦਰਸ਼ ਹੈ। ਜਦ ਅਸੀਂ ਇਹ ਦੇਖਾਂਗੇ ਕਿ ਲੈਨਿਨ ਅਤੇ ਸਤਾਲਿਨ ਨੇ ਕਿਸ ਤਰ੍ਹਾਂ ਮਾਰਕਸਵਾਦ ਦੀ ਸਰਵਵਿਆਪੀ ਸੱਚਾਈ ਨੂੰ ਸੋਵੀਅਤ ਇਨਕਲਾਬ ਦੇ ਠੋਸ ਅਭਿਆਸ ਨਾਲ਼ ਸੁਮੇਲਿਆ ਸੀ ਅਤੇ ਸਿੱਟੇ ਵਜੋਂ ਮਾਰਕਸਵਾਦ ਨੂੰ ਵਿਕਸਾਇਆ ਸੀ ਤਾਂ ਅਸੀਂ ਇਹ ਜਾਣ ਜਾਵਾਂਗੇ ਕਿ ਸਾਨੂੰ ਚੀਨ ਵਿੱਚ ਕਿਵੇਂ ਕੰਮ ਕਰਨਾ ਚਾਹੀਦਾ ਹੈ।

ਅਸੀਂ ਕਈ ਵਾਰ ਰਸਤੇ ਤੋਂ ਭਟਕ ਚੁੱਕੇ ਹਾਂ। ਪਰ ਸਾਡੀ ਗਲਤੀ ਅਕਸਰ ਸਹੀ ਗੱਲ ਦੀ ਭੂਮਿਕਾ ਹੁੰਦੀ ਹੈ। ਮੈਨੂੰ ਵਿਸ਼ਵਾਸ ਹੈ ਕਿ ਚੀਨੀ ਇਨਕਲਾਬ ਅਤੇ ਸੰਸਾਰ ਇਨਕਲਾਬ ਦੀ ਪਿੱਠ-ਭੂਮੀ ਵਿੱਚ, ਜਿਹੜੀ ਸਜੀਵਤਾ ਅਤੇ ਵੰਨ-ਸਵੰਨਤਾ ਨਾਲ਼ ਬੇਹੱਦ ਭਰੂਪਰ ਹੈ, ਸਾਡੇ ਅਧਿਐਨ ਵਿੱਚ ਇਸ ਸੁਧਾਰ ਵੱਲ ਨਿਸ਼ਚਿਤ ਰੂਪ ਵਿੱਚ ਹੀ ਚੰਗੇ ਨਤੀਜੇ ਹਾਸਲ ਹੋਣਗੇ।

ਨੋਟ:-

1. ਫੂਸ਼ੇਨ ਕਾਊਂਟੀ ਯੂਨਾਨ ਤੋਂ ਲਗਭਗ 70 ਕਿਲੋਮੀਟਰ ਦੱਖਣ ਵਿੱਚ ਹੈ।

2. ਬਾਰਡਰ ਏਰੀਏ ਦੀ ਮੁਦਰਾ, ਸ਼ੇਨਸ਼ੀ-ਕਾਨਸੂ-ਨਿਗਸ਼ੀਆ ਬਾਰਡਰ ਏਰੀਏ ਦੇ ਸਰਕਾਰੀ ਬੈਂਕ ਦੁਆਰਾ ਕਾਗਜ਼ੀ ਨੋਟਾਂ ਦੀ ਸ਼ਕਲ ਵਿੱਚ ਜਾਰੀ ਕੀਤੀ ਗਈ ਸੀ। ਕੌਮਿੰਨਤਾਂਗ ਮੁਦਰਾ ਚਾਰ ਵੱਡੇ ਅਫ਼ਸਰਸ਼ਾਹ-ਸਰਮਾਏਦਾਰ ਬੈਂਕਾਂ ਵੱਲੋਂ ਬਰਤਾਨਵੀ ਅਤੇ ਅਮਰੀਕੀ ਸਾਮਰਾਜੀਆਂ ਦੇ ਪੱਖ ਵਿੱਚ 1935 ਤੋਂ ਬਾਅਦ ਜਾਰੀ ਕੀਤੀ ਗਈ ਕਾਗਜ਼ੀ ਮੁਦਰਾ ਸੀ। ਇੱਥੇ ਕਾ. ਮਾਓ-ਜ਼ੇ-ਤੁੰਗ ਨੇ ਇਨ੍ਹਾਂ ਦੋਹਾਂ ਮੁਦਰਾਵਾਂ ਦੀਆਂ ਤਬਾਦਲਾ ਦਰਾਂ ਵਿੱਚ ਹੋਣ ਵਾਲ਼ੇ ਉਤਰਾਵਾਂ-ਚੜਾਵਾਂ ਦਾ ਜ਼ਿਕਰ ਕੀਤਾ ਹੈ।

3. ਦੇਖੋਂ ਕਾਰਲ ਮਾਰਕਸ, ”ਸਰਮਾਇਆ ਗਰੰਥ ਪਹਿਲਾ ਦੇ ਦੂਜੀ ਜਰਮਨ ਛਾਪ ਦੀ ਉਪਰੰਤ-ਲਿਖਤ” ਜਿਸ ਵਿੱਚ ਉਨ੍ਹਾਂ ਲਿਖਿਆ ਹੈ, ”ਮਗਰਲੇ ਤਰੀਕੇ (ਜਾਂਚ-ਪੜਤਾਲ ਦੇ ਤਰੀਕੇ) ਵਿੱਚ ਸਮੱਗਰੀ ਨੂੰ ਵਿਸਥਾਰ ਸਹਿਤ ਇਕੱਠਾ ਕਰਨਾ ਹੁੰਦਾ ਹੈ। ਉਸ ਦੇ ਵਿਕਾਸ ਦੇ ਵੱਖ-ਵੱਖ ਰੂਪਾਂ ਦਾ ਵਿਸ਼ਲੇਸ਼ਣ ਕਰਨਾ ਹੁੰਦਾ ਹੈ। ਉਨ੍ਹਾਂ ਦੇ ਅੰਦਰੂਨੀ ਸਬੰਧਾਂ ਦਾ ਪਤਾ ਲਗਾਉਣਾ ਹੁੰਦਾ ਹੈ। ਜਦੋਂ ਇਹ ਕਾਰਜ ਪੂਰਾ ਹੋ ਜਾਵੇ, ਸਿਰਫ਼ ਉਦੋਂ ਹੀ ਹਕੀਕੀ ਲਹਿਰ ਦਾ ਚੰਗੀ ਤਰ੍ਹਾਂ ਵਰਨਣ ਕੀਤਾ ਜਾ ਸਕਦਾ ਹੈ।

4. ਦੇਖੋਂ ਜੇ. ਵੀ. ਸਤਾਲਿਨ, ”ਲੈਨਿਨਵਾਦ ਦੇ ਬੁਨਿਆਦੀ ਸਿਧਾਂਤ” ਦਾ ਨੌਵਾਂ ਭਾਗ – ”ਕੰਮ-ਤਰਜ਼”। 

“ਪ੍ਰਤੀਬੱਧ”, ਅੰਕ 20, ਸਤੰਬਰ 2013 ਵਿਚ ਪ੍ਰਕਾਸ਼ਿ

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s