ਏਪ ਤੋਂ ਮਨੁੱਖ ਤੱਕ • ਜਾਰਜ ਥਾਮਸਨ

aep ton manukh

(ਪੀ.ਡੀ.ਐਫ਼ ਡਾਊਨਲੋਡ ਕਰੋ)

1. ਮਨੁੱਖ ਅਤੇ ਸਰਵਉੱਚ-ਥਣਧਾਰੀ (Primates) ਜੀਵ

ਆਮ ਰੂਪ ਵਿੱਚ, ਜਾਨਵਰਾਂ ਦੀਆਂ ਵੱਖ-ਵੱਖ ਕਿਸਮਾਂ ਇੱਕ ਬਹੁਤ ਲੰਮੇ ਸਮੇਂ ਦੌਰਾਨ ਕੁਦਰਤੀ ਚੋਣ ਦੁਆਰਾ ਵਿਗਸੀਆਂ ਹਨ, ਜਿਸ ਰਾਹੀਂ ਉਹਨਾਂ ਨੇ ਵੱਖ-ਵੱਖ ਵਾਤਾਵਰਣਾਂ ਅਤੇ ਵਾਤਾਵਰਣ ਵਿੱਚ ਇੱਕ ਤੋਂ ਬਾਅਦ ਇੱਕ ਹੋਣ ਵਾਲ਼ੇ ਬਦਲਾਵਾਂ ਅਨੁਸਾਰ ਖੁਦ ਨੂੰ ਵੱਧ ਜਾਂ ਘੱਟ ਸਫਲਤਾ ਨਾਲ਼ ਢਾਲ਼ ਲਿਆ ਹੈ। ਨਾ ਸਿਰਫ ਧਰਤੀ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਸਮੀ ਹਾਲਤਾਂ ਵਿੱਚ ਫਰਕ ਹੈ, ਸਗੋਂ ਸਾਰੇ ਹਿੱਸਿਆਂ ਵਿੱਚ ਹੀ ਉਹ ਵੱਧ ਜਾਂ ਘੱਟ ਵੱਡੇ ਬਦਲਾਵਾਂ ਦੀ ਇੱਕ ਲੰਮੀ ਲੜੀ ਵਿੱਚੋਂ ਲੰਘੀਆਂ ਹਨ। ਜੀਵਾਂ ਦੀ ਕੋਈ ਵੀ ਪ੍ਰਜਾਤੀ ਆਪਣੇ ਵਾਤਾਵਰਣ ਅਨੁਸਾਰ ਖੁਦ ਨੂੰ ਪੂਰੀ ਤਰ੍ਹਾਂ ਨਹੀਂ ਢਾਲ਼ ਸਕਦੀ ਕਿਉਂਕਿ ਵਾਤਾਵਰਣ ਬਦਲਦਾ ਜਾਂਦਾ ਹੈ ਅਤੇ ਇੱਕ ਪ੍ਰਜਾਤੀ ਜਿਸ ਨੇ ਕਿਸੇ ਦਿੱਤੇ ਸਮੇਂ ਦੌਰਾਨ ਖੁਦ ਨੂੰ ਵਾਤਾਵਰਣ ਦੇ ਅਨੁਸਾਰ ਪੂਰੀ ਤਰ੍ਹਾਂ ਢਾਲ਼ ਲਿਆ ਹੈ, ਉਹ ਪ੍ਰਜਾਤੀ ਬਾਅਦ ਵਿੱਚ ਹੋ ਸਕਦਾ ਹੈ ਬਿਲਕੁਲ ਇਸੇ ਕਾਰਨ ਕਰਕੇ ਅਜਿਹਾ ਨਾ ਕਰ ਸਕੇ, ਜਦਕਿ ਦੂਜੀਆਂ ਪ੍ਰਜਾਤੀਆਂ ਜਿਹੜੀਆਂ ਘੱਟ ਅਨੁਕੂਲਿਤ ਸਨ, ਵਧਣ-ਫੁੱਲਣ ਅਤੇ ਗਿਣਤੀ ਵਿੱਚ ਵਧ ਜਾਣ।  

 ਮਨੁੱਖ ਜਾਨਵਰਾਂ ਦੀ ਸਭ ਤੋਂ ਉੱਚੀ ਕੋਟੀ (Order), ਸਰਵਉੱਚ-ਥਣਧਾਰੀ ਜੀਵਾਂ ਵਿੱਚੋਂ ਇੱਕ ਹੈ, ਜਿਸ ਵਿੱਚ ਉਸ ਤੋਂ ਬਿਨਾਂ ਪੂਛ-ਰਹਿਤ ਏਪ ਅਤੇ ਬਾਂਦਰ ਆਉਂਦੇ ਹਨ। ਥਣਧਾਰੀ ਜੀਵਾਂ ਦੀਆਂ ਦੂਜੀਆਂ ਕੋਟੀਆਂ ਹਨ – ਕਾਰਨੀਵੋਰਾ (ਮਾਸਾਹਾਰੀ ਜੀਵ) ਜਿਸ ਵਿੱਚ ਕੁੱਤਾ ਤੇ ਬਿੱਲੀ ਵੀ ਸ਼ਾਮਲ ਹਨ ਅਤੇ ਖੁਰਦਾਰ ਜੀਵ (ਅੰਗੂਲੇਟਸ) ਜਿਸ ਵਿੱਚ ਘੋੜੇ ਤੇ ਮਵੇਸ਼ੀ ਵੀ ਆਉਂਦੇ ਹਨ। ਸਭ ਤੋਂ ਮੁੱਢਲੇ ਥਣਧਾਰੀ ਜੀਵ ਦਰੱਖਤਾਂ ਉੱਤੇ ਰਹਿੰਦੇ ਸਨ। ਖੁਦ ਨੂੰ ਧਰਤੀ ਉੱਤੇ ਰਹਿਣ ਲਈ ਵੱਖ-ਵੱਖ ਤਰੀਕਿਆਂ ਨਾਲ਼ ਢਾਲ਼ ਲੈਣ ਦੇ ਅਮਲ ਰਾਹੀਂ ਇਹਨਾਂ ਪੂਰਵਜਾਂ ਤੋਂ ਖੁਰਦਾਰ ਜੀਵਾਂ ਅਤੇ ਮਾਸਾਹਾਰੀ ਜੀਵਾਂ ਦੀਆਂ ਦੋ ਸ਼ਾਖਾਵਾਂ ਅਲੱਗ ਹੋਈਆਂ। ਆਪਣੀਆਂ ਲੱਤਾਂ ਦੀਆਂ ਮਹੀਨ ਹਰਕਤਾਂ ਕਰ ਸਕਣ ਦੀ ਸਮਰੱਥਾ ਨੂੰ ਤਿਆਗਦੇ ਹੋਏ ਉਹਨਾਂ ਨੇ ਮਜਬੂਤੀ ਨਾਲ਼ ਖੜੇ ਹੋਣਾ ਤੇ ਚਾਰੇ ਲੱਤਾਂ ਉੱਤੇ ਤੇਜ਼ੀ ਨਾਲ਼ ਚੱਲ-ਫਿਰ ਸਕਣਾ ਸਿੱਖਿਆ ਅਤੇ ਨਾਲ਼ ਹੀ ਉਹਨਾਂ ਨੇ ਹਮਲੇ ਤੇ ਰੱਖਿਆ ਲਈ ਕਈ ਸਾਰੇ ਅੰਗ ਜਿਵੇਂ ਸਿੰਗ, ਖੁਰ, ਕੰਡੇ, ਹੁੱਡ ਜਾਂ ਲੰਮੇ ਦੰਦ, ਘਾਹ ਖਾਣ ਜਾਂ ਮਾਸ ਪਾੜਨ ਲਈ ਦੰਦ ਅਤੇ ਲੰਮੀ ਦੂਰੀ ਤੋਂ ਗੰਧ ਪਛਾਣਨ ਲਈ ਲੰਮੀਆਂ ਨਾਸਾਂ ਵਿਕਸਤ ਕਰ ਲਈਆਂ। ਇਸੇ ਦੌਰਾਨ, ਇੱਕ ਹੋਰ ਸਮੂਹ, ਉਚੇਰੇ-ਥਣਧਾਰੀਆਂ ਦਾ ਪੂਰਵਜ, ਦਰੱਖਤਾਂ ਉੱਤੇ ਰਹਿੰਦਾ ਰਿਹਾ ਅਤੇ ਇਸ ਲਈ ਉਸਨੇ ਮੁੱਢਲੇ ਥਣਧਾਰੀਆਂ ਦੀ ਸਮੁੱਚੀ ਸਰੀਰਕ ਬਣਤਰ ਨੂੰ ਬਚਾਈ ਰੱਖਿਆ। ਉਹਨਾਂ ਦੀਆਂ ਜੀਵਨ ਹਾਲਤਾਂ ਵਿੱਚ ਤੇਜ ਸੁੰਘਣ ਸ਼ਕਤੀ ਦੀ ਥਾਂ ਚੰਗੀ ਨਜ਼ਰ, ਤੇਜ ਦੌੜ ਤੇ ਸਰੀਰਕ ਮਜਬੂਤੀ ਦੀ ਥਾਂ ਫੁਰਤੀਲਾਪਣ ਅਤੇ ਹੁਸ਼ਿਆਰੀ ਚਾਹੀਦੀ ਸੀ ਅਤੇ ਫਲਾਂ ਤੇ ਪੱਤਿਆਂ ਦੇ ਉਹਨਾਂ ਦੀ ਭੋਜਨ ਸਮੱਗਰੀ ਹੋਣ ਕਰਕੇ ਉਹਨਾਂ ਦੇ ਦੰਦਾਂ ਉੱਤੇ ਕੋਈ ਵਿਸ਼ੇਸ਼ ਤਬਦੀਲੀ ਲਈ ਦਬਾ ਨਹੀਂ ਬਣਿਆ। ਨਾਸਾਂ ਛੋਟੀਆਂ ਹੋ ਗਈਆਂ ਜਦਕਿ ਅੱਖਾਂ ਨੇ ਮੁਕੰਮਲ ਤ੍ਰਿਵਿਮੀ (Stereoscopic) ਨਜ਼ਰ ਵਿਕਸਤ ਕਰ ਲਈ। ਨਹੁੰਦਰਾਂ ਬਹੁਤ ਸੰਵੇਦਨਸ਼ੀਲ ਮਾਸ ਉੱਤੇ ਟਿਕੇ ਸਪਾਟ ਨਹੁੰਆਂ ਤੱਕ ਸੁੰਗੜ ਗਈਆਂ; ਉਂਗਲਾਂ ਵਧੇਰੇ ਲਚਕਦਾਰ ਹੋ ਗਈਆਂ ਜਿੰਨ੍ਹਾਂ ‘ਚੋਂ ਅੰਗੂਠਾ ਤੇ ਪੈਰ ਦਾ ਅੰਗੂਠਾ ਦੂਜੀਆਂ ਉਂਗਲਾਂ ਤੋਂ ਉਲਟੀ ਦਿਸ਼ਾ ਵਿੱਚ ਵਧਣ ਲੱਗੇ ਤਾਂ ਕਿ ਉਹਨਾਂ ਨਾਲ ਛੋਟੀਆਂ ਚੀਜ਼ਾਂ ਨੂੰ ਫੜਨ ਤੇ ਕੰਮ ਲੈਣ ਦੇ ਕਾਬਲ ਬਣ ਸਕਣ; ਅਤੇ ਅੰਤ ਵਿੱਚ, ਇਹਨਾਂ ਵਿਕਾਸਾਂ ਕਾਰਨ ਦਿਮਾਗ਼ ਅਕਾਰ ਪੱਖੋਂ ਵਧੇਰੇ ਵੱਡਾ ਅਤੇ ਗੁੰਝਲਦਾਰ ਬਣਦਾ ਗਿਆ। ਕਿਉਂਕਿ ਦਿਮਾਗ਼ ਦਾ ਕੰਮ ਸਰੀਰ ਦੇ ਦੂਜੇ ਅੰਗਾਂ ਨੂੰ ਉਹਨਾਂ ਦੇ ਬਾਹਰੀ ਜਗਤ ਨਾਲ਼ ਸੰਪਰਕ ਦੌਰਾਨ ਕੰਟਰੋਲ ਕਰਨਾ ਹੈ, ਇਸ ਲਈ ਇਹੀ ਇੱਕ ਅਜਿਹਾ ਅੰਗ ਹੈ ਜਿਸਦਾ ਵਾਧਾ ਇੱਕੋ ਕੰਮ ਵਿੱਚ ਵਧੇਰੇ ਮੁਹਾਰਤ ਹਾਸਲ ਕਰ ਜਾਣ ਦੇ ਖਤਰੇ ਤੋਂ ਬਚਿਆ ਰਹਿੰਦਾ ਹੈ। ਇਸ ਤਰ੍ਹਾਂ ਉਚੇਰੇ-ਥਣਧਾਰੀ ਕੁੱਝ ਇਸ ਤਰੀਕੇ ਨਾਲ਼ ਵਿਗਸਤ ਹੋਏ ਕਿ ਉਹਨਾਂ ਨੇ ਖੁਦ ਨੂੰ ਘੱਟ ਨਹੀਂ ਸਗੋਂ ਵਧੇਰੇ ਅਨੁਕੂਲ ਕਰ ਲਿਆ। 

ਮਨੁੱਖ ਦਾ ਸਭ ਤੋਂ ਨੇੜੇ ਦਾ ਸਬੰਧੀ ਮਨੁੱਖਾ-ਹਾਰ ਏਪ ਹੈ ਜਿਸ ਤੋਂ ਉਹ ਆਪਣੇ ਸਿੱਧੇ ਖੜੇ ਹੋ ਸਕਣ ਦੀ ਸਮਰੱਥਾ ਤੇ ਵਧੇਰੇ ਵੱਡੇ ਦਿਮਾਗ਼ ਵਿੱਚ ਵੱਖਰਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਮਨੁੱਖ ਦੇ ਵੱਖਰੇ ਹੋ ਜਾਣ ਦੀ ਦਿਸ਼ਾ ਵੱਲ ਕਦਮ ਉਦੋਂ ਪੁੱਟਿਆ ਗਿਆ, ਜਦੋਂ ਕੁੱਝ ਉਚੇਰੇ-ਥਣਧਾਰੀਆਂ ਨੇ ਆਪਣੀਆਂ ਰੁੱਖਾਂ ਉੱਤੇ ਵਸੇਰਾ ਕਰਨ ਦੀਆਂ ਆਦਤਾਂ ਨੂੰ ਤਿਆਗ ਦਿੱਤਾ ਅਤੇ ਜਮੀਨ ਉੱਤੇ ਆਕੇ ਰਹਿਣ ਲੱਗੇ। ਇਹੀ ਉਹ ਕੁੱਝ ਸੀ ਜਿਹੜਾ ਖੁਰਦਾਰ ਅਤੇ ਮਾਸਾਹਾਰੀ ਜਾਨਵਰਾਂ ਦੇ ਪੂਰਵਜਾਂ ਨੇ ਕਈ ਲੱਖ ਸਾਲ ਪਹਿਲਾਂ ਕੀਤਾ ਸੀ; ਪ੍ਰੰਤੂ ਜਦੋਂ ਮਨੁੱਖ ਨੇ ਉਹਨਾਂ ਵਾਂਗ ਹੀ ਅਜਿਹਾ ਕੀਤਾ ਤਾਂ ਉਸਨੇ ਅਜਿਹਾ ਵਿਗਾਸ ਦੇ ਕਿਤੇ ਉਚੇਰੇ ਪੱਧਰ ਉੱਤੇ ਕੀਤਾ ਅਤੇ ਇਸ ਲਈ ਇਸ ਬਦਲਾਅ ਦੇ ਨਤੀਜੇ ਵੀ ਇਕਦਮ ਵੱਖਰੇ ਨਿੱਕਲੇ। ਜਿਵੇਂ ਕਿ ਅਸੀਂ ਦੇਖਿਆ ਹੈ, ਉਹ ਪਹਿਲਾਂ ਹੀ ਬਾਕੀ ਜਾਨਵਰਾਂ ਨਾਲ਼ੋਂ ਚੰਗਾ ਦਿਮਾਗ਼ ਰੱਖਦਾ ਸੀ ਅਤੇ ਜਮੀਨ ਉੱਤੇ ਤੁਰਨਾ ਸਿੱਖਣ ਸਮੇਂ ਉਸਨੇ ਜੀਵਨ ਦਾ ਅਜਿਹਾ ਢੰਗ ਅਪਣਾਇਆ ਜਿਸ ਵਿੱਚ ਉਸਦੀ ਹੋਂਦ ਬਚੇ ਰਹਿਣ ਦੀ ਇੱਕੋ-ਇੱਕ ਸੰਭਾਵਨਾ ਉਸਦੇ ਦਿਮਾਗ਼ ਦੇ ਹੋਰ ਵਿਕਾਸ ਵਿੱਚ ਸੀ।

ਜਾਨਵਰ ਕੁਦਰਤ ਦਾ ਇੱਕ ਹਿੱਸਾ ਹਨ। ਉਹਨਾਂ ਅਤੇ ਉਹਨਾਂ ਦੇ ਚੌਗਿਰਦੇ ਵਿਚਾਲੇ ਹੋਣ ਵਾਲ਼ੀ ਅੰਤਰਕਿਰਿਆ ਪੂਰੀ ਤਰ੍ਹਾਂ ਅਕਰਮਕ ਹੁੰਦੀ ਹੈ। ਇਹ ਸਹੀ ਹੈ ਕਿ ਉਹ ਕੁਦਰਤ ਉੱਤੇ ਕੰਮ ਕਰਦੇ ਹਨ ਜਿਵੇਂ ਕਿ ਕਿਸੇ ਇਲਾਕੇ ਦਾ ਪੌਦਾ-ਜਗਤ ਚਰਨ ਵਾਲ਼ੇ ਪਸ਼ੂਆਂ ਦੁਆਰਾ ਉਜਾੜੇ ਕਾਰਨ ਬਦਲ ਜਾਂਦਾ ਹੈ; ਪ੍ਰੰਤੂ ਜਾਨਵਰ ਖੁਦ ਇਸ ਬਾਰੇ ਚੇਤਨ ਨਹੀਂ ਹੁੰਦੇ ਕਿ ਉਹ ਕੀ ਕਰ ਰਹੇ ਹਨ, ਬਿਲਕੁਲ ਉਹਨਾਂ ਦਰਿਆਵਾਂ ਵਾਂਗ ਜਿਹੜੇ ਆਪਣੇ ਵਹਿਣ ਬਣਾਉਂਦੇ ਹੋਏ ਘਾਟੀਆਂ ਬਣਾ ਦਿੰਦੇ ਹਨ। ਮਖਿਆਲ ਦਾ ਛੱਤਾ, ਪੰਛੀਆਂ ਦੇ ਆਲ੍ਹਣੇ ਅਤੇ ਦਰਿਆਈ ਕੁੱਤਿਆਂ ਵੱਲੋਂ ਬਣਾਏ ਬੰਨ੍ਹ ਵੀ ਇਸੇ ਦੀ ਮਿਸਾਲ ਹਨ। ਅਜਿਹੀਆਂ ਕਿਰਿਆਵਾਂ ਹਾਸਲ ਕੀਤੇ ਅਨੁਕੂਲਣ ਦੇ ਜੈਵਿਕ ਰੂਪਾਂ ਦੇ ਪੀੜ੍ਹੀ-ਦਰ-ਪੀੜ੍ਹੀ ਅੱਗੇ ਚੱਲਦੇ ਰਹਿਣ ਦੇ ਜਮਾਂਦਰੂ ਰੂਪ ਹਨ।

ਨਿਰਸੰਦੇਹ, ਨੀਵੇਂ ਤੇ ਉਚੇਰੇ ਜਾਨਵਰਾਂ ਵਿਚਾਲੇ ਦਰਜੇ ਦਾ ਫਰਕ ਹੁੰਦਾ ਹੈ। ਉਹਨਾਂ ਦੀ ਢਲ਼ ਸਕਣ ਦੇ ਯੋਗਤਾ ਇੱਕ-ਦੂਜੇ ਨਾਲ਼ੋਂ ਘੱਟ ਜਾਂ ਵੱਧ ਹੁੰਦੀ ਹੈ। ਗੈਰ-ਮਨੁੱਖੀ ਉਚੇਰੇ ਥਣਧਾਰੀ ਦੂਜੇ ਜਾਨਵਰਾਂ ਨਾਲ਼ੋਂ ਇਸ ਗੱਲੋਂ ਲਾਹੇਵੰਦੀ ਹਾਲਤ ਵਿੱਚ ਰਹੇ ਕਿ ਉਹਨਾਂ ਦੇ ਦਿਮਾਗ਼ ਦੇ ਵਧੇਰੇ ਵੱਡੇ ਅਕਾਰ ਨੇ ਜਿਹੜਾ ਕਿ ਉਹਨਾਂ ਦੇ ਹੋਰਨਾਂ ਸਰੀਰਕ ਅੰਗਾਂ ਦੇ ਖਾਸ ਮੁਹਾਰਤ ਵਾਲ਼ੇ ਅੰਗਾਂ ਵਜੋਂ ਵਿਕਸਤ ਨਾ ਹੋਣ ਕਾਰਨ ਸੰਭਵ ਹੋ ਸਕਿਆ, ਉਹਨਾਂ ਸਾਰੇ ਜਾਨਵਰਾਂ ਵਿੱਚੋਂ ਅਨੁਕੂਲਿਤ ਹੋ ਸਕਣ ਦੇ ਸਭ ਤੋਂ ਵੱਧ ਯੋਗ ਬਣ ਗਏ। ਉਹ ਇਸ ਤਰ੍ਹਾਂ ਵਿਕਸਤ ਹੋਣ ਵਿੱਚ ਇਸ ਲਈ ਕਾਬਲ ਹੋਏ ਕਿਉਂਕਿ ਉਹ ਰੁੱਖਾਂ ਉੱਤੇ ਰਹਿੰਦੇ ਸਨ ਜਿਸ ਨਾਲ਼ ਉਹਨਾਂ ਨੂੰ ਭੋਜਨ ਵੀ ਜਲਦੀ ਮਿਲ਼ਦਾ ਸੀ ਅਤੇ ਆਪਣੇ ਦੁਸ਼ਮਣਾਂ ਤੋਂ ਸੁਰੱਖਿਆ ਵੀ ਰਹਿੰਦੀ।

ਜਦੋਂ ਮਨੁੱਖ ਦੇ ਪਹਿਲੇ ਪੂਰਵਜਾਂ ਨੇ ਆਪਣੀ ਕੁਦਰਤੀ ਰੂਪ ਵਿੱਚ ਮਿਲ਼ੀ ਇਸ ਲਾਹੇਵੰਦੀ ਹਾਲਤ ਨੂੰ ਤਿਆਗ ਦਿੱਤਾ, ਤਾਂ ਜੈਵਿਕ ਜੀਵਨ ਦੇ ਵਿਗਾਸ ਵਿੱਚ ਇੱਕ ਨਵੇਂ ਪੜਾਅ ਦਾ ਆਰੰਭ ਹੋਇਆ ਜਿਸ ਵਿੱਚ ਜਾਨਵਰ ਤੇ ਕੁਦਰਤ ਵਿਚਾਲੇ ਸਬੰਧ ਵਿੱਚ ਗੁਣਾਤਮਕ ਤਬਦੀਲੀ ਆਈ। ਆਪਣੇ ਦੰਦਾਂ, ਬਾਹਾਂ, ਲੱਤਾਂ ਦੇ ਮਾਮਲੇ ਵਿੱਚ ਉਹ ਬਹੁਤ ਕਮਜ਼ੋਰ ਸਨ ਅਤੇ ਜੇ ਉਹ ਇਹਨਾਂ ਉੱਤੇ ਹੀ ਨਿਰਭਰ ਰਹਿੰਦੇ ਤਾਂ ਉਹ ਲਾਜਮੀ ਹੀ ਖਤਮ ਹੋ ਗਏ ਹੁੰਦੇ। ਪ੍ਰੰਤੂ ਉਹਨਾਂ ਕੋਲ਼ ਦਿਮਾਗ਼ ਸੀ ਜਿਹੜਾ ਭਾਵੇਂ ਸਾਡੇ ਦਿਮਾਗ਼ਾਂ ਨਾਲ਼ੋਂ ਛੋਟਾ ਸੀ ਪਰ ਮਨੁੱਖਾ-ਹਾਰ ਏਪਾਂ ਨਾਲ਼ੋਂ ਵੱਡਾ ਸੀ ਅਤੇ ਹੋਰ ਤਾਂ ਹੋਰ, ਸਿੱਧੇ ਖੜੇ ਹੋ ਸਕਣ ਦੀ ਸਮਰੱਥਾ ਹੋਣ ਕਾਰਨ ਉਹਨਾਂ ਕੋਲ਼ ਹੱਥਾਂ ਦਾ ਜੋੜਾ ਸੀ ਜਿਸ ਨੇ ਦਿਮਾਗ਼ ਦੀ ਅਗਵਾਈ ਥੱਲੇ, ਉਹਨਾਂ ਨੂੰ ਕੁਦਰਤੀ ਹਾਲਤਾਂ ਅਨੁਸਾਰ ਖੁਦ ਨੂੰ ਢਾਲ਼ਦੇ ਰਹਿਣ ਦੀ ਥਾਂ ਕੁਦਰਤ ਨੂੰ ਸਚੇਤਨ ਤੌਰ ‘ਤੇ ਆਪਣੀਆਂ ਜਰੂਰਤਾਂ ਅਨੁਸਾਰ ਢਾਲਣ ਦੇ ਕਾਬਲ ਬਣਾਇਆ।

ਆਪਣੇ ਸਰੀਰ ਦਾ ਪੂਰਾ ਵਜ਼ਨ ਉਸ ਵੱਲੋਂ ਆਪਣੇ ਪੈਰਾਂ ਉੱਪਰ ਪਾ ਦੇਣ ਨਾਲ਼, ਮਨੁੱਖ ਨੇ ਆਪਣੇ ਪੈਰਾਂ ਦੀਆਂ ਉਂਗਲਾਂ ਦੀ ਚੀਜ਼ਾਂ ਨੂੰ ਫੜਨ ਦੀ ਸਮਰੱਥਾ ਗਵਾ ਲਈ ਪਰ ਇਸ ਨਾਲ਼ ਉਸਦੇ ਹੱਥ ਅਜ਼ਾਦ ਹੋ ਗਏ ਤੇ ਉਸਦੀਆਂ ਉਂਗਲਾਂ ਮਹੀਨ ਤੋਂ ਮਹੀਨ ਹਰਕਤਾਂ ਕਰ ਸਕਣ ਦੇ ਯੋਗ ਬਣ ਗਈਆਂ। ਇਹ ਇੱਕ ਹੌਲ਼ੀ-ਹੌਲ਼ੀ ਚੱਲਣ ਵਾਲ਼ੀ ਪ੍ਰਕਿਰਿਆ ਸੀ। ਖੜੇ ਹੋ ਸਕਣ ਦੀ ਇਸ ਨਵੀਂ ਯੋਗਤਾ ਦਾ ਸਭ ਤੋਂ ਪਹਿਲਾ ਅਸਰ ਜਬਾੜਿਆਂ ਉਤੇ ਕੰਮਾਂ ਦੇ ਭਾਰ ਦਾ ਘੱਟ ਹੋਣ ਵਿੱਚ ਪਿਆ ਕਿਉਂਕਿ ਭੋਜਨ ਨੂੰ ਪਾੜਨ ਤੇ ਭੋਜਨ ਤੇ ਹੋਰ ਚੀਜ਼ਾਂ ਨੂੰ ਰਗੜਨ ਦਾ ਕੰਮ ਹੁਣ ਹੱਥਾਂ ਨੇ ਸਾਂਭ ਲਿਆ ਸੀ। ਸਿੱਟੇ ਵਜੋਂ ਜਬਾੜੇ ਸੁੰਗੜਨੇ ਸ਼ੁਰੂ ਹੋ ਗਏ, ਇਸ ਤਰ੍ਹਾਂ ਦਿਮਾਗ਼ ਦੇ ਹੋਰ ਵਧੇਰੇ ਵੱਡਾ ਅਕਾਰ ਹਾਸਲ ਕਰਨ ਲਈ ਜਗ੍ਹਾ ਖਾਲੀ ਹੋ ਗਈ ਅਤੇ ਜਿਵੇਂ ਜਿਵੇਂ ਦਿਮਾਗ਼ ਵੱਡਾ ਹੁੰਦਾ ਗਿਆ, ਇਹ ਹੱਥਾਂ ਨੂੰ ਹੋਰ ਵਧੇਰੇ ਚੰਗੀ ਤਰ੍ਹਾਂ ਨਾਲ਼ ਕੰਟਰੋਲ ਦੇ ਕਾਬਲ ਬਣਦਾ ਗਿਆ।
ਹੱਥਾਂ ਅਤੇ ਦਿਮਾਗ਼ ਦੇ ਵਿਕਾਸ ਦੇ ਨਾਲ਼ੋ-ਨਾਲ਼ ਚੱਲਣ ਵਾਲ਼ੇ ਅਮਲਾਂ ਵਿੱਚੋਂ ਹੀ ਸਾਨੂੰ ਮਨੁੱਖ ਦੀਆਂ ਦੋ ਪ੍ਰਮੁੱਖ ਬੁਨਿਆਦੀ ਵਿਸ਼ੇਸ਼ਤਾਵਾਂ – ਸੰਦਾਂ ਦੀ ਵਰਤੋਂ ਅਤੇ ਬੋਲੀ – ਦੇ ਸਰੀਰ ਕਿਰਿਆਤਮਕ ਮੂਲ ਨੂੰ ਖੋਜਣਾ ਚਾਹੀਦਾ ਹੈ।

ਗੈਰ-ਮਨੁੱਖੀ ਉਚੇਰੇ-ਥਣਧਾਰੀ ਜੀਵ ਵੀ ਕੁਦਰਤੀ ਚੀਜ਼ਾਂ ਜਿਵੇਂ ਸੋਟੀ ਤੇ ਪੱਥਰ ਨੂੰ ਪਕੜ ਸਕਦੇ ਹਨ ਅਤੇ ਇੱਥੋਂ ਤੱਕ ਉਹਨਾਂ ਨੂੰ ਕੁੱਝ ਹੱਦ ਤੱਕ ਕਿਸੇ ਫੌਰੀ ਉਦੇਸ਼ ਲਈ ਵਰਤ ਵੀ ਸਕਦੇ ਹਨ; ਪ੍ਰੰਤੂ ਚੀਜ਼ਾਂ ਦੇ ਇਸ ਤਰੀਕੇ ਨਾਲ਼ ਵਰਤੇ ਜਾਣ ਅਤੇ ਮਨੁੱਖ ਦੇ ਸਭ ਤੋਂ ਅਨਘੜ ਸੰਦਾਂ ਜਿਵੇਂ ਪੱਥਰ ਦੇ ਖੁਰਚਣੇ, ਹਥੌੜੇ, ਕੁਹਾੜੇ ਤੇ ਸੂਏ ਵਿਚਕਾਰ ਗੁਣਾਤਮਕ ਫਰਕ ਹਨ। ਸੰਦ ਕਿਰਤ ਦਾ ਇੱਕ ਅਜਿਹਾ ਉਤਪਾਦ ਹੈ ਜਿਹੜਾ ਖਪਤ ਲਈ ਨਹੀਂ ਸਗੋਂ ਪੈਦਾਵਾਰ ਲਈ ਵਰਤਿਆ ਜਾਂਦਾ ਹੈ (ਮਾਰਕਸ, ਗਰੁੰਡਰਿਸ਼ੇ, ਸਫਾ 492)। ਇਸਨੂੰ ਬਣਾਉਣ ਲਈ ਪੈਦਾਵਾਰ ਲਈ ਸੰਦ ਨੂੰ ਵਰਤਣ ਤੋਂ ਕਿਤੇ ਵਧੇਰੇ ਉਚੇਰੇ ਪੱਧਰ ਦੀ ਉਦੇਸ਼ਮੁਖੀ ਸਰਗਰਮੀ ਦੀ ਲੋੜ ਹੁੰਦੀ ਹੈ; ਕਿਉਂਕਿ ਇਸ ਨੂੰ ਵਰਤਣ ਸਮੇਂ ਇਹ ਕਿਸੇ ਖਾਸ ਚੀਜ਼ ਵੱਲ ਸੇਧਿਤ ਹੁੰਦਾ ਹੈ, ਜਦਕਿ ਇਸਨੂੰ ਬਣਾਉਣ ਦੀ ਪ੍ਰਕਿਰਿਆ ਸਮੇਂ ਕਿਸੇ ਖਾਸ ਕਿਸਮ ਦੀ ਪੈਦਾਵਾਰ ਧਿਆਨ ਵਿੱਚ ਹੁੰਦੀ ਹੈ। 

ਇਸ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਸੰਦਾਂ ਦੀ ਵਰਤੋਂ ਲਈ ਵਧੇਰੇ ਬੌਧਿਕ ਸਮਰੱਥਾ ਦੀ ਲੋੜ ਹੁੰਦੀ ਹੈ ਜਾਂ ਕਿਹਾ ਜਾਵੇ ਕਿ ਇੱਕ ਨਵੀਂ ਕਿਸਮ ਦੀ ਬੌਧਿਕ ਸਮਰੱਥਾ ਜਿਹੜੀ ਬੋਲੀ ਤੋਂ ਅਨਿੱਖੜਵੀਂ ਹੁੰਦੀ ਹੈ। ਹੁਣ, ਹੱਥਾਂ ਅਤੇ ਬੋਲਣ ਦੇ ਅੰਗਾਂ ਨੂੰ ਦਿਮਾਗ਼ ਦੇ ਬਿਲਕੁਲ ਨਾਲ਼ੋ-ਨਾਲ਼ ਪਏ ਪ੍ਰੇਰਕ (Motor) ਹਿੱਸਿਆਂ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ। ਇਸੇ ਕਾਰਨ ਕਰਕੇ ਸਾਨੂੰ ਅਕਸਰ ਇਹਨਾਂ ਵਿੱਚ ਇੱਕ ਤੋਂ ਦੂਜੇ ਹਿੱਸੇ ਵਿੱਚ ਜਿਸਨੂੰ “ਫੈਲਾਅ” ਕਿਹਾ ਜਾਂਦਾ ਹੈ, ਦੇਖਣ ਨੂੰ ਮਿਲ਼ਦਾ ਹੈ। ਬੱਚੇ ਜਦੋਂ ਲਿਖਣਾ ਸਿੱਖਦੇ ਹਨ ਤਾਂ ਹੱਥਾਂ ਦੀਆਂ ਹਰਕਤਾਂ ਨੂੰ ਕੰਟਰੋਲ ਕਰਨ ਲਈ ਬਹੁਤ ਧਿਆਨਪੂਰਵਕ ਕੋਸ਼ਿਸ਼ ਦੌਰਾਨ ਜੀਭ ਘੁਮਾਉਂਦੇ ਰਹਿੰਦੇ ਹਨ, ਜਾਂ ਸ਼ਬਦਾਂ ਨੂੰ ਉੱਚੀ-ਉੱਚੀ ਬੋਲਦੇ ਹਨ ਅਤੇ ਇਸ ਤਰ੍ਹਾਂ ਹੀ, ਬੋਲ਼ਦੇ ਸਮੇਂ ਉਹ ਬਾਲਗਾਂ ਨਾਲ਼ੋਂ ਇਸ਼ਾਰਿਆਂ ਦੀ ਵੱਧ ਵਰਤੋਂ ਕਰਦੇ ਹਨ। ਇਹ ਮੁੱਢਲੇ ਗੁਣ ਹਨ। ਆਦਿਵਾਸੀਆਂ ਵਿੱਚ, ਜਿਵੇਂ ਏਪਾਂ ਵਿੱਚ ਵੀ, ਇਸ਼ਾਰਿਆਂ ਦੀ ਵਰਤੋਂ ਬਹੁਤ ਜ਼ਿਆਦਾ ਅਤੇ ਬਾਕਮਾਲ ਢੰਗ ਨਾਲ਼ ਹੁੰਦੀ ਹੈ। ਕੁੱਝ ਮੁੱਢਲੀਆਂ ਭਾਸ਼ਾਵਾਂ ਵਿੱਚ ਇਹ ਬੋਲੀ ਨਾਲ਼ ਇੰਨੇ ਨੇੜਿਓਂ ਜੁੜੇ ਹੁੰਦੇ ਹਨ ਕਿ ਢੁਕਵੇਂ ਇਸ਼ਾਰੇ ਤੋਂ ਬਿਨਾਂ ਸ਼ਬਦ ਆਪਣਾ ਪੂਰਾ ਅਰਥ ਵੀ ਸੰਚਾਰਿਤ ਨਹੀਂ ਕਰ ਪਾਉਂਦੇ। ਅਸਲ ਵਿੱਚ ਇਹ ਦੇਖਣ ਲਈ ਕਿ “ਫੈਲਾਅ” ਕਦੇ ਵੀ ਖਤਮ ਨਹੀਂ ਹੋਇਆ, ਸਾਨੂੰ ਖੁਦ ਨੂੰ ਹੀ ਬੋਲ਼ਦੇ ਸਮੇਂ ਦੇਖਣ ਦੀ ਲੋੜ ਹੈ। ਇਸ ਤੋਂ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਮੁੱਢਲੇ ਮਨੁੱਖ ਦੇ ਹੱਥਾਂ ਰਾਹੀਂ ਕੀਤੇ ਜਾਣ ਵਾਲ਼ੇ ਕੰਮਾਂ ਦੇ ਨਾਲ਼-ਨਾਲ਼ ਉਹਨਾਂ ਦੀ ਵੱਧ ਜਾਂ ਘੱਟ ਗੁੰਝਲ਼ਦਾਰਤਾ ਅਨੁਸਾਰ ਬੋਲਣ ਦੇ ਅੰਗਾਂ ਵਿੱਚ ਵੀ ਸੁੱਤੇ-ਸਿੱਧ ਹਰਕਤ ਹੁੰਦੀ ਸੀ। ਬਾਅਦ ਵਿੱਚ, ਇਹਨਾਂ ਸੁੱਤੇ-ਸਿੱਧ ਹਰਕਤਾਂ ਨੂੰ ਸਚੇਤਨ ਤੌਰ ਉੱਤੇ ਹੱਥਲੇ ਕੰਮਾਂ ਨੂੰ ਨਿਰਦੇਸ਼ਤ ਕਰਨ ਲਈ ਵਿਕਸਤ ਕੀਤਾ ਗਿਆ ਅਤੇ ਅੰਤ ਵਿੱਚ ਉਹ ਸੰਚਾਰ ਦੇ ਇੱਕ ਅਜ਼ਾਦ ਮਾਧਿਅਮ ਵਜੋਂ ਜਿਸ ਵਿੱਚ ਹੱਥਾਂ ਦੀਆਂ ਹਰਕਤਾਂ ਸਹਾਇਤਾ ਕਰਦੀਆਂ ਹਨ, ਵਿਕਸਤ ਹੋ ਗਈਆਂ।

2. “ਦੂਸਰਾ ਸੰਕੇਤ” ਪ੍ਰਣਾਲੀ 

ਵਿਗਾਸ ਦੀ ਪ੍ਰਕਿਰਿਆ ਦੌਰਾਨ ਜੀਵਾਂ ਦੀਆਂ ਵੱਖ-ਵੱਖ ਕਿਸਮਾਂ ਨੇ ਖੁਦ ਨੂੰ ਸਰੀਰਕ ਬਣਤਰ ਪੱਖੋਂ ਅਤੇ ਸਰੀਰ ਦੀ ਕਿਰਿਆਸ਼ੀਲਤਾ ਪੱਖੋਂ ਆਪਣੇ ਬਦਲਦੇ ਕੁਦਰਤੀ ਚੌਗਿਰਦੇ ਅਨੁਸਾਰ ਢਾਲ਼ਿਆ ਹੈ; ਅਤੇ ਉਹਨਾਂ ਵਿੱਚੋਂ ਸਭ ਤੋਂ ਉੱਚੇ ਬਾਕੀਆਂ ਨਾਲ਼ੋਂ ਦਿਮਾਗ਼ ਦੇ ਅਕਾਰ ਅਤੇ ਗੁੰਝਲਤਾ ਵਿੱਚ ਅਲੱਗ ਹਨ ਜਿਹੜਾ ਉਹਨਾਂ ਨੂੰ ਆਪਣੇ ਚੌਗਿਰਦੇ ਪ੍ਰਤੀ ਕਿਰਿਆਸ਼ੀਲ ਹੋਣ ਲਈ ਵਧੇਰੇ ਬਹੁਪੱਖੀ ਤੇ ਅਸਰਦਾਰ ਯੋਗਤਾ ਦਿੰਦਾ ਹੈ।

ਸਭ ਤੋਂ ਪਹਿਲੇ ਰੀੜ੍ਹ-ਹੀਣ ਜੀਵ 50 ਕਰੋੜ ਸਾਲ ਤੋਂ ਵੀ ਪਹਿਲਾਂ ਧਰਤੀ ਉੱਤੇ ਹੋਂਦ ਵਿੱਚ ਆਏ; ਮੱਛੀਆਂ 40 ਕਰੋੜ ਸਾਲ ਪਹਿਲਾਂ; ਰੀਂਗਣ ਵਾਲ਼ੇ ਜੀਵ 25 ਕਰੋੜ ਸਾਲ ਪਹਿਲਾਂ; ਥਣਧਾਰੀ ਜੀਵ 20 ਕਰੋੜ ਸਾਲ ਪਹਿਲਾਂ; ਮਨੁੱਖ 30 ਲੱਖ ਸਾਲ ਪਹਿਲਾਂ। ਅਸੀਂ ਇਹਨਾਂ ਅੰਕੜਿਆਂ ਤੋਂ ਦੇਖਦੇ ਹਾਂ ਕਿ ਜਿਵੇਂ-ਜਿਵੇਂ ਅਸੀਂ ਵਿਗਾਸ ਦੇ ਕ੍ਰਮ ਜਿਸਦੇ ਸਿਖਰ ਉੱਤੇ ਮਨੁੱਖ ਬੈਠਾ ਹੈ,  ਵਿੱਚ ਅੱਗੇ ਵਧਦੇ ਹਾਂ, ਉਵੇਂ-ਉਵੇਂ ਨਵੇਂ ਗੁਣਾਂ ਦੇ ਇਕੱਠੇ ਹੋਣ ਦੀ ਰਫਤਾਰ ਵਧਦੀ ਜਾਂਦੀ ਹੈ। ਉਸਦੇ (ਮਨੁੱਖ ਦੇ – ਅਨੁ:) ਹੋਂਦ ਵਿੱਚ ਆਉਣ ਨਾਲ਼ ਵਿਗਾਸ ਦੀ ਗਤੀ ਇੰਨੀ ਤੇਜ ਹੋ ਜਾਂਦੀ ਹੈ ਕਿ ਹੁਣ ਇਸਦੀ ਮਿਕਦਾਰੀ ਬਦਲਾਵਾਂ ਦੇ ਨਤੀਜੇ ਵਜੋਂ ਹੀ ਵਿਆਖਿਆ ਕੀਤੀ ਜਾ ਸਕਦੀ ਹੈ। ਅਨੁਕੂਲਿਤ ਪ੍ਰਤੀਕਿਰਿਆਵਾਂ (Condioned Reflexes) ਬਾਰੇ ਆਪਣੇ ਖੋਜ-ਕਾਰਜ ਵਿੱਚ ਪਾਵਲੋਵ ਨੇ ਦਿਖਾਇਆ ਕਿ ਕਿਵੇਂ ਇਸ ਬਦਲਾਅ ਦਾ ਦਿਮਾਗ਼ ਦੀ ਅਸਲ ਕਿਰਿਆਸ਼ੀਲਤਾ ਦੇ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ।

ਇੱਕ ਪ੍ਰਤੀਕਿਰਿਆ, ਜਿਸ ਤਰ੍ਹਾਂ ਕਿ ਪਾਵਲੋਵ ਨੇ ਲਫਜ਼ ਵਰਤਿਆ ਹੈ, ਇੱਕ ਉਤਪ੍ਰੇਰਕ ਦੇ ਜਵਾਬ ਵਿੱਚ ਕੀਤੀ ਗਈ ਹਰਕਤ ਹੈ। ਜਦੋਂ ਸਾਡੇ ਮੂੰਹ ਵਿੱਚ ਭੋਜਨ ਆਉਂਦਾ ਹੈ ਤਾਂ ਇਸਨੂੰ ਥੁੱਕ ਵਿੱਚ ਲਪੇਟ ਦਿੱਤਾ ਜਾਂਦਾ ਹੈ ਜਿਹੜਾ ਇਸਨੂੰ ਕੂਲ਼ਾ ਬਣਾ ਦਿੰਦਾ ਹੈ ਤਾਂ ਕਿ ਨਿਗਲ਼ਣ ਵਿੱਚ ਸੌਖ ਰਹੇ। ਕੁੱਤਿਆਂ ਉੱਤੇ ਕੀਤੇ ਲੜੀਬੱਧ ਪ੍ਰਯੋਗਾਂ ਦੇ ਪ੍ਰੀਖਣਾਂ ਰਾਹੀਂ ਉਸਨੇ ਦਿਖਾਇਆ ਕਿ ਮੂੰਹ ਦੇ ਭੋਜਨ ਨਾਲ਼ ਸੰਪਰਕ ਵਿੱਚ ਆਉਣ ਨਾਲ਼ ਦਿਮਾਗ਼ ਵੱਲ ਜਾਂਦੇ ਅਤੇ ਦਿਮਾਗ਼ ਤੋਂ ਵਾਪਸ ਮੂੰਹ ਵੱਲ ਆਉਂਦੇ ਤੰਤੂਆਂ ਵਿੱਚ ਸਰਗਰਮੀ ਦੀ ਇੱਕ ਲੜੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਥੁੱਕ ਬਣਾਉਣ ਵਾਲ਼ੀਆਂ ਗ੍ਰੰਥੀਆਂ ਨੂੰ ਹਰਕਤ ਵਿੱਚ ਲਿਆਉਂਦੀ ਹੈ।

ਪ੍ਰਤੀਕਿਰਿਆਵਾਂ ਅਨੁਕੂਲਿਤ ਜਾਂ ਅਣ-ਅਨੁਕੂਲਿਤ (”Uncondioned) ਹੁੰਦੀਆਂ ਹਨ। ਹੁਣੇ ਦਿੱਤੀ ਉਦਾਹਰਨ ਅਣ-ਅਨੁਕੂਲਿਤ ਕਿਸਮ ਦੀ ਹੈ। ਅਣ-ਅਨੁਕੂਲਿਤ ਪ੍ਰਤੀਕਿਰਿਆ ਜਮਾਂਦਰੂ ਹੁੰਦੀ ਹੈ। ਹਰੇਕ ਜੀਵ ਵਿੱਚ ਆਪਣੇ ਵਿਕਾਸ ਲਈ ਲਾਜ਼ਮੀ ਹਾਲਤਾਂ ਜਨਮ ਤੋਂ ਹੀ ਮੌਜੂਦ ਹੁੰਦੀਆਂ ਹਨ। ਇੱਕ ਚੂਚਾ ਠੁੰਗਾਂ ਮਾਰਨੀਆਂ ਕਿਸੇ ਤੋਂ ਨਹੀਂ ਸਿੱਖਦਾ; ਬੱਚਾ ਦੁੱਧ ਚੁੰਘਣਾ ਕਿਸੇ ਤੋਂ ਨਹੀਂ ਸਿੱਖਦਾ। ਇਹ ਸਾਰੀਆਂ ਅਣ-ਅਨੁਕੂਲਿਤ ਪ੍ਰਤੀਕਿਰਿਆਵਾਂ ਹਨ।

ਥੁੱਕ ਭੋਜਨ ਦੇ ਮੂੰਹ ਨਾਲ਼ ਸੰਪਰਕ ਹੋਣ ਤੋਂ ਬਿਨਾਂ ਵੀ ਪੈਦਾ ਕੀਤਾ ਜਾ ਸਕਦਾ ਹੈ। ਅਸੀਂ ਜਾਣਦੇ ਹੀ ਹਾਂ ਕਿ ਭੋਜਨ ਦਾ ਦਿਖਾਈ ਦੇਣਾ ਜਾਂ ਉਸਦੀ ਮਹਿਕ ਆਉਣੀ ਹੀ ਕਈ ਵਾਰ “ਮੂੰਹ ਵਿੱਚ ਪਾਣੀ” ਆਉਣ ਲਈ ਕਾਫੀ ਹੁੰਦਾ ਹੈ। ਇਸ ਤਰ੍ਹਾਂ ਦੀ ਪ੍ਰਤੀਕਿਰਿਆ “ਅਨੁਕੂਲਿਤ ਪ੍ਰਤੀਕਿਰਿਆ” ਹੈ। ਅਜਿਹੀਆਂ ਕੁੱਝ ਮਹਿਕਾਂ ਜਾਂ ਦ੍ਰਿਸ਼ ਹੁੰਦੇ ਹਨ ਜਿਹਨਾਂ ਨੂੰ ਅਸੀਂ ਭੋਜਨ ਨਾਲ਼ ਜੋੜ ਕੇ ਦੇਖਣਾ ਸਿੱਖਿਆ ਹੁੰਦਾ ਹੈ। “ਸਿੱਖਣ” ਤੋਂ ਸਾਡਾ ਕੀ ਭਾਵ ਹੈ? ਪਾਵਲੋਵ ਦੇ ਪ੍ਰਯੋਗਾਂ ਵਿਚਲੇ ਕੁੱਤਿਆਂ ‘ਚੋਂ ਇੱਕ ਨੂੰ ਨਿਯਮਿਤ ਸਮੇਂ ਬਾਅਦ ਖਾਣਾ ਦਿੱਤਾ ਜਾਂਦਾ ਸੀ ਅਤੇ ਇਸ ਤੋਂ ਬਾਅਦ ਜਦੋਂ ਉਹ ਇਸ ਪ੍ਰਕਿਰਿਆ ਦਾ ਆਦੀ ਹੋ ਗਿਆ ਤਾਂ ਖਾਣਾ ਦੇਣ ਵੇਲ਼ੇ ਹਰ ਵਾਰ ਇੱਕ ਘੰਟੀ ਵਜਾ ਦਿੱਤੀ ਜਾਂਦੀ। ਕੁੱਝ ਸਮੇਂ ਬਾਅਦ ਪਤਾ ਚੱਲਿਆ ਕਿ ਘੰਟੀ ਦੀ ਅਵਾਜ਼ ਨਾਲ਼ ਹੀ ਕੁੱਤੇ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਸੀ। ਪ੍ਰਯੋਗ ਦੁਆਰਾ ਪੈਦਾ ਕੀਤੀਆਂ ਗਈਆਂ ਹਾਲਤਾਂ ਦੇ ਅਨੁਸਾਰ ਉਤਪ੍ਰੇਰਕ ਹੁਣ ਅਵਾਜ਼ ਬਣ ਗਈ ਸੀ। ਅਗਲੀ ਕੜੀ ਵਿੱਚ, ਘੰਟੀ ਵਜਾਈ ਗਈ ਪਰ ਖਾਣਾ ਨਾ ਦਿੱਤਾ ਗਿਆ, ਅਤੇ ਕੁੱਝ ਸਮੇਂ ਬਾਅਦ ਮੂੰਹ ਵਿੱਚ ਪਾਣੀ ਆਉਣਾ ਬੰਦ ਹੋ ਗਿਆ। ਇਸਨੂੰ ਰੋਕ ਦਿੱਤਾ ਗਿਆ ਸੀ; ਅਜਿਹਾ ਨਵੀਆਂ ਹਾਲਤਾਂ ਵਿੱਚ ਇੱਕ ਉਲ਼ਟ ਉਤਪ੍ਰੇਰਕ ਪੈਦਾ ਹੋ ਗਿਆ ਸੀ ਅਤੇ ਪਹਿਲਾਂ ਬਣੀ ਹੋਈ ਪ੍ਰਤੀਕਿਰਿਆ ਨੂੰ ਦਬਾ ਦਿੱਤਾ ਗਿਆ। ਪਾਵਲੋਵ ਨੇ ਇਹ ਦਿਖਾਇਆ ਕਿ ਅਜਿਹੀਆਂ ਅਨੁਕੂਲਿਤ ਪ੍ਰਤੀਕਿਰਿਆਵਾਂ ਸੰਭਵ ਨਹੀਂ ਹੁੰਦੀਆਂ ਜੇ ਦਿਮਾਗ਼ ਦਾ ਮਗਜ (Cerebral cortex) ਠੀਕ ਢੰਗ ਨਾਲ਼ ਕੰਮ ਨਾ ਕਰ ਰਿਹਾ ਹੋਵੇ।

 ਕਿਸੇ ਦਿੱਤੇ ਜੀਵ ਵਿੱਚ ਅਣ-ਅਨੁਕੂਲਿਤ ਅਤੇ ਅਨੁਕੂਲਿਤ ਪ੍ਰਤੀਕਿਰਿਆਵਾਂ ਦਾ ਕੁੱਲ ਜੋੜ ਹੀ ਉਹ ਸ਼ੈਅ ਹੈ ਜਿਸਨੂੰ ਪਾਵਲੋਵ ਨੇ “ਪਹਿਲਾ ਸੰਕੇਤ” ਪ੍ਰਣਾਲੀ ਕਿਹਾ। ਇਹ ਸੰਕੇਤਕ ਪ੍ਰਣਾਲੀ ਜਾਨਵਰਾਂ ਦੀ ਵਿਸ਼ੇਸ਼ਤਾ ਹੈ ਜਿਹੜੀ ਉਹਨਾਂ ਵਿੱਚ ਉਹਨਾਂ ਦੇ ਵਿਗਾਸ ਦੇ ਪੱਧਰ ਅਨੁਸਾਰ ਵੱਧ ਜਾਂ ਘੱਟ ਵਿਕਸਤ ਹੁੰਦੀ ਹੈ। ਮਨੁੱਖ ਵਿੱਚ ਇਹ ਇੰਨੀ ਗੁੰਝਲ਼ਦਾਰ ਹੋ ਗਈ ਕਿ ਇਸ ਦੇ ਅਧਾਰ ਉੱਤੇ ਬਿਲਕੁਲ ਹੀ ਵੱਖਰੀਆਂ ਪ੍ਰਤੀਕਿਰਿਆਵਾਂ ਦਾ ਪੈਦਾ ਹੋਣਾ ਸੰਭਵ ਹੋ ਗਿਆ, ਜਿਹੜੀਆਂ ਬਾਕੀ ਪ੍ਰਤੀਕਿਰਿਆਵਾਂ ਦੇ ਨਾਲ਼-ਨਾਲ਼ ਚਲਦਿਆਂ ਹੋਇਆਂ “ਦੂਸਰਾ ਸੰਕੇਤ” ਪ੍ਰਣਾਲੀ ਬਣਾਉਂਦੀਆਂ ਹਨ। 

ਪਾਵਲੋਵ ਦੇ ਇੱਕ ਸ਼ਾਗਿਰਦ ਨੇ ਅੱਗੇ ਵਰਣਨ ਅਧੀਨ ਆਉਣ ਵਾਲ਼ਾ ਪ੍ਰਯੋਗ ਕੀਤਾ। ਇੱਕ ਬੱਚੇ ਦੀ ਉਂਗਲ਼ ਉੱਤੇ ਬਿਜਲੀ ਦਾ ਕਰੰਟ ਲਾਇਆ ਗਿਆ। ਬੱਚੇ ਨੇ ਆਪਣੀ ਉਂਗਲ਼ ਪਿੱਛੇ ਖਿੱਚ ਲਈ। ਇਸੇ ਪ੍ਰਕਿਰਿਆ ਨੂੰ ਦੁਹਰਾਇਆ ਗਿਆ। ਕੁੱਝ ਦੇਰ ਬਾਅਦ, ਕਰੰਟ ਲਗਾਉਣ ਤੋਂ ਬਿਲਕੁਲ ਪਹਿਲਾਂ ਇੱਕ ਘੰਟੀ ਵਜਾਈ ਜਾਣ ਲੱਗੀ; ਅਤੇ ਜਦੋਂ ਇਸਨੂੰ ਕੁੱਝ ਦੇਰ ਲਈ ਦੁਹਰਾਇਆ ਗਿਆ ਤਾਂ ਬੱਚਾ ਘੰਟੀ ਦੀ ਅਵਾਜ਼ ਸੁਣ ਕੇ ਹੀ ਉਂਗਲ ਨੂੰ ਪਿਛਾਂਹ ਖਿੱਚਣ ਲੱਗ ਪਿਆ। ਅਗਲੀ ਕੜੀ ਵਿੱਚ, ਘੰਟੀ ਵਜਾਉਣ ਦੀ ਥਾਂ ਉੱਤੇ ਪ੍ਰਯੋਗ ਕਰਨ ਵਾਲੇ ਨੇ ਸਿਰਫ ਸ਼ਬਦ “ਘੰਟੀ” ਕਹਿਣਾ ਸ਼ੁਰੂ ਕਰ ਦਿੱਤਾ, ਅਤੇ ਬੱਚਾ ਸ਼ਬਦ ਦੀ ਅਵਾਜ਼ ਸੁਣਕੇ ਹੀ ਆਪਣੀ ਉਂਗਲ਼ ਪਿਛਾਂਹ ਖਿੱਚਣ ਲੱਗ ਪਿਆ। ਉਸਤੋਂ ਬਾਅਦ, ਉਸਨੇ ਨੇ ਸ਼ਬਦ ਬੋਲਣ ਦੀ ਥਾਂ ਬੱਚੇ ਨੂੰ ਇੱਕ ਗੱਤੇ ਉੱਤੇ ਇਹੀ ਸ਼ਬਦ ਲਿਖ ਕੇ ਦਿਖਾਉਣਾ ਸ਼ੁਰੂ ਕਰ ਦਿੱਤਾ; ਅਤੇ ਬੱਚਾ ਲਿਖੇ ਹੋਏ ਸ਼ਬਦ ਨੂੰ ਦੇਖਣ ਸਾਰ ਹੀ ਆਪਣੀ ਉਂਗਲ ਪਿਛਾਂਹ ਖਿੱਚਣ ਲੱਗ ਪਿਆ। ਅਖ਼ੀਰ ਵਿੱਚ ਬੱਚੇ ਨੂੰ ਸਿਰਫ ਘੰਟੀ ਬਾਰੇ ਕੋਈ ਸੋਚ ਦਿਮਾਗ਼ ਵਿੱਚ ਆ ਜਾਣ ਉੱਤੇ ਉਂਗਲ਼ ਪਿੱਛੇ ਖਿੱਚਣ ਲਗਾ ਦਿੱਤਾ ਗਿਆ।

ਇਹ ਪ੍ਰਯੋਗ ਇੱਕ ਅਣ-ਅਨੁਕੂਲਿਤ ਪ੍ਰਤੀਕਿਰਿਆ—ਬਿਜਲੀ ਦੇ ਕਰੰਟ ਦੇ ਉਤਪ੍ਰੇਰਕ ਦੇ ਜਵਾਬ ਵਿੱਚ ਉਂਗਲ਼ ਨੂੰ ਪਿਛਾਂਹ ਖਿੱਚਣਾ—ਨਾਲ਼ ਸ਼ੁਰੂ ਹੋਇਆ ਸੀ; ਅਤੇ ਇਹ ਅਨੁਕੂਲਿਤ ਪ੍ਰਤੀਕਿਰਿਆ—ਘੰਟੀ ਦੀ ਅਵਾਜ਼ ਦੇ ਜਵਾਬ ਵਿੱਚ ਉਂਗਲ਼ ਨੂੰ ਪਿਛਾਂਹ ਖਿੱਚਣਾ—ਵੱਲ ਵਧਿਆ। ਇਹ ਬਾਹਰੀ ਉਤਪ੍ਰੇਰਕਾਂ ਦੀਆਂ ਅਕਰਮਕ ਪ੍ਰਤੀਕਿਰਿਆਵਾਂ ਸਨ ਜਿਹੜੀਆਂ “ਪਹਿਲਾ ਸੰਕੇਤ” ਪ੍ਰਣਾਲੀ ਅਧੀਨ ਹੀ ਆਉਂਦੀਆਂ ਸਨ। ਪ੍ਰੰਤੂ, ਜਦੋਂ ਬੱਚਾ ਅਵਾਜ਼, ਦ੍ਰਿਸ਼ ਅਤੇ ਸੋਚ ਦੀ ਪ੍ਰਤੀਕਿਰਿਆ ਕਰਦਾ ਸੀ ਤਾਂ ਪ੍ਰਤੀਕਿਰਿਆਵਾਂ ਦਾ ਧਰਾਤਲ ਹੋਰ ਸੀ। ਇਹਨਾਂ ਮਾਮਲਿਆਂ ਵਿੱਚ ਸ਼ਬਦ ਦੀ ਵਰਤੋਂ ਰਾਹੀਂ ਬੱਚੇ ਦੀ ਸਰਗਰਮੀ ਵਧੇਰੇ ਵਿਸ਼ਾਲ ਹੋਈ। ਸ਼ਬਦ ਸਿਰਫ ਸੰਕੇਤ ਨਹੀਂ ਹੈ, ਇਹ “ਸੰਕੇਤਾਂ ਦਾ ਸੰਕੇਤ” ਹੈ। ਇਸ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ “ਦੂਸਰਾ ਸੰਕੇਤ” ਪ੍ਰਣਾਲੀ ਦਾ ਹਿੱਸਾ ਹਨ ਜਿਸ ਵਿੱਚ ਖਾਸ ਉਤਪ੍ਰੇਰਕ ਗਿਆਨ ਇੰਦਰੀਆਂ ਉੱਤੇ ਅਸਰਅੰਦਾਜ ਇੱਕ ਬਾਹਰਮੁਖੀ ਕੁਦਰਤੀ ਘਟਨਾ ਨਹੀਂ ਸਗੋਂ ਸਮਾਜਿਕ ਤੌਰ ‘ਤੇ ਘੜੀ ਗਈ ਇੱਕ ਅਵਾਜ਼ ਹੈ ਜਿਸਦਾ ਕੁੱਝ ਅੰਤਰਮੁਖੀ ਮਤਲਬ ਹੈ। ”ਘੰਟੀ” ਨਾਂ ਦੇ ਸ਼ਬਦ ਦੀ ਅਵਾਜ਼ ਵਿੱਚ ਅਜਿਹਾ ਕੁੱਝ ਨਹੀਂ ਹੈ ਜਿਸ ਲਈ ਇਹ ਜਰੂਰੀ ਹੋਵੇ ਕਿ ਉਹ ਇੱਕ ਖਾਸ ਕਿਸਮ ਦਾ ਅਰਥ ਸੰਚਾਰਤ ਕਰਦੀ ਹੋਵੇ, ਨਾ ਕਿ ਕਿਸੇ ਹੋਰ ਤਰ੍ਹਾਂ ਦਾ ਅਰਥ; ਸਗੋਂ ਉਲ਼ਟਾ “ਘੰਟੀ” ਲਈ ਹਰੇਕ ਭਾਸ਼ਾ ਵਿੱਚ ਵੱਖੋ-ਵੱਖਰਾ ਸ਼ਬਦ ਹੈ ਅਤੇ ਜਿਵੇਂ-ਜਿਵੇਂ ਇਸਦਾ ਰੂਪ ਸਮਾਜਿਕ ਤੌਰ ‘ਤੇ ਤੈਅ ਹੁੰਦਾ ਹੈ, ਉਸੇ ਤਰ੍ਹਾਂ ਹੀ ਇਸਦਾ ਤੱਤ ਵੀ ਸਮਾਜਿਕ ਤੌਰ ‘ਤੇ ਤੈਅ ਹੁੰਦਾ ਹੈ। ਸ਼ਬਦ “ਘੰਟੀ” ਨਾ ਸਿਰਫ ਘੰਟੀ ਦੀ ਅਵਾਜ਼ ਨੂੰ, ਸਗੋਂ ਘੰਟੀ ਦੀ ਸ਼ਕਲ ਅਤੇ ਘੰਟੀ ਦੇ ਕੰਮ ਨੂੰ ਅਤੇ ਨਾ ਸਿਰਫ ਇਹ ਜਾਂ ਉਹ ਘੰਟੀ, ਸਗੋਂ ਸਭ ਤਰ੍ਹਾਂ ਦੀਆਂ ਘੰਟੀਆਂ ਨੂੰ ਦਰਸਾਉਂਦਾ ਹੈ। ਇਹ ਵੱਖ-ਵੱਖ ਘੰਟੀਆਂ ਦੇ ਠੋਸ ਗੁਣਾਂ ਵਿੱਚੋਂ ਸਾਂਝੇ ਗੁਣਾਂ ਦਾ ਕੁੱਲ-ਜੋੜ ਦਰਸਾਉਂਦਾ ਹੈ। ਸੰਖੇਪ ਵਿੱਚ, ਇਹ ਇੱਕ ਸੰਕਲਪ ਨੂੰ ਦਰਸਾਉਂਦਾ ਹੈ।

ਪਾਵਲੋਵ ਅਤੇ ਉਸਦੇ ਸਾਥੀਆਂ ਵੱਲੋਂ ਕੀਤੇ ਵਿਗਿਆਨਕ ਪ੍ਰਯੋਗ ਨੇ ਲੈਨਿਨ ਦੇ ਪ੍ਰਤੀਬਿੰਬਨ ਦੇ ਸਿਧਾਂਤ ਲਈ ਪ੍ਰਯੋਗੀ ਸਬੂਤ ਮੁਹੱਈਆ ਕਰਵਾਏ:

ਹਰੇਕ ਵਿਗਿਆਨਕ ਜਿਹੜਾ ਪ੍ਰੋਫੈਸਰੀ ਫਲਸਫੇ ਕਾਰਨ ਰਾਹ ਤੋਂ ਨਹੀਂ ਭਟਕ ਜਾਂਦਾ ਅਤੇ ਨਾਲ਼ ਹੀ ਹਰੇਕ ਪਦਾਰਥਵਾਦੀ ਲਈ, ਇੰਦਰਿਆਵੀ ਅਨੁਭਵ ਚੇਤਨਾ ਅਤੇ ਬਾਹਰੀ ਜਗਤ ਵਿੱਚ ਸੱਚਮੁਚ ਦਾ ਸਿੱਧਾ ਸਬੰਧ ਹੈ; ਇਹ ਬਾਹਰੀ ਉਤਪ੍ਰੇਰਨ ਦੀ ਊਰਜਾ ਦਾ ਚੇਤਨਾ ਦੇ ਯਥਾਰਥ ਵਿੱਚ ਬਦਲ ਜਾਣਾ ਹੈ। (ਲੈਨਿਨ ਸਮੁੱਚੀਆਂ ਲਿਖਤਾਂ, ਸੈਂਚੀ 14, ਸਫਾ 51)

3. ਆਪਸੀ ਸਹਿਯੋਗ 

ਦੂਸਰੇ ਸੰਕੇਤਕ ਪ੍ਰਣਾਲੀ ਦਾ ਵਿਕਾਸ ਸਾਫ ਰੂਪ ਵਿੱਚ ਦਿਮਾਗ਼ ਦੇ ਅਕਾਰ ਵਿੱਚ ਵਾਧੇ ਨਾਲ਼ ਜੁੜਿਆ ਹੋਇਆ ਹੈ, ਜਿਹੜਾ ਕਿ ਅਸੀਂ ਦੇਖ ਚੁੱਕੇ ਹਾਂ, ਉਚੇਰੇ ਥਣਧਾਰੀ ਜੀਵਾਂ ਵਿੱਚ ਦੇਖਿਆ ਜਾ ਸਕਦਾ ਹੈ। ਇਹ ਨੁਕਤਾ ਹੋਰ ਵਧੇਰੇ ਪ੍ਰਮਾਣਾਂ ਨਾਲ਼ ਸਹੀ ਸਿੱਧ ਹੁੰਦਾ ਹੈ।

ਬਹੁਤੇ ਖੁਰਦਾਰ ਜਾਨਵਰ ਬਹੁਤ ਜਲਦੀ ਵਧਦੇ ਹਨ। ਮਾਸਾਹਾਰੀ ਜੀਵ ਆਮ ਤੌਰ ‘ਤੇ ਜਨਮ ਸਮੇਂ ਇਕਦਮ ਬੇਵੱਸ ਜਿਹੇ ਹੁੰਦੇ ਹਨ ਅਤੇ ਕਈ ਮਹੀਨਿਆਂ ਤੱਕ ਦੂਜਿਆਂ ‘ਤੇ ਨਿਰਭਰਤਾ ਬਣਾਈ ਰੱਖਦੇ ਹਨ। ਉਚੇਰੇ ਥਣਧਾਰੀ ਜੀਵਾਂ ਵਿੱਚ, ਉਰਾਂਗ-ਉਤਾਂਗ ਪਹਿਲੇ ਮਹੀਨੇ ਵਿੱਚ ਪਿੱਠ-ਭਾਰ ਪਿਆ ਰਹਿੰਦਾ ਹੈ, ਫਿਰ ਹੌਲ਼ੀ-ਹੌਲ਼ੀ ਤੁਰਨਾ ਸਿੱਖਦਾ ਹੈ, ਤਿੰਨ ਸਾਲਾਂ ਦੀ ਉਮਰ ‘ਚ ਆਤਮਨਿਰਭਰ ਹੁੰਦਾ ਹੈ ਅਤੇ ਦਸ ਜਾਂ ਗਿਆਰਾਂ ਸਾਲ ਦੀ ਉਮਰ ਵਿੱਚ ਜਾਕੇ ਪੂਰੀ ਤਰ੍ਹਾਂ ਵਿਕਸਤ ਹੁੰਦਾ ਹੈ। 

ਨਾ ਸਿਰਫ ਉਚੇਰੇ-ਥਣਧਾਰੀ ਜੀਵ ਹੇਠਲੇ ਜੀਵਾਂ ਦੇ ਮੁਕਾਬਲੇ ਦੇਰ ਨਾਲ਼ ਬਾਲਗ ਹੁੰਦੇ ਹਨ, ਸਗੋਂ ਉਹਨਾਂ ਦੇ ਸਰੀਰ ਦਾ ਸਭ ਤੋਂ ਬਾਅਦ ਪੂਰਾ ਵਿਕਾਸ ਹਾਸਲ ਕਰਨ ਵਾਲ਼ਾ ਅੰਗ ਦਿਮਾਗ਼ ਹੈ। ਮਨੁੱਖ ਵਿੱਚ ਇਹ ਵਖਰੇਵਾਂ ਹੋਰ ਵੀ ਵੱਧ ਹੈ। ਜਨਮ ਤੋਂ ਬਾਅਦ ਉਸਦੇ ਦਿਮਾਗ਼ ਦਾ ਵਜ਼ਨ ਸਰੀਰ ਦੇ ਕਿਸੇ ਵੀ ਹੋਰ ਅੰਗ ਨਾਲ਼ੋਂ ਜ਼ਿਆਦਾ ਲੰਮੇ ਸਮੇਂ ਲਈ ਅਤੇ ਜ਼ਿਆਦਾ ਤੇਜ਼ੀ ਨਾਲ਼ ਵਧਦਾ ਹੈ ਅਤੇ ਵਜ਼ਨ ਵਿੱਚ ਇਹ ਵਾਧਾ ਮੁੱਖ ਰੂਪ ਵਿੱਚ ਦਿਮਾਗ਼ ਦੇ ਬਾਹਰੀ ਹਿੱਸੇ ਦੇ ਸੈਲਾਂ, ਖਾਸ ਕਰਕੇ ਦੋ ਹਿੱਸਿਆਂ ਦੇ ਸੈਲਾਂ ਜਿਹੜੇ ਹੱਥਾਂ ਤੇ ਉਂਗਲ਼ਾਂ ਅਤੇ ਜੀਭ ਤੇ ਬੁੱਲ੍ਹਾਂ ਨੂੰ ਕੰਟਰੋਲ ਕਰਦੇ ਹਨ, ਨੂੰ ਜੋੜਨ ਵਾਲ਼ੀਆਂ ਤੰਦਾਂ ਦੇ ਤਾਣੇਬਾਣੇ ਦੇ ਵਿਕਾਸ ਕਰਕੇ ਹੁੰਦਾ ਹੈ। ਇਹ ਹਿੱਸੇ ਦੂਜੇ ਪ੍ਰੇਰਕ ਹਿੱਸਿਆਂ ਨਾਲ਼ੋਂ ਬਹੁਤ ਵੱਡੇ ਹੁੰਦੇ ਹਨ ਅਤੇ ਗੈਰ-ਮਨੁੱਖੀ ਉਚੇਰੇ-ਥਣਧਾਰੀ ਜੀਵਾਂ ਦੇ ਇਹਨਾਂ ਹੀ ਹਿੱਸਿਆਂ ਦੇ ਮੁਕਾਬਲੇ ਤਾਂ ਇਹ ਹਿੱਸੇ ਬਹੁਤ ਜ਼ਿਆਦਾ ਵੱਡੇ ਹੁੰਦੇ ਹਨ। ਬਾਲਗ ਹੋਣ ਤੱਕ ਦੇ ਇਸੇ ਅਰਸੇ ਦੌਰਾਨ ਹੀ, ਜਦੋਂ ਉਪਰੋਕਤ ਤਾਣੇ-ਬਾਣੇ ਦਾ ਵਿਕਾਸ ਹੋ ਰਿਹਾ ਹੁੰਦਾ ਹੈ, ਸਭ ਤੋਂ ਵੱਧ ਪੱਕੀਆਂ ਅਨੁਕੂਲਿਤ ਪ੍ਰਤੀਕਿਰਿਆਵਾਂ ਕਾਇਮ ਹੁੰਦੀਆਂ ਹਨ। ਅਸੀਂ ਪਹਿਲਾਂ ਹੀ ਆਖ ਚੁੱਕੇ ਹਾਂ ਕਿ, ਆਪਣੇ ਦਿਮਾਗ਼ ਤੋਂ ਬਿਨਾਂ, ਮਨੁੱਖ ਪੂਰੀ ਤਰ੍ਹਾਂ ਨਾਲ਼ ਸਰੀਰਕ ਸੁਰੱਖਿਆ ਉੱਤੇ ਨਿਰਭਰ ਸੀ ਅਤੇ ਇਸ ਵਿੱਚ ਅਸੀਂ ਹੁਣ ਉਸ ਹੱਦੋਂ ਬਾਹਰੇ ਲੰਮੇ ਸਮੇਂ ਨੂੰ ਵੀ ਜੋੜ ਸਕਦੇ ਹਾਂ ਜਿਸ ਵਿੱਚ ਬਾਲਗ ਛੋਟੇ ਬੱਚਿਆਂ ਦੇ ਪਾਲਣ ਵਿੱਚ ਰੁੱਝੇ ਰਹਿੰਦੇ ਹਨ। ਇਸ ਹਾਲਾਤ ਨੇ ਉਹਨਾਂ ਨੂੰ ਸਮੂਹਕ ਕਿਰਤ ਲਈ, ਜਿਸ ਵਿੱਚ ਸੰਦਾਂ ਅਤੇ ਬੋਲੀ ਦੀ ਵਰਤੋਂ ਸ਼ਾਮਲ ਹੈ, ਮਜ਼ਬੂਰ ਵੀ ਕੀਤਾ ਹੋਵੇਗਾ ਅਤੇ ਮਦਦ ਵੀ ਕੀਤੀ ਹੋਵੇਗੀ।

ਅਨੁਕੂਲਿਤ ਪ੍ਰਤੀਕਿਰਿਆਵਾਂ ਸਰੀਰ-ਕਿਰਿਆ ਵਿਗਿਆਨ (Physiology) ਦੇ ਸ਼ਬਦਾਂ ਵਿੱਚ ਉਹੀ ਚੀਜ਼ ਹੈ ਜਿਸਨੂੰ ਅਸੀਂ ਸਿੱਖਣਾ ਕਹਿੰਦੇ ਹਾਂ। ਇੱਕ ਨਿੱਕੀ ਉਮਰ ਦਾ ਜੀਵ ਨਕਲ ਕਰਦਾ ਹੋਇਆ ਸਿੱਖਦਾ ਹੈ। ਉਹ ਆਪਣੀ ਮਾਂ ਨਾਲ਼ ਚਿੰਬੜਿਆ ਰਹਿੰਦਾ ਹੈ, ਉਸਦੇ ਪਿੱਛੇ-ਪਿੱਛੇ ਚੱਲਦਾ ਹੈ ਅਤੇ ਉਸਦੀ ਨਕਲ ਕਰਦਾ ਹੈ। ਇਹ ਸਮਰੱਥਾ ਅਚੇਤਨ ਹੈ, ਅਤੇ ਮੁੱਖ ਰੂਪ ਵਿੱਚ ਬਾਲਗ ਹੋਣ ਤੋਂ ਪਹਿਲਾਂ ਦੇ ਸਮੇਂ ਤੱਕ ਸੀਮਤ ਹੈ। ਜਦੋਂ ਜੀਵ ਵੱਡਾ ਹੋ ਜਾਂਦਾ ਹੈ ਤਾਂ ਉਹ ਸਰਲ ਚੀਜ਼ਾਂ ਨੂੰ ਸਿੱਖਣ ਲਈ ਬਹੁਤ ਜ਼ਿਆਦਾ ਸਮਾਂ ਲੈਂਦਾ ਹੈ, ਅਤੇ ਕਈ ਚੀਜ਼ਾਂ ਉਸਦੀ ਸਿੱਖਣ ਦੀ ਸਮਰੱਥਾ ਤੋਂ ਬਾਹਰ ਹੋ ਜਾਂਦੀਆਂ ਹਨ। ਪ੍ਰੰਤੂ ਇਸ ਨੇਮ ਦੀ ਇੱਕ ਅਹਿਮ ਛੋਟ ਹੈ। ਬਾਂਦਰ ਸਚੇਤਨ ਨਕਲਚੀ ਹੁੰਦੇ ਹਨ। ਉਚੇਰੇ-ਥਣਧਾਰੀਆਂ ਵਿੱਚ ਇਹ ਵਿਕਾਸ ਹੋਣ ਵਿੱਚ ਉਹਨਾਂ ਦੀ ਟੋਲੀਆਂ, ਜਿੰਨ੍ਹਾਂ ‘ਚ ਆਮ ਤੌਰ ‘ਤੇ ਮਾਦਾ ਤੇ ਬੱਚੇ ਹੁੰਦੇ ਸਨ, ਵਿੱਚ ਰਹਿਣ ਦੀ ਆਦਤ ਦੀ ਬਿਨਾਂ ਸ਼ੱਕ ਭੂਮਿਕਾ ਰਹੀ ਹੈ। 

ਸਚੇਤਨ ਨਕਲ ਆਪਸੀ ਸਹਿਯੋਗ ਵੱਲ ਪਹਿਲਾ ਕਦਮ ਹੈ। ਇਹ ਬੱਚਿਆਂ ਵਿੱਚ ਦੇਖਿਆ ਜਾ ਸਕਦਾ ਹੈ। ਇੱਕ ਬਾਲਗ ਦੀ ਹਰਕਤ ਦੀ ਨਕਲ ਕਰਨ ਤੋਂ ਬਾਅਦ, ਜਿਵੇਂ ਇਹੀ ਆਪਣੇ ਆਪ ‘ਚ ਉਦੇਸ਼ ਹੋਵੇ, ਬੱਚਾ ਉਸ ਹਰਕਤ ਦਾ ਮਕਸਦ ਸਮਝਦਾ ਹੈ ਅਤੇ ਜ਼ਰੂਰਤ ਅਨੁਸਾਰ ਉਸਦੀ ਨਕਲ ਨੂੰ ਬਦਲਦਾ ਹੈ ਤੇ ਇਸ ਤਰ੍ਹਾਂ ਸਹਿਯੋਗ ਕਰਨਾ ਸਿੱਖਦਾ ਹੈ। ਇਸ ਲਈ, ਅਜਿਹਾ ਸੋਚਿਆ ਜਾ ਸਕਦਾ ਹੈ ਕਿ ਇੱਕ ਵਾਰ ਜਦੋਂ ਸਚੇਤਨ ਨਕਲ ਕਰਨ ਦੀ ਸਮਰੱਥਾ ਵਿਕਸਤ ਹੋ ਗਈ ਤਾਂ ਆਪਸੀ ਸਹਿਯੋਗ ਸਮੇਂ ਨਾਲ਼ ਖੁਦ-ਬ-ਖੁਦ ਵਿਕਸਤ ਹੋਣਾ ਹੀ ਸੀ। ਪ੍ਰੰਤੂ ਅਜਿਹਾ ਨਹੀਂ ਹੈ। ਏਪ ਅਤੇ ਬਾਂਦਰ ਬੜੇ ਨਕਲਚੀ ਹੁੰਦੇ ਹਨ, ਪ੍ਰੰਤੂ ਕਿਤੇ ਸਬੱਬੀਂ ਹੋਣ ਵਾਲੇ ਸਹਿਯੋਗ, ਤੇ ਉਹ ਵੀ ਇੰਨੇ ਅਸਰਦਾਰ ਰੂਪ ਵਿੱਚ ਨਹੀਂ, ਨੂੰ ਛੱਡ ਕੇ ਉਹ ਅਜਿਹਾ ਨਹੀਂ ਕਰਦੇ।

ਇਸ ਤੋਂ ਅਸੀਂ ਇਹ ਨਤੀਜਾ ਕੱਢ ਸਕਦੇ ਹਾਂ ਕਿ ਆਪਸੀ ਸਹਿਯੋਗ ਦਾ ਵਿਕਾਸ ਸੰਦਾਂ ਦੀ ਵਰਤੋਂ ਅਤੇ ਬੋਲੀ ਨਾਲ਼ ਨੇੜਿਓਂ ਜੁੜਿਆ ਹੋਇਆ ਹੈ। ਆਪਸੀ ਸਹਿਯੋਗ ਤੋਂ ਬਿਨਾਂ ਕੋਈ ਬੋਲੀ ਵਿਕਸਤ ਨਹੀਂ ਹੋਣੀ ਸੀ ਜੋ ਇਸ ਲਈ ਜਰੀਆ ਹੈ। ਤਾਂ ਫਿਰ ਆਪਸੀ ਸਹਿਯੋਗ ਦਾ ਕੰਮ ਕੀ ਸੀ? ਜਵਾਬ ਕਾਫੀ ਸਿੱਧਾ ਹੈ ਕਿ ਇੱਕ ਦਿਮਾਗ਼ ਨਾਲ਼ੋਂ ਕਈ ਦਿਮਾਗ਼ ਇਕੱਠੇ ਹਮੇਸ਼ਾਂ ਹੀ ਚੰਗੇ ਹੁੰਦੇ ਹਨ। ਦਿਮਾਗ਼ ਦਾ ਇੰਨਾ ਵਿਕਾਸ ਕਿ ਉਹਨਾਂ ਨੇ ਖੁਦ ਨੂੰ ਸਿੱਧੇ ਖੜੇ ਹੋਣ ਦੇ ਯੋਗ ਬਣਾ ਲਿਆ, ਹਾਸਲ ਕਰ ਲੈਣ ਉਪਰੰਤ, ਸਾਡੇ ਪੂਰਵਜ ਇੱਕ ਨਵੇਂ ਪੜਾਅ ਵਿੱਚ ਦਾਖਲ ਹੋਏ ਜਿੱਥੇ ਆਕੇ ਜਿਉਂਦੇ ਰਹਿਣ ਦੀ ਸੰਭਾਵਨਾ ਸਿਰਫ ਦਿਮਾਗ਼ ਦੇ ਹੋਰ ਅਗਲੇਰੇ ਵਿਕਾਸ ਵਿੱਚ ਹੀ ਸੀ। ਉਹਨਾਂ ਨੂੰ ਅੱਗੇ ਵਧਣਾ ਹੀ ਪੈਣਾ ਸੀ ਜਾਂ ਫਿਰ ਉਹਨਾਂ ਨੇ ਖਤਮ ਹੋ ਜਾਣਾ ਸੀ ਅਤੇ ਜਿਵੇਂ ਕਿ ਪਥਰਾਟਾਂ ਦਾ ਸੰਗ੍ਰਹਿ ਦਿਖਾਉਂਦਾ ਹੈ, ਉਹਨਾਂ ‘ਚੋਂ ਕਈ ਨਸਲਾਂ ਸੱਚਮੁੱਚ ਖਤਮ ਹੋਈਆਂ। ਉਹ ਆਪਣੇ ਦਿਮਾਗ਼ਾਂ ਦੀ ਤਾਕਤ ਆਪਣੀਆਂ ਕੁਦਰਤੀ ਸੀਮਤਾਵਾਂ ਤੋਂ ਅੱਗੇ ਲਿਜਾਣ ਲਈ ਮਜਬੂਰ ਹੋਏ। ਉਹਨਾਂ ਅਜਿਹਾ ਸਮੂਹਕਤਾ ਰਾਹੀਂ ਹਾਸਲ ਕੀਤਾ। ਇਸ ਨਾਲ਼ ਉਹਨਾਂ ਨੂੰ ਇੱਕ ਨਵਾਂ ਹਥਿਆਰ ਮਿਲ਼ ਗਿਆ। ਖੁਦ ਨੂੰ ਆਪਣੇ ਚੌਗਿਰਦੇ ਅਨੁਸਾਰ ਅਨੁਕੂਲ ਕਰਨ ਲਈ ਉਸ ਅਨੁਸਾਰ ਢਲ਼ ਜਾਣ ਦੀ ਥਾਂ, ਉਹ ਆਪਣੀਆਂ ਲੋੜਾਂ ਮੁਤਾਬਕ ਆਪਣੇ ਗੁਜ਼ਾਰੇ ਦੇ ਸਾਧਨਾਂ ਦੀ ਪੈਦਾਵਾਰ ਕਰਕੇ ਆਪਣੇ ਚੌਗਿਰਦੇ ਨੂੰ ਸਚੇਤਨ ਤੌਰ ‘ਤੇ ਬਦਲਣ ਲੱਗੇ। ਇਸ ਤਰ੍ਹਾਂ ਤਿੰਨ ਵਿਸ਼ੇਸ਼ਤਾਵਾਂ – ਸੰਦ, ਬੋਲੀ, ਆਪਸੀ ਸਹਿਯੋਗ – ਜਿੰਨ੍ਹਾਂ ਨੂੰ ਅਸੀਂ ਪਛਾਣਿਆ ਹੈ, ਉਹ ਇੱਕੋ ਪ੍ਰਕਿਰਿਆ – ਪੈਦਾਵਾਰ ਲਈ ਕਿਰਤ – ਦੇ ਹਿੱਸੇ ਹਨ। ਇਹ ਪ੍ਰਕਿਰਿਆ ਮਨੁੱਖਾਂ ਦਾ ਖਾਸ ਲੱਛਣ ਹੈ ਤੇ ਇਸਨੂੰ ਜਥੇਬੰਦ ਕਰਨ ਵਾਲ਼ੀ ਇਕਾਈ ਸਮਾਜ ਹੈ।

4. ਏਪਾਂ ਵਿੱਚ ਬੋਲੀ ਅਤੇ ਸੋਚ 

ਬੋਲੀ ਅਤੇ ਸੋਚ ਇੱਕ ਦੂਜੇ ਨਾਲ਼ ਇੰਨੀ ਨੇੜਿਓਂ ਜੁੜੇ ਹੋਏ ਹਨ ਕਿ ਕੋਈ ਵੀ ਇਹ ਸੋਚ ਸਕਦਾ ਹੈ ਕਿ ਇਹ ਦੋਵੇਂ ਮੁੱਢੋਂ ਹੀ ਇੱਕ ਦੂਜੇ ਤੋਂ ਅਨਿੱਖੜਵੇਂ ਹੋਣਗੇ; ਪ੍ਰੰਤੂ ਅਜਿਹਾ ਨਹੀਂ ਹੈ।

ਭਾਵੇਂ ਏਪ ਤਰਾਸ਼ੀ ਹੋਈ ਬੋਲੀ ਨਹੀਂ ਬੋਲ ਸਕਦੇ, ਪਰ ਉਹਨਾਂ ਕੋਲ਼ ਬਹੁਤ ਸਾਰੀਆਂ ਕਿਸਮਾਂ ਦੀਆਂ ਧੁਨੀਆਂ ਹੁੰਦੀਆਂ ਹਨ ਜਿੰਨ੍ਹਾਂ ਦੀ ਉਹ ਪੂਰੀ ਵਰਤੋਂ ਕਰਦੇ ਹਨ। ਉਹ ਪੂਰੀ ਰਵਾਨਗੀ ਨਾਲ਼ ਇਹਨਾਂ ਧੁਨੀਆਂ ਰਾਹੀਂ “ਗੱਲਾਂ” ਕਰਦੇ ਹਨ, ਅਤੇ ਉਹਨਾਂ ਦੀਆਂ ਇਹ ਉਚਾਰਨ ਕੀਤੀਆਂ ਧੁਨੀਆਂ ਬਿਨਾਂ ਸ਼ੱਕ ਪ੍ਰਗਟਾਊ ਹੁੰਦੀਆਂ ਹਨ, ਪਰ ਇਹ ਕਾਰਜ-ਉਦੇਸ਼ਮੁਖੀ ਨਾ ਹੋ ਕੇ ਸਿਰਫ ਭਾਵਨਾਵਾਂ ਜਿਵੇਂ ਗੁੱਸਾ, ਡਰ, ਇੱਛਾ, ਸੰਤੁਸ਼ਟੀ ਆਦਿ ਦੇ ਪ੍ਰਗਟਾਵੇ ਹੀ ਹੁੰਦੇ ਹਨ। ਇਹਨਾ ਢੰਗਾਂ ਰਾਹੀਂ ਉਹ ਇੱਕ ਜੀਵੰਤ ਅਤੇ ਲਗਾਤਾਰ “ਗੱਲਬਾਤ” ਕਰਦੇ ਰਹਿੰਦੇ ਹਨ। ਇਹ ਬੋਲੀ ਦਾ ਅਨਘੜ ਰੂਪ ਹੈ, ਪਰ ਸੋਚਣ ਦੀ ਪ੍ਰਕਿਰਿਆ ਤੋਂ ਪੂਰੀ ਤਰ੍ਹਾਂ ਨਾਲ਼ ਟੁੱਟਿਆ ਹੋਇਆ ਸ਼ੁੱਧ ਰੂਪ ਵਿੱਚ ਭਾਵਨਾਤਮਕ ਹੈ। 

ਫਿਰ। ਭਾਵੇਂ ਉਹ ਸਰਲਤਮ ਸੰਕਲਪ ਵੀ ਨਹੀਂ ਬਣਾ ਸਕਦੇ, ਪਰ ਉਹ ਕੁਦਰਤੀ ਚੀਜ਼ਾਂ ਨੂੰ ਵਰਤਣ ਸਮੇਂ, ਜਿਵੇਂ ਪਹੁੰਚ ਤੋਂ ਬਾਹਰ ਪਏ ਕੇਲੇ ਨੂੰ ਫੜਨ ਲਈ ਇੱਕ ਸੋਟੀ ਦਾ ਇਸਤੇਮਾਲ ਕਰਨਾ, ਪੇਸ਼ ਆਉਂਦੀਆਂ ਸਰਲ ਮੁਸ਼ਕਲਾਂ ਨੂੰ ਹੱਲ ਕਰਨ ਦੀ ਯੋਗਤਾ ਰੱਖਦੇ ਹਨ। ਇਹ ਸੋਚ ਦਾ ਅਨਘੜ ਰੂਪ, ਬੋਲੀ ਤੋਂ ਟੁੱਟੀ ਸੋਚ ਹੈ।

ਇਹੋ ਜਿਹਾ ਭੇਦ ਹੀ ਬੱਚਿਆਂ ਵਿੱਚ ਵੀ ਦੇਖਿਆ ਜਾ ਸਕਦਾ ਹੈ। ਉਹਨਾਂ ਵਿੱਚ ਵੀ ਆਪਣੇ ਸ਼ੁਰੂਆਤੀ ਪੜਾਅ ਵਿੱਚ, ਬੋਲੀ ਅਤੇ ਸੋਚ ਇੱਕ ਦੂਜੇ ਤੋਂ ਅਜ਼ਾਦ ਹੁੰਦੇ ਹਨ। ਇਹ ਬਾਅਦ ਦੇ ਪੜਾਵਾਂ ਵਿੱਚ ਜਾ ਕੇ ਹੀ ਹੁੰਦਾ ਹੈ ਕਿ ਬੋਲੀ ਤਰਕਸੰਗਤ ਹੋ ਜਾਂਦੀ ਹੈ ਅਤੇ ਸੋਚ ਨੂੰ ਭਾਸ਼ਾਈ ਪ੍ਰਗਟਾਵਾ ਮਿਲ਼ਦਾ ਹੈ।

ਆਓ ਅਸੀਂ ਸੰਕੇਤਕ-ਭਾਸ਼ਾ ਵੱਲ ਚੱਲੀਏ। ਬੱਚਿਆਂ ਵਿੱਚ ਦੋ ਤਰ੍ਹਾਂ ਦੇ ਸੰਕੇਤ ਦੇਖੇ ਜਾ ਸਕਦੇ ਹਨ। ਇੱਕ ਅਨੁਕਰਣਾਤਮਕ ਸੰਕੇਤ ਹੁੰਦਾ ਹੈ, ਜਿਸ ਵਿੱਚ ਬੱਚਾ ਜਿਸ ਗੱਲ ਦੀ ਇੱਛਾ ਕਰਦਾ ਹੈ, ਉਸਦੀ ਨਕਲ ਉਤਰਦਾ ਹੈ। ਮਿਸਾਲ ਵਜੋਂ, ਗੋਦੀ ਚੁੱਕੇ ਜਾਣ ਦੀ ਇੱਛਾ ਨੂੰ ਪ੍ਰਗਟਾਉਣ ਲਈ ਉਹ ਆਪਣੀਆਂ ਬਾਹਾਂ ਤੇ ਲੱਤਾਂ ਨੂੰ ਉਸ ਤਰ੍ਹਾਂ ਉੱਪਰ ਚੁੱਕਦਾ ਹੈ ਜਿਸ ਤਰ੍ਹਾਂ ਉਸਨੂੰ ਗੋਦੀ ਚੁੱਕਣ ਵੇਲ਼ੇ ਉਹ ਉੱਪਰ ਚੁੱਕਦਾ ਹੈ। ਦੂਜੀ ਕਿਸਮ ਇਸ਼ਾਰਾਈ ਸੰਕੇਤ ਹੈ ਜਿਹੜਾ ਕਾਫੀ ਬਾਅਦ ਵਿੱਚ ਆ ਕੇ ਵਿਕਸਤ ਹੁੰਦਾ ਹੈ ਅਤੇ ਬੋਲੀ ਦੇ ਵਿਕਸਤ ਹੋਣ ‘ਚ ਇੱਕ ਫੈਸਲਾਕੁੰਨ ਮੋੜ ਹੁੰਦਾ ਹੈ। ਇਸ ਤੋਂ ਵੀ ਬਾਅਦ, ਉਹ ਕਾਰਜ ਨੂੰ ਸ਼ਬਦ ਦੇਣ ਲੱਗਦਾ ਹੈ, ਉਹ ਚੀਜ਼ ਦਾ ਨਾਮ ਲਵੇਗਾ। ਸੰਕੇਤ ਬੋਲੀ ਦਾ ਰੂਪ ਲੈ ਲੈਂਦਾ ਹੈ। ਅਗਲੇ ਪੜਾਅ ਉੱਤੇ ਬੱਚਾ ਆਪਣੇ ਅਨੁਕਰਣਾਤਮਕ ਸੰਕੇਤਾਂ ਨੂੰ ਬੋਲੀ ਦਾ ਰੂਪ ਦੇਣ ਲੱਗਦਾ ਹੈ। ਬੋਲੀ ਅਤੇ ਹੱਥਾਂ ਦੀ ਜੁੜਤ ਸਰਗਰਮੀ ਨਾਲ਼ ਸੰਕਲਪ ਬਣਨੇ ਸ਼ੁਰੂ ਹੁੰਦੇ ਹਨ।

ਏਪਾਂ ਵਿੱਚ ਅਨੁਕਰਣਾਤਮਕ ਸੰਕੇਤ ਆਮ ਪਾਏ ਜਾਂਦੇ ਹਨ। ਉਦਾਹਰਨ ਲਈ, ਇੱਕ ਚਿੰਪੈਂਜ਼ੀ ਦੂਸਰੇ ਨੂੰ ਕੇਲਾ ਫੜਾਉਣ ਵਾਸਤੇ ਕਹਿਣ ਲਈ ਆਪਣੀ ਬਾਂਹ ਨੂੰ ਚੁੱਕਦਾ ਤੇ ਹਵਾ ਵਿੱਚ ਮੁੱਠੀ ਵੱਟਦਾ ਹੈ। ਇਹ ਸੰਕੇਤ ਭਾਵਨਾਤਮਕ ਪੱਧਰ ‘ਤੇ ਹੁੰਦੇ ਹਨ, ਪਰ ਇਹਨਾਂ ਦਾ ਇੱਕ ਬਾਹਰਮੁਖੀ ਮਤਲਬ ਵੀ ਹੈ। ਉਹ ਅਣਬੋਲੇ ਨਿਰਦੇਸ਼ ਹਨ। ਦੂਜੇ ਪਾਸੇ ਇਸ਼ਾਰਾਈ ਸੰਕੇਤ ਏਪਾਂ ਵਿੱਚ ਬਹੁਤ ਦੁਰਲੱਭ ਹਨ।

ਇਸ ਤੋਂ ਇਹ ਪ੍ਰਮਾਣ ਮਿਲ਼ਦਾ ਹੈ ਕਿ ਏਪ ਤੋਂ ਮਨੁੱਖ ਵਿੱਚ ਤਬਦੀਲੀ ਵਿੱਚ ਫੈਸਲਾਕੁੰਨ ਕਾਰਕ ਸੰਦਾਂ ਦੀ ਵਰਤੋਂ ਦੌਰਾਨ ਆਪਸੀ-ਸਹਿਯੋਗ ਦਾ ਵਿਕਾਸ ਸੀ। ਸਮੂਹਕ ਕਿਰਤ ਦੌਰਾਨ ਪੂਰਵ-ਮਨੁੱਖੀ ਪੜਾਅ ਸਮੇਂ ਦੀਆਂ ਚੀਕਾਂ ਅਤੇ ਸੰਕੇਤ ਜੁੜ ਗਏ ਤੇ ਉਹਨਾਂ ਵਿੱਚ ਤਾਲਮੇਲ ਬਿਠਾਇਆ ਗਿਆ ਤਾਂ ਕਿ ਸੰਚਾਰ ਦਾ ਇੱਕ ਨਵਾਂ ਮਾਧਿਅਮ ਪੈਦਾ ਹੋ ਸਕੇ ਜਿਸ ਵਿੱਚ ਬੁਨਿਆਦੀ ਇਕਾਈ ਬੋਲਿਆ ਹੋਇਆ ਸ਼ਬਦ ਹੋਵੇ, ਜਿਸ ਵਿੱਚ ਗਿਆਨ-ਇੰਦਰੀਆਂ ਦੁਆਰਾ ਬਾਹਰੀ ਸੰਸਾਰ ਦਾ ਇੱਕ ਆਮ ਪ੍ਰਤਿਬਿੰਬ ਪ੍ਰਗਟ ਹੋਵੇ।

ਇਸਨੂੰ ਅਸੀਂ ਬੋਲੀ ਦੇ ਮੁੱਢ ਦਾ ਕਿਰਤ ਦਾ ਸਿਧਾਂਤ ਕਹਿ ਸਕਦੇ ਹਾਂ:

ਪਹਿਲਾਂ ਕਿਰਤ, ਉਸਤੋਂ ਬਾਅਦ ਅਤੇ ਫਿਰ ਉਸਦੇ ਨਾਲ਼-ਨਾਲ਼, ਬੋਲੀ – ਇਹ ਉਹ ਸਭ ਤੋਂ ਬੁਨਿਆਦੀ ਉਤਪ੍ਰੇਰਕ ਸਨ ਜਿਹਨਾਂ ਦੇ ਪ੍ਰਭਾਵ ਹੇਠਾਂ ਇੱਕ ਏਪ ਦਾ ਦਿਮਾਗ਼ ਹੌਲ਼ੀ-ਹੌਲ਼ੀ ਮਨੁੱਖ ਦੇ ਦਿਮਾਗ਼ ਵਿੱਚ ਵਿਕਸਤ ਹੋਇਆ ਜਿਹੜਾ ਉਸ ਨਾਲ਼ ਮਿਲ਼ਦਾ-ਜੁਲ਼ਦਾ ਹੋਣ ਦੇ ਬਾਵਜੂਦ ਵਧੇਰੇ ਵੱਡਾ ਅਤੇ ਵਿਕਸਤ ਹੈ। (ਮਾਰਕਸ-ਏਂਗਲਜ, ਸਮੁੱਚੀਆਂ ਲਿਖਤਾਂ, ਸੈਂਚੀ 3, ਸਫਾ 69) 

ਇਸ਼ਤਿਹਾਰ

One comment on “ਏਪ ਤੋਂ ਮਨੁੱਖ ਤੱਕ • ਜਾਰਜ ਥਾਮਸਨ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s