ਸਤਨਾਮ ਦੀ ਪੁਸਤਕ ‘ਜੰਗਲ਼ਨਾਮਾ’ ਅਕਤੂਬਰ 2003 ਵਿੱਚ ਛਪੀ ਸੀ। ਇੱਕ ਸਾਲ ਤੋਂ ਘੱਟ ਸਮੇਂ (ਜੁਲਾਈ 2004) ਵਿੱਚ ਇਸਦਾ ਦੂਸਰਾ ਐਡੀਸ਼ਨ ਵੀ ਛਪਿਆ। ਇਸਤੋਂ ਬਾਅਦ ਇਸਦੇ ਕਿਸੇ ਨਵੇਂ ਐਡੀਸ਼ਨ ਦੀ ਸਾਨੂੰ ਜਾਣਕਾਰੀ ਨਹੀਂ ਹੈ। ਪੰਜਾਬੀ ਵਿੱਚ ਛਪਣ ਵਾਲ਼ੀਆਂ ਬਹੁਤ ਹੀ ਘੱਟ ਕਿਤਾਬਾਂ ਨੂੰ ਇਹ ਮਾਣ ਹਾਸਿਲ ਹੁੰਦਾ ਹੈ ਕਿ ਉਹਨਾਂ ਦੇ ਇੱਕ ਤੋਂ ਵੱਧ ਐਡੀਸ਼ਨ ਛਪਣ। ਪੰਜਾਬੀ ਦੇ ਮੁੱਠੀ ਭਰ ਲੇਖਕ ਹੀ ਅਜਿਹੇ ਹਨ, ਜਿਹਨਾਂ ਦੀਆਂ ਕਿਤਾਬਾਂ ਵਿਕਦੀਆਂ ਅਤੇ ਪੜ੍ਹੀਆਂ ਜਾਂਦੀਆਂ ਹੋਣ। ਪਰ ‘ਜੰਗਲ਼ਨਾਮਾ’ ਜੋ ਸ਼ਾਇਦ ਲੇਖਕ ਦੀ ਪਹਿਲੀ ਪੁਸਤਕ ਹੀ ਹੈ, ਵਿਕੀ ਵੀ ਹੈ ਅਤੇ ਪੜ੍ਹੀ ਵੀ ਗਈ ਹੈ।ਇਸਦੀ ਮੁੱਖ ਵਜ੍ਹਾ ਇਹ ਜਾਪਦੀ ਹੈ ਕਿ ਲੇਖਕ ਨੇ ਉਹਨਾਂ ਲੋਕਾਂ, ਜਿਹਨਾਂ ਬਾਰੇ ਉਸਨੇ ਇਹ ਕਿਤਾਬ ਲਿਖੀ ਹੈ (ਬਸਤਰ ਦੇ ਆਦਿਵਾਸੀ), ਉਹਨਾਂ ਦੇ ਜੀਵਨ ਨੂੰ ਬਹੁਤ ਹੀ ਕਰੀਬ ਤੋਂ ਵੇਖਿਆ ਵਾਚਿਆ ਹੈ। ਉਹ ਆਪਣੀ ਜ਼ਿੰਦਗੀ ਨੂੰ ਖ਼ਤਰੇ ‘ਚ ਪਾ ਕੇ ਬਸਤਰ ਦੇ ਜੰਗਲ਼ਾਂ ਵਿੱਚ ਗਿਆ, ਭਾਰਤੀ ਰਾਜਸੱਤ੍ਹਾ ਵਿਰੁੱਧ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆਦਿਵਾਸੀਆਂ ਅਤੇ ਉਹਨਾਂ ਦੀ ਅਗਵਾਈ ਕਰ ਰਹੇ ਮਾਓਵਾਦੀ ਗੁਰੀਲਿਆਂ ਵਿੱਚ ਸਮਾਂ ਗੁਜ਼ਾਰਿਆ। ਇਸੇ ਕਾਰਨ ਲੇਖਕ ਆਦਿਵਾਸੀਆਂ ਅਤੇ ਮਾਓਵਾਦੀ ਗੁਰੀਲਿਆਂ ਦੇ ਕਠਿਨ, ਕੁਰਬਾਨੀ, ਤਿਆਗ ਭਰੇ ਜੀਵਨ ਨੂੰ ਬਹੁਤ ਬਾਰੀਕੀ ‘ਚ ਚਿਤਰਨ ਵਿੱਚ ਕਾਮਯਾਬ ਰਿਹਾ ਹੈ। ਇਸ ਪੁਸਤਕ ਵਿਚਲੀ ਯਥਾਰਥ ਦੀ ਇਹ ਗਰਮੀ ਹੀ ਹੈ ਜਿਸਨੇ ਨਾ ਸਿਰਫ਼ ਪੰਜਾਬੀ ਸਗੋਂ ਹੋਰਨਾਂ ਭਾਸ਼ਾਵਾਂ (ਜੰਗਲ਼ਨਾਮਾ ਦਾ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਛਪ ਚੁੱਕਾ ਹੈ) ਦੇ ਪਾਠਕਾਂ ਨੂੰ ਵੀ ਖਿੱਚ ਪਾਈ ਹੈ।
ਦੂਸਰਾ ਕਾਰਨ ਇਹ ਜਾਪਦਾ ਹੈ ਕਿ ਪੂਰੀ ਪੁਸਤਕ ਬੇਹੱਦ ਦਿਲਚਸਪ ਹੈ। ਪਾਠਕ ਇੱਕ ਵਾਰ ਇਸਨੂੰ ਸ਼ੁਰੂ ਕਰਦਾ ਹੈ ਤਾਂ ਉਸਦਾ ਮਨ ਅੱਗੇ ਅੱਗੇ ਇਸਦੇ ਅੰਤ ਤੱਕ ਪਹੁੰਚਣ ਲਈ ਲਲਚਾਉਂਦਾ ਹੈ।
ਤੀਸਰਾ ਕਾਰਨ ਇਹ ਜਾਪਦਾ ਹੈ ਕਿ ਇਹ ਪੁਸਤਕ ਬਸਤਰ ਦੇ ਆਦਿਵਾਸੀਆਂ ਦੇ ਜੀਵਨ, ਉਹਨਾਂ ਦੀਆਂ ਮੁਸੀਬਤਾਂ, ਉਹਨਾਂ ਦੀ ਜੱਦੋਜਹਿਦ ਦੀ ਜਾਣਕਾਰੀ ਨਾਲ਼ ਭਰਪੂਰ ਹੈ। ਇਸ ਪੁਸਤਕ ਨੇ ਪੰਜਾਬੀ ਪਾਠਕਾਂ ਨੂੰ ਇੱਕ ਵੱਖਰੀ, ਇਸ ਦੇਸ਼ ਦੇ ਮੁੱਖ ਧਾਰਾ ਦੇ ਮੀਡੀਆ ਦੁਆਰਾ ਅਣਗੌਲੀ ਦੁਨੀਆਂ ਦੇ ਰੂ-ਬ-ਰੂ ਕੀਤਾ ਹੈ। ਇਸਤੋਂ ਪਹਿਲਾਂ ਵੀ ਬਸਤਰ ਦੇ ਆਦਿਵਾਸੀਆਂ ਅਤੇ ਉਹਨਾਂ ਦੀ ਜੱਦੋਜਹਿਦ ਬਾਰੇ ਲੇਖ ਛਪਦੇ ਰਹੇ ਹਨ, ਪਰ ਉਹ ਕਦੇ ਵੀ ਬਹੁਤੇ ਹਰਮਨ-ਪਿਆਰੇ ਨਹੀਂ ਹੋਏ। ‘ਜੰਗਲ਼ਨਾਮਾ’ ਨੇ ਹੀ ਪੰਜਾਬੀ ਪਾਠਕਾਂ ਨੂੰ ਬਿਹਤਰ ਅਤੇ ਭਰਵੇਂ ਰੂਪ ਵਿੱਚ ਬਸਤਰ ਦੇ ਆਦਿਵਾਸੀਆਂ ਦੇ ਜੀਵਨ ਤੋਂ ਜਾਣੂ ਕਰਵਾਇਆ ਹੈ।
‘
ਜੰੰਗਲ਼ਨਾਮਾ’ ਦੀ ਪੜਚੋਲ ਸਬੰਧੀ ਹੱਥਲਾ ਲੇਖ ਅਸੀਂ ਜੂਨ 2004 ਵਿੱਚ ਲਿਖਿਆ ਸੀ। ਇਹ ਲੇਖ ਸੰਗਰੂਰ ਵਿਖੇ ਹੋਈ ਗੋਸ਼ਟੀ ਵਿੱਚ ਪੜ੍ਹਿਆ ਗਿਆ ਸੀ। ਉਸ ਤੋਂ ਬਾਅਦ ਮਾਰਚ 2005 ‘ਚ ਇਸਨੂੰ ਕਿਤਾਬਚੇ ਦੇ ਰੂਪ ਵਿੱਚ ਛਾਪਿਆ। ਉਦੋਂ ਤੋਂ ਲੈ ਕੇ ਹੁਣ ਤੱਕ ਪੁਲਾਂ ਹੇਠੋਂ ਕਾਫ਼ੀ ਪਾਣੀ ਲੰਘ ਚੁੱਕਾ ਹੈ। ਸਤਨਾਮ ਦੇ ‘ਜੰਗਲ਼ਨਾਮਾ’ ਤੋਂ ਬਾਅਦ ਬਸਤਰ ਦੇ ਆਦਿਵਾਸੀਆਂ ਉੱਪਰ ਲਿਖੇ ਕੁਝ ਹੋਰ ਲੇਖ/ਸਫ਼ਰਨਾਮੇ ਵੀ ਪ੍ਰਕਾਸ਼ਤ ਹੋਏ। ਜਿਹਨਾਂ ਵਿੱਚ ਸਭ ਤੋਂ ਵੱਧ ਪ੍ਰਸਿੱਧੀ ਅਰੁੰਧਤੀ ਰਾਏ ਦੇ ‘ਆਊਟਲੁੱਕ’ ਵਿੱਚ ਛਪੇ ‘ਵਾਕਿੰਗ ਵਿਦ ਕਾਮਰੇਡਜ਼’ (ਕਾਮਰੇਡਾਂ ਨਾਲ਼ ਵਿਚਰਦਿਆਂ) ਨੂੰ ਮਿਲ਼ੀ।
ਸਤਨਾਮ, ਅਰੁੰਧਤੀ ਰਾਏ ਅਤੇ ਹੋਰਾਂ ਨੇ ਆਪਣੀਆਂ ਪੁਸਤਕਾਂ/ਲੇਖਾਂ/ਸਫ਼ਨਾਮਿਆਂ ‘ਚ ਮਾਓਵਾਦੀਆਂ ਦੀ ਅਗਵਾਈ ਵਿੱਚ ਚੱਲ ਰਹੀ ਆਦਿਵਾਸੀਆਂ ਦੀ ਜਿਸ ਲਹਿਰ ਦੀ ਚਰਚਾ ਕੀਤੀ ਹੈ, ਉਸ ਉੱਪਰ ਭਾਰਤੀ ਰਾਜਸੱਤਾ ਦਾ ਜ਼ਬਰ ਵੀ ਤੇਜ਼ ਹੋਇਆ ਹੈ। ਜਿਹੜੀ ਜੰਗਲ਼ੀ ਪੱਟੀ ਇਸ ਲਹਿਰ ਦਾ ਆਧਾਰ ਹੈ, ਉਹ ਖਣਿਜ ਪਦਾਰਥਾਂ ਨਾਲ਼ ਭਰਪੂਰ ਹੈ। ਸਾਮਰਾਜਵਾਦੀਆਂ ਅਤੇ ਉਹਨਾਂ ਦੇ ਛੋਟੇ ਭਾਈਵਾਲ ਭਾਰਤੀ ਹਾਕਮਾਂ ਦੀ ਗਿਰਝ-ਅੱਖ ਇਹਨਾਂ ਖਣਿਜ ਭੰਡਾਰਾਂ ‘ਤੇ ਹੈ। ਦੇਸੀ-ਵਿਦੇਸ਼ੀ ਕੰਪਨੀਆਂ ਨਾਲ਼ ਲੱਖਾਂ-ਕਰੋੜਾਂ ਦੇ ਸੌਦੇ ਹੋ ਚੁੱਕੇ ਹਨ। ਬੱਸ ਹੁਣ ਇਹਨਾਂ ਦੇ ਰਾਹ ਦੀ ਰੋਕ ਹਨ ਇੱਥੋਂ ਦੇ ਆਦਿਵਾਸੀ ਅਤੇ ਉਹਨਾਂ ਦੀ ਅਗਵਾਈ ਕਰ ਰਹੇ ਮਾਓਵਾਦੀ।
ਰਾਹ ਦੀ ਇਸ ਰੋਕ ਨੂੰ ਦੂਰ ਕਰਨ ਲਈ ਪਹਿਲਾਂ ਭਾਰਤੀ ਹਾਕਮਾਂ ਨੇ ‘ਅਪ੍ਰੇਸ਼ਨ ਗਰੀਨ ਹੰਟ’ ਦੇ ਨਾਂ ‘ਤੇ ਇਸ ਲਹਿਰ ਉੱਪਰ ਅਰਧ ਫ਼ੌਜੀ ਬਲਾਂ ਦਾ ਕਟਕ ਚਾੜ੍ਹਿਆ ਅਤੇ ਹੁਣ ਫ਼ੌਜ ਨੂੰ ਤੈਨਾਤ ਕਰਨ ਦੀ ਤਿਆਰੀ ਚੱਲ ਰਹੀ ਹੈ। ਭਾਰਤੀ ਹਾਕਮਾਂ ਦੇ ਫ਼ੌਜੀ ਦਸਤੇ ਆਦਿਵਾਸੀ ਵਸੋਂ ਤੇ ਜੋ ਜ਼ਬਰ ਢਾਹ ਰਹੇ ਹਨ, ਉਸਦਾ ਇੱਕ ਭੋਰਾ ਹੀ ਮੁੱਖ ਧਾਰਾ ਦੇ ਮੀਡੀਆ ‘ਚ ਨਸ਼ਰ ਹੁੰਦਾ ਹੈ। ਭਾਰਤੀ ਹਾਕਮ ਆਦਿਵਾਸੀਆਂ ਨੂੰ ਉਹਨਾਂ ਦੇ ਜੀਵਨ ਦੇ ਹਰ ਵਸੀਲੇ ਤੋਂ ਵਾਂਝੇ ਕਰਨ ‘ਤੇ ਉਤਾਰੂ ਹਨ। ਇੱਥੋਂ ਤੱਕ ਕਿ ਉਹਨਾਂ ਦੇ ਜੀਵਨ ਤੋਂ ਵੀ। ਬਸਤਰ ਅਤੇ ਹੋਰਨਾਂ ਖਿੱਤਿਆਂ ਦੇ ਆਦਿਵਾਸੀ ਮਾਓਵਾਦੀਆਂ ਦੀ ਅਗਵਾਈ ‘ਚ ਅੱਜ ਭਾਰਤੀ ਰਾਜਸੱਤਾ ਨਾਲ਼ ਜਿਉਣ ਮਰਨ ਦੀ ਲੜਾਈ ਲੜ ਰਹੇ ਹਨ। ਪਰ ਇਸ ਲੜਾਈ ਨੂੰ ਦੇਸ਼ ਦੀ ਵਿਸ਼ਾਲ ਗਰੀਬ, ਲੁੱਟੀ-ਲਤਾੜੀ ਲੋਕਾਈ ਦੀ ਹਮਾਇਤ ਹਾਸਿਲ ਨਹੀਂ ਹੈ, ਭਾਰਤ ਦੇ ਵਿਸ਼ਾਲ ਮੈਦਾਨੀ ਇਲਾਕਿਆਂ, ਵਿਸ਼ਾਲ ਮਹਾਂਨਗਰਾਂ ‘ਚ ਇਸ ਲਹਿਰ ਦਾ ਕੋਈ ਆਧਾਰ ਨਹੀਂ ਹੈ। ਦੇਸ਼ ਵਿਆਪੀ ਸਰਗਰਮ ਹਮਾਇਤ ਦੀ ਗੈਰ ਹਾਜ਼ਰੀ ‘ਚ ਭਾਰਤੀ ਰਾਜਸੱਤਾ ਦੇ ਜ਼ਬਰ ਅੱਗੇ ਇਹ ਲਹਿਰ ਕਿੰਝ ਟਿਕ ਸਕੇਗੀ ਇਹ ਆਉਣ ਵਾਲ਼ਾ ਸਮਾਂ ਹੀ ਦੱਸੇਗਾ।
ਆਦਿਵਾਸੀਆਂ ਦੀ ਇਸ ਲੜਾਈ ਦੀ ਅਗਵਾਈ ਕਰਨ ਵਾਲ਼ੀ ਪਾਰਟੀ ਦੀ ਲੀਡਰਸ਼ਿਪ ਵਿਚਾਰਧਾਰਕ ਤੌਰ ‘ਤੇ ਬੇਹੱਦ ਕਮਜ਼ੋਰ ਹੈ। ਇਹੋ ਵਜ੍ਹਾ ਹੈ ਕਿ ਇਹ ਭਾਰਤ ਦੇ ਸਮਾਜੀ-ਆਰਥਕ ਯਥਾਰਥ ਨੂੰ ਸਮਝਣ ‘ਚ ਨਾਕਾਮ ਹੈ। ਇਹ ਅਤੀਤ ਦੀ ਲੜਾਈ ਨੂੰ ਵਰਤਮਾਨ ‘ਚ ਲੜਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤੀ ਰਾਜਸੱਤਾ ਦਾ ਜ਼ਬਰ ਜੇਕਰ ਇਸ ਲਹਿਰ ਨੂੰ ਦਬਾ ਸਕਣ ਵਿੱਚ ਨਾਕਾਮ ਵੀ ਰਹਿੰਦਾ ਹੈ ਤਾਂ ਇਸ ਪਾਰਟੀ ਦੀ ਵਿਚਾਰਧਾਰਕ ਕਮਜ਼ੋਰੀ ਜ਼ਰੂਰ ਇਸ ਲਹਿਰ ਨੂੰ ਲੈ ਡੁੱਬੇਗੀ। ਇਤਿਹਾਸ ਵਿੱਚ ਅਜਿਹੀਆਂ ਕਈ ਉਦਾਹਰਣਾਂ ਮਿਲ਼ਦੀਆਂ ਹਨ, ਕਿ ਸੱਤ੍ਹਾ ਦਾ ਜ਼ਬਰ ਤਾਂ ਲੋਕ ਲਹਿਰਾਂ ਨੂੰ ਦਬਾਉਣ ‘ਚ ਨਾਕਾਮ ਰਿਹਾ ਪਰ ਇਹਨਾਂ ਲਹਿਰਾਂ ਦੀ ਲੀਡਰਸ਼ਿਪ ਦੀ ਵਿਚਾਰਧਾਰਕ ਕਮਜ਼ੋਰੀ ਕਾਰਨ ਇਹ ਲਹਿਰਾਂ ਟੁੱਟ-ਖਿੰਡਾਅ ਦਾ ਸ਼ਿਕਾਰ ਹੋਈਆਂ। ਵਰਤਮਾਨ ਸਮੇਂ ‘ਚ ਨੇਪਾਲ ਦੀ ਉਦਾਹਰਣ ਸਾਡੇ ਸਾਹਮਣੇ ਹੈ।
ਇਸ ਮੁੜ ਪ੍ਰਕਾਸ਼ਤ ਹੋ ਰਹੀ ‘ਜੰਗਲ਼ਨਾਮਾ’ ਦੀ ਆਲੋਚਨਾ ‘ਚ ਅਸੀਂ ਖੁਦ ਨੂੰ ਵਿਚਾਰਧਾਰਾ ਅਤੇ ਸਿਆਸਤ ਤੱਕ ਹੀ ਸੀਮਤ ਰੱਖਿਆ ਸੀ ਅਤੇ ਇਸਦੇ ਕਲਾਤਮਕ ਪੱਖ ਨੂੰ ਨਹੀਂ ਛੋਹਿਆ ਸੀ। ਪਰ ਇਸ ਭੂਮਿਕਾ ਵਿੱਚ ਅਸੀਂ ਇੰਨਾ ਜ਼ਰੂਰ ਕਹਿਣਾ ਚਾਹਾਂਗੇ ਕਿ ਇਸ ਪੁਸਤਕ ਦਾ ਕਲਾਤਮਕ ਪੱਖ ਤਾਂ ਜਾਨਦਾਰ ਹੈ, ਪਰ ਵਿਚਾਰਧਾਰਕ-ਸਿਆਸੀ ਪੱਖੋਂ ਇਹ ਪੁਸਤਕ ਗ਼ਲਤ ਹੈ।
ਇਸ ਕਿਤਾਬਚੇ ਦੇ ਇਸ ਦੂਸਰੇ ਐਡੀਸ਼ਨ ਨੂੰ ਛਾਪਣ ਸਮੇਂ ਅਸੀਂ ਇਸਦੇ ਮੂਲ ਪਾਠ ਨੂੰ ਹੂ-ਬ-ਹੂ ਰਹਿਣ ਦਿੱਤਾ ਹੈ। ਇਸ ਵਿੱਚ ਕਿਸੇ ਤਬਦੀਲੀ ਦੀ ਸਾਨੂੰ ਜ਼ਰੂਰਤ ਮਹਿਸੂਸ ਨਹੀਂ ਹੋਈ। ਸਾਨੂੰ ਪੱਕਾ ਯਕੀਨ ਹੈ ਕਿ ਇਸ ਵਿੱਚ ਕਹੀਆਂ ਗੱਲਾਂ ਅੱਜ ਵੀ ਸਹੀ ਅਤੇ ਪ੍ਰਸੰਗਕ ਹਨ। ਆਉਣ ਵਾਲ਼ਾ ਸਮਾਂ ਸਾਡੀ ਪੋਜ਼ੀਸ਼ਨ ਦੇ ਸਹੀ ਹੋਣ ਨੂੰ ਹੋਰ ਵੀ ਵਧੇਰੇ ਸ਼ਪੱਸ਼ਟਤਾ ਨਾਲ਼ ਸਾਬਤ ਕਰੇਗਾ।
-ਸੁਖਵਿੰਦਰ
WE EXPECT REPLIES FROM ALL THOSE READERS WHO REALLY FEEL THIS PROJECT TO LEAP FORWARDS …..