ਜੰਗਲ਼ਨਾਮਾ (ਇੱਕ ਸਿਆਸੀ ਪੜਚੋਲ) :ਦੂਜੇ ਐਡੀਸ਼ਨ ਦੀ ਭੂਮਿਕਾ

ਸਤਨਾਮ ਦੀ ਪੁਸਤਕ ‘ਜੰਗਲ਼ਨਾਮਾ’ ਅਕਤੂਬਰ 2003 ਵਿੱਚ ਛਪੀ ਸੀ। ਇੱਕ ਸਾਲ ਤੋਂ ਘੱਟ ਸਮੇਂ (ਜੁਲਾਈ 2004) ਵਿੱਚ ਇਸਦਾ ਦੂਸਰਾ ਐਡੀਸ਼ਨ ਵੀ ਛਪਿਆ। ਇਸਤੋਂ ਬਾਅਦ ਇਸਦੇ ਕਿਸੇ ਨਵੇਂ ਐਡੀਸ਼ਨ ਦੀ ਸਾਨੂੰ ਜਾਣਕਾਰੀ ਨਹੀਂ ਹੈ। ਪੰਜਾਬੀ ਵਿੱਚ ਛਪਣ ਵਾਲ਼ੀਆਂ ਬਹੁਤ ਹੀ ਘੱਟ ਕਿਤਾਬਾਂ ਨੂੰ ਇਹ ਮਾਣ ਹਾਸਿਲ ਹੁੰਦਾ ਹੈ ਕਿ ਉਹਨਾਂ ਦੇ ਇੱਕ ਤੋਂ ਵੱਧ ਐਡੀਸ਼ਨ ਛਪਣ। ਪੰਜਾਬੀ ਦੇ ਮੁੱਠੀ ਭਰ ਲੇਖਕ ਹੀ ਅਜਿਹੇ ਹਨ, ਜਿਹਨਾਂ ਦੀਆਂ ਕਿਤਾਬਾਂ ਵਿਕਦੀਆਂ ਅਤੇ ਪੜ੍ਹੀਆਂ ਜਾਂਦੀਆਂ ਹੋਣ। ਪਰ ‘ਜੰਗਲ਼ਨਾਮਾ’ ਜੋ ਸ਼ਾਇਦ ਲੇਖਕ ਦੀ ਪਹਿਲੀ ਪੁਸਤਕ ਹੀ ਹੈ, ਵਿਕੀ ਵੀ ਹੈ ਅਤੇ ਪੜ੍ਹੀ ਵੀ ਗਈ ਹੈ।ਇਸਦੀ ਮੁੱਖ ਵਜ੍ਹਾ ਇਹ ਜਾਪਦੀ ਹੈ ਕਿ ਲੇਖਕ ਨੇ ਉਹਨਾਂ ਲੋਕਾਂ, ਜਿਹਨਾਂ ਬਾਰੇ ਉਸਨੇ ਇਹ ਕਿਤਾਬ ਲਿਖੀ ਹੈ (ਬਸਤਰ ਦੇ ਆਦਿਵਾਸੀ), ਉਹਨਾਂ ਦੇ ਜੀਵਨ ਨੂੰ ਬਹੁਤ ਹੀ ਕਰੀਬ ਤੋਂ ਵੇਖਿਆ ਵਾਚਿਆ ਹੈ। ਉਹ ਆਪਣੀ ਜ਼ਿੰਦਗੀ ਨੂੰ ਖ਼ਤਰੇ ‘ਚ ਪਾ ਕੇ ਬਸਤਰ ਦੇ ਜੰਗਲ਼ਾਂ ਵਿੱਚ ਗਿਆ, ਭਾਰਤੀ ਰਾਜਸੱਤ੍ਹਾ ਵਿਰੁੱਧ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆਦਿਵਾਸੀਆਂ ਅਤੇ ਉਹਨਾਂ ਦੀ ਅਗਵਾਈ ਕਰ ਰਹੇ ਮਾਓਵਾਦੀ ਗੁਰੀਲਿਆਂ ਵਿੱਚ ਸਮਾਂ ਗੁਜ਼ਾਰਿਆ। ਇਸੇ ਕਾਰਨ ਲੇਖਕ ਆਦਿਵਾਸੀਆਂ ਅਤੇ ਮਾਓਵਾਦੀ ਗੁਰੀਲਿਆਂ ਦੇ ਕਠਿਨ, ਕੁਰਬਾਨੀ, ਤਿਆਗ ਭਰੇ ਜੀਵਨ ਨੂੰ ਬਹੁਤ ਬਾਰੀਕੀ ‘ਚ ਚਿਤਰਨ ਵਿੱਚ ਕਾਮਯਾਬ ਰਿਹਾ ਹੈ। ਇਸ ਪੁਸਤਕ ਵਿਚਲੀ ਯਥਾਰਥ ਦੀ ਇਹ ਗਰਮੀ ਹੀ ਹੈ ਜਿਸਨੇ ਨਾ ਸਿਰਫ਼ ਪੰਜਾਬੀ ਸਗੋਂ ਹੋਰਨਾਂ ਭਾਸ਼ਾਵਾਂ (ਜੰਗਲ਼ਨਾਮਾ ਦਾ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਛਪ ਚੁੱਕਾ ਹੈ) ਦੇ ਪਾਠਕਾਂ ਨੂੰ ਵੀ ਖਿੱਚ ਪਾਈ ਹੈ।

ਦੂਸਰਾ ਕਾਰਨ ਇਹ ਜਾਪਦਾ ਹੈ ਕਿ ਪੂਰੀ ਪੁਸਤਕ ਬੇਹੱਦ ਦਿਲਚਸਪ ਹੈ। ਪਾਠਕ ਇੱਕ ਵਾਰ ਇਸਨੂੰ ਸ਼ੁਰੂ ਕਰਦਾ ਹੈ ਤਾਂ ਉਸਦਾ ਮਨ ਅੱਗੇ ਅੱਗੇ ਇਸਦੇ ਅੰਤ ਤੱਕ ਪਹੁੰਚਣ ਲਈ ਲਲਚਾਉਂਦਾ ਹੈ।

ਤੀਸਰਾ ਕਾਰਨ ਇਹ ਜਾਪਦਾ ਹੈ ਕਿ ਇਹ ਪੁਸਤਕ ਬਸਤਰ ਦੇ ਆਦਿਵਾਸੀਆਂ ਦੇ ਜੀਵਨ, ਉਹਨਾਂ ਦੀਆਂ ਮੁਸੀਬਤਾਂ, ਉਹਨਾਂ ਦੀ ਜੱਦੋਜਹਿਦ ਦੀ ਜਾਣਕਾਰੀ ਨਾਲ਼ ਭਰਪੂਰ ਹੈ। ਇਸ ਪੁਸਤਕ ਨੇ ਪੰਜਾਬੀ ਪਾਠਕਾਂ ਨੂੰ ਇੱਕ ਵੱਖਰੀ, ਇਸ ਦੇਸ਼ ਦੇ ਮੁੱਖ ਧਾਰਾ ਦੇ ਮੀਡੀਆ ਦੁਆਰਾ ਅਣਗੌਲੀ ਦੁਨੀਆਂ ਦੇ ਰੂ-ਬ-ਰੂ ਕੀਤਾ ਹੈ। ਇਸਤੋਂ ਪਹਿਲਾਂ ਵੀ ਬਸਤਰ ਦੇ ਆਦਿਵਾਸੀਆਂ ਅਤੇ ਉਹਨਾਂ ਦੀ ਜੱਦੋਜਹਿਦ ਬਾਰੇ ਲੇਖ ਛਪਦੇ ਰਹੇ ਹਨ, ਪਰ ਉਹ ਕਦੇ ਵੀ ਬਹੁਤੇ ਹਰਮਨ-ਪਿਆਰੇ ਨਹੀਂ ਹੋਏ। ‘ਜੰਗਲ਼ਨਾਮਾ’ ਨੇ ਹੀ ਪੰਜਾਬੀ ਪਾਠਕਾਂ ਨੂੰ ਬਿਹਤਰ ਅਤੇ ਭਰਵੇਂ ਰੂਪ ਵਿੱਚ ਬਸਤਰ ਦੇ ਆਦਿਵਾਸੀਆਂ ਦੇ ਜੀਵਨ ਤੋਂ ਜਾਣੂ ਕਰਵਾਇਆ ਹੈ।

ਜੰੰਗਲ਼ਨਾਮਾ’ ਦੀ ਪੜਚੋਲ ਸਬੰਧੀ ਹੱਥਲਾ ਲੇਖ ਅਸੀਂ ਜੂਨ 2004 ਵਿੱਚ ਲਿਖਿਆ ਸੀ। ਇਹ ਲੇਖ ਸੰਗਰੂਰ ਵਿਖੇ ਹੋਈ ਗੋਸ਼ਟੀ ਵਿੱਚ ਪੜ੍ਹਿਆ ਗਿਆ ਸੀ। ਉਸ ਤੋਂ ਬਾਅਦ ਮਾਰਚ 2005 ‘ਚ ਇਸਨੂੰ ਕਿਤਾਬਚੇ ਦੇ ਰੂਪ ਵਿੱਚ ਛਾਪਿਆ। ਉਦੋਂ ਤੋਂ ਲੈ ਕੇ ਹੁਣ ਤੱਕ ਪੁਲਾਂ ਹੇਠੋਂ ਕਾਫ਼ੀ ਪਾਣੀ ਲੰਘ ਚੁੱਕਾ ਹੈ। ਸਤਨਾਮ ਦੇ ‘ਜੰਗਲ਼ਨਾਮਾ’ ਤੋਂ ਬਾਅਦ ਬਸਤਰ ਦੇ ਆਦਿਵਾਸੀਆਂ ਉੱਪਰ ਲਿਖੇ ਕੁਝ ਹੋਰ ਲੇਖ/ਸਫ਼ਰਨਾਮੇ ਵੀ ਪ੍ਰਕਾਸ਼ਤ ਹੋਏ। ਜਿਹਨਾਂ ਵਿੱਚ ਸਭ ਤੋਂ ਵੱਧ ਪ੍ਰਸਿੱਧੀ ਅਰੁੰਧਤੀ ਰਾਏ ਦੇ ‘ਆਊਟਲੁੱਕ’ ਵਿੱਚ ਛਪੇ ‘ਵਾਕਿੰਗ ਵਿਦ ਕਾਮਰੇਡਜ਼’ (ਕਾਮਰੇਡਾਂ ਨਾਲ਼ ਵਿਚਰਦਿਆਂ) ਨੂੰ ਮਿਲ਼ੀ।
ਸਤਨਾਮ, ਅਰੁੰਧਤੀ ਰਾਏ ਅਤੇ ਹੋਰਾਂ ਨੇ ਆਪਣੀਆਂ ਪੁਸਤਕਾਂ/ਲੇਖਾਂ/ਸਫ਼ਨਾਮਿਆਂ ‘ਚ ਮਾਓਵਾਦੀਆਂ ਦੀ ਅਗਵਾਈ ਵਿੱਚ ਚੱਲ ਰਹੀ ਆਦਿਵਾਸੀਆਂ ਦੀ ਜਿਸ ਲਹਿਰ ਦੀ ਚਰਚਾ ਕੀਤੀ ਹੈ, ਉਸ ਉੱਪਰ ਭਾਰਤੀ ਰਾਜਸੱਤਾ ਦਾ ਜ਼ਬਰ ਵੀ ਤੇਜ਼ ਹੋਇਆ ਹੈ। ਜਿਹੜੀ ਜੰਗਲ਼ੀ ਪੱਟੀ ਇਸ ਲਹਿਰ ਦਾ ਆਧਾਰ ਹੈ, ਉਹ ਖਣਿਜ ਪਦਾਰਥਾਂ ਨਾਲ਼ ਭਰਪੂਰ ਹੈ। ਸਾਮਰਾਜਵਾਦੀਆਂ ਅਤੇ ਉਹਨਾਂ ਦੇ ਛੋਟੇ ਭਾਈਵਾਲ ਭਾਰਤੀ ਹਾਕਮਾਂ ਦੀ ਗਿਰਝ-ਅੱਖ ਇਹਨਾਂ ਖਣਿਜ ਭੰਡਾਰਾਂ ‘ਤੇ ਹੈ। ਦੇਸੀ-ਵਿਦੇਸ਼ੀ ਕੰਪਨੀਆਂ ਨਾਲ਼ ਲੱਖਾਂ-ਕਰੋੜਾਂ ਦੇ ਸੌਦੇ ਹੋ ਚੁੱਕੇ ਹਨ। ਬੱਸ ਹੁਣ ਇਹਨਾਂ ਦੇ ਰਾਹ ਦੀ ਰੋਕ ਹਨ ਇੱਥੋਂ ਦੇ ਆਦਿਵਾਸੀ ਅਤੇ ਉਹਨਾਂ ਦੀ ਅਗਵਾਈ ਕਰ ਰਹੇ ਮਾਓਵਾਦੀ।

ਰਾਹ ਦੀ ਇਸ ਰੋਕ ਨੂੰ ਦੂਰ ਕਰਨ ਲਈ ਪਹਿਲਾਂ ਭਾਰਤੀ ਹਾਕਮਾਂ ਨੇ ‘ਅਪ੍ਰੇਸ਼ਨ ਗਰੀਨ ਹੰਟ’ ਦੇ ਨਾਂ ‘ਤੇ ਇਸ ਲਹਿਰ ਉੱਪਰ ਅਰਧ ਫ਼ੌਜੀ ਬਲਾਂ ਦਾ ਕਟਕ ਚਾੜ੍ਹਿਆ ਅਤੇ ਹੁਣ ਫ਼ੌਜ ਨੂੰ ਤੈਨਾਤ ਕਰਨ ਦੀ ਤਿਆਰੀ ਚੱਲ ਰਹੀ ਹੈ। ਭਾਰਤੀ ਹਾਕਮਾਂ ਦੇ ਫ਼ੌਜੀ ਦਸਤੇ ਆਦਿਵਾਸੀ ਵਸੋਂ ਤੇ ਜੋ ਜ਼ਬਰ ਢਾਹ ਰਹੇ ਹਨ, ਉਸਦਾ ਇੱਕ ਭੋਰਾ ਹੀ ਮੁੱਖ ਧਾਰਾ ਦੇ ਮੀਡੀਆ ‘ਚ ਨਸ਼ਰ ਹੁੰਦਾ ਹੈ। ਭਾਰਤੀ ਹਾਕਮ ਆਦਿਵਾਸੀਆਂ ਨੂੰ ਉਹਨਾਂ ਦੇ ਜੀਵਨ ਦੇ ਹਰ ਵਸੀਲੇ ਤੋਂ ਵਾਂਝੇ ਕਰਨ ‘ਤੇ ਉਤਾਰੂ ਹਨ। ਇੱਥੋਂ ਤੱਕ ਕਿ ਉਹਨਾਂ ਦੇ ਜੀਵਨ ਤੋਂ ਵੀ। ਬਸਤਰ ਅਤੇ ਹੋਰਨਾਂ ਖਿੱਤਿਆਂ ਦੇ ਆਦਿਵਾਸੀ ਮਾਓਵਾਦੀਆਂ ਦੀ ਅਗਵਾਈ ‘ਚ ਅੱਜ ਭਾਰਤੀ ਰਾਜਸੱਤਾ ਨਾਲ਼ ਜਿਉਣ ਮਰਨ ਦੀ ਲੜਾਈ ਲੜ ਰਹੇ ਹਨ। ਪਰ ਇਸ ਲੜਾਈ ਨੂੰ ਦੇਸ਼ ਦੀ ਵਿਸ਼ਾਲ ਗਰੀਬ, ਲੁੱਟੀ-ਲਤਾੜੀ ਲੋਕਾਈ ਦੀ ਹਮਾਇਤ ਹਾਸਿਲ ਨਹੀਂ ਹੈ, ਭਾਰਤ ਦੇ ਵਿਸ਼ਾਲ ਮੈਦਾਨੀ ਇਲਾਕਿਆਂ, ਵਿਸ਼ਾਲ ਮਹਾਂਨਗਰਾਂ ‘ਚ ਇਸ ਲਹਿਰ ਦਾ ਕੋਈ ਆਧਾਰ ਨਹੀਂ ਹੈ। ਦੇਸ਼ ਵਿਆਪੀ ਸਰਗਰਮ ਹਮਾਇਤ ਦੀ ਗੈਰ ਹਾਜ਼ਰੀ ‘ਚ ਭਾਰਤੀ ਰਾਜਸੱਤਾ ਦੇ ਜ਼ਬਰ ਅੱਗੇ ਇਹ ਲਹਿਰ ਕਿੰਝ ਟਿਕ ਸਕੇਗੀ ਇਹ ਆਉਣ ਵਾਲ਼ਾ ਸਮਾਂ ਹੀ ਦੱਸੇਗਾ।
ਆਦਿਵਾਸੀਆਂ ਦੀ ਇਸ ਲੜਾਈ ਦੀ ਅਗਵਾਈ ਕਰਨ ਵਾਲ਼ੀ ਪਾਰਟੀ ਦੀ ਲੀਡਰਸ਼ਿਪ ਵਿਚਾਰਧਾਰਕ ਤੌਰ ‘ਤੇ ਬੇਹੱਦ ਕਮਜ਼ੋਰ ਹੈ। ਇਹੋ ਵਜ੍ਹਾ ਹੈ ਕਿ ਇਹ ਭਾਰਤ ਦੇ ਸਮਾਜੀ-ਆਰਥਕ ਯਥਾਰਥ ਨੂੰ ਸਮਝਣ ‘ਚ ਨਾਕਾਮ ਹੈ। ਇਹ ਅਤੀਤ ਦੀ ਲੜਾਈ ਨੂੰ ਵਰਤਮਾਨ ‘ਚ ਲੜਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤੀ ਰਾਜਸੱਤਾ ਦਾ ਜ਼ਬਰ ਜੇਕਰ ਇਸ ਲਹਿਰ ਨੂੰ ਦਬਾ ਸਕਣ ਵਿੱਚ ਨਾਕਾਮ ਵੀ ਰਹਿੰਦਾ ਹੈ ਤਾਂ ਇਸ ਪਾਰਟੀ ਦੀ ਵਿਚਾਰਧਾਰਕ ਕਮਜ਼ੋਰੀ ਜ਼ਰੂਰ ਇਸ ਲਹਿਰ ਨੂੰ ਲੈ ਡੁੱਬੇਗੀ। ਇਤਿਹਾਸ ਵਿੱਚ ਅਜਿਹੀਆਂ ਕਈ ਉਦਾਹਰਣਾਂ ਮਿਲ਼ਦੀਆਂ ਹਨ, ਕਿ ਸੱਤ੍ਹਾ ਦਾ ਜ਼ਬਰ ਤਾਂ ਲੋਕ ਲਹਿਰਾਂ ਨੂੰ ਦਬਾਉਣ ‘ਚ ਨਾਕਾਮ ਰਿਹਾ ਪਰ ਇਹਨਾਂ ਲਹਿਰਾਂ ਦੀ ਲੀਡਰਸ਼ਿਪ ਦੀ ਵਿਚਾਰਧਾਰਕ ਕਮਜ਼ੋਰੀ ਕਾਰਨ ਇਹ ਲਹਿਰਾਂ ਟੁੱਟ-ਖਿੰਡਾਅ ਦਾ ਸ਼ਿਕਾਰ ਹੋਈਆਂ। ਵਰਤਮਾਨ ਸਮੇਂ ‘ਚ ਨੇਪਾਲ ਦੀ ਉਦਾਹਰਣ ਸਾਡੇ ਸਾਹਮਣੇ ਹੈ।

ਇਸ ਮੁੜ ਪ੍ਰਕਾਸ਼ਤ ਹੋ ਰਹੀ ‘ਜੰਗਲ਼ਨਾਮਾ’ ਦੀ ਆਲੋਚਨਾ ‘ਚ ਅਸੀਂ ਖੁਦ ਨੂੰ ਵਿਚਾਰਧਾਰਾ ਅਤੇ ਸਿਆਸਤ ਤੱਕ ਹੀ ਸੀਮਤ ਰੱਖਿਆ ਸੀ ਅਤੇ ਇਸਦੇ ਕਲਾਤਮਕ ਪੱਖ ਨੂੰ ਨਹੀਂ ਛੋਹਿਆ ਸੀ। ਪਰ ਇਸ ਭੂਮਿਕਾ ਵਿੱਚ ਅਸੀਂ ਇੰਨਾ ਜ਼ਰੂਰ ਕਹਿਣਾ ਚਾਹਾਂਗੇ ਕਿ ਇਸ ਪੁਸਤਕ ਦਾ ਕਲਾਤਮਕ ਪੱਖ ਤਾਂ ਜਾਨਦਾਰ ਹੈ, ਪਰ ਵਿਚਾਰਧਾਰਕ-ਸਿਆਸੀ ਪੱਖੋਂ ਇਹ ਪੁਸਤਕ ਗ਼ਲਤ ਹੈ।

ਇਸ ਕਿਤਾਬਚੇ ਦੇ ਇਸ ਦੂਸਰੇ ਐਡੀਸ਼ਨ ਨੂੰ ਛਾਪਣ ਸਮੇਂ ਅਸੀਂ ਇਸਦੇ ਮੂਲ ਪਾਠ ਨੂੰ ਹੂ-ਬ-ਹੂ ਰਹਿਣ ਦਿੱਤਾ ਹੈ। ਇਸ ਵਿੱਚ ਕਿਸੇ ਤਬਦੀਲੀ ਦੀ ਸਾਨੂੰ ਜ਼ਰੂਰਤ ਮਹਿਸੂਸ ਨਹੀਂ ਹੋਈ। ਸਾਨੂੰ ਪੱਕਾ ਯਕੀਨ ਹੈ ਕਿ ਇਸ ਵਿੱਚ ਕਹੀਆਂ ਗੱਲਾਂ ਅੱਜ ਵੀ ਸਹੀ ਅਤੇ ਪ੍ਰਸੰਗਕ ਹਨ। ਆਉਣ ਵਾਲ਼ਾ ਸਮਾਂ ਸਾਡੀ ਪੋਜ਼ੀਸ਼ਨ ਦੇ ਸਹੀ ਹੋਣ ਨੂੰ ਹੋਰ ਵੀ ਵਧੇਰੇ ਸ਼ਪੱਸ਼ਟਤਾ ਨਾਲ਼ ਸਾਬਤ ਕਰੇਗਾ।
-ਸੁਖਵਿੰਦਰ

ਡਾਊਨਲੋਡ (ਪੀ. ਡੀ. ਐਫ਼.)

ਅਮਰੀਕੀ ਸਾਮਰਾਜਵਾਦ ਦਾ ਕਰਜ਼ਾ ਸੰਕਟ ਸੰਸਾਰ ਸਰਮਾਏਦਾਰੀ ਦੇ ਡੂੰਘੇ ਹੁੰਦੇ ਜਾ ਰਹੇ ਸੰਕਟ ਦਾ ਪ੍ਰਗਟਾਵਾ

By-ਸੁਖਵਿੰਦਰ

ਸੰਸਾਰ ਸਰਮਾਏਦਾਰੀ ਢਾਂਚੇ ਦੇ ਸਿਰ ‘ਤੇ ਇੱਕ ਨਵੇਂ ਆਰਥਕ ਸੰਕਟ ਦੇ ਬੱਦਲ਼ ਮੰਡਰਾ ਰਹੇ ਹਨ। 1930 ਦੀ ਮਹਾਂਮੰਦੀ ਤੋਂ ਬਾਅਦ ਸਭ ਤੋਂ ਵੱਡੇ 2008 ਦੇ ਸੰਕਟ ਤੋਂ ਸੰਸਾਰ ਸਰਮਾਏਦਾਰੀ ਅਜੇ ਉੱਭਰੀ ਵੀ ਨਹੀਂ ਸੀ ਕਿ ਇੱਕ ਹੋਰ ਨਵਾਂ ਆਰਥਿਕ ਸੰਕਟ ਇਸਦੇ ਦਰਵਾਜੇ ‘ਤੇ ਦਸਤਕ ਦੇਣ ਲੱਗ ਪਿਆ ਹੈ। ਜਿਸਦਾ ਪ੍ਰਗਟਾਵਾ ਗਰੀਸ, ਇਟਲੀ, ਪੁਰਤਗਾਲ, ਸਪੇਨ ਅਤੇ ਹੁਣ ਅਮਰੀਕਾ ਦੇ ਕਰਜ਼ਾ ਸੰਕਟ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ।
ਲੰਘੀ ਦੋ ਅਤੇ ਤਿੰਨ ਅਗਸਤ ਨੂੰ ਅਮਰੀਕਾ ਵਿੱਚ ਦੋ ਅਜਿਹੀਆਂ ਮਹੱਤਵਪੂਰਨ ਘਟਨਾਵਾਂ ਵਾਪਰੀਆਂ ਜਿਹਨਾਂ ਨੇ ਫੌਰੀ ਤੌਰ ‘ਤੇ ਤਾਂ ਘੱਟ ਜਾਂ ਵੱਧ ਪੂਰੀ ਦੁਨੀਆਂ ਦੇ ਸਰਮਾਏਦਾਰੀ ਅਰਥਚਾਰੇ ਨੂੰ ਪ੍ਰਭਾਵਿਤ ਕੀਤਾ ਹੀ ਹੈ, ਪਰ ਆਉਣ ਵਾਲ਼ੇ ਦਿਨਾਂ ਵਿੱਚ ਸੰਸਾਰ ਸਰਮਾਏਦਾਰੀ ਅਰਥਚਾਰਾ ਹੋਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਦੋ ਅਗਸਤ ਨੂੰ ਅਮਰੀਕਾ ਦੀ ਹਾਕਮ ਪਾਰਟੀ ਡੈਮੋਕਰੈਟਿਕ ਪਾਰਟੀ ਅਤੇ ਵਿਰੋਧੀ ਦਲ ਰਿਪਬਲਿਕਨ ਪਾਰਟੀ ਕਈ ਮਹੀਨਿਆਂ ਦੀ ਖਿੱਚੋ-ਤਾਣ ਤੋਂ ਬਾਅਦ ਅਮਰੀਕਾ ਦੀ ਕਰਜ਼ਾ ਲੈਣ ਦੀ ਹੱਦ ਵਧਾਉਣ ‘ਤੇ ਸਹਿਮਤ ਹੋ ਗਈਆਂ। ਦੋਹਾਂ ਪਾਰਟੀਆਂ ਦੀ ਸਹਿਮਤੀ ਨਾਲ਼ ਅਮਰੀਕੀ ਸਰਕਾਰ ਦੁਆਰਾ ਕਰਜ਼ਾ ਲੈ ਸਕਣ ਦੀ ਹੱਦ 2.4 ਖਰਬ ਡਾਲਰ ਤੋਂ ਵਧਾ ਕੇ 14.29 ਖਰਬ ਡਾਲਰ ਕਰ ਦਿੱਤੀ ਗਈ ਹੈ। ਸਰਕਾਰੀ ਕਰਜ਼ੇ ਦੀ ਇਹ ਹੱਦ 1917 ਵਿੱਚ ਤੈਅ ਕੀਤੀ ਗਈ ਸੀ, ਜਦੋਂ ਕਾਂਗਰਸ (ਅਮਰੀਕੀ ਸੰਸਦ) ਨੇ ਸਰਕਾਰ ਨੂੰ ਪਹਿਲੀ ਸੰਸਾਰ ਜੰਗ ਵਿੱਚ ਹਿੱਸਾ ਲੈਣ ਬਦਲੇ 11.315 ਅਰਬ ਡਾਲਰ ਕਰਜ਼ਾ ਲੈਣ ਦੀ ਪ੍ਰਵਾਨਗੀ ਦਿੱਤੀ ਸੀ। 1962 ਤੋਂ ਮਗਰੋਂ ਕਾਂਗਰਸ ਅਮਰੀਕੀ ਸਰਕਾਰ ਦੁਆਰਾ ਕਰਜ਼ਾ ਲੈਣ ਦੀ ਹੱਦ 74 ਵਾਰ ਵਧਾ ਚੁੱਕੀ ਹੈ।
ਓਬਾਮਾ ਪ੍ਰਸ਼ਾਸਨ ਅਤੇ ਵਿਰੋਧੀ ਦਲ ਰਿਪਬਲਿਕਨ ਪਾਰਟੀ ਵਿਚਕਾਰ ਅਮਰੀਕੀ ਕਰਜ਼ਾ ਹੱਦ ਵਧਾਉਣ ਬਾਰੇ ਇਸ ਵਾਰ ਜਿਹੜਾ ਸਮਝੌਤਾ ਹੋਇਆ ਹੈ ਜੇਕਰ ਉਸ ‘ਤੇ ਅਮਲ ਹੁੰਦਾ ਹੈ ਤਾਂ ਉਸਦਾ ਖਮਿਆਜ਼ਾ ਵੀ ਅਮਰੀਕਾ ਦੇ ਆਮ ਗਰੀਬ ਕਿਰਤੀ ਨਾਗਰਿਕ ਹੀ ਭੁਗਤਣਗੇ। ਸਮਝੌਤੇ ਅਨੁਸਾਰ ਅਮਰੀਕੀ ਸਰਕਾਰ ਨੂੰ ਆਪਣੇ ਖਰਚੇ ਵਿੱਚ ਅਗਲੇ ਦਸ ਸਾਲਾਂ ਦੌਰਾਨ 2.1 ਖਰਬ ਡਾਲਰ ਦੀ ਕਟੌਤੀ ਕਰਨੀ ਪਵੇਗੀ। ਇਸ ਕਟੌਤੀ ਦਾ ਵੱਡਾ ਹਿੱਸਾ (ਲਗਭਗ 65 ਫੀਸਦ) ਉਹ ਖਰਚਾ ਹੈ ਜਿਹੜਾ ਅਮਰੀਕੀ ਸਰਕਾਰ ਆਮ ਲੋਕਾਂ ‘ਤੇ ਕਰਦੀ ਹੈ, ਜਿਵੇਂ ਕਿ ਇਨਫਰਾਸਟਰੱਕਚਰ, ਸਾਫ਼ ਊਰਜਾ, ਸਿੱਖਿਆ, ਬਾਲ-ਸੁਰੱਖਿਆ, ਘਰ, ਭਾਈਚਾਰਕ ਸੇਵਾਵਾਂ ਆਦਿ।
3 ਅਗਸਤ ਨੂੰ ਕਰਜ਼ਾ ਸਾਖ਼ ਤੈਅ ਕਰਨ ਵਾਲ਼ੀ ਅਮਰੀਕਾ ਦੀ ਹੀ ਕੰਪਨੀ ਸਟੈਂਡਰਡ ਐਂਡ ਪੂਅਰ (ਐੱਸ ਐਂਡ ਪੀ) ਨੇ ਅਮਰੀਕਾ ਦੀ ਕਰਜ਼ਾ ਸਾਖ਼ ਘਟਾ ਦਿੱਤੀ। ਪਿਛਲੇ 95 ਸਾਲਾਂ ਦੌਰਾਨ ਇਹ ਪਹਿਲੀ ਵਾਰ ਹੋਇਆ ਹੈ ਕਿ ਅਮਰੀਕਾ ਦੀ ਕਰਜ਼ਾ ਮੋੜਨ ਦੀ ਸਾਖ਼ (ਕ੍ਰੈਡਿਟ ਰੇਟਿੰਗ) ਏ ਏ ਏ ਤੋਂ ਘਟ ਕੇ ਏ ਏ ਪਲੱਸ ਕਰ ਦਿੱਤੀ ਗਈ ਹੈ। ਕਰਜ਼ਾ ਮੋੜਨ ਦੀ ਸਾਖ਼ ਵਿੱਚ ਕਮੀ ਦਾ ਮਤਲਬ ਹੈ ਕਿ ਅਮਰੀਕਾ ਨੂੰ ਕਰਜ਼ਾ ਦੇਣਾ ਜ਼ੋਖਮ ਭਰਿਆ ਹੈ ਅਤੇ ਅਮਰੀਕਾ ਦੇ ਕਰਜ਼ਦਾਤਾ ਅਤੇ ਨਿਵੇਸ਼ਕ ਉੱਥੇ ਸਰਮਾਇਆ ਲਗਾਉਣ ਤੋਂ ਬਚਣਗੇ। ਸਟੈਂਡਰਡ ਐਂਡ ਪੂਅਰ ਨੇ ਅਮਰੀਕਾ ਬਾਰੇ ਇਹ ਆਂਕਲਣ ਅਚਾਨਕ ਹੀ ਨਹੀਂ ਐਲਾਨਿਆ। ਅਮਰੀਕਾ ਦੇ ਸਕਿਉਰਟੀਜ਼ ਐਂਡ ਐਕਸਚੇਂਜ ਕਮਿਸ਼ਨ ਨਾਲ਼ ਮਿਲ ਕੇ ਕੰਮ ਕਰਨ ਵਾਲ਼ੀ ਇਹ ਕੰਪਨੀ ਪਿਛਲੇ ਲੰਮੇ ਅਰਸੇ ਤੋਂ ਅਮਰੀਕੀ ਸਰਕਾਰ ਨੂੰ ਇਹ ਚੇਤਾਵਨੀ ਦੇ ਰਹੀ ਸੀ। ਕਰਜ਼ਾ ਮੋੜਨ ਦੀ ਸਾਖ਼ ਤੈਅ ਕਰਨ ਵਾਲ਼ੀਆਂ ਸੰਸਾਰ ਦੀਆਂ ਦੂਜੀਆਂ ਵੱਡੀਆਂ ਕੰਪਨੀਆਂ ਮੁਡੀਜ਼  ਇਨਵੈਸਟਮੈਂਟ ਸਰਵਿਸਜ਼ ਅਤੇ ਫਿਚ ਨੇ ਬੇਸ਼ੱਕ ਅਮਰੀਕਾ ਦੀ ਸਾਖ਼ ਤਾਂ ਨਹੀਂ ਘਟਾਈ ਪਰ ਅਮਰੀਕਾ ਨੂੰ ਖ਼ਤਰੇ ਦਾ ਸੰਕੇਤ ਉਹ ਵੀ ਦੇ ਚੁੱਕੀਆਂ ਹਨ। ਉੱਧਰ ਚੀਨ ਦੀ ਸੰਸਾਰਿਕ ਕਰਜ਼ਾ ਰੇਟਿੰਗ ਏਜੰਸੀ ਡਾਗੋਗ ਪਹਿਲਾਂ ਹੀ ਅਮਰੀਕਾ ਦੀ ਕਰਜ਼ਾ ਸਾਖ਼ ਘਟਾ ਚੁੱਕੀ ਹੈ। 2008 ਦੀ ਮੰਦੀ ਵਿੱਚ ਮੂਧੇ ਮੂੰਹ ਡਿੱਗੀ ਲੇਹਮੈਨ ਬਰਦਰਜ਼ ਅਤੇ ਮੇਰਿਲ ਲਿੰਚ ਜਿਹੀਆਂ ਕੰਪਨੀਆਂ ਦੀ ਕਰਜ਼ਾ ਸਾਖ਼ ਇਹਨਾਂ ਕ੍ਰੈਡਿਟ ਰੇਟਿੰਗ ਕੰਪਨੀਆਂ ਦੀ ਨਜ਼ਰ ਵਿੱਚ ਚੰਗੀ (ਏ ਏ ਏ) ਸੀ, ਪਰ ਇਸਦੇ ਬਾਵਜੂਦ ਵੀ ਉਪਰੋਕਤ ਕੰਪਨੀਆਂ ਦਾ ਦਿਵਾਲ਼ਾ ਨਿਕਲ਼ ਗਿਆ। ਜਿਸ ਕਾਰਨ ਇਹਨਾਂ ਕ੍ਰੈਡਿਟ ਰੇਟਿੰਗ ਕੰਪਨੀਆਂ ਦੀ ਕਾਫ਼ੀ ਮਿੱਟੀ ਪਲੀਤ ਹੋਈ। ਅਜਿਹਾ ਮੁੜ ਨਾ ਵਾਪਰੇ ਇਸ ਲਈ ਇਸ ਵਾਰ ਕ੍ਰੈਡਿਟ ਰੇਟਿੰਗ ਕੰਪਨੀਆਂ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀਆਂ। ਸਟੈਂਡਰਡ ਐਂਡ ਪੂਅਰ ਦੁਆਰਾ ਅਮਰੀਕਾ ਦੀ ਕਰਜ਼ਾ ਸਾਖ਼ ਘੱਟ ਕਰਨ ‘ਤੇ ਅਮਰੀਕਾ ਸਰਕਾਰ ਨੇ ਇਸ ਏਜੰਸੀ ‘ਤੇ ਕਾਫੀ ਗੁੱਸਾ ਝਾੜਿਆ ਪਰ ਇਹ ਏਜੰਸੀ ਆਪਣੇ ਫੈਸਲੇ ‘ਤੇ ਅੜੀ ਰਹੀ।
ਅਮਰੀਕਾ ਅੱਜ ਵੀ ਸੰਸਾਰ ਦਾ ਸਭ ਤੋਂ ਵੱਡਾ ਅਰਥਚਾਰਾ ਹੈ। ਸੰਸਾਰਕ ਘਰੇਲੂ ਉਤਪਾਦ ਵਿੱਚ ਇਕੱਲੇ ਅਮਰੀਕਾ ਦਾ ਹਿੱਸਾ ਹੀ 23 ਫੀਸਦ ਦੇ ਕਰੀਬ ਹੈ। ਅਮਰੀਕਾ ਨੂੰ ਸੰਸਾਰ ਸਰਮਾਏਦਾਰੀ ਅਰਥਚਾਰੇ ਦਾ ਇੰਜਣ ਕਿਹਾ ਜਾਂਦਾ ਹੈ। ਭਾਰਤ, ਚੀਨ ਅਤੇ ਯੂਰਪ ਅੱਜ ਦੁਨੀਆਂ ਦੇ ਆਪਣੇ ਨਿਰਯਾਤਾਂ ਲਈ ਵੱਡੇ ਪੈਮਾਨੇ ‘ਤੇ ਅਮਰੀਕਾ ‘ਤੇ ਨਿਰਭਰ ਹਨ। ਅਮਰੀਕਾ ਦੇ ਅਰਥਚਾਰੇ ਵਿੱਚ ਹੋਣ ਵਾਲ਼ੀ ਹਰ ਹਲਚਲ ਘੱਟ ਜਾਂ ਵੱਧ ਪੂਰੇ ਸੰਸਾਰ ਸਰਮਾਏਦਾਰਾ ਅਰਥਚਾਰੇ ਨੂੰ ਹੀ ਆਪਣੀ ਚਪੇਟ ਵਿੱਚ ਲੈ ਲੈਂਦੀ ਹੈ।
ਐੱਸ ਐਂਡ ਪੀ ਦੁਆਰਾ ਅਮਰੀਕਾ ਦੀ ਕਰਜ਼ਾ ਸਾਖ਼ ਘੱਟ ਕੀਤੇ ਜਾਣ ਮਗਰੋਂ ਅਮਰੀਕਾ ਸਮੇਤ ਕਈ ਦੇਸ਼ਾਂ ਦੇ ਸ਼ੇਅਰ ਬਜ਼ਾਰ ਲੁੜਕ ਗਏ। ਅਮਰੀਕਾ ਵਿੱਚ ਮੰਦੀ ਦੇ ਡਰ ਤੋਂ 5 ਅਗਸਤ ਨੂੰ ਭਾਰਤ ਦੇ ਸ਼ੇਅਰ ਬਜ਼ਾਰ (ਬੀ ਐੱਸ ਈ ਸੈਂਸੇਕਸ) ਵਿੱਚ ਵੀ 387 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਇਹ ਗਿਰਾਵਟ ਮਗਰੋਂ ਵੀ ਜਾਰੀ ਰਹੀ। 10 ਅਗਸਤ ਨੂੰ ਇੱਥੇ 132.27 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। 15 ਅਗਸਤ ਤੱਕ ਹੀ ਰੁਪਏ ਦੀ ਕੀਮਤ ਵਿੱਚ 20 ਪੈਸੇ ਦੀ ਗਿਰਾਵਟ ਦਰਜ ਕੀਤੀ ਜਾ ਚੁੱਕੀ ਸੀ।
ਸ਼ੇਅਰ ਬਜ਼ਾਰਾਂ ਵਿੱਚ ਆਈ ਇਸ ਗਿਰਾਵਟ ਕਾਰਨ 5 ਅਗਸਤ ਤੱਕ ਹੀ, ਅਮਰੀਕਾ ਦੀ ਕਰਜ਼ਾ ਸਾਖ਼ ਘੱਟ ਕਰਨ ਤੋਂ ਬਾਅਦ ਸਿਰਫ਼ ਦੋ ਦਿਨਾਂ ਵਿੱਚ ਹੀ ਸੰਸਾਰ ਭਰ ਵਿੱਚ 2.5 ਖਰਬ ਡਾਲਰ ਦਾ ਸਰਮਾਇਆ ਡੁੱਬ ਗਿਆ। ਇਹ ਸੁਆਹ ਹੋਇਆ ਸਰਮਾਇਆ ਲਗਭਗ ਫਰਾਂਸ ਦੇ ਅਰਥਚਾਰੇ ਦੇ ਬਰਾਬਰ ਹੈ।
ਨਿਵੇਸ਼ਕਾਂ ਨੇ ਹੁਣ ਸ਼ੇਅਰ ਬਜ਼ਾਰਾਂ ਦੀ ਥਾਂ ਸੋਨੇ ਵੱਲ ਰੁਖ਼ ਕੀਤਾ ਹੈ। ਉਹ ਸ਼ੇਅਰ ਬਜ਼ਾਰ ‘ਚੋਂ ਸਰਮਾਇਆ ਕੱਢ ਕੇ ਸੋਨਾ ਖਰੀਦ ਰਹੇ ਹਨ। ਇਸ ਲਈ ਦੁਨੀਆਂ ਭਰ ਵਿੱਚ ਸੋਨੇ ਦੀ ਕੀਮਤ ਲਗਾਤਾਰ ਚੜ੍ਹਦੀ ਜਾ ਰਹੀ ਹੈ।

ਅਮਰੀਕਾ ਦੇ ਕਰਜ਼ਾ ਸੰਕਟ ਦੇ ਕਾਰਨ ਕੀ ਹਨ?
ਇਸ ਸਮੇਂ ਅਮਰੀਕੀ ਸਰਕਾਰ ਦਾ ਕਰਜ਼ਾ 12 ਖਰਬ ਡਾਲਰ ਤੋਂ ਵੀ ਜ਼ਿਆਦਾ ਹੈ, 2001 ਵਿੱਚ ਇਹ 5.8 ਖਰਬ ਡਾਲਰ ਸੀ, 2005 ਵਿੱਚ 8.36 ਖਰਬ ਡਾਲਰ ਸੀ । 2012 ਤੱਕ ਇਸਦੇ ਵਧਕੇ 16.7 ਖਰਬ ਡਾਲਰ ਹੋ ਜਾਣ ਦੀ ਸੰਭਾਵਨਾ ਹੈ। ਇਸ ਸਮੇਂ ਅਮਰੀਕਾ ਦਾ ਕਰਜ਼ਾ ਇਸਦੇ ਕੌਮੀ ਉਤਪਾਦ ਦਾ 75 ਫੀਸਦ ਹੈ ਜੋ ਕਿ 2013 ਵਿੱਚ ਵਧ ਕੇ 84 ਫੀਸਦ ਹੋ ਜਾਵੇਗਾ। ਆਖਿਰ ਕਿਉਂ ਏਨੀ ਤੇਜ਼ ਰਫਤਾਰ ਨਾਲ਼ ਅਮਰੀਕਾ ਦਾ ਕਰਜ਼ਾ ਵਧਦਾ ਗਿਆ? ਆਓ ਹੁਣ ਇੱਕ ਨਜ਼ਰ ਅਮਰੀਕੀ ਕਰਜ਼ਾ ਸੰਕਟ ਦੇ ਫੌਰੀ ਅਤੇ ਬੁਨਿਆਦੀ ਕਾਰਨਾਂ ‘ਤੇ ਮਾਰੀਏ।
ਪਹਿਲਾ ਕਾਰਨ ਤਾਂ ਇਹ ਹੈ ਕਿ ਪਿਛਲੇ ਲਗਭਗ ਇੱਕ ਦਹਾਕੇ ਤੋਂ ਅਮਰੀਕੀ ਸਰਕਾਰ ਦੁਆਰਾ, ਇਹ ਸਰਕਾਰ ਭਾਵੇਂ ਰਿਪਬਲਿਕਨ ਪਾਰਟੀ ਦੀ ਹੋਵੇ ਜਾਂ ਡੈਮੋਕਰੈਟਿਕ ਪਾਰਟੀ ਦੀ, ਅਮਰੀਕਾ ਦੇ ਸਰਮਾਏਦਾਰਾਂ ਨੂੰ ਟੈਕਸਾਂ ਵਿੱਚ ਭਾਰੀ ਰਾਹਤ ਦਿੱਤੀ ਜਾ ਰਹੀ ਹੈ। ਬੁਸ਼ ਪ੍ਰਸ਼ਾਸਨ ਦੁਆਰਾ 2001, 2003 ਅਤੇ ਫਿਰ 2005 ਵਿੱਚ ਅਮਰੀਕੀ ਸਰਮਾਏਦਾਰਾਂ ‘ਤੇ ਲੱਗਣ ਵਾਲ਼ੇ ਟੈਕਸਾਂ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ। ਦਸੰਬਰ 2010 ਵਿੱਚ ਓਬਾਮਾ ਪ੍ਰਸ਼ਾਸਨ ਨੇ ਵੀ ਸਰਮਾਏਦਾਰਾਂ ਲਈ ਇਹ ਟੈਕਸ ਕਟੌਤੀਆਂ ਜਾਰੀ ਰੱਖਣ ਦਾ ਫੈਸਲਾ ਲਿਆ। ਸਰਮਾਏਦਾਰਾਂ ਲਈ ਇਹ ਟੈਕਸ ਕਟੌਤੀਆਂ ਲਗਭਗ 1 ਖਰਬ ਡਾਲਰ ਤੱਕ ਹਨ। ਓਬਾਮਾ ਦੇ ਹੀ ਸ਼ਬਦਾਂ ਵਿੱਚ ਸਰਮਾਏਦਾਰਾਂ ‘ਤੇ ਟੈਕਸ ਦਾ ”ਇਹ ਪਿਛਲੀ ਅੱਧੀ ਸਦੀ ਵਿੱਚ ਸਭ ਤੋਂ ਹੇਠਲਾ ਪੱਧਰ ਹੈ”। ਸਰਮਾਏਦਾਰਾਂ ਨੂੰ ਟੈਕਸਾਂ ਵਿੱਚ ਦਿੱਤੀ ਜਾਣ ਵਾਲ਼ੀ ਇਸ ਭਾਰੀ ਛੋਟ ਕਾਰਨ ਸਰਕਾਰ ਦੀ ਆਮਦਨ ਘੱਟ ਹੋਈ ਹੈ। ਨਤੀਜੇ ਵਜੋਂ ਇਸ ਨਾਲ਼ ਅਮਰੀਕੀ ਸਰਕਾਰ ਦਾ ਕਰਜ਼ਾ ਸੰਕਟ ਵਧਿਆ ਹੈ।
ਅਮਰੀਕੀ ਸਰਕਾਰ ਦੇ ਕਰਜ਼ਾ ਸੰਕਟ ਦਾ ਦੂਜਾ ਵੱਡਾ ਕਾਰਨ ਹੈ ਅਫ਼ਗਾਨਿਸਤਾਨ ਅਤੇ ਇਰਾਕ ਜੰਗ। ”ਦਹਿਸ਼ਤਗਰਦੀ” ਨਾਲ਼ ਲੜਨ ਦੇ ਬਹਾਨੇ ਅਮਰੀਕਾ ਨੇ ਪਹਿਲਾਂ 2001 ਵਿੱਚ ਅਫਗਾਨਿਸਤਾਨ ਅਤੇ ਫਿਰ ਇਰਾਕ ‘ਤੇ ਹਮਲਾ ਕੀਤਾ। ਅਮਰੀਕੀ ਹਮਲਿਆਂ ਨੇ ਇਹਨਾਂ ਦੋਹਾਂ ਦੇਸ਼ਾਂ ਨੂੰ ਤਬਾਹ-ਬਰਬਾਦ ਕਰ ਦਿੱਤਾ ਹੈ, ਲੱਖਾਂ ਨਿਰਦੋਸ਼ਾਂ ਦਾ ਕਤਲ ਕੀਤਾ ਗਿਆ। ਪਰ ਸਭ ਜ਼ੁਲਮਾਂ ਦੇ ਬਾਵਜੂਦ ਵੀ ਅਮਰੀਕਾ ਇਰਾਕ ਅਤੇ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਨਾ ਤਾਂ ਹਰਾ ਸਕਿਆ ਹੈ ਅਤੇ ਨਾ ਹੀ ਝੁਕਾ ਸਕਿਆ ਹੈ। ਅਫ਼ਗਾਨਿਸਤਾਨ ਦੀ ਜੰਗ ਅਮਰੀਕੀ ਇਤਿਹਾਸ ਦੀ ਸਭ ਤੋਂ ਲੰਮੀ ਜੰਗ ਹੋਣ ਜਾ ਰਹੀ ਹੈ। ਇਸ ਜੰਗ ਤੋਂ ਬਾਹਰ ਨਿਕਲ਼ਣ ਦਾ ਅਮਰੀਕੀ ਸਾਮਰਾਜਵਾਦ ਨੂੰ ਕੋਈ ਰਾਹ ਨਜ਼ਰ ਨਹੀਂ ਆ ਰਿਹਾ। ਇੱਧਰ ਇਹਨਾਂ ਜੰਗਾਂ ਦੇ ਖਰਚੇ ਦੇ ਭਾਰ ਨੇ ਅਮਰੀਰੀ ਅਰਥਚਾਰੇ ਦਾ ਲੱਕ ਤੋੜ ਦਿੱਤਾ ਹੈ। ਹੁਣ ਨਾ ਤਾਂ ਅਮਰੀਕਾ ਇਰਾਕ, ਅਫ਼ਗਾਨਿਸਤਾਨ ਜੰਗ ਨੂੰ ਵਿਚਾਲ਼ੇ ਛੱਡ ਸਕਦਾ ਹੈ ਅਤੇ ਨਾ ਹੀ ਅੱਗੇ ਵਧਾ ਸਕਦਾ ਹੈ। ਅਜੇ ਇਰਾਕ ਅਤੇ ਅਫ਼ਗਾਨਿਸਤਾਨ ਵਿੱਚ ਅਮਰੀਕੀ ਸਾਮਰਾਜਵਾਦ ਬੁਰੀ ਤਰ੍ਹਾਂ ਉਲ਼ਝਿਆ ਹੀ ਹੋਇਆ ਸੀ ਕਿ ਲਿਬੀਆ ਨੇ ਉਸ ਨਾਲ਼ ਨਵਾਂ ਪੰਗਾ ਪਾ ਲਿਆ।
ਅਮਰੀਕੀ ਕਾਂਗਰਸ ਨੇ ਸਿਰਫ ਅਮਰੀਕਾ ਦੇ ਰੱਖਿਆ ਵਿਭਾਗ ਨੂੰ ਹੀ 2011 ਦੇ ਵਿੱਤੀ ਵਰ੍ਹੇ ਲਈ ਜੰਗ ਦੇ ਖਰਚੇ ਵਾਸਤੇ 13 ਖਰਬ ਡਾਲਰ ਜਾਰੀ ਕੀਤੇ ਹਨ। ਇਸਤੋਂ ਇਲਾਵਾ ਪੈਂਟਾਗਨ ਨੇ ਆਪਣੇ 5.2 ਖਰਬ ਡਾਲਰ ਦੇ ਆਧਾਰ ਬਜਟ ਵਿੱਚੋਂ ਜਿਹੜਾ ਖਰਚਾ ਕੀਤਾ ਹੈ ਉਸਦਾ ਵੇਰਵਾ ਅਜੇ ਉਪਲਬਧ ਨਹੀਂ ਹੈ।
ਅਮਰੀਕਾ ਦੀ ਬਰਾਊਨ ਯੂਨੀਵਰਸਿਟੀ ਦੇ ਮੁਤਾਬਿਕ ਇਹਨਾਂ ਜੰਗਾਂ ਦੀ ਅਮਰੀਕਾ ਨੂੰ ਸਲਾਨਾ  3.7 ਖਰਬ ਡਾਲਰ ਕੀਮਤ ਚੁਕਾਉਣੀ ਪੈ ਰਹੀ ਹੈ, ਯਾਨੀ ਕਿ 12000 ਡਾਲਰ ਪ੍ਰਤੀ ਅਮਰੀਕਨ। ਅਫਗਾਨ ਅਤੇ ਇਰਾਕ ਜੰਗ ਦਾ ਮਹੀਨੇਵਾਰ ਖਰਚਾ ਹੀ 9.7 ਅਰਬ ਡਾਲਰ ਹੈ।
ਇਹ ਹੈ ਅਮਰੀਕੀ ਸਾਮਰਾਜਵਾਦ ਦੁਆਰਾ ਸੰਸਾਰ ਦੇ ਵੱਖ-ਵੱਖ ਕੋਨਿਆਂ ਵਿੱਚ ਨਿਰਦੋਸ਼ਾਂ ਦੀ ਹੱਤਿਆ ਕਰਨ ਲਈ ਕੀਤਾ ਜਾਣ ਵਾਲ਼ਾ ਖਰਚਾ ਜਿਸਨੇ ਅਮਰੀਕੀ ਸਮਰਾਜਵਾਦ ਦੇ ਕਰਜ਼ਾ ਸੰਕਟ ਵਿੱਚ ਕਾਫੀ ਇਜ਼ਾਫਾ ਕੀਤਾ ਹੈ।
ਅਮਰੀਕੀ ਕਰਜ਼ਾ ਸੰਕਟ ਦਾ ਤੀਜਾ ਵੱਡਾ ਕਾਰਨ ਹੈ 2008 ਦੇ ਵਿੱਤੀ ਸੰਕਟ ਤੋਂ ਬਾਅਦ ਅਨੇਕਾਂ ਸਰਮਾਏਦਾਰ ਦੇਸ਼ਾਂ ਵਾਂਗ ਹੀ ਅਮਰੀਕੀ ਸਰਕਾਰ ਦੁਆਰਾ ਸਰਮਾਏਦਾਰਾਂ ਨੂੰ ਦਿੱਤੇ ਗਏ ਬੇਲ-ਆਊਟ ਪੈਕੇਜ।
ਅਮਰੀਕੀ ਕਰਜ਼ੇ ਦਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਕਾਰਨ ਹੈ ਅਮਰੀਕੀ ਅਰਥਚਾਰੇ ‘ਤੇ ਲੰਮੇ ਸਮੇਂ ਤੋਂ ਛਾਈ ਚਿਰਕਾਲੀ ਮੰਦੀ। ਉਂਝ ਤਾਂ ਪਿਛਲੇ ਲਗਭਗ ਚਾਰ ਦਹਾਕਿਆਂ ਤੋਂ ਹੀ ਸੰਸਾਰ ਸਰਮਾਏਦਾਰਾ ਅਰਥਚਾਰੇ ਨੇ ਤੇਜ਼ੀ ਦਾ ਦੌਰ ਨਹੀਂ ਦੇਖਿਆ। ਬਸ ਇਸਦੇ ਕੁਝ ਕੁ ਖਿੱਤਿਆਂ ਜਿਵੇਂ ਚੀਨ, ਭਾਰਤ, ਮਗਰੋਂ ਰੂਸ ਅਤੇ ਬਰਾਜ਼ੀਲ ਇਸ ਵਿੱਚ ਸ਼ਾਮਿਲ ਹੋਏ, ਵਿੱਚ ਹੀ ਆਰਥਕ ਵਿਕਾਸ ਦਰ ਤੇਜ਼ ਰਹੀ ਹੈ। ਅਮਰੀਕਾ ਪਿਛਲੇ ਇੱਕ ਦਹਾਕੇ ਤੋਂ ਮੰਦੀ ਨਾਲ਼ ਜੂਝ ਰਿਹਾ ਹੈ। ਇਸੇ ਦੌਰਾਨ ਇਸਨੂੰ 2001 ਦੇ ਡੌਟ ਕਾੱਮ ਸੰਕਟ, 2007 ਦੇ ਸਬਪ੍ਰਾਈਮ ਸੰਕਟ, 2008 ਦੇ ਵਿੱਤੀ ਸੰਕਟ ਅਤੇ ਹੁਣ 2011 ਦੇ ਕਰਜ਼ਾ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ। ਅਮਰੀਕਾ ਵਿੱਚ ਇਸ ਸਮੇਂ ਬੇਰੁਜ਼ਗਾਰੀ ਦੀ ਦਰ 9.2 ਫੀਸਦ ਹੈ। ਹਰ ਮਹੀਨੇ ਇੱਥੇ ਲਗਭਗ 30 ਹਜ਼ਾਰ ਨੌਕਰੀਆਂ ਖਤਮ ਹੋ ਰਹੀਆਂ ਹਨ। ਅਮਰੀਕੀ ਅਰਥਚਾਰੇ ਦੀ ਵਾਧਾ ਦਰ ਬੇਹਦ ਘੱਟ ਹੈ। 2008 ਦੇ ਵਿੱਤੀ ਸੰਕਟ ਤੋਂ ਮਗਰੋਂ ਹੀ ਅਮਰੀਕਾ ਵਿੱਚ ਵਿਆਜ਼ ਦਰਾਂ ਬੇਹੱਦ ਘੱਟ (0 ਤੋਂ 25 ਫੀਸਦ) ਹਨ। ਅਤੇ ਅਮਰੀਕੀ ਫ਼ੈਡਰਲ ਰਿਜ਼ਰਵ ਨੇ ਇਹਨਾਂ ਨੂੰ 2013 ਦੇ ਅੱਧ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਸਰਮਾਏਦਾਰੀ ਅਰਥਚਾਰੇ ਵਿੱਚ ਵਿਆਜ਼ ਦਰਾਂ ਇਸ ਲਈ ਘੱਟ ਰੱਖੀਆਂ ਜਾਂਦੀਆਂ ਹਨ ਤਾਂ ਕਿ ਬੱਚਤਾਂ ਕਰਨ ਤੋਂ ਨਿਰਉਤਸ਼ਾਹਿਤ ਕੀਤਾ ਜਾ ਸਕੇ, ਯਾਨੀ ਲੋਕ ਬੱਚਤ ਕਰਨ ਦੀ ਥਾਂ ਆਪਣੇ ਪੈਸੇ ਨੂੰ ਖਰਚਣ। ਦੂਜਾ ਉਹਨਾਂ ਨੂੰ ਕੁਝ ਵੀ ਖਰੀਦਣ ਲਈ ਸਸਤਾ ਕਰਜ਼ਾ ਮਿਲ਼ ਸਕੇ। ਇਸੇ ਤਰ੍ਹਾਂ ਨਿਵੇਸ਼ਕਾਂ ਨੂੰ ਵੀ ਸਸਤਾ ਮੁਦਰਾ ਸਰਮਾਇਆ ਮਿਲ਼ ਸਕੇ। ਪਰ ਵਿਆਜ਼ ਦਰਾਂ ਨੂੰ ਬੇਹੱਦ ਘੱਟ ਰੱਖਣ ਅਤੇ ਬੇਲ-ਆਊਟ ਪੈਕੇਜਾਂ ਰਾਹੀਂ ਅਰਥਚਾਰੇ ਵਿੱਚ ਅਰਬਾਂ ਡਾਲਰ ਝੋਕ ਦੇਣ ਤੋਂ ਬਾਅਦ ਵੀ ਅਮਰੀਕੀ ਅਰਥਚਾਰੇ ਦੀ ਵਾਧਾ ਦਰ ਇੱਕ-ਡੇਢ ਫੀਸਦ ਦੇ ਆਸਪਾਸ ਹੀ ਡੋਲ ਰਹੀ ਹੈ। ਅਰਥਚਾਰੇ ਦੀ ਮਜ਼ਬੂਤੀ ਨਾਲ਼ ਪੈਦਾ ਹੁੰਦੇ ਰੁਜ਼ਗਾਰ, ਚੀਜ਼ਾਂ ਅਤੇ ਸੇਵਾਵਾਂ ਦੀ ਖਪਤ ਵਿੱਚ ਵਾਧੇ ਕਾਰਨ ਸਰਕਾਰੀ ਖਜ਼ਾਨੇ ਨੂੰ ਵੀ ਸਹਾਰਾ ਮਿਲ਼ਦਾ ਹੈ। ਪਰ ਅਮਰੀਕੀ ਖਜ਼ਾਨੇ ਨੂੰ ਸਹਾਰਾ ਦੇ ਸਕਣ ਵਾਲ਼ਾ ਇਹ ਪੱਖ ਵੀ ਉੱਥੇ ਗਾਇਬ ਹੈ।
ਪਰ ਉੱਪਰ ਦੱਸੇ ਗਏ ਸਾਰੇ ਕਾਰਨ ਤਾਂ ਸਰਮਾਏਦਾਰੀ ਦੀ ਬੁਨਿਆਦੀ ਵਿਰੋਧਤਾਈ ਤੋਂ ਉਪਜੇ ਪ੍ਰਭਾਵ ਮਾਤਰ ਹੀ ਹਨ। ਸਰਮਾਏਦਾਰੀ ਵਿੱਚ ਦਿਨ-ਬ-ਦਿਨ ਕਿਰਤ ਦਾ ਸਮਾਜੀਕਰਨ ਵਧਦਾ ਜਾਂਦਾ ਹੈ ਪਰ ਕਰੋੜਾਂ ਮਜ਼ਦੂਰਾਂ ਦੀ ਕਿਰਤ ਦੇ ਫਲ਼ ਕੁਝ ਮੁੱਠੀ ਭਰ ਹੱਥਾਂ ਵਿੱਚ ਹੀ ਕੇਂਦਰਿਤ ਕੇ ਰਹਿ ਜਾਂਦੇ ਹਨ। ਦੂਜੇ ਸ਼ਬਦਾਂ ਵਿੱਚ ਕਿਰਤ ਦਾ ਸਮਾਜੀਕਰਨ ਅਤੇ ਨਿੱਜੀ ਕੰਟਰੋਲ ਸਰਮਾਏਦਾਰੀ ਦੀ ਬੁਨਿਆਦੀ ਵਿਰੋਧਤਾਈ ਹੈ। ਸਰਮਾਏਦਾਰੀ ਦੀ ਇਸ ਬੁਨਿਆਦੀ ਵਿਰੋਧਤਾਈ ਕਾਰਨ ਕੁਝ ਕੁ ਮੁੱਠੀ ਭਰ ਸਰਮਾਏਦਾਰਾਂ ਦੇ ਹੱਥਾਂ ਵਿੱਚ ਤਾਂ ਅਥਾਹ ਧਨ-ਦੌਲਤ ਇਕੱਠੀ ਹੋ ਜਾਂਦੀ ਹੈ ਤੇ ਦੂਜੇ ਪਾਸੇ ਵਿਸ਼ਾਲ ਕਿਰਤੀ ਵਸੋਂ ਦੀ ਖਰੀਦ ਸ਼ਕਤੀ ਬੇਹੱਦ ਸੀਮਤ ਹੋ ਜਾਂਦੀ ਹੈ। ਦੂਜੇ ਪਾਸੇ ਉਤਪਾਦਨ ਦੇ ਸਾਧਨਾਂ ‘ਤੇ ਸਰਮਾਏਦਾਰਾਂ ਦੇ ਕਬਜ਼ੇ ਕਾਰਨ ਉਹਨਾਂ ਦਰਮਿਆਨ ਬਜ਼ਾਰ ਦਾ ਵੱਡਾ ਹਿੱਸਾ ਹਥਿਆਉਣ ਲਈ ਗਹਿਗੱਚ ਮੁਕਾਬਲੇਬਾਜ਼ੀ ਜਨਮ ਲੈਂਦੀ ਹੈ। ਸਰਮਾਏਦਾਰਾਂ ਕੋਲ਼ ਇਹ ਜਾਨਣ ਦਾ ਕੋਈ ਤਰੀਕਾ ਨਹੀਂ ਹੁੰਦਾ ਕਿ ਉਹ ਜਿਸ ਚੀਜ਼ ਦਾ ਉਤਪਾਦਨ ਕਰਵਾ ਰਹੇ ਹਨ ਉਹ ਮੰਡੀ ਵਿੱਚ ਵਿਕੇਗਾ ਵੀ ਜਾਂ ਨਹੀਂ। ਸਿਰਫ ਮੰਡੀ ਵਿੱਚ ਮਾਲ ਲੈ ਜਾਣ ਨਾਲ਼ ਹੀ ਇਸਦਾ ਪਤਾ ਲੱਗਦਾ ਹੈ। ਇਸ ਸਭ ਕਾਸੇ ਦਾ ਨਤੀਜਾ ਵਾਧੂ ਉਤਪਾਦਨ ਦੇ ਸੰਕਟ ਦੇ ਰੂਪ ਵਿੱਚ ਨਿਕਲ਼ਦਾ ਹੈ। ਸਰਮਾਏਦਾਰੀ ਵਿੱਚ ਵਾਧੂ ਉਤਪਾਦਨ ਦਾ ਸੰਕਟ ਇਸ ਲਈ ਜਨਮ ਨਹੀਂ ਲੈਂਦਾ ਕਿ ਲੋਕਾਂ ਦੀਆਂ ਲੋੜਾਂ ਪੂਰੀਆਂ ਹੋ ਗਈਆਂ ਹਨ, ਸਗੋਂ ਇਸ ਲਈ ਜਨਮ ਲੈਂਦਾ ਹੈ ਕਿ ਵੱਡੀ ਗਿਣਤੀ ਲੋਕਾਂ ਕੋਲ਼ ਆਪਣੀ ਲੋੜ ਦੀਆਂ ਚੀਜ਼ਾਂ ਖਰੀਦਣ ਲਈ ਪੈਸਾ ਨਹੀਂ ਹੁੰਦਾ।
ਅੱਜ ਅਮਰੀਕਾ ਸਮੇਤ ਸੰਸਾਰ ਸਰਮਾਏਦਾਰਾ ਅਰਥਚਾਰਾ ਇਸੇ ਵਾਧੂ ਉਤਪਾਦਨ ਦੇ ਸੰਕਟ ਨਾਲ਼ ਜੂਝ ਰਿਹਾ ਹੈ।  ਸਰਮਾਏਦਾਰ ਸਰਕਾਰਾਂ ਕਰਜ਼ਾ ਲੈ ਲੈ ਕੇ ਵੱਡੀ ਮਾਤਰਾ ਵਿੱਚ ਮੁਦਰਾ ਅਰਥਚਾਰੇ ਵਿੱਚ ਝੋਕ ਰਹੀਆਂ ਹਨ, ਤਾਂ ਕਿ ਅਰਥਚਾਰੇ ਵਿੱਚ ਮੰਗ ਕਾਇਮ ਰੱਖੀ ਜਾ ਸਕੇ। 2010 ਵਿੱਚ ਸੰਸਾਰ ਭਰ ਦੀਆਂ ਸਰਮਾਏਦਾਰ ਸਰਕਾਰਾਂ ਸਿਰ 41 ਖਰਬ ਡਾਲਰ ਦਾ ਕਰਜ਼ਾ ਸੀ ਜਿਹੜਾ ਕਿ ਸੰਸਾਰ ਅਰਥਚਾਰੇ ਦੇ 69 ਫੀਸਦ ਦੇ ਬਰਾਬਰ ਸੀ। ਇਸਤੋਂ ਪਤਾ ਚੱਲਦਾ ਹੈ ਕਿ ਸੰਸਾਰ ਸਰਮਾਏਦਾਰਾ ਅਰਥਚਾਰੇ ਦਾ ਸੰਕਟ ਕਿਸ ਹੱਦ ਤੱਕ ਡੂੰਘਾ ਹੈ।

ਸੰਕਟ ਤੋਂ ਛੁਟਕਾਰਾ ਪਾਉਣ ਦਾ ਰਾਹ ਕੀ ਹੈ?
ਚਲੋ ਹੁਣ ਅਮਰੀਕੀ ਸਰਕਾਰ ਦੁਆਰਾ ਇਸ ਕਰਜ਼ਾ ਸੰਕਟ ਤੋਂ ਛੁਟਕਾਰਾ ਪਾਉਣ ਦੇ ਰਾਸਤਿਆਂ ‘ਤੇ ਵਿਚਾਰ ਕਰਿਆ ਜਾਵੇ। ਪਹਿਲਾ ਰਾਹ ਹੈ ਕਿ ਅਮਰੀਕੀ ਸਰਕਾਰ ਸਰਮਾਏਦਾਰਾਂ ਨੂੰ ਟੈਕਸਾਂ ਵਿੱਚ ਦਿੱਤੀ ਜਾਣ ਵਾਲ਼ੀ ਛੋਟ ਬੰਦ ਕਰ ਦੇਵੇ ਅਤੇ ਉਹਨਾਂ ‘ਤੇ ਟੈਕਸ ਵਧਾ ਦੇਵੇ। ਪਰ ਇਹ ਸੰਭਵ ਨਹੀਂ ਹੈ। ਪਹਿਲੀ ਗੱਲ ਤਾਂ ਵਿਰੋਧੀ ਦਲ ਰਿਪਬਲਿਕਨ ਪਾਰਟੀ ਇਸਦਾ ਡਟ ਕੇ ਵਿਰੋਧ ਕਰੇਗੀ ਅਤੇ ਅਜਿਹੀ ਹਰ ਸੰਭਾਵਨਾ ਦਾ ਉਹ ਹੁਣ ਤੋਂ ਹੀ ਵਿਰੋਧ ਕਰ ਵੀ ਰਹੀ ਹੈ। ਦੂਜਾ ਖੁਦ ਓਬਾਮਾ ਵੀ ਆਪਣੇ ਆਕਿਆਂ (ਅਮਰੀਕੀ ਸਰਮਾਏਦਾਰਾਂ), ਜਿਹਨਾਂ ਦੇ ਦਿੱਤੇ ਫੰਡਾਂ ਨਾਲ਼ ਅਤੇ ਜਿਹਨਾਂ ਦੇ ਆਸ਼ੀਰਵਾਦ ਨਾਲ਼ ਉਹ ਅਮਰੀਕੀ ਰਾਸ਼ਟਰਪਤੀ ਬਣੇ ਹਨ, ਖਿਲਾਫ ਨਹੀਂ ਜਾਣਾ ਚਾਹੁਣਗੇ। ਇਹੀ ਕਾਰਨ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ ਉਹਨਾਂ ਨੇ ਬੁਸ਼ ਦੇ ਸਮੇਂ ਤੋਂ ਚੱਲੀ ਆ ਰਹੀ ਸਰਮਾਏਦਾਰਾਂ ਲਈ ਟੈਕਸ ਛੋਟ ਨੂੰ ਕਾਇਮ ਰੱਖਿਆ ਹੈ। ਤੀਜਾ ਇਸ ਨਾਲ਼ ਅਮਰੀਕੀ ਸਰਮਾਏਦਾਰੀ ਦੇ ਮੁਨਾਫੇ ਵਿੱਚ ਕਟੌਤੀ ਹੋਣ ਕਾਰਨ ਸੰਸਾਰ ਸਰਮਾਏਦਾਰਾ ਅਰਥਚਾਰੇ ਵਿੱਚ ਇਸਦੀ ਮੁਕਾਬਲਾ ਕਰਨ ਦੀ ਸਮਰੱਥਾ ਘਟ ਜਾਵੇਗੀ। ਜਿਹੜੀ ਕਿ ਅਮਰੀਕੀ ਸਰਮਾਏਦਾਰੀ ਨੂੰ ਹੋਰ ਵੀ ਡੂੰਘੇ ਸੰਕਟ ਵਿੱਚ ਧੱਕ ਦੇਵੇਗੀ।
ਅਮਰੀਕੀ ਸਰਕਾਰ ਕੋਲ਼ ਦੂਜਾ ਰਾਹ ਹੈ ਜੰਗ ਦੇ ਖਰਚਿਆਂ ਵਿੱਚ ਕਟੌਤੀ, ਪਰ ਅੱਜ ਦੇ ਹਾਲਾਤ ਵਿੱਚ ਇਹ ਵੀ ਸੰਭਵ ਨਹੀਂ ਜਾਪ ਰਿਹਾ। ਅਮਰੀਕੀ ਅਰਥਚਾਰੇ ਦਾ ਇੱਕ ਵੱਡਾ ਹਿੱਸਾ ਹੈ ਹਥਿਆਰ ਨਿਰਮਾਣ (ਮਿਲਟਰੀ ਇੰਡਸਟਰੀਅਲ ਕੰਪਲੈਕਸ) ਸਨਅਤ। ਜੰਗ ਦੇ ਖਰਚਿਆਂ ਵਿੱਚ ਜੇ ਕਟੌਤੀ ਹੁੰਦੀ ਹੈ ਤਾਂ ਇਹ ਸਨਅਤ ਤਬਾਹੀ ਦੇ ਕੰਢੇ ‘ਤੇ ਪਹੁੰਚ ਸਕਦੀ ਹੈ ਅਤੇ ਪੂਰਾ ਅਮਰੀਕੀ ਅਰਥਚਾਰਾ ਸੰਕਟ ਵਿੱਚ ਫਸ ਜਾਵੇਗਾ। ਹਥਿਆਰ ਨਿਰਮਾਤਾ ਸਰਮਾਏਦਾਰਾਂ ਦੇ ਦਬਾਅ ਅਤੇ ਅੱਜ ਦੀਆਂ ਸੰਸਾਰ ਹਾਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਮਰੀਕੀ ਸਰਕਾਰ ਲਈ ਕਰਜ਼ਾ ਸੰਕਟ ਤੋਂ ਮੁਕਤੀ ਹਾਸਿਲ ਕਰਨ ਦਾ ਇਹ ਦੂਜਾ ਰਾਹ ਵੀ ਲਗਭਗ ਬੰਦ ਹੈ।
ਅਮਰੀਕੀ ਸਰਕਾਰ ਕੋਲ਼ ਤੀਜਾ ਰਾਹ ਹੈ ਨਵੇਂ ਨੋਟ ਛਾਪਣਾ। ਪਰ ਇਸ ਨਾਲ਼ ਡਾਲਰ ਦੀ ਕੀਮਤ ਘਟ ਜਾਵੇਗੀ। ਅੱਜ ਦੇ ਸੰਸਾਰ ਵਿੱਚ ਡਾਲਰ ਦੀ ਸਥਿਤੀ ਸੰਸਾਰਕ ਕਰੰਸੀ ਦੀ ਹੈ। ਜ਼ਿਆਦਾਤਰ ਦੇਸ਼ਾਂ ਦੇ ਵਿਦੇਸ਼ੀ ਮੁਦਰਾ ਭੰਡਾਰ ਡਾਲਰ ਵਿੱਚ ਹੀ ਹਨ। ਡਾਲਰ ਦੀ ਕੀਮਤ ਘਟਣ ਨਾਲ਼ ਸੰਸਾਰ ਅਰਥਚਾਰੇ ਵਿੱਚ ਘੜਮੱਸ ਪੈ ਜਾਵੇਗਾ। ਆਪਣੇ ਨਿਰਯਾਤਾਂ ਲਈ ਅਮਰੀਕਾ ‘ਤੇ ਨਿਰਭਰ ਭਾਰਤ, ਚੀਨ ਅਤੇ ਯੂਰਪ ਦੇ ਕਈ ਅਰਥਚਾਰੇ ਭਾਰੇ ਸੰਕਟ ਵਿੱਚ ਫਸ ਜਾਣਗੇ। ਇੱਕ ਸੰਸਾਰ ਕਰੰਸੀ ਦੇ ਰੂਪ ਵਿੱਚ ਡਾਲਰ ਦੀ ਹੈਜੇਮਨੀ ਵਾਸਤੇ ਸੰਕਟ ਖੜਾ ਹੋ ਜਾਵੇਗਾ।
ਕਰਜ਼ਾ ਸੰਕਟ ਤੋਂ ਛੁਟਕਾਰਾ ਪਾਉਣ ਦਾ ਅਮਰੀਕੀ ਸਰਕਾਰ ਕੋਲ਼ ਚੌਥਾ ਰਾਹ ਹੈ, ਅਮਰੀਕਾ ਦੇ ਆਮ ਲੋਕਾਂ ‘ਤੇ ਕੀਤੇ ਜਾਣ ਵਾਲ਼ੇ ਖਰਚੇ ਵਿੱਚ ਕਟੌਤੀ। ਇਹੀ ਹੁਣ ਅਮਰੀਕੀ ਹਾਕਮ ਕਰਨ ਦੀ ਸੋਚ ਰਹੇ ਹਨ। ਪਰ ਇਸ ਨਾਲ਼ ਅਮਰੀਕੀ ਹਾਕਮਾਂ ਨੂੰ ਅਮਰੀਕੀ ਕਿਰਤੀ ਲੋਕਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਜਿਸ ਤਰ੍ਹਾਂ ਕਰਜ਼ਾ ਸੰਕਟ ਵਿੱਚ ਫਸੇ ਗਰੀਸ ਅਤੇ ਸਪੇਨ ਦੇ ਹਾਕਮ ਲੋਕਾਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰ ਰਹੇ ਹਨ। ਦੂਜਾ, ਜੇਕਰ ਅਮਰੀਕਾ ਵਿੱਚ ਸਮਾਜਿਕ ਖਰਚੇ (ਆਮ ਲੋਕਾਂ ‘ਤੇ ਕੀਤਾ ਜਾਣ ਵਾਲ਼ਾ ਖਰਚਾ) ਵਿੱਚ ਕਟੌਤੀ ਹੁੰਦੀ ਹੈ ਤਾਂ ਇਸ ਨਾਲ਼ ਅਮਰੀਕੀ ਲੋਕਾਂ ਦੀ ਖਰੀਦ ਸ਼ਕਤੀ  ਸੁੰਗੜੇਗੀ ਅਤੇ ਅਮਰੀਕਾ ਵਿੱਚ ਆਰਥਕ ਸੰਕਟ ਹੋਰ ਡੂੰਘੇਰਾ ਹੋ ਜਾਵੇਗਾ।
ਕੁੱਲ ਮਿਲ਼ਾ ਕੇ ਦੇਖਿਆ ਜਾਵੇ ਤਾਂ ਅਮਰੀਕੀ ਸਾਮਰਾਜਵਾਦ ਅਤੇ ਸੰਕਟਗ੍ਰਸਤ ਸੰਸਾਰ ਸਰਮਾਏਦਾਰੀ ਦੇ ਚੌਧਰੀਆਂ ਕੋਲ਼ ਵਰਤਮਾਨ ਸੰਕਟ ਤੋਂ ਬਚ ਨਿਕਲਣ ਦਾ ਕੋਈ ਰਾਹ ਨਹੀਂ ਹੈ। ਆਉਣ ਵਾਲ਼ੇ ਦਿਨਾਂ ਵਿੱਚ ਅਮਰੀਕਾ ਅਤੇ ਸੰਸਾਰ ਸਰਮਾਏਦਾਰੀ ਦਾ ਸੰਕਟ ਹੋਰ ਜ਼ਿਆਦਾ ਡੂੰਘਾ ਹੋਵੇਗਾ। ਇਸਦੇ ਸਪਸ਼ਟ ਸੰਕੇਤ ਹੁਣ ਤੋਂ ਹੀ ਮਿਲ਼ ਰਹੇ ਹਨ। ਕੀ ਸੰਸਾਰ ਪ੍ਰੋਲੇਤਾਰੀ ਸਰਮਾਏਦਾਰੀ ਦੇ ਇਸ ਸੰਕਟ ਨੂੰ ਇਨਕਲਾਬੀ ਸੰਕਟ ਵਿੱਚ ਬਦਲ ਸਕੇਗਾ? ਇਕ ਤੋਂ ਮਗਰੋਂ ਇਕ ਸੰਕਟ ਵਿੱਚ ਫਸ ਰਹੇ ਅਤੇ ਸੰਕਟਾਂ ਵਿੱਚੋਂ ਨਿਕਲਣ ‘ਚ ਨਾਕਾਮ ਸੰਸਾਰ ਸਰਮਾਏਦਾਰੀ ਨੂੰ ਸੰਸਾਰ ਪ੍ਰੋਲੇਤਾਰੀ ਜਮਾਤ ਉਸਦੀ ਕਬਰ ਤੱਕ ਪਹੁੰਚਾਏਗੀ? ਇਹਨਾਂ ਸਵਾਲਾਂ ਦੇ ਜਵਾਬ ਭਵਿੱਖ ਦੇ ਗਰਭ ਵਿੱਚ ਲੁਕੇ ਹੋਏ ਹਨ। ਪਰ ਇੰਨਾ ਤਾਂ ਪਕੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਇਹ ਮਰਨ-ਕਿਨਾਰੇ ਪਈ ਪਰਜੀਵੀ ਸਰਮਾਏਦਾਰੀ ਮਨੁੱਖਤਾ ਦੇ ਮੋਢਿਆਂ ‘ਤੇ ਇੱਕ ਅਸਹਿਣਯੋਗ ਭਾਰ ਬਣ ਚੁੱਕੀ ਹੈ। ਅਤੇ ਅਜ ਜਾਂ ਕੱਲ ਮਨੁੱਖਤਾ ਲਾਜ਼ਮੀ ਹੀ ਇਸ ਭਾਰ ਨੂੰ ਲਾਹ ਮਾਰੇਗੀ।
21-08-2011